.

ਬਾਣੀ ਬਿਉਰਾ

“ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ”

(ਭਾਗ ਪਹਿਲਾ)

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

ਸੰਸਾਰ ਤਲ ਦਾ ਇਕੋ ਇੱਕ ਗੁਰੂ ਅਤੇ ਸੰਪੂਰਣ ਮਾਨਵਵਾਦੀ ਗ੍ਰੰਥ- "ਸਾਹਿਬ ਸ੍ਰੀ ਗੁਰੂ ਗ੍ਰੰਥ ਜੀ" ਸੰਸਾਰ ਤਲ ਦੇ ਇਕੋ-ਇਕ ਗੁਰੂ ਅਤੇ ਅਜਿਹਾ ਗ੍ਰੰਥ ਹੈ ਜਿਸ ਅੰਦਰ ਛੇ ਗੁਰੂ ਹਸਤੀਆਂ, ੧੫ ਭਗਤਾਂ, ੧੧ ਭਟਾਂ ਤੇ ਤਿੰਨ ਸਿਖਾਂ ਭਾਵ ੩੫ ਲਿਖਾਰੀਆਂ ਦੀਆਂ ਲਿਖਤਾਂ ਮੌਜੂਦ ਹਨ। ਫ਼ਿਰ ਇਤਨਾ ਹੀ ਨਹੀਂ ੧੪੩੦ ਪੰਨਿਆਂ ਦੇ ਇਤਨੇ ਵੱਡੇ ਆਕਾਰ ਦੇ ਬਾਵਜੂਦ, ਇਥੇ ਕਿਧਰੇ ਵੀ ਵਿਚਾਰ ਵਿਰੋਧ ਤੇ ਸਿਧਾਂਤ ਅੰਤਰ ਵੀ ਨਹੀਂ। ਇਸ ਵਿੱਚਲੀ ਸਮੂਚੀ ਰਚਨਾ ਦਾ ਆਧਾਰ "ਇਕਾ ਬਾਣੀ ਇਕੁ ਗੁਰੁ, ਇਕੋ ਸਬਦੁ ਵੀਚਾਰਿ॥ ਸਚਾ ਸਉਦਾ, ਹਟੁ ਸਚੁ, ਰਤਨ ਭਰੇ ਭੰਡਾਰ" (ਪੰ: ੬੪੬) ਹੀ ਹੈ ਇਹ ਉਹ ਨਿਯਮ ਤੇ ਸਿਧਾਂਤ ਹੈ ਜਿਹੜਾ ਸੰਪੂਰਣ ਗੁਰਬਾਣੀ `ਤੇ ਲਾਗੂ ਹੁੰਦਾ ਹੈ।

ਇਥੋਂ ਤੀਕ ਕਿ ਗੁਰਦੇਵ ਨੇ ਇਸ ਵਿੱਚਲੇ ਹੋਰ ਉਨੱਤੀ ਲਿਖਾਰੀਆਂ ਨੂੰ ਨਾਲ ਲੈਣ ਸਮੇਂ ਵੀ ਉਨ੍ਹਾਂ ਦੀ ਜਨਮ-ਜਾਤ ਨੂੰ ਮੁੱਖ ਨਹੀਂ ਰਖਿਆ। ਗੁਰਦੇਵ ਨੇ ਇਥੇ ਬਿਨਾ ਵਿੱਤਕਰਾ ਅਖੌਤੀ ਸ਼ੂਦਰਾਂ, ਕਹੇ ਜਾਂਦੇ ਉੱਚ ਜਾਤੀ ਬ੍ਰਾਹਮਣਾਂ ਤੇ ਮੁਸਲਮਾਨਾਂ ਚੋਂ ਲਿਖਾਰੀ ਵੀ ਲਏ ਜਦਕਿ ਅਜਿਹਾ ਕਰਦੇ ਸਮੇਂ ਗੁਰਦੇਵ ਨੇ ਕੇਵਲ "ਪੰਚਾ ਕਾ ਗੁਰੁ ਏਕੁ ਧਿਆਨੁ" (ਬਾਣੀ ਜਪੁ) ਦੇ ਇਲਾਹੀ ਸਿਧਾਂਤ ਅਤੇ ਸਮੂਚੇ ਮਨੁੱਖ ਮਾਤ੍ਰ ਨੂੰ ਹੀ ਮੁੱਖ ਰਖਿਆ ਹੈ। ਹੋਰ ਤਾਂ ਹੋੇਰ ਸੰਸਾਰ ਤਲ ਦਾ ਇਹ ਇਕੋ ਇੱਕ ਅਜਿਹਾ "ਗੁਰੂ" ਤੇ "ਗ੍ਰੰਥ" ਹੈ ਜਿਸ `ਚ ਸਮੂਚੀ ਮਾਨਵਤਾ ਨਾਲ ਸੰਬੰਧਤ ਫ਼ੁਰਮਾਨ ਭਰਪੂਰ ਹਨ ਜਿਵੇਂ:-

"ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ॥ ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ॥ ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ" (ਪੰ: ੧੫) ਹੋਰ

"ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ" (ਪੰ: ੬੧੧) ਅਤੇ

"ਨਾ ਕੋ ਮੇਰਾ ਦੁਸਮਨੁ ਰਹਿਆ ਨ ਹਮ ਕਿਸ ਕੇ ਬੈਰਾਈ॥ ਬ੍ਰਹਮੁ ਪਸਾਰੁ ਪਸਾਰਿਓ ਭੀਤਰਿ ਸਤਿਗੁਰ ਤੇ ਸੋਝੀ ਪਾਈ॥   ॥ ਸਭੁ ਕੋ ਮੀਤੁ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ॥ ਦੂਰਿ ਪਰਾਇਓ ਮਨ ਕਾ ਬਿਰਹਾ ਤਾ ਮੇਲੁ ਕੀਓ ਮੇਰੈ ਰਾਜਨ" (ਪੰ: ੬੭੧) ਪੁਨਾ

"ਸਭੁ ਕੋ ਮੀਤੁ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ॥ ਦੂਰਿ ਪਰਾਇਓ ਮਨ ਕਾ ਬਿਰਹਾ ਤਾ ਮੇਲੁ ਕੀਓ ਮੇਰੈ ਰਾਜਨ" (ਪੰ: ੬੭੧) ਬਲਕਿ

"ਪਰ ਧਨ, ਪਰ ਤਨ, ਪਰ ਕੀ ਨਿੰਦਾ, ਇਨ ਸਿਉ ਪ੍ਰੀਤਿ ਨ ਲਾਗੈ" (ਪੰ: ੬੭੪) ਆਦਿ।

ਇਸ ਤਰ੍ਹਾਂ ਇਹ ਗ੍ਰੰਥ ਅਜਿਹੇ ਬੇਅੰਤ ਆਦੇਸ਼ਾਂ ਤੇ ਉਪਦੇਸ਼ਾਂ ਨਾਲ ਭਰਿਆ ਪਿਆ ਹੈ ਜਿਹੜੇ ਬਿਨਾ ਵਿੱਤਕਰਾ ਸਮੂਚੀ ਮਾਨਵਤਾ ਨੂੰ ਆਪਣੇ ਕਲਾਵੇ ਤੇ ਗਲਵਕੜੀ `ਚ ਲੈ ਰਹੇ ਹਨ। ਫ਼ਿਰ ਇਤਨਾ ਹੀ ਨਹੀਂ ਇਸ ਵਿਚਾਰਧਾਰਾ ਦੇ ਪਾਂਧੀਆਂ ਨੂੰ ਵੀ, ਇਨ੍ਹਾਂ ਹੀ ਉੱਚਤੱਮ ਗੁਰ ਉਪਦੇਸ਼ਾ ਅਨੁਸਾਰ ਆਪਣਾ ਜੀਵਨ ਤਿਆਰ ਕਰਣ ਲਈ ਹਿਦਾਇਤਾਂ ਤੇ ਆਦੇਸ਼ ਵੀ ਦਿੱਤੇ ਹੋਏ ਹਨ। ਇਹ ਵੀ ਕਿ "ਸਾਹਿਬ ਸ੍ਰੀ ਗੁਰੂ ਗ੍ਰੰਥ ਜੀ" ਦੇ ਅਰੰਭਕ ਸਰੂਪ "ਆਦਿ ਬੀੜ" ਦੀ ਸੰਪਾਦਨਾ ਤੇ ਉਸ ਵਿੱਚਲੀ ਬਾਣੀ ਨੂੰ ਸੰਪੂਰਣ ਤਰਤੀਬ ਵੀ ਪੰਜਵੇਂ ਪਾਤਸ਼ਾਹ ਦੇ ਕਰ ਕਮਲਾਂ ਤੋਂ ਹੀ ਪ੍ਰਾਪਤ ਹੋਈ ਹੈ।

"ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦੇ ਪ੍ਰਕਾਸ਼-ਦਰਸ਼ਨ - "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦੀ ਬਾਣੀ ਦਾ ਆਰੰਭ ਕਰਤੇ ਪ੍ਰਭੂ ਦੇ ਉਸਤੱਤ ਸਰੂਪ "ਮੰਗਲਾਚਰਣ" ਨਾਲ ਹੁੰਦਾ ਹੈ। ਤਾਂ ਤੇ ਉਸ "ਮੰਗਲਾਚਰਣ" ਦਾ ਸੰਪੂਰਣ ਸਰੂਪ ਹੈ "ੴ ਸਤਿਨਾਮੁ ਕਰਤਾਪੁਰਖੁ ਨਿਰਭਉ ਨਿਰਵੈਰੁ ਅਕਾਲਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ"।

ਜਦਕਿ ਆਪਣੇ ਉਪ੍ਰੋਕਤ ਸੰਪੂਰਣ ਸਰੂਪ `ਚ ਇਹ ਮੰਗਲਾਚਰਣ ਸੰਪੂਰਣ ਬੀੜ `ਚ ਕੁਲ ੩੩ ਵਾਰ ਦਰਜ ਹੋਇਆ ਹੈ। ਜਦਕਿ ਇਸੇ ਮੰਗਲਾਚਰਣ ਦੇ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਅੰਦਰ ਤਿੰਨ ਸੰਖੇਪ ਸਰੂਪ ਹੋਰ ਵੀ ਆਏ ਹਨ ਜਿਹੜੇ ਇਸ ਤਰ੍ਹਾਂ ਹਨ:-

"ੴਸਤਿਨਾਮੁ ਕਰਤਾਪੁਰਖੁ ਗੁਰਪ੍ਰਸਾਦਿ". . ੮ ਵਾਰ

"ੴ ਸਤਿਨਾਮੁ ਗੁਰਪ੍ਰਸਾਦਿ" ………. ੨ ਵਾਰ ਅੰਤ

"ੴ ਸਤਿ ਗੁਰਪ੍ਰਸਾਦਿ" …………. …. ੫੨੪ ਵਾਰ ਅਤੇ ਕੁਲ ੫੬੭ ਵਾਰੀ।

ਮੰਗਲਾਚਰਣ ਅਥਵਾ ‘ਮੂਲਮੰਤ੍ਰ-ਚੇਤੇ ਰਹੇ! ਗੁਰਬਾਣੀ ਵਿੱਚਲੇ ਇਸੇ ਸੰਪੂਰਣ "ਮੰਗਲਾਚਰਣ" ਨੂੰ ਸੰਨ ੧੯੪੫ ਵਾਲੀ ‘ਸਿੱਖ ਰਹਿਤ ਮਰਿਯਾਦਾ’ `ਚ ‘ਮੂਲ ਮੰਤ੍ਰ’ ਦਾ ਨਾਮ ਵੀ ਦਿੱਤਾ ਹੋਇਆ ਹੈ। ਇਹੀ ਕਾਰਨ ਹੈ ਕਿ ਅੱਜ ਪੂਰੇ ਪੰਥ `ਚ ਇਸ "ਮੰਗਲਾਚਰਣ" ਨੂੰ ਬਹੁਤਾ ਕਰ ਕੇ ‘ਮੂਲ ਮੰਤ੍ਰ’ ਦੇ ਨਾਮ ਨਾਲ ਹੀ ਜਾਣਿਆ ਜਾਂਦਾ ਹੈ। ਜਦਕਿ ਗੁਰਬਾਣੀ ਸਿਧਾਂਤ ਅਨੁਸਾਰ ਇਹ ਗੁਰਬਾਣੀ ਦਾ ਅਰੰਭ ਅਤੇ ਮੰਗਲਾਚਰਣ ਹੀ ਹੈ। ਇਹ ਵੀ ਧਿਆਣ ਦੇਣ ਦੀ ਲੋੜ ਹੈ ਕਿ ਗੁਰਬਾਣੀ ਵਿੱਚਲਾ ਇਹ ਮੰਗਲਾਚਰਣ "ੴ" ਤੋਂ ਅਰੰਭ ਹੋ ਕੇ ਆਪਣੇ ਚੋਹਾਂ ਸਰੂਪਾਂ `ਚ ‘ਗੁਰ ਪ੍ਰਸਾਦਿ’ `ਤੇ ਹੀ ਸਮਾਪਤ ਹੁੰਦਾ ਹੈ। ਸਪਸ਼ਟ ਹੈ "ਮੰਗਲਾਚਰਣ" ਦਾ ਸੰਪੂਰਣ ਸਰੂਪ ਪ੍ਰਗਟ ਕਰਣ ਤੋਂ ਬਾਅਦ ਇਸ ਦੇ ਤਿੰਨ ਸ਼ੰਖਪ ਸਰੂਪ ਆਉਣ `ਤੇ ਵੀ ਇਸਦੇ ਅਰੰਭ ਤੇ ਸਮਾਪਤੀ `ਚ ਅੰਤਰ ਨਹੀਂ ਆਉਂਦਾ। ਹਰੇਕ ਸਰੂਪ `ਚ ਇਸਦਾ ਆਰੰਭ "ੴ" ਤੇ ਇਸ ਦੀ ਸੰਪੂਰਣਤਾ ‘ਗੁਰ ਪ੍ਰਸਾਦਿ’ ਨਾਲ ਹੀ ਹੁੰਦੀ ਹੈ; ਘਟਦੇ ਹਨ ਤਾਂ ਇਸ ਵਿੱਚਲੇ "ਸਤਿਨਾਮੁ ਕਰਤਾਪੁਰਖ" ਆਦਿ ਵਿਸ਼ੇਸ਼ਣ।

"ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ" ਜੀ ਦੀ ਅਰੰਭਕ ਬਾਣੀ? - ਚੇਤੇ ਰਖਣਾ ਹੈ ਕਿ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ" ਜੀ ਅੰਦਰ ਪਹਿਲੇ ਅੱਠ ਪੰਨਿਆਂ ਤੀਕ ਸਭ ਤੋਂ ਪਹਿਲੀ ਰਚਨਾ "ਬਾਣੀ ‘ਜਪੁ’ ਹੀ ਹੈ। ਇਸ ਤਰ੍ਹਾਂ "ਬਾਣੀ ‘ਜਪੁ’ ਦੇ ਅਰੰਭ ਤੋਂ ਪਹਿਲਾਂ ਕੇਵਲ ਉਪ੍ਰੋਕਤ ਸੰਪੂਰਣ ਮੰਗਲਾਚਰਣ ਹੀ ਆਇਆ ਹੈ। ਇਹ ਵੀ ਧਿਆਨ ਦੇਣਾ ਹੈ ਕਿ "ਬਾਣੀ ‘ਜਪੁ’ ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਰਾਹੀਂ ਉਚਾਰਣ ਕੀਤੀ ਹੋਈ ਬਾਣੀ ਹੈ।

ਇਸ ਤਰ੍ਹਾਂ "ਬਾਣੀ ‘ਜਪੁ’ ਤੋਂ ਪਹਿਲਾਂ ਸੰਪੂਰਣ ਮੰਗਲਾਚਰਣ ਹੈ, ਫ਼ਿਰ ਇੱਕ ਸਲੋਕ "ਆਦਿ ਸਚੁ, ਜੁਗਾਦਿ ਸਚੁ…." ਹੈ। ਉਸ ਤੋਂ ਬਾਅਦ ‘ਬਾਣੀ ਜਪੁ’ ਦੀਆਂ ੩੮ ਪਉੜੀਆਂ ਹਨ। ਇਸ ਤਰ੍ਹਾਂ ਸਮੂਚੀ ਬਾਣੀ "ਜਪੁ" `ਚ ਪਹਿਲਾਂ "ਮੰਗਲਾਚਰਣ" ਉਪ੍ਰੰਤ "ਆਦਿ ਸਚੁ, ਜੁਗਾਦਿ ਸਚੁ…." ਵਾਲਾ ਸਲੋਕ ਫ਼ਿਰ ੩੮ ਪਉੜੀਆਂ ਤੇ ‘ਬਾਣੀ ਜਪੁ’ ਦੀ ਸਮਾਪਤੀ `ਤੇ ਫ਼ਿਰ ਇੱਕ ਹੋਰ ਸਲੋਕ "ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ. ." ਆਇਆ ਹੋਇਆ ਹੈ। ਇਸ ਤਰ੍ਹਾਂ ਇੱਕ ਸਲੋਕ ‘ਬਾਣੀ ਜਪੁ’ ਦੇ ਅਰੰਭ `ਚ ਹੈ ਅਤੇ ਦੂਜਾ ‘ਬਾਣੀ ਜਪੁ’ ਦੀ ਸਮਾਪਤੀ `ਤੇ। ਗੁਰਦੇਵ ਰਾਹੀਂ ਸੰਗਤਾਂ ਨੂੰ ਰੋਜ਼ ਸਵੇਰੇ ਇਸ ਬਾਣੀ ਦਾ ਪਾਠ ਕਰਣ ਦੀ ਹਿਦਾਇਤ ਵੀ ਹੈ।

"ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਅਨੁਸਾਰ ਨਿਤਨੇਮ" - "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦੀ ਸਮੂਚੀ ਬਾਣੀ ਰਾਗਾਂ `ਚ ਹੈ। ਤਾਂ ਵੀ ਅਜੋਕੀ ੧੪੩੦ ਪੰਨਿਆਂ ਵਾਲੀ ਬੀੜ `ਚ ਪਹਿਲਾਂ ੧੩ ਪੰਨੇ ਰਾਗ-ਮੁਕਤ ਹਨ ਤਾਂ ਕਿਉਂ? ਵਿਸ਼ੇ ਦੀ ਗਹਿਰਾਈ `ਚ ਜਾਵਾਂਗੇ ਤਾਂ ਸਮਝ ਆਉਂਦੇ ਦੇਰ ਨਹੀਂ ਲਗੇਗੀ ਕਿ ਉਹ ੧੩ ਪੰਨੇ ਸਪਸ਼ਟ ਰੂਪ `ਚ ਖ਼ੁਦ ਗੁਰੂ ਸਾਹਿਬ ਵੱਲੋਂ ਸਮੂਚੀਆਂ ਗੁਰੂ ਕੀਆਂ ਸੰਗਤਾਂ ਲਈ ਤਿੰਨ ਸਮੇਂ ਦੇ ਨਿਤਨੇਮ ਲਈ ਹੀ ਆਦੇਸ਼ ਰੂਪ ਹਨ। ਇਸ ਤਰ੍ਹਾਂ ਇਨ੍ਹਾਂ ੧੩ ਪੰਨਿਆਂ `ਚ ਪਹਿਲਾਂ "ਬਾਣੀ ਜਪੁ" ਹੈ ਫ਼ਿਰ ਬਾਣੀ ‘ਸੋਦਰੁ’ (੫ ਸ਼ਬਦ), ਉਸ ਤੋਂ ਬਾਅਦ ਬਾਣੀ ‘ਸੋਪੁਰਖੁ(ਚਾਰ ਸ਼ਬਦ) ਅਤੇ ਅੰਤ `ਚ ਬਾਣੀ "ਸੋਹਿਲਾ" (੫ ਸ਼ਬਦ) ਹਨ। ਜਦਕਿ "ਬਾਣੀ ਜਪੁ" ਤੋਂ ਇਲਾਵਾ ਬਾਕੀ ੫+੪+੫ ਭਾਵ ‘ਸੋਦਰੁ’ ‘ਸੋਪੁਰਖੁ ਤੇ ਬਾਣੀ "ਸੋਹਿਲਾ" ਵਾਲੇ ਸਾਰੇ ੧੪ ਸ਼ਬਦ ਅੱਗੇ ਰਾਗਾਂ `ਚ ਤੇ ਰਾਗਾਂ ਅਨੁਸਾਰ ਫ਼ਿਰ ਤੋਂ ਵੀ ਦਰਜ ਕੀਤੇ ਹੋਏ ਹਨ।

ਦਰਅਸਲ ਸੰਬੰਧਤ ਵਿਸ਼ੇ `ਤੇ ਉਚੇਚਾ ਧਿਆਨ ਦੇਣਾ ਇਸ ਲਈ ਵੀ ਜ਼ਰੂਰੀ ਹੋ ਜਾਂਦਾ ਹੈ ਕਿ ਇਸਤੋਂ ਅੱਗੇ ਪੰਨਾ ਨੰ: ੧੪ ਤੋਂ ਗੁਰਦੇਵ ਨੇ ਸਮੂਚੀ ਗੁਰਬਾਣੀ ਨੂੰ ਰਾਗਾਂ `ਚ ਦਰਜ ਕੀਤਾ ਹੋਇਆ ਤੇ ਤਰਤੀਬ ਦਿੱਤੀ ਹੋਈ ਹੈ। ਤਾਂ ਵੀ ਗੁਰਦੇਵ ਨੇ ਉਪ੍ਰੋਕਤ ੫+੪+੫ (੧੪) ਸ਼ਬਦਾਂ ਨੂੰ, ਸਮੂਚੀ ਗੁਰਬਾਣੀ ਨੂੰ ਰਾਗਾਂ ਦੀ ਤਰਤੀਬ ਦੇਣ ਤੋਂ ਪਹਿਲਾਂ ਉਚੇਚਾ ਰਾਗ ਮੁਕਤ ਰਖਿਆ ਹੋਇਆ ਹੈ ਤਾਂ ਕਿਉਂ? ਵਿਸ਼ਾ ਵਿਸ਼ੇਸ਼ ਧਿਆਨ ਮੰਗਦਾ ਹੈ।

ਹਾਲਾਂਕਿ ਇਹ ਵੀ ਦੱਸ ਚੁੱਕੇ ਹਾਂ ਉਹ ੧੪ ਸ਼ਬਦ, ਰਾਗਾਂ ਦੀ ਵੰਡ ਅਨੁਸਾਰ ਅੱਗੇ ਜਾ ਕੇ ਫ਼ਿਰ ਤੋਂ ਆਪਣੇ-ਆਪਣੇ ਰਾਗਾਂ `ਚ ਵੀ ਹਨ। ਸਪਸ਼ਟ ਹੈ ਕਿ ਗੁਰਦੇਵ ਨੇ ਇਸ ਤਰ੍ਹਾਂ ਪਹਿਲੇ ੧੩ ਪੰਨਿਆਂ ਵਿੱਚਲੀ ਬਾਣੀ ਨੂੰ ਉਚੇਚੇ ਰਾਗ-ਮੁਕਤ ਕਰਕੇ ਗੁਰੂ ਕੀਆਂ ਸਮੂਚੀਆਂ ਸੰਗਤਾਂ ਲਈ ਨਿਤਨੇਮ ਲਈ ਆਦੇਸ਼ ਕੀਤਾ ਹੋਇਆ ਹੈ ਅਤੇ ਇਸ ਸਚਾਈ ਨੂੰ ਕਿਸੇ ਤਰ੍ਹਾਂ ਵੀ ਝੁਠਲਾਇਆ ਨਹੀਂ ਜਾ ਸਕਦਾ। ਉਂਝ ਇਸ ਵਿਸ਼ੇ ਸੰਬੰਧੀ ਕੁੱਝ ਹੋਰ ਵੇਰਵਾ ਗੁਰਮੱਤ ਪਾਠ ਨੰ: ੪੧੨, "ਬਾਣੀ ਸੋਹਿਲਾ ਅਤੇ ਗੁਰੂ ਕੀਆਂ ਸੰਗਤਾਂ" `ਚ ਵੀ ਦੇ ਚੁੱਕੇ ਹਾਂ; ਇਸ ਲਈ ਉਸ ਨੂੰ ਇਥੇ ਦੌਰਾਨ ਦੀ ਲੋੜ ਨਹੀਂ। ਸੰਗਤਾਂ ਦੀ ਸੇਵਾ `ਚ ਬੇਨਤੀ ਹੈ ਕਿ ਉਹ ਉਸ ਗੁਰਮੱਤ ਪਾਠ ਦਾ ਲਾਭ ਵੀ ਲੈ ਲੈਣ।

ਇਸ ਤੋਂ ਅੱਗੇ ੩੧ ਰਾਗ ਹਨ ਜਿਨ੍ਹਾਂ `ਚ ਬਾਣੀ ਦਰਜ ਹੋਈ ਹੈ- ਤਾਂ ਤੇ ਉਹ ੩੧ ਰਾਗ ਜਿਨ੍ਹਾਂ `ਚ ਸਮੂਚੀ ਬਾਣੀ ਦਰਜ ਹੋਈ ਉਹ ਇਸਤਰ੍ਹਾਂ ਹਨ-ਸਿਰੀਰਾਗੁ, ਮਾਝੁ, ਗਉੜੀ, ਆਸਾ, ਗੂਜਰੀ, ਦੇਵਗੰਧਾਰੀ, ਬਿਹਾਗੜਾ, ਵਡਹੰਸ, ਸੋਰਠਿ, ਧਨਾਸਰੀ, ਜੈਤਸਰੀ, ਟੋਡੀ, ਬੈਰਾੜੀ, ਤਿਲੰਗ, ਸੂਹੀ, ਬਿਲਾਵਲ, ਗੌਂਡ, ਰਾਮਕਲੀ, ਨਟ ਨਾਰਾਇਣ, ਮਾਲੀ ਗਉੜਾ, ਮਾਰੂ, ਤੁਖਾਰੀ, ਕੇਦਾਰਾ, ਭੈਰਉ, ਬਸੰਤ, ਸਾਰੰਗ, ਮਲਾਰ, ਕਾਨੜਾ, ਕਲਿਆਣ, ਪ੍ਰਭਾਤੀ, ਜੈਜਾਵੰਤੀ।

"ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਅੰਦਰ ਉਪ੍ਰੋਕਤ ੩੧ ਰਾਗਾਂ ਦੀ ਸਮਾਪਤੀ ਉਪ੍ਰੰਤ ਨੰਬਰਵਾਰ ਹੇਠ ਲਿਖੀਆਂ ਬਾਣੀਆਂ ਦਰਜ ਹਨ-

ਸਲੋਕ ਸਹਸਕ੍ਰਿਤੀ ਮਹਲਾ ੧ ( ਸਲੋਕ) ਪੰਨਾ ੧੩੫੩

ਸਲੋਕ ਸਹਸਕ੍ਰਿਤੀ ਮਹਲਾ ੫ (੬੭ ਸਲੋਕ) ਪੰਨਾ ੧੩੫੩

ਗਾਥਾ ਮਹਲਾ ੫ ਪੰਨਾ ੧੩੬੦

ਫੁਨਹੇ ਮਹਲਾ ੫ ਪੰਨਾ ੧੩੬੧

ਚਉਬੋਲੇ ਮਹਲਾ ੫ ਪੰਨਾ ੧੩੬੩,

ਸਲੋਕ ਭਗਤ ਕਬੀਰ ਜੀ (੨੪੩ ਸਲੋਕ) ਪੰਨਾ ੧੩੬੪,

ਸਲੋਕ ਸ਼ੇਖ਼ ਫ਼ਰੀਦ ਕੇ (੧੩੦ ਸਲੋਕ) ਪੰਨਾ ੧੩੭੭

ਸਵਯੇ ਸ੍ਰੀ ਮੁਖ ਬਾਕ੍ਹ ਮ: ੫ (੨੦ ਸਵਯੇ) ਪੰਨਾ ੧੩੮੫,

ਸਵਯੇ ਭੱਟਾਂ ਦੇ (੧੨੩ ਸਵਯੇ) ਪੰਨਾ ੧੩੮੯ ਤੋਂ ੧੪੦੯

ਸਲੋਕ ਵਾਰਾਂ ਤੇ ਵਧੀਕ (੧੫੨ ਸਲੋਕ) ਪੰਨਾ ੧੪੧੦,

ਇਨ੍ਹਾਂ ਸਲੋਕਾਂ `ਚ (ਮ: ੧-੩੩) (ਮ: ੩-੬੭) (ਮ: ੪-੩੦) (ਮ: ੫-੨੨)

ਸਲੋਕ ਮਹਲਾ ੯ (੫੭ ਸਲੋਕ) ਪੰਨਾ ੧੪੨੬

ਮੁੰਦਾਵਣੀ ਮ: ੫ ਅਤੇ ਸਲੋਕ ਮ: ੫ ਪੰਨਾ ੧੪੨੯ (ਸਮਾਪਤੀ ਸੂਚਕ ਦੋ ਸਲੋਕ)

ਉਪ੍ਰੰਤ ਰਾਗਮਾਲਾ, ਰਾਗਮਾਲਾ ਗੁਰਬਾਣੀ ਹੈ ਵੀ ਜਾਂ ਨਹੀਂ, ਇਸ ਬਾਰੇ ਪੰਥ ਅਜੇ ਇੱਕ ਮੱਤ ਨਹੀਂ। ਇਸੇ ਲਈ ਉਚੇਚੇ ਰਾਗਮਾਲਾ ਬਾਰੇ ‘ਸਿੱਖ ਰਹਿਤ ਮਰਿਯਾਦਾ-੧੯੪੫’ `ਚ ਵੀ ਰਾਗਮਾਲਾ ਬਾਰੇ ਅਜਿਹੀ ਸੇਧ ਹੈ:-

"ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ (ਸਾਧਾਰਨ ਜਾਂ ਅਖੰਡ) ਦਾ ਭੋਗ ਮੁੰਦਾਵਣੀ ਉਤੇ ਜਾਂ ਰਾਗਮਾਲਾ ਪੜ੍ਹ ਕੇ ਚਲਦੀ ਸਥਾਨਕ ਰੀਤੀ ਅਨੁਸਾਰ ਪਾਇਆ ਜਾਵੇ (ਇਸ ਗੱਲ ਬਾਰੇ ਪੰਥ ਵਿੱਚ ਅਜੇ ਤੱਕ ਮੱਤਭੇਦ ਹੈ, ਇਸ ਲਈ ਰਾਗਮਾਲਾ ਤੋਂ ਬਿਨਾ "ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦੀ ਬੀੜ ਲਿਖਣ ਜਾਂ ਛਾਪਣ ਦਾ ਹੀਆ ਕੋਈ ਨਾ ਕਰੇ……)"।) (ਉਂਝ ਬਹੁਤੇ ਵਿਦਵਾਨਾਂ ਅਨੁਸਾਰ ਰਾਗਮਾਲਾ ਗੁਰਬਾਣੀ ਦਾ ਅੰਗ ਨਹੀਂ।)

ਰਾਗਾਂ `ਚ ਗੁਰਬਾਣੀ ਦੀ ਤਰਤੀਬ-ਹਰੇਕ ਰਾਗ `ਚ ਗੁਰਬਾਣੀ ਦੀ ਤਰਤੀਬ ਦਾ ਵੇਰਵਾ ਆਮ ਤੌਰ `ਤੇ ਇਉਂ ਹੈ-ਸ਼ਬਦ, ਅਸ਼ਟਪਦੀਆਂ, ਛੰਤ ਤੇ ਫ਼ਿਰ ਭਗਤਾਂ ਦੇ ਸ਼ਬਦ।

ਜਦਕਿ ਇਹ ਸ਼ਬਦ, ਅਸ਼ਟਪਦੀਆਂ, ਛੰਤ ਆਦਿ ਵੀ ਖ਼ਾਸ ਕ੍ਰਮ `ਚ ਹਨ। ਜਿਵੇਂ:-

ਕ੍ਰਮਵਾਰ ਸਭ ਤੋਂ ਪਹਿਲਾਂ ਗੁਰੂ ਨਾਨਕ ਪਾਤਸ਼ਾਹ ਦੀਆਂ ਰਚਨਾਵਾਂ ਹਨ।

ਫਿਰ ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ ਅਤੇ ਗੁਰੂ ਅਰਜਨ ਸਾਹਿਬ ਦੀਆਂ।

ਇਹ ਵੀ ਕਿ ਸ੍ਰੀ ਗੁਰੂ ਅੰਗਦ ਸਾਹਿਬ ਦੀ ਬਾਣੀ `ਚ ਕੇਵਲ ੬੩ ‘ਸਲੋਕ’ ਹਨ, ਜਿਹੜੇ ਭਿੰਨ ਭਿੰਨ ‘ਵਾਰਾਂ’ ਦੀਆਂ ਪਉੜੀਆਂ ਨਾਲ ਦਰਜ ਕੀਤੇ ਹੋਏ ਹਨ।

"ਦਸਵੇਂ ਪਾਤਸ਼ਾਹ ਕਾ ਗ੍ਰੰਥ" - ਪੰਚਮ ਪਿਤਾ ਰਾਹੀਂ "ਆਦਿ ਬੀੜ" ਦੀ ਰਚਨਾ ਤੋਂ ਬਾਅਦ ਨੌਂਵੇਂ ਪਾਤਸ਼ਾਹ ਨੇ ਵੀ ਗੁਰਬਾਣੀ ਰਚੀ ਸੀ। ਇਸ ਤਰ੍ਹਾਂ ਨੌਵੇਂ ਪਾਤਸ਼ਾਹ ਨੇ ਜਿਤਨੇ ਤੇ ਜਿਸ-ਜਿਸ ‘ਰਾਗ’ `ਚ ਸ਼ਬਦ’ ਤੇ ਛੰਦ ਰਚੇ, ਬਾਅਦ `ਚ ਦਸਮੇਸ਼ ਜੀ ਨੇ ਉਨ੍ਹਾਂ ਨੂੰ ਅਜੋਕੀਆਂ ਬੀੜਾਂ `ਚ ਪੰਜਵੇਂ ਪਾਤਸ਼ਾਹ ਰਾਹੀਂ ਕਾਇਮ ਕੀਤੇ ਹੋਏ ਕ੍ਰਮ ਅਨੁਸਾਰ ਹੀ, ਗੁਰੂ ਅਰਜਨ ਸਾਹਿਬ ਦੇ ਸ਼ਬਦਾਂ ਤੇ ਛੰਦਾ ਤੋਂ ਬਾਅਦ ਦਰਜ ਕਰ ਦਿੱਤਾ। ਉਂਝ ‘ਸ਼ਬਦਾਂ’ ਤੇ ਛੰਦਾਂ ਤੋਂ ਪਹਿਲਾਂ ਗੁਰਬਾਣੀ ਦੀ ਤਰਤੀਬ `ਚ ਅਸ਼ਟਪਦੀਆਂ ਵੀ ਹਨ ਪਰ ਨੌਂਵੇਂ ਪਾਤਸ਼ਾਹ ਦੀ ਕੋਈ ਅਸ਼ਟਪਦੀ ਨਹੀਂ। ਇਹ ਵੀ ਕਿ ਨੌਵੇਂ ਪਾਤਸ਼ਾਹ ਨੇ ਸਲੋਕ ਵੀ ਰਚੇ ਸਨ। ਦਸਮੇਸ਼ ਜੀ ਨੇ ਉਨ੍ਹਾਂ ਸਲੋਕਾਂ ਨੂੰ ਬਾਣੀ ਦੀ ਸੰਪੂਰਣਤਾ ਸੂਚਕ ਪੰਜਵੇਂ ਪਾਤਸ਼ਾਹ ਦੇ ਦੋਨਾਂ ਸਲੋਕਾਂ "ਮੁੰਦਾਵਣੀ ਮਹਲਾ ੫ ਥਾਲ ਵਿਚਿ ਤਿੰਨਿ ਵਸਤੂ ਪਈਓ…" ਅਤੇ "ਸਲੋਕ ਮਹਲਾ ੫॥ ਤੇਰਾ ਕੀਤਾ ਜਾਤੋ ਨਾਹੀ…" (ਪੰ: ੧੪੨੯) ਤੋਂ ਇੱਕ ਦੰਮ ਪਹਿਲਾਂ "ੴ ਸਤਿਗੁਰ ਪ੍ਰਸਾਦਿ॥ ਸਲੋਕ ਮਹਲਾ ੯॥" ਦੇ ਸਿਰਲੇਖ ਹੇਠ ਦਰਜ ਕਰ ਦਿੱਤਾ।

ਇਸ ਤਰ੍ਹਾਂ ਓਦੋਂ ਸੰਗਤਾਂ ਵਿਚਾਲੇ ਇੱਕ ਨਹੀਂ ਦੋ ਤਰ੍ਹਾਂ ਦੀਆਂ ਭਿੰਨ ਭਿੰਨ ਬੀੜਾਂ ਪ੍ਰਚਲਤ ਹੋ ਚੁੱਕੀਆਂ ਸਨ। ਇੱਕ "ਆਦਿ ਬੀੜ" ਜਿਹੜੀ ਪੰਚਮ ਪਿਤਾ ਨੇ ਰਚੀ ਸੀ ਤੇ ਉਸ ਸਮੇਂ ਤੋਂ ਚਲਦੀ ਆ ਰਹੀ ਸੀ ਤੇ ਦੂਜੀ ਜਿਸ ਨੂੰ ਦਸਮੇਸ਼ ਜੀ ਨੇ ਨੌਵੇਂ ਪਾਤਸ਼ਾਹ ਦੀ ਬਾਣੀ ਜੋੜ ਕੇ ਸੰਪੂਰਣ ਕੀਤਾ। ਇਹੀ ਕਾਰਣ ਸੀ ਵੱਕਤੀ ਪਹਿਚਾਣ ਵਾਸਤੇ, ਕੁੱਝ ਸਮੇਂ ਲਈ ਸੰਗਤਾਂ ਵਿਚਾਲੇ ਪ੍ਰਚਲਤ ਬੀੜਾਂ ਨੂੰ ਦੋ ਭਿੰਨ ਭਿੰਨ ਨਾਵਾਂ ਨਾਲ ਜਾਣਿਆ ਜਾਣ ਲਗਾ। ਇੱਕ ਬੀੜ ਲਈ "ਆਦਿ ਬੀੜ" ਤੇ ਦੂਜੀ ਜਿਸ `ਚ ਨੌਵੇਂ ਪਾਤਸਾਹ ਦੀ ਬਾਣੀ ਜੋੜ ਕੇ, ਦਸਮੇਸ਼ ਪਿਤਾ ਨੇ ਸੰਪੂਰਣ ਕੀਤਾ, ਉਸ ਬੀੜ ਨੂੰ "ਦਸਵੇਂ ਪਾਤਸ਼ਾਹ ਕਾ ਗ੍ਰੰਥ"। ਭਾਵ ਉਹੀ ਗ੍ਰੰਥ ਜਿਸ ਨੂੰ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਵਾਲਾ ਅਜੋਕਾ ਸੰਬੋਧਨ ਪ੍ਰਾਪਤ ਹੈ। ਸਪਸ਼ਟ ਹੈ ਕਿ ਉਹ ਸਭ ਕੇਵਲ ਵੱਕਤੀ ਤੇ ਸਮੇਂ ਦੀ ਲੋੜ ਅਤੇ ਪਹਿਚਾਣ ਮਾਤ੍ਰ ਪ੍ਰਗਟਾਵਾ ਹੀ ਸੀ। ਨਾ ਕਿ ਓਦੋਂ "ਦਸਵੇਂ ਪਾਤਸ਼ਾਹ ਕਾ ਗ੍ਰੰਥ" ਉਹ ਬਚਿਤ੍ਰ ਨਾਟਕ ਸੀ ਜਿਸ ਨੂੰ ਲਗਭਗ ਸੰਨ ੧੮੬੦ `ਚ ‘ਦਸਮ ਗ੍ਰੰਥ’ ਵਾਲਾ ਨਾਮ ਦੇ ਕੇ ਪ੍ਰਚਲਤ ਕਰ ਦਿੱਤਾ ਗਿਆ ਤੇ ਗੁਰੂ ਕੀਆਂ ਸੰਗਤਾਂ ਨੂੰ ਅੱਜ ਵੀ ਉਸ ਤੋਂ ਭੰਬਲਭੂਸੇ `ਚ ਪਾਇਆ ਜਾ ਰਿਹਾ ਹੈ।

ਗੁਰਬਾਣੀ `ਚ ਅੰਕਾਂ ਦੀ ਤਰਤੀਬ- ਜੇ ਕਰ "ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਚੋਂ ਦਰਸ਼ਨ ਕਰੀਏ ਤਾਂ ਉਥੇ ਥਾਂ ਥਾਂ `ਤੇ ਅੰਕ ਨੰਬਰ ਵੀ ਹਨ। ਇਨ੍ਹਾਂ ਅੰਕਾਂ ਦੀ ਖ਼ਾਸ ਮਹੱਤਤਾ ਹੈ ਅਤੇ ਉਥੇ ਇਹ ਅੰਕ ਵੀ ਦੋ ਪ੍ਰਕਾਰ ਦੇ ਹਨ। ਹਰੇਕ ਸ਼ਬਦ, ਅਸ਼ਟਪਦੀ ਤੇ ਛੰਤ, ਕੁੱਝ ‘ਬੰਦਾਂ’ `ਚ ਵੰਡਿਆ ਹੋਇਆ ਮਿਲਦਾ ਹੈ। "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ" ਜੀ ਅੰਦਰ ਇਨ੍ਹਾਂ ‘ਬੰਦਾਂ’ ਲਈ ਲਫ਼ਜ਼ ‘ਪਦੇ’ ਆਇਆ ਹੈ। ਜਿਵੇਂ ਇੱਕ ਪਦਾ, ਦੁਪਦੇ, ਤਿਪਦੇ, ਚਉਪਦੇ, ਅਸ਼ਟਪਦੀ ਆਦਿ। ਉਪ੍ਰੰਤ ਬਹੁਤਾ ਕਰਕੇ ਇਨ੍ਹਾਂ ‘ਬੰਦਾਂ’ `ਚ ਦੋ-ਦੋ ਕਿਤੇ ਤਿੰਨ ਚਾਰ ਤੇ ਵੱਧ ਤੁੱਕਾਂ ਅਥਵਾ ਪੰਕਤੀਆਂ ਵਾਲੇ ‘ਬੰਦ’ ਵੀ ਆਏ ਹਨ। ਦਰਅਸਲ ਇਹ ਉਹ ‘ਅੰਕ’ ਹਨ ਜਿਹੜੇ ਅਮੁੱਕੇ ਸ਼ਬਦਾਂ-ਅਸ਼ਟਪਦੀਆਂ ਆਦਿ `ਚ ‘ਬੰਦਾਂ’ ਦੀ ਗਿਣਤੀ ਨੂੰ ਦੱਸਣ ਲਈ ਦਿੱਤੇ ਹੋਏ ਹਨ; ਜਿਵੇਂ:-

"ਆਸਾ ਮਹਲਾ ੫॥ ਜਾ ਤੂੰ ਸਾਹਿਬੁ ਤਾ ਭਉ ਕੇਹਾ, ਹਉ ਤੁਧੁ ਬਿਨੁ ਕਿਸੁ ਸਾਲਾਹੀ॥ ਏਕ ਤੂੰ ਤਾ ਸਭ ਕਿਛੁ ਹੈ, ਮੈ ਤੁਧੁ ਬਿਨੁ ਦੂਜਾ ਨਾਹੀ॥ ੧॥ ਬਾਬਾ ਬਿਖੁ ਦੇਖਿਆ ਸੰਸਾਰੁ॥ ਰਖਿਆ ਕਰਹੁ ਗੁਸਾਈ ਮੇਰੇ, ਮੈ ਨਾਮੁ ਤੇਰਾ ਆਧਾਰੁ॥ ੧॥ ਰਹਾਉ॥ ਜਾਣਹਿ ਬਿਰਥਾ ਸਭਾ ਮਨ ਕੀ, ਹੋਰ ਕਿਸੁ ਪਹਿ ਆਖਿ ਸੁਣਾਈਐ॥ ਵਿਣੁ ਨਾਵੈ ਸਭੁ ਜਗੁ ਬਉਰਾਇਆ, ਨਾਮੁ ਮਿਲੈ ਸੁਖੁ ਪਾਈਐ। ੨॥ ਕਿਆ ਕਰੀਐ ਕਿਸੁ ਆਖਿ ਸੁਣਾਈਐ, ਜਿ ਕਹਣਾ ਸੁ ਪ੍ਰਭ ਜੀ ਪਾਸਿ॥ ਸਭੁ ਕਿਛੁ ਕੀਤਾ ਤੇਰਾ ਵਰਤੈ, ਸਦਾ ਸਦਾ ਤੇਰੀ ਆਸ॥ ੩॥ ਜੇ ਦੇਹਿ ਵਡਿਆਈ ਤਾ ਤੇਰੀ ਵਡਿਆਈ ਇਤੁ ਉਤੁ ਤੁਝਹਿ ਧਿਆਉ॥ ਨਾਨਕ ਕੇ ਪ੍ਰਭ ਸਦਾ ਸੁਖ ਦਾਤੇ, ਮੈ ਤਾਣੁ ਤੇਰਾ ਇਕੁ ਨਾਉ॥ ੪॥ ੭॥ ੪੬॥ (ਪੰ: ੩੮੨)

ਇਸ ਤਰ੍ਹਾਂ ਇਸ ਸ਼ਬਦ `ਚ ੪ ‘ਬੰਦ’ ਹਨ। ਹਰੇਕ ‘ਬੰਦ’ ਦੇ ਅਖ਼ੀਰ `ਤੇ ਉਸ ਬੰਦ ਦੀ ਗਿਣਤੀ ਸੰਬੰਧੀ ਅੰਕ ਨੰ: ੧, ੨, ੩, ੪ ਹੈ। ਇਸੇ ਤਰ੍ਹਾਂ ਇਥੇ ਇਸ ਸ਼ਬਦ ਦੀ ਸਮਾਪਤੀ `ਤੇ ਜਿਹੜਾ ਪਹਿਲਾਂ ਅੰਕ ੪ ਦਿੱਤਾ ਹੋਇਆ ਹੈ। ਇਹ ‘ਅੰਕ’ ੪ ਸ਼ਬਦ ਦੀ ਅੰਦਰਲੀ ਬਣਤਰ ਵਾਸਤੇ ਤੇ ਸ਼ਬਦ ਵਿੱਚਲੇ ਬੰਦਾਂ ਦੀ ਗਿਣਤੀ ਦਾ ਲਖਾਇਕ ਹੈ। ਫ਼ਿਰ ਜੋ ਬਾਕੀ ਅੰਕ ਹਨ, ਉਹ ਸ਼ਬਦਾਂ ਅਸ਼ਟਪਦੀਆਂ ਆਦਿ ਦੀ ਗਿਣਤੀ ਨੂੰ ਦੱਸਦੇ ਹਨ, ਜਿਵੇਂ ਇਸ ਸ਼ਬਦ `ਚ ਅੰਕ ੭ ਤੇ ਅੰਕ ੪੬। ਇਨ੍ਹਾਂ ਅੰਕਾਂ ਦੇ ਅਰਥ ਹਨ "ਆਸਾ ਰਾਗ" `ਚ ਇਥੋਂ ਤੀਕ ਗੁਰੂ ਅਰਜਨ ਸਾਹਿਬ ਦੇ ਕੁੱਲ ੪੬ ਸ਼ਬਦ ਆ ਚੁੱਕੇ ਹਨ। ਉਪ੍ਰੰਤ "ਰਾਗੁ ਆਸਾ ਘਰੁ ੬ ਮਹਲਾ ੫॥" ਅਨੁਸਾਰ ਪੰਨਾ ੩੮੦ ਤੋਂ ਅਰੰਭ ਹੋਈ ਛੇਵੇਂ ‘ਘਰ’ ਵਿੱਚਲੇ ਪੰਜਵੇਂ ਪਾਤਸਾਹ ਦੇ ਇਨ੍ਹਾਂ ਸ਼ਬਦਾਂ ਦੀ ਲੜੀ `ਚ ਇਹ ਸਤਵਾਂ ਸ਼ਬਦ ਹੈ।

ਇਸੇ ਤਰ੍ਹਾਂ ਗੁਰਬਾਣੀ `ਚ ਸ਼ਬਦ ਵੱਖ ਵੱਖ ‘ਘਰਾਂ’ ਵਾਲੇ ਵੀ ਆਏ ਹੋਏ ਹਨ। ਇਸ ਲਈ ਉਨ੍ਹਾਂ ਦੇ ਸਿਰਲੇਖ ਵੀ ਵੱਖਰੇ ਵੱਖਰੇ ਤੇ ਆਪਣੇ-ਆਪਣੇ ਹਨ ਜਿਵੇਂ "ਆਸਾ ਮਹਲਾ ੫ ਘਰੁ ੨", "ਆਸਾ ਮਹਲਾ ੫ ਘਰੁ ੩", ਆਸਾ ਮਹਲਾ ੫ ਘਰੁ ੫, ਤੇ ਉਸੇ ਲੜੀ `ਚ ਉਪ੍ਰੋਕਤ ਸ਼ਬਦ "ਆਸਾ ਮਹਲਾ ੫ ਘਰੁ ੬" ਦਾ ਹੈ। ਇਸ ਤਰ੍ਹਾਂ ਲਫ਼ਜ਼ "ਘਰ" ਰਾਹੀਂ ਗੁਰਬਾਣੀ `ਚ ਸੇਧ ਹੈ ਕਿ ਸਾਜ਼ਾਂ ਰਾਹੀਂ ਗਾਉਣ ਸਮੇਂ ਕਿਸ ਸ਼ਬਦ ਨੂੰ ਦੋ, ਤਿੰਨ, ਚਾਰ, ਪੰਜ ਜਾਂ ਕਿਹੜੇ ਘਰ ਅਥਵਾ ਤਾਲ `ਤੇ ਗਾਉਣਾ ਹੈ ਜਦਕਿ ਸੰਪੂਰਣ ਗੁਰਬਾਣੀ `ਚ ਇਹ ਗਿਣਤੀ "ਘਰ ੧੭" ਤੀਕ ਆਈ ਹੈ।

ਗੁਰਬਾਣੀ ਅੰਕ ਜੋੜਾਂ ਦਾ ਇੱਕ ਹੋਰ ਸਰੂਪ-ਉਪ੍ਰੰਤ ਗੁਰਬਾਣੀ `ਚ ਹਰੇਕ ਗੁਰੂ ਵਿਅਕਤੀ ਦੀਆਂ ਸ਼ਬਦਾਂ, ਅਸ਼ਟਪਦੀਆਂ ਆਦਿ ਦੀ ਗਿਣਤੀ ਵੱਖਰੀ ਵੀ ਦਿਤੀ ਹੋਈ ਹੈ; ਤੇ ਸਾਰੇ ਗੁਰੂ ਜਾਮਿਆਂ ਦੇ ਸ਼ਬਦ ਰਲਾ ਕੇ ਉਨ੍ਹਾਂ ਦਾ ਇਕੱਠਾ ਜੋੜ ਵਾਲਾ ਨਿਯਮ ਵੀ ਵਰਤਿਆ ਹੋਇਆ ਹੈ। ਜਿਵੇਂ ਮਿਸਾਲ ਵਜੋਂ ਕ੍ਰਮਵਾਰ "ਸੋਰਠਿ ਮਹਲਾ ੧ ਦੇ ੧੨ ਸ਼ਬਦ", ਫ਼ਿਰ "ਸੋਰਠਿ ਮਹਲਾ ੩ ਦੇ ੧੨ ਸ਼ਬਦ", "ਸੋਰਠਿ ਮਹਲਾ ੪ ਦੇ ੯ ਸ਼ਬਦ", "ਸੋਰਠਿ ਮਹਲਾ ੫ ਦੇ ੯੪ ਸ਼ਬਦ" ਅਤੇ "ਸੋਰਠਿ ਮਹਲਾ ਦੇ ੯ ਦੇ ੧੨ ਸ਼ਬਦ"। ਇਸ ਤਰ੍ਹਾਂ ਅੰਤ `ਚ ਇਨ੍ਹਾਂ ਸਾਰੇ ਸ਼ਬਦਾਂ ਦਾ ਕੁਲ ਜੋੜ (੧੨+੧੨+੯+੯੪+੧੨) ੧੩੯ ਵੀ ਦਿੱਤਾ ਹੋਇਆ ਮਿਲੇਗਾ।

ਇਨ੍ਹਾਂ ਅੰਕ ਨੰਬਰਾਂ `ਚ ਇੱਕ ਹੋਰ ਵਿਸ਼ੇਸ਼ਤਾ ਇਹ ਵੀ ਹੈ ਕਿ ਕਿਤੇ ਕਿਤੇ ਪੰਚਮ ਪਾਤਸ਼ਾਹ ਨੇ ਆਪ ਹੀ ਇਨ੍ਹਾਂ ‘ਅੰਕਾਂ’ ਦਾ ਮਤਲਬ ਵੀ ਸਮਝਾ ਕੇ ਲਿਖ਼ਤੀ ਸੇਧ ਵੀ ਦਿੱਤੀ ਹੋਈ ਹੈ ਤਾ ਕਿ ਉਸ ਹਿਦਾਇਤ ਨੂੰ ਵੀ ਸੰਗਤਾਂ ਰਾਹੀਂ ਹਰ ਥਾਂ ਵਿਸ਼ੇ ਨੂੰ ਸਮਝਣ ਲਈ ਵਰਤ ਲਿਆ ਜਾਵੇ। ਮਿਸਾਲ ਵਜੋਂ ੧੪੩੦ ਪੰਨਿਆਂ ਵਾਲੀ ਅਜੋਕੀ ‘ਬੀੜ’ `ਚ:-

(੧) ਪੰਨਾ ੬੪ `ਤੇ, "ਮਹਲੇ ਪਹਿਲੇ ਦੀਆਂ ੧੭ ਅਸ਼ਟਪਦੀਆਂ ਮੁੱਕਣ `ਤੇ ਅੰਕ ੧੭ ਵਰਤਣ ਤੋਂ ਬਾਅਦ ਵੀ ਲਿਖਿਆ ਹੋਇਆ ਹੈ- ‘ਮਹਲੇ ਪਹਿਲੇ ਸਤਾਰਹ ਅਸ਼ਟਪਦੀਆਂ’।

(੨) ਪੰਨਾ ੯੬, ਰਾਗ ਮਾਝ, ਚਉਪਦੇ ਮ: ੪ ਦੀ ਸਮਾਪਤੀ `ਤੇ ਅੰਕ ੭ ਦੇ ਕੇ ਵੀ ਉਸ ਅੱਗੇ ਲਿਖਿਆ ਹੋਇਆ ਹੈ, ‘ਸਤ ਚਉਪਦੇ ਮਹਲੇ ਚਉਥੇ ਕੇ’।

(੩) ਪੰਨਾ ੨੨੮ ਰਾਗ ਗਉੜੀ, ੧੬ ਅਸ਼ਟਪਦੀਆਂ ਦੇ ਅਖ਼ੀਰ `ਤੇ ਅੰਕ ੧੬ ਦੇ ਕੇ ਵੀ ਲਿਖਿਆ ਹੈ, ‘ਸੋਲਹ ਅਸ਼ਟਪਦੀਆਂ ਗੁਆਰੇਰੀ ਗਉੜੀ ਕੀਆਂ’।

(੪) ਪੰਨਾ ੩੩੦ ਰਾਗ ਗਉੜੀ; ਕਬੀਰ ਜੀ ਦੇ ਸ਼ਬਦਾਂ ਦੇ ਅਖ਼ੀਰ `ਤੇ ਅੰਕ ੩੫ ਦੇ ਕੇ, ਉਪ੍ਰੰਤ ਵਰਨਣ ਹੈ ‘ਗਉੜੀ ਗੁਆਰੇਰੀ ਕੇ ਪਦੇ ਪੈਤੀਸ’ ਇਸੇ ਤਰ੍ਹਾਂ ਹੋਰ ਵੀ।

ਪਾਤਸ਼ਾਹ ਰਾਹੀਂ ਅਜਿਹੀ ਸੇਧ ਦੇਣ ਦਾ ਵੱਡਾ ਲਾਭ ਇਹ ਹੈ ਕਿ ਇਸ ਨਾਲ ਕਿਸੇ ਸ਼ਬਦ ਨੂੰ ਢੂੰਡਣ `ਚ ਸਹੂਲਿਅਤ ਤਾਂ ਹੁੰਦੀ ਹੀ ਹੈ ਇਸਦੇ ਨਾਲ ਇਨ੍ਹਾਂ ‘ਅੰਕਾਂ’ ਦਾ ਲਾਭ ਇਹ ਵੀ ਹੈ ਕਿ "ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਅੰਦਰ ਕੋਈ ਵਾਧਾ ਘਾਟਾ ਵੀ ਨਹੀਂ ਕੀਤਾ ਜਾ ਸਕਦਾ। ਜਿਨ੍ਹਾਂ ਲੋਕਾਂ ਨੇ ਲਿਖਤੀ ਬੀੜਾਂ `ਚ ਕੋਈ ਵਾਧਾ ਕੀਤਾ ਵੀ ਹੈ ਤਾਂ ਉਹ "ਮੁੰਦਾਵਣੀ ਮਹਲਾ ੫" ਅਤੇ ਅੰਤਮ "ਸਲੋਕ ਮਹਲਾ ੫" ਭਾਵ ਬੀੜ ਦੀ ਸਮਾਪਤੀ ਤੋਂ ਬਾਅਦ ਹੀ ਕਰ ਸਕੇ ਹਨ, ਉਸ ਤੋਂ ਪਹਿਲਾਂ ਨਹੀਂ।

ਰਾਗਾਂ ਵਿੱਚਕਾਰ ਹੋਰ ਹੋਰ ਬਾਣੀਆਂ- ਆਮ ਤੌਰ `ਤੇ ਹਰੇਕ ਰਾਗ `ਚ ਸ਼ਬਦ, ਅਸ਼ਟਪਦੀਆਂ ਤੇ ਛੰਤ ਹੀ ਹਨ, ਪਰ ਇਨ੍ਹਾਂ ਤੋਂ ਇਲਾਵਾ ਹੇਠ ਲਿਖੇ ਅਨੁਸਾਰ ਭਿੰਨ ਭਿੰਨ ਰਾਗਾਂ ਵਿੱਚਾਲੇ ਕੁੱਝ ਹੋਰ ਬਾਣੀਆਂ ਵੀ ਦਰਜ ਹੋਈਆਂ ਹਨ ਜਿਵੇਂ:-

ਸਿਰੀ ਰਾਗ `ਚ- (੧) ਪਹਰੇ- (ਪੰ: ੭੪-੭੮) ਇਨ੍ਹਾਂ ਦੀ ਗਿਣਤੀ ਮ: ੧ ਦੇ ੨; ਮ: ੪ ਦਾ ੧; ਮ: ੫ ਦਾ ੧ ਕੁਲ ਜੋੜ-੪ ਤੇ ਹਰੇਕ ਭਾਗ `ਚ ਅਗੋਂ ਚਾਰ-ਚਾਰ ਬੰਦ ਹਨ ਜਦਕਿ ਪਹਿਲੇ ਤੇ ਪੰਜਵੇਂ ਮਹਲੇ ਦੇ ਪਹਿਰਿਆਂ `ਚ ਦੋ ਵਾਰੀ, ਪੰਜ-ਪੰਜ ਬੰਦ ਵੀ ਆਏ ਹਨ।

ਉਪ੍ਰੰਤ ਇਸੇ ਰਾਗ `ਚ ਦੂਜੀ ਵਿਸ਼ੇਸ਼ ਬਾਣੀ ਹੈ ‘ਵਣਜਾਰਾ’ ਮ: ੪ (ਪੰ: ੮੧)। ਇਸੇ ਤਰ੍ਹਾਂ

ਰਾਗ ਮਾਝ `ਚ- (੧) ਬਾਰਹ ਮਾਹ ਮ: ੫ (ਪੰ: ੧੩੩)

(੨) ਦਿਨ ਰੈਣਿ ਮ: ੫ (ਪੰ: ੧੩੬)।

ਗਉੜੀ ਰਾਗ `ਚ- (੧) ਕਰਹਲੇ ਮ: ੪ (ਪੰ: ੨੩੪), (ਨੋਟ-ਗਿਣਤੀ ਸਬੰਧੀ ਅੰਕ ਨੰਬਰ ਦੇਣ ਸਮੇਂ ‘ਕਰਹਲੇ’ ਵੀ ਅਸ਼ਟਪਦੀਆਂ `ਚ ਹੀ ਗਿਣੇ ਹੋਏ ਹਨ)।

(੨) ਬਾਵਨ ਅਖਰੀ ਮ: ੫ (ਪੰ: ੨੫੦) ਇਸ `ਚ ੫੫ ਪਉੜੀਆਂ ਅਤੇ ੫੭ ਸਲੋਕ ਹਨ।

(੩) ਸੁਖਮਨੀ ਮ: ੫ (ਪੰ: ੨੬੨) - ਇਸ ਬਾਣੀ `ਚ ੨੪ ਸਲੋਕ ਤੇ ੨੪ ਅਸ਼ਟਪਦੀਆਂ ਹਨ।

(੪) ਥਿਤੀ ਮ: ੫ (ਪੰ: ੨੯੬)। ਇਸੇ ਤਰ੍ਹਾਂ-

ਆਸਾ ਰਾਗ `ਚ- (੧) ਬਿਰਹੜੇ ਮ: ੫ (ਪੰ: ੪੩੧); ਨੋਟ- ‘ਬਿਰਹੜੇ’ ਤਿੰਨ ਭਾਗਾਂ `ਚ ਹਨ ਜਿਹੜੇ ਕਿ ਅਸ਼ਟਪਦੀਆਂ ਦੀ ਗਿਣਤੀ `ਚ ਹੀ ਦਿੱਤੇ ਹੋਏ ਹਨ, ਜਦਕਿ ਇਨ੍ਹਾਂ ਦੀ ਚਾਲ ‘ਛੰਤਾਂ’ ਵਾਲੀ ਹੀ ਹੈ।

(੨) ਪਟੀ ਲਿਖੀ ਮਹਲਾ ੧ (ਪੰ: ੪੩੨) - ੩੫ ਪਉੜੀਆਂ

(੩) ਪਟੀ ਮਹਲਾ ੩ (ਪੰ: ੪੩੪) -੧੮ ਪਉੜੀਆਂ। ਉਪ੍ਰੰਤ

ਵਡਹੰਸ ਰਾਗ `ਚ- (੧) ਘੋੜੀਆਂ ਮ: ੪ (ਪੰ: ੫੭੫) ਨੋਟ-ਬਾਣੀ ਘੋੜੀਆਂ, ਇਸਦੀ ਗਿਣਤੀ ਵੀ ‘ਛੰਤਾਂ’ `ਚ ਹੀ ਕੀਤੀ ਹੋਈ ਹੈ।

(੨) ਅਲਾਹਣੀਆਂ ਮ: ੧ (ਪੰ: ੫੭੮)।

(੩) ਅਲਾਹਣੀਆਂ ਮ: ੩ (ਪੰ: ੫੮੨)।

ਧਨਾਸਰੀ ਰਾਗ `ਚ- (੧) ਆਰਤੀ ਮ: ੧ (ਕੇਵਲ ਇੱਕ ਸ਼ਬਦ) (ਪੰ: ੬੬੩) ਨੋਟ-ਇਹ ਬਾਣੀ ਪਹਿਲੇ ਮਹਲੇ ਦੇ ‘ਸ਼ਬਦਾਂ’ ਦੀ ਗਿਣਤੀ `ਚ ਮਿਲਾਈ ਹੋਈ ਹੈ।

ਸੂਹੀ ਰਾਗ `ਚ- (੧) ਕੁਚਜੀ ਮ: ੧ (ਪੰ: ੭੬੨)

(੨) ਸੁਚਜੀ ਮ: ੧ (ਪੰ: ੭੬੨)

(੩) ਗੁਣਵੰਤੀ ਮ: ੫ (ਪੰ: ੭੬੩) ਨੋਟ-ਇਹ ਤਿੰਨੇ ਬਾਣੀਆਂ ਅਸ਼ਟਪਦੀਆਂ ਤੇ ਛੰਤਾਂ ਦੇ ਵਿਚਕਾਰ ਹਨ।

ਬਿਲਾਵਲ ਰਾਗ `ਚ- (੧) ਥਿਤੀ ਮ: ੧ (ਪੰ: ੮੩੮)

(੨) ਵਾਰ ਸਤ ਮ: ੩ (ਪੰ: ੮੪੧) ਅਸ਼ਟਪਦੀਆਂ ਤੋਂ ਬਾਅਦ।

ਰਾਮਕਲੀ ਰਾਗ `ਚ- (੧) ਅਨੰਦ ਮ: ੩ (ਪੰ: ੯੧੭) ੪੦ ਪਉੜੀਆਂ

(੨) ‘ਸਦੁ’ ਬਾਬਾ ਸੁੰਦਰ ਜੀ (ਪੰ: ੯੨੩) ਕੁਲ ੬ ਬੰਦ

(੩) ਓਅੰਕਾਰੁ ਮ: ੧ (ਪੰ: ੯੨੯) ੫੪ ਪਉੜੀਆਂ।

(੪) ਸਿਧ ਗੋਸਟਿ ਮ: ੧ (ਪੰ: ੯੩੮) ੭੩ ਪਉੜੀਆਂ।

ਰਾਗ ਮਾਰੂ `ਚ- (੧) ਅੰਜੁਲੀਆ ਮ: ੫ (ਪੰ: ੧੦੧੯)।

(੨) ਸੋਲਹੇ ਮ: ੧ (ਪੰ: ੧੦੨੦) (੨੨)

(੩) ਸੋਲਹੇ ਮ: ੩ (ਪੰ: ੧੦੪੩) (੨੪)

(੪) ਸੋਲਹੇ ਮ: ੪ (ਪੰ: ੧੦੬੯) (੨)

(੫) ਸੋਲਹੇ ਮ: ੫ (ਪੰ: ੧੦੭੧)

ਤੁਖਾਰੀ ਰਾਗ `ਚ- (੧) ਬਾਰਹ ਮਾਹ ਮ: ੧ (ਪੰ: ੧੧੦੭) ਨੋਟ-ਇਹ ਬਾਣੀ ‘ਛੰਤਾਂ’ `ਚ ਹੀ ਗਿਣੀ ਗਈ ਹੈ। (ਚਲਦਾ) #415 P-I s02.16##

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’, ਪੁਸਤਕਾ ਤੇ ਹੁਣ ਗੁਰਮੱਤ ਸੰਦੇਸ਼ਾ ਵਾਲੀ ਅਰੰਭ ਹੋਈ ਲੜੀ, ਇਨ੍ਹਾਂ ਸਾਰਿਆਂ ਦਾ ਮਕਸਦ ਇਕੋ ਹੈ-ਤਾ ਕਿ ਹਰੇਕ ਸੰਬੰਧਤ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਆਪਣੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No. 415 P-I

ਬਾਣੀ ਬਿਉਰਾ

"ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ"

(ਭਾਗ ਪਹਿਲਾ)

For all the Self Learning Gurmat Lessons (Excluding Books) written by ‘Principal Giani Surjit Singh’ Sikh Missionary, Delhi-All the rights are reserved with the writer himself; but easily available in proper Deluxe Covers for

(1) Further Distribution within ‘Guru Ki Sangat’

(2) For Gurmat Stalls

(3) For Gurmat Classes & Gurmat Camps

with intention of Gurmat Parsar, at quite nominal printing cost i.e. mostly Rs 350/-(but in rare cases Rs. 450/-) per hundred copies (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24

Ph 91-11-26236119, 46548789 ® Ph. 91-11-26487315 Cell 9811292808

web sites-

www.gurbaniguru.org

theuniqeguru-gurbani.com

gurmateducationcentre.com




.