.

ਤੇ ਨਰ ਦੋਜਕ ਜਾਹਿਗੇ ਸਤਿ ਭਾਖੈ ਰਵਿਦਾਸ

ਨਿਮਰਤ ਸਹਿਤ ਬੇਨਤੀ ਹੈ ਜੀ,

ਕਿ ਕੋਈ ਵੀ ਵਿਦਵਾਨ ਵੀਰ ਇਸ ਲੇਖ ਨੂੰ ਆਪਣੇਂ ਖਿਲਾਫ ਨਾਂ ਸਮਝੇ ਜੀ। ਬਲਕਿ ਇਸ ਨੂੰ ਆਪਣੇਂ ਸਾਰਿਆਂ ਦੇ ਹਿੱਤ ਵਿੱਚ ਸਮਝੇ ਜੀ। ਜੇ ਸਚਾਈ ਲੱਗੇ ਤਾਂ ਮੇਰਾ ਨਹੀਂ ਸਚਾਈ ਦਾ ਸਾਥ ਦੇਣਾਂ ਜੀ। ਦਾਸ ਸੱਭ ਦਾ ਹਿੱਤ ਚਾਹੁੰਦਾ ਹੈ ਜੀ।

ਸਰਦਾਰ ਮੱਖਣ ਸਿੰਘ ਜੀ ਪੁਰੇਵਾਲ ਜੀ ਨੇਂ ੧੬ ਜਨਵਰੀ ਨੂੰ, ਜਫ਼ਰਨਾਮੇਂ ਦੇ ੬੨-੬੩ ਨੰਬਰ ਦੇ ਦੋ ਛੰਦ ਜਾਂ ਸ਼ੇਅਰਾਂ ਬਾਰੇ ਸਾਨੂੰ, ਜਾਣ ਕਾਰੀ ਦਿੱਤੀ ਸੀ। ਇਹਨਾਂ ਨੇਂ ਸਾਨੂੰ, ਡਾ: ਜੱਗੀ ਅਤੇ ਪਦਮ ਦੇ ਇੱਕ ਹੀ ਛੰਦ (ਬੰਦ) ਦੇ ਕੀਤੇ ਪਾਠ-ਭੇਦ ਅਰਥਾਂ ਦੇ ਅੰਤਰ ਬਾਰੇ ਵੀ ਦੱਸਿਆ ਸੀ। ਇਹਨਾਂ ਨੇਂ ਇਹ ਇੱਕ ਬਹੁਤ ਵੱਡੀ ਮਿਸਾਲ ਦਿੱਤੀ ਹੈ।

ਇਸੇ ਤਰਾਂ ਹੀ ਗੁਰਬਾਣੀਂ ਦੇ ਅਰਥ ਵੀ ਸਾਰੇ ਵਿਦਵਾਨਾਂ ਦੇ ਆਪਸ ਵਿੱਚ ਨਹੀਂ ਮਿਲਦੇ। ਏਨਾਂ ਹੀ ਨਹੀਂ, ਕਈਆਂ ਵਿਦਵਾਨ ਵੀਰਾਂ ਨੂੰ, ਗੁਰਬਾਣੀਂ ਵਿੱਚ ਵੀ ਬਹੁਤ ਸਾਰੀਆਂ ਗੱਲਾਂ ਰੜਕਦੀਆਂ ਹਨ। ਉਹ ਗੁਰਬਾਣੀਂ ਨੂੰ ਛਾਂਟ ਤਾਂ ਸੱਕਦੇ ਨਹੀਂ, ਪਰ ਅਰਥਾਂ ਨੂੰ ਤਾਂ ਘੁਮਾਅ ਹੀ ਸੱਕਦੇ ਹਨ। ਆਪਣੇਂ ਆਪਣੇਂ ਤਰੀਕੇ ਨਾਲ, ਇੱਕ ਦੂਜੇ ਤੋਂ ਵਧੀਆ ਲਿਖਣ ਦੀ ਹੋੜ ਵਿਚ, ਗੁਰਬਾਣੀਂ ਨੂੰ ਆਪਣੀਂ ਵਿਦਿਆ ਦੇ ਗਿਆਨ ਦੀ ਰੱਸੀ ਪਾ ਕੇ, ਲਾਟੂ ਦੀ ਤਰਾਂ ਘੁਮਾ ਰਹੇ ਹਨ।

ਵਿਦਿਆ ਤਾਂ ਵਿਦਿਆ ਹੈ, ਵਿਦਿਆ ਕਦੇ ਵੀ ਗੁਰਮੱਤ ਨਹੀਂ ਹੋ ਸੱਕਦੀ। ਅਸੀਂ ਵਿਦਿਆ ਦਾ ਹੀ ਦੂਜਾ ਨਾਂ ਗੁਰਮੱਤ ਰੱਖਿਆ ਹੋਇਆ ਹੈ। (ਜਿਸ ਪਾਸ ਜਿੰਨੀ ਜਿਆਦਾ ਵਿਦਿਆ ਹੁੰਦੀ ਹੈ ਉਹ ਓਨਾਂ ਹੀ ਵੱਡਾ ਗੁਰਮੁੱਖ ਕਹਿਲਾਂਦਾ ਹੈ।) ਜਿੱਥੇ ਗੁਰਮੱਤ ਹੁੰਦੀ ਹੈ, ਉਥੇ ਗਲਤੀ ਦੀ ਇੱਕ ਰੱਤੀ ਭਰ ਵੀ ਗੁੰਜਾਇਸ਼ ਨਹੀਂ ਹੈ, ਫਿਰ ਚਾਹੇ ਬਾਣੀਂ ਦੇ ਅਰਥ ਹੋਣ ਜਾਂ, ਧਰਮ ਦੇ ਕੰਮ।

ਜਿੱਥੇ (ਜਿਸ ਸਰੀਰ ਵਿਚ) ਗੁਰਮੱਤ ਆ ਜਾਂਦੀ ਹੈ, ਉਥੇ ਮਨਮੱਤ ਟਿਕ ਹੀ ਨਹੀਂ ਸੱਕਦੀ। ਇੱਕ ਮਿਆਨ ਵਿੱਚ ਦੋ ਤਲਵਾਰਾਂ ਨਹੀਂ ਸਮਾ ਸਕਦੀਆਂ। ਅਤੇ ਇਸੇ ਤਰਾਂ ਜਿੱਥੇ ਮਨਮੱਤ ਹੈ ਉਥੇ ਗੁਰਮੱਤ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਗੁਰਮਤਿ ਐਨੀ ਸਸਤੀ ਤੇ ਸੌਖੀ ਨਹੀਂ ਹੈ,

ਗੁਰਮੱਤਿ ਦੇ ਆਉਣ ਨਾਲ ਜੇ ਬੰਦੇ ਵਿੱਚ ਇੱਕ ਰੱਤੀ ਭਰ ਵੀ ਮਨਮੁਖਤਾ ਰਹਿ ਜਾਵੇ, ਤਾਂ (ਉਹ ਗੁਰਮੁੱਤਾ ਨਹੀਂ ਕਹਿਲਾਂਦੀ) ਐਸੀ ਗੁਰਮੁੱਖਤਾ ਨੂੰ ਦੂਰੋਂ ਹੀ ਸੱਤ ਸਲਾਮਾਂ। ਇਹੀ ਕਾਰਣ ਹੈ ਕਿ ਕਿਸੇ ਵੀ ਵਿਦਵਾਨ ਦੇ ਕੀਤੇ ਅਰਥ ਆਪਸ ਵਿੱਚ ਨਹੀਂ ਮਿਲਦੇ। ਇਸੇ ਹੀ ਵਾਸਤੇ ਸਾਖਸ਼ਾਤ (ਪਰਤੱਖ) ਗੁਰਬਾਣੀਂ ਦੇ ਹੁੰਦਿਆਂ ਹੋਇਆਂ ਵੀ,

ਅੱਜ ਤੱਕ

ਸ਼ਬਦ, ਨਾਮ, ਸਿਮਰਨ, ਪੁਨਰ ਜਨਮ, ਆਵਾਗਉਣ ਨਰਕ ਸੁਰਗ, ਆਤਮਾਂ ਪ੍ਰਮਾਤਮਾਂ ਆਦੀ ਬਾਰੇ ਕੋਈ ਫੈਸਲਾ ਨਹੀਂ ਹੋ ਸਕਿਆ।

ਤਿੰਨ ਸਦੀਆਂ ਤੋਂ ਵੀ ਵੱਧ ਸਮਾਂ ਬੀਤ ਗਿਆ ਹੈ ਇਹ ਝਗੜਾ ਝਗੜਦਿਆਂ। ਸਾਡੀਆਂ ਕਈ ਪੀੜੀਆਂ ਅਗਿਆਨ ਵੱਸ ਗੁਜ਼ਰ ਗਈਆਂ ਹਨ, ਅਤੇ ਕਈ ਜਾਣ ਨੂੰ ਤਿਆਰ ਹਨ। (ਜੋ ਗਈਆਂ ਪਤਾ ਨਹੀਂ ਉਹਨਾਂ ਦੀ ਕੀ ਨਿੱਬੜੀ ਹੋਵੇਗੀ) ਕਿਉਂ ਕੇ ਵਿਦਵਾਨਾਂ ਨੇਂ ਤਾਂ ਅਜੇ ਤੱਕ ਕੋਈ ਫਾਈਨਲ ਡਿਸੀਜਨ ਲਿਆ ਹੀ ਨਹੀਂ ਹੈ। ਸ਼ਾਇਦ ਭਗਵਾਨ ਵੀ ਉਡੀਕ ਰਿਹਾ ਹੋਵੇ, ਕੇ ਕਦੋਂ ਇਹ ਵਿਦਵਾਨ ਕੋਈ ਪੱਕਾ ਫੈਸਲਾ ਕਰਨ, ਅਤੇ ਮੈਂ ਉਸ ਦੇ ਹਿਸਾਬ ਨਾਲ ਅਗਲੀ ਕਾਰਵਾਈ ਕਰਾਂ।

ਜੋ ਗੁਜ਼ਰ ਗਈਆਂ, ਸੋ ਗੁਜ਼ਰ ਗਈਆਂ। ਜੋ ਹੁਣ ਜਾਣ ਨੂੰ ਤਿਆਰ ਹਨ, (ਪਲ ਨੂੰ ਜਾਂ ਕੱਲ ਨੂੰ) ਇਹਨਾਂ ਨੂੰ ਅਸੀਂ ਕੀ ਕਹੀਏ, ਕੇ ਤੁਸੀਂ ਅਜੇ ਥੋੜਾ ਚਿਰ ਠਹਿਰ ਜਾਵੋ, (ਕਾਹਲੀ ਨਾਂ ਕਰੋ)। ਸਾਡੇ ਵਿਦਵਾਨ ਫੈਸਲਾ ਕਰ ਲੈਣ, ਕਿ ਸੱਚ ਕੀ ਹੈ, ਅਤੇ ਝੂਠ ਕੀ ਹੈ। ਫਿਰ ਤੁਸੀਂ ਆਰਾਮ ਨਾਲ ਚਲੇ ਜਾਇਆ ਜੇ।

ਦੱਸੋ ਕਿਹੜਾ ਵਿਦਵਾਨ? ਝੂਠ/ਸੱਚ ਦੇ ਨਿਤਾਰੇ ਦੀ ਜਿੰਮੇਦਾਰੀ ਲੈਂਦਾ ਹੈ। ਅਤੇ ਕਿਤਨੇਂ ਸਮੇਂ ਵਿਚ, ਸੱਚ ਅਤੇ ਝੂਠ ਦਾ ਨਤਾਰਾ ਕਰ ਦੇਵੇ ਗਾ। ਤਾਂ ਜੋ ਜਾਣ ਵਾਲਿਆਂ ਨੂੰ ਓਨੀਂ ਕੂ ਦੇਰ ਰੋਕ ਲਈਏ।

ਪਰ ਬੇਨਤੀ ਹੈ ਜੀ ਕਿ ਥੋੜਾ ਜਲਦੀ ਕਰਨਾਂ ਜੀ, ਕਿਉਂ ਕੇ ਜਿੰਨ੍ਹਾਂ ਨੇਂ ਜਾਣਾਂ ਹੈ, ਉਹਨਾਂ ਨੇਂ ਆਪਣੇਂ ਅਗਲੇ ਸਫ਼ਰ ਦੀ ਤਿਆਰੀ ਵੀ ਕਰਨੀਂ ਹੈ। ਉਸ (ਤਿਆਰੀ) ਵਾਸਤੇ ਵੀ ਥੋੜਾ ਸਮਾਂ ਚਾਹੀਦਾ ਹੈ। ਇਥੇ ਆਪਾਂ ਨੇਂ ਜੇ ਪੰਜਾਹ ਜਾਂ ਸੌ ਕਿੱਲੋਮੀਟਰ ਦੂਰ ਜਾਣਾਂ ਹੋਵੇ, ਤਾਂ ਕਿੰਨੀ ਤਿਆਰੀ ਕਰਦੇ ਹਾਂ। ਪਰ ਇਹ ਸਾਡੇ ਸੱਜਣਾਂ ਨੇਂ ਤਾਂ ਅਗਲੇ ਕਦੇ ਵੀ ਨਾਂ ਮੁੱਕਣ ਵਾਲੇ, ਲੰਮੇਂ ਸਫ਼ਰ ਤੇ ਜਾਣ ਦੀ ਤਿਆਰੀ ਕਰਣੀਂ ਹੈ।

ਬਾਣੀਂ ਚਿਤਾਵਣੀਂ ਦੇ ਰਹੀ ਹੈ

ਕਿ ਛੇਤੀ ਕਰੋ ਅੱਗੇ ਰੱਬ ਕੁੱਝ ਉਹ ਕਰਨ ਵਾਲਾ ਹੈ, ਜੋ ਕਿਸੇ ਦੇ ਚਿੱਤ ਚੇਤੇ ਵੀ ਨਹੀਂ ਹੈ।

ਫਰੀਦਾ ਦਰੀਆਵੈ ਕੰਨੈੑ ਬਗੁਲਾ ਬੈਠਾ ਕੇਲ ਕਰੇ।। ਕੇਲ ਕਰੇਦੇ ਹੰਝ ਨੋ ਅਚਿੰਤੇ ਬਾਜ ਪਏ।। ਬਾਜ ਪਏ ਤਿਸੁ ਰਬ ਦੇ ਕੇਲਾਂ ਵਿਸਰੀਆਂ।। ਜੋ ਮਨਿ ਚਿਤਿ ਨ ਚੇਤੇ ਸਨਿ ਸੋ ਗਾਲੀ ਰਬ ਕੀਆਂ।। ੯੯।।

ਮਨੁੱਖ ਮੌਤ ਦੇ ਦਰਿਆ ਦੇ ਕੰਡੇ ਤੇ ਬੈਠਾ ਹੋਇਆਂ ਹੈ। ਜਾਂ ਇਹ ਕਹਿ ਲਵੋ ਕਿ ਮਨੁੱਖ ਹੀ ਮੌਤ ਦੇ ਦਰਿਆਂ ਦਾ ਕੰਢਾ ਹੈ, ਜਿਸ ਵਿੱਚ ਕੇ ਮੌਤ ਦਾ ਦਰਿਆਂ ਬਹਿ ਰਿਹਾ ਹੈ। ਕੰਢੇ ਨੂੰ ਮੌਤ ਦੀ ਢਾਹ ਲੱਗੀ ਹੋਈ ਹੈ। ਫਿਰ ਵੀ ਮਨੁੱਖ ਬੇਖੌਫ ਬੇਪਰਵਾਹ ਹੋ ਕੇ ਕਲੋਲਾਂ ਕਰ ਰਿਹਾ ਹੈ। ਇਹ ਚਿੜੀ ਵਰਗੀ ਜਿੰਦ (ਜੋ ਆਪਣੇਂ ਆਪ ਨੂੰ ਸ਼ੇਰ ਸਮਝ ਬੈਠੀ ਹੈ) ਨੂੰ ਪਤਾ ਵੀ ਨਹੀਂ ਲੱਗਣਾਂ ਕਿ ਕਦੋਂ ਆਣ ਕੇ, ਇਸ ਨੂੰ ਰੱਬ ਦੇ ਬਾਜ ਪੈ ਜਾਣੇ ਹਨ।

ਬ੍ਰਹਮ ਗਿਆਨੀ ਮਿਲਿ ਕਰਹੁ ਬੀਚਾਰਾ ਇਹੁ ਤਉ ਚਲਤੁ ਭਇਆ।। ੧।। ਰਹਾਉ।।

ਇਸ ਲੇਖ ਵਿੱਚ ਦੋ ਮੁੱਖ ਵਿਸ਼ੇ ਹਨ ਜੀ।

ਇਕ ਹੈ ਨਰਕ, ਅਤੇ ਦੂਜਾ ਹੈ ਪਾਠ-ਭੇਦ ਜਾਂ ਅਰਥਾਂ ਦਾ ਅੰਤਰ, ਅਰਥਾਂ ਦੇ ਅੰਤਰ ਨੂੰ ਸਮਝਣ ਵਾਸਤੇ ਅੱਗੇ ਇੱਕ ਸ਼ਬਦ ਵਿਚੋਂ ਦੋ ਪੰਕਤੀਆਂ ਲਈਆਂ ਹਨ ਜੀ,

ਅਗਲੀ ਕਿਛੁ ਖਬਰਿ ਨ ਪਾਈ।।

ਨਹ ਕੋ ਮੂਆ ਨ ਮਰਣੈ ਜੋਗੁ।। ਨਹ ਬਿਨਸੈ ਅਬਿਨਾਸੀ ਹੋਗੁ।। ੩।।

ਵੈਸੇ ਜੇ ਕੋਈ ਵਿਦਵਾਨ ਅੱਗੇ ਲਿਖੇ ਗੁਰਬਾਣੀਂ ਦੇ ਸ਼ਬਦ ਵਿਚੋ ਇਹ ਊਪਰ ਵਾਲੀਆਂ ਦੋ ਪੰਕਤੀਆਂ ਲੈ ਕੇ,

ਮਹਲਾ ੫।। ਪਵਨੈ ਮਹਿ ਪਵਨੁ ਸਮਾਇਆ।। ਜੋਤੀ ਮਹਿ ਜੋਤਿ ਰਲਿ ਜਾਇਆ।। ਮਾਟੀ ਮਾਟੀ ਹੋਈ ਏਕ।। ਰੋਵਨਹਾਰੇ ਕੀ ਕਵਨ ਟੇਕ।। ੧।। ਕਉਨੁ ਮੂਆ ਰੇ ਕਉਨੁ ਮੂਆ।। ਬ੍ਰਹਮ ਗਿਆਨੀ ਮਿਲਿ ਕਰਹੁ ਬੀਚਾਰਾ ਇਹੁ ਤਉ ਚਲਤੁ ਭਇਆ।। ੧।। ਰਹਾਉ।। ਅਗਲੀ ਕਿਛੁ ਖਬਰਿ ਨ ਪਾਈ।। ਰੋਵਨਹਾਰੁ ਭਿ ਊਠਿ ਸਿਧਾਈ।। ਭਰਮ ਮੋਹ ਕੇ ਬਾਂਧੇ ਬੰਧ।। ਸੁਪਨੁ ਭਇਆ ਭਖਲਾਏ ਅੰਧ।। ੨।। ਇਹੁ ਤਉ ਰਚਨੁ ਰਚਿਆ ਕਰਤਾਰਿ।। ਆਵਤ ਜਾਵਤ ਹੁਕਮਿ ਅਪਾਰਿ।। ਨਹ ਕੋ ਮੂਆ ਨ ਮਰਣੈ ਜੋਗੁ।। ਨਹ ਬਿਨਸੈ ਅਬਿਨਾਸੀ ਹੋਗੁ।। ੩।। ਜੋ ਇਹੁ ਜਾਣਹੁ ਸੋ ਇਹੁ ਨਾਹਿ।। ਜਾਨਣਹਾਰੇ ਕਉ ਬਲਿ ਜਾਉ।। ਕਹੁ ਨਾਨਕ ਗੁਰਿ ਭਰਮੁ ਚੁਕਾਇਆ।। ਨਾ ਕੋਈ ਮਰੈ ਨ ਆਵੈ ਜਾਇਆ।। ੪।। ੧੦।।

ਜਾਂ ਇਸ ਵਰਗੀਆਂ ਹੋਰ ਬਾਣੀਆਂ ਨੂੰ ਲੈ ਕੇ ਇਹ ਅਰਥ ਇਹ ਕੱਢਦਾ ਹੈ,

ਕੇ ਕੋਈ ਮਰਦਾ ਹੀ ਨਹੀਂ, ਜਾਂ ਕੋਈ ਆਉਂਦਾ ਜਾਂਦਾ ਹੀ ਨਹੀਂ, (ਆਵਾਗਉਣ ਹੁੰਦਾ ਹੀ ਨਹੀਂ) ਜਾਂ ਅੱਗਲੀ ਪਿਛਲੀ ਕਿਸੇ ਨੂੰ ਖਬਰ ਹੀ ਨਹੀਂ ਹੈ।

(ਤਾਂ ਇਹ ਬਾਣੀਂ ਨਾਲ ਹੁਜਤਾਂ ਕਰਨ ਵਾਲੀ ਗੱਲ ਹੈ) (ਹੁਜਤਾਂ) ਦੀ ਨਿੱਕੀ ਜਿਹੀ ਮਿਸਾਲ ਇਸ ਲੇਖ ਵਿੱਚ ਅੱਗੇ ਦਿੱਤੀ ਹੈ ਜੀ।)

ਕੋਈ ਵਿਦਵਾਨ ਜੋ ਐਸਾ ਸੋਚਦਾ ਹੈ ਕੇ ਕੋਈ ਮਰਦਾ ਹੀ ਨਹੀਂ, ਜਾਂ ਕੋਈ ਆਉਂਦਾ ਜਾਂਦਾ ਹੀ ਨਹੀਂ, (ਆਵਾਗਉਣ ਹੁੰਦਾ ਹੀ ਨਹੀਂ) ਜਾਂ ਅੱਗਲੀ ਪਿਛਲੀ ਕਿਸੇ ਨੂੰ ਖਬਰ ਹੀ ਨਹੀਂ ਹੈ।

ਤਾਂ ਉਸ ਨੂੰ ਚਾਹੀਦਾ ਹੈ ਕਿ ਕਿਰਪਾ ਕਰ ਕੇ ਇਸ (ਸੰਸਾਰ ਤੋਂ) ਜਾਣ ਵਾਸਤੇ ਤਿਆਰ ਹੋਏ ਬੈਠੇ ਸੱਜਣਾਂ ਨੂੰ ਜਾਣ (ਮਰਣ) ਤੋਂ ਰੋਕ ਲਵੇ, ਅਤੇ ਅੱਗੇ ਤੋਂ ਕਿਸੇ ਦਾ ਆਉਣਾਂ (ਜੰਮਣਾਂ) ਵੀ ਬੰਦ ਕਰ ਦੇਵੇ।

ਕਈ ਵਾਰ ਦਾਸ ਨੂੰ ਮਜਬੂਰਨ ਆਪਣੀਂ ਗੱਲ, ਬਹੁਤ ਹੀ ਸਪਸ਼ਟ ਸ਼ਬਦਾਂ ਵਿੱਚ ਕਹਿਣੀਂ ਪੈਂਦੀ ਹੈ। ਜਿਸ ਦੀ ਭਾਸ਼ਾ ਆਪ ਸੱਭ ਵੀਰਾਂ ਨੂੰ ਕੁੱਝ ਸਖਤ ਲੱਗ ਸੱਕਦੀ ਹੈ।

(ਇਹ ਗੱਲ ਮੈਂ ਵੀ ਸਮਝ ਸੱਕਦਾ ਹਾਂ ਜੀ, ਪਰ ਮੈਂ ਜਾਣ ਬੁੱਝ ਕੇ ਜਾਂ ਸ਼ੌਕ ਨਾਲ ਅਜੇਹਾ ਨਹੀਂ ਕਰਦਾ)

ਸੋ ਮੈਂ ਸੱਭ ਵੀਰਾਂ ਤੋਂ ਹੱਥ ਜੋੜ ਕੇ ਇਸ ਗੱਲ (ਗੁਸਤਾਖੀ) ਦੀ ਮਾਫੀ ਮੰਗਦਾ ਹਾਂ ਜੀ। ਦਾਸ ਹਲੀਮੀ ਤੋਂ ਹਲੀਮੀ ਭਰੇ ਲਫਜ਼ਾਂ ਵਿੱਚ ਵੀ ਗੱਲ ਲਿਖ ਸੱਕਦਾ ਹੈ। ਦਾਸ ਨੂੰ ਬੇਹੱਦ ਨਿਮਰਤਾ ਭਰੇ ਲੱਫਜ਼ਾਂ ਵਿੱਚ ਗੱਲ ਕਰਨੀਂ ਆਉਂਦੀ ਹੈ। ਪਰ ਵੱਕਤ ਦੀ ਮੰਗ ਹੈ ਕੇ ਸੱਚੀ ਗੱਲ ਲਿਖੀ ਜਾਵੇ।

ਤੁਹਾਡਾ ਇਹ ਦਾਸ, ਤੁਹਾਨੂੰ ਸੰਤਾਂ, ਬਾਬਿਆਂ ਜਾਂ ਕਥਾ ਵਾਚਕਾਂ ਜਾਂ ਕੀਰਤਣੀਂ ਜਥਿਆਂ ਵਾਂਗ, ਸਿਰਫ ਤੁਹਾਡੀ ਆਪਣੀਂ ਆਸਥਾ ਦੀ ਗੱਲ ਸੁਣਾ ਕੇ, ਤੁਹਾਨੂੰ ਝੂਠੇ ਧਰਵਾਸੇ ਨਹੀਂ ਦੇ ਸੱਕਦਾ। ਬਲਕਿ ਮੈਂ ਤਾਂ ਸਗੋਂ ਉਲਟਾ ਤੁਹਾਡੇ ਮਨਾਂ ਤੇ ਚੋਟ ਮਾਰਨ ਦਾ ਕੰਮ ਕਰ ਰਿਹਾ ਹਾਂ। ਦਾਸ ਨੇਂ ਤੁਹਾਡਾ ਮਨ ਖੁਸ਼ ਕਰ ਕੇ, ਤੁਹਾਡੇ ਪਾਸੋਂ ਕੋਈ ਮਾਇਆ ਦੇ ਚੜ੍ਹਾਵੇ ਨਹੀਂ ਲੈਣੇਂ ਹਨ। ਅਤੇ ਮਾਨ ਵਡਿਆਈ ਲੈਣ ਨੂੰ ਮੈਂ ਸਾਈਨਾਈਡ ਖਾਣ ਦੇ ਤੁੱਲ ਸਮਝਦਾ ਹਾਂ। ਮੈਂ ਤਨੋਂ ਮਨੋਂ ਸੱਭ ਪਾਠਕਾਂ ਦੇ ਚਰਨਾਂ ਦੀ ਰੇਣ ਹਾਂ।

ਪਰ ਜਦ ਚੇਤਾਵਣੀਂ ਵਰਗੇ ਕਿਸੇ ਬਹੁਤ ਜਰੂਰੀ ਵਿਸ਼ੇ ਤੇ ਗੱਲ ਚੱਲ ਰਹੀ ਹੋਵੇ, ਤਾਂ ਮਜਬੂਰਨ ਸਪੱਸ਼ਟ ਸ਼ਬਦ ਵਰਤਣੇਂ ਹੀ ਪੈਂਦੇ ਹਨ। ਕਿਉਂ ਕਿ ਇਸ ਵਕਤ ਤੁਹਾਡਾ ਇਹ ਦਾਸ, ਇੱਕ ਐਸੇ ਵਿਸ਼ੇ ਤੇ ਗੱਲ ਕਰ ਰਿਹਾ ਹੈ, ਜੋ ਤਿੰਨ ਸਦੀਆਂ ਤੋਂ ਲਟਕਦਾ ਆ ਰਿਹਾ ਹੈ। ਸੋ ਦਾਸ ਨੂੰ ਮੂਰਖ ਜਾਣ ਕੇ ਮਾਫ ਕਰ ਦੇਣਾਂ ਜੀ। ਅਤੇ ਸਾਰੇ ਮਿਲ ਕੇ ਵਿਚਾਰ ਕਰਣਾਂ ਜੀ

ਵੀਰੋ ਆਉ ਇਸ ਊਪਰ ਵਾਲੇ ਸ਼ਬਦ "ਪਵਨੈ ਮਹਿ ਪਵਨੁ ਸਮਾਇਆ" ਵਿਚਲੀਆਂ ਕੁੱਝ (ਭੁਲੇਖਾ ਪਾਉ) ਕੜੀਆਂ ਦੀ ਥੋੜੀ ਜਿਹੀ ਵਿਚਾਰ ਕਰਦੇ ਹਾਂ।

ਨਹ ਕੋ ਮੂਆ ਨ ਮਰਣੈ ਜੋਗੁ।। ਨਹ ਬਿਨਸੈ ਅਬਿਨਾਸੀ ਹੋਗੁ।। ੩।।

ਅਸਲ ਵਿੱਚ ਇਹ ਜੋ ਨਾਂ ਮਰਨ ਵਾਲੀ ਵਸਤ ਹੈ, ਇਹ ਜੀਵ ਆਤਮਾਂ ਹੈ, ਇਹ ਅਬਿਨਾਸੀ ਹੈ, ਇਸ ਦਾ ਕਦੇ ਵੀ ਨਾਸ (ਅੰਤ) ਨਹੀਂ ਹੋ ਸੱਕਦਾ। ਜੇ ਤਾਂ ਇਸ ਜੀਵਾਤਮਾਂ ਦਾ ਵੀ ਸਰੀਰ ਵਾਂਗ ਹੀ ਅੰਤ ਹੋ ਜਾਵੇ, ਫਿਰ ਤਾਂ ਸਗੋਂ ਇਹ ਇੱਕ ਤਰਾਂ ਨਾਲ ਚੰਗਾ ਹੀ ਹੈ। ਕਿ ਜਿਵੇਂ ਮਿੱਟੀ ਦਾ ਸਰੀਰ ਮਰ ਕੇ ਖਤਮ ਹੋ ਜਾਂਦਾ ਹੈ, ਇਹ ਜੀਵਾਤਮਾਂ ਵੀ ਖਤਮ ਹੋ ਜਾਵੇ। ਕੰਮ (ਸਿਆਪਾ) ਨਿਬੜੇ ਆਪੇ ਫਿਰ ਦੁਬਾਰਾ ਜਨਮ ਹੀ ਨਾਂ ਹੋਵੇ। ਜਨਮ ਮਰਨ ਦਾ ਪੁਆੜਾ ਹੀ ਖਤਮ ਹੋ ਜਾਵੇ।

ਪਰ ਦੁਖ ਤਾਂ ਇਸੇ ਗੱਲ ਦਾ ਹੈ ਕਿ ਇਹ ਜੀਵਾਤਮਾਂ ਮਰਦੀ ਨਹੀਂ। ਇਹ ਜੀਵਾਤਮਾਂ ਅਬਿਨਾਸੀ ਹੈ, ਇਸਦਾ ਬਿਨਾਸ ਕਦੇ ਵੀ ਨਹੀਂ ਹੁੰਦਾ। ਅਤੇ ਇਹ ਬਾਰ ਬਾਰ ਜਨਮ ਧਾਰਨ ਕਰਦੀ ਰਹਿੰਦੀ ਹੈ।

ਪਵਨੈ ਮਹਿ ਪਵਨੁ ਸਮਾਇਆ।। ਜੋਤੀ ਮਹਿ ਜੋਤਿ ਰਲਿ ਜਾਇਆ।।

ਇਹੋ ਜਿਹੀਆਂ ਬਾਣੀਂ ਦੀਆਂ ਕੜੀਆਂ ਪੱੜ੍ਹ ਕੇ ਅਕਸਰ ਵਿਦਵਾਨ ਧੋਖਾ ਖਾ ਜਾਂਦੇ ਹਨ, ਵਿਚਾਰ ਨਹੀਂ ਕਰਦੇ। ਕਹਿੰਦੇ ਹਨ, ਕਿ ਲਉ ਜੀ ਬਾਣੀਂ ਤਾਂ ਸਾਫ ਕਹਿ ਰਹੀ ਹੈ, ਕਿ ਮਿੱਟੀ ਵਿੱਚ ਮਿੱਟੀ ਰਲ ਜਾਂਦੀ ਹੈ ਅਤੇ ਜੋਤੀ ਮਹਿ ਜੋਤਿ ਰਲ ਜਾਂਦੀ ਹੈ। ਬਾਕੀ ਕੁੱਝ ਵੀ ਨਹੀਂ ਰਹਿੰਦਾ। ਕਹਾਣੀਂ ਖਤਮ, ਅਗਲੀ ਪਿਛਲੀ ਕਿਸੇ ਨੂੰ ਵੈਸੇ ਹੀ ਖਬਰ ਨਹੀਂ ਹੈ।

ਸੂਝਵਾਨ ਵੀਰੋ! ਪਹਿਲੀ ਗੱਲ ਤਾਂ ਇਹ ਕੇ ਜੋਤੀ ਮਹਿ ਜੋਤਿ ਦਾ ਰਲਣਾਂ, ਕੋਈ ਸੌਖੀ ਗੱਲ (ਖੇਲ) ਨਹੀਂ ਹੈ। ਜੋਤੀ ਵਿੱਚ ਜੋਤ ਕਿਵੇਂ ਰਲਦੀ ਹੈ (ਇਹ ਦੀ ਵਿਚਾਰ ਅੱਗੇ ਕਰਾਂ ਗੇ)

ਫਿਲਹਾਲ ਚਲੋ ਮੰਨ ਲਵੋ, ਕਿ ਰਲ ਹੀ ਜਾਂਦੀ ਹੈ।

ਪਰ ਅਸੀਂ ਸਾਰੇ ਆਪਣੀਆਂ ਅੱਖਾਂ ਨਾਲ ਇਹ ਵੀ ਤਾਂ ਦੇਖ ਹੀ ਰਹੇ ਹਾਂ, ਕਿ ਸੰਸਾਰ ਵਿੱਚ ਜਨਮ ਵੀ ਧੜਾ ਧੜ ਹੋ ਰਹੇ ਹਨ, ਅਤੇ ਮੌਤਾਂ ਵੀ ਹੋ ਰਹੀਆਂ ਹਨ। ਜੇ ਅਸੀਂ ਸਿਰਫ ਆਪਣੀਂ ਹੀ ਗੱਲ ਕਰੀਏ, ਤਾਂ ਕੀ ਸਾਡਾ ਸੱਭ ਦਾ ਵੀ ਜਨਮ ਨਹੀਂ ਹੋਇਆ ਹੈ? ਅਤੇ ਕੀ ਅਸਾਂ ਸਾਰਿਆਂ ਨੇਂ ਮਰਣਾਂ ਵੀ ਨਹੀਂ ਹੈ?

ਅਸੀਂ ਆਤਮਾਂ ਹਾਂ ਜਾਂ ਜੋਤ ਹਾਂ, ਜੋ ਵੀ ਤੁਸੀਂ ਠੀਕ ਸਮਝੋ ਨਾਂ ਰੱਖ ਸੱਕਦੇ ਹੋ। (ਇਥੇ ਕਿਹੜਾ ਆਤਮਾਂ ਦੇ ਵਿਸ਼ੇ ਤੇ ਬਹਿਸ ਹੋ ਰਹੀ ਹੈ)

ਪਰ ਇਹ ਤਾਂ ਤੁਸੀਂ ਮੰਨਦੇ ਹੀ ਹੋ ਨਾਂ, ਕਿ ਸਰੀਰ ਦੇ ਮਰਨ (ਖਤਮ ਹੋਣ) ਤੋਂ ਬਾਦ ਕੁੱਝ ਤਾਂ ਬਚਦਾ ਹੀ ਹੈ, ਜਿਸ ਨੂੰ ਸੰਤ ਅਬਿਨਾਸੀ ਕਹਿੰਦੇ ਹਨ। ਇਹ ਆਤਮਾਂ, ਜੀਵ ਜਾਂ ਜੀਵਾਤਮਾਂ, ਜਾਂ ਰੂਹ ਹੈ, ਜੋਤ ਵੀ ਕਹਿ ਸੱਕਦੇ ਹਾਂ, ਅੰਗਰੇਜੀ ਵਿੱਚ ਸੋਲ ਵੀ ਕਹਿੰਦੇ ਹਨ। ਵੱਖ ਵੱਖ ਧਰਮਾਂ ਜਾਂ ਬੋਲੀਆਂ ਵਿੱਚ ਇਸ ਦੇ ਹੋਰ ਵੀ ਕਈ ਨਾਂ ਹੋ ਸੱਕਦੇ ਹਨ, ਪਰ ਚੀਜ ਇੱਕ ਹੀ ਹੈ।

ਇਹ ਤਾਂ ਸੱਚ ਹੈ ਕਿ ਅਸੀਂ ਜਨਮ ਲੈ ਚੁਕੇ ਹਾਂ,

ਪਰ ਸਵਾਲ ਇਹ ਹੈ, ਕਿ ਅਸੀਂ ਆਏ ਕਿਥੋਂ ਹਾਂ!

ਹੁਣ ਉੱਤਰ ਇਹ ਹੈ, ਕਿ ਜਾਂ ਤਾਂ ਅਸੀਂ ਪਰਮਾਤਮਾਂ ਵਿਚੋਂ ਆਏ ਹੋਵਾਂ ਗੇ, ਅਤੇ ਜਾਂ ਫਿਰ ਜੂਨਾਂ ਵਿਚੋਂ ਆਏ ਹੋਵਾਂ ਗੇ।

ਤੀਜੀ ਤਾਂ ਕੋਈ ਥਾਂ ਹੀ ਨਹੀਂ ਹੈ, ਸਾਡੇ ਆਉਣ ਦੀ। ਕਿਉਂ ਕੇ ਅਸੀਂ ਇਥੇ ਕੋਈ ਨਵੇਂ ਸਿਰਿਉਂ ਮਿੱਟੀ ਵਿਚੋਂ ਤਾਂ ਪੈਦਾ ਹੋ ਹੀ ਨਹੀਂ ਗਏ।

ਜੂਨਾਂ ਨੂੰ ਅਸੀਂ ਮੰਨਦੇ ਨਹੀਂ, ਮਿੱਟੀ ਵਿਚੋਂ ਅਸੀਂ ਪੈਦਾ ਹੋ ਨਹੀਂ ਸੱਕਦੇ।

ਤਾਂ ਇਸ ਦਾ ਮਤਲਬ ਹੈ ਕਿ ਅਸੀਂ ਪ੍ਰਮਾਤਮਾਂ ਵਿਚੋਂ ਆਏ ਹਾਂ। ਜਿਵੇਂ ਕਿ ਬਿਨਾਂ ਜਾਣੇਂ ਬੁੱਝੇ ਹੀ ਵਿਦਵਾਨ ਦਾਅਵਾ ਕਰਦੇ ਹਨ।

ਚਲੋ ਠੀਕ ਹੈ, ਮੰਨ ਲੈਂਦੇ ਹਾਂ। ਪਰ ਜੇ ਅਸੀਂ ਅੱਜ ਪ੍ਰਮਾਤਮਾਂ ਵਿਚੋਂ ਆਕੇ ਇਸ ਸੰਸਾਰ ਵਿੱਚ ਜਨਮ ਲੈ ਸੱਕਦੇ ਹਾਂ।

ਤਾਂ ਕੱਲ ਨੂੰ ਮਰਨ ਤੋਂ ਬਾਦ, ਜੇ ਅਸੀਂ ਪ੍ਰਮਾਤਮਾਂ ਮਿਲ (ਸਮਾ) ਵੀ ਜਾਈਏ। ਤਾਂ ਕੀ ਗਰੰਟੀ ਹੈ,

ਕਿ ਅੱਜ ਵਾਂਗ ਅਸੀਂ, ਕੱਲ ਨੂੰ ਫਿਰ ਦੁਬਾਰਾ, ਪ੍ਰਮਾਤਮਾਂ ਵਿਚੋਂ ਆਕੇ ਇਸ ਸੰਸਾਰ ਵਿੱਚ ਜਨਮ ਨਹੀਂ ਲਵਾਂ ਗੇ।

ਆਵਣ ਜਾਣ ਤਾਂ ਧੁਰੋਂ ਹੀ ਹੁਕਮ ਹੈ। ਇਹ ਗੱਲ ਬਾਣੀਂ ਦੱਸਦੀ ਹੈ। ਅੱਗੇ ਲਿਖਿਆ ਹੋਇਆ ਹੈ ਪੜ੍ਹ ਕੇ ਵੇਖ ਲਵੋ

ਹੁਕਮੇ ਆਵੈ ਹੁਕਮੇ ਜਾਵੈ।। ਬੂਝੈ ਹੁਕਮੁ ਸੋ ਸਾਚਿ ਸਮਾਵੈ।।

ਵੀਰੋ ਇਸੇ ਨੂੰ ਹੀ ਤਾਂ ਆਵਾਗਉਣ (ਆਵਣ ਜਾਣ) ਕਹਿੰਦੇ ਹਨ।

ਅਸੀਂ ਰੋਜ ਪੜ੍ਹਦੇ ਵੀ ਹਾਂ, ਅਤੇ ਆਵਾਗਵਨ ਨੂੰ ਆਪਣੀਆਂ ਅੱਖਾਂ ਨਾਲ ਵੇਖਦੇ ਵੀ ਹਾਂ,

ਪੜ੍ਹ ਕੇ ਅਤੇ ਵੇਖ ਕੇ, ਫਿਰ ਵੀ ਮੁੱਕਰੀ ਜਾਂਦੇ ਹਾਂ, ਮੰਨਦੇ ਹੀ ਨਹੀਂ ਹਾਂ।

ਬੂਝੈ ਹੁਕਮੁ ਸੋ ਸਾਚਿ ਸਮਾਵੈ।।

ਜਦੋਂ ਅਸੀਂ ਇਸ ਹੁਕਮ ਨੂੰ ਸਤਿ ਕਰਿ ਕੇ ਮੰਨਾਂ ਗੇ, ਕਿ ਬਾਣੀਂ ਸਤਿ ਕਹਿ ਰਹੀ ਹੈ, ਸੱਚਮੁੱਚ ਹੀ ਆਵਾ ਗਉਣ ਹੁੰਦਾ ਹੈ, ਤਾਂ ਫਿਰ ਅਸੀਂ ਲਾਪਰਵਾਹੀ (ਗਫਲਤ) ਛੱਡ ਕੇ ਇਸ (ਆਵਾਗਵਨ) ਤੋਂ ਬਚਣ ਦੀ ਸੋਚਾਂ ਗੇ। ਜੇ ਸੋਚਾਂ ਗੇ ਤਾਂ ਕੋਈ ਉਪਰਾਲਾ ਵੀ ਕਰਾਂ ਗੇ, ਜੇ ਉਪਰਾਲਾ ਕਰਾਂ ਗੇ ਸ਼ਾਇਦ ਅਸੀਂ ਬਚ ਜਾਈਏ, ਭਾਵ ਜੋਤੀ ਜੋਤ ਰਲ ਜਾਈਏ। ਪਰ ਫਿਰ ਵੀ ਕੋਈ ਜਰੂਰੀ ਨਹੀਂ ਕੇ ਅਸੀਂ ਬਚ ਹੀ ਜਾਵਾਂ ਗੇ। ਕਿਉਂ ਕੇ ਅਸੀਂ ਜੋ ਉਪਰਾਲਾ ਕਰਾਂ ਗੇ, ਕੀ ਪਤਾ ਉਹ ਸਹੀ ਹੈ ਵੀ ਜਾਂ ਨਹੀਂ। ਭਾਵ ਉਹ ਹਰੀ ਨੁੰ ਮਨਜ਼ੂਰ ਵੀ ਹੋਵੇ ਗਾ ਜਾਂ ਨਹੀਂ। ਕਿਉਂ ਕੀ ਯਤਨ ਤਾਂ ਸਾਰੀ ਦੁਨੀਆਂ ਜੁੱਗਾਂ ਤੋਂ ਹੀ ਕਰ ਰਹੀਂ ਹੈ। ਪਰ ਉਪਰਾਲੇ ਦਾ ਕੁੱਝ ਨਾਂ ਕੁੱਝ ਤਾਂ ਲਾਭ ਜਰੂਰ ਹੀ ਹੋਵੇ ਗਾ। ਇਸ ਗੱਲ ਦੀ ਗਰੰਟੀ ਹੈ।

ਗੁਰ ਪਰਸਾਦੀ ਜਿਨਿ ਬੁਝਿਆ ਤਿਨਿ ਪਾਇਆ ਮੋਖ ਦੁਆਰੁ।। ਮਨਮੁਖ ਹੁਕਮੁ ਨ ਜਾਣਨੀ ਤਿਨ ਮਾਰੇ ਜਮ ਜੰਦਾਰੁ।।

ਗੁਰੂ ਦੀ ਕਿਰਪਾ ਨਾਲ ਜਿਹੜੇ ਹੁਕਮ ਨੂੰ ਬੁੱਝ ਲੈਣ ਗੇ ਉਹ ਆਵਾਗਵਨ ਤੋਂ ਮੁਕਤ ਹੋ ਜਾਣ ਗੇ, ਆਪਣੇਂ ਮਨ ਦਾ ਕਹਿਣਾਂ ਮੰਨਣ ਵਾਲੇ ਮਨਮੁੱਖ ਬੰਦੇ, ਹਰੀ ਦਾ ਹੁਕਮ ਨਹੀਂ ਬੁੱਝ ਸੱਕਦੇ। ਅਤੇ ਉਹ ਬੜੇ ਡਾਢੈ ਅਤੇ ਜਾਲਮ ਜਮਾਂ ਦੀ ਮਾਰ ਖਾਣ ਗੇ।

ਅਤੇ ਵੀਰੋ ਇਹੀ ਜੰਮਣ ਮਰਨ ਹੈ, ਜਿੱਸ ਨੂੰ ਖੱਤਮ ਕਰਨਾਂ ਹੈ।

ਭਾਵੇਂ ਅਸੀਂ ਜੂਨਾਂ ਵਿਚੋਂ ਅਈਏ, ਜਾਂ ਪਰਮਾਤਮਾਂ ਵਿਚੋਂ ਆਈਏ, ਅਤੇ ਫਿਰ ਪ੍ਰਮਾਤਮਾਂ ਵਿੱਚ ਹੀ ਜਾ ਸਮਾਈਏ। ਹੈ ਤਾਂ ਇਹ ਜੰਮਣ ਅਤੇ ਮਰਨ ਆਵਾਗਵਨ ਹੀ ਨਾਂ, ਇਸੇ ਹੀ ਸ਼ਬਦ ਵਿਚਲੀਆਂ ਅਗਲੀਆਂ ਦੋ ਤਿੰਨ ਕੜੀਆਂ ਹੋਰ ਪੱੜ੍ਹ ਕੇ ਦੇਖੋ ਜੀ, ਸ਼ਾਇਦ ਇਸ ਸ਼ਬਦ ਦੇ ਅਰਥਾਂ ਬਾਰੇ ਭੁਲੇਖੇ ਦੂਰ ਹੋ ਜਾਣ ਗੇ।

ਭਰਮ ਮੋਹ ਕੇ ਬਾਂਧੇ ਬੰਧ।। ਸੁਪਨੁ ਭਇਆ ਭਖਲਾਏ ਅੰਧ।। ੨।।

ਗੁਰੂ ਅਰਜਨ ਦੇਵ ਜੀ ਸਾਫ ਸ਼ਬਦਾਂ ਵਿੱਚ ਕਹਿ ਰਹੇ ਹਨ, ਕਰਤੇ (ਸਿਰਜਨਹਾਰ ਪ੍ਰਭੂ) ਨੇਂ, ਭਰਮਾਂ ਅਤੇ ਭੁਲੇਖਿਆਂ ਦੇ ਮੋਹ ਆਦਿ ਦੇ, ਵੱਡੇ ਵੱਡੇ ਫੰਦੇ ਲਾਏ ਹੋਏ ਹਨ ਜੀਵਾਂ ਵਾਸਤੇ।

ਕਰਤਾਰ (ਸਿਰਜਨਹਾਰ ਪ੍ਰਭੂ) ਨੇਂ ਸੁਪਣੇਂ ਨੂੰ ਸੱਚ ਦਾ, ਅਤੇ ਜੋ ਸੱਚ ਹੈ, ਉਸ ਨੂੰ ਅੰਧ ਦਾਂ ਗਿਲਾਫ ਚੜ੍ਹਾ ਛੱਡਿਆ ਹੈ। ਸੁਪਣੇਂ ਨੂੰ ਸੱਚ ਸਮਝ ਕੇ ਭਖਲਾਂਦਾ (ਬੜਾਂਦਾ) ਹੈ, ਸੁਪਣੇਂ ਦੇ ਗਿਆਨ ਦੀਆਂ ਗੱਲਾਂ ਕਰਦਾ ਹੈ। ਹਕੀਕਤ ਵੱਲੋਂ ਸੁੱਤਾ ਹੋਇਆ ਹੈ। ਉਸ ਸਿਰਜਣਹਾਰ ਪ੍ਰਭੂ ਨੇਂ ਸੱਭ ਦੀਆਂ ਅੱਖਾਂ ਤੇ ਅਗਿਆਨਤਾਂ ਦੀ ਪੱਟੀ ਬੰਨ ਕੇ ਭਵਾਲੀ ਦਿੱਤੀ ਹੋਈ ਹੈ। ਦੀਈ ਭਵਾਰੀ ਪੁਰਖਿ ਬਿਧਾਤੈ ਬਹੁਰਿ ਬਹੁਰਿ ਜਨਮਾਧੇ ਇਸੇ ਵਾਸਤੇ ਜੀਵ ਅਗਿਆਨਤਾ ਵੱਸ ਆਪਣੇਂ ਬਚਾਉ ਵਾਸਤੇ ਜੋ ਵੀ ਕਰਮ ਕਰਦੇ ਹਨ, ਉਸ ਦਾ ਉਲਟਾ ਹੀ ਫਲ ਮਿਲਦਾ ਹੈ, ਅਤੇ ਇਸ ਤਰਾਂ ਜੀਵ ਬਾਰ ਬਾਰ-ਬਾਰ ਬਾਰ ਜਨਮਦੇ ਅਤੇ ਮਰਦੇ ਰਹਿੰਦੇ ਹਨ।

ਇਹੁ ਤਉ ਰਚਨੁ ਰਚਿਆ ਕਰਤਾਰਿ।। ਆਵਤ ਜਾਵਤ ਹੁਕਮਿ ਅਪਾਰਿ।।

ਇਹ ਆਵਣ ਜਾਣ (ਜੰਮਣ ਮਰਨ) ਤਾਂ ਧੁਰੋਂ ਹੀ ਉਸ ਕਰਤੇ ਕਰਤਾਰ ਦਾ ਹੁਕਮ ਹੈ। ਅਤੇ ਇਹ ਹੁਕਮ ਬਹੁੱਤ ਆਪਾਰ (ਕਦੇ ਵੀ ਨਾਂ ਖਤਮ ਹੋਣ ਵਾਲਾ) ਹੁਕਮ ਹੈ। (ਕਿਸੇ ਬਾਹਮਵਾਦੀ ਦਾ ਝੂਠਾ ਡਰਾਵਾ ਨਹੀਂ ਇਹ ਕਰਤੇ ਦਾ ਹੁਕਮ ਹੈ) ਇਸ ਹੁਕਮ ਵਿੱਚ ਜੀਵਾਂ ਨੂੰ ਇਸ ਤਰਾਂ ਜਕੜ ਛੱਡਿਆ ਹੈ, ਕਿ ਕੋਈ ਇਸ ਹੁਕਮ ਤੋਂ ਬਚ ਨਹੀਂ ਸੱਕਦਾ। ਅਸੀਂ ਸਾਰੇ ਜੀਵ ਵੀ ਤਾਂ ਹੁਕਮ ਦੇ ਬੱਧੇ ਆ ਰਹੇ ਹਾਂ ਅਤੇ ਜਾ ਰਹੇ ਹਾਂ।

ਜੋ ਇਹੁ ਜਾਣਹੁ ਸੋ ਇਹੁ ਨਾਹਿ।। ਜਾਨਣਹਾਰੇ ਕਉ ਬਲਿ ਜਾਉ।।

ਇਸ ਸ਼ਬਦ ਵਿੱਚ ਆਤਮਾਂ ਜਾਂ ਜੀਵ ਦੇ ਆਵਣ-ਜਾਣ ਬਾਰੇ, ਜੋ ਅੱਖਰੀਂ ਅਰਥ ਅਸੀਂ ਸਮਝੀ ਬੈਠੇ ਹਾਂ ਇਹ ਸਹੀ ਨਹੀਂ ਹਨ। ਜਿਹੜਾ ਇਸ ਦੇ ਸੱਚ ਨੂੰ ਜਾਣਦਾ ਹੈ, ਉਸ ਤੋਂ ਅਸੀਂ ਬਲਿਹਾਰੇ ਜਾਂਦੇ ਹਾਂ।

ਸੋ ਵੀਰੋ ਦਾਸ ਦੀ ਤੁੱਛ ਜਿਹੀ ਬੁੱਧੀ ਅਨੁਸਾਰ ਤਾਂ ਨਹ ਕੋ ਮੂਆ ਨ ਮਰਣੈ ਜੋਗੁ।। ਨਹ ਬਿਨਸੈ ਅਬਿਨਾਸੀ ਹੋਗੁ।। ਵਾਲੇ ਇਸ ਸ਼ਬਦ ਦੇ ਅਰਥ ਤਾਂ ਇਹ ਹਨ ਜੀ।

ਵੀਰੋ ਅਸੀਂ ਵਿਚਾਰ ਕਰ ਰਹੇ ਹਾਂ ਵਿਦਵਾਨਾਂ ਦੇ ਅਰਥਾਂ ਦੇ ਅੰਤਰ ਦੀ।

ਅਤੇ ਮੁੱਖ ਵਿਸ਼ਾ ਹੈ ਨਰਕ

ਆਉ ਵਖੀਏ!

ਕਿ ਕੀ ਬਾਣੀਂ ਦੇ ਰਚਣਹਾਰ, ਸੰਤਾਂ, ਗੁਰੂ ਸਾਹਿਬਾਂ ਜਾਂ ਸੂਫੀ ਸੰਤਾਂ, ਆਦੀ ਦੇ ਵੀ, ਇਸ ਵਿਸ਼ੇ ਤੇ ਵਿਚਾਰਾਂ ਵਿੱਚ ਕੋਈ ਅੰਤਰ ਹੈ।

ਜਾਂ ਕਿ

ਮਰਨ ਤੋਂ ਬਾਦ ਅੱਗੇ ਕੀ ਹੋਣਾਂ ਹੈ, (ਨਰਕਾਂ ਆਦੀ) ਦੇ ਵਿਸ਼ੇ ਤੇ ਸਾਰੇ ਇਕੋ ਹੀ ਗੱਲ ਕਹਿੰਦੇ ਹਨ।

ਹਰਿ ਸੋ ਹੀਰਾ ਛਾਡਿ ਕੈ ਕਰਹਿ ਆਨ ਕੀ ਆਸ।। ਤੇ ਨਰ ਦੋਜਕ ਜਾਹਿਗੇ ਸਤਿ ਭਾਖੈ ਰਵਿਦਾਸ।। ੨੪੨।। ਕਬੀਰ ਜੀ

ਕਬੀਰ ਸਾਹਿਬ ਜੀ ਆਪ ਤਾਂ ਨਰਕਾਂ ਦੀ ਗੱਲ ਕਰਦੇ ਹੀ ਹਨ,

ਨਾਲ ਹੀ ਉਹ ਇਸ ਗੱਲ ਦੀ ਵੀ ਗਵਾਹੀ ਦੇਂਦੇ ਹਨ, ਕਿ ਰਵਿਦਾਸ ਜੀ ਵੀ ਇਹੋ ਹੀ ਗੱਲ ਕਹਿੰਦੇ ਹਨ। ਕਿ ਜਿਹੜੇ ਮਨੁੱਖ (ਗੁਰੂ ਦੀ ਮੱਤ ਦੇ ਉਲਟ ਦੂਜਿਆਂ ਦੀ ਸਿੱਖਿਆ ਤੇ ਚੱਲ ਕੇ) ਹਰੀ ਦੇ ਨਾਮ ਨੂੰ ਛੱਡ ਕੇ, ਹੋਰ ਹੋਰ ਆਸਾਂ ਲਾਈ ਬੈਠੇ ਹਨ। ਮਨ ਵਿੱਚ ਹੋਰ ਹੋਰ ਧਾਰਨਾਂ ਬਨਾਈ ਬੈਠੇ ਹਨ। ਉਹ ਪੱਕਾ ਨਰਕਾਂ ਵਿੱਚ ਜਾਣ ਗੇ ਹੀ ਜਾਣ ਗੇ, ਕਬੀਰ ਸਾਹਿਬ ਜੀ ਇਸ ਗੱਲ ਦੀ ਗਵਾਹੀ ਦੇਂਦੇ ਹਨ, ਕਿ ਰਵੀਦਾਸ ਜੀ ਇਹ ਗੱਲ ਸੱਚ ਕਹਿ ਰਹੇ ਹਨ।

ਇਥੇ ਦੋ ਸੰਤਾਂ ਕਬੀਰ ਜੀ ਅਤੇ ਰਵਿਦਾਸ ਜੀ ਦੇ ਵਿਚਾਰ ਤਾਂ ਇਕੋ ਹੀ ਬਾਣੀਂ, ਦੇ ਇਕੋ ਹੀ ਸਲੋਕ ਵਿਚ, ਇਕੋ ਹੀ ਗੱਲ ਦੀ ਗਵਾਹੀ ਦੇਂਦੇ ਹਨ,

ਇਸ ਤੋਂ ਵੱਡਾ ਪ੍ਰਮਾਣ ਹੋਰ ਕੀ ਹੋ ਸੱਕਦਾ ਹੈ।

ਅੱਗੇ ਰਵਿਦਾਸ ਜੀ ਦੀ ਆਪਣੀਂ ਬਾਣੀਂ ਵੀ ਹੈ।

ਰਵਿਦਾਸ ਜੀ ਕੀ ਕਹਿੰਦੇ ਹਨ।

ਸਾਧ ਕਾ ਨਿੰਦਕੁ ਕੈਸੇ ਤਰੈ।। ਸਰਪਰ ਜਾਨਹੁ ਨਰਕ ਹੀ ਪਰੈ।। ੧।। ਰਹਾਉ।। ਨਿੰਦਾ ਕਹਾ ਕਰਹੁ ਸੰਸਾਰਾ।। ਨਿੰਦਕ ਕਾ ਪਰਗਟਿ ਪਾਹਾਰਾ।। ਨਿੰਦਕੁ ਸੋਧਿ ਸਾਧਿ ਬੀਚਾਰਿਆ।। ਕਹੁ ਰਵਿਦਾਸ ਪਾਪੀ ਨਰਕਿ ਸਿਧਾਰਿਆ।। ੪

ਹੁਣ ਇਸ ਸ਼ਬਦ ਵਿੱਚ ਤਿੰਨ ਵਿਸ਼ੇ ਜੁੜ ਗਏ ਹਨ।

ਇਕ ਹੈ ਨਰਕ, ਦੂਜਾ ਹੈ ਨਿੰਦਾ, ਤੀਜਾ ਹੈ ਸਾਧ।

ਸਾਧ ਦਾ ਨਾਮ (ਜਾਂ ਸਾਧ ਲਫਜ਼) ਇਸ ਵੇਲੇ ਬਹੁਤ ਵੱਡੀ ਬਦਨਾਮੀ, ਘਿਰਣਾਂ, ਨਫਰਤ, ਅਤੇ ਨਿੰਦਾ, ਦਾ ਪਾਤਰ ਬਣ ਚੁੱਕਾ ਹੈ। (ਇਹ ਇੱਕ ਅਲੱਗ ਵਿਸ਼ਾ ਹੈ, ਹੋ ਸਕਿਆ ਤਾਂ ਇਸ ਵਿਸ਼ੇ ਦੀ ਵਿਚਾਰ ਕਿਤੇ ਬਾਦ ਵਿੱਚ ਕਰਾਂ ਗੇ ਜੀ) (ਇਸ ਵੇਲੇ ਸਾਡਾ ਮੁੱਖ ਵਿਸ਼ਾ ਨਰਕਾਂ ਦੀ ਵਿਚਾਰ ਹੈ)

ਫਿਲਹਾਲ ਸਾਧ ਲਫਜ਼ ਨੂੰ ਪਾਸੇ ਰੱਖ ਕੇ, ਅਸੀਂ ਆਪਣਾਂ ਧਿਆਨ ਸਿਰਫ ਨਰਕ ਅਤੇ ਨਰਕਾਂ ਵਿੱਚ ਜਾਣ ਦੇ ਕਾਰਣਾਂ ਤੇ, ਕੰਸਟਰੇਟ ਕਰਦੇ ਹਾਂ।

ਰਵਿਦਾਸ ਜੀ ਸਮਝਾ ਰਹੇ ਹਨ।

ਭਰਾਵੋ ਅਸੀਂ ਤੁਹਾਨੂੰ ਜੋ ਗੱਲ ਦੱਸ ਰਹੇ ਹਾਂ, ਇਹ ਗੱਲ ਅਸੀਂ ਬੜੀਆਂ ਵਿਚਾਰਾਂ ਕਰਨ ਤੋਂ ਬਾਦ ਸੋਧ ਸਾਧ ਕੇ, ਬਹੁਤ ਹੀ ਸੋਚ ਕੇ, ਸਮਝ ਕੇ, ਅਤੇ ਕਹਿ ਰਹੇ ਹਾਂ, ਕਿ ਕਿਸੇ ਦੀ ਨਿੰਦਾ ਕਰਨ ਵਾਲਾ ਮਨੁੱਖ ਬਿਨਾਂ ਸ਼ੱਕ ਨਿਸਚੇ ਹੀ ਨਰਕਾਂ ਵਿੱਚ ਪਵੇਗਾ ਹੀ ਪਵੇਗਾ।

(ਸਾਰੇ ਹੀ ਸੱਚੇ ਸੰਤ ਅਤੇ ਸੱਚੇ ਗੁਰੂ ਸੋਧ ਵਿਚਾਰ ਕੇ, ਸੋਚ ਕੇ ਅਤੇ ਸਮਝ ਬੂਝ ਕੇ ਹੀ ਬਾਣੀਂ ਬੋਲਦੇ ਹਨ, ਪਰ ਅਸੀਂ ਇੱਕ ਮਿੰਟ ਵਿੱਚ ਬਾਣੀਂ ਦੀਆਂ ਸਾਰੀਆਂ ਰੜਕਾਂ ਕੱਢ ਦੇਂਦੇ ਹਾਂ)

ਨਿੰਦਾ ਕਹਾ ਕਰਹੁ ਸੰਸਾਰਾ ਐ ਭਰਾਵੋ ਕਿਸੇ ਦੀ ਨਿੰਦਾ ਕਿਉਂ ਕਰਦੇ ਹੋ। ਨਿੰਦਕ ਦਾ ਕਰਮ ਛਿਪ ਨਹੀਂ ਸੱਕਦਾ, (ਦਰਗਾਹ ਵਿਚ) ਉੱਘੜ ਹੀ ਆਉਂਦਾ ਹੈ। ਨਿੰਦਾ ਇੱਕ ਬਹੁਤ ਵਡਾ ਪਾਪ ਹੈ, ਰਵਿਦਾਸ ਜੀ ਕਹਿੰਦੇ ਹਨ, ਇਹ ਪਾਪ ਕਰਣ ਵਾਲਾ ਨਰਕਾਂ ਵਿੱਚ ਜਰੂਰ ਹੀ ਜਾਵੇ ਗਾ।

ਅਗਲੀ ਬਾਣੀਂ ਸ੍ਰੀ ਗੁਰੂ ਅਮਰਦਾਸ ਜੀ ਦੀ ਹੈ। ਉਹ ਤਾਂ ਰਵਿਦਾਸ ਜੀ ਤੋਂ ਵੀ ਅਗਾਂਹ ਦੀ ਗੱਲ ਕਰ ਰਹੇ ਹਨ।

ਦੁਸਟਾ ਨਾਲਿ ਦੋਸਤੀ ਨਾਲਿ ਸੰਤਾ ਵੈਰੁ ਕਰੰਨਿ।। ਆਪਿ ਡੁਬੇ ਕੁਟੰਬ ਸਿਉ ਸਗਲੇ ਕੁਲ ਡੋਬੰਨਿ।। ੫।। ਨਿੰਦਾ ਭਲੀ ਕਿਸੈ ਕੀ ਨਾਹੀ ਮਨਮੁਖ ਮੁਗਧ ਕਰੰਨਿ।। ਮੁਹ ਕਾਲੇ ਤਿਨ ਨਿੰਦਕਾ ਨਰਕੇ ਘੋਰਿ ਪਵੰਨਿ।। ੬।।

ਰਵਿਦਾਸ ਜੀ ਨੇਂ ਤਾਂ ਸਿਰਫ ਇਕੱਲੇ ਨਿੰਦਕ ਦੇ ਨਰਕਾਂ ਵਿੱਚ ਜਾਣ ਦੀ ਗੱਲ ਕੀਤੀ ਹੈ। ਪਰ ਗੁਰੂ ਅਮਰਦਾਸ ਜੀ ਮਹਾਂਰਾਜ ਤਾਂ ਕਹਿ ਰਹੇ ਹਨ ਕਿ ਨਿੰਦਕ ਦਾ ਪੂਰਾ ਕੁਟੰਬ ਵੀ ਅਤੇ ਉਸ ਦੀਆਂ ਕਈ ਕੁਲਾਂ ਵੀ ਡੁੱਬ ਜਾਣ ਗੀਆਂ। ਨਿੰਦਕਾਂ ਦੇ ਮੂੰਹ ਕਾਲੇ ਕੀਤੇ ਜਾਣ ਗੇ ਅਤੇ ਉਹਨਾਂ ਨੂੰ ਘੋਰ ਨਰਕਾਂ ਵਿੱਚ ਪਾਇਆ ਜਾਵੇ ਗਾ।

ਕਈ ਸੱਜਣ ਸੋਚਦੇ ਹੋਣ ਗੇ, ਕਿ ਨਿੰਦਾ ਕਰਨ ਨਾਲ ਕਿਹੜਾ ਐਡਾ ਵੱਡਾ ਪਾਪ ਹੋ ਜਾਂਦਾ ਹੈ, ਜੋ ਆਦਮੀ ਨੂੰ ਨਰਕਾਂ ਵਿੱਚ ਐਡੀ ਵੱਡੀ ਸਜਾ ਮਿਲਦੀ ਹੈ।

ਨਿੰਦਾ ਕਰਨ ਨਾਲ, ਕਿਸੇ ਦੀ ਲੱਤ ਨਹੀਂ ਟੁੱਟਦੀ, ਕਿਸੇ ਦਾ ਸਿਰ ਨਹੀਂ ਪਾਟਦਾ, ਕੋਈ ਮਰ ਨਹੀਂ ਜਾਂਦਾ। ਫਿਰ ਇਹ ਕੈਸੀ (ਭਿਆਨਕ) ਸਜਾ! ਨਹੀ! ਐਸਾ ਨਹੀਂ ਹੋ ਸੱਕਦਾ, ਅਸੀਂ ਨਹੀਂ ਮੰਨਦੇ ਇਸ ਗੱਲ ਨੂੰ।

ਤਾਂ ਸੁਣੋਂ ਵੀਰੋ! ਪਹਿਲੀ ਗੱਲ ਤਾਂ ਇਹ, ਕਿ ਇਹ ਗੱਲ ਗੁਰੂ ਸਾਹਿਬ ਬੋਲ ਰਹੇ ਹਨ, ਗੁਰੂ ਜੀ ਝੂਠ ਨਹੀਂ ਬੋਲ ਸੱਕਦੇ। ਗੁਰਬਾਣੀਂ ਝੂਠੀ ਨਹੀਂ ਹੋ ਸੱਕਦੀ।

ਸਾਡੇ ਪੂਰਵਜ਼ ਬਹੁਤ ਸਮਝਦਾਰ ਹੁੰਦੇ ਸਨ। (ਸਾਡੇ ਗੁਰੂ ਵੀ ਤਾਂ ਸਾਡੇ ਪੂਰਵਜ ਹੀ ਤਾਂ ਹਨ) ਸਿਆਣਿਆਂ ਦੀਆਂ ਕਹੀਆਂ ਗੱਲਾਂ ਵਿੱਚ ਦਮ ਹੁੰਦਾ ਸੀ। ਉਹਨਾਂ ਦਾ ਸੱਭ ਦਾ ਕਹਿਣਾਂ ਹੈ/ਸੀ, ਕਿ ਕਿਸੇ ਦੀ ਨਿੰਦਾ ਕਰਨ ਨਾਲ ਅੱਗਲੇ (ਦੂਸਰੇ ਦੇ) ਦੇ ਸਾਰੇ ਪਾਪ ਆਪਣੇਂ ਸਿਰ ਚੱੜ੍ਹ ਜਾਂਦੇ ਹਨ।

ਕੋਈ ਐਸਾ ਪਾਪੀਂ ਜੋ ਨਰਕਾਂ ਵਾਲੇ ਕੰਮ ਕਰਦਾ ਹੋਵੇ। ਅਤੇ ਜੇ ਅਸੀਂ ਉਸ ਦੀ ਜਾਂ ਉਸ ਦੇ ਕੰਮਾਂ ਦੀ ਨਿੰਦਾ ਕਰਾਂ ਗੇ, ਤਾਂ ਅਸੀਂ ਵੀ ਉਸ ਦੇ ਕੰਮਾਂ ਦੇ ਭਾਗੀ (ਹਿੱਸੇ ਦਾਰ) ਬਣ ਜਾਵਾਂ ਗੇ, ਕਿਉਂ ਕੇ ਅਸੀਂ ਉਸ ਦੇ ਕੰਮ ਵਿੱਚ ਦਖਲ ਦਿੱਤਾ ਹੈ, (ਉਸ ਦੇ ਕੰਮ ਵਿੱਚ ਹਿੱਸਾ (ਸ਼ੇਅਰ) ਪਾ ਲਿਆ ਹੈ। ਅਸੀਂ ਉਸ ਨੂੰ ਡਿਸਟਰਬ ਕੀਤਾ ਹੈ। ਇਸ ਤਰਾਂ ਅਸੀਂ ਵੀ ਨਰਕਾਂ ਦੇ ਭਾਗੀ ਬਣ ਜਾਵਾਂ ਗੇ।

ਪਰ ਇਹ ਕਿਉਂ! ਅਤੇ ਕਿਵੇਂ!

ਕਿਉਂ ਕੇ ਇਹ ਕੰਮ ਉਸਤੋਂ ਹਰੀ ਆਪ ਕਰਵਾ ਰਿਹਾ ਹੁੰਦਾ ਹੈ। ਕਰਮ ਸੁਕਰਮ ਕਰਾਏ ਆਪੇ ਉਹਨਾਂ ਵਿਚਾਰਿਆਂ ਜੀਵਾਂ ਦੇ ਕੁੱਝ ਵੀ ਵੱਸ ਨਹੀਂ ਹੈ। ਇਸੁ ਜੰਤੈ ਵਸਿ ਕਿਛੁ ਨਾਹਿ।। ਉਹ ਵਿਚਾਰੇ ਜੀਵ ਨਿੰਦਾ ਦੇ ਨਹੀਂ, ਸਗੋਂ ਦਯਾ ਦੇ ਪਾਤਰ ਹਨ। ਐਸੇ ਜੀਵਾਂ ਤੇ ਤਾਂ ਸਗੋਂ ਦਯਾ ਕਰਨੀਂ ਚਾਹੀਦੀ ਹੈ। ਵੀਰੋ ਇਹ ਹੈ ਗੁਰਮੁੱਖਾਂ ਦਾ ਸੱਚਾ ਧਰਮ।

ਕਰਮ ਸੁਕਰਮ ਕਰਾਏ ਆਪੇ ਇਸੁ ਜੰਤੈ ਵਸਿ ਕਿਛੁ ਨਾਹਿ।।

ਪਰ ਨਿੰਦਕ ਬੰਦਾ ਗੁਰਮੁੱਖੀ ਧਰਮ ਦੇ ਉਲਟ ਕੰਮ ਕਰਦਾ ਹੈ, ਇਸ ਵਾਸਤੇ ਨਿੰਦਕ ਅਧਰਮੀ ਹੋ ਜਾਂਦਾ ਹੈ, ਉਂਜ ਬੇਸ਼ੱਕ ਉਸ ਨੇਂ ਧਰਮ ਦਾ ਭਾਵੇਂ ਕਿੱਡਾ ਵੀ ਲੰਮਾਂ ਚੋਲਾ ਕਿਉਂ ਨਾਂ ਪਹਿਣ ਰੱਖਿਆ ਹੋਵੇ। ਨਿੰਦਾ ਕਰਨ ਵਾਲਾ ਬੰਦਾ ਅਧਰਮੀਂ ਹੀ ਹੁੰਦਾ ਹੈ।

ਬਸ ਇਸੇ ਹੀ ਵਾਸਤੇ ਨਿੰਦਕ (ਅਧਰਮੀ) ਨੂੰ ਨਰਕਾਂ ਵਿੱਚ ਪਾਇਆ ਜਾਂਦਾ ਹੈ। ਗੂਰੂ ਸਾਹਿਬਾਂ ਨੇਂ ਬਾਣੀਂ ਵਿੱਚ ਕੁੱਝ ਵੀ ਗਲਤ ਨਹੀਂ ਲਿਖਿਆ ਹੈ।

ਨਿੰਦਾ ਕਰਣ ਦੇ ਨਾਲ ਮਨੁੱਖ ਵਿਚ, ਦੁਨੀਆਂ ਦੇ ਸਾਰੇ ਪਾਪ ਗੁਨਾਂਹ, ਆਪਣੇਂ ਆਪ ਹੀ ਆ ਜਾਂਦੇ ਹਨ। ਪਰ ਉਹ ਦਿੱਸਦੇ ਨਹੀਂ ਹਨ। ਉਹ ਸਿਰਫ ਗੁਰੂ ਦੀ ਸੋਝੀ ਨਾਲ ਦਿੱਸਦੇ ਹਨ।

ਨਿੰਦਾ ਭਲੀ ਕਿਸੈ ਕੀ ਨਾਹੀ ਮਨਮੁਖ ਮੁਗਧ ਕਰੰਨਿ।।

ਚਾਹੇ ਕੋਈ ਭਲਾ ਹੈ, ਚਾਹੇ ਕੋਈ ਬੁਰਾ ਹੈ, ਬੁਰੇ ਤੋਂ ਬੁਰੇ ਇਨਸਾਨ ਵੀ ਨਿੰਦਾ ਨਹੀਂ ਕਰਨੀਂ ਚਾਹੀਦੀ, ਗੁਰੂ ਅਮਰਦਾਸ ਜੀ ਮਹਾਂਰਾਜ ਦੱਸ ਰਹੇ ਹਨ, ਦੂਜਿਆਂ ਦੀ ਨਿੰਦਾ ਕਰਨ ਵਾਲੇ ਲੋਕ ਮਨਮੁੱਖ ਅਤੇ ਮੂਰਖ ਹੁੰਦੇ ਹਨ।

ਰਵਿਦਾਸ ਜੀ ਨੇਂ ਨਿੰਦਾ ਕਰਨ ਵਾਲਿਆਂ ਤੇ ਬਹੁਤ ਕਰਾਰੀ ਚੋਟ ਕੀਤੀ ਹੈ। ਰਾਗ ਗੌਂਡ ਵਿੱਚ ਪਨਾਂ ੮੭੫ ਤੇ ਉਹਨਾਂ ਦਾ ਸ਼ਬਦ ਹੈ। ਜਿਸ ਵਿਚੋਂ ਅਗਲੀ ਕੜੀ ਲਈ ਗਈ ਹੈ।

ਅਪਨਾ ਬਿਗਾਰਿ ਬਿਰਾਂਨਾ ਸਾਂਢੈ।। ਕਰੈ ਨਿੰਦ ਬਹੁ ਜੋਨੀ ਹਾਂਢੈ।। ੩।।

ਰਵਿਦਾਸ ਜੀ ਬੜੇ ਸਪੱਸ਼ਟ ਸ਼ਬਦਾਂ ਵਿੱਚ ਕਹਿ ਰਹੇ ਹਨ, ਕਿ ਨਿੰਦਕ ਦੂਜਿਆਂ ਦੀ ਨਿੰਦਾ ਕਰ ਕੇ ਆਪਣਾਂ ਹੀ ਨੁਕਸਾਨ ਕਰਦਾ ਹੈ। ਨਿੰਦਕ ਬੰਦਾ, ਨਿੰਦਾ ਕਰਕੇ ਜਿੰਨ੍ਹਾਂ ਨੂੰ ਨੁਕਸਾਨ ਪਹੁਚਾਉਣਾਂ ਚਾਹੁੰਦਾ ਹੈ, ਅਸਲ ਵਿੱਚ ਉਹ, ਉਹਨਾਂ ਦਾ ਸਗੋਂ ਫਾਇਦਾ ਕਰ ਰਿਹਾ ਹੁੰਦਾ ਹੈ, ਅਪਨਾ ਬਿਗਾਰਿ ਬਿਰਾਂਨਾ ਸਾਂਢੈ ਉਹਨਾਂ ਦਾ ਤਾਂ ਸਗੋਂ ਕੰਮ ਸਵਾਰ ਰਿਹਾ ਹੁੰਦਾ ਹੈ, ਅਤੇ ਆਪਣਾਂ ਕੰਮ ਵਿਗਾੜ ਰਿਹਾ ਹੁੰਦਾ ਹੈ।

ਇਸ ਤਰਾਂ ਇੱਕ ਨਿੰਦਕ (ਭਾਵੇਂ ਵੱਡਾ ਧਰਮੀ ਵੀ ਕਿਉਂ ਨਾਂ ਹੋਵੇ) ਜੂਨਾਂ ਨੂੰ ਹੰਡਦਾ ਫਿਰਦਾ ਹੈ, ਜੂਨਾਂ ਵਿੱਚ ਭਟਕਦਾ ਰਹਿੰਦਾ ਹੈ, ਅਤੇ ਅਖੀਰ ਨਰਕ ਵਿੱਚ ਜਾ ਪੈਂਦਾ ਹੈ।

ਕਿਸੇ ਦੀ ਨਿੰਦਾ ਕਰਨਾਂ ਕੋਈ ਮਮੂਲੀ ਗੁਨਾਹ ਨਹੀਂ ਹੈ। ਇੱਕ ਐਸਾ ਪਾਪ ਹੈ, ਇੱਕ ਐਸੀ ਬਿਮਾਰੀ ਹੈ, ਜਿਸ ਦਾ ਦੁਨੀਆਂ ਵਿੱਚ ਕੋਈ ਇਲਾਜ਼ ਹੀ ਨਹੀਂ ਹੈ। (ਇਸ ਦੇ ਕਿਟਾਣੂ ਏਡਜ਼ ਨਾਲੋਂ ਵੀ ਭੈੜੇ ਹਨ) ਹੋਰ ਹਰ ਬਿਮਾਰੀ ਦੀ ਦਵਾ ਹੋ ਸੱਕਦੀ ਹੈ, ਪਰ ਇਸ ਬਿਮਾਰੀ ਦੀ ਕੋਈ ਦਵਾ ਨਹੀਂ ਹੈ। ਇਹ ਸੱਚਮੁਚ ਹੀ ਕੁੱਲਾਂ ਨੂੰ ਡੋਬਣ ਵਾਲੀ ਬਿਮਾਰੀ ਜਾਂ ਪਾਪ ਹੈ। ਨਿੰਦਾ ਹੰਕਾਰ ਨਾਲੋਂ ਵੀ ਖਤਰਨਾਕ ਹੈ, ਇਹ ਪੂਰੇ ਸੰਸਾਰ ਨੂੰ ਖਤਮ ਕਰ ਸੱਕਦੀ ਹੈ। ਕਈ ਵੀਰ ਕਹਿਣ ਗੇ ਕੇ ਵਾਹ! ਨਿੰਦਾ ਕੀ ਐਟਮ ਬੰਬ ਹੈ? ਨਹੀਂ! ਇਹ ਐਟਮ ਬੰਬ ਦੀ ਮਾਂ ਹੈ। ਸਾਰਾ ਕੁੱਝ ਤਾਂ ਬਾਣੀਂ ਦੱਸ ਰਹੀ ਹੈ।

ਗੁਰੂ ਅਰਜਨ ਦੇਵ ਜੀ ਵੀ ਬਾਣੀਂ ਦੁਆਰਾ ਦੱਸਦੇ ਹਨ, ਕਿ ਨਿੰਦਕ ਦਾ ਕੋਈ ਦਾਰੂ ਹੀ ਨਹੀਂ ਹੈ।

ਮਃ ੫।। ਅਵਖਧ ਸਭੇ ਕੀਤਿਅਨੁ ਨਿੰਦਕ ਕਾ ਦਾਰੂ ਨਾਹਿ।। ਆਪਿ ਭੁਲਾਏ ਨਾਨਕਾ ਪਚਿ ਪਚਿ ਜੋਨੀ ਪਾਹਿ।। ੨।।

ਗੁਰੂ ਅਰਜਨ ਦੇਵ ਜੀ ਸਮਝਾ ਰਹੇ ਹਨ, ਅਸਾਂ ਸਾਰੀਆਂ ਕੋਸ਼ਿਸ਼ਾਂ ਕਰ ਵੇਖੀਆਂ ਹਨ, ਅਸਾਂ ਸਾਰੇ ਤਰੀਕੇ ਅਜਮਾ ਕੇ ਵੇਖ ਲਏ ਹਨ, ਪਰ ਨਿੰਦਕ ਬੰਦੇ ਦਾ ਕੋਈ ਦਾਰੂ ਨਹੀਂ ਹੈ। ਨਿੰਦਕ ਦਾ ਕਦੇ ਵੀ ਭਲਾ ਨਹੀਂ ਹੋ ਸੱਕਦਾ। ਜਿਸੁ ਅੰਦਰਿ ਤਾਤਿ ਪਰਾਈ ਹੋਵੈ ਤਿਸ ਦਾ ਕਦੇ ਨ ਹੋਵੀ ਭਲਾ।।

ਕਿਉਂਕੇ ਨਿੰਦਕ ਮਨੁੱਖ ਨੂੰ ਸਿਰਜਣਹਾਰ, ਹਰੀ, ਪ੍ਰਭੂ, ਨੇਂ ਆਪ ਹੀ ਭੁਲਾਇਆ ਹੁੰਦਾ ਹੈ। ਜਿਸ ਨੂੰ ਹਰੀ ਆਪ ਭੁਲਾ ਦੇਵੇ, ਉਸ ਨੂੰ ਅਸੀਂ ਤੁਸੀਂ ਨਹੀਂ ਸਮਝਾ ਸੱਕਦੇ। ਗੁਰੂ ਅਰਜਨ ਦੇਵ ਜੀ ਕਹਿ ਰਹੇ ਹਨ, ਨਿੰਦਕ, ਪਚਿ ਪਚਿ ਜੋਨੀ ਪਾਹਿ।

ਅੱਗੇ ਸ੍ਰੀ ਗੁਰੂ ਰਾਮਦਾਸ ਜੀ ਮਹਾਂਰਾਜ ਦੀ ਬਾਣੀਂ ਹੈ। ਪੜ੍ਹ ਕੇ ਵੇਖੋ, (ਸੌ ਸਿਆਣਿਆਂ ਇੱਕ ਮੱਤ ਮੂਰਖਾਂ ਆਪੋ ਆਪਣੀਂ)

ਮਃ ੪।। ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ ਸੁ ਅਉਖਾ ਜਗ ਮਹਿ ਹੋਇਆ।। ਨਰਕ ਘੋਰੁ ਦੁਖ ਖੂਹੁ ਹੈ ਓਥੈ ਪਕੜਿ ਓਹੁ ਢੋਇਆ।। ਕੂਕ ਪੁਕਾਰ ਕੋ ਨ ਸੁਣੇ ਓਹੁ ਅਉਖਾ ਹੋਇ ਹੋਇ ਰੋਇਆ।। ਓਨਿ ਹਲਤੁ ਪਲਤੁ ਸਭੁ ਗਵਾਇਆ ਲਾਹਾ ਮੂਲੁ ਸਭੁ ਖੋਇਆ।। ਓਹੁ ਤੇਲੀ ਸੰਦਾ ਬਲਦੁ ਕਰਿ ਨਿਤ ਭਲਕੇ ਉਠਿ ਪ੍ਰਭਿ ਜੋਇਆ।। ਹਰਿ ਵੇਖੈ ਸੁਣੈ ਨਿਤ ਸਭੁ ਕਿਛੁ ਤਿਦੂ ਕਿਛੁ ਗੁਝਾ ਨ ਹੋਇਆ।। ਜੈਸਾ ਬੀਜੇ ਸੋ ਲੁਣੈ ਜੇਹਾ ਪੁਰਬਿ ਕਿਨੈ ਬੋਇਆ।।

ਗੁਰੂ ਰਾਮਦਾਸ ਜੀ ਦੀ ਬਾਣੀਂ ਵਿੱਚ ਵੀ ਬਿਲਕੁਲ ਉਹੀ ਸਿਖਿਆ (ਮੱਤ) ਹੈ। ਜੋ ਰਵਿਦਾਸ ਜੀ, ਗੁਰੂ ਅਮਰਦਾਸ ਜੀ, ਅਤੇ ਗੁਰੂ ਅਰਜਨ ਦੇਵ ਜੀ ਦੀ ਬਾਣੀਂ ਵਿੱਚ ਹੈ। ਕਹਿੰਦੇ ਹਨ ਜਿਹੜਾ ਪੂਰੇ ਸਤਿਗੁਰ ਦੀ ਨਿੰਦਾ ਕਰਦਾ ਹੈ। ਉਸ ਪਾਪੀ ਬੰਦੇ ਨੂੰ ਪਕੜ ਕੇ, ਘੋਰ ਨਰਕਾਂ ਅਤੇ ਦੁੱਖਾਂ ਦੇ ਖੁਹ ਵਿੱਚ ਪਾਇਆ ਜਾਂਦਾ ਹੈ। ਫਿਰ ਉਹ ਦੁਖੀ ਹੁੰਦਾ ਹੈ, ਰੋਂਦਾ ਹੈ, ਕੂਕਾਂ ਮਾਰਦਾ ਹੈ, ਪੁਕਾਰਾਂ ਕਰਦਾ ਹੈ, ਪਰ ਉਸ ਦੀ ਕੂਕ ਪੁਕਾਰ ਨੂੰ ਸੁਣਨ ਵਾਲਾ ਕੋਈ ਨਹੀਂ ਹੁੰਦਾ, ਕੋਈ ਨਹੀਂ ਸੁਣਦਾ। ਅਜੇਹੇ ਮਨੁੱਖ ਆਪਣੇਂ ਜੀਵਨ ਦੀ ਪੂੰਜੀ ਗਵਾ ਬੈਠਦੇ ਹਨ, ਇਹ ਜੀਵਨ ਬੜੀ ਮੁਸ਼ਕਿਲ ਮਿਲਿਆ ਸੀ। ਅਤੇ ਇਹ ਲੋਕ ਵੀ ਅਤੇ ਪਰਲੋਕ ਵੀ ਗਵਾ ਲੈਂਦੇ ਹਨ।

ਨਰਕ ਭੋਗਣ ਤੋਂ ਬਾਦ ਉਹਨਾਂ ਦੀ ਚੌਰਾਸੀ ਛੁਰੂ ਹੁੰਦੀ ਹੈ। ਫਿਰ ਇਸ ਨਿੰਦਕ ਪਾਪੀ (ਅਧਰਮੀਂ) ਨੂੰ ਬਲਦਾਂ ਆਦੀ ਦੀ ਜੂਨ ਵਿੱਚ ਪਾਇਆ ਜਾਂਦਾ ਹੈ। ਹਰੀ ਸੱਭ ਕੁੱਝ ਵੇਖ ਰਿਹਾ ਹੈ, ਉਸ ਤੋਂ ਕੁੱਝ ਵੀ ਛੁਪਿਆ ਹੋਇਆ ਨਹੀਂ ਹੈ। ਜੇਹੋ ਜਿਹਾ ਕਿਸੇ ਨੇਂ ਪੂਰਬਲੇ ਜਨਮ ਵਿੱਚ ਕਰਮ ਕੀਤਾ ਹੁੰਦਾ ਹੈ। ਅਗਲੇ ਜਨਮ ਵਿੱਚ ਕੀਤੇ ਹੋਇ ਕਰਮਾਂ ਦੇ ਹਿਸਾਬ ਨਾਲ ਦੁੱਖ ਪਾਉਂਦਾ ਹੈ।

ਵਿਸ਼ਾ ਕੋਈ ਵੀ ਲੈ ਲਵੋ ਗੁਰਬਾਣੀਂ ਅਖੀਰ ਨੂੰ ਗੱਲ ਨਰਕਾਂ ਤੇ ਹੀ ਮੁਕਾ ਰਹੀ ਹੈ।

ਅੱਗੇ ਫਰੀਦ ਜੀ ਵੀ ਨਰਕਾਂ ਜਾਂ ਦੋਜਕੁ ਬਾਰੇ ਕੀ ਦੱਸਦੇ ਹਨ, ਪੜ੍ਹਦੇ ਹਾਂ।

ਫਰੀਦਾ ਮਉਤੈ ਦਾ ਬੰਨਾ ਏਵੈ ਦਿਸੈ ਜਿਉ ਦਰੀਆਵੈ ਢਾਹਾ।। ਅਗੈ ਦੋਜਕੁ ਤਪਿਆ ਸੁਣੀਐ ਹੂਲ ਪਵੈ ਕਾਹਾਹਾ।। ਇਕਨਾ ਨੋ ਸਭ ਸੋਝੀ ਆਈ ਇਕਿ ਫਿਰਦੇ ਵੇਪਰਵਾਹਾ।। ਅਮਲ ਜਿ ਕੀਤਿਆ ਦੁਨੀ ਵਿਚਿ ਸੇ ਦਰਗਹ ਓਗਾਹਾ।। ੯੮।।

ਸ਼ੇਖ ਫਰੀਦ ਜੀ, ਦੱਸਦੇ ਹਨ, ਮੌਤ ਦਾ ਭਿਆਣਕ ਦਰਿਆ, ਸਾਰੇ ਸੰਸਾਰ ਨੂੰ ਇਸ ਤਰਾਂ ਨਿਗਲ ਰਿਹਾ ਹੈ, ਜਿਵੇਂ ਹੱੜ ਦੇ ਦਿਨਾਂ ਵਿੱਚ ਦਰਿਆ ਦਾ ਪਾਣੀਂ ਦਰਿਆਂ ਦੇ ਬਨਿਆਂ (ਕੰਢਿਆਂ) ਨੂੰ ਢਾਹੀ ਜਾਂਦਾ ਹੈ, ਦਰਿਆ ਦੇ ਹੱੜ ਨੂੰ ਕੋਈ ਬੰਨ ਨਹੀਂ ਲਗਾ ਸੱਕਦਾ।

ਵਿਦਵਾਨਾਂ ਦੇ ਅਰਥਾਂ ਵਿੱਚ ਅੰਤਰ ਦੇ ਕਾਰਨ, ਆਮ ਕਰਕੇ ਝਗੜੇ ਹੁੰਦੇ ਰਹਿੰਦੇ ਹਨ, ਕਈ ਵਾਰ ਤਾਂ ਭੱਦੇ ਕਮੈਂਟਸ ਅਤੇ ਹੁਜਤਾਂ ਵੀ ਕੀਤੀਆਂ ਜਾਂਦੀਆਂ ਹਨ। ਕਈ ਵਾਰ ਆਪਾਂ ਵੇਖਿਆ ਹੈ ਕਿ ਬਾਣੀਂ ਨੂੰ ਸਮਝਣ ਦੀ ਬਜ਼ਾਏ ਜਾਂ ਵਿਚਾਰ ਕਰਨ ਦੀ ਬਜਾਇ) ਆਮ ਕਰਕੇ ਵਿਦਵਾਨਾਂ ਨੇਂ, ਇੱਕ ਦੂਜੇ ਨਾਲ ਵੀ (ਤੇ ਗੁਰਬਾਣੀਂ ਨਾਲ) ਵੀ ਹੁੱਜ਼ਤਾਂ ਹੀ ਕੀਤੀਆਂ ਹਨ ਅਤੇ ਕਰਦੇ ਹਨ। ਹੁਜ਼ਤ ਕੀ ਹੁੰਦੀ ਹੈ, ਅਤੇ ਕਿਵੇਂ ਕੀਤੀ ਜਾਂਦੀ ਹੈ, ਇਥੇ ਮੈਂ ਇਸ ਦੀ ਇੱਕ ਛੋਟੀ ਜਿਹੀ ਮਿਸਾਲ ਦੇਣੀਂ ਚਾਹੁੰਦਾ ਹਾਂ ਜੀ।

ਮੇਰਾ ਇਹ ਲੇਖ ਪੱੜ੍ਹ ਕੇ ਵੀ ਕਈਆਂ ਦਾ ਮਨ, ਸ਼ਾਇਦ ਕੋਈ ਹੁੱਜਤ ਕਰਣ ਨੂੰ ਮਚਲਦਾ ਹੋਵੇ ਗਾ। ਕੋਈ ਗੱਲ ਨਹੀਂ ਕੋਈ ਚਾਹੇ ਤਾਂ ਕਰ ਵੀ ਸੱਕਦਾ ਹੈ। ਕੋਈ ਵੀਰ ਬੁਰਾ ਨਾਂ ਮਨਾਏ ਇਹ ਤਾਂ ਇੱਕ ਛੋਟਾ ਜਿਹਾ ਨਮੂਨਾਂ ਦੱਸਣ ਦੀ ਕੋਸ਼ਿਸ਼ ਹੈ।

ਜਿਵੇਂ ਕਿ ਦਾਸ ਨੇਂ ਲਿਖਿਆ ਹੈ, ਕਿ।

"ਦਰਿਆ ਦੇ ਹੱੜ੍ਹ ਨੂੰ ਕੋਈ ਬੰਨ ਨਹੀਂ ਲਗਾ ਸੱਕਦਾ"

ਇਹ ਲਾਈਨ ਮੈਂ ਇੱਕ ਗਹਿਰਾ ਭੇਦ ਖੋਲਣ ਵਾਸਤੇ ਲਿਖੀ ਹੈ।

ਪਰ ਹੁੱਜ਼ਤ ਕਰਨ ਵਾਲਾ ਕੋਈ ਵਿਦਵਾਨ ਇਹ ਕਹਿ ਸੱਕਦਾ ਹੈ, ਕਿ ਕਿਉਂ ਨਹੀਂ ਲਗਾ ਸੱਕਦਾ ਕੋਈ ਦਰਿਆ ਨੂੰ ਬੰਨ? ਦੁਨੀਆਂ ਤੇ ਕਿਤਨੇਂ ਹੀ ਦਰਿਆਵਾਂ ਦੇ ਪਾਣੀਆਂ ਨੂੰ ਰੋਕ ਕੇ ਮਨੁੱਖ ਨੇਂ ਵੱਡੇ ਵੱਡੇ ਡੈਮ ਬਨਾ ਲਏ ਹਨ, ਅਤੇ ਆਦਮੀਂ ਕਈ ਥਾਵਾਂ ਤੇ ਦਰਿਆਵਾਂ ਦਾ ਰੁਖ ਹੀ ਬਦਲ ਚੁੱਕਾ ਹੈ। (ਉਸ ਦੀ ਗੱਲ ਵੀ ਠੀਕ ਹੈ)

(ਵੀਰੋ ਆਮ ਕਰਕੇ ਕਈ ਵਾਰ ਵਿਚਾਰਾਂ ਵਿੱਚ ਐਸੀ ਹੀ ਤਰਜ ਤੇ ਤਕਰਾਰ ਤਰਕ ਹੁੰਦੇ ਵੇਖੇ ਗਏ ਹਨ, ਇਸ ਨੂੰ ਅਸੀਂ ਹੁੱਜਤ ਵੀ ਕਹਿ ਸੱਕਦੇ ਹਾਂ)

ਤਰਕ ਜਰੂਰ ਕਰਨੇਂ ਚਾਹੀਦੇ ਹਨ, ਤਰਕ ਬਹੁੱਤ ਜਰੂਰੀ ਹਨ, ਪਰ ਅਜੇਹੇ ਹਲਕੇ ਤਰਕ ਨਹੀਂ ਕਰਨੇਂ ਚਾਹੀਦੇਂ। ਗੁਰਮੁੱਖਾਂ ਵਾਲੇ ਤਰਕ ਕਰਨੇਂ ਚਾਹੀਦੇ ਹਨ। ਗਿਆਨ ਲੈਣ, ਜਾਂ ਗਿਆਨ ਦੇਣ ਵਾਸਤੇ ਤਰਕ ਕਰਨੇਂ ਚਾਹੀਦੇ ਹਨ, ਝਗੜੇ ਵਾਸਤੇ ਨਹੀਂ।

ਪਰ ਹੁੱਜਤ ਕਰਨ ਵਾਲਾ ਇਹ ਨਹੀਂ ਸੋਚਦਾ, ਕਿ ਦਰਿਆ ਨੂੰ ਬੰਨ ਲਾਉਣ ਦਾ ਇੱਕ ਵੱਕਤ (ਵੇਲਾ) ਹੁੰਦਾ ਹੈ। ਹੜ੍ਹਾਂ ਵੇਲੇ ਇਹ ਕੰਮ ਨਹੀਂ ਹੋ ਸੱਕਦਾ।

ਮੌਤ ਦੇ ਦਰਿਆ ਨੂੰ ਵੀ ਬੰਨ੍ਹ ਲਾਇਆ ਜਾ ਸੱਕਦਾ ਹੈ। (ਪਰ ਢਾਹ ਵੇਲੇ ਨਹੀਂ) (ਢਾਹ ਲੱਗਣ ਤੋਂ ਪਹਿਲਾਂ ਪਹਿਲਾਂ) ਅਤੇ ਇਸ ਕੰਮ ਵਾਸਤੇ ਵੀ ਵੇਲੇ ਜਾਂ ਵੱਕਤ ਦੀ ਲੋੜ ਹੁੰਦੀ ਹੈ।

ਗੁਰਮਤਿ ਸਾਚੀ ਹੁਜਤਿ ਦੂਰਿ।। ਬਹੁਤੁ ਸਿਆਣਪ ਲਾਗੈ ਧੂਰਿ।। ੩੫੨ ਮ੧

ਗੁਰੂ ਦੀ ਮੱਤ (ਗੁਰੂ ਦੇ ਕਹਿਣੇਂ) ਤੇ ਸ਼ੱਕ ਕਰਣਾਂ, ਅਤੇ ਆਪਣੀਂ ਚਤੁਰਾਈ ਪੇਸ਼ ਕਰਨਾਂ, ਹੁੱਜਤ ਕਹਿਲਾਂਦੀ ਹੈ, ਬੰਦਾ ਭਾਵੇਂ ਕਿੰਨਾਂ ਵੀ ਚਤਰਾ ਸਿਆਣਾਂ ਕਿਉਂ ਨਾਂ ਹੋਵੇ, ਗੁਰਮੱਤ ਤੋਂ ਬਹੁਤ ਦੂਰ ਹੁੰਦਾ ਹੈ। ਬਹੁਤੇ ਸਿਆਣੇਂ ਮਨੁੱਖ ਨੂੰ ਹੰਕਾਰ ਅਤੇ ਅਗਿਆਨਤਾ ਦੀ ਮੈਲ ਚੱੜ੍ਹੀ ਹੁੰਦੀ ਹੈ।

ਅੱਜ ਵੇਲਾ ਹੈ,

ਇਸ ਵੇਲੇ ਵਿੱਚ ਭਾਵੇਂ ਅਸੀਂ ਹੁੱਜਤਾਂ ਕਰ ਲਈਏ, ਤੇ ਭਾਵੇਂ ਮੌਤ ਦੇ ਦਰਿਆ ਨੂੰ ਬੰਨ੍ਹ ਮਾਰ ਲਈਏ।

ਬੇੜਾ ਬੰਧਿ ਨ ਸਕਿਓ ਬੰਧਨ ਕੀ ਵੇਲਾ।। ਭਰਿ ਸਰਵਰੁ ਜਬ ਊਛਲੈ ਤਬ ਤਰਣੁ ਦੁਹੇਲਾ।। ੧।।

ਵੀਰੋ ਊਪਰ ਜੋ

ਜੋਤੀ ਮਹਿ ਜੋਤਿ ਰਲਿ ਜਾਇਆ।। ਸ਼ਬਦ ਦੀ ਵਿਚਾਰ ਜੋ ਅਸੀਂ ਪਹਿਲੇ ਕੀਤੀ ਸੀ/ਹੈ, ਉਸ ਨੂੰ ਅਸੀਂ ਸ਼ੇਖ ਫਰੀਦ ਜੀ ਦੀ ਇਸ ਬਾਣੀਂ ਨਾਲ ਜੋੜ ਕੇ ਵੀ ਸਮਝਣ ਦੀ ਕੋਸ਼ਿਸ਼ ਕਰਦੇ ਹਾਂ।

ਜੋਤੀ ਮਹਿ ਜੋਤਿ ਜਰੂਰ ਰਲ ਸੱਕਦੀ ਹੈ।

ਪਰ ਇੱਕ ਸ਼ਰਤ ਹੈ,

ਫਰੀਦ ਜੀ ਦੇ ਕਹਿਣ ਵਾਂਗ, ਵੇਲਾ ਰਹਿੰਦਿਆਂ, (ਭਾਵ ਸਰਵਰ ਦੇ ਉਛਲਣ ਤੋਂ ਪਹਿਲੇ) ਜਰੂਰ ਰਲ ਸੱਕਦੀ ਹੈ।

ਉਹ ਕਿਵੇਂ,

ਮੌਤ ਆੳਣ ਤੋਂ ਪਹਿਲੇ ਹੀ ਜਿਉਂਦੇ ਜੀ ਮਰ ਕੇ, ਅਸੀਂ ਉਸ ਜੋਤ ਨਾਲ ਰਲ ਜਾਈਏ, ਤਾਂ ਰਲ ਸੱਕਦੇ ਹਾਂ।

ਪਰ

ਵੇਲਾ ਲੰਘਣ (ਭਾਵ ਮੌਤ ਤੋਂ ਬਾਦ) ਤੋਂ ਬਾਦ ਨਹੀਂ ਰਲ ਸੱਕਦੇ।

ਅੱਗੇ ਗੁਰੂ ਨਾਨਕ ਜੀ ਵੀ ਦੱਸਦੇ ਹਨ,

ਕਿਨ ਬਿਧਿ ਸਾਗਰੁ ਤਰੀਐ।। ਜੀਵਤਿਆ ਨਹ ਮਰੀਐ।। ੧।। ਰਹਾਉ।।

ਅਸੀਂ ਕਿਹੜੇ ਤਰੀਕੇ ਨਾਲ ਸੰਸਾਰ ਦੇ ਭਵਸਾਗਰ ਨੂੰ ਤਰ ਕੇ (ਪਾਰ ਕਰ ਕੇ) ਪ੍ਰਭੂ ਨਾਲ ਮਿਲਾਪ ਕਰੀਏ।

(ਭਾਵ ਕਿਸ ਤਰੀਕੇ ਜੋਤੀ ਮਹਿ ਜੋਤਿ ਰਲੀਐ)

ਅਗੇ ਕਹਿੰਦੇ ਹਨ

ਪਰ ਸਾਥੋਂ ਜਿਉਂਦੇ ਜੀ ਮਰਿਆ ਨਹੀਂ ਜਾਂਦਾ, (ਅਤੇ ਜਿਉਂਦੇ ਜੀ ਮਰਨ ਤੋਂ ਬਿਨਾਂ ਪ੍ਰਭੂ ਨਾਲ ਮਿਲਾਪ ਨਹੀਂ ਹੋ ਸੱਕਦਾ।)

ਅਗਲੀ ਪੰਕਤੀ ਵਿੱਚ ਗੁਰੂ ਅਰਜਨ ਦੇਵ ਜੀ ਵੀ ਦੱਸ ਰਹੇ ਹਨ, ਕਿ ਜਿਸ ਦੇ ਮੱਥੇ ਵਿੱਚ ਧੁਰੋਂ ਹੀ ਇਹ ਕਰਮ (ਭਾਗ) ਲਿਖਿਆ ਹੋਵੇ ਗਾ, ਸਿਰਫ ਉਹ ਹੀ ਜਿਉਂਦੇ ਜੀ ਮਰ ਸੱਕਦਾ ਹੈ। ਅਤੇ ਜਿਉਂਦੇ ਜੀ ਮਰ ਕੇ ਉਹ ਗੁਰਮੁੱਖ ਇਸ ਸੰਸਾਰ ਦੇ ਭਵਸਾਗਰ ਤੋਂ ਪਾਰ ਹੋ ਸੱਕਦਾ ਹੈ।

ਜੀਵਤ ਮਰੀਐ ਭਉਜਲੁ ਤਰੀਐ ਜੇ ਥੀਵੈ ਕਰਮਿ ਲਿਖਿਆਸਾ।।

ਸੋ ਵੀਰੋ ਜੋਤੀ ਮਹਿ ਜੋਤਿ

ਜਿਉਂਦੇ ਜੀ ਮਰਨ ਤੋਂ ਬਿਨਾਂ ਨਹੀਂ ਰਲ ਸੱਕਦੀ।

ਪਰ ਅਜੇਹੀਆਂ ਗੱਲਾਂ ਸਾਨੂੰ ਸਿਰਫ ਕਿਤਾਬਾਂ ਜਾਂ ਲੇਖਾਂ ਵਿੱਚ ਹੀ ਚੰਗੀਆਂ ਲੱਗਦੀਆਂ ਹਨ, ਹਕੀਕਤ ਵਿੱਚ ਨਹੀਂ।

ਅਤੇ ਫਲ ਸਿਰਫ ਹਕੀਕਤ ਵਿਚੋਂ ਮਿਲਦਾ ਹੈ, ਕਿਤਾਬਾਂ ਵਿਚੋਂ ਨਹੀਂ।

ਵੀਰੋ ਵਾਪਸ ਅਸਲ ਵਿਸ਼ੇ ਤੇ ਆਉਂਦੇ ਹਾਂ ਜੀ, ਅਤੇ ਫਰੀਦ ਜੀ ਦੀ ਬਾਕੀ ਬਾਣੀਂ ਵੀ ਪੜ੍ਹਦੇ ਹਾਂ,

ਫਰੀਦਾ ਮਉਤੈ ਦਾ ਬੰਨਾ ਏਵੈ ਦਿਸੈ ਜਿਉ ਦਰੀਆਵੈ ਢਾਹਾ।। ਅਗੈ ਦੋਜਕੁ ਤਪਿਆ ਸੁਣੀਐ ਹੂਲ ਪਵੈ ਕਾਹਾਹਾ।। ਇਕਨਾ ਨੋ ਸਭ ਸੋਝੀ ਆਈ ਇਕਿ ਫਿਰਦੇ ਵੇਪਰਵਾਹਾ।। ਅਮਲ ਜਿ ਕੀਤਿਆ ਦੁਨੀ ਵਿਚਿ ਸੇ ਦਰਗਹ ਓਗਾਹਾ।। ੯੮।।

ਸ਼ੇਖ ਫਰੀਦ ਜੀ ਦੱਸ ਰਹੇ ਹਨ, ਕਿ ਮੌਤ ਦਾ ਦਰਿਆ ਜਦ ਢਾਹ ਲਾਕੇ, ਮਨੁੱਖ ਦੀ ਜਿੰਦਗੀ ਦਾ ਬੰਨਾਂ ਤੋੜ ਕੇ, ਮਨੁੱਖ ਨੂੰ ਆਪਣੇਂ ਨਾਲ ਬਹਾ ਕੇ ਲੈ ਜਾਂਦਾ ਹੈ, ਤਾਂ ਅੱਗੇ ਨਰਕਾਂ ਦੀ ਅੱਗ ਦੇ ਭਾਂਬੜ ਮੱਚ ਰਹੇ ਹਨ। ਜਿਸ ਵਿੱਚ ਜੀਵਾਂ ਨੂੰ ਸਾੜਿਆ ਜਾਂਦਾ ਹੈ। ਸੱੜ ਰਹੇ ਜੀਵ ਹਾਹਾਕਾਰ ਮਚਾ ਰਹੇ ਹਨ।

ਇਸ ਸੰਸਾਰ ਵਿੱਚ ਜਿਹੜੇ ਜੀਵਾਂ ਨੂੰ ਗੁਰੂ ਦੇ ਹੁਕਮ ਦੀ ਸੋਝੀ ਆ ਗਈ, (ਇਕਨਾ ਨੋ ਸਭ ਸੋਝੀ ਆਈ) ਉਹ ਨਰਕਾਂ ਵਿੱਚ ਨਹੀਂ ਜਾਂਦੇ। ਜਿਹੜੇ ਗੁਰੂ ਦੇ ਹੁਕਮ ਵਲੋਂ ਬੇਪਰਵਾਹ ਹਨ, ਜਿਹੜੇ ਗੁਰੂ ਦਾ ਹੁਕਮ (ਗੁਰਬਾਣੀਂ ਨੂੰ) ਨਹੀਂ ਮੰਨਦੇ। (ਇਕਿ ਫਿਰਦੇ ਵੇਪਰਵਾਹਾ) ਉਹ ਜੀਵ ਇਹਨਾਂ ਨਰਕਾਂ ਵਿੱਚ ਸੜਦੇ ਹਨ।

ਇਸ ਸੰਸਾਰ ਵਿੱਚ ਜੀਵ ਜੋ ਵੀ ਕਰਮ (ਗੁਰਮੁੱਖੀ ਕਰਮ ਜਾਂ ਮਨਮੁੱਖੀ ਕਰਮ) ਕਰਦਾ ਹੈ, ਅੱਗੇ ਜਾ ਕੇ ਉਹ ਕਰਮ ਰੱਬ ਦੀ ਦਰਗਾਹ ਵਿੱਚ ਗਵਾਹ ਬਣਦੇ ਹਨ।

ਅਗੇ ਅਸੀਂ ਸ੍ਰੀ ਗੁਰੂ ਨਾਨਕ ਜੀ ਦੀ ਬਾਣੀਂ ਦੀ ਵਿਚਾਰ ਕਰਦੇ ਹਾਂ।

ਮਾਰੂ ਮਹਲਾ ੧।। ਆਗੈ ਬਿਮਲ ਨਦੀ ਅਗਨਿ ਬਿਖੁ ਝੇਲਾ।। ਤਿਥੈ ਅਵਰੁ ਨ ਕੋਈ ਜੀਉ ਇਕੇਲਾ।। ਭੜ ਭੜ ਅਗਨਿ ਸਾਗਰੁ ਦੇ ਲਹਰੀ ਪੜਿ ਦਝਹਿ ਮਨਮੁਖ ਤਾਈ ਹੇ।। ੯।।

ਗੁਰੂ ਨਾਨਕ ਦੇਵ ਜੀ, ਬਾਣੀਂ ਦੁਆਰਾ ਦੱਸ ਰਹੇ ਹਨ। ਮਰਨ ਤੋਂ ਬਾਦ, ਮਨਮੁੱਖ ਬੰਦਾ (ਜੋ ਆਪਣੀਂ ਅਕਲਬੁੱਧੀ ਵਰਤਦਾ ਹੈ, ਗੁਰੂ ਜੋ ਕਹਿੰਦਾ ਹੈ ਉਸ ਨੂੰ ਨਹੀਂ ਮੰਨਦਾ) ਜਿਸ ਰਸਤੇ ਜਾਂਦਾ ਹੈ। ਉਸ ਰਸਤੇ ਵਿੱਚ ਅੱਗੇ ਇੱਕ ਮਹਾਂ ਮਲੀਨ ਨਦੀ ਹੈ। ਜੋ ਜਹਿਰ, ਗੰਦਗੀ ਅਤੇ ਅੱਗ ਨਾਲ ਭਰੀ ਹੋਈ ਹੈ।

ਮਨਮੁੱਖ ਬੰਦੇ ਨੂੰ ਉਸ ਨਦੀ ਦੇ ਰਸਤੇ ਗੁਜਾਰਿਆ ਜਾਂਦਾ ਹੈ। ਇਸ ਰਸਤੇ ਵਿੱਚ ਉਸ (ਮਨਮੁੱਖ) ਬੰਦੇ ਦਾ ਕੋਈ ਵੀ ਸਾਥੀ ਨਹੀਂ ਹੁੰਦਾ। ਸੱਜਨ ਮਿੱਤਰ, ਭੈਣ ਭਾਈ, ਮਾਂ ਪਿਉ, ਰਿਸਤੇ ਨਾਤੇਦਾਰ, ਆਦੀ ਕੋਈ ਵੀ ਉਸ ਦੀ ਸਹਾਇਤਾ ਨਹੀਂ ਕਰ ਸੱਕਦੇ।

ਇਨਾਂ ਹੀ ਨਹੀਂ ਹੋਰ ਵੀ ਅੱਗੇ, ਮਨਮੁੱਖਾਂ ਨੂੰ ਅੱਗਨੀਂ ਦੇ ਨਕਾ-ਨਕ ਭਰੇ ਉਛਲਦੇ ਠਾਠਾਂ ਮਾਰਦੇ ਸਾਗਰ ਵਿੱਚ ਸੁੱਟ ਕੇ ਦਹਿਨ ਕੀਤਾ ਜਾਂਦਾ ਹੈ

ਵੀਰੋ ਮਨਮੁੱਖ ਦੀ ਉਸ ਵੇਲੇ ਦੀ ਹਾਲਤ ਵੇਖ ਕੇ ਹੀ ਗੁਰੂ ਨਾਨਕ ਜੀ ਨੇਂ ਕਿਹਾ ਹੈ, (ਕਿ ਕਿਆ ਜਾਣਾ ਕਿਆ ਆਗੈ ਹੋਇ)

ਗਉੜੀ ਮਹਲਾ ੧।। ਕਿਰਤੁ ਪਇਆ ਨਹ ਮੇਟੈ ਕੋਇ।। ਕਿਆ ਜਾਣਾ ਕਿਆ ਆਗੈ ਹੋਇ।। ਜੋ ਤਿਸੁ ਭਾਣਾ ਸੋਈ ਹੂਆ।। ਅਵਰੁ ਨ ਕਰਣੈ ਵਾਲਾ ਦੂਆ।। ੧।।

ਅਰਥ: ਮਨਮੁੱਖ ਇਸ ਦੁਨੀਆਂ ਵਿੱਚ ਰਹਿੰਦਾ ਹੋਇਆ ਜੋ ਜੋ ਵੀ ਕਰਮ ਕਰੇ ਗਾ, ਇਸ ਦੇ ਕੀਤੇ ਹੋਇ ਕਰਮਾਂ ਨੂੰ ਕੋਈ ਟਾਲ ਨਹੀਂ ਸੱਕਦਾ, ਕੋਈ ਮੇਟ ਨਹੀਂ ਸੱਕਦਾ, ਕੋਈ ਮਾਫ ਨਹੀਂ ਕਰ ਸੱਕਦਾ। ਮਨਮੁੱਖ ਬੰਦਾ ਜਦ (ਮਨਮੁੱਖੀ) ਕਰਮ ਕਰਦਾ ਹੈ, ਤਾਂ ਬਹੁਤ ਖੁਸ਼ ਹੁੰਦਾ ਹੈ। ਪਰ ਉਹ ਇਹ ਨਹੀਂ ਜਾਣਦਾ ਕੇ ਇਹਨਾਂ ਕਰਮਾਂ (ਕੰਮਾਂ) ਬਦਲੇ ਅੱਗੇ ਜਾ ਕੇ ਉਸ ਦਾ ਕੀ ਹਾਲ ਹੋਣ ਵਾਲਾ ਹੈ, ਜਾਂ ਕੀ ਹਾਲ ਹੋਵੇ ਗਾ। ਜੇ ਇਸ ਗੱਲ ਦਾ ਪਤਾ ਹੋਵੇ, ਤਾਂ ਬੰਦਾ ਮਾੜੇ ਕੰਮ ਕਰੇ ਗਾ ਹੀ ਕਿਉਂ?

ਬੰਦਾ ਆਪਣੀਂ ਮਰਜੀ ਕਰਦਾ ਹੈ, ਬਾਅਦ ਪ੍ਰਭੂ ਆਪਣੀਂ ਮਰਜੀ ਕਰਦਾ ਹੈ,

ਉਸ ਦੇ ਕੀਤੇ ਕਰਮਾਂ ਦੀ ਜੋ ਮਰਜ਼ੀ ਹੈ ਸਜਾ ਦੇਵੇ। ਦੂਜਾ ਕੋਈ ਵੀ ਦਖਲ ਨਹੀਂ ਦੇ ਸੱਕਦਾ, ਦੂਜਾ ਕੋਈ ਕੁੱਝ ਨਹੀਂ ਕਰ ਸੱਕਦਾ। ਇੱਕ ਤਿਲ ਜਿੰਨੀ ਵੀ ਮਾਫੀ ਨਹੀਂ ਮਿਲ ਸੱਕਦੀ।

(ਸਿਰਜਨ ਹਾਰਾ ਪ੍ਰਭੂ, ਮਨਮੁੱਖ ਅਪਰਾਧੀ ਬੰਦਿਆਂ ਨੂੰ ਨਰਕਾਂ ਵਿੱਚ ਸੁੱਟ ਕੇ, ਬਾਣੀਏ ਵਾਂਗ ਤਿਲ ਤਿਲ ਦਾ ਹਿਸਾਬ ਲੈਂਦਾ ਹੈ)

ਅੱਗੇ ਗੁਰੂ ਅਰਜਨ ਦੇਵ ਜੀ ਦੀ ਬਾਣੀਂ ਪੜ੍ਹ ਕੇ ਵੀ, ਅਸੀਂ ਇਸ ਗੱਲ ਦੀ ਗਵਾਹੀ ਲੈ ਸੱਕਦੇ ਹਾਂ ਜੀ।

ਦੋਜਕਿ ਪਾਏ ਸਿਰਜਣਹਾਰੈ ਲੇਖਾ ਮੰਗੈ ਬਾਣੀਆ।।

ਮਾਰੂ ਮਹਲਾ ੫।। ਬਿਰਖੈ ਹੇਠਿ ਸਭਿ ਜੰਤ ਇਕਠੇ।। ਇਕਿ ਤਤੇ ਇਕਿ ਬੋਲਨਿ ਮਿਠੇ।। ਅਸਤੁ ਉਦੋਤੁ ਭਇਆ ਉਠਿ ਚਲੇ ਜਿਉ ਜਿਉ ਅਉਧ ਵਿਹਾਣੀਆ।। ੧।। ਪਾਪ ਕਰੇਦੜ ਸਰਪਰ ਮੁਠੇ।। ਅਜਰਾਈਲਿ ਫੜੇ ਫੜਿ ਕੁਠੇ।। ਦੋਜਕਿ ਪਾਏ ਸਿਰਜਣਹਾਰੈ ਲੇਖਾ ਮੰਗੈ ਬਾਣੀਆ।। ੨।। ਸੰਗਿ ਨ ਕੋਈ ਭਈਆ ਬੇਬਾ।। ਮਾਲੁ ਜੋਬਨੁਧਨੁ ਛੋਡਿ ਵਞੇਸਾ।। ਕਰਣ ਕਰੀਮ ਨ ਜਾਤੋ ਕਰਤਾ ਤਿਲ ਪੀੜੇ ਜਿਉ ਘਾਣੀਆ।। ੩।।

ਇਹ ਸੰਸਾਰ ਕੀ ਹੈ, ਸਮਾਜ ਕੀ ਹੈ, ਪਰਵਾਰ ਕੀ ਹੈ, ਅਸੀਂ ਕੌਣ ਹਾਂ, ਅਸੀਂ ਇਕੱਠੇ ਕਿਵੇਂ ਹੋਇ ਹਾਂ।

ਵੀਰੋ ਗੁਰੂ ਸਾਹਿਬ ਦੱਸਦੇ ਹਨ, ਕਿ ਜਿਸ ਤਰਾਂ ਰਾਤ ਪੈਂਦੀ ਹੈ, ਤਾਂ ਰਾਤ ਬਿਤਾਉਣ ਵਾਸਤੇ, ਬਹੁਤ ਸਾਰੇ ਪੰਛੀ, ਇੱਕ ਦਰੱਖਤ ਤੇ ਇਕੱਠੇ ਆ ਬੈਠਦੇ ਹਨ, ਉਹਨਾਂ ਪੰਛੀਆਂ ਵਿੱਚ ਕੁੱਝ ਪੰਛੀ ਸ਼ਾਂਤ ਸੁਭਾਅ ਦੇ ਹੁੰਦੇ ਹਨ, ਅਤੇ ਕੁੱਝ ਝਗੜਾਲੂ ਹੁੰਦੇ ਹਨ। (ਸ਼ਾਂਤ ਸੁਭਾਅ ਤੋਂ ਇਸ਼ਾਰਾ ਗੁਰਮੁਖਾਂ ਵੱਲ ਹੈ, ਅਤੇ ਝਗੜਾਲੂ ਤੋਂ ਭਾਵ ਮਨਮੁੱਖਾਂ ਤੋਂ ਹੈ)

ਜਦੋਂ ਸੂਰਜ ਚੜ੍ਹ ਜਾਂਦਾ ਹੈ ਤਾਂ ਸੱਭ ਪੰਛੀ ਖਿੱਲਰ (ਉੱਡ) ਜਾਂਦੇ ਹਨ।

ਇਸੇ ਤਰਾਂ ਇੱਕ ਪਰਵਾਰ ਵਿੱਚ ਕੁੱਝ ਜੀਵ ਕਰਮਾਂ ਦੇ ਸਬੰਧ ਅਨੁੰਸਾਰ ਇਕੱਠੇ ਹੋ ਜਾਂਦੇ ਹਨ। ਅਤੇ ਆਪਣੀਂ ਆਪਣੀਂ ਉਮਰ ਭੋਗ ਕੇ, ਕੁੱਝ ਪੁਰਾਣੇਂ ਜਾਂ ਪਿਛਲੇ ਕਰਮਾਂ ਦਾ ਨਬੇੜਾ ਕਰਕੇ, ਅਤੇ ਕੁੱਝ ਹੋਰ ਨਵੇਂ (ਚੰਗੇ ਜਾਂ ਮਾੜੇ) ਕਰਮ ਕਰਕੇ, ਆਪਣੇਂ ਪੱਲੇ ਬੰਨ੍ਹ ਕੇ ਚੱਲਦੇ ਬਣਦੇ ਹਨ। ਕੋਈ ਕਿਸੇ ਦਾ ਸੱਜਣ ਨਹੀਂ, ਕੋਈ ਕਿਸੇ ਦਾ ਮਾਈ ਬਾਪ, ਜਾਂ ਭੈਣ ਭਾਈ ਨਹੀਂ ਹੈ।

ਗੁਰਮੁੱਖ, ਮਨਮੁੱਖ, ਪਾਪੀ, ਅਤੇ ਪੁੰਨੀ ਬੰਦਿਆਂ ਦਾ ਲੇਖਾ ਅਲੱਗ ਅਲੱਗ ਹੁੰਦਾ ਹੈ।

ਇਸ ਸ਼ਬਦ ਵਿੱਚ ਸਿਰਫ ਪਾਪੀ ਬੰਦਿਆਂ ਦਾ ਜਿਕਰ ਕੀਤਾ ਹੈ ਗੁਰੂ ਜੀ ਨੇਂ, ਅਤੇ ਪਾਪਾਂ ਦਾ ਸਿੱਧਾ ਸਬੰਧ ਹੈ ਨਰਕਾਂ ਨਾਲ। ਅਤੇ ਸਾਡੇ ਇਸ ਲੇਖ ਦਾ ਮੁੱਖ ਵਿਛਾ ਵੀ ਨਰਕ ਜਾਂ ਦੋਜਕ ਹੈ।

ਗੁਰਮੁੱਖ, ਮਨਮੁੱਖ, ਅਤੇ ਪੁੰਨੀ ਬੰਦਿਆਂ ਵਾਸਤੇ ਅੱਲਗ ਅਲੱਗ ਕਾਨੂਨ ਹੁੰਦਾ ਹੈ। ਪਰ ਹਿਸਾਬ ਉਥੇ ਵੀ ਤਿਲ ਤਿਲ ਦਾ ਹੀ ਹੁੰਦਾ ਹੈ, (ਤਿਲ ਵਧਣਾਂ ਨਹੀਂ ਅਤੇ ਤਿਲ ਘਟਣਾਂ ਨਹੀ) ਉਸ ਦੀ ਵਿਚਾਰ ਆਪਾਂ ਫਿਰ ਕਿਤੇ ਵੱਖਰੀ ਕਰਾਂ ਗੇ। ਪਰ ਪਾਠਕ ਵੀਰੋ! ਇਥੇ ਇੱਕ ਗੱਲ ਨੂੰ ਜਰੂਰ ਨੋਟ ਕਰਨਾਂ ਜੀ,

ਕਿ ਅੱਗੇ ਚੱਲ ਕੇ ਇੱਕ ਅਵਸਥਾ ਐਸੀ ਵੀ ਆ ਜਾਂਦੀ ਹੈ ਜੀ, ਕਿ ਜਦ ਸਾਰੇ ਹੀ ਪੂੰਨ, ਸਾਰੇ ਸ਼ੁੱਭ ਕਰਮ, ਧਰਮ, ਜਪ ਤਪ, ਸਾਰੇ ਹੀ ਪੂਜਾ ਪਾਠ, ਪਾਪਾਂ ਵਿੱਚ ਬਦਲ ਜਾਂਦੇ ਹਨ। ਅਤੇ ਧਰਮ ਕਰਮਾਂ ਦਾ ਫਲ ਵੀ ਪਾਪਾਂ ਵਾਲੇ ਕਰਮਾਂ ਦੇ ਸਮਾਣ, ਦੁੱਖਾਂ ਦੇ ਰੂਪ ਵਿੱਚ ਹੀ ਮਿਲਦਾ ਹੈ।

ਇਸੇ ਵਾਸਤੇ ਹੀ ਧਰਮ ਦੇ ਸਾਰੇ ਕੰਮਾਂ ਨੂੰ ਗੁਰੂ ਅਰਜਨ ਦੇਵ ਜੀ ਪਾਖੰਡ ਦੱਸਦੇ ਹਨ। ਕਰਮ ਧਰਮ ਪਾਖੰਡ ਜੋ ਦੀਸਹਿ ਤਿਨ ਜਮੁ ਜਾਗਾਤੀ ਲੂਟੈ।। ਵੀਰੋ ਬਾਣੀਂ ਵਿੱਚ ਕੁੱਝ ਵੀ ਗਲਤ ਨਹੀਂ ਲਿਖਿਆ ਹੈ।

ਅਤੇ ਕਬੀਰ ਸਾਹਿਬ ਜੀ ਦੱਸਦੇ ਹਨ, ਕਿ ਪਾਪ ਕਰਨ ਅਤੇ ਪੁੰਨ ਕਰਨ ਵਿੱਚ ਵੀ ਕੋਈ ਖਾਸ ਫਰਕ ਨਹੀਂ ਹੁੰਦਾ। ਪਾਪ ਪੁੰਨ ਦੁਇ ਏਕ ਸਮਾਨ ਬੱਸ ਥੋੜਾ ਟਾਈਮ ਦਾ ਅੰਤਰ ਹੁੰਦਾ ਹੈ। ਜਿਸ ਤਰਾਂ ਮੇਲੇ ਵਿੱਚ ਬੱਚੇ, ਭਗੂੜੇ ਵਿੱਚ ਬੈਠ ਕੇ ਕਦੇ ਊਪਰ ਜਾਂਦੇ ਹਨ ਕਦੇ ਨੀਚੇ ਜਾਂਦੇ ਹਨ। ਇਸ ਤਰਾਂ ਹੀ ਪਾਪ ਪੁੰਨ ਵੀ ਘੁੰਮਦੇ ਰਹਿੰਦੇ ਹਨ।

ਪਾਪ ਕਰੇਦੜ ਸਰਪਰ ਮੁਠੇ।। ਅਜਰਾਈਲਿ ਫੜੇ ਫੜਿ ਕੁਠੇ।। ਦੋਜਕਿ ਪਾਏ ਸਿਰਜਣਹਾਰੈ ਲੇਖਾ ਮੰਗੈ ਬਾਣੀਆ।। ੨

ਗੁਰੂ ਅਰਜਨ ਦੇਵ ਜੀ ਦੱਸਦੇ ਹਨ, ਕਿ ਇਸ ਵਿੱਚ ਤਾਂ ਕੋਈ ਸ਼ੱਕ ਹੀ ਨਹੀਂ ਹੋਣਾਂ ਚਾਹੀਦਾ, ਪਾਪ ਕਰਮ ਕਰਨ ਵਾਲੇ, ਬੰਦਿਆਂ ਨੂੰ ਨਿਰਸੰਦੇਹ ਅਜਰਾਈਲ (ਮੌਤ ਦਾ ਫਰਿਸਤਾ ਜਮ) ਪਕੜ ਲਵੇ ਗਾ। ਅਤੇ ਦਰਗਾਹ ਵਿੱਚ ਪੇਸ਼ ਕਰੇ ਗਾ, ਸਿਰਜਣਹਾਰ (ਪ੍ਰਭੂ) ਉਸ ਨੂੰ ਦੋਜਕ (ਨਰਕ) ਵਿੱਚ ਪਾ ਕੇ, ਉਸ ਦੇ ਕੀਤੇ ਪਾਪਾਂ ਦੇ ਇੱਕ ਇੱਕ ਤਿਲ ਦਾ ਹਿਸਾਬ ਇੱਕ ਬਾਣੀਏਂ ਦੀ ਤਰਾਂ ਲਵੇ ਗਾ। ਜਿਸ ਤਰਾਂ ਬਾਣੀਆਂ ਮੂਲ ਵਿਚੋਂ ਇੱਕ ਧੇਲਾ ਵੀ ਨਹੀਂ ਛੱਡਦਾ, ਇਸ ਤਰਾਂ ਹਰੀ ਇੱਕ ਤਿਲ ਜਿੰਨਾਂ ਵੀ ਲਿਹਾਜ ਨਹੀਂ ਕਰਦਾ।

ਸੰਗਿ ਨ ਕੋਈ ਭਈਆ ਬੇਬਾ।। ਮਾਲੁ ਜੋਬਨੁਧਨੁ ਛੋਡਿ ਵਞੇਸਾ।। ਕਰਣ ਕਰੀਮ ਨ ਜਾਤੋ ਕਰਤਾ ਤਿਲ ਪੀੜੇ ਜਿਉ ਘਾਣੀਆ।। ੩।।

ਉਸ ਵੇਲੇ ਉਥੇ ਇਸ ਬੰਦੇ ਦੀ ਕਿਸੇ ਭੈਣ ਭਾਈ, ਮਾਂ ਬਾਪ, ਜਾਂ ਕਿਸੇ ਵੀ ਸੰਗੀ ਸਾਥੀ ਨੇਂ ਸਹਾਇਤਾ ਨਹੀਂ ਜੇ ਕਰਨੀਂ, ਇਸ ਬੰਦੇ ਨੇਂ ਕਰਣ ਕਾਰਣ ਕਰਤਾਰ ਨੂੰ ਜਾਣਿਆਂ ਹੀ ਨਹੀਂ ਕੇ ਉਹ ਕੈਸਾ ਹੈ।। ‘ਕਰਣ ਕਰੀਮ ਨ ਜਾਤੋ ਕਰਤਾ, ਗੁਰੂ ਅਰਜਨ ਦੇਵ ਜੀ ਕਹਿ ਰਹੇ ਹਨ, ਉਹ ਤਾਂ ਕੋਹਲੂ ਵਿੱਚ ਤਿਲਾਂ ਦੀ ਘਾਣੀਂ ਵਾਂਗ ਪੀੜ ਦੇਵੇ ਗਾ।

ਖੰਡੇ ਧਾਰ ਗਲੀ ਅਤਿ ਭੀੜੀ।। ਲੇਖਾ ਲੀਜੈ ਤਿਲ ਜਿਉ ਪੀੜੀ।। ਮਾਤ ਪਿਤਾ ਕਲਤ੍ਰ ਸੁਤ ਬੇਲੀ ਨਾਹੀ

ਬਿਨੁ ਹਰਿ ਰਸ ਮੁਕਤਿ ਨ ਕੀਨਾ ਹੇ।। ੧੦।। ਮ: ੧

ਗੁਰੂ ਨਾਨਕ ਦੇਵ ਜੀ ਵੀ ਇਹੋ ਹੀ ਕਹਿੰਦੇ ਹਨ, ਸਿਰਫ ਇੱਕ ਹਰਿ ਦੇ ਰਸੀਏ ਭਗਤਾ ਨੂੰ ਛੱਡ ਕੇ)

ਬਾਕੀ ਸੱਭ ਨੂੰ ਤਿੱਖੀਆਂ ਤਲਵਾਰਾਂ ਤੇ ਤੋਰਿਆਂ ਜਾਵੇ ਗਾ। ਅਤੇ ‘ਲੇਖਾ ਲੀਜੈ ਤਿਲ ਜਿਉ ਪੀੜੀ` ਸਭਨਾਂ ਪਾਸੋਂ ਇਸ ਤਰਾਂ ਲੇਖਾ (ਹਿਸਾਬ) ਲਿਆਂ ਜਾਵੇ ਗਾ ਜਿਸ ਤਰਾਂ ਕੋਹਲੂ ਵਿੱਚ ਤਿਲ ਪੀੜੇ ਜਾਂਦੇ ਹਨ।

ਅਜੇਹਾ ਸੱਚ ਜਾਣ ਕੇ,

ਸੁਭਾਵਿਕ ਹੀ ਸਾਡੇ ਮਨ ਵਿੱਚ ਡੱਰ ਜਰੂਰ ਪੈਦਾ ਹੋਵੇ ਗਾ। ਫਿਰ ਅਸੀਂ ਡਰ ਨੂੰ ਦੂਰ ਕਰਨ, ਅਤੇ ਅੱਗੇ ਆਉਣ ਵਾਲੇ ਦੁੱਖਾਂ ਜਾਂ ਨਰਕਾਂ ਤੋਂ ਬਚਣ ਦਾ ਕੋਈ ਉਪਰਾਲਾ ਕਰਣ ਦੀ ਕੋਸ਼ਿਸ਼ ਜਰੂਰ ਕਰਾਂ ਜੇ।

ਪਰ ਕੀ ਉਪਰਾਲਾ ਕਰ ਲਵਾਂ ਗੇ ਅਸੀਂ! ਸਾਡੇ ਹਥ-ਵੱਸ ਹੀ ਕੀ ਹੈ।

ਸੋ ਨੰਬਰ ਇਕ, ਜਾਂ ਤਾਂ ਅਸੀਂ ਆਪਣੀਂ ਵਿਦਿਆਂ ਵਿਆਕਣ ਦੇ ਜੋਰ ਨਾਲ, ਗੁਰਬਾਣੀਂ ਦੇ ਸੱਚ ਨੂੰ ਝੁਠਲਾ ਕੇ, ਆਪਣੇਂ ਮਨ ਨੂੰ ਝੂਠੀ ਤਸੱਲੀ ਦੇਕੇ, ਮਨ ਪਰਚਾਵਾ ਕਰ ਲਵਾਂ ਗੇ। ਅਤੇ ਕਹਾਂ ਗੇ ਜੋ ਹੁੰਦਾ ਹੈ ਹੋਈ ਜਾਣ ਦਿਉ, ਜੋ ਹੋਣਾਂ ਹੈ ਸੋ ਤਾਂ ਹੋ ਹੀ ਜਾਣਾਂ ਹੈ।

ਅਤੇ

ਜਾਂ ਫਿਰ ਅਸੀਂ ਕਿਸੇ ਪਾਖੰਡੀ ਸਾਧਾਂ ਬਾਬਿਆਂ ਦੀ ਸਰਣ ਵਿੱਚ ਜਾਣ ਵਾਸਤੇ ਮਜਬੂਰ ਹੋ ਜਾਂਦੇ ਹਾਂ।

ਕਿਉਂ ਕੇ ਬਾਣੀਂ ਵਿੱਚ ਹਜਾਰਾਂ ਵਾਰ ਲਿਖਿਆ ਹੋਇਆ ਹੈ ਕਿ, ਕਿਸੇ ਸਾਧੂ ਜਾਂ ਸੰਤ ਦੀ ਸਰਣ ਵਿੱਚ ਜਾਕੇ, ਚੌਰਾਸੀ ਲੱਖ ਜੂਨਾਂ, ਆਵਾਗਉਣ ਜਾਂ ਨਰਕਾਂ, ਜਾਂ ਜਮਾਂ ਆਦੀ ਤੋਂ ਬਚਿਆ ਜਾ ਸੱਕਦਾ ਹੈ। ਸਾਡੀ ਇਸ ਮਜਬੂਰੀ ਦਾ ਲਾਭ ਉਠਾ ਕੇ। ਪਾਖੰਡੀ ਸਾਧ ਸੰਤ ਬਾਬੇ ਸਾਨੂੰ ਠੱਗ ਲੈਂਣ ਗੇ। ਸੋ

ਅਸਲ ਸਵਾਲ ਇਹ ਹੈ:- ਕਿ

ਅਸੀਂ ਕੀ ਕਰੀਏ? ਅਸੀਂ ਕਿੱਥੇ ਜਾਈਏ? ਕਿਸ ਪਾਸ ਪੁਕਾਰ ਕਰੀਏ? ਸਾਡੀ ਸਹਾਇਤਾ ਕੌਣ ਕਰੇ?

ਇਹ ਸਵਾਲ ਤਕਰੀਬਨ ਤਿੰਨ ਸਦੀਆਂ ਤੋਂ ਉਲਝਿਆ (ਲਟਕਿਆ) ਹੋਇਆ ਹੈ। ਇਹਨਾਂ ਸਵਾਲਾਂ ਦਾ ਉੱਤਰ ਆਪਾਂ ਸਾਰਿਆਂ ਨੇਂ ਮਿਲਕੇ ਢੂੰਡਣਾਂ ਹੈ

ਪਾਠਕ ਸੱਜਣੋਂ, ਮੈਂ ਵਿਦਵਾਨ ਨਹੀਂ, ਮੈਂ ਤਾਂ ਇੱਕ ਮਨਮੁੱਖ ਜਿਹਾ ਲਿਖਾਰੀ ਹਾਂ, ਜੋ ਮਨ ਵਿੱਚ ਆਇਆ ਲਿਖ ਦਿੱਤਾ ਹੈ। ਪਰ ਵੀਰੋ ਤੁਸੀਂ ਦੱਸੋ! ਇਸ ਸਵਾਲ ਦਾ ਹੱਲ ਲੱਭਣਾਂ ਚਾਹੀਦਾ ਹੈ ਜਾਂ ਨਹੀਂ। ਸੋ ਕਿਰਪਾ ਕਰ ਕੇ ਦੱਸੋ ਜੀ,

ਕਿਹੜਾ ਵਿਦਵਾਨ, ਕਿਹੜਾ ਗਿਆਨੀ, ਕਿਹੜਾ ਪ੍ਰਚਾਰਕ, ਕਿਹੜਾ ਕਥਾ ਵਾਚਕ, ਕਿਹੜਾ ਪਰੋਫੈਸਰ, ਕਿਹੜਾ ਪ੍ਰਿੰਸੀਪਲ, ਕਿਹੜਾ ਡਾਕਟਰ, ਕਿਹੜਾ ਪੀ. ਐਚ. ਡੀ. ਜਾਂ ਕਿਹੜਾ ਸੰਤ ਆਦਿ ਇਸ ਸਮੱਸਿਆ (ਜਾਂ ਉਲਝਣ) ਦੇ ਹੱਲ ਦੀ ਜਿੰਮੇਦਾਰੀ ਲੈਂਦਾ ਹੈ? ਤਾਂ ਜੋ ਅਸੀਂ ਕਿਸੇ ਕਿਨਾਰੇ ਤਾਂ ਲਗੀਏ, ਅਸੀਂ ਸਦੀਆਂ ਤੋਂ ਰੁੜ੍ਹੇ ਜਾ ਰਹੇ ਹਾਂ।

ਦਾਸ ਬਲਦੇਵ ਸਿੰਘ ਫਿਰੋਜ਼ਪੁਰ

੨੪ ਜਨਵਰੀ ੨੦੧੬
.