.

ਸਿੱਖ ਕੌਮ ਦੇ ਭਵਿੱਖ ਦੀ ਚਿੰਤਾ

ਹਾਕਮ ਸਿੰਘ

ਸਿੱਖ ਚਿੰਤਕਾਂ ਦੀ ਬਹੁਗਿਣਤੀ ਸਿੱਖ ਕੌਮ ਦੇ ਧੁੰਦਲੇ ਭਵਿੱਖ ਬਾਰੇ ਗੰਭੀਰ ਚਿੰਤਾ ਦਾ ਪ੍ਰਗਟਾਵਾ ਕਰਦੀ ਰਹਿੰਦੀ ਹੈ। ਉਨ੍ਹਾਂ ਵਿਚੋਂ ਬਹੁਤਿਆਂ ਦਾ ਸਰੋਕਾਰ ਸਿੱਖ ਧਰਮ ਦੀਆਂ ਇਨ੍ਹਾਂ ਪ੍ਰਸਿੱਧ ਸੰਸਥਾਵਾਂ ਜਾਂ ਸਮੂਹਾਂ ਨਾਲ ਹੈ:
੧. ਇਤਿਹਾਸਕ ਗੁਰਦੁਆਰਾ ਪ੍ਰਬੰਧਕਾਂ ਦੀਆਂ ਸੰਸਥਾਵਾਂ, ਜਿਨ੍ਹਾਂ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਮੁੱਖ ਹੈ;
੨. ਗੁਰਦੁਆਰਿਆਂ ਦੇ ਪੁਜਾਰੀ;
੩. ਗੁਰਬਾਣੀ ਵਪਾਰੀਆਂ ਦੇ ਡੇਰੇ;
੪. ਵਿਅਕਤੀ ਗੁਰੂਆਂ ਦੀਆਂ ਸੰਸਥਾਵਾਂ;
੫. ਉਦਾਸੀ ਅਤੇ ਨਿਰਮਲੇ ਸਾਧੂਆਂ ਦੇ ਅਖਾੜੇ;
੬. ਸਿੱਖ ਸੰਪਰਦਾਵਾਂ;
੭. ਸਿੱਖ ਧਰਮ ਸ਼ਾਸਤਰੀ, ਵਿਦਵਾਨ, ਪ੍ਰਚਾਰਕ ਅਤੇ ਮਿਸ਼ਨਰੀ;
੮. ਅਕਾਲੀ ਦਲ; ਅਤੇ
੯. ਆਮ ਸਿੱਖ ਸ਼ਰਧਾਲੂ।

ਸਿੱਖ ਧਰਮ ਦੇ ਉਪਾਸ਼ਕਾਂ ਵਿਚ ਏਨੀ ਭਿੰਨਤਾ ਹੋਣ ਕਾਰਨ ਉਨ੍ਹਾਂ ਦੀਆਂ ਚਿੰਤਾਵਾਂ ਵਿਚ ਵੀ ਭਿੰਨਤਾ ਹੋਣੀ ਸੁਭਾਵਕ ਹੈ। ਏਨਾ ਵੱਖਰੇਵਾਂ ਹੋਣ ਦੇ ਬਾਵਜੂਦ ਇਨ੍ਹਾਂ ਸਾਰੇ ਸਮਾਜਕ ਸਮੂਹਾਂ ਅਤੇ ਸੰਸਥਾਵਾਂ ਵਿਚ ਇਕ ਗੱਲ ਸਾਂਝੀ ਹੈ: ਇਹ ਸਾਰੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਸਿੱਖ ਧਰਮ ਦੀ ਬੁਨਿਆਦ ਮੰਨਦੇ ਅਤੇ ਗੁਰੂ ਗ੍ਰੰਥ ਸਾਹਿਬ ਦਾ ਸਤਕਾਰ ਕਰਦੇ ਹਨ। ਪਰ ਸੰਸਾਰ ਵਿਚ ਮਾਇਆ ਦਾ ਵਿਆਪਕ ਪ੍ਰਭਾਵ ਹੋਣ ਕਾਰਨ ਗੁਰਬਾਣੀ ਇਨ੍ਹਾਂ ਸਮਾਜਕ ਸਮੂਹਾਂ ਅਤੇ ਸੰਸਥਾਵਾਂ ਨੂੰ ਅਧਿਆਤਮਿਕ ਗਿਆਨ ਦੀ ਪ੍ਰਾਪਤੀ ਵਿਚ ਰੁਕਾਵਟ ਸਮਝਦੀ ਹੈ। ਭਾਵੇਂ ਗੁਰਬਾਣੀ ਸੰਸਾਰ ਨੂੰ "ਧੰਧੁ ਪਿਟੋ ਸੰਸਾਰੁ ਸਚੁ ਨ ਭਾਇਆ" (ਪੰਨਾ: ੪੧੯) ਆਖਦੀ ਹੈ ਅਤੇ ਸੰਸਥਾਵਾਂ ਵਿਚ ਮਾਇਆ ਦੇ ਪ੍ਰਭਾਵ ਤੋਂ ਬਚਣ ਦਾ ਉਪਦੇਸ਼ ਵੀ ਕਰਦੀ ਹੈ ਪਰ ਸਿੱਖ ਧਰਮ ਦਾ ਬਹੁਤਾ ਪ੍ਰਚਾਰ ਧਾਰਮਕ ਸੰਸਥਾਵਾਂ ਹੀ ਕਰਦੀਆਂ ਹਨ ਅਤੇ ਉਸ ਦੇ ਭਵਿੱਖ ਦੀ ਚਿੰਤਾ ਵੀ ਇਨ੍ਹਾਂ ਨੂੰ ਹੀ ਹੈ। ਇਸ ਤੋਂ ਤੇ ਇਹੋ ਸਿੱਧ ਹੁੰਦਾ ਹੈ ਕਿ ਇਨ੍ਹਾਂ ਸੰਸਥਾਵਾਂ ਨੇ ਗੁਰਬਾਣੀ ਨੂੰ ਆਪਣੇ ਬਣਾਏ ਸਿੱਖ ਧਰਮ ਵਿਚ ਇਸ ਤਰ੍ਹਾਂ ਮਿਲਾਇਆ ਹੈ ਕਿ ਗੁਰਬਾਣੀ ਉਪਦੇਸ਼ ਦਾ ਪਤਾ ਹੀ ਨਾ ਚਲੇ ਅਤੇ ਉਹ ਗੁਰਬਾਣੀ ਨੂੰ ਆਪਣੀ ਪ੍ਰਸਿੱਧੀ ਲਈ ਆਸਾਨੀ ਨਾਲ ਵਰਤ ਸਕਣ। ਕੈਸੀ ਅਜੀਬ ਸਥਿਤੀ ਬਣ ਗਈ ਹੈ ਕਿ ਜਿਸ ਸੰਸਾਰ ਨੂੰ ਗੁਰਬਾਣੀ ਬਿਖ, ਭੌਜਲ ਅਤੇ ਸਮੁੰਦਰ ਆਖਦੀ ਹੈ ਅਤੇ ਜਿਸ ਦੇ ਸਮਾਜਕ ਸੰਗਠਨਾਂ ਵਿਚ ਮਾਇਆ ਦੇ ਪ੍ਰਭਾਵ ਤੋਂ ਬਚਣ ਦਾ ਉਪਦੇਸ਼ ਕਰਦੀ ਹੈ ਉਹੋ ਉਸ ਨੂੰ ਬੰਦੀ ਬਣਾ ਕੇ ਉਸ ਦੇ ਰਖਿਅਕ ਅਤੇ ਸਰਪ੍ਰਸਤ ਬਣ ਕੇ ਉਸ ਦਾ ਲਾਭ ਉਠਾ ਰਹੇ ਹਨ। ਏਨਾ ਹੀ ਨਹੀਂ ਇਕ ਪਾਸੇ ਤੇ ਧਾਰਮਕ ਸੰਸਥਾਵਾਂ ਆਪਣੇ ਗੁਰਮਤਿ ਤੋਂ ਉਲਟ ਪ੍ਰਚਾਰ ਰਾਹੀਂ ਪ੍ਰਸਿੱਧੀ ਖੱਟ ਰਹਿਈਆਂ ਹਨ ਅਤੇ ਦੂਜੇ ਪਾਸੇ ਗੁਰਬਾਣੀ ਵਿਚਾਰਧਾਰਾ ਤੇ ਆਪਣੀ ਇਜਾਰੇਦਾਰੀ ਕਾਇਮ ਰੱਖਣ ਲਈ ਸੁਹਿਰਦ ਸਿੱਖ ਸ਼ਰਧਾਲੂਆਂ ਨੂੰ ਗੁਰਬਾਣੀ ਦਾ ਸੱਚ ਜਾਨਣ ਅਤੇ ਮੰਨਣ ਤੋਂ ਰੋਕ ਰਹਿਈਆਂ ਹਨ। ਸਿੱਖ ਧਰਮ ਦੀਆਂ ਸੰਸਥਾਵਾਂ ਨੇ ਗੁਰਮਤਿ ਵਿਚਾਰਧਾਰਾ ਦਾ ਵਿਮੁੱਲਣ ਕਰ ਦਿੱਤਾ ਹੈ ਜਿਸ ਕਾਰਨ ਸ਼ਰਧਾਲੂ ਦਿਨ ਪਰ ਦਿਨ ਗੁਰਬਾਣੀ ਤੋਂ ਦੂਰ ਹੁੰਦੇ ਜਾ ਰਹੇ ਹਨ।
ਧਾਰਮਕ ਸੰਸਥਾਵਾਂ ਵੱਲੋਂ ਗੁਰਮਤਿ ਵਿਚਾਰਧਾਰਾ ਨੂੰ ਵਿਗਾੜ ਕੇ ਸਿੱਖ ਧਰਮ ਵਿਚ ਬਦਲਣ ਦੀ ਪ੍ਰਕਿਰਿਆ ਕਾਫੀ ਨਿਰਾਲੀ ਹੈ। ਗੁਰਬਾਣੀ ਅਨੁਸਾਰ ਸੰਸਾਰਕ ਵਿਹਾਰ ਅਤੇ ਅਧਿਆਤਮਿਕ ਜੀਵਨ ਵਿਚ ਮੂਲ ਅੰਤਰ ਹੈ। ਸੰਸਾਰ ਪ੍ਰਭੂ ਨਾਲੋਂ ਵਖਰਾ, ਦੂਜਾ ਭਾਉ ਹੈ: "ਨਾਨਕ ਸਚਾ ਏਕੁ ਹੈ ਦੁਹੁ ਵਿਚਿ ਹੈ ਸੰਸਾਰੁ॥" (ਪੰਨਾ: ੯੫੦) ਅਤੇ "ਦੂਜਾ ਭਾਉ ਰਚਾਇਓਨੁ ਤ੍ਰੈ ਗੁਣ ਵਰਤਾਰਾ॥" (ਪੰਨਾ: ੯੪੮)। ਸੰਸਾਰਕ ਵਿਹਾਰ ਦਾ ਮਨੋਰਥ ਸਰੀਰਕ ਸੁੱਖ ਅਤੇ ਸੰਸਾਰਕ ਸਫਲਤਾ ਹੈ ਜਦੋਂ ਕਿ ਅਧਿਆਤਮਿਕ ਜੀਵਨ ਦਾ ਮਨੋਰਥ ਪ੍ਰਭੂ ਪ੍ਰਾਪਤੀ ਹੈ। ਧਾਰਮਕ ਬਿਰਤੀ ਵਾਲੇ ਵਿਅਕਤੀ ਪ੍ਰਭੂ ਪ੍ਰਾਪਤੀ ਜਾਂ ਮੁਕਤੀ ਦੀ ਕਾਮਨਾ ਕਰਦੇ ਹਨ ਪਰ ਪ੍ਰਭੂ ਪ੍ਰਾਪਤੀ ਦੇ ਮਾਰਗ ਦੀਆਂ ਔਕੜਾਂ ਵੇਖ ਕੇ ਸਮਾਜਕ ਧਰਮ ਦੇ ਉਪਾਸ਼ਕ ਬਣ ਜਾਂਦੇ ਹਨ। ਪ੍ਰਭੂ ਪ੍ਰਾਪਤੀ ਦੇ ਅਧਿਆਤਮਿਕ ਮਾਰਗ ਦਾ ਸਫਰ ਧਾਰਮਕ ਜੀਵਨ ਧਾਰਨ ਕਰਨ ਨਾਲ ਸ਼ੁਰੂ ਹੁੰਦਾ ਹੈ। ਧਾਰਮਕ ਜੀਵਨ ਧਾਰਨ ਕਰਨਾ ਕਾਫੀ ਔਖਾ ਹੈ ਜੋ ਅਜੋਕੇ ਖਪਤਕਾਰੀ ਯੁਗ ਵਿਚ ਹੋਰ ਵੀ ਔਖਾ ਹੋ ਗਿਆ ਹੈ। ਨਿਮਰਤਾ, ਸਹਿਜ, ਸ਼ਾਂਤੀ, ਸੇਵਾ ਅਤੇ ਪ੍ਰੇਮ ਭਾਵਨਾ ਇਸ ਜੀਵਨ ਦੇ ਕੁੱਝ ਵਿਹਾਰਕ ਗੁਣ ਹਨ। ਧਾਰਮਕ ਜੀਵਨ ਗਿਆਨ ਮਾਰਗ ਦੀ ਪਹਿਲੀ ਪੌੜੀ ਹੈ। ਦੂਜੀ ਅਤੇ ਉਸ ਤੋਂ ਉਪਰਲੀਆਂ ਪੌੜੀਆਂ ਤੇ ਚੜ੍ਹਨ ਦੀ ਯੋਗਤਾ, ਜਿਸ ਨੂੰ ਚੌਥਾ ਪਦ ਜਾਂ ਦਸਵਾਂ ਦੁਆਰ ਵੀ ਆਖਿਆ ਜਾਂਦਾ ਹੈ, ਧਾਰਮਕ ਜੀਵਨ ਵਿਚ ਅਣਮਿੱਥੇ ਸਮੇਂ ਲਈ ਪਰਪੱਕ ਰਹਿੰਦੇ ਹੋਏ ਗੁਰੂ ਦੀ ਕਿਰਪਾ, "ਗੁਰਪ੍ਰਸਾਦਿ" ਦੀ ਅਰਦਾਸ ਅਤੇ ਸਤ ਸੰਗਤ ਕਰਨ ਨਾਲ ਪ੍ਰਾਪਤ ਹੁੰਦੀ ਹੈ। ਗੁਰੂ ਦੀ ਕਿਰਪਾ ਅਨਿਸ਼ਚਿਤ ਹੁੰਦੀ ਹੈ ਅਤੇ ਇਸ ਦੀ ਕੋਈ ਗਰੰਟੀ ਵੀ ਨਹੀਂ ਹੁੰਦੀ। ਐਸੀ ਸਥਿਤੀ ਵਿਚ ਧਾਰਮਕ ਵਿਅਕਤੀਆਂ ਦੀ ਬਹੁਗਿਣਤੀ ਗੁਰੂ ਕਿਰਪਾ ਦੀ ਉਡੀਕ ਕਰਨ ਅਤੇ ਸਤ ਸੰਗਤ ਵਿਚ ਸਮਾਂ ਬਿਤਾਉਣ ਨਾਲੋਂ ਧਰਮ ਦੇ ਸਮਾਜਕ ਸੰਗਠਨ ਬਨਾਉਣ ਜਾਂ ਉਨ੍ਹਾਂ ਵਿਚ ਭਾਗ ਲੈਣ ਨੂੰ ਉਪਯੋਗੀ ਸਮਝਦੀ ਹੈ। ਧਰਮ ਦਾ ਸਮਾਜਕ ਸੰਗਠਨ ਸਤ ਸੰਗਤ ਨਹੀਂ ਹੁੰਦਾ, ਉਸ ਵਿਚ ਮਾਇਆ ਦੇ ਤ੍ਰੈਗੁਣਾਂ ਅਤੇ ਪੰਜ ਵਿਸ਼ੇ ਵਿਕਾਰਾਂ ਦਾ ਸੂਖਮ ਪ੍ਰਭਾਵ ਹੁੰਦਾ ਹੈ ਜਿਨ੍ਹਾਂ ਤੋਂ ਪ੍ਰਭਾਵਤ ਹੋ ਕੇ ਧਾਰਮਕ ਵਿਅਕਤੀ ਅਧਿਆਤਮਿਕ ਮਾਰਗ ਤੋਂ ਖੁੰਝ ਜਾਂਦੇ ਹਨ ਅਤੇ ਸੰਸਾਰਕ ਧਰਮ ਦੇ ਆਗੂ ਜਾਂ ੫ਰਤੀਨਿਧ ਬਣ ਕੇ ਰਹਿ ਜਾਂਦੇ ਹਨ। ਸੰਸਾਰਕ ਧਰਮ ਦੇ ਤਿੰਨ ਹੋਰ ਅੰਗ ਵਿਕਸਤ ਹੋਏ ਹੁੰਦੇ ਹਨ: ਇਕ, ਆਮ ਸ਼ਰਧਾਲੂ, ਦੂਜਾ, ਪੁਜਾਰੀ, ਅਤੇ ਤੀਜਾ, ਧਰਮ ਦੇ ਵਪਾਰੀ। ਕਿਉਂਕਿ ਆਮ ਲੋਕਾਂ ਦੀ ਪ੍ਰਭੂ ਪ੍ਰਾਪਤੀ ਵਿਚ ਬਹੁਤੀ ਦਿਲਚਸਪੀ ਨਹੀਂ ਹੁੰਦੀ, ਉਹ ਅਕਸਰ ਸਫਲ ਅਤੇ ਸੁੱਖੀ ਜੀਵਨ ਦੀ ਕਾਮਨਾ ਕਰਦੇ ਹਨ, ਇਸ ਲਈ ਧਾਰਮਕ ਆਗੂ ਅਤੇ ਪੁਜਾਰੀ ਪਾਠ ਪੂਜਾ ਅਤੇ ਕਰਮ ਕਾਡਾਂ ਦੁਆਰਾ ਉਨ੍ਹਾਂ ਨੂੰ ਸੰਸਾਰਕ ਇੱਛਾਵਾਂ ਦੀ ਪੂਰਤੀ ਦਾ ਭਰੋਸਾ ਦੇ ਕੇ ਆਪਣੇ ਧਰਮ ਨਾਲ ਜੋੜ ਲੈਂਦੇ ਹਨ। ਇਸ ਤਰ੍ਹਾਂ ਗੁਰਬਾਣੀ ਤੋਂ ਉਪਜਿਆ ਸਿੱਖ ਧਰਮ ਗੁਰਬਾਣੀ ਉਪਦੇਸ਼ ਤੋਂ ਦੂਰ ਹੋਣ ਲੱਗ ਪੈਂਦਾ ਹੈ ਅਤੇ ਕਰਮ ਕਾਂਡੀ ਪਾਠ ਪੂਜਾ ਰਾਹੀਂ ਸ਼ਰਧਾਲੂਆਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਕਰਨ ਦੇ ਕਿੱਤੇ ਅਤੇ ਵਪਾਰ ਦਾ ਰੂਪ ਧਾਰਨ ਕਰ ਲੈਂਦਾ ਹੈ।
ਗੁਰਮਤਿ ਵਿਚਾਰਧਾਰਾ ਨੂੰ ਅਧਿਆਤਮਿਕ ਮਾਰਗ ਤੋਂ ਹੋੜ ਕੇ ਸਮਾਜਕ ਵਿਹਾਰ ਵਿਚ ਬਦਲਣ ਦਾ ਕੰਮ ਗੁਰ ਪ੍ਰਵਾਰਾਂ ਦੇ ਕੁੱਝ ਸਦੱਸਾਂ ਅਤੇ ਉਨ੍ਹਾਂ ਦੀਆਂ ਸੰਤਾਨਾਂ ਨੇ ਕੀਤਾ ਸੀ। ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਹੀ ਉਨ੍ਹਾਂ ਨੇ ਗੁਰਬਾਣੀ ਦੀ ਅਧਿਆਤਮਿਕ ਵਿਚਾਰਧਾਰਾ ਨੂੰ ਪ੍ਰਚਲਤ ਧਾਰਮਕ ਵਿਹਾਰ ਅਨੁਸਾਰ ਕਰਮ ਕਾਡਾਂ ਵਿਚ ਰਲਗੱਡ ਕਰਨ ਅਤੇ ਗੁਰਬਾਣੀ ਉਪਦੇਸ਼ ਦੀ ਉਲੰਘਣਾ ਅਤੇ ਵਿਰੋਧਤਾ ਕਰਨੀ ਸ਼ੁਰੂ ਕਰ ਦਿੱਤੀ ਸੀ। ਅਸਲ ਵਿਚ ਉਨ੍ਹਾਂ ਨੇ ਗੁਰਬਾਣੀ ਉਪਦੇਸ਼ ਬਾਰੇ ਭੁਲੇਖੇ ਪਾਉਣ ਲਈ ਕੱਚੀਆਂ ਰਚਨਾਵਾਂ, ਸਨਾਤਨੀ ਕਰਮਕਾਂਡਾਂ ਅਤੇ ਸ਼ਖ਼ਸੀ ਪੂਜਾ ਪੱਧਤੀ ਵਾਲਾ ਆਪਣਾ ਵਖਰਾ ਸਿੱਖ ਧਰਮ ਹੀ ਚਾਲੂ ਕਰ ਲਿਆ ਸੀ। ਬਹੁਤੇ ਸਿੱਖ ਚਿੰਤਕਾਂ ਦਾ ਵਿਚਾਰ ਹੈ ਕਿ ਗੁਰਮਤਿ ਅਤੇ ਗੁਰੂ ਸਾਹਿਬਾਨ ਦੀ ਵਿਰੋਧਤਾ ਬ੍ਰਾਹਮਣਾਂ, ਹਿੰਦੂਆਂ ਅਤੇ ਮੁਸਲਮਾਨਾਂ ਨੇ ਕਰਨੀ ਸ਼ੁਰੂ ਕੀਤੀ ਸੀ। ਇਹ ਸਹੀ ਨਹੀਂ ਹੈ। ਗੁਰਮਤਿ ਦੀ ਵਿਰੋਧਤਾ ਦੇ ਮੋਢੀ ਬ੍ਰਾਹਮਣ ਜਾਂ ਹਿੰਦੂ ਨਹੀਂ ਬਲਕਿ ਗੁਰ ਪ੍ਰਵਾਰਾਂ ਦੇ ਸਦੱਸ ਅਤੇ ਉਨ੍ਹਾਂ ਦੀਆਂ ਸੰਤਾਨਾਂ ਸਨ। ਅਸਲ ਵਿਚ ਗੁਰਗੱਦੀ ਅਤੇ ਉਸ ਨਾਲ ਜੁੜੀ ਸੰਪਤੀ ਦੀ ਮਲਕੀਅਤ ਨੂੰ ਲੈ ਕੇ ਗੁਰ ਪ੍ਰਵਾਰਾਂ ਦੇ ਕਈ ਸਦੱਸਾਂ ਵੱਲੋਂ ਗੁਰਮਤਿ ਵਿਚਾਰਧਾਰਾ ਅਤੇ ਗੁਰੂ ਸਾਹਿਬਾਨ ਦੀ ਵਿਰੋਧਤਾ ਹੋਣੀ ਸ਼ੁਰੂ ਹੋ ਗਈ ਸੀ। ਗੁਰ ਪ੍ਰਵਾਰਾਂ ਦੇ ਗੁਰਗੱਦੀ ਦੇ ਅਭਿਲਾਸ਼ੀ ਅਤੇ ਉਨ੍ਹਾਂ ਦੀਆਂ ਸੰਤਾਨਾਂ ਮੁਗਲ ਪਰਸ਼ਾਸਕਾਂ ਨੂੰ ਗੁਰਬਾਣੀ ਅਤੇ ਗੁਰੂ ਸਾਹਿਬਾਨ ਵਿਰੁਧ ਝੂਠੀਆਂ ਸ਼ਿਕਾਇਤਾਂ ਕਰ ਕੇ ਪਰਸ਼ਾਸਕੀ ਕਾਰਵਾਈ ਕਰਨ ਲਈ ਜ਼ੋਰ ਪਾਉਂਦੀਆਂ ਸਨ ਪਰ ਆਪ ਉਨ੍ਹਾਂ ਹੀ ਪਰਸ਼ਾਸਕਾਂ ਨੂੰ ਸਿੱਖ ਵਿਰੋਧੀ ਪ੍ਰਚਾਰ ਕੇ ਸਿੱਖ ਸ਼ਰਧਾਲੂਆਂ ਦੇ ਹਿਤੈਸ਼ੀ ਹੋਣ ਦਾ ਢੋਂਗ ਕਰਦੀਆਂ ਸਨ। ਜਿਉਂ-ਜਿਉਂ ਸਮਾਂ ਗੁਜ਼ਰਦਾ ਗਿਆ ਉਨ੍ਹਾਂ ਵਿਰੋਧੀਆਂ ਦੀ ਸੰਖਿਆ ਵੱਧਦੀ ਗਈ ਅਤੇ ਗੁਰੂ ਸਾਹਿਬਾਨ ਨਾਲ ਵਿਰੋਧਤਾ ਅਤੇ ਸ਼ਿਕਾਇਤਾਂ ਦਾ ਸਿਲਸਿਲਾ ਵੀ ਵੱਧਦਾ ਅਤੇ ਹਿੰਸਾਤਮਕ ਹੁੰਦਾ ਗਿਆ। ਦੋ ਸੌ ਸਾਲ ਉਹ ਗੁਰੂ ਸਾਹਿਬਾਨ ਵਿਰੁਧ ਜਹਾਦ ਕਰਦੇ ਰਹੇ। ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਅਤੇ ਬੰਦਾ ਬਹਾਦਰ ਦੇ ਮੁਗਲ ਸ਼ਾਸਨ ਤੇ ਆਕ੍ਰਮਣ ਉਪਰੰਤ ਉਹ ਆਪਣੀ ਗੁਰਮਤਿ ਵਿਰੋਧੀ ਵਿਚਾਰਧਾਰਾ ਨੂੰ ਸਿੱਖ ਧਰਮ ਦੀ ਮੁੱਖ ਧਾਰਾ ਬਨਾਉਣ ਵਿਚ ਸਫਲ ਹੋ ਗਏ ਜੋ ਹੁਣ ਸਿੱਖ ਧਰਮ ਦੀ ਪਰੰਪਰਾ ਬਣੀ ਹੋਈ ਹੈ। ਇਸ ਦੇ ਨਾਲ ਹੀ ਗੁਰਬਾਣੀ ਅਤੇ ਗੁਰੂ ਸਾਹਿਬਾਨਾਂ ਦੇ ਵਿਰੋਧੀਆਂ ਦੇ ਸਹਿਯੋਗੀ ਲੇਖਕਾਂ ਨੇ ਜਨਮ ਸਾਖੀਆਂ, ਗੁਰ ਬਿਲਾਸ ਅਤੇ ਝੂਠੀਆਂ ਮਨ ਘੜਤ ਕਹਾਣੀਆਂ ਦਾ ਮਿਥਿਹਾਸ ਰਚ ਕੇ ਸਿੱਖ ਸ਼ਰਧਾਲੂਆਂ ਨੂੰ ਗੁਮਰਾਹ ਕਰਨਾ ਸ਼ੁਰੂ ਕਰ ਦਿੱਤਾ ਸੀ। ਉਨੀਵੀਂ ਅਤੇ ਵੀਹਵੀਂ ਸ਼ਤਾਬਦੀ ਵਿਚ ਵੀ ਕੋਈ ਸੰਜੀਦਾ ਵਿਦਵਾਨ ਗੁਰ ਪ੍ਰਵਾਰਾਂ ਦੇ ਸਦੱਸਾਂ ਦੀਆਂ ਗੁਰਮਤਿ ਵਿਰੋਧੀ ਕਾਰਵਾਈਆਂ ਨੂੰ ਸਹੀ ਢੰਗ ਨਾਲ ਉਜਾਗਰ ਕਰਨ ਵਿਚ ਸਫਲ ਨਾ ਹੋਇਆ। ਅਸਲ ਵਿਚ ਗੁਰਮਤਿ ਵਿਰੋਧੀ ਪ੍ਰਵਾਰਾਂ ਦੀਆਂ ਸੰਤਾਨਾਂ ਦਾ ਸਿੱਖ ਧਾਰਮਕ ਹਲਕਿਆਂ ਵਿਚ ਪ੍ਰਭਾਵ ਏਨਾ ਵੱਧ ਚੁਕਾ ਸੀ ਕਿ ਮੁੱਖ ਧਾਰਾ ਸਮਝੀ ਜਾਂਦੀ ਗੁਰਮਤਿ ਵਿਰੋਧੀ ਸਿੱਖ ਧਾਰਮਕ ਵਿਚਾਰਧਾਰਾ ਦੀ ਪਰੰਪਰਾ ਨੂੰ ਚਨੌਤੀ ਦੇਣਾ ਸੰਭਵ ਨਹੀਂ ਰਿਹਾ ਸੀ। ਤਿੰਨ ਸੌ ਸਾਲ ਤੋਂ ਇਹ ਮਿਥਿਹਾਸ ਸਿੱਖ ਸ਼ਰਧਾਲੂਆਂ ਨੂੰ ਗੁਮਰਾਹ ਕਰਦਾ ਆ ਰਿਹਾ ਹੈ। ਇਹ ਮਿਥਹਾਸਕ ਪਰੰਪਰਾ ਹੀ ਨਿਰਪੱਖ ਵਿਦਵਾਨਾਂ ਅਤੇ ਖੋਜੀਆਂ ਨੂੰ ਗੁਰਮਤਿ ਵਿਰੋਧੀਆਂ ਦੀਆਂ ਕਾਰਵਾਈਆਂ ਦੇ ਸੱਚ ਦਾ ਪ੍ਰਗਟਾਵਾ ਕਰਨ ਵਿਚ ਰੁਕਾਵਟ ਬਣੀ ਹੋਈ ਹੈ।
ਪੁਰਾਤਨ ਇਤਿਹਾਸਕ ਸਰੋਤਾਂ ਵਿਚ ਕੇਵਲ ਤਿੰਨ ਗੁਰੂ ਸਾਹਿਬਾਨਾਂ ਦੇ ਜੀਵਨ ਬਿਰਤਾਂਤ ਲਿਖੇ ਮਿਲਦੇ ਹਨ। ਉਹ ਹਨ: ਗੁਰੂ ਨਾਨਕ ਸਾਹਿਬ ਦੀਆਂ ਜਨਮ ਸਾਖੀਆਂ, ਗੁਰ ਬਿਲਾਸ ਪਾਤਸ਼ਾਹੀ ੬ ਅਤੇ ਗੁਰ ਬਿਲਾਸ ਪਾਤਸ਼ਾਹੀ ੧੦. ਗੁਰੂ ਹਰਿਗੋਬਿੰਦ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਜੀਵਨ ਕਥਾਵਾਂ ਨੂੰ ਜਨਮ ਸਾਖੀਆਂ ਨਹੀਂ ਗੁਰ ਬਿਲਾਸ ਦਾ ਸ਼ੀਰਸ਼ਕ ਦਿੱਤਾ ਗਿਆ ਹੈ। ਬਿਲਾਸ ਦਾ ਸਬੰਧ ਸਰੀਰ ਨਾਲ ਹੁੰਦਾ ਹੈ ਆਤਮਾ ਨਾਲ ਨਹੀਂ। ਇਨ੍ਹਾਂ ਗੁਰ ਬਿਲਾਸਾਂ ਦਾ ਮਨੋਰਥ ਗੁਰੂ ਸਾਹਿਬਾਂ ਦੀਆਂ ਅਧਿਆਤਮਿਕ ਗਤੀਵਿਧੀਆਂ ਨੂੰ ਛੁਟਿਆ ਕੇ ਸੰਸਾਰਕ ਉਪਲੱਬਧੀਆਂ ਨੂੰ ਵਡਿਆਉਣਾ ਸੀ, ਜੋ ਗੁਰਮਤਿ ਵਿਰੋਧੀਆਂ ਦਾ ਧਾਰਮਕ ਏਜੰਡਾ ਸੀ। ਇਨ੍ਹਾਂ ਗੁਰ ਬਿਲਾਸਾਂ ਨੇ ਗੁਰੂ ਸਾਹਿਬਾਂ ਦੀਆਂ ਜੀਵਨੀਆਂ ਬਾਰੇ ਸ਼ਰਧਾਲੂਆਂ ਵਿਚ ਬਹੁਤ ਭੁਲੇਖੇ ਪਾਏ ਹੋਏ ਹਨ।
ਗੁਰ ਪ੍ਰਵਾਰਾਂ ਦੇ ਸਦੱਸਾਂ ਅਤੇ ਸਿੱਖ ਅਖਵਾਉਣ ਵਾਲੇ ਸ਼ਰਧਾਲੂਆਂ ਵੱਲੋਂ ਗੁਰਮਤਿ ਅਤੇ ਗੁਰੂ ਸਾਹਿਬਾਨ ਦੀ ਵਿਰੋਧਤਾ ਦੇ ਕੁੱਝ ਤੱਥ ਹੇਠ ਦਿੱਤੇ ਜਾਂਦੇ ਹਨ:
ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਦੀ ਵਿਰੋਧਤਾ ਉਨ੍ਹਾਂ ਦੇ ਪੁੱਤਰ ਬਾਬਾ ਸ੍ਰੀ ਚੰਦ ਵੱਲੋਂ ਹੋਣੀ ਸ਼ੁਰੂ ਹੋ ਗਈ ਸੀ। ਬਾਲੇ ਵਾਲੀ ਜਨਮ ਸਾਖੀ ਵਜੋਂ ਸਿੱਖ ਜਗਤ ਵਿਚ ਪ੍ਰਸਿੱਧ ਹੋਈ ਜਨਮ ਸਾਖੀ ਵਿਚ ਗੁਰੂ ਨਾਨਕ ਸਾਹਿਬ ਦੇ ਜਨਮ ਬਾਰੇ ਗਲਤ ਜਾਣਕਾਰੀ ਤੇ ਦਿੱਤੀ ਹੀ ਹੈ ਉਸ ਦੇ ਨਾਲ-ਨਾਲ ਗੁਰੂ ਸਾਹਿਬ ਬਾਰੇ ਇਤਰਾਜ਼ਯੋਗ ਮਨ ਘੜਤ ਸਾਖੀਆਂ ਵੀ ਲਿਖੀਆਂ ਹੋਈਆਂ ਹਨ। ਇਸ ਦੀਆਂ ਪੰਜ ਸਾਖੀਆਂ ਵਿਚ ਲਿਖਿਆ ਹੈ ਕਿ ਗੁਰੂ ਨਾਨਕ ਸਾਹਿਬ ਪਿਛੋਂ ਹੰਦਾਲ ਗੁਰੂ ਨਾਨਕ ਤੋਂ ਵੀ ਵੱਧ ਤੇਜ ਪ੍ਰਤਾਪ ਵਾਲਾ ਹੋਵੇਗਾ। ਇਸ ਵਿਚ ਦੋ ਸਾਖੀਆਂ, ਮਝੌਤ ਵਾਲੀ ਸਾਖੀ ਅਤੇ ਸਹਿਜ ਕੁਸਹਿਜ ਵਾਲੀ ਸਾਖੀ, ਗੁਰੂ ਨਾਨਕ ਸਾਹਿਬ ਨੂੰ ਬਦਨਾਮ ਕਰਨ ਲਈ ਲਿਖੀਆਂ ਗਈਆਂ ਸਨ। ਭਾਈ ਸੰਤੋਖ ਸਿੰਘ ਨੇ ਆਪਣੀਆਂ ਰਚਨਾਵਾਂ ਵਿਚੋਂ ਅਤੇ ਜਨਮਸਾਖੀ ਦੇ ਪ੍ਰਕਾਸ਼ਕਾਂ ਨੇ ਛਪਾਈ ਸਮੇਂ ਇਹ ਸਾਖੀਆਂ ਕੱਢ ਦਿੱਤੀਆਂ ਸਨ। ਪਰ ਇਸ ਜਨਮਸਾਖੀ ਦੀ ਸਿੱਖ ਜਗਤ ਵਿਚ ਪ੍ਰਸਿੱਧੀ ਹੋਣ ਨਾਲ ਗੁਰਮਤਿ ਵਿਰੋਧੀਆਂ ਦਾ ਮਨੋਰਥ ਪੂਰਾ ਹੋ ਗਿਆ ਸੀ। ਗੁਰੂ ਅੰਗਦ ਸਾਹਿਬ ਦਾ ਪੁੱਤਰ, ਦਾਦੂ ਜੀ, ਗੁਰੂ ਅਮਰ ਦਾਸ ਜੀ ਨੂੰ ਗੁਰੂ ਪ੍ਰਵਾਨ ਨਹੀਂ ਕਰਦਾ ਸੀ ਅਤੇ ਗੁਰੂ ਸਾਹਿਬ ਨੂੰ ਖਡੂਰ ਸਾਹਿਬ ਛੱਡ ਕੇ ਗੋਇੰਦਵਾਲ ਸਾਹਿਬ ਟਿਕਾਣਾ ਬਣਾਉਣਾ ਪਿਆ ਸੀ। ਪ੍ਰਵਾਰਕ ਵਿਰੋਧੀਆਂ ਨੇ ਹੀ ਅਕਬਰ ਬਾਦਸ਼ਾਹ ਨੂੰ ਗੁਰੂ ਸਾਹਿਬ ਵਿਰੁਧ ਸ਼ਿਕਾਇਤ ਕੀਤੀ ਸੀ। ਗੁਰੂ ਅਮਰ ਦਾਸ ਜੀ ਦਾ ਵੱਡਾ ਪੁੱਤਰ, ਬਾਬਾ ਮੋਹਨ ਗੁਰੂ ਰਾਮਦਾਸ ਜੀ ਨੂੰ ਗੁਰੂ ਪ੍ਰਵਾਨ ਕਰਨ ਲਈ ਤਿਆਰ ਨਹੀਂ ਸੀ। ਰਾਮਕਲੀ ਸਦ ਵਿਚ "ਮੋਹਰੀ ਪੁਤੁ ਸਨਮੁਖੁ ਹੋਇਆ ਰਾਮਦਾਸੈ ਪੈਰੀ ਪਾਇ ਜੀਉ॥" (ਪੰਨਾ: ੯੨੪) ਦਾ ਵਰਨਣ ਤੇ ਹੈ ਪਰ ਬਾਬਾ ਮੋਹਨ ਦਾ ਜ਼ਿਕਰ ਨਹੀਂ ਹੈ। ਗੁਰੂ ਰਾਮਦਾਸ ਜੀ ਨੂੰ ਗੋਇੰਦਵਾਲ ਛੱਡ ਕੇ ਅੰਮ੍ਰਿਤਸਰ ਵਸਾਉਣਾ ਪਿਆ ਸੀ। ਗੁਰੂ ਸਾਹਿਬ ਦਾ ਵੱਡਾ ਪੁੱਤਰ, ਪ੍ਰਿਥੀ ਚੰਦ, ਗੁਰਗੱਦੀ ਨਾ ਮਿਲਣ ਤੇ ਆਪਣੇ ਛੋਟੇ ਭਰਾ, ਗੁਰੂ ਅਰਜਨ ਸਾਹਿਬ ਦਾ ਜਾਨੀ ਦੁਸ਼ਮਣ ਬਣ ਗਿਆ ਸੀ। ਉਸ ਨੇ ਅਤੇ ਚੰਦੂ ਲਾਲ ਨੇ ਗੁਰੂ ਅਰਜਨ ਸਾਹਿਬ ਵਿਰੁਧ ਝੂਠੀਆਂ ਸ਼ਿਕਾਇਤਾਂ ਕਰਕੇ ਉਨ੍ਹਾਂ ਨੂੰ ਜਹਾਂਗੀਰ ਬਾਦਸ਼ਾਹ ਤੋਂ ਸ਼ਹੀਦ ਕਰਵਾਇਆ।
ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਹੋਣ ਨਾਲ ਪ੍ਰਵਾਰਕ ਵਿਰੋਧਤਾ ਘਟੀ ਨਹੀਂ ਸੀ ਬਲਕਿ ਹੋਰ ਵੱਧ ਅਤੇ ਹਿੰਸਕ ਹੋ ਗਈ ਸੀ। ਪ੍ਰਿਥੀ ਚੰਦ ਦੀ ਸੰਤਾਨ ਆਪਣੇ ਆਪ ਨੂੰ ਗੁਰਗੱਦੀ ਦੀ ਹੱਕਦਾਰ ਸਮਝਦੀ ਸੀ। ਇਸ ਲਈ ਗੁਰੂ ਹਰਿਗੋਬਿੰਦ ਸਾਹਿਬ ਦੇ ਗੁਰੂ ਬਨਣ ਨਾਲ ਉਨ੍ਹਾਂ ਦੀਆਂ ਗੁਰੂ ਸਾਹਿਬ ਵਿਰੁਧ ਸਾਜ਼ਿਸ਼ਾਂ ਹੋਰ ਵੀ ਘਾਤਕ ਹੋ ਗਈਆਂ। ਉਹ ਗੁਰਬਾਣੀ ਉਪਦੇਸ਼ ਦੇ ਸੰਚਾਰ ਵਿਚ ਰੁਕਾਵਟਾਂ ਪਾਉਣ ਅਤੇ ਗੁਰੂ ਸਾਹਿਬ ਨੂੰ ਨੁਕਸਾਨ ਪੁਚਾਉਣ ਲਈ ਉਹੋ ਢੰਗ ਵਰਤਣ ਲੱਗ ਪਏ ਜੋ ਉਨ੍ਹਾਂ ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਕਰਵਾਉਣ ਲਈ ਵਰਤੇ ਸਨ: ਗੁਰੂ ਸਾਹਿਬ ਵਿਰੁਧ ਮੁਗਲ ਸ਼ਾਸਨ ਨੂੰ ਝੂਠੀਆਂ ਸ਼ਿਕਾਇਤਾਂ ਕਰਕੇ ਫੌਜੀ ਕਾਰਵਾਈਆਂ ਕਰਨ ਲਈ ਉਕਸਾਉਣ ਦੇ। ਗੁਰੂ ਸਾਹਿਬ ਨੂੰ ਜੰਗਾਂ ਵਿਚ ਉਲਝਾ ਕੇ ਜਿਥੇ ਉਹ ਗੁਰਬਾਣੀ ਪ੍ਰਚਾਰ ਨੂੰ ਰੋਕਣ ਦਾ ਯਤਨ ਕਰ ਰਹੇ ਸਨ ਉਥੇ ਹੀ ਗੁਰੂ ਸਾਹਿਬ ਦੀ ਮੁਗਲ ਸ਼ਾਸਨ ਨਾਲ ਦੁਸ਼ਮਣੀ ਵਧਾਉਣ ਦੇ ਵੀ ਇੱਛਕ ਸਨ। ਇਨ੍ਹਾਂ ਚੁਣੌਤੀਆਂ ਦੇ ਬਾਵਜੂਦ ਗੁਰੂ ਸਾਹਿਬ ਨੇ ਧਰਮ ਪ੍ਰਚਾਰ ਬਰਕਰਾਰ ਰਖਿਆ ਅਤੇ ਦੂਰ ਦੁਰਾਡੇ ਕਸ਼ਮੀਰ, ਨਾਨਕਮਤਾ ਅਤੇ ਪੀਲੀਭੀਤ ਧਰਮ ਪ੍ਰਚਾਰ ਕਰਨ ਲਈ ਗਏ। ਗੁਰੂ ਸਾਹਿਬ ਬਾਰੇ ਰਚੇ ਮਿਥਿਹਾਸ ਵਿਚ ਕਈ ਨਾ ਮੰਨਣਯੋਗ ਵਾਰਦਾਤਾਂ ਦੇ ਨਾਲ ਅਕਾਲ ਬੁੰਗੇ ਬਾਰੇ ਇਹ ਸ਼ੰਕਾ ਪੈਦਾ ਹੁੰਦਾ ਹੈ: ਜੇਕਰ ਗੁਰੂ ਸਾਹਿਬ ਨੇ ਅਕਾਲ ਬੁੰਗੇ ਦੀ ਉਸਾਰੀ ਇਕ ਤਖਤ ਅਤੇ ਪ੍ਰਭੁਸੱਤਾ ਦੇ ਪ੍ਰਤੀਕ ਵਜੋਂ ਕਰਵਾਈ ਸੀ ਤਾਂ ਉਹ ਤਖਤ ਛੱਡ ਕੇ ਕੀਰਤਪੁਰ ਸਾਹਿਬ ਕਿਉਂ ਚਲੇ ਗਏ ਸੀ ਅਤੇ ਦੂਜੇ ਗੁਰੂ ਸਾਹਿਬਾਨ ਨੇ ਅਕਾਲ ਬੁੰਗੇ ਦੇ ਤਖਤ ਨੂੰ ਕਿਉਂ ਨਹੀਂ ਵਰਤਿਆ? ਤਖਤ ਛੱਡਣ ਅਤੇ ਦੂਜਿਆਂ ਨੂੰ ਸੌਂਪਣ ਲਈ ਨਹੀਂ ਬਣਾਏ ਜਾਂਦੇ।
ਵਿਰੋਧੀਆਂ ਦੀਆਂ ਸ਼ਿਕਾਇਤਾਂ ਕਾਰਨ ਹੀ ਗੁਰੂ ਹਰਿਕਿਸ਼ਨ ਸਾਹਿਬ ਨੂੰ ਔਰੰਗਜੇਬ ਵੱਲੋਂ ਦਿੱਲੀ ਬੁਲਾਇਆ ਗਿਆ ਸੀ ਅਤੇ ਉਨ੍ਹਾਂ ਦਾ ਛੋਟੀ ਉਮਰੇ ਹੀ ਦਿਹਾਂਤ ਹੋ ਗਿਆ। ਬਾਬਾ ਬਕਾਲਾ ਵਿਚ ਗੁਰਗੱਦੀ ਦੇ ਅਭਿਲਾਸ਼ੀਆਂ ਦੀ ਪ੍ਰਦਰਸ਼ਨੀ ਤੋਂ ਪਤਾ ਚਲਦਾ ਹੈ ਕਿ ਗੁਰੂ ਸਾਹਿਬ ਦੇ ਵਿਰੋਧੀਆਂ ਦੀ ਸੰਖਿਆ ਅਤੇ ਲਾਲਸਾ ਕਿੰਨੀ ਵੱਧ ਚੁੱਕੀ ਸੀ। ਗੁਰ ਇਤਹਾਸ ਦੇ ਲੇਖਕ ਗੁਰੂ ਸਾਹਿਬਾਨ ਦੇ ਵਿਰੋਧੀਆਂ ਦੇ ਸਹਿਯੋਗੀ ਸਨ ਅਤੇ ਉਨ੍ਹਾਂ ਦੀਆਂ ਗੁਰੂ ਸਾਹਿਬਾਨ ਵਿਰੁਧ ਸ਼ਿਕਾਇਤਾਂ ਅਤੇ ਕਾਰਗੁਜ਼ਾਰੀਆਂ ਨੂੰ ਛੁਪਾ ਕੇ ਰੱਖਣਾ ਚਾਹੁੰਦੇ ਸਨ ਤਾਂ ਜੋ ਉਨ੍ਹਾਂ ਦੀ ਮੁਗਲ ਸ਼ਾਸਨ ਨਾਲ ਮਿਲੀ ਭੁਗਤ ਜਗ ਜ਼ਾਹਰ ਨਾ ਹੋ ਜਾਵੇ।
ਗੁਰੂ ਤੇਗ ਬਹਾਦਰ ਸਾਹਿਬ ਦੇ ਗੁਰੂ ਬਨਣ ਤੇ ਧੀਰ ਮੱਲ ਦੇ ਮਸੰਦ ਸੀਹੇਂ ਨੇ ਗੁਰੂ ਸਾਹਿਬ ਨੂੰ ਮਾਰਨ ਲਈ ਉਨ੍ਹਾਂ ਤੇ ਗੋਲੀ ਚਲਾਈ ਸੀ। ਇਹ ਦੁਸ਼ਮਣੀ ਵੱਧਦੀ ਹੀ ਗਈ ਸੀ ਅਤੇ ਗੁਰੂ ਸਾਹਿਬ ਦੀ ਸ਼ਹੀਦੀ ਦਾ ਕਾਰਨ ਬਣੀ ਸੀ ਅਤੇ ਉਨ੍ਹਾਂ ਦੀ ਸ਼ਹੀਦੀ ਉਪਰੰਤ ਗੁਰੂ ਗੋਬਿੰਦ ਸਿੰਘ ਜੀ ਦੀਆਂ ਮੁਸ਼ਕਲਾਂ ਦਾ। ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਵਿਚ ਵੀ ਵਿਰੋਧੀਆਂ ਦੀ ਭੂਮਿਕਾ ਨੂੰ ਛੁਪਾਇਆ ਗਿਆ ਹੈ। ਇਤਿਹਾਸਕਾਰਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਲਈ ਔਰੰਗਜੇਬ ਨੂੰ ਨਿਸ਼ਾਨਾ ਬਣਾਇਆ ਹੈ ਪਰ ਗੁਰ ਪ੍ਰਵਾਰਾਂ ਦੇ ਵਿਰੋਧੀਆਂ ਦੀਆਂ ਕਾਰਵਾਈਆਂ ਬਾਰੇ ਚੁੱਪ ਧਾਰਨ ਕੀਤੀ ਰੱਖੀ ਹੈ। ਗੁਰੂ ਸਾਹਿਬ ਦੀ ਸ਼ਹੀਦੀ ਵਿਚ ਕਸ਼ਮੀਰੀ ਪੰਡਤਾਂ ਦੀ ਫ਼ਰਿਆਦ ਦੇ ਨਾਲ ਗੁਰੂ ਸਾਹਿਬ ਦੇ ਵਿਰੋਧੀਆਂ ਦੀ ਸਾਜ਼ਿਸ਼ ਹੋਣ ਦੀ ਸੰਭਾਵਨਾ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਗੁਰੂ ਗੋਬਿੰਦ ਸਿੰਘ ਜੀ ਦੀਆਂ ਮੁਸ਼ਕਿਲਾਂ ਵਿਚ ਗੁਰ ਪ੍ਰਵਾਰਾਂ ਦੇ ਗੁਰੂ ਵਿਰੋਧੀਆਂ ਦਾ ਹੱਥ ਸੀ। ਨੰਦੇੜ ਵਿਚ ਗੁਰੂ ਸਾਹਿਬ ਤੇ ਹੋਏ ਹਮਲੇ ਪਿਛੇ ਕਿਨ੍ਹਾਂ ਸ਼ਕਤੀਆਂ ਦੀ ਸਾਜ਼ਸ਼ ਸੀ ਇਸ ਬਾਰੇ ਵੀ ਭਰੋਸੇਯੋਗ ਜਾਣਕਾਰੀ ਉਪਲੱਬਧ ਨਹੀਂ ਹੈ। ਕਈ ਇਤਿਹਾਸਕਾਰ ਗੁਰੂ ਸਾਹਿਬ ਨੂੰ ਗੁਰਮਤਿ ਵਿਚਾਰਧਾਰਾ ਨਾਲੋਂ ਤੋੜ ਕੇ ਇਕ ਵਖਰੀ, ਗੁਰਮਤਿ ਵਿਰੋਧੀ ਵਿਚਾਰਧਾਰਾ ਨਾਲ ਜੋੜਨ ਦਾ ਯਤਨ ਵੀ ਕਰਦੇ ਹਨ, ਇਥੋਂ ਤਕ ਕਿ ਉਨ੍ਹਾਂ ਦਾ ਨਾਂ ਬਚਿਤ੍ਰ ਨਾਟਕ ਜੈਸੇ ਅਸ਼ਲੀਲ ਗ੍ਰੰਥ ਨਾਲ ਵੀ ਜੋੜ ਦਿੱਤਾ ਜਾਂਦਾ ਹੈ।
ਸਿੱਖ ਜਗਤ ਵਿਚ ਬੰਦਾ ਬਹਾਦਰ ਬਾਰੇ ਵੀ ਸਿੱਖ ਇਤਿਹਾਸਕਾਰਾਂ ਨੇ ਬਹੁਤ ਭੁਲੇਖੇ ਪਾਏ ਹੋਏ ਹਨ। ਕਈ ਸਵਾਲ ਹਨ ਜਿਨ੍ਹਾਂ ਦੇ ਤਸੱਲੀ ਬਖ਼ਸ਼ ਜਵਾਬ ਨਹੀਂ ਮਿਲਦੇ। ਕੀ ਬੰਦਾ ਬਹਾਦਰ ਨੇ ਪੰਜਾਬ ਤੇ ਹਮਲਾ ਮਰਾਠਿਆਂ ਦੇ ਹਿੰਦੋਸਤਾਨ ਤੇ ਹਿੰਦੂਤਵ ਰਾਜ ਕਾਇਮ ਕਰਨ ਦੀ ਯੋਜਨਾ ਅਧੀਨ ਨਹੀਂ ਕੀਤਾ ਸੀ? ਸਾਹਿਬਜ਼ਾਦਿਆਂ ਦੀ ਸ਼ਹੀਦੀ ਉਪਰੰਤ ਗੁਰੂ ਗੋਬਿੰਦ ਸਿੰਘ ਜੀ ਪੰਜਾਬ ਵਿਚ ਵਿਚਰਦੇ ਰਹੇ ਸਨ ਪਰ ਉਨ੍ਹਾਂ ਨੇ ਬਦਲਾ ਲੈਣ ਲਈ ਮੁਗਲਾਂ ਤੇ ਹਮਲਾ ਕਿਉਂ ਨਹੀਂ ਸੀ ਕੀਤਾ? ਉਸ ਸ਼ਹੀਦੀ ਉਪਰੰਤ ਹੀ ਗੁਰੂ ਸਾਹਿਬ ਔਰੰਗਜੇਬ ਦੇ ਸੱਦੇ ਤੇ ਉਸ ਨੂੰ ਮਿਲਣ ਨੰਦੇੜ ਗਏ ਸਨ ਅਤੇ ਉਨ੍ਹਾਂ ਬਹਾਦਰ ਸ਼ਾਹ ਦੀ ਹਿੰਦੋਸਤਾਨ ਦਾ ਰਾਜ ਪ੍ਰਾਪਤ ਕਰਨ ਵਿਚ ਸਹਾਇਤਾ ਕੀਤੀ ਸੀ, ਉਨ੍ਹਾਂ ਨੇ ਮੁਗਲ ਰਾਜ ਨਾਲ ਦੋਸਤਾਨਾ ਤੁਅਲੁਕਾਤ ਬਣਾ ਲਏ ਸਨ ਉਨ੍ਹਾਂ ਬੰਦਾ ਬਹਾਦਰ ਨੂੰ ਹਮਲਾ ਕਰਨ ਦਾ ਆਦੇਸ਼ ਕਿਉਂ ਦੇਣਾ ਸੀ? ਕੀ ਗੁਰੂ ਸਾਹਿਬ ਨੇ ਬੰਦਾ ਬਹਾਦਰ ਨੂੰ ਸਰਹਿੰਦ ਅਤੇ ਹੋਰ ਥਾਂਵਾਂ ਦੀ ਇੱਟ ਨਾਲ ਇੱਟ ਬਜਾਉਣ, ਲੁੱਟ ਮਾਰ ਕਰਨ ਅਤੇ ਨਿਹੱਥੇ ਮਾਸੂਮਾਂ ਨੂੰ ਮਾਰ ਮੁਕਾਉਣ ਦੀ ਆਗਿਆ ਦਿੱਤੀ ਹੋਵੇਗੀ? ਕੀ ਗੁਰਬਾਣੀ ਐਸਾ ਕਰਨ ਦਾ ਉਪਦੇਸ਼ ਕਰਦੀ ਹੈ? ਕੀ ਗੁਰੂ ਸਾਹਿਬ ਨਹੀਂ ਜਾਣਦੇ ਸਨ ਕਿ ਪੰਜਾਬ ਵਿਚ ਮੁਗਲ ਸ਼ਾਸਨ ਤੇ ਹਮਲੇ ਦਾ ਪਰਿਣਾਮ ਸਿੱਖ ਸ਼ਰਧਾਲੂਆਂ ਦੀ ਨਸਲਕੁਸ਼ੀ ਅਤੇ ਗੁਰਮਤਿ ਵਿਰੋਧੀਆਂ ਦੇ ਪਾਖੰਡੀ ਧਰਮ ਦੀ ਸਥਾਪਨਾ ਹੋਵੇਗੀ? ਬੰਦਾ ਬਹਾਦਰ ਦੇ ਹਮਲੇ ਨੇ ਗੁਰੂ ਸਾਹਿਬਾਨ ਵੱਲੋਂ ਚਲਾਈ ਅਧਿਆਤਮਿਕ ਵਿਚਾਰਧਾਰਾ ਦੇ ਸੰਚਾਰ ਦੀ ਪਰਥਾ ਖਤਮ ਕਰ ਦਿੱਤੀ ਅਤੇ ਗੁਰਮਤਿ ਵਿਰੋਧੀਆਂ ਨੇ ਕਰਮ ਕਾਂਡੀ ਸਿੱਖ ਧਰਮ ਸਥਾਪਤ ਕਰ ਲਿਆ ਜਿਸ ਨੂੰ ਉਦਾਸੀ ਅਤੇ ਨਿਰਮਲੇ ਸਾਧੂਆਂ ਨੇ ਸਨਾਤਨੀ ਰੰਗਣ ਵਿਚ ਰੰਗ ਕੇ ਗੁਰੂ ਗ੍ਰੰਥ ਸਾਹਿਬ ਨੂੰ ਪੰਜਵਾਂ ਵੇਦ ਗਰਦਾਨ ਦਿੱਤਾ। ਸਿੰਘ ਸਭਾਵਾਂ ਨੇ ਉਸ ਗੁਰਮਤਿ ਵਿਰੋਧੀ ਕਰਮ ਕਾਂਡੀ ਵਿਚਾਰਧਾਰਾ ਤੇ ਪੱਛਮੀ ਧਾਰਮਕ ਵਿਚਾਰਧਾਰਾ ਦੇ ਪ੍ਰਭਾਵ ਅਧੀਨ ਸੁਧਾਈ ਦੇ ਨਾਂ ਹੇਠ ਉਸ ਨੂੰ ਸਿਆਸੀ ਰੰਗਣ ਚਾੜ੍ਹ ਦਿੱਤੀ।
ਅਜੋਕੇ ਸਿੱਖ ਧਰਮ ਦੀ ਸਥਿਤੀ ਬਹੁਤ ਹੀ ਵਚਿੱਤਰ ਬਣੀ ਹੋਈ ਹੈ। ਬਹੁਤੀਆਂ ਸਿੱਖ ਧਾਰਮਕ ਸੰਸਥਾਵਾਂ ਦਾ ਰੁਝਾਨ ਰਾਜ ਸੱਤਾ ਦੀ ਪ੍ਰਾਪਤੀ ਜਾਂ ਧਰਮ ਦਾ ਲਾਹੇਵੰਦ ਵਪਾਰ ਕਰਨ ਵਲ ਹੈ, ਅਤੇ ਕਿਉਂਕਿ ਗੁਰਬਾਣੀ ਅਜਿਹੀਆਂ ਕਾਰਵਾਈਆਂ ਨੂੰ ਧਾਰਮਕ ਜੀਵਨ ਦੇ ਅਨੁਕੂਲ ਨਹੀਂ ਮੰਨਦੀ ਇਸ ਲਈ ਉਹ ਗੁਰਬਾਣੀ ਉਪਦੇਸ਼ ਨੂੰ ਆਪਣੇ ਰਾਹ ਵਿਚੋਂ ਹਟਾ ਕੇ ਝੂਠੇ ਗ੍ਰੰਥਾਂ ਰਾਹੀਂ ਆਪਣਾ ਹੀ ਵਖਰਾ ਪ੍ਰਚਾਰ ਕਰਨਾ ਚਾਹੁੰਦੀਆਂ ਹਨ। ਪਰ ਲੋਕਾਂ ਵਿਚ ਗੁਰਬਾਣੀ ਪ੍ਰਤੀ ਸ਼ਰਧਾ ਹੈ ਜਿਸ ਨੂੰ ਨਜ਼ਰ ਅੰਦਾਜ਼ ਕਰਨਾ ਇਨ੍ਹਾਂ ਸੰਸਥਾਵਾਂ ਲਈ ਸੰਭਵ ਨਹੀਂ ਹੈ। ਇਸ ਲਈ ਉਹ ਮੂੰਹ ਰੱਖਣ ਲਈ ਗੁਰਬਾਣੀ ਨੂੰ ਵਰਤਦੀਆਂ ਹਨ। ਪਰ ਗੁਰਬਾਣੀ ਉਨ੍ਹਾਂ ਲਈ ਇਕ ਸਮੱਸਿਆ ਅਤੇ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਓਧਰ ਬਹੁਤੇ ਜਾਗਰੂਕ ਸਿੱਖ ਸ਼ਰਧਾਲੂ ਗੁਰਬਾਣੀ ਦੇ ਸਿੱਖ ਰਾਜਸੀ ਆਗੂਆਂ, ਡੇਰਾ ਮੁਖੀਆਂ, ਕਈ ਸੰਪਰਦਾਵਾਂ ਅਤੇ ਅਖੌਤੀ ਜੱਥੇਦਾਰਾਂ ਵੱਲੋਂ ਹੋ ਰਹੀ ਉਲੰਘਣਾ ਅਤੇ ਬੇਅਦਬੀ ਦਾ ਵਿਰੋਧ ਕਰਦੇ ਹਨ ਅਤੇ ਸੰਸਥਾਵਾਂ ਵਿਚ ਸੁਧਾਰ ਲਿਆਉਣ ਦੀ ਗੱਲ ਕਰਦੇ ਹਨ। ਉਹ ਸਿੱਖ ਧਾਰਮਕ ਸੰਸਥਾਵਾਂ ਦੇ ਸਮਰਥਕ ਹਨ ਪਰ ਉਨ੍ਹਾਂ ਦੇ ਲੀਡਰਾਂ ਦੇ ਵਿਰੋਧੀ। ਉਨ੍ਹਾਂ ਨੂੰ ਆਪਣੇ ਇਸ ਦ੍ਰਿਸ਼ਟੀਕੋਣ ਵਿਚ ਕੋਈ ਪਰਸਪਰ ਵਿਰੋਧਤਾ ਨਜ਼ਰ ਨਹੀਂ ਆਉਂਦੀ। ਉਨ੍ਹਾਂ ਲਈ ਕੇਵਲ ਧਾਰਮਕ ਸੰਸਥਾਵਾਂ ਦੇ ਆਗੂ, ਡੇਰੇਦਾਰ ਅਤੇ ਪੁਜਾਰੀ ਚਿੰਤਾ ਦਾ ਕਾਰਨ ਹਨ। ਜਾਗਰੂਕ ਵਿਅਕਤੀਆਂ ਵਿਚੋਂ ਬਹੁਤੇ ਧਾਰਮਕ ਜੀਵਨ ਨੂੰ ਅਧਿਆਤਮਿਕ ਮਾਰਗ ਤੇ ਪਾਉਣ ਨਾਲੋਂ ਸਮਾਜਕ ਲੀਹਾਂ ਤੇ ਚਲਾਉਣ ਦੇ ਹੱਕ ਵਿਚ ਹਨ। ਗੁਣ ਅਤੇ ਗਿਣਤੀ ਵਿਚੋਂ ਉਹ ਗਿਣਤੀ ਦੇ ਹਾਮੀ ਹਨ।




.