.

ਸੁਖਮਈ ਜੀਵਨ ਅਹਿਸਾਸ (ਭਾਗ-11)

(ਸੁਖਜੀਤ ਸਿੰਘ ਕਪੂਰਥਲਾ)

ਸੰਸਾਰ ਅੰਦਰ ਵੱਖ-ਵੱਖ ਧਰਮ ਅਤੇ ਉਹਨਾਂ ਨੂੰ ਮੰਨਣ ਵਾਲੇ ਅਨੁਆਈ ਹਨ। ਹਰੇਕ ਧਰਮ ਦਾ ਮਨੋਰਥ ਆਪਣੇ ਅਨੁਆਈਆਂ ਦੇ ਜੀਵਨ ਅੰਦਰ ਸ਼ੁਭ ਗੁਣਾਂ ਦਾ ਵਾਸਾ ਕਰਕੇ ਸਹੀ ਅਰਥਾਂ ਵਿੱਚ ਸੁਖਮਈ ਇਨਸਾਨ ਦੀ ਸਿਰਜਣਾ ਕਰਨਾ ਹੈ। ਪ੍ਰੰਤੂ ਜਦੋਂ ਅਸੀਂ ਅਜੋਕੇ ਸਮੇਂ ਧਰਮਾਂ ਦੀ ਦੁਨੀਆਂ ਅੰਦਰ ਝਾਤੀ ਮਾਰ ਕੇ ਵੇਖਦੇ ਹਾਂ ਤਾਂ ਲਗਭਗ ਬਹੁ-ਗਿਣਤੀ ਧਰਮੀ ਅਖਵਾਉਂਦੇ, ਦਿਖਾਈ ਦਿੰਦੇ ਮਨੁੱਖਾਂ ਦੇ ਜੀਵਨ ਅੰਦਰ ਸੁਖਮਈ ਦੀ ਥਾਂ ਤੇ ਦੁਖਮਈ ਪੱਖ ਦਾ ਪਸਾਰਾ ਹੀ ਪਸਰਿਆ ਹੋਇਆ ਸਾਹਮਣੇ ਆਉਂਦਾ ਹੈ। ਮਨ ਵਿੱਚ ਪ੍ਰਸ਼ਨ ਆਉਂਦਾ ਹੈ ਕਿ ਅਧਰਮੀ ਤਾਂ ਦੁਖੀ ਹੋਵੇ, ਧਰਮੀ ਵੀ ਦੁਖੀ ਕਿਉਂ ਹੈ?

ਗੁਰਬਾਣੀ ਸਾਡੇ ਹਰ ਪ੍ਰਸ਼ਨ ਦਾ ਸਟੀਕ ਉਤਰ ਦੇਣ ਦੇ ਸਰਬ ਕਲਾ ਸਮਰੱਥ ਹੈ। ਘਾਟ ਸਾਡੇ ਵਿੱਚ ਹੋ ਸਕਦੀ ਹੈ ਕਿ ਅਸੀਂ ਸਹੀ ਉੱਤਰ ਦੀ ਖੋਜ ਨਾ ਕਰ ਸਕੀਏ। ਸਾਡੇ ਜੀਵਨ ਅੰਦਰਲੇ ਅਨੇਕ ਅਉਗਣਾਂ ਵਿਚੋਂ ਪ੍ਰਮੇਸ਼ਰ ਨੂੰ ਭੁਲਾ ਕੇ ਦੁਨਿਆਵੀ ਰਸਾਂ ਕਸਾਂ ਵਿੱਚ ਗਲਤਾਨ ਹੋ ਕੇ ਸੁੱਖ ਭਾਲਣ ਦੀ ਆਸ ਕਰਨਾ ਵੀ ਇੱਕ ਕਾਰਣ ਹੈ। ‘ਖਸਮੁ ਵਿਸਾਰਿ ਕੀਏ ਰਸ ਭੋਗ।। ਤਾ ਤਨਿ ਉਠ ਖਲੋਏ ਰੋਗ।। ` (੧੨੫੬) ਅਥਵਾ ‘ਜੇਤੇ ਰਸ ਸਰੀਰ ਕੇ ਤੇਤੇ ਲਗਹਿ ਦੁਖ` (੧੨੮੭) ਸਾਡੇ ‘ਸੁਖਮਈ ਜੀਵਨ ਅਹਿਸਾਸ` ਦੇ ਰਸਤੇ ਦੀ ਰੁਕਾਵਟ ਰੂਪ ਵਿੱਚ ਸਾਹਮਣੇ ਆਉਂਦੇ ਹਨ। ਇਹਨਾਂ ਰਸਾਂ ਕਸਾਂ ਵਿੱਚ ਜਿੰਨਾਂ ਕੋਈ ਵਧ ਗਲਤਾਨ ਹੁੰਦਾ ਹੈ ਉਨਾਂ ਹੀ ਜਿਆਦਾ ਉਹ ਇਹਨਾਂ ਨੂੰ ਭੋਗਦਾ ਹੋਇਆ ‘ਭੋਗੀ ਕਉ ਦੁਖੁ ਰੋਗ ਵਿਆਪੈ` (੧੧੮੯) ਅਨੁਸਾਰ ਦੁਖੀ ਹੋਈ ਜਾਂਦਾ ਹੈ।

ਇਸ ਵਿਸ਼ੇ ਨਾਲ ਸਬੰਧਿਤ ਗੁਰੂ ਨਾਨਕ ਸਾਹਿਬ ਵਲੋਂ ਇੱਕ ਬਹੁਤ ਹੀ ਸੁੰਦਰ ਦ੍ਰਿਸ਼ਟਾਂਤ ਦੇ ਕੇ ਸਮਝਾਉਣ ਦਾ ਯਤਨ ਕੀਤਾ ਹੈ ਕਿ ਗੰਨੇ ਅੰਦਰ ਕੇਵਲ ਇੱਕ ਮਿਠਾਸ ਦਾ ਰਸ ਹੋਣ ਕਾਰਣ ਉਸਨੂੰ ਕਿੰਨੇ ਦੁਖ ਉਠਾਉਣੇ ਪੈਂਦੇ ਹਨ। ਪਹਿਲਾਂ ਗੰਨੇ ਨੂੰ ਆਪਣੇ ਮੂਲ/ ਜੜਾਂ ਨਾਲੋਂ ਕੱਟਿਆ ਜਾਂਦਾ ਹੈ, ਛਿਲਿਆ ਜਾਂਦਾ ਹੈ, ਟੋਟੇ-ਟੋਟੇ ਕਰਕੇ ਰੱਸੀਆਂ ਨਾਲ ਬੰਨਿਆ ਜਾਂਦਾ ਹੈ, ਵੇਲਣੇ ਵਿੱਚ ਪੀੜ ਕੇ ਰਸ ਕੱਢੀ ਜਾਂਦੀ ਹੈ, ਰਸ ਨੂੰ ਅੱਗ ਉਪਰ ਤਪਦੇ ਹੋਏ ਕੜਾਹੇ ਵਿੱਚ ਤਪਾਇਆ ਜਾਂਦਾ ਹੈ, ਕੋਹਲੂ ਵਿੱਚ ਪੀੜਣ ਉਪੰਰਤ ਜੋ ਫੋਕਟ ਛਿਲੜਾਂ ਰੂਪ ਵਿੱਚ ਬਚਦਾ ਹੈ ਉਸ ਨੂੰ ਸੁਕਾਉਣ ਉਪਰੰਤ ਅੱਗ ਵਿੱਚ ਸਾੜਿਆ ਜਾਂਦਾ ਹੈ, ਕੜਾਹੇ ਵਿੱਚ ਉਬਲਦੀ ਹੋਈ ਰਸ ਤਪਦੀ ਹੋਈ ਮਾਨੋ ਵਿਰਲਾਪ ਕਰਦੀ ਹੈ। ਗੁਰੂ ਸਾਹਿਬ ਸਮਝਾਉਣਾ ਚਾਹੁੰਦੇ ਹਨ ਕਿ ਹੇ ਮਨੁੱਖ! ਗੰਨੇ ਵਿੱਚ ਕੇਵਲ ਇੱਕ ਮਿਠਾਸ ਦਾ ਰਸ ਹੋਣ ਕਾਰਣ ਇੰਨੇ ਜਿਆਦਾ ਕਸ਼ਟ ਉਠਾਉਣੇ ਪੈਂਦੇ ਹਨ, ਤੇਰੇ ਜੀਵਨ ਅੰਦਰ ਇੰਨੇ ਜਿਆਦਾ ਰਸਾਂ ਵਿੱਚ ਗਲਤਾਨਤਾ ਹੈ, ਤੇਰਾ ਅੰਤ ਕੀ ਹੋਵੇਗਾ? ਕਿਉਂ ਕਿ ਤੂੰ ਵੀ ਮਾਇਆ ਦੇ ਮਿਠਾਸ ਦੀ ਮੋਹ ਦੇ ਕਾਰਣ ਵੱਖ-ਵੱਖ ਰਸਾਂ ਕਸਾਂ ਵਿੱਚ ਲਪਟ ਕੇ ਜੀਵਨ ਦੀ ਸੋਝੀ ਗਵਾ ਚੁੱਕਾ ਹੈਂ-

ਵੇਖੁ ਜਿ ਮਿਠਾ ਕਟਿਆ ਕਟਿ ਕੁਟਿ ਬਧਾ ਪਾਇ।।

ਖੁੰਢਾ ਅੰਦਰਿ ਰਖਿ ਕੈ ਦੇਨਿ ਸੁ ਮਲ ਸਜਾਇ।।

ਰਸੁ ਕਸੁ ਟਟਰਿ ਪਾਈਐ ਤਪੈ ਤੈ ਵਿਲਲਾਇ।।

ਭੀ ਸੋ ਫੋਗੁ ਸਮਾਲੀਐ ਦਿਚੈ ਅਗਿ ਜਲਾਇ।।

ਨਾਨਕ ਮਿਠੈ ਪਤਰੀਐ ਵੇਖਹੁ ਲੋਕਾ ਆਇ।।

(ਵਾਰ ਮਾਝ-ਮਹਲਾ ੧-੧੪੨)

ਅੱਜ ਧਰਮ ਦੀ ਦੁਨੀਆਂ ਅੰਦਰ ਇੱਕ ਸਵਾਲ ਅਕਸਰ ਕੀਤਾ ਜਾਂਦਾ ਹੈ ਕਿ ਮਾਸ ਖਾਣਾ ਹੈ ਜਾਂ ਨਹੀਂ। ਗੁਰਬਾਣੀ ਅੰਦਰ ਜਿਹੜੇ ਰਸਾਂ ਦੀ ਗੱਲ ਕੀਤੀ ਗਈ ਹੈ, ਜੋ ਜੀਵਨ ਨੂੰ ਬਰਬਾਦ ਕਰਦੇ ਹਨ, ਉਥੇ ਮਾਸ ਤੋਂ ਪਹਿਲਾਂ ਹੋਰ ਕਿੰਨੇ -ਸੋਨੇ ਚਾਂਦੀ ਦੇ ਗਹਿਣਿਆਂ ਰੂਪੀ, ਸੁੰਦਰਤਾ ਦੇ ਮਾਣ ਰੂਪੀ, ਪਰ ਇਸਤ੍ਰੀਆਂ ਭੋਗਣ ਰੂਪੀ, ਮਿੱਠੇ ਪਦਾਰਥਾਂ ਦੇ ਸਵਾਦਾਂ ਵਿੱਚ ਗਲਤਾਨ, ਵਧੀਆ ਸਵਾਰੀ ਦਾ ਸ਼ੌਂਕ, ਨਰਮ-ਨਰਮ ਸੇਜਾਂ ਤੇ ਸੌਣ ਅਤੇ ਸੋਹਣੇ ਮਹਲ ਮਾੜੀਆਂ ਦਾ ਚਸਕਾ ਰੂਪੀ-ਰਸਾਂ ਦੀ ਗੱਲ ਕੀਤੀ ਗਈ ਹੈ। ਸਵਾਲ ਕਰਨ ਵਾਲੇ ਨੂੰ ਪੁੱਛਣਾ ਬਣਦਾ ਹੈ ਕਿ ਕੀ ਉਸਨੇ ਆਪਣੇ ਜੀਵਨ ਵਿਚੋਂ ਪਹਿਲਾਂ ਇਹਨਾਂ ਹੋਰ ਰਸਾਂ ਦਾ ਤਿਆਗ ਕਰ ਦਿੱਤਾ ਹੈ ਜੋ ਹੁਣ ਆਖਰੀ ਰਸ ਸਬੰਧੀ ਪ੍ਰਸ਼ਨ ਲੈ ਕੇ ਖੜਾ ਹੈ। ਜਿਸਦੇ ਜੀਵਨ ਵਿੱਚ ਪਹਿਲਾਂ ਹੀ ਇੰਨੇ ਜਿਆਦਾ ਰਸ ਹੋਣਗੇ, ਉਹ ਪ੍ਰਮੇਸ਼ਰ ਦੇ ਨਾਮ ਰੂਪੀ ਰਸ ਤਕ ਕਿਵੇਂ ਪਹੁੰਚਣ ਦੀ ਆਸ ਰੱਖ ਸਕਦਾ ਹੈ-

ਰਸੁ ਸੁਇਨਾ ਰਸੁ ਰੁਪਾ ਕਾਮਣਿ ਰਸੁ ਪਰਮਲੁ ਕੀ ਵਾਸੁ।।

ਰਸੁ ਘੋੜੇ ਰਸੁ ਸੇਜਾ ਮੰਦਰ ਰਸੁ ਮੀਠਾ ਰਸੁ ਮਾਸੁ।।

ਏਤੇ ਰਸ ਸਰੀਰ ਕੇ ਕੈ ਘਟਿ ਨਾਮ ਨਿਵਾਸੁ।।

( ਸਿਰੀ ਰਾਗ ਮਹਲਾ ੧-੧੫)

ਬਹੁਗਿਣਤੀ ਰਸਾਂ-ਕਸਾਂ ਦੇ ਸਵਾਦ ਦਾ ਸਬੰਧ ਜੀਭ ਤੱਕ ਹੀ ਸੀਮਤ ਹੈ। ਸਿਆਣੇ ਆਖਦੇ ਹਨ ਕਿ- ‘ਸੰਘੋ ਲੱਥਾ, ਕੇਹਾ ਮਿੱਠਾ ਕੇਹਾ ਖੱਟਾ` ਭਾਵ ਕਿ ਕੋਈ ਵੀ ਖਾਣ-ਪੀਣ ਰੂਪੀ ਪਦਾਰਥ ਜਦੋਂ ਜੀਭ ਤੋਂ ਹੋ ਕੇ ਕੰਠ ਰਾਹੀਂ ਪੇਟ ਵੱਲ ਨੂੰ ਅੱਗੇ ਚਲਾ ਗਿਆ ਫਿਰ ਉਸ ਦੇ ਸਵਾਦ ਦੀ ਕੋਈ ਵੀ ਅਹਿਮੀਅਤ ਨਹੀਂ ਰਹਿ ਜਾਂਦੀ, ਸਾਰੇ ਇੱਕ ਸਮਾਨ ਹੀ ਹੋ ਜਾਂਦੇ ਹਨ। ਲੋੜ ਤਾਂ ਸਾਨੂੰ ‘ਏਹ ਰਸਨਾ ਤੂੰ ਅਨਰਸਿ ਰਾਚਿ ਰਹੀ ਤੇਰੀ ਪਿਆਸਿ ਨ ਜਾਇ` (੯੨੧) ਕੇਵਲ ਗੁਰਬਾਣੀ ਪੜ੍ਹਣ ਦੀ ਥਾਂ ਤੇ ਉਸ ਵਿਚਲੇ ਉਪਦੇਸ਼ ਨੂੰ ਸਮਝ ਕੇ ਜੀਵਨ ਵਿੱਚ ਕਮਾਉਣ ਦੀ ਹੈ। ਮੱਛੀ ਆਪਣੇ ਜੀਭ ਦੇ ਸਵਾਦ ਪਿੱਛੇ ‘ਜਿਹਬਾ ਸੁਆਦੀ ਲੀਲਤ ਲੋਹ` (੧੨੫੨) ਮਾਸ ਲੱਗੀ ਲੋਹੇ ਦੀ ਕੁੰਡੀ ਨੂੰ ਮੂੰਹ ਵਿੱਚ ਪਾ ਲੈਣ ਕਰਕੇ ਸ਼ਿਕਾਰੀ ਦਾ ਸ਼ਿਕਾਰ ਬਣ ਕੇ ਆਪਣੀ ਮੌਤ ਆਪ ਸਹੇੜ ਲੈਂਦੀ ਹੈ। ਇਸ ਦੇ ਵਿਪਰੀਤ ਅਸੀਂ ਤਾਂ ਕਿੰਨੇ ਰਸਾਂ ਵਿੱਚ ਗਲਤਾਨ ਹੋ ਕੇ ਉਹਨਾਂ ਦੀ ਗੁਲਾਮੀ ਸਹੇੜੀ ਬੈਠੇ ਹਾਂ, ਸਾਡਾ ਅੰਤ ਕੀ ਹੋਵੇਗਾ, ਵਿਚਾਰਣ ਦਾ ਵਿਸ਼ਾ ਹੈ।

ਲੋੜ ਗੁਰਬਾਣੀ ਨੂੰ ਪੜਣ-ਮੱਥਾ ਟੇਕਣ ਦੇ ਨਾਲ-ਨਾਲ ਗੁਰੂ ਰੂਪ ਵਿੱਚ ਉਸ ਦੁਆਰਾ ਦਿਤੇ ਗਏ ਉਪਦੇਸ਼ ਨੂੰ ਅਮਲੀ ਜੀਵਨ ਦਾ ਹਿੱਸਾ ਬਨਾਉਣ ਦੀ ਹੈ। ਸਬੰਧਿਤ ਵਿਸ਼ੇ ਨਾਲ ਕੁੱਝ ਗੁਰਬਾਣੀ ਫੁਰਮਾਣਾਂ ਨੂੰ ਸਮਝਣ ਨਾਲ ਸਾਡਾ ਇਹਨਾਂ ਰਸਾਂ-ਕਸਾਂ ਵਿੱਚ ਪੈ ਕੇ ਬਰਬਾਦ ਹੋਣ ਤੋਂ ਬਚਾਅ ਦੀ ਆਸ ਕੀਤੀ ਜਾ ਸਕਦੀ ਹੈ-

-ਬਹੁ ਸਾਦਹੁ ਦੂਖੁ ਪਰਾਪਤਿ ਹੋਵੈ।। ਭੋਗਹੁ ਰੋਗ ਸੁ ਅੰਤ ਵਿਗੋਵੈ।।

ਹਰਖਹੁ ਸੋਗੁ ਨ ਮਿਟਈ ਕਬਹੂ ਵਿਣ ਭਾਣੇ ਭਰਮਾਇਦਾ।।

(ਮਾਰੂ ਮਹਲਾ ੧-੧੦੩੪)

- ਜੇ ਸਉ ਵਰਿਆ ਮਿਠਾ ਖਾਜੈ ਭੀ ਫਿਰਿ ਕਉੜਾ ਖਾਇ।।

ਮਿਠਾ ਖਾਧਾ ਚਿਤਿ ਨ ਆਵੈ ਕਉੜਤਣੁ ਧਾਇ ਜਾਇ।।

ਮਿਠਾ ਕਉੜਾ ਦੋਵੈ ਰੋਗ।। ਨਾਨਕ ਅੰਤਿ ਵਿਗੁਤੈ ਭੋਗ।।

(ਵਾਰ ਸਾਰੰਗ-ਮਹਲਾ ੧-੧੨੪੩)

- ਰਸ ਕਸ ਖਾਏ ਪਿੰਡੁ ਵਧਾਏ।। ਭੇਖ ਕਰੈ ਗੁਰ ਸਬਦੁ ਨ ਕਮਾਏ।।

ਅੰਤਰਿ ਰੋਗ ਮਹਾ ਦੁਖੁ ਭਾਰੀ ਬਿਸਟਾ ਮਾਹਿ ਸਮਾਹਾ ਹੇ।।

(ਮਾਰੂ ਮਹਲਾ ੩-੧੦੫੮)

- ਭੋਗਹਿ ਭੋਗ ਅਨੇਕ ਵਿਣੁ ਨਾਵੈ ਸੁੰਝਿਆ।।

ਹਰਿ ਕੀ ਭਗਤਿ ਬਿਨਾ ਮਰਿ ਮਰਿ ਰੁੰਨਿਆ।।

ਕਪੜ ਭੋਗ ਸੁਗੰਧ ਤਨਿ ਮਰਦਨ ਮਾਲਣਾ।।

ਬਿਨੁ ਸਿਮਰਨ ਤਨੁ ਛਾਰੁ ਸਰਪਰ ਚਾਲਣਾ।।

(ਆਸਾ ਮਹਲਾ ੫-੩੯੮)

- ਮੂਰਖ ਭੋਗੇ ਭੋਗੁ ਦੁਖ ਸਬਾਇਆ।।

ਸੁਖਹੁ ਉਠੇ ਰੋਗ ਪਾਪ ਕਮਾਇਆ।।

(ਵਾਰ ਮਾਝ- ਮਹਲਾ ੧ -੧੩੯)

- ਨਿਮਖ ਕਾਮੁ ਸੁਆਦੁ ਕਾਰਣਿ ਕੋਟਿ ਦਿਨਸ ਦੁਖੁ ਪਾਵਹਿ।।

ਘੜੀ ਮੁਹਤ ਰੰਗ ਮਾਣਹਿ ਫਿਰਿ ਬਹੁਰਿ ਬਹੁਰਿ ਪਛੁਤਾਵਹਿ।।

(ਆਸਾ ਮਹਲਾ ੫-੪੦੩)

ਉਪਰੋਕਤ ਸਾਰੀ ਵਿਚਾਰ ਤੋਂ ਇਹ ਸਪਸ਼ਟ ਰੂਪ ਵਿੱਚ ਸਾਹਮਣੇ ਆਉਂਦਾ ਹੈ ਕਿ ਸਾਡੇ ਵਲੋਂ ਰਸਾਂ ਕਸਾਂ ਵਿੱਚ ਗਲਤਾਨ ਹੋ ਜਾਣਾ ਹੀ ‘ਸੁਖਮਈ ਜੀਵਨ ਅਹਿਸਾਸ` ਤੋਂ ਦੂਰ ਰਹਿਣ ਦਾ ਕਾਰਣ ਬਣ ਜਾਂਦਾ ਹੈ। ਗੁਰਬਾਣੀ ਸਾਡਾ ਭਲਾ ਚਾਹੁੰਦੀ ਹੈ, ਜਿਥੇ ਸਾਨੂੰ ਰੋਗ ਦੀ ਪਹਿਚਾਨ ਕਰਾਉਂਦੀ ਹੋਈ ਰੋਗ ਦੇ ਪੈਦਾ ਹੋਣ ਦੇ ਕਾਰਣ ਦੱਸਦੀ ਹੈ ਉਸਦੇ ਨਾਲ-ਨਾਲ ਇਲਾਜ ਵੀ ਦੱਸਦੀ ਹੈ। ਜਿੰਨਾ ਚਿਰ ਅਸੀਂ ਵਿਸ਼ੇ ਵਿਕਾਰਾਂ ਦੇ ਰਸਾਂ ਕਸਾਂ ਵਿੱਚ ਖਚਿਤ ਰਹਾਂਗੇ ਉੰਨਾਂ ਚਿਰ ਦੁਖਮਈ ਜੀਵਨ ਤੋਂ ਛੁਟਕਾਰੇ ਦੀ ਆਸ ਨਹੀਂ ਕੀਤੀ ਜਾ ਸਕਦੀ। ਜਿਵੇਂ ਛੋਟੇ ਅਨਭੋਲ ਬੱਚੇ ਦੇ ਹੱਥੋਂ ਕੋਈ ਵਸਤੂ ਵਾਪਸ ਲੈਣੀ ਹੋਵੇ ਤਾਂ ਉਸਦੀ ਜਿੱਦ ਨੂੰ ਸਮਝਦੇ ਹੋਏ ਅਸੀਂ ਹੱਲ ਲਭਦੇ ਹਾਂ ਕਿ ਇਸ ਦੇ ਹੱਥ ਵਿੱਚ ਕੋਈ ਦੂਜੀ ਵਸਤੂ ਦੇ ਦਿਤੀ ਜਾਵੇ ਤਾਂ ਪਹਿਲੀ ਆਪੇ ਹੀ ਛੱਡ ਦੇਵੇਗਾ।

ਠੀਕ ਇਸੇ ਤਰਾਂ ਗੁਰਬਾਣੀ ਸਾਡਾ ਮਾਰਗ ਦਰਸ਼ਨ ਕਰਦੀ ਹੈ ਕਿ ਵਿਸ਼ੇ ਵਿਕਾਰਾਂ ਵਿੱਚ ਮਸਤ ਹੋਏ ਜੀਵ ਨੂੰ ਗੁਰੂ ਦੀ ਮਤਿ ਰਾਹੀਂ ਪ੍ਰਮ-ਪਿਤਾ ਪ੍ਰਮੇਸ਼ਰ ਦੇ ਨਾਮ ਰਸ ਦਾ ਸੁਆਦ ਦਿਖਾਉਣ ਦੀ ਜ਼ਰੂਰਤ ਹੈ। ਜਦੋਂ ਸਹੀ ਅਰਥਾਂ ਵਿੱਚ ਨਾਮ ਰਸ ਨੂੰ ਮਾਨਣ ਦੀ ਜਾਚ ਜੀਵ ਸਿੱਖ ਲਵੇਗਾ ਫਿਰ ਬਾਕੀ ਹੋਰ ਅਨਰਸ ਸਾਰੇ ਹੀ ਫਿਕੇ ਲਗਣ ਲਗ ਪੈਣਗੇ ਅਤੇ ਜੀਵਨ ਨੂੰ ਬਰਬਾਦ ਕਰਨ ਵਾਲੇ ਇਹਨਾਂ ਰਸਾਂ ਕਸਾਂ ਨੂੰ ਛਡਣ ਲਈ ਆਪਣੇ-ਆਪ ਹੀ ਤਿਆਰ ਹੋ ਜਾਵੇਗਾ-

- ਰਾਰਾ ਰਸੁ ਨਿਰਸ ਕਰਿ ਜਾਨਿਆ।। ਹੋਇ ਨਿਰਸ ਸੁ ਰਸੁ ਪਹਿਚਾਨਿਆ।।

ਇਹ ਰਸ ਛਾਡੇ ਉਹ ਰਸੁ ਆਵਾ।। ਉਹ ਰਸੁ ਪੀਆ ਇਹੁ ਰਸੁ ਨਹੀ ਭਾਵਾ।।

(ਗਉੜੀ ਕਬੀਰ ਜੀ- ੩੪੨)

- ਜਾਕਉ ਰਸੁ ਹਰਿ ਰਸੁ ਹੈ ਆਇਓ।।

ਸੋ ਅਨ ਰਸ ਨਾਹੀ ਲਪਟਾਇਓ।।

(ਗਉੜੀ ਮਹਲਾ ੫-੧੮੬)

- ਹਰਿ ਰਸੁ ਪੀਵੈ ਅਲਮਸਤੁ ਮਤਵਾਰਾ ਆਣ ਰਸਾ ਸਭਿ ਹੋਛੋ ਰੇ।।

(ਆਸਾ ਮਹਲਾ ੫-੩੭੭)

- ਬਿਖੈ ਬਨ ਫੀਕਾ ਤਿਆਗ ਰੀ ਸਖੀਏ ਨਾਮ ਮਹਾ ਰਸ ਪੀਉ।।

(ਬਿਲਾਵਲ ਮਹਲਾ ੫- ੮੦੨)

=========

(ਚਲਦਾ … …)

ਦਾਸਰਾ

ਸੁਖਜੀਤ ਸਿੰਘ ਕਪੂਰਥਲਾ

ਗੁਰਮਤਿ ਪ੍ਰਚਾਰਕ/ ਕਥਾਵਾਚਕ

201, ਗਲੀ ਨਬੰਰ 6, ਸੰਤਪੁਰਾ

ਕਪੂਰਥਲਾ (ਪੰਜਾਬ)

(98720-76876, 01822-276876)

e-mail - [email protected]




.