.

ਪਉੜੀ 13

ਮੰਨੈ ਸੁਰਤਿ ਹੋਵੈ ਮਨਿ ਬੁਧਿ ॥

ਸੱਚ ਨੂੰ ਜੀਵਨ ਦਾ ਆਧਾਰ ਬਣਾਉਣ ਨਾਲ ਮਨ ਅਤੇ ਬੁੱਧੀ ਦੋਵੇਂ ਬਿਬੇਕ ਬੁਧ ਨਾਲ ਕੰਮ ਲੈਂਦੇ ਹਨ ਭਾਵ ਮਨ ਅਤੇ ਬੁੱਧੀ ਹਮੇਸ਼ਾਂ ਇਕ ਰਸ ਚਲ ਰਹੇ ਰੱਬੀ ਨਿਜ਼ਾਮ ਨਾਲ ਜੁੜੇ ਰਹਿੰਦੇ ਹਨ।

ਮੰਨੈ ਸਗਲ ਭਵਣ ਕੀ ਸੁਧਿ ॥

ਐਸੀ ਜੀਵਨ ਜਾਚ ਪ੍ਰਾਪਤ ਹੋਣ ਸਦਕਾ ਸਾਰੇ ਗਿਆਨ ਇੰਦ੍ਰੇ ਹਰ-ਇੱਕ ਉਪਜਦੇ ਖਿਆਲ ਨੂੰ ਸੱਚ ਮੁਤਾਬਕ (ਵਿਰਲਾ ਮਨ) ਖੋਜਣ ਲਈ ਸਮਰਥ ਹੋ ਜਾਂਦਾ ਹੈ।

ਮੰਨੈ ਮੁਹਿ ਚੋਟਾ ਨਾ ਖਾਇ ॥

ਸੱਚੇ ਆਚਾਰ ਅਧੀਨ ਬਣੇ ਮਜ਼ਬੂਤ ਮਨ ਦੀ ਅਵਸਥਾ ਕਾਰਨ ਹੁਣ ਖੁਦਗਰਜ਼ੀ ਹੰਕਾਰ ਜਾਂ ਲਾਲਚ ਵਰਗੇ ਜਮਾਂ ਤੋਂ ਮਾਰ ਨਹੀਂ ਖਾਣੀ ਪੈਂਦੀ ਅਤੇ ਨਾ ਹੀ ਵਿਆਕੁਲਤਾ ਸਹਣੀ ਪੈਂਦੀ ਹੈ।

ਮੰਨੈ ਜਮ ਕੈ ਸਾਥਿ ਨ ਜਾਇ ॥

ਹਰ ਪਲ ਪਰਫੁਲਤਾ ਮਾਣਦਾ ਮਨ ਵਿਕਾਰੀ ਖਿਆਲਾਂ ਦਾ ਸਾਥ ਛੱਡਦਾ ਜਾਂਦਾ ਹੈ।

ਐਸਾ ਨਾਮੁ ਨਿਰੰਜਨੁ ਹੋਇ ॥

ਸਤਿਗੁਰ ਦੀ ਮੱਤ ਸੁਣ-ਮੰਨ ਕੇ ਵਿਰਲਾ ਮਨ ਕੂੜ (ਮਨ ਕੀ ਮੱਤ) ਤੋਂ ਛੁੱਟ ਕੇ ਨਿਰ-ਅੰਜਨ ਹੋ ਜਾਂਦਾ ਹੈ।

ਜੇ ਕੋ ਮੰਨਿ ਜਾਣੈ ਮਨਿ ਕੋਇ ॥13॥

ਜਦੋਂ ਕੋਈ ਵੀ ਕੂੜ ਤੋਂ ਛੁੱਟਣ ਲਈ ਸਤਿਗੁਰ ਦੀ ਮੱਤ ਸੁਣ-ਮੰਨ ਕੇ ਅਮਲੀ ਜੀਵਨ ਜਿਊਂਦਾ ਹੈ ਤਾਂ ਉਹ ਵਿਰਲਾ ਮਨਿ (ਮਨਿ ਕੋਇ) ਬਣ ਜਾਂਦਾ ਹੈ।

ਵੀਰ ਭੁਪਿੰਦਰ ਸਿੰਘ
.