.

ਮੈਂ ਜੇਨੈਟ ਲੈਂਟ ਈਸਾਈ ਧਰਮ ਛੱਡ ਕੇ ਸਿੱਖ ਧਰਮ ਵਿੱਚ ਆ ਰਹੀ ਹਾਂ
(ਇੰਗਲਿਸ਼ ਵਿੱਚ ਲਿਖੇ ਇਸ ਲੇਖ ਦੀ ਮੂਲ-ਲੇਖਿਕਾ ਡਾਕਟਰ ਮਿਸ ਜੇਨੈਟ ਲੈਂਟ ਦੀ ਆਪ ਬੀਤੀ)

(ਨੋਟ : ਈਸਾਈ ਪਰਿਵਾਰ ਵਿੱਚ ਜੰਮੀ-ਪਲੀ ਡਾਕਟਰ ਮਿਸ ਜੇਨੈਟ ਲੈਂਟ ਆਪਣੇ ਈਸਾਈ ਭਰਾ ਕ੍ਰਿਸ ਹੈਮਰਜ਼ ਨੂੰ ਚਿੱਠੀ ਲਿਖ ਕੇ ਸਿੱਖ ਧਰਮ ਦੀਆਂ ਖ਼ੂਬੀਆਂ ਦੱਸ ਰਹੀ ਹੈ ਅਤੇ ਸਮਝਾ ਰਹੀ ਹੈ ਕਿ ਉਸ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੇ ਸਿੱਖ ਧਰਮ ਦੇ ਅਸੂਲਾਂ ਨੂੰ ਸਾਰੇ ਧਰਮਾਂ ਦੇ ਅਸੂਲਾਂ ਨਾਲ ਟਾਕਰਾ ਕਰ ਕੇ ਪਰਖਿਆ ਅਤੇ ਵਧੇਰਾ ਉੱਚਾ ਸੁੱਚਾ ਅਤੇ ਆਧੁਨਿਕ ਵਿਗਿਆਨ ਦੀ ਕਸਵੱਟੀ ਤੇ ਪੂਰਾ ਉਤਰਨ ਵਾਲਾ ਜਾਣ ਲਿਆ ਹੈ। ਇਸ ਲਈ ਸਿੱਖ ਧਰਮ ਧਾਰਣ ਦਾ ਪੱਕਾ ਫ਼ੈਸਲਾ ਕਰ ਲਿਆ ਹੈ ਅਤੇ ਆਪਣੇ ਹੋਣ ਵਾਲੇ ਜੀਵਨ ਸਾਥੀ ਨੂੰ ਵੀ ਸਿੱਖ ਧਰਮ ਧਾਰਣ ਕਰਨ ਲਈ ਪੇ੍ਰਰਿਆ।)
ਸੁਣ ਕ੍ਰਿਸ ਹੈਮਰਜ਼, ਮੈਂ ਤੈਨੂੰ ਪਹਿਲਾਂ ਕਦੇ ਦੱਸ ਨਹੀਂ ਸਕੀ, ਸਿੱਖ ਧਰਮ ਦੀਆਂ ਉਹ ਗੱਲਾਂ ਜਿਨ੍ਹਾਂ ਦੀ ਪ੍ਰਮਾਣਿਕਤਾ ਤੋਂ ਮੈਂ ਪ੍ਰਭਾਵਤ ਹੋਈ ਹਾਂ। ਇਸ ਦਾ ਸਭ ਤੋਂ ਵੱਡਾ ਸਬੂਤ ਹੈ ਸਿੱਖ ਧਰਮ ਦਾ ‘‘ਪਵਿੱਤਰ ਗ੍ਰੰਥ’’ ਜਿਸ ਨੂੰ (ਗੁਰੂ) ਗ੍ਰੰਥ ਸਾਹਿਬ ਆਖਿਆ ਜਾਂਦਾ ਹੈ। ਇਸ ਗ੍ਰੰਥ ਸਾਹਿਬ ਦੀ ਸੰਪਾਦਨਾ ਤਕਰੀਬਨ 240 ਸਾਲਾਂ ਵਿੱਚ ਉਨ੍ਹਾਂ ਮਹਾਂਪੁਰਖਾਂ ਨੇ ਆਪਣੇ ਹੱਥੀਂ ਕੀਤੀ ਜਿਨ੍ਹਾਂ ਨੇ ਸਿੱਖ ਧਰਮ ਦੀ ਨੀਂਹ ਰੱਖੀ। ਇਸ ਗ੍ਰੰਥ ਦੀਆਂ ਹੋਰ ਕਾਪੀਆਂ ਹੱਥ-ਲਿਖਤ ਅਸਲ ਨਾਲ ਮੇਲ ਖਾਂਦੀਆਂ ਹਨ। ਵਿਗਿਆਨਕ ਨਜ਼ਰੀਏ ਨਾਲ ਵੇਖੀਏ ਤਾਂ ਆਮ ਆਦਮੀ ਲਈ ਐਸੀਆਂ ਖ਼ੂਬੀਆਂ ਵਾਲਾ ਗ੍ਰੰਥ ਲਿਖਣਾ ਨਾ-ਮੁਮਕਿਨ ਹੈ। ਕੱੁਝ ਅਸਚਰਜ, ਹੈਰਾਨ-ਕੁਨ, ਖ਼ੁਬੀਆਂ ਹੇਠ ਲਿਖਤ ਹਨ :-
1. ਇਸ ਗ੍ਰੰਥ ਨੂੰ ਲਿਖਣ ਲਈ ਬੜੇ ਡੂੰਘੇ ਅਰਥਾਂ ਵਾਲੀ ਪ੍ਰਭਾਵਸ਼ਾਲੀ ਸ਼ਬਦਾਵਲੀ 16 ਜ਼ੁਬਾਨਾਂ ਵਿੱਚੋਂ ਲੈ ਕੇ ਵਰਤੀ ਗਈ। (ਮੈਂ ਤਾਂ ਕਹਾਂਗੀ ਕਿ ਐਸੀ ਸ਼ਬਦਾਵਲੀ ਸੰਸਾਰ ਦੇ ਕਿਸੇ ਹੋਰ ਗ੍ਰੰਥ ਵਿੱਚ ਨਹੀਂ ਵਰਤੀ ਗਈ; ਮੇਰੇ ਇਹ ਲਿਖਣ ‘ਤੇ ਤੁਸੀ ਮੈਨੂੰ ਪੱਖਪਾਤੀ ਆਖ ਕੇ ਨਜ਼ਰ-ਅੰਦਾਜ਼ ਕਰਣਾ ਚਾਹੋਗੇ)।
2. ਇਨ੍ਹਾਂ 16 ਜ਼ੁਬਾਨਾਂ ਦਾ ਆਪਸੀ ਤਾਲ-ਮੇਲ ਨਾ ਹੋਣ ਦੇ ਬਾਵਜੂਦ, ਇਸ ਗ੍ਰੰਥ ਦੀ ਹਰ ਰਚਨਾ ਵਿੱਚ ਲਫ਼ਜ਼ਾਂ ਨੂੰ ਐਸੇ ਸੁਚੱਜੇ ਢੰਗ ਨਾਲ ਢੁਕਾਅ ਕੇ ਲਿਖਿਆ ਹੈ ਕਿ ਅਰਥ ਬਿਲਕੁਲ ਸਹੀ ਸਮਝ ਆ ਸਕਣ।
3. ਜੋ ਵਰਣ-ਮਾਲਾ (ਪੈਂਤੀ-ਅੱਖਰੀ) ਗ੍ਰੰਥ ਸਾਹਿਬ ਵਿੱਚ ਵਰਤੀ ਗਈ ਹੈ ਉਹ ਇਸ ਦੇ ਲਿਖਾਰੀ ਮਹਾਂਪੁਰਖਾਂ ਨੇ ਹੀ ਈਜਾਦ ਕੀਤੀ ਹੈ। ਇਹ ਵਰਣ-ਮਾਲਾ ਗੁਰਮੁੱਖੀ ਕਹੀ ਜਾਂਦੀ ਹੈ। ਇਹ ਨਾ-ਮੁਮਕਿਨ ਹੈ ਕਿ ਗੁਰਮੁੱਖੀ ਲਿਖਣ-ਬੋਲਣ ਵਿੱਚ ਕੋਈ ਗ਼ਲਤੀ ਹੋ ਸਕੇ ਕਿਉਂਕਿ ਇਸ ਭਾਸ਼ਾ ਦੇ ਢੁਕਵੇਂ ਤੇ ਸਹੀ ਵਿਆਕਰਣਕ-ਨਿਯਮ ਹਨ। ਹਰ ਲਫ਼ਜ਼ ਇੱਕੋ ਤਰ੍ਹਾਂ ਹੀ ਬੋਲਿਆ ਜਾਂ ਲਿਖਿਆ ਜਾ ਸਕਦਾ ਹੈ; ਅੰਗ੍ਰੇਜ਼ੀ ਵਾਂਙ ਨਹੀਂ ਜਿਥੇ
knife ਅੱਖਰ ਵਿੱਚ k ਉਚਾਰਿਆ ਨਹੀਂ ਜਾਂਦਾ। ਗੁਰਮੁੱਖੀ ਨੂੰ ਸਮਝਣਾ ਬਹੁਤ ਆਸਾਨ ਹੈ। ਮੈਂ ਦਾਵ੍ਹੇ ਨਾਲ ਆਖ ਸਕਦੀ ਹਾਂ ਕਿ ਜੇ ਕੰਪਯੂਟਰ ਦਾ ਈਜਾਦ ਕੁੱਝ ਸਦੀਆਂ ਪਹਿਲੇ ਹੋਇਆ ਹੁੰਦਾ ਤਾਂ ਸੰਸਾਰ ਦੀ ਕਾਰੋਬਾਰੀ ਭਾਸ਼ਾ ਗੁਰਮੁੱਖੀ ਹੁੰਦੀ।
4. ਹਰ ਸ਼ਬਦ ਬੜੇ ਉੱਚੇ ਮਿਆਰ ਦੀ ਕਵਿਤਾ ਵਿੱਚ ਲਿਖਿਆ ਹੈ। (ਅੰਗ੍ਰੇਜ਼ੀ ਕਵਿ ਵਿਲੀਅਮ ਸ਼ੇਕਸਪੀਅਰ ਹੁੰਦਾ ਤਾਂ ਈਰਖਾ ਕਰਦਾ।)
5. ਨਾਲ ਹੀ ਹਰ ਸ਼ਬਦ ‘‘ਸੰਗੀਤਕ ਧੁਨਾਂ’’ ‘ਤੇ ਆਧਾਰਤ ਹੈ।
6. ਨਾਲ ਹੀ ਹਰ ਸ਼ਬਦ ਸੰਗੀਤਕ ਸੁਰ ਤਾਲ ‘ਤੇ ਪੂਰਾ ਉਤਰਣ ਕਰ ਕੇ ‘‘ਹਰ ਸੰਗੀਤਕ ਸਾਜ਼’’ ਵਜਾ ਕੇ ਗਾਇਆ ਜਾ ਸਕਦਾ ਹੈ।
ਸਿੱਖ ਧਰਮ ਵਿਸ਼ਵਾਸ ਰਖਦਾ ਹੈ ਕਿ ਅਰਦਾਸ ਬਹੁਤ ਸੁਖਦਾਇਕ, ਮਾਨਸਿਕ ਤਨਾਵ
(stress) ਦੂਰ ਕਰਣ ਵਾਲਾ, ਸਹੀ ਸੋਚ ਪ੍ਰਦਾਨ ਕਰਣ ਵਾਲਾ ਕਰਮ ਹੈ।
ਹੁਣ, ਜ਼ਰਾ ਸੋਚ, ਮਿਸਟਰ ਹੈਮਰਜ਼! ਤੇਰਾ ਰੱਬ ਤਾਂ ਇੱਕ ਚਪਟੀ ਧਰਤੀ, ਇੱਕ ਸਵਰਗ ਅਤੇ ਇਕ ਨਰਕ ਦਾ ਰੱਬ ਹੈ। ਪਰ ਸਿੱਖਾਂ ਦਾ ਰੱਬ, ਜੈਸਾ ਕਿ ਮੈਂ ਉੱਪਰ ਬਿਆਨ ਕੀਤਾ ਹੈ, ਬਹੁਤ ਵੱਡਾ ਹੈ, ਉਸ ਦੀ ਧਰਤੀ ਗੋਲ ਹੈ, ਉਹ ਅਨਗਿਨਤ ਸਵਰਗਾਂ ਤੇ ਅਨਗਿਨਤ ਨਰਕਾਂ ਦਾ ਮਾਲਕ ਹੈ, ਤੁਹਾਡੇ ਇੱਕ ਸਵਰਗ ਅਤੇ ਇਕ ਨਰਕ ਸਮੇਤ। ਇਸ ਤਰ੍ਹਾਂ, ਮਿਸਟਰ ਹੈਮਰਜ਼, ਤੇਰਾ (ਭਾਵ, ਜੋ ਜੀਸਸ ਨੇ ਦਸਿਆ) ਰੱਬ ਤਾਂ ਬਹੁਤ ਛੋਟਾ ਹੈ, ਘਟ ਤਾਕਤਵਰ ਹੈ...ਦੱਸ, ਇਹ ਕਿਵੇਂ ਕਿ ਬਾਈਬਲ ਵਿੱਚ ਇਸਦਾ ਜ਼ਿਕਰ ਹੀ ਨਹੀਂ?
ਹੁਣ ਇੱਕ ਭਵਿਖਬਾਣੀ ਪੇਸ਼ ਕਰਦੀ ਹਾਂ। ਨਿਕਟ ਭਵਿੱਖ ਵਿੱਚ ਤੁਹਾਡੇ ਵਿਗਿਆਨੀ ਖੋਜ ਕਰਣਗੇ ਕਿ ਸਿੱਖ ਧਰਮ ਗੁਰੂ-ਨਾਨਕ-ਬਾਣੀ ਸਹੀ ਹੈ ਕਿ ਬ੍ਰਹਮਾਂਡ ਉਪਰ ਬ੍ਰਹਮਾਂਡ ਹਨ ਅਤੇ ਹੋਰ ਅੱਗੇ ਭਵਿੱਖ ਵਿੱਚ ਖੋਜਣਗੇ ਕਿ ਕਰੋੜਾਂ ਬ੍ਰਹਮਾਂਡ ਦਾ ਇਕ ਗੋਲਾ ਹੈ ਅਤੇ ਅੱਗੇ ਹੋਰ ਐਸੇ ਬੇਅੰਤ ਗੋਲੇ ਹਨ। ਗੁਰਬਾਣੀ ਵਿੱਚ ਅੱਗੇ ਲਿਖੇ ਬਿਆਨ ਦਾ ਅਨੰਦ ਮਾਣ:
‘‘ਰੱਬ ਦੀ ਰਚਨਾ ਵਿੱਚ ਅਨਗਿਨਤ ਧਰਤੀਆਂ ਉੱਪਰ ਅਨਗਿਨਤ ਧਰਤੀਆਂ ਹਨ, ਸੌਰ ਮੰਡਲਾਂ ਉੱਪਰ ਅਨੇਕਾਂ ਹੋਰ ਸੌਰ-ਮੰਡਲ ਹਨ, ਬ੍ਰਹਮੰਡਾਂ ਉੱਪਰ ਅਨੇਕਾਂ ਬ੍ਰਹਮਾਂਡ ਹਨ, ..., ਗੋਲੇ ਉਪਰ ਬੇਅੰਤ ਗੋਲੇ ਹਨ; ਰੱਬ ਦੇ ਹੁਕਮ ਅਨੁਸਾਰ ਚਲ ਰਹੇ ਹਨ। ਰੱਬ ਆਪਣੀ ਰਚੀ ਸ੍ਰਿਸ਼ਟੀ ਸੰਭਾਲ ਕੇ ਅਨੰਦ ਮਾਣ ਰਿਹਾ ਹੈ’’।
ਕ੍ਰਿਸ ਹੈਮਰਜ਼! ਸਿਰਫ਼ ੴ, ਇੱਕ ਕਰਤਾਰ ਦਾ ਨਾਮ ਹੀ ਵੱਡਮੁੱਲਾ ਹੈ, ਨਾ ਕਿ ਨੇਕ ਬੰਦੇ ਜੀਸਸ ਦਾ। ਮੈਨੂੰ ਲਗਦਾ ਹੈ ਕਿ ਤੂੰ ਧਾਰਮਿਕ ਕੱਟਰਵਾਦੀ ਹੈਂ ਜਿਸ ਨੂੰ ਸਿੱਖ ਧਰਮ ਪਰਵਾਨ ਨਹੀਂ ਕਰਦਾ; ਕਿਉਂਕਿ ਕੱਟਰਵਾਦ ਦੀਵਾਰ ਹੈ ੴ ਨਾਲ ਆਤਮਕ ਰਿਸ਼ਤਾ ਜੋੜਨ ਲਈ। ਸਿੱਖ ਆਪਣਾ ਧਰਮ ਫੈਲਾਣ ਵਿੱਚ ਸਮਾ ਬਰਬਾਦ ਨਹੀਂ ਕਰਦੇ ਜੈਸਾ ਕਿ ਹੋਰ ਧਰਮਾਂ ਵਾਲੇ ਕਰਦੇ ਹਨ; ਕੋਈ ਬੰਦਾ ਆਪਣੇ ਕੀਮਤੀ ਹੀਰੇ ਵੰਡਦਾ ਨਹੀਂ। ਮੇਰੇ ਚੰਗੇ ਭਾਗ ਕਿ ਮੈਨੂੰ ਸੁੱਚਾ ਹੀਰਾ (ਪੂਰਨ ਗੁਰੂ) ਲੱਭ ਗਿਆ। ਮੈਂ ਸਿਰਫ਼ ਆਸ ਕਰ ਸਕਦੀ ਹਾਂ ਕਿ ਮੈਂ ਇਤਨੀ ਸਿਆਣੀ ਹੋ ਸਕਾਂ ਕਿ ਗੁਰੂ ਨਾਨਕ ਦੇ ਧਰਮ ਦੀਆਂ ਸਿਖਿਆਵਾਂ / ਉਪਦੇਸਾਂ (ਗੁਰਬਾਣੀ) ‘ਤੇ ਚੱਲ ਸਕਾਂ।’’
ਇਸ ਪੁਸਤਿਕਾ ਦਾ ਨਿਚੋੜ : ਸੋ ਮੁਕਤੁ ਨਾਨਕ ਜਿਸੁ ਸਤਿਗੁਰੁ ਚੰਗਾ॥
(ਗੁਰੂ ਗ੍ਰੰਥ ਸਾਹਿਬ, ਕਾਨੜਾ ਮਹਲਾ 5, ਪੰਨਾ 1305)
ਬੇਨਤੀ : ਪਾਠਕ ਕਿਰਪਾ ਕਰ ਕੇ ਜੇਨੈਟ ਲੈਂਟ ਦਾ ਪੂਰਾ ਲੇਖ ਅਤੇ ਹੋਰ ਐਸੀਆਂ ਕਈ ਸੱਚੀਆਂ ਆਪ-ਬੀਤੀਆਂ ਕਹਾਣੀਆਂ, ਆਤਮ-ਕਥਾਵਾਂ, ਇੰਟਰਨੈੱਟ ‘ਤੇ
www.searchsikhism.com ਦੇ Chapter "Stories" ਵਿੱਚ ਜ਼ਰੂਰ ਪੜ੍ਹਨਾ ਜੀ।
(ਅਨੁਵਾਦਕ : ਦਲਬੀਰ ਸਿੰਘ, ਨਵੀਂ ਦਿੱਲੀ)
(ਨੋਟ:- ਕੋਈ 20 ਕੁ ਸਾਲ ਪਹਿਲਾਂ ਜਦੋਂ ਮੈਂ ਆਪਣੀ ਸਾਈਟ ਚਾਲੂ ਕੀਤੀ ਸੀ ਤਾਂ ਇਸ ਤਰ੍ਹਾ ਦਾ ਇੱਕ ਲੇਖ ਮੈਨੂੰ ਵੀ ਕਿਸੇ ਨੇ ਭੇਜਿਆ ਸੀ ਅਤੇ ਮੈਂ ਕੁੱਝ ਸਮਾਂ ਇੰਟਰਨੈੱਟ ਤੇ ਪਾਈ ਰੱਖਿਆ ਸੀ। ਫਿਰ ਇਸ ਦੇ ਲੇਖਕ ਬਾਰੇ ਕਈ ਸਵਾਲ ਉਠਣੇ ਸ਼ੁਰੂ ਹੋਏ ਜਿਸ ਦਾ ਕੋਈ ਵੀ ਤਸੱਲੀ ਬਖਸ਼ ਜਵਾਬ ਨਹੀਂ ਦੇ ਸਕਿਆ ਕਿ ਇਹ ਕਿੱਥੋਂ ਦੀ ਰਹਿਣ ਵਾਲੀ ਹੈ? ਕੀ ਇਹ ਜਿੰਦਾ ਹੈ ਜਾਂ ਮਰ ਚੁੱਕੀ ਹੈ। ਜਦੋਂ ਕੋਈ ਵੀ ਤਸੱਲੀ ਬਖ਼ਸ਼ ਜਵਾਬ ਨਾ ਮਿਲਿਆ ਤਾਂ ਮੈਂ ਇਸ ਲੇਖ ਨੂੰ ਹਟਾ ਦਿੱਤਾ ਸੀ। ਇਸ ਬਾਰੇ ਮੈਂ 100% ਤਸੱਲੀ ਨਾਲ ਨਹੀਂ ਕਹਿ ਸਕਦਾ ਕਿ ਇਹ ਉਹੀ ਹੈ ਜਾਂ ਕੋਈ ਹੋਰ ਹੈ-ਸੰਪਾਦਕ)

ਕਰਨਲ ਗੁਰਦੀਪ ਸਿੰਘ
.