.

ਸੁਖਮਈ ਜੀਵਨ ਅਹਿਸਾਸ (ਭਾਗ-12)

(ਸੁਖਜੀਤ ਸਿੰਘ ਕਪੂਰਥਲਾ)

ਅਸੀਂ ਅਕਸਰ ਪੜ੍ਹਦੇ ਸੁਣਦੇ ਹਾਂ ਕਿ ਬੰਦੇ ਨੂੰ ਬੰਦਾ /ਬੰਦੇ ਦਾ ਪੁੱਤ ਬਨਣ ਲਈ ਤਾਂ ਬਾਰ-ਬਾਰ ਕਿਹਾ ਜਾਂਦਾ ਹੈ ਪ੍ਰ਼ੰਤੂ ਕਿਸੇ ਨੇ ਕੁੱਤੇ ਨੂੰ ਕੁੱਤਾ, ਗਧੇ ਨੂੰ ਗਧਾ, ਸੱਪ ਨੂੰ ਸੱਪ ਆਦਿ ਬਨਣ ਲਈ ਕਦੀ ਵੀ ਨਹੀ ਕਿਹਾ। ਐਸਾ ਕਿਉਂ? ਕਿਉਂਕਿ ਜਾਨਵਰ ਤਾਂ ਪੈਦਾ ਵੀ ਜਾਨਵਰ ਹੋਏ, ਜਾਨਵਰਾਂ ਵਾਲਾ ਜੀਵਨ ਬਤੀਤ ਕਰਕੇ, ਜਾਨਵਰ ਰੂਪ ਵਿੱਚ ਹੀ ਉਹਨਾਂ ਦਾ ਅੰਤ ਹੋ ਜਾਣਾ ਹੈ, ਉਹਨਾਂ ਨੂੰ ਆਪਣੇ ਜੀਵਨ-ਮਨੋਰਥ ਦੀ ਸੋਝੀ ਹੀ ਨਹੀ ਹੈ। ਪਰ ਮਨੁੱਖ ਨੂੰ ਤਾਂ 84 ਲੱਖ ਜੂਨਾਂ ਦਾ ਸਰਦਾਰ ਕਿਹਾ ਜਾਂਦਾ ਹੈ। ਇਹ ਸਰਵੋਤਮ ਅਖਵਾਉਣ ਦਾ ਹੱਕਦਾਰ ਤਾਂ ਹੀ ਹੈ ਜੇ ਇਸਦੇ ਕਰਮ ਸਰਵੋਤਮ ਹੋਣ ਅਤੇ ਮਨੁੱਖਾ ਜੀਵਨ ਮਨੋਰਥ ਦੀ ਸਮਝ ਹੋਵੇ, ਜੇਕਰ ਫਿਰ ਵੀ ਇਸਦੀ ਸਮਝ ਵਿੱਚ ਨਾ ਆਵੇ ਤਾਂ ਫਿਰ ਗੁਰੂ ਅਰਜਨ ਸਾਹਿਬ ਦੇ ਪਾਵਨ ਬਚਨ "ਕਰਤੂਤਿ ਪਸੂ ਕੀ ਮਾਨਸ ਜਾਤ।। ਲੋਕ ਪਚਾਰਾ ਕਰੈ ਦਿਨੁ ਰਾਤ।। ` (੨੬੬) ਇਸ ਉਪਰ ਪੂਰੀ ਤਰਾਂ ਢੁਕਦੇ ਹਨ। ਇੱਕ ਸ਼ਾਇਰ ਦੇ ਕਹੇ ਕਥਨ ‘ਬੰਦਾ ਹੋ ਕੇ ਜੇ ਬੰਦਗੀ ਨਾ ਕੀਤੀ ਤਾਂ ਬੰਦਾ ਅਖਵਾਉਣ ਦਾ ਕੀ ਫਾਇਦਾ` ਐਸੇ ਮਨੁੱਖਾਂ ਬਾਰੇ ਠੀਕ ਹੀ ਤਾਂ ਹਨ। ਮਨੁੱਖ/ ਇਨਸਾਨ ਤਾਂ ਹੀ ਹੈ ਜੇ ਇਸ ਅੰਦਰ ਮਨੁੱਖਤਾ /ਇਨਸਾਨੀਅਤ ਦੇ ਗੁਣ ਮੌਜੂਦ ਹੋਣ। ਸੰਸਾਰ ਵਿੱਚ ਵਿਚਰਦਿਆਂ ਸਾਡਾ ਗੁਣ-ਅਉਗਣ ਦੋਵਾਂ ਨਾਲ ਹੀ ਵਾਹ-ਵਾਸਤਾ ਪੈਦਾ ਹੈ, ਮਨੁੱਖ ਨੂੰ ਚਾਹੀਦਾ ਹੈ ਕਿ ਅਉਗਣਾਂ ਨੂੰ ਛੱਡ ਕੇ ਗੁਣਾਂ ਨਾਲ ਸਾਂਝ ਪਾਵੇ। ਪਰ ਬਹੁ-ਗਿਣਤੀ ਇਸ ਮਾਰਗ ਉਪਰ ਚਲਣ ਲਈ ਚੋਣ ਕਰਨ ਸਮੇਂ ਅਉਗਣਾਂ ਦਾ ਪੱਲਾ ਹੀ ਫੜਦੇ ਹਨ-

ਲੋਕੁ ਅਵਗਣਾ ਕੀ ਬੰਨੈ ਗੰਠੜੀ ਗੁਣ ਨ ਵਿਹਾਝੈ ਕੋਇ।।

ਗੁਣ ਕਾ ਗਾਹਕੁ ਨਾਨਕਾ ਵਿਰਲਾ ਕੋਈ ਹੋਇ।।

(ਵਾਰ ਮਾਰੂ-ਮਹਲਾ ੧-੧੦੮੬)

ਸਿੱਖ ਇਤਿਹਾਸ ਦੇ ਪੰਨਿਆਂ ਵਿੱਚ ਜ਼ਿਕਰ ਹੈ ਕਿ ਗੁਰੂ ਅੰਗਦ ਸਾਹਿਬ ਦੇ ਸਪੁੱਤਰ ਦਾਤੂ ਜੀ, ਜੋ ਆਪਣੇ ਆਪ ਨੂੰ ਗੁਰੂ ਪੁੱਤਰ ਜਾਣ ਕੇ ਗੁਰਤਾ ਗੱਦੀ ਤੇ ਹੱਕ ਸਮਝਦੇ ਹੋਏ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਨੂੰ ਈਰਖਾ ਵੱਸ ਲੱਤ ਵੀ ਮਾਰਦੇ ਹਨ ਅਤੇ ਹੋਰ ਵੀ ਵਿਰੋਧ ਵਿੱਚ ਜੋ ਕਰ ਸਕਦੇ ਸਨ ਕਰਦੇ ਰਹੇ। ਉਹਨਾਂ ਨੂੰ ਜਦੋਂ ਆਪਣੀ ਗਲਤੀ ਦਾ ਅਹਿਸਾਸ ਹੋਇਆ ਤਾਂ ਆਪਣੀਆਂ ਇਹਨਾਂ ਕਰਤੂਤਾਂ ਤੇ ਪਛਤਾਵਾ ਕਰਦੇ ਹੋਏ ਗੁਰੂ ਅਰਜਨ ਸਾਹਿਬ ਨੂੰ ਸੰਬੋਧਨ ਕਰਕੇ ਖਿਮਾ ਜਾਚਨਾ ਕਰਦੇ ਹੋਏ ਆਖਦੇ ਹਨ ਕਿ ਜਿਵੇਂ ਵਿਦਿਆ ਤੋਂ ਬਿਨਾ ਮਾਣ, ਜਿੱਤ ਪ੍ਰਾਪਤ ਕਰਨ ਤੋਂ ਬਿਨਾ ਸੂਰਮਤਾਈ, ਮਨ ਦੇ ਟਿਕਾਉ ਤੋਂ ਬਿਨਾ ਧਿਆਨ ਕਿਸੇ ਵੀ ਅਰਥ ਨਹੀਂ, ਠੀਕ ਇਸੇ ਤਰਾਂ ਜੀਵਨ ਅੰਦਰ ਪੱਕੇ ਗੁਣ ਨਾ ਹੋਣ ਤੇ ਲੋਕਾਂ ਤੋਂ ਆਪਣੀ ਪੂਜਾ ਕਰਾਉਣਾ ਬਿਲਕੁਲ ਵਿਅਰਥ ਹੈ, ਇਹ ਹੁਣ ਮੇਰੀ ਸਮਝ ਵਿੱਚ ਆ ਗਈ ਹੈ-

ਗੁਣ ਬਿਹੀਨ ਪੂਜਾ ਕਹਾਂ ਵਿਦਯਾ ਬਿਨ ਮਾਨਾ।

ਜੀਤ ਕਹਾਂ ਬਿਨ ਸੂਰਤਾ ਮਨ ਥਿਤਿ ਬਿਨ ਧਯਾਨਾ।

(ਗੁਰੁ ਪ੍ਰਤਾਪ ਸੂਰਯ- ਰਾਸਿ ੩ ਅੰਸੂ ੩੮)

ਭਾਈ ਗੁਰਦਾਸ ਜੀ ਗੁਰਮਤਿ ਦੇ ਮਹਾਨ ਵਿਆਖਿਆਕਾਰ ਹਨ। ਕਬਿਤ ਨੰ. ੩੨੩ ਰਾਹੀਂ ਬਹੁਤ ਸੁੰਦਰ ਦ੍ਰਿਸ਼ਟਾਂਤ ਦੇ ਕੇ ਸਮਝਾਉਂਦੇ ਹਨ ਕਿ ਅਉਗਣਿਆਰੇ ਮਨੁੱਖ ਅਉਗਣਾਂ ਤੋਂ ਮਿਲਣ ਵਾਲੇ ਬੇਅੰਤ ਕਸ਼ਟਾਂ-ਦੁੱਖਾਂ ਨੂੰ ਸਾਹਮਣੇ ਵੇਖਦੇ-ਜਾਣਦੇ-ਭੋਗਦੇ ਹੋਏ ਵੀ ਅਉਗਣਾਂ ਦਾ ਤਿਆਗ ਨਹੀਂ ਕਰਦੇ, ਜਿਵੇਂ -ਚੋਰ, ਲੁਟੇਰੇ, ਵੇਸਵਾ, ਜੁਆਰੀ, ਅਮਲੀ ਆਦਿਕ ਨੀਚ ਲੋਕ ਨਿੰਦਿਤ ਚੀਜਾਂ ਨੂੰ ਜੀਵਨ ਵਿਚੋਂ ਛੱਡਦੇ ਨਹੀਂ, ਤਾਂ ਗੁਰਸਿੱਖ ਆਪਣੇ ਜੀਵਨ ਵਿਚੋਂ ਆਪਣੇ ਗੁਰੂ ਦੇ ਦੱਸੇ ਸ਼ੁਭ ਗੁਣਾਂ ਰੂਪੀ ਸਿੱਖ ਮੱਤ ਦੇ ਨਿਯਮਾਂ ਨੂੰ ਕਿਵੇਂ ਤਿਆਗ ਸਕਦੇ ਹਨ-

ਮਾਰਿਬੇ ਕੋ ਤ੍ਰਾਸ ਦੇਖ ਚੋਰ ਨ ਤਜਤ ਚੋਰੀ ਬਟਵਾਰਾ ਬਟਵਾਰੀ ਸੰਗ ਹ੍ਵੈ ਤਕਤ ਹੈ।

ਵੇਸ੍ਵਾਰਤਿ ਬ੍ਰਿਥਾ ਭਏ ਮਨ ਨ ਸ਼ੰਕਾ ਮਾਨੈ ਜੁਆਰੀ ਨ ਸਰਬਸ ਹਾਰੇ ਸੇ ਥਕਤ ਹੈ।

ਅਮਲੀ ਨ ਅਮਲ ਤਜਤ ਜਯੋਂ ਧਿਕਾਰ ਕੀਏ ਦੋਖ ਦੁਖ ਲੋਗ ਬੇਦ ਸੁਨਤ ਛਕਤ ਹੈ।

ਅਧਮ ਅਸਾਧੁ ਸੰਗ ਛਾਡਤ ਨ ਅੰਗੀਕਾਰ ਗੁਰੁ ਸਿਖ ਸਾਧੁ ਸੰਗ ਛਾਡ ਕਯੋਂ ਸਕਤ ਹੈ।। ੩੨੩।।

(ਕਬਿਤ-ਭਾਈ ਗੁਰਦਾਸ ਜੀ)

ਅਜੋਕੇ ਸਮੇਂ ਦੌਰਾਨ ਹੈਰਾਨੀਜਨਕ ਰੂਪ ਵਿੱਚ ਆਮ ਹੀ ਵੇਖਣ ਨੂੰ ਮਿਲ ਰਿਹਾ ਹੈ ਕਿ ਸਿੱਖ ਅਖਵਾਉਣ ਵਾਲੇ ਬਹੁਗਿਣਤੀ, ਜੋ ਜਾਣਦੇ ਹਨ ਕਿ ਸਿੱਖ ਅਤੇ ਨਸ਼ੇ ਦਾ ਕਦੀ ਵੀ ਸੁਮੇਲ ਨਹੀਂ ਹੋ ਸਕਦਾ, ਫਿਰ ਵੀ ਲੋਕਾਚਾਰੀ, ਰਿਸ਼ਤੇਦਾਰੀ ਆਦਿ ਵਿੱਚ ਨੱਕ ਰੱਖਣ ਲਈ ਆਮ ਤੌਰ ਤੇ ਖੁਸ਼ੀ ਦੇ ਸਮਾਗਮਾਂ ਸਮੇਂ ਕਾਰਜ ਦੀ ਆਰੰਭਤਾ ਤਾਂ ਭਾਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਪਾਠ-ਕੀਰਤਨ -ਕਥਾ ਨਾਲ ਕਰਦੇ ਸਨ, ਪਰ ਸਮਾਪਤੀ ਜਾ ਕੇ ਸ਼ਰਾਬ ਦੇ ਪਿਆਲੇ ਤੇ ਹੁੰਦੀ ਹੈ। ਸਾਡੇ ਮਨ ਅੰਦਰ ਇਹ ਸਵਾਲ ਤਾਂ ਬਾਰ-ਬਾਰ ਗਰਦਿਸ਼ ਕਰਦਾ ਹੈ ਕਿ ਜੇਕਰ ਖੁਸ਼ੀ ਦੇ ਸਮਾਗਮ ਵਿੱਚ ਸ਼ਰਾਬ ਨਾ ਪਿਲਾਈ ਗਈ ਤਾਂ ਲੋਕ, ਰਿਸ਼ਤੇਦਾਰ, ਭਾਈਚਾਰਾ, ਸਮਾਜ ਕੀ ਆਖੇਗਾ। ਪਰ ਇਹ ਸਵਾਲ ਲੱਗਦਾ ਹੈ ਕਿ ਅੱਜ ਬਹੁਗਿਣਤੀ ਸਿੱਖਾਂ ਦੇ ਮਨ ਵਿਚੋਂ ਗਵਾਚ ਚੁੱਕਾ ਹੈ ਕਿ ਜੇ ਮੈਂ ਗੁਰੂ ਦੀ ਮਤਿ ਤੋਂ ਉਲਟ ਲੋਕਾਂ ਦੀ ਖੁਸ਼ੀ ਲਈ ਸ਼ਰਾਬ ਪਿਲਾਈ ਤਾਂ ਸਤਿਗੁਰੂ ਕੀ ਆਖਣਗੇ? ਜਿਹੜਾ ਸਵਾਲ ਸਿੱਖ ਮਨ ਵਿੱਚ ਸਭ ਤੋਂ ਪਹਿਲਾਂ ਪੈਦਾ ਹੋਣਾ ਚਾਹੀਦਾ ਸੀ ਉਹ ਤਾਂ ਪ੍ਰਸ਼ਨ ਹੀ ਗਵਾਚ ਚੁੱਕਾ ਹੈ, ਫਿਰ ਇਹੀ ਕੁੱਝ ਰਿਜ਼ਲਟ ਰੂਪ ਜੋ ਸਾਹਮਣੇ ਆ ਰਿਹਾ ਹੈ, ਸੁਭਾਵਿਕ ਹੀ ਹੈ। ਇਸ ਪੱਖ ਉਪਰ ਗੁਰਬਾਣੀ ਸਾਡਾ ਮਾਰਗ ਦਰਸ਼ਨ ਕਰਦੀ ਹੈ ਕਿ ਗੁਰੂ ਪ੍ਰਮੇਸ਼ਰ ਦੀ ਖੁਸ਼ੀ ਪ੍ਰਸੰਨਤਾ ਦੇ ਮੁਕਾਬਲੇ ਸੰਸਾਰਕ ਲੋਕ ਲਾਜ ਦੀ ਕੋਈ ਕੀਮਤ ਨਹੀਂ ਇਸ ਨੂੰ ਤਾਂ ਅੱਗ ਲਾ ਕੇ ਸਾੜ ਦੇਣਾ ਬੇਹਤਰ ਹੈ-

-ਨਾਨਕ ਦੁਨੀਆ ਕੀਆ ਵਡਿਆਈਆ ਅਗੀ ਸੇਤੀ ਜਾਲਿ।।

ਏਨੀ ਜਲੀਈ ਨਾਮੁ ਵਿਸਾਰਿਆ ਇੱਕ ਨ ਚਲੀਆ ਨਾਲਿ।।

(ਵਾਰ ਮਲਾਰ-ਮਹਲਾ ੨-੧੨੯੦)

-ਘਰ ਮੰਦਰ ਖੁਸੀਆ ਤਹੀ ਜਹ ਤੂ ਆਵਹਿ ਚਿਤਿ।।

ਦੁਨੀਆ ਕੀਆ ਵਡਿਆਈਆ ਨਾਨਕ ਸਭਿ ਕੁਮਿਤ।।

(ਵਾਰ ਗਉੜੀ-ਮਹਲਾ ੫-੩੧੯)

- ਲੋਕਨ ਕੀ ਚਤੁਰਾਈ ਉਪਮਾ ਤੇ ਬੈਸੰਤਰਿ ਜਾਰਿ।।

(ਦੇਵਗੰਧਾਰੀ ਮਹਲਾ ੪-੫੨੮)

ਇਸ ਸਬੰਧੀ ਭਾਈ ਕਾਨ੍ਹ ਸਿੰਘ ਨਾਭਾ ਦੇ ਵਿਚਾਰ ਧਿਆਨ ਦੇਣ ਯੋਗ ਹਨ-

ਆਤਮਿਕ ਬਲ-ਹੀਨ ਬਹੁਤ ਕਾਯਰ ਆਦਮੀ, ਧਰਮ ਵਿਰੁੱਧ ਕਰਮਾਂ ਨੂੰ ਲੋਕ ਲਾਜ ਦੇ ਮਾਰੇ ਨਹੀਂ ਤਯਾਗ ਸਕਦੇ ਅਰ ਇਹ ਭਯ ਬਣਿਆ ਰਹਿੰਦਾ ਹੈ ਕਿ ਜੇ ਅਸੀਂ ਲੋਕਾ -ਚਾਰ ਨਹੀਂ ਕਰਾਂਗੇ, ਤਦ ਅਸਾਡੀ ਨਿੰਦਾ ਹੋਊਗੀ। ਐਸੇ ਲੋਕਾਂ ਨੂੰ ਗੁਰੁਵਾਕੁ ਵਿਚਾਰ ਕੇ ਨਿਰਭਯ ਅਰ ਦ੍ਰਿੜ੍ਹ ਹੋਣਾ ਚਾਹੀਏ। `

(ਗੁਰੁਮਤ ਮਾਰਤੰਡ-ਪੰਨਾ ੮੦੭)

ਗੁਰਬਾਣੀ ਅੰਦਰ ਦਰਜ ਨਿਮਨ ਲਿਖਤ ਗੁਰੂ ਹੁਕਮਾਂ ਨੂੰ ਸਾਹਮਣੇ ਰੱਖਦੇ ਹੋਏ ਇਹ ਬਿਲਕੁਲ ਸਪਸ਼ਟ ਹੈ ਕਿ ਸਿੱਖ ਧਰਮ ਅੰਦਰ ਕਿਸੇ ਵੀ ਕਿਸਮ ਦੇ ਨਸ਼ੇ ਆਦਿ ਦੇ ਸੇਵਨ ਕਰਨ ਦੀ ਬਿਲਕੁਲ ਮਨਾਹੀ ਹੈ-

-ਜਿਤੁ ਪੀਤੈ ਮਤਿ ਦੂਰਿ ਹੋਇ ਬਰਲੁ ਪਵੈ ਵਿਚਿ ਆਇ।।

ਆਪਣਾ ਪਰਾਇਆ ਨ ਪਛਾਣਈ ਖਸਮਹੁ ਧਕੇ ਖਾਇ।।

ਜਿਤੁ ਪੀਤੈ ਖਸਮੁ ਵਿਸਰੈ ਦਰਗਹ ਮਿਲੈ ਸਜਾਇ।।

ਝੂਠਾ ਮਦੁ ਮੂਲਿ ਨ ਪੀਚਈ ਜੇ ਕਾ ਪਾਰਿ ਵਸਾਇ।।

(ਵਾਰ ਬਿਹਾਗੜਾ - ਮਹਲਾ ੩-੫੫੪)

-ਇਤੁ ਮਦਿ ਪੀਤੈ ਨਾਨਕਾ ਬਹੁਤੇ ਖਟੀਅਹਿ ਬਿਕਾਰ।।

(ਵਾਰ ਬਿਹਾਗੜਾ- ਮਹਲਾ-੧-੫੫੩)

- ਅੰਮ੍ਰਿਤ ਕਾ ਵਾਪਾਰੀ ਹੋਵੈ ਕਿਆ ਮਦਿ ਛੂਛੈ ਭਾਉ ਧਰੇ।।

(ਆਸਾ ਮਹਲਾ ੧- ੩੬੦)

- ਕੁੱਠਾ ਹੁੱਕਾ ਚਰਸ ਤਮਾਕੂ। ਗਾਂਜਾ ਟੋਪੀ ਤਾੜੀ ਖਾਕੂ।

ਇਨ ਕੀ ਓਰ ਨ ਕਬਹੂ ਦੇਖੈ। ਰਹਤਵੰਤ ਜੋ ਸਿੰਘ ਬਿਸੇਖੈ।

(ਰਹਿਤਨਾਮਾ -ਭਾਈ ਦੇਸਾ ਸਿੰਘ)

ਸਪਸ਼ਟ ਹੈ ਕਿ ਜੇਕਰ ਅਸੀਂ ਲੋਕ-ਲਾਜ ਦੇ ਮਾਰੇ ਹੋਏ, ਡਰਦੇ ਹੋਏ ਗੁਰੂ ਦੀ ਮਤਿ ਦੇ ਧਾਰਨੀ, ਸਹੀ ਅਰਥਾਂ ਵਿੱਚ ਧਰਮੀ ਬਣਕੇ ਗੁਰੂ ਸਿਧਾਂਤਾਂ ਦੀ ਪਹਿਰੇਦਾਰੀ ਕਰਨ ਦੇ ਸਮਰੱਥ ਨਾ ਬਣ ਸਕੇ ਤਾਂ ਕਸੂਰ ਸਤਿਗੁਰੂ ਦਾ ਨਹੀਂ ਸਾਡਾ ਆਪਣਾ ਹੀ ਹੈ, ਫਿਰ ‘ਸੁਖਮਈ ਜੀਵਨ ਅਹਿਸਾਸ` ਸਬੰਧੀ ਆਸ ਕਰਨਾ ਵੀ ਫਜ਼ੂਲ ਹੈ-

ਕਬੀਰ ਸਾਚਾ ਸਤਿਗੁਰੁ ਕਿਆ ਕਰੈ ਜਉ ਸਿਖਾ ਮਹਿ ਚੂਕ।।

ਅੰਧੈ ਏਕੁ ਨ ਲਾਗਈ ਜਿਉ ਬਾਸ ਬਜਾਈਐ ਫੂਕ।। ੧੫੮।।

(ਸਲੋਕ ਕਬੀਰ ਜੀ -੧੩੭੨)

ਹੈਰਾਨੀ ਉਸ ਸਮੇਂ ਹੁੰਦੀ ਹੈ ਜਦੋਂ ਸਾਡੇ ਵਿਚੋਂ ਹੀ ਕਈ ਆਪਣੇ ਜੀਵਨ ਅੰਦਰਲੇ ਅਉਗਣਾਂ ਤੋਂ ਛੁਟਕਾਰਾ ਪਾਉਣ ਦੀ ਥਾਂ ਤੇ ਕਈ ਕਿਸਮ ਦੇ ਨਸ਼ਿਆਂ ਦਾ ਨਾਮ ਬਦਲਕੇ ਉਸ ਨੂੰ ਗੁਰੂ ਸਾਹਿਬਾਨ ਦੇ ਹੁਕਮਾਂ ਨਾਲ ਜੋੜਣ ਤੋਂ ਵੀ ਸੰਕੋਚ ਨਹੀਂ ਕਰਦੇ। ਭਾਈ ਕਾਨ੍ਰ੍ਹ ਸਿੰਘ ਨਾਭਾ ਨੇ ਇਸ ਪੱਖ ਉਪਰ ਬਹੁਤ ਹੀ ਸੁੰਦਰ ਸ਼ਬਦਾਂ ਵਿੱਚ ਸੇਧ ਦਿਤੀ ਹੈ-

- ਉਹ ਲੋਕ ਗੁਰੁਮਤ ਤੋਂ ਅਨਜਾਣ ਅਤੇ ਸਿੱਖ ਕੌਮ ਦੇ ਵੈਰੀ ਹਨ ਜੋ ਆਖਦੇ ਹਨ ਕਿ ਰੱਤੀ ਅਫੀਮ ਅਤੇ ਮਾਸਾ ਸੁੱਖਾ ਗੁਰੂ ਸਾਹਿਬ ਨੇ ਸਿੱਖਾਂ ਲਈ ਵਿਧਾਨ ਕੀਤਾ ਹੈ। ਭੰਗ ਦੀ ਦੇਗ ਨੇ, ਜਿਸ ਨੂੰ ‘ਸੁਖ ਨਿਧਾਨ` ਦੀ ਦੇਗ ਆਖਦੇ ਹਨ (ਪਰ ਵਾਸਤਵ ਵਿੱਚ ਜੋ ‘ਦੁਖ ਨਿਧਾਨ` ਹੈ) ਸਿੱਖ ਕੌਮ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਸ਼ੋਕ ਹੈ ਉਨ੍ਹਾਂ ਭੰਗੀ ਕਵੀਆਂ ਪੁਰ ਜਿਨ੍ਹਾਂ ਨੇ ਗੁਰਬਾਣੀ ਦੇ ਵਿਰੁਧ ਆਪਣੀ ਭੈੜੀ ਵਾਦੀ ਨੂੰ ਧਰਮ ਦਾ ਨੇਮ ਬਣਾ ਕੇ ਆਪਣੇ ਭਾਈਆਂ ਨੂੰ ਵੀ ਭੰਗੀ ਬਣਾਇਆ ਅਤੇ ਉਹਨਾਂ ਦੇ ਬਲ ਪੁਰਸ਼ਾਰਥ ਆਦਿਕ ਸ਼ੁਭ ਗੁਣਾਂ ਦਾ ਸਤਯਾਨਾਸ ਕੀਤਾ।

- ਅਮਲ ਕੋਈ ਖਾਏ ਨਹੀਂ, ਅਮਲ ਖਾਣਾ ਇਸ ਵਾਸਤੇ ਮਨਹਿ ਹੈ ਜੋ ਦੇਹ ਨੂੰ ਸੁਸਤੀ ਕਰਦਾ ਹੈ। ਸਿਮਰਣ ਤੇ ਦੁਨੀਆਂ ਦੀ ਕਿਰਤ ਸੇ ਫੇਰ ਰੱਖਦਾ ਹੈ, ਕਰਣੇ ਨਹੀਂ ਦੇਂਦਾ, ਅਰੁ ਬਦ-ਅਮਲਾਂ ਨੂੰ ਦੌੜਾਉਂਦਾ ਹੈ, ਸਵਾਦਾਂ ਨੂੰ ਚਾਹੁੰਦਾ ਹੈ, ਸਵਾਦ ਕਰ ਕੈ ਬਦ-ਅਮਲ ਹੁੰਦੇ ਹਨ।

(ਗੁਰੁਮਤ ਮਾਰਤੰਡ-ਪੰਨਾ ੩੨੨)

-ਤਾਂਤ੍ਰਿਕਾਂ ਦੇ ਫੰਦੇ ਫਸੇ ਅਸਾਡੇ ਭੰਗੜ ਭਾਈਆਂ ਨੂੰ ਲੱਜਾ ਕਰਨੀ ਚਾਹੀਏ, ਜੋ ਮਤਿ-ਭੰਗ- ਕਰਤਾ ਭੰਗ ਨੂੰ ‘ਸੁਖ ਨਿਧਾਨ` ਪਦਵੀ ਦੇਂਦੇ ਹਨ ਅਤੇ ਭੰਗ ਦੀ ਮਿੱਠੀ ਸ਼ਰਦਾਈ ਨੂੰ ‘ਸ਼ਹੀਦੀ ਦੇਗ` ਆਖਣੋ ਸੰਕੋਚ ਨਹੀਂ ਕਰਦੇ, ਅਰ ਅਰਦਾਸ ਕਰਕੇ ਭੰਗ ਦਾ ਭੋਗ ਗੁਰੂ ਨੂੰ ਕਲਪਨਾ ਮਾਤ੍ਰ ਲਵਾਉਂਦੇ ਹਨ।

ਯੋਗਯ ਹੈ ਕਿ ਉਹ ਅੱਗੇ ਲਿਖੇ ਸ਼ਬਦਾਂ ਤੇ ਵਿਚਾਰ ਕਰਦੇ ਹੋਏ ਨਿੰਦਿਤ ਵਸਤੂ ਦਾ ਤਯਾਗ ਕਰ ਕੇ ਵਾਸਤਵ ਸੁਖ ਨਿਧਾਨ ਦਾ ਗਯਾਨ ਹਾਸਿਲ ਕਰਨ।

(ਗੁਰੁਮਤ ਮਾਰਤੰਡ -ਪੰਨਾ ੧੬੭)

-ਸੁਖ ਨਿਧਾਨੁ ਪ੍ਰਭੁ ਏਕ ਹੈ ਅਬਿਨਾਸੀ ਸੁਣਿਆ।।

ਜਲਿ ਥਲਿ ਮਹੀਅਲਿ ਪੂਰਿਆ ਘਟਿ ਘਟਿ ਹਰਿ ਭਣਿਆ।।

(ਵਾਰ ਗਉੜੀ- ਮਹਲਾ ੫-੩੧੯)

-ਮਨ ਤਨ ਅੰਤਰਿ ਚਰਨ ਧਿਆਇਆ।।

ਹਰਿ ਸੁਖ ਨਿਧਾਨ ਨਾਨਕ ਦਾਸਿ ਪਾਇਆ।।

(ਧਨਾਸਰੀ ਮਹਲਾ ੫-੬੮੪)

-ਸੁਖ ਨਿਧਾਨ ਪ੍ਰੀਤਮ ਪ੍ਰਭ ਮੇਰੇ।।

(ਬਿਲਾਵਲ ਮਹਲਾ ੫-੮੦੧)

ਜੇਕਰ ਅਸੀਂ ਦੁਖਮਈ ਜੀਵਨ ਤੋਂ ਛੁਟਕਾਰਾ ਪ੍ਰਾਪਤ ਕਰਕੇ ‘ਸੁਖਮਈ ਜੀਵਨ ਅਹਿਸਾਸ` ਵੱਲ ਪਰਤਣਾ ਚਾਹੁੰਦੇ ਹਾਂ ਤਾਂ ਜ਼ਰੂਰੀ ਹੈ ਕਿ ਜੀਵਨ ਵਿੱਚ ਗੁਰੂ ਦੀ ਮਤਿ ਤੋਂ ਉਲਟ ਸਾਰੇ ਕਾਰਜਾਂ-ਕਰਮਾਂ ਦਾ ਸਦੀਵੀਂ ਤਿਆਗ ਕਰਦੇ ਹੋਏ ਦਸ ਗੁਰੂ ਸਾਹਿਬਾਨ ਦੀ ਵਰੋਸਾਈ ਅਤੇ ਅਨੇਕਾਂ ਸਿੱਖ ਸ਼ਹੀਦਾਂ ਦੇ ਖੂਨ ਨਾਲ ਸਿੰਜੀ ਹੋਈ ਪੰਜਾਬ ਦੀ ਧਰਤੀ ਨੂੰ ਸਹੀ ਅਰਥਾਂ ਵਿੱਚ ‘ਪੰਜਾਬ ਜਿਉਂਦਾ ਗੁਰਾਂ ਦੇ ਨਾਮ ਤੇ` ਵਾਲੀ ਬਣਾ ਲਈਏ। ਪਰ ਅਜੋਕੇ ਸਮੇਂ ਦੀ ਸਿੱਖ ਸਿਆਸਤ ਵੀ ਨਸ਼ਿਆਂ ਦੀ ਘੁੰਮਣਘੇਰੀ ਵਿਚੋਂ ਹੀ ਰਾਜ ਭਾਗ ਦੇ ਸੁੱਖ ਲੱਭ ਰਹੀ ਪ੍ਰਤੀਤ ਹੁੰਦੀ ਹੈ। ਜੇਕਰ ਅਸੀਂ ਅਜੇ ਵੀ ਨਾਂ ਸੰਭਲੇ ਤਾਂ ਵਿਚਾਰਵਾਨ ਪੁਰਖਾਂ ਵਲੋਂ ਦਿਤੀਆਂ ਅਗਾਊਂ ਚੇਤਾਵਨੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ, ਪੰਜਾਬ- ਸਿੱਖੀ ਦੇ ਚੰਗੇਰੇ ਭਵਿੱਖ ਲਈ ਯਤਨਸ਼ੀਲ ਨਾ ਹੋਏ ਤਾਂ ਭਵਿਖ ਦੀ ਬੁੱਕਲ ਵਿੱਚ ਸਾਡੇ ਲਈ ਕੋਈ ਸਨਮਾਨਯੋਗ ਪਦਵੀਂ ਦੀ ਥਾਂ ਤੇ ਲਾਹਨਤਾਂ ਦੇ ਭੰਡਾਰ ਹੀ ਇਤਿਹਾਸ ਦੇ ਪੰਨਿਆਂ ਵਿੱਚ ਸਾਹਮਣੇ ਆਉਣਗੇ-

- ਐ ਬਾਬਾ! ਪੰਜਾਬ ਤੇਰੇ ਨੂੰ ਗਈ ਸਿਆਸਤ ਖਾਹ।

ਏਥੇ ਵਗਦਾ ਏ ਬਸ ਨਸ਼ਿਆਂ ਦਾ ਇਕੋ ਹੀ ਦਰਿਆ।

-ਸੰਭਲ ਜਾਉ! ਐ ਪੰਜਾਬ ਵਾਲੋ ਮੁਸੀਬਤ ਆਨੇ ਵਾਲੀ ਹੈ।

ਤੁਮਹਾਰੀ ਬਰਬਾਦੀਓਂ ਕੀ ਦਾਸਤਾਂ ਭੀ ਨ ਹੋਗੀ ਦਾਸਤਾਨੋ ਮੇਂ।

=========

(ਚਲਦਾ … …)

ਦਾਸਰਾ

ਸੁਖਜੀਤ ਸਿੰਘ ਕਪੂਰਥਲਾ

ਗੁਰਮਤਿ ਪ੍ਰਚਾਰਕ/ ਕਥਾਵਾਚਕ

201, ਗਲੀ ਨਬੰਰ 6, ਸੰਤਪੁਰਾ

ਕਪੂਰਥਲਾ (ਪੰਜਾਬ)

(98720-76876, 01822-276876)

e-mail - [email protected]




.