.

ਪੰਜਵੇਂ ਪਾਤਸ਼ਾਹ

ਗੁਰੂ ਅਰਜਨ ਸਾਹਿਬ ਦੀ

"ਮਾਨਵਤਾ ਨੂੰ ਲਾਸਾਨੀ ਦੇਣ"

(ਭਾਗ ਤੀਜਾ)

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

(ਲੜੀ ਜੋੜਣ ਲਈ ਇਸ ਗੁਰਮੱਤ ਪਾਠ ਦਾ ਪਹਿਲੇ ਦੋ ਭਾਗ ਵੀ ਜ਼ਰੂਰ ਪੜੋ ਜੀ)

ਪੰਜਵੇਂ ਪਾਤਸ਼ਾਹ ਮਹਾਨ ‘ਨੇਸ਼ਨ ਬਿਲਡਰ’ ਦੇ ਰੂਪ `ਚ-

ਗੁਰਗੱਦੀ ਦੀ ਪ੍ਰਾਪਤੀ ਉਪ੍ਰੰਤ ਸਭ ਤੋਂ ਪਹਿਲਾਂ ਆਪ ਰਾਹੀਂ ਸੰਤੋਖਸਰ ਸਰੋਵਰ ਨੂੰ ਸੰਪੂਰਣ ਕਰਣਾ ਅਤੇ ਉਸਦੇ ਨਾਲ ਨਾਲ "ਅੰਮ੍ਰਿਤਸਰ ਸਰੋਵਰ" ਤੇ "ਰਾਮਸਰ ਸਰੋਵਰ" ਨੂੰ ਵੀ ਬਨਵਾਉਣਾ।

ਉਪ੍ਰੰਤ ‘ਅੰਮ੍ਰਿਤਸਰ ਸਰੋਵਰ’ ਵਿਚਾਲੇ ‘ਦਰਬਾਰ ਸਾਹਿਬ’ ਵਾਲੀ ਇਮਾਰਤ, ਜਿਸ ਦੀ ਕਲਾਕਾਰੀ `ਤੇ ਵੱਡੇ ਤੌਂ ਵੱਡੇ ਕਲਾਕਾਰ, ਅੱਜ ਵੀ ਦੰਦਾਂ ਥੱਲੇ ਉਂਗਲੀਆਂ ਦੇਣੋਂ ਨਹੀਂ ਰਹਿ ਸਕਦੇ। ਇਹ ਆਪਣੇ ਆਪ `ਚ ਸਿੱਖ ਕਲਾਲਾਰੀ ਦਾ ਹੀ ਨਮੂਨਾ ਹੈ।

ਫ਼ਿਰ ਕੇਵਲ ‘ਦਰਬਾਰ ਸਾਹਿਬ’ ਤੇ ‘ਅੰਮ੍ਰਿਤਸਰ ਸਰੋਵਰ’ ਦੇ ਵਿੱਚਕਾਰ ਵਾਲੀ ਮੁੱਖ ਇਮਾਰਤ ਹੀ ਨਹੀਂ, ਜੇਕਰ ਸਮੂਚੇ ‘ਦਰਬਾਰ ਸਾਹਿਬ ਕੰਪਲੈਕਸ’ `ਤੇ ਇੱਕ ਸਰਸਰੀ ਝਾਤ ਮਾਰ ਲਈ ਜਾਏ ਤਾਂ ਹਰੇਕ ਕੱਦਮ `ਤੇ ਇਸ ਚੋਂ ਮਾਨਵਤਾ ਅਤੇ ਗੁਰਬਾਣੀ ਦੇ ਸਿਧਾਂਤ, ਆਪ ਮੁਹਾਰੇ ਉਘੜਦੇ ਤੇ ਪ੍ਰਗਟ ਹੁੰਦੇ ਹਨ। ਤਾਂ ਤੇ ਉਨ੍ਹਾਂ `ਚੋਂ ਕੁੱਝ ਵਿਸ਼ੇਸ਼ਤਾਈਆਂ, ਵਿਲਖਣਤਾਵਾਂ, ਪ੍ਰਗਟਾਵੇ:-

ਗੱਲ ਕਰਦੇ ਹਾਂ ਦਰਸ਼ਨੀ ਡਿਓੜੀ `ਚ ਅਤੀ ਸੁੰਦਰ ਚਾਂਦੀ ਦੇ ਦਰਵਾਜ਼ਿਆਂ ਦੀ। ਦਰਸ਼ਨੀ ਡਿਓੜੀ ਦੇ ਦਰਵਾਜ਼ੇ ਦਾ ਫ਼ਰੇਮ ੧੦ ਫ਼ੁਟ ਉੱਚਾ ਤੇ ਸਾਢੇ ਅੱਠ ਫ਼ੁਟ ਚੌੜਾ ਹੈ। ਦਰਸ਼ਨੀ ਡਿਓੜੀ ਦੇ ਦਰਵਾਜ਼ੇ ਦਾ ਮੁੱਖ ਸਿਧਾ ‘ਦਰਬਾਰ ਸਾਹਿਬ" ਦੇ ਪੁੱਲ ਦੀ ਦਿਸ਼ਾ `ਚ ਖੁੱਲਦਾ ਹੈ। ਉਹ ਪੁੱਲ ਜਿਹੜਾ ‘ਅੰਮ੍ਰਿਤਸਰ ਸਰੋਵਰ’ ਤੋਂ ਸੰਗਤਾ ਰਾਹੀਂ ਅੰਦਰ ‘ਦਰਬਾਰ ਸਾਹਿਬ’ ਦੇ ਦਰਸ਼ਨਾਂ ਨੂੰ ਜਾਣ ਲਈ, ਇਕੋ ਇੱਕ ਰਾਹ ਹੈ। ਦਰਅਸਲ ਅੰਦਰ "ਦਰਬਾਰ ਸਾਹਿਬ" ਦੇ ਦਰਸ਼ਨਾਂ ਨੂੰ ਜਾਣ ਲਈ ਇਸ ਇਕੋ ਇੱਕ ਰਾਹ (ਪੁੱਲ) ਦਾ ਵਸ਼ੇਸ਼ ਗੁਰਮੱਤ ਮਹੱਤਵ ਹੈ ਜਿਸਦਾ ਜ਼ਿਕਰ ਅੱਗੇ ਚੱਲ ਕੇ ਆਵੇਗਾ। ਉਂਝ ਇਥੇ ਮਾਤ੍ਰ ਜਾਣਕਾਰੀ ਲਈ, ਇਸ ਪੁੱਲ ਦੀ ਲੰਬਾਈ ੨੦੨ ਫ਼ੁਟ ਤੇ ਚੌੜਾਈ ੨੧ ਫ਼ੁਟ ਹੈ।

(੨) ਇਹ ਵੀ ਕਿ ਦਰਸ਼ਨੀ ਡਿਓੜੀ ਵਿੱਚਲੀ ਕਲਾਕਰੀ ਆਪਣੇ ਅਪ `ਚ ਸੰਸਾਰ ਤਲ ਦੀ ਸਰਬਉੱਤਮ ਕਲਾਕਾਰੀ ਹੈ। ਇਹ ਹਿੰਦੂਆਂ ਤੇ ਮੁਸਲਮਾਨਾਂ ਵਿਚਾਲੇ ਆਪਸੀ ਪਿਆਰ, ਮਿਲਵਰਤਨ ਦੀ ਭਾਵਨਾ ਨੂੰ ਜਨਮ ਦਿੰਦੀ ਹੈ। ਦੂਜਾ, ਇਸ ਕਲਾਕਾਰੀ ਪ੍ਰਤੀ ਇਹ ਵੀ ਮੰਨਿਆ ਜਾਂਦਾ ਹੈ ਕਿ ਇਸ ਸਰਬ-ਉੱਤਮ ਕਾਲਕਾਰੀ `ਚੋਂ ਇੱਕ ਨਵੀਂ ਤੇ ਨਿਵੇਕਲੀ ਕਾਲਕਾਰੀ ਪ੍ਰਗਟ ਹਹੰਦੀ ਹੈ, ਜਿਸ ਨੂੰ ਸਿੱਖ ਧਰਮ ਦੀ ਨਿਰੋਲ ਆਪਣੀ, ਵਿਲੱਖਣ ਤੇ ਵਿਸ਼ੇਸ਼ ਕਲਾਕਾਰੀ ਵੀ ਕਿਹਾ ਜਾਂਦਾ ਹੈ। ਉਂਝ ਅਜਿਹੀ ਸੁੰਦਰ ਕਲਾਕਾਰੀ ਇਸ ਤੋਂ ਪਹਿਲਾਂ ਭਾਰਤ ਤਾਂ ਕੀ, ਸੰਸਾਰ ਭਰ `ਚ ਕਿਧਰੇ ਨਹੀਂ ਸੀ।

(੩) "ਦਰਬਾਰ ਸਾਹਿਬ" ਕੰਪਲੈਕਸ ਵਿਚਾਲੇ ‘ਅੰਮ੍ਰਿਤ ਸਰੋਵਰ’ ਹੈ ਅਤੇ ਇਸ ਸਰੋਵਰ ਦੇ ਵਿੱਚਕਾਰ "ਦਰਬਾਰ ਸਾਹਿਬ" ਦੀ ਮੂਲ ਇਮਾਰਤ ਹੈ। ਉਪ੍ਰੰਤ ‘ਅੰ੍ਰਿਤਸਰ (ਸਰੋਵਰ) ‘ਦੇ ਚਾਰੇ ਪਾਸੇ ੧੩ ਫ਼ੁਟ ਚੌੜੀ ਕਲਾਕ-ਵਾਈਜ਼ ਭਾਵ ਖੱਬੇ ਤੋਂ ਸੱਜੇ ਦਰਸ਼ਨੀ ਡਿਓੜੀ ਤੀਕ ਪ੍ਰਕਰਮਾ ਤੇ ਬਾਰਾਦਰੀ ਬਣੀ ਹੋਈ ਹੈ। ਜਦਕਿ ਓਦੋਂ ਇਨ੍ਹਾਂ ਸਮੂਹ ਕਾਰਜਾਂ ਦੀ ਸੰਪੂਰਣਤਾ ਪੰਚਮ ਪਾਤਸ਼ਾਹ ਦੀ ਆਪਣੀ ਦੇਖ ਰੇਖ `ਚ ਹੋਈ ਸੀ। ਉਂਜ ਗੁਰਦੇਵ ਨੂੰ ਇਨ੍ਹਾਂ ਸਮੂਚੇ ਕਾਰਜਾਂ ਦੌਰਾਨ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ, ਭਾਈ ਸਾਲੋ ਆਦਿ ਪਤਵੰਤੇ ਸਿਖਾਂ ਦਾ ਪੂਰਣ ਸਹਿਯੋਗ ਵੀ ਪ੍ਰਾਪਤ ਸੀ।

(੪) ਜ਼ਿਕਰ ਆ ਚੁੱਕਾ ਹੈ ਕਿ ‘ਦਰਸ਼ਨੀ ਡਿਓੜੀ’ ਵਿੱਚਲੀ ਕਲਾਕਾਰੀ, ਸਿੱਖ ਧਰਮ ਦੀ ਵਿਸ਼ੇਸ਼ ਦੇਣ ਤੇ ਵਿਰਾਸਤ ਹੈ। ਫ਼ਿਰ ਦਰਬਾਰ ਸਾਹਿਬ ਦੇ ਦਰਸ਼ਨ ਕਰਣੇ ਹੁੰਦੇ ਹਨ ਤਾਂ ਭਾਰਤੀ ਤੇ ਬ੍ਰਾਹਮਣੀ ਮੰਦਿਰਾਂ ਦੇ ਉਲਟ ਇਥੇ ਸਭ ਤੋਂ ਪਹਿਲਾਂ ਹੇਠਾਂ ਉਤਰਣਾ ਪੈਂਦਾ ਹੈ। ਸੰਗਤਾਂ ਲਈ ਅਜਿਹਾ ਕਰਣਾ ਆਪਣੇ ਆਪ `ਚ ਸੂਚਨਾ ਤੇ ਚੇਤਾਵਣੀ ਹੁੰਦੀ ਹੈ ਕਿ ਸੰਗਤਾਂ ਨੇ ਜਦੋਂ ਵੀ ਸਤਿਗੁਰਾਂ ਦੇ ਦਰ ਦੀ ਹਾਜ਼ਰੀ ਭਰਣੀ ਹੈ ਤਾਂ ਉਹ ਹਉਮੈ ਰਹਤਿ ਹੋ ਕੇ, ਨਿਰਮਾਣਤਾ ਸਹਿਤ ਸਤਿਗੁਰਾਂ ਦੇ ਚਰਣਾਂ `ਚ ਹਾਜ਼ਰੀ ਭਰਣ; ਨਾ ਕਿ ਮਨ ਅੰਦਰ ਕਿਸੇ ਪ੍ਰਕਾਰ ਦੇ ਸੰਸਾਰਕ ਵਡੱਪਣ ਆਦਿ ਨੂੰ ਆਪਣੇ ਨਾਲ ਲੈ ਕੇ ਅੰਦਰ ਹਾਜ਼ਰੀ ਭਰਣ ਆਉਣ।

(੫) ਭਾਰਤੀ ਪਰੰਪਰਾ ਤੇ ਖਾਸਕਰ ਬ੍ਰਾਹਮਣੀ ਵਰਣ ਵੰਡ ਅਨੁਸਾਰ ਖੜੇ ਪਾਣੀ ਨਾਲ ਬੇਅੰਤ ਸੁੱਚਾਂ-ਭਿਟਾਂ, ਵਹਿਮਾਂ-ਭਰਮਾਂ, ਟੂਣਿਆਂ-ਪ੍ਰਛਾਵਿਆਂ ਆਦਿ ਵਾਲੇ ਵਿਸ਼ਵਾਸ ਜੁੜੇ ਹੋਏ ਹਨ। ਇਥੋਂ ਤੀਕ ਕਿ ਅੱਜ ਵੀ ਬਹੁਤੇ ਇਲਾਕਿਆਂ `ਚ ਸਵਰਨ ਹਿੰਦੂਆਂ ਲਈ ਖੂਹ ਵੱਖਰੇ ਹਨ ਤੇ ਸ਼ੂਦਰਾਂ ਲਈ ਵੱਖਰੇ। ਇਸ ਤਰ੍ਹਾਂ ਸਵਰਨ ਹਿੰਦੂਆਂ ਦੇ ਖੂਹਾਂ ਨੂੰ ਅਖੌਤੀ ਸ਼ੂਦਰ ਹੱਥ ਵੀ ਨਹੀਂ ਲਗਾ ਸਕਦੇ। ਹੋਰ ਤਾਂ ਹੋਰ ਕੁੱਝ ਪਾਸੇ ਸਵਰਨ ਹਿੰਦੂਆਂ ਤੇ ਅਖੌਤੀ ਸ਼ੂਦਰਾਂ ਦੀਆਂ ਬਸਤੀਆਂ ਵੀ ਵੱਖ ਵੱਖ ਹਨ।

ਜਦਕਿ ਇਸ ਮਨੁੱਖੀ ਭੇਦ-ਭਾਵ ਵਾਲੀ ਵਿਚਾਰਧਾਰਾ ਦੇ ਵਿਰੁਧ, ਦਰਬਾਰ ਸਾਹਿਬ ਅੰਦਰ ਦਰਸ਼ਨ ਕਰਣ ਲਈ ਜਾਣ ਵਾਸਤੇ ਵੀ ਗੁਰਦੇਵ ਨੇ ਇਥੇ ਇਕੋ ਹੀ ਪੁਲ਼ ਬਣਾਇਆ ਹੋਇਆ ਹੈ। ਇਸੇ ਪੁਲ ਰਾਹੀਂ ਹਰੇਕ ਨੇ ਬਿਨਾ ਵਿੱਤਕਰਾ ਵਰਣ, ਜਾਤ, ਧਰਮ, ਮਜ਼ਹਬ, ਦੇਸ਼, ਲਿੰਗ, ਉਮਰ, ਨਸਲ ਸਾਰਿਆਂ ਨੇ ਇਕੱਠੇ ਦਰਸ਼ਨ ਕਰਣ ਲਈ ਅੰਦਰ ਜਾਣਾ ਤੇ ਵਾਪਿਸ ਵੀ ਉਸੇ ਤਰ੍ਹਾਂ ਆਉਣਾ ਹੁੰਦਾ ਹੈ। ਫ਼ਿਰ ਉਹ ਵੀ ਉਚੇਚੇ ‘ਅਮ੍ਰਿਤਸਰ (ਸਰੋਵਰ) ‘ਭਾਵ ਖੜੇ ਪਾਣੀ ਨੂੰ ਪਾਰ ਕਰਕੇ।

(੬) ਸਿੱਖ ਧਰਮ `ਚ ਬਿਨਾ ਵਿੱਤਕਰਾ ਬ੍ਰਾਹਮਣ-ਸ਼ੂਦਰ ਹਰੇਕ ਜਾਤ, ਧਰਮ, ਮਜ਼ਹਬ, ਦੇਸ਼, ਲਿੰਗ, ਉਮਰ, ਨਸਲ ‘ਸਾਂਝੀ ਸੰਗਤ’ ਤੇ ‘ਸਾਂਝੀ ਪੰਕਤ’ ਵਾਲੇ ਨਿਯਮ ਪਹਿਲੇ ਪਾਤਸ਼ਾਹ ਤੋਂ ਹੀ ਲਾਗੂ ਹੋ ਚੁੱਕੇ ਸਨ। ਫ਼ਿਰ ਗੋਇੰਦਵਾਲ ਸਾਹਿਬ `ਚ ‘ਬਾਉਲੀ ਸਾਹਿਬ’ ਕਾਇਮ ਕਰਕੇ, ‘ਸਾਂਝੇ ਇਸ਼ਨਾਨ’ ਫ਼ਿਰ ਉਸ ‘ਬਾਉਲੀ ਸਾਹਿਬ’ ਦੇ ਪਾਣੀ ਤੌਂ ਗੁਰੂ ਕੀਆਂ ਸਾਂਝੀਆਂ ਸੰਗਤਾਂ ਲਈ ‘ਸਾਂਝੇ ਲੰਗਰ’ ਤਿਆਰ ਕਰਣ ਤੇ ਛੱਕਣ ਵਾਲੀ, ਤੀਜੀ ਪ੍ਰਥਾ ਵੀ, ਤੀਜੇ ਜਾਮੇ ਸਮੇ ਜੋੜ ਦਿੱਤੀ ਗਈ।

ਹੁਣ ਪੰਜਵੇਂ ਜਾਮੇ ਤੀਕ ਸੰਗਤਾ `ਚ ਵੀ ਲਗਾਤਾਰ ਭਾਰੀ ਵਾਧਾ ਹੋ ਚੁੱਕਾ ਤੇ ਹੋ ਵੀ ਰਿਹਾ ਸੀ। ਇਹ ਵੀ ਚੂੰਕਿ ਸਿੱਖ ਧਰਮ ਦੇ ਨਵੇਂ ਵਸਾਏ ਕੇਂਦਰ, ‘ਗੁਰੂ ਕਾ ਚੱਕ’ ਨੇੜੇ ਕੋਈ ਨਦੀ ਵੀ ਨਹੀਂ ਸੀ। ਗੁਰਦੇਵ ਨੇ ‘ਸੰਤੌਖਸਰ’ ਦੇ ਨਾਲ ਨਾਲ ‘ਅੰਮ੍ਰਿਤਸਰ’ ਤੇ ‘ਰਾਮਸਰ’, ਭਾਵ ਇਸ ਤਰ੍ਹਾਂ ਤਿੰਨ ਸਰੋਵਰ ਤਿਆਰ ਕਰਵਾਏ ਤੇ ਇਨ੍ਹਾਂ ਨੂੰ ਹੰਸਲੀ ਨਦੀ ਤੋਂ ਸਦਾ ਲਈ ਤਾਜ਼ੇ ਪਾਣੀ ਦੀ ਸਪਲਾਈ ਵਾਲਾ ਬਾਨੰਣ ਵੀ ਬੰਨ ਦਿੱਤਾ। ਇਸਤਰ੍ਹਾਂ ਇਥੇ ਕੇਵਲ ਸਾਂਝੇ ਇਸ਼ਨਾਨ ਹੀ ਨਹੀਂ ਬਲਕਿ ਸਾਂਝੇ ਲੰਗਰ ਤਿਆਰ ਕਰਣ ਸਮੇਤ ਸਾਰੀਆਂ ਮਨੁੱਖੀ ਲੋੜਾਂ ਵੀ ਇਨ੍ਹਾਂ ਸਰੋਵਰਾਂ ਤੋਂ ਹੀ ਪੂਰੀਆਂ ਹੁੰਦੀਆਂ ਸਨ।

ਇਸ ਤਰ੍ਹਾਂ "ਸਾਂਝੀ ਸੰਗਤ, ਸਾਂਝੀ ਪੰਗਤ, ਸਾਂਝੇ ਇਸ਼ਨਾਨ" ਗੁਰੂ ਦਰ ਦੀਆਂ ਅਜਿਹੀਆਂ ਤਿੰਨ ਵਡਿਆਈਅਂਾਂ ਹਨ, ਜਿਹੜੀਆਂ ਆਪਣੇ ਆਪ `ਚ ਹਜ਼ਾਰਾਂ ਸਾਲਾਂ ਤੋਂ ਜਾਤ-ਪਾਤ, ਵਰਣ ਵੰਡ, ਊਚ-ਨੀਚ ਦੇ ਸਾਮਾਜਿਕ ਕੋੜ੍ਹ `ਤੇ ਸਦਾ ਲਈ ਭਰਵੀਂ ਚੋਟ ਹਨ।

(੭) ਗੁਰਦੇਵ ਨੇ ‘ਅੰਮ੍ਰਿਤਸਰ (ਸਰੋਵਰ) ‘ਭਾਵ ਉਚੇਚੇ ਖੜੇ ਪਾਣੀ ਦੇ ਬਿਲਕੁਲ ਵਿੱਚਕਾਰ ਅੱਠਾਂ ਕੋਣਿਆਂ ਨੂੰ ਖੁੱਲਣ ਵਾਲੇ ‘ਦਰਬਾਰ ਸਾਹਿਬ’ ਦੀ ਮੁੱਖ ਇਮਾਰਤ `ਚ ਤੇ ਉਥੇ ਵੀ ਉਚੇਚੇ ਚਾਰ ਦਰਵਾਜ਼ੇ (ਰਸਤੇ) ਬਣਵਾਏ। ਇਹ ਸਭ ਇਸ ਦਾ ਲਖਾਇਕ ਹਨ ਕਿ ਸੰਸਾਰ ਭਰ ਦੇ ਕਿਸੇ ਵੀ ਕੋਣੇ ਦੇ ਕਿਸੇ ਵੀ ਮਨੁੱਖ ਲਈ ਬਿਨਾ ਵਿੱਤਕਰਾ ਜਾਤ ਧਰਮ ਦੇਸ਼ ਲਿੰਗ ਰੰਗ ਉਮਰ ਨਸਲ-ਦਰਸ਼ਨਾਂ ਲਈ ਇਹ ਦਰਬਾਰ ਖੁੱਲਾ ਹੈ। ਇਹ ਵੀ ਕਿ ਅੰਦਰ ਦਰਸ਼ਨਾਂ ਲਈ ਪੁੱਜਣ ਲਈ ਸਮੂਹ ਸੰਗਤਾਂ ਲਈ ‘ਅ੍ਰਿੰਮਤ ਸਰੋਵਰ’ ਦੇ ਵਿੱਚਕਾਰ ਬਣੇ ਹੋਏ ਪੁੱਲ ਵਾਲਾ ਰਸਤਾ ਵੀ ਸਾਰਿਆਂ ਕਈ ਇੱਕੋ ਹੀ ਹੈ।

(੮) ‘ਅਮ੍ਰਿਤ ਸਰੋਵਰ’ ਦੇ ਵਿਚਕਾਰ, ਜਿਹੜੀ ਦਰਬਾਰ ਸਾਹਿਬ ਦੀ ਮੂਲ ਤਿੰਨ ਮੰਜ਼ਿਲਾ ਇਮਾਰਤ ਹੈ। ਉਸ ਦੀ ਉਪਰਲੀ ਮੰਜ਼ਿਲ `ਤੇ ਚਾਰੇ ਪਾਸੇ ੪ ਫ਼ੁਟ ਉੱਚਾ ਬਨੇਰਾ ਬਣਿਆ ਹੋਇਆ ਹੈ। ਇਸ ਉਪਰਲੀ ਮੰਜ਼ਿਲ `ਤੇ ੪ ਮਮਟੀਆਂ ਤੇ ਗੁੰਬਜ਼ ਹਨ। ਇਸ ਤਰ੍ਹਾਂ ਉਨ੍ਹਾਂ ਅਤੀ ਸੁੰਦਰ ਗੁੰਬਜ਼ਾਂ ਉਪਰ ਕਲਸ਼ ਲਗੇ ਹੋਏ ਹਨ। ਜਦਕਿ ਭਾਰਤੀ ਮੰਦਿਰਾਂ ਦੇ ਉਲਟ, ਉਥੇ ਉਲਟੇ ਕਮਲ ਬਨਾਏ ਹੋਏ ਹਨ ਅਤੇ ਉਨ੍ਹਾਂ ਉਲਟੇ ਕਮਲ ਦੇ ਫੁਲਾਂ ਹੇਠ ਅਤੀ ਸੁੰਦਰ ਛੱਤਰੀਆਂ ਬਣੀਆਂ ਹੋਈਆਂ ਹਨ।

(੯) ਕੰਪਲੈਕਸ ਵਿੱਚਲੀ ‘ਦਰਬਾਰ ਸਾਹਿਬ’ ਦੀ ਮੁੱਖ ਇਮਾਰਤ ਸੰਬੰਧੀ ਇੱਕ ਹੋਰ ਵਿਸ਼ਾ ਵੀ ਵਿਸ਼ੇਸ਼ ਧਿਆਣ ਮੰਗਦਾ ਹੈ। ਉਹ ਵਿਸ਼ਾ ਇਹ ਹੈ ਕਿ ਸਮੂਚੇ ਬ੍ਰਾਹਮਣੀ ਮੰਦਿਰਾਂ ਦੇ ਉਲਟ ਇਥੇ ‘ਦਰਬਾਰ ਸਾਹਿਬ’ ਵਿੱਚਲੀ ਮੁੱਖ ਤੇ ਮੂਲ ਇਮਾਰਤ `ਚ ਕਿਸੇ ਪ੍ਰਕਾਰ ਦੀ ਕੋਈ ਵੀ ਫ਼ੋਟੋ ਜਾਂ ਮੂਰਤੀ ਆਦਿ ਨਹੀਂ ਲਗਾਈ ਜਾ ਸਕਦੀ ਤੇ ਨਾ ਹੀ ਇਥੇ ਗੁਰਬਾਣੀ ਆਧਾਰਤ "ਗੁਰੂ" ਤੇ "ਅਕਾਲਪੁਰਖ" ਤੋਂ ਇਲਾਵਾ ਕਿਸੇ ਮਨੁੱਖ ਦਾ ਗੁਣ ਗਾਣ ਹੀ ਹੋ ਸਕਦਾ ਹੈ।

‘ਤਰਨਤਾਰਨ ਸਾਹਿਬ’ ਦਾ ਵਸਾਉਣਾ-ੳਿੁਪ੍ਰੰਤ ਗੁਰਦੇਵ ਰਾਹੀਂ ਉਚੇਚੇ ਸਖੀ ਸਰਵੜੀਆਂ ਦੇ ਉਸ ਸਮੇਂ ਦੇ ਸਭ ਤੋਂ ਵੱਡੇ ਗੜ੍ਹ `ਚ ਪੁੱਜ ਕੇ ‘ਤਰਨਤਾਰਨ ਸਾਹਿਬ’ ਵਸਾਉਣਾ। ਫ਼ਿਰ ਉਥੇ ਵੀ ਇੱਕ ਹੋਰ ‘ਸਰੋਵਰ ਸਮੇਤ’ "ਦਰਬਾਰ ਸਾਹਿਬ, ਤਰਨਤਾਰਨ ਸਾਹਿਬ" ਕਾਇਮ ਕਰ ਦੇਣਾ ਤੇ ਤਰਨਤਾਰਨ ਨਗਰ ਵੀ ਕਾਇਮ ਕਰ ਦੇਣਾ। ਸਮੇਂ ਦੇ ਇਤਨੇ ਵੱਡੇ ਸੂਰਮਤਾਈ ਦੇ ਕਾਰਨਾਮੇ ਸਨ ਜਿਨ੍ਹਾਂ ਦਾ ਅੱਜ ਅੰਦਾਜ਼ਾ ਲਾਉਣਾ ਵੀ ਸੌਖਾ ਨਹੀਂ ਜਦਕਿ ਉਹ ਸਭ ਵੀ ਇਸੇ ਲੜੀ `ਚ ਹੀ ਸੀ।

ਬਲਕਿ ਇਥੇ ਤਰਨਤਾਰਨ ਸਾਹਿਬ `ਚ ਗੁਰਦੇਵ ਨੇ ਇੱਕ ਕੋੜ੍ਹੀਆਂ ਲਈ ਹਸਪਤਾਲ ਵੀ ਬਣਵਾਇਆ ਸੀ। ਇਹ ਵੱਖਰੀ ਗੱਲ ਹੈ, ਉਸ ਕੋੜ੍ਹੀਆਂ ਦੇ ਹਸਪਤਾਲ ਨੂੰ ਸਿੱਖਾਂ ਨੇ ਖ਼ੁੱਦ ਨਹੀਂ ਸੰਭਾਲਿਆ ਅਤੇ ਅੱਜ ਇਸਾਈ ਮਿਸ਼ਨਰੀ ਹੀ ਉਸ ਹਸਪਤਾਲ ਨੂੰ ਚਲਾ ਰਹੇ ਹਨ।

‘ਛੇਹਰਟਾ ਸਾਹਿਬ, ਅੰਮ੍ਰਿਤਸਰ’ ਵਸਾਉਣਾ- ਇਸ ਤੋਂ ਇਲਾਵਾ ਗੁਰਮੱਤ ਪ੍ਰਚਾਰ ਦੇ ਆਪਣੇ ਪ੍ਰਚਾਰ ਦੌਰਿਆਂ ਦੌਰਾਨ ਹੀ, ਆਪ ਨੇ ‘ਛੇਹਰਟਾ ਸਾਹਿਬ, ਅੰਮ੍ਰਿਤਸਰ’ ਵੀ ਵਸਾਇਆ ਸੀ। ਇਹ ਵੱਖਰੀ ਗੱਲ ਹੈ ਕਿ ਉਸ ਪ੍ਰਕਰਣ ਦੀ ਲੋੜ ਅਨੁਸਾਰ ਅਸੀਂ ਉਸਦਾ ਵਰਨਣ ਵੀ ਕੁੱਝ ਅੱਗੇ ਚੱਲ ਕੇ ਕਰਾਂਗੇ।

"ਕਰਤਾਰਪੁਰ ਸਾਹਿਬ" (ਜਲੰਧਰ) ਦਾ ਵਸਾਉਣਾ-ਉਪ੍ਰੰਤ ਸੰਨ 1593 `ਚ ਗੁਰੂਦਰ ਦੇ ਅਨਿੰਨ ਸੇਵਕ, ਜਲੰਧਰ ਦੇ ਗਵਰਨਰ ਅਜ਼ੀਮ ਖਾਂ ਰਾਹੀਂ ਆਪ ਨੂੰ ਇਲਾਕਾ ਭੇਟ ਕਰਣ ਤੇ ਉਸੇ ਦੀ ਬੇਨਤੀ `ਤੇ ਆਪ ਨੇ ਦੂਜਾ "ਕਰਤਾਰਪੁਰ ਸਾਹਿਬ" (ਜਲੰਧਰ) ਵੀ ਵਸਾ ਦਿੱਤਾ

"ਗੁਰਦੁਆਰਾ ਬਾਉਲੀ ਸਾਹਿਬ-ਲਾਹੌਰ" ਬਣਵਾਇਆ- ਪੰਚਮ ਪਿਤਾ ਨੇ ਆਪਣੇ ਪ੍ਰਚਾਰ ਦੌਰਿਆਂ ਦੌਰਾਨ, ਚੂਨਾ ਮੰਡੀ ਲਾਹੌਰ ਵਿਖੇ, (੧) ਚੌਥੇ ਪਾਤਸ਼ਾਹ, "ਗੁਰੂ ਰਾਮਦਾਸ ਜੀ ਦਾ ਜਨਮ ਸਥਾਨ" ਅਤੇ ਲਾਹੌਰ ਦੇ ਡੱਬੀ ਬਾਜ਼ਾਰ `ਚ (੨) "ਧਰਮਸਾਲਾ ਬਾਉਲੀ ਸਾਹਿਬ’ ਅਥਵਾ ‘(ਗੁਰਦੁਆਰਾ ਬਾਉਲੀ ਸਾਹਿਬ-ਲਾਹੌਰ) "ਵੀ ਬਣਵਾਈ/ ਬਣਵਾਇਆ। ਜਦਕਿ ਪ੍ਰਕਰਣ ਦੀ ਲੋੜ ਅਨੁਸਾਰ, ਇਸ ਦਾ ਵੇਰਵਾ ਵੀ ਕੁੱਝ ਅੱਗੇ ਚੱਲ ਕੇ ਹੀ ਆਵੇਗਾ ਜੀ।

ਗੁਰਗਦੀ ਕਾਲ ਦੇ ਸੀਮਤ ਜਿਹੇ ਸਮੇਂ `ਚ "ਆਦਿ ਬੀੜ" ਨੂੰ ਤਰਤੀਬ ਤੇ ਸੰਪਾਦਨਾ ਵਾਲੇ ਅਤਿ ਕਠਿਨ ਤੇ ਮਹਾਨ ਕਾਰਜ ਦੇ ਨਾਲ ਨਾਲ-

(ੳ) ਇੰਨੀਆਂ ਵੱਧ ਤੇ ਨਵੀਆਂ ਉਸਾਰੀਆਂ ਅਤੇ ਨਗਰਾਂ ਦੀ ਸਿਰਜਣਾ।

(ਅ) ਔੜ ਦੇ ਤਿੰਨ ਭਿਅੰਕਰ ਸਾਲਾਂ ਦੌਰਾਨ ਪ੍ਰਚਾਰ ਦੌਰਾ ਵੀ ਲਗਾਤਾਰ ਚਾਲੂ ਰਹਿਣਾ।

(ੲ) ਦੂਜੇ ਪਾਸੇ ਹਰ ਸਮੇਂ ਵਿਰੋਧੀਆਂ ਦੀਆਂ ਸਾਜ਼ਸਾਂ ਤੇ ਅਰੁੱਕ ਤਾਬੜ ਤੌੜ ਹਮਲੇ।

ਜਦਕਿ ਇਹ ਸਭਕੁਝ ਪੰਜਵੇਂ ਗੁਰਦੇਵ ਦੀ ਸੂਝ-ਬੂਝ, ਦੂਰ-ਦਰਸ਼ਿਤਾ ਤੇ ਲਾਸਾਨੀ ਦਲੇਰੀ ਸੂਰਬੀਰਤਾ, ਸਹਿਨਸ਼ੀਲਤਾ ਅਤੇ ਅਡੋਲਤਾ ਦੀ ਹੀ ਨਿਵੇਕਲੀ ਮਿਸਾਲ ਹਨ।

ਇਸਤਰ੍ਹਾਂ ਪ੍ਰਚਾਰ ਦੌਰਿਆ ਦੌਰਾਨ- "ਸਖੀ ਸਰਵਰੜੀਆਂ" ਦੇ ਗੜ੍ਹ ਚ ਪੁੱਜ ਕੇ ‘ਤਰਨਤਾਰਨ ਸਾਹਿਬ’ ਵਸਾਉਣਾ ਤੇ ਨਾਲੋ ਨਾਲ ਦਿਨ-ਰਾਤ ਇੱਕ ਕਰ ਕੇ, ਗੁਰੂ ਨਾਨਕ ਦੀ ਸਿੱਖੀ ਦਾ ਅਰੁੱਕ ਪ੍ਰਚਾਰ, ਅਜਿਹੇ ਅਤਿ ਕਠਿਨ ਕਾਰਜ ਸਨ, ਜਿਹੜੇ ਪੰਜਵੇਂ ਪਾਤਸਾਹ ਸਮੇਂ ਹੋਏ।

ਇਸ ਤਰ੍ਹਾਂ ਇਹ ਕਾਰਜ ਓਦੋਂ ਵੀ ਮਹਾਨ ਤਾਂ ਹੈਣ ਹੀ ਸਨ, ਨਾਲ ਨਾਲ ਇਹ ਪ੍ਰਾਪਤੀਆਂ, "ਸਿੱਖ ਲਹਿਰ ਦੇ ਪ੍ਰਚਾਰ ਤੇ ਪ੍ਰਸਾਰ ਦਾ ਸਦੀਵੀ ਆਧਾਰ ਵੀ ਸਾਬਤ ਹੋਈਆਂ"। ਜਦਕਿ ਇੰਨ੍ਹਾਂ `ਚੋਂ ਬਹੁਤੇ ਕਾਰਜ ਤਾਂ ਅਤਿਅੰਤ ਕਠਿਨ ਹਾਲਾਤ `ਚ ਕੀਤੇ ਹੋਏ ਪ੍ਰਚਾਰ ਦੌਰਿਆਂ ਦਾ ਹੀ ਹਿੱਸਾ ਸਨ।

ਫ਼ਿਰ ਉਨ੍ਹਾਂ ਪ੍ਰਚਾਰ ਦੌਰਿਆਂ ਦੌਰਾਨ ਹੀ- ਦਰਅਸਲ ਹੁਣ ਤੀਕ ਜਿਹੜਾ ਜ਼ਿਕਰ ਚੱਲ ਰਿਹਾ ਹੈ ਇਸ ਅੰਦਰ ਬਹੁਤਾ ਵਿਸ਼ਾ ਤਾਂ ਗੁਰਦੇਵ ਦੇ "ਪ੍ਰਚਾਰ ਦੌਰਿਆਂ" ਨਾਲ ਵੀ ਸੰਬੰਧਤ ਹੈ। ਜਦਕਿ ਗੁਰਦੇਵ ਰਾਹੀਂ "ਪ੍ਰਚਾਰ ਦੌਰਿਆਂ" ਦੇ ਅਰੰਭ ਤੋਂ ਪਹਿਲਾਂ "ਆਦਿ ਬੀੜ" ਨੂੰ ਤਰਤੀਬ ਦੇਣੀ ਅਤੇ ਉਸਦੀ ਸੰਪਾਦਨਾ। ਉਪ੍ਰੰਤ ਸੰਤੋਖਸਰ, ਅੰਮ੍ਰਿਤਸਰ, ਰਾਮਸਰ ਚੋਂ ਦੋ ਸਰੋਵਰਾਂ ਦੀ ਨਵੇਂ ਸਿਰਿਓਂ ਖੁਦਵਾਈ ਸਹਿਤ, ਤਿੰਨਾਂ ਸਰੋਵਰਾਂ ਦੀ ਸੰਪੂਰਣਤਾ। ਸਾਰੇ ਦੇ ਨਾਲ ਨਾਲ "ਗੁਰੂ ਰਾਮਦਾਸ ਪੁਰ" (ਅਜੋਕਾ ਸ੍ਰੀ ਅੰਮ੍ਰਤਸਰ ਸ਼ਾਹਿਬ) ਵਸਾਉਣਾ, ਅੰਮ੍ਰਿਤਸਰ (ਸਰੋਵਰ) ਸਹਿਤ ਪੂਰੇ ਦਰਬਾਰ ਸਾਹਿਬ ਕੰਪਲੈਕਸ ਦੀ ਨਿਰਮਾਣਤਾ; ਗੁਰਦੇਵ ਨੇ ਜਿਤਨੇ ਕਾਰਜ ਵੀ ਇੱਕ "ਨੇਸ਼ਨ ਬਿਲਡਰ" ਦੇ ਤੌਰ `ਤੇ ਕੀਤੇ ਜਾਂ ਜੋ ਕੁੱਝ ਬਣਵਾਇਆ, ਇਸ ਤੋਂ ਬਾਅਦ ਬਾਕੀ ਸਾਰਿਆਂ ਦਾ ਸੰਬੰਧ ਪਾਤਸ਼ਾਹ ਦੇ ਪ੍ਰਚਾਰ ਦੌਰਿਆਂ ਨਾਲ ਹੀ ਹੈ। ਇਸਤਰ੍ਹਾਂ ਅਗਲੇਰੇ ਸਾਰੇ ਕਾਰਜ ਗੁਰਦੇਵ ਦੇ ਪ੍ਰਚਾਰ ਦੌਰਿਆਂ ਦੌਰਾਨ ਹੀ ਹੋਏ ਸਨ।

ਇਥੋਂ ਤੀਕ ਕਿ ਬਾਲ (ਗੁਰੂ) ਹਰਿਗੋਬਿੰਦ ਜੀ ਦਾ ਆਗਮਨ ਵੀ ਗੁਰਦੇਵ ਦੇ ਉਨ੍ਹਾਂ ਅਤਿਅੰਤ ਕਠਿਨ ਪ੍ਰਚਾਰ ਦੌਰਿਆਂ ਦੌਰਾਨ ਹੀ ਗੁਰੂ ਕੀ ਵਡਾਲੀ `ਚ ਹੋਇਆ ਸੀ ਅਤੇ ਉਹ ਵੀ ਕਿਸੇ ਟਿਕਾਅ ਦੇ ਸਮੇਂ ਨਹੀਂ।

ਅਤਿੰਅਤ ਕਠਿਨ ਕਿਉਂ? - ਉਸ ਸਮੇਂ ਦੀ ਇਸ ਤੋਂ ਵੱਡੀ ਗੱਲ ਇਹ ਵੀ ਹੈ ਕਿ ਇਹ ਸਭ ਪ੍ਰਚਾਰ ਦੌਰੇ ਅਤੇ ਕਾਰਜ, ਆਪ ਦੇ ਕਿਸੇ ਸ਼ਾਂਤੀ ਕਾਲ `ਚ ਨਹੀਂ ਸਨ ਹੋ ਰਹੇ ਬਲਕਿ ਇਹ ਸਭ ਕਾਰਜ ਉਦੋਂ ਵੀ ਚਾਲੂ ਰਹੇ, ਜਦੋਂ ਇੱਕ ਪਾਸੇ ਉਨ੍ਹਾਂ ਇਲਾਕਿਆਂ `ਚ ਕਾਲ ਤੇ ਚੇਚਕ ਆਦਿ ਮਹਮਾਰੀਆਂ ਦਾ ਪ੍ਰਕੋਪ ਸੀ ਤੇ ਨਾਲ-ਨਾਲ ਗੁਰੂ ਦਰ ਦੇ ਵਿਰੋਧੀਆਂ ਦੇ ਵਾਰ ਵੀ ਗੁਰੂ ਦਰਬਾਰ `ਤੇ ਦਿਨ-ਰਾਤ ਹੋ ਰਹੇ ਸਨ। ਖਾਸਕਰ ਪ੍ਰਿਥੀਚੰਦ ਵੱਲੋਂ ਬਾਲ ਗੁਰੂ ਹਰਿਗੋਬਿੰਦ ਜੀ ਉਪਰ ਇੱਕ ਤੋਂ ਬਾਅਦ ਇੱਕ ਮਾਰੂ ਹਮਲਾ, ਲਗਾਤਰ ਚਾਰ ਹਮਲੇ ਵੀ ਉਸ ਦੌਰਾਨ ਹੀ ਹੋਏ ਸਨ।

ਕਾਲ, ਚੇਚਕ ਅਤੇ ਬੇਅੰਤ ਔਕੜਾਂ- ਉਸ ਜ਼ਮਾਨੇ `ਚ ਖੇਤੀ ਦਾ ਵਸੀਲਾ ਨਹਿਰਾਂ ਨਹੀਂ ਸਨ ਹੁੰਦੀਆਂ। ਓਦੋਂ ਖੇਤੀ ਦਾ ਸਾਰਾ ਕੰਮ, ਬਾਰਸ਼ਾਂ ਅਤੇ ਖੂਹਾਂ ਆਸਰੇ ਹੀ ਚੱਲਦਾ ਸੀ। ਦੂਜੇ ਪਾਸੇ, ਕਾਦਿਰ ਦੀ ਕਰਨੀ, ਪੰਚਮ ਪਿਤਾ ਸਮੇਂ, ਇੱਕ ਵਾਰ ਲਗਾਤਾਰ ਤਿੰਨ ਸਾਲ ਬਾਰਸ਼ਾਂ ਹੀ ਨਾ ਹੋਈਆਂ, ਸਾਰੇ ਖੇਤ ਬੰਜਰ ਹੋ ਗਏ ਜਿਸ ਕਾਰਣ ਲੋਕਾਈ ਬੇਹਾਲ ਸੀ, ਇਸ ਤਰ੍ਹਾਂ ਇਹ ਓੜ ਤੇ ਕਾਲ ਵੀ ਕਾਫ਼ੀ ਲੰਮਾ ਸਮਾਂ ਚਲਿਆ। ਇਹੀ ਕਾਰਣ ਹੈ ਕਿ ਉਸ ਸਮੇਂ ਆਪ ਦੇ ਪ੍ਰਚਾਰ ਦੌਰੇ ਦੇ ਨਾਲ-ਨਾਲ ਲੋਕਾਈ ਦੀ ਸੇਵਾ-ਸੰਭਾਲ ਦਾ ਵਿਸ਼ਾ ਵੀ ਸਭ ਤੋਂ ਉਪਰ ਆ ਚੁੱਕਾ ਹੋਇਆ ਸੀ।

ਇਸੇ ਕਾਰਣ ਉਸ ਸਮੇਂ, ਗੁਰਦੇਵ ਨੇ ਅੰਮ੍ਰਿਤਸਰ ਨੂੰ ਛੱਡ ਕੇ ਕੁੱਝ ਸਮੇਂ ਲਈ ਆਪਣਾ ਪੱਕਾ ਡੇਰਾ "ਗੁਰੂ ਕੀ ਵਡਾਲੀ" (ਵਡਾਲੀ ਸਾਹਿਬ) ਵਿਖੇ ਹੀ ਬਣਾ ਲਿਆ ਸੀ। ਆਪ ਨੇ ਓਦੋਂ ਲੋਕਾਈ ਦੀ ਮੱਦਦ ਲਈ ਖਾਸ ਤੌਰ `ਤੇ ਇੱਕ ਹਰਟੇ ਤੋਂ ਇਲਾਵਾ ਅਨੇਕਾਂ ਦੋ ਹਰਟੇ, ਤਿੰਨ ਤੇ ਚਾਰ ਹਰਟੇ ਖੂਹ ਨਵੇਂ ਵੀ ਖੁਦਵਾਏ ਸਨ। ਇਸੇ ਦੌਰਾਨ, ਜਦੋਂ ਲੋਕਾਈ ਦੀ ਮਦਦ ਲਈ ਆਪ ਦਿਨ-ਰਾਤ ਇੱਕ ਕਰ ਰਹੇ ਸਨ ਤਾਂ ਇੰਨ੍ਹਾਂ ਦਿਨਾਂ `ਚ ਹੀ ੧੯ ਜੂਨ ਸੰਨ ੧੫੯੫ ਨੂੰ ਆਪ ਦੇ ਗ੍ਰਹਿ ਵਿਖੇ ਬਾਲ (ਗੁਰੂ) ਹਰਿਗੋਬਿੰਦ ਜੀ ਦਾ ਆਗਮਨ ਵੀ ਵਡਾਲੀ ਅਥਵਾ "ਗੁਰੂ ਕੀ ਵਡਾਲੀ" ਵਿਖੇ ਹੀ ਹੋਇਆ ਸੀ।

ਉਨ੍ਹਾਂ ਪ੍ਰਚਾਰ ਦੌਰਿਆਂ ਦੌਰਾਨ, ਚੂੰਕਿ ਸਾਰਾ ਕਾਰਜ ਹੀ ਕਾਲ ਪੀੜਤਾਂ ਦੀ ਸੰਭਾਲ ਦਾ ਚੱਲ ਰਿਹਾ ਸੀ। ਇਸ ਲਈ ਕਾਲ ਦੀ ਮਾਰ ਤੋਂ ਬੇਹਾਲ ਲੋਕਾਈ ਵੀ ਲਗਾਤਾਰ ਦੇਖ ਰਹੀ ਸੀ ਕਿ ਕਿਸ ਤਰ੍ਹਾਂ ਪੰਚਮ ਪਿਤਾ, ਆਪਣੇ ਆਪ ਨੂੰ ਅੰਤਾਂ ਦਾ ਬੇ-ਆਰਾਮ ਕਰਕੇ, ਉਨ੍ਹਾਂ ਮਜਬੂਰਾਂ ਤੇ ਬੇਸਹਾਰਾ ਹੋ ਰਹੇ ਲੋਕਾਂ ਦਾ ਦਰਦ ਵੰਡਾਉਣ `ਚ ਸੰਗਤਾਂ ਸਮੇਤ ਇਕ-ਜੁੱਟ ਹੋਏ ਪਏ ਹਨ। ਬਲਕਿ ਉਸ ਤੋਂ ਇੱਕ ਦੰਮ ਪਹਿਲਾਂ "ਦਰਬਾਰ ਸਾਹਿਬ ਅੰਮ੍ਰਿਤਸਰ" ਆਦਿ ਵਾਲੇ ਲਗਾਤਰ ਚੱਲ ਰਹੇ ਕਾਰਜਾਂ ਨਾਲ ਸੰਬੰਧਤ ਆ ਰਹੀ ਦਸਵੰਧ ਦੀ ਭੇਟਾ ਵੀ, ਗੁਰਦੇਵ ਮਹਾਮਾਰੀ ਤੇ ਕਾਲ ਪੀੜਤਾਂ ਲਈ ਹੀ ਖਰਚ ਕਰ ਰਹੇ ਸਨ। ਅਜਿਹੇ ਨਾਜ਼ੁਕ ਹਾਲਾਤ `ਚ ਗੁਰੂ ਕੀਆਂ ਸੰਗਤਾਂ ਤੋਂ ਇਲਾਵਾ ਆਮ ਲੋਕਾਈ ਦੇ ਮਨ `ਤੇ ਵੀ, ਗੁਰੂ ਸਾਹਿਬ ਦੀ ਇਸ ਅਣਥੱਕ ਕਰਣੀ ਦਾ ਬਹੁਤ ਵੱਡਾ ਤੇ ਸੁਖਾਂਵਾਂ ਪ੍ਰਭਾਵ ਸੀ।

ਛੇਹਰਟਾ ਸਾਹਿਬ ਸੰਬੰਧੀ- ਲੋੜ ਅਨੁਸਾਰ ਸਹੀ, ਪਰ "ਛੇਹਰਟਾ ਸਾਹਿਬ" ਬਾਰੇ ਅਤੀ ਸੰਖੇਪ ਜਿਹਾ ਵਰਨਣ ਆ ਚੁੱਕਾ ਹੈ। ਤਾਂ ਵੀ ਦੇਖਣਾ ਹੈ ਕਿ ਬੇਸ਼ੱਕ ਗੁਰੂ ਦਰ `ਤੇ ਹਰਖ ਤੇ, ਸੋਗ ਦੋਵੇਂ ਬਰਾਬਰ ਹਨ ਅਤੇ ਪ੍ਰਭੂ ਰਚਨਾ `ਚ, ਸੰਸਾਰ ਚੱਕਰ ਦਾ ਦੋਵੇਂ ਹਿੱਸਾ ਹਨ। ਫ਼ਿਰ ਵੀ ਅਜਿਹੇ ਭਿਅੰਕਰ ਹਾਲਾਤ ਦੌਰਾਨ ਬਾਲ ਗੁਰੂ ਹਰਿਗੋਬਿੰਦ ਜੀ ਦੇ ਆਗਮਨ ਸੰਬੰਧੀ ਉਥੋਂ ਦੀ ਲੋਕਾਈ ਦੀ ਮੰਗ ਸੀ ਕਿ ਗੁਰਦੇਵ, (ਬਾਲ ਗੁਰੂ) ਹਰਿ ਗੋਬਿੰਦ ਜੀ ਦੇ ਆਗਮਨ ਦੀ ਖੁਸ਼ੀ `ਚ ਕੋਈ ਨਾ ਕਈ ਪੱਕੀ ਤੇ ਸਦੀਵ ਕਾਲੀਨ ਯਾਦਗਾਰ ਜ਼ਰੂਰ ਕਾਇਮ ਕਰ ਦੇਣ।

ਇਸ `ਤੇ ਆਪ ਨੇ ਲੋਕਾਈ ਦੇ ਉਨ੍ਹਾਂ ਜਜ਼ਬਾਤਾਂ ਦੀ ਕੱਦਰ ਕਰਦੇ ਹੋਏ ਅਤੇ ਉਨ੍ਹਾਂ ਦੀ ਹੀ ਆਪਣੀ ਮੰਗ ਅਨੁਸਾਰ ਤੇ ਸਮੇਂ ਦੀਆਂ ਲੋੜਾਂ ਨੂੰ ਵੀ ਮੁਖ ਰੱਖਦੇ ਹੋਏ, (ਬਾਲ ਗੁਰੂ) ਹਰਿਗੋਬਿੰਦ ਜੀ ਦੇ ਆਗਮਨ ਦੀ ਯਾਦ `ਚ ਬਾਕੀ ਦੋ-ਹਰਟੇ, ਤਿੰਨ-ਹਰਟੇ ਖੂਹਾਂ ਨੂੰ ਖੁਦਵਾਉਣ ਵਾਲੀ ਲੜੀ `ਚ ਹੀ ਇੱਕ "ਛੇ-ਹਰਟਾ ਖੂਹ" ਵੀ ਖੁਦਵਾਇਆ।

ਬਾਅਦ `ਚ ਇਸ ਪੂਰੇ ਇਲਾਕੇ ਦਾ ਨਾਮ ਇਸੇ ਇਤਿਹਾਸਕ "ਛੇ-ਹਰਟੇ" ਖੂਹ ਦੇ ਨਾਮ `ਤੇ ਵਡਾਲੀ ਤੋਂ ‘ਗੁਰੂ ਕੀ ਵਡਾਲੀ ਅਥਵਾ ਵਡਾਲੀ ਸਾਹਿਬ’ ਆਦਿ ਤੋਂ ਹੀ "ਛੇਹਰਟਾ ਸਾਹਿਬ" ਕਰਕੇ ਮਸ਼ਹੂਰ ਹੋ ਗਿਆ। ਫ਼ਿਰ ਉਸੇ ਤੋਂ, ਅਤੇ ਉਸ ਯਾਦ `ਚ ਅੱਜ ਉਥੇ ‘ਗੁਰਦੁਆਰਾ ਛੇਹਰਟਾ ਸਾਹਿਬ’ ਵੀ ਕਾਇਮ ਹੈ। ਇਹ ਸਥਾਨ ਅੰਮ੍ਰਿਤਸਰ ਤੋਂ ਲਹਿੰਦੇ ਪਾਸੇ ਚਾਰ ਕੁ ਮੀਲ ਦੀ ਵਿੱਥ `ਤੇ, ਜਰਨੈਲੀ ਸੜਕ ਭਾਵ ਅਜੋਕੀ ‘ਸ਼ੇਰ ਸ਼ਾਹ ਸੂਰੀ ਰੋਡ ਦੇ ਕਿਨਾਰੇ `ਤੇ, ਜ਼ਿਲਾ ਅੰਮ੍ਰਿਤਸਰ `ਚ ਹੀ ਆਉਂਦਾ ਹੈ।

ਪ੍ਰਚਾਰ ਦੌਰਿਆਂ ਦੌਰਾਨ ਕਾਲ ਪੀੜਤ- ਉਪ੍ਰੰਤ ਇਸ ਕਾਲ ਤੇ ਔੜ ਕਾਰਣ ਫੈਲਣ ਵਾਲੀਆਂ ਬਿਮਾਰੀਆਂ `ਚੋਂ ਚੇਚਕ ਦੀ ਮਹਾਮਾਰੀ ਵਿਸ਼ੇਸ਼ ਸੀ। ਚੇਚਕ ਦੀ ਮਾਹਾਮਾਰੀ ਦੌਰਾਨ ਆਪ ਉਚੇਚੇ ਪ੍ਰਵਾਰ ਸਹਿਤ ਲਾਹੌਰ ਗਏ ਸਨ। ਕਿਉਂਕਿ ਬਿਮਾਰੀ ਕਾਰਨ ਉਥੇ ਬਹੁਤ ਤਬਾਹੀ ਮੱਚੀ ਹੋਈ ਸੀ। ਬੇਸ਼ੱਕ ਆਪ ਦਾ ਇਹ ਸਮਾਂ ਪ੍ਰਚਾਰ ਦੌਰਿਆਂ ਦਾ ਹੀ ਚੱਲ ਰਿਹਾ ਸੀ ਅਤੇ ਇਹ ਜ਼ਿਕਰ ਸੰਨ 1597 ਦਾ ਹੈ, ਉਸ ਸਮੇਂ ਮਹਾਮਾਰੀ ਵਾਲਾ ਇਹ ਕਹਿਰ ਵੀ ਆਪਣੇ ਸ਼ਿਖਰ `ਤੇ ਸੀ।

ਇਧਰ ਇਹ ਔੜ ਵੀ ਸਾਲਾਂ ਬੱਧੀ ਚੱਲੀ ਤਾਂ ਪਾਤਸ਼ਾਹ ਨੇ ਲੋਕਾਈ ਦੀ ਅਜਿਹੀ ਭਿਅੰਕਰ ਮੁਸੀਬਤ ਸਮੇਂ, ਸੰਗਤਾਂ ਨੂੰ ਨਾਲ ਲੈ ਕੇ ਜਿਵੇਂ ਜ਼ਿਕਰ ਵੀ ਆ ਚੁੱਕਾ ਹੈ ਸਾਰੀ ਦਸਵੰਧ ਦੀ ਰਕਮ ਵੀ ਇਸੇ ਕੰਮ ਲਈ ਵਰਤ ਕੇ, ਲੋਕਾਈ ਦੀ ਸੇਵਾ `ਚ ਦਿਨ ਤੇ ਰਾਤ ਇੱਕ ਕਰ ਦਿੱਤਾ।

ਧਿਆਣ ਰਹੇ! ਚੂੰਕਿ ਇਸ ਤੋਂ ਪਹਿਲਾਂ ਅੰਮ੍ਰਿਤਸਰ ਦੀਆਂ ਉਸਾਰੀਆਂ ਦਾ ਕੰਮ ਵੀ ਸਮਾਪਤ ਹੋ ਚੁੱਕਾ ਸੀ; ਜਿਸਦਾ ਨਤੀਜਾ ਸੀ ਕਿ ਦਸਵੰਧ ਦੀ ਸਾਰੀ ਰਕਮ ਅਤੇ ਲਗਾਤਾਰ ਹੋਰ ਵੀ ਜਿੰਨੀਂ ਵੱਧ ਮਾਇਆ ਆਉਂਦੀ, ਇੰਨ੍ਹਾਂ ਕਾਲ ਪੀੜਤਾਂ ਦੀ ਸੰਭਾਲ ਤੇ ਮਹਾਮਾਰੀ ਸਮੇ ਹੀ ਵਰਤੀ ਜਾ ਰਹੀ ਸੀ। ਕੇਵਲ ਲਾਹੌਰ `ਚ ਹੀ ਗੁਰਦੇਵ ਨੇ ਉਸ ਸਮੇਂ ਅਨੇਕਾਂ ਲੰਗਰ ਵੀ ਚਲਾਏ ਹੋਏ ਸਨ।

ਉਸ ਸਮੇਂ ਦੇ ਮੁਸਲਮਾਨ ਲਿਖਾਰੀ ਨੂਰੁਲ-ਹੱਕ ਅਨੁਸਾਰ ਹਾਲਾਤ ਇਤਨੇ ਵੱਧ ਖ਼ਰਾਬ ਹੋ ਚੁੱਕੇ ਸਨ ਕਿ ਲਾਹੌਰ ਦੀਆਂ ਗਲੀਆਂ ਤੇ ਬਾਜ਼ਾਰ ਵੀ ਮੁਰਦਿਆਂ ਨਾਲ ਭਰੇ ਪਏ ਸਨ। ਉਪ੍ਰੰਤ ਉਨ੍ਹਾਂ ਲਾਸ਼ਾਂ ਦਾ ਸੰਸਕਾਰ, ਉਨ੍ਹਾ ਦੀ ਸੰਭਾਲ ਕਰਣ ਤੇ ਉਨ੍ਹਾਂ ਨੂੰ ਦਫ਼ਨਾਉਣ ਵਾਲਾ ਵੀ ਕੋਈ ਨਹੀਂ ਸੀ।

ਇਥੋਂ ਤੀਕ ਕਿ ਇਸੇ ਕਾਰਨ ਉਸ ਸਮੇਂ ਅਕਬਰ ਬਾਦਸ਼ਾਹ ਵੀ ਆਗਰੇ ਤੋਂ ਆਪਣਾ ਦੌਰਾ ਵਿੱਚੇ ਛੱਡ ਕੇ ਉਚੇਚਾ ਲਾਹੌਰ ਪੁੱਜਾ ਸੀ ਅਤੇ ਗੁਰੂ-ਦਰਬਾਰ ਵੱਲੋਂ ਹੋ ਰਹੀ ਇਸ ਲੋਕਾਈ ਦੀ ਸੇਵਾ ਤੋਂ ਬਹੁਤ ਜ਼ਿਆਦਾ ਪ੍ਰਭਾਵਤ ਹੋਇਆ ਸੀ।

ਕਿਸੇ ਹੱਦ ਤੀਕ ਇਸ ਬਾਰੇਵੀ ਜ਼ਿਕਰ ਆ ਚੁੱਕਾ ਹੈ ਕਿ ਅਜਿਹੀ ਬਿਪਤਾ ਸਮੇਂ ਲੋੜਵੰਦਾਂ ਨੂੰ ਰੁਜ਼ਗਾਰ `ਚ ਲਗਾਉਣ ਦੇ ਪੱਜ ਹੀ, ਪੰਚਮ ਪਿਤਾ ਨੇ "ਚੌਥੇ ਪਾਤਸ਼ਾਹ ਦੇ ਜਨਮ ਸਥਾਨ" ਦੇ ਨਾਲ-ਨਾਲ ਡੱਬੀ ਬਾਜ਼ਾਰ ਲਾਹੌਰ `ਚ ਅਜੋਕੀ "ਧਰਮਸਾਲਾ ਬਾਉਲੀ ਸਾਹਿਬ" ਅਥਵਾ "ਗੁਰਦੁਆਰਾ ਬਾਉਲੀ ਸਾਹਿਬ, ਲਾਹੌਰ" ਵੀ ਬਣਵਾਇਆ ਸੀ।

ਇਸ ਤਰ੍ਹਾਂ ਇੱਕ ਪਾਸੇ ਭਿਅੰਕਰ ਮਹਾਮਾਰੀ ਦੇ ਸ਼ਿਕਾਰ ਲੋਕਾਂ ਦੀ ਸੇਵਾ-ਸੰਭਾਲ ਕਰਣੀ, ਮੁਰਦਿਆਂ ਨੂੰ ਸਾੜਣਾ, ਦਫ਼ਨਾਉਣਾ, ਇਸ ਤੋਂ ਬਾਅਦ ਨਿਤ ਯਤੀਮ ਹੁੰਦੀ ਜਾ ਰਹੀ ਲੋਕਾਈ ਤੇ ਉਨ੍ਹਾਂ ਦੀ ਬੇਆਸਰਾ ਔਲਾਦ ਨੂੰ ਕੰਮ-ਕਾਰ-ਰੁਜ਼ਗਾਰ `ਤੇ ਲਗਾਉਣਾ, ਇਤਨੇ ਵੱਡੇ ਕਾਰਜ ਸਨ, ਜਿੰਨ੍ਹਾਂ ਦਾ ਅੰਦਾਜ਼ਾ ਲਗਾਉਣਾ ਵੀ ਸੌਖਾ ਨਹੀਂ ਪਰ ਗੁਰਦੇਵ ਇਹ ਸਭ ਕਰ ਤੇ ਕਰਵਾ ਵੀ ਰਹੇ ਸਨ।

ਇਹ ਸਭ ਵੀ ਉਨ੍ਹਾਂ ਪ੍ਰਚਾਰ ਦੌਰਿਆਂ ਦੌਰਾਨ ਹੀ- ਤਾਂ ਤੇ ਇੱਕ ਵਾਰ ਫ਼ਿਰ ਇਸ ਪਾਸੇ ਧਿਆਣ ਦੁਆਉਣਾ ਜ਼ਰੂਰੀ ਹੈ ਕਿ ਅਜਿਹੇ ਬਹੁਤੇ ਕਾਰਜ ਤਾਂ ਗੁਰਦੇਵ ਦੇ ਪ੍ਰਚਾਰ ਦੌਰਿਆਂ ਦੌਰਾਨ ਹੀ ਹੋ ਰਹੇ ਸਨ, ਇਸ ਲਈ ਇਸ ਦੌਰਾਨ ਗੁਰਦੇਵ ਨੂੰ ਪਲ ਭਰ ਲਈ ਵੀ ਟਿਕਾਅ ਤੇ ਆਰਾਮ ਨਹੀਂ ਸੀ ਮਿਲ ਰਿਹਾ। ਇਥੋਂ ਤੀਕ ਕਿ ਜਦੋਂ ਵਡਾਲੀ ਵਿਖੇ ਬਾਲ (ਗੁਰੂ) ਹਰਿਗੋਬਿੰਦ ਜੀ ਦਾ ਆਗਮਨ ਹੋਇਆ ਤਾਂ ਉਹ ਵੀ ਇਨ੍ਹਾਂ ਪ੍ਰਚਾਰ ਦੌਰਿਆ ਦੌਰਾਨ ਔੜ ਸਮੇਂ ਹੀ ਹੋਇਆ ਸੀ।

ਇਸੇ ਤਰ੍ਹਾਂ ਬਾਲ ਗੁਰੂ ਜੀ ਦਾ ਬਚਪਣ ਵੀ ਇੰਨ੍ਹਾਂ ਦੌਰਿਆਂ ਦੌਰਾਨ ਹੀ ਬਤੀਤ ਹੋ ਰਿਹਾ ਸੀ। ਇਥੋਂ ਤੀਕ ਕਿ ਜਦੋਂ ਚੇਚਕ ਦਾ ਭਿਅੰਕਰ ਪ੍ਰਕੋਪ ਲਾਹੌਰ `ਚ ਫੁਟਿਆ ਸੀ ਤਾਂ ਵੀ ਗੁਰਦੇਵ ਲਗਾਤਾਰ ਅੱਠ ਮਹੀਨੇ, ਇਸੇ ਅਣਥੱਕ ਸੇਵਾ `ਚ ਹੀ ਲਗੇ ਰਹੇ। ਉਸ ਸਮੇਂ ਬਾਲ ਗੁਰੂ ਹਰਿ-ਗੋਬਿੰਦ ਜੀ ਵੀ ਆਪ ਦੇ ਕੋਲ ਸਨ ਤੇ ਓਦੋਂ ਉਨ੍ਹਾਂ ਦੀ ਉਮਰ ਓਦੋਂ ਕੇਵਲ ਦੋ ਤੋਂ ਤਿੰਨ ਸਾਲ ਵਿਚਾਲੇ ਹੀ ਸੀ।

ਜਦਕਿ ਕਿਸੇ ਬਾਲਕ ਲਈ ਇਹ ਅਜਿਹੀ ਉਮਰ ਹੁੰਦੀ ਹੈ ਜਦੋਂ ਚੇਚਕ ਵਰਗੀ ਛੂਤ ਦੀ ਬਿਮਾਰੀ ਦਾ ਛੋਟੇ ਬੱਚਿਆਂ `ਤੇ ਬਹੁਤ ਜਲਦੀ ਹਮਲਾ ਹੋ ਜਾਂਦਾ ਹੈ। ਸਪਸ਼ਟ ਹੈ ਕਿ ਉਸ ਸਮੇਂ ਦੁਖੀਆਂ ਦੇ ਦਰਦੀ ਪੰਜਵੇਂ ਪਾਤਸ਼ਾਹ ਨੇ ਆਪਣੇ ਇਕਲੌਤੇ ਸਹਿਕਵੇਂ ਸਪੁਤ੍ਰ ਹਰਿ-ਗੋਬਿੰਦ ਦੀ ਜ਼ਿੰਦਗੀ ਨਾਲੋਂ ਵੱਧ ਦੁਖੀਆਂ-ਦਰਦਮੰਦਾਂ-ਨਿਆਸਰਿਆਂ ਦੀ ਸੰਭਾਲ ਨੂੰ ਹੀ ਪਹਿਲ ਦਿੱਤੀ ਸੀ।

ਇਸੇ ਦਾ ਨਤੀਜਾ ਸੀ, ਜਦੋਂ ਮਹਾਮਾਰੀ ਤੇ ਪ੍ਰਚਾਰ ਦੌਰੇ ਤੋਂ ਬਾਅਦ ਗੁਰਦੇਵ ਅੰਮ੍ਰਿਤਸਰ ਪਰਤੇ ਤਾਂ ਉਸ ਵੇਲੇ ਬਾਲ ਗੁਰੂ ਹਰਿ-ਗੋਬਿੰਦ ਜੀ ਉਪਰ ਵੀ ਚੇਚਕ ਦਾ ਭਾਰੀ ਹਮਲਾ ਹੋਇਆ। ਸ਼ੁਕਰ ਹੈ, ਉਸ ਅਕਾਲਪੁਰਖ ਦਾ ਕਿ ਇਸ ਨਾਲ ਬਾਲ ਗੁਰੂ ਦੇ ਕਿਸੇ ਵੀ ਅੰਗ ਨੂੰ ਕੋਈ ਨੁਕਸਾਨ ਨਹੀਂ ਪੁੱਜਾ ਅਤੇ ਬਾਲ ਗੁਰੂ ਜੀ ਉਸ ਹਮਲੇ ਤੋਂ ਵੀ ਵਾਲ-ਵਾਲ ਬਚ ਗਏ। ਅਕਾਲਪੁਰਖ ਦੇ ਇਸੇ ਸ਼ੁਕਰਾਣੇ ਵਜੋਂ ਪੰਜਵੇਂ ਪਾਤਸ਼ਾਹ ਦੇ ਗੁਰਬਾਣੀ `ਚ ਕੁੱਝ ਸ਼ਬਦ ਵੀ ਰਚੇ ਹੋਏ ਹਨ।

ਖ਼ੂਬੀ ਇਹ ਕਿ ਇੰਨਾਂ ਹੋ ਜਾਣ ਦੇ ਬਾਵਜੂਦ ਗੁਰਦੇਵ ਨੇ ਇਸ ਸੰਬੰਧ `ਚ ਬਾਲ ਗੁਰੂ ਹਰਿ-ਗੋਬਿੰਦ ਦੇ ਬਚਾਅ ਲਈ ਵੀ ਅਕਾਲਪੁਰਖ ਅੱਗੇ ਅਰਦਾਸ ਨਹੀਂ ਕੀਤੀ, ਕਿਉਂਕਿ ਗੁਰਬਾਣੀ ਤਾਂ ਸਾਨੂੰ ਵੀ ਇੰਨ੍ਹਾਂ ਸੰਸਾਰਕ ਮੰਗਾਂ ਤੋਂ ਉੱਚਾ ਉਠੱਣ ਦੀ ਜਾਚ ਸਿਖਾਅ ਰਹੀ ਹੈ। ਇਸ ਦੇ ਉਲਟ, ਇਹ ਗੱਲ ਵੱਖਰੀ ਹੈ ਕਿ ਬਾਲ ਗੁਰੂ ਤੋਂ ਚੇਚਕ ਦੇ ਇਸ ਭਿਅੰਕਰ ਹਮਲੇ ਦੇ ਟੱਲ ਜਾਣ ਬਾਅਦ, ਅਕਾਲਪੁਰਖ ਦੇ ਸ਼ੁਕਰਾਣੇ ਵਜੋਂ ਗੁਰਦੇਵ ਦੇ ਕੁੱਝ ਸ਼ਬਦ ‘ਸ੍ਰੀ ਗ੍ਰੰਥ ਸਾਹਿਬ ਜੀ’ ਅੰਦਰ ਮੌਜੂਦ ਹਨ।

ਜਿਸ ਤੋਂ ਗੁਰਦੇਵ ਨੇ ਸਾਨੂੰ ਵੀ ਇਹ ਸਿਖਾਇਆ ਕਿ ਕਰਤੇ ਦੇ ਦਰ ਤੋਂ ਦੁਨਿਆਵੀ ਮੰਗਾਂ ਮੰਗਣੀਆਂ ਜਾਂ ਕਿਸੇ ਔਕੜ ਨੂੰ ਟਾਲਣ ਲਈ ਅਰਦਾਸਾਂ ਕਰਣੀਆਂ, ਗੁਰਸਿੱਖੀ ਜੀਵਨ ਦਾ ਹਿੱਸਾ ਨਹੀਂ। ਇਸ ਦੇ ਉਲਟ, ਉਸ ਕਰਤਾ-ਪੁਰਖ ਦੀ ਰਜ਼ਾ `ਚ ਹੀ, ਕਿਸੇ ਔਕੜ ਦੇ ਟੱਲ ਜਾਣ `ਤੇ ਉਸਦਾ ਸ਼ੁਕਰਾਣਾ ਕਰਣਾ, ਇਹੀ ਹੈ ‘ਸਿੱਖ ਦਾ ਜੀਵਨ’ ਅਤੇ ‘ਸਿੱਖ ਜੀਵਨ ਜਾਚ’।

ਆਖਿਰ ਇਹੀ ਤਾਂ ਅਸੀਂ ਪਾਤਸ਼ਾਹ ਦੀ ਜੀਵਨੀ `ਚੋਂ ਇਸ ਤੋਂ ਪਹਿਲਾਂ ਸੁਲਹੀ ਖਾਂ ਦੇ ਹਮਲੇ ਸਮੇਂ ਵੀ ਦੇਖ ਚੁੱਕੇ ਹਾਂ। ਓਦੋਂ ਜਦੋਂ ਦੂਜਿਆਂ ਵਲੋਂ ਸਲਾਹਵਾਂ ਦਿੱਤੀਆਂ ਜਾ ਰਹੀਆਂ ਸਨ ਕਿ ਇਸਦਾ ਕੁੱਝ ਉਪਾਅ ਕਰਣਾ ਚਾਹੀਦਾ ਹੈ ਜਿਵੇਂ "ਪ੍ਰਥਮੇ ਮਤਾ ਜਿ ਪਤ੍ਰੀ ਚਲਾਵਉ॥ ਦੁਤੀਏ ਮਤਾ ਦੁਇ ਮਾਨੁਖ ਪਹੁਚਾਵਉ…" (ਪੰ: ੩੭੧)। ਜਦਕਿ ਗੁਰਦੇਵ ਓਦੋਂ ਵੀ ਪੂਰੀ ਤਰ੍ਹਾਂ ਅਡਿੱਗ ਰਹੇ। ਉਪ੍ਰੰਤ ਅਕਾਲਪੁਰਖ ਦੇ ਸ਼ੁਕਰਾਣੇ ਵੱਜੋਂ ਸ਼ਬਦ ਓਦੋਂ ਉਚਾਰਿਆ ਜਦੋਂ ਹਮਲਾ ਟੱਲ ਚੁੱਕਾ ਸੀ।।

ਸਪਸ਼ਟ ਹੈ ਜਦੋਂ ਉਹੀ ਸੁਲਹੀ ਖਾਂ ਕਰਤਾਰ ਦੀ ਰਜ਼ਾ `ਚ, ਗੁਰਦੇਵ ਉਪਰ ਹਮਲਾ ਕਰਣ ਤੋਂ ਪਹਿਲਾਂ ਹੀ ਭਖਦੇ ਆਵੇ `ਚ ਡਿੱਗ ਕੇ ਸੜ-ਮਰ ਗਿਆ ਤਾਂ ਅਕਾਲਪੁਰਖ ਦੀ ਇਸ ਕਰਣੀ ਦਾ ਜਿਵੇਂ "ਸੁਲਹੀ ਤੇ ਨਾਰਾਇਣ ਰਾਖੁ॥ ਸੁਲਹੀ ਕਾ ਹਾਥੁ ਕਹੀ ਨ ਪਹੁਚੈ ਸੁਲਹੀ ਹੋਇ ਮੂਆ ਨਾਪਾਕੁ" (ਪੰ: ੮੨੫) ਅਨੁਸਾਰ ਗੁਰਬਾਣੀ `ਚ ਜ਼ਿਕਰ ਕੀਤਾ ਹੋਇਆ ਹੈ।

ਇਸ ਤਰ੍ਹਾਂ ਸੰਨ 1590 ਤੀਕ "ਚੱਕ ਗੁਰੂ ਰਾਮਦਾਸ" ਅਥਵਾ "ਗੁਰੂ ਰਾਮਦਾਸ ਪੁਰ" (ਅਜੋਕਾ ਸ੍ਰੀ ਅਮ੍ਰਿਤਸਰ ਸਾਹਿਬ ਸ਼ਹਿਰ), "ਦਰਬਾਰ ਸਾਹਿਬ ਸ੍ਰੀ ਅੰਮ੍ਰਿਸਰ", "ਸੰਤੋਖਸਰ" "ਰਾਮਸਰ", "ਤਰਨਤਾਰਨ ਸਾਹਿਬ" ਆਦਿ ਕਾਰਜ ਸਮਾਪਤ ਹੋਏ ਸਨ। ਅੰਤ ਇਨ੍ਹਾਂ ਕਾਰਜਾਂ ਦੀ ਸਮਾਪਤੀ ਤੋਂ ਬਾਅਦ ਹੀ ਆਪ ਦਾ ਉਪ੍ਰੋਕਤ "ਸਿੱਖ ਲਹਿਰ" ਤੇ ਗੁਰਮੱਤ ਪ੍ਰਸਾਰ ਅਥਵਾ ਗੁਰਮੱਤ ਪ੍ਰਚਾਰ ਦੌਰਾ ਅਰੰਭ ਹੋਇਆ ਸੀ।

ਪੰਜਵੇਂ ਪਾਤਸ਼ਾਹ ਦੇ ਇਸ ਪ੍ਰਚਾਰ ਦੌਰੇ ਸੰਬੰਧੀ ਭਲੀ-ਭਾਂਤ ਦੇਖ ਆਏ ਹਾਂ ਕਿ ਇਹ ਦੌਰਾ ਵੀ ਆਪਣੇ ਆਪ `ਚ, ਗੁਰਦੇਵ ਰਾਹੀਂ ਅੱਤ ਦਰਜੇ ਦੀ ਕਠਿਨ ਘਾਲਣਾ ਸੀ। ਸਹੀ ਅਰਥਾਂ `ਚ ਦੇਖਿਆ ਜਾਵੇ ਤਾਂ ਪੰਜਵੇਂ ਪਾਤਸ਼ਾਹ ਦਾ ਸੰਪੂਰਣ ਗੁਰੂ ਕਾਲ ਹੀ, ਭਾਰੀ ਰੁਝੇਵਿਆਂ ਤੇ ਓਕੜਾਂ ਨਾਲ ਭਰਿਆ ਪਿਆ ਸੀ, ਪਰ ਇਹ ਵੀ ਕਿ ਖਾਸਕਰ ਇਹੀ ਸਮਾਂ ਸਿੱਖ ਧਰਮ’ ਤੇ ਸਿੱਖ ਲਹਿਰ ਦੀ ਪ੍ਰਫੁਲਤਾ ਤੇ ਪ੍ਰਸਾਰ ਲਈ, ਆਪਣੇ ਆਪ `ਚ ਰੀੜ੍ਹ ਦੀ ਹੱਡੀ ਸਾਬਤ ਹੋਇਆ ਹੈ। (ਚਲਦਾ) #414 P-III.12.2.15#

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’, ਪੁਸਤਕਾ ਤੇ ਹੁਣ ਗੁਰਮੱਤ ਸੰਦੇਸ਼ਾ ਵਾਲੀ ਅਰੰਭ ਹੋਈ ਲੜੀ, ਇਨ੍ਹਾਂ ਸਾਰਿਆਂ ਦਾ ਮਕਸਦ ਇਕੋ ਹੈ-ਤਾ ਕਿ ਹਰੇਕ ਸੰਬੰਧਤ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਆਪਣੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No. 414-III

"ਪੰਜਵੇਂ ਪਾਤਸ਼ਾਹ

ਗੁਰੂ ਅਰਜਨ ਸਾਹਿਬ ਦੀ

"ਮਾਨਵਤਾ ਨੂੰ ਲਾਸਾਨੀ ਦੇਣ"

(ਭਾਗ ਤੀਜਾ)

For all the Self Learning Gurmat Lessons (Excluding Books) written by ‘Principal Giani Surjit Singh’ Sikh Missionary, Delhi-All the rights are reserved with the writer himself; but easily available in proper Deluxe Covers for

(1) Further Distribution within ‘Guru Ki Sangat’

(2) For Gurmat Stalls

(3) For Gurmat Classes & Gurmat Camps

with intention of Gurmat Parsar, at quite nominal printing cost i.e. mostly Rs 350/-(but in rare cases Rs. 450/-) per hundred copies (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24

Ph 91-11-26236119, 46548789 ® Ph. 91-11-26487315 Cell 9811292808

web sites-

www.gurbaniguru.org

theuniqeguru-gurbani.com

gurmateducationcentre.com
.