.

ਜੂਲੀਅਨ-ਗਰੈਗੋਰੀਅਨ `ਚ ਫਰਕ ਨਾ ਸਮਝਣ ਕਾਰਨ ਪੈ ਰਹੇ ਝਮੇਲੇ

ਸਰਵਜੀਤ ਸਿੰਘ

ਦੁਨੀਆਂ ਵਿਚ ਵਰਤੇ ਜਾਣ ਵਾਲੇ ਸਾਂਝੇ ਕੈਲੰਡਰ ਦਾ ਮੁੱਢ, ਜੂਲੀਅਨ ਸੀਜਰ ਵੱਲੋਂ ਈਸਾ ਤੋਂ 46 ਸਾਲ ਪਹਿਲਾ ਬੰਨਿਆਂ ਗਿਆ ਸੀ। ਇਸ ਸਾਲ ਦੀ ਲੰਬਾਈ 365 ਦਿਨ 6 ਘੰਟੇ ਮੰਨੀ ਗਈ ਸੀ। ਜੂਲੀਅਨ ਕੈਲੰਡਰ ਦੇ ਸਧਾਰਨ ਸਾਲ ਵਿੱਚ 365 ਦਿਨ ਹੁੰਦੇ ਸਨ ਅਤੇ ਵਾਧੂ ਦੇ 6 ਘੰਟੇ, ਹਰ ਚੌਥੇ ਸਾਲ ਫਰਵਰੀ ਦੇ ਵਿੱਚ ਇਕ ਵਾਧੂ ਦਿਨ ਜੋੜ ਕੇ ਹਿਸਾਬ ਬਰਾਬਰ ਕਰ ਦਿੱਤਾ ਜਾਂਦਾ ਸੀ। ਇਸ ਤਰ੍ਹਾਂ 4 ਸਾਲ ਵਿਚ ਕੁਲ 1461 ਦਿਨ ਬਣਦੇ ਸਨ ਅਤੇ ਸਾਲ ਦੀ ਲੰਬਾਈ (1461/4) 365.25 ਦਿਨ ਮੰਨੀ ਗਈ ਸੀ। 1582 ਈ. ਵਿੱਚ ਰੋਮ ਵਾਸੀਆਂ ਵੱਲੋਂ ਇਸ ਵਿੱਚ ਸੋਧ ਕੀਤੀ ਗਈ ਸੀ। ਹੋਇਆ ਇਹ ਕਿ ਜਦੋਂ ਰੋਮ ਵਾਸੀਆਂ ਨੂੰ ਇਹ ਗਿਆਨ ਹੋਇਆ ਕਿ 325 ਈ. ਵਿੱਚ ਬਣਾਏ ਨਿਯਮਾ ਮੁਤਾਬਕ, ਉਨ੍ਹਾਂ ਦੇ ਦਿਨ ਤਿਉਹਾਰਾਂ ਦਾ ਸਬੰਧ ਮੌਸਮ ਨਾਲੋਂ ਟੁੱਟ ਗਿਆ ਹੈ ਤਾਂ ਇਸ ਦੇ ਕਾਰਨਾਂ ਦੀ ਪੜਤਾਲ ਕਰਨ ਦਾ ਕੰਮ ਮਾਹਿਰਾਂ ਨੂੰ ਸੌਂਪਿਆ ਗਿਆ। ਮਾਹਿਰਾਂ ਵੱਲੋਂ ਇਸ ਸਮੱਸਿਆ ਦਾ ਕਾਰਨ ਇਹ ਦੱਸਿਆ ਗਿਆ ਕਿ ਅਸਲ ਵਿੱਚ ਸਾਲ ਦੀ ਲੰਬਾਈ 365.2422 ਦਿਨ ਭਾਵ 365 ਦਿਨ 5 ਘੰਟੇ 48 ਮਿੰਟ 45 ਸੈਕਿੰਡ ਹੈ। ਜੋ ਪਹਿਲਾ ਮੰਨੀ ਗਈ ਲੰਬਾਈ ਤੋਂ ਲੱਗ ਭੱਗ ਸਵਾ ਗਿਆਰਾਂ ਮਿੰਟ ਘੱਟ ਹੈ। ਜਿਸ ਕਾਰਨ 128 ਸਾਲ ਪਿਛੋਂ ਇਕ ਦਿਨ ਦਾ ਫਰਕ ਪੈ ਜਾਂਦਾ ਹੈ। ਉਨ੍ਹਾਂ ਨੇ ਸਾਲ ਦੀ ਲੰਬਾਈ ਨੂੰ ਰੁੱਤੀ ਸਾਲ ਦੀ ਲੰਬਾਈ ਦੇ ਬਰਾਬਰ ਕਰਨ ਲਈ ਨਵਾਂ ਫਾਰਮੂਲਾ ਅਪਣਾਇਆ ਗਿਆ। ਜਿਸ ਮੁਤਾਬਕ ਸਾਲ ਦੀ ਲੰਬਾਈ 365.2425 ਦਿਨ ਮੰਨੀ ਗਈ। ਪੋਪ ਗਰੈਗਰੀ ਵੱਲੋਂ ਬਣਾਈ ਗਈ ਕਮੇਟੀ ਨੇ 1582 ਈ. ਵਿੱਚ ਵੱਧੇ ਹੋਏ ਦਿਨਾਂ ਦੇ ਫਰਕ ਨੂੰ ਇਕੋ ਝਟਕੇ ਹੀ, ਵੀਰਵਾਰ 4 ਅਕਤੂਬਰ ਤੋਂ ਪਿਛੋਂ ਸ਼ੁੱਕਰਵਾਰ ਨੂੰ 15 ਅਕਤੂਬਰ ਕਰਕੇ ਸਮੱਸਿਆ ਦਾ ਹਲ ਕਰ ਦਿੱਤਾ। ਇਸ ਕੈਲੰਡਰ ਨੂੰ ਗਰੈਗੋਰੀਅਨ ਦੇ ਨਾਮ ਨਾਲ ਜਾਣਿਆ ਜਾਣ ਲੱਗਾ। ਇੰਗਲੈਂਡ ਨੇ ਇਸ ਸੋਧ ਨੂੰ 1752 ਈ. ਵਿੱਚ ਪ੍ਰਵਾਨ ਕੀਤਾ ਸੀ ਅਤੇ ਬੁਧਵਾਰ 2 ਸਤੰਬਰ ਤੋਂ ਪਿਛੋਂ ਵੀਰਵਾਰ ਨੂੰ 14 ਸਤੰਬਰ ਕਰ ਦਿੱਤੀ ਸੀ। ਨਵੇਂ ਨਿਯਮ ਮੁਤਾਬਕ ਬਣਾਏ ਗਏ ਕੈਲੰਡਰ ਜਿਸ ਨੂੰ ਗਰੈਗੋਰੀਅਨ ਕੈਲੰਡਰ ਕਿਹਾ ਗਿਆ ਦੇ ਸਾਲ ਦੀ ਲੰਬਾਈ 365.2425 ਦਿਨ ਮੰਨੀ ਗਈ ਹੈ। ਇਹ ਲੰਬਾਈ ਰੁੱਤੀ ਸਾਲ ਦੀ ਲੰਬਾਈ ਤੋਂ ਲੱਗ ਭੱਗ 26 ਸੈਕਿੰਡ ਵੱਧ ਹੈ। ਸਾਲ ਦੀ ਲੰਬਾਈ ਦੇ ਫਰਕ ਕਾਰਨ ਪਹਿਲਾ ਜਿਹੜਾ ਇਕ ਦਿਨ ਦਾ ਫਰਕ 128 ਸਾਲਾਂ ਪਿਛੋਂ ਪੈ ਜਾਂਦਾ ਸੀ, ਉਹ ਹੁਣ ਉਹ ਇਕ ਦਾ ਫਰਕ 3332 ਸਾਲ ਪਿਛੋਂ ਪਵੇਗਾ। ਹੈਰਾਨੀ ਦੀ ਗੱਲ ਹੈ ਕਿ ਜਿਹੜੀ ਗੱਲ ਰੋਮ ਵਾਸੀਆਂ ਨੂੰ ਸੋਲਵੀਂ ਸਦੀ ਵਿੱਚ ਸਮਝ ਆ ਗਈ ਸੀ ਕਿ ਉਨ੍ਹਾਂ ਦੇ ਕੈਲੰਡਰੀ ਸਾਲ ਦੀ ਲੰਬਾਈ ਰੁੱਤੀ ਸਾਲ ਦੀ ਲੰਬਾਈ ਤੋਂ ਵੱਧ ਹੈ, ਸਿੱਖਾਂ ਨੂੰ ਇੱਕੀਵੀਂ ਸਦੀ ਵਿੱਚ ਵੀ ਨਹੀਂ ਆ ਰਹੀ। ਖੈਰ! ਇਹ ਏਨੀ ਫਿਕਰ ਵਾਲੀ ਗੱਲ ਵੀ ਨਹੀ ਹੈ ਕਿਉਂਕਿ ਇੰਗਲੈਂਡ ਵਾਲਿਆਂ ਨੇ ਵੀ ਜੂਲੀਅਨ ਕੈਲੰਡਰ ਦੀ ਸੋਧ ਨੂੰ ਪੌਣੇ ਦੋ ਸਦੀਆਂ ਪਿਛੋਂ ਪ੍ਰਵਾਨ ਕੀਤਾ ਸੀ।
ਇੰਡੀਆ ਵਿੱਚ ਇਹ ਕੈਲੰਡਰ ਗੋਰਿਆਂ ਦੇ ਨਾਲ ਹੀ ਆਇਆ ਸੀ। ਇੰਡੀਆ ਵਿਚ ਤਾਂ ਆਮ ਤੋਰ ਤੇ ਬਿਕ੍ਰਮੀ ਕੈਲੰਡਰ ਹੀ ਪ੍ਰਚਲਤ ਸੀ। ਗੋਰਿਆਂ ਨੇ ਆਪਣੀ ਸਹੂਲਤ ਲਈ ਸਤੰਬਰ 1752 ਈ. ਤੋਂ ਪਹਿਲੀਆਂ ਬਿਕ੍ਰਮੀ ਤਾਰੀਖਾਂ ਨੂੰ ਜੂਲੀਅਨ ਵਿੱਚ ਅਤੇ ਉਸ ਤੋਂ ਪਿਛੋਂ ਦੀਆਂ ਤਾਰੀਖਾਂ ਨੂੰ ਗਰੈਗੋਰੀਅਨ ਵਿੱਚ ਬਦਲੀ ਕਰ/ਕਰਵਾ ਲਿਆ। ਮਿਸਾਲ ਦੇ ਤੌਰ ਤੇ ਜਦੋ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ ਸੀ ਤਾਂ ਉਸ ਵੇਲੇ ਦੇ ਪ੍ਰਚੱਲਤ ਕੈਲੰਡਰਾਂ ਮੁਤਾਬਕ ਇਹ ਤਾਰੀਖ 23 ਪੋਹ ਜਾਂ ਪੋਹ ਸੁਦੀ 7 ਸੀ। ਜਦੋ ਇਸ ਤਾਰੀਖ ਨੂੰ ਜੂਲੀਅਨ ਕੈਲੰਡਰ ਵਿਚ ਬਦਲੀ ਕੀਤਾ ਗਿਆ ਤਾਂ ਇਹ 22 ਦਸੰਬਰ ਲਿਖੀ ਗਈ। ਫਰਜ਼ ਕਰੋ ਕਿ ਇੰਗਲੈਂਡ ਵਾਲੇ ਵੀ ਜੂਲੀਅਨ ਕੈਲੰਡਰ ਵਿੱਚ ਕੀਤੀ ਗਈ ਸੋਧ ਨੂੰ 1582 ਈ. ਵਿੱਚ ਹੀ ਪ੍ਰਵਾਨ ਕਰ ਲੈਂਦੇ ਤਾਂ ਇਹ ਤਾਰੀਖ ਗਰੈਗੋਰੀਅਨ ਕੈਲੰਡਰ ਵਿੱਚ ਲਿਖੀ ਜਾਣੀ ਸੀ ਜੋ 1 ਜਨਵਰੀ 1667 ਈ. ਹੋਣੀ ਸੀ। ਇਹ ਹੀ ਕਾਰਨ ਹੈ ਕਿ ਨਾਨਕਸ਼ਾਹੀ ਕੈਲੰਡਰ ਦਾ ਵਿਰੋਧੀ ਸੱਜਣ ਵਾਰ-ਵਾਰ ਇਹ ਕਹਿੰਦਾ ਹੈ ਕਿ ਗੁਰੂ ਜੀ ਦਾ ਜਨਮ 5 ਜਨਵਰੀ ਨੂੰ ਨਹੀ ਸਗੋਂ 1 ਜਨਵਰੀ ਦਾ ਬਣਦਾ ਹੈ।
ਅੱਜ ਬਹੁਤ ਸਾਰੇ ਵਿਦਵਾਨਾਂ ਵੱਲੋਂ ਆਪਣੀਆਂ ਲਿਖਤਾਂ ਵਿੱਚ ਬਿਕ੍ਰਮੀ ਕੈਲੰਡਰ ਦੀਆਂ ਅਸਲ ਤਾਰੀਖਾਂ ਲਿਖਣ ਦੀ ਬਿਜਾਏ, 1752 ਈ. ਤੋਂ ਪਹਿਲੀਆਂ ਬਿਕ੍ਰਮੀ ਤਾਰੀਖਾਂ ਨੂੰ ਜੂਲੀਅਨ ਕੈਲੰਡਰ ਦੀਆਂ ਤਾਰੀਖਾਂ ਵਿੱਚ ਹੀ ਲਿਖਿਆ ਜਾਂਦਾ ਹੈ। ਉਹ ਇਹ ਭੁਲ ਹੀ ਜਾਂਦੇ ਹਨ ਕਿ ਜੂਲੀਅਨ ਕੈਲੰਡਰ ਤਾਂ ਕਦੇ ਇੰਡੀਆ ਵਿਚ ਲਾਗੂ ਹੀ ਨਹੀਂ ਹੋਇਆ। ਸਵਾਲ ਪੈਦਾ ਹੁੰਦਾ ਹੈ ਜਿਹੜਾ ਕੈਲੰਡਰ ਕਦੇ ਲਾਗੂ ਹੀ ਨਹੀ ਹੋਇਆ, ਉਸ ਵਿਚ ਇਤਿਹਾਸ ਕਿਵੇਂ ਲਿਖਿਆ ਜਾ ਸਕਦਾ ਸੀ? ਮਿਸਾਲ ਦੇ ਤੌਰ ਤੇ, ਇਕ ਵਿਦਵਾਨ ਵੱਲੋਂ ਬਣਾਇਆਂ ਹੋਇਆ 2015 ਈ. ਦਾ ਕੈਲੰਡਰ ਵੇਖਿਆ ਤਾ ਉਸ ਵਿੱਚ ਗੁਰੂ ਨਾਨਕ ਜੀ ਦੇ ਜੋਤੀ ਜੋਤ ਸਮਾਉਣ ਦੀ ਤਾਰੀਖ 7 ਸਤੰਬਰ 1539 ਈ. ਦਰਜ ਹੈ। ਇਸ ਕੈਲੰਡਰ ਮੁਤਾਬਕ ਇਹ ਦਿਹਾੜਾ 7 ਸਤੰਬਰ ਨੂੰ ਮਨਾਇਆ ਗਿਆ ਹੋਵੇ ਤਾਂ 7 ਸਤੰਬਰ ਗਰੈਗੋਰੀਅਨ ਨੂੰ ਤਾਂ ਜੂਲੀਅਨ ਦੀ 25 ਅਗਸਤ ਸੀ। ਜੇ 7 ਸਤੰਬਰ ਜੂਲੀਅਨ ਨੂੰ ਮਨਾਇਆ ਜਾਵੇ ਤਾਂ ਇਹ 20 ਸਤੰਬਰ ਗਰੈਗੋਰੀਅਨ ਨੂੰ ਮਨਾਇਆ ਜਾਣਾ ਚਾਹੀਦਾ ਸੀ। ਉਸ ਵੇਲੇ ਦੇ ਪ੍ਰਚਲਤ ਕੈਲੰਡਰਾਂ ਵਿੱਚ ਇਹ ਤਾਰੀਖ 8 ਅੱਸੂ ਜਾਂ ਅੱਸੂ ਵਦੀ 10 ਦਰਜ ਹੈ। ਜਦੋ ਇਸ ਤਾਰੀਖ ਨੂੰ ਜੂਲੀਅਨ ਵਿੱਚ ਲਿਖਿਆ ਗਿਆ ਤਾਂ ਇਹ 7 ਸਤੰਬਰ ਲਿਖੀ ਗਈ ਸੀ ਜੇ ਇਹ ਤਾਰੀਖ ਨੂੰ ਗਰੈਗੋਰੀਅਨ ਵਿੱਚ ਲਿਖੀ ਜਾਂਦੀ ਤਾਂ ਇਹ 17 ਸਤੰਬਰ ਹੋਣੀ ਸੀ। 10 ਦਿਨਾਂ ਦੇ ਫਰਕ ਨੂੰ ਫਰਕ ਹੀ ਨਾ ਸਮਝਣ ਵਾਲੇ ਵਿਦਵਾਨ, ਨਾਨਕਸ਼ਾਹੀ ਕੈਲੰਡਰ ਨੂੰ ਸਿੱਖਾਂ ਨਾਲ ਸਦੀ ਦਾ ਸਭ ਤੋਂ ਵੱਡਾ ਧੋਖਾ ਕਰਾਰ ਦੇ ਰਹੇ ਹਨ। ਜਦੋ ਕਿ ਨਾਨਕਸ਼ਾਹੀ ਕੈਲੰਡਰ ਵਿੱਚ ਗੁਰੂ ਜੀ ਦੇ ਜੋਤੀ ਜੋਤ ਸਮਾਉਣ ਦੀ ਤਾਰੀਖ 8 ਅੱਸੂ ਹੀ ਦਰਜ ਹੈ ਜੋ ਨਾਨਕਸ਼ਾਹੀ ਕੈਲੰਡਰ ਮੁਤਾਬਕ 22 ਸਤੰਬਰ ਬਣਦੀ ਹੈ। ਇਕ ਹੋਰ ਸੱਜਣ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦੀ ਤਾਰੀਖ 18 ਦਸੰਬਰ ਅਤੇ ਵੈਸਾਖੀ 29 ਮਾਰਚ ਨੂੰ ਮਨਾਉਣ ਦੀ ਜਿਦ ਕੀਤੀ ਜਾ ਰਹੀ ਹੈ। 18 ਦਸੰਬਰ ਜੂਲੀਅਨ, 2016 ਵਿੱਚ 31 ਦਸੰਬਰ ਅਤੇ ਜੂਲੀਅਨ ਦੀ 29 ਮਾਰਚ, 11 ਅਪ੍ਰੈਲ ਨੂੰ ਆਵੇਗੀ। ਜੂਲੀਅਨ ਅਤੇ ਗਰੈਗੋਰੀਅਨ ਕੈਲੰਡਰ ਵਿੱਚ ਫਰਕ ਨੂੰ ਸਮਝਣ ਤੋਂ ਅਸਮਰੱਥ ਇਹ ਸੱਜਣ ਵੀ ਨਾਨਕ ਸ਼ਾਹੀ ਕੈਲੰਡਰ ਨੂੰ ਇਤਿਹਾਸ ਦਾ ਕਾਤਲ ਲਿਖ ਰਿਹਾ ਹੈ। ਜੂਲੀਅਨ ਅਤੇ ਗਰੈਗੋਰੀਅਨ ਕੈਲੰਡਰ ਵਿਚ 1582 ਈ. ਵਿੱਚ ਜੋ 10 ਦਿਨ ਦਾ ਫਰਕ ਸੀ ਅੱਜ ਉਹ 13 ਦਿਨਾਂ ਦਾ ਹੋ ਗਿਆ ਹੈ ਅਤੇ 3000 ਈ. ਵਿਚ 20 ਦਿਨਾਂ ਦਾ ਹੋ ਜਾਵੇਗਾ। ਹੁਣ ਉਨ੍ਹਾਂ ਸੱਜਣਾ ਦਾ ਫਰਜ਼ ਬਣਦਾ ਹੈ ਕਿ ਉਹ ਸਪੱਸ਼ਟ ਕਰਨ ਕਿ ਐਨੇ ਦਿਨਾਂ ਦੇ ਫਰਕ ਨੂੰ ਕਿਸ ਖਾਤੇ `ਚ ਪਾਇਆ ਜਾਵੇ?
ਸਾਡੇ ਬਹੁਤ ਹੀ ਸਤਿਕਾਰ ਯੋਗ ਵਿਦਵਾਨ ਸੱਜਣ ਵੱਲੋਂ ਬਣਾਏ ਗਏ, “ਸਿੱਖ ਇਤਿਹਾਸਕ ਕੈਲੰਡਰ-2013 ਈ.” ਵਿੱਚ ਜਲਿਆ ਵਾਲੇ ਬਾਗ਼ ਦਾ ਸਾਕਾ 13 ਅਪ੍ਰੈਲ 1919, ਭਾਈ ਫੌਜਾ ਸਿੰਘ ਸਮੇਤ 13 ਸਿੰਘਾਂ ਦੀ ਸ਼ਹੀਦੀ 13 ਅਪ੍ਰੈਲ 1978 ਅਤੇ ਪ੍ਰਕਾਸ਼ ਗੁਰੂ ਨਾਨਕ ਜੀ 15 ਅਪ੍ਰੈਲ 1469 ਦਰਜ ਹੈ। ਪਹਿਲੀਆਂ ਦੋਵੇਂ ਤਾਰੀਖਾਂ ਤਾਂ ਗਰੈਗੋਰੀਅਨ ਕੈਲੰਡਰ ਦੀਆਂ ਹਨ ਪਰ ਤੀਜੀ ਜੂਲੀਅਨ ਕੈਲੰਡਰ ਦੀ ਹੈ। 15 ਅਪ੍ਰੈਲ ਜੂਲੀਅਨ, 2013 ਈ. ਵਿੱਚ 28 ਅਪ੍ਰੈਲ ਗਰੈਗੋਰੀਅਨ ਨੂੰ ਆਈ ਸੀ। ਦੂਜੇ ਪਾਸੇ 15 ਅਪ੍ਰੈਲ ਗਰੈਗੋਰੀਅਨ ਨੂੰ ਜੂਲੀਅਨ ਦੀ 2 ਅਪ੍ਰੈਲ ਸੀ। ਇਥੇ ਵੀ 13 ਦਿਨਾਂ ਦੇ ਫਰਕ ਨੂੰ ਖੁੱਲਾ ਹੀ ਛੱਡ ਦਿੱਤਾ ਗਿਆ ਹੈ। ਇਕ ਹੋਰ ਵਿਦਵਾਨ ਦਾ ਇਹ ਦਾਵਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ 23 ਪੋਹ, ਪੋਹ ਸੁਦੀ 7 ਮੁਤਾਬਕ 1 ਜਨਵਰੀ (1667 ਈ.) ਬਣਦਾ ਹੈ ਨਾ ਕਿ 5 ਜਨਵਰੀ ਦਾ। ਇਸ ਵਿਦਵਾਨ ਨੇ 23 ਪੋਹ ਨੂੰ ਸਿੱਧਾ ਹੀ ਗਰੈਗੋਰੀਅਨ ਕੈਲੰਡਰ ਵਿੱਚ ਬਦਲੀ ਕਰ ਲਿਆ ਹੈ। ਇਸ ਹਿਸਾਬ ਨਾਲ ਉਨ੍ਹਾਂ ਦੀ 1 ਜਨਵਰੀ ਸਹੀ ਹੈ। ਪਰ; ਹੁਣ ਇਸ ਸਵਾਲ ਦਾ ਜਵਾਬ ਕੌਣ ਦੇਵੇਗਾ ਕਿ ਜੇ ਗਰੈਗੋਰੀਅਨ ਕੈਲੰਡਰ 1666 ਈ. ਤੋਂ ਲਾਗੂ ਕਰਨਾ ਹੈ ਤਾਂ 1469 ਈ. ਤੋਂ 1665 ਈ. ਦੀਆਂ ਬਿਕ੍ਰਮੀ ਕੈਲੰਡਰ ਦੀਆਂ ਤਾਰੀਖਾਂ ਨੂੰ ਗਰੈਗੋਰੀਅਨ ਕੈਲੰਡਰ ਵਿੱਚ ਕਿਵੇਂ ਬਦਲੀ ਕੀਤਾ ਜਾਵੇਗਾ?
.