.

ੴਸਤਿ ਗੁਰਪ੍ਰਸਾਦਿ।।

ਕਬੀਰ ਰਾਮ ਕਹਨ ਮਹਿ ਭੇਦੁ ਹੈ।

ਹਿੰਦੂ ਧਰਮ ਕਈ ਦੇਵੀ ਦੇਵਤਿਆਂ ਅਵਤਾਰਾਂ ਵਿੱਚ ਵਿਸ਼ਵਾਸ ਰਖਦਾ ਹੈ। ਹਿੰਦੂ ਕੌਮ ਦਾ ਇੱਕ ਪੁਰਾਤਨ ਧਾਰਮਿਕ ਚਿਨ੍ਹ ਹੈ, ਜੋ ਪ੍ਰਮੇਸ਼ਰ ਦੀ ਹੋਂਦ ਦਰਸਾਉਣ ਲਈ ਵਰਤਿਆ ਜਾਂਦਾ ਹੈ। ਹਿੰਦੂ ਧਰਮ ਵਿੱਚ ਇਹ ਇਸ ਗੱਲ ਦਾ ਪ੍ਰਤੀਕ ਹੈ ਕਿ ਇਸ ਸ੍ਰਿਸ਼ਟੀ ਨੂੰ ਤਿੰਨ ਸ਼ਕਤੀਆਂ ਬ੍ਰਹਮਾ, ਵਿਸ਼ਨੂੰ ਤੇ ਮਹੇਸ਼ (ਸ਼ਿਵ) ਚਲਾ ਰਹੀਆਂ ਹਨ। ਇਸ ਗੱਲ ਦਾ ਜ਼ਿਕਰ ਗੁਰੂ ਨਾਨਕ ਪਾਤਿਸ਼ਾਹ ਨੇ ਜਪੁ ਬਾਣੀ ਦੀ ਤੀਹਵੀਂ ਪਉੜੀ ਵਿੱਚ ਇੰਝ ਕੀਤਾ ਹੈ:

"ਏਕਾ ਮਾਈ ਜੁਗਤਿ ਵਿਆਈ ਤਿਨਿ ਚੇਲੇ ਪਰਵਾਣੁ।। ਇਕੁ ਸੰਸਾਰੀ ਇਕੁ ਭੰਡਾਰੀ ਇਕੁ ਲਾਏ ਦੀਬਾਣੁ।। "

(ਲੋਕਾਂ ਵਿੱਚ ਇਹ ਖ਼ਿਆਲ ਆਮ ਪ੍ਰਚੱਲਤ ਹੈ ਕਿ) ਇਕੱਲੀ ਮਾਇਆ (ਕਿਸੇ) ਜੁਗਤੀ ਨਾਲ ਪ੍ਰਸੂਤ ਹੋਈ ਤੇ ਪਰਤੱਖ ਤੌਰ `ਤੇ ਉਸ ਦੇ ਤਿੰਨ ਪੁੱਤਰ ਜੰਮ ਪਏ। ਉਹਨਾਂ ਵਿਚੋਂ ਇੱਕ (ਬ੍ਰਹਮਾ) ਘਰਬਾਰੀ ਬਣ ਗਿਆ (ਭਾਵ, ਜੀਵ-ਜੰਤਾਂ ਨੂੰ ਪੈਦਾ ਕਰਨ ਲੱਗ ਪਿਆ), ਇੱਕ (ਵਿਸ਼ਨੂੰ) ਭੰਡਾਰੇ ਦਾ ਮਾਲਕ ਬਣ ਗਿਆ (ਭਾਵ, ਜੀਵਾਂ ਨੂੰ ਰਿਜ਼ਕ ਅਪੜਾਣ ਦਾ ਕੰਮ ਕਰਨ ਲੱਗਾ), ਅਤੇ ਇੱਕ (ਸ਼ਿਵ) ਕਚਹਿਰੀ ਲਾਉਂਦਾ ਹੈ (ਭਾਵ, ਜੀਵਾਂ ਨੂੰ ਸੰਘਾਰਦਾ ਹੈ)।

ਗੁਰਮਤਿ ਸਿਧਾਂਤ ਤੋਂ ਅਨਜਾਣ ਕਈ ਭੋਲੇ ਵੀਰ ਪੂਰੀ ਪਉੜੀ ਨੂੰ ਸਮਝੇ ਬਗੈਰ, ਇਨ੍ਹਾਂ ਪੰਕਤੀਆਂ ਦੇ ਆਧਾਰ ਤੇ, ਇਹ ਵਿਚਾਰ ਦੇਣ ਲੱਗ ਪੈਂਦੇ ਹਨ ਕਿ ਗੁਰਬਾਣੀ ਵੀ ਇਨ੍ਹਾਂ ਤਿੰਨਾਂ ਸ਼ਕਤੀਆਂ ਦੀ ਹੋਂਦ ਨੂੰ ਪਰਵਾਨ ਕਰਦੀ ਹੈ, ਜਦਕਿ ਸਤਿਗੁਰੂ ਨੇ ਇਸ ਨੂੰ ਕਹਾਵਤ ਦੇ ਤੌਰ ਤੇ ਵਰਤਿਆ ਹੈ ਕਿ ਹਿੰਦੂ ਸਮਾਜ ਵਿੱਚ ਐਸਾ ਸਮਝਿਆ ਜਾਂਦਾ ਹੈ। ਸਤਿਗੁਰੂ ਨੇ ਇਸ ਵਿਚਾਰ ਨੂੰ ਪੂਰਨ ਤੌਰ ਤੇ ਰੱਦ ਕੀਤਾ ਹੈ। ਅਗਲੀਆਂ ਪੰਕਤੀਆਂ ਵਿੱਚ ਸਤਿਗੁਰੂ ਨੇ ਅਸਲ ਵਰਤਾਰਾ ਸਮਝਾਇਆ ਹੈ ਕਿ ਸੱਚਾਈ ਇਹ ਹੈ ਕਿ ਸੰਸਾਰ ਦੀ ਸਾਰੀ ਕਾਰ ਇੱਕ ਪ੍ਰਮੇਸ਼ਰ ਚਲਾ ਰਿਹਾ ਹੈ:

"ਜਿਵ ਤਿਸੁ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਣੁ।। ਓਹੁ ਵੇਖੈ ਓਨਾ ਨਦਰਿ ਨ ਆਵੈ ਬਹੁਤਾ ਏਹੁ ਵਿਡਾਣੁ।। "

(ਪਰ ਅਸਲ ਗੱਲ ਇਹ ਹੈ ਕਿ) ਜਿਵੇਂ ਉਸ ਅਕਾਲ ਪੁਰਖ ਨੂੰ ਭਾਉਂਦਾ ਹੈ ਅਤੇ ਜਿਵੇਂ ਉਸ ਦਾ ਹੁਕਮ ਹੁੰਦਾ ਹੈ, ਤਿਵੇਂ ਹੀ ਉਹ ਆਪ ਸੰਸਾਰ ਦੀ ਕਾਰ ਚਲਾ ਰਿਹਾ ਹੈ, (ਇਹਨਾਂ ਬ੍ਰਹਮਾ, ਵਿਸ਼ਨੂੰ ਅਤੇ ਸ਼ਿਵ ਦੇ ਕੁੱਝ ਹੱਥ ਨਹੀਂ)। ਇਹ ਬੜਾ ਅਸਚਰਜ ਕੌਤਕ ਹੈ ਕਿ ਉਹ ਅਕਾਲ ਪੁਰਖ (ਸਭ ਜੀਵਾਂ ਨੂੰ) ਵੇਖ ਰਿਹਾ ਹੈ ਪਰ ਜੀਵਾਂ ਨੂੰ ਅਕਾਲ ਪੁਰਖ ਨਹੀਂ ਦਿੱਸਦਾ।

ਗੁਰੂ ਨਾਨਕ ਪਾਤਿਸ਼ਾਹ ਫੁਰਮਾਉਦੇ ਹਨ ਕਿ ਕੇਵਲ ਉਸ ਇੱਕ ਅਕਾਲ-ਪੁਰਖ ਨੂੰ ਹੀ ਨਮਸਕਾਰ ਕਰੋ ਜਿਸ ਤੋਂ ਸਾਰੀ ਸ੍ਰਿਸ਼ਟੀ ਦਾ ਮੁੱਢ ਬੱਝਾ ਹੈ:

ਆਦੇਸੁ ਤਿਸੈ ਆਦੇਸੁ।। ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ।। ੩੦।।

(ਸੋ ਬ੍ਰਹਮਾ, ਵਿਸ਼ਨੂੰ, ਸ਼ਿਵ ਆਦਿਕ ਦੇ ਥਾਂ) ਕੇਵਲ ਉਸ (ਅਕਾਲ ਪੁਰਖ) ਨੂੰ ਪ੍ਰਣਾਮ ਕਰੋ ਜੋ (ਸਭ ਦਾ) ਮੁੱਢ ਹੈ, ਜੋ ਸ਼ੁੱਧ ਸਰੂਪ ਹੈ, ਜਿਸ ਦਾ ਕੋਈ ਮੁੱਢ ਨਹੀਂ (ਲੱਭ ਸਕਦਾ), ਜੋ ਨਾਸ ਰਹਿਤ ਹੈ ਅਤੇ ਜੋ ਸਦਾ ਹੀ ਇਕੋ ਜਿਹਾ ਰਹਿੰਦਾ ਹੈ। (ਇਹੀ ਹੈ ਵਸੀਲਾ ਉਸ ਪ੍ਰਭੂ ਨਾਲੋਂ ਵਿੱਥ ਦੂਰ ਕਰਨ ਦਾ)।

ਇਨ੍ਹਾਂ ਹਿੰਦੂ ਦੇਵਤਿਆਂ ਸ਼ਿਵਜੀ, ਬ੍ਰਹਮਾ ਅਤੇ ਵਿਸ਼ਨੂੰ ਬਾਰੇ ਗੁਰਬਾਣੀ ਇੰਝ ਫੁਰਮਾਉਂਦੀ ਹੈ:

"ਬ੍ਰਹਮੈ ਬੇਦ ਬਾਣੀ ਪਰਗਾਸੀ ਮਾਇਆ ਮੋਹ ਪਸਾਰਾ।।

ਮਹਾਦੇਉ ਗਿਆਨੀ ਵਰਤੈ ਘਰਿ ਆਪਣੈ ਤਾਮਸੁ ਬਹੁਤੁ ਅਹੰਕਾਰਾ।।

ਕਿਸਨੁ ਸਦਾ ਅਵਤਾਰੀ ਰੂਧਾ ਕਿਤੁ ਲਗਿ ਤਰੈ ਸੰਸਾਰਾ।। " {ਵਡਹੰਸੁ ਮਹਲਾ ੩, ਪੰਨਾ ੫੫੯}

ਕਹਿੰਦੇ ਹਨ ਕਿ) ਬ੍ਰਹਮਾ ਨੇ ਵੇਦਾਂ ਦੀ ਬਾਣੀ ਪਰਗਟ ਕੀਤੀ ਪਰ ਉਸ ਨੇ ਭੀ ਮਾਇਆ ਦੇ ਮੋਹ ਦਾ ਖਿਲਾਰਾ ਹੀ ਖਿਲਾਰਿਆ, (ਕਹਿੰਦੇ ਹਨ ਕਿ) ਮਹਾਦੇਉ ਆਤਮਕ ਜੀਵਨ ਦੀ ਸੂਝ ਵਾਲਾ ਹੈ, ਤੇ, ਉਹ ਆਪਣੇ ਹਿਰਦੇ-ਘਰ ਵਿੱਚ ਮਸਤ ਰਹਿੰਦਾ ਹੈ, (ਪਰ ਉਸ ਦੇ ਅੰਦਰ ਭੀ) ਬੜਾ ਕ੍ਰੋਧ ਤੇ ਅਹੰਕਾਰ (ਦੱਸੀਦਾ) ਹੈ। ਵਿਸ਼ਨੂ ਸਦਾ ਅਵਤਾਰ ਧਾਰਨ ਵਿੱਚ ਰੁੱਝਾ ਹੋਇਆ (ਦੱਸਿਆ ਜਾ ਰਿਹਾ) ਹੈ। (ਦੱਸੋ) ਜਗਤ ਕਿਸ ਦੇ ਚਰਨੀਂ ਲੱਗ ਕੇ ਸੰਸਾਰ-ਸਾਗਰ ਤੋਂ ਪਾਰ ਲੰਘੇ?

"ਕੋਟਿ ਬਿਸਨ ਕੀਨੇ ਅਵਤਾਰ।। ਕੋਟਿ ਬ੍ਰਹਮੰਡ ਜਾ ਕੇ ਧ੍ਰਮਸਾਲ।।

ਕੋਟਿ ਮਹੇਸ ਉਪਾਇ ਸਮਾਏ।। ਕੋਟਿ ਬ੍ਰਹਮੇ ਜਗੁ ਸਾਜਣ ਲਾਏ।। " {ਭੈਰਉ ਮਹਲਾ ੫, ਪੰਨਾ ੧੧੫੬}

ਹੇ ਭਾਈ ! (ਉਹ ਗੋਬਿੰਦ ਐਸਾ ਹੈ ਜਿਸ ਨੇ) ਕ੍ਰੋੜਾਂ ਹੀ ਵਿਸ਼ਨੂ-ਅਵਤਾਰ ਬਣਾਏ, ਕ੍ਰੋੜਾਂ ਬ੍ਰਹਮੰਡ ਜਿਸ ਦੇ ਧਰਮ-ਅਸਥਾਨ ਹਨ, ਜਿਹੜਾ ਕ੍ਰੋੜਾਂ ਸ਼ਿਵ ਪੈਦਾ ਕਰ ਕੇ (ਆਪਣੇ ਵਿੱਚ ਹੀ) ਲੀਨ ਕਰ ਦੇਂਦਾ ਹੈ, ਜਿਸ ਨੇ ਕ੍ਰੋੜਾਂ ਹੀ ਬ੍ਰਹਮੇ ਜਗਤ ਪੈਦਾ ਕਰਨ ਦੇ ਕੰਮ ਤੇ ਲਾਏ ਹੋਏ ਹਨ।

ਸਤਿਗੁਰੂ ਨੇ ਉਸ ਪਰਮ-ਸਤਾ, ਪਰਮ-ਸ਼ਕਤੀ, ਅਕਾਲ-ਪੁਰਖ ਵਾਸਤੇ "ੴ" ਸ਼ਬਦ ਦੀ ਵਰਤੋਂ ਕੀਤੀ ਹੈ। ਸਤਿਗੁਰੂ ਨੇ ਮੁਹਾਰਨੀ ਦਾ ਪਹਿਲਾ ਸ਼ਬਦ ੳ ਲੈਕੇ ਉਪਰ ਕਾਰ () ਲਗਾ ਦਿੱਤੀ ਅਤੇ ਪਹਿਲਾਂ "੧" ਲਿੱਖ ਦਿੱਤਾ ਹੈ। ਇਥੇ ਖਾਸ ਧਿਆਨ ਦੇਣ ਦੀ ਲੋੜ ਹੈ ਕਿ ਸਤਿਗੁਰੂ ਨੇ ਇਥੇ ਗਿਣਤੀ ਦਾ "੧" ਲਗਾਇਆ ਹੈ ਕਿਉਂਕਿ ਇਸ ਗਿਣਤੀ ਦੇ ਅਖਰ "ਇੱਕ" ਦਾ ਕੋਈ ਦੂਸਰਾ ਅਰਥ ਨਹੀਂ ਕੱਢਿਆ ਜਾ ਸਕਦਾ। ਭਾਵੇਂ ਹਿੰਦੀ ਵਿੱਚ ਏਕ ਕਹਿ ਲਈਏ, ਉਰਦੂ ਵਿੱਚ ਯਕ ਜਾਂ ਅੰਗਰੇਜ਼ੀ ਵਿੱਚ ਵਨ(one) ਇਸ ਦਾ ਭਾਵ "ਇੱਕ" ਹੀ ਰਹੇਗਾ। "ੴ" ਦਾ ਉਚਾਰਨ ਹੈ "ਇੱਕ (ਏਕ) ਓਅੰਕਾਰ" ਅਤੇ ਇਸ ਦਾ ਅਰਥ ਹੈ "ਇਕ ਅਕਾਲ ਪੁਰਖ, ਜੋ ਇਕ-ਰਸ ਵਿਆਪਕ ਹੈ"। ਸਤਿਗੁਰੂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਇਸ ਸ੍ਰਿਸ਼ਟੀ ਦਾ ਕਾਰ ਵਿਹਾਰ ਕੋਈ ਤਿੰਨ ਸ਼ਕਤੀਆਂ ਨਹੀਂ ਚਲਾ ਰਹੀਆਂ ਬਲਕਿ ਇਹ ਸਭ ਇੱਕ ਅਕਾਲ-ਪੁਰਖ ਦੇ ਹੁਕਮ ਭਾਵ ਅਟੱਲ ਨੇਮਾਂ ਅਨੁਸਾਰ ਚਲ ਰਿਹਾ ਹੈ। ਇਹ ਗੱਲ ਸਤਿਗੁਰੂ ਨੇ ਹੋਕਾ ਦੇਕੇ ਸਾਰੇ ਜਗਤ ਨੂੰ ਕਹਿ ਸੁਣਾਈ ਹੈ:

"ਸਾਹਿਬੁ ਮੇਰਾ ਏਕੋ ਹੈ।। ਏਕੋ ਹੈ ਭਾਈ ਏਕੋ ਹੈ।। " {ਆਸਾ ਮਹਲਾ ੧, ਪੰਨਾ ੩੫੦}

ਹੇ ਭਾਈ ! ਪਰਮਾਤਮਾ ਹੀ ਸਾਡਾ ਇਕੋ ਇੱਕ ਖਸਮ-ਮਾਲਕ ਹੈ, ਬੱਸ ! ਉਹ ਹੀ ਇਕੋ ਮਾਲਕ ਹੈ, ਉਸ ਵਰਗਾ, ਹੋਰ ਕੋਈ ਨਹੀਂ ਹੈ।

ਪੰਜਵੇਂ ਨਾਨਕ, ਗੁਰੂ ਅਰਜਨ ਸਾਹਿਬ ਸਤਿਗੁਰੂ ਦਾ ਇਸ ਗਲੋਂ ਸ਼ੁਕਰਾਨਾ ਕਰਦੇ ਹਨ ਕਿ ਉਨ੍ਹਾਂ ਨੇ ਸੰਸਾਰ ਦੇ ਲੋਕਾਂ ਨੂੰ ਇਸ ਭਰਮ ਤੋਂ ਮੁਕਤ ਕਰਾ ਲਿਆ ਹੈ ਕਿ ਦੁਨੀਆਂ ਦੀਆਂ ਅਲੱਗ ਅਲੱਗ ਕੌਮਾਂ ਦੇ ਪਰਮੇਸ਼ਰ ਕੋਈ ਅਲੱਗ ਅਲੱਗ ਸ਼ਖਸੀਅਤਾਂ ਹਨ:

"ਕਹੁ ਨਾਨਕ ਗੁਰਿ ਖੋਏ ਭਰਮ।। ਏਕੋ ਅਲਹੁ ਪਾਰਬ੍ਰਹਮ।। " {ਰਾਮਕਲੀ ਮਹਲਾ ੫, ਪੰਨਾ ੮੯੭}

ਹੇ ਨਾਨਕ ! ਆਖ—ਗੁਰੂ ਨੇ (ਜਿਸ ਮਨੁੱਖ ਦੇ) ਭੁਲੇਖੇ ਦੂਰ ਕਰ ਦਿੱਤੇ, ਉਸ ਨੂੰ (ਮੁਸਲਮਾਨਾਂ ਦਾ) ਅੱਲਾਹ ਅਤੇ (ਹਿੰਦੂਆਂ ਦਾ) ਪਾਰਬ੍ਰਹਮ ਇੱਕੋ ਹੀ ਦਿੱਸ ਪੈਂਦੇ ਹਨ ।

ਸਿੱਖ ਧਰਮ ਵਿੱਚ ਇਸ "ੴ" ਨੂੰ ਅਸੀਂ ਅਕਸਰ ਬੀਜ ਮੰਤ੍ਰ ਆਖ ਦੇਂਦੇ ਹਾਂ। ਸਭ ਤੋਂ ਪਹਿਲਾਂ ਤਾਂ ਇਹ ਗੱਲ ਸਮਝਣੀ ਬਹੁਤ ਜ਼ਰੂਰੀ ਹੈ ਕਿ ਗੁਰਬਾਣੀ ਵਿੱਚ "ਮੰਤ੍ਰ" ਸ਼ਬਦ ਕਿਸੇ ਫੱਲ ਜਾਂ ਸਿੱਧੀ ਦੀ ਪ੍ਰਾਪਤੀ ਵਾਸਤੇ ਕਿਸੇ ਇੱਕ ਸ਼ਬਦ ਦੇ ਬਾਰਬਾਰ ਰਟਨ (ਮੰਤ੍ਰਜਾਪ) ਵਾਸਤੇ ਨਹੀਂ ਬਲਕਿ ਗੁਰੂ ਦੇ ਉਪਦੇਸ਼ ਵਾਸਤੇ ਵਰਤਿਆ ਗਿਆ ਹੈ, ਜਿਵੇਂ:

"ਬੀਜ ਮੰਤ੍ਰੁ ਸਰਬ ਕੋ ਗਿਆਨੁ।। ਚਹੁ ਵਰਨਾ ਮਹਿ ਜਪੈ ਕੋਊ ਨਾਮੁ।। " {ਗਉੜੀ ਸੁਖਮਨੀ ਮਹਲਾ ੫, ਪੰਨਾ ੨੭੪}

(ਹੋਰ ਸਭ ਮੰਤ੍ਰਾਂ ਦਾ) ਮੁੱਢ ਮੰਤ੍ਰ (ਉਪਦੇਸ਼) ਇਹ ਹੈ ਕਿ ਸਭ ਨੂੰ ਅਕਾਲ ਪੁਰਖ ਦਾ ਇਲਾਹੀ ਗਿਆਨ ਦਿੱਤਾ ਜਾਵੇ। ਇਹ ਗਿਆਨ ਪ੍ਰਾਪਤ ਕਰਕੇ (ਬ੍ਰਾਹਮਣ, ਖਤ੍ਰੀ, ਵੈਸ਼, ਸ਼ੂਦਰ) ਚਾਰੇ ਹੀ ਜਾਤੀਆਂ ਵਿਚੋਂ ਕੋਈ ਭੀ ਮਨੁੱਖ ਪ੍ਰਭੂ ਦਾ ਨਾਮ ਜਪੇ ਉਸ ਦਾ ਜੀਵਨ ਸਫਲਾ ਹੋ ਜਾਵੇਗਾ।

"ਸਤੁ ਸੰਤੋਖੁ ਦਇਆ ਧਰਮੁ ਸੁਚਿ ਸੰਤਨ ਤੇ ਇਹੁ ਮੰਤੁ ਲਈ।।

ਕਹੁ ਨਾਨਕ ਜਿਨਿ ਮਨਹੁ ਪਛਾਨਿਆ ਤਿਨ ਕਉ ਸਗਲੀ ਸੋਝ ਪਈ।। " {ਬਿਲਾਵਲੁ ਮਹਲਾ ੫, ਪੰਨਾ ੮੨੨}

(ਹੇ ਭਾਈ ! ਜਦੋਂ ਕਿਸੇ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ, ਉਹ) ਸੇਵਾ, ਸੰਤੋਖ, ਦਇਆ ਦੇ ਪਵਿੱਤ੍ਰ ਜੀਵਨ ਵਾਲੇ ਧਰਮ ਦੇ ਗੁਣ, (ਆਪਣੇ ਅੰਦਰ ਪੈਦਾ ਕਰਨ ਦਾ) ਇਹ ਉਪਦੇਸ਼ ਗ੍ਰਹਿਣ ਕਰਦਾ ਹੈ। ਹੇ ਨਾਨਕ ! ਆਖ—ਜਿਸ ਜਿਸ ਮਨੁੱਖ ਨੇ ਆਪਣੇ ਮਨ ਦੀ ਰਾਹੀਂ (ਗੁਰੂ ਨਾਲ) ਸਾਂਝ ਪਾਈ, ਉਹਨਾਂ ਨੂੰ (ਉੱਚੇ ਆਤਮਕ ਜੀਵਨ ਦੀ) ਸਾਰੀ ਸਮਝ ਆ ਗਈ।

ਜਿਥੇ ਇੱਕ ਅਖਰ, ਪੰਕਤੀ ਜਾਂ ਸ਼ਬਦ ਨੂੰ ਕਿਸੇ ਵਿਸ਼ੇਸ਼ ਪ੍ਰਾਪਤੀ ਵਾਸਤੇ ਰਟਣ (ਮੰਤ੍ਰ ਜਾਪ) ਦੀ ਗੱਲ ਆਉਂਦੀ ਹੈ, ਗੁਰਬਾਣੀ ਉਸ ਨੂੰ ਪੂਰਨ ਰੂਪ ਵਿੱਚ ਕੇਵਲ ਰੱਦ ਹੀ ਨਹੀਂ ਕਰਦੀ, ਸਗੋਂ ਇਸ ਨੂੰ ਪਾਖੰਡ ਦਸਦੀ ਹੈ। ਸਤਿਗੁਰੂ ਦਾ ਫੁਰਮਾਨ ਹੈ:

"ਤੰਤੁ ਮੰਤੁ ਪਾਖੰਡੁ ਨ ਜਾਣਾ ਰਾਮੁ ਰਿਦੈ ਮਨੁ ਮਾਨਿਆ।। ਅੰਜਨੁ ਨਾਮੁ ਤਿਸੈ ਤੇ ਸੂਝੈ ਗੁਰਸਬਦੀ ਸਚੁ ਜਾਨਿਆ।। " {ਸੂਹੀ ਮਹਲਾ ੧, ਪੰਨਾ ੭੬੬}

(ਪਰਮਾਤਮਾ ਦਾ ਪਿਆਰ ਪ੍ਰਾਪਤ ਕਰਨ ਲਈ) ਮੈਂ ਕੋਈ ਜਾਦੂ-ਟੂਣਾ ਕੋਈ ਮੰਤ੍ਰ ਆਦਿਕ ਪਖੰਡ ਕਰਨਾ ਨਹੀਂ ਜਾਣਦੀ। ਮੈਂ ਤਾਂ ਕੇਵਲ ਉਸ ਪ੍ਰਭੂ ਨੂੰ ਆਪਣੇ ਹਿਰਦੇ ਵਿੱਚ ਵਸਾਇਆ ਹੈ, ਮੇਰਾ ਮਨ ਉਸ ਦੀ ਯਾਦ ਵਿੱਚ ਗਿੱਝ ਗਿਆ ਹੈ। ਪ੍ਰਭੂ-ਪਤੀ ਨੂੰ ਪ੍ਰਸੰਨ ਕਰਨ ਵਾਸਤੇ ਉਸ ਦਾ ਨਾਮ ਹੀ ਸੁਰਮਾ ਹੈ, ਇਸ ਸੁਰਮੇ ਦੀ ਸੂਝ ਭੀ ਉਸੇ ਪਾਸੋਂ ਮਿਲਦੀ ਹੈ। (ਜਿਸ ਜੀਵ ਨੂੰ ਇਹ ਸੂਝ ਪੈ ਜਾਂਦੀ ਹੈ ਉਹ) ਗੁਰੂ ਦੇ ਸ਼ਬਦ ਵਿੱਚ ਜੁੜ ਕੇ ਉਸ ਸਦਾ-ਥਿਰ ਪ੍ਰਭੂ ਨਾਲ ਡੂੰਘੀ ਸਾਂਝ ਪਾ ਲੈਂਦੀ ਹੈ।

"ਅਉਖਧ ਮੰਤ੍ਰ ਤੰਤ ਸਭਿ ਛਾਰੁ।। ਕਰਣੈਹਾਰੁ ਰਿਦੇ ਮਹਿ ਧਾਰੁ।। " {ਗਉੜੀ ਮਹਲਾ ੫, ਪੰਨਾ ੧੯੬}

(ਹੇ ਭਾਈ !) ਸਿਰਜਣਹਾਰ ਪ੍ਰਭੂ ਨੂੰ ਆਪਣੇ ਹਿਰਦੇ ਵਿੱਚ ਟਿਕਾਈ ਰੱਖ, (ਇਸ ਦੇ ਟਾਕਰੇ ਤੇ ਹੋਰ) ਸਾਰੇ ਮੰਤਰ ਤੇ ਸਾਰੇ ਟੂਣੇ ਰੂਪ ਦਾਰੂ ਤੁੱਛ ਹਨ।

ਇਸ ਤਰ੍ਹਾਂ "ੴ" ਉਹ ਬੀਜ ਹੈ ਜਿਸ ਤੋਂ ਗੁਰਮਤਿ ਵਿਚਾਰਧਾਰਾ ਦੀਆਂ ਸਾਰੀਆਂ ਫੁਹਾਰਾਂ ਫੁੱਟੀਆਂ ਹਨ। ਸਤਿਗੁਰੂ ਨੇ ਇਸ "ੴ" ਦੇ ਸੰਕਲਪ ਨੂੰ ਹੋਰ ਸਪੱਸ਼ਟ ਕਰਨ ਲਈ, ਇਸ ਦੇ ਬੇਅੰਤ ਅਲੌਕਿਕ ਗੁਣਾਂ ਵਿੱਚੋਂ ਕੁੱਝ ਵਿਸ਼ੇਸ਼ ਗੁਣ ਨਾਲ ਜੋੜ ਕੇ ਜਿਥੇ ਅਕਾਲ-ਪੁਰਖ ਦੀ ਪੂਰਨ ਸ਼ਖਸੀਅਤ ਬਾਰੇ ਸੰਸਾਰ ਨੂੰ ਜਾਣੂ ਕਰਾਇਆ ਹੈ, ਉਥੇ ਇਸੇ ਨੂੰ ਗੁਰੂ ਗ੍ਰੰਥ ਸਾਹਿਬ ਦੀ ਸਾਰੀ ਗੁਰਬਾਣੀ ਦਰਜ ਕਰਨ ਸਮੇਂ ਮੰਗਲ ਦੇ ਤੌਰ ਤੇ ਵਰਤਿਆ ਹੈ, ਜਿਸ ਦਾ ਪੂਰਨ ਰੂਪ ਇਹ ਹੈ:

"ੴਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ।। "

ਕਿਉਂਕਿ ਇਸ ਵਿੱਚ ਦਰਸਾਏ ਅਕਾਲ-ਪੁਰਖ ਦੇ ਅਲੌਕਿਕ ਗੁਣ ਗੁਰਮਤਿ ਦੇ ਮੂਲ ਸਿਧਾਂਤ ਹਨ, ਜਿਨ੍ਹਾਂ ਨੂੰ ਅਸੀਂ ਗੁਰਮਤਿ ਮਹਲ ਦੀਆਂ ਨੀਹਾਂ ਵੀ ਆਖ ਸਕਦੇ ਹਾਂ, ਇਸ ਲਈ, ਇਸ ਨੂੰ ਅਸੀਂ ਮੂਲ ਮੰਤ੍ਰ ਭਾਵ ਮੁਢਲਾ ਉਪਦੇਸ਼ ਵੀ ਆਖ ਦੇਂਦੇ ਹਾਂ।

ਗੁਰਮਤਿ ਵਿਚਾਰਧਾਰਾ ਨੂੰ ਸਮਝਣ ਲਈ ਇਸ "ੴ" ਦੇ ਮੂਲ ਸੰਕਲਪ ਨੂੰ ਸਮਝ ਲੈਣਾ ਬਹੁਤ ਜ਼ਰੂਰੀ ਹੈ ਅਤੇ ਇਸ ਸੰਕਲਪ ਨੂੰ ਸਮਝਣ ਲਈ ਮੂਲ ਮੰਤ੍ਰ ਵਿਚਲੇ ਇਸ ਦੇ ਬਾਕੀ ਗੁਣਾਂ ਭਾਵ "ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ" ਦੇ ਭਾਵ ਅਤੇ ਵਿਚਾਰਧਾਰਾ ਨਾਲ ਜੋੜ ਕੇ ਸਮਝਣਾ ਉਤਨਾ ਹੀ ਜ਼ਰੂਰੀ ਹੈ। ਇਸ ਨੂੰ ਨਾ ਸਮਝਣ ਦਾ ਹੀ ਨਤੀਜਾ ਹੈ ਕਿ ਕਈ ਸਿੱਖੀ ਸਰੂਪ ਵਾਲੇ ਵੀ ਕਿਤੇ ਬੁਤ ਪੂਜਦੇ ਦਿਸਣਗੇ, ਕਿਤੇ ਫੋਟੋਆਂ ਅੱਗੇ ਖਲੋਤੇ ਅਰਦਾਸਾਂ ਕਰਦੇ ਨਜ਼ਰ ਆਉਣਗੇ ਤਾਂ ਕਿਤੇ ਮੜ੍ਹੀਆਂ ਪੂਜਣ ਵਾਲਿਆਂ ਦੀਆਂ ਲਾਈਨਾਂ ਵਿੱਚ ਖੜੇ ਮਿਲ ਜਾਣਗੇ। ਉਨ੍ਹਾਂ ਨੂੰ ਪੁਛੋ ਕਿ ਭਾਈ ਇਹ ਕੀ ਕਰ ਰਹੇ ਹੋ ਤਾਂ ਉਹ ਕਹਿਣਗੇ ਕਿ ਗੁਰਬਾਣੀ ਵੀ ਤਾਂ ਇਹੀ ਕਹਿੰਦੀ ਹੈ ਕਿ ਸਭ ਇਕੋ ਹੈ। ਓਇ ਭੋਲਿਆ ਜਿਸ "ੴ" ਨੂੰ ਤੂੰ ਕਈ ਰੂਪਾਂ ਵਿੱਚ ਲਭ ਰਿਹਾ ਹੈਂ, ਉਸ ਦੇ ਵਿੱਚ ਤਾਂ ਪਹਿਲਾਂ ਗਿਣਤੀ ਦਾ ‘੧` ਲਗਾਇਆ ਹੈ, ਤੂੰ ਉਸ ਨੂੰ ਅਲੱਗ ਅਲੱਗ ਰੂਪਾਂ ਵਿੱਚ ਭਾਲ ਰਿਹਾ ਹੈਂ। ਉਸ ਦੇ ਉਪਰ ਕਾਰ () ਲੱਗੀ ਹੋਈ ਹੈ ਭਾਵ ਉਹ ਇੱਕ ਰਸ ਹੈ। ਜਿਸ ਮੂਰਤੀ ਅੱਗੇ ਤੂੰ ਹੱਥ ਜੋੜੀ ਖੜ੍ਹਾ ਹੈ ਕੀ ਉਹ ਸਾਰੇ ਸੰਸਾਰ ਵਿੱਚ ਇੱਕ ਰਸ ਵਿਆਪਕ ਹੈ? ਉਹ "ੴ" ਤਾਂ ਸਤਿ ਹੈ ਭਾਵ ਸਦਾ ਸਦਾ ਵਾਸਤੇ ਹੈ, ਉਸ ਦਾ ਕਦੇ ਨਾਸ ਨਹੀਂ ਹੋਣਾ। ਜਿਨ੍ਹਾਂ ਫੋਟੋਆਂ ਜਾਂ ਮੂਰਤੀਆਂ ਨੂੰ ਤੂੰ ਪੂਜ ਰਿਹਾ ਹੈ, ਉਹ ਤਾਂ ਪਲਾਂ ਵਿੱਚ ਵਿਨਾਸ਼ ਹੋ ਜਾਣ ਵਾਲੀਆਂ ਹਨ। ਉਹ "ੴ" ਤਾਂ ਕਰਤਾ ਅਤੇ ਪੁਰਖ ਹੈ, ਭਾਵ ਜਿਥੇ ਸਾਰੀ ਸ੍ਰਿਸ਼ਟੀ ਦਾ ਰਚਨਹਾਰ ਹੈ ਉਥੇ ਆਪਣੀ ਕਿਰਤ, ਇਸ ਸ੍ਰਿਸਟੀ ਦੇ ਕਣ-ਕਣ ਵਿੱਚ ਸਮਾਇਆ ਹੋਇਆ ਹੈ। ਤੂੰ ਕਣ ਕਣ ਵਿੱਚੋਂ ਉਸ ਦੇ ਦਰਸ਼ਨ ਕਰਨ ਦੀ ਬਜਾਏ ਮਿੱਟੀ ਦੇ ਇੱਕ ਢੇਰ ਨੂੰ ਪੂਜੀ ਜਾਂਦਾ ਅਤੇ ਚਾਦਰਾਂ ਚੜ੍ਹਾਈ ਜਾਂਦਾ ਹੈ। ਉਨ੍ਹਾਂ ਨੂੰ ਪੂਜੀ ਜਾਂਦਾ ਹੈ ਜਿਨ੍ਹਾਂ ਦੇ ਬਾਰੇ ਤੇਰੇ ਆਪੇ ਘੜੇ ਹੋਏ ਇਤਿਹਾਸ ਹੀ ਮੂੰਹੋਂ ਬੋਲਦੇ ਹਨ ਕਿ ਉਹ ਨਾ ਤਾਂ ‘ਨਿਰਭਉ ਅਤੇ ਨਿਰਵੈਰੁ` ਸਨ ਅਤੇ ਨਾ ਹੀ ‘ਅਕਾਲ ਮੂਰਤਿ` ਭਾਵ ਸਮੇਂ ਦੇ ਪ੍ਰਭਾਵ ਤੋਂ ਬਾਹਰ ਸਨ। ਤੂੰ ਉਨ੍ਹਾਂ ਦੇ ਮਾਤਾ ਪਿਤਾ ਦੇ ਨਾਮ ਤੱਕ ਜਾਣਦਾ ਹੈਂ ਜਾਂ ਆਪ ਹੀ ਆਖਦਾ ਹੈਂ ਕਿ ਉਹ ਬਾਰ ਬਾਰ ਅਵਤਾਰ ਧਾਰਦੇ ਹਨ, ਇਸ ਵਾਸਤੇ ਉਹ ‘ਅਜੂਨੀ ਅਤੇ ਸੈਭੰ` ਵੀ ਨਹੀਂ ਹੋ ਸਕਦੇ। ਫਿਰ ਵੀ ਕਹਿ ਦੇਂਦੇ ਹਾਂ ਦੇਖੋ ਜੀ ਗੁਰਬਾਣੀ ਵੀ ਤਾਂ ਕਹਿੰਦੀ ਹੈ ਕਿ ਸਭ ਇਕੋ ਹੈ। ਸਾਡੀ ਇਸ ਅਣਭੋਲਤਾ ਨੂੰ ਵੇਖਦੇ ਹੋਏ ਹੀ ਸਤਿਗੁਰੂ ਨੇ ਫੁਰਮਾਇਆ ਹੈ:

"ਏਕੋ ਏਕੁ ਕਹੈ ਸਭੁ ਕੋਈ ਹਉਮੈ ਗਰਬੁ ਵਿਆਪੈ।। ਅੰਤਰਿ ਬਾਹਰਿ ਏਕੁ ਪਛਾਣੈ ਇਉ ਘਰੁ ਮਹਲੁ ਸਿਞਾਪੈ।। " {ਰਾਮਕਲੀ ਮਹਲਾ ੧, ਪੰਨਾ ੯੩੦}

(ਉਂਞ ਤਾਂ) ਹਰ ਕੋਈ ਆਖਦਾ ਹੈ ਕਿ ਇੱਕ ਪਰਮਾਤਮਾ ਹੀ ਪਰਮਾਤਮਾ ਹੈ, ਪਰ (ਜਿਸ ਮਨ ਉਤੇ ਪਰਮਾਤਮਾ ਦਾ ਨਾਮ ਲਿਖਣਾ ਹੈ, ਉਸ ਉਤੇ) ਹਉਮੈ ਅਹੰਕਾਰ ਜ਼ੋਰ ਪਾਈ ਰੱਖਦਾ ਹੈ। ਜੇ ਮਨੁੱਖ (ਹਉਮੈ ਅਹੰਕਾਰ ਦਾ ਸਾਇਆ ਦੂਰ ਕਰ ਕੇ) ਆਪਣੇ ਹਿਰਦੇ ਵਿੱਚ ਅਤੇ ਸਾਰੀ ਸ੍ਰਿਸ਼ਟੀ ਵਿੱਚ ਇੱਕ ਪਰਮਾਤਮਾ ਨੂੰ ਪਛਾਣ ਲਏ, ਤਾਂ ਇਸ ਤਰ੍ਹਾਂ ਉਸ ਨੂੰ ਪਰਮਾਤਮਾ ਦੇ ਅਸਥਾਨ ਦੀ ਸਿੰਞਾਣ ਆ ਜਾਂਦੀ ਹੈ।

"ੴ" ਦੇ ਇਸੇ ਅਮੋਲਕ ਸਿਧਾਂਤ ਨੂੰ ਨਾ ਸਮਝਣ ਕਰਕੇ ਹੀ ਕਈ ਭੁੱਲੜ ਵੀਰ ਗੁਰਬਾਣੀ ਵਿੱਚ ਵਰਤੇ ਅਕਾਲ-ਪੁਰਖ ਦੇ ਅਲੱਗ ਅਲੱਗ ਨਾਵਾਂ ਨੂੰ ਕੁੱਝ ਸੰਸਾਰੀ ਦੇਵੀ ਦੇਵਤਿਆਂ ਨਾਲ ਜੋੜਨ ਲੱਗ ਪੈਂਦੇ ਹਨ। ਬੇਸ਼ਕ ਉਹ "ੴ" ਸਤਿ ਨਾਮ ਹੈ ਭਾਵ ਹੋਂਦ ਵਾਲਾ ਹੈ। ਜਿਸ ਦੀ ਹੋਂਦ ਹੁੰਦੀ ਹੈ ਉਸ ਦਾ ਨਾਮ ਵੀ ਹੁੰਦਾ ਹੈ। ਉਸ ਦੇ ਹੋਂਦ ਬਾਰੇ ਕੋਈ ਸ਼ੰਕਾ ਨਹੀਂ ਪਰ ਉਸ ਦੀ ਹੋਂਦ ਕਿਸੇ ਇੱਕ ਨਾਮ ਨਾਲ ਨਹੀਂ ਜੁੜੀ ਹੋਈ। ਜਿਤਨੇ ਵੀ ਪ੍ਰਚੱਲਤ ਨਾਮ ਹਨ, ਇਹ ਸਭ ਨਾਮ ਅਸੀਂ ਸੰਸਾਰ ਦੇ ਲੋਕਾਂ ਨੇ, ਉਸ ਅਕਾਲ-ਪੁਰਖ ਦੇ ਅਲੌਕਿਕ ਗੁਣ ਵੇਖ ਕੇ, ਗੁਣਾਂ ਦੇ ਅਧਾਰ ਤੇ ਰੱਖ ਲਏ ਹਨ। ਗੁਰਬਾਣੀ ਦੇ ਪਾਵਨ ਫੁਰਮਾਨ ਹਨ:

"ਕਿਰਤਮ ਨਾਮ ਕਥੇ ਤੇਰੇ ਜਿਹਬਾ।। ਸਤਿ ਨਾਮੁ ਤੇਰਾ ਪਰਾ ਪੂਰਬਲਾ।। " {ਮਾਰੂ ਮਹਲਾ ੫, ਪੰਨਾ ੧੦੮੩}

ਹੇ ਪ੍ਰਭੂ ! (ਸਾਡੀ ਜੀਵਾਂ ਦੀ) ਜੀਭ ਤੇਰੇ ਉਹ ਨਾਮ ਉਚਾਰਦੀ ਹੈ ਜੋ ਨਾਮ (ਤੇਰੇ ਗੁਣ ਵੇਖ ਵੇਖ ਕੇ ਜੀਵਾਂ ਨੇ) ਬਣਾਏ ਹੋਏ ਹਨ । ਪਰ ‘ਸਤਿਨਾਮੁ` ਤੇਰਾ ਮੁੱਢ-ਕਦੀਮਾਂ ਦਾ ਨਾਮ ਹੈ (ਭਾਵ, ਤੂੰ ‘ਹੋਂਦ ਵਾਲਾ` ਹੈਂ, ਤੇਰੀ ਇਹ ‘ਹੋਂਦ` ਜਗਤ-ਰਚਨਾ ਤੋਂ ਪਹਿਲਾਂ ਭੀ ਮੌਜੂਦ ਸੀ)।

"ਨਾਨਕੁ ਵੇਚਾਰਾ ਕਿਆ ਕਹੈ।। ਸਭੁ ਲੋਕੁ ਸਲਾਹੇ ਏਕਸੈ।।

ਸਿਰੁ ਨਾਨਕ ਲੋਕਾ ਪਾਵ ਹੈ।। ਬਲਿਹਾਰੀ ਜਾਉ ਜੇਤੇ ਤੇਰੇ ਨਾਵ ਹੈ।। " {ਮਹਲਾ ੧ ਬਸੰਤ, ਪੰਨਾ ੧੧੬੮}

(ਨਿਰਾ ਮੈਂ ਨਾਨਕ ਹੀ ਨਹੀਂ ਆਖ ਰਿਹਾ ਕਿ ਤੂੰ ਬੇਅੰਤ ਹੈਂ) ਗ਼ਰੀਬ ਨਾਨਕ ਕੀਹ ਆਖ ਸਕਦਾ ਹੈ ? ਸਾਰਾ ਸੰਸਾਰ ਹੀ ਤੈਨੂੰ ਇੱਕ ਨੂੰ ਸਲਾਹ ਰਿਹਾ ਹੈ (ਤੇਰੀਆਂ ਸਿਫ਼ਤਾਂ ਕਰ ਰਿਹਾ ਹੈ)। ਹੇ ਪ੍ਰਭੂ ! ਜੇਹੜੇ ਬੰਦੇ ਤੇਰੀ ਸਿਫ਼ਤਿ-ਸਾਲਾਹ ਕਰਦੇ ਹਨ, ਮੈਂ ਨਾਨਕ ਦਾ ਸਿਰ ਉਹਨਾਂ ਦੇ ਕਦਮਾਂ ਤੇ ਹੈ । ਹੇ ਪ੍ਰਭੂ ! ਜਿਤਨੇ ਭੀ ਤੇਰੇ ਨਾਮ ਹਨ ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ (ਤੇਰੇ ਇਹ ਬੇਅੰਤ ਨਾਮ ਤੇਰੇ ਬੇਅੰਤ ਗੁਣਾਂ ਨੂੰ ਵੇਖ ਵੇਖ ਕੇ ਤੇਰੇ ਬੰਦਿਆਂ ਨੇ ਬਣਾਏ ਹਨ)।

ਗੁਰੂ ਗ੍ਰੰਥ ਸਾਹਿਬ ਵਿੱਚ ਅਕਾਲ-ਪੁਰਖ ਨੂੰ, ਉਸ ਦੇ ਗੁਣਾਂ ਤੇ ਅਧਾਰਤ, ਜੋ ਕਈ ਨਾਵਾਂ ਨਾਲ ਯਾਦ ਕੀਤਾ ਗਿਆ ਹੈ, ਉਨ੍ਹਾਂ ਵਿੱਚੋਂ ਕੁੱਝ ਕੁ ਪ੍ਰਮਾਣ ਹੇਠ ਦਿਤੇ ਹਨ:

"ਹਰਿ ਬਿਨੁ ਜੀਉ ਜਲਿ ਬਲਿ ਜਾਉ।। ਮੈ ਆਪਣਾ ਗੁਰੁ ਪੂਛਿ ਦੇਖਿਆ ਅਵਰੁ ਨਾਹੀ ਥਾਉ।। " {ਰਾਗੁ ਸਿਰੀਰਾਗੁ ਮਹਲਾ ਪਹਿਲਾ ੧, ਪੰਨਾ ੧੪} ਹਰਿ- ਹਰਿਆਵਲ ਕਰਨ ਵਾਲਾ, ਜਿਸ ਨੇ ਸਾਰੇ ਸੰਸਾਰ ਨੂੰ ਹਰਿਆ ਕੀਤਾ ਹੈ।

"ਜੀਅ ਰੇ, ਰਾਮ ਜਪਤ ਮਨੁ ਮਾਨੁ।। " {ਸਿਰਿ ਰਾਗੁ ਮਹਲਾ ੧, ਪੰਨਾ ੨੧} ਰਾਮ- ਰਮਿਆ ਹੋਇਆ, ਕਣ ਕਣ ਵਿੱਚ ਸਮਾਇਆ ਹੋਇਆ।

"ਰਸ ਕਸ ਆਪੁ ਸਲਾਹਣਾ ਏ ਕਰਮ ਮੇਰੇ ਕਰਤਾਰ।। " {ਸਿਰੀ ਰਾਗੁ ਮਹਲਾ ੧, ਪੰਨਾ ੧੫} ਕਰਤਾਰ- ਕਰਨ ਵਾਲਾ, ਰਚਨ ਵਾਲਾ।

"ਗਿਆਨ ਧਿਆਨ ਪੂਰਨ ਪਰਮੇਸੁਰ ਪ੍ਰਭੁ ਸਭਨਾ ਗਲਾ ਜੋਗਾ ਜੀਉ।। " {ਮਾਝ ਮਹਲਾ ੫, ਪੰਨਾ ੧੦੮} ਪਰਮੇਸੁਰ—ਪਰਮ ਈਸ਼੍ਵਰ, ਸਭ ਤੋਂ ਵੱਡਾ ਮਾਲਕ ।

"ਮੋਹਨ ਨਾਮੁ ਸਦਾ ਰਵਿ ਰਹਿਓ।। ਕੋਟਿ ਮਧੇ ਕਿਨੈ ਗੁਰਮੁਖਿ ਲਹਿਓ।। " {ਗਉੜੀ ਮਹਲਾ ੫, ਪੰਨਾ ੨੪੧} ਮੋਹਨ—ਮਨ ਨੂੰ ਮੋਹ ਲੈਣ ਵਾਲਾ ।

"ਪੇਈਅੜੈ ਜਗ ਜੀਵਨੁ ਦਾਤਾ ਮਨਮੁਖਿ ਪਤਿ ਗਵਾਈ।। " {ਸਿਰੀਰਾਗੁ ਮਹਲਾ ੩, ਪੰਨਾ ੬੪} ਜਗ ਜੀਵਨ—ਜਗਤ ਦਾ ਜੀਵਨ-ਆਸਰਾ ।

"ਮੇਰੇ ਮਾਧਉ ਜੀ, ਸਤਸੰਗਤਿ ਮਿਲੇ ਸੁ ਤਰਿਆ।। " {ਰਾਗੁ ਗੂਜਰੀ ਮਹਲਾ ੫, ਪੰਨਾ ੧੦} ਮਾਧਉ ਜੀ—ਹੇ ਪ੍ਰਭੂ ਜੀ! ਹੇ ਮਾਇਆ ਦੇ ਪਤੀ ਜੀ! {ਮਾਧਉ—ਮਾ-ਧਵ। ਮਾ—ਮਾਇਆ। ਧਵ—ਪਤੀ}

"ਮਿਲੁ ਮੇਰੇ ਬੀਠੁਲਾ ਲੈ ਬਾਹੜੀ ਵਲਾਇ।। ਮਿਲੁ ਮੇਰੇ ਰਮਈਆ ਮੈ ਲੇਹਿ ਛਡਾਇ"।। {ਸਿਰੀ ਰਾਗੁ ਤ੍ਰਿਲੋਚਨ ਕਾ, ਪੰਨਾ ੯੨} ਲਫ਼ਜ਼ "ਬੀਠਲ" ਸੰਸਕ੍ਰਿਤ ਦੇ ਲਫ਼ਜ਼ ( ‘ਵਿਸ਼ਠਲ`) ਦਾ ਪ੍ਰਾਕ੍ਰਿਤ ਰੂਪ ਹੈ। "ਵਿ+ਸਥਲ"। ਵਿ—ਪਰੇ, ਮਾਇਆ ਤੋਂ ਪਰੇ। ਸਥਲ-ਟਿਕਿਆ ਹੋਇਆ ਹੈ। ਵਿ+ਸਥਲ, ਵਿਸ਼ਠਲ, ਬੀਠਲਾ—ਉਹ ਪ੍ਰਭੂ ਜੋ ਮਾਇਆ ਦੇ ਪ੍ਰਭਾਵ ਤੋਂ ਦੂਰ ਪਰੇ ਟਿਕਿਆ ਹੋਇਆ ਹੈ। ਇਹ ਲਫ਼ਜ਼ ਜਿਥੇ ਭਗਤ ਸਾਹਿਬਾਨ ਨੇ ਵਰਤਿਆ ਹੈ ਉਥੇ ਸਤਿਗੁਰੂ ਜੀ ਨੇ ਭੀ ਕਈ ਵਾਰੀ ਵਰਤਿਆ ਹੈ, ਤੇ, ਸਰਬ-ਵਿਆਪਕ ਪਰਮਾਤਮਾ ਵਾਸਤੇ ਹੀ ਵਰਤਿਆ ਹੈ। ਰਮਈਆ- ਰਮਿਆ ਹੋਇਆ, ਸਰਬਵਿਆਪੀ।

"ਰਤੇ ਇਸਕ ਖੁਦਾਇ ਰੰਗਿ ਦੀਦਾਰ ਕੇ।। ਵਿਸਰਿਆ ਜਿਨੑ ਨਾਮੁ ਤੇ ਭੁਇ ਭਾਰੁ ਥੀਏ।। " {ਆਸਾ ਸੇਖ ਫਰੀਦ ਜੀਉ ਕੀ ਬਾਣੀ, ਪੰਨਾ ੪੮੮} ਖੁਦਾ, ਖੁਦਾਇ (ਇਹ ਫ਼ਾਰਸੀ ਦਾ ਸ਼ਬਦ ਹੈ) - ਖੁਦ ਹੋਣ ਵਾਲਾ, ਸਵਯੰਭਵ, ਕਰਤਾਰ, ਰੱਬ।

ਜਿਵੇਂ ਕਿ ਉਪਰ ਦੱਸਿਆ ਗਿਆ ਹੈ ਕਿ ਗੁਰਬਾਣੀ ਵਿੱਚ ਅਕਾਲ-ਪੁਰਖ ਨੂੰ ਅਲੱਗ ਅਲੱਗ ਨਾਵਾਂ ਨਾਲ ਯਾਦ ਕੀਤਾ ਗਿਆ ਹੈ। ਨਾਂਅ ਕਿਸੇ ਵੀ ਸ਼ਖਸੀਅਤ ਦੀ ਪਹਿਚਾਣ ਹੁੰਦਾ ਹੈ। ਅਸੀਂ ਜਦੋਂ ਵੀ ਕਿਸੇ ਦਾ ਨਾਂਅ ਲੈਂਦੇ ਹਾਂ, ਉਸ ਦੀ ਸ਼ਖਸੀਅਤ ਸਾਡੇ ਸਾਹਮਣੇ ਆ ਜਾਂਦੀ ਹੈ। ਇਸੇ ਤਰ੍ਹਾਂ ਗੁਰਬਾਣੀ ਵਿੱਚ ਆਏ ਇਹ ਸਾਰੇ ਨਾਂਅ ਉਸ ਅਕਾਲ-ਪੁਰਖ ਦੀ ਸ਼ਖਸੀਅਤ ਦੇ ਪ੍ਰਤੀਕ ਹਨ, ਇਨ੍ਹਾਂ ਵਿੱਚੋਂ ਕੋਈ ਵੀ ਨਾਂਅ ਲੈਣ ਨਾਲ "ੴ" ਦਾ ਗੁਣਾਂ ਰੂਪੀ ਸਰੂਪ ਸਾਡੇ ਸਾਹਮਣੇ ਪ੍ਰਗਟ ਹੋ ਜਾਂਦਾ ਹੈ। ਇਸੇ ਵਾਸਤੇ ਮੂਲਮੰਤ੍ਰ ਨੂੰ ਗੁਰਬਾਣੀ ਵਿੱਚ ਉਪਰੋਕਤ ਦਿੱਤੇ ਅਲੱਗ ਅਲੱਗ ਰੂਪਾਂ ਵਿੱਚ ਬਾਰਬਾਰ ਵਰਤਿਆ ਗਿਆ ਹੈ ਕਿ ਇਹ ਗੱਲ ਸਪੱਸ਼ਟ ਰਹੇ ਕਿ ਭਾਵੇਂ ਅਕਾਲ-ਪੂਰਖ ਨੂੰ ਕਿਸੇ ਵੀ ਨਾਂਅ ਨਾਲ ਯਾਦ ਕੀਤਾ ਜਾ ਰਿਹਾ ਹੈ, ਇਹ ਮੂਲਮੰਤਰ ਦੇ ਗੁਣਾਂ ਤੇ ਖਰੇ ਉਤਰਨ ਵਾਲੇ "ੴ" ਵਾਸਤੇ ਹੀ ਹੈ। ਮੰਗਲਾ-ਚਰਨ (ਮੂਲ ਮੰਤ੍ਰ) ਦੇ ਇਹ ਚਾਰ ਸਰੂਪ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ, ਜਿਨ੍ਹਾਂ ਦੀ ਗਿਣਤੀ ਇੰਝ ਹੈ:

ੴ ਸਤਿ ਗੁਰਪ੍ਰਸਾਦਿ।। ੫੨੪ ਵਾਰ

ੴ ਸਤਿ ਨਾਮੁ ਗੁਰਪ੍ਰਸਾਦਿ।। ੨ ਵਾਰ

ੴ ਸਤਿ ਨਾਮੁ ਕਰਤਾ ਪੁਰਖੁ ਗੁਰਪ੍ਰਸਾਦਿ।। ੯ ਵਾਰ

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ।। ੩੩ ਵਾਰ

ਕੁਲ ਗਿਣਤੀ - ੫੬੮

ਗੁਰਮਤਿ ਦਾ ਇਤਨਾ ਸਪੱਸ਼ਟ ਸਿਧਾਂਤ ਹੋਣ ਦੇ ਬਾਵਜੂਦ ਵੀ ਕਈ ਵਾਰੀ ਨਾਵਾਂ ਦੇ ਭੇਦ ਨਾਲ ਭੁਲੇਖੇ ਖੜੇ ਕਰਨ ਦੀ ਕੋਝੀ ਕੋਸ਼ਿਸ਼ ਕੀਤੀ ਜਾਂਦੀ ਹੈ। ਆਮ ਤੌਰ ਤੇ ਅਸੀਂ ਐਸੇ ਲੋਕਾਂ ਵਾਸਤੇ ਅਗਿਆਨੀ ਸ਼ਬਦ ਵਰਤ ਕੇ ਤਸੱਲੀ ਕਰ ਲੈਂਦੇ ਹਾਂ। ਬੇਸ਼ਕ ਇਹ ਅਗਿਆਨਤਾ ਤਾਂ ਹੈ ਹੀ, ਪਰ ਇਹ ਕੇਵਲ ਅਗਿਆਨਤਾ ਹੀ ਨਹੀਂ। ਐਸਾ ਇੱਕ ਸੋਚੀ ਸਮਝੀ ਸਾਜਿਸ਼ ਅਧੀਨ ਕੀਤਾ ਜਾ ਰਿਹਾ ਹੈ। ਇਹ ਭੁਲੇਖਾ ਖੜਾ ਕਰਨ ਵਾਲੇ ਦੋ ਕਿਸਮ ਦੇ ਸਾਜਸ਼ੀ ਲੋਕ ਹਨ। ਇੱਕ ਤਾਂ ਉਹ ਜੋ ਗੁਰਬਾਣੀ ਵਿੱਚ ਭਗਤ ਸਾਹਿਬਾਨ ਵਲੋਂ ਵਰਤੇ ਗਏ ਕੁੱਝ ਅਕਾਲ-ਪੁਰਖ ਵਾਚਕ ਨਾਵਾਂ ਨੂੰ ਕਿਸੇ ਅਖੌਤੀ ਦੇਵੀ ਦੇਵਤੇ ਨਾਲ ਜੋੜ ਕੇ ਸਿੱਖ ਕੌਮ ਨੂੰ ਸਿਧਾਂਤਕ ਢਾਅ ਲਾਉਣਾ ਚਾਹੁੰਦੇ ਹਨ। ਕੌਮ ਵਿੱਚ ਵੰਡੀਆਂ ਪਾਕੇ ਸਿੱਖ ਕੌਮ ਨੂੰ ਕਮਜ਼ੋਰ ਕਰਨਾ ਚਾਹੁੰਦੇ ਹਨ। ਦੂਸਰੇ ਉਹ ਜੋ ਸਿੱਖ ਕੌਮ ਨੂੰ ਜ਼ਬਰਦਸਤੀ ਹਿੰਦੂ ਕੌਮ ਦਾ ਅੰਗ ਸਾਬਤ ਕਰਨਾ ਚਾਹੁੰਦੇ ਹਨ। ਇਨ੍ਹਾਂ ਵਲੋਂ ਸਭ ਤੋਂ ਵਧੇਰੇ ਭੁਲੇਖਾ ‘ਰਾਮ` ਸ਼ਬਦ ਬਾਰੇ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਹਾਲਾਂਕਿ ਗੁਰਬਾਣੀ ਵਿੱਚ ਬੇਅੰਤ ਪ੍ਰਮਾਣ ਹਨ ਜੋ ਪੂਰੀ ਤਰ੍ਹਾਂ ਸਪੱਸ਼ਟ ਹਨ ਕਿ ਇਥੇ ਉਸ ‘ਰਾਮ` ਦੀ ਗੱਲ ਕੀਤੀ ਜਾ ਰਹੀ ਹੈ ਜੋ ਘੱਟ ਘੱਟ ਵਿੱਚ ਰਮਿਆ ਹੋਇਆ ਹੈ, ਕਣ ਕਣ ਵਿੱਚ ਸਮਾਇਆ ਹੋਇਆ ਭਾਵ "ੴ" ਹੈ। ਜਿਵੇਂ:

"ਭਲੋ ਭਲੋ ਰੇ ਕੀਰਤਨੀਆ।। ਰਾਮ ਰਮਾ ਰਾਮਾ ਗੁਨ ਗਾਉ।। ਛੋਡਿ ਮਾਇਆ ਕੇ ਧੰਧ ਸੁਆਉ।। ੧।। ਰਹਾਉ।। " {ਰਾਮਕਲੀ ਮਹਲਾ ੫, ਪੰਨਾ ੮੮੫}

ਇਸ ਪ੍ਰਮਾਣ ਵਿੱਚ ਸਤਿਗੁਰੂ ਨੇ ਉਸ ਕੀਰਤਨੀਏ ਨੂੰ ਭਲਾ ਆਖਿਆ ਹੈ ਜਿਸਦੇ ਅੰਦਰ ਇਹ ਦੋ ਮੌਲਿਕ ਗੁਣ ਹਨ। ਪਹਿਲਾ ਤਾਂ ਇਹ ਕੇ ਉਹ ਰਮੇ ਹੋਏ ਰਾਮ ਭਾਵ ਸਰਬ-ਵਿਆਪਕ ਪਰਮਾਤਮਾ ਦੇ ਵਿੱਚ ਰਮ ਕੇ ਭਾਵ ਲੀਨ ਹੋ ਕੇ ਉਸ ਦੇ ਗੁਣ ਗਾਂਦਾ ਹੈ। ਦੂਸਰਾ ਉਹ ਮਾਇਆ ਦੇ ਧੰਧੇ ਛੱਡ ਕੇ, ਮਾਇਆ ਦੀ ਗ਼ਰਜ਼ ਛੱਡ ਕੇ, ਇਹ ਕਾਰਜ ਕਰਦਾ ਹੈ। ਭਾਵ ਇਸ ਨੂੰ ਧੰਦੇ ਤੇ ਤੌਰ ਤੇ ਨਹੀਂ ਕਰਦਾ। ਇਸੇ ਤਰ੍ਹਾਂ ਹੇਠਲਾ ਪ੍ਰਮਾਣ ਵੀ ਇਸੇ ਗੱਲ ਦੀ ਪੂਰੀ ਪ੍ਰੋੜ੍ਹਤਾ ਕਰਦਾ ਹੈ ਕਿ ਗੁਰਬਾਣੀ ਵਿੱਚ ਕਣ ਕਣ ਵਿੱਚ ਰਮੇ ਰਾਮ ਦੀ ਹੀ ਉਸਤਤਿ ਕੀਤੀ ਜਾ ਰਹੀ ਹੈ:

"ਹਰਿ ਹਰਿ ਧਿਆਇ ਮਨਾ ਖਿਨੁ ਨ ਵਿਸਾਰੀਐ।। ਰਾਮ ਰਾਮਾ ਰਾਮ ਰਮਾ ਕੰਠਿ ਉਰ ਧਾਰੀਐ।। {ਰਾਮਕਲੀ ਮਹਲਾ ੫, ਪੰਨਾ ੯੨੫}

ਇਸ ਪ੍ਰਮਾਣ ਵਿੱਚ ਸਤਿਗੁਰੂ ਬਖਸ਼ਿਸ਼ ਕਰਦੇ ਸਮਝਾਉਂਦੇ ਹਨ ਕਿ ਹੇ (ਮੇਰੇ) ਮਨ ! ਸਦਾ ਹੀ ਪਰਮਾਤਮਾ ਦਾ ਧਿਆਨ ਧਰਨਾ ਚਾਹੀਦਾ ਹੈ, ਰਤਾ ਜਿਤਨੇ ਸਮੇ ਲਈ ਭੀ ਉਸ ਨੂੰ ਭੁਲਾਣਾ ਨਹੀਂ ਚਾਹੀਦਾ। ਹੇ ਭਾਈ ! ਉਸ ਸੋਹਣੇ ਰਾਮ ਨੂੰ ਜੋ ਹਰ ਸ਼ੈਅ ਵਿੱਚ ਰਮਿਆ ਹੋਇਆ ਹੈ, ਉਸ ਵਿੱਚ ਰਮ ਕੇ ਭਾਵ ਲੀਨ ਹੋਕੇ, ਸਦਾ ਹੀ ਗਲ ਵਿਚ, ਹਿਰਦੇ ਵਿੱਚ ਪ੍ਰੋ ਰੱਖਣਾ ਚਾਹੀਦਾ ਹੈ।

ਇਨ੍ਹਾਂ ਪਰਮਾਣਾਂ ਦੇ ਅਧਾਰ ਤੇ ਇਸ ਵਿੱਚ ਕੋਈ ਸ਼ੱਕ ਨਹੀਂ ਰਹਿ ਜਾਂਦਾ ਕਿ ‘ਰਾਮ` ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਅਕਾਲ-ਪੁਰਖ ਵਾਸਤੇ ਵਰਤੇ ਗਏ ਕਈ ਨਾਵਾਂ ਵਿੱਚੋਂ ਇੱਕ ਨਾਂਅ ਹੈ। ਇਹ ਸ਼ਬਦ ਗੁਰਬਾਣੀ ਵਿੱਚ ਬਾਕੀ ਨਾਵਾਂ ਨਾਲੋਂ ਵਧੇਰੇ ਵਾਰੀ ਆਇਆ ਹੈ। ਕਿਉਂਕਿ ਸਿੱਖ ਧਰਮ ਦੀ ਉਤਪਤੀ ਭਾਰਤੀ ਦੇਸ਼ ਦੇ ਪੰਜਾਬ ਖਿਤੇ ਵਿੱਚ ਹੋਈ, ਜਿਥੇ ਅਕਾਲ-ਪੁਰਖ ਵਾਸਤੇ ‘ਰਾਮ` ਸ਼ਬਦ ਪਹਿਲਾਂ ਤੋਂ ਵਧੇਰੇ ਪ੍ਰਚਲਤ ਸੀ, ਇਸ ਵਾਸਤੇ ਇਸ ਸ਼ਬਦ ਦੀ ਵਰਤੋਂ ਗੁਰਬਾਣੀ ਵਿੱਚ ‘ਹਰਿ` ਵਾਂਗ ਵਧੇਰੇ ਵਾਰ ਕੀਤੀ ਗਈ ਹੈ। ਅਜ ਅਕਾਲ–ਪੁਰਖ ਵਾਸਤੇ ਵਰਤੇ ਗਏ ਇਸ ਸ਼ਬਦ ‘ਰਾਮ` ਨੂੰ ਮਿਥਿਹਾਸ ਅਨੁਸਾਰ ਭਾਰਤ ਦੇ ਅਯੋਧਿਆ ਨਗਰ ਵਿੱਚ ਹੋਏ ਇੱਕ ਪੁਰਾਤਨ ਰਾਜੇ ਦਸ਼ਰਥ ਦੇ ਪੁੱਤਰ ਰਾਮ ਚੰਦ੍ਰ ਜੀ, ਜਿਨ੍ਹਾਂ ਨੂੰ ਹਿੰਦੂ ਕੌਮ ਵਿੱਚ ਇੱਕ ਅਵਤਾਰ ਦੀ ਮਾਨਤਾ ਪ੍ਰਾਪਤ ਹੈ, ਨਾਲ ਰੱਲ ਗੱਡ ਕਰਨ ਦੀ ਕੋਸ਼ਿਸ਼ ਹੋ ਰਹੀ ਹੈ। ਜੇ "ੴ" ਦੇ ਸੰਕਲਪ ਨੂੰ ਸਮਝ ਲਈਏ ਅਤੇ ਗੁਰਬਾਣੀ ਨੂੰ ਥੋੜ੍ਹਾ ਧਿਆਨ ਦੇਕੇ, ਸਮਝ ਕੇ ਪੜ੍ਹੀਏ ਤਾਂ ਕੋਈ ਸ਼ੱਕ ਹੀ ਨਹੀਂ ਰਹਿ ਜਾਂਦਾ ਕਿ ਗੁਰਬਾਣੀ ਵਿੱਚ ਜਿਸ ਰਾਮ ਨੂੰ ਧਿਆਉਣ ਦੀ, ਚੇਤਨਾ ਵਿੱਚ ਵਸਾਉਣ ਦੀ, ਸਿਮਰਨ ਦੀ ਜਾਂ ਪੂਜਣ ਦੀ ਪ੍ਰੇਰਨਾ ਦਿੱਤੀ ਜਾ ਰਹੀ ਹੈ, ਉਹ ਕੋਈ ਦੇਹਿ ਧਾਰੀ ਵਿਅਕਤੀ ਨਹੀਂ ਬਲਕਿ ਮੂਲਮੰਤ੍ਰ ਦੇ ਅਮੋਲਕ ਗੁਣਾਂ ਵਾਲਾ "ੴ" ਹੈ। ਗੁਰਬਾਣੀ ਦੀਆਂ ਹੇਠਲੀਆਂ ਕੁੱਝ ਪੰਕਤੀਆਂ ਧਿਆਨ ਨਾਲ ਪੜ੍ਹਿਆਂ ਸਾਰੀ ਗੱਲ ਹੋਰ ਵੀ ਸਪੱਸ਼ਟ ਹੋ ਜਾਂਦੀ ਹੈ:

"ਰਾਮ ਨਾਮੁ ਧਿਆਏ ਪਵਿਤੁ ਹੋਇ ਆਏ ਤਿਸੁ ਰੂਪੁ ਨ ਰੇਖਿਆ ਕਾਈ।। ਰਾਮੋ ਰਾਮੁ ਰਵਿਆ ਘਟ ਅੰਤਰਿ ਸਭ ਤ੍ਰਿਸਨਾ ਭੂਖ ਗਵਾਈ।। " {ਆਸਾ ਮਹਲਾ ੪, ਪੰਨਾ ੪੪੩}

(ਹੇ ਭਾਈ !) ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਸਿਮਰਿਆ ਉਹ ਪਵਿਤ੍ਰ ਜੀਵਨ ਵਾਲਾ ਬਣ ਕੇ ਉਸ ਪ੍ਰਭੂ ਦੇ ਦਰ ਤੇ ਜਾ ਪਹੁੰਚਿਆ ਜਿਸ ਦਾ ਕੋਈ ਖਾਸ ਸਰੂਪ ਨਹੀਂ ਦੱਸਿਆ ਜਾ ਸਕਦਾ ਜਿਸ ਦਾ ਕੋਈ ਖਾਸ ਚਿਹਨ-ਚਕ੍ਰ ਨਹੀਂ ਬਿਆਨ ਕੀਤਾ ਜਾ ਸਕਦਾ। ਜਿਸ ਮਨੁੱਖ ਨੇ ਹਰ ਵੇਲੇ ਆਪਣੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਸਿਮਰਿਆ, ਉਸ ਨੇ (ਆਪਣੇ ਅੰਦਰੋਂ) ਮਾਇਆ ਦੀ ਭੁੱਖ ਤ੍ਰੇਹ ਦੂਰ ਕਰ ਲਈ, ਉਸ ਦਾ ਮਨ ਉਸ ਦਾ ਹਿਰਦਾ ਠੰਢਾ-ਠਾਰ ਹੋ ਗਿਆ, ਉਸ ਦੇ ਆਤਮਕ ਜੀਵਨ ਨੂੰ ਹਰੇਕ ਕਿਸਮ ਦਾ ਸਹਜ ਹਾਸਲ ਹੋ ਗਿਆ, ਗੁਰੂ ਦੀ ਸਿੱਖਿਆ ਦੀ ਬਰਕਤਿ ਨਾਲ ਉਸ ਦੇ ਅੰਦਰ ਪਰਮਾਤਮਾ ਦਾ ਨਾਮ ਰੌਸ਼ਨ ਹੋ ਗਿਆ।

ਇਥੇ ਜਿਸ ਰਾਮ ਨੂੰ ਧਿਆਉਣ ਦੀ ਗੱਲ ਕੀਤੀ ਜਾ ਰਹੀ ਹੈ, ਉਸ ਦਾ ਨਾ ਕੋਈ ਰੂਪ ਹੈ, ਨਾ ਰੇਖਾ ਹਨ ਅਤੇ ਉਹ ਘਟ ਘਟ ਵਿੱਚ ਸਮਾਇਆ ਹੋਾਇਆ ਹੈ। ਜਦਕਿ ਇਸ ਦੇ ਉਲਟ ਦਸ਼ਰਥ ਪੁੱਤਰ ਰਾਮਚੰਦ੍ਰ ਜੀ ਦਾ ਰੂਪ ਵੀ ਸੀ ਅਤੇ ਰੇਖਾਵਾਂ ਵੀ ਸਨ ਤਾਹੀਂ ਤਾਂ ਉਨ੍ਹਾਂ ਦੀਆਂ ਮੂਰਤੀਆਂ ਅਤੇ ਫੋਟੋਆਂ ਵੀ ਬਣੀਆਂ ਹੋਈਆਂ ਹਨ। ਨਾ ਹੀ ਉਹ ਰਾਮਚੰਦ੍ਰ ਜੀ ਘਟ ਘਟ ਵਿੱਚ ਸਮਾਏ ਹੋਏ ਹਨ, ਉਹ ਤਾਂ ਇੱਕ ਸਰੀਰ ਵਿੱਚ ਆਏ ਅਤੇ ਆਪਣੀ ਉਮਰ ਪੁਗਾ ਕੇ ਸੰਸਾਰ ਤੋਂ ਚਲੇ ਗਏ।

ਬੇਸ਼ਕ ਗੁਰਬਾਣੀ ਵਿੱਚ ਰਾਜਾ ਦਸ਼ਰਥ ਜੀ ਦੇ ਸਪੁੱਤਰ ਰਾਮਚੰਦ੍ਰ ਜੀ ਬਾਰੇ ਵੀ ਕਈ ਵਾਰੀ ਵਰਨਣ ਆਇਆ ਹੈ ਪਰ ਜਿਥੇ ਵੀ ਇਹ ਵਰਨਣ ਆਉਂਦਾ ਹੈ, ਉਸ ਨੂੰ ਪੜ੍ਹਦਿਆਂ ਆਪ ਹੀ ਸਪੱਸ਼ਟ ਹੋ ਜਾਂਦਾ ਹੈ ਕਿ ਇਥੇ ਰਾਜਾ ਦਸ਼ਰਥ ਜੀ ਦੇ ਸਪੁੱਤਰ ਰਾਮਚੰਦ੍ਰ ਜੀ ਬਾਰੇ ਗੱਲ ਕੀਤੀ ਜਾ ਰਹੀ ਹੈ। ਗੁਰਬਾਣੀ ਦੀ ਹੇਠ ਦਿੱਤੀਆਂ ਪੰਗਤੀਆਂ ਆਪਣੇ ਆਪ ਵਿੱਚ ਸਪੱਸ਼ਟ ਪ੍ਰਮਾਣ ਹਨ:

"ਪਾਂਡੇ ਤੁਮਰਾ ਰਾਮਚੰਦੁ ਸੋ ਭੀ ਆਵਤੁ ਦੇਖਿਆ ਥਾ।। ਰਾਵਨ ਸੇਤੀ ਸਰਬਰ ਹੋਈ ਘਰ ਕੀ ਜੋਇ ਗਵਾਈ ਥੀ।। " {ਬਿਲਾਵਲੁ ਗੋਂਡ ਨਾਮਦੇਵ ਜੀ, ਪੰਨਾ ੮੭੫}

ਹੇ ਪਾਂਡੇ ! ਤੇਰੇ ਸ੍ਰੀ ਰਾਮ ਚੰਦਰ ਜੀ ਭੀ ਆਉਂਦੇ ਵੇਖੇ ਹਨ (ਭਾਵ, ਜਿਸ ਸ੍ਰੀ ਰਾਮ ਚੰਦਰ ਜੀ ਦੀ ਤੂੰ ਉਪਾਸ਼ਨਾ ਕਰਦਾ ਹੈਂ, ਉਹਨਾਂ ਦੀ ਬਾਬਤ ਭੀ ਤੈਥੋਂ ਇਹੀ ਕੁੱਝ ਅਸਾਂ ਸੁਣਿਆ ਹੈ ਕਿ) ਰਾਵਣ ਨਾਲ ਉਹਨਾਂ ਦੀ ਲੜਾਈ ਹੋ ਪਈ, ਕਿਉਂਕਿ ਉਹ ਵਹੁਟੀ (ਸੀਤਾ ਜੀ) ਗਵਾ ਬੈਠੇ ਸਨ ।

"ਰੋਵੈ ਰਾਮੁ ਨਿਕਾਲਾ ਭਇਆ।। ਸੀਤਾ ਲਖਮਣੁ ਵਿਛੁੜਿ ਗਇਆ।।

ਰੋਵੈ ਦਹਸਿਰੁ ਲੰਕ ਗਵਾਇ।। ਜਿਨਿ ਸੀਤਾ ਆਦੀ ਡਉਰੂ ਵਾਇ।। " {ਸਲੋਕੁ ਮਃ ੧, ਪੰਨਾ ੯੫੪}

ਜਦੋਂ ਰਾਮ (ਜੀ) ਨੂੰ ਦੇਸ-ਨਿਕਾਲਾ ਮਿਲਿਆ ਸੀਤਾ ਲਛਮਣ ਵਿਛੁੜੇ ਤਾਂ ਰਾਮ ਜੀ ਭੀ ਰੋਏ। ਰਾਵਣ, ਜਿਸ ਨੇ ਸਾਧੂ ਬਣ ਕੇ ਸੀਤਾ (ਚੁਰਾ) ਲਿਆਂਦੀ ਸੀ, ਲੰਕਾ ਗੁਆ ਕੇ ਰੋਇਆ।

ਉਪਰੋਕਤ ਪੰਕਤੀਆਂ ਵਿੱਚ ਜਿਥੇ ਇਹ ਸਪੱਸ਼ਟ ਹੈ ਕਿ ਇਥੇ ਰਾਜਾ ਦਸ਼ਰਥ ਜੀ ਦੇ ਸਪੁੱਤਰ ਰਾਮਚੰਦ੍ਰ ਜੀ ਬਾਰੇ ਗੱਲ ਕੀਤੀ ਜਾ ਰਹੀ ਹੈ ਉਥੇ ਇਹ ਵੀ ਧਿਆਨ ਦੇਣ ਯੋਗ ਹੈ ਕਿ ਉਨ੍ਹਾਂ ਨੂੰ ਇੱਕ ਆਮ ਸੰਸਾਰੀ ਮਨੁੱਖ ਦੀ ਤਰ੍ਹਾਂ ਹੀ ਦਰਸਾਇਆ ਗਿਆ ਹੈ। ਗੁਰੂ ਨਾਨਕ ਸਾਹਿਬ ਦੀਆਂ ਉਚਾਰਨ ਕੀਤੀਆਂ ਹੇਠਲੀਆਂ ਪੰਕਤੀਆਂ ਵਿੱਚ ਰਾਜਾ ਦਸ਼ਰਥ ਜੀ ਦੇ ਸਪੁੱਤਰ ਰਾਮਚੰਦ੍ਰ ਜੀ ਦਾ ਵਰਨਣ ਵੀ ਆਇਆ ਹੈ, ਅਤੇ ਉਸ ਸਰਬ ਵਿਆਪੀ, ਸਰਬ ਸ਼ਕਤੀਮਾਨ ਅਕਾਲ-ਪੁਰਖ ਵਾਚਕ ਰਾਮ ਦਾ ਵੀ। ਜੇ ਥੋੜ੍ਹਾ ਧਿਆਨ ਦੇਕੇ ਪੜ੍ਹੀਏ ਤਾ ਇਹ ਭੇਦ ਬਿਲਕੁਲ ਸਪੱਸ਼ਟ ਹੋ ਜਾਂਦਾ ਹੈ:

"ਮਨ ਮਹਿ ਝੂਰੈ ਰਾਮਚੰਦੁ ਸੀਤਾ ਲਛਮਣੁ ਜੋਗੁ।। ਹਣਵੰਤਰੁ ਆਰਾਧਿਆ ਆਇਆ ਕਰਿ ਸੰਜੋਗੁ।। ਭੂਲਾ ਦੈਤੁ ਨ ਸਮਝਈ ਤਿਨਿ ਪ੍ਰਭ ਕੀਏ ਕਾਮ।। ਨਾਨਕ ਵੇਪਰਵਾਹੁ ਸੋ ਕਿਰਤੁ ਨ ਮਿਟਈ ਰਾਮ।। ੨੬।। (ਸਲੋਕ ਵਾਰਾਂ ਤੇ ਵਧੀਕ।। ਮਹਲਾ ੧, ਪੰਨਾ ੧੪੧੨)

ਹੇ ਭਾਈ! ਉਹ ਪਰਮਾਤਮਾ (ਤਾਂ) ਬੇ-ਮੁਥਾਜ ਹੈ (ਸ੍ਰੀ ਰਾਮਚੰਦ੍ਰ ਉਸ ਪਰਮਾਤਮਾ ਦੀ ਬਰਾਬਰੀ ਨਹੀਂ ਕਰ ਸਕਦਾ)। (ਸ੍ਰੀ) ਰਾਮਚੰਦ (ਜੀ) ਪਾਸੋਂ ਭਾਵੀ ਨਾਹ ਮਿਟ ਸਕੀ। (ਵੇਖੋ, ਸ੍ਰੀ) ਰਾਮਚੰਦ੍ਰ (ਆਪਣੇ) ਮਨ ਵਿੱਚ ਸੀਤਾ (ਜੀ) ਦੀ ਖ਼ਾਤਰ ਦੁਖੀ ਹੋਇਆ (ਜਦੋਂ ਸੀਤਾ ਜੀ ਨੂੰ ਰਾਵਣ ਚੁਰਾ ਕੇ ਲੈ ਗਿਆ, ਫਿਰ) ਦੁਖੀ ਹੋਇਆ ਲਛਮਣ ਦੀ ਖ਼ਾਤਰ (ਜਦੋਂ ਰਣਭੂਮੀ ਵਿੱਚ ਲਛਮਨ ਬਰਛੀ ਨਾਲ ਮੂਰਛਿਤ ਹੋਇਆ)। (ਤਦੋਂ ਸ੍ਰੀ ਰਾਮਚੰਦ੍ਰ ਨੇ) ਹਨੂਮਾਨ ਨੂੰ ਯਾਦ ਕੀਤਾ ਜੋ (ਪਰਮਾਤਮਾ ਵਲੋਂ ਬਣੇ) ਸੰਜੋਗ ਦੇ ਕਾਰਨ (ਸ੍ਰੀ ਰਾਮਚੰਦ੍ਰ ਜੀ ਦੀ ਸਰਨ) ਆਇਆ ਸੀ। ਮੂਰਖ ਰਾਵਣ (ਭੀ) ਇਹ ਗੱਲ ਨਾਹ ਸਮਝਿਆ ਕਿ ਇਹ ਸਾਰੇ ਕੰਮ ਪਰਮਾਤਮਾ ਨੇ (ਆਪ ਹੀ) ਕੀਤੇ ਸਨ।

ਸਤਿਗੁਰੂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਸ੍ਰੀ ਰਾਮਚੰਦ੍ਰ ਉਸ ਪਰਮਾਤਮਾ ਦੀ ਬਰਾਬਰੀ ਨਹੀਂ ਕਰ ਸਕਦਾ। ਉਹ ਤਾਂ ਉਸ ਅਕਾਲ-ਪੁਰਖ (ਰਾਮ) ਦੇ ਸਾਜੇ ਹੋਏ ਖੇਲ ਦੇ ਇੱਕ ਪਾਤਰ ਮਾਤਰ ਹਨ। ਸਤਿਗੁਰੁ ਜਿਸ ਰਾਮ ਨਾਲ ਜੁੜਨ ਦਾ ਉਪਦੇਸ਼ ਦੇਂਦੇ ਹਨ ਉਹ ਭਾਵੇਂ ਹਰ ਘਟ ਭਾਵ ਸ਼ਰੀਰ ਵਿੱਚ ਵਸਦਾ ਹੈ ਪਰ ਕਿਸੇ ਇੱਕ ਸਰੀਰ ਦੇ ਬੰਧਨ ਵਿੱਚ ਨਹੀਂ। ਸਤਿਗੁਰੁ ਤਾਂ ਇਨ੍ਹਾਂ ਸਰੀਰ ਦੇ ਬੰਧਨਾਂ ਤੋਂ ਉਪਰ ਉਠਣ ਦਾ ਉਪਦੇਸ਼ ਦੇਂਦੇ ਹਨ। ਪਾਵਨ ਗੁਰਬਾਣੀ ਦਾ ਫੁਰਮਾਨ ਹੈ:

"ਸਾਧੋ ਇਹੁ ਤਨੁ ਮਿਥਿਆ ਜਾਨਉ।। ਯਾ ਭੀਤਰਿ ਜੋ ਰਾਮੁ ਬਸਤੁ ਹੈ ਸਾਚੋ ਤਾਹਿ ਪਛਾਨੋ।। {ਰਾਗੁ ਬਸੰਤੁ ਹਿੰਡੋਲ ਮਹਲਾ ੯, ਪੰਨਾ ੧੧੮੬}

ਹੇ ਸੰਤ ਜਨੋ ! ਇਸ ਸਰੀਰ ਨੂੰ ਨਾਸਵੰਤ ਸਮਝੋ । ਇਸ ਸਰੀਰ ਵਿੱਚ ਜਿਹੜਾ ਪਦਾਰਥ ਵੱਸ ਰਿਹਾ ਹੈ, (ਸਿਰਫ਼) ਉਸ ਨੂੰ ਸਦਾ ਕਾਇਮ ਰਹਿਣ ਵਾਲਾ ਜਾਣੋ ।

ਇਹੀ ਗੱਲ ਭਗਤ ਕਬੀਰ ਜੀ ਵੀ ਸਮਝਾਉਂਦੇ ਹਨ ਕਿ ਉਹ ਅਕਾਲ-ਪੁਰਖ ਕਿਸੇ ਇੱਕ ਸਰੀਰ ਦੇ ਬੰਧਨ ਵਿੱਚ ਨਹੀਂ ਹੈ। ਪਾਵਨ ਗੁਰਬਾਣੀ ਦਾ ਫੁਰਮਾਨ ਹੈ:

"ਦਰੋਗੁ ਪੜਿ ਪੜਿ ਖੁਸੀ ਹੋਇ ਬੇਖਬਰ ਬਾਦੁ ਬਕਾਹਿ।। ਹਕੁ ਸਚੁ ਖਾਲਕੁ ਖਲਕ ਮਿਆਨੇ ਸਿਆਮ ਮੂਰਤਿ ਨਾਹਿ।। " {ਤਿਲੰਗ ਬਾਣੀ ਭਗਤਾ ਕੀ ਕਬੀਰ ਜੀ, ਪੰਨਾ ੭੨੭}

ਬੇ-ਸਮਝ ਲੋਕ (ਅਨ-ਮਤਾਂ ਦੇ ਧਰਮ-ਪੁਸਤਕਾਂ ਬਾਰੇ ਇਹ) ਪੜ੍ਹ ਪੜ੍ਹ ਕੇ (ਕਿ ਇਹਨਾਂ ਵਿੱਚ ਜੋ ਲਿਖਿਆ ਹੈ) ਝੂਠ (ਹੈ), ਖ਼ੁਸ਼ ਹੋ ਹੋ ਕੇ ਬਹਿਸ ਕਰਦੇ ਹਨ। (ਪਰ ਉਹ ਇਹ ਨਹੀਂ ਜਾਣਦੇ ਕਿ) ਸਦਾ ਕਾਇਮ ਰਹਿਣ ਵਾਲਾ ਰੱਬ ਖ਼ਲਕਤ ਵਿੱਚ (ਭੀ) ਵੱਸਦਾ ਹੈ, (ਨਾਹ ਉਹ ਵੱਖਰਾ ਸੱਤਵੇਂ ਅਸਮਾਨ ਤੇ ਬੈਠਾ ਹੈ ਤੇ) ਨਾਹ ਉਹ ਪਰਮਾਤਮਾ ਕ੍ਰਿਸ਼ਨ ਦੀ ਮੂਰਤੀ ਹੈ।

ਗੱਲ ਬੜੀ ਸਿੱਧੀ ਹੈ ਕਿ ਜੇ ਕ੍ਰਿਸ਼ਨ ਜੀ ਦੀ ਮੂਰਤੀ "ੴ" ਦੀ ਮੂਰਤੀ ਨਹੀਂ ਤਾਂ ਉਹ ਕਿਸੇ ਰਾਮਚੰਦ੍ਰ ਜੀ ਦੀ ਮੂਰਤੀ ਦੇ ਬੰਧਨ ਵਿੱਚ ਵੀ ਨਹੀਂ ਹੋ ਸਕਦਾ।

ਭਗਤ ਕਬੀਰ ਜੀ ਦਾ ਹੇਠਲਾ ਸ਼ਬਦ ਤਾਂ ਸਾਰੇ ਹੀ ਭਰਮ ਤੋੜ ਦੇਣ ਵਾਲਾ ਹੈ। ਜਿਸ ਵਿੱਚ ਉਨ੍ਹਾਂ ਨੇ ਹਿੰਦੂ ਧਰਮ ਵਿੱਚ ਪ੍ਰਚਲਤ ਅਲੱਗ ਅਲੱਗ ਦੇਵੀ ਦੇਵਤਿਆਂ ਦੀ ਵਿਚਾਰਧਾਰਾ ਨੂੰ ਪੂਰੀ ਤਰ੍ਹਾਂ ਰੱਦ ਕੀਤਾ ਹੈ ਅਤੇ ਉਨ੍ਹਾਂ ਨੂੰ ਕਰੋੜਾਂ ਦੀ ਗਿਣਤੀ ਵਿੱਚ ਦਸ ਕੇ ਆਮ ਮਨੁੱਖਾਂ ਦੀ ਸ਼੍ਰੇਣੀ ਵਿੱਚ ਲਿਆ ਖੜਾ ਕੀਤਾ ਹੈ। ਇਸ ਸ਼ਬਦ ਵਿੱਚ ਭਗਤ ਕਬੀਰ ਜੀ ਨੇ ਰਹਾਓ ਦੀ ਪੰਕਤੀ ਵਿੱਚ ਜਿਥੇ ਇਹ ਜਾਚਨਾ ਕੀਤੀ ਹੈ ਕਿ ਮੈਂ ਜਦੋਂ ਮੰਗਦਾ ਹਾਂ ਤਾਂ ਕੇਵਲ ‘ਰਾਮ` (ਅਕਾਲ-ਪੁਰਖ) ਦੇ ਦਰ ਤੋਂ ਮੰਗਦਾ ਹਾਂ, ਉਥੇ ਇਹ ਵੀ ਸਪੱਸ਼ਟ ਕਰ ਦਿੱਤਾ ਹੈ ਕਿ ਮੈਨੂੰ ਹੋਰ ਕਿਸੇ ਦੇਵਤੇ ਨਾਲ ਕੋਈ ਗਰਜ ਨਹੀਂ। ਇਸ ਸ਼ਬਦ ਦੀ ਇੱਕ ਹੋਰ ਵਿਸ਼ੇਸ਼ਤਾ ਹੈ ਕਿ ਇਸ ਦੇ ਸੱਤਵੇਂ ਬੰਦ ਵਿੱਚ ਭਗਤ ਜੀ ਨੇ ਦਸ਼ਰਥ ਪੁੱਤਰ ਰਾਮਚੰਦ੍ਰ ਜੀ ਦਾ ਜ਼ਿਕਰ ਵੀ ਕਰ ਦਿੱਤਾ ਹੈ ਅਤੇ ਉਨ੍ਹਾਂ ਨੂੰ ਵੀ ਬਾਕੀਆਂ ਵਾਂਗ ਆਮ ਮਨੁੱਖ ਦੇ ਤੌਰ ਤੇ ਹੀ ਦਰਸਾਇਆ ਹੈ। ਇਸ ਤਰ੍ਹਾਂ "ੴ" ਰਾਮ ਅਤੇ ਦਸ਼ਰਥ ਪੁੱਤਰ ਰਾਮਚੰਦ੍ਰ ਜੀ ਦਾ ਭੇਦ ਆਪੇ ਸਪੱਸ਼ਟ ਹੋ ਜਾਂਦਾ ਹੈ। ਆਓ ਜ਼ਰਾ ਪਾਵਨ ਸ਼ਬਦ ਅਤੇ ਉਸ ਦੀ ਵਿਚਾਰ ਵਲ ਧਿਆਨ ਨਾਲ ਝਾਤੀ ਮਾਰ ਲਈਏ:

"ਕੋਟਿ ਸੂਰ ਜਾ ਕੈ ਪਰਗਾਸ।। ਕੋਟਿ ਮਹਾਦੇਵ ਅਰੁ ਕਬਿਲਾਸ।। ਦੁਰਗਾ ਕੋਟਿ ਜਾ ਕੈ ਮਰਦਨੁ ਕਰੈ।। ਬ੍ਰਹਮਾ ਕੋਟਿ ਬੇਦ ਉਚਰੈ।। ੧।। ਜਉ ਜਾਚਉ ਤਉ ਕੇਵਲ ਰਾਮ।। ਆਨ ਦੇਵ ਸਿਉ ਨਾਹੀ ਕਾਮ।। ੧।। ਰਹਾਉ।। ਕੋਟਿ ਚੰਦ੍ਰਮੇ ਕਰਹਿ ਚਰਾਕ।। ਸੁਰ ਤੇਤੀਸ ਉਜੇਵਹਿ ਪਾਕ।। ਨਵ ਗ੍ਰਹ ਕੋਟਿ ਠਾਢੇ ਦਰਬਾਰ।। ਧਰਮ ਕੋਟਿ ਜਾ ਕੈ ਪ੍ਰਤਿਹਾਰ।। ੨।। ਪਵਨ ਕੋਟਿ ਚਉਬਾਰੇ ਫਿਰਹਿ।। ਬਾਸਕ ਕੋਟਿ ਸੇਜ ਬਿਸਥਰਹਿ।। ਸਮੁੰਦ ਕੋਟਿ ਜਾ ਕੇ ਪਾਨੀਹਾਰ।। ਰੋਮਾਵਲਿ ਕੋਟਿ ਅਠਾਰਹ ਭਾਰ।। ੩।। ਕੋਟਿ ਕਮੇਰ ਭਰਹਿ ਭੰਡਾਰ।। ਕੋਟਿਕ ਲਖਮੀ ਕਰੈ ਸੀਗਾਰ।। ਕੋਟਿਕ ਪਾਪ ਪੁੰਨ ਬਹੁ ਹਿਰਹਿ।। ਇੰਦ੍ਰ ਕੋਟਿ ਜਾ ਕੇ ਸੇਵਾ ਕਰਹਿ।। ੪।। ਛਪਨ ਕੋਟਿ ਜਾ ਕੈ ਪ੍ਰਤਿਹਾਰ।। ਨਗਰੀ ਨਗਰੀ ਖਿਅਤ ਅਪਾਰ।। ਲਟ ਛੂਟੀ ਵਰਤੈ ਬਿਕਰਾਲ।। ਕੋਟਿ ਕਲਾ ਖੇਲੈ ਗੋਪਾਲ।। ੫।। ਕੋਟਿ ਜਗ ਜਾ ਕੈ ਦਰਬਾਰ।। ਗੰਧ੍ਰਬ ਕੋਟਿ ਕਰਹਿ ਜੈਕਾਰ।। ਬਿਦਿਆ ਕੋਟਿ ਸਭੈ ਗੁਨ ਕਹੈ।। ਤਊ ਪਾਰਬ੍ਰਹਮ ਕਾ ਅੰਤੁ ਨ ਲਹੈ।। ੬।। ਬਾਵਨ ਕੋਟਿ ਜਾ ਕੈ ਰੋਮਾਵਲੀ।। ਰਾਵਨ ਸੈਨਾ ਜਹ ਤੇ ਛਲੀ।। ਸਹਸ ਕੋਟਿ ਬਹੁ ਕਹਤ ਪੁਰਾਨ।। ਦੁਰਜੋਧਨ ਕਾ ਮਥਿਆ ਮਾਨੁ।। ੭।। ਕੰਦ੍ਰਪ ਕੋਟਿ ਜਾ ਕੈ ਲਵੈ ਨ ਧਰਹਿ।। ਅੰਤਰ ਅੰਤਰਿ ਮਨਸਾ ਹਰਹਿ।। ਕਹਿ ਕਬੀਰ ਸੁਨਿ ਸਾਰਿਗਪਾਨ।। ਦੇਹਿ ਅਭੈ ਪਦੁ ਮਾਂਗਉ ਦਾਨ।। ੮।। ੨।। ੧੮।। ੨੦।। " {ਭੈਰਉ ਕਬੀਰ ਜੀਉ ਅਸਟਪਦੀ - ਪੰਨਾ ੧੧੬੨-੧੧੬੩}

ਮੈਂ ਜਦੋਂ ਭੀ ਮੰਗਦਾ ਹਾਂ, ਸਿਰਫ਼ ਪ੍ਰਭੂ ਦੇ ਦਰ ਤੋਂ ਮੰਗਦਾ ਹਾਂ, ਮੈਨੂੰ ਕਿਸੇ ਹੋਰ ਦੇਵਤੇ ਨਾਲ ਕੋਈ ਗ਼ਰਜ਼ ਨਹੀਂ ਹੈ । ੧। ਰਹਾਉ।

(ਮੈਂ ਉਸ ਪ੍ਰਭੂ ਦੇ ਦਰ ਤੋਂ ਮੰਗਦਾ ਹਾਂ) ਜਿਸ ਦੇ ਦਰ ਤੇ ਕ੍ਰੋੜਾਂ ਸੂਰਜ ਚਾਨਣ ਕਰ ਰਹੇ ਹਨ, ਜਿਸ ਦੇ ਦਰ ਤੇ ਕ੍ਰੋੜਾਂ ਸ਼ਿਵ ਜੀ ਤੇ ਕੈਲਾਸ਼ ਹਨ; ਅਤੇ ਕ੍ਰੋੜਾਂ ਹੀ ਬ੍ਰਹਮਾ ਜਿਸ ਦੇ ਦਰ ਤੇ ਵੇਦ ਉਚਾਰ ਰਹੇ ਹਨ । ੧।

(ਮੈਂ ਉਸ ਪ੍ਰਭੂ ਦਾ ਜਾਚਕ ਹਾਂ) ਜਿਸ ਦੇ ਦਰ ਤੇ ਕ੍ਰੋੜਾਂ ਚੰਦ੍ਰਮਾ ਰੌਸ਼ਨੀ ਕਰਦੇ ਹਨ, ਜਿਸ ਦੇ ਦਰ ਤੋਂ ਤੇਤੀ ਕ੍ਰੋੜ ਦੇਵਤੇ ਭੋਜਨ ਛਕਦੇ ਹਨ, ਕ੍ਰੋੜਾਂ ਹੀ ਨੌ ਗ੍ਰਹਿ ਜਿਸ ਦੇ ਦਰਬਾਰ ਵਿੱਚ ਖਲੋਤੇ ਹੋਏ ਹਨ, ਅਤੇ ਕ੍ਰੋੜਾਂ ਹੀ ਧਰਮ-ਰਾਜ ਜਿਸ ਦੇ ਦਰਬਾਨ ਹਨ । ੨।

(ਮੈਂ ਕੇਵਲ ਉਸ ਪ੍ਰਭੂ ਦੇ ਦਰ ਦਾ ਮੰਗਤਾ ਹਾਂ) ਜਿਸ ਦੇ ਚੁਬਾਰੇ ਉੱਤੇ ਕ੍ਰੋੜਾਂ ਹਵਾਵਾਂ ਚੱਲਦੀਆਂ ਹਨ, ਕ੍ਰੋੜਾਂ ਸ਼ੇਸ਼ਨਾਗ ਜਿਸ ਦੀ ਸੇਜ ਵਿਛਾਉਂਦੇ ਹਨ, ਕ੍ਰੋੜਾਂ ਸਮੁੰਦਰ ਜਿਸ ਦੇ ਪਾਣੀ ਭਰਨ ਵਾਲੇ ਹਨ, ਅਤੇ ਬਨਸਪਤੀ ਦੇ ਕ੍ਰੋੜਾਂ ਹੀ ਅਠਾਰਾਂ ਭਾਰ ਜਿਸ ਦੇ ਜਿਸਮ ਦੇ, ਮਾਨੋ, ਰੋਮ ਹਨ । ੩।

(ਮੈਂ ਉਸ ਪ੍ਰਭੂ ਤੋਂ ਹੀ ਮੰਗਦਾ ਹਾਂ) ਜਿਸ ਦੇ ਖ਼ਜ਼ਾਨੇ ਕ੍ਰੋੜਾਂ ਹੀ ਕੁਬੇਰ ਦੇਵਤੇ ਭਰਦੇ ਹਨ, ਜਿਸ ਦੇ ਦਰ ਤੇ ਕ੍ਰੋੜਾਂ ਹੀ ਲਛਮੀਆਂ ਸ਼ਿੰਗਾਰ ਕਰ ਰਹੀਆਂ ਹਨ, ਕ੍ਰੋੜਾਂ ਹੀ ਪਾਪ ਤੇ ਪੁੰਨ ਜਿਸ ਵਲ ਤੱਕ ਰਹੇ ਹਨ (ਕਿ ਸਾਨੂੰ ਆਗਿਆ ਕਰੇ) ਅਤੇ ਕ੍ਰੋੜਾਂ ਹੀ ਇੰਦਰ ਦੇਵਤੇ ਜਿਸ ਦੇ ਦਰ ਤੇ ਸੇਵਾ ਕਰ ਰਹੇ ਹਨ । ੪।

(ਮੈਂ ਕੇਵਲ ਉਸ ਗੋਪਾਲ ਦਾ ਜਾਚਕ ਹਾਂ) ਜਿਸ ਦੇ ਦਰ ਤੇ ਛਵੰਜਾ ਕਰੋੜ ਬੱਦਲ ਦਰਬਾਨ ਹਨ, ਤੇ ਜੋ ਥਾਂ ਥਾਂ ਤੇ ਚਮਕ ਰਹੇ ਹਨ; ਜਿਸ ਗੋਪਾਲ ਦੇ ਦਰ ਤੇ ਕ੍ਰੋੜਾਂ ਸ਼ਕਤੀਆਂ ਖੇਡਾਂ ਕਰ ਰਹੀਆਂ ਹਨ, ਤੇ ਕ੍ਰੋੜਾਂ ਹੀ ਕਾਲਕਾ ਕੇਸ ਖੋਲ੍ਹ ਕੇ ਡਰਾਉਣਾ ਰੂਪ ਧਾਰ ਕੇ ਜਿਸ ਦੇ ਦਰ ਤੇ ਮੌਜੂਦ ਹਨ । ੫।

(ਮੈਂ ਉਸ ਪ੍ਰਭੂ ਤੋਂ ਹੀ ਮੰਗਦਾ ਹਾਂ) ਜਿਸ ਦੇ ਦਰਬਾਰ ਵਿੱਚ ਕ੍ਰੋੜਾਂ ਜੱਗ ਹੋ ਰਹੇ ਹਨ, ਤੇ ਕ੍ਰੋੜਾਂ ਗੰਧਰਬ ਜੈ-ਜੈਕਾਰ ਗਾ ਰਹੇ ਹਨ, ਕ੍ਰੋੜਾਂ ਹੀ ਵਿੱਦਿਆ ਜਿਸ ਦੇ ਬੇਅੰਤ ਗੁਣ ਬਿਆਨ ਕਰ ਰਹੀਆਂ ਹਨ, ਪਰ ਫਿਰ ਭੀ ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪਾ ਸਕਦੀਆਂ । ੬।

(ਮੈਂ ਉਸ ਪ੍ਰਭੂ ਦਾ ਜਾਚਕ ਹਾਂ) ਕ੍ਰੋੜਾਂ ਹੀ ਵਾਮਨ ਅਵਤਾਰ ਜਿਸ ਦੇ ਸਰੀਰ ਦੇ, ਮਾਨੋ, ਰੋਮ ਹਨ, ਜਿਸ ਦੇ ਦਰ ਤੇ ਕ੍ਰੋੜਾਂ ਹੀ ਉਹ (ਰਾਮ ਚੰਦਰ ਜੀ) ਹਨ ਜਿਸ ਤੋਂ ਰਾਵਣ ਦੀ ਸੈਨਾ ਹਾਰੀ ਸੀ; ਜਿਸ ਦੇ ਦਰ ਤੇ ਕ੍ਰੋੜਾਂ ਹੀ ਉਹ (ਕ੍ਰਿਸ਼ਨ ਜੀ) ਹਨ ਜਿਸ ਨੂੰ ਭਾਗਵਤ ਪੁਰਾਣ ਬਿਆਨ ਕਰ ਰਿਹਾ ਹੈ, ਤੇ ਜਿਸ ਨੇ ਦੁਰਜੋਧਨ ਦਾ ਅਹੰਕਾਰ ਤੋੜਿਆ ਸੀ । ੭।

ਕਬੀਰ ਆਖਦਾ ਹੈ— (ਮੈਂ ਉਸ ਤੋਂ ਮੰਗਦਾ ਹਾਂ) ਜਿਸ ਦੀ ਸੁੰਦਰਤਾ ਦੀ ਬਰਾਬਰੀ ਉਹ ਕ੍ਰੋੜਾਂ ਕਾਮਦੇਵ ਭੀ ਨਹੀਂ ਕਰ ਸਕਦੇ ਜੋ ਨਿੱਤ ਜੀਵਾਂ ਦੇ ਹਿਰਦਿਆਂ ਦੀ ਅੰਦਰਲੀ ਵਾਸ਼ਨਾ ਚੁਰਾਉਂਦੇ ਰਹਿੰਦੇ ਹਨ; (ਤੇ, ਮੈਂ ਮੰਗਦਾ ਕੀਹ ਹਾਂ ? ਉਹ ਭੀ) ਸੁਣ, ਹੇ ਧਨਖਧਾਰੀ ਪ੍ਰਭੂ ! ਮੈਨੂੰ ਉਹ ਆਤਮਕ ਅਵਸਥਾ ਬਖ਼ਸ਼ ਜਿੱਥੇ ਮੈਨੂੰ ਕੋਈ ਕਿਸੇ (ਦੇਵੀ ਦੇਵਤੇ) ਦਾ ਡਰ ਨਾਹ ਰਹੇ, (ਬੱਸ) ਮੈਂ ਇਹੀ ਦਾਨ ਮੰਗਦਾ ਹਾਂ । ੮।

ਇਸ ਸ਼ਬਦ ਵਿੱਚ ਇੱਕ ਹੋਰ ਵਿਲੱਖਣਤਾ ਹੈ ਕਿ ਰਹਾਉ ਦੀ ਪੰਕਤੀ ਵਿੱਚ "ੴ" ਵਾਸਤੇ ਜਿਥੇ ਰਾਮ ਸ਼ਬਦ ਦੀ ਵਰਤੋਂ ਕੀਤੀ ਹੈ, ਆਖਰੀ ਪੰਕਤੀ ਵਿੱਚ ‘ਸਾਰਿਗਪਾਨ` ਸ਼ਬਦ ਵਰਤਿਆ ਹੈ। ਇਸ ਤੋਂ ਇਹ ਸਧਾਂਤ ਵੀ ਮੁੜ ਦ੍ਰਿੜ ਹੁੰਦਾ ਹੈ ਕਿ ਉਹ "ੴ" ਕਿਸੇ ਇੱਕ ਨਾਮ ਦੇ ਬੰਧਨ ਵਿੱਚ ਨਹੀਂ ਬਝਾ ਹੋਇਆ। ਗੁਰਬਾਣੀ ਵਿੱਚ ਇਤਨੇ ਸਪੱਸ਼ਟ ਸਿਧਾਂਤ ਹੋਣ ਦੇ ਬਾਵਜੂਦ ਅਲੱਗ ਅਲੱਗ ਨਾਵਾਂ ਦੇ ਵਰਤਣ ਕਾਰਨ ਭਗਤ ਸਾਹਿਬਾਨ ਦੇ ਬਾਰੇ ਇਹ ਭੁਲੇਖੇ ਖੜੇ ਕੀਤੇ ਜਾਂਦੇ ਹਨ ਕਿ ਉਹ ਕਿਸੇ ਦੇਵੀ ਦੇਵਤਿਆਂ ਦੇ ਪੂਜਾਰੀ ਸਨ। ਮਕਸਦ ਇਕੋ ਹੈ ਕਿਸੇ ਤਰ੍ਹਾਂ ਸਿੱਖ ਕੌਮ ਨੂੰ ਹਿੰਦੂ ਧਰਮ ਨਾਲ ਜੋੜਿਆ ਜਾ ਸਕੇ ਜਾਂ ਆਪਸੀ ਵਖਰੇਵੇਂ ਪਾਏ ਜਾ ਸਕਣ। ਵਿਸ਼ੇਸ਼ ਤੌਰ ਤੇ ਭਗਤ ਨਾਮਦੇਵ ਜੀ ਦੇ ਇੱਕ ਸ਼ਬਦ ਦੀਆਂ ਹੇਠਲੀਆਂ ਪੰਕਤੀਆਂ ਦਾ ਹਵਾਲਾ ਦੇਕੇ ਇਹ ਆਖਿਆ ਜਾਂਦਾ ਹੈ ਕਿ ਉਹ ਹਿੰਦੂਆਂ ਦੇ ਅਵਤਾਰ ਰਾਮਚੰਦ੍ਰ ਜੀ ਦੇ ਪੁਜਾਰੀ ਸਨ:

"ਮਨਹਿ ਨ ਕੀਜੈ ਰੋਸੁ ਜਮਹਿ ਨ ਦੀਜੈ ਦੋਸੁ ਨਿਰਮਲ ਨਿਰਬਾਣ ਪਦੁ ਚੀਨਿੑ ਲੀਜੈ।। ਜਸਰਥ ਰਾਇ ਨੰਦੁ ਰਾਜਾ ਮੇਰਾ ਰਾਮ ਚੰਦੁ ਪ੍ਰਣਵੈ ਨਾਮਾ ਤਤੁ ਰਸੁ ਅੰਮ੍ਰਿਤੁ ਪੀਜੈ।। " {ਪੰਨਾ ੯੭੩}

ਕਿਉਂਕਿ ਇਸ ਪੰਕਤੀ ਵਿੱਚ ‘ਜਸਰਥ ਰਾਇ ਨੰਦੁ ਰਾਜਾ ਮੇਰਾ ਰਾਮ ਚੰਦੁ` ਸ਼ਬਦ ਆ ਗਏ ਤਾਂ ਸਿਧਾਂਤ ਤੋਂ ਅਨਜਾਣ ਵਿਅਕਤੀ ਸਹਿਜੇ ਹੀ ਭੁਲੇਖਾ ਖਾ ਸਕਦਾ ਹੈ। ਗੱਲ ਨੂੰ ਪੂਰੀ ਤਰ੍ਹਾਂ ਸਮਝਣ ਲਈ ਆਓ ਜ਼ਰਾ ਭਗਤ ਨਾਮਦੇਵ ਜੀ ਦੇ ਉਪਰ ਵਰਤੇ ਇੱਕ ਪ੍ਰਮਾਣ ਵੱਲ ਦੁਬਾਰਾ ਝਾਤ ਮਾਰੀਏ:

"ਪਾਂਡੇ ਤੁਮਰਾ ਰਾਮਚੰਦੁ ਸੋ ਭੀ ਆਵਤੁ ਦੇਖਿਆ ਥਾ।। ਰਾਵਨ ਸੇਤੀ ਸਰਬਰ ਹੋਈ ਘਰ ਕੀ ਜੋਇ ਗਵਾਈ ਥੀ।। " {ਬਿਲਾਵਲੁ ਗੋਂਡ ਨਾਮਦੇਵ ਜੀ, ਪੰਨਾ ੮੭੫}

ਹੇ ਪਾਂਡੇ ! ਤੇਰੇ ਸ੍ਰੀ ਰਾਮ ਚੰਦਰ ਜੀ ਭੀ ਆਉਂਦੇ ਵੇਖੇ ਹਨ (ਭਾਵ, ਜਿਸ ਸ੍ਰੀ ਰਾਮ ਚੰਦਰ ਜੀ ਦੀ ਤੂੰ ਉਪਾਸਨਾ ਕਰਦਾ ਹੈਂ, ਉਹਨਾਂ ਦੀ ਬਾਬਤ ਭੀ ਤੈਥੋਂ ਇਹੀ ਕੁੱਝ ਅਸਾਂ ਸੁਣਿਆ ਹੈ ਕਿ) ਰਾਵਣ ਨਾਲ ਉਹਨਾਂ ਦੀ ਲੜਾਈ ਹੋ ਪਈ, ਕਿਉਂਕਿ ਉਹ ਵਹੁਟੀ (ਸੀਤਾ ਜੀ) ਗਵਾ ਬੈਠੇ ਸਨ ।

ਹੁਣ ਆਪ ਸੋਚੀਏ ਕਿ ਜਿਸ ਰਾਮਚੰਦ੍ਰ ਜੀ ਬਾਰੇ ਭਗਤ ਨਾਮਦੇਵ ਜੀ ਪਾਂਡੇ ਨੂੰ ਤਾਨ੍ਹਾ ਮਾਰ ਰਹੇ ਹਨ ਕਿ ਨਾਲ ਤੂੰ ਉਨ੍ਹਾਂ ਦੀ ਪੂਜਾ ਕਰਦਾ ਹੈ, ਨਾਲੇ ਤੂੰ ਆਪ ਹੀ ਕਹਿੰਦਾ ਹੈ ਕਿ ਰਾਵਨ ਨਾਲ ਲੜਾਈ ਹੋਣ ਤੇ ਰਾਮਚੰਦ੍ਰ ਜੀ ਆਪਣੀ ਵਹੁਟੀ (ਸੀਤਾ ਜੀ) ਨੂੰ ਗੁਵਾ ਬੈਠੇ ਸਨ, ਕੀ ਉਹ ਭਗਤ ਨਾਮਦੇਵ ਜੀ ਆਪ ਐਸੇ ਰਾਮਚੰਦ੍ਰ ਜੀ ਦੇ ਪੁਜਾਰੀ ਹੋ ਸਕਦੇ ਹਨ। ਸਿੱਖ ਕੌਮ ਦੇ ਉਘੇ ਵਿਦਵਾਨ ਪ੍ਰੋ. ਸਾਹਿਬ ਸਿੰਘ ਜੀ ਨੇ ‘ਗੁਰੂ ਗ੍ਰੰਥ ਦਰਪਨ` ਵਿੱਚ ਭਗਤ ਨਾਮਦੇਵ ਜੀ ਦੀਆਂ ਉਪਰਲੀਆਂ ਪੰਕਤੀਆਂ ਦੇ ਅਰਥ ਪੂਰਾ ਨਿਖੇੜਾ ਕਰ ਕੇ ਇੰਝ ਕੀਤੇ ਹਨ:

(ਹੇ ਜਿੰਦੇ ! ਜੇ ਸਦਾ ਅਜਿਹੇ ਕੰਮ ਹੀ ਕਰਦੇ ਰਹਿਣਾ ਹੈ, ਤੇ ਨਾਮ ਨਹੀਂ ਸਿਮਰਨਾ ਤਾਂ ਫਿਰ) ਮਨ ਵਿੱਚ ਗਿਲ੍ਹਾ ਨਾ ਕਰਨਾ, ਜਮ ਨੂੰ ਦੋਸ਼ ਨਾ ਦੇਣਾ (ਕਿ ਉਹ ਕਿਉਂ ਆ ਗਿਆ ਹੈ; ਇਹਨੀਂ ਕੰਮੀਂ ਜਮ ਨੇ ਖ਼ਲਾਸੀ ਨਹੀਂ ਕਰਨੀ); (ਹੇ ਜਿੰਦੇ !) ਪਵਿੱਤਰ, ਵਾਸ਼ਨਾ-ਰਹਿਤ ਅਵਸਥਾ ਨਾਲ ਜਾਣ-ਪਛਾਣ ਪਾ; ਨਾਮਦੇਵ ਬੇਨਤੀ ਕਰਦਾ ਹੈ (ਸਭ ਰਸਾਂ ਦਾ) ਮੂਲ-ਰਸ ਨਾਮ-ਅੰਮ੍ਰਿਤ ਹੀ ਪੀਣਾ ਚਾਹੀਦਾ ਹੈ, ਇਹ ਨਾਮ-ਅੰਮ੍ਰਿਤ ਹੀ ਮੇਰਾ (ਨਾਮਦੇਵ ਦਾ) ਰਾਜਾ ਰਾਮ ਚੰਦਰ ਹੈ, ਜੋ ਰਾਜਾ ਜਸਰਥ ਦਾ ਪੁੱਤਰ ਹੈ।

ਸੋ ਅਸਲ ਵਿੱਚ ਇਸ ਸ਼ਬਦ ਵਿੱਚ ਨਾਮਦੇਵ ਜੀ ਇਹ ਕਹਿ ਰਹੇ ਹਨ ਕਿ ਮੇਰੇ ਵਾਸਤੇ ਤਾਂ ਪ੍ਰਮੇਸ਼ਰ ਦਾ ਨਾਮ ਹੀ ਰਾਜਾ ਦਸ਼ਰਥ ਦਾ ਪੁਤਰ ਰਾਮਚੰਦ੍ਰ ਹੈ। ਮੈਂ ਉਸ ਨਾਮ ਰਸ ਵਿੱਚ ਹੀ ਲੀਨ ਰਹਿੰਦਾ ਹਾਂ। ਮੈਨੂੰ ਹੋਰ ਕਿਸੇ ਰਾਮਚੰਦ੍ਰ ਨੂੰ ਪੁਜਣ ਦੀ ਕੋਈ ਲੋੜ ਨਹੀਂ।

ਗੁਰਬਾਣੀ ਆਪਣੇ ਆਪ ਵਿੱਚ ਇਤਨੀ ਸਪੱਸ਼ਟ ਹੈ ਕਿ ਇਸ ਵਿੱਚ ਭੇਲੇਖੇ ਦੀ ਕੋਈ ਗੁੰਜਾਇਸ਼ ਹੀ ਨਹੀਂ ਪਰ ਫਿਰ ਵੀ ਬਾਰ ਬਾਰ ਇਹ ਰੱਟਾ ਲਾਇਆ ਜਾਂਦਾ ਹੈ ਕਿ ਗੁਰਬਾਣੀ ਵਿੱਚ ਰਾਮ ਦੀ ਮਹਿਮਾ ਗਾਈ ਹੈ ਅਤੇ ਇਸ ਰਾਮ ਸ਼ਬਦ ਨੂੰ ਰਾਜਾ ਦਸ਼ਰਥ ਜੀ ਦੇ ਪੁਤਰ ਰਾਮ ਨਾਲ ਜੋੜਿਆ ਜਾਂਦਾ ਹੈ। ਮਕਸਦ ਇਕੋ ਹੈ, ਸਿੱਖ ਕੌਮ ਦੀ ਵਿਲੱਖਣਤਾ ਅਤੇ ਆਜ਼ਾਦ ਹਸਤੀ ਨੂੰ ਖਤਮ ਕਰਕੇ ਹਿੰਦੂ ਕੌਮ ਦਾ ਇੱਕ ਅੰਗ ਦਰਸਾਉਣਾ ਅਤੇ ਇਸ ਨੂੰ ਬ੍ਰਾਹਮਣਵਾਦ ਦੇ ਖਾਰੇ ਸਮੁੰਦਰ ਵਿੱਚ ਜਜ਼ਬ ਕਰ ਲੈਣਾ। ਐਸੀ ਸਾਜਿਸ਼ ਰਚਨ ਵਿੱਚ ਸਭ ਤੋਂ ਸਿਰਮੌਰ, ਕੱਟੜਵਾਦੀ ਬ੍ਰਾਹਮਣੀ ਵਿਚਾਰਧਾਰਾ ਵਾਲੀ ਆਰ. ਐਸ. ਐਸ. ਤੇ ਉਸ ਦੀਆਂ ਸਹਿਯੋਗੀ ਜਥੇਬੰਦੀਆਂ ਹਨ। ਇਹ ਉਹ ਜਨੂੰਨੀ ਲੋਕ ਹਨ ਜਿਹੜੇ ਭਾਰਤ ਵਿੱਚ ਕਿਸੇ ਹੋਰ ਵਿਚਾਧਾਰਾ ਨੂੰ ਪ੍ਰਫੁਲਤ ਹੁੰਦਾ ਵੇਖ ਕੇ ਬਰਦਾਸ਼ਤ ਨਹੀਂ ਕਰ ਸਕਦੇ ਅਤੇ ਭਾਰਤ ਨੂੰ ਹਿੰਦੂ ਰਾਸ਼ਟਰ ਬਨਾਉਣ ਦੇ ਕਦੇ ਨਾ ਪੂਰੇ ਹੋਣ ਵਾਲੇ ਸੁਫਨੇ ਵੇਖ ਰਹੇ ਹਨ। ਭਾਵੇਂ ਉਸ ਦੇ ਵਾਸਤੇ ਇਨ੍ਹਾਂ ਨੂੰ ਮਨੁੱਖਤਾ ਦਾ ਕਿਤਨਾ ਵੀ ਘਾਣ ਕਰਨਾ ਪਵੇ। ਮੁਤੱਸਬੀ ਮੁਫਾਦ ਅਗੇ, ਮਨੁੱਖਤਾ ਦੀ ਪੀੜਾ ਇਨ੍ਹਾਂ ਵਾਸਤੇ ਕੋਈ ਮਹੱਤਵ ਨਹੀਂ ਰਖਦੀ। ਸਿੱਖ ਕੌਮ ਦੀ ਵਿਲੱਖਣਤਾ ਇਨ੍ਹਾਂ ਨੂੰ ਆਪਣੇ ਰਸਤੇ ਵਿੱਚ ਵੱਡੀ ਰੁਕਾਵਟ ਜਾਪਦੀ ਹੈ।

ਇਨ੍ਹਾਂ ਦਾ ਕੰਮ ਹੋਰ ਸੁਖਾਲਾ ਹੋ ਜਾਂਦਾ ਹੈ ਜਦੋਂ ਕੁੱਝ ਪੱਗੜੀ-ਧਾਰੀ, ਸਿੱਖੀ ਸਰੂਪ ਵਾਲੇ ਕੁੱਝ ਭੁਲੜ ਲੋਕ ਵੀ ਇਨ੍ਹਾਂ ਦੇ ਨਾਲ ਰੱਲ ਜਾਂਦੇ ਹਨ। ਇਹ ਲੋਕ ਵੀ ਦੋ ਤਰ੍ਹਾਂ ਦੇ ਹਨ; ਇੱਕ ਤਾਂ ਇਨ੍ਹਾਂ ਦੀ ਆਪਣੀ ਹੀ ਇੱਕ ਸ਼ਾਖਾ- ‘ਰਾਸ਼ਟਰੀ ਸਿੱਖ ਸੰਗਤ` ਵਾਲੇ ਅਤੇ ਦੂਸਰੇ ਬਾਦਲ ਦਲੀਏ ਅਖੌਤੀ ਅਕਾਲੀ।

‘ਰਾਸ਼ਟਰੀ ਸਿੱਖ ਸੰਗਤ` ਵਿੱਚ ਤਾਂ ਖੈਰ ਗਿਣਤੀ ਦੇ ਪਗੜੀਧਾਰੀ ਮੂਰਖ ਹੀ ਹਨ ਨਾਲੇ ਉਨ੍ਹਾਂ ਬਾਰੇ ਕਿਸੇ ਨੂੰ ਕੋਈ ਸ਼ੰਕਾ ਨਹੀਂ ਕਿ ਇਹ ਆਰ. ਐਸ. ਐਸ. ਦੇ ਹੱਥ ਠੋਕੇ ਹਨ। ਇਨ੍ਹਾਂ ਦੀ ਆਪਣੀ ਕੋਈ ਵਿਚਾਰਧਾਰਾ ਨਹੀਂ, ਸਿਰਫ ਆਰ. ਐਸ. ਐਸ. ਦੀ ਰਟਾਈ ਭਾਸ਼ਾ ਹੀ ਬੋਲਦੇ ਹਨ।

ਦੂਸਰੇ ਪਗੜੀਧਾਰੀ ਸਿੱਖੀ ਸਰੂਪ ਵਾਲੇ ਹਨ ਬਾਦਲ-ਦਲੀਏ ਅਖੌਤੀ ਅਕਾਲੀ ਆਗੂ। ਹੁਣ ਕਈ ਆਖਣਗੇ ਮੈਂ ਇਨ੍ਹਾਂ ਨੂੰ ਅਖੌਤੀ ਅਕਾਲੀ ਕਿਉਂ ਲਿਖ ਰਿਹਾ ਹਾਂ? ਅਕਾਲੀ ਦਾ ਭਾਵ ਹੈ ਇੱਕ ਅਕਾਲ ਦਾ ਪੁਜਾਰੀ। ਜਿਹੜੇ ਕਿਸੇ ਦੇਹ ਧਾਰੀ ਰਾਮਚੰਦ੍ਰ ਜੀ ਨੂੰ ਗੁਰਬਾਣੀ ਵਿੱਚ ਆਏ ‘ਰਾਮ" "ੴ" ਨਾਲ ਰੱਲ ਗੱਡ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਉਹ ਇੱਕ ਅਕਾਲ ਦੇ ਪੁਜਾਰੀ ਤਾਂ ਰਹੇ ਹੀ ਨਾਂਹ। ਫਿਰ ਉਨ੍ਹਾਂ ਨੂੰ ਅਖੌਤੀ ਅਕਾਲੀ ਨਾ ਆਖਾਂ ਤਾਂ ਹੋਰ ਕੀ ਆਖਾਂ? ਇਹ ਬਾਕੀ ਸਾਰਿਆਂ ਨਾਲੋਂ ਵਧੇਰੇ ਖਤਰਨਾਕ ਹਨ ਅਤੇ ਕੌਮ ਦਾ ਵਧੇਰੇ ਨੁਕਸਾਨ ਕਰਦੇ ਹਨ ਕਿਉਂਕਿ ਇਹ ਸਿੱਖ ਕੌਮ ਦੇ ਨੁਮਾਇੰਦੇ ਹੋਣ ਦਾ ਦਾਅਵਾ ਵੀ ਕਰਦੇ ਹਨ। ਇਸ ਤੋਂ ਦੂਸਰਿਆਂ ਨੂੰ ਇਹ ਕਹਿਣ ਦਾ ਬਲ ਮਿਲਦਾ ਹੈ ਕਿ ਸਿੱਖ ਕੌਮ ਦੇ ਨੁਮਾਇੰਦੇ ਅਕਾਲੀ ਆਗੂ ਵੀ ਇਸ ਗੱਲ ਨੂੰ ਪ੍ਰਵਾਣ ਕਰਦੇ ਹਨ ਕਿ ਗੁਰਬਾਣੀ ਵਿੱਚ ਆਇਆ ‘ਰਾਮ` ਸ਼ਬਦ ਰਾਜਾ ਦਸ਼ਰਥ ਦੇ ਪੁਤਰ ਰਾਮਚੰਦ੍ਰ ਜੀ ਵਾਸਤੇ ਹੈ।

ਪ੍ਰਮਾਣ ਦੇ ਤੌਰ ਤੇ, ਕੁੱਝ ਸਮਾਂ ਪਹਿਲੇ ਬਾਦਲ ਅਕਾਲੀ ਦਲ ਦਾ ਮੀਤ ਪ੍ਰਧਾਨ ਉਂਕਾਰ ਸਿੰਘ ਥਾਪਰ, ਜੋ ਇਨ੍ਹਾਂ ਦੀ ਦਿੱਲੀ ਇਕਾਈ ਦਾ ਵੱਡਾ ਆਗੂ ਹੈ, ਹਿੰਦੂਤਵੀ ਜਥੇਬੰਦੀਆਂ ਵਲੋਂ ਰਾਮਸੇਤੂ ਸਬੰਧੀ ਕਰਾਏ ਗਏ ਇੱਕ ਜਲਸੇ ਵਿੱਚ ਸ਼ਾਮਲ ਹੋਣ ਲਈ ਗਿਆ। ਕਿਉਂਕਿ ਹਿੰਦੂਤਵੀ ਜਥੇਬੰਦੀਆਂ ਦੀ ਰਾਜਸੀ ਜਥੇਬੰਦੀ ਭਾਜਪਾ ਨਾਲ ਇਨ੍ਹਾਂ ਦੀ ਸਿਆਸੀ ਸਾਂਝ ਹੈ, ਇਸ ਲਈ ਉਨ੍ਹਾਂ ਦੀ ਹਰ ਮੀਟਿੰਗ ਜਾਂ ਜਲਸੇ ਵਿੱਚ ਸ਼ਾਮਲ ਹੋਣਾ ਇਹ ਆਪਣਾ ਧਰਮ ਸਮਝਦੇ ਹਨ। ਹਾਲਾਂਕਿ ਇਹ ਸਾਂਝ ਰਾਜਨੀਤਕ ਹੈ ਪਰ ਆਪਣੀ ਵਫਾਦਾਰੀ ਸਾਬਤ ਕਰਨ ਲਈ ਇਹ ਉਨ੍ਹਾਂ ਦੇ ਹਰ ਧਾਰਮਿਕ ਪ੍ਰੋਗਰਾਮ ਵਿੱਚ ਵੀ ਭੱਜੇ ਫਿਰਦੇ ਹਨ। ਉਸ ਜਲਸੇ ਵਿੱਚ ਬੋਲਦਿਆਂ "ੴ" ‘ਰਾਮ` ਨੂੰ ਰਾਜਾ ਦਸ਼ਰਥ ਦੇ ਪੁੱਤਰ ਰਾਮਚੰਦ੍ਰ ਜੀ ਨਾਲ ਰੱਲਗੱਡ ਕਰਨ ਦਾ ਇਹ ਕਾਰਜ ਇਸ ਨੇ ਢੋਲ ਵਜਾ ਕੇ ਕੀਤਾ। ਪਹਿਲਾਂ ਤਾਂ ਇਸ ਨੇ ਜੈ ਸੀਆ ਰਾਮ ਦੇ ਨਾਹਰੇ ਲਵਾਏ। ਫਿਰ ਇਹ ਆਖਿਆ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਰਾਮ ਜੀ ਦਾ ਨਾਮ ੨੫੩੩ ਵਾਰੀ ਆਉਂਦਾ ਹੈ। ਗੁਰਬਾਣੀ ਦਾ ਪ੍ਰਮਾਣ ਵੀ ਦਿੱਤਾ ਕਿ ਗੁਰੂ ਤੇਗ ਬਹਾਦਰ ਸਾਹਿਬ ਨੇ ਫੁਰਮਾਇਆ ਹੈ, "ਸਾਧੋ ਰਚਨਾ ਰਾਮ ਬਨਾਈ"। (ਨੋਟ: ਇਸ ਦੀ ਪੂਰੀ ਵੀਡੀਓ ਯੂ ਟਿਊਬ ਤੇ ਵੇਖੀ ਜਾ ਸਕਦੀ ਹੈ) ਹੁਣ ਦਸੋ ਜਦੋਂ ਕੌਮ ਦੇ ਨੁਮਾਇੰਦੇ ਹੋਣ ਦਾ ਦਾਅਵਾ ਕਰਨ ਵਾਲੇ ਅਨਮੱਤੀਆਂ ਦੇ ਪ੍ਰੋਗਰਾਮਾਂ ਵਿੱਚ ਜਾਕੇ ਉਨ੍ਹਾਂ ਦੀ ਖੁਸ਼ਾਮਦ ਕਰਨ ਲਈ ਐਸੇ ਕੁਫ਼ਰ ਤੋਲਣਗੇ ਤਾਂ ਕੌਮ ਦਾ ਕੀ ਬਣੇਗਾ? ਇਨ੍ਹਾਂ ਦਾ ਸੁਆਰਥ ਸਿਰਫ਼ ਆਪਣੀਆਂ ਕੁਰਸੀਆਂ ਤੱਕ ਸੀਮਿਤ ਹੈ, ਜਿਸ ਦੇ ਵਾਸਤੇ ਇਹ ਕੌਮ ਨਾਲ ਤਾਂ ਪਹਿਲੇ ਹੀ ਗਦਾਰੀ ਕਰ ਰਹੇ ਸਨ, ਗੁਰੂ ਨਾਲ ਵੀ ਗਦਾਰੀ ਕਰਨ ਤੇ ਉਤਰ ਆਏ ਹਨ। ਜੇ ਸਿੱਖ ਕੌਮ ਨੇ ਜੀਣਾ ਹੈ ਤਾਂ ਇਸ ਅਕਾਲੀ ਦੱਲ ਤੋਂ ਫੌਰੀ ਖਹਿੜਾ ਛੁੜਾਉਣਾ ਜ਼ਰੂਰੀ ਹੈ। ਹੁਣ ਕੇਵਲ ਤੇ ਕੇਵਲ ਅਕਾਲੀ ਦੱਲ ਦਾ ਵਿਨਾਸ਼ ਹੀ ਸਿੱਖ ਕੌਮ ਨੂੰ ਨਵੀਂ ਜ਼ਿੰਦਗੀ ਦੇ ਸਕਦਾ ਹੈ। ਇਨ੍ਹਾਂ ਨਾਲ ਕੌਮ ਨੂੰ ਉਹੀ ਵਰਤਾਰਾ ਕਰਨਾ ਪਵੇਗਾ ਜਿਵੇਂ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਨੇ ਮਸੰਦਾਂ ਨਾਲ ਕੀਤਾ ਸੀ। ਇਸ ਕੰਮ ਵਿੱਚ ਜਿਤਨੀ ਦੇਰ ਹੁੰਦੀ ਜਾਵੇਗੀ, ਕੌਮ ਨੂੰ ਉਤਨੀ ਹੀ ਸਿਧਾਂਤਕ ਢਾਹ ਹੋਰ ਲਗਦੀ ਜਾਵੇਗੀ।

ਬਾਦਲ ਅਕਾਲੀ ਦਲ ਦਾ ਮੀਤ ਪ੍ਰਧਾਨ ਉਂਕਾਰ ਸਿੰਘ ਥਾਪਰ

ਇਨ੍ਹਾਂ ਦੁਸ਼ਟਾਂ ਨੇ ਤਾਂ ਆਪਣੇ ਵਲੋਂ ਕੋਈ ਕਸਰ ਨਹੀਂ ਛੱਡੀ ਪਰ ਗੁਰਬਾਣੀ ਆਪਣੇ ਆਪ ਵਿੱਚ ਇਤਨੀ ਸਪੱਸ਼ਟ ਹੈ ਕਿ ਕੋਈ ਜਿਤਨੀ ਮਰਜ਼ੀ ਕੋਸ਼ਿਸ਼ ਕਰ ਲਵੇ ਗੁਰਬਾਣੀ ਵਿਚਲੇ "ੴ" ਰਾਮ ਅਤੇ ਰਾਜਾ ਦਸਰਥ ਦੇ ਪੁੱਤਰ ਰਾਮਚੰਦ੍ਰ ਜੀ ਨੂੰ ਕਦੇ ਰੱਲਗੱਡ ਨਹੀਂ ਕੀਤਾ ਜਾ ਸਕਦਾ। ਭਗਤ ਕਬੀਰ ਜੀ ਦੇ ਹੇਠਲੇ ਦੋ ਸ਼ਲੋਕ ਇਤਨੇ ਸਪੱਸ਼ਟ ਹਨ ਕਿ ਸਾਰੇ ਭਰਮਜਾਲ ਨੂੰ ਪਲਾਂ ਵਿੱਚ ਤੋੜ ਦੇਂਦੇ ਹਨ:

"ਕਬੀਰ ਰਾਮ ਕਹਨ ਮਹਿ ਭੇਦੁ ਹੈ ਤਾ ਮਹਿ ਏਕੁ ਬਿਚਾਰੁ।। ਸੋਈ ਰਾਮੁ ਸਭੈ ਕਹਹਿ ਸੋਈ ਕਉਤਕਹਾਰ।। ੧੯੦।। "

ਹੇ ਕਬੀਰ! (ਜਨੇਊ ਦੇ ਕੇ ਬ੍ਰਾਹਮਣ ਰਾਮ ਦੀ ਪੂਜਾ-ਪਾਠ ਦਾ ਉਪਦੇਸ਼ ਭੀ ਕਰਦਾ ਹੈ; ਪਰ) ਰਾਮ ਰਾਮ ਆਖਣ ਵਿੱਚ ਭੀ ਫ਼ਰਕ ਪੈ ਜਾਂਦਾ ਹੈ, ਇਸ ਵਿੱਚ ਭੀ ਇੱਕ ਗੱਲ ਸਮਝਣ ਵਾਲੀ ਹੈ। ਇੱਕ ਰਾਮ ਤਾਂ ਉਹ ਹੈ ਜਿਸ ਨੂੰ ਹਰੇਕ ਜੀਵ ਸਿਮਰਦਾ ਹੈ (ਇਹ ਹੈ ਸਰਬ-ਵਿਆਪੀ ਰਾਮ, ਇਸ ਦਾ ਸਿਮਰਨ ਕਰਨਾ ਮਨੁੱਖ ਮਾਤ੍ਰ ਦਾ ਫ਼ਰਜ਼ ਹੈ)। ਪਰ ਇਹੀ ਰਾਮ ਨਾਮ ਰਾਸਧਾਰੀਏ ਭੀ (ਰਾਮਲੀਲਾ ਵਿੱਚ ਸਾਂਗ ਬਣਾ ਬਣਾ ਕੇ) ਲੈਂਦੇ ਹਨ (ਇਹ ਰਾਮ ਅਵਤਾਰੀ ਰਾਮ ਹੈ ਤੇ ਰਾਜਾ ਦਸਰਥ ਦਾ ਪੁੱਤਰ ਹੈ, ਇਸਦੀ ਮੂਰਤੀ-ਪੂਜਾ ਵਿਅਰਥ ਹੈ)। ੧੯੦।

"ਕਬੀਰ ਰਾਮੈ ਰਾਮ ਕਹੁ ਕਹਿਬੇ ਮਾਹਿ ਬਿਬੇਕ।। ਏਕੁ ਅਨੇਕਹਿ ਮਿਲਿ ਗਇਆ ਏਕ ਸਮਾਨਾ ਏਕ।। ੧੯੧।। " {੧੩੭੪}

ਹੇ ਕਬੀਰ! ਸਦਾ ਰਾਮ ਦਾ ਨਾਮ ਜਪ, ਪਰ ਜਪਣ ਵੇਲੇ ਇਹ ਗੱਲ ਚੇਤੇ ਰੱਖਣੀ ਕਿ ਇੱਕ ਰਾਮ ਤਾਂ ਅਨੇਕਾਂ ਜੀਵਾਂ ਵਿੱਚ ਵਿਆਪਕ ਹੈ (ਇਸ ਦਾ ਨਾਮ ਜਪਣਾ ਹਰੇਕ ਮਨੁੱਖ ਦਾ ਧਰਮ ਹੈ), ਪਰ ਇੱਕ ਰਾਮ (ਦਰਸਥ ਦਾ ਪੁੱਤਰ) ਸਿਰਫ਼ ਇੱਕ ਸਰੀਰ ਵਿੱਚ ਹੀ ਆਇਆ (ਅਵਤਾਰ ਬਣਿਆ; ਇਸ ਦਾ ਜਾਪ ਕੋਈ ਗੁਣ ਨਹੀਂ ਕਰ ਸਕਦਾ)। ੧੯੧।

ਵਾਹਿਗੁਰੂ ਜੀ ਕਾ ਖ਼ਾਲਸਾ।। ਵਾਹਿਗੁਰੂ ਜੀ ਕੀ ਫ਼ਤਹਿ।।

ਰਾਜਿੰਦਰ ਸਿੰਘ (ਮੁੱਖ ਸੇਵਾਦਾਰ)

ਸ਼੍ਰੋਮਣੀ ਖ਼ਾਲਸਾ ਪੰਚਾਇਤ

ਟੈਲੀਫੋਨ +੯੧ ੯੮੭੬੧ ੦੪੭੨੬

ਈ ਮੇਲ: rajindersinghskp@yahoo.co.in
.