.

ਸੋਚ

ਕੁਦਰਤ ਦੀਆਂ ਅਨੇਕ ਜੂਨਾਂ ਵਿੱਚੋਂ ਮਨੁੱਖ ਉਸ ਦੀ ਸੋਚ ਵੀਚਾਰ ਜਾਂ ਸੂਝ ਬੂਝ (ਗਿਆਨ) ਸ਼ਕਤੀ ਦੇ ਕਾਰਨ ਹੀ ਦੂਜੀਆਂ ਜੂਨਾਂ ਵਿਚੋਂ ਸ੍ਰੇਸ਼ਟ ਮੰਨਿਆ ਜਾਂਦਾ ਹੈ। ਅਵਰ ਜੋਨਿ ਤੇਰੀ ਪਨਿਹਾਰੀ ॥ ਇਸੁ ਧਰਤੀ ਮਹਿ ਤੇਰੀ ਸਿਕਦਾਰੀ ॥ 374 ਇਸ ਸੋਚ ਸ਼ਕਤੀ ਦਾ ਜ਼ਿਆਦਾ ਵਿਕਾਸ ਕੇਵਲ ਮਨੁੱਖੀ ਜੂਨ ਵਿੱਚ ਹੀ ਹੋਇਆ ਹੈ, ਪਰ ਜਿੱਥੇ ਇਸ ਸੋਚ ਸ਼ਕਤੀ ਦੀ ਸਹੀ ਵਰਤੋਂ ਮਨੁੱਖ ਨੂੰ ਆਕਾਸ਼ੀਂ ਝੜ੍ਹਾ ਸਕਦੀ ਹੈ ਉਥੇ ਇਸ ਦੀ ਗਲਤ ਵਰਤੋਂ ਉਸ ਨੂੰ ਪਾਤਾਲੀਂ ਵੀ ਸੁੱਟ ਸਕਦੀ ਹੈ। ਜਿਥੇ ਇਹ (ਸੁਮੱਤ) ਸੋਚ ਸ਼ਕਤੀ ਦਾ ਪ੍ਰਯੋਗ ਅਮਨ ਤੇ ਸ਼ਾਤੀ (ਧਰਮ) ਦੇ ਰਾਹ ਚਲਦਿਆਂ ਉਸ ਨੂੰ ਦੇਵਤਾ ਬਨਾਉਣ ਤੇ ਜੀਵਨ ਵਿੱਚ ਅਨੇਕਾਂ ਸੁੱਖਮਈ ਸਹੂਲਤਾਂ ਪ੍ਰਧਾਨ ਕਰਨ ਦੇ ਯੋਗ ਹੈ, ਉਥੇ ਇਸੇ (ਕੁਚੱਜੀ) ਸੋਚ ਦਾ ਪ੍ਰਯੋਗ ਉਸ ਨੂੰ ਅਸ਼ਾਂਤ, ਬਦਅਮਨ ਤੇ ਸ਼ੈਤਾਨ (ਅਧਰਮੀ) ਬਣਾ ਕੇ ਇਸ ਦੀ ਤਬਾਹੀ ਦਾ ਕਾਰਨ ਵੀ ਬਣ ਜਾਂਦਾ ਹੈ ਤੇ ਇਸ ਗਲ ਤੋਂ ਮੁਨਕਰ ਨਹੀ ਹੋਇਆ ਜਾ ਸਕਦਾ ਕਿ ਅਮਨ ਤੇ ਸ਼ਾਂਤੀ ਵਾਲੇ (ਧਰਮੀ) ਮਨੁੱਖਾਂ ਨਾਲੋਂ ਬਦਅਮਨ ਤੇ ਸ਼ੈਤਾਨਾਂ (ਅਧਰਮੀਆਂ) ਦੀ ਸਦਾ ਬਹੁਤਾਤ ਰਹੀ ਹੈ। ਕਹੁ ਨਾਨਕ ਕਿਰਪਾ ਕਰੇ ਜਿਸ ਨੋ ਏਹ ਵਥੁ ਦੇਇ ॥ ਜਗ ਮਹਿ ਉਤਮ ਕਾਢੀਅਹਿ ਵਿਰਲੇ ਕੇਈ ਕੇਇ ॥ 517

ਪੁਰਾਤਨ ਜੁਗਾਂ ਦੀ ਵੰਡ ਵੀ ਮਨੁੱਖ ਦੀ ਸੋਚ ਤੇ ਹੀ ਨਿਰਭਰ ਹੈ। ਮਨੁੱਖੀ ਸੋਚ ਦਾ ਬਦਲਾਉ ਹੀ ਜੁੱਗਾਂ ਦਾ ਬਦਲਾਉ ਹੈ। ਇਹਨਾਂ ਜੁੱਗਾਂ ਦੇ ਬਦਲਨ ਨਾਲ ਬਾਹਰੋਂ ਕੁੱਝ ਨਹੀ ਬਦਲਦਾ, ਸੂਰਜ, ਚੰਦ, ਤਾਰੇ, ਧਰਤੀ, ਆਕਾਸ਼, ਪਾਣੀ, ਹਵਾ, ਅੱਗ, ਮੀਂਹ, ਪਹਾੜ … ਆਦਿਕ … ਕੁੱਝ ਨਹੀ ਬਦਲਦਾ, ਕੇਵਲ ਅੰਦਰੋਂ ਮਨੁੱਖ ਦੀ ਸੋਚ ਹੀ ਬਦਲਦੀ ਰਹੀ ਹੈ। ਸੰਸਾਰ ਦੇ ਬਾਕੀ ਪਸੂ, ਪੰਛੀ ਤੇ ਹੋਰ ਜੀਵ ਜੰਤ ਉਸੇ ਤਰਾਂ ਜਿਉਂ ਰਹੇ ਹਨ ਜਿਵੇਂ ਹਜ਼ਾਰਾਂ ਸਾਲ ਪਹਿਲਾਂ ਜਿਉਂ ਰਹੇ ਸਨ, ਉਹੀ ਖਾ ਪੀ ਰਹੇ ਹਨ ਜੋ ਅਨੇਕਾਂ ਸਾਲ ਪਹਿਲਾਂ ਖਾਂਦੇ ਪੀਂਦੇ ਸਨ, ਪਰ ਮਨੁੱਖ ਦੀ ਸੋਚ ਨੇ ਮਨੁੱਖ ਨੂੰ ਬਦਲ ਦਿੱਤਾ ਹੈ। ਮਨੁੱਖ ਦੀ ਜ਼ਿੰਦਗੀ ਦਾ ਢੰਗ ਜੋ ਹਜ਼ਾਰਾਂ ਸਾਲ ਪਹਿਲਾਂ ਸੀ ਉਹ ਅੱਜ ਨਹੀ ਹੈ ਪਰ ਜਿਥੇ ਸੰਸਾਰੀ ਜ਼ਿੰਦਗੀ ਵਿੱਚ ਇਸ ਨੇ ਇਤਨਾ ਵਿਕਾਸ ਕੀਤਾ ਹੈ ਉਥੇ, ਬੜੀ ਹੈਰਾਨੀ ਦੀ ਗਲ ਹੈ ਕਿ, ਧਰਮ ਦੀ ਦੁਨੀਆਂ ਵਿੱਚ ਮਨੁੱਖ ਅੱਜ ਵੀ ਉਥੇ ਹੀ ਖੜਾ ਹੈ ਜਿਥੇ ਅਨੇਕਾਂ ਸਾਲ ਪਹਿਲਾਂ ਖੜਾ ਸੀ। ਚੰਦ, ਸੂਰਜ, ਅੱਗ, ਪਾਣੀ ਤੇ ਹੋਰ ਅਨੇਕਾਂ ਮੂਰਤੀ ਪੂਜਾ ਦੀਆਂ ਰੀਤਾਂ ਰਸਮਾਂ ਤੇ ਕਰਮ ਕਾਂਡਾਂ ਤੋਂ ਹੀ ਸ਼ੁਰੂ ਹੋਇਆ ਸੀ ਤੇ ਮੂਰਤੀ ਪੂਜਾ ਵਿੱਚ ਹੀ ਅੱਜ ਜਕੜਿਆ ਖੜਾ ਹੈ। ਇਉਂ ਜਾਪਦਾ ਹੈ ਜਿਵੇਂ ਧਰਮ ਦੀ ਦੁਨੀਆਂ ਵਿੱਚ ਇਸ ਦੀ ਸੋਚ ਕੰਮ ਹੀ ਨਹੀ ਕਰਦੀ, ਕਿਉਂਕਿ ਅਖੌਤੀ ਧਰਮ ਦੇ ਠੇਕੇਦਾਰਾਂ ਨੇ ਮਨੁੱਖ ਦੀ ਸੋਚ ਨੂੰ ਉਮਰ ਕੈਦ ਕਰ ਰੱਖਿਆ ਹੈ। ਧਰਮ ਤਾਂ ਹੈ ਹੀ ਸੁਚੱਜੀ ਸੋਚ ਦਾ ਵਿਕਾਸ ਕਿਉਂਕਿ ਪ੍ਰਭੂ ਨਾਲ ਮੇਲ ਵੀ ਇਸੇ ਸੋਚ ਦੁਆਰਾ ਹੀ ਸੰਭਵ ਹੈ। ਵਿਣੁ ਸਚ ਸੋਚ ਨ ਪਾਈਐ ਭਾਈ ਸਾਚਾ ਅਗਮ ਧਣੀ ॥ 608

ਸੁਚੱਜੀ ਸੋਚ ਹੀ ਮਨ ਦਾ ਇਸ਼ਨਾਨ ਜਾਂ ਪਵਿੱਤ੍ਰਤਾ ਹੈ ਤੇ ਇਹੀ ਸੋਚ ਪਾਪੀ ਨੂੰ ਪੁੰਨੀ ਬਣਾਉਂਦੀ ਹੈ, "ਆਢ ਦਾਮ" ਵਾਲੇ ਨੂੰ "ਲਾਖੀਣਾ" ਬਣਾਉਂਦੀ ਹੈ, ਚੋਰਾਂ, ਡਾਕੂਆਂ ਤੇ ਜ਼ਾਲਮਾਂ ਨੂੰ ਸੰਤ ਬਣਾ ਦਿੰਦੀ ਹੈ, ਮੋਹ ਮਾਇਆ ਦੀਆਂ ਜ਼ੰਜੀਰਾਂ ਤੋਂ ਮੁਕਤ ਕਰਦੀ ਹੈ, ਸਦੀਆਂ ਪੁਰਾਣੀਆਂ ਘਸੀਆਂ ਪਿੱਟੀਆਂ ਤੇ ਬੇਕਾਰ ਰੀਤਾਂ ਰਸਮਾਂ ਤੇ ਕਰਮ ਕਾਂਡਾਂ ਦੀ ਜੜ੍ਹ ਪੁੱਟਦੀ ਹੈ ਤੇ ਇਹੀ ਕਾਰਨ ਹੈ ਕਿ ਖੁਦਗਰਜ਼ ਅਖੌਤੀ ਧਰਮ ਆਗੂਆਂ ਨੇ ਆਪਣੇ ਲਾਭ ਲਈ ਇਸ ਨੂੰ ਉਮਰ ਕੈਦ ਕਰ ਰੱਖਿਆ ਹੈ ਕਿਉਂਕਿ ਇਸ ਦਾ ਵਿਕਸਤ ਹੋਣਾ, ਮੁਕਤ ਹੋਣਾਂ, ਆਜ਼ਾਦ ਹੋਣਾ ਹੀ ਅਖੌਤੀ ਧਰਮ ਦੀ ਮੌਤ ਹੈ। ਜਦੋਂ ਵੀ ਕਿਸੇ ਧਰਮੀ ਪੁਰਸ਼ ਨੇ ਲੋਕਭਲਾਈ ਲਈ ਸੁਚੱਜੀ ਸੋਚ ਜਾਂ ਸੁਮੱਤ ਨੂੰ ਵਿਕਸਤ ਕਰਨ ਲਈ ਵਿਧੀ ਵਿਧਾਨ ਪੇਸ਼ ਕੀਤਾ ਤਾਂ ਅਖੌਤੀ ਧਰਮ ਦੇ ਠੇਕੇਦਾਰਾਂ ਨੇ, ਆਪਣੀ ਕੁਚੱਜੀ ਤੇ ਕੁਮੱਤੀ ਸੋਚ ਅਨੁਸਾਰ, ਉਸ ਨੂੰ ਸੂਲੀ ਚ੍ਹਾੜ ਦਿੱਤਾ, ਤੱਤੀਆਂ ਤਵੀਆਂ ਤੇ ਬਿਠਾ ਦਿੱਤਾ, ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ, ਪੁੱਠੀਆਂ ਖੱਲਾਂ ਲਾਹ ਦਿੱਤੀਆਂ, ਜ਼ਹਿਰ ਦੇ ਕੇ ਮਾਰ ਦਿੱਤਾ ਤੇ ਆਪਣੀ ਕੁਚੱਜੀ ਮਤ ਦੀਆਂ ਬਦਚਾਲਾਂ ਨਾਲ ਉਹਨਾਂ ਦੇ ਬਚਨਾਂ ਨੂੰ ਵਿਗਾੜ ਕੇ ਕਰਮ ਕਾਂਡਾਂ ਦਾ ਰੂਪ ਦੇ ਕੇ ਠੱਪ ਕਰ ਦਿੱਤਾ। ਉਹਨਾਂ ਦੇ ਬਚਨਾਂ ਨੂੰ ਕਰਮ ਕਾਂਡਾਂ ਦਾ ਰੂਪ ਦੇ ਕੇ ਆਪਣੀ ਉਪਜੀਵਕਾ ਦਾ ਸਾਧਨ, ਭਾਵ ਕਿੱਤਾ ਹੀ ਬਣਾ ਲਿਆ, ਉਹਨਾਂ ਦੇ ਗਿਆਨ ਨੂੰ ਸਮਝਣ ਦੀ ਬਜਾਏ ਵਾਪਾਰ ਬਣਾ ਕੇ ਘਰ ਘਰ ਵੇਚਿਆ ਜਾ ਰਿਹਾ ਹੈ। ਇਹ ਹੈ ਮਨੁੱਖ ਦੀ ਮੌਜੂਦਾ ਸਮੇ ਦੀ ਕੁਚੱਜੀ ਸੋਚ ਦਾ ਵਿਕਾਸ ਜਿਸ ਤੋਂ ਗੁਰੂ ਨੇ ਮਨੁੱਖਤਾ ਨੂੰ ਸੁਚੇਤ ਕੀਤਾ ਹੈ:

ਮਨ ਰੇ ਕਉਨੁ ਕੁਮਤਿ ਤੈ ਲੀਨੀ ॥ ਪਰ ਦਾਰਾ ਨਿੰਦਿਆ ਰਸ ਰਚਿਓ ਰਾਮ ਭਗਤਿ ਨਹਿ ਕੀਨੀ ॥ 631 ਹੇ ਮਨਾ, ਤੂੰ ਇਹ ਕਿਹੜੀ ਕੁਚੱਜੀ (ਭੈੜੀ) ਸੋਚ ਲੈ ਲਈ? ਰਾਮ ਦੀ ਭਗਤੀ ਤਾਂ ਕੀਤੀ ਹੀ ਨਹੀ। ਵਿਕਾਰਾਂ ਵੱਸ ਹੋਈ ਇਹ ਕੁਚੱਜੀ ਸੋਚ (ਕੁਮਤ) ਹੀ ਰਾਮ ਦੀ ਭਗਤੀ ਦੇ ਰਾਹ ਦਾ ਰੋੜਾ ਹੈ, ਪ੍ਰਭੂ ਜਾਂ ਗੁਰੂ ਦੇ ਮਿਲਾਪ ਵਿੱਚ ਪੜਦਾ ਹੈ, ਮੌਜੂਦਾ ਧਰਮ ਮਸਲਿਆਂ ਦੀ ਜੜ੍ਹ ਹੈ ਅਤੇ ਜ਼ਿੰਦਗੀ ਦੇ ਦੁੱਖਾਂ ਦਾ ਕਾਰਨ ਹੈ। ਇਸ ਕੁਮੱਤ ਦੇ ਪੜਦੇ ਨੂੰ ਕੇਵਲ ਗੁਰੂ ਦੀ ਸੁਚੱਜੀ ਸੋਚ, ਗੁਰਗਿਆਨ (ਗੁਰਬਾਣੀ) ਹੀ ਉਠਾ ਕੇ ਭਗਤੀ ਦਾ ਰਾਹ ਦਿਖਾ ਸਕਦੀ ਹੈ, ਪ੍ਰਭੂ ਮਿਲਾਪ ਕਰਾ ਸਕਦੀ ਹੈ ਪਰ ਇਹ ਧਰਮ ਦੇ ਠੇਕੇਦਾਰ ਗੁਰੂ ਦੇ ਨਾਮ ਤੇ (ਗੁਰਬਾਣੀ ਨੂੰ ਵਿਦਾਵਾ ਦੇ ਕੇ), ਅੰਨ੍ਹੀ ਸ਼ਰਧਾ ਦਾ ਝਾਂਸਾ ਦੇ ਕੇ, ਆਮ ਜਨਤਾ ਤੇ ਹਾਵੀ ਹੋ ਕੇ ਉਹਨਾਂ ਦੀ ਖੂਨ ਪਸੀਨੇ ਦੀ ਕਮਾਈ ਨੂੰ ਲੁੱਟ ਰਹੇ ਹਨ। ਇਹ ਇੱਕ ਇੱਟ ਵਰਗੀ ਪੱਕੀ ਹਕੀਕਤ ਹੈ ਕਿ ਧਨ ਮੌਜੂਦਾ ਅਖੌਤੀ ਧਰਮ ਦੀ ਜਿੰਦ ਜਾਨ ਹੈ, ਅਗਰ ਧਨ ਨੂੰ ਧਰਮ ਵਿਚੋਂ ਕੱਢ ਦਿੱਤਾ ਜਾਵੇ, ਧਨ ਦਾ ਝੜ੍ਹਾਵਾ ਬੰਦ ਕਰ ਦਿੱਤਾ ਜਾਵੇ, ਤਾਂ ਅਖੌਤੀ ਧਰਮ ਦਾ ਦੰਮ ਘੁੱਟ ਹੋ ਜਾਵੇਗਾ, ਜਾਨ ਨਿਕਲ ਜਾਵੇਗੀ। ਪਰ ਸਿੱਖ ਧਰਮ ਦਾ ਦੁਖਾਂਤ ਹੀ ਇਹੋ ਹੈ ਕਿ ਨਾਂ ਝੜਾਵਾ ਬੰਦ ਹੋ ਸਕਦਾ ਹੈ ਤੇ ਨਾਂ ਇਹ ਲਹੂ ਪੀਣੇ ਚਿੱਚੜ ਮਗਰੋਂ ਲਹਿ ਸਕਦੇ ਹਨ, ਤੇ ਅਖੌਤੀ ਧਰਮ ਦੇ ਕਸਾਈ ਇਸ ਗਲ ਤੋਂ ਭਲੀ ਭਾਂਤ ਜਾਣੂੰ ਹਨ। ਅਧਰਮੀ ਆਪਣੀ ਕੁਚੱਜੀ ਸੋਚ ਅਨੁਸਾਰ ਧਰਮੀਆਂ ਤੋਂ ਸਦਾ ਇੱਕ ਕਦਮ ਅੱਗੇ ਹੀ ਰਿਹਾ ਹੈ। ਅਫਰੀਕਾ ਦੇ ਇੱਕ ਮਨਿਸਟਰ ਨੇ ਇੱਕ ਬੈਂਕ ਵਿੱਚ ਆਪਣੀ ਤਕਰੀਰ ਕਰਦਿਆਂ ਆਖਿਆ ਸੀ ਕਿ ਬੈਂਕ ਦੀ ਸੇਫ ਦੇ ਤਾਲੇ ਬਨਾਉਣ ਵਾਲੇ ਨਾਲੋਂ ਤਾਲੇ ਤੋੜਨ (ਖ੍ਹੋਲਣ) ਵਾਲਾ ਸਦਾ ਇੱਕ ਕਦਮ ਅੱਗੇ ਹੋਇਆ ਕਰਦਾ ਹੈ। ਤਾਲਾ ਬਣਨ ਤੋਂ ਪਹਿਲਾਂ ਹੀ ਉਸ ਨੂੰ ਤੋੜਨ (ਖ੍ਹੋਲਣ) ਦੀ ਵਿਉਂਤ ਵੀ ਬਣਾਈ ਜਾਂਦੀ ਹੈ ਤਿਵੇਂ ਧਰਮ ਦੀ ਦੁਨੀਆਂ ਵਿੱਚ ਗੁਰੂ ਦੀ ਦਰਸਾਈ ਸਹੀ ਤੇ ਸੁਚੱਜੀ ਜੀਵਨ ਜੁਗਤ ਦੇ ਅਪਨਾਉਣ ਤੋਂ ਪਹਿਲਾਂ ਉਸ ਨੂੰ ਮਿਟਾਉਣ (ਤੋੜਨ) ਵਾਲੇ ਇੱਕ ਕਦਮ ਅੱਗੇ ਹੀ ਸਨ। ਗੁਰਬਾਣੀ ਨੂੰ ਜਾਨਣ ਤੇ ਅਪਨਾਉਣ ਵਾਲੇ ਤਾਂ ਵਿਰਲੇ ਹੀ ਹਨ ਪਰ ਉਸ ਤੋਂ ਅਨਜਾਣ ਤੇ ਵਿਰੋਧ ਕਰਨ ਵਾਲੇ ਲੱਖਾਂ (ਘਣੇ) ਤੇ ਇੱਕ ਕਦਮ ਅੱਗੇ ਹੀ ਹਨ। ਮਨੁੱਖਤਾ ਦੀ ਮੌਜੂਦਾ ਬਦਅਮਨ ਤੇ ਸ਼ੈਤਾਨੀ ਸੋਚ ਹੀ ਕਲਜੁਗ (ਕਲ=ਕਾਲੀ, ਜੁਗ=ਸੋਚ), (ਭਾਵ ਮੈਲੀ ਤੇ ਕਾਲੀ ਸੋਚ) ਦੇ ਵਰਤਾਰੇ ਦਾ ਪ੍ਰਤੱਖ ਪ੍ਰਮਾਣ ਹੈ। ਕਲਜੁਗ ਦੀ ਪਹਿਚਾਨ ਮਨੁੱਖ ਦੀ ਕਾਲੀ, ਮੈਲੀ ਤੇ ਕੁਮੱਤੀ ਸੋਚ (ਵਾਲੇ ਚੰਡਾਲ) ਤੇ ਹੀ ਨਿਰਭਰ ਹੈ।

ਇਸੁ ਕਲਿਜੁਗ ਮਹਿ ਕਰਮ ਧਰਮੁ ਨ ਕੋਈ ॥ ਕਲੀ ਕਾ ਜਨਮੁ ਚੰਡਾਲ ਕੈ ਘਰਿ ਹੋਈ ॥ ਨਾਨਕ ਨਾਮ ਬਿਨਾ ਕੋ ਮੁਕਤਿ ਨ ਹੋਈ ॥ 160 ਭਾਵ: ਮੈਲੀ ਸੋਚ ਦਾ ਜਨਮ ਕੁਕਰਮੀ ਮਨੁੱਖ ਦੇ ਹਿਰਦੇ ਵਿੱਚ ਹੁੰਦਾ ਹੈ ਤੇ ਫਿਰ ਇਸ ਨੂੰ ਕੋਈ ਵੀ ਕੀਤਾ ਬਾਹਰੀ ਕਰਮ ਧਰਮ ਛੁਡਾ ਨਹੀ ਸਕਦਾ। ਗੁਰੂ ਦੇ ਗਿਆਨ (ਸੁਚੱਜੀ ਸੋਚ) ਬਿਨਾ ਕੋਈ ਮੁਕਤੀ ਨੂੰ ਪ੍ਰਾਪਤ ਨਹੀ ਕਰ ਸਕਦਾ। ਹਰ ਮਾਨੁੱਖ ਆਪਣੀ ਸੋਚ ਨੂੰ ਸਹੀ, ਸੱਚ ਤੇ ਪਵਿੱਤ੍ਰ ਮੰਨ ਕੇ ਦੂਸਰਿਆਂ ਤੇ ਥੋਪ ਕੇ ਉਹਨਾਂ ਨੂੰ ਆਪਣੇ ਵੱਸ ਵਿੱਚ ਕਰਨਾ ਲੋਚਦਾ ਹੈ, ਉਹਨਾਂ ਨੂੰ ਗੁਰੂ ਦੇ ਨਾਮ ਤੇ ਬੰਧਨ ਪਾਉਣੇ ਚਹੁੰਦਾ ਹੈ, ਹੁਕਮਰਾਨ ਬਣਨ ਦਾ ਇੱਛਕ ਹੈ। ਇਹ ਇੱਕ ਹਕੀਕਤ ਹੈ ਕਿ ਗੁਰੂ ਬੰਧਨ ਪਾਉਂਦਾ ਨਹੀ ਬਲਿਕੇ ਬੰਧਨ ਕੱਟਦਾ ਹੈ। ਬੰਧਨ ਤਾਂ ਮਨੁੱਖ ਆਪਣੇ ਗਲ ਆਪ ਹੀ ਪਾਉਂਦਾ ਹੈ। ਗੁਰ ਉਪਦੇਸਿ ਤੁਟਹਿ ਸਭਿ ਬੰਧਨ ਇਹੁ ਭਰਮੁ ਮੋਹੁ ਪਰਜਾਲਣਾ ॥ 1077 ਗੁਰੂ ਤਾਂ ਪਏ ਬੰਧਨਾਂ ਤੋਂ ਮੁਕਤ ਕਰਾਉਂਦਾ ਹੈ। ਗੁਰ ਇਤਿਹਾਸ ਗਵਾਹ ਹੈ ਕਿ ਗੁਰੂ ਸਾਹਿਬਾਨਾਂ ਨੇ ਕਦੇ ਵੀ ਆਪਣੀ ਪਵਿੱਤ੍ਰ ਸੋਚ ਨੂੰ ਕਿਸੇ ਤੇ ਨਹੀ ਠੋਸਿਆ। ਸਦਾ ਵਿਚਾਰਾਂ ਦੀ ਸਾਂਝ ਪਾਈ ਹੈ ਜਿਸ ਨੂੰ ਹਰ ਕੋਈ ਆਪਣੀ ਮਨ ਮਰਜ਼ੀ ਅਨੁਸਾਰ ਪਰਵਾਨ ਜਾਂ ਅਪਰਵਾਨ ਕਰ ਸਕਦਾ ਸੀ। ਕਿਸੇ ਤੇ ਵੀ, ਕਿਸੇ ਤਰਾਂ ਦਾ ਕੋਈ ਦਬਾਉ ਨਹੀ ਸੀ ਪਾਇਆ ਜਾਂਦਾ। ਮੌਜੂਦਾ ਧਰਮ ਦੇ ਜਿਨੇ ਵੀ ਬੰਧਨ ਹਨ, ਉਹ ਮਨੁੱਖ ਦੇ ਆਪਣੇ ਬਣਾਏ ਹੋਏ ਹਨ, ਗੁਰੂ ਦੇ ਨਹੀ। ਮਨ ਵਿੱਚ ਸੋਚ ਆਉਂਦੀ ਹੈ ਕਿ ਬਾਬਾ ਨਾਨਕ ਕਿਹੜੀ ਦੁਨਿਆਵੀ ਰਸਮ ਨਾਲ ਲੋਕਾਂ ਨੂੰ ਆਪਣੇ ਸਿੱਖ ਬਣਾਉਂਦਾ ਸੀ? ਕੀ ਆਪਣੇ ਚਰਨਾਂ ਦੀ ਪਾਹੁਲ ਪਲਾਉਂਦਾ ਸੀ? ਕੀ ਕੋਈ ਖਾਸ ਤਵੀਤ, ਧਾਗਾ ਜਾਂ ਟਿੱਕਾ ਲਾ ਕੇ ਸਿੱਖ ਬਣਾਉਂਦਾ ਸੀ? ਕੀ ਕਿਸੇ ਪਦਾਰਥ ਦੇ ਖਾਣ ਪੀਣ ਜਾਂ ਵਰਤਣ ਦੀ ਦੱਛਣਾ ਲੈ ਕੇ ਸਿੱਖ ਸਾਜਦਾ ਸੀ? ਕੀ ਉਸ ਨੇ ਸਿੱਖ ਬਨਾਉਣ ਦੀ ਕੋਈ ਬਾਹਰੀ ਰਸਮ ਦੀ ਵਿਧੀ ਵੀ ਲਿਖੀ ਹੈ? ਕੀ ਕਿਸੇ ਨੂੰ ਆਪਣੀ ਖੁਦਗਰਜ਼ੀ ਲਈ ਅਧੀਨ ਕਰਨ ਲਈ ਪ੍ਰੇਰਨਾ ਗੁਰਮਤ ਸਿਧਾਂਤ ਹੈ? ਪੜ੍ਹਿਆ ਹੈ ਕਿ ਰਾਇ ਬੁਲਾਰ ਗੁਰੂ ਨਾਨਕ ਦਾ ਸਿੱਖ ਹੋਇਆ। ਕਿਸ ਰਸਮ ਨਾਲ ਉਸ ਨੂੰ ਸਿੱਖ ਬਣਾਇਆ? ਉਹ ਤਾਂ ਮਰਦੇ ਦਮ ਤੱਕ ਮੁਸਲਮਾਨ ਹੀ ਸੀ, ਫਿਰ ਸਿੱਖ ਕਿਵੇਂ ਹੋਇਆ? ਨਾ ਕੋਈ ਰੂਪ ਬਦਲਿਆ, ਨਾ ਕੋਈ ਰੰਗ ਬਦਲਿਆ, ਨਾ ਕੋਈ ਭੇਖ ਬਦਲਿਆ, ਨਾ ਕੋਈ ਧਰਮ ਬਦਲਿਆ, ਨਾ ਕੋਈ ਜਾਤ ਪਾਤ ਬਦਲੀ, ਨਾ ਖਾਣ ਪੀਣ ਬਦਲਿਆ ਤਾਂ ਫਿਰ ਕਿਸ ਚੀਜ਼ ਦੇ ਬਦਲਨ ਨਾਲ ਉਹ ਮੁਸਲਮਾਨ ਹੁੰਦਾ ਹੋਇਆ ਵੀ ਸਿੱਖ ਬਣ ਗਿਆ? ਬਾਹਰੋਂ ਵੇਖਣ ਨੂੰ ਕੁੱਝ ਨਹੀ ਬਦਲਿਆਂ, ਕੇਵਲ ਸੋਚ ਬਦਲਨ ਦੇ ਨਾਲ ਹੀ ਉਹ ਸਿੱਖ ਬਣਿਆ ਸੀ।

ਇਹ ਗਲ ਹਜ਼ਮ ਹੋਣੀ ਬਹੁਤ ਔਖੀ ਹੈ ਕਿ ਕੋਈ ਮੁਸਲਮਾਨ, ਹਿੰਦੂ ਜਾਂ ਇਸਾਈ ਹੁੰਦਾ ਹੋਇਆ ਵੀ ਸਿੱਖ ਹੋ ਸਕਦਾ ਹੈ? ਮੌਜੂਦਾ ਸਮੇ ਵਿੱਚ ਤਾਂ ਸਿੱਖ ਨੂੰ ਹੀ ਸਿੱਖ ਨਹੀ ਮੰਨਿਆ ਜਾਂਦਾ, ਭਾਵੇਂ ਉਹ ਅੰਮ੍ਰਿਤਧਾਰੀ ਹੀ ਕਿਉਂ ਨਾ ਹੋਵੇ, ਤਾਂ ਵੱਖਰੇ ਧਰਮ ਵਾਲੇ ਨੂੰ ਸਿੱਖ ਮੰਨਣ ਦਾ ਤਾਂ ਸਵਾਲ ਹੀ ਪੈਦਾ ਨਹੀ ਹੁੰਦਾ ਪਰ ਬਾਬੇ ਨਾਨਕ ਦੇ ਜਿਗਰੀ ਦੋਸਤ, ਜਿਸ ਨੂੰ ਉਹ ਆਪਣਾ ਭਰਾ (ਭਾਈ ਮਰਦਾਨਾ) ਹੀ ਕਹਿੰਦੇ ਸਨ, ਨੁੰ ਨਜ਼ਰ ਅੰਦਾਜ਼ ਕਿਵੇਂ ਕੀਤਾ ਜਾ ਸਕਦਾ ਹੈ? ਕੀ ਮਰਦਾਨਾ ਬਾਬੇ ਨਾਨਕ ਦਾ ਸਿੱਖ ਨਹੀ ਸੀ? ਮਰਦਾਨੇ ਦਾ ਸਾਰੀ ਜ਼ਿੰਦਗੀ ਬਾਹਰੋਂ ਕੁੱਝ ਨਹੀ ਬਦਲਿਆ ਕੇਵਲ ਸੋਚ ਹੀ ਬਦਲੀ ਸੀ। ਉਹ ਮੁਸਲਮਾਨ ਹੁੰਦਾ ਹੋਇਆ ਵੀ ਬਾਬੇ ਨਾਨਕ ਦਾ ਸਿੱਖ ਸੀ ਕਿਉਂਕਿ ਉਸ ਦੀ ਸੋਚ ਬਾਬੇ ਨਾਨਕ ਦੀ ਸੋਚ ਨਾਲ ਮਿਲ ਚੁੱਕੀ ਸੀ। ਉਂਝ ਬਾਹਰੋਂ ਭਾਵੇਂ ਸਿੱਖੀ ਦਾ ਸਰਟੀਫਿਕੇਟ (certificate) ਕੋਈ ਵੀ ਲਈ ਫਿਰੇ ਪਰ ਜਿਨੀ ਦੇਰ ਤੱਕ ਉਸ ਦੀ ਸੋਚ ਗੁਰੂ ਦੀ ਸੋਚ ਅਨੁਕੂਲ ਨਹੀ ਹੁੰਦੀ ਉਨੀ ਦੇਰ ਨਾ ਉਹ ਸਿੱਖ, ਨਾ ਹਿੰਦੂ, ਨਾ ਮੁਸਲਮਾਨ, ਨਾ ਇਸਾਈ ਹੀ ਹੋ ਸਕਦਾ ਹੈ ਕਿਉਂਕਿ ਗੁਰੂ ਦੀ ਸੋਚ ਸਾਰੇ ਵਿਸ਼ਵ ਧਰਮ ਲਈ ਸਾਂਝੀ ਹੈ। ਗੁਰੂ ਦਾ ਇਹ ਅਟੱਲ ਫੈਸਲਾ ਹੈ:

ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ ॥ ਆਪਣੈ ਭਾਣੈ ਜੋ ਚਲੈ ਭਾਈ ਵਿਛੁੜਿ ਚੋਟਾ ਖਾਵੈ ॥ 602 ਗੁਰੂ ਦਾ ਭਾਣਾ ਹੀ ਗੁਰੂ ਦੀ ਸੋਚ, ਗੁਰੂ ਦਾ ਆਤਮਿਕ ਗਿਆਨ ਹੈ ਤੇ ਜਿਸ ਨੇ ਵੀ ਆਪਾ ਗੁਰੂ ਦੀ ਸੋਚ ਵਿੱਚ ਢਾਲ ਲਿਆ, ਗੁਰੂ ਦੀ ਸੋਚ ਨੂੰ ਪੂਰਨ ਤੌਰ ਤੇ ਅਪਨਾ ਲਿਆ, ਉਹੀ ਗੁਰੂ ਦਾ ਸਿੱਖ ਹੈ, ਕੇਵਲ ਸਿੱਖ ਹੀ ਨਹੀ ਬਲਿਕੇ ਗੁਰੂ ਅਖਵਾਉਣ ਦੇ ਯੋਗ ਹੈ। ਗੁਰੂ ਸਿਖੁ ਸਿਖੁ ਗੁਰੂ ਹੈ ਏਕੋ ਗੁਰ ਉਪਦੇਸੁ ਚਲਾਏ ॥ ਰਾਮ ਨਾਮ ਮੰਤੁ ਹਿਰਦੈ ਦੇਵੈ ਨਾਨਕ ਮਿਲਣੁ ਸੁਭਾਏ ॥444 ਭਾਈ ਲਹਿਣਾ ਬਾਬੇ ਨਾਨਕ ਦਾ ਸਿੱਖ ਸੀ ਪਰ ਜਦੋਂ ਬਾਬੇ ਨਾਨਕ ਦੀ ਸੋਚ ਨਾਲ ਸੋਚ ਪੂਰਨ ਤੌਰ ਤੇ ਇੱਕ ਹੋ ਗਈ ਉਦੋਂ ਹੀ ਗੁਰੂ ਪਦਵੀ ਪ੍ਰਾਪਤ ਹੋ ਗਈ। ਜੋਤੀ ਜੋਤਿ ਮਿਲਾਈਐ ਸੁਰਤੀ ਸੁਰਤਿ ਸੰਜੋਗੁ ॥ ਹਿੰਸਾ ਹਉਮੈ ਗਤੁ ਗਏ ਨਾਹੀ ਸਹਸਾ ਸੋਗੁ ॥ 21

ਇਹ ਗਲ ਆਮ ਪ੍ਰਚਲਤ ਹੈ ਕਿ ਦਸਾਂ ਗੁਰੂ ਸਾਹਿਬਾਨਾਂ ਦੇ ਸਰੂਪ ਵੱਖਰੇ ਹੁੰਦਿਆਂ ਵੀ ਜੋਤ (ਸੋਚ) ਇਕੋ ਹੀ ਸੀ ਜੋ ਅੱਜ ਗ੍ਰੰਥ ਰੂਪ ਵਿੱਚ ਸ਼ਸ਼ੋਭਤ ਹੈ। ਲਹਣੇ ਦੀ ਫੇਰਾਈਐ ਨਾਨਕਾ ਦੋਹੀ ਖਟੀਐ ॥ ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ ॥ 966॥ ਜਿਵੇਂ ਸੋਚ ਨਾਲ ਸੋਚ ਮਿਲਣ ਕਰਕੇ ਹੀ ਦੋਸਤੀ ਪੈਦਾ ਹੁੰਦੀ ਹੈ, ਪਿਆਰ ਪੈਦਾ ਹੁੰਦਾ ਹੈ, ਏਕਤਾ ਪੈਦਾ ਹੁੰਦੀ ਹੈ ਇਸੇ ਤਰਾਂ ਗੁਰੂ ਦੀ ਸੋਚ (ਗੁਰਬਾਣੀ) ਦੁਆਰਾ ਹੀ ਗੁਰੂ ਅਤੇ ਪ੍ਰਭੂ ਨਾਲ ਦੋਸਤੀ, ਪਿਆਰ ਤੇ ਉਸ ਨਾਲ ਏਕਤਾ (ਭਾਵ ਮਿਲਾਪ) ਹਾਸਲ ਹੋ ਜਾਂਦਾ ਹੈ। ਗੁਰੂ ਅਤੇ ਸਿੱਖ ਵਿਚਕਾਰ ਦਰਾੜਾਂ ਉਦੋਂ ਪੈਦਾ ਹੁੰਦੀਆਂ ਹਨ, ਜਾਂ ਇੰਝ ਕਹਿ ਲਉ ਕਿ ਦੁੱਖ ਮੁਸੀਬਤਾਂ ਉਦੋਂ ਆਉਂਦੀਆਂ ਹਨ ਜਦੋਂ ਸਿੱਖ ਗੁਰੂ ਦੀ ਸੋਚ ਵਿੱਚ ਆਪਣੀ ਸੋਚ ਰਲਾਉਣ ਦੀ ਕੋਸ਼ਿਸ਼ ਕਰਦਾ ਹੈ, ਭਾਣਾ (ਗੁਰਬਾਣੀ ਨੂੰ) ਮੰਨਣ ਤੋਂ ਇਨਕਾਰੀ ਹੁੰਦਾ ਹੈ। ਗੁਰੂ ਦੇ ਬਚਨਾਂ ਨੂੰ ਵਿਗਾੜ ਕੇ ਆਪਣੀ ਖੁਦਗ਼ਰਜ਼ੀ ਲਈ ਵਰਤਣ ਦੀ ਕੋਸ਼ਿਸ਼ ਕਰਦਾ ਹੈ। ਗੁਰੂ ਦੀ ਮਰਯਾਦਾ ਨੂੰ ਛੱਡ ਕੇ ਆਪਣੀ ਮਰਯਾਦਾ ਬਣਾਉਂਦਾ ਹੈ। ਮੌਜੂਦਾ ਅਖੌਤੀ ਧਰਮ ਦੇ ਕਰਮ ਕਾਂਡਾਂ ਦੇ ਵਿਧੀ ਵਿਧਾਨ ਮਨੁੱਖ ਨੇ, ਗੁਰੂ ਦੀ ਸੋਚ ਦੇ ਵਿਰੁੱਧ, ਆਪ ਹੀ ਘੜੇ ਹੋਏ ਹਨ ਤੇ ਉਹਨਾਂ ਨੂੰ ਗੁਰੂ ਦੇ ਨਾਮ ਤੇ ਭੋਲੀ ਭਾਲੀ ਜੰਤਾ ਤੇ ਥੋਪ ਕੇ ਲੁਟਿਆ ਜਾ ਰਿਹਾ ਹੈ। ਧਰਮ ਪੰਥ ਤੇ ਚੱਲਣ ਦਾ ਮੁੱਲ, ਧਨ, ਸੰਪਤੀ ਜਾਂ ਹੋਰ ਕੋਈ ਦੁਨਿਆਵੀ ਪਦਾਰਥ ਨਹੀ ਹੋ ਸਕਦਾ। ਸੱਚ ਦਾ ਵਾਪਾਰ ਸੱਚੀ ਸੋਚ ਨਾਲ ਹੀ ਹੋ ਸਕਦਾ ਹੈ, ਦੁਨਿਆਵੀ ਪਦਾਰਥਾਂ ਨਾਲ ਨਹੀ ਤੇ ਇਹ ਵਾਪਾਰ ਕੋਈ ਵਿਰਲਾ ਹੀ ਵਾਪਾਰਦਾ ਹੈ ਜਿਸ ਤੋਂ ਗੁਰੂ ਸਦਾ ਸਦਕੇ ਜਾਂਦਾ ਹੈ। ਤਜਿ ਅਭਿਮਾਨੁ ਲੇਹੁ ਮਨ ਮੋਲਿ ॥ ਰਾਮ ਨਾਮੁ ਹਿਰਦੇ ਮਹਿ ਤੋਲਿ ॥ ਲਾਦਿ ਖੇਪ ਸੰਤਹ ਸੰਗਿ ਚਾਲੁ ॥ ਅਵਰ ਤਿਆਗਿ ਬਿਖਿਆ ਜੰਜਾਲ ॥283 ਆਪਣੀ ਮਨਮੱਤ (ਕੁਚੱਜੀ ਸੋਚ) ਦੇ ਬਦਲੇ ਗੁਰੂ ਦੀ ਸੁਮੱਤ (ਸੁਚੱਜੀ ਸੋਚ) ਦਾ ਵਣਜ ਹੀ ਵਿਰਲਾ ਵਾਪਾਰ ਹੈ ਜਿਸ ਵਿੱਚ ਦੁਨਿਆਵੀ ਪਦਾਰਥਾਂ ਦਾ ਕੋਈ ਦਖਲ ਨਹੀ। ਇਸ ਵਿਰਲੇ ਵਾਪਾਰ ਤੋਂ ਹੀ ਗੁਰੂ ਸਦਾ ਸਦਕੇ ਜਾਂਦਾ ਹੈ. . ..ਇਹੁ ਵਾਪਾਰੁ ਵਿਰਲਾ ਵਾਪਾਰੈ ॥ ਨਾਨਕ ਤਾ ਕੈ ਸਦ ਬਲਿਹਾਰੈ ॥ 283 ਗੁਰੂ ਸੂਚਤ ਕਰਦਾ ਹੈ ਕਿ ਬਾਹਰਲੀ ਦਿੱਖ ਨਾਲ ਮਨੁੱਖ ਦੀ ਪਛਾਣ ਨਹੀ ਹੁੰਦੀ ਬਲਿਕੇ ਉਸ ਦੀ ਕਰਨੀ (ਜੋ ਉਸ ਦੀ ਸੋਚ ਤੇ ਨਿਰਭਰ ਹੈ) ਨਾਲ ਹੀ ਪਛਾਣਿਆ ਜਾਂਦਾ ਹੈ।

1-ਬਾਹਰੋਂ ਦਿਸਦਾ ਬ੍ਰਾਹਮਣ ਜ਼ਰੂਰੀ ਨਹੀ ਕਿ ਉਹ ਅਸਲੀ ਬ੍ਰਾਹਮਣ ਹੋਵੇ ਕਿਉਂਕਿ ਬ੍ਰਾਹਮਣ ਦੀ ਪਛਾਣ ਤਾਂ ਕਬੀਰ ਜੀ ਇਉਂ ਕਰਦੇ ਹਨ: ਕਹੁ ਕਬੀਰ ਜੋ ਬ੍ਰਹਮੁ ਬੀਚਾਰੈ ॥ ਸੋ ਬ੍ਰਾਹਮਣੁ ਕਹੀਅਤੁ ਹੈ ਹਮਾਰੈ ॥ 324 ਜਿਸ ਦੀ ਸੋਚਣੀ ਵਿੱਚ ਪ੍ਰਭੂ ਵਸਦਾ ਹੈ, ਉਹੀ ਬ੍ਰਾਹਮਣ ਅਖਵਾ ਸਕਦਾ ਹੈ। ਇਹੀ ਪਛਾਣ ਸਿਖ ਤੇ ਵੀ ਲਾਗੂ ਹੁੰਦੀ ਹੈ।

2-ਬਾਹਰੋਂ ਦਿਸਦਾ ਪੰਡਿਤ ਜ਼ਰੂਰੀ ਨਹੀ ਅੰਦਰੋਂ ਪੰਡਿਤ ਹੋਵੇ। ਸੋ ਪੰਡਿਤੁ ਜੋ ਮਨੁ ਪਰਬੋਧੈ ॥ ਰਾਮ ਨਾਮੁ ਆਤਮ ਮਹਿ ਸੋਧੈ ॥ ਪੰਡਿਤ ਦੀ ਪਛਾਣ ਉਸ ਦੇ ਮਨ ਦੀ ਪਵਿਤ੍ਰਤਾ, ਸੁਚਜੀ ਸੋਚ ਤੇ ਹੀ ਨਿਰਭਰ ਹੈ। ਸਿਖ ਤੇ ਇਹ ਹਿਦਾਇਤ ਪਹਿਲਾਂ ਲਾਗੂ ਹੁੰਦੀ ਹੈ।

3-ਬਾਹਰੋਂ ਮੌਲਵੀ ਦਿਸਣ ਵਾਲਾ ਜ਼ਰੂਰੀ ਨਹੀ ਅੰਦਰੋਂ ਮੌਲਵੀ ਹੋਵੇ ਸੋ ਮੁਲਾਂ ਜੋ ਮਨ ਸਿਉ ਲਰੈ ॥ ਗੁਰ ਉਪਦੇਸਿ ਕਾਲ ਸਿਉ ਜੁਰੈ ॥ 1159 ਮੌਲਵੀ ਉਹੀ ਹੈ ਜੋ ਆਪਣੀ ਸੋਚ ਨੂੰ ਸੁਧਾਰ ਕੇ ਗੁਰੂ ਦੀ ਸੋਚ ਨਾਲ ਜੁੜੇ। ਗੁਰੂ ਦੀ ਇਹ ਸਾਰੀ ਸੋਚ ਵੀਚਾਰ ਸਭਨਾਂ ਲਈ ਸਾਂਝੀ ਹੈ। ਐਸੇ ਗੁਰਪ੍ਰਮਾਣ ਤਾਂ ਹੋਰ ਵੀ ਅਨੇਕਾਂ ਦਿੱਤੇ ਜਾ ਸਕਦੇ ਹਨ।

ਕਹਿਣ ਤੋਂ ਭਾਵ ਹੈ ਕਿ ਇਹ ਜ਼ਰੂਰੀ ਨਹੀ ਕਿ ਬਾਹਰੋਂ ਦਿਸਦੇ ਸਿੱਖ ਦੀ ਸੋਚ ਗੁਰੂ ਦੀ ਸੋਚ ਅਨੁਕੂਲ ਹੋਵੇ ਅਤੇ ਜੇ ਸੋਚ ਗੁਰੂ ਨਾਲ ਨਹੀ ਮਿਲਦੀ ਤਾਂ ਨਾਂ ਉਹ ਸਿੱਖ ਹੈ, ਨਾ ਹਿੰਦੂ ਹੈ, ਨਾ ਮੁਸਲਮਾਨ ਹੈ ਤੇ ਨਾ ਹੀ ਉਹ ਇਸਾਈ ਹੈ। ਅਸਲ ਵਿੱਚ ਮਨੁੱਖ ਦੀ ਕੁਚੱਜੀ ਸੋਚ ਹੀ ਉਸ ਨੂੰ ਮਨੁਖਤਾ ਤੋਂ ਡੇਗ ਕੇ ਜਾਨਵਰਾਂ ਦੀ ਸ਼ਰੇਣੀ ਵਿੱਚ ਖੜਾ ਕਰ ਦਿੰਦੀ ਹੈ ਕਿਉਂਕਿ ਫਿਰ ਉਸ ਦੇ ਕਰਮ ਵੀ ਪਸੂਆਂ ਵਾਲੇ ਹੀ ਹੋ ਜਾਂਦੇ ਹਨ। ਇਸ ਲਈ ਇਹ ਸਪਸ਼ਟ ਹੈ ਕਿ ਜਿਨੀ ਦੇਰ ਤੱਕ ਮਨੁੱਖ ਦੀ ਸੋਚ ਗੁਰੂ ਦੀ ਸੋਚ ਵਿੱਚ ਲੀਨ ਨਹੀ ਹੁੰਦੀ ਉਨੀ ਦੇਰ ਤੱਕ ਨਾ ਉਹ ਧਰਮੀ ਹੋ ਸਕਦਾ ਹੈ ਤੇ ਨਾ ਹੀ ਗੁਰੂ ਦਾ ਸਿੱਖ ਹੋ ਸਕਦਾ ਹੈ। ਗੁਰੂ ਦੀ ਸੋਚ ਤੇ ਚੱਲਣ ਵਾਲੇ ਨੂੰ ਸਦਾ ਸਲਾਮ ਹੈ ਤਿਸੁ ਗੁਰਸਿਖ ਕੰਉ ਹੰਉ ਸਦਾ ਨਮਸਕਾਰੀ ਜੋ ਗੁਰ ਕੈ ਭਾਣੈ ਗੁਰਸਿਖੁ ਚਲਿਆ ॥ 593

ਦਰਸ਼ਨ ਸਿੰਘ, ਵੁਲਵਰਹੈਂਪਟਨ

ਯੂ. ਕੇ




.