.

ਮਨੁ ਰਾਜਾ ਅਵਤਾਰ

[Manu Raja, the Sixteenth Incarnation of Vishnu]

ਅਥ ਮਨੁ ਰਾਜਾ ਅਵਤਾਰ ਕਥਨੰ

ਸ੍ਰੀ ਭਗਉਤੀ ਜੀ ਸਹਾਇ

ਚੌਪਈ

ਸ੍ਰਾਵਗ ਮਤ ਤਬ ਹੀ ਜਨ ਲਾਗੇ। ਧਰਮ ਕਰਮ ਸਬ ਹੀ ਤਜਿ ਭਾਗੇ।

ਤ੍ਹਯਾਗ ਦਈ ਸਬਹੂੰ ਹਰਿ ਸੇਵਾ। ਕੋਇ ਨ ਮਾਨਤ ਭੇ ਗੁਰ ਦੇਵਾ। ੧।

ਅਰਥ ਕਰਤਾ ਡਾ. ਰਤਨ ਸਿੰਘ ਜੱਗੀ ਅਤੇ ਡਾ. ਗੁਰਸ਼ਰਨ ਕੌਰ ਜੱਗੀ: ਸਭ ਲੋਕ ਜੈਨ ਮਤ ਵਿੱਚ ਲਗ ਗਏ ਅਤੇ ਸਭਨਾਂ ਨੇ ਧਰਮ ਕਰਮ ਤਿਆਗ ਦਿੱਤੇ। ਸਭ ਨੇ ਹਰੀ ਦੀ ਸੇਵਾ ਛੱਡ ਦਿੱਤੀ। ਕੋਈ ਵੀ ਗੁਰਦੇਵ ‘ਕਾਲ-ਪੁਰਖ’ ਨੂੰ ਨਹੀਂ ਮੰਨਦਾ ਸੀ। ੧।

ਸਾਧ ਅਸਾਧ ਸਬੈ ਹੁਐ ਗਏ। ਧਰਮ ਕਰਮ ਸਬ ਹੂੰ ਤਜਿ ਦਏ।

ਕਾਲ ਪੁਰਖ ਆਗ੍ਹਯਾ ਤਬ ਦੀਨੀ। ਬਿਸਨੁ ਚੰਦ ਸੋਈ ਬਿਧਿ ਕੀਨੀ। ੨।

ਅਰਥ: ਸਾਰੇ ਸਾਧ ਅਸਾਧ ਹੋ ਗਏ ਅਤੇ ਸਭ ਨੇ ਧਰਮ-ਕਰਮ ਛੱਡ ਦਿੱਤੇ। ‘ਕਾਲ-ਪੁਰਖ’ ਨੇ ਤਦ ਆਗਿਆ ਦਿੱਤੀ ਅਤੇ ਵਿਸ਼ਣੂ ਨੇ ਉਸੇ ਤਰ੍ਹਾਂ ਪਾਲਣਾ ਕੀਤੀ। ੨।

ਮਨ ਹੈਵ ਰਾਜ ਵਤਾਰ ਅਵਤਰਾ। ਮਨੁ ਸਿਮਿਰਿਤਹਿ ਪ੍ਰਚੁਰ ਜਗਿ ਕਰਾ।

ਸਕਲ ਕੁਪੰਥੀ ਪੰਥਿ ਚਲਾਏ। ਪਾਪ ਕਰਮ ਤੇ ਲੋਗ ਹਟਾਏ। ੩।

ਅਰਥ: ਮਨੁ ਰਾਜਾ ਅਵਤਾਰ ਹੋ ਕੇ (ਵਿਸ਼ਣੂ) ਅਵਤਰਿਤ ਹੋਇਆ ਅਤੇ ‘ਮਨੁ-ਸਮ੍ਰਿਤੀ’ ਦਾ ਜਗਤ ਵਿੱਚ ਪ੍ਰਚਾਰ ਕੀਤਾ। ਸਾਰੇ ਪੰਥੀਆਂ (ਜੈਨ ਮਾਰਗੀਆਂ) ਨੂੰ ਸਹੀ ਮਾਰਗ ਉਤੇ ਤੋਰਿਆ ਅਤੇ ਪਾਪ-ਕਰਮ ਤੋਂ ਲੋਕਾਂ ਨੂੰ ਹਟਾ ਦਿੱਤਾ। ੩।

ਰਾਜ ਅਵਤਾਰ ਭਯੋ ਮਨੁ ਰਾਜਾ। ਸਰਬ ਹੀ ਸਿਰਜੇ ਧਰਮ ਕੇ ਸਾਜਾ।

ਪਾਪ ਕਰਾ ਤਾ ਕੋ ਗਹਿ ਮਾਰਾ। ਸਕਲ ਪ੍ਰਜਾ ਕਹੁ ਮਾਰਗਿ ਡਾਰਾ। ੪।

ਅਰਥ: ਰਾਜ ਅਵਤਾਰ ਰੂਪ ਵਿੱਚ (ਵਿਸ਼ਣੂ) ਮਨੁ ਰਾਜਾ ਵਜੋਂ ਪ੍ਰਗਟ ਹੋਇਆ, ਜਿਸ ਨੇ ਧਰਮ ਦੇ ਸਾਰੇ ਸਾਜ ਸਿਰਜ ਦਿੱਤੇ। (ਜਿਸ ਨੇ ਕੋਈ) ਪਾਪ ਕਰਮ ਕੀਤਾ, ਉਸੇ ਨੂੰ ਫੜ ਕੇ ਮਾਰ ਦਿੱਤਾ। (ਇਸ ਤਰ੍ਹਾਂ) ਸਾਰੀ ਪਰਜਾ ਨੂੰ (ਧਰਮ ਦੇ) ਮਾਰਗ ਉਤੇ ਚਲਾ ਦਿੱਤਾ। ੪।

ਪਾਪ ਕਰਾ ਜਾ ਹੀ ਤਹ ਮਾਰਸ। ਸਕਲ ਪ੍ਰਜਾ ਕਹੁ ਧਰਮ ਸਿਖਾਰਸ।

ਨਾਮ ਦਾਨ ਸਬਹੂਨ ਸਿਖਾਰਾ। ਸ੍ਰਾਵਗ ਪੰਥ ਦੂਰ ਕਰਿ ਡਾਰਾ। ੫।

ਅਰਥ: ਜਿਥੇ ਵੀ ਕਿਸੇ ਨੇ ਪਾਪ ਕੀਤਾ, ਉਥੇ (ਉਸ ਨੂੰ) ਮਾਰ ਦਿੱਤਾ। ਸਾਰੀ ਪਰਜਾ ਨੂੰ ਧਰਮ (ਦੀ ਵਿਧੀ) ਸਿਖਾ ਦਿੱਤੀ। ਸਭ ਨੂੰ ਨਾਮ-ਸਿਮਰਨ ਅਤੇ ਦਾਨ ਦੇਣ ਦੀ ਜੁਗਤ ਦਸ ਦਿੱਤੀ ਅਤੇ ਜੈਨ ਮਤ (ਸੰਸਾਰ ਵਿਚੋਂ) ਦੂਰ ਕਰ ਦਿੱਤਾ। ੫। {ਜਿਵੇਂ ਹੁਣ ਵੀ ਕਈ ਦੋਖੀ ਸਿੱਖ-ਧਰਮ ਨਾਲ ਕਰ ਰਹੇ ਹਨ}

ਜੇ ਜੇ ਭਾਜਿ ਦੂਰ ਕਹੁ ਗਏ। ਸ੍ਰਾਵਗ ਧਰਮਿ ਸੋਊ ਰਹਿ ਗਏ।

ਅਉਰ ਪ੍ਰਜਾ ਸਬ ਮਾਰਗਿ ਲਾਈ। ਕੁਪੰਥ ਪੰਥ ਤੇ ਸੁਪੰਥ ਚਲਾਈ। ੬।

ਅਰਥ: ਜਿਹੜੇ ਜਿਹੜੇ ਭਜ ਕੇ ਦੁਰਾਡੇ ਦੇਸ਼ਾਂ ਨੂੰ ਚਲੇ ਗਏ, ਜੈਨ ਮਤ ਵਿੱਚ ਉਹੀ ਰਹਿ ਗਏ, ਹੋਰ ਸਾਰੀ ਪਰਜਾ ਨੂੰ ਧਰਮ ਦੇ ਰਸਤੇ ਉਤੇ ਲਾ ਦਿੱਤਾ ਅਤੇ ਸਾਰਿਆਂ ਨੂੰ ਮਾੜੇ ਰਸਤੇ ਤੋਂ ਹਟਾ ਕੇ ਸ਼ੁਭ ਮਾਰਗ ਉਤੇ ਤੋਰ ਦਿੱਤਾ। ੬।

ਰਾਜ ਅਵਤਾਰ ਭਯੋ ਮਨੁ ਰਾਜਾ। ਕਰਮ ਧਰਮ ਜਗ ਮੋ ਭਲੁ ਸਾਜਾ।

ਸਕਲ ਕੁਪੰਥੀ ਪੰਥ ਚਲਾਏ। ਪਾਪ ਕਰਮ ਤੇ ਧਰਮ ਲਗਾਏ। ੭।

ਅਰਥ: (ਇਸ ਤਰ੍ਹਾਂ) ਰਾਜ-ਅਵਤਾਰ (ਦੇ ਰੂਪ ਵਿਚ) ਮਨੁ ਰਾਜਾ ਹੋਇਆ, ਜਿਸ ਨੇ ਜਗਤ ਵਿੱਚ ਧਰਮ ਕਰਮ ਦੀ ਚੰਗੀ ਵਿਵਸਥਾ ਕੀਤੀ। ਸਾਰੇ ਕੁਪੰਥੀਆਂ ਨੂੰ ਸਹੀ ਮਾਰਗ ਉਤੇ ਤੋਰ ਦਿੱਤਾ ਅਤੇ ਪਾਪ ਕਰਮਾਂ ਤੋਂ (ਹਟਾ ਕੇ) ਧਰਮ ਦੇ ਕਰਮਾਂ ਵਿੱਚ ਲਗਾ ਦਿੱਤਾ। ੭।

ਦੋਹਰਾ

ਪੰਥ ਕੁਪੰਥੀ ਸਬ ਲਗੇ ਸ੍ਰਾਵਗ ਮਤ ਭਯੋ ਦੂਰ। ਮਨੁ ਰਾਜਾ ਕੋ ਜਗਤ ਮੋ ਰਹਿਯੋ ਸੁ ਜਸੁ ਭਰਪੂਰ। ੮।

ਇਤਿ ਸ੍ਰੀ ਬਚਿਤ੍ਰ ਨਾਟਕੇ ਗ੍ਰੰਥੇ ਮਨੁ ਰਾਜਾ ਅਵਤਾਰ ਸੋਲ੍ਹਵਾਂ ਸਮਾਪਤਮ

ਸਤੁ ਸੁਭਮ ਸਤੁ। ੧੬।

ਅਰਥ: ਸਾਰੇ ਜੈਨ ਧਰਮੀ (ਸਹੀ ਧਰਮ) ਮਾਰਗ ਉਤੇ ਤੁਰ ਪਏ ਅਤੇ ਜੈਨ ਮਤ (ਜਗ ਵਿਚੋਂ) ਦੂਰ ਹੋ ਗਿਆ। (ਇਸ ਤਰ੍ਹਾਂ) ਮਨੁ ਰਾਜੇ ਦਾ ਉਜਲਾ ਯਸ਼ ਜਗਤ ਵਿੱਚ ਭਰਪੂਰ ਹੋ ਗਿਆ। ੮।

{ਸੋ, ਇਹ ਹੈ ਵਿਸ਼ਣੂ ਦਾ ਸੋਲ੍ਹਵਾਂ ਅਵਤਾਰ “ਮਨੂ ਰਾਜਾ”, ਜਿਸ ਨੇ ਹਿੰਦੂਆਂ ਵਿੱਚ ‘ਮਨੂ-ਸਿਮਿਰਿਤੀ’ ਦੁਆਰਾ ਜਾਤਿ-ਪਾਤਿ ਦੇ ਕੋਹੜ ਦੀ ਬਿਮਾਰੀ ਅਰੰਭ ਕੀਤੀ, ਜਿਸ ਦਾ ਅਜੇ-ਤਕ ਕੋਈ ਇਲਾਜ ਨਹੀਂ ਕਰ ਸਕਿਆ? ਸਗੋਂ, ਬਹੁਤ ਸਾਰੇ ਸਿੱਖ ਵੀ ਉਸ ਦੇ ਜਾਲ ਵਿੱਚ ਫਸੇ ਹੋਏ ਹਨ!}

ਉਤਾਰਾ ਕਰਤਾ,

ਗੁਰਮੀਤ ਸਿੰਘ (ਸਿੱਡਨੀ, ਅਸਟ੍ਰੇਲੀਆ): ੧੫ ਜਨਵਰੀ ੨੦੧੬
.