.

ਅਰਿਹੰਤ ਦੇਵ ਅਵਤਾਰ

[The Fifteenth Incarnation of Vishnu]

ਅਥ ਅਰਿਹੰਤ ਦੇਵ ਅਵਤਾਰ ਕਥਨੰ

ਸ੍ਰੀ ਭਗਉਤੀ ਜੀ ਸਹਾਇ

ਚੌਪਈ

ਜਬ ਜਬ ਦਾਨਵ ਕਰਤ ਪਾਸਾਰਾ। ਤਬ ਤਬ ਬਿਸਨੁ ਕਰਤ ਸੰਘਾਰਾ।

ਸਕਲ ਅਸੁਰ ਇਕਠੇ ਤਹਾ ਭਏ। ਸੁਰ ਅਰਿ ਗੁਰੁ ਮੰਦਰਿ ਚਲਿ ਗਏ। ੧।

ਅਰਥ ਕਰਤਾ ਡਾ. ਰਤਨ ਸਿੰਘ ਜੱਗੀ ਅਤੇ ਡਾ. ਗੁਰਸ਼ਰਨ ਕੌਰ ਜੱਗੀ: ਜਦੋਂ ਜਦੋਂ ਦੈਂਤ ਪਸਾਰਾ ਕਰਦੇ ਹਨ, ਤਦੋਂ ਤਦੋਂ ਵਿਸ਼ਣੂ (ਉਨ੍ਹਾਂ ਦਾ) ਨਾਸ਼ ਕਰਦਾ ਹੈ। ਇੱਕ ਵਾਰੀ ਸਾਰੇ ਦੈਂਤ (ਕਿਸੇ) ਥਾਂ ਇਕੱਠੇ ਹੋ ਗਏ ਅਤੇ ਦੈਂਤ ਗੁਰੂ (ਸ਼ੁਕ੍ਰਾਚਾਰਯ) ਦੇ ਘਰ ਨੂੰ ਚਲੇ ਗਏ। ੧। (ਉਸ ਦਾ ਘਰ ਕਿੱਥੇ ਸੀ?)

ਸਬਹੂੰ ਮਿਲਿ ਅਸ ਕਰਿਯੋ ਬਿਚਾਰਾ। ਦਈਤਨ ਕਰਤ ਘਾਤ ਅਸੁਰਾਰਾ।

ਤਾ ਤੇ ਐਸ ਕਰੌ ਕਿਛੁ ਘਾਤਾ। ਜਾ ਤੇ ਬਨੇ ਹਮਾਰੀ ਬਾਤਾ। ੨।

ਅਰਥ: ਸਾਰਿਆਂ ਨੇ ਮਿਲ ਕੇ ਅਜਿਹਾ ਵਿਚਾਰ ਕੀਤਾ ਕਿ ਦੇਵਤੇ (ਸਦਾ) ਦੈਂਤਾਂ ਦਾ ਨਾਸ਼ ਕਰਦੇ ਹਨ। ਇਸ ਲਈ ਕੋਈ ਅਜਿਹੀ ਚਾਲ ਚਲੀ ਜਾਵੇ ਜਿਸ ਕਰ ਕੇ ਸਾਡੀ ਗੱਲ ਬਣ ਜਾਏ। ੨।

ਦਈਤ ਗੁਰੂ ਇਮ ਬਚਨ ਬਖਾਨਾ। ਤੁਮ ਦਾਨਵੋ ਨ ਭੇਦ ਪਛਾਨਾ।

ਵੇ ਮਿਲਿ ਜਗ ਕਰਤ ਬਹੁ ਭਾਤਾ। ਕੁਸਲ ਹੋਤ ਤਾ ਤੇ ਦਿਨ ਰਾਤਾ। ੩।

ਅਰਥ: ਦੈਂਤਾਂ ਦੇ ਗੁਰੂ ਨੇ ਇਸ ਤਰ੍ਹਾਂ ਬਚਨ ਕੀਤਾ - (ਹੇ ਦੈਂਤੋਂ!) ਤੁਸਾਂ ਨੇ (ਇਸ) ਭੇਦ ਨੂੰ ਪਛਾਣਿਆ ਨਹੀਂ ਹੈ। ਉਹ (ਦੇਵਤੇ) ਮਿਲ ਕੇ ਬਹੁਤ ਤਰ੍ਹਾਂ ਦੇ ਯੱਗ ਕਰਦੇ ਹਨ, ਇਸ ਕਰ ਕੇ (ਉਹ) ਦਿਨ ਰਾਤ ਸੁਖ-ਪੂਰਵਕ ਕਟਦੇ ਹਨ। ੩।

ਤੁਮ ਹੂੰ ਕਰੋ ਜਗ ਆਰੰਭਨ। ਬਿਜੈ ਹੋਇ ਤੁਮਰੀ ਤਾ ਤੇ ਰਣ।

ਜਗ ਅਰੰਭ੍ਹਯ ਦਾਨਵਨ ਕਰਾ। ਬਚਨ ਸੁਨਤ ਸੁਨਤ ਸੁਰ ਪੁਰਿ ਥਰਹਰਾ। ੪।

ਅਰਥ: ਤੁਸੀਂ ਵੀ ਯੱਗ ਦਾ ਆਰੰਭ ਕਰ ਦਿਉ, ਤਾਂ ਤੇ ਯੁੱਧ ਵਿੱਚ ਤੁਹਾਡੀ ਦੀ ਜਿੱਤ ਹੋਵੇਗੀ। (ਇਹ ਗੱਲ ਮੰਨ ਕੇ) ਦੈਂਤਾਂ ਨੇ ਯੱਗ ਆਰੰਭ ਕਰ ਦਿੱਤਾ। (ਯੱਗ ਦੀ) ਗੱਲ ਸੁਣ ਕੇ ਦੇਵ-ਪੁਰੀ ਕੰਬ ਗਈ। ੪।

ਬਿਸਨੁ ਬੋਲ ਕਰਿ ਕਰੋ ਬਿਚਾਰਾ। ਅਬ ਕਛੁ ਕਰੋ ਮੰਤ੍ਰ ਅਸੁਰਾਰਾ।

ਬਿਨਸੁ ਨਵੀਨ ਕਹਿਯੋ ਬਪੁ ਧਰਿਹੋ। ਜਗ ਬਿਘਨ ਅਸੁਰਨ ਕੋ ਕਰਿ ਹੋ। ੫।

ਅਰਥ: ਵਿਸ਼ਣੂ ਨੇ (ਸਾਰਿਆ ਦੇਵਤਿਆਂ ਨੂੰ) ਬੁਲਾ ਕੇ ਵਿਚਾਰ ਕਰਨ ਲਈ ਕਿਹਾ। (ਅਗੋਂ ਦੇਵਤਿਆਂ ਨੇ ਕਿਹਾ -) ਹੇ ਦੈਂਤਾਂ ਨੂੰ ਨਾਸ਼ ਕਰਨ ਵਾਲੇ! (ਤੁਸੀਂ ਹੀ) ਕੁੱਝ ਉਪਾ ਕਰੋ। (ਅੰਤ ਨੂੰ) ਵਿਸ਼ਣੂ ਨੇ ਕਿਹਾ- ਮੈਂ ਹੁਣ ਨਵਾਂ ਸ਼ਰੀਰ ਧਾਰਨ ਕਰਾਂਗਾ ਅਤੇ ਦੈਂਤਾਂ ਦਾ ਯੱਗ ਵਿੱਚ ਵਿਘਨ ਪਾਵਾਂਗਾ। ੫।

ਬਿਸਨੁ ਅਧਿਕ ਕੀਨੋ ਇਸਨਾਨਾ। ਦੀਨੇ ਅਮਿਤ ਦਿਜਨ ਕਹੁ ਦਾਨਾ।

ਮਨ ਮੋ ਕਵਲਾ ਸ੍ਰਿਜੋ ਗ੍ਹਯਾਨਾ। ਕਾਲ ਪੁਰਖ ਕੋ ਧਰ੍ਹਯੋ ਧ੍ਹਯਾਨਾ। ੬।

ਅਰਥ: ਵਿਸ਼ਣੂ ਨੇ ਬਹੁਤ (ਤੀਰਥਾਂ ਦੇ) ਇਸ਼ਨਾਨ ਕੀਤੇ ਅਤੇ ਬੇਸ਼ੁਮਾਰ ਬ੍ਰਾਹਮਣਾਂ ਨੂੰ ਦਾਨ ਦਿੱਤੇ। ਫਿਰ ਗਿਆਨਵਾਨ ਵਿਸ਼ਣੂ ਨੇ ਮਨ ਵਿੱਚ ਗਿਆਨ ਨੂੰ ਵਿਕਸਿਤ ਕੀਤਾ ਅਤੇ ‘ਕਾਲ-ਪੁਰਖ’ ਦਾ ਧਿਆਨ ਧਰਿਆ। ੬।

ਕਾਲ ਪੁਰਖ ਤਬ ਭਏ ਦਇਆਲਾ। ਦਾਸ ਜਾਨ ਕਹ ਬਚਨ ਰਿਸਾਲਾ।

ਧਰੁ ਅਰਹੰਤ ਦੇਵ ਕੋ ਰੂਪਾ। ਨਾਸ ਕਰੋ ਅਸੁਰਨ ਕੇ ਭੂਪਾ। ੭।

ਅਰਥ: ਤਦ ‘ਕਾਲ-ਪੁਰਖ’ ਦਿਆਲੂ ਹੋਏ ਅਤੇ ਵਿਸ਼ਣੂ ਨੂੰ (ਆਪਣਾ) ਦਾਸ ਜਾਣ ਕੇ ਮਿਠੇ ਬਚਨ ਕਹੇ- (ਹੇ ਵਿਸ਼ਣੂ!) ਤੂੰ ਜਾ ਕੇ ਅਰਹੰਤ ਦੇਵ ਦਾ ਰੂਪ ਧਾਰਨ ਕਰ ਅਤੇ ਜਾ ਕੇ ਦੈਂਤਾਂ ਦੇ ਰਾਜੇ ਦਾ ਨਾਸ਼ ਕਰ। ੭।

ਬਿਸਨੁ ਦੇਵ ਆਗਿਆ ਜਬ ਪਾਈ। ਕਾਲ ਪੁਰਖ ਕੀ ਕਰੀ ਬਡਾਈ।

ਭੂ ਅਰਹੰਤ ਦੇਵ ਬਨਿ ਆਯੋ। ਆਨਿ ਅਉਰ ਹੀ ਪੰਥ ਚਲਾਯੋ। ੮।

ਅਰਥ: ਵਿਸ਼ਣੂ ਨੂੰ ਜਦੋਂ ਆਗਿਆ ਮਿਲੀ, (ਤਾਂ ਉਸੇ ਨੇ) ‘ਕਾਲ-ਪੁਰਖ’ ਦੀ ਵਡਿਆਈ ਕੀਤੀ। (ਫਿਰ) ਅਰਹੰਤ ਦੇਵ ਬਣ ਕੇ ਧਰਤੀ ਤੇ ਆਇਆ ਅਤੇ ਆ ਕੇ ਹੋਰ ਵੀ ਪੰਥ ਚਲਾ ਦਿੱਤਾ। ੮।

ਜਬ ਅਸੁਰਨ ਕੋ ਭਯੋ ਗੁਰੁ ਆਈ। ਬਹੁਤ ਭਾਤਿ ਨਿਜ ਮਤਹਿ ਚਲਾਈ।

ਸ੍ਰਾਵਂਗ ਮਤ ਉਪਰਾਜਨ ਕੀਆ। ਸੰਤ ਸਬੂਹਨ ਕੋ ਸੁਖ ਦੀਆ। ੯।

ਅਰਥ: ਜਦੋਂ (ਵਿਸ਼ਣੂ ਆ ਕੇ) ਦੈਂਤਾਂ ਦਾ ਗੁਰੂ (ਅਰਹੰਤ ਦੇਵ) ਬਣ ਗਿਆ, ਤਾਂ (ਉਸ ਨੇ) ਬਹੁਤ ਤਰ੍ਹਾਂ ਨਾਲ ਆਪਣੇ ਮੱਤ ਨੂੰ ਚਲਾਇਆ। (ਉਸ ਨੇ) ਸਰੇਵੜਿਆ ਦਾ ਮੱਤ ਪੈਦਾ ਕੀਤਾ ਅਤੇ ਸਾਰੇ ਸੰਤਾਂ ਨੂੰ ਸੁਖ ਪ੍ਰਦਾਨ ਕੀਤਾ। ੯।

ਸਬਹੂੰ ਹਾਥਿ ਮੋਚਨਾ ਦੀਏ। ਸਿਖਾ ਹੀਣ ਦਾਨਵ ਬਹੁ ਕੀਏ।

ਸਿਖਾ ਹੀਣ ਕੋਈ ਮੰਤ੍ਰ ਨ ਫੁਰੈ। ਜੋ ਕੋਈ ਜਪੈ ਉਲਟ ਤਿਹ ਪਰੈ। ੧੦।

ਅਰਥ: ਸਾਰਿਆਂ ਦੇ ਹੱਥਾਂ ਵਿੱਚ (ਵਾਲ ਪੁੱਟਣ ਵਾਲੇ) ਮੋਚਨੇ ਫੜਾ ਦਿੱਤੇ ਅਤੇ ਬਹੁਤੇ ਦੈਂਤਾਂ ਨੂੰ ਸਿਰ ਤੋਂ ਚੋਟੀ-ਹੀਨ ਕਰ ਦਿੱਤਾ। ਚੋਟੀ ਤੋਂ ਹੀਣਿਆਂ ਨੂੰ ਕੋਈ ਮੰਤਰ ਫੁਰਦਾ ਨਹੀਂ ਅਤੇ ਜੇ ਕੋਈ (ਮੰਤਰ) ਜਪਦਾ ਹੈ ਤਾਂ ਉਸ ਦਾ (ਪ੍ਰਭਾਵ) ਉਲਟਾ ਪੈਂਦਾ ਹੈ। ੧੦।

ਬਹੁਰਿ ਜਗ ਕੋ ਕਰਬ ਮਿਟਾਯੋ। ਜੀਅ ਹਿੰਸਾ ਤੇ ਸਬਹੂੰ ਹਟਾਯੋ।

ਬਿਨੁ ਹਿੰਸਾ ਕੀਆ ਜਗ ਨ ਹੋਈ। ਤਾ ਤੇ ਜਗ ਕਰੇ ਨ ਕੋਈ। ੧੧।

ਅਰਥ: ਫਿਰ ਉਸ ਨੇ ਯੱਗ ਕਰਨ ਤੋਂ ਰੋਕ ਦਿੱਤਾ ਅਤੇ ਜੀਵ ਮਾਰਨ ਤੋਂ ਸਭਨਾਂ ਨੂੰ ਹਟਾ ਦਿੱਤਾ। ਜੀਵ ਮਾਰੇ ਬਿਨਾ ਯੱਗ ਨਹੀਂ ਹੋ ਸਕਦਾ, ਇਸ ਕਰ ਕੇ ਕੋਈ ਯੱਗ ਨਹੀਂ ਕਰਦਾ। ੧੧। (ਜਿਵੇਂ ਬ੍ਰਾਹਮਣ, ਜੈਨੀ, ਰਾਧਾ-ਸੁਆਮੀ, ਅਤੇ ਸਿੱਖਾਂ ਦੇ ਵੀ ਕਈ ਫਿਰਕੇ ਉਨ੍ਹਾਂ ਦੀ ਨਕਲ ਕਰਦੇ ਹਨ!)

ਯਾ ਤੇ ਭਯੌ ਜਗਨ ਕੋ ਨਾਸਾ। ਜੋ ਜੀਯ ਹਨੈ ਹੋਇ ਉਪਹਾਸਾ।

ਜੀਅ ਮਰੇ ਬਿਨੁ ਜਗ ਨ ਹੋਈ। ਜਗ ਕਰੈ ਪਾਵੈ ਨਹੀ ਕੋਈ। ੧੨।

ਅਰਥ: ਇਸ ਕਰ ਕੇ ਯੱਗਾਂ ਦਾ ਨਾਸ਼ ਹੋ ਗਿਆ। ਜੇ (ਕੋਈ) ਜੀਵ ਨੂੰ ਮਾਰਦਾ ਹੈ (ਉਸ ਦੀ ਜਗਤ ਵਿਚ) ਨਿੰਦਿਆ ਹੁੰਦੀ ਹੈ। ਜੀਵ ਮਾਰੇ ਬਿਨਾ ਯੱਗ ਨਹੀਂ ਹੁੰਦਾ ਅਤੇ (ਜੇ ਕੋਈ ਜੀਵ ਨੂੰ ਮਾਰੇ ਬਿਨਾ) ਯੱਗ ਕਰਦਾ ਹੈ, ਉਸ ਨੂੰ ਫਲ ਦੀ ਪ੍ਰਾਪਤੀ ਨਹੀਂ ਹੁੰਦੀ। ੧੨।

ਇਹ ਬਿਧਿ ਦੀਯੋ ਸਭਨ ਉਪਦੇਸਾ। ਜਗ ਸਕੈ ਕੋ ਕਰ ਨ ਨਰੇਸਾ।

ਅਪੰਥ ਪੰਥ ਸਭ ਲੋਗਨ ਲਾਯਾ। ਧਰਮ ਕਰਮ ਕੋਊ ਕਰਨ ਨ ਪਾਯਾ। ੧੩।

ਅਰਥ: ਇਸ ਤਰ੍ਹਾਂ ਦਾ ਸਭਨਾਂ ਨੂੰ ਉਪਦੇਸ਼ ਦਿੱਤਾ (ਤਾਂ ਜੋ) ਕੋਈ ਰਾਜਾ ਯੱਗ ਨ ਕਰ ਸਕੇ। ਸਭ ਨੂੰ ਗਲਤ ਮਾਰਗ ਉਤੇ ਪਾ ਦਿੱਤਾ (ਜਿਸ ਦੇ ਫਲਸਰੂਪ) ਕੋਈ ਵੀ ਧਰਮ ਕਰਮ ਨ ਕਰ ਸਕਿਆ। ੧੩।

ਦੋਹਰਾ

ਅੰਨਿ ਅੰਨਿ ਤੇ ਹੋਤੁ ਜਿਯੋ ਘਾਸਿ ਘਾਸਿ ਤੇ ਹੋਇ। ਤੈਸੇ ਮਨੁਛ ਮਨੁਛ ਤੇ ਅਵਰੁ ਨ ਕਰਤਾ ਕੋਇ। ੧੪।

ਅਰਥ: ਜਿਵੇਂ ਅੰਨ ਤੋਂ ਅੰਨ ਪੈਦਾ ਹੁੰਦਾ ਹੈ ਅਤੇ ਘਾਹ ਤੋਂ ਘਾਹ ਪੈਦਾ ਹੁੰਦਾ ਹੈ, ਤਿਵੇਂ ਮਨੁੱਖ ਤੋਂ ਮਨੁੱਖ ਪੈਦਾ ਹੁੰਦਾ ਹੈ। ਇਨ੍ਹਾਂ ਦਾ ਹੋਰ ਕੋਈ ਕਰਤਾ ਨਹੀਂ। ੧੪। (ਭਾਵ, ਬਚਿਤ੍ਰ ਨਾਟਕ ਦਾ ਲਿਖਾਰੀ, ਅਕਾਲ ਪੁਰਖ ਦੀ ਹੋਂਦ ਨੂੰ ਨਹੀਂ ਮੰਨਦਾ)

ਚੌਪਈ

ਐਸ ਗਿਆਨ ਸਬਹੂਨ ਦ੍ਰਿੜਾਯੋ। ਧਰਮ ਕਰਮ ਕੋਊ ਕਰਨ ਨ ਪਾਯੋ।

ਇਹ ਬ੍ਰਿਤ ਬੀਚ ਸਭੋ ਚਿਤ ਦੀਨਾ। ਅਸੁਰ ਬੰਸ ਤਾ ਤੇ ਭਯੋ ਛੀਨਾ। ੧੫।

ਅਰਥ: ਇਹੋ ਜਿਹਾ ਗਿਆਨ ਸਭਨਾਂ ਨੂੰ (ਅਰਹੰਤ ਨੇ) ਦ੍ਰਿੜ੍ਹ ਕਰ ਦਿੱਤਾ ਅਤੇ ਧਰਮ ਕਰਮ ਕੋਈ ਵੀ ਨ ਕਰ ਸਕਿਆ। ਇਸੇ ਬਿਰਤੀ ਵਿੱਚ ਸਭਨਾਂ ਨੇ ਚਿੱਤ ਲਗਾ ਲਿਆ। (ਫਲਸਰੂਪ) ਦੈਂਤਾਂ ਦੀ ਕੁਲ ਬਲਹੀਨ ਹੋ ਗਈ। ੧੫।

ਨ੍ਹਾਵਨ ਦੈਤ ਨ ਪਾਵੈ ਕੋਈ। ਬਿਨੁ ਇਸਨਾਨ ਪਵਿਤ੍ਰ ਨ ਹੋਈ।

ਬਿਨੁ ਪਵਿਤ੍ਰ ਕੋਈ ਫੁਰੇ ਨ ਮੰਤ੍ਰਾ। ਨਿਫਲ ਭਏ ਤਾ ਤੇ ਸਭ ਜੰਤ੍ਰਾ। ੧੬।

ਅਰਥ: ਕੋਈ ਵੀ ਦੈਂਤ ਇਸ਼ਨਾਨ ਨਹੀਂ ਕਰਦਾ, ਇਸ਼ਨਾਨ ਤੋਂ ਬਿਨਾ (ਕੋਈ) ਪਵਿੱਤਰ ਨਹੀਂ ਹੋ ਸਕਦਾ, ਪਵਿੱਤਰ ਹੋਏ ਬਿਨਾ ਕੋਈ ਮੰਤਰ ਨਹੀਂ ਫੁਰਦਾ, ਇਸ ਕਰ ਕੇ ਸਾਰੇ ਯਤਨ ਨਿਸਫਲ ਹੋ ਜਾਂਦੇ। ੧੬।

ਦਸ ਸਹੰਸ੍ਰ ਬਰਖ ਕੀਅ ਰਾਜਾ। ਸਭ ਜਗ ਮੋ ਮਤ ਐਸੁ ਪਰਾਜਾ।

ਧਰਮ ਕਰਮ ਸਬ ਹੀ ਮਿਟਿ ਗਯੋ। ਤਾ ਤੇ ਛਨਿ ਅਸੁਰ ਕੁਲ ਭਣੋ। ੧੭।

ਅਰਥ: (ਅਰਹੰਤ ਨੇ) ਦਸ ਹਜ਼ਾਰ ਸਾਲ ਰਾਜ ਕੀਤਾ ਅਤੇ ਸਾਰੇ ਜਗਤ ਵਿੱਚ ਇਸ ਤਰ੍ਹਾਂ ਆਪਣਾ ਮਤ ਉਤਪੰਨ ਕਰ ਦਿੱਤਾ। ਸਾਰੇ ਧਰਮ ਕਰਮ ਮਿਟ ਗਏ। ਇਸ ਕਰ ਕੇ ਦੈਂਤਾਂ ਦੀ ਕੁਲ ਬਲਹੀਣ ਹੋ ਗਈ। ੧੭। (ਫਿਰ ਉਸ ਦਾ ਰਾਜ ਖੱਤਮ ਕਦੋਂ ਅਤੇ ਕਿਉਂ ਹੋਇਆ?)

ਦੇਵ ਰਾਇ ਜੀਅ ਮੋ ਭਲੁ ਮਾਨਾ। ਬਡਾ ਕਰਮੁ ਅਬ ਬਿਸਨੁ ਕਰਾਨਾ।

ਆਨੰਦ ਬਢਾ ਸੋਕ ਮਿਟ ਗਯੋ। ਘਰਿ ਘਰਿ ਸਬਹੂੰ ਬਧਾਵਾ ਭਯੋ। ੧੮।

ਅਰਥ: ਦੇਵਤਿਆਂ ਦੇ ਰਾਜੇ (ਇੰਦਰ) ਦੇ ਮਨ ਨੂੰ ਇਹ ਗੱਲ ਚੰਗੀ ਲਗੀ ਕਿ ਵਿਸ਼ਣੂ ਨੇ ਹੁਣ ਵੱਡਾ ਕੰਮ ਕੀਤਾ ਹੈ। ਆਨੰਦ ਵਧ ਗਿਆ ਅਤੇ ਸੋਗ ਮਿਟ ਗਿਆ। ਸਭ ਦੇ ਘਰ ਵਿੱਚ ਖੁਸ਼ੀਆਂ ਹੋਣ ਲਗੀਆਂ। ੧੮। (ਜਿਵੇਂ ਭਾਰਤ ਵਿਖੇ?)

ਦੋਹਰਾ

ਬਿਸਨ ਐਸ ਉਪਦੇਸ ਦੈ ਸਬ ਹੂੰ ਧਰਮ ਛੁਟਾਇ। ਅਮਰਾਵਤਿ ਸੁਰ ਨਗਰ ਮੋ ਬਹੁਰਿ ਬਿਰਾਜਿਯੋ ਜਾਇ। ੧੯।

ਅਰਥ: ਵਿਸ਼ਣੂ ਨੇ ਇਸ ਤਰ੍ਹਾਂ ਦਾ ਉਪਦੇਸ਼ ਦੇ ਕੇ, ਸਭਨਾਂ ਤੋਂ ਧਰਮ ਛੁੜਵਾ ਦਿੱਤਾ ਅਤੇ ਆਪ ਮੁੜ ਕੇ ਬੈਕੁੰਡ ਧਾਮ ਵਿੱਚ ਜਾ ਕੇ ਬਿਰਾਜਮਾਨ ਹੋ ਗਿਆ। ੧੯।

ਸ੍ਰਾਵਗੇਸ ਕੋ ਰੂਪ ਧਰਿ ਦੈਂਤ ਕੁਪੰਥ ਸਬ ਡਾਰਿ। ਪੰਦ੍ਰਵੇਂ ਅਵਤਾਰ ਇਮ ਧਾਰਤ ਭਯੋ ਮੁਰਾਰਿ। ੨੦।

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਅਰਹੰਤ ਪਦ੍ਰਸਵੇਂ ਅਵਤਾਰ ਸਮਾਪਤਮ

ਸਤੁ ਸੁਭਮ ਸਤੁ। ੧੫।

ਅਰਥ: ਸ੍ਰਾਵਗਾਂ ਦੇ ਸੁਆਮੀ (ਅਰਹੰਤ) ਦਾ ਰੂਪ ਧਾਰ ਕੇ ਸਾਰਿਆਂ ਦੈਂਤਾਂ ਨੂੰ ਪੁਠੇ ਰਸਤੇ ਉਤੇ ਪਾ ਦਿੱਤਾ। ਇਸ ਤਰ੍ਹਾਂ ਦਾ ਪੰਦ੍ਰਹਵਾਂ ਅਵਤਾਰ ‘ਕਾਲ-ਪੁਰਖ’ ( ‘ਮੁਰਾਰਿ’ ) ਨੇ ਧਾਰਨ ਕੀਤਾ। ੨੦। (ਭਾਰਤ ਵਿਖੇ ਹੁਣ ਵੀ ਉਸ ਦੀ ਜ਼ਰੂਰਤ ਹੈ)

ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦੇ ਪੰਦਰਵੇਂ ਅਰਹੰਤ ਅਵਤਾਰ ਦੀ ਸਮਾਪਤੀ,

ਸਭ ਸ਼ੁਭ ਹੈ। ੧੫।

ਉਤਾਰਾ ਕਰਤਾ,

ਗੁਰਮੀਤ ਸਿੰਘ (ਸਿੱਡਨੀ, ਅਸਟ੍ਰੇਲੀਆ): ੮ ਜਨਵਰੀ ੨੦੧੬
.