.

“ਸੰਛੇਪ ਦਸ ਗੁਰ ਕਥਾ” ਕ੍ਰਿਤ ਕਵੀ ਕੰਕਣ ਦੀ ਪੜਚੋਲ:--

ਕਵੀ ਕੰਕਣ ਦੇ ਨਾਮ ਹੇਠਾਂ ਲਿਖੀ ਗਈ ਰਚਨਾ "ਸੰਛੇਪ ਦਸ ਗੁਰ ਕਥਾ" ਅਤੇ ਭਾਈ ਜੈਤੇ ਦੇ ਨਾਮ ਹੇਠਾਂ ਲਿਖੀ ਗਈ ਰਚਨਾ "ਸ੍ਰੀ ਗੁਰ ਕਥਾ" ਨੂੰ ਅਧਾਰ ਬਣਾ ਕੇ ਇਤਿਹਾਸਕਾਰੀ ਕਰਨ ਵਾਲਿਆਂ ਨੇ ਤੇ ਸਿੱਖ ਤਵਾਰੀਖ਼ ਦਾ ਬਲਾਤਕਾਰ ਕਰਨ ਦਾ ਜਿੰਮਾ ਚੁਕਿਆ ਹੋਇਆ ਹੈ। ਇਨ੍ਹਾਂ ਇਤਿਹਾਸ ਦੇ ਦੁਸ਼ਮਨਾ ਨੇ ਭਾਈ ਜੈਤੇ ਦੇ ਪਿਤਾ ਆਗਿਆ ਰਾਮ ਨੂੰ ਉਨ੍ਹਾਂ ਦਾ ਪਿਤਾ ਮਨੰਣ ਤੂੰ ਇਨਕਾਰ ਕਰ ਦਿੱਤਾ ਅਤੇ ਕਵੀ ਕੰਕਣ ਦੀ ਲਿਖਤ ਵਿੱਚ ਆਏ ਇਕ ਸ਼ਖਸ ਸਦਾਨੰਦ ਨੂੰ ਉਨ੍ਹਾਂ ਦਾ ਪਿਤਾ ਬਣਾ ਦਿੱਤਾ। ਕਵੀ ਕੰਕਣ ਆਪ ਸਿੱਖ ਇਤਿਹਾਸ ਦਾ ਉਨ੍ਹਾਂ ਹੀ ਗਿਆਤਾ ਸੀ ਜਿਨ੍ਹਾਂ ਕੂ ਆਮ ਨਿਰਮਲੇ ਮਿਥਿਹਾਸਕਾਰ, ਖੈਰ ਕਵੀ ਕੰਕਣ ਨੇ ਕਿਥੇ ਵੀ ਨਹੀ ਲਿਖੀਆ ਕਿ ਸਦਾਨੰਦ ਭਾਈ ਜੈਤੇ ਦੇ ਪਿਤਾ ਸਨ, ਪਤਾ ਨਹੀ ਕਿਵੇਂ ਲੋਕ ਗੱਪਾਂ ਲਿਖਣ ਦਾ ਹੋਸਲਾ ਕਰ ਜਾਂਦੇ ਨੇ।

"ਸੰਛੇਪ ਦਸ ਗੁਰ ਕਥਾ" ਦੇ ਲਿਖਾਰੀ ਦੀ ਰਚਨਾ ਕਦ ਲਿਖੀ ਗਈ ਇਹ ਤੈਅ ਕਰਨਾ ਹੋਵੇ ਤੇ ਬਹੁਤ ਅਸਾਨ ਹੈ। ਇਸ ਰਚਨਾ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਦ੍ਵਾਰਾ ਦੇਵੀ ਪੂਜਨ ਦਾ ਜਿਕਰ ਹੈ ਕਵੀ ਮੁਤਾਬਿਕ ਇਹ ਦੇਵੀ ਪੂਜਨ ਪੰਥ ਖਾਲਸਾ ਸਾਜਨ ਵਾਸਤੇ ਅਤੇ ਗੁਰੂ ਤੇਗ ਬਹਾਦੁਰ ਸਾਹਿਬ ਦੀ ਸ਼ਹੀਦੀ ਦਾ ਬਦਲਾ ਲੈਣ ਵਾਸਤੇ ਕੀਤੀ ਗਈ ਸੀ। ਕਵੀ ਲਿਖਦਾ ਹੈ ਕਿ ਦੇਵੀ ਨੇ ਗੁਰੂ ਸਾਹਿਬ ਕੋਲੋ ਪੰਜ ਸੀਸਾਂ ਦੀ ਭੇਟ ਮੰਗੀ ਪਰ ਉਸ ਵੇਲੇ ਗੁਰੂ ਸਾਹਿਬ ਕੋਲ ਪੰਜ ਸੀਸ ਨਹੀ ਸਨ ਤੇ ਗੁਰੂ ਸਾਹਿਬ ਨੇ ਦੇਵੀ ਨੂੰ ਕਹਿਆ ਕਿ ਜਿਤਨੇ ਸੀਸ ਕਹੋਗੀ ਮੈਂ ਉਹ ਬਾਦ ਵਿੱਚ ਵਿੱਚ ਦੇਵਾਂਗਾ। ਅੱਗੇ ਕਵੀ ਜਿਕਰ ਕਰਦਾ ਹੈ ਕਿ ਹੁਣ ਤਾਂਹੀ ਸੁਖ ਨਹੀ ਹੈ ਕਉਂਕਿ ਦੇਵੀ ਦੇ ਮੰਗਣ ਤੇ ਪੰਜ ਸੀਸ ਭੇਟ ਨਹੀ ਕੀਤੇ ਗਏ ਪਰ ਜਦ “ਸਵਾ-ਲੱਖ” ਸੀਸ ਭੇਟ ਹੋਣਗੇ ਤਾਂ ਸੁਖ ਹੋਵੇਗਾ।
ਇਹ "ਸਵਾ ਲੱਖ ਸੀਸ ਜਦ ਭੇਟ ਹੋਣਗੇ ਤਾਂ ਸੁਖ ਆਵੇਗਾ” ਕਵੀ ਨੂੰ ਇਹ ਕਿਵੇਂ ਪਤਾ ਲਗਾ, ਕਮਾਲ ਦੀ ਗੱਲ ਹੈ। ਇਕ ਲਿਖਤ ਜਿਸ ਦੇ ਕਵੀ ਨੂੰ ਗੁਰੂ ਹਰਗੋਬਿੰਦ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਮਕਾਲੀਨ ਕਹਿਆ ਜਾਂਦਾ ਹੈ ਉਸ ਨੂੰ ਇਹ ਨਹੀ ਨਹੀ ਪਤਾ ਸੀ ਕਿ ਗੁਰੂ ਹਰਕ੍ਰਿਸ਼ਨ ਸਾਹਿਬ 9 ਸਾਲ ਦੇ ਸਨ ਜਦ ਗੁਰਗੱਦੀ ਮਿਲੀ ਸੀ, ਕਵੀ ਪੰਜ ਸਾਲ ਦੀ ਉਮਰ ਲਿਖਦਾ ਹੈ ਇਹ ਉਮਰ ਕੇਸਰ ਸਿੰਘ ਛਿਬੜ ਦੀ ਦਿੱਤੀ ਹੈ। ਕਵੀ ਦੇ ਮੁਤਾਬਿਕ ਗੁਰੂ ਤੇਗ ਬਹਾਦੁਰ ਸਾਹਿਬ ਆਗਰੇ ਤੂੰ ਗਿਰਫਤਾਰ ਕੀਤੇ ਗਏ ਤੇ ਸ਼ਹੀਦ ਕੀਤਾ ਗਿਆ, ਕਮਾਲ ਦਾ ਸਮਕਾਲੀਨ ਇਤਿਹਾਸਕਾਰ ਹੈ ਜਿਸ ਨੂੰ ਇਹ ਨਹੀ ਪਤਾ ਸੀ ਕਿ ਗੁਰੂ ਸਾਹਿਬ ਪੰਜਾਬ ਵਿੱਚੋ ਹੀ ਗਿਰਫ਼ਤਾਰ ਕੀਤੇ ਗਏ ਸਨ।
ਅੱਗੇ ਹੋਰ ਵੀ ਬਹੁਤ ਗੱਪਾਂ ਹਨ ਜਿਵੇਂ ਕਿ ਗੁਰੂ ਤੇਗ ਬਹਾਦੁਰ ਸਾਹਿਬ ਨੇ ਦਿੱਲੀ ਵਿੱਚ ਗਿਰਫ਼ਤਾਰ ਰਹਿੰਦੇ ਹੋਏ ਹੀ ਭਾਈ ਜੈਤੇ ਕੋਲ ਅਪਣੀ ਬਾਣੀ ਦੀ ਪੋਥੀ ਭੇਜੀ ਤੇ ਕਹਿਆ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਕਹੋ ਕਿ ਗ੍ਰੰਥ ਵਿੱਚ ਲਿਖ ਦੇਵੇ ਅੱਗੇ ਤੇ ਇਹ ਅਖੌਤੀ ਸਮਕਾਲੀਨ ਲਿਖਾਰੀ ਲਿਖਦਾ ਹੈ ਕਿ ਭਾਈ ਜੈਤਾ ਤੇ ਹੋਰ ਸੰਗਤ ਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਬੰਦੀਖਾਨੇ ਆਏ ਤੇ ਗੁਰੂ ਤੇਗ ਬਹਾਦੁਰ ਸਾਹਿਬ ਨੇ ਕਹਿਆ ਕਿ ਅੰਤ ਸਮਾਂ ਆ ਗਿਆ ਹੈ ਤੇ ਗੁਰੂ ਤੇਗ ਬਹਾਦੁਰ ਸਾਹਿਬ ਨੇ ਨਾਰੀਅਲ ਅਤੇ ਪੰਜ ਪੈਸੇ ਭਾਈ ਜੈਤੇ ਹੱਥ ਭੇਜੇ ਕਿ ਜਾਉ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਗੁਰਆਈ ਦੇਕੇ ਵਾਪਿਸ ਆਉ। ਕਮਾਲ ਦਾ ਅਖੌਤੀ ਸਮਕਾਲੀਨ ਕਵੀ ਹੈ ਜਿਸ ਨੂੰ ਇਹ ਨਹੀ ਪਤਾ ਸੀ ਕਿ ਗੁਰੂ ਤੇਗ ਬਹਾਦੁਰ ਸਾਹਿਬ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ 8 ਜੁਲਾਈ 1675 ਇ. ਨੂੰ ਖੂਦ ਅਪਣੇ ਹੱਥੀ ਗੁਰਆਈ ਦਿੱਤੀ ਸੀ, ਉਹ ਵੀ ਕੈਦ ਹੋਣ ਤੂੰ ਪਹਿਲਾਂ। ਗੁਰੂ ਤੇਗ ਬਹਾਦੁਰ 11 ਜੁਲਾਈ 1675 ਇ. ਨੂੰ ਮਲਕ ਪੁਰ ਰੰਗੜਾ ਪੰਜਾਬ ਵਿੱਚੋ ਗ੍ਰਿਫਤਾਰ ਹੋਏ ਤੇ ਲਗਭਗ 4 ਮਹੀਨੇ ਬੱਸੀ ਪਠਾਣਾ ਵਿੱਚ ਕੈਦ ਰਹੇ ਅਤੇ 3 ਨੰਵਬਰ 1675 ਇ. ਨੂੰ ਦਿੱਲੀ ਲਿਆਏ ਗਏ। ਕਵੀ ਤੇ ਇਥੇ ਤਕ ਲਿਖ ਗਿਆ ਕਿ ਜਦ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਪਤਾ ਚਲਿਆ ਕਿ ਗੁਰੂ ਤੇਗ ਬਹਾਦੁਰ ਸ਼ਹੀਦ ਹੋ ਗਏ ਹਨ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਹਿਆ ਕੋਈ ਏਸਾ ਸਿੱਖ ਹੈ ਜੋ ਮੇਰੇ ਪਿਤਾ ਦਾ ਸੀਸ ਇਥੇ ਲੈਕੇ ਆਏਗਾ ਤੇ ਭਾਈ ਜੈਤੇ ਨੇ ਇਹ ਜਿੰਮਾ ਚੁਕਿਆ, ਭਾਈ ਜੈਤਾ ਚੱਕ ਨਾਨਕੀ ਤੂੰ ਦਿੱਲੀ ਗਏ ਗੁਰੂ ਤੇਗ ਬਹਾਦੁਰ ਸਾਹਿਬ ਦਾ ਸ਼ੀਸ਼ ਲੈਣ, ਕਮਾਲ ਦੀ ਜਾਣਕਾਰੀ ਹੈ।
ਖੈਰ ਸਹੀ ਇਤਿਹਾਸਿਕ ਵੇਰਵਾ ਪਾਠਕਾਂ ਨਾਲ ਸਾਂਝਾ ਕਰ ਦੇਵਾਂ, ਗੁਰੂ ਸਾਹਿਬ ਦੀ ਸ਼ਹਾਦਤ 11 ਨੰਵਬਰ 1675 ਇ. ਨੂੰ ਹੋਈ ਤੇ ਉਸੀ ਰਾਤ ਹੀ ਗੁਰੂ ਸਾਹਿਬ ਦਾ ਸ਼ਰੀਰ ਅਤੇ ਬਾਕੀ ਧੜ ਸਿੱਖਾਂ ਨੇ ਚਾਂਦਨੀ ਚੌਕ ਤੂੰ ਚੁੱਕ ਲਿਆ ਸੀ ਤੇ 12 ਨੰਵਬਰ 1675 ਇ. ਨੂੰ ਰਕਾਬ ਗੰਜ ਵਾਲੇ ਗੁਰਦ੍ਵਵਾਰੇ ਦੀ ਜਗਹ ਤੇ ਧੜ ਦਾ ਸੰਸਕਾਰ ਕਰ ਦਿੱਤਾ। ਭਾਈ ਜੈਤਾ 16 ਨੰਵਬਰ 1675 ਇ. ਨੂੰ ਸ਼ੀਸ਼ ਲੈਕੇ ਚੱਕ ਨਾਨਕੀ ਆਏ ਤੇ 17 ਨੰਵਬਰ 1675 ਇ. ਨੂੰ ਗੁਰੂ ਤੇਗ ਬਹਾਦੁਰ ਸਾਹਿਬ ਦੇ ਸ਼ੀਸ਼ ਦਾ ਸੰਸਕਾਰ ਕੀਤਾ ਗਿਆ। ਸਹੀ ਇਤਿਹਾਸਿਕ ਜਾਣਕਾਰੀ ਦੀ ਘਾਟ “ਸੰਛੇਪ ਦਸ ਗੁਰ ਕਥਾ” ਦੇ ਲਿਖਾਰੀ ਦੇ ਝੂਠ ਦੀ ਪੋਲ ਖੋਲ ਗਈ। ਜਿਸ ਦਿਨ ਗੁਰੂ ਤੇਗ ਬਹਾਦੁਰ ਸਾਹਿਬ ਸ਼ਹੀਦ ਕੀਤੇ ਗਏ ਸਿੱਖਾਂ ਨੇ ਸ਼ੀਸ਼ ਅਤੇ ਧੜ ਉਸੀ ਦਿਨ ਚੁੱਕ ਲਏ ਸਨ ਨਾਕਿ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਸ਼ਹੀਦੀ ਦੀ ਖਬਰ ਮਿਲਨ ਦੇ ਬਾਦ ਉਨ੍ਹਾਂ ਦੇ ਕਹਿਨੇ ਤੇ ਚੁੱਕੇ ਸੀ, ਕਮਾਲ ਦੇ ਲੋਕ ਹਨ ਜੋ ਇਸ ਤਰਹਾਂ ਦੀ ਗਲਤ ਬਿਆਣੀ ਨੂੰ ਇਤਿਹਾਸ ਕਹਿੰਦੇ ਹਨ।
ਕਵੀ ਭਾਈ ਜੈਤੇ ਦੀ ਸ਼ਹੀਦੀ ਚਮਕੌਰ ਦੀ ਗੜ੍ਹੀ ਵਿੱਚ ਲਿਖਦਾ ਹੈ ਜੋਕਿ ਇਤਿਹਾਸਿਕ ਤੌਰ ਤੇ ਗਲਤ ਹੈ। ਭਾਈ ਜੈਤਾ, ਬੀਬੀ ਭਿੱਖਾਂ ਅਤੇ ਹੋਰ 100 ਸਿੱਖ ਸਰਸਾ ਨਦੀ ਦੇ ਕਿਨਾਰੇ ਸ਼ਹੀਦ ਹੋ ਗਏ, ਭਾਈ ਜੈਤਾ ਚਮਕੌਰ ਦੀ ਗੜ੍ਹੀ ਵਿੱਚ ਸ਼ਹੀਦ ਨਹੀ ਹੋਏ ਇਹ ਚਮਕੌਰ ਵਿੱਚ ਸ਼ਹੀਦ ਹੋਣ ਵਾਲੀ ਇਤਿਹਾਸੀਕ ਗਲਤੀ ਰਤਨ ਸਿੰਘ ਭੰਗੂ ਦੀ ਦੇਣ ਹੈ।
“ਸੰਛੇਪ ਦਸ ਗੁਰ ਕਥਾ” ਦੋ ਲੋਖਕਾਂ ਨੇ ਸੰਪਾਦਿਤ ਕੀਤੀ ਹੈ, ਇਕ ਕ੍ਰਿਪਾਲ ਸਿੰਘ ਨੇ ਤੇ ਦੂਜੀ ਗੁਰਮੁਖ ਸਿੰਘ ਨੇ। ਕ੍ਰਿਪਾਲ ਸਿੰਘ ਦ੍ਵਾਰਾ ਸੰਪਾਦਿਤ ਕੀਤੀ ਗਈ ਕਿਤਾਬ ਵਿੱਚ ਲਿਖੀਆ ਹੈ ਕਿ ਭਾਈ ਜੈਤਾ ਗੁਰੂ ਤੇਗ ਬਹਾਦੁਰ ਸਾਹਿਬ ਦਾ ਧੜ ਲੈ ਕੇ ਚੱਕ ਨਾਨਕੀ ਆਏ ਪਰ ਗੁਰਮੁਖ ਸਿੰਘ ਨੇ “ਸੀਸ” ਲਿਖੀਆ ਹੈ, ਖੈਰ ਇਹ ਤੇ ਹੱਥ ਲਿਖਤ ਖਰੜੇ ਨੂੰ ਵੇਖ ਕੇ ਪਤਾ ਚਲ ਜਾਵੇਗਾ ਕਿ ਕੌਣ ਸਹੀ ਹੈ ਕੌਣ ਗਲਤ ਹੈ। ਪਰ ਕਵੀ ਨੇ “ਸਵਾ-ਲੱਖ” ਸੀਸ ਬਾਦ ਸੁਖ ਹੋਣ ਦੀ ਭਵਿਖ ਬਾਣੀ ਦੇ ਇਲਾਵਾ ਇਕ ਹੋਰ ਇਸ਼ਾਰਾ ਭਵਿਖ ਵਾਕ ਵਿੱਚ ਕੀਤਾ ਹੈ ਜਿਸ ਨਾਲ ਇਸ ਰਚਨਾ ਨੂੰ “ਸਵਾ-ਲੱਖ” ਸੀਸ ਦੇ ਦੇਣ ਦਾ ਬਾਦ ਹੋਏ ਸੁਖ ਵਿੱਚ ਬਣਾਈ ਗਈ ਇਕ ਇਮਾਰਤ ਵੱਲ ਧਿਆਣ ਜਾਂਦਾ ਹੈ।
“ਸੰਛੇਪ ਦਸ ਗੁਰ ਕਥਾ” ਵਿੱਚ ਦਰਜ ਹੈ ਕਿ ਜਦ ਭਾਈ ਜੈਤਾ ਗੁਰੂ ਤੇਗ ਬਹਾਦੁਰ ਸਾਹਿਬ ਦਾ ਸ਼ੀਸ਼/ਧੜ ਲੈਕੇ ਗੁਰੂ ਗੋਬਿੰਦ ਸਿੰਘ ਸਾਹਿਬ ਕੋਲ ਪੁੱਜੇ ਤੇ ਗੁਰੂ ਸਾਹਿਬ ਨੇ “ਸ਼੍ਰੀ ਅਮ੍ਰਿਤਸਰ ਤਾਲ ਦੀ ਚਉਥੀ ਬਾਹੀ ਦਿੱਤੀ”, ਚਉਥੀ ਬਾਹੀ ਭਾਵ ਇਕ ਪਾਸੇ ਦਾ ਹਿੱਸਾ। ਇਹ ਚੌਥੀ ਬਾਹੀ ਦਾ ਇਸ਼ਾਰਾ ਦਰਅਸਲ “ਬੁੰਗਾ ਮਜ਼ਬੀ ਸਿੰਘਾਂ” ਵੱਲ ਹੈ ਜੋ 1782 ਇ. ਵਿੱਚ ਬਣਾਇਆ ਗਿਆ ਸੀ, ਇਹ 1782 ਇ. ਦਾ ਸਮਾ “ਸਵਾ-ਲੱਖ” ਸ਼ੀਸ਼ ਦੇਣ ਦੇ ਬਾਦ ਆਏ ਸੁੱਖ ਵੇਲੇ ਬਣਿਆ ਸੀ। “ਸਵਾ-ਲੱਖ ਸ਼ੀਸ਼” ਦਾ ਇਸ਼ਾਰਾ ਦਰਅਸਲ ਦੋਨੋ ਘਲੂਘਾਰਿਆਂ ਵਿੱਚ ਹੋਈ ਸ਼ਹਾਦਤਾਂ ਵੱਲ ਹੈ ਅਤੇ 1762ਇ. ਦੇ ਦੁਜੇ ਘਲੂਘਾਰੇ ਦੇ ਬਾਦ ਤੇ ਸਿੱਖ ਅਪਣੀ ਮਿਸਲਾ ਕਾਯਮ ਕਰਨ ਵਿੱਚ ਕਾਮਯਾਬ ਹੋਏ ਤੇ ਪੰਜਾਬ ਵਿੱਚ ਸੁੱਖ ਦੇ ਹਾਲਾਤ ਬਣਨ ਲੱਗ ਪਏ।
ਇਨ੍ਹਾਂ ਤਥਾਂ ਦੇ ਬਾਦ ਇਹ ਗੱਲ ਤੇ ਸਾਫ ਹੈ ਕਿ ਇਹ ਰਚਣਾ 1782 ਇ. ਦੇ ਬਾਦ ਦੀ ਹੈ, ਪਰ ਇਹ ਰਚਨਾ ਮੈਨੂੰ ਤੇ ਸੰਤੋਖ ਸਿੰਘ ਦੇ ਸੁਰਜ ਪ੍ਰਕਾਸ਼ ਦੇ ਬਾਦ ਦੀ ਲਗਦੀ ਹੈ, ਇਸ ਵਿੱਚ ਬਹੁਤਾ ਮਿਥਿਹਾਸ ਸੰਤੋਖ ਸਿੰਘ ਨਾਲ ਮਿਲ ਜਾਂਦਾ ਹੈ ਤੇ ਇਸ ਵਿੱਚ ਵੀ ਗੁਰੂ ਅਰਮਰਦਾਸ ਸਾਹਿਬ ਦ੍ਵਵਾਰਾ ਗੁਰੂ ਅਰਜੁਨ ਸਾਹਿਬ ਨੂੰ ਕਹਿਆ ਗਿਆ ਭਵਿਖ-ਵਾਕ ਬਚਨ “ਦੋਹਿਤਾ ਬਾਣੀ ਕਾ ਬੋਹਿਥਾ” ਦਰਜ ਹੈ। ਇਸ ਤਰਹਾਂ ਦੇ ਕਥਨ ਨਿਰਮਲਾ ਮਿਥਿਹਾਸ ਦੀ ਛਾਪ ਹੈ।
ਧਿਆਣ ਨਾਲ ਇਸ ਰਚਨਾ ਨੂੰ ਪੜ੍ਹਨ ਨਾਲ ਇਕ ਗੱਲ ਸਾਫ ਹੋਂਦੀ ਹੈ ਕਿ ਇਸ ਵਿੱਚ ਇਤਿਹਾਸ ਨਾਮ ਦੀ ਕੋਈ ਚੀਜ਼ ਦਰਜ ਨਹੀ ਹੈ ਸਿਰਫ ਮਿਥਿਹਾਸ ਹੈ ਉਹ ਵੀ ਹਕੀਕਤ ਵਿੱਚ ਵਾਪਰੀ ਘਟਨਾਵਾਂ ਤੂੰ ਕੋਹਾਂ ਦੂਰ।
ਗੁਰਦੀਪ ਸਿੰਘ ਬਾਗੀ
[email protected]
ਕਿਤਾਬਾਂ ਦੀ ਸੂਚੀ:--
ਸਿੱਖ ਤਵਾਰਿਖ਼ ਹਿੱਸਾ ਪਹਿਲਾ ਇਤਿਹਾਸਕਾਰ ਡਾ. ਦਿਲਗੀਰ
ਸੰਛੋਪ ਦਸ ਗੁਰ ਕਥਾ ਸੰਪਾਦਿਤ ਡਾ. ਗੁਰਮੁਖ ਸਿੰਘ




.