.

ਪ੍ਰਭੂ-ਮਿਲਾਪ

1. ਆਪਣੇ ਮਨ ਦੀ ਮੱਤਿ ਅਨੁਸਾਰ ਚੱਲਣ ਵਾਲੇ (ਮਨਮੁੱਖਾਂ) ਦਾ ਅੰਨ੍ਹਾ ਵਰਤਾਰਾ

ਸੋ ਮਾਇਆ ਦੇ ਮੋਹ ਅਧੀਨ ਮਨੁੱਖੀ-ਮਨ (ਇਸ ਨੂੰ ਬੀਤੇ ਸਮੇਂ ਅੰਦਰ ਕੀਤੇ ਵਿਕਾਰਾਂ ਤੇ ਪਾਪਾਂ ਦੀ ਮੈਲ ਲੱਗੀ ਹੋਈ ਹੋਣ ਕਰ ਕੇ, ਮਲੀਨ ਹੋ ਕੇ) ਭਟਕਣਾਂ ਵਿੱਚ ਪਿਆ ਰਹਿੰਦਾ ਹੈ। ਭਟਕਦੇ ਮਨ ਵਾਲੇ ਮਨੁੱਖ ਦੀ ਬੁੱਧੀ, ਗਿਆਨ-ਇੰਦਰੇ ਤੇ ਕਰਮ ਇੰਦਰੇ ਵੀ ਦੂਸ਼ਤ ਹੋ ਜਾਂਦੇ ਹਨ (ਕਿਉਂਕਿ ਇਹ ਸਾਰੇ, ਅਕਸਰ, ਮਲੀਨ ਹੋਏ ਮਨ ਦੀ ਪ੍ਰੇਰਨਾ ਅਨੁਸਾਰ ਹੀ ਕੰਮ ਕਰਦੇ ਹਨ) ਅਤੇ ਉਹ ਮਨੁੱਖ ਬੁੱਧੀ ਤੋਂ ਕੰਮ ਲੈਣ ਦੀ ਬਜਾਏ ਮੈਲੇ ਮਨ ਦੇ ਜਜ਼ਬਿਆਂ ਅਧੀਨ (ਆਪ-ਹੁਦਰਾ ਹੋ ਕੇ) ਵਿਚਰਦਾ ਹੈ। ਇਹੋ ਵੱਡਾ ਕਾਰਨ ਹੈ ਵਿਸ਼ਵ-ਅਸ਼ਾਂਤੀ, ਕਲੇਹ-ਕਲੇਸ਼ ਤੇ ਲੜਾਈ ਝਗੜਿਆਂ ਦਾ ਅਤੇ ਪ੍ਰਭੂ-ਮਿਲਾਪ ਤੋਂ ਵਾਂਝੇ ਰਹਿਣ ਦਾ। ਇਸੇ ਭਾਵ ਦਾ ਖ਼ੁਲਾਸਾ ਗੁਰੂ ਗ੍ਰੰਥ ਸਾਹਿਬ ਦੇ ਫ਼ਲਸਫ਼ੇ ਅੰਦਰ ਬਾਰ-ਬਾਰ (ਕਈ ਪਰਕਾਰ ਦੀਆਂ ਦੁਨਿਆਵੀ ਉਦਾਹਰਣਾਂ ਦੇ-ਦੇ ਕੇ) ਕੀਤਾ ਮਿਲਦਾ ਹੈ। ਉਦਾਹਰਣ ਦੇ ਤੌਰ `ਤੇ ਵੇਖੋ ਹੇਠ ਦਿੱਤਾ ਫ਼ੁਰਮਾਣੁ -

ਗਉੜੀ ਕਬੀਰ ਜੀ ਕੀ ਨਾਲਿ ਰਲਾਇ ਲਿਖਿਆ

ਮਹਲਾ 5॥

ਐਸੋ ਅਚਰਜੁ ਦੇਖਿਓ ਕਬੀਰ॥ ਦਧਿ ਕੈ ਭੋਲੈ ਬਿਰੋਲੈ ਨੀਰੁ॥ 1॥ ਰਹਾਉ॥ ਹਰੀ ਅੰਗੂਰੀ ਗਦਹਾ ਚਰੈ॥ ਨਿਤ ਉਠਿ ਹਾਸੈ ਹੀਗੈ ਮਰੈ॥ 1॥

ਮਾਤਾ ਭੈਸਾ ਅੰਮੁਹਾ ਜਾਇ॥ ਕੁਦਿ ਕੁਦਿ ਚਰੈ ਰਸਾਤਲਿ ਪਾਇ॥ 2॥ ਕਹੁ ਕਬੀਰ ਪਰਗਟੁ ਭਈ ਖੇਡ॥ ਲੇਲੇ ਕਉ ਚੂਘੈ ਨਿਤ ਭੇਡ॥ 3॥ ਰਾਮ ਰਮਤ ਮਤਿ ਪਰਗਟੀ ਆਈ॥ ਕਹੁ ਕਬੀਰ ਗੁਰਿ ਸੋਝੀ ਪਾਈ॥ 4॥ 1॥ 14॥

(326)

ਨੋਟ: ਇਸ ਸ਼ਬਦ ਦਾ ਸਿਰਲੇਖ ਦਸਦਾ ਹੈ ਕਿ ਇਹ ਇਕੱਲੇ ਕਬੀਰ ਜੀ ਦਾ ਨਹੀਂ ਹੈ, ਇਸ ਵਿੱਚ ਗੁਰੂ ਅਰਜੁਨ ਸਾਹਿਬ ਦਾ ਭੀ ਹਿੱਸਾ ਹੈ, ਤੇ ਕੁਦਰਤੀ ਤੌਰ `ਤੇ, ਉਹ ਅਖੀਰਲਾ ਬੰਦ ਹੀ ਹੋ ਸਕਦਾ ਹੈ। ਤੀਜੇ ਬੰਦ ਵਿੱਚ ਕਬੀਰ ਜੀ ਦਾ ਨਾਮ ਆਉਂਦਾ ਹੈ ਤੇ ਇਥੇ ਉਹ ਆਪਣਾ ਮਜ਼ਮੂਨ ਮੁਕਾ ਦਿੰਦੇ ਹਨ। ਸ਼ੁਰੂ ਬੰਦ ਵਿੱਚ ਲਿਖਦੇ ਹਨ ਕਿ ਜਗਤ ਵਿੱਚ ਇੱਕ ਅਜੀਬ ਤਮਾਸ਼ਾ ਹੋ ਰਿਹਾ ਹੈ - ਜੀਵ ਦਹੀਂ ਦੇ ਭੁਲੇਖੇ ਪਾਣੀ ਰਿੜਕ ਰਿਹਾ ਹੈ (ਭਾਵ, ਵਿਅਰਥ ਤੇ ੳਲਟਾ ਕੰਮ ਕਰ ਰਿਹਾ ਹੈ ਜਿਸ ਵਿੱਚੋਂ ਕੋਈ ਲਾਭ ਨਹੀਂ ਹੋਣਾ)। ਲਾਭ ਵਾਲਾ ਕੰਮ ਤਾਂ ਇਹ ਹੈ ਕਿ ਜਿਵੇਂ ਸਿੱਖ ਹਰ ਰੋਜ਼ ਅਰਦਾਸ ਕਰਦਾ ਹੈ ਕਿ - ‘ਮਨ ਨੀਵਾਂ, ਮਤਿ ਉੱਚੀ, ਮਤਿ ਕਾ ਰਾਖਾ ਵਾਹਿਗੁਰੂ’, ਭਾਵ (ਸੁਰਤਿ) ਪ੍ਰਭੂ ਦੇ ਸਿਮਰਨ ਵਿੱਚ ਜੁੜੀ ਰਹੇ, ਬੁੱਧੀ ਤੇ ਇਹੋ ਜਿਹੀ ਬੁਧੀ ਦੇ ਅਧੀਨ ਰਹੇ ਮਨ। ਪਰ, ਕਬੀਰ ਜੀ ਕਹਿੰਦੇ ਹਨ ਕਿ ਜਗਤ ਵਿੱਚ ਉਲਟੀ ਖੇਡ ਹੋ ਰਹੀ ਹੈ (ਮਾਇਆ ਦੇ ਮੋਹ ਦੇ ਕਾਰਨ), ਬੁੱਧੀ ਮਨ ਨੂੰ ਚੁੰਘਦੀ ਫਿਰਦੀ ਹੈ (ਯਾਨੀ ਕਿ, ਬੁੱਧੀ ਵਿਕਾਰੀ ਮਨ ਦੇ ਪਿੱਛੇ ਲੱਗੀ ਫਿਰਦੀ ਹੈ)। ਲੋਕਾਂ ਨੂੰ ਇਸ ਤਮਾਸ਼ੇ ਦੀ ਸਮਝ ਹੀ ਨਹੀਂ ਆ ਰਹੀ, ਪਰ ਕਬੀਰ ਨੇ ਇਹ ਤਮਾਸ਼ਾ ਸਮਝ ਲਿਆ ਹੈ।

ਕਬੀਰ ਜੀ ਨੇ ਇਹ ਜ਼ਿਕਰ ਨਹੀਂ ਕੀਤਾ ਕਿ ਇਸ ਤਮਾਸ਼ੇ ਦੀ ਸਮਝ ਕਿਵੇਂ ਆਈ ਹੈ ਤੇ ਹੋਰਨਾਂ ਲੋਕਾਂ ਨੂੰ ਭੀ ਕਿਵੇਂ ਆ ਸਕਦੀ ਹੈ। ਇਸ ਘੁੰਡੀ ਨੂੰ ਖੋਲ੍ਹਣ ਲਈ ਗੁਰੂ ਅਰਜੁਨ ਸਾਹਿਬ ਨੇ ਅਖੀਰਲਾ ਬੰਦ ਨੰ. 4 ਆਪਣੇ ਵੱਲੋਂ ਲਿਖ ਕੇ ਨਾਲ ਰਲਾ ਦਿੱਤਾ ਹੈ। ਅੰਕ 4 ਦੇ ਅੱਗੇ ਅੰਕ ਨੰ.’1’ ਭੀ ਇਸ ਸ਼ਬਦ ਦਾ ਅਨੋਖਾਪਨ ਦੱਸਣ ਵਾਸਤੇ ਹੀ ਹੈ।

ਇਸ ਸ਼ਬਦ ਦੇ ਇਸ ਅਨੋਖੇ ਸਿਰਲੇਖ ਤੋਂ ਇੱਕ ਗੱਲ ਹੋਰ ਭੀ ਸਾਫ਼ ਹੋ ਗਈ ਹੈ ਕਿ ਭਗਤਾਂ ਦੀ ਬਾਣੀ ਗੁਰੂ ਅਰਜੁਨ ਸਾਹਿਬ ਨੇ ਆਪ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰਾਈ ਸੀ।

ਪਦ ਅਰਥ: ਅਚਰਜੁ-ਅਨੋਖਾ ਕੌਤਕ, ਅਜੀਬ ਤਮਾਸ਼ਾ। ਦਧਿ-ਦਹੀਂ। ਭੋਲੈ-ਭੁਲੇਖੇ। ਬਿਰੋਲੈ-ਰਿੜਕ ਰਿਹਾ ਹੈ। ਨੀਰੁ-ਪਾਣੀ। 1. ਰਹਾਉ।

ਗਦਹਾ-ਖੋਤਾ, ਮੂਰਖ ਮਨ। ਹਰੀ ਅੰਗੂਰੀ-ਵਿਕਾਰਾਂ ਦੀ ਸੱਜਰੀ ਅੰਗੂਰੀ, ਮਨ-ਭਾਉਂਦੇ ਵਿਕਾਰ। ਚਰੈ-ਚੁਗਦਾ ਹੈ, ਮਾਣਦਾ ਹੈ। ਉਠਿ-ਉਠ ਕੇ। ਹਾਸੈ-ਹਸਦਾ ਹੈ। ਮਰੈ- (ਜੰਮਦਾ) ਮਰਦਾ ਹੈ। 1. ਮਾਤਾ-ਮਸਤਿਆ ਹੋਇਆ। ਭੈਸਾ-ਸੰਢਾ। ਅਮੁਹਾ-ਅਮੋੜ। ਅਮੁਹਾ ਜਾਇ-ਅਮੋੜਪੁਣਾ ਕਰਦਾ ਹੈ। ਰਸਾਤਲਿ-ਨਰਕ ਵਿੱਚ। ਪਾਇ-ਪੈਂਦਾ ਹੈ। 2.

ਪਰਗਟੁ ਭਈ - ਸਮਝ ਵਿੱਚ ਆ ਗਈ। ਲੇਲਾ - (ਭਾਵ) ਮਨ। ਭੇਡ - (ਭਾਵ) ਮੱਤਿ-ਬੁੱਧੀ। 3. ਰਾਮ ਰਮਤ-ਪ੍ਰਭੂ ਨੂੰ ਸਿਮਰਦਿਆਂ। ਮਤਿ-ਬੁੱਧੀ। ਪਰਗਟੀ ਆਈ-ਜਾਗ ਪਈ ਹੈ। ਗੁਰਿ-ਗੁਰੂ ਨੇ। 4.

ਭਾਵ: ਹੇ ਕਬੀਰ! ਮੈਂ ਇੱਕ ਅਜੀਬ ਤਮਾਸ਼ਾ ਵੇਖਿਆ ਹੈ ਕਿ (ਜੀਵ) ਦਹੀਂ ਦੇ ਭੁਲੇਖੇ ਪਾਣੀ ਰਿੜਕ ਰਿਹਾ ਹੈ। 1. ਰਹਾਉ।

ਮੂਰਖ ਜੀਵ ਮਨ-ਭਾਉਂਦੇ ਵਿਕਾਰ ਮਾਣਦਾ ਹੈ (ਤੇ ਪਾਪ ਭੀ ਕਰਦਾ ਹੈ)। ਇਸੇ ਤਰ੍ਹਾਂ ਸਦਾ ਹਸਦਾ ਤੇ (ਖੋਤੇ ਵਾਂਗ) ਹੀਂਗਦਾ ਰਹਿੰਦਾ ਹੈ (ਆਖਰ), ਜਨਮ-ਮਰਨ ਦੇ ਗੇੜ ਵਿੱਚ ਪੈ ਜਾਂਦਾ ਹੈ। 1.

ਮਸਤ ਹੋਏ ਸੰਢੇ ਵਰਗਾ ਮਨ ਅਮੋੜ-ਪੁਣਾ (ਆਪ-ਹੁਦਰਾਪਣ) ਕਰਦਾ ਹੈ (ਭਾਵ, ਅਹੰਕਾਰ ਕਰਦਾ ਹੈ), ਵਿਸ਼ੇ-ਵਿਕਾਰਾਂ ਦੀ ਖੇਤੀ ਚੁਗਦਾ ਰਹਿੰਦਾ ਹੈ, ਤੇ ਨਰਕ ਵਿੱਚ ਪੈ ਜਾਂਦਾ ਹੈ। 2.

ਹੇ ਕਬੀਰ! ਆਖ - (ਮੈਨੂੰ ਤਾਂ) ਇਹ ਅਜੀਬ ਤਮਾਸ਼ਾ ਸਮਝ ਵਿੱਚ ਆ ਗਿਆ ਹੈ। (ਤਮਾਸ਼ਾ ਇਹ ਹੈ ਕਿ) ਸੰਸਾਰੀ ਜੀਵਾਂ ਦੀ ਬੁੱਧੀ ਮਨ ਦੇ ਪਿੱਛੇ ਲੱਗੀ ਫਿਰਦੀ ਹੈ। 3.

(ਇਹ ਸਮਝ ਕਬੀਰ ਨੂੰ ਕਿਸੇ ਨੇ ਪਾਈ ਹੈ?) ਹੇ ਕਬੀਰ! ਆਖ - ਇਹ ਸਮਝ ਸਤਿਗੁਰੂ ਜੀ ਨੇ ਬਖ਼ਸ਼ੀ ਹੈ, (ਜਿਸ ਦੀ ਬਰਕਤਿ ਨਾਲ) ਪ੍ਰਭੂ ਦਾ ਸਿਮਰਨ ਕਰਦਿਆਂ-ਕਰਦਿਆਂ (ਮੇਰੀ) ਬੁੱਧੀ (ਸਤਿਗੁਰੂ ਦੇ ਗਿਆਨ ਦੀ ਪ੍ਰਾਪਤੀ ਨਾਲ) (ਅਗਿਆਨਤਾ ਦੀ ਨੀਂਦ `ਚੋਂ) ਜਾਗ ਪਈ ਹੈ (ਤੇ ਮਨ ਦੇ ਪਿੱਛੇ ਤੁਰਨੋਂ ਹਟ ਗਈ ਹੈ)।

ਇਸ ਸ਼ਬਦ ਦਾ ਸਮੁੱਚਾ ਭਾਵ: ਜਦ ਤਾਈਂ ਮਨੁੱਖ ਸ਼ਬਦ-ਗੁਰੂ ਤੋਂ ਬੇ-ਮੁੱਖ ਹੈ ਤਾਂ ਨਾਮ ਨਹੀਂ ਜਪਦਾ, ਤਦ ਤੱਕ ਇਸ ਦੀ ਅਕਲ ਭ੍ਰਿਸ਼ਟੀ ਰਹਿੰਦੀ ਹੈ, ਵਿਕਾਰੀ ਮਨ ਦੇ ਪਿੱਛੇ ਲੱਗੀ ਫਿਰਦੀ ਹੈ। ਗੁਰੂ ਦੀ ਮਿਹਰ ਨਾਲ ਨਾਮ ਜਪੀਏ ਤੇ ਸਿਮਰਨ ਕਰੀਏ ਤਾਂ ਬੁੱਧੀ (ਬਿਬੇਕ-ਬੁੱਧੀ ਵਿੱਚ ਬਦਲ ਕੇ) ਮਨ ਦੇ ਪਿੱਛੇ ਤੁਰਨੋਂ ਹਟ ਜਾਂਦੀ ਹੈ (ਅਤੇ ਪ੍ਰੇਮਾ-ਭਗਤੀ) ਵੱਲ ਰੁਚਿਤ ਹੋਣ ਲੱਗ ਜਾਂਦੀ ਹੈ।

ਨੋਟ: ਜੀਵ ਦੀ ਕਿਰਤਿ-ਕਰਮ (ਸੰਸਕਾਰਾਂ ਦੇ ਰੂਪ ਵਿੱਚ) ਅਨੁਸਾਰ ਹੀ ਪ੍ਰਭੂ-ਪਿਤਾ, ਉਸ ਦੇ ਜਨਮ ਸਮੇਂ, ਆਪਣੀ ਹੁਕਮ-ਰੂਪੀ ਕਲਮ ਨਾਲ, ਉਸ ਦੇ ਮਸਤਕ `ਤੇ (ਸੂਖਮ) ਲੇਖ ਲਿਖ ਦਿੰਦਾ ਹੈ ਅਤੇ ਉਨ੍ਹਾਂ ਲੇਖਾਂ ਦੇ ਅਨੁਸਾਰ ਹੀ (ਆਪਣੇ ਸੁਭਾਅ ਅਧੀਨ) ਜੀਵ ਸੰਸਾਰ ਵਿੱਚ ਕਾਰ-ਵਿਹਾਰ ਕਰਦਾ ਹੈ। ਪਰ, ਮਨੁੱਖ ਦੇ ਜਨਮ ਦੇ ਸਮੇਂ ਤੋਂ ਹੀ, ਮਨੁੱਖ (ਰੱਬੀ-ਖੇਡ ਅਨੁਸਾਰ), ਮਾਇਆ ਨਾਗਨ (ਸਪਣੀ) ਦੇ ਮੋਹ ਦੇ ਜਾਲ ਵਿੱਚ ਫਸ ਜਾਂਦਾ ਹੈ (ਯਾਨੀ ਕਿ, ਉਸ ਦਾ ਮਨ ਮਾਇਆ ਦੇ ਮੋਹ ਦੇ ਅਧੀਨ ਹੋ ਜਾਂਦਾ ਹੈ ਅਤੇ ਪੂਰੇ ਗੁਰੂ ਦੀ ਅਗੁਵਾਈ ਤੋਂ ਬਿਨਾਂ, ਅਕਸਰ, ਪ੍ਰਭੂ-ਪਿਤਾ ਦੇ ਵਿਛੋੜੇ ਨੂੰ ਪੱਕਿਆਂ ਕਰਨ ਵਾਲੇ ਕੰਮ ਹੀ ਕਰਦਾ ਰਹਿੰਦਾ ਹੈ (ਜਿਵੇਂ ਕਿ ਉੱਪਰ ਦਿੱਤੇ ਅੰਮ੍ਰਿਤਮਈ ਸ਼ਬਦ ਰਾਹੀਂ ਕਬੀਰ ਜੀ ਆਪਣੀ ਮੁਬਾਰਕ ਰਸਨਾ ਤੋਂ ਉਚਾਰਨ ਕਰਦੇ ਹਨ)।

2. ਐ ਪ੍ਰਾਣੀ! ਪ੍ਰੇਮ ਤੇ ਸ਼ਰਧਾ ਨਾਲ, ਪ੍ਰਭੂ-ਪਿਤਾ ਦਾ ਸਿਮਰਨ ਕਰਿਆ ਕਰ ਤਾ ਕਿ ਤੇਰੀ ਸੁਰਤਿ ਪ੍ਰਭੂ-ਚਰਨਾਂ ਵਿੱਚ ਜੁੜ ਜਾਵੇ

ਕਾਦਿਰ ਦੀ ਕੁਦਰਤਿ ਦੇ ਇਸ ਭੇਦ ਨੂੰ ਹੋਰ ਸੌਖਾ ਕਰ ਕੇ ਸਮਝਾਉਂਣ ਲਈ ‘ਗੁਰੂ ਨਾਨਕ ਜੋਤ’ ਦੇ ਤੀਜੇ ਜਾਮੇਂ ਗੁਰੂ ਅਮਰਦਾਸ ਜੀ ਦੀ ਮੁਬਾਰਕ ਰਸਨਾਂ ਰਾਹੀਂ ਪਰਗਟ ਹੋਈ ਪਰਮੇਸ਼ਰ-ਸਰੂਪ ਗੁਰਬਾਣੀ ਇੰਜ ਬਖ਼ਸ਼ਿਸ਼ ਕਰਦੀ ਹੈ -

ਮਾਤਾ ਕੇ ਉਦਰ ਮਹਿ ਪ੍ਰਤਿਪਾਲ ਕਰੇ ਸੋ ਕਿਉ ਮਨਹੁ ਵਿਸਾਰੀਐ॥ ਮਨਹੁ ਕਿਉ ਵਿਸਾਰੀਐ ਏਵਡੁ ਦਾਤਾ ਜਿ ਅਗਨਿ ਮਹਿ ਆਹਾਰੁ ਪਹੁਚਾਵਏ॥ ਓਸ ਨੋ ਕਿਹੁ ਪੋਹਿ ਨ ਸਕੀ ਜਿਸ ਨਉ ਆਪਣੀ ਲਿਵ ਲਾਵਏ॥ ਆਪਣੀ ਲਿਵ ਆਪੇ ਲਾਏ ਗੁਰਮੁਖਿ ਸਦਾ ਸਮਾਲੀਐ॥ ਕਹੈ ਨਾਨਕੁ ਏਵਡੁ ਦਾਤਾ ਸੋ ਕਿਉ ਮਨਹੁ ਵਿਸਾਰੀਐ॥ 28॥ (ਮ: 3, 920)

ਪਦ ਅਰਥ: ਉਦਰ-ਪੇਟ, ਮਾਂ ਦੀ ਕੁੱਖ। ਮਨਹੁ - ਮਨ ਤੋਂ। ਕਿਉਂ ਵਿਸਾਰੀਐ-ਵਿਸਾਰਨਾ ਨਹੀਂ ਚਾਹੀਦਾ। ਏਵਡੁ ਦਾਤਾ - ਸਾਰੀਆਂ ਹੀ ਦਾਤਾਂ ਦੇਣ ਵਾਲਾ ਇਤਨਾ ਵੱਡਾ ਦਾਤਾ। ਅਗਨਿ - ਅੱਗ। ਆਹਾਰੁ - ਖੁਰਾਕ। ਓਸ ਨੋ - ਉਸ ਬੰਦੇ ਨੂੰ। ਕਿਹੁ - ਕੁੱਝ। ਲਿਵ - ਪ੍ਰੀਤ। ਗੁਰਮੁਖਿ - ਗੁਰੂ ਦੀ ਰਾਹੀਂ। ਸਮਾਲੀਐ - ਸਿਮਰਨਾ (ਮਨੋਂ ਪਿਆਰ ਨਾਲ), ਯਾਦ ਕਰਨਾ, ਮਾਲਿਕ - ਪ੍ਰਭੂ ਦੀ ਯਾਦ ਨੂੰ ਹਿਰਦੇ ਵਿੱਚ ਵਸਾਉਂਣਾ ਚਾਹੀਦਾ ਹੈ।

ਭਾਵ: (ਜੇ ਆਤਮਕ ਆਨੰਦ ਪ੍ਰਾਪਤ ਕਰਨਾ ਹੈ ਤਾਂ) ਉਸ ਪਰਮਾਤਮਾ ਨੂੰ ਕਦੇ ਭੁਲਾਣਾ ਨਹੀਂ ਚਾਹੀਦਾ, ਜੋ ਮਾਂ ਦੀ ਕੁੱਖ ਵਿੱਚ (ਭੀ) ਜੀਵ ਦੀ ਪਾਲਣਾ ਕਰਦਾ ਹੈ, ਇਤਨੇ ਵੱਡੇ ਦਾਤੇ ਨੂੰ ਮਨੋਂ ਭੁਲਾਉਣਾ ਨਹੀਂ ਚਾਹੀਦਾ ਜੋ (ਮਾਂ ਦੇ ਪੇਟ ਦੀ) ਅੱਗ ਵਿੱਚ (ਭੀ) ਖ਼ੁਰਾਕ ਅਪੜਾਂਦਾ ਹੈ।

(ਇਹ ਮਾਇਆ ਦਾ ਮੋਹ ਹੀ ਹੈ ਜੋ ਆਨੰਦ ਤੋਂ ਜੀਵ ਨੂੰ ਵਾਂਝਿਆ ਰਖਦਾ ਹੈ, ਪਰ) ਉਸ ਮਨੁੱਖ ਨੂੰ (ਮੋਹ ਆਦਿਕ) ਕੁੱਝ ਭੀ ਪੋਹ ਨਹੀਂ ਸਕਦਾ ਜਿਸ ਨੂੰ ਪ੍ਰਭੂ ਆਪਣੇ ਚਰਨਾਂ ਦੀ ਪ੍ਰੀਤ ਬਖ਼ਸ਼ਦਾ ਹੈ। (ਪਰ ਜੀਵ ਦੇ ਕੀ ਵੱਸ?) ਪ੍ਰਭੂ ਆਪ ਹੀ ਆਪਣੀ ਪ੍ਰੀਤ ਦੀ ਦਾਤਿ ਦਿੰਦਾ ਹੈ। (ਹੇ ਭਾਈ!) ਪਰਮੇਸ਼ਰ-ਸਰੂਪ ਗੁਰੂ ਦੀ ਸ਼ਰਣ ਪੈ ਕੇ, ਉਸ ਮਾਲਿਕ-ਪ੍ਰਭੂ ਨੂੰ ਸਦਾ ਸਿਮਰਦੇ (ਪ੍ਰੇਮ ਨਾਲ ਮਨ ਵਿੱਚ ਯਾਦ ਕਰਦੇ) ਰਹਿਣਾ ਚਾਹੀਦਾ ਹੈ।

ਨਾਨਕ ਆਖਦਾ ਹੈ ਕਿ - (ਜੇ ਆਤਮਕ ਆਨੰਦ ਦੀ ਲੋੜ ਹੈ ਤਾਂ) ਇਤਨੇ ਵੱਡੇ ਦਾਤਾਰ ਪ੍ਰਭੂ ਨੂੰ ਕਦੇ ਭੀ ਮਨੋਂ ਭੁਲਾਣਾ ਨਹੀਂ ਚਾਹੀਦਾ। 28.

3. ਪ੍ਰਭੂ-ਚਰਨਾਂ ਵਿੱਚ ਸੁਰਤਿ ਜੋੜ ਕੇ ਪਿਆਰ ਨਾਲ ਕੀਤਾ ਸਿਮਰਨ ਜੀਵ ਨੂੰ ਮਾਇਆ ਦੇ ਮੋਹ ਦੀ ਅਗਨੀ ਤੋਂ ਬਚਾਉਂਣ ਲਈ ਅਤੇ ਪ੍ਰਭੂ-ਮਿਲਾਪ ਕਰਾਉਂਣ ਲਈ ਸਮਰੱਥ ਹੈ

ਜੈਸੀ ਅਗਨਿ ਉਦਰ ਮਹਿ ਤੈਸੀ ਬਾਹਰਿ ਮਾਇਆ॥ ਮਾਇਆ ਅਗਨਿ ਸਭ ਇਕੋ ਜੇਹੀ ਕਰਤੈ ਖੇਲੁ ਰਚਾਇਆ॥ ਜਾ ਤਿਸੁ ਭਾਣਾ ਤਾ ਜੰਮਿਆ ਪਰਵਾਰਿ ਭਲਾ ਭਾਇਆ॥ ਲਿਵ ਛੁੜਕੀ ਲਗੀ ਤ੍ਰਿਸਨਾ ਮਾਇਆ ਅਮਰੁ ਵਰਤਾਇਆ॥ ਏਹ ਮਾਇਆ ਜਿਤੁ ਹਰਿ ਵਿਸਰੈ ਮੋਹੁ ਉਪਜੈ ਭਾਉ ਦੂਜਾ ਲਾਇਆ॥ ਕਹੈ ਨਾਨਕੁ ਗੁਰ ਪਰਸਾਦੀ ਜਿਨਾ ਲਿਵ ਲਾਗੀ ਤਿਨੀ ਵਿਚੇ ਮਾਇਆ ਪਾਇਆ॥ 29॥ (ਮ: 3, 921)

ਪਦ ਅਰਥ: ਬਾਹਰਿ-ਸੰਸਾਰ ਵਿੱਚ। ਕਰਤੈ-ਕਰਤਾਰ ਨੇ। ਜਾ ਤਿਸੁ ਭਾਣਾ-ਜਦੋਂ ਉਸ ਪ੍ਰਭੂ ਨੂੰ ਚੰਗਾ ਲਗਾ। ਪਰਵਾਰਿ-ਪਰਵਾਰ ਵਿੱਚ। ਭਲਾ ਭਾਇਆ - ਪਿਆਰਾ ਲੱਗਣ ਲੱਗ ਪਿਆ। ਛੁੜਕੀ-ਮੁੱਕ ਗਈ, ਟੁੱਟ ਗਈ। ਅਮਰੁ-ਹੁਕਮ। ਅਮਰੁ ਵਰਤਾਇਆ-ਹੁਕਮ ਚਲਾ ਦਿੱਤਾ, ਜ਼ੋਰ ਪਾ ਲਿਆ। ਜਿਤੁ-ਜਿਸ ਦੀ ਰਾਹੀਂ। ਭਾਉ ਦੂਜਾ - ਪ੍ਰਭੂ ਤੋਂ ਬਿਨਾਂ ਹੋਰ ਦਾ ਪਿਆਰ।

ਭਾਵ: ਜਿਵੇਂ ਮਾਂ ਦੇ ਪੇਟ ਵਿੱਚ ਅੱਗ (ਜਠਰ ਅਗਨੀ ਜੋ ਖਾਧੀ ਹੋਈ ਖ਼ੁਰਾਕ ਨੂੰ ਗਰਮੈਸ਼ ਦੇ ਕੇ ਹਜ਼ਮ ਕਰਦੀ ਹੈ) ਹੈ, ਬਾਹਰ ਜਗਤ ਵਿੱਚ ਮਾਇਆ ਦਾ ਮੋਹ (ਦੁੱਖਦਾਈ) ਹੈ। ਮਾਇਆ ਤੇ ਅੱਗ ਇੱਕੋ ਜਿਹੀਆਂ ਹੀ ਹਨ, ਕਰਤਾਰ ਨੇ ਐਸੀ ਹੀ ਖੇਡ ਰਚ ਦਿੱਤੀ ਹੈ।

ਜਦੋਂ ਪਰਮਾਤਮਾ ਦੀ ਰਜ਼ਾ ਹੁੰਦੀ ਹੈ, ਜੀਵ ਪੈਦਾ ਹੁੰਦਾ ਹੈ, ਪਰਵਾਰ ਵਿੱਚ ਪਿਆਰਾ ਲਗਦਾ ਹੈ (ਪਰਵਾਰ ਦੇ ਜੀਵ ਉਸ ਨਵ-ਜੰਮੇ ਬਾਲਕ ਨੂੰ ਪਿਆਰ ਕਰਦੇ ਹਨ ਇਸ ਪਿਆਰ ਵਿੱਚ ਫਸ ਕੇ ਉਸ ਦੀ ਪ੍ਰਭੂ-ਚਰਨਾਂ ਨਾਲੋਂ) ਪ੍ਰੀਤ ਦੀ ਤਾਰ ਟੁੱਟ ਜਾਂਦੀ ਹੈ, ਮਾਇਆ ਦੀ ਤ੍ਰਿਸ਼ਨਾ ਆ ਚੰਬੜਦੀ ਹੈ, ਮਾਇਆ (ਉਸ ਉੱਤੇ) ਆਪਣਾ ਜ਼ੋਰ ਪਾ ਲੈਂਦੀ ਹੈ।

ਮਾਇਆ ਹੈ ਹੀ ਐਸੀ ਕਿ ਇਸ ਦੀ ਰਾਹੀਂ ਰੱਬ ਭੁੱਲ ਜਾਂਦਾ ਹੈ, (ਦੁਨੀਆਂ ਦਾ) ਮੋਹ ਪੈਦਾ ਹੋ ਜਾਂਦਾ ਹੈ, (ਰੱਬ ਤੋਂ ਬਿਨਾ) ਹੋਰ-ਹੋਰ ਪਿਆਰ (ਵਿਣਸਣਹਾਰ ਵਸਤਾਂ/ਦਾਤਾਂ ਦਾ ਮੋਹ) ਉਪਜ ਪੈਂਦਾ ਹੈ (ਫਿਰ ਅਜਿਹੀ ਹਾਲਤ ਵਿੱਚ ਆਤਮਕ ਆਨੰਦ ਕਿਥੋਂ ਮਿਲੇ?)।

ਨਾਨਕ ਆਖਦਾ ਹੈ - ਗੁਰੂ ਦੀ ਕਿਰਪਾ ਨਾਲ ਜਿਨ੍ਹਾਂ ਮਨੁੱਖਾਂ ਦੀ ਪ੍ਰੀਤ ਦੀ ਡੋਰ ਪ੍ਰਭੂ-ਚਰਨਾਂ ਨਾਲ ਜੁੜੀ ਰਹਿੰਦੀ ਹੈ (ਯਾਨੀ ਕਿ, ਜਿਹੜੇ ਜੀਵ ਪ੍ਰਭੂ-ਪਿਤਾ ਦੇ ਨਿਰਮਲ ਭਉ ਵਿੱਚ ਰਹਿ ਕੇ, ਉਸ ਨੂੰ ਆਪਣੇ ਅੰਗ-ਸੰਗ ਵਸਦਾ ਮਹਿਸੂਸ ਕਰ ਕੇ, ਕਾਰ-ਵਿਹਾਰ ਕਰਦੇ ਹਨ) ਉਨ੍ਹਾਂ ਨੂੰ ਮਾਇਆ ਵਿੱਚ ਵਰਤਦਿਆਂ (ਪ੍ਰਭੂ-ਸ਼ੁਕਰਾਨੇ ਅਤੇ ਸਬਰ-ਸੰਤੋਖ ਵਿੱਚ ਰਹਿੰਦਿਆਂ) ਹੀ (ਆਤਮਕ ਆਨੰਦ) ਮਿਲ ਪੈਂਦਾ ਹੈ।

4. ਜੀਵ ਦੇ ਕੀਤੇ ਪੂਰਬਲੇ ਕੰਮਾਂ (ਚੰਗੇ ਜਾਂ ਮੰਦੇ) ਦੇ ਬੀਜ (ਸੰਸਕਾਰਾਂ ਦੇ ਰੂਪ ਵਿੱਚ) ਉਸ ਦੇ ਮਨ ਵਿੱਚ ਪਏ ਹੁੰਦੇ ਹਨ

ਲੇਖਕ ਦੀ ਸਮਝ ਅਨੁਸਾਰ, ਜੀਵ ਦੇ ਮਨ ਵਿੱਚ ਉਸ ਵੱਲੋਂ ਬੀਤ ਚੁੱਕੇ ਸਮੇਂ ਦੌਰਾਨ ਕੀਤੇ ਚੰਗੇ ਜਾਂ ਮੰਦੇ ਕੰਮਾਂ ਦੇ ਬੀਜ (ਸੰਸਕਾਰਾਂ ਦੇ ਰੂਪ ਵਿੱਚ) ਪਏ ਹੁੰਦੇ ਹਨ। ਸਰੀਰਕ ਮੌਤ ਹੋਣ ਤੋਂ ਬਾਅਦ ਭੀ ਇਹ ਸੰਸਕਾਰ, ਨਸ਼ਟ ਨਹੀਂ ਹੁੰਦੇ। ਜੇਕਰ ਉਹ ਆਪਣੇ ਵੱਲੋਂ ਜਾਣੇ ਜਾਂ ਅਣਜਾਣੇ ਵਿੱਚ ਹੋਏ ਪਾਪ-ਕਰਮਾਂ, ਅਪ੍ਰਾਧਾਂ ਜਾਂ ਹੋਰ ਮਾੜੇ ਕੰਮਾਂ ਲਈ, ਮਨੋਂ ਪਛੁਤਾਵਾ ਕਰ ਕੇ, ਕੇਵਲ ਅਤੇ ਕੇਵਲ ਪ੍ਰਭੂ-ਪਿਤਾ ਦੀ ਸ਼ਰਣ ਲਈ ਜਾਚਨਾ (ਅਰਦਾਸਾਂ, ਅਰਜ਼ੋਈਆਂ) ਕਰਦਾ ਹੈ ਤਾਂ ਉਹ ਸਦ-ਬਖ਼ਸ਼ਿੰਦ ਮਾਲਿਕ ਉਸ ਦੇ ਕੀਤੇ ਸਾਰੇ ਮਾੜੇ ਕਰਮਾਂ ਨੂੰ ਨਜ਼ਰ-ਅੰਦਾਜ਼ ਕਰ ਕੇ, ਉਸ ਦੇ ਮਸਤਕ `ਤੇ ਗੁਰੂ-ਮਿਲਾਪ ਦਾ ਲੇਖ ਲਿਖ ਕੇ ਉਸ ਨੂੰ ਪੂਰੇ ਗੁਰੂ {ਗੁਰੂ ਨਾਨਕ ਜੋਤਿ ਦੇ ਦਸ ਜਾਮੇਂ ਅਤੇ ਹੁਣ ਸ਼ਬਦ-ਗੁਰੂ (ਗੁਰੂ ਗ੍ਰੰਥ ਸਾਹਿਬ)} ਦੇ ਲੜ ਲਾ ਦਿੰਦਾ ਹੈ। ਪੂਰਾ ਗੁਰੂ ਉਸ ਮਨੁੱਖ ਨੂੰ ਪ੍ਰਭੂ-ਮਿਲਾਪ ਦਾ ਸਹੀ ਰਾਹ (ਹੁਕਮਿ ਰਜਾਈ ਚੱਲਣਾ) ਦੱਸ ਦਿੰਦਾ ਹੈ। ਸ਼ਰਧਾ ਤੇ ਪਿਆਰ ਨਾਲ ਇਸ ਰਾਹ ਤੇ ਚੱਲਣ ਵਾਲੇ ਦਾ ਗੁਰੂ, ਪ੍ਰਭੂ ਨਾਲ ਮਿਲਾਪ ਕਰਾ ਦਿੰਦਾ ਹੈ। ਇਹ ਮਿਲਾਪ ਸਤਿ-ਸੰਗਤ ਵਿੱਚ ਜੁੜ ਕੇ, ਪ੍ਰਭੂ ਦੀ ਸਿਫ਼ਤਿ-ਸਾਲਾਹ ਤੇ ਸਿਮਰਨ ਕੀਤਿਆਂ ਨਾਮੁ ਦੀ ਪ੍ਰਾਪਤੀ ਹੋਣ ਨਾਲ ਹੁੰਦਾ ਹੈ (ਯਾਨੀ ਕਿ, ਰੱਬੀ-ਗੁਣਾਂ ਨੂੰ ਧਾਰਨ ਕੀਤਿਆਂ ਅਤੇ ਹੌਲੀ-ਹੌਲੀ ਅਉਗੁਣਾਂ ਨੂੰ ਛੱਡਣ ਨਾਲ, ਰੱਬੀ-ਗੁਣ ਪਹਿਲਾਂ ਮਨ ਵਿੱਚ ਵਸ ਜਾਂਦੇ ਹਨ ਤੇ ਫਿਰ ਹਿਰਦੇ ਵਿੱਚ)।

ਜੋ ਸਰਣਿ ਆਵੈ ਤਿਸੁ ਕੰਠਿ ਲਾਵੈ ਇਹੁ ਬਿਰਦੁ ਸੁਆਮੀ ਸੰਦਾ॥ (ਮ: 5, 544)

ਭਾਵ: ਮਾਲਿਕ-ਪ੍ਰਭੂ ਦਾ ਇਹ ਮੁੱਢ-ਕਦੀਮਾਂ ਦਾ ਸੁਭਾਉ ਹੈ ਕਿ ਜਿਹੜਾ (ਭੀ) ਜੀਵ (ਮਨ ਕਰ ਕੇ) ਉਸ ਦੀ ਸ਼ਰਣ ਵਿੱਚ ਆ ਜਾਂਦਾ ਹੈ (ਭਾਵ, ਹੋਰ ਸਾਰੇ ਆਸਰੇ-ਪਰਨੇ ਤਿਆਗ ਦਿੰਦਾ ਹੈ) ਉਸ ਨੂੰ ਉਹ ਪ੍ਰਭੂ-ਪਿਤਾ ਆਪਣੇ ਗੱਲ ਨਾਲ ਲਾ ਲੈਂਦਾ ਹੈ। ਪ੍ਰਭੂ-ਪਿਤਾ ਦੀ ਰਹਿਮਤ ਨਾਲ (ਸ਼ਬਦ-ਗੁਰੂ ਦੀ ਅਗੁਵਾਈ ਦੁਆਰਾ) ਜੀਵ ਵਿਕਾਰਾਂ/ਪਾਪਾਂ ਤੋਂ ਮੁਕਤ ਹੋ ਕੇ ਪ੍ਰਭੂ-ਪਿਤਾ ਦੀ ਅਨੰਦਮਈ ਗੋਦ ਵਿੱਚ, ਸਦਾ ਲਈ, ਸਮਾ ਜਾਂਦਾ ਹੈ।

ਸੰਖੇਪ ਵਿੱਚ

1. ਤ੍ਰੈਗੁਣੀ-ਸੰਸਾਰ ਮਾਇਆ ਦੀ ਲਪੇਟ ਵਿੱਚ ਹੈ

ਕਿਸੇ ਟਾਵੀਂ-ਟਾਵੀਂ ਬਖ਼ਸ਼ੀ ਹੋਈ ਰੂਹ ਤੋਂ ਇਲਾਵਾ, ਸਾਰਾ ਤ੍ਰੈਗੁਣੀ ਸੰਸਾਰ ਹੀ ਮਾਇਆ ਸੱਪਣੀ ਦੀ ਲਪੇਟ ਵਿੱਚ ਹੈ ਅਤੇ ਸੱਪਣੀ ਦਾ ਇਹ ਸੁਭਾਅ ਹੁੰਦਾ ਹੈ ਕਿ ਉਹ ਆਪਣੇ ਹੀ ਬੱਚਿਆਂ ਨੂੰ, ਅੰਡਿਆਂ `ਚੋਂ ਨਿਕਲਨਸਾਰ ਹੀ, ਖਾਣਾ ਸ਼ੁਰੂ ਕਰ ਦਿੰਦੀ ਹੈ। ਕੋਈ ਟਾਵਾਂ-ਟਾਵਾਂ ਸਪੋਲੀਆ ਹੀ ਸੱਪਣੀ ਦੀ ਖ਼ੁਰਾਕ ਬਣਨ ਤੋਂ ਬਚਦਾ ਹੈ -

ਮਾਇਆ ਹੋਈ ਨਾਗਨੀ ਜਗਤਿ ਰਹੀ ਲਪਟਾਇ॥ ਇਸ ਕੀ ਸੇਵਾ ਜੋ ਕਰੇ ਤਿਸ ਹੀ ਕਉ ਫਿਰਿ ਖਾਇ॥ (ਮ: 3, 510)

ਪਦ ਅਰਥ: ਨਾਗਨੀ-ਸੱਪਣੀ। ਲਪਟਾਇ ਰਹੀ - ਚੰਬੜ ਰਹੀ ਹੈ, ਲਪੇਟ `ਚ ਲਿਆ ਹੋਇਆ ਹੈ। ਇਸ, ਤਿਸ-ਇਨ੍ਹਾਂ ਪੜਨਾਵਾਂ ਦਾ (-) ਕਿਉਂ ਉੱਡ ਗਿਆ ਹੈ? ਇਸ ਗੱਲ ਨੂੰ ਸਮਝਣ ਲਈ ਵੇਖੋ (ਪ੍ਰੋ. ਸਾਹਿਬ ਸਿੰਘ ਦੀ ਰਚਨਾ) ‘ਗੁਰਬਾਣੀ ਵਿਆਕਰਣ’ ਪੰਨਾ 441.

ਭਾਵ: ਮਾਇਆ ਸੱਪਣੀ ਬਣੀ ਹੋਈ ਹੈ, ਜਗਤ ਵਿੱਚ ਹਰੇਕ ਜੀਵ ਨੂੰ (ਸਿਵਾਏ ਕੁੱਝ ਕੁ ਬਖਸ਼ੀਆਂ ਰੂਹਾਂ ਦੇ) ਚੰਬੜੀ ਹੋਈ ਹੈ, ਜੋ ਇਸ ਦਾ ਗ਼ੁਲਾਮ ਬਣਦਾ ਹੈ (ਭਾਵ, ਹਰ ਵਾਜ਼ਬ, ਗ਼ੈਰ-ਵਾਜਬ ਢੰਗ ਨਾਲ ਇਸ ਨੂੰ ਇਕੱਠੀ ਕਰਨ ਲਈ ਨੱਠ-ਭੱਜ ਕਰਦਾ ਹੈ), ਉਸੇ ਨੂੰ ਹੀ ਇਹ ਮਾਰ-ਮੁਕਾਂਦੀ ਹੈ (ਭਾਵ, ਉਸ ਦਾ ਆਤਮਕ ਜੀਵਨ ਤਬਾਹ ਕਰ ਦਿੰਦੀ ਹੈ)।

2. ਪੂਰੇ ਗੁਰੂ (ਸ਼ਬਦ-ਗੁਰੂ) ਦੀ ਸ਼ਰਣ ਪਿਆਂ ਇਹ ਮਾਇਆ ਜੀਵ ਦੀ ਦਾਸੀ ਬਣ ਜਾਂਦੀ ਹੈ

ਗੁਰਮੁਖਿ ਕੋਈ ਗਾਰੜੂ ਤਿਨਿ ਮਲਿ ਦਲਿ ਲਾਈ ਪਾਇ॥ ਨਾਨਕ ਸੇਈ ਉਬਰੇ ਜੇ ਸਚਿ ਰਹੇ ਲਿਵ ਲਾਇ॥ (ਉਪਰੋਕਤ)

ਪਦ ਅਰਥ: ਗਾਰੜੂ-ਗਾਰੁੜ-ਮੰਤ੍ਰ ਜਾਨਣ ਵਾਲਾ; ਸੱਪ ਦਾ ਜ਼ਹਿਰ ਹਟਾਣ ਵਾਲਾ ਮੰਤ੍ਰ ਜਾਨਣ ਵਾਲਾ। ਮਲਿ-ਮਲ ਕੇ, ਮਸਲ ਕੇ। ਦਲਿ-ਦਲ ਕੇ, ਦਰੜ ਕੇ। ਮਲਿ ਦਲਿ-ਚੰਗੀ ਤਰ੍ਹਾਂ ਮਲ ਕੇ। ਤਿਨਿ-ਤਿਸ ਨੇ, ਉਸ ਨੇ।

ਭਾਵ: ਕੋਈ ਵਿਰਲਾ ਗੁਰਮੁੱਖ (ਸ਼ਬਦ-ਗੁਰੂ ਦੇ ਉਪਦੇਸ਼ਾਂ ਦੀ ਪਾਲਣਾ ਕਰਨ ਵਾਲਾ) ਹੁੰਦਾ ਹੈ ਜੋ ਇਸ ਮਾਇਆ ਸੱਪਣੀ ਦੇ ਜ਼ਹਿਰ ਦਾ ਮੰਤ੍ਰ ( ‘ਹੁਕਮਿ ਰਜਾਈ ਚਲਣਾ’ ) ਜਾਣਦਾ ਹੈ, ਉਸ ਨੇ ਇਸ ਨੂੰ ਚੰਗੀ ਤਰ੍ਹਾਂ ਮਲ ਕੇ ਪੈਰਾਂ ਹੇਠ ਸੁੱਟ ਲਿਆ ਹੈ। ਹੇ ਨਾਨਕ! ਇਸ ਮਾਇਆ ਸੱਪਣੀ ਤੋਂ ਉਹੀ ਬਚੇ ਹਨ ਜੋ (ਗੁਰੂ ਦੇ ਉਪਦੇਸ਼ ਰਾਹੀਂ) ਪ੍ਰਭੂ-ਪਿਤਾ ਵਿੱਚ ਸੁਰਤਿ ਜੋੜਦੇ ਹਨ।

3. ਮਨੁੱਖ ਨੂੰ ਅੰਨ੍ਹੇ ਵਰਤਾਰੇ `ਚੋਂ ਸ਼ਬਦ-ਗੁਰੂ ਹੀ ਸਹੀ ਜੀਵਨ-ਜਾਚ ਦੱਸ ਕੇ ਕੱਢ ਸਕਦਾ ਹੈ, ਹੋਰ ਕੋਈ ਨਹੀਂ

ਬਿਨੁ ਗੁਰ ਸਬਦ ਨ ਛੂਟੀਐ ਦੇਖਹੁ ਵੀਚਾਰਾ॥ ਜੇ ਲਖ ਕਰਮ ਕਮਾਵਹੀ ਬਿਨੁ ਗੁਰ ਅੰਧਿਆਰਾ॥ 1॥ ਰਹਾਉ॥ (ਮ: 1, 229)

ਪਦ ਅਰਥ: ਨ ਛੂਟੀਐ - (ਮਾਇਆ ਦੇ ਮੋਹ ਦੇ ਹਨੇਰੇ ਤੋਂ) ਖ਼ਲਾਸੀ ਨਹੀਂ ਹੁੰਦੀ। ਜੇ ਕਮਾਵਹੀ-ਜੇ ਤੂੰ ਕਮਾਏਂ, ਜੇ ਤੂੰ ਕਰੇਂ। ਅੰਧਿਆਰਾ - ਹਨੇਰਾ, ਆਤਮਕ ਹਨੇਰਾ, ਮਾਇਆ ਦੇ ਪ੍ਰਭਾਵ ਦਾ ਹਨੇਰਾ। 1. ਰਹਾਉ।

ਭਾਵ: (ਮਾਇਆ ਦੇ ਮੋਹ ਨੇ ਜੀਵਾਂ ਦੀਆਂ ਅੱਖਾਂ ਅੱਗੇ ਅਗਿਆਨਤਾ ਦਾ ਹਨੇਰਾ ਖੜ੍ਹਾ ਕਰ ਦਿੱਤਾ ਹੈ, ਹੇ ਭਾਈ!) ਵਿਚਾਰ ਕੇ ਵੇਖ ਲਵੋ, ਗੁਰੂ ਦੇ ਸ਼ਬਦ (ਗੁਰੂ ਦੇ ਉਪਦੇਸ਼ ਦੀ ਪਾਲਣਾ ਕਰਨ) ਤੋਂ ਬਿਨਾਂ (ਇਸ ਆਤਮਕ ਹਨੇਰੇ ਤੋਂ) ਖ਼ਲਾਸੀ ਨਹੀਂ ਹੋ ਸਕਦੀ। (ਹੇ ਭਾਈ!) ਜੇ ਤੂੰ ਲੱਖਾਂ ਹੀ ਧਰਮ-ਕਰਮ (ਕਰਮ-ਕਾਂਡ) ਕਰਦਾ ਰਹੇਂ, ਤਾਂ ਭੀ ਸ਼ਬਦ-ਗੁਰੂ ਦੀ ਸ਼ਰਣ ਆਉਂਣ ਤੋਂ ਬਿਨਾਂ ਇਹ ਆਤਮਕ ਹਨੇਰਾ (ਟਿਕਿਆ ਹੀ ਰਹੇਗਾ)। ਰਹਾਉ।

ਗਿਆਨ ਅੰਜਨੁ ਗੁਰਿ ਦੀਆ ਅਗਿਆਨ ਅੰਧੇਰ ਬਿਨਾਸੁ॥ ਹਰਿ ਕਿਰਪਾ ਤੇ ਸੰਤ ਭੇਟਿਆ ਨਾਨਕ ਮਨਿ ਪਰਗਾਸੁ॥ (ਮ: 5, 293)

ਪਦ ਅਰਥ: ਅੰਜਨੁ-ਸੁਰਮਾ। ਗੁਰਿ-ਗੁਰੂ ਨੇ। ਅੰਧੇਰ ਬਿਨਾਸੁ - (ਅਗਿਆਨਤਾ ਦੇ) ਹਨੇਰੇ ਦਾ ਨਾਸ਼। ਸੰਤ ਭੇਟਿਆ - ਗੁਰੂ ਨੂੰ ਮਿਲਿਆ। ਮਨਿ-ਮਨ ਵਿੱਚ। ਪਰਗਾਸੁ- (ਰੱਬੀ ਗਿਆਨ ਦਾ) ਚਾਨਣ।

ਭਾਵ: (ਜਿਸ ਮਨੁੱਖ ਨੂੰ) ਸਤਿਗੁਰੂ (ਸ਼ਬਦ-ਗੁਰੂ) ਨੇ ਗਿਆਨ ਦਾ ਸੁਰਮਾ ਬਖ਼ਸ਼ਿਆ ਹੈ, ਉਸ ਦੇ ਅਗਿਆਨ (ਰੂਪ) ਹਨੇਰੇ ਦਾ ਨਾਸ ਹੋ ਜਾਂਦਾ ਹੈ।

ਹੇ ਨਾਨਕ! (ਜੋ ਮਨੁੱਖ) ਅਕਾਲ ਪੁਰਖੁ ਦੀ ਮਿਹਰ ਨਾਲ ਗੁਰੂ ਨੂੰ ਮਿਲਿਆ ਹੈ, ਉਸ ਦੇ ਮਨ ਵਿੱਚ (ਗਿਆਨ ਦਾ) ਚਾਨਣ ਹੋ ਜਾਂਦਾ ਹੈ।

ਨੋਟ: ਇਥੇ ਗੁਰਮਤਿ ਸਿਧਾਂਤ ਦਾ ਇੱਕ ਅਹਿਮ ਨੁਕਤਾ ਭੀ ਸਪੱਸ਼ਟ ਹੋ ਗਿਆ ਹੈ ਕਿ ਪਰਮਾਤਮਾ ਦੀ ਮਿਹਰ ਹੋਵੇ ਤਾਂ ਹੀ ਮਨੁੱਖ ਦਾ ਮਿਲਾਪ ਸ਼ਬਦ-ਗੁਰੂ ਨਾਲ ਹੁੰਦਾ ਹੈ (ਭਾਵ, ਮਨੁੱਖ ਸ਼ਬਦ-ਗੁਰੂ ਦੇ ਉਪਦੇਸ਼ਾਂ ਨੂੰ ਧਿਆਨ ਨਾਲ ਸੁਣ ਕੇ, ਸਮਝ ਕੇ, ਮਨੋਂ ਸਵੀਕਾਰ ਕਰ ਕੇ, ਪੂਰਨ ਤੌਰ `ਤੇ ਸ਼ਬਦ-ਗੁਰੂ ਦੇ ਦੱਸੇ ਰਾਹ `ਤੇ ਤੁਰਨਾ ਸ਼ੁਰੂ ਕਰ ਦਿੰਦਾ ਹੈ - ਭਾਵ ਕਿ, ਆਪਣੇ ਮਨ ਦੀ ਮੱਤਿ ਦਾ ਤਿਆਗ ਕਰ ਕੇ ਗੁਰੂ ਦੀ ਮੱਤਿ ਗ੍ਰਹਿਣ ਕਰਨਾ ਅਰੰਭ ਕਰ ਦਿੰਦਾ ਹੈ)।

ਜੋਤੀ ਹੂ ਪ੍ਰਭੁ ਜਾਪਦਾ ਬਿਨੁ ਸਤਿਗੁਰ ਬੂਝ ਨ ਪਾਇ॥ ਜਿਨ ਕਉ ਪੂਰਬਿ ਲਿਖਿਆ ਸਤਿਗੁਰੁ ਭੇਟਿਆ ਤਿਨ ਆਇ॥ 2॥

(ਮ: 3, 35-36)

ਪਦ ਅਰਥ: ਜੋਤੀ ਹੂ - ਅੰਦਰਲੇ ਚਾਨਣ ਤੋਂ ਹੀ। ਜਾਪਦਾ - ਦਿਸਦਾ ਹੈ। ਬੂਝ - ਸਮਝ। ਭੇਟਿਆ - ਮਿਲਿਆ।

ਭਾਵ: ਪਰਮਾਤਮਾ ਉਸ ਅੰਦਰਲੀ ਜੋਤਿ ਦੀ ਰਾਹੀਂ ਹੀ ਦਿਸਦਾ ਹੈ, ਪਰ, ਗੁਰੂ ਤੋਂ ਬਿਨਾ ਉਸ ਜੋਤਿ (ਚਾਨਣ) ਦੀ ਸਮਝ ਨਹੀਂ ਪੈਂਦੀ (ਤੇ) ਗੁਰੂ ਉਨ੍ਹਾਂ ਬੰਦਿਆਂ ਨੂੰ ਆ ਕੇ ਮਿਲਦਾ ਹੈ ਜਿਨ੍ਹਾਂ ਦੇ ਭਾਗਾਂ ਵਿੱਚ ਧੁਰੋਂ (ਪ੍ਰਭੂ ਦੀ ਦਰਗਾਹ ਤੋਂ) ਗੁਰੂ ਦੇ ਮੇਲ ਦਾ ਲੇਖ ਲਿਖਿਆ ਹੋਵੇ।

ਨੋਟ: ਇਥੇ ਇਹ ਗੱਲ ਭੀ ਸਮਝਣ ਵਾਲੀ ਹੈ ਕਿ ਮਨੁੱਖ ਜੋ-ਜੋ ਕਰਮ (ਕੰਮ) ਕਰਦਾ ਹੈ, ਉਸੇ ਮੁਤਾਬਿਕ ਹੀ ਪ੍ਰਭੂ-ਪਿਤਾ ਵੱਲੋਂ, ਲਗਾਤਾਰ, ਉਸ ਦੇ ਲੇਖ ਲਿਖੇ ਜਾਂਦੇ ਰਹਿੰਦੇ ਹਨ।

4.’ਜਾਗਤ-ਜੋਤਿ’ (ਗੁਰੂ ਗ੍ਰੰਥ ਸਾਹਿਬ) ਦੀ ਕਿਰਪਾ ਦੁਆਰਾ ਹੀ (ਹੁਕਮਿ ਰਜ਼ਾਈ ਚਲਣ ਨਾਲ ਹੀ) ਮਨੁੱਖ ਦਾ ਮਿਲਾਪ ਪ੍ਰਭੂ ਨਾਲ ਹੁੰਦਾ ਹੈ

ਪਿੱਛੇ ਇਸ ਪੁਸਤਕ ਵਿੱਚ ਵਿਚਾਰ ਕੀਤੀ ਜਾ ਚੁੱਕੀ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਉਪਦੇਸ਼ਾਂ ਦੀ ਮਨ ਕਰ ਕੇ, ਬਚਨਾਂ ਕਰ ਕੇ ਅਤੇ ਕੰਮਾਂ (ਕਰਮਾਂ) ਕਰ ਕੇ ਪ੍ਰੇਮ, ਸ਼ਰਧਾ ਅਤੇ ਦ੍ਰਿੜਤਾ ਨਾਲ ਪਾਲਣਾ ਕਰ ਕੇ (ਪ੍ਰਭੂ-ਪਿਤਾ ਦੇ ਨਿਰਮਲ ਭਉ ਵਿੱਚ ਰਹਿੰਦਿਆਂ ਸਿਮਰਨ ਕਰ ਕੇ, ਨਾਮ ਜਪ ਕੇ, ਪ੍ਰੇਮ ਨਾਲ ਤੇ ਅਰਥ-ਭਾਵ ਸਮਝ ਕੇ ਬਾਣੀ ਪੜ੍ਹ ਕੇ, ਪ੍ਰਭੂ ਦੀ ਗੁਰਬਾਣੀ ਰਾਹੀਂ ਸਿਫ਼ਤਿ-ਸਾਲਾਹ ਕਰ ਕੇ, ਆਪਣੇ ਮਨ ਦੀ ਮੱਤਿ ਛੱਡ ਕੇ, ਸ਼ਬਦ-ਗੁਰੂ ਦੀ ਮੱਤਿ ਗ੍ਰਹਿਣ ਕਰ ਕੇ, ਸਾਧ-ਸੰਗਤਿ ਵਿੱਚ ਨੇਮ ਨਾਲ ਸੁਰਤਿ ਜੋੜ ਕੇ ਬਹਿਣ ਕਰ ਕੇ, ਗੁਰਮਤਿ-ਅਨੁਸਾਰ ਵਿਵਰਜਤ ਕੰਮਾਂ ਦਾ ਤਿਆਗ ਕਰ ਕੇ, ਨਿਮਰਤਾ, ਮਿਠਾਸ, ਦਇਆ, ਖਿਮਾਂ, ਧੀਰਜ, ਸਹਿਣਸ਼ੀਲਤਾ ਵਰਗੇ ਰੱਬੀ-ਗੁਣ ਗ੍ਰਹਿਣ ਕਰ ਕੇ, ਊੱਚ-ਨੀਚ ਦਾ ਭਾਵ ਤਿਆਗ ਕੇ, ਸਮ-ਦ੍ਰਿਸ਼ਟਾ ਬਣ ਕੇ, ਦੁਨਿਆਵੀ ਧੜੇ-ਬੰਦੀਆਂ ਦਾ ਤਿਆਗ ਕਰ ਕੇ, ਮਨੁੱਖਤਾ ਦੀ ਨਿਸ਼ਕਾਮਤਾ ਸਹਿਤ ਸੇਵਾ ਕਰ ਕੇ, ਨਿੰਦਿਆ-ਚੁਗਲੀ, ਈਰਖ਼ਾ ਦਾ ਤਿਆਗ ਕਰ ਕੇ, ਸੱਚੀ-ਸੁੱਚੀ ਕਿਰਤ ਕਰ ਕੇ, ਵੰਡ ਛੱਕ ਕੇ ਆਦਿ ਨਾਲ) ਮਨੁੱਖ ਦਾ ਮਨ ਇਸ ਨੂੰ ਜਨਮਾਂ-ਜਨਮਾਤਰਾਂ ਦੀ ਲੱਗੀ ਵਿਕਾਰਾਂ/ਪਾਪਾਂ ਦੀ ਮੈਲ ਤੋਂ ਰਹਿਤ ਹੋ ਕੇ ਨਿਰਮਲ ਹੋ ਜਾਂਦਾ ਹੈ ਅਤੇ ਨਾਮ-ਬਾਣੀ ਦਾ ਵਾਸਾ ਪੱਕੇ ਤੌਰ `ਤੇ ਮਨ ਵਿੱਚ ਹੋ ਜਾਂਦਾ ਹੈ। ਇਥੇ ਆ ਕੇ ਪ੍ਰਭੂ ਦੇ ਗੁਣ (ਗੁਰਬਾਣੀ) ਮਨੁੱਖ ਦੇ ਮਨ ਵਿੱਚ ਵਸਣ ਨਾਲ, ਮਨ ਟਿਕ ਜਾਦਾ ਹੈ। ਪ੍ਰਭੂ-ਹਜ਼ੂਰੀ ਵਿੱਚ ਟਿੱਕੇ ਮਨ ਤੋਂ ਹੀ ਮਨ ਪਤੀਜ ਜਾਂਦਾ ਹੈ ਅਤੇ ਮਾਇਆ ਦੇ ਮੋਹ (ਤੇ ਇਸ ਦੇ ਬਾਕੀ ਦੇ, ਵੱਡੇ-ਕੋੜਮੇ-ਕਬੀਲੇ ਦਾ ਪ੍ਰਭਾਵ) ਮਿਟ ਜਾਂਦਾ ਹੈ, ਗਿਆਨ ਇੰਦ੍ਰੇ ਤੇ ਕਰਮ ਇੰਦ੍ਰੇ ਪਾਪਾਂ ਤੇ ਵਿਕਾਰਾਂ ਤੋਂ ਬਚ ਕੇ, ਗੁਰਮਤਿ ਅਨੁਸਾਰ ਸਹੀ ਰਾਹ `ਤੇ ਆ ਜਾਂਦੇ ਹਨ। ਇਸ ਪ੍ਰਥਾਇ ਗੁਰ ਫ਼ੁਰਮਾਣੁ ਹੈ -

ਹਰਿ ਜੀਉ ਨਿਰਮਲ ਨਿਰਮਲਾ ਨਿਰਮਲ ਮਨਿ ਵਾਸਾ॥ ਗੁਰਮਤੀ ਸਾਲਾਹੀਐ ਬਿਖਿਆ ਮਾਹਿ ਉਦਾਸਾ॥ 1॥ ਰਹਾਉ॥ (ਮ: 3, 426)

ਭਾਵ: ਹੇ ਭਾਈ! ਪਰਮਾਤਮਾ ਨਿਰੋਲ ਪਵਿੱਤ੍ਰ ਹੈ, ਉਸ ਦਾ ਨਿਵਾਸ ਪਵਿੱਤ੍ਰ ਮਨ ਵਿੱਚ ਹੀ ਹੋ ਸਕਦਾ ਹੈ। ਜੇ ਸ਼ਬਦ-ਗੁਰੂ ਦੀ ਮੱਤਿ (ਗੁਰੂ ਦੇ ਉਪਦੇਸ਼ਾਂ) ਅਨੁਸਾਰ ਤੁਰ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦੇ ਰਹੀਏ ਤਾਂ ਮਾਇਆ ਵਿੱਚ ਰਹਿੰਦਿਆਂ ਹੀ, ਮਾਇਆ ਦੇ ਮੋਹ ਤੋਂ ਨਿਰਲੇਪ ਹੋ ਸਕੀਦਾ ਹੈ। 1. ਰਹਾਉ।

ਪਉੜੀ॥ ਬਿਨੁ ਸਤਿਗੁਰ ਕਿਨੈ ਨ ਪਾਇਓ ਬਿਨੁ ਸਤਿਗੁਰ ਕਿਨੈ ਨਾ ਪਾਇਆ॥ ਸਤਿਗੁਰ ਵਿਚਿ ਆਪੁ ਰਖਿਓਨੁ ਕਰਿ ਪਰਗਟੁ ਆਖਿ ਸੁਣਾਇਆ॥ ਸਤਿਗੁਰ ਮਿਲਿਐ ਸਦਾ ਮੁਕਤੁ ਹੈ ਜਿਨਿ ਵਿਚਹੁ ਮੋਹੁ ਚੁਕਾਇਆ॥ ਉਤਮੁ ਏਹੁ ਬੀਚਾਰੁ ਹੈ ਜਿਨਿ ਸਚੇ ਸਿਉ ਚਿਤੁ ਲਾਇਆ॥ ਜਗਜੀਵਨੁ ਦਾਤਾ ਪਾਇਆ॥ 6॥ (ਮ: 1, 466)

ਭਾਵ: ਕਿਸੇ ਮਨੁੱਖ ਨੂੰ ( ‘ਜਗ ਜੀਵਨੁ ਦਾਤਾ) ਸਤਿਗੁਰ ਤੋਂ ਬਿਨਾ (ਭਾਵ, ਸਤਿਗੁਰੂ ਦੀ ਸ਼ਰਣ ਪੈਣ ਤੋਂ ਬਿਨਾਂ) ਨਹੀਂ ਮਿਲਿਆ, (ਇਹ ਸੱਚ ਜਾਣ ਕਿ) ਕਿਸੇ ਮਨੁੱਖ ਨੂੰ ਸਤਿਗੁਰ ਦੀ ਸ਼ਰਣ ਪੈਣ ਤੋਂ ਬਿਨਾਂ ( ‘ਜਗ ਜੀਵਨੁ ਦਾਤਾ’ ) ਨਹੀਂ ਮਿਲਿਆ (ਕਿਉਂਕਿ ਪ੍ਰਭੂ ਨੇ) ਆਪਣੇ ਆਪ ਨੂੰ ਰੱਖਿਆ ਹੀ ਸਤਿਗੁਰੂ ਦੇ ਅੰਦਰ ਹੈ, (ਭਾਵ, ਪ੍ਰਭੂ ਗੁਰੂ ਦੇ ਅੰਦਰ ਸਾਖਿਆਤ ਹੋਇਆ ਹੈ) (ਅਸਾਂ ਹੁਣ ਇਹ ਗੱਲ ਸਭ ਨੂੰ) ਖੁੱਲ੍ਹਮ-ਖੁੱਲ੍ਹਾ ਆਖ ਕੇ ਸੁਣਾ ਦਿੱਤੀ ਹੈ। ਜੇ (ਇਹੋ ਜਿਹਾ) ਗੁਰੂ, ਜਿਸ ਨੇ ਆਪਣੇ ਅੰਦਰੋਂ (ਮਾਇਆ ਦਾ) ਮੋਹ ਦੂਰ ਕਰ ਦਿੱਤਾ ਹੈ, ਮਨੁੱਖ ਨੂੰ ਮਿਲ ਪਏ ਤਾਂ ਮਨੁੱਖ ਮੁਕਤ (ਭਾਵ, ਮਾਇਕ ਬੰਧਨਾਂ ਤੋਂ ਆਜ਼ਾਦ) ਹੋ ਜਾਂਦਾ ਹੈ।

(ਹੋਰ ਸਾਰੀਆਂ ਸਿਆਣਪਾਂ ਨਾਲੋਂ) ਇਹ ਵਿਚਾਰ ਸੋਹਣੀ ਹੈ ਕਿ ਜਿਸ ਮਨੁੱਖ ਨੇ ਆਪਣੇ ਗੁਰੂ (ਸ਼ਬਦ-ਗੁਰੂ) ਨਾਲ ਚਿੱਤ ਜੋੜਿਆ ਹੈ, ਉਸ ਨੂੰ ਜਗ-ਜੀਵਨ ਦਾਤਾ, ਮਿਲ ਪਿਆ ਹੈ। 6.

ਨੋਟ:

1. ਸ਼ਬਦ-ਗੁਰੂ ਦੀ ਕਿਰਪਾ ਰਾਹੀਂ ਨਾਮ-ਬਾਣੀ ਦਾ ਵਾਸਾ ਪਹਿਲਾਂ ਮਨ ਵਿੱਚ ਹੁੰਦਾ ਹੈ ਤੇ ਫਿਰ ਹਿਰਦੇ ਵਿੱਚ।

2. ਇੰਜ ਸਮਝ ਪੈਂਦੀ ਹੈ ਕਿ ਉਪਰੋਕਤ ਵਰਣਨ ਕੀਤੀ ਮਨੁੱਖੀ ਆਤਮਿਕ ਅਵੱਸਥਾ ‘ਸਹਿਜ ਅਵੱਸਥਾ’ ਹੈ, ਜਿਹੜੀ ਮਾਇਆ ਦੇ ਤਿੰਨਾਂ ਗੁਣਾਂ ਤੋਂ ਉੱਚੀ ਆਤਮਕ-ਅਡੋਲਤਾ ਵਾਲੀ ਅਵੱਸਥਾ ਹੈ। ਇਸ ਅਵੱਸਥਾ ਨੂੰ ਗੁਰਬਾਣੀ ਅੰਦਰ ‘ਪਰਮ-ਪਦੁ’ ਭੀ ਕਿਹਾ ਗਿਆ ਹੈ। ਇਹ ਅਵੱਸਥਾ ਮਨੁੱਖ ਨੂੰ ਸ਼ਬਦ-ਗੁਰੂ ਦੀ ਕਿਰਪਾ (ਗੁਰ ਪ੍ਰਸਾਦਿ) ਅਤੇ ਪ੍ਰਭੂ-ਪਿਤਾ ਦੀ ਮਿਹਰ ਨਾਲ ਹੀ ਪ੍ਰਾਪਤ ਹੁੰਦੀ ਹੈ, ਨਿਰੀ ਮਨੁੱਖ ਵੱਲੋਂ ਕੀਤੀ ਘਾਲ-ਕਮਾਈ ਦੇ ਜ਼ੋਰ ਨਾਲ ਨਹੀਂ। ਇਸ ਅਵੱਸਥਾ ਵਿੱਚ ਪ੍ਰਭੂ ਮਨੁੱਖ ਦੇ ਹਿਰਦੇ ਵਿੱਚ ਪਰਗਟ ਹੋ ਜਾਂਦਾ ਹੈ। ਕਹਿ ਸਕਦੇ ਹਾਂ ਕਿ ਇਸ ਆਤਮਕ ਅਵੱਸਥਾ `ਤੇ ਪਹੁੰਚਿਆ ਹੋਇਆ ਮਨੁੱਖ ‘ਜਪੁ’ (ਜਪੁ ਜੀ) ਵਿੱਚ ਗੁਰੂ ਨਾਨਕ ਸਾਹਿਬ ਵੱਲੋਂ ਵਰਣਨ ਕੀਤੀ ‘ਕਰਮ-ਖੰਡ’ ਦੀ ਆਤਮਕ ਅਵੱਸਥਾ ਵਿੱਚ ਪਹੁੰਚ ਜਾਂਦਾ ਹੈ। ਇਸ ਤੋਂ ਅੱਗੇ ‘ਸੱਚ-ਖੰਡ’ ਵਾਲੀ ਆਤਮਿਕ ਅਵੱਸਥਾ ਮਨੁੱਖ ਨੂੰ ਉਦੋਂ ਪ੍ਰਾਪਤ ਹੁੰਦੀ ਹੈ ਜਦੋਂ ਪ੍ਰਭੂ-ਪਿਤਾ ਉਸ ਨੂੰ ਆਪਣੀ ਅਨੰਦਮਈ ਤੇ ਨਿੱਘੀ ਗੋਦ ਵਿੱਚ, ਆਪ ਬਾਹੋਂ ਫੜ ਕੇ, ਆਪਣੇ ਵਿੱਚ ਸਦੀਵਕਾਲ ਲਈ ਸਮਾ ਲੈਂਦਾ ਹੈ। ਇਹ ਲੇਖਕ ਦਾ ਨਿੱਜੀ ਵਿਚਾਰ ਹੈ। ਪਰ, ਅਸਲ ਵਿੱਚ ਪ੍ਰਭੂ-ਪਿਤਾ ਕੀ ਭਾਣਾ ਅਤੇ ਕਿਵੇਂ ਵਰਤਾਉਂਦਾ ਹੈ, ਇਹ ਉਹ ਆਪ ਹੀ ਜਾਣਦਾ ਹੈ। ਹਾਂ, ਇਤਨਾ ਯਕੀਨ ਨਾਲ ਕਿਹਾ ਜਾ ਸਕਦਾ ਹੈ ਕਿ ਪ੍ਰਭੂ-ਮਿਲਾਪ ਲਈ, ਹੁਕਮਿ ਰਜਾਈ ਚਲਦਿਆਂ ਹੋਇਆ, ‘ਸਚਿਆਰਾ’ ਬਣਨਾ ਜ਼ਰੂਰੀ ਹੈ।

5. ਸਚਿਆਰਾ ਬਣਨ ਲਈ ਹੁਕਮਿ ਰਜਾਈ ਚੱਲਣਾ ਹੀ ਇੱਕੋ-ਇੱਕ ਠੀਕ ਜੀਵਨ-ਜਾਚ ਹੈ

ਉਨ੍ਹਾਂ ਜੀਵਾਂ ਦਾ ਜੀਵਨ ਹੀ ਸਫ਼ਲ ਹੁੰਦਾ ਹੈ ਜਿਹੜੇ ਕਾਦਿਰ ਦੀ ਕੁਦਰਤਿ ਦੇ ਅਟੱਲ ਨਿਯਮਾਂ ਦੀ ਈਮਾਨਦਾਰੀ ਤੇ ਪ੍ਰੇਮ ਨਾਲ ਪਾਲਣਾ ਕਰਦੇ ਰਹਿੰਦੇ ਹਨ। ਪਰ, ਇਸ ਸਹੀ ਜੀਵਨ-ਜਾਚ ਦੀ ਸੋਝੀ ਮਨੁੱਖ ਨੂੰ ਸਾਰੀ ਮਨੁੱਖਤਾ ਦੇ ਸਾਂਝੇ ਗੁਰੂ ਅਤੇ ਰਹਿਬਰ ਸ਼ਬਦ-ਗੁਰੂ (ਗੁਰੂ ਗ੍ਰੰਥ ਸਾਹਿਬ) ਦੇ ਉਪਦੇਸ਼ਾਂ ਦੀ ਵਿਚਾਰ ਕਰ ਕੇ ਹੁਕਮਿ ਰਜਾਈ ਚੱਲਣ ਨਾਲ ਹੀ ਮਿਲਦੀ ਹੈ। ਹੇਠ ਦਿੱਤਾ ਗੁਰ ਫ਼ੁਰਮਾਣੁ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਇਲਾਹੀ ਫ਼ਲਸਫ਼ੇ ਦਾ ਧੁਰਾ ਹੈ (ਭਾਵ, ਸਮੁੱਚੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਕੇਂਦਰੀ-ਭਾਵ ਇਸੇ ਫ਼ੁਰਮਾਣੁ ਵਿੱਚ ਹੈ) -

ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ॥ ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ॥ 1॥ (ਮ: 1, 1)

ਪਦਅਰਥ: ਕਿਵ-ਕਿਸ ਤਰ੍ਹਾਂ। ਹੋਈਐ-ਹੋ ਸਕਦਾ ਹੈ। ਕੂੜੈ ਪਾਲਿ-ਕੂੜ ਦੀ ਕੰਧ, ਕੂੜ ਦਾ ਪਰਦਾ। ਸਚਿਆਰਾ - (ਸਚ ਆਲਯ) ਸੱਚ ਦਾ ਘਰ, ਸੱਚ ਦੇ ਪ੍ਰਕਾਸ਼ ਹੋਣ ਲਈ ਯੋਗ। ਹੁਕਮਿ-ਹੁਕਮ ਵਿੱਚ। ਰਜਾਈ-ਰਜ਼ਾ ਵਾਲਾ, ਅਕਾਲ ਪੁਰਖੁ। ਨਾਲਿ-ਸ੍ਰਿਸ਼ਟੀ ਦੇ ਸਿਰਜਣ ਵੇਲੇ ਤੋਂ ਹੀ।

ਭਾਵ: (ਤਾਂ ਫਿਰ) ਅਕਾਲ ਪੁਰਖੁ ਦਾ ਪ੍ਰਕਾਸ਼ ਹੋਣ ਲਈ ਯੋਗ ਕਿਵੇਂ ਬਣ ਸਕੀਦਾ ਹੈ? (ਅਤੇ ਸਾਡੇ ਅੰਦਰ ਦਾ) ਕੂੜ ਦਾ ਪਰਦਾ ਕਿਵੇਂ ਟੁੱਟ ਸਕਦਾ ਹੈ? ਰਜ਼ਾ ਦੇ ਮਾਲਿਕ ਅਕਾਲ ਪੁਰਖੁ ਦੇ ਹੁਕਮ ਵਿੱਚ ਤੁਰਨਾ - (ਇਹੀ ਇੱਕੋ-ਇੱਕ ਵਿਧੀ ਹੈ)। ਹੇ ਨਾਨਕ! (ਇਹ ਵਿਧੀ) ਧੁਰ ਤੋਂ ਹੀ ਜਦ ਤੋਂ ਜਗਤ ਬਣਿਆ ਹੈ, ਲਿਖੀ ਚੱਲੀ ਆ ਰਹੀ ਹੈ। 1.

ਸਿੱਟਾ (conclusion)

ਇਸ ਪੁਸਤਕ ਵਿੱਚ ਕੀਤੀ ਸੰਖੇਪ ਸਮੁੱਚੀ ਵਿਚਾਰ ਰਾਹੀਂ, ਗੁਰੂ ਗ੍ਰੰਥ ਸਾਹਿਬ ਵਿੱਚੋਂ ਦਿੱਤੇ (ਵੰਨਗੀ-ਮਾਤਰ) ਅਟੱਲ ਇਲਾਹੀ ਸਿਧਾਂਤਾਂ ਦੇ ਸਬੂਤਾਂ ਨੂੰ ਨਿਰਪੱਖ ਹੋ ਕੇ ਪਰਖਣ ਨਾਲ ਇਹ ਹਕੀਕਤ ਚਿੱਟੇ ਦਿਨ ਵਾਂਗ ਸਪੱਸ਼ਟ ਹੋ ਜਾਂਦੀ ਹੈ ਕਿ ਜੇਕਰ ਇਸ ਸਰਬ-ਸਾਂਝੇ ਇਲਾਹੀ ਫ਼ਲਸਫ਼ੇ (ਨਾਮ-ਧਰਮ) `ਤੇ ਪ੍ਰੇਮ, ਸ਼ਰਧਾ ਅਤੇ ਈਮਾਨਦਾਰੀ ਨਾਲ ਅਮਲ ਕੀਤਾ ਜਾਵੇ ਤਾਂ ਸੰਸਾਰ ਦੀ ਸਰਬ-ਪੱਖੀ ਅਸ਼ਾਂਤੀ ਦੇ ਕਾਰਨਾਂ (ਜਿਨ੍ਹਾਂ ਵਿੱਚ ਮਾਇਆ ਦਾ ਮੋਹ, ਹਉਮੈ, ਮਾਇਆ ਦੇ ਪੰਜ ਪੁੱਤਰ (ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ) ਵੈਰ-ਵਿਰੋਧ, ਧੱਕੇ-ਸ਼ਾਹੀ, ਨਫ਼ਰਤ, ਜ਼ੁਲਮ, ਫ਼ਿਰਕਾ-ਪ੍ਰਸਤੀ, ਈਰਖਾ, ਫ਼ਾਸ਼ੀਵਾਦ, ਝੂਠ, ਨਿੰਦਿਆ-ਚੁਗਲੀ, ਛਲ-ਕਪਟ, ਠੱਗੀ-ਠੋਰੀ, ਕਬਜ਼ਾ ਕਰਨ ਦੀ ਰੁਚੀ, ਹੁਕਮ ਚਲਾਉਂਣ ਦੀ ਭੈੜੀ ਆਦਤ, ਬੇ-ਇਨਸਾਫ਼ੀ, ਪਰਾਇਆ ਹੱਕ ਮਾਰਨਾ, ਆਪਣੇ-ਬਿਗਾਨੇ ਦੀ ਭੈੜੀ ਸੋਚ, ਐਸ਼ੋ-ਇਸ਼ਰਤ ਦੀ ਭੈੜੀ ਆਦਤ, ਊੱਚ-ਨੀਚ, ਵਹਿਮ-ਭਰਮ, ਕਰਮ-ਕਾਂਡ, ਮਨੁੱਖੀ ਹੱਕਾਂ ਦਾ ਹਨਨ, ਸ਼ਗਨ-ਅਪਸ਼ਗਨ, ਜੋਤਿਸ਼, ਟੂਣੇ-ਟਾਮਣ, ਮੰਤਰ, ਜੰਤਰ, ਤੰਤਰ, ਕਰਮ-ਕਾਂਡ ਆਦਿ ਸ਼ਾਮਲ ਹਨ), ਨੂੰ ਜੜ੍ਹੋਂ ਹੀ ਖਤਮ ਕਰ ਕੇ ਆਦਰਸ਼ਕ ਵਿਸ਼ਵ-ਭਾਈਚਾਰਕ ਸਾਂਝਾਂ ਵਾਲੇ ਚੰਗੇ ਸਮਾਜ ਤੇ ਸਮਾਜ-ਪ੍ਰਬੰਧ ਦੀ ਸਦੀਵੀ ਸਥਾਪਨਾ ਕਰ ਕੇ ਵਿਸ਼ਵ-ਸ਼ਾਂਤੀ ਸਥਾਪਤ ਕੀਤੀ ਜਾ ਸਕਦੀ ਹੈ। ਪਰ, ਖ਼ੁਦਗਰਜ, ਸ਼ਾਤਰ ਤੇ ਮਾਨਵ-ਵਿਰੋਧੀ ਧਿਰਾਂ, {ਜਿਨ੍ਹਾਂ ਵਿੱਚ ਖ਼ੁਦਗਰਜ਼ ‘ਰਾਜਨੀਤਕ-ਪੁਜਾਰੀ-ਸਰਮਾਏਦਾਰ’ ਦੀ ਸਮਾਜ-ਵਿਰੋਧੀ ਤਿਕੱੜੀ, ਮਨੂੰਵਾਦ, ਈਰਖਾਲੂ ਤੇ ਜਨੂੰਨੀ ਧਾਰਮਿਕ ਪ੍ਰਚਾਰਕ, ਗੁਰਮਤਿ-ਵਿਹੂਣੇ ਸਿੱਖ ਲੀਡਰ, ਗੁਰਮਤਿ ਦੀ ਸੋਝੀ ਤੋਂ ਸੱਖਣੇ (ਪਰ ਜਜ਼ਬਾਤੀ ਸਿੱਖ), ਡੇਰੇਦਾਰ, ਦੇਹਧਾਰੀ-ਗੁਰੂ-ਡੰਮੀਏ ਤੇ ਹੋਰ ਸੰਪਰਦਾਵਾਂ, ਅਖੌਤੀ ਸੰਤ-ਬਾਬੇ ਮੁੱਖ ਤੌਰ `ਤੇ ਸ਼ਾਮਲ ਹਨ)} ਗੁਰਮਤਿ ਫ਼ਲਸਫ਼ੇ ਨੂੰ ਸੰਸਾਰ ਵਿੱਚ ਵਿਕਾਸ ਕਰਨ ਤੋਂ, ਵਿਉਂਤਬੰਦ ਸਾਜ਼ਿਸੀ ਢੰਗਾਂ ਨਾਲ, ਗੁਰੂ ਨਾਨਕ ਸਾਹਿਬ ਦੇ ਵਕਤ ਤੋਂ ਹੀ, ਜੰਗੀ-ਪੱਧਰ `ਤੇ, ਰੋਕਦੇ ਆ ਰਹੇ ਹਨ।

ਇਸ ਲਈ ਲੋੜ ਹੈ ਕਿ ਸਮੁੱਚੀ ਮਨੁੱਖਤਾ ਦਾ ਭਲਾ ਲੋਚਣ ਵਾਲੇ ਸਾਰੇ ਮਨੁੱਖ ਇੱਕ ਸਾਂਝੇ ਮੰਚ `ਤੇ (ਘੱਟੋ-ਘੱਟ ਸਾਂਝੇ ਪਰੋਗਰਾਮ ਦੇ ਆਧਾਰ `ਤੇ) ਇਕੱਠੇ ਹੋ ਕੇ ਇਸ ਅਤਿ-ਮਾਨਵਵਾਦੀ ਅਤੇ ਸਮੁੱਚੀ ਮਨੁੱਖਤਾ ਦੇ (ਮਨੁੱਖੀ ਬਰਾਬਰਤਾ ਦੇ ਆਧਾਰ ਵਾਲੇ) ਸਾਂਝੇ ਇਨਕਲਾਬੀ ਗੁਰਮਤਿ ਫ਼ਲਸਫ਼ੇ ਦਾ ਰਲ-ਮਿਲ ਕੇ (ਅਜੋਕੇ ਮਲਟੀ ਮੀਡੀਆ ਦੀ ਸੁਚੱਜੀ ਵਰਤੋਂ ਰਾਹੀਂ) ਪ੍ਰਚਾਰ ਤੇ ਪਾਸਾਰ ਕਰਨ।

ਇਸ ਪੁਸਤਕ ਦੇ ਆਕਾਰ ਨੂੰ ਸੀਮਤ ਰੱਖਣ ਲਈ ਬਹੁਤ ਹੀ ਸੰਕੋਚਵੇਂ ਹਵਾਲੇ ਗੁਰੂ ਗ੍ਰੰਥ ਸਾਹਿਬ ਵਿੱਚੋਂ ਦਿੱਤੇ ਗਏ ਹਨ। ਪਰ, ਅਸਲੀਅਤ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਨਿਰੰਕਾਰ-ਸਰੂਪ ਬਾਣੀ ਅਮੋਲਕ ਰਤਨਾਂ ਰੂਪੀ ਰੱਬੀ-ਗੁਣਾਂ (ਨਾਮ-ਅੰਮ੍ਰਿਤ) ਨਾਲ ਭਰਪੂਰ ਹੈ।

ਅੰਮ੍ਰਿਤ ਬਾਣੀ ਹਰਿ ਹਰਿ ਤੇਰੀ॥ ਸੁਣਿ ਸੁਣਿ ਹੋਵੈ ਪਰਮ ਗਤਿ ਮੇਰੀ॥ (ਮ: 5, 103)

ਰਾਮੋ ਰਾਮ ਨਾਮੁ ਸਤੇ ਸਤਿ ਗੁਰਮੁਖਿ ਜਾਣਿਆ ਰਾਮ॥ ਸੇਵਕੋ ਗੁਰ ਸੇਵਾ ਲਾਗਾ ਜਿਨਿ ਮਨੁ ਤਨੁ ਅਰਪਿ ਚੜਾਇਆ ਰਾਮ॥ ਮਨੁ ਤਨੁ ਅਰਪਿਆ ਬਹੁਤੁ ਮਨਿ ਸਰਧਿਆ ਗੁਰ ਸੇਵਕ ਭਾਇ ਮਿਲਾਏ॥ ਦੀਨਾ ਨਾਥੁ ਜੀਆਂ ਕਾ ਦਾਤਾ ਪੂਰੇ ਗੁਰ ਤੇ ਪਾਏ॥ ਗੁਰੂ ਸਿੱਖੁ ਸਿਖੁ ਗੁਰੂ ਹੈ ਏਕੋ ਗੁਰ ਉਪਦੇਸੁ ਚਲਾਏ॥ ਰਾਮ ਨਾਮ ਮੰਤੁ ਹਿਰਦੈ ਦੇਵੈ ਨਾਨਕ ਮਿਲਣੁ ਸੁਭਾਏ॥ 8॥ 2॥ 9॥

(ਮ: 4, 444)

ਪਦ ਅਰਥ: ਸਤੇ ਸਤਿ - ਸਤਿ ਸਤਿ, ਸਦਾ ਕਾਇਮ ਰਹਿਣਾ ਵਾਲਾ। ਗੁਰਮੁਖਿ-ਗੁਰੂ ਦੀ ਸਰਣ ਪੈਣ ਵਾਲਾ (ਹੁਕਮਿ ਰਜਾਈ ਚੱਲਣ ਵਾਲਾ) ਮਨੁੱਖ। ਜਿਨਿ-ਜਿਸ ਨੇ। ਅਰਪਿ-ਭੇਟਾ ਕਰ ਕੇ। ਚੜਾਇਆ-ਚੜ੍ਹਾਅ, ਚਾੜ੍ਹ ਦਿੱਤਾ। ਮਨਿ-ਮਨ ਵਿੱਚ। ਸਰਧਿਆ-ਸ਼ਰਦਾ ਪੈਦਾ ਹੋਈ। ਭਾਇ-ਪ੍ਰੇਮ ਦੇ ਕਾਰਨ। ਭਉ-ਪ੍ਰੇਮ। ਦੀਨਾ ਨਾਥੁ-ਗ਼ਰੀਬਾਂ ਦਾ ਰਾਖਾ। ਜੀਅ ਕਾ-ਸਭ ਜੀਵਾਂ ਦਾ। ਤੇ-ਤੋਂ, ਪਾਸੋਂ। ਚਲਾਏ-ਲੜੀ ਤੋਰਦਾ ਹੈ। ਮੰਤੁ-ਉਪਦੇਸ਼। ਮਿਲਣੁ-ਮਿਲਾਪ। ਸੁਭਾਏ-ਸੁਭਾਇ, ਸ੍ਰੇਸ਼ਟ ਪ੍ਰੇਮ ਦੇ ਕਾਰਨ। 8.

ਭਾਵ: (ਹੇ ਭਾਈ!) ਪਰਮਾਤਮਾ ਦਾ ਨਾਮ ਸਦਾ ਕਾਇਮ ਰਹਿਣ ਵਾਲਾ ਹੈ, ਸਦਾ ਥਿਰ ਰਹਿਣਾ ਵਾਲਾ ਹੈ। ਜਿਹੜਾ ਮਨੁੱਖ ਗੁਰੂ ਦੀ ਸ਼ਰਣ ਪੈਂਦਾ ਹੈ (ਭਾਵ, ਗੁਰੂ ਗ੍ਰੰਥ ਸਾਹਿਬ ਦੇ ਦੱਸੇ ਰਾਹ `ਤੇ ਚਲਦਾ ਹੈ), ਉਹ ਪਰਮਾਤਮਾ ਨਾਲ ਡੂੰਘੀ ਸਾਂਝ ਪਾਉਂਦਾ ਹੈ। (ਪਰ) ਉਹੀ (ਮਨੁੱਖ) ਸੇਵਕ (ਬਣ ਕੇ) ਗੁਰੂ ਦੀ ਦੱਸੀ ਸੇਵਾ ਵਿੱਚ ਰੁਝਦਾ ਹੈ ਜਿਸ ਨੇ ਆਪਣਾ ਮਨ ਤਨ (ਗਿਆਨ ਤੇ ਕਰਮ ਇੰਦ੍ਰੇ) ਚੜ੍ਹਾਵੇ ਦੇ ਤੌਰ `ਤੇ (ਗੁਰੂ ਅੱਗੇ ਰੱਖ ਦਿੱਤੇ ਹਨ) ਗੁਰੂ ਗ੍ਰੰਥ ਸਾਹਿਬ ਦੇ ਉਪਦੇਸ਼ਾਂ ਦੀ ਪਾਲਣਾ ਕਰਦਾ ਹੈ, ਉਸ ਦੇ ਮਨ ਵਿੱਚ ਗੁਰੂ ਵਾਸਤੇ ਬਹੁਤ ਸ਼ਰਧਾ ਪੈਦਾ ਹੋ ਜਾਦੀ ਹੈ (ਗੁਰੂ ਉਸ ਨੂੰ) ਉਸ ਪ੍ਰੇਮ ਦੀ ਬਰਕਤਿ ਨਾਲ (ਪ੍ਰਭੂ-ਚਰਨਾਂ ਵਿੱਚ) ਮਿਲਾ ਦਿੰਦਾ ਹੈ (ਜੇਹੜਾ ਪ੍ਰੇਮ) ਗੁਰੂ ਦੇ ਸੇਵਕ ਦੇ ਹਿਰਦੇ ਵਿੱਚ ਹੋਣਾ ਚਾਹੀਦਾ ਹੈ। (ਹੇ ਭਾਈ!) ਪਰਮਾਤਮਾ ਗ਼ਰੀਬਾਂ ਦਾ ਰਾਖਾ ਹੈ, ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ, ਉਹ ਪਰਮਾਤਮਾ ਪੂਰੇ ਗੁਰੂ ਰਾਹੀਂ ਹੀ ਮਿਲਦਾ ਹੈ।

(ਪ੍ਰੇਮ ਦੀ ਬਰਕਤਿ ਨਾਲ) ਗੁਰੂ ਸਿੱਖ (ਨਾਲ ਇੱਕ ਰੂਪ ਹੋ ਜਾਂਦਾ) ਹੈ ਅਤੇ ਸਿੱਖ ਗੁਰੂ (ਵਿੱਚ ਲੀਨ ਹੋ ਜਾਂਦਾ) ਹੈ, ਸਿੱਖ ਭੀ ਗੁਰੂ ਵਾਲੇ ਉਪਦੇਸ਼ (ਦੀ ਲੜੀ) ਨੂੰ ਅਗਾਹਾਂ ਤੋਰਦਾ ਹੈ। ਹੇ ਨਾਨਕ! ਜਿਸ ਮਨੁੱਖ ਨੂੰ ਗੁਰੂ ਪਰਮਾਤਮਾ ਦੇ ਨਾਮ ਦਾ ਮੰਤਰ (ਉਪਦੇਸ਼) ਹਿਰਦੇ ਵਿੱਚ (ਵਸਾਣ ਲਈ) ਦਿੰਦਾ ਹੈ, ਪ੍ਰੇਮ ਦਾ ਸਦਕਾ ਉਸ ਦਾ ਮਿਲਾਪ (ਪਰਮਾਤਮਾ ਨਾਲ) ਹੋ ਜਾਂਦਾ ਹੈ।

ਨੋਟ: ਆਮ ਕਹਾਵਤ ਹੈ ਕਿ ਪਾਰਸ ਲੋਹੇ (ਆਦਿ) ਨੂੰ ਸਪੱਰਸ਼ ਕਰ ਕੇ ਸੋਨਾ ਬਣਾ ਦਿੰਦਾ ਹੈ (ਪਾਰਸ ਨਹੀਂ ਬਣਾ ਸਕਦਾ)। ਪਰ, ‘ਗੁਰੂ ਪਾਰਸ’ ਸਿੱਖ ਨੂੰ ਪ੍ਰੇਮਾ-ਭਗਤੀ ਦੁਆਰਾ ਆਪਣੇ ਵਰਗਾ (ਪਾਰਸ) ਹੀ ਬਣਾ ਦਿੰਦਾ ਹੈ। ਐਸੇ ਸਰਬ-ਸਾਂਝੇ ਗੁਰੂ ਗ੍ਰੰਥ ਸਾਹਿਬ ਤੋਂ ਸਦਕੇ ਜਾਣ ਨੂੰ ਜੀਅ ਕਰਦਾ ਹੈ, ਕਰੇ ਭੀ ਕਿਉਂ ਨਾ?

ਧਨ ਪਿਰ ਕਾ ਇੱਕ ਹੀ ਸੰਗਿ ਵਾਸਾ ਵਿੱਚ ਹਉਮੈ ਭੀਤਿ ਕਰਾਰੀ॥

ਗੁਰਿ ਪੂਰੈ ਹਉਮੈ ਭੀਤਿ ਤੋਰੀ ਜਨ ਨਾਨਕ ਮਿਲੇ ਬਨਵਾਰੀ॥ (ਮ: 4, 1262)

ਭਾਵ: ਹੇ ਭਾਈ! ਜੀਵ-ਇਸਤ੍ਰੀ ਅਤੇ ਪ੍ਰਭੂ ਦਾ ਇੱਕੋ ਹੀ (ਹਿਰਦੇ-) ਥਾਂ ਵਿੱਚ ਵਸੇਬਾ ਹੈ, ਪਰ (ਦੋਹਾਂ ਦੇ) ਵਿੱਚ (ਜੀਵ-ਇਸਤ੍ਰੀ ਦੀ) ਹਉਮੈ ਦੀ ਮਜ਼ਬੂਤ ਕੰਧ (ਬਣੀ ਪਈ) ਹੈ। ਹੇ ਨਾਨਕ! ਪੂਰੇ ਗੁਰੂ ਨੇ ਜਿਨ੍ਹਾਂ ਸੇਵਕਾਂ (ਦੇ ਅੰਦਰੋਂ ਇਹ) ਹਉਮੈ ਦੀ ਕੰਧ ਤੋੜ ਦਿੱਤੀ, ਉਹ ਪਰਮਾਤਮਾ ਨੂੰ ਮਿਲ ਪਏ।
.