.

ਸਵਰਗ ਅਤੇ ਅਗਲਾ ਜਨਮ ਨਿਰਾ ਪੁਆੜੇ ਦੀ ਜੜ੍ਹ

ਆਪਣੀਆਂ ਪਹਿਲੀਆਂ ਲਿਖਤਾਂ ਵਿੱਚ ਮੈਂ ਆਮ ਵਿਦਵਾਨਾਂ ਵਲੋਂ ਕੀਤੀ ਗੁਰਬਾਣੀ ਦੀ ਪ੍ਰਚਲਤ ਵਿਆਖਿਆ ਦੇ ਅਧਾਰ ਤੇ ਅਗਲੇ ਜਨਮ ਵਾਰੇ ਲਿਖਦਾ ਰਿਹਾ ਹਾਂ ਕਿ ਚੰਗੇ ਕਰਮ ਕਰਕੇ ਜੇ ਕਰ ਜੀਵਨ ਸਫਲਾ ਹੋ ਜਾਵੇ ਤਾਂ ਅਕਾਲ ਪੁਰਖ ਨਾਲ ਅਭੇਦ ਹੋ ਜਾਈਦਾ ਹੈ ਅਤੇ ਜੇ ਕਰ ਕੋਈ ਕਮੀ ਰਹਿ ਜਾਵੇ ਤਾਂ ਮੁੜ-ਮੁੜ ਕੇ ਜੂਨਾ ਵਿੱਚ ਪੈਣਾ ਪੈਂਦਾ ਹੈ। ਪਰ ਹੁਣ ਜੋ ਵਰਤਾਰਾ ਦੁਨੀਆ ਤੇ ਹੋ ਰਿਹਾ ਹੈ ਉਸ ਨੂੰ ਦੇਖ ਸੁਣ ਕੇ ਮੇਰੇ ਖਿਆਲਾਂ ਵਿੱਚ ਕੁੱਝ ਤਬਦੀਲੀ ਆਈ ਹੈ। ਇਸ ਤਬਦੀਲੀ ਦੇ ਅਧਾਰ ਤੇ ਹੀ ਮੈਂ ਇਹ ਲੇਖ ਲਿਖਣ ਦਾ ਜਤਨ ਕਰ ਰਿਹਾ ਹਾਂ। ਮਰਨ ਤੋਂ ਬਾਅਦ ਅੱਗੇ ਕੀ ਹੁੰਦਾ ਹੈ ਮੈਨੂੰ ਨਹੀਂ ਪਤਾ। ਮਰਨ ਤੋਂ ਬਾਅਦ ਅੱਗੇ ਕੋਈ ਦੇਖ ਕੇ ਨਹੀਂ ਆਇਆ ਕਿ ਅੱਗੇ ਕੀ ਹੁੰਦਾ ਹੈ। ਗੁਰਬਾਣੀ ਦੀ ਵਿਆਖਿਆ ਹਰ ਕੋਈ ਆਪਣੇ ਹਿਸਾਬ ਨਾਲ ਕਰਦਾ ਹੈ। ਉਂਜ ਵੀ ਸਾਰੇ ਅੱਖਰੀ ਅਰਥ ਕਦੀ ਵੀ ਸਹੀ ਨਹੀਂ ਮੰਨੇ ਜਾ ਸਕਦੇ। ਇਹ ਕੁੱਝ ਕੁ ਉਦਾਹਰਣਾ ਪੇਸ਼ ਕੀਤੀਆਂ ਜਾ ਰਹੀਆਂ ਹਨ ਜਿਵੇਂ ਕਿ:

ਤੈ ਸਾਹਿਬ ਕੀ ਬਾਤ ਜਿ ਆਖੈ ਕਹੁ ਨਾਨਕ ਕਿਆ ਦੀਜੈ।।

ਸੀਸੁ ਵਢੇ ਕਰਿ ਬੈਸਣੁ ਦੀਜੈ ਵਿਣੁ ਸਿਰ ਸੇਵ ਕਰੀਜੈ।।

ਕਿਉ ਨ ਮਰੀਜੈ ਜੀਅੜਾ ਨ ਦੀਜੈ ਜਾ ਸਹੁ ਭਇਆ ਵਿਡਾਣਾ।। ੧।। ੩।। ਪੰਨਾ ੫੫੭

ਫੀਲੁ ਰਬਾਬੀ ਬਲਦੁ ਪਖਾਵਜ ਕਊਆ ਤਾਲ ਬਜਾਵੈ ॥ ਪਹਿਰਿ ਚੋਲਨਾ ਗਦਹਾ ਨਾਚੈ ਭੈਸਾ ਭਗਤਿ ਕਰਾਵੈ ॥੧॥ ਰਾਜਾ ਰਾਮ ਕਕਰੀਆ ਬਰੇ ਪਕਾਏ ॥ ਕਿਨੈ ਬੂਝਨਹਾਰੈ ਖਾਏ ॥੧॥ ਰਹਾਉ ॥ ਬੈਠਿ ਸਿੰਘੁ ਘਰਿ ਪਾਨ ਲਗਾਵੈ ਘੀਸ ਗਲਉਰੇ ਲਿਆਵੈ ॥ ਘਰਿ ਘਰਿ ਮੁਸਰੀ ਮੰਗਲੁ ਗਾਵਹਿ ਕਛੂਆ ਸੰਖੁ ਬਜਾਵੈ ॥੨॥ ਬੰਸ ਕੋ ਪੂਤੁ ਬੀਆਹਨ ਚਲਿਆ ਸੁਇਨੇ ਮੰਡਪ ਛਾਏ ॥ ਰੂਪ ਕੰਨਿਆ ਸੁੰਦਰਿ ਬੇਧੀ ਸਸੈ ਸਿੰਘ ਗੁਨ ਗਾਏ ॥੩॥ ਕਹਤ ਕਬੀਰ ਸੁਨਹੁ ਰੇ ਸੰਤਹੁ ਕੀਟੀ ਪਰਬਤੁ ਖਾਇਆ ॥ ਕਛੂਆ ਕਹੈ ਅੰਗਾਰ ਭਿ ਲੋਰਉ ਲੂਕੀ ਸਬਦੁ ਸੁਨਾਇਆ ॥੪॥੬॥ ਪੰਨਾ 477॥

ਜਲ ਕੀ ਮਾਛੁਲੀ ਚਰੈ ਖਜੂਰਿ ॥੧॥ਪੰਨਾ 718॥

ਇਹਨਾ ਉਪਰ ਵਾਲੀਆਂ ਪੰਗਤੀਆਂ ਵਿੱਚ ਸੇਵਾ ਵਿੱਚ ਸਿਰ ਵੱਢ ਕੇ ਰੱਖਣ, ਹਾਥੀ ਦੇ ਰਬਾਬ ਬਜਾਉਣ, ਬਲਦ ਦੇ ਜੋੜੀ ਬਜਾਉਣ, ਕਾਂ ਦੇ ਛੈਣੇ ਵਜਾਉਣ, ਖੋਤੇ ਦੇ ਚੋਲਾ ਪਾ ਕੇ ਨੱਚਣ ਅਤੇ ਮਛੁਲੀ ਦੇ ਖਜੂਰ ਉਪਰ ਚੜ੍ਹਨ ਆਦਿਕ ਦੀ ਗੱਲ ਕੀਤੀ ਗਈ ਹੈ। ਇਹਨਾ ਦੇ ਅਖਰੀ ਅਰਥ ਹੋਰ ਹਨ ਅਤੇ ਅਸਲੀਅਤ ਕਿਸੇ ਹੋਰ ਗੱਲ ਦੀ ਬਿਆਨੀ ਗਈ ਹੈ। ਇਸੇ ਤਰ੍ਹਾਂ ਸਵਰਗਾਂ ਨਰਕਾਂ, ਭੂਤਾਂ ਪ੍ਰੇਤਾਂ ਅਤੇ ਅਗਲੇ ਜਨਮਾ ਦੀ ਗੱਲ ਕੀਤੀ ਗਈ ਹੈ। ਅੱਗੇ ਕੀ ਹੁੰਦਾ ਹੈ ਇਸ ਦੀ ਪੂਰੀ ਜਾਣਕਾਰੀ ਕਿਸੇ ਨੂੰ ਵੀ ਨਹੀਂ ਹੈ। ਇਸੇ ਕਰਕੇ ਗੁਰੂ ਨਾਨਕ ਸਾਹਿਬ ਨੇ ਵੀ ਕਹਿ ਦਿੱਤਾ ਸੀ:

ਮ: ੧ ॥ ਇੱਕ ਦਝਹਿ ਇੱਕ ਦਬੀਅਹਿ ਇਕਨਾ ਕੁਤੇ ਖਾਹਿ ॥ ਇਕਿ ਪਾਣੀ ਵਿਚਿ ਉਸਟੀਅਹਿ ਇਕਿ ਭੀ ਫਿਰਿ ਹਸਣਿ ਪਾਹਿ ॥ ਨਾਨਕ ਏਵ ਨ ਜਾਪਈ ਕਿਥੈ ਜਾਇ ਸਮਾਹਿ ॥੨॥ ਪੰਨਾ 648॥

ਜਦੋਂ ਗੁਰੂ ਨਾਨਕ ਸਾਹਿਬ ਨੇ ਇਹ ਕਹਿ ਦਿੱਤਾ ਕਿ ਅੱਗੇ ਬਾਰੇ ਅਕਾਲ ਪੁਰਖ ਆਪ ਹੀ ਜਾਣਦਾ ਹੈ ਕਿ ਉਹ ਕੀ ਕਰਦਾ ਹੈ ਫਿਰ ਅਸੀਂ ਕਿਉਂ ਐਵੇਂ ਹੀ ਅਗੇ ਬਾਰੇ ਸੋਚ ਸੋਚ ਕੇ ਲੜੀ ਜਾਂਦੇ ਹਾਂ। ਜੋ ਹੁੰਦਾ ਹੋਈ ਜਾਣ ਦਿਓ। ਕੋਈ ਡਰਨ ਦੀ ਲੋੜ ਨਹੀਂ। ਆਪਣਾ ਕੰਮ ਇਮਾਨਦਾਰੀ ਨਾਲ ਕਰੋ। ਕਿਸੇ ਦਾ ਬੁਰਾ ਨਾ ਸੋਚੋ। ਸੰਜਮ ਵਿੱਚ ਅਤੇ ਆਪਣੇ ਦੇਸ਼ ਦੇ ਕਾਨੂੰਨ ਵਿੱਚ ਰਹਿ ਕੇ ਚੰਗੇ ਸਮਾਜ ਦੀ ਸਿਰਜਣਾ ਲਈ ਆਪਣਾ ਯੋਗਦਾਨ ਪਾਓ। ਪਰਾਈ ਤਾਤ ਮਨ ਵਿਚੋਂ ਕੱਢ ਦਿਓ। ਕਿਉਂਕਿ ਅਜਿਹੇ ਬੰਦੇ ਦਾ ਕਦੀ ਵੀ ਭਲਾ ਨਹੀਂ ਹੋ ਸਕਦਾ ਜਿਹੜਾ ਹਰ ਵੇਲੇ ਆਪਣੇ ਮਨ ਵਿੱਚ ਦੂਸਰਿਆਂ ਪ੍ਰਤੀ ਈਰਖਾ/ਸਾੜਾ ਰੱਖਦਾ ਹੈ।

ਸਲੋਕ ਮਃ ੪ ॥ ਜਿਸੁ ਅੰਦਰਿ ਤਾਤਿ ਪਰਾਈ ਹੋਵੈ ਤਿਸ ਦਾ ਕਦੇ ਨ ਹੋਵੀ ਭਲਾ ॥ {ਪੰਨਾ 308}

ਬਹੁਤੇ ਇਨਸਾਨ ਇਸ ਪਰਾਈ ਤਾਤ ਨਾਲ ਭਰੇ ਹੁੰਦੇ ਹਨ। ਉਹਨਾ ਦਾ ਮਨ ਹਰ ਵੇਲੇ ਇਸੇ ਗੱਲੋਂ ਸੜਦਾ ਰਹਿੰਦਾ ਹੈ ਕਿ ਉਹ ਫਲਾਨਾ ਮੇਰੇ ਨਾਲੋਂ ਅੱਗੇ ਕਿਉਂ ਨਿੱਕਲ ਗਿਆ? ਉਸ ਨੇ ਘਰ ਮੇਰੇ ਨਾਲੋਂ ਵੱਡਾ ਕਿਉਂ ਬਣਾ ਲਿਆ? ਉਸ ਦੇ ਨਿਆਣੇ ਮੇਰੇ ਨਿਆਣਿਆਂ ਨਾਲੋਂ ਜ਼ਿਆਦਾ ਕਿਉਂ ਪੜ੍ਹ ਗਏ? ਉਹਨਾ ਨੇ ਵੱਡੀਆਂ ਮਹਿੰਗੀਆਂ ਕਾਰਾਂ ਕਿਉਂ ਖਰੀਦ ਲਈਆਂ? ਇਸ ਸਾੜੇ ਵਿੱਚ ਹੀ ਹਰ ਵੇਲੇ ਆਪਣਾ ਮਨ ਸਾੜਦਾ ਰਹਿੰਦਾ ਹੈ। ਕਈ ਵਾਰੀ ਅੱਡੀਆਂ ਚੁੱਕ ਕੇ ਫਾਹਾ ਲੈਣ ਦੀ ਕੋਸ਼ਿਸ਼ ਕਰਦਾ ਹੈ ਅਤੇ ਕਰਜ਼ਈ ਹੋ ਕੇ ਸੁਖੀ ਹੋਣ ਦੀ ਬਿਜਾਏ ਹੋਰ ਦੁਖੀ ਹੋ ਜਾਂਦਾ ਹੈ। ਪਰ ਜਿਹਨਾ ਦੇ ਮਨ ਨੂੰ ਅਕਾਲ ਪੁਰਖ ਦੀ ਸੋਝੀ ਹੋ ਜਾਂਦੀ ਹੈ ਉਹਨਾ ਦੇ ਮਨ ਵਿਚੋਂ ਇਹ ਪਰਾਈ ਤਾਤ ਵਿਸਰ ਜਾਂਦੀ ਹੈ।

ਏਕਸੁ ਸਿਉ ਜਾ ਕਾ ਮਨੁ ਰਾਤਾ ॥ ਵਿਸਰੀ ਤਿਸੈ ਪਰਾਈ ਤਾਤਾ ॥੧॥ ਪੰਨਾ 189

ਜਦੋਂ ਤੁਸੀਂ ਕਿਸੇ ਦਾ ਬੁਰਾ ਸੋਚਦੇ ਹੀ ਨਹੀਂ ਤਾਂ ਫਿਰ ਕਿਸੇ ਅਗਲੇ ਜਨਮਾਂ ਤੋਂ ਡਰਨ ਦੀ ਵੀ ਲੋੜ ਹੈ। ਡਰੇ ਉਹ ਜਿਸ ਨੇ ਜਾਣ ਬੁੱਝ ਕੇ ਪਾਪ ਕਮਾਏ ਹਨ। ਧਰਮੀ ਕਿਉਂ ਡਰੇ?

ਪਉੜੀ ॥ ਹਰਿ ਅੰਦਰਿ ਬਾਹਰਿ ਇਕੁ ਤੂੰ ਤੂੰ ਜਾਣਹਿ ਭੇਤੁ ॥ ਜੋ ਕੀਚੈ ਸੋ ਹਰਿ ਜਾਣਦਾ ਮੇਰੇ ਮਨ ਹਰਿ ਚੇਤੁ ॥ ਸੋ ਡਰੈ ਜਿ ਪਾਪ ਕਮਾਵਦਾ ਧਰਮੀ ਵਿਗਸੇਤੁ ॥ ਤੂੰ ਸਚਾ ਆਪਿ ਨਿਆਉ ਸਚੁ ਤਾ ਡਰੀਐ ਕੇਤੁ ॥ ਜਿਨਾ ਨਾਨਕ ਸਚੁ ਪਛਾਣਿਆ ਸੇ ਸਚਿ ਰਲੇਤੁ ॥੫॥ {ਪੰਨਾ 84}

ਪਰ ਚਲਾਕ ਲੋਕਾਂ ਨੇ ਆਮ ਲੋਕਾਂ ਦੇ ਮਨਾ ਵਿੱਚ ਬਹੁਤ ਡਰ ਪਾਇਆ ਹੋਇਆ ਹੈ ਕਿ ਜੇ ਤੁਸੀਂ ਆਹ ਕੰਮ ਨਾ ਕੀਤੇ ਤਾਂ ਅੱਗੇ ਨਰਕਾਂ ਵਿੱਚ ਜਾਣਾ ਪਉ ਜਾਂ ਹੋਰ ਵੱਖ ਵੱਖ ਜੂਨਾ ਵਿੱਚ ਜਾਣਾ ਪਊ। ਜੇ ਕਰ ਸਾਡੇ ਆਖੇ ਲੱਗ ਜਾਉਂਗੇ ਤਾਂ ਤੁਹਾਡੀ ਸਵਰਗ ਦੀ ਸੀਟ ਪੱਕੀ ਹੈ। ਇਹ ਡਰ ਅਤੇ ਲਾਲਚ ਤਕਰੀਬਨ ਸਾਰੇ ਧਰਮਾਂ ਵਾਲੇ ਦਿੰਦੇ ਹਨ। ਪਰ ਜੋ ਵਰਤਾਰਾ ਇਸ ਵੇਲੇ ਸਾਰੀ ਦੁਨੀਆ ਵਿੱਚ ਵਾਪਰ ਰਿਹਾ ਹੈ ਉਸ ਨੂੰ ਦੇਖ ਕੇ ਲਗਦਾ ਹੈ ਕਿ ਇਹ ਆਪਣੇ ਆਪ ਨੂੰ ਧਰਮੀ ਅਖਵਾਉਣ ਵਾਲੇ ਲੋਕ ਕਿਵੇਂ ਧਰਮ ਦਾ ਨਾਮ ਲੈ ਕੇ ਇਸ ਡਰ ਅਤੇ ਲਾਲਚ ਦੇ ਅਧੀਨ ਕਿਤਨੇ ਵਹਿਸ਼ੀ ਕਾਰੇ ਆਪ ਕਰ ਰਹੇ ਹਨ ਦੂਸਰਿਆਂ ਤੋਂ ਕਰਵਾ ਰਹੇ ਹਨ। ਇਸ ਬਾਰੇ ਹੋਰ ਵਿਚਾਰ ਕਰਨ ਤੋਂ ਪਹਿਲਾਂ ਭਗਤ ਕਬੀਰ ਜੀ ਦਾ ਇੱਕ ਸ਼ਬਦ ਪੜ੍ਹ ਲਈਏ। ਉਸ ਵੇਲੇ ਕਬੀਰ ਜੀ ਨੂੰ ਵੀ ਲੋਕੀਂ ਕਹਿੰਦੇ ਸਨ ਕਿ ਇਸ ਦਾ ਸਿਰ ਖਰਾਬ ਹੋ ਗਿਆ ਹੈ, ਇਸ ਦੀ ਮੱਤ ਮਾਰੀ ਗਈ ਹੈ। ਕਿਉਂਕਿ ਕਬੀਰ ਜੀ ਅਖੀਰਲੀ ਉਮਰੇ ਕਾਂਸ਼ੀ ਛੱਡ ਕੇ ਮਗਹਰ ਆ ਗਏ ਸਨ। ਉਸ ਵੇਲੇ ਇਹ ਕਿਹਾ ਜਾਂਦਾ ਸੀ ਕਿ ਜਿਹੜਾ ਮਗਹਰ ਵਿੱਚ ਮਰਦਾ ਹੈ ਉਹ ਖੋਤੇ ਦੀ ਜੂਨੇ ਪੈਂਦਾ ਹੈ। ਲਓ ਪੜ੍ਹ ਲਓ ਕਬੀਰ ਜੀ ਦਾ ਉਹ ਸ਼ਬਦ:

ਗਉੜੀ ਕਬੀਰ ਜੀ ਪੰਚਪਦੇ॥

ਜਿਉ, ਜਲ ਛੋਡਿ, ਬਾਹਰਿ ਭਇਓ ਮੀਨਾ॥ ਪੂਰਬ ਜਨਮ ਹਉ ਤਪ ਕਾ ਹੀਨਾ॥ 1॥ ਅਬ ਕਹੁ ਰਾਮ, ਕਵਨ ਗਤਿ ਮੋਰੀ॥ ਤਜੀਲੇ ਬਨਾਰਸਿ, ਮਤਿ ਭਈ ਥੋਰੀ॥ 1॥ ਰਹਾਉ॥ ਸਗਲ ਜਨਮੁ ਸਿਵਪੁਰੀ ਗਵਾਇਆ॥ ਮਰਤੀ ਬਾਰ, ਮਗਹਰਿ ਉਠਿ ਆਇਆ॥ 2॥ ਬਹੁਤੁ ਬਰਸ ਤਪੁ ਕੀਆ ਕਾਸੀ॥ ਮਰਨੁ ਭਇਆ ਮਗਹਰ ਕੀ ਬਾਸੀ॥ 3॥ ਕਾਸੀ ਮਗਹਰ ਸਮ ਬੀਚਾਰੀ॥ ਓਛੀ ਭਗਤਿ ਕੈਸੇ ਉਤਰਸਿ ਪਾਰੀ॥ 4॥ ਕਹੁ ਗੁਰ ਗਜਿ ਸਿਵ ਸਭੁ ਕੋ ਜਾਨੈ॥ ਮੁਆ ਕਬੀਰੁ ਰਮਤ ਸ੍ਰੀ ਰਾਮੈ॥ 5॥ 15॥ {ਪੰਨਾ 326}

ਅਰਥ: — (ਮੈਨੂੰ ਲੋਕ ਕਹਿ ਰਹੇ ਹਨ ਕਿ) ਜਿਵੇਂ ਮੱਛ ਪਾਣੀ ਨੂੰ ਛੱਡ ਕੇ ਬਾਹਰ ਨਿਕਲ ਆਉਂਦਾ ਹੈ (ਤਾਂ ਦੁਖੀ ਹੋ ਹੋ ਕੇ ਮਰ ਜਾਂਦਾ ਹੈ; ਤਿਵੇਂ) ਮੈਂ ਭੀ ਪਿਛਲੇ ਜਨਮਾਂ ਵਿੱਚ ਤਪ ਨਹੀਂ ਕੀਤਾ (ਤਾਹੀਏਂ ਮੁਕਤੀ ਦੇਣ ਵਾਲੀ ਕਾਂਸ਼ੀ ਨੂੰ ਛੱਡ ਕੇ ਮਗਹਰ ਆ ਗਿਆ ਹਾਂ)। 1.

ਹੇ ਮੇਰੇ ਰਾਮ! ਹੁਣ ਮੈਨੂੰ ਦੱਸ, ਮੇਰਾ ਕੀਹ ਹਾਲ ਹੋਵੇਗਾ? ਮੈਂ ਕਾਂਸ਼ੀ ਛੱਡ ਆਇਆ ਹਾਂ (ਕੀ ਇਹ ਠੀਕ ਹੈ ਕਿ) ਮੇਰੀ ਮੱਤ ਮਾਰੀ ਗਈ ਹੈ? । 1. ਰਹਾਉ।

(ਹੇ ਰਾਮ! ਮੈਨੂੰ ਲੋਕ ਆਖਦੇ ਹਨ—) ਤੂੰ ਸਾਰੀ ਉਮਰ ਕਾਂਸ਼ੀ ਵਿੱਚ ਵਿਅਰਥ ਗੁਜ਼ਾਰ ਦਿੱਤੀ (ਕਿਉਂਕਿ ਹੁਣ ਜਦੋਂ ਮੁਕਤੀ ਮਿਲਣੀ ਸੀ ਤਾਂ) ਮਰਨ ਵੇਲੇ (ਕਾਂਸ਼ੀ) ਛੱਡ ਕੇ ਮਗਹਰ ਤੁਰ ਆਇਆ ਹੈਂ। 2.

(ਹੇ ਪ੍ਰਭੂ! ਲੋਕ ਕਹਿੰਦੇ ਹਨ—) ਤੂੰ ਕਾਂਸ਼ੀ ਵਿੱਚ ਰਹਿ ਕੇ ਕਈ ਸਾਲ ਤਪ ਕੀਤਾ (ਪਰ ਉਸ ਤਪ ਦਾ ਕੀਹ ਲਾਭ?) ਜਦੋਂ ਮਰਨ ਦਾ ਵੇਲਾ ਆਇਆ ਤਾਂ ਮਗਹਰ ਆ ਵੱਸਿਓਂ। 3.

(ਹੇ ਰਾਮ! ਲੋਕ ਬੋਲੀ ਮਾਰਦੇ ਹਨ—) ਤੂੰ ਕਾਂਸ਼ੀ ਤੇ ਮਗਹਰ ਨੂੰ ਇਕੋ ਜਿਹਾ ਸਮਝ ਲਿਆ ਹੈ, ਇਸ ਹੋਛੀ ਭਗਤੀ ਨਾਲ (ਜੋ ਤੂੰ ਕਰ ਰਿਹਾ ਹੈਂ) ਕਿਵੇਂ ਸੰਸਾਰ-ਸਮੁੰਦਰ ਤੋਂ ਪਾਰ ਲੰਘੇਂਗਾ ? । 4.

(ਹੇ ਕਬੀਰ!) ਆਖ—ਹਰੇਕ ਮਨੁੱਖ ਗਣੇਸ਼ ਤੇ ਸ਼ਿਵ ਨੂੰ ਹੀ ਪਛਾਣਦਾ ਹੈ (ਭਾਵ, ਹਰੇਕ ਮਨੁੱਖ ਇਹੀ ਸਮਝ ਰਿਹਾ ਹੈ ਕਿ ਸ਼ਿਵ ਮੁਕਤੀਦਾਤਾ ਹੈ ਤੇ ਗਣੇਸ਼ ਦੀ ਨਗਰੀ ਮੁਕਤੀ ਖੋਹਣ ਵਾਲੀ ਹੈ); ਪਰ ਕਬੀਰ ਤਾਂ ਪ੍ਰਭੂ ਦਾ ਸਿਮਰਨ ਕਰ ਕਰ ਕੇ ਆਪਾ-ਭਾਵ ਹੀ ਮਿਟਾ ਬੈਠਾ ਹੈ (ਕਬੀਰ ਨੂੰ ਇਹ ਪਤਾ ਕਰਨ ਦੀ ਲੋੜ ਹੀ ਨਹੀਂ ਰਹੀ ਕਿ ਉਸ ਦੀ ਕੀਹ ਗਤੀ ਹੋਵੇਗੀ)। 5.

ਇਸਲਾਮਿਕ ਸਟੇਟ (ਆਈਸਸ) ਵਾਲਿਆਂ ਦੇ ਅਨਮਨੁੱਖੀ ਕਾਰੇ ਕਈ ਸਾਲਾਂ ਤੋਂ ਸਾਰੀ ਦੁਨੀਆਂ ਦੇਖ ਰਹੀ ਹੈ। ਕਿਵੇਂ ਉਹ ਪਿੰਜਰੇ ਵਿੱਚ ਬੰਨ ਕੇ ਜਿੰਦਾ ਜਲਾਉਂਦੇ ਹਨ। ਉਹਨਾ ਦੇ ਕਬਜ਼ੇ ਵਾਲੇ ਇਲਾਕੇ ਵਿੱਚ ਘੱਟ ਗਿਣਤੀਆਂ ਨਾਲ ਕਿੰਨਾ ਭੈੜਾ ਸਲੂਕ ਕਰਦੇ ਹਨ। ਕੁੱਝ ਹਫਤੇ ਪਹਿਲਾਂ ਫਰਾਂਸ ਵਿੱਚ ਸਵਾ ਸੌ ਤੋਂ ਉਪਰ ਨਿਰਦੋਸ਼ੇ ਲੋਕਾਂ ਨੂੰ ਮਾਰ ਕੇ ਇਹਨਾ ਨੂੰ ਖੁਸ਼ੀ ਹੁੰਦੀ ਹੈ। ਇਹ ਕਾਰੇ ਕਰਨ ਵਾਲੇ ਇੱਕ ਮੁਖੀ ਨੂੰ ਲਾਸ਼ਾਂ ਨੂੰ ਟਰੱਕ ਪਿਛੇ ਬੰਨ ਕੇ ਘੜੀਸਣ ਤੇ ਖੁਸ਼ੀ ਮਹਿਸੂਸ ਹੁੰਦੀ ਸੀ। ਇਹ ਸਾਰਾ ਕੁੱਝ ਧਰਮ ਅਤੇ ਸਵਰਗ ਦੇ ਨਾਮ ਤੇ ਕਰ ਰਹੇ ਹਨ। ਛੇਤੀਂ ਛੇਤੀਂ ਸਵਰਗ ਵਿੱਚ ਪਹੁੰਚਣ ਦਾ ਲਾਲਚ ਦੇ ਕੇ ਇਹ ਸ਼ੋਸ਼ਲ ਮੀਡੀਏ ਰਾਹੀਂ ਟੀਨਏਜ਼ਰਾਂ ਨੂੰ ਭਰਮਾਉਂਦੇ ਹਨ ਅਤੇ ਉਹ ਛੇਤੀਂ ਹੀ ਇਹਨਾ ਦੇ ਜਾਲ ਵਿੱਚ ਫਸ ਜਾਂਦੇ ਹਨ। ਕੁੱਝ ਮਹੀਨੇ ਪਹਿਲਾਂ ਸੀ. ਬੀ. ਸੀ. ਰੇਡੀਓ ਤੇ ਇੱਕ ਡਾਕੂਮਿੰਟਰੀ ਸੁਣੀ ਸੀ ਜਿਸ ਵਿੱਚ ਅਮਰੀਕਾ ਵਿੱਚ ਰਹਿੰਦੀ ਇੱਕ ਇਸਲਾਮਿਕ ਮਾਂ ਨੇ ਆਪਣੇ ਇੱਕ ਟੀਨਏਜ਼ਰ ਦਾ ਪਾਸਪੋਰਟ ਲਕੋ ਲਿਆ ਸੀ। ਉਹ ਪਾਸਪੋਰਟ ਮੰਗਣ ਦੀ ਜ਼ਿਦ ਕਰਨ ਲੱਗਾ। ਜਦੋਂ ਮਾਂ ਨੇ ਪੁੱਛਿਆ ਕਿ ਤੂੰ ਕਿਉਂ ਉਥੇ ਜਾਣਾ ਚਾਹੁੰਦਾ ਹੈ ਤਾਂ ਉਸ ਨੇ ਜਵਾਬ ਦਿੱਤਾ ਕਿ ਜੇ ਕਰ ਮੈਂ ਉਥੇ ਨਾ ਗਿਆ ਤਾਂ ਹੋ ਸਕਦਾ ਹੈ ਕਿ ਮੈਂ ਸਵਰਗ ਵਿੱਚ ਨਾ ਜਾ ਸਕਾਂ ਕਿਉਂਕਿ ਉਹ ਕਹਿੰਦੇ ਹਨ ਕਿ ਜਿਹਨਾ ਨੇ ਸਵਰਗ ਵਿੱਚ ਛੇਤੀਂ ਪਹੁੰਚਣਾ ਹੈ ਉਹ ਛੇਤੀਂ ਤੋਂ ਛੇਤੀਂ ਇਥੇ ਆ ਜਾਣ। ਸਦੀਆਂ ਪਹਿਲਾਂ ਪਾਂਡੇ ਵੀ ਇਹ ਲਾਲਚ ਦਿੰਦੇ ਸਨ ਕਿ ਜਿਹੜਾ ਕੋਈ ਆਪਣੀ ਸਾਰੀ ਜ਼ਾਇਦਾਦ ਪੰਡੀਆ ਨੂੰ ਦਾਨ ਕਰਕੇ ਆਰੇ ਨਾਲ ਆਪਣੇ ਆਪ ਨੂੰ ਚਰਵਾ ਲਵੇ ਤਾਂ ਉਹ ਸਿੱਧਾ ਸਵਰਗ ਵਿੱਚ ਜਾ ਸਕਦਾ ਹੈ। ਕਹਿੰਦੇ ਹਨ ਕਿ ਕਾਂਸ਼ੀ ਵਿੱਚ ਉਹ ਆਰਾ ਹਾਲੇ ਵੀ ਪਿਆ ਹੈ। ਇਹ ਗੱਲ ਕਿਤਨੀ ਕੁ ਠੀਕ ਹੈ ਕੁੱਝ ਨਹੀਂ ਕਿਹਾ ਜਾ ਸਕਦਾ। ਪਰ ਹੈਰਾਨੀ ਇਸ ਗੱਲ ਦੀ ਹੈ ਕਿ ਜਿਹੜੀ ਗੱਲ ਸੂਰਮੇ ਮਰਦਾਂ ਨੇ 500 ਸਾਲ ਤੋਂ ਵੀ ਪਹਿਲਾਂ ਹੀ ਰੱਦ ਕਰਕੇ ਇਹ ਡਰ ਲਾਹ ਦਿੱਤਾ ਸੀ ਉਸ ਗੱਲ ਤੋਂ ਡਰ ਕੇ ਲੋਕਾਈ ਹਾਲੇ ਵੀ ਇਹਨਾ ਅਖੌਤੀ ਧਰਮੀਆਂ ਦੇ ਜਾਲ ਵਿੱਚ ਫਸਦੀ ਜਾ ਰਹੀ ਹੈ।

ਸੁਰਗ ਬਾਸੁ ਨ ਬਾਛੀਐ ਡਰੀਐ ਨ ਨਰਕਿ ਨਿਵਾਸੁ ॥ ਹੋਨਾ ਹੈ ਸੋ ਹੋਈ ਹੈ ਮਨਹਿ ਨ ਕੀਜੈ ਆਸ ॥੧॥ ਪੰਨਾ 337॥

ਇਸਾਈ ਧਰਮ ਨੂੰ ਮੰਨਣ ਵਾਲਿਆਂ ਕੋਲ ਸਿਰਫ ਇੱਕ ਹੀ ਇਹ ਵੱਡਾ ਲਾਲਚ ਹੈ ਕਿ ਜੇ ਕਰ ਤੁਸੀਂ ਈਸਾ ਤੇ ਵਿਸ਼ਵਾਸ਼ ਕਰ ਲਉਂਗੇ ਤਾਂ ਤੁਹਾਡੇ ਸਾਰੇ ਗੁਨਾਹ ਮੁਆਫ ਹੋ ਜਾਣਗੇ ਫਿਰ ਸਵਰਗ ਵਿੱਚ ਪੱਕਾ ਵਾਸਾ ਹੋਵੇਗਾ। ਕਿਸੇ ਸਮੇ ਪੰਡੀਆ ਵੀ ਇਹੀ ਕੁੱਝ ਕਰਦਾ ਰਿਹਾ ਹੈ। ਇਸ ਵੇਲੇ ਸਭ ਤੋਂ ਵੱਡੀ ਕਤਲੋਗਾਰਤ ਇਸਲਾਮ ਨੂੰ ਮੰਨਣ ਵਾਲੇ ਇਸ ਕਥਿਤ ਸਵਰਗ ਦੇ ਲਾਲਚ ਕਰਕੇ ਕਰ ਰਹੇ ਹਨ। ਇਹ ਭਾਂਵੇਂ ਆਈ ਐੱਸ ਐੱਸ ਵਾਲੇ ਹੋਣ, ਬੋਕੋ ਹਰਾਮ ਵਾਲੇ, ਅਲ ਕਾਇਦਾ ਵਾਲੇ ਜਾਂ ਹੋਰ ਜਨੂੰਨੀ ਗਰੁੱਪ। ਕਿਸੇ ਨੂੰ ਮਾਰਨ ਲੱਗਿਆਂ ਇਹਨਾ ਦੇ ਮਨ ਵਿੱਚ ਕੋਈ ਰਹਿਮ ਜਾਂ ਦਇਆ ਨਹੀਂ ਆਉਂਦੀ। ਸਾਲ ਕੁ ਪਹਿਲਾਂ ਪਾਕਿਸਤਾਨ ਦੇ ਇੱਕ ਸਕੂਲ ਵਿੱਚ ਪੜ੍ਹਦੇ ਸੈਂਕੜੈ ਬੱਚਿਆਂ ਨੂੰ ਭੁੰਨ ਦਿਤਾ ਗਿਆ ਸੀ। ਇਤਨਾ ਜੁਲਮ ਤਾਂ ਡਿਕਟੇਟਰ ਵੀ ਨਹੀਂ ਕਰਦੇ ਜਿਤਨਾ ਇਹ ਕਰਦੇ ਹਨ। ਸਦਾਮ ਹੁਸੈਨ ਨੇ ਵੀ ਬਥੇਰੇ ਜੁਲਮ ਕੀਤੇ, ਸੀਰੀਆ ਦਾ ਡਿਕਟੇਟਰ ਵੀ ਕਰ ਰਿਹਾ ਹੈ, ਹਾਲੇ ਕੁੱਝ ਦਿਨ ਪਹਿਲਾਂ ਹੀ ਸਾਉਦੀ ਅਰਬ ਵਿਚ 47 ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਹੈ। ਪਰ ਉਹ ਘੱਟੋ ਘੱਟ ਧਰਮ ਅਤੇ ਸਵਰਗ ਦੇ ਨਾਮ ਤੇ ਤਾਂ ਨਹੀਂ ਕਰਦੇ ਜਾਂ ਕੀਤੇ। ਦੁਨੀਆ ਤੇ ਹੁੰਦਾ ਵਰਤਾਰਾ ਦੇਖ ਕੇ ਕਈ ਵਾਰੀ ਇਸ ਤਰ੍ਹਾਂ ਲਗਦਾ ਹੈ ਜਿਹੜੇ ਆਪਣੇ ਆਪ ਨੂੰ ਸਭ ਤੋਂ ਵੱਧ ਧਰਮੀ ਕਹਾਉਂਦੇ ਹਨ ਉਹ ਪੱਕੇ ਨਾਸਤਿਕ ਹੋਣ ਅਤੇ ਜਿਹਨਾ ਨੂੰ ਲੋਕੀਂ ਨਾਸਤਿਕ ਕਹਿੰਦੇ ਹਨ ਉਹਨਾ ਵਿਚੋਂ ਬਹੁਤੇ ਆਸਤਿਕ ਹੋਣ। ਇਸ ਬਾਰੇ ਵਿਚਾਰ ਕਿਸੇ ਹੋਰ ਲੇਖ ਵਿੱਚ ਕਰਾਂਗਾ। ਇਸ ਤਰ੍ਹਾਂ ਦੇ ਬੰਦੇ ਸਾਰੇ ਹੀ ਧਰਮਾ ਵਿਚ ਹਨ। ਹੁਣ ਤੁਸੀਂ ਦੱਸੋ ਕਿ ਜੋ ਮੈਂ ਇਸ ਲੇਖ ਵਿੱਚ ਲਿਖਿਆ ਹੈ ਉਹ ਠੀਕ ਲਿਖਿਆ ਹੈ ਜਾਂ ਗਲਤ ਲਿਖਿਆ ਹੈ। ਮੈਂ ਕਿਸੇ ਨਰਕ ਤੋਂ ਜਾਂ ਅਗਲੇ ਜਨਮ ਤੋਂ ਨਹੀਂ ਡਰਦਾ ਅਤੇ ਨਾ ਹੀ ਮੈਨੂੰ ਕਿਸੇ ਸਵਰਗ ਦਾ ਕੋਈ ਲਾਲਚ ਹੈ। ਜੋ ਸਵਰਗ ਵਿੱਚ ਮਿਲਦਾ ਦੱਸਦੇ ਹਨ ਉਹ ਇੱਥੇ ਸਾਰਾ ਕੁੱਝ ਤਾਂ ਮਿਲਦਾ ਹੈ। ਸ਼ਹਿਦ ਸਟੋਰਾਂ ਤੇ ਬਥੇਰਾ ਪਿਆ ਜਿਤਨਾ ਮਰਜ਼ੀ ਲਿਆ ਕੇ ਖਾਹ ਲਓ। ਹੋਰ ਵੀ ਚੀਜਾਂ ਜੋ ਉਥੇ ਮਿਲਦੀਆਂ ਹਨ ਉਹਨਾ ਵਿਚੋਂ ਬਹੁਤੀਆਂ ਤਾਂ ਇਥੇ ਵੀ ਮਿਲਦੀਆਂ ਹੀ ਹਨ। ਫਿਰ ਡਰ ਜਾਂ ਲਾਲਚ ਕਿਸ ਗੱਲ ਦਾ। ਮੈਨੂੰ ਤਾਂ ਕੋਈ ਹੈ ਨਹੀਂ ਹੁਣ ਤੁਸੀਂ ਦੱਸੋ ਤੁਹਾਨੂੰ ਕੋਈ ਹੈ!

ਮੱਖਣ ਸਿੰਘ ਪੁਰੇਵਾਲ,

ਜਨਵਰੀ 03, 2016.
.