.

ਚੁਣੌਤੀਆਂ

ਵਿਸ਼ਵ-ਪੱਧਰੀ ਅਤੇ ਸਦੀਵਕਾਲੀ ਸੁਖ-ਸ਼ਾਂਤੀ ਸਥਾਪਤ ਕਰਨ ਦੇ ਰਾਹ ਵਿੱਚ 16 ਕੁ ਸਮਾਜ-ਵਿਰੋਧੀ ਧਿਰਾਂ ਦੀ ਨਿਸ਼ਾਨਦੇਹੀ ਇਸ ਪੁਸਤਕ ਦੇ ਪਹਿਲੇ ਅਧਿਆਇ (ਭੂਮਿਕਾ) ਵਿੱਚ ਹੀ ਕੀਤੀ ਜਾ ਚੁੱਕੀ ਹੈ। ਇੱਕ ਪਰਿਵਾਰ ਤੋਂ ਲੈ ਕੇ ਵਿਸ਼ਵ-ਪੱਧਰ ਤੱਕ ਫੈਲੀ ਹੋਈ ਅਸ਼ਾਂਤੀ ਦੇ ਕੁੱਝ ਕੁ ਬੁਨਿਆਦੀ ਕਾਰਨਾਂ ਦਾ ਜ਼ਿਕਰ ਇਸ ਪੁਸਤਕ ਦੇ ਅਧਿਆਇ ਨੰਬਰ ਤਿੰਨ ਵਿੱਚ ਕੀਤਾ ਜਾ ਚੁੱਕਾ ਹੈ। ਅਧਿਆਇ ਨੰ. ਪੰਜ ਵਿੱਚ ਸੰਖੇਪ ਜਿਹਾ ਜ਼ਿਕਰ ਭੀ, ਗੁਰੂ ਗ੍ਰੰਥ ਸਾਹਿਬ ਵਿੱਚੋਂ ਹਵਾਲੇ ਦੇ ਕੇ, ਕੀਤਾ ਜਾ ਚੁੱਕਾ ਹੈ ਕਿ ਸਾਰੇ ਸੰਸਾਰ ਦੇ ਸਰਬ-ਸਾਂਝੇ, ਇਲਾਹੀ ਅਤੇ ਇਨਕਲਾਬੀ ਗੁਰਮਤਿ ਫ਼ਲਸਫ਼ੇ `ਤੇ ਅਮਲ ਕਰ ਕੇ ਹੀ (ਪ੍ਰੇਮਾ-ਭਗਤੀ ਰਾਹੀਂ) ਇਨ੍ਹਾਂ ਅਸ਼ਾਂਤੀ ਦੇ ਕਾਰਨਾਂ ਨੂੰ ਦੂਰ ਕੀਤਾ ਜਾ ਸਕਦਾ ਹੈ। 239 ਸਾਲ ਦਾ ਗੁਰ-ਇਤਿਹਾਸ (ਗੁਰੂ ਨਾਨਕ ਸਾਹਿਬ ਅਤੇ ਉਨ੍ਹਾਂ ਦੇ ਉਤਰਾਧਿਕਾਰੀ ਨੌਂ ਗੁਰੂ-ਜਾਮਿਆਂ ਦਾ ਅਦੁੱਤੀ ਇਤਿਹਾਸ) ਅਤੇ ਅਠ੍ਹਾਰਵੀਂ ਸਦੀ ਦਾ ਲਾਸਾਨੀ ਸਿੱਖ ਇਤਿਹਾਸ ਉਪਰੋਕਤ ਹਕੀਕਤ ਦੀ ਹਮੇਸ਼ਾਂ ਲਈ ਪੁਸ਼ਟੀ ਕਰਦਾ ਰਹੇਗਾ। ਇਹ ਇੱਕ ਅਜਿਹਾ ਅਲੌਕਿਕ, ਕੁਰਬਾਨੀਆਂ ਭਰਪੂਰ, ਅਣਖ ਭਰਪੂਰ ਤੇ ਬਿਨਾਂ ਕਿਸੇ ਪੱਖ-ਪਾਤ ਤੋਂ ਮਨੁੱਖੀ ਹੱਕਾਂ ਦੀ ਰਾਖੀ ਕਰਨ ਵਾਲਾ ਸ਼ਾਨਾਮੱਤਾ ਇਤਿਹਾਸ ਹੈ ਜਿਸ ਦੇ ਬਰਾਬਰ ਦੀ, ਸੰਸਾਰ ਦੇ ਹੁਣ ਤੱਕ ਦੇ ਲਿਖਤੀ ਅਤੇ ਮੌਖਿਕ ਇਤਿਹਾਸ ਅੰਦਰ, ਸ਼ਾਇਦ, ਕੋਈ ਭੀ ਮਿਸਾਲ ਨਹੀਂ ਮਿਲਦੀ। ਲਗਦਾ ਹੈ ਕਿ ਇੱਕ ਸਾਜਿਸ਼ ਅਧੀਨ, ਇਹ ਲਾ-ਸਾਨੀ ਸਿੱਖ-ਇਤਿਹਾਸ ਪੰਜਾਬ ਦੇ ਸਕੂਲਾਂ/ਕਾਲਜਾਂ ਵਿੱਚ ਭੀ ਨਹੀਂ ਪੜ੍ਹਾਇਆ ਜਾ ਰਿਹਾ। ਜਿੱਥੇ, ਇਸ ਲਈ ਉੱਪਰ ਵਰਣਨ ਕੀਤੀਆਂ ਮਾਨਵ-ਵਿਰੋਧੀ ਧਿਰਾਂ ਵੱਲੋਂ ਪਿਛਲੀਆਂ ਤਕਰੀਬਨ ਪੰਜ ਸਦੀਆਂ ਤੋਂ ਕੀਤੀਆਂ ਜਾ ਰਹੀਆਂ ਸਾਜ਼ਿਸ਼ੀ ਕਾਰਵਾਈਆਂ ਜ਼ਿੰਮੇਵਾਰ ਹਨ, ਉੱਥੇ ਗੁਰਮਤਿ-ਵਿਹੂਣੇ, ਖ਼ੁਦਗਰਜ ਸਿੱਖ ਲੀਡਰ ਭੀ ਬਰਾਬਰ ਦੇ (ਬਲਕਿ ਵੱਧ) ਦੋਸ਼ੀ ਹਨ।
ਲੇਖਕ ਦਾ ਦ੍ਰਿੜ੍ਹ ਵਿਸ਼ਵਾਸ਼ ਹੈ ਕਿ ਸਮਾਂ ਆਵੇਗਾ ਜਦੋਂ ਇਹ ਸਰਬ-ਹਿਤਕਾਰੀ ਅਤੇ ਕਲਿਆਣਕਾਰੀ ਫ਼ਲਸਫ਼ਾ (ਸਰਬੱਤ ਦੇ ਭਲੇ ਦਾ ਜਾਮਨ ਫ਼ਲਸਫ਼ਾ) ਤੇਜੀ ਨਾਲ ਵੱਡੇ ਪੱਧਰ `ਤੇ ਸੰਸਾਰ ਵਿੱਚ ਵਿਕਾਸ ਕਰ ਕੇ ਲਾਗੂ ਹੋ ਜਾਵੇਗਾ ਜਿਸ ਦੇ ਫ਼ਲ-ਸਰੂਪ ਵਿਸ਼ਵ-ਪੱਧਰੀ `ਤੇ ਸਦੀਵਕਾਲੀ ਸੁੱਖ-ਸ਼ਾਂਤੀ ਸਥਾਪਤ ਕੀਤੀ ਜਾ ਸਕੇਗੀ - ਚੰਗੇ ਸਮਾਜ ਅਤੇ ਚੰਗੇ-ਸਮਾਜ ਪ੍ਰਬੰਧ ਦੀ ਸਿਰਜਣਾ ਕੀਤੀ ਜਾ ਸਕੇਗੀ (ਯਾਨੀ ਕਿ, ਸਰਬੱਤ ਦੇ ਭਲੇ ਅਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਦਾ ਜਾਮਨ ਹਲੇਮੀ-ਰਾਜ ਸਥਾਪਤ ਕੀਤਾ ਜਾ ਸਕੇਗਾ ਅਤੇ ਇਹ ਹਲੇਮੀ ਰਾਜ ਕਦੇ-ਨਾਂ-ਕਦੇ ਅਵੱਸ਼ ਹੀ ਹੋਂਦ ਵਿੱਚ ਆਵੇਗਾ)। ਇਥੇ ਇਹ ਸਚਾਈ ਭੀ ਵਰਣਨਯੋਗ ਹੈ ਕਿ ਇਸ ਲਾਸਾਨੀ ਫ਼ਲਸਫ਼ੇ `ਤੇ ਅਮਲ ਕਰ ਕੇ ਹੀ (ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵੱਲੋਂ ਨਿਯੁਕਤ ਕੀਤੇ ਸਿੱਖ ਕੌਮ ਦੇ ਮਹਾਨ ਤੇ ਨਿਧੜਕ ਜਰਨੈਲ ਬੰਦਾ ਸਿੰਘ ਬਹਾਦਰ ਅਤੇ ਉਸ ਦੇ ਸਾਥੀ ਜਰਨੈਲਾਂ ਨੇ) ਕੁੱਝ ਕੁ ਮਹੀਨਿਆਂ ਦੀ ਜਦੋਜਹਿਦ ਨਾਲ ਹੀ, ਭਾਰਤ ਦੇ ਵੱਡੇ ਹਿੱਸੇ `ਤੇ ਸਦੀਆਂ ਤੋਂ ਕਾਬਜ਼ ਤੱਤਕਾਲੀਨ ਜ਼ਾਲਮ ਮੁਗ਼ਲ ਹਕੂਮਤ ਅਤੇ ਜ਼ਰਵਾਣੇ ਵਿਦੇਸ਼ੀ ਲੁਟੇਰੇ ਤੇ ਹਮਲਾਵਰਾਂ (ਨਾਦਰਸ਼ਾਹ ਤੇ ਅਹਿਮਦਸ਼ਾਹ ਅਬਦਾਲੀ ਆਦਿ) ਦਾ ਇੱਕੋ ਸਮੇਂ ਹੀ ਸਫ਼ਲਤਾ ਨਾਲ ਟਾਕਰਾ ਕਰ ਕੇ ਮਈ 1710 ਵਿੱਚ ਕਰਨਾਲ ਤੇ ਲਾਹੌਰ ਦੇ (ਉਸ ਵਕਤ ਦੇ) ਵਿਚਕਾਰਲੇ ਛੇ ਸੂਬਿਆਂ ਵਿੱਚ ਹਲੇਮੀ-ਰਾਜ ਦਾ ਮਾਡਲ (ਖ਼ਾਲਸਾ ਹਲੇਮੀ-ਰਾਜ) ਸਥਾਪਤ ਕਰ ਕੇ ਇਸ ਰਾਜ ਦਾ ਨਾਨਕਸ਼ਾਹੀ ਸਿੱਕਾ ਤੇ ਨਾਨਕਸ਼ਾਹੀ ਮੁਹਰ ਜਾਰੀ ਕਰ ਦਿੱਤੇ ਸਨ। ਪਰ, ਉਸ ਵਕਤ ਦੌਰਾਨ ਛੋਟੀ ਜਿਹੀ ਸਿੱਖ ਕੌਮ (ਜਿਸ ਦੀ ਉਦੋਂ ਪੰਜਾਬ ਵਿੱਚ ਗਿਣਤੀ ਲੱਖਾਂ ਵਿੱਚ ਨਹੀਂ, ਹਜ਼ਾਰਾਂ ਵਿੱਚ ਹੀ ਸੀ) ਇਸ ਹਲੇਮੀ-ਰਾਜ ਨੂੰ ਛੇ ਕੁ ਸਾਲ ਤੱਕ ਹੀ ਕਾਇਮ ਰੱਖ ਸਕੀ। ਉਸ ਤੋਂ ਬਾਅਦ, ਜ਼ਾਲਮ ਮੁਗ਼ਲ ਹਕੂਮਤ ਦੀ ਫ਼ੌਜ ਦੇ ਵੱਡੇ ਹਿੱਸੇ ਅਤੇ ਮੁਗ਼ਲ ਰਾਜਿਆਂ ਨੂੰ ਆਪਣੀਆਂ ਧੀਆਂ-ਭੈਣਾਂ ਦੇ ਰਿਸ਼ਤੇ ਕਰਨ ਵਾਲੇ ਰਾਜਪੂਤ ਰਾਜਿਆਂ ਅਤੇ ਬਾਈਧਾਰ (ਮੌਜੂਦਾ ਹਿਮਾਚਲ ਪ੍ਰਦੇਸ਼) ਦੇ ਤੱਤਕਾਲੀਨ ਬੁੱਤ-ਪੂਜਕ ਅਖੌਤੀ ਉੱਚ-ਜਾਤੀ (ਖੱਤਰੀ ਜਾਂ ਕੁਸ਼ੱਤਰੀ) ਰਾਜਿਆਂ ਦੀਆਂ ਫ਼ੌਜਾਂ ਦੇ ਸਾਂਝੇ ਹਮਲਿਆਂ ਦੇ ਸਾਹਮਣੇ, ਨਿੱਕੀ ਜਿਹੀ ਸਿੱਖ ਕੌਮ ਵੱਲੋਂ ਮਈ 1710 ਵਿੱਚ ਕਾਇਮ ਕੀਤਾ ਖ਼ਾਲਸਾ ਹਲੇਮੀ ਰਾਜ 1716 ਵਿੱਚ ਤਹਿਸ-ਨਹਿਸ ਹੋ ਗਿਆ। ਸਿੱਖਾਂ ਦੇ ਸਿਰਾਂ ਦੇ ਮੁੱਲ ਪਾ ਦਿੱਤੇ ਗਏ ਅਤੇ ਸਿੱਖਾਂ ਦਾ ਸ਼ਿਕਾਰ ਖੇਡਿਆ ਜਾਣ ਲੱਗਾ। ਸਿੱਖ ਕੌਮ, ਛੋਟੇ-ਵੱਡੇ ਜਥਿਆਂ ਦੇ ਰੂਪ ਵਿੱਚ, ਆਪਣੇ ਜਾਨਾਂ ਤੋਂ ਭੀ ਪਿਆਰੇ ਗੁਰਧਾਮ ਤੇ ਘਰ-ਘਾਟ ਛੱਡ ਕੇ, ਬੀਕਾਨੇਰ ਦੇ ਮਾਰੂਥਲਾਂ, ਪੰਜਾਬ ਦੇ ਜੰਗਲ-ਬੇਲਿਆਂ ਅਤੇ ਹਿਮਾਂਚਲ ਦੇ ਪਹਾੜਾਂ ਵੱਲ ਨੂੰ ਨਿਕਲ ਗਈ। 60 ਕੁ ਸਾਲ ਦੇ ਇਸ ਅਤਿ ਦੇ ਭਿਆਨਕ ਸਮਿਆਂ ਦੌਰਾਨ ਭੀ ਗੁਰਮਤਿ ਫ਼ਲਸਫ਼ੇ `ਤੇ ਦ੍ਰਿੜਤਾ ਨਾਲ ਅਮਲ ਕਰਨ ਦੇ ਕਾਰਨ, ਦਸੰਬਰ 1765 ਵਿੱਚ, ਉਪਰੋਕਤ ਵਰਣਨ ਕੀਤੇ ਛੇ ਸੂਬਿਆਂ ਵਿੱਚ ਫਿਰ ਤੋਂ ਖ਼ਾਲਸਾ ਜੀ ਦੇ ਬੋਲ-ਬਾਲੇ ਕਾਇਮ ਕਰ ਕੇ ਨਾਨਕਸ਼ਾਹੀ ਸਿੱਕਾ ਤੇ ਮੁਹਰ ਦੁਬਾਰਾ ਲਾਹੌਰ ਤੋਂ ਜਾਰੀ ਕਰ ਦਿੱਤੇ ਗਏ। ਪਰ, ਉਦੋਂ ਤੱਕ ਸਿੱਖ ਕੌਮ ਅੰਦਰ ਇੱਕ ਹੋਰ ਦੁਖਦਾਈ ਭਾਣਾ ਵਰਤਣਾ ਸ਼ੁਰੂ ਹੋ ਚੁੱਕਾ ਸੀ। ਉਹ ਇਹ ਕਿ, ਉਸ ਵਕਤ ਦੇ ਗਿਆਰਾਂ ਸਿੱਖ ਜੱਥਿਆਂ (ਮਿਸਲਾਂ) ਵਿੱਚੋਂ ਕੁੱਝ ਕੁ ਜਥਿਆਂ ਦੀ ਕਮਾਣ (ਪੁਸ਼ਤੋ-ਪੁਸ਼ਤੀ) ਉਨ੍ਹਾਂ ਅਖੌਤੀ ਸਿੱਖ ਆਗੂਆਂ ਦੇ ਹੱਥ ਆਉਂਣ ਲੱਗ ਪਈ ਸੀ ਜਿਨ੍ਹਾਂ ਨੂੰ ਅਜਿਹੇ (ਬਿਪਤਾ-ਭਰਪੂਰ) ਸਮਿਆਂ `ਚ ਗੁਰਮਤਿ-ਫ਼ਲਸਫ਼ੇ ਦੇ ਮੌਲਿਕ ਸਿਧਾਂਤਾਂ ਦੀ ਬਾਕਾਇਦਾ ਜਾਣਕਾਰੀ ਨਹੀਂ ਸੀ ਮਿਲੀ ਕਿਉਂਕਿ ਉਸ ਅਤਿ ਭਿਆਨਕ ਸਮੇਂ ਦੌਰਾਨ ਕੌਮ ਦਾ ਨਿਸ਼ਾਨਾ, ਕੌਮ ਦੀ ਹੋਂਦ ਨੂੰ ਬਚਾ ਕੇ, 1716 `ਚ ਗੁਆਚੇ ਖ਼ਾਲਸਾ ਹਲੇਮੀ-ਰਾਜ ਨੂੰ ਬਹਾਲ ਕਰਨਾ ਹੀ ਸੀ। ਇੰਜ ਜਾਪਦਾ ਹੈ ਕਿ ਸਿੱਖ ਕੌਮ ਦੀ ਉਦੋਂ ਇਹ ਸੋਚ ਸੀ ਕਿ ਜਿਵੇਂ-ਕਿਵੇਂ ਭੀ, ਗੁਰਮਤਿ ਸਿਧਾਂਤਾਂ `ਤੇ ਪਹਿਰਾ ਦਿੰਦੇ ਹੋਏ, ਕੌਮ ਦੀ ਹੋਂਦ ਨੂੰ ਬਚਾਉਣਾ ਸਭ ਤੋਂ ਪਹਿਲਾ ਕੰਮ ਹੈ। ਉਹ, ਸ਼ਾਇਦ, ਸੋਚਦੇ ਸਨ ਕਿ ਜੇਕਰ ਕੌਮ ਦੀ ਹੋਂਦ ਨੂੰ ਬਚਾ ਲਿਆ ਗਿਆ ਤਾਂ ਬਾਕੀ ਦੇ ਸਾਰੇ ਕਾਰਜ ਬਾਅਦ ਵਿੱਚ ਪੂਰੇ ਕਰ ਲਏ ਜਾਣਗੇ। ਕੌਮ ਦੀ ਹੋਂਦ ਤਾਂ ਬਚਾ ਲਈ ਗਈ, ਪਰ ਬਾਕੀ ਜ਼ਰੂਰੀ ਕੰਮ ਅੱਜ ਤੱਕ ਵੀ ਅਧੂਰੇ ਹੀ ਪਏ ਹਨ। ਬਲਕਿ ਕੌਮ, ਆਏ ਦਿਨ, ਨਿਘਾਰ ਵੱਲ ਨੂੰ ਜਾ ਰਹੀ ਹੈ। ਇਨ੍ਹਾਂ ਜਥਿਆਂ ਦੇ ਲੀਡਰਾਂ ਨੇ ਆਪੋ-ਆਪਣੇ ਤੌਰ `ਤੇ ਆਜ਼ਾਦ ਕਰਵਾਏ ਜਾ ਚੁੱਕੇ ਇਲਾਕਿਆਂ ਨੂੰ ਇਕੱਠੇ ਕਰ ਕੇ, 1716 ਵਿੱਚ ਤਹਿਸ-ਨਹਿਸ ਹੋਏ ਖ਼ਾਲਸਾ ਹਲੇਮੀ ਰਾਜ ਨੂੰ ਬਹਾਲ ਕਰਨ (ਦਾ ਜੋ ਟੀਚਾ ਮਿਥਿਆ ਸੀ) ਦੀ ਬਜਾਏ, ਆਪੋ-ਆਪਣੇ ਇਲਾਕਿਆਂ ਨੂੰ ਆਪਣੇ ਪੁਰਖਿਆਂ ਵੱਲੋਂ ਵਿਰਾਸਤ ਵਿੱਚ ਮਿਲੀਆਂ ਰਿਆਸਤਾਂ ਹੀ ਸਮਝ ਲਿਆ ਅਤੇ ਆਪੋ-ਆਪਣੇ ਕਬਜ਼ੇ ਹੇਠਲੇ ਇਲਾਕਿਆਂ `ਚ ਵਾਧਾ ਕਰਨ ਲਈ, ਭਰਾ-ਮਾਰੂ ਜੰਗਾਂ ਰਾਹੀਂ, ਇੱਕ-ਦੂਜੇ ਦੇ ਇਲਾਕੇ ਹੀ ਖੋਹਣੇ ਸ਼ੁਰੂ ਕਰ ਦਿੱਤੇ। ਬੱਸ, ਇਥੋਂ ਹੀ ਗੁਰੂ ਨਾਨਕ ਸਾਹਿਬ ਵੱਲੋਂ ਵਿਸ਼ਵ-ਪੱਧਰੀ ਹਲੇਮੀ-ਰਾਜ ਸਥਾਪਤ ਕਰਨ ਲਈ ਅਰੰਭ ਕੀਤੀ ਗੁਰਮਤਿ ਇਨਕਲਾਬੀ ਲਹਿਰ ਨਿਵਾਣਾਂ ਵੱਲ ਹੋ ਤੁਰੀ ਅਤੇ ਇਹ ਦੁਖਦਾਈ ਗਿਰਾਵਟ ਅੱਜ ਵੀ ਜਾਰੀ ਹੈ।
ਗੁਰੂ ਗ੍ਰੰਥ ਸਾਹਿਬ ਦੇ ਫ਼ਲਸਫ਼ੇ ਦਾ ਸ਼ੁੱਧ ਰੂਪ ਵਿੱਚ, ਵਿਸ਼ਵ-ਪੱਧਰ `ਤੇ (ਵਰਤਮਾਨ ਆਧੁਨਿਕ ਮੀਡੀਆ ਦੀ ਸੁਚੱਜੀ ਵਰਤੋਂ ਕਰ ਕੇ) ਪ੍ਰਚਾਰ ਕਰਨ ਨਾਲ ਅਤੇ ਹਰੇਕ ਦੇਸ਼ ਵਿੱਚ ਉਹ ਸਾਰੀਆਂ ਘੱਟ-ਗਿਣਤੀਆਂ (ਛੋਟੀਆਂ ਕੌਮਾਂ, ਕਬੀਲੇ ਅਤੇ ਗ਼ਰੀਬ ਸਮਾਜਕ ਵਰਗ) ਜਿਨ੍ਹਾਂ ਨਾਲ ਕਿਸੇ ਪੱਖ ਤੋਂ ਭੀ ਵਿਤਕਰੇ, ਬੇ-ਇਨਸਾਫ਼ੀਆਂ, ਜ਼ੁਲਮ ਹੋ ਰਹੇ ਹਨ ਅਤੇ ਉਨ੍ਹਾਂ ਨਾਲ ਮਨੁੱਖੀ ਹੱਕਾਂ ਦਾ ਘਾਣ ਕਰਨ ਵਾਲਾ ਸਲੂਕ ਹੋ ਰਿਹਾ ਹੈ, ਉਹ ਸਾਰੀਆਂ ਪੀੜਤ-ਧਿਰਾਂ ਦੇਸ਼, ਇੱਕ ਸਾਂਝੇ ਪ੍ਰੋਗਰਾਮ ਅਧੀਨ, ਇੱਕ ਮੰਚ `ਤੇ ਇਕੱਠਿਆਂ ਹੋ ਕੇ (ਦੇਸ਼-ਪੱਧਰ `ਤੇ) ਸੰਯੁਕਤ ਰਾਸ਼ਟਰ (ਯੂ. ਐਨ. ਓ.) ਦੀਆਂ ਐਸੋਸੀਏਟ ਮੈਂਬਰਸ਼ਿਪਾਂ ਹਾਸਿਲ ਕਰਨ ਲਈ ਯੋਗ ਕਾਨੂੰਨੀ ਕਾਰਵਾਈ ਕਰਨ ਤਾਕਿ ਉਨ੍ਹਾਂ ਦੀ ਪੀੜਤ ਤੇ ਦੁਖੀ ਆਵਾਜ਼ ਭੀ ਅੰਤਰ-ਰਾਸ਼ਟਰੀ ਪੱਧਰ `ਤੇ ਚੁੱਕੀ ਜਾ ਸਕੇ ਅਤੇ ਉਨ੍ਹਾਂ ਲਈ ਇਨਸਾਫ਼ ਹਾਸਲ ਕੀਤਾ ਜਾ ਸਕੇ।
1710-1716 ਦੌਰਾਨ ਖ਼ਾਲਸਾ ਹਲੇਮੀ ਰਾਜ ਦੀਆਂ ਪ੍ਰਸਿੱਧ ਤੇ ਫ਼ਖਰਯੋਗ ਪ੍ਰਾਪਤੀਆਂ
ਉੱਪਰ ਵਰਣਨ ਕੀਤੇ ਖ਼ਾਲਸਾ ਹਲੇਮੀ-ਰਾਜ ਦਾ ਸਮਾਂ ਭਾਵੇਂ ਛੇ ਕੁ ਸਾਲ ਦਾ ਹੀ ਬਣਦਾ ਹੈ, ਪਰ, ਉਸ ਦੀਆਂ ਪ੍ਰਾਪਤੀਆਂ ਸਿੱਖ ਕੌਮ ਲਈ ਹੀ ਨਹੀਂ, ਬਲਕਿ, ਸਮੁੱਚੇ ਸੰਸਾਰ ਦੇ ਅਮਨ-ਪਸੰਦ ਵਿਅਕਤੀਆਂ ਲਈ ਮਾਣ ਤੇ ਫ਼ਖਰ ਕਰਨਯੋਗ ਹਨ। ਇਨ੍ਹਾਂ ਬਾਰੇ ਸੰਖੇਪ ਜ਼ਿਕਰ ਥੱਲੇ ਕੀਤਾ ਜਾ ਰਿਹਾ ਹੈ।
1. ਵਾਹੀਕਾਰਾਂ (ਕਿਰਤੀ ਕਿਸਾਨਾਂ ਤੇ ਮਜ਼ਦੂਰਾਂ) ਨੂੰ ਸੰਬੰਧਤ ਜ਼ਮੀਨੀ ਟੁਕੜਿਆਂ ਦੇ ਪੱਕੇ ਤੌਰ `ਤੇ ਮਾਲਿਕ ਬਣਾ ਕੇ ਜਾਗੀਰਦਾਰੀ ਅਨਿਆਂਇਕ ਸਿਸਟਮ ਨੂੰ ਖਤਮ ਕਰ ਦਿੱਤਾ ਗਿਆ। ਅਜਿਹਾ, ਸੰਸਾਰ ਦੇ ਇਤਿਹਾਸ ਵਿੱਚ, ਸ਼ਾਇਦ, ਪਹਿਲੀ ਵਾਰ ਕੀਤਾ ਗਿਆ ਸੀ।
2. ਹਰ ਮਜ਼੍ਹਬ ਦੇ ਪੈਰੋਕਾਰਾਂ ਨੂੰ ਆਪੋ-ਆਪਣੇ ਮੱਤ (ਮਜ਼੍ਹਬ) ਅਨੁਸਾਰ ਜੀਵਨ ਜਿਊਂਣ ਦੀ ਮੁਕੰਮਲ ਆਜ਼ਾਦੀ ਸੀ।
3. ਇਹ ਖ਼ਾਲਸਾ ਹਲੇਮੀ-ਰਾਜ, ਅਕਾਲ ਤਖ਼ਤ ਦੀ ਸਰਪ੍ਰਸਤੀ ਅਧੀਨ ਕੰਮ ਕਰਦਾ ਸੀ (ਆਪ-ਹੁਦਰਾ ਨਹੀਂ ਸੀ)।
4. ਕਿਸੇ ਭੀ ਮੱਤ ਦੇ ਪੈਰੋਕਾਰ ਨਾਲ, ਕਿਸੇ ਭੀ ਪੱਖ ਤੋਂ, ਕੋਈ ਵਿਤਕਰਾ ਜਾਂ ਬੇ-ਇਨਸਾਫ਼ੀ ਨਹੀਂ ਹੁੰਦੀ ਸੀ।
5.’ਹਿੰਦੂਆਂ’ ਨੂੰ ਆਪਣੇ ਮੰਦਰਾਂ ਵਿੱਚ ਪੂਜਾ ਕਰਨ ਦੀ ਖੁੱਲ੍ਹ ਸੀ, ਮੁਸਲਮਾਨਾਂ ਤੇ ਈਸਾਈਆਂ ਨੂੰ (ਅਤੇ ਹੋਰ ਮਤਾਂ ਦੇ ਪੈਰੋਕਾਰਾਂ ਨੂੰ) ਆਪੋ-ਆਪਣੇ ਮੱਤ ਦੇ ਅਕੀਦੇ ਅਨੁਸਾਰ ਪੂਜਾ-ਪਾਠ ਕਰਨ ਦੀ ਤੇ ਜੀਵਨ-ਜਿਊਂਣ ਦੀ ਪੂਰਨ ਖੁੱਲ੍ਹ ਸੀ।
6. ਕਿਸੇ ਮੱਤ ਦੇ ਭੀ ਧਾਰਮਿਕ ਅਸਥਾਨ ਦਾ ਨਾਂ ਤਾਂ ਕੋਈ ਨੁਕਸਾਨ ਕੀਤਾ ਗਿਆ ਅਤੇ ਨਾ ਹੀ ਕਿਸੇ ਕਿਸਮ ਦੀ ਨਿਰਾਦਰੀ ਕੀਤੀ ਗਈ।
7. ਪ੍ਰਬੰਧਕੀ ਅਹੁਦੇ, ਬਿਨਾਂ ਕਿਸੇ ਭਿੰਨ-ਭੇਦ ਦੇ, ਯੋਗਤਾ ਦੇ ਆਧਾਰ `ਤੇ (ਪਰ, ਗ਼ਰੀਬ ਵਰਗਾਂ ਨੂੰ ਪਹਿਲ ਦੇ ਆਧਾਰ `ਤੇ) ਦਿੱਤੇ ਜਾਂਦੇ ਸਨ।
8. ਸਮਾਜਕ ਤੇ ਧਾਰਮਿਕ ਅਹੁਦੇਦਾਰ, ‘ਮਨੁੱਖੀ-ਬਰਾਬਰਤਾ’ ਦੇ ਆਧਾਰ `ਤੇ (ਸਾਰੇ ਮਨੁੱਖਾਂ ਨੂੰ ਅਧਿਆਤਮਕ ਪੱਖ ਤੋਂ ਆਪਣੇ ਧਰਮ-ਭਰਾ, ਧਰਮ-ਭੈਣਾਂ ਸਮਝ ਕੇ) ਕੰਮ ਕਰਦੇ ਸਨ।
9. ਕਿਸੇ ਭੀ ਪ੍ਰਾਣੀ ਦਾ ਜ਼ਬਰਦਸਤੀ ਜਾਂ ਕੋਈ ਲਾਲਚ ਦੇ ਕੇ ਧਰਮ-ਪਰਿਵਰਤਨ
(change of religion) ਨਹੀਂ ਕੀਤਾ ਜਾਂਦਾ ਸੀ।
10. ਪੰਜਾਬ ਨੂੰ ਪਹਿਲੀ ਵਾਰ ਵਿਦੇਸ਼ੀਆਂ ਦੀ ਤਕਰੀਬਨ, ਸੱਤ ਸਦੀਆਂ ਦੀ ਗ਼ੁਲਾਮੀ `ਚੋਂ ਆਜ਼ਾਦ ਕਰਾਇਆ ਗਿਆ ਸੀ।
11. ਵਿਦੇਸ਼ੀ ਹਮਲਾਵਰ ਤੇ ਜ਼ਰਵਾਣੇ ਲੁਟੇਰੇ (ਅਹਿਮਦ ਸ਼ਾਹ ਤੇ ਨਾਦਰਸ਼ਾਹ ਵਗੈਰਾ) ਭਾਰਤ ਉਪ-ਮਹਾਂਦੀਪ ਦੀਆਂ ਬਹੂ-ਬੇਟੀਆਂ ਤੇ ਕਿਸ਼ੋਰ ਉਮਰ ਦੇ ਬੱਚਿਆਂ ਨੂੰ ਬੰਦੀ ਬਣਾ ਕੇ ਆਪਣੇ ਦੇਸ਼ ਲੈ ਜਾਇਆ ਕਰਦੇ ਸਨ, (ਗ਼ੁਲਾਮ ਬਣਾ ਕੇ ਅਤੇ ਉਨ੍ਹਾਂ ਦੀ ਇਜ਼ਤ ਨੂੰ ਰੋਲ ਕੇ), ਗਜਨੀ ਦੇ ਬਾਜ਼ਾਰਾਂ ਵਿੱਚ ਵੇਚ ਦਿਆ ਕਰਦੇ ਸਨ। ਉਜੱੜੀ ਫਿਰਦੀ ਸਿੱਖ ਕੌਮ ਦੇ ਜਥੇ, ਸਿਰ-ਧੜ ਦੀ ਬਾਜ਼ੀ ਲਾ ਕੇ, ਉਨ੍ਹਾਂ ਮਜ਼ਲੂਮਾਂ ਨੂੰ ਇਨ੍ਹਾਂ ਧਾੜਵੀਆਂ ਤੋਂ ਛੁੱਡਾ ਕੇ, ਉਨ੍ਹਾਂ ਨੂੰ ਘਰੋ-ਘਰੀ ਛੱਡ ਕੇ ਆਉਂਦੇ ਸਨ।
12. ਭਾਰਤ ਦੇ ਇਤਿਹਾਸ ਵਿੱਚ, ਪਹਿਲੀ ਵਾਰ (ਤੇ ਆਖਰੀ ਵਾਰ) ਵਿਦੇਸ਼ੀ ਲੁਟੇਰੇ ਹਮਲਾਵਰਾਂ (ਖ਼ਾਸ ਕਰ ਕੇ ਅਫ਼ਗਾਨੀ ਹਮਲਾਵਰਾਂ) ਨੂੰ ਯੁੱਧਾਂ-ਜੰਗਾਂ `ਚ ਮੂੰਹ-ਤੋੜ ਜਵਾਬ ਦੇ ਕੇ ਉਨ੍ਹਾਂ ਦੇ ਭਾਰਤ `ਤੇ ਕੀਤੇ ਜਾ ਰਹੇ ਕਹਿਰੀ ਹਮਲਿਆਂ ਨੂੰ ਸਦਾ ਲਈ ਠੱਲ੍ਹ ਪਾ ਕੇ ਅਫ਼ਗਾਨਿਤਸਾਨ ਦੇ ਉੱਤਰੀ-ਪੱਛਮੀ (ਅੱਜ ਕਲ ਪਾਕਿਸਤਾਨ `ਚ ਸ਼ਾਮਿਲ) ਸਰਹੱਦੀ ਸੂਬੇ ਨੂੰ ਫ਼ਤਹਿ ਕਰ ਕੇ, ਤੱਤਕਾਲੀਨ (ਰਣਜੀਤ ਸਿੰਘ ਦੇ ਪੰਜਾਬ-ਰਾਜ) ਵਿੱਚ ਸ਼ਾਮਿਲ ਕੀਤਾ। ਇੰਜ ਲਗਦਾ ਹੈ ਕਿ ਸਿੱਖ ਕੌਮ ਦੀ ਭਾਰਤੀ ਉੱਪ-ਮਹਾਂਦੀਪ `ਚੋਂ ਹੋਂਦ ਨੂੰ ਖ਼ਤਮ ਕਰਨ ਲਈ ਹੀ, {ਗੁਰੂ ਨਾਨਕ ਸਾਹਿਬ ਦੇ ਵਕਤ ਤੋਂ, ਹੀ ਗੁਰਮਤਿ-ਵਿਰੋਧੀ ਧਿਰਾਂ ਵੱਲੋਂ ਇੱਕ ਵਿਉਂਤਬੰਦ ਢੰਗ ਨਾਲ ਚਲਾਈ ਜਾ ਰਹੀ ਸਾਜਿਸ਼ੀ ਮੁਹਿਮ ਰਾਹੀਂ ਭਾਰਤ (ਖ਼ਾਸ ਕਰ ਕੇ ਪੰਜਾਬ)} ਦੇ ਸਕੂਲਾਂ ਤੇ ਕਾਲਜਾਂ ਦੇ ਸਿਲੇਬਸਾਂ ਵਿੱਚ ਸਿੱਖ ਕੌਮ ਦੇ ਸ਼ਾਨਾਮੱਤੇ ਇਤਿਹਾਸ ਤੇ ਵਿਰਸੇ ਨੂੰ ਸ਼ਾਮਿਲ ਨਹੀਂ ਕੀਤਾ ਜਾ ਰਿਹਾ।
ਸੰਖੇਪ ਵਿੱਚ, ਸਮਾਜ `ਚੋਂ ਸਾਰੇ ਵਿਤਕਰੇ (ਰਾਜਸੀ, ਧਾਰਮਿਕ ਤੇ ਸਮਾਜਕ) ਖ਼ਤਮ ਕਰ ਦਿੱਤੇ ਗਏ ਸਨ ਅਤੇ ਹਰ ਇੱਕ ਮਨੁੱਖ ਨੂੰ ਬਣਦਾ ਆਦਰ-ਸਤਿਕਾਰ ਦਿੱਤਾ ਜਾਂਦਾ ਸੀ। ਪਰ, ਸਮਾਜ-ਵਿਰੋਧੀ ਅਨਸਰਾਂ ਦੀ ਸੁਆਰ ਕੇ ਖੁੰਬ ਠੱਪੀ ਜਾਂਦੀ ਸੀ ਅਤੇ ਉਨ੍ਹਾਂ ਦਾ ਸੁਧਾਰ ਕਰਨ ਦਾ ਯਤਨ ਕੀਤਾ ਜਾਂਦਾ ਸੀ। ਜਿਹੜੇ ਸੁਧਰਨ ਤੋਂ ਆਕੀ ਰਹਿੰਦੇ ਸਨ, ਉਨ੍ਹਾਂ ਤੇ ਬਾਜ਼-ਨਜ਼ਰ ਰੱਖੀ ਜਾਂਦੀ ਸੀ ਅਤੇ ਲੋੜ ਪੈਣ `ਤੇ, ਸ਼ਾਂਤੀ ਕਾਇਮ ਕਰਨ ਲਈ, ਸੋਧਾ ਭੀ ਲਾ ਦਿੱਤਾ ਜਾਂਦਾ ਸੀ। ਇਹ ਸਾਰੀਆਂ ਹੀ ਅਹਿਮ ਪ੍ਰਾਪਤੀਆਂ ਗੁਰਮਤਿ-ਫ਼ਲਸਫ਼ੇ `ਤੇ ਦ੍ਰਿੜਤਾ ਨਾਲ ਪਹਿਰਾ ਦੇਣ ਕਾਰਨ ਹੀ, ਗੁਰੂ ਨੇ ਖ਼ਾਲਸੇ ਨੂੰ ਬਖ਼ਸ਼ਿਸ਼ ਕੀਤੀਆਂ ਸਨ।
ਲੇਖਕ ਦਾ ਦ੍ਰਿੜ ਵਿਸ਼ਵਾਸ ਹੈ ਕਿ ਦੁਨੀਆਂ ਦੇ ਇਤਿਹਾਸ ਵਿੱਚ, ਸਮੁੱਚੀ ਮਨੁੱਖਤਾ ਦੇ ਭਲੇ ਲਈ, ਮਨੁੱਖਤਾ ਦੀ ਬਰਾਬਰਤਾ ਦੇ ਆਧਾਰ `ਤੇ, ਸਰਬੱਤ ਦੇ ਭਲੇ ਲਈ, (ਕਿਸੇ ਖ਼ਾਸ ਖੇਤਰ ਜਾਂ ਸਮਾਜਕ ਵਰਗ ਲਈ ਨਹੀਂ) ਜੇਕਰ ਕਿਸੇ ਮਹਾਨ-ਰੂਹ ਨੇ (ਰੱਬ ਦੀ ਧੁਰ-ਦਰਗਾਹ ਤੋਂ ਵਰੋਸਾਅ ਕੇ) ਕੋਈ ਵਿਸ਼ਵ-ਪੱਧਰੀ, ਸਦੀਵਕਾਲੀ ਅਤੇ ਕਾਦਿਰ ਦੀ ਕੁਦਰਤਿ ਦੇ ਅਟੱਲ ਨਿਯਮਾਂ ਦੀ ਪਾਲਣਾ ਕਰਨ ਵਾਲੀ ਇਨਕਲਾਬੀ ਲਹਿਰ ਦੁਨੀਆਂ ਦੇ ਵੱਡੇ ਹਿੱਸੇ `ਚ ਚਲਾਈ ਸੀ ਤਾਂ ਉਹ ਸਾਰੀ ਮਨੁੱਖਤਾ ਦੇ ਸਾਂਝੇ ਗੁਰੂ ਤੇ ਰਹਿਬਰ ਸਿਰਫ਼ ਤੇ ਸਿਰਫ਼ ਗੁਰੂ ਨਾਨਕ ਸਾਹਿਬ ਹੀ ਸਨ। ਇੰਜ ਲਗਦਾ ਹੈ ਕਿ ਗੁਰੂ ਨਾਨਕ ਸਾਹਿਬ ਵੱਲੋਂ ਭਾਈ ਮਰਦਾਨਾ ਸਮੇਤ ਕੀਤੀਆਂ ਚਾਰ (ਜਾਂ ਇਸ ਤੋਂ ਵੀ ਜ਼ਿਆਦਾ) ਲੰਮੀਆਂ ਵਿਸ਼ਵ-ਪੱਧਰੀ ਪ੍ਰਚਾਰ ਫੇਰੀਆਂ ਦੌਰਾਨ ਕੀਤੇ ਨਿਰੋਲ ਸੱਚ ਦੇ ਪ੍ਰਚਾਰ ਤੋਂ ਪ੍ਰਭਾਵਤ ਹੋ ਕੇ ਹੀ ਮਾਰਟਨ ਲੂਥਰ ਨੇ ਪੋਪ ਦੀਆਂ ਆਪ-ਹੁਦਰੀਆਂ ਅਤੇ ਅਨਿਆਂਇਕ ਕਾਰਵਾਈਆਂ ਦੇ ਖ਼ਿਲਾਫ਼ ਬਗ਼ਾਵਤ ਦਾ ਝੰਡਾ ਚੁੱਕ ਕੇ ਈਸਾਈ ਪ੍ਰੋਟੈਸਟੈਂਟ ਲਹਿਰ ਚਲਾਈ ਸੀ। ਇਸ ਹਕੀਕਤ ਦੀ ਭੀ ਪੂਰੀ ਸੰਭਾਵਨਾ ਹੈ ਕਿ ਗੁਰਮਤਿ ਇਨਕਲਾਬੀ ਲਹਿਰ ਤੋਂ ਪ੍ਰੇਰਨਾ ਲੈ ਕੇ ਹੀ 1789 ਵਿੱਚ ਫਰਾਂਸ ਦੇ ਇਨਕਲਾਬ ਦਾ ਮੁੱਢ ਬੱਝਾ ਸੀ ਅਤੇ ਵੀਹਵੀਂ ਸਦੀ ਵਿੱਚ ਕਾਰਲ ਮਾਰਕਸ ਵਰਗਿਆਂ ਸੁਧਾਰਕ ਇਨਕਲਾਬੀਆਂ ਨੇ ਰੂਸ ਤੇ ਚੀਨ ਵਿੱਚ ‘ਸਾਂਝੀਵਾਲਤਾ’ ਦਾ ਨਾਅਰਾ ਲਾ ਕੇ ਇਨਕਲਾਬੀ ਲਹਿਰਾਂ ਚਲਾਈਆਂ ਸਨ। ਕਾਸ਼! ਇਨ੍ਹਾਂ ਇਨਕਲਾਬਾਂ ਦੇ ਜਨਮਦਾਤੇ ਕਿਤੇ ਮਨੁੱਖਤਾ ਦੇ ਸਰਬ-ਸਾਂਝੇ ਇਨਕਲਾਬੀ ਗੁਰਮਤਿ ਫ਼ਲਸਫ਼ੇ ਦਾ ਡੂੰਘਾ ਤੇ ਸਰਬ-ਪੱਖੀ ਅਧਿਐਨ ਕਰ ਕੇ ਆਪੋ-ਆਪਣੀਆਂ ਇਨਕਲਾਬੀ ਲਹਿਰਾਂ (ਅਸਲ ਵਿੱਚ ਗੁਰਮਤਿ ਫ਼ਲਸਫ਼ੇ ਦੀਆਂ ਸਹਾਇਕ ਲਹਿਰਾਂ) ਦੀ ਅਗੁਵਾਈ ਕਰਦੇ ਤਾਂ ਦੁਨੀਆਂ ਦੇ ਇਤਿਹਾਸ ਅੰਦਰ ਬੁਨਿਆਦੀ ਤੇ ਅਹਿਮ ਤਬਦੀਲੀਆਂ ਆੳਂਣੀਆਂ ਸੰਭਵ ਸਨ ਅਤੇ ਅੱਜ ਤੱਕ, ਸ਼ਾਇਦ, (ਜੇਕਰ ਸਾਰੀ ਦੁਨੀਆਂ ਵਿੱਚ ਨਹੀਂ ਤਾਂ ਘੱਟੋ-ਘੱਟ ਦੁਨੀਆਂ ਦੇ ਵੱਡੇ ਹਿੱਸੇ ਵਿੱਚ) ਮਨੁੱਖਤਾ ਦੀ ਬਰਾਬਰਤਾ ਤੇ ਸਾਂਝੀਵਾਲਤਾ ਦੇ ਅਸੂਲਾਂ ਦੇ ਆਧਾਰ `ਤੇ (ਧਰਮ-ਨਿਰਪੱਖ ਤੇ ਅਸਲੀ ਲੋਕਰਾਜ ਸਥਾਪਤ ਹੋ ਜਾਣ ਕਰ ਕੇ) ਵਿਸ਼ਵ-ਪੱਧਰੀ (ਤੇ ਸਦੀਵਕਾਲੀ) ਸ਼ਾਂਤੀ ਸਥਾਪਤ ਹੋ ਚੁੱਕੀ ਹੁੰਦੀ, ਜਿਸ ਦਾ ਵਰਣਨ ਗੁਰੂ ਗ੍ਰੰਥ ਸਾਹਿਬ ਦਾ ਅਦੁੱਤੀ ਫ਼ਲਸਫ਼ਾ ਇੰਜ ਕਰਦਾ ਹੈ -
ਹੁਣਿ ਹੁਕਮੁ ਹੋਆ ਮਿਹਰਵਾਣ ਦਾ॥ ਪੈ ਕੋਇ ਨ ਕਿਸੈ ਰਵਾਣਦਾ॥
ਸਭ ਸੁਖਾਲੀ ਵੁਠੀਆ ਇਹੁ ਹੋਆ ਹਲੇਮੀ ਰਾਜੁ ਜੀਉ॥ 13॥
(ਮ: 5, 73-74)

ਪਦ ਅਰਥ: ਪੈ-ਪੈ ਕੇ, ਜ਼ੋਰ ਪਾ ਕੇ। ਕੋਇ-ਕੋਈ ਭੀ ਕਾਮਆਦਿਕ ਵਿਕਾਰ। ਰਞਾਣਦਾ-ਦੁਖੀ ਕਰਨ ਦਾ। ਵੁਠੀਆ-ਵੁੱਠੀਆ, ਵਸ ਪਈ ਹੈ। ਹਲੇਮੀ ਰਾਜੁ-ਹਲੀਮੀ ਦਾ ਰਾਜ, ਨਿਮਰਤਾ ਸੁਭਾਅ ਦਾ ਰਾਜ।
ਭਾਵ: (ਜਿਸ-ਜਿਸ ਉਤੇ ਪ੍ਰਭੂ ਦੀ ਮਿਹਰ ਹੋਈ ਹੈ ਉਹ) ਸਾਰੀ ਲੁਕਾਈ (ਅੰਤਰ-ਆਤਮੇ) ਆਤਮਕ ਅਨੰਦ ਵਿੱਚ ਵਸ ਰਹੀ ਹੈ, (ਹਰੇਕ ਦੇ ਅੰਦਰ) ਇਹ ਨਿਮਰਤਾ ਦਾ ਰਾਜ ਹੋ ਗਿਆ ਹੈ। ਮਿਹਰਵਾਨ ਪ੍ਰਭੂ ਦਾ ਹੁਣ ਐਸਾ ਹੁਕਮ ਵਰਤਿਆ ਹੈ ਕਿ ਕੋਈ ਭੀ ਕਾਮਾਦਿਕ ਵਿਕਾਰ (ਪ੍ਰਭੂ ਦੀ ਸ਼ਰਣ ਆਏ) ਕਿਸੇ ਨੂੰ ਭੀ ਦੁੱਖੀ ਨਹੀਂ ਕਰ ਸਕਦਾ। 13.
ਸਿੱਖ ਕੌਮ ਦੀ ਹੋਂਦ ਨੂੰ ਭਾਰਤ ਵਿੱਚ ਹੀ ਵੱਡਾ ਖ਼ਤਰਾ
ਅੱਜ ਸਿੱਖ ਕੌਮ (ਜਿਸ ਦੀ ਇਖ਼ਲਾਕੀ ਜ਼ਿੰਮੇਵਾਰੀ, ਵਿਸ਼ਵ-ਪੱਧਰ `ਤੇ ਗੁਰੂ ਗ੍ਰੰਥ ਸਾਹਿਬ ਦੇ ਸਰਬ-ਸ੍ਰੇਸ਼ਟ, ਸਰਬ-ਸਾਂਝੇ ਅਤੇ ਸਰਬੱਤ ਦੇ ਭਲੇ ਤੇ ਮਨੁੱਖੀ ਹੱਕਾਂ ਦੀ ਰਾਖੀ ਦੇ ਜਾਮਨ ਗੁਰਮਤਿ ਫ਼ਲਸਫ਼ੇ ਦਾ ਪ੍ਰਚਾਰ/ਪਾਸਾਰ ਕਰਨ ਦੀ ਬਣਦੀ ਹੈ) ਦੀ ਹੋਂਦ ਨੂੰ ਹੀ (ਖ਼ਾਸ ਕਰ ਕੇ ਭਾਰਤ ਉੱਪ-ਮਹਾਂਦੀਪ ਵਿੱਚ) ਸਭ ਤੋਂ ਵੱਡਾ ਖ਼ਤਰਾ ਹੇਠ ਲਿਖੀਆਂ ਗੁਰਮਤਿ-ਵਿਰੋਧੀ ਤੇ ਖ਼ੁਦਗਰਜ਼ ਧਿਰਾਂ ਤੋਂ ਹੈ:-
1. ਗੁਰਮਤਿ-ਵਿਹੂਣੇ ਤੇ ਖ਼ੁਦਗਰਜ਼ ਮੌਜੂਦਾ ਸਿੱਖ ਲੀਡਰ (ਰਾਜਨੀਤਕ, ਧਾਰਮਿਕ ਤੇ ਸਮਾਜਕ ਲੀਡਰ)।
2. ਸ੍ਰੀ ਅਕਾਲ ਤਖ਼ਤ ਸਾਹਿਬ (ਤੇ ਦੂਜੇ ਚਾਰ ਅਖੌਤੀ ਤਖ਼ਤ ਸਾਹਿਬਾਨ) ਦੇ ਅਖੌਤੀ ਜਥੇਦਾਰ। ਇਹ ਅਹੁਦਾ ਹੀ ਗੁਰਮਤਿ-ਵਿਰੋਧੀ ਹੈ।
3. ਸਿੱਖੀ ਸਰੂਪ ਵਿੱਚ ਵਿੱਚਰ ਰਹੀਆਂ ਗੁਰਮਤਿ-ਵਿਰੋਧੀ ਸੰਪਰਦਾਵਾਂ (ਕਿਉਂਕਿ ਸਿੱਖੀ `ਚ ਕਿਸੇ ਸੰਪਰਦਾ ਲਈ, ਸਿਧਾਂਤਕ ਪੱਖ ਤੋਂ, ਕੋਈ ਥਾਂ ਨਹੀਂ ਹੈ)।
4. ਮਨੂੰਵਾਦੀਆਂ ਦੀ ਸਾਜਿਸ਼ ਅਧੀਨ ਗੁਰਮਤਿ ਫ਼ਲਸਫ਼ੇ ਦਾ ਭਗਵੇਂ ਰੰਗ ਵਿੱਚ ਪ੍ਰਚਾਰ ਕਰ ਰਹੇ ਕੁੱਝ ਕੁ ਅਖੌਤੀ ਸਿੱਖ ਪ੍ਰਚਾਰਕ।
5. ਅਖੌਤੀ ਸਿੱਖ ਡੇਰੇਦਾਰ (ਡੇਰਿਆਂ ਦੇ ਮੁੱਖੀ) ਅਤੇ ਅਖੌਤੀ ਸੰਤ-ਬਾਬੇ (ਨਕਲੀ ਬ੍ਰਹਮ ਗਿਆਨੀ, 108, 1008 ਆਦਿ)।
6. ਅਖੌਤੀ ‘ਸੰਤ-ਸਮਾਜ’, ਕਿਉਂਕਿ, ਇਹ ਭੀ ਆਮ ਕਰ ਕੇ (ਕਿਸੇ ਟਾਵੇਂ-ਟਾਵੇਂ ਤੋਂ ਇਲਾਵਾ) ਮਨੂੰਵਾਦ ਦੇ ਕੁਹਾੜੇ ਦੇ ਦਸਤੇ ਬਣ ਕੇ ਸਿੱਖ-ਸਿਧਾਂਤ, ਗੁਰ-ਇਤਿਹਾਸ, ਸਿੱਖ-ਇਤਿਹਾਸ, ਸਿੱਖ ਸਭਿਆਚਾਰ ਤੇ ਇਖਲਾਕੀ ਕਦਰਾਂ-ਕੀਮਤਾਂ ਦਾ ਵਿਨਾਸ਼ ਕਰ ਰਹੇ ਹਨ।
7. ਭਾਰਤ ਉੱਪ-ਮਹਾਂਦੀਪ ਵਿੱਚ ਮਨੂੰਵਾਦ (ਜਿਸ ਦੀ ਮੁੱਢਲੀ ਜਥੇਬੰਦੀ ਹੈ ਰਾਸ਼ਟਰੀਆ ਸਵੈਮਸੇਵਕ ਸੰਘ) ਤੇ ਇਸ ਦੀਆਂ ਸਹਾਇਕ ਜਥੇਬੰਦੀਆਂ/ਸੰਸਥਾਵਾਂ।
8. ਗੁਰਮਤਿ-ਵਿਹੂਣੇ (ਕੁੱਝ ਕੁ ਜਥਿਆਂ ਜਾਂ ਧੜਿਆਂ ਨਾਲ ਜੁੜੇ ਹੋਏ ਜਜ਼ਬਾਤੀ) ਸਿੱਖ।
9. ਗੁਰਮਤਿ-ਵਿਹੂਣੇ (ਸਿਵਾਏ ਕਿਸੇ ਟਾਵੇਂ-ਟਾਵੇਂ ਦੇ) ਗੁਰਦਵਾਰਾ ਸੰਸਥਾ ਦੀਆਂ ਪ੍ਰਬੰਧਕ ਕਮੇਟੀਆਂ ਦੇ ਮੈਂਬਰ।
10. ਅਨਪੜ੍ਹ, ਨਸ਼ੇੜੀ ਤੇ ਵਿਹਲੜ ਅਖੌਤੀ ਸਿੱਖ। ਅਸਲ ਵਿੱਚ, ਗੁਰਮਤਿ-ਵਿਰੋਧੀ ਧਿਰਾਂ ਵੱਲੋਂ ਸਿੱਖ ਨੋਜਵਾਨਾਂ ਨੂੰ ਇਹ ਤਿੰਨੇ ਅਲਾਮਤਾਂ ਹੀ (ਇੱਕ ਸੋਚੀ-ਸਮਝੀ ਸਾਜਿਸ਼ ਅਧੀਨ) ਲਗਾ ਦਿੱਤੀਆਂ ਗਈਆਂ ਹਨ। ਅੱਜਕਲ ਕੁੱਝ ਕੁ ਅਜਿਹੇ ਨਾ-ਮੁਰਾਦ ਨਸ਼ੇ (ਚਿੱਟਾ ਤੇ ਭੂਰਾ ਪਾਉਡਰ, ਸਮੈਕ ਆਦਿ) ਸਿੱਖ-ਨੌਜਵਾਨਾਂ ਨੂੰ ਲਗਾਏ ਜਾ ਰਹੇ ਹਨ ਜਿਨ੍ਹਾਂ ਦਾ ਆਦੀ ਹੋਇਆ ਮਨੁੱਖ ਅੱਗੇ ਸੰਤਾਨ ਪੈਦਾ ਕਰਨ ਤੋਂ ਭੀ ਅਸਮਰੱਥ ਹੋ ਜਾਂਦਾ ਹੈ ਅਤੇ ਕੁੱਝ ਕੁ ਸਾਲਾਂ ਬਾਅਦ ਹੀ ਇਸ ਫਾਨੀ ਸੰਸਾਰ ਤੋਂ ਤੁਰ ਜਾਂਦਾ ਹੈ ਅਤੇ ਪਿੱਛੇ ਰਹਿ ਜਾਂਦਾ ਹੈ ਰੋਂਦਾ-ਕੁਰਲਾਉਂਦਾ ਤੇ ਆਪਣੀ ਕਿਸਮਤ ਨੂੰ ਕੋਸਦਾ ਉਸ ਦਾ ਪਰਿਵਾਰ। ਅਸਲ ਵਿੱਚ, ਸਿੱਖ ਨੌਜਵਾਨੀ ਦੀ ਇਹ ਨਸ਼ਿਆਂ ਦੁਆਰਾ ਨਸਲ-ਕੁਸ਼ੀ ਹੀ ਹੈ। ਇਹ ਨਿੰਦਣਯੋਗ ਕਾਰਵਾਈ, ਇਤਨੇ ਵੱਡੇ ਪੱਧਰ `ਤੇ (ਕਈ ਹਜ਼ਾਰ ਕ੍ਰੋੜਾਂ ਦਾ ਗੈਰ-ਕਾਨੂੰਨੀ ਨਸ਼ਿਆਂ ਦਾ ਸਾਲਾਨਾ ਵਾਪਾਰ) ਰਾਜਨੀਤਕ ਲੀਡਰਾਂ, ਅਫ਼ਸਰਸ਼ਾਹੀ ਤੇ ਪੁਲਿਸ ਦੀ ਸ਼ਹਿ ਤੋਂ ਬਿਨਾਂ ਨਹੀਂ ਕੀਤੀ ਜਾ ਸਕਦੀ।
ਮੌਜੂਦਾ ਚੁਣੌਤੀਆਂ ਦਾ ਗੁਰਮਤਿ ਫ਼ਲਸਫ਼ੇ ਅਨੁਸਾਰ ਸਫ਼ਲਤਾ ਨਾਲ ਟਾਕਰਾ ਕਰਨ ਲਈ ਸਿੱਖ ਕੌਮ ਦਾ ਪ੍ਰਸਤਾਵਤ ਜਥੇਬੰਦਕ ਢਾਂਚਾ ਹੇਠਾਂ ਦਿੱਤਾ ਜਾ ਰਿਹਾ ਹੈ।

ਅਸ਼ਾਂਤੀ ਪੈਦਾ ਕਰਨ ਵਾਲੀਆਂ ਚੁਣੌਤੀਆਂ ਦਾ ਸਫ਼ਲਤਾ ਨਾਲ ਟਾਕਰਾ ਕਰਨ ਲਈ ਕੁੱਝ ਕੁ ਸੁਝਾਅ
ਜਿਵੇਂ ਕਿ ਇਸ ਲਿਖਤ ਵਿੱਚ ਜ਼ਿਕਰ ਕੀਤਾ ਜਾ ਚੁੱਕਾ ਹੈ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਪਰਮੇਸ਼ਰ-ਸਰੂਪ ਸਤਿਗੁਰਾਂ ਵੱਲੋਂ ਅੰਕਿਤ ਕੀਤੇ ਸਾਰੇ ਸੰਸਾਰ ਦੇ ਸਾਂਝੇ ਅਤੇ ਇਲਾਹੀ ਫ਼ਲਸਫ਼ੇ ਨੂੰ ਸਿੱਖ ਕੌਮ ਨੇ ਹੀ (ਆਪਣੇ ਅਮੋਲਕ ਵਿਰਸੇ ਦੇ ਰੂਪ ਵਿੱਚ) ਸੰਭਾਲ ਕੇ ਰੱਖਿਆ ਹੋਇਆ ਹੈ। ਇਸ ਲਈ ਸਿੱਖ ਕੌਮ ਦੀ ਇਖ਼ਲਾਕੀ ਜ਼ਿੰਮੇਵਾਰੀ ਹੈ ਕਿ ਉਹ ਆਪਣੇ ਸਾਰੇ ਅੰਦਰੂਨੀ ਮੱਤ-ਭੇਦਾਂ ਨੂੰ, ਗੁਰਮਤਿ-ਵਿਧੀ ਅਨੁਸਾਰ ਦੂਰ ਕਰ ਕੇ, ਮਨੁੱਖਤਾ ਦਾ ਭਲਾ ਲੋਚਣ ਵਾਲੀਆਂ ਸੰਸਾਰ ਦੀਆਂ ਸਾਰੀਆਂ ਧਿਰਾਂ ਦਾ ਸਹਿਜੋਗ ਲੈ ਕੇ, ਗੁਰਮਤਿ ਫ਼ਲਸਫ਼ੇ ਦਾ ਵਿਸ਼ਵ-ਪੱਧਰ `ਤੇ ਪ੍ਰਚਾਰ/ਪਾਸਾਰ ਕਰ ਕੇ ਮਨੁੱਖਤਾ ਨੂੰ ਅਗਿਆਨਤਾ ਦੀ ਨੀਂਦ `ਚੋਂ ਜਗਾਵੇ। ਫਿਰ ਜਾਗਰੂਕ ਹੋ ਚੁੱਕੇ ਸੰਸਾਰ ਦੇ ਹਿੱਸੇ ਨੂੰ (ਸਿੱਖ ਕੌਮ ਦੇ ਉੱਪਰ ਦਿੱਤੇ ਚਾਰਟ-ਰੂਪ ਵਿੱਚ ਦਰਸਾਏ ਪ੍ਰਸਤਾਵਤ ਸਮਾਜ-ਪ੍ਰਬੰਧ ਅਨੁਸਾਰ) ਜਥੇਬੰਦ ਕਰ ਕੇ, ਸੰਸਾਰ ਦੇ ਮਾਨਵਵਾਦੀ ਕਾਨੂੰਨਾਂ ਦੀ ਪਾਲਣਾ ਕਰਦੇ ਹੋਏ, ਵਿਸ਼ਵ-ਪੱਧਰੀ ਆਦਰਸ਼ਕ ਭਾਈਚਾਰਕ ਸਾਂਝਾਂ ਵਾਲੇ ਸਮਾਜ ਦੀ ਸਿਰਜਨਾ ਅਤੇ ਆਦਰਸ਼ਕ ਸਮਾਜ-ਪ੍ਰਬੰਧ (ਹਲੇਮੀ-ਰਾਜ) ਦੀ ਸਥਾਪਨਾ ਵੱਲ ਵਧੇ। ਇਹੋ ਪਲਾਨ ਗੁਰੂ ਸਾਹਿਬਾਨ ਨੇ ਤਿਆਰ ਕਰ ਕੇ ਅਮਲ ਵਿੱਚ ਲਿਆਂਦਾ ਸੀ। ਗੁਰੂ ਕਾਲ ਦੇ 239 ਸਾਲ ਦੇ ਲੰਮੇ ਅਤੇ ਚੁਣੌਤੀਆਂ ਭਰਪੂਰ ਸਮੇਂ ਦੌਰਾਨ, ਉਨ੍ਹਾਂ ਨੂੰ ਪੰਜਵੇਂ, ਨੌਵੇਂ ਤੇ ਦਸਵੇਂ ਸਰੂਪ ਵਿੱਚ ਸ਼ਹਾਦਤਾਂ ਭੀ ਦੇਣੀਆਂ ਪਈਆਂ ਸਨ, ਸਰਬੰਸ ਤੱਕ ਭੀ ਵਾਰਨੇ ਪਏ ਸਨ। ਸਤਿਗੁਰਾਂ ਦੇ ਅਮਲੀ ਤੌਰ `ਤੇ ਦਰਸਾਏ ਰਾਹ `ਤੇ ਚੱਲ ਕੇ ਹੀ ਸਿੱਖ ਕੌਮ ਨੇ, ਬੰਦਾ ਸਿੰਘ ਬਹਾਦਰ ਦੀ ਜਰਨੈਲੀ ਹੇਠ, 1710-16 ਦੌਰਾਨ, ਲਾਹੌਰ ਤੇ ਕਰਨਾਲ ਦੇ ਵਿਚਕਾਰਲੇ (ਉਸ ਵਕਤ ਦੇ) ਛੇ ਸੂਬਿਆਂ ਵਿੱਚ ਖ਼ਾਲਸਾ ਹਲੇਮੀ-ਰਾਜ ਕਾਇਮ ਕੀਤਾ ਸੀ। ਇਸੇ ਰਾਜ ਦੀਆਂ ਫ਼ੌਜਾਂ (ਜਥਿਆਂ ਜਾਂ ਮਿਸਲਾਂ) ਦੁਆਰਾ ਰਣਜੀਤ ਸਿੰਘ ਨੇ ਇੱਕ ਵਿਸ਼ਾਲ (ਨਿੱਜੀ) ਸਿੱਖ-ਰਾਜ ਕਾਇਮ ਕੀਤਾ ਸੀ ਜਿਹੜਾ 1799 ਤੋਂ 1849 ਤੱਕ ਸਲਾਮਤ ਰਿਹਾ। ਪਰ, ਰਣਜੀਤ ਸਿੰਘ ਦੀਆਂ ਨਿੱਜੀ ਕਮਜ਼ੋਰੀਆਂ ਦਾ ਨਾ-ਜਾਇਜ਼ ਫ਼ਾਇਦਾ ਉਠਾ ਕੇ, ਜੰਮੂ ਦੇ ਡੋਗਰਿਆਂ ਤੇ ਪੂਰਬੀ ਭਾਰਤ (ਯੂ. ਪੀ. , ਬਿਹਾਰ) ਦੇ ਬ੍ਰਾਹਮਣਾਂ ਦੀਆਂ ਗ਼ਦਾਰੀਆਂ ਕਾਰਨ, ਇਹ ਰਾਜ 1849 ਵਿੱਚ ਅੰਗਰੇਜ਼ੀ ਹਕੂਮਤ ਦੀ ਗ਼ੁਲਾਮੀ `ਚ ਚਲਾ ਗਿਆ।
ਪੰਜਾਬ ਨੂੰ ਅੰਗ੍ਰੇਜ਼ੀ ਹਕੂਮਤ ਤੋਂ ਆਜ਼ਾਦ ਕਰਾਉਂਣ ਲਈ ਜਦੋਜਹਿਦ: ਸੰਕੇਤਕ ਇਤਿਹਾਸਕ ਪੱਖ
ਪੰਜਾਬ ਨੂੰ ਅੰਗ੍ਰੇਜ਼ੀ ਹਕੂਮਤ ਵਿੱਚ ਸ਼ਾਮਿਲ ਕਰਾਉਂਣ ਲਈ (ਮਹਾਰਾਜਾ ਰਣਜੀਤ ਸਿੰਘ ਦੇ ਵਿਸ਼ਵਾਸ਼ਪਾਤਰ ਬਣ ਕੇ) ਸਿੱਖੀ ਸਰੂਪ ਵਿੱਚ ਵਿੱਚਰ ਰਹੇ ਜੰਮੂ ਦੇ ਡੋਗਰੇ ਭਰਾਵਾਂ (ਧਿਆਨ ਸਿੰਹੁ ਤੇ ਗੁਲਾਬ ਸਿੰਹੁ) ਅਤੇ ਸਿੱਖੀ ਸਰੂਪ ਧਾਰ ਕੇ ਮਹਾਰਾਜਾ ਰਣਜੀਤ ਸਿੰਘ ਦੀਆਂ ਸਿੱਖ ਫ਼ੌਜਾਂ ਦੇ ਮੁੱਖੀ ਦੇ ਅਹੁਦਿਆਂ ਤੱਕ ਪਹੁੰਚ ਚੁੱਕੇ ਪੂਰਬੀਏ ਬ੍ਰਾਹਮਣਾਂ (ਮਿਸ਼ਰ ਤੇਜ ਸਿੰਹ) ਨੇ 1840 ਦੇ ਦਹਾਕੇ ਦੌਰਾਨ, ਭਾਰਤ ਉੱਪ-ਮਹਾਂਦੀਪ ਦੇ ਵੱਡੇ ਹਿੱਸੇ `ਤੇ ਕਾਬਜ਼ ਹੋ ਚੁੱਕੇ ਅੰਗ੍ਰੇਜ਼ੀ ਰਾਜ ਨਾਲ ਅੰਦਰ-ਖਾਤੇ ਸਾਜ-ਬਾਜ ਕਰ ਕੇ, ਐਂਗਲੋ-ਸਿੱਖ ਜੰਗਾਂ ਵਿੱਚ ਜੇਤੂ ਰਹੀਆਂ ਸਿੱਖ ਫ਼ੌਜਾਂ ਨੂੰ (ਗ਼ਦਾਰੀ ਦੇ ਕਈ ਹੱਥ-ਕੰਡੇ ਵਰਤ ਕੇ) ਹਰਾ ਦਿੱਤਾ। ਉਸ ਵਕਤ ਜੰਮੂ ਦਾ ਡੋਗਰਾ ਗੁਲਾਬ ਸਿੰਹ ਸਿੱਖ ਰਾਜ ਦਾ ਪ੍ਰਧਾਨ ਮੰਤਰੀ ਸੀ ਅਤੇ ਮਿਸ਼ਰ ਤੇਜ ਸਿੰਹ ਸਿੱਖ ਫ਼ੌਜਾਂ ਦਾ ਮੁੱਖੀ ਸੀ। ਤੱਤਕਾਲੀਨ ਮੁਸਲਮਾਨ ਸ਼ਾਹ ਮੁਹੰਮਦ (ਚੋਟੀ ਦਾ ਕਵੀ ਤੇ ਇਤਿਹਾਸ ਦੀ ਸੋਝੀ ਰੱਖਣ ਵਾਲਾ ਵਿਦਵਾਨ) ਇਸ ਹਕੀਕਤ ਦੀ ਗਵਾਹੀ ਭਰਦਾ ਹੋਇਆ ਕੁੱਝ ਇਸ ਤਰ੍ਹਾਂ ਦੇ ਭਾਵ ਪਰਗਟ ਕਰਦਾ ਹੈ -
ਜੰਗ ਹਿੰਦ ਪੰਜਾਬ ਦਾ ਹੋਣ ਲੱਗਾ ਪਾਤਸ਼ਾਹੀ ਫ਼ੌਜਾਂ ਦੋਨੋਂ ਭਾਰੀਆਂ ਨੇ। ਹੋਵੇ ਅੱਜ ਸਰਕਾਰ1 ਤਾਂ ਕਦਰ ਪਾਵੇ, ਜਿਹੜੀਆਂ ਖ਼ਾਲਸੇ ਨੇ ਤੇਗ਼ਾਂ ਮਾਰੀਆਂ ਨੇ। ਸ਼ਾਹ ਮੁਹੰਮਦਾ ਇੱਕ ਸਰਕਾਰ ਬਾਝੋਂ, ਫ਼ੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ।
ਸਰਕਾਰ - ਮਹਾਰਾਜਾ ਰਣਜੀਤ ਸਿੰਘ
1873 ਦੇ ਆਸ-ਪਾਸ, ਗਿਆਨੀ ਦਿੱਤ ਸਿੰਘ, ਪ੍ਰੋ. ਗੁਰਮੁੱਖ ਸਿੰਘ ਅਤੇ ਭਾਈ ਜਵਾਹਰ ਸਿੰਘ ਵਰਗੇ ਸਿਦਕੀ ਸਿੱਖਾਂ ਦੀ ਅਗੁਵਾਈ ਹੇਠ ਅਰੰਭ ਹੋਈ ਸਿੰਘ ਸਭਾ ਲਹਿਰ ਨੇ ਆਪਣੇ ਅਖ਼ਬਾਰ ਅਤੇ ਪ੍ਰਚਾਰ ਦੇ ਹੋਰ ਸਾਧਨਾਂ ਰਾਹੀਂ ਗੁਰੂ ਗ੍ਰੰਥ ਸਾਹਿਬ ਦੇ ਲਾਸਾਨੀ ਫ਼ਲਸਫ਼ੇ ਦਾ ਸ਼ੁੱਧ ਰੂਪ ਵਿੱਚ ਪ੍ਰਚਾਰ ਕਰ ਕੇ ਸਿੱਖ ਕੌਮ ਵਿੱਚ ਵੱਡੇ ਪੱਧਰ `ਤੇ ਜਾਗਰੂਕਤਾ ਪੈਦਾ ਕੀਤੀ। ਇਹੀ ਲਹਿਰ ਵੀਹਵੀਂ ਸਦੀ ਦੇ ਅਰੰਭਲੇ ਦਹਾਕੇ ਦੌਰਾਨ ਗੁਰਦਵਾਰਾ ਸੁਧਾਰ ਲਹਿਰ ਵਿੱਚ ਬਦਲ ਗਈ, ਅਤੇ ਅਨੇਕਾਂ ਸ਼ਹਾਦਤਾਂ ਦੇ ਕੇ, ਇਤਿਹਾਸਕ ਗੁਰਦਵਾਰਿਆਂ `ਤੇ ਪੱਕੇ ਤੌਰ `ਤੇ (ਅੰਗ੍ਰੇਜ਼ੀ ਸਾਮਰਾਜ ਦੀ ਮਿਲੀ-ਭੁਗਤ ਨਾਲ) ਕਾਬਜ਼ ਹੋ ਚੁੱਕੇ ਦੁਰ-ਆਚਾਰੀ ਤੇ ਗੁੰਡੇ ਮਹੰਤਾਂ ਤੋਂ, ਇਨ੍ਹਾਂ ਜਾਨਾਂ ਤੋਂ ਭੀ ਪਿਆਰੇ ਗੁਰਦਵਾਰਿਆਂ ਨੂੰ, ਆਜ਼ਾਦ ਕਰਾਇਆ।
ਅਸਲ ਵਿੱਚ, ਪੰਜਾਬ ਦੇ ਗਲੋਂ ਅੰਗ੍ਰੇਜ਼ੀ ਹਕੂਮਤ ਦੀ ਗ਼ੁਲਾਮੀ ਦਾ ਗਲਬਾ ਲਾਹੁਣ ਲਈ, 1849 ਵਿੱਚ ਹੀ, ਸਿਦਕੀ ਸਿੰਘ ਭਾਈ ਮਹਾਰਾਜ ਸਿੰਘ ਦੀ ਅਗੁਵਾਈ ਹੇਠ ਹਥਿਆਰਬੰਦ ਲਹਿਰ ਉੱਠਣੀ ਸ਼ੁਰੂ ਹੋ ਚੁੱਕੀ ਸੀ।
ਵੀਹਵੀਂ ਸਦੀ ਦੇ ਦੂਜੇ ਤੇ ਤੀਜੇ ਦਹਾਕੇ ਦੌਰਾਨ, ਗ਼ਦਰ ਲਹਿਰ (1913-18) ਤੇ ਬਬਰ ਅਕਾਲੀ ਲਹਿਰ (1921-25) ਜ਼ਾਲਮ ਅੰਗ੍ਰੇਜ਼ੀ ਰਾਜ ਦਾ ਪੰਜਾਬ `ਚੋਂ ਖ਼ਾਤਮਾ ਕਰਨ ਲਈ, ਹਥਿਆਰਬੰਦ ਸਿੱਖ ਲਹਿਰਾਂ ਚੱਲ ਪਈਆਂ ਸਨ। ਐਨ ਮੁਮਕਿਨ ਸੀ ਕਿ ਪੰਜਾਬ `ਚੋਂ ਅੰਗ੍ਰੇਜ਼ੀ ਰਾਜ ਖ਼ਤਮ ਹੋ ਜਾਂਦਾ। ਪਰ, ਸ਼ਾਤਰ ਤੇ ਮੱਕਾਰ ਮਨੂੰਵਾਦ ਦੇ ਹਮਾਇਤੀ ਭਾਰਤੀ ਕਾਂਗਰਸ ਅਗੂਆਂ (ਜਿਨ੍ਹਾਂ ਵਿੱਚ ਗੰਗੂ ਵੰਸ਼ੀਏ ਮੋਤੀ ਲਾਲ ਨਹਿਰੂ ਤੇ ਜਵਾਹਰ ਲਾਲ ਨਹਿਰੂ ਤੋਂ ਇਲਾਵਾ ਗਾਂਧੀ ਤੇ ਵਲਭ ਭਾਈ ਪਟੇਲ ਆਦਿ ਸ਼ਾਮਿਲ ਸਨ) ਨੇ ਛਲ-ਕਪਟ ਦਾ ਸਹਾਰਾ ਲੈ ਕੇ, ਸਿੱਖ ਕੌਮ ਨਾਲ ਹੇਠ ਲਿਖੇ ਝੂਠੇ ਲਿਖਤੀ ਵਾਅਦੇ (ਮਤਿਆਂ ਦੇ ਰੂਪ ਵਿੱਚ ਅਤੇ ਜ਼ਬਾਨੀ ਭੀ) ਕਰ ਕੇ ਸਿੱਖ ਕੌਮ ਵੱਲੋਂ ਪੰਜਾਬ ਨੂੰ ਅੰਗ੍ਰੇਜ਼ੀ ਰਾਜ ਦੀ ਗ਼ੁਲਾਮੀ `ਚੋਂ ਮੁਕਤ ਕਰਾਉਂਣ ਲਈ ਅਰੰਭੀ ਜਦੋਜਹਿਦ ਨੂੰ ਵਿੱਚ-ਵਿਚਾਲੇ ਹੀ ਛੁਡਾ ਕੇ (ਤਾਰਪੀਡੋ ਕਰ ਕੇ), ਸਿੱਖ ਕੌਮ ਨੂੰ, ਭਾਰਤ ਨੂੰ ਆਜ਼ਾਦ ਕਰਾਉਂਣ ਦੀ ਜਦੋਜਹਿਦ ਵਿੱਚ, ਮੂਹਰੇ ਹੋ ਕੇ ਲੜਨ-ਮਰਨ ਲਈ ਝੋਕ ਦਿੱਤਾ:-
(ੳ) 1929 ਦੇ ਲਾਹੌਰ ਸੈਸ਼ਨ ਵਿੱਚ ਕਾਂਗਰਸ ਨੇ ਮਤਾ ਪਾਸ ਕੀਤਾ ਕਿ ਕਾਂਗਰਸ ਕੋਈ ਐਸਾ ਵਿਧਾਨ ਮਨਜ਼ੂਰ ਨਹੀਂ ਕਰੇਗੀ ਜੋ ਸਿੱਖਾਂ (ਤੇ ਹੋਰ ਘੱਟ ਗਿਣਤੀਆਂ) ਨੂੰ ਮਨਜ਼ੂਰ ਨਹੀਂ ਹੋਵੇਗਾ। ਇਹੀ ਵਾਅਦਾ ਮਗਰੋਂ 6 ਜੁਲਾਈ, 1946 ਨੂੰ ਕਲਕੱਤਾ ਵਿੱਚ ਜਵਾਹਰ ਲਾਲ ਨਹਿਰੂ ਵੱਲੋਂ ਭੀ ਦੁਹਰਾਇਆ ਗਿਆ। ਨਹਿਰੂ ਦੇ ਲਫ਼ਜ਼ ਸਨ: “ਪੰਜਾਬ ਦੇ ਬਹਾਦਰ ਸਿੱਖ ਖ਼ਾਸ ਸਲੂਕ ਦੇ ਹੱਕਦਾਰ ਹਨ। ਮੈਨੂੰ ਇਸ ਵਿੱਚ ਕੋਈ ਇਤਰਾਜ਼ ਨਹੀਂ ਕਿ ਭਾਰਤ ਦੇ ਉੱਤਰ ਵਿੱਚ ਇੱਕ ਅਜਿਹਾ ਇਲਾਕਾ ਵੱਖਰਾ ਕਰ ਦਿੱਤਾ ਜਾਵੇ ਜਿਸ ਵਿੱਚ ਆਜ਼ਾਦੀ ਦਾ ਨਿੱਘ ਸਿੱਖਾਂ ਦੇ ਲਹੂ ਨੂੰ ਭੀ ਗਰਮਾਵੇ।” (ਡਾ. ਹਰਜਿੰਦਰ ਸਿੰਘ ਦਿਲਗੀਰ: ਸਿੱਖ ਤਵਾਰੀਖ਼, ਸਫ਼ਾ 1051)
(ਅ) 9 ਦਸੰਬਰ 1946 ਨੂੰ, ਸੰਵਿਧਾਨ ਦੇ ਪਹਿਲੇ ਇਜਲਾਸ ਵਿੱਚ ਮਤਾ ਪਾਸ ਕੀਤਾ ਗਿਆ ਸੀ ਕਿ, “ਕੁੱਝ ਕੁ ਵਿਭਾਗਾਂ ਨੂੰ ਛੱਡ ਕੇ, ਦੇਸ਼ ਦੇ ਸਾਰੇ ਪ੍ਰਾਂਤ ਆਪੋ-ਆਪਣੇ ਖੇਤਰ ਵਿੱਚ, ਮੁਕੰਮਲ ਤੌਰ `ਤੇ ਖ਼ੁਦਮੁਖਤਾਰ ਹੋਣਗੇ।”
(ੲ) ਭਾਰਤ ਵਿਚਲੀਆਂ ਘੱਟ-ਗਿਣਤੀਆਂ ਦੇ ਹਿੱਤਾਂ ਦੀ ਰਾਖੀ ਲਈ ਭਾਰਤੀ ਸੰਵਿਧਾਨ ਵਿੱਚ ਵਿਸ਼ੇਸ਼-ਪ੍ਰਬੰਧ ਕੀਤੇ ਜਾਣਗੇ। ਇਹ ਵੀ ਵਾਰ-ਵਾਰ ਕਿਹਾ ਗਿਆ ਕਿ, “ਇਹ ਇੱਕ ਐਲਾਨ ਜਾਂ ਵਾਅਦਾ ਹੀ ਨਹੀਂ, ਸਗੋਂ ਸਾਰੇ ਸੰਸਾਰ ਦੇ ਰੂ-ਬ-ਰੂ ਇੱਕ ਪਵਿੱਤਰ ਸੁਗੰਧ ਹੈ, ਜਿਸ ਦੀ ਪਾਲਣਾ ਕਰਨਾ ਸਾਡਾ ਪਰਮ-ਧਰਮ ਹੈ”।
ਸਿੱਖ ਕੌਮ ਨੇ ਭਾਰਤ ਦੇ, ਤੱਤਕਾਲੀਨ ਮਨੂੰਵਾਦ ਦੇ ਹਮਾਇਤੀ ਲੀਡਰਾਂ ਦੇ ਮਤਿਆਂ ਦੇ ਰੂਪ ਵਿੱਚ ਪਾਸ ਕੀਤੇ (ਝੂਠੇ) ਵਾਅਦਿਆਂ `ਤੇ ਵਿਸ਼ਵਾਸ ਕਰ ਕੇ ਭਾਰਤ ਦੀ ਆਜ਼ਾਦੀ ਦੀ ਜਦੋ-ਜਹਿਦ ਵਿੱਚ (ਭਾਰਤ ਦੀ ਆਬਾਦੀ ਦਾ 2% ਹੁੰਦੇ ਹੋਏ ਭੀ) 80% ਤੋਂ ਵੀ ਵੱਧ ਕੁਰਬਾਨੀਆਂ ਦੇ ਕੇ, ਭਾਰਤ ਉੱਪ-ਮਹਾਂਦੀਪ ਨੂੰ ਤਾਂ ਅੰਗਰੇਜ਼ੀ ਰਾਜ ਦੀ ਗ਼ੁਲਾਮੀ `ਚੋਂ ਆਜ਼ਾਦ ਕਰਾ ਲਿਆ, ਪਰ, ਖ਼ੁਦ ਸਿੱਖ ਕੌਮ ਬ੍ਰਾਹਮਣਵਾਦੀਆਂ ਦੀ (ਅੰਗਰੇਜ਼ਾਂ ਦੀ ਗ਼ੁਲਾਮੀ ਤੋਂ ਭੀ ਭੈੜੀ) ਗ਼ੁਲਾਮੀ ਵਿੱਚ ਫਸੀ ਹੋਈ 1947 ਤੋਂ ਹੀ ਕੁਰਲਾ ਰਹੀ ਹੈ ਕਿਉਂਕਿ ਭਾਰਤ ਦੀ ਹਕੂਮਤ `ਤੇ ਕਾਬਜ਼ ਹੋਣ ਸਾਰ ਹੀ ਇਹ ਮਨੂੰਵਾਦੀ ਲੀਡਰ ਸਿੱਖ ਕੌਮ ਨਾਲ ਕੀਤੇ ਲਿਖਤੀ ਵਾਅਦਿਆਂ ਤੋਂ ਪੂਰੀ ਬੇ-ਸ਼ਰਮੀ ਤੇ ਢੀਠਤਾਈ ਨਾਲ ਮੁੱਕਰ ਗਏ। ਸਦ ਅਫ਼ਸੋਸ! !
ਹੁਣ, ਜਦੋਂ ਤੱਕ ਸਿੱਖ ਕੌਮ ਦਾ ਵੱਡਾ ਹਿੱਸਾ (ਤਕਰੀਬਨ 70-80 ਫ਼ੀ ਸਦੀ) ਗੁਰੂ ਗ੍ਰੰਥ ਸਾਹਿਬ ਦੇ ਲਾਸਾਨੀ ਫ਼ਲਸਫ਼ੇ ਦਾ ਪ੍ਰਚਾਰ/ਪਾਸਾਰ ਕਰ ਕੇ ਫਿਰ ਤੋਂ ਜਥੇਬੰਦ ਹੋ ਕੇ ਨਹੀਂ ਤੁਰਦਾ, ਉਦੋਂ ਤੱਕ ਕੌਮੀ-ਨਿਘਾਰ ਦਾ ਸਫ਼ਰ ਜਾਰੀ ਰਹੇਗਾ। ਇਸ ਕੌਮੀ ਨਿਘਾਰ ਨੂੰ ਠਲ੍ਹ ਪਾ ਕੇ ਕੌਮ ਨੂੰ ਚੜ੍ਹਦੀ ਕਲਾ ਵਿੱਚ ਲਿਆਉਂਣ ਲਈ ਜ਼ਰੂਰੀ ਹੈ ਕਿ ਕੌਮ-ਪ੍ਰਸਤ ਤੇ ਦੂਰ-ਅੰਦੇਸ਼ ਲੀਡਰ ਕੌਮ ਦੀ (ਗੁਰਮਤਿ ਸਿਧਾਂਤਾਂ ਦੀ ਰੋਸ਼ਨੀ ਅਨੁਸਾਰ) ਅਗੁਵਾਈ ਕਰਨ। ਪਰ, ਗੁਰਮਤਿ-ਵਿਰੋਧੀ ਵੋਟ-ਵਿਧਾਨ ਅਧੀਨ ਅਜਿਹੀ ਕੌਮੀ ਲੀਡਰਸ਼ਿਪ ਹੋਂਦ ਵਿੱਚ ਨਹੀਂ ਲਿਆਂਦੀ ਜਾ ਸਕਦੀ। ਇਸ ਬੁਨਿਆਦੀ ਕੌਮੀ ਸਮੱਸਿਆ ਦਾ ਹੱਲ ਕੇਵਲ ਅਤੇ ਕੇਵਲ ਸਿੱਖ ਕੌਮ ਵੱਲੋਂ 18ਵੀਂ ਸਦੀ ਦੇ ਅਤਿ-ਬਿੱਖੜਿਆਂ ਦਹਾਕਿਆਂ ਦੌਰਾਨ ਵਿਕਸਤ ਕੀਤੀ ਕੇਂਦਰੀ ਕੌਮੀ ਸੰਸਥਾ ‘ਸਰਬੱਤ ਖ਼ਾਲਸਾ’ ਨੂੰ ਪੁਨਰ-ਸੁਰਜੀਤ
(revive) ਕਰ ਕੇ ਹੀ ਕੀਤਾ ਜਾ ਸਕਦਾ ਹੈ। ਲੇਖਕ ਵੱਲੋਂ, ਇਸ ਸੰਸਥਾ ਦੀ ਪੁਨਰ-ਸੁਰਜੀਤੀ ਲਈ, ਸੁਝਾਅ ਅੱਗੇ ਦਿੱਤੇ ਜਾ ਰਹੇ ਹਨ।

ਕਰਨਲ ਗੁਰਦੀਪ ਸਿੰਘ




.