.

ਲੜੀ ਵਾਰ (ਸੰ: ੩੭ ਤੋਂ ੩੯) (ਭਾਗ-ਨੌਵਾਂ)

ਗੁਰਮੱਤ ਸੰਦੇਸ਼ ਅਥਵਾ

ਗੁਰਬਾਣੀ ਦਾ ਸੱਚ

ਨਿਰੋਲ ਗੁਰਬਾਣੀ ਪ੍ਰਮਾਣਾਂ `ਤੇ ਆਧਾਰਿਤ

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

"ਯਾ ਜੁਗ ਮਹਿ ਏਕਹਿ ਕਉ ਆਇਆ"

(ਸੰ: ੩੭) ਸਲੋਕੁ॥ ਆਵਨ ਆਏ ਸ੍ਰਿਸਟਿ ਮਹਿ ਬਿਨੁ ਬੂਝੇ ਪਸੁ ਢੋਰ॥ ਨਾਨਕ ਗੁਰਮੁਖਿ ਸੋ ਬੁਝੈ ਜਾ ਕੈ ਭਾਗ ਮਥੋਰ॥ ੧॥

ਪਉੜੀ॥ ਯਾ ਜੁਗ ਮਹਿ ਏਕਹਿ ਕਉ ਆਇਆ॥ ਜਨਮਤ ਮੋਹਿਓ ਮੋਹਨੀ ਮਾਇਆ॥ ਗਰਭ ਕੁੰਟ ਮਹਿ ਉਰਧ ਤਪ ਕਰਤੇ॥ ਸਾਸਿ ਸਾਸਿ ਸਿਮਰਤ ਪ੍ਰਭੁ ਰਹਤੇ॥

ਉਰਝਿ ਪਰੇ ਜੋ ਛੋਡਿ ਛਡਾਨਾ॥ ਦੇਵਨਹਾਰੁ ਮਨਹਿ ਬਿਸਰਾਨਾ॥ ਧਾਰਹੁ ਕਿਰਪਾ ਜਿਸਹਿ ਗੁਸਾਈ॥ ਇਤ ਉਤ ਨਾਨਕ ਤਿਸੁ ਬਿਸਰਹੁ ਨਾਹੀ॥ ੬॥ (ਪੰ: ੨੫੧)

ਅਰਥ : —ਉਹ ਬੰਦੇ ਕੇਵਲ ਕਹਿਣ ਨੂੰ ਹੀ ਸੰਸਾਰ `ਚ ਆਉਂਦੇ ਹਨ, ਜਿਹੜੇ ਮਨੁੱਖਾ ਜਨਮ ਪਾ ਕੇ ਵੀ ਇਸ ਜਨਮ ਦੇ ਮੂਲ ਮੱਕਸਦ ਨੂੰ ਨਹੀਂ ਬੁੱਝਦੇ।

ਮਨੁੱਖਾ ਜਨਮ ਦੇ ਵਿਸ਼ੇਸ਼ ਮੱਕਸਦ ਨੂੰ ਬੁੱਝੇ ਬਿਨਾ ਮਨੁੱਖਾ ਜਨਮ `ਚ ਆਉਣਾ ਵੀ ਪਸ਼ੂਆਂ-ਡੰਗਰਾਂ ਵਾਂਙ ਜਨਮ ਲੈ ਲੈਣਾ ਹੀ ਹੁੰਦਾ ਹੈ।

(ਭਾਵ ਮਨੁੱਖਾ ਜਨਮ `ਚ ਆਉਣ ਦਾ ਇਕੋ ਇੱਕ ਤੇ ਵਿਸ਼ੇਸ਼ ਮੱਕਸਦ ਹੁੰਦਾ ਹੈ, ਇਸ ਜਨਮ ਨੂੰ ਸਫ਼ਲ ਕਰਣਾ, ਜੀਂਦੇ ਜੀਅ ਵਾਪਿਸ ਆਪਣੇ ਅਸਲੇ ਪ੍ਰਭੂ ਨਾਲ ਇਕ-ਮਿੱਕ ਹੋ ਕੇ ਜੀਣਾ ਤੇ ਸਰੀਰਕ ਮੌਤ ਤੋਂ ਬਾਅਦ ਵੀ ਅਸਲੇ ਪ੍ਰਭੂ `ਚ ਸਮਾਅ ਜਾਣਾ, ਮੁੜ ਜਨਮਾਂ-ਜੂਨਾਂ ਦੇ ਗੇੜ `ਚ ਨਾ ਪੈਣਾ।

ਨਾ ਕਿ ਮੁੜ ਉਨ੍ਹਾਂ ਹੀ ਪਸ਼ੂਆਂ-ਡੰਗਰਾਂ ਵਾਲੇ ਭਿੰਨ-ਭਿੰਨ ਗਰਭਾਂ ਤੇ ਉਨ੍ਹਾਂ ਹੀ ਜਨਮਾਂ-ਜੂਨਾਂ ਗੇੜ `ਚ ਪਏ ਰਹਿਣਾ)

ਹੇ ਨਾਨਕ! ਜਿਹੜੇ ਲੋਕ ਸ਼ਬਦ ਗੁਰੂ ਦੀ ਸ਼ਰਣ `ਚ ਆ ਕੇ ਮਨੁੱਖਾ ਜਨਮ ਦੇ ਮੱਕਸਦ ਦੀ ਪਹਿਚਾਣ ਕਰਦੇ ਹਨ ਉਹ ਚੰਗੇ ਭਾਗਾਂ ਨੂੰ ਆਪਣਾ ਜਨਮ ਸਫ਼ਲ ਕਰਕੇ ਜਾਂਦੇ ਹਨ। ੧।

ਪਉੜੀ-ਮਨੁੱਖਾ ਜਨਮ ਦਾ ਮੱਕਸਦ ਹੀ ਪ੍ਰਭੂ ਤੋਂ ਬਣੇ ਹੋਏ ਵਿਛੋੜੇ ਦਾ ਖ਼ਾਤਮਾ ਕਰਣਾ ਤੇ ਵਾਪਿਸ ਪ੍ਰਭੂ `ਚ ਸਮਾਉਣਾ ਹੈ। ਪਰ ਜੰਮਦਿਆਂ ਸਾਰ ਜੀਵ ਨੂੰ ਠੱਗਣੀ ਮਾਇਆ ਠੱਗ ਲੈਂਦੀ ਹੈ।

ਮਾਂ ਦੇ ਗਰਭ `ਚ ਪੁੱਠੇ ਲਟਕੇ ਰਹਿ ਕੇ ਵੀ ਜਿਸ ਜੀਵ ਦੀ ਸੁਰਤ ਪ੍ਰਭੂ ਨਾਲ ਜੁੜੀ ਰਹਿੰਦੀ ਹੈ; ਜਨਮ ਲੈਂਦੇ ਸਾਰ, ਉਹ ਜੀਵ ਉਨ੍ਹਾਂ ਪ੍ਰਾਪਤੀਆਂ ਵੱਲ ਝਪਟਦਾ ਹੈ ਜਿਨ੍ਹਾਂ ਨੂੰ ਇਸ ਨੇ ਛੱਡ ਕੇ ਜਾਣਾ ਹੁੰਦਾ ਹੈ।

ਇਸ ਤਰ੍ਹਾਂ ਜੀਵ, ਮਨੁੱਖਾ ਜਨਮ `ਚ ਆਉਂਦੇ ਸਾਰ, ਸਮੂਚੀਆਂ ਦਾਤਾਂ ਦੇਣ ਵਾਲੇ ਪ੍ਰਭੂ ਨੂੰ ਆਪਣੇ ਮਨ ਚੋਂ ਵਿਸਾਰ ਦਿੰਦਾ ਹੈ।

ਹੇ ਨਾਨਕ! (ਆਖ—) ਹੇ ਮਾਲਕ ਪ੍ਰਭੂ! ਜਿਸ ਮਨੁੱਖ `ਤੇ ਤੂੰ ਕਿਰਪਾ ਕਰਦਾ ਹੈਂ, ਉਸ ਦੇ ਮਨੋਂ ਤੂੰ ਇਸ ਲੋਕ `ਚ ਤੇ ਪ੍ਰਲੋਕ `ਚ ਵੀ, ਭਾਵ ਕਦੇ ਵੀ ਨਹੀਂ ਵਿਸਰਦਾ। ੬। (ਪੰ: ੨੫੧)

"ਗੁਰਿ ਰਾਖੇ ਸੇ ਨਿਰਮਲੇ,

ਸਬਦਿ ਨਿਵਾਰੀ ਭਾਹਿ"

(ਸੰ: ੩੮) "ਹਉਮੈ ਕਰਿ ਕਰਿ ਜਾਇਸੀ, ਜੋ ਆਇਆ ਜਗ ਮਾਹਿ॥ ਸਭੁ ਜਗੁ ਕਾਜਲ ਕੋਠੜੀ, ਤਨੁ ਮਨੁ ਦੇਹਿ ਸੁਆਹਿ॥ ਗੁਰਿ ਰਾਖੇ ਸੇ ਨਿਰਮਲੇ, ਸਬਦਿ ਨਿਵਾਰੀ ਭਾਹਿ॥ ੭॥

ਨਾਨਕ ਤਰੀਐ ਸਚਿ ਨਾਮਿ, ਸਿਰਿ ਸਾਹਾ ਪਾਤਿਸਾਹੁ॥ ਮੈ ਹਰਿ ਨਾਮੁ ਨ ਵੀਸਰੈ, ਹਰਿ ਨਾਮੁ ਰਤਨੁ ਵੇਸਾਹੁ॥ ਮਨਮੁਖ ਭਉਜਲਿ ਪਚਿ ਮੁਏ, ਗੁਰਮੁਖਿ ਤਰੇ ਅਥਾਹੁ॥ ੮॥" (ਪੰ: ੬੪)

ਅਰਥ-ਸੰਸਾਰ `ਚ ਜਿਹੜਾ ਮਨੁੱਖ, ਹਊਮੈ ਮਾਤਾ ਜੀਵਨ ਬਿਤਾਉਂਦਾ ਹੈ ਉਸ ਲਈ ਸੰਸਾਰ ਕੱਜਲ ਦੀ ਕੋਠੜੀ ਦੀ ਨਿਆਈਂ ਹੁੰਦਾ ਹੈ। ਸੰਸਾਰਕ ਮੋਹ `ਚ ਫਸੇ ਰਹਿਣ ਕਾਰਣ ਉਸ ਦਾ ਤਨ, ਤੇ ਮਨ ਸਭ ਸੁਆਹ `ਚ ਮਿਲ ਜਾਂਦੇ ਹਨ।

ਭਾਵ ਉਸ ਦਾ ਇਹ ਮਨੁੱਖਾ ਜਨਮ ਵੀ ਬਿਰਥਾ ਹੋ ਜਾਂਦਾ ਹੈ ਅਤੇ ਉਹ ਮੁੜ ਉਨ੍ਹਾਂ ਹੀ ਭਿੰਨ-ਭਿੰਨ ਜਨਮਾਂ ਤੇ ਗਰਭਾਂ ਦੇ ਗੇੜ `ਚ ਪੈਂਦਾ ਹੈ।

ਜਿਹੜੇ ਸ਼ਬਦ-ਗੁਰੂ ਦੀ ਕਮਾਈ ਕਰਦੇ ਹਨ, ਉਨ੍ਹਾਂ ਅੰਦਰੋਂ ਤ੍ਰਿਸ਼ਨਾ ਦੀ ਅੱਗ ਬੁੱਝ ਜਾਂਦੀ ਹੈ ਉਹ ਨਿਰਮਲ ਜੀਵਨ ਬਤੀਤ ਕਰਦੇ ਹਨ ਤੇ ਉਨ੍ਹਾਂ ਨੂੰ ਵਿਕਾਰਾਂ ਦੀ ਕਾਲਖ਼ ਨਹੀਂ ਪਹੁੰਦੀ। ੭।

ਜਿਹੜਾ ਪ੍ਰਭੂ ਸ਼ਾਹਾਂ ਦਾ ਵੀ ਪਾਤਸ਼ਾਹ ਹੈ ਅਤੇ ਸਭ ਤੋਂ ਵੱਡਾ ਹੈ, ਉਸ ਦੀ ਸਿਫ਼ਤ ਸਲਾਹ ਨਾਲ ਜੁੜ ਕੇ ਸੰਸਾਰ-ਸਮੁੰਦਰ ‘ਤੋਂ ਪਾਰ ਹੋ ਜਾਈਦਾ ਹੈ।

ਹੇ ਨਾਨਕ! ਅਰਦਾਸ ਕਰ ਤੇ ਆਖ, ਹੇ ਕਰਤੇ! ਮੈਨੂੰ ਵੀ ਤੇਰੀ ਸਿਫ਼ਤ ਸਲਾਹ ਕਦੇ ਨਾ ਵਿਸਰੇ ਅਤੇ ਇਸ ਨਾਮ-ਰਤਨ ਲਈ ਮੈਂ ਵੀ ਸਦਾ ਵਾਸਤੇ ਅਟੱਲ ਰਹਾਂ।

ਆਪਣੇ ਮਨ ਦੇ ਪਿੱਛੇ ਟੁਰਣ ਵਾਲੇ ਆਪਹੁੱਦਰੇ, ਗੁਰੂ ਵਿਹੂਣੇ ਮਨਮੁਖ, ਸੰਸਾਰ-ਸਮੁੰਦਰ `ਚ ਖੁਆਰ ਹੁੰਦੇ ਤੇ ਸਦਾ ਆਪਣੇ ਲਈ ਆਤਮਕ ਮੌਤ ਹੀ ਸਹੇੜੀ ਰਖਦੇ ਹਨ।

ਜਦਕਿ ਗੁਰੂ ਦੇ ਸਨਮੁਖ ਰਹਿਣ ਵਾਲੇ ਇਸ ਅਥਾਹ ਵਿਕਾਰਾਂ ਦੇ ਸਮੁੰਦ੍ਰ ਚੋਂ ਪਾਰ ਲੰਙ ਜਾਂਦੇ ਹਨ, ਵਿਕਾਰ ਉਨ੍ਹਾਂ ਦਾ ਕੁੱਝ ਵੀ ਨਹੀਂ ਵਿਗਾੜ ਸਕਦੇ।

ਭਾਵ ਮਨਮੁੱਖ ਜੀਂਦੇ ਜੀਅ ਵੀ ਖੁਆਰੀਆਂ ਭੋਗਦੇ ਹਨ ਤੇ ਮੌਤ ਤੋਂ ਬਾਅਦ ਵੀ ਮੁੜ ਉਨ੍ਹਾਂ ਹੀ ਜਨਮ-ਮਰਨ, ਜੂਨਾਂ ਤੇ ਭਿੰਨ-ਭਿੰਨ ਗਰਭਾਂ ਦੇ ਗੇੜ `ਚ ਹੀ ਪੈਂਦੇ ਹਨ।

ਜਦਕਿ ਗੁਰੂ ਦੇ ਸਨਮੁਖ ਰਹਿਣ ਵਾਲੇ ਜੀਂਦੇ ਜੀਅ ਵੀ ਪ੍ਰਭੂ ਨਾਲ ਅਭੇਦ ਰਹਿਕੇ ਸੰਤੋਖੀ ਜੀਵਨ ਬਤੀਤ ਕਰਦੇ ਹਨ ਅਤੇ ਮੌਤ ਤੋਂ ਬਾਅਦ ਵੀ ਪ੍ਰਭੂ `ਚ ਹੀ ਸਮਾਅ ਜਾਂਦੇ ਹਨ, ਮੁੜ ਜਨਮਾਂ-ਜੂਨਾਂ ਤੇ ਭਿੰਨ ਭਿੰਨ ਗਰਭਾਂ ਦੇ ਗੇੜ `ਚ ਨਹੀਂ ਪੈਂਦੇ। ੮। (ਪੰ: ੬੪)

"ਸਤਿਗੁਰੁ ਸੇਵਿ ਸੁਖੁ ਪਾਇਆ…"

(ਸੰ: ੩੯) ਸਤਿਗੁਰੁ ਸੇਵਿ ਸੁਖੁ ਪਾਇਆ, ਸਚੁ ਨਾਮੁ ਗੁਣਤਾਸੁ॥ ਗੁਰਮਤੀ ਆਪੁ ਪਛਾਣਿਆ, ਰਾਮ ਨਾਮ ਪਰਗਾਸੁ॥ ਸਚੋ ਸਚੁ ਕਮਾਵਣਾ, ਵਡਿਆਈ ਵਡੇ ਪਾਸਿ॥ ਜੀਉ ਪਿੰਡੁ ਸਭੁ ਤਿਸ ਕਾ ਸਿਫਤਿ ਕਰੇ ਅਰਦਾਸਿ॥

ਸਚੈ ਸਬਦਿ ਸਾਲਾਹਣਾ, ਸੁਖੇ ਸੁਖਿ ਨਿਵਾਸੁ॥ ਜਪੁ ਤਪੁ ਸੰਜਮੁ ਮਨੈ ਮਾਹਿ, ਬਿਨੁ ਨਾਵੈ ਧ੍ਰਿਗੁ ਜੀਵਾਸੁ॥ ਗੁਰਮਤੀ ਨਾਉ ਪਾਈਐ, ਮਨਿਮੁਖ ਮੋਹਿ ਵਿਣਾਸੁ॥ ਜਿਉ ਭਾਵੈ ਤਿਉ ਰਾਖੁ ਤੂੰ, ਨਾਨਕੁ ਤੇਰਾ ਦਾਸੁ॥ ੨॥ (ਪੰ: ੮੬)

ਅਰਥ: ਜਿਸ ਮਨੁੱਖ ਨੇ ਸਤਿਗੁਰੂ ਦੀ ਦੱਸੀ ਸੇਵਾ ਕੀਤੀ ਭਾਵ ਜਿਸ ਨੇ ਜੀਵਨ `ਚ ਸ਼ਬਦ ਗਰੂ ਦੀ ਕਮਾਈ ਕੀਤੀ ਉਸ ਨੂੰ ਗੁਣਾਂ ਦਾ ਖ਼ਜ਼ਾਨਾ, ਸੱਚਾ ਨਾਮ ਰੂਪ ਸੁਖ ਪ੍ਰਾਪਤ ਹੁੰਦਾ ਹੈ। ਗੁਰੂ ਦੀ ਮਤਿ ਲੈ ਕੇ ਉਹ ਮਨੁੱਖ ਆਪੇ ਦੀ ਪਛਾਣ ਕਰ ਲੈਂਦਾ ਹੈ ਭਾਵ ਉਸ ਨੂੰ ਮਨੁੱਖਾ ਜਨਮ ਦਾ ਮਕਸਦ ਸਪਸ਼ਟ ਹੋ ਜਾਂਦਾ ਹੈ। ਇਸੇ ਤੋਂ ਉਸ ਦੇ ਜੀਵਨ ਅੰਦਰ ਪ੍ਰਭੂ ਦੀ ਸਿਫ਼ਤ ਸਲਾਹ ਉਪਜਦੀ ਹੈ ਅਤੇ ਉਸ ਦਾ ਜੀਵਨ ਪ੍ਰਭੂ ਦੇ ਰੰਗ `ਚ ਰੰਗਿਆ ਰਹਿੰਦਾ ਹੈ, ਉਸ ਜੀਵਨ `ਚ ਆਤਮਕ ਚਾਨਣ ਹੋ ਜਾਂਦਾ ਹੈ।

ਅਜਿਹਾ ਮਨੁੱਖ ਸਦਾ-ਥਿਰ ਪ੍ਰਭੂ ਦੀ ਸਿਫ਼ਤ ਸਲਾਹ ਨਾਲ ਹੀ ਜੁੜਿਆ ਰਹਿੰਦਾ ਹੈ, ਇਸੇ ਕਾਰਣ ਉਸ ਨੂੰ ਪ੍ਰਭੂ ਦੀ ਦਰਗਾਹ ਚੋਂ ਵੀ ਆਦਰ ਮਿਲਦਾ ਹੈ। ਫ਼ਿਰ ਇਹ ਜਾਨਣ ਬਾਅਦ ਕਿ ਉਸ ਦੀ ਜਿੰਦ ਤੇ ਸਰੀਰ ਵੀ ਪ੍ਰਭੂ ਦੀ ਹੀ ਦੇਣ ਹਨ, ਉਹ ਕੇਵਲ ਪ੍ਰਭੂ ਦੀਆਂ ਵਡਿਆਈਆਂ ਕਰਦਾ ਤੇ ਉਸ ਦੇ ਚਰਣਾਂ `ਚ ਹੀ ਅਰਦਾਸਾਂ ਕਰਦਾ ਹੈ, ਭਾਵ ਪ੍ਰਭੂ ਦਾ ਲੜ ਛੱਡ ਕੇ ਫ਼ਿਰ ਉਹ ਮਨੁੱਖ ਕਿਧਰੇ ਇਧਰ-ਓਧਰ ਨਹੀਂ ਭਟਕਦਾ।

ਸ਼ਬਦ-ਗੁਰੂ ਦੀ ਕਮਾਈ ਕਾਰਣ ਉਹ ਸੁਆਸ-ਸੁਆਸ ਸਦਾ-ਥਿਰ ਪ੍ਰਭੂ ਦੀ ਸਿਫ਼ਤਿ ਨਾਲ ਜੁੜਿਆ ਰਹਿੰਦਾ ਅਤੇ ਆਤਮਕ ਆਨੰਦ ਮਾਣਦਾ ਹੈ। ਇਹੀ ਉਸ ਲਈ ਜਪ, ਤਪ, ਸੰਜਮ ਆਦਿ ਕਰਮ ਵੀ ਹੁੰਦੇ ਹਨ ਅਤੇ ਪ੍ਰਭੂ ਦੀ ਸਿਫ਼ਤ ਸਲਾਹ ਵਿਹੂਣਾ ਜੀਵਨ ਉਸ ਨੂੰ ਫਿਟਕਾਰ-ਜੋਗ ਪ੍ਰਤੀਤ ਹੁੰਦਾ ਹੈ।

ਕਿਉਂਕਿ ਸਬਦ-ਗੁਰੂ ਦੇ ਅਨੁਸਾਰੀ ਹੋਇਆਂ ਹੀ ਕਰਤੇ ਦੀ ਸਿਫ਼ਤ ਸਲਾਹ ਨਾਲ ਜੁੜਿਆ ਜਾ ਸਕਦਾ ਹੈ। ਜਦਕਿ ਆਪਣੇ ਮਨ ਦੇ ਪਿੱਛੇ ਟੁਰਣ ਵਾਲਾ ਮੋਹ ਮਾਇਆ `ਚ ਫਸਿਆ ਰਹਿਕੇ ਜਨਮ ਨੂੰ ਬਿਰਥਾ ਕਰਕੇ ਜਾਂਦਾ ਹੈ ਭਾਵ ਮਨਮੁਖ ਜੀਂਦੇ ਜੀਅ ਵੀ ਖੁਆਰੀਆਂ ਭੋਗਦਾ ਹੈ ਅਤੇ ਮੌਤ ਤੋਂ ਬਾਅਦ ਵੀ ਪ੍ਰਭੂ `ਚ ਅਭੇਦ ਨਹੀਂ ਹੁੰਦਾ, ਮੁੜ ਉਨ੍ਹਾਂ ਹੀ ਜਨਮਾਂ-ਜੂਨਾਂ ਤੇ ਭਿੰਨ-ਭਿਨ ਗਰਭਾਂ ਦੇ ਗੇੜ `ਚ ਪੈਂਦਾ ਹੈ।

ਤਾਂ ਤੇ ਹੇ ਪ੍ਰਭੂ! ਨਾਨਕ ਵੀ ਤੇਰਾ ਹੀ ਸੇਵਕ ਹੈ ਜਿਵੇਂ ਤੈਨੂੰ ਚੰਗਾ ਲੱਗੇ, ਤਿਵੇਂ ਸਹੈਤਾ ਕਰ ਤੇ ਨਾਮ ਦੀ ਦਾਤਿ ਬਖ਼ਸ, ਭਾਵ ਮਨੁੱਖਾ ਜਨਮ ਦੀ ਸਫ਼ਲਤਾ, ਸ਼ਬਦ-ਗੁਰੂ ਦੀ ਸ਼ਰਣ `ਚ ਆਉਣ ਤੇ ਪ੍ਰਭੂ ਦੀ ਸਿਫ਼ਤ ਸਲਾਹ ਨਾਲ ਜੁੜੇ ਬਿਨਾ ਸੰਭਵ ਨਹੀਂ। ੨। (ਪੰ: ੮੬)

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠ’ ਪੁਸਤਕਾਂ ਤੇ ਹੋਰ ਲਿਖ਼ਤਾਂ ਜਿਵੇਂ ਹੁਣ ਨਵੀਂ ਅਰੰਭ ਕੀਤੀ ਗਈ ਗੁਰਮੱਤ ਸੰਦੇਸ਼ਾਂ ਵਾਲੀ ਸੀਰੀਜ਼, ਸਭ ਦਾ ਮਕਸਦ ਇਕੋ ਹੀ ਹੈ। ਉਹ ਮਕਸਦ ਹੈ ਕਿ ਹਰੇਕ ਸੰਬੰਧਤ ਪ੍ਰਵਾਰ ਅਰਥਾਂ ਸਹਿਤ "ਗੁਰੂ ਗ੍ਰੰਥ ਸਾਹਿਬ" ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਆਪਣੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this ਗੁਰਮੱਤ ਸੰਦੇਸ਼ (ਭਾਗ ਨੌਵਾਂ)

ਲੜੀ ਵਾਰ (ਸੰ: ੩੭ ਤੋਂ ੩੯) (ਭਾਗ-ਨੌਵਾਂ)

ਗੁਰਮੱਤ ਸੰਦੇਸ਼ ਅਥਵਾ

ਗੁਰਬਾਣੀ ਦਾ ਸੱਚ

ਨਿਰੋਲ ਗੁਰਬਾਣੀ ਪ੍ਰਮਾਣਾਂ `ਤੇ ਆਧਾਰਿਤ

For all the Self Learning Gurmat Lessons including recently started "Gurmat Sndesh" Series (Excluding Books) written by ‘Principal Giani Surjit Singh’ Sikh Missionary, Delhi-All the rights are reserved with the writer himself; but easily available in proper Deluxe Covers for

(1) Further Distribution within ‘Guru Ki Sangat’

(2) For Gurmat Stalls

(3) For Gurmat Classes & Gurmat Camps etc

with the intention of Gurmat Parsar, at quite nominal printing cost i.e. mostly Rs 350/-(in rare cases Rs. 450/- per hundred copies (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24

Ph 91-11-26236119, 46548789 ® Ph. 91-11-26487315 Cell 9811292808

web sites-

www.gurbaniguru.org

theuniqeguru-gurbani.com

gurmateducationcentre.com




.