.

ਮਨੁੱਖ ਨੂੰ ਤਾੜਨਾ

1. ਲਖ ਚਉਰਾਸੀਹ ਭ੍ਰਮਤੇ ਭ੍ਰਮਤੇ ਦੁਲਭ ਜਨਮੁ ਅਬ ਪਾਇਓ॥ 1॥ ਰੇ ਮੂੜੇ ਤੂ ਹੋਛੈ ਰਸਿ ਲਪਟਾਇਓ॥ ਅੰਮ੍ਰਿਤੁ ਸੰਗਿ ਬਸਤੁ ਹੈ ਤੇਰੈ ਬਿਖਿਆ ਸਿਉ ਉਰਝਾਇਓ॥ 1॥ ਰਹਾਉ॥ ਰਤਨ ਜਵੇਹਰ ਬਨਜਨਿ ਆਇਓ ਕਾਲਰੁ ਲਾਦਿ ਚਲਾਇਓ॥ 2॥ ਜਿਹ ਘਰ ਮਹਿ ਤੁਧੁ ਰਹਨਾ ਬਸਨਾ ਸੋ ਘਰੁ ਚੀਤਿ ਨ ਆਇਓ॥ 3॥ ਅਟਲ ਅਖੰਡ ਪ੍ਰਾਣ ਸੁਖਦਾਈ ਇੱਕ ਨਿਮਖ ਨਹੀ ਤੁਝੁ ਗਾਇਓ॥ 4॥ ਜਹਾ ਜਾਣਾ ਸੋ ਥਾਨੁ ਵਿਸਾਰਿਓ ਇੱਕ ਨਿਮਖ ਨਹੀ ਮਨੁ ਲਾਇਓ॥ 5॥ ਪੁਤ੍ਰ ਕਲਤ੍ਰ ਗ੍ਰਿਹ ਦੇਖਿ ਸਮਗਰੀ ਇਸ ਹੀ ਮਹਿ ਉਰਝਾਇਓ॥ 6॥ ਜਿਤੁ ਕੋ ਲਾਇਓ ਤਿਤ ਹੀ ਲਾਗਾ ਤੈਸੇ ਕਰਮ ਕਮਾਇਓ॥ 7॥ ਜਉ ਭਇਓ ਕ੍ਰਿਪਾਲੁ ਤਾ ਸਾਧਸੰਗੁ ਪਾਇਆ ਜਨ ਨਾਨਕ ਬ੍ਰਹਮੁ ਧਿਆਇਓ॥ 8॥ (ਮ: 5, 1017)

ਪਦ ਅਰਥ: ਭ੍ਰਮਤੇ ਭ੍ਰਮਤੇ - ਭਟਕਦਿਆਂ ਭਟਕਦਿਆਂ। ਦੁਲਭ - ਮੁਸ਼ਕਲ ਨਾਲ ਮਿਲਣ ਵਾਲਾ। 1. ਰੇ ਮੂੜੇ - ਹੇ ਮੂਰਖ! ਹੋਛੈ ਰਸਿ - ਹੋਛੇ ਰਸ ਵਿੱਚ, ਨਾਸਵੰਤ (ਪਦਾਰਥਾਂ ਦੇ) ਸੁਆਦ ਵਿੱਚ। ਲਪਟਾਇਓ - ਫਸਿਆ ਹੋਇਆ ਹੈਂ। ਅੰਮ੍ਰਿਤੁ -ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਤੇਰੈ ਸੰਗਿ-ਤੇਰੇ ਨਾਲ, ਤੇਰੇ ਅੰਦਰ। ਬਿਖਿਆ - ਮਾਇਆ। ਸਿਉ - ਨਾਲ। ਉਰਝਾਇਓ - ਉਲਝਿਆ ਹੋਇਆ, ਰੁੱਝਾ ਹੋਇਆ। 1. ਰਹਾਉ।

ਬਨਜਨਿ ਆਇਓ - ਵਿਹਾਝਣ ਆਇਆ। ਕਾਲਰੁ - ਕੱਲਰ। ਲਾਦਿ - ਲੱਦ ਕੇ। 2. ਜਿਹ - ਜਿਸ। ਮਹਿ - ਵਿੱਚ। ਚੀਤਿ - ਚਿੱਤ ਵਿੱਚ। ਘਰੁ - ਘਰ ਮਹਿ। (ਨੋਟ: ਲਫ਼ਜ਼ ‘ਘਰੁ’ ਅਤੇ ‘ਘਰ’ ਦੀ ਵਿਆਕਰਣਕ ਸ਼ਕਲ ਦਾ ਖਿਆਲ ਰੱਖਣਾ)। 3.

ਅਟਲ - ਅਟੱਲ, ਕਦੇ ਨਾ ਟਲਣ ਵਾਲਾ। ਅਖੰਡ - ਅਬਿਨਾਸੀ। ਨਿਮਖ - ਅੱਖ ਝਮਕਣ ਜਿਤਨਾ ਸਮਾਂ। 4.

ਜਹਾ - ਜਿੱਥੇ। ਵਿਸਾਰਿਓ - (ਤੂੰ) ਭੁਲਾ ਦਿੱਤਾ ਹੈ। ਲਾਇਓ - ਜੋੜਿਆ। 5.

ਕਲਤ੍ਰ - ਇਸਤ੍ਰੀ। ਗ੍ਰਿਹ ਸਮਗਰੀ - ਘਰ ਦਾ ਸਾਮਾਨ। ਦੇਖਿ - ਦੇਖ ਕੇ। ਇਸ ਹੀ - (ਕ੍ਰਿਆ ਵਿਸ਼ੇਸ਼ਣ ‘ਹੀ’ ਦੇ ਕਾਰਨ ਲਫ਼ਜ਼ ‘ਇਸ’ ਦਾ ਔਂਕੜ (-) ਉੱਡ ਗਿਆ ਹੈ। 6.)

ਜਿਤੁ - ਜਿਸ (ਕੰਮ) ਵਿੱਚ। ਕੋ - ਕੋਈ (ਜੀਵ)। ਲਾਇਓ - ਲਾਇਆ ਹੈ। ਤਿਤ ਹੀ - {ਕ੍ਰਿਆ ਵਿਸ਼ੇਸ਼ਣ ‘ਹੀ’ ਦੇ ਕਾਰਨ ਲਫ਼ਜ਼ ਤਿਤੁ ਦਾ ਔਂਕੜ (ੁ) ਉਡ ਗਿਆ ਹੈ। ਤੈਸੇ - ਉਹੇ ਜਿਹੇ। 7.} ਜਉ - ਜਦੋਂ। ਕ੍ਰਿਪਾਲੁ - ਦਇਆਵਾਨ। ਤਾਂ - ਤਦੋਂ। 8.

ਭਾਵ: ਹੇ ਮੂਰਖ! ਤੂੰ ਨਾਸਵੰਤ (ਪਦਾਰਥਾਂ ਦੇ) ਸੁਆਦ ਵਿੱਚ ਫਸਿਆ ਰਹਿੰਦਾ ਹੈਂ। ਅਟੱਲ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਤੇਰੇ ਅੰਦਰ ਹੀ ਵਸਦਾ ਹੈ (ਤੂੰ ਉਸ ਨੂੰ ਛੱਡ ਕੇ ਆਤਮਕ ਮੌਤ ਲਿਆਉਣ ਵਾਲੀ) ਮਾਇਆ ਦੇ ਮੋਹ ਵਿੱਚ ਫਸਿਆ ਹੋਇਆ ਹੈਂ। 1. ਰਹਾਉ।

ਹੇ ਮੂਰਖ! ਚੌਰਾਸੀ ਲੱਖ (ਅਣਗਿਣਤ) ਜੂਨਾਂ ਵਿੱਚ ਭੌਂਦਿਆ - ਭੌਂਦਿਆਂ ਹੁਣ ਤੈਨੂੰ ਕੀਮਤੀ ਮਨੁੱਖਾ ਜਨਮ ਮਿਲਿਆ ਹੈ। 1.

ਹੇ ਮੂਰਖ! ਤੂੰ ਆਇਆ ਸੈਂ ਰਤਨ ਤੇ ਜਵਾਹਰ (ਅਮੋਲਕ ਰੱਬੀ ਗੁਣ) ਖਰੀਦਣ ਲਈ, ਪਰ ਤੂੰ ਇਥੋਂ ਕੱਲਰ (ਸੁਆਹ) ਲੱਦ ਕੇ ਤੁਰ ਪਿਆ ਹੈਂ। 2.

ਹੇ ਮੂਰਖ! ਜਿਸ ਘਰ ਵਿੱਚ ਤੂੰ ਸਦਾ ਰਹਿਣਾ-ਵਸਣਾ ਹੈ, ਉਹ ਘਰ ਕਦੇ ਤੇਰੇ ਚਿੱਤ-ਚੇਤੇ ਹੀ ਨਹੀਂ ਆਇਆ। 3.

ਹੇ ਮੂਰਖ! ਤੂੰ ਅੱਖ ਝਮਕਣ ਜਿਤਨੇ ਸਮੇਂ ਵਾਸਤੇ ਭੀ ਕਦੇ ਉਸ ਪਰਮਾਤਮਾ ਦੀ ਸਿਫਤਿ-ਸਾਲਾਹ ਨਹੀਂ ਕੀਤੀ, ਜੋ ਸਦਾ ਕਾਇਮ ਰਹਿਣ ਵਾਲਾ ਹੈ, ਜੋ ਅਬਿਨਾਸੀ ਹੈ, ਜੋ ਜਿੰਦ ਦੇਣ ਵਾਲਾ ਹੈ ਤੇ ਜੋ ਸਾਰੇ ਸੁਖ ਦੇਣ ਵਾਲਾ ਹੈ। 4.

ਹੇ ਮੂਰਖ! ਜਿਸ ਥਾਂ ਆਖਰ ਜ਼ਰੂਰ ਜਾਣਾ ਹੈ ਉਸ ਵੱਲ ਤਾਂ ਤੂੰ ਅੱਖ ਦੇ ਝਮਕਣ ਜਿਤਨੇ ਸਮੇਂ ਲਈ ਵੀ ਕਦੇ ਧਿਆਨ ਨਹੀਂ ਦਿੱਤਾ। 5.

ਹੇ ਮੂਰਖ! ਪੁੱਤਰ, ਇਸਤ੍ਰੀ ਤੇ ਘਰ ਦਾ ਸਾਮਾਨ ਵੇਖ ਕੇ, ਇਸ ਦੇ ਮੋਹ ਵਿੱਚ ਹੀ ਫਸਿਆ ਪਿਆ ਹੈਂ। 6. (ਪਰ, ਜੀਵ ਦੇ ਭੀ ਕੀ ਵੱਸ!) ਜਿਸ (ਕੰਮ) ਵਿੱਚ ਕੋਈ ਜੀਵ (ਪਰਮਾਤਮਾ ਵੱਲੋਂ ਜੀਵ ਦੇ ਪੂਰਬਲੇ ਸਮੇਂ ਦੌਰਾਨ ਕੀਤੇ ਕੰਮਾਂ ਅਨੁਸਾਰ) ਲਾਇਆ ਜਾਂਦਾ ਹੈ, ਉਸ ਵਿੱਚ ਹੀ ਉਹ ਲੱਗਾ ਰਹਿੰਦਾ ਹੈ (ਭਾਵ, ਆਪਣੀ ਸਿਆਣਪ ਨਾਲ, ਕਿਰਤਿ-ਕਰਮ ਅਨੁਸਾਰ, ਪ੍ਰਭੂ ਵੱਲੋਂ ਲਿਖੇ ਮਸਤਕ ਦੇ ਲੇਖਾਂ ਤੋਂ ਛੁੱਟ ਨਹੀਂ ਸਕਦਾ), ਉਹੋ ਜਿਹੇ ਕੰਮ ਹੀ ਉਹ ਕਰਦਾ ਰਹਿੰਦਾ ਹੈ। 7.

ਹੇ ਦਾਸ ਨਾਨਕ! (ਆਖ-) ਜਦੋਂ ਪਰਮਾਤਮਾ ਕਿਸੇ ਜੀਵ ਉੱਤੇ (ਉਸ ਜੀਵ ਵੱਲੋਂ ਪਿਛਲੇ ਸਮੇਂ ਵਿੱਚ ਹੋਏ ਕੁਕਰਮਾਂ, ਅਪ੍ਰਾਧਾਂ ਦਾ ਮਨੋਂ ਅਹਿਸਾਸ ਕਰ ਕੇ, ਪ੍ਰਭੂ-ਚਰਨਾਂ ਵਿੱਚ ਡਿੱਗ ਕੇ ਅਰਜ਼ੋਈ ਕਰਨ ਨਾਲ) ਦਇਆਵਾਨ ਹੁੰਦਾ ਹੈ, ਤਾਂ ਉਸ ਨੂੰ ਸ਼ਬਦ-ਗੁਰੂ ਦਾ ਸਾਥ ਪ੍ਰਾਪਤ ਹੁੰਦਾ ਹੈ, ਤੇ ਉਹ ਪਰਮਾਤਮਾ ਵਿੱਚ (ਸ਼ਬਦ-ਗੁਰੂ ਦੀ ਦੱਸੀ ਜੀਵਨ-ਜਾਚ ਅਨੁਸਾਰ) ਸੁਰਤਿ ਜੋੜਦਾ ਹੈ। 8.

2. ਭਲਕੇ ਉਠਿ ਪਪੋਲੀਐ ਵਿਣੁ ਬੁਝੇ ਮੁਗਧ ਅਜਾਣਿ॥ ਸੋ ਪ੍ਰਭੁ ਚਿਤਿ ਨਾ ਆਇਓ ਛੁਟੇਗੀ ਬੇਬਾਣਿ॥ ਸਤਿਗੁਰ ਸੇਤੀ ਚਿਤੁ ਲਾਇ ਸਦਾ ਸਦਾ ਰੰਗੁ ਮਾਣਿ॥ 1॥ ਪ੍ਰਾਣੀ ਤੂੰ ਆਇਆ ਲਾਹਾ ਲੈਣ॥ ਲਗਾ ਕਿਤੁ ਕੁਫਕੜੇ ਸਭ ਮੁਕਦੀ ਚਲੀ ਰੈਣਿ॥ 1॥ ਰਹਾਉ॥ ਕੁਦਮੁ ਕਰੇ ਪਸੁ ਪੰਖੀਆ ਦਿਸੈ ਨਾਹੀ ਕਾਲੁ॥ ਓਤੈ ਸਾਥਿ ਮਨੁਖੁ ਹੈ ਫਾਥਾ ਮਾਇਆ ਜਾਲਿ॥ ਮੁਕਤੇ ਸੇਈ ਭਾਲੀਅਹਿ ਜਿ ਸਚਾ ਨਾਮੁ ਸਮਾਲਿ॥ 2॥ ਜੋ ਘਰੁ ਛਡਿ ਗਵਾਵਣਾ ਸੋ ਲਗਾ ਮਨ ਮਾਹਿ॥ ਜਿਥੈ ਜਾਇ ਤੁਧੁ ਵਰਤਣਾ ਤਿਸ ਕੀ ਚਿੰਤਾ ਨਾਹਿ॥ ਫਾਥੇ ਸੇਈ ਨਿਕਲੇ ਜਿ ਗੁਰ ਕੀ ਪੈਰੀ ਪਾਹਿ॥ 3॥ ਕੋਈ ਰਖਿ ਨ ਸਕਈ ਦੂਜਾ ਕੋ ਨ ਦਿਖਾਇ॥ ਚਾਰੇ ਕੁੰਡਾ ਭਾਲਿ ਕੈ ਆਇ ਪਇਆ ਸਰਣਾਇ॥ ਨਾਨਕ ਸਚੈ ਪਾਤਿਸਾਹਿ ਡੁਬਦਾ ਲਇਆ ਕਢਾਇ॥ 4॥ 3॥ 73॥

(ਮ: 5, 43)

ਪਦ ਅਰਥ: ਭਲਕੇ - ਨਿੱਤ, ਹਰ ਰੋਜ਼। ਉਠਿ-ਉੱਠ ਕੇ, ਉੱਦਮ ਨਾਲ। ਪਪੋਲੀਐ - ਪਾਲੀ ਪੋਸੀਦੀ ਹੈ। ਮੁਗਧ-ਮੂਰਖ। ਅਜਾਣਿ - ਬੇ-ਸਮਝ। ਚਿਤਿ - ਚਿੱਤ ਵਿੱਚ। ਛੁਟੈਗੀ- ਇਕੱਲੀ ਛੱਡ ਦਿੱਤੀ ਜਾਵੇਗੀ। ਬੇਬਾਣਿ-ਜੰਗਲ-ਬੀਆਵਾਨ ਵਿੱਚ, ਮਸਾਣਾਂ ਵਿੱਚ। ਸੇਤੀ - ਨਾਲ। ਰੰਗੁ - ਆਤਮਕ ਅਨੰਦ। 1.

ਲਾਹਾ - ਲਾਭ। ਲੈਣਿ - ਲੈਣ ਵਾਸਤੇ। ਕਿਤੁ - ਕਿਸ ਵਿੱਚ? ਕੁਫਕੜੇ - ਫੱਕੜੀ (ਖੁਆਰੀ) ਵਾਲੇ ਕੰਮ ਵਿੱਚ। ਰੈਣਿ - (ਉਮਰ ਦੀ) ਰਾਤ। 1.

ਕੁਦਮੁ - ਕਲੋਲ। ਪੰਖੀਆ - ਪੰਛੀ। ਕਾਲੁ - ਮੌਤ। ਓਤੈ ਸਾਥਿ - ਉਸੇ ਟੋਲੇ ਵਿੱਚ, ਉਸੇ ਤਰ੍ਹਾਂ ਦਾ। ਜਾਲਿ - ਜਾਲ ਵਿੱਚ। ਮੁਕਤੇ - (ਜਾਲ ਵਿੱਚੋਂ) ਆਜ਼ਾਦ। ਸੇਈ - ਉਹੀ ਬੰਦੇ। ਭਾਲੀਅਹਿ - ਮਿਲਦੇ ਹਨ। ਜਿ - ਜਿਹੜੇ। 2.

ਤੁਧੁ - ਤੂੰ। ਚਿੰਤਾ - ਖਿਆਲ। ਪਾਹਿ - ਪੈਂਦੇ ਹਨ। 3.

ਨ ਦਿਖਾਇ - ਨਹੀਂ ਦਿਸ ਆਉਂਦਾ। ਚਾਰੇ ਕੁੰਡਾਂ - ਚਾਰੇ ਪਾਸੇ, ਸਾਰੀ ਦੁਨੀਆਂ। ਸਚੈ ਪਾਤਿਸਾਹਿ - ਸੱਚੇ ਪਾਤਿਸ਼ਾਹ ਨੇ, ਸਤਿਗੁਰੂ ਨੇ। 4.

ਭਾਵ: ਹੇ ਪ੍ਰਾਣੀ! ਤੂੰ (ਜਗਤ ਵਿੱਚ ਪਰਮਾਤਮਾ ਦੇ ਨਾਮ ਦਾ) ਲਾਭ ਖੱਟਣ ਵਾਸਤੇ ਆਇਆ ਹੈਂ। ਤੂੰ ਕਿਸ ਖ਼ੁਆਰੀ ਵਾਲੇ ਕੰਮ ਵਿੱਚ ਰੁੱਝਾ ਪਿਆ ਹੈਂ? ਤੇਰੀ ਜ਼ਿੰਦਗੀ-ਰੂਪੀ ਰਾਤ (ਉਮਰ) ਮੁਕਦੀ ਜਾ ਰਹੀ ਹੈ। 1. ਰਹਾਉ।

ਹਰ ਰੋਜ਼ ਉੱਦਮ ਨਾਲ ਇਸ ਸਰੀਰ ਨੂੰ ਪਾਲੀ-ਪੋਸੀਦਾ ਹੈ, {ਜ਼ਿੰਦਗੀ ਦਾ ਮਨੋਰਥ (ਪ੍ਰਭੂ-ਪਿਤਾ ਵਿੱਚ ਸਦੀਵਕਾਲੀ ਅਨੰਦ-ਮਈ ਲੀਨਤਾ ਹਾਸਲ ਕਰਨੀ) ਸਮਝਣ ਤੋਂ ਬਿਨਾਂ, ਇਹ ਮੂਰਖ ਅਤੇ ਬੇ-ਸਮਝ ਹੀ ਰਹਿੰਦਾ ਹੈ। ਇਸ ਨੂੰ ਕਦੇ ਉਹ ਪਰਮਾਤਮਾ (ਜਿਸ ਨੇ ਇਸ ਨੂੰ ਪੈਦਾ ਕੀਤਾ ਹੈ) ਚੇਤੇ ਨਹੀਂ ਆਉਂਦਾ, ਤੇ ਆਖਰ, ਇਹ (ਸਰੀਰ) ਮਸਾਣਾਂ (ਸਮਸ਼ਾਨ-ਭੂਮੀ) ਵਿੱਚ ਸੁੱਟ ਦਿੱਤਾ ਜਾਵੇਗਾ}

ਹੇ ਪ੍ਰਾਣੀ! ਅਜੇ ਭੀ ਵੇਲਾ ਹੈ, ਆਪਣੇ ਸ਼ਬਦ-ਗੁਰੂ ਨਾਲ ਚਿੱਤ ਜੋੜ, ਤੇ (ਪਰਮਾਤਮਾ ਦਾ ਨਾਮ ਸਿਮਰ ਕੇ) ਸਦਾ ਕਾਇਮ ਰਹਿਣ ਵਾਲਾ (ਪ੍ਰਭੂ-ਮਿਲਾਪ ਦਾ) ਆਤਮਕ ਅਨੰਦ ਮਾਣ। 1.

ਪਸ਼ੂ ਤੇ ਪੰਛੀ ਕਲੋਲਾਂ ਕਰਦੇ ਹਨ (ਕਿਉਂਕਿ ਉਨ੍ਹਾਂ ਨੂੰ) ਮੌਤ ਨਹੀਂ ਦਿਸਦੀ, (ਪਰ ਮਨੁੱਖ ਭੀ ਉਸੇ ਹੀ ਸਾਥ ਵਿੱਚ ਜਾ ਰਲਿਆ ਹੈ, ਪਸ਼ੂ-ਪੰਛੀ ਵਾਂਗ ਇਸ ਨੂੰ ਭੀ ਮੌਤ ਚੇਤੇ ਨਹੀਂ, ਤੇ ਇਹ) ਮਾਇਆ ਦੇ ਮੋਹ ਜਾਲ ਵਿੱਚ ਫਸਿਆ ਪਿਆ ਹੈ। ਮਾਇਆ ਦੇ ਜਾਲ `ਚੋਂ ਬਚੇ ਉਹੀ ਬੰਦੇ ਦਿਸਦੇ ਹਨ, ਜਿਹੜੇ ਪਰਮਾਤਮਾ ਦਾ ਸਦਾ ਕਾਇਮ ਰਹਿਣ ਵਾਲਾ ਨਾਮ ਹਿਰਦੇ ਵਿੱਚ ਵਸਾਂਦੇ ਹਨ।

(ਹੇ ਪ੍ਰਾਣੀ!) ਜਿਹੜਾ (ਇਹ) ਘਰ ਛੱਡ ਕੇ ਸਦਾ ਲਈ ਤੁਰ ਜਾਣਾ ਹੈ, ਉਹ ਤੈਨੂੰ ਆਪਣੇ ਮਨ ਵਿੱਚ (ਪਿਆਰਾ) ਲੱਗ ਰਿਹਾ ਹੈ, ਤੇ ਜਿਥੇ ਜਾ ਕੇ ਤੇਰਾ ਵਾਹ ਪੈਣਾ ਹੈ ਉਸ ਦਾ ਤੈਨੂੰ (ਰਤਾ ਭੀ) ਫ਼ਿਕਰ ਨਹੀਂ। (ਸਭ ਜੀਵ ਮਾਇਆ ਦੇ ਮੋਹ ਦੇ ਜਾਲ ਵਿੱਚ ਫਸੇ ਪਏ ਹਨ, ਇਸ ਮੋਹ ਵਿੱਚ) ਫਸੇ ਹੋਏ ਉਹੀ ਬੰਦੇ ਨਿਕਲਦੇ ਹਨ ਜਿਹੜੇ (ਸ਼ਬਦ-ਗੁਰੂ ਦੇ ਉਪਦੇਸ਼ਾਂ `ਤੇ ਅਮਲ ਕਰ ਕੇ) ਸ਼ਬਦ-ਗੁਰੂ ਦੇ ਚਰਨੀਂ ਜਾ ਪੈਂਦੇ ਹਨ (ਭਾਵ, ਹੁਕਮਿ ਰਜਾਈ ਚਲਦੇ ਹਨ)। 3.

(ਪਰ, ਮਾਇਆ ਦਾ ਮੋਹ ਹੈ ਹੀ ਬੜਾ ਪਰਬਲ, ਇਸ ਵਿੱਚੋਂ ਸ਼ਬਦ-ਗੁਰੂ ਤੋਂ ਬਿਨਾ) ਕੋਈ ਬਚਾ ਨਹੀਂ ਸਕਦਾ, (ਗੁਰੂ ਤੋਂ ਬਿਨਾ ਅਜਿਹੀ ਸਮਰੱਥਾ ਵਾਲਾ) ਕੋਈ ਨਹੀਂ ਦਿਸਦਾ। ਮੈਂ ਤਾਂ ਸਾਰੀ ਸ੍ਰਿਸ਼ਟੀ ਢੂੰਢ ਕੇ, ਸ਼ਬਦ-ਗੁਰੂ ਦੀ ਸ਼ਰਣ ਆ ਪਿਆ ਹਾਂ। ਹੇ ਨਾਨਕ! (ਆਖ -) ਸੱਚੇ ਪਾਤਿਸ਼ਾਹ (ਸ਼ਬਦ-ਗੁਰੂ) ਨੇ ਮੈਨੂੰ (ਮਾਇਆ ਦੇ ਮੋਹ ਦੇ ਸਮੁੰਦਰ ਵਿੱਚ) ਡੁਬਦੇ ਨੂੰ ਕੱਢ ਲਿਆ ਹੈ। 4.

3. ਲਾਜ ਮਰੈ ਜੋ ਨਾਮੁ ਨ ਲੇਵੈ॥ ਨਾਮ ਬਿਹੂਨ ਸੁਖੀ ਕਿਉ ਸੋਵੈ॥ ਹਰਿ ਸਿਮਰਨੁ ਛਾਡਿ ਪਰਮ ਗਤਿ ਚਾਹੈ॥ ਮੂਲ ਬਿਨਾ ਸਾਖਾ ਕਤ ਆਹੈ॥ 1॥ ਗੁਰੁ ਗੋਵਿੰਦੁ ਮੇਰੇ ਮਨ ਧਿਆਇ॥ ਜਨਮ ਜਨਮ ਕੀ ਮੈਲੁ ਉਤਾਰੈ ਬੰਧਨ ਕਾਟਿ ਹਰਿ ਸੰਗਿ ਮਿਲਾਇ॥ 1॥ ਰਹਾਉ॥

ਤੀਰਥਿ ਨਾਇ ਕਹਾ ਸੁਚਿ ਸੈਲੁ॥ ਮਨ ਕਉ ਵਿਆਪੈ ਹਉਮੈ ਮੈਲੁ॥ ਕੋਟਿ ਕਰਮ ਬੰਧਨ ਕਾ ਮੂਲੁ॥ ਹਰਿ ਕੇ ਭਜਨ ਬਿਨੁ ਬਿਰਥਾ ਪੂਲੁ॥ 2॥ ਬਿਨੁ ਖਾਏ ਬੂਝੈ ਨਹੀ ਭੂਖ॥ ਰੋਗੁ ਜਾਇ ਤਾਂ ਉਤਰਹਿ ਦੂਖ॥ ਕਾਮ ਕ੍ਰੋਧ ਲੋਭ ਮੋਹਿ ਬਿਆਪਿਆ॥ ਜਿਨਿ ਪ੍ਰਭਿ ਕੀਨਾ ਸੋ ਪ੍ਰਭੁ ਨਹੀਂ ਜਾਪਿਆ॥ 3॥ ਧਨੁ ਧਨੁ ਸਾਧ ਧੰਨੁ ਹਰਿ ਨਾਉ॥ ਆਠ ਪਹਰ ਕੀਰਤਨੁ ਗੁਣ ਗਾਉ॥ ਧਨੁ ਹਰਿ ਭਗਤਿ ਧਨੁ ਕਰਣੈਹਾਰ॥ ਸਰਣਿ ਨਾਨਕ ਪ੍ਰਭ ਪੁਰਖ ਅਪਾਰ॥ (ਮ: 5 1148)

ਪਦ ਅਰਥ: ਲਾਜ ਮਰੈ - ਸ਼ਰਮ ਨਾਲ ਮਰ ਜਾਂਦਾ ਹੈ, ਸ਼ਰਮ ਨਾਲ ਹੌਲੇ ਜੀਵਨ ਵਾਲਾ ਹੋ ਜਾਂਦਾ ਹੈ। ਕਿਉ ਸੋਵੈ - ਕਿਵੇਂ ਸੌਂ ਸਕਦਾ ਹੈ? ਨਹੀਂ ਸੌਂ ਸਕਦਾ। ਛਾਡਿ - ਛੱਡ ਕੇ। ਪਰਮ ਗਤਿ - ਸਭ ਤੋਂ ਉੱਚੀ ਆਤਮਕ ਅਵੱਸਥਾ। ਮੂਲ - (ਰੁੱਖ ਦਾ) ਮੁੱਢ। ਸਾਖਾ - ਟਹਿਣੀ। ਕਤ - ਕਿੱਥੇ?

ਮਨ - ਹੇ ਮਨ! ਧਿਆਇ - ਸਿਮਰਿਆ ਕਰ। ਉਤਾਰੈ - ਦੂਰ ਕਰ ਦਿੰਦਾ ਹੈ। ਬੰਧਨ - ਮਾਇਆ ਦੇ ਮੋਹ ਦੀਆਂ ਫਾਹੀਆਂ। ਸੰਗਿ - ਨਾਲ। ਮਿਲਾਇ - ਜੋੜ ਦਿੰਦਾ ਹੈ। 1. ਰਹਾਉ।

ਤੀਰਥਿ - ਤੀਰਥ ਉੱਤੇ। ਨਾਇ - ਨ੍ਹਾਇ, ਨਹਾ ਕੇ। ਸੁਚਿ - ਪਵਿੱਤ੍ਰਤਾ। ਸੈਲੁ - ਪੱਥਰ, ਪੱਥਰ-ਦਿਲ ਮਨੁੱਖ। ਵਿਆਪੈ - ਜ਼ੋਰ ਪਾਈ ਰਖਦੀ ਹੈ। ਕੋਟਿ ਕਰਮ - ਕ੍ਰੋੜਾਂ (ਮਿਥੇ ਹੋਏ ਧਾਰਮਿਕ) ਕੰਮ (ਕਰਮ-ਕਾਂਡ)। ਮੂਲੁ - ਕਾਰਨ, ਵਸੀਲਾ। ਪੂਲੁ - (ਕਰਮਾਂ ਦਾ) ਪੂਲਾ, ਪੰਡ। 2.

ਬੂਝੈ ਨਹੀਂ - ਨਹੀਂ ਬੁੱਝਦੀ। ਜਾਇ - ਜੇ ਦੂਰ ਹੋ ਜਾਏ। ਉਤਰਹਿ - ਲਹਿ ਜਾਂਦੇ ਹਨ (ਬਹੁ-ਵਚਨ)। ਮੋਹਿ - ਮੋਹ ਵਿੱਚ। ਬਿਆਪਿਆ - ਫਸਿਆ ਹੋਇਆ। ਜਿਨਿ ਪ੍ਰਭਿ - ਜਿਸ ਪ੍ਰਭੂ ਨੇ। 3.

ਧਨੁ ਧਨੁ - ਚੰਗੇ ਭਾਗਾਂ ਵਾਲੇ। ਗੁਣ ਗਾਉ - ਗੁਣ ਗਾਉਂਦੇ ਹਨ। ਧਨੁ - ਸਰਮਾਇਆ। 4.

ਭਾਵ: ਹੇ ਮੇਰੇ ਮਨ! ਗੁਰੂ ਨੂੰ ਗੋਬਿੰਦ ਨੂੰ (ਸਦਾ) ਸਿਮਰਿਆ ਕਰ। (ਇਹ ਸਿਮਰਨ) ਅਨੇਕਾਂ ਜਨਮਾਂ ਦੀ (ਪਾਪਾਂ ਤੇ ਵਿਕਾਰਾਂ ਦੀ) ਮੈਲ ਦੂਰ ਕਰ ਦਿੰਦਾ ਹੈ, ਮਾਇਆ ਦੇ ਮੋਹ ਦੀਆਂ ਫਾਹੀਆਂ ਕੱਟ ਕੇ (ਮਨੁੱਖ ਨੂੰ) ਪਰਮਾਤਮਾ ਨਾਲ ਜੋੜ ਦਿੰਦਾ ਹੈ। 1. ਰਹਾਉ।

ਹੇ ਭਾਈ! ਜਿਹੜਾ ਮਨੁੱਖ ਪਰਮਾਤਮਾ ਦਾ ਨਾਮ ਨਹੀਂ ਸਿਮਰਦਾ, ਉਹ ਆਪਣੇ ਆਪ ਵਿੱਚ ਸ਼ਰਮ ਨਾਲ ਹੌਲਾ ਪੈ ਜਾਂਦਾ ਹੈ। ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾਂ ਮਨੁੱਖ ਸੁਖ ਦੀ ਨੀਂਦ ਨਹੀਂ ਸੌਂ ਸਕਦਾ। (ਜਿਹੜਾ ਮਨੁੱਖ) ਹਰਿ-ਨਾਮ ਦਾ ਸਿਮਰਨ ਛੱਡ ਕੇ ਸਭ ਤੋਂ ਉੱਚੀ ਆਤਮਕ ਅਵੱਸਥਾ (ਹਾਸਲ ਕਰਨੀ) ਚਾਹੁੰਦਾ ਹੈ (ਉਸ ਦੀ ਇਹ ਤਾਂਘ ਵਿਅਰਥ ਹੈ, ਜਿਵੇਂ ਰੁੱਖ ਦੇ) ਮੁੱਢ ਤੋਂ ਬਿਨਾਂ (ਉਸ ਉੱਤੇ) ਕੋਈ ਟਹਿਣੀ ਨਹੀਂ ਉੱਗ ਸਕਦੀ। 1.

ਹੇ ਭਾਈ! ਪੱਥਰ (ਪੱਥਰ-ਦਿਲ ਮਨੁੱਖ) ਤੀਰਥ ਉੱਤੇ ਇਸ਼ਨਾਨ ਕਰ ਕੇ (ਆਤਮਿਕ) ਪਵਿੱਤ੍ਰਤਾ ਹਾਸਲ ਨਹੀਂ ਕਰ ਸਕਦਾ, (ਉਸ ਦੇ) ਮਨ ਨੂੰ (ਇਹੀ) ਹਉਮੈ ਦੀ ਮੈਲ ਚੰਬੜੀ ਰਹਿੰਦੀ ਹੈ (ਕਿ, ਮੈਂ ਤੀਰਥ-ਯਾਤਰਾ ਕਰ ਆਇਆ ਹਾਂ)। ਹੇ ਭਾਈ! (ਤੀਰਥ-ਯਾਤਰਾ ਆਦਿ ਮਿਥੇ ਹੋਏ) ਕ੍ਰੋੜਾਂ ਧਾਰਮਿਕ ਕੰਮ (ਹਉਮੈ ਦੀਆਂ) ਫਾਹੀਆਂ ਦਾ (ਹੀ) ਕਾਰਨ ਬਣਦੇ ਹਨ। ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾਂ (ਇਹ ਮਿਥੇ ਹੋਏ ਧਾਰਮਿਕ ਕੰਮ ਮਨੁੱਖ ਦੇ ਸਿਰ ਉੱਤੇ) ਵਿਅਰਥ ਪੰਡ ਹੀ ਹਨ। 2.

ਹੇ ਭਾਈ! (ਭੋਜਨ) ਖਾਣ ਤੋਂ ਬਿਨਾ (ਪੇਟ ਦੀ) ਭੁੱਖ (ਦੀ ਅੱਗ) ਨਹੀਂ ਬੁੱਝਦੀ (ਰੋਗ ਤੋਂ ਪੈਦਾ ਹੋਏ) ਸਰੀਰਕ ਦੁੱਖ ਤਦੋਂ ਹੀ ਦੂਰ ਹੁੰਦੇ ਹਨ, ਜੇ (ਅੰਦਰੋਂ) ਰੋਗ ਦੂਰ ਹੋ ਜਾਵੇ। ਹੇ ਭਾਈ! ਜਿਸ ਪਰਮਾਤਮਾ ਨੇ ਪੈਦਾ ਕੀਤਾ ਹੈ ਜਿਹੜਾ ਮਨੁੱਖ ਉਸ ਦਾ ਨਾਮ ਨਹੀਂ ਜਪਦਾ, ਉਹ ਸਦਾ ਕਾਮ ਕ੍ਰੋਧ ਲੋਭ ਮੋਹ ਵਿੱਚ ਫਸਿਆ ਰਹਿੰਦਾ ਹੈ। 3.

ਹੇ ਭਾਈ! ਉਹ ਗੁਰਮੁੱਖ (ਸ਼ਬਦ-ਗੁਰੂ ਦੇ ਉਪਦੇਸ਼ਾਂ ਦਾ ਪਾਲਣਾ ਕਰਨ ਵਾਲੇ) ਮਨੁੱਖ ਚੰਗੇ ਭਾਗਾਂ ਵਾਲੇ ਹਨ, ਜਿਹੜੇ ਪਰਮਾਤਮਾ ਦਾ ਨਾਮ ਜਪਦੇ ਹਨ, ਜਿਹੜੇ ਅੱਠੇ ਪਹਿਰ ਪ੍ਰਭੂ ਦੀ ਸਿਫ਼ਤਿ -ਸਾਲਾਹ ਕਰਦੇ ਹਨ, ਪ੍ਰਭੂ ਦੇ ਗੁਣ ਗਾਉਂਦੇ ਹਨ। ਹੇ ਨਾਨਕ! ਜਿਹੜੇ ਮਨੁੱਖ ਬੇਅੰਤ ਤੇ ਸਰਬ-ਵਿਆਪਕ ਪ੍ਰਭੂ ਦੀ ਸ਼ਰਣਿ ਪਏ ਰਹਿੰਦੇ ਹਨ, ਉਨ੍ਹਾਂ ਦੇ ਪਾਸ ਪਰਮਾਤਮਾ ਦੀ ਭਗਤੀ ਦਾ ਧਨ ਸਿਰਜਣਹਾਰ ਦੇ ਨਾਮ ਦਾ ਧਨ (ਸਦਾ ਮੌਜ਼ੂਦ) ਹੈ। 4.

4. ਪੈ ਪਾਇ ਮਨਾਈ ਸੋਇ ਜੀਉ॥

ਸਤਿਗੁਰ ਪੁਰਖਿ ਮਿਲਾਇਆ ਤਿਸੁ ਜੇਵਡੁ ਅਵਰੁ ਨ ਕੋਇ ਜੀਉ॥ 1॥ ਰਹਾਉ॥

------------------------------------------------------ ਸਭ ਇਕਠੇ ਹੋਇ ਆਇਆ॥ ਘਰਿ ਜਾਸਨਿ ਵਾਟ ਵਟਾਇਆ॥ ਗੁਰਮੁਖਿ ਲਾਹਾ ਲੈ ਗਏ ਮਨਮੁਖ ਚਲੇ ਮੂਲੁ ਗਵਾਇ ਜੀਉ॥ 19॥ (ਮ: 5, 74)

ਪਦ ਅਰਥ: ਪੈ - ਪੈ ਕੇ, ਡਿੱਗ ਕੇ। ਪਾਇ - ਪੈਰਾਂ `ਤੇ। ਮਨਾਈ - ਮਨਾਈਂ, ਮੈਂ ਮਨਾਉਂਦਾ ਹਾਂ। ਪੁਰਖਿ - ਪੁਰਖ ਨੇ। ਸਤਿਗੁਰ ਪੁਰਖਿ - ਸਤਿਗੁਰ ਪੁਰਖ ਨੇ। 1. ਰਹਾਉ।

ਇਕਠੇ ਹੋਇ - ਇਕੱਠੇ ਹੋ ਕੇ, ਮਨੁੱਖਾ ਜਨਮ ਲੈ ਕੇ। ਘਰਿ - ਪਰਲੋਕ ਘਰ ਵਿੱਚ। ਜਾਸਣਿ-ਜਾਣਗੇ। ਵਾਟ ਵਟਾਇਆ - ਰਸਤਾ ਬਦਲ ਕੇ, ਵੱਖ-ਵੱਖ ਜੂਨਾਂ ਵਿੱਚ ਪੈ ਕੇ। ਲਾਹਾ - ਲਾਭ, ਨਫ਼ਾ। ਮੂਲੁ - ਅਸਲ ਸਰਮਾਇਆ। 19.

ਭਾਵ: (ਹੇ ਭਾਈ!) ਮੈਂ (ਸ਼ਬਦ ਗੁਰੂ ਦੀ) ਚਰਨੀ ਲੱਗ ਕੇ ਉਸ (ਪਰਮਾਤਮਾ) ਨੂੰ ਪ੍ਰਸੰਨ ਕਰਨ ਦਾ ਯਤਨ ਕਰਦਾ ਹਾਂ। ਗੁਰੂ-ਪੁਰਖ ਨੇ (ਮੈਨੂੰ) ਪਰਮਾਤਮਾ ਮਿਲਾਇਆ ਹੈ। (ਹੁਣ ਮੈਨੂੰ ਸਮਝ ਆਈ ਹੈ ਕਿ) ਉਸ ਪਰਮਾਤਮਾ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ। 1. ਰਹਾਉ।

ਸਾਰੇ (ਨਰ ਨਾਰ) ਮਨੁੱਖਾ ਜਨਮ ਲੈ ਕੇ ਆਏ ਹਨ, ਪਰ (ਇਥੇ ਆਪੋ-ਆਪਣੇ ਕੀਤੇ ਕੰਮਾਂ ਅਨੁਸਾਰ) ਪਰਲੋਕ-ਘਰ ਵਿੱਚ ਵੱਖ-ਵੱਖ ਜੂਨਾਂ ਵਿੱਚ ਪੈ ਕੇ ਜਾਣਗੇ। ਜਿਹੜੇ ਮਨੁੱਖ ਸ਼ਬਦ-ਗੁਰੂ ਦੇ ਦੱਸੇ ਰਾਹ `ਤੇ ਤੁਰਦੇ ਹਨ, ਉਹ ਇਥੋਂ (ਹਰਿ-ਨਾਮ ਦਾ) ਨਫ਼ਾ ਖੱਟ ਕੇ ਜਾਂਦੇ ਹਨ। ਪਰ, ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਪਹਿਲੀ ਰਾਸ-ਪੂੰਜੀ ਭੀ ਗਵਾ ਜਾਂਦੇ ਹਨ (ਪਹਿਲੇ ਕੀਤੇ ਭਲੇ ਕੰਮਾਂ ਦੇ ਸੰਸਕਾਰ ਭੀ, ਮੰਦ-ਕਰਮਾਂ ਦੀ ਰਾਹੀਂ ਮਿਟਾ ਕੇ ਜਾਂਦੇ ਹਨ)। 19.

5. ॥ ਸਲੋਕ॥ ਬਸੰਤਿ ਸ੍ਵਰਗ ਲੋਕਹ ਜਿਤਤੇ ਪ੍ਰਿਥਵੀ ਨਵ ਖੰਡਣਹ॥ ਬਿਸਰੰਤ ਹਰਿ ਗੋਪਾਲਹ ਨਾਨਕ ਤੇ ਪ੍ਰਾਣੀ ਉਦਿਆਨ ਭਰਮਣਹ॥ 1॥ ਕਉਤਕ ਕੋਡ ਤਮਾਸਿਆ ਚਿਤਿ ਨ ਆਵਸੁ ਨਾਉ॥ ਨਾਨਕ ਕੋੜੀ ਨਰਕ ਬਰਾਬਰੇ ਉਜੜੁ ਸੋਈ ਥਾਉ॥ 2॥ ਪਉੜੀ॥ ਮਹਾ ਭਇਆਨ ਉਦਿਆਨ ਨਗਰ ਕਰਿ ਮਾਨਿਆ॥ ਝੂਠ ਸਮਗ੍ਰੀ ਪੇਖਿ ਸਚੁ ਕਰਿ ਜਾਨਿਆ॥ ਕਾਮ ਕ੍ਰੋਧਿ ਅਹੰਕਾਰਿ ਫਿਰਹਿ ਦੇਵਾਨਿਆ॥ ਸਿਰਿ ਲਗਾ ਜਮ ਡੰਡੁ ਤਾ ਪਛੁਤਾਨਿਆ॥ ਬਿਨੁ ਪੂਰੇ ਗੁਰਦੇਵ ਫਿਰੈ ਸੈਤਾਨਿਆ॥ 9॥ (ਮ: 5, 707)

ਪਦਅਰਥ: ਬਸੰਤਿ-ਵਸਦੇ ਹੋਣ। ਸ੍ਵਰਗ ਲੋਕਹ-ਸੁਰਗ ਵਰਗੇ ਦੇਸ਼ਾਂ ਵਿੱਚ। ਜਿਤਤੇ-ਜਿੱਤ ਲੈਣ। ਨਵ ਖੰਡਣਹ ਪ੍ਰਿਥਵੀ - ਨੌਂ ਖੰਡਾਂ ਵਾਲੀ ਧਰਤੀ, ਸਾਰੀ ਧਰਤੀ। ਗੋਪਾਲ - (ਗੋ+ਪਾਲ) ਧਰਤੀ ਦਾ ਰੱਖਿਅਕ। ਉਦਿਆਨ-ਜੰਗਲ। 1.

ਮਹਾ ਭਇਆਨ-ਬੜਾ ਡਰਾਉਣਾ। ਨਗਰ-ਸ਼ਹਿਰ। ਸਮਗ੍ਰੀ-ਪਦਾਰਥ। ਝੂਠ-ਨਾਸ਼ ਹੋ ਜਾਣ ਵਾਲੇ। ਪੇਖਿ-ਵੇਖ ਕੇ। ਸਚੁ - ਸਦਾ ਥਿਰ ਰਹਿਣ ਵਾਲੇ। ਕ੍ਰੋਧਿ - ਕ੍ਰੋਧ ਵਿੱਚ। ਦੇਵਾਨਿਆ - ਪਾਗਲ, ਝੱਲੇ। ਸਿਰਿ - ਸਿਰ ਉੱਤੇ।

ਭਾਵ: ਜੇ ਸਵਰਗ ਵਰਗੇ ਦੇਸ਼ ਵਿੱਚ ਵਸਦੇ ਹੋਣ, ਜੇ ਸਾਰੀ ਧਰਤੀ ਜਿੱਤ ਲੈਣ; ਪਰ, ਹੇ ਨਾਨਕ! ਜੇ ਜਗਤ ਦੇ ਰੱਖਕ ਪ੍ਰਭੂ ਨੂੰ ਵਿਸਾਰ ਦੇਣ, ਤਾਂ ਉਹ ਮਨੁੱਖ (ਮਾਨੋਂ) ਜੰਗਲ ਵਿੱਚ ਭਟਕ ਰਹੇ ਹਨ। 1.

ਜਗਤ ਦੇ ਕ੍ਰੋੜਾਂ ਚੋਜ ਤਮਾਸ਼ਿਆਂ ਦੇ ਕਾਰਨ ਜੇ ਪ੍ਰਭੂ ਦਾ ਨਾਮ ਚਿੱਤ ਵਿੱਚ (ਯਾਦ) ਨਾ ਰਹੇ, ਤਾਂ, ਹੇ ਨਾਨਕ! ਉਹ ਥਾਂ ਉਜਾੜ ਸਮਝੋ, ਉਹ ਥਾਂ ਭਿਆਨਕ ਨਰਕ ਦੇ ਬਰਾਬਰ ਹੈ। 2.

ਬੜੇ ਡਰਾਉਂਣੇ ਜੰਗਲ ਨੂੰ ਜੀਵ ਨੇ ਸ਼ਹਿਰ ਕਰ ਕੇ ਮੰਨ ਲਿਆ ਹੈ, ਇਨ੍ਹਾਂ ਨਾਸ਼ਵੰਤ ਪਦਾਰਥਾਂ ਨੂੰ ਵੇਖ ਕੇ ਸਦਾ ਟਿਕੇ ਰਹਿਣ ਵਾਲੇ ਸਮਝ ਲਿਆ ਹੈ। (ਇਸ ਵਾਸਤੇ ਇਨ੍ਹਾਂ ਦੀ ਖ਼ਾਤਰ) ਕਾਮ ਵਿੱਚ, ਕ੍ਰੋਧ ਵਿੱਚ, ਅਹੰਕਾਰ ਵਿੱਚ ਝੱਲੇ ਹੋਏ ਫਿਰਦੇ ਹਨ, ਜਦੋਂ ਮੌਤ ਦਾ ਡੰਡਾ ਸਿਰ `ਤੇ ਆ ਵਜਦਾ ਹੈ, ਤਦੋਂ ਪਛੁਤਾਉਂਦੇ ਹਨ। (ਹੇ ਭਾਈ!) ਮਨੁੱਖ ਪੂਰੇ ਗੁਰੂ (ਸ਼ਬਦ-ਗੁਰੂ) ਦੀ ਸਰਣ ਤੋਂ ਬਿਨਾਂ ਸ਼ੈਤਾਨ ਵਾਂਗ ਫਿਰਦਾ ਹੈ। 9.

6. ਅੰਧੇ ਤੂੰ ਬੈਠਾ ਕੰਧੀ ਪਾਹਿ॥ ਜੇ ਹੋਵੀ ਪੂਰਬਿ ਲਿਖਿਆ ਤਾ ਗੁਰ ਕਾ ਬਚਨੁ ਕਮਾਹਿ॥ 1॥ ਰਹਾਉ॥

(ਮ: 5, 43)

ਪਦ ਅਰਥ: ਕੰਧੀ - ਨਦੀ ਦਾ ਕੰਢਾ। ਪਾਹਿ - ਪਾਸ। ਪੂਰਬਿ - ਮੁੱਢ ਤੋਂ। 1. ਰਹਾਉ।

ਭਾਵ: ਹੇ (ਮਾਇਆ ਦੇ ਮੋਹ ਵਿੱਚ) ਅੰਨ੍ਹੇ ਹੋਏ ਜੀਵ! (ਜਿਵੇਂ ਕੋਈ ਰੁੱਖ ਨਦੀ ਦੇ ਕੰਢੇ `ਤੇ ਉੱਗਿਆ ਹੋਇਆ ਹੋਵੇ ਤੇ ਕਿਸੇ ਵੇਲੇ ਭੀ ਕੰਢੇ ਨੂੰ ਢਾਹ ਲੱਗ ਕੇ ਰੁੱਖ ਨਦੀ ਵਿੱਚ ਰੁੜ੍ਹ ਜਾਂਦਾ ਹੈ, ਤਿਵੇਂ ਤੂੰ (ਮੌਤ-ਨਦੀ ਦੇ) ਕੰਢੇ ਉੱਤੇ ਬੈਠਿਆ ਹੋਇਆ ਹੈਂ (ਪਤਾ ਨਹੀਂ ਕੇਹੜੇ ਵੇਲੇ ਤੇਰੀ ਮੌਤ ਆ ਜਾਏ)। ਜੇ (ਤੇਰੇ ਮੱਥੇ ਉੱਤੇ) ਪੂਰਬਲੇ ਸਮੇਂ ਵਿੱਚ (ਕੀਤੀ ਨੇਕ ਕਮਾਈ ਦਾ ਚੰਗਾ ਲੇਖ) ਲਿਖਿਆ ਹੋਇਆ ਹੋਵੇ ਤਾਂ ਤੂੰ ਸ਼ਬਦ-ਗੁਰੂ ਦਾ ਉਪਦੇਸ਼ ਕਮਾ ਲਏਂ (ਗੁਰੂ ਦੇ ਉਪਦੇਸ਼ ਅਨੁਸਾਰ ਆਪਣਾ ਜੀਵਨ ਬਣਾਏਂ, ਤੇ ਆਤਮਕ-ਮੌਤ ਤੋਂ ਬਚ ਜਾਏਂ)। 1. ਰਹਾਉ।

7. ਇਹੁ ਜਨਮੁ ਪਦਾਰਥੁ ਪਾਇ ਕੈ ਹਰਿ ਨਾਮੁ ਨ ਚੇਤੈ ਲਿਵ ਲਾਇ॥ ਪਗਿ ਖਿਸਿਐ ਰਹਣਾ ਨਹੀ ਆਗੈ ਠਉਰੁ ਨ ਪਾਇ॥ ਓਹ ਵੇਲਾ ਹਥਿ ਨ ਆਵਈ ਅੰਤਿ ਗਇਆ ਪਛੁਤਾਇ॥ ਜਿਸੁ ਨਦਰਿ ਕਰੇ ਸੋ ਉਬਰੈ ਹਰਿ ਸੇਤੀ ਲਿਵ ਲਾਇ॥ 4॥ (ਮ: 3, 28)

ਪਦ ਅਰਥ: ਪਦਾਰਥੁ - ਕੀਮਤੀ ਚੀਜ਼। ਲਿਵ ਲਾਇ - ਸੁਰਤਿ ਜੋੜ ਕੇ। ਪਗਿ ਖਿਸਿਐ - ਜਦੋਂ ਪੈਰ ਖਿਸਕ ਗਿਆ। ਠਉਰੁ - ਥਾਂ, ਆਸਰਾ। ਹਥਿ - ਹੱਥ ਵਿੱਚ। ਆਵਈ - ਆਵਏ, ਆਵੈ, ਆਉਂਦਾ। ਅੰਤਿ - ਆਖ਼ਰ। ਜਿਸੁ - ਜਿਸ (ਮਨੁੱਖ) ਉੱਤੇ। ਉਬਰੈ - ਬਚ ਜਾਂਦਾ ਹੈ। ਸੇਤੀ - ਨਾਲ। 4.

ਭਾਵ: ਇਹ ਕੀਮਤੀ ਮਨੁੱਖਾ ਜਨਮ ਹਾਸਲ ਕਰ ਕੇ (ਮੂਰਖ ਮਨੁੱਖ) ਸੁਰਤਿ ਜੋੜ ਕੇ ਪਰਮਾਤਮਾ ਦਾ ਨਾਮ ਨਹੀਂ ਸਿਮਰਦਾ; ਪਰ, ਜਦੋਂ ਪੈਰ ਤਿਲ੍ਹਕ ਗਿਆ (ਜਦੋਂ ਸਰੀਰ ਢਹਿ ਪਿਆ) ਇਥੇ ਜਗਤ ਵਿੱਚ ਟਿਕਿਆ ਨਹੀਂ ਜਾ ਸਕੇਗਾ (ਨਾਮ ਤੋਂ ਸੱਖਣੇ ਰਹਿਣ ਕਰ ਕੇ) ਅਗਾਂਹ ਦਰਗਾਹ ਵਿੱਚ ਭੀ ਥਾਂ ਨਹੀਂ ਮਿਲਦਾ (ਮੌਤ ਆਇਆਂ) ਸਿਮਰਨ ਦਾ ਸਮਾਂ ਨਹੀਂ ਮਿਲ ਸਕਦਾ, ਆਖ਼ਰ (ਮੂਰਖ ਜੀਵ) ਪਛੁਤਾਉਂਦਾ ਜਾਂਦਾ ਹੈ।

ਜਿਸ ਮਨੁੱਖ ਉਤੇ ਪਰਮਾਤਮਾ ਮਿਹਰ ਦੀ ਨਜ਼ਰ ਕਰਦਾ ਹੈ, ਉਹ ਪਰਮਾਤਮਾ (ਦੇ ਚਰਨਾਂ) ਵਿੱਚ ਸੁਰਤਿ ਜੋੜ ਕੇ (ਮਾਇਆ ਕੁਸੁੰਭੇ ਦੇ ਮੋਹ ਤੋਂ) ਬਚ ਜਾਂਦਾ ਹੈ। 4.

ਨੋਟ: ਜਿਵੇਂ ਕਿ ਇਸ ਪੁਸਤਕ ਵਿੱਚ ਜ਼ਿਕਰ ਕੀਤਾ ਜਾ ਚੁੱਕਾ ਹੈ ਕਿ ਪਰਮਾਤਮਾ ਉਨ੍ਹਾਂ ਮਨੁੱਖਾਂ `ਤੇ ਮਿਹਰ ਦੀ ਨਜ਼ਰ ਕਰਦਾ ਹੈ ਜਿਹੜੇ ਬੀਤੇ ਸਮੇਂ ਵਿੱਚ (ਜਾਣੇ-ਅਣਜਾਣੇ ਵਿੱਚ) ਉਨ੍ਹਾਂ ਵੱਲੋਂ ਕੀਤੇ ਜਾ ਚੁੱਕੇ ਪਾਪਾਂ/ਕੁਕਰਮਾਂ/ਵਿਕਾਰਾਂ ਲਈ, ਮਨੋਂ ਪਛੁਤਾਅ ਕੇ, ਪ੍ਰਭੂ-ਪਿਤਾ ਤੋਂ ਖਿਮਾਂ ਮੰਗ ਕੇ ਉਸ ਦੀ ਸ਼ਰਣਿ ਪੈਂਦੇ ਹਨ। ਉਹ ਮਾਲਿਕ-ਪ੍ਰਭੂ ਉਨ੍ਹਾਂ ਜੀਵਾਂ ਦੇ ਮਸਤਕ `ਤੇ ਚੰਗਾ ਲੇਖ ਲਿਖ ਕੇ ਉਨ੍ਹਾਂ ਦਾ ਮਿਲਾਪ ਸ਼ਬਦ-ਗੁਰੂ ਨਾਲ ਕਰਾ ਦਿੰਦਾ ਹੈ। ਸ਼ਬਦ-ਗੁਰੂ ਉਨ੍ਹਾਂ ਨੂੰ ਜੀਵਨ ਦਾ ਸਹੀ ਰਾਹ ਦੱਸ ਕੇ (ਹੁਕਮਿ ਰਜਾਈ ਚੱਲਣ ਦਾ ਰਾਹ ਦੱਸ ਕੇ) ਪ੍ਰਭੂ-ਪਿਤਾ ਦੀ ਪ੍ਰੇਮਾ-ਭਗਤੀ `ਚ ਲਗਾ ਕੇ ਪਰਮਾਤਮਾ ਨਾਲ ਮਿਲਾ ਦਿੰਦਾ ਹੈ ਤੇ ਉਹ ਜੀਵ ਸਦੀਵੀ ਅਨੰਦ (ਸਹਿਜ) ਦੀ ਅਵੱਸਥਾ ਪ੍ਰਾਪਤ ਕਰ ਕੇ ਪ੍ਰਭੂ-ਪਿਤਾ ਦੀ ਨਿੱਘੀ ਗੋਦ `ਚ (ਜਿਉਂਦੇ ਜੀਅ ਹੀ) ਲੀਨ ਹੋ ਜਾਂਦੇ ਹਨ - ਉਨ੍ਹਾਂ ਦਾ ਮਨੁੱਖਾ ਜੀਵਨ ਸਫ਼ਲ ਹੋ ਜਾਂਦਾ ਹੈ। ਇਸ ਹਕੀਕਤ ਦੀ ਪੁਸ਼ਟੀ ਲਈ ਸ਼ਬਦ-ਗੁਰੂ (ਗੁਰੂ ਗ੍ਰੰਥ ਸਾਹਿਬ) ਦੇ ਬਹੁਤ ਸਾਰੇ ਉਪਦੇਸ਼ ਦਰਜ ਹਨ।

ਅਨਿਕ ਜਨਮ ਭ੍ਰਮਿ ਥਿਤਿ ਨਹੀਂ ਪਾਈ॥ ਕਰਉ ਸੇਵਾ ਗੁਰ ਲਾਗਉ ਚਰਨ ਗੋਵਿੰਦ ਜੀ ਕਾ ਮਾਰਗੁ ਦੇਹੁ ਜੀ ਬਤਾਈ॥ 1॥ (ਰਹਾਉ)॥

-----------------------------------------------------

ਸਫਲ ਸਫ਼ਲ ਭਈ ਸਫਲ ਜਾਤ੍ਰਾ॥ ਆਵਣ ਜਾਣ ਰਹੇ ਮਿਲੇ ਸਾਧਾ॥ 1॥ ਰਹਾਉ ਦੂਜਾ॥ 1॥ 3॥ (ਮ: 5, 687)

ਭਾਵ: ਹੇ ਸਤਿਗੁਰੂ! ਅਨੇਕਾਂ ਜੂਨਾਂ ਵਿੱਚ ਭਟਕ ਭਟਕ ਕੇ (ਜੂਨਾਂ ਤੋਂ ਬਚਣ ਦਾ ਹੋਰ ਕੋਈ) ਟਿਕਾਉ ਨਹੀਂ ਲੱਭਾ। ਹੁਣ ਮੈਂ ਤੇਰੀ ਸ਼ਰਣਿ ਪਿਆ ਹਾਂ, ਮੈਂ ਤੇਰੀ ਹੀ ਸੇਵਾ ਕਰਦਾ ਹਾਂ, ਮੈਨੂੰ ਪਰਮਾਤਮਾ (ਦੇ ਮਿਲਾਪ) ਦਾ ਰਾਹ ਦੱਸ ਦੇ। 1. ਰਹਾਉ। (ਹੇ ਭਾਈ! ਸ਼ਬਦ-ਗੁਰੂ ਦੇ ਦਰ `ਤੇ ਪਿਆਂ) ਮਨੁੱਖਾ ਜੀਵਨ ਵਾਲਾ ਸਫ਼ਰ ਕਾਮਯਾਬ ਹੋ ਜਾਂਦਾ ਹੈ। ਗੁਰੂ ਨੂੰ ਮਿਲ ਕੇ ਜਨਮ-ਮਰਨ ਦੇ ਗੇੜ ਮੁੱਕ ਜਾਦੇ ਹਨ। 1. ਰਹਾਉ ਦੂਜਾ।। 1. 3

ਪਰ ਜਿਹੜੇ ਮਨੁੱਖ ਆਪਣੀ ਮੱਤਿ ਅਨੁਸਾਰ ਹੀ ਚਲਦੇ ਹਨ ਤੇ ਪ੍ਰਭੂ-ਪਿਤਾ ਦਾ ਸਿਮਰਨ ਨਹੀਂ ਕਰਦੇ, ਨਾਮ-ਬਾਣੀ ਦਾ ਜਾਪ ਜਾਂ ਗਾਇਣ (ਸਿਫ਼ਤਿ-ਸਾਲਾਹ) ਨਹੀਂ ਕਰਦੇ, ਸਾਧ-ਸੰਗਤਿ ਵਿੱਚ ਸੁਰਤਿ ਜੋੜ ਕੇ ਨਹੀਂ ਬੈਠਦੇ ਅਤੇ (ਮਾਇਆ ਦੇ ਮੋਹ-ਜਾਲ ਵਿੱਚ ਫੱਸ ਕੇ) ਮਾਇਕ-ਪਦਾਰਥਾਂ ਲਈ ਹੀ ਦੌੜ-ਭੱਜ ਕਰਦੇ ਰਹਿੰਦੇ ਹਨ, ਉਹ (ਅਸਲ ਵਿੱਚ) ਤੁਰਦੀਆਂ-ਫਿਰਦੀਆਂ ਲਾਸ਼ਾਂ ਹੀ ਹੁੰਦੀਆਂ ਹਨ (ਉਹ ਆਤਮਕ-ਮੌਤੇ ਮਰੇ ਹੋਏ ਹੁੰਦੇ ਹਨ)। ਉਹ ਸ਼ਬਦ-ਗੁਰੂ ਦੇ ਉਪਦੇਸ਼ਾਂ ਤੋਂ ਪਾਸਾ ਵੱਟ ਕੇ ਜੀਵਨ ਬਤੀਤ ਕਰਦੇ ਹਨ। ਸਰੀਰਕ ਮੌਤ ਤੋਂ ਬਾਅਦ ਉਹ ਆਵਾਗਵਣ ਦੇ ਲੰਮੇ ਤੇ ਦੁਖਦਾਈ ਗੇੜ ਵਿੱਚ ਪੈ ਕੇ (ਅਨੇਕਾਂ ਜੂਨਾਂ ਧਾਰ ਕੇ) ਦੁੱਖ ਭੋਗਦੇ ਹਨ। (ਫਿਰ ਪਤਾ ਨਹੀਂ ਉਨ੍ਹਾਂ ਨੂੰ, ਰੱਬੀ-ਰਹਿਮਤ ਦਾ ਸਦਕਾ, ਦੁਬਾਰਾ ਕਦੋਂ ਮਨੁੱਖਾ ਜਨਮ ਪ੍ਰਾਪਤ ਹੋਵੇ। ਇਸ ਪ੍ਰਥਾਇ ਭੀ ਗੁਰੂ ਗ੍ਰੰਥ ਸਾਹਿਬ ਵਿੱਚ ਅਨੇਕਾਂ ਫ਼ੁਰਮਾਣ ਦਰਜ ਹਨ। ਮਿਸਾਲ ਦੇ ਤੌਰ `ਤੇ ਵੇਖੇ ਹੇਠਾਂ ਦਿੱਤਾ ਗੁਰ-ਫ਼ੁਰਮਾਣੁ) -

ਹਰਿ ਹਰਿ ਰਾਖਹੁ ਕ੍ਰਿਪਾ ਧਾਰਿ॥ ਸਤਸੰਗਤਿ ਮੇਲਾਇ ਪ੍ਰਭ ਹਰਿ ਹਿਰਦੈ ਹਰਿ ਗੁਣ ਸਾਰਿ॥ 1॥ ਰਹਾਉ॥ ----------------------------------------------------------- ਸਤਿਗੁਰ ਤੇ ਜੋ ਮੁਹੁ ਫੇਰੇ ਓਇ ਭ੍ਰਮਦੇ ਨਾ ਟਿਕੰਨਿ॥ ਧਰਤਿ ਅਸਮਾਨੁ ਨ ਝਲਈ ਵਿਚਿ ਵਿਸਟਾ ਪਏ ਪਚੰਨਿ॥ 5॥ (ਮ: 3, 233-34)
.