.

ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ

ਹਮਰਾ ਝਗੜਾ ਰਹਾ ਨ ਕੋਊ

ਜਿੰਨਾਂ ਮਨੁੱਖਾਂ ਨੇ ਸਮਾਜ ਨੂੰ ਕੋਈ ਸੇਧ ਦੇਣੀ ਹੁੰਦੀ ਹੈ ਉਹ ਪ੍ਰਵਾਰਕ ਮੋਹ ਦੀ ਪ੍ਰਵਾਹ ਨਹੀਂ ਕਰਦੇ। ਏਸੇ ਲਈ ਉਹਨਾਂ ਨੂੰ ਕੋਈ ਲੋਭ-ਲਾਲਚ ਜਾਂ ਸਰਕਾਰੀ ਤਸੱਦਦ ਨਿਸ਼ਾਨੇ ਤੋਂ ਥਿੜਕਾ ਨਹੀਂ ਸਕਦਾ। ਅਜੇਹੇ ਡੂੰਘੇ ਸਮਾਜਿਕ ਚਿੰਤਕਾਂ ਨੂੰ ਬਹੁਤ ਵਾਰੀ ਰਵਾਇਤੀ ਧਾਰਮਿਕ ਆਗੂਆਂ ਦੀ ਕਰੋਪੀ ਤੇ ਸਰਕਾਰੀ ਤੰਤਰ ਦੇ ਜ਼ੁਲਮ ਦਾ ਸ਼ਿਕਾਰ ਹੋਣਾ ਪੈਂਦਾ ਹੈ। ਅਜੇਹੇ ਚਿੰਤਕ ਸਮਝੌਤਾਵਾਦੀ ਨਹੀਂ ਹੁੰਦੇ ਸਗੋਂ ਉਹ ਤਾਂ ਆਪਣੀ ਜਾਨ ਦੀ ਬਾਜ਼ੀ ਲਗਾ ਕਿ ਸਮਾਜ ਨੂੰ ਸੇਧ ਦੇਂਦੇ ਹਨ। ਗੁਰੂ ਨਾਨਕ ਸਾਹਿਬ ਜੀ ਨੇ ਭਗਤ ਕਬੀਰ ਜੀ ਜਾਂ ਭਗਤ ਰਵਿਦਾਸ ਜੀ ਤਥਾ ਬਾਕੀ ਭਗਤਾਂ ਦੀ ਨਿਰੋਈ ਵਿਚਾਰਧਾਰਾ ਨੂੰ ਆਪਣੇ ਨਾਲ ਬੈਠਾਇਆ ਹੈ ਤਾਂ ਕੇ ਸਮੁੱਚੀ ਮਾਨਵਤਾ ਨੂੰ ਲਾਭ ਪਹੁੰਚ ਸਕੇ। ਇਸ ਸੱਚੀ ਵਿਚਾਰਧਾਰਾ ਨੂੰ ਗੁਰੂ ਗ੍ਰੰਥ ਸਾਹਿਬ ਦਾ ਹਿੱਸਾ ਬਣਾ ਕਿ ਵਿਸ਼ਵ-ਵਿਆਪੀ ਰੂਪ ਦਿੱਤਾ ਹੈ। ਦੁਖਾਂਤ ਇਹ ਹੈ ਕਿ ਅਜੇਹੀ ਨਿਵੇਕਲੀ ਵਿਚਾਰਧਾਰਾ ਨੂੰ ਅੱਜ ਫਿਰ ਬ੍ਰਾਹਮਣੀ ਗਲੇਫ ਵਿੱਚ ਪੇਸ਼ ਕੀਤਾ ਜਾ ਰਿਹਾ ਹੈ। ਅਜੇਹੀ ਹਾਲਤ ਵਿੱਚ ਸਿੱਖ ਸੰਸਥਾਵਾਂ ਤੇ ਸਿੱਖ ਪ੍ਰੰਪਰਾਵਾਂ ਨੂੰ ਵੱਡੀ ਪੱਧਰ `ਤੇ ਖੋਰਾ ਲੱਗ ਚੁੱਕਾ ਹੈ। ਕਬੀਰ ਸਾਹਿਬ ਜੀ ਨੇ ਆਪਣੇ ਸਮੇਂ ਵਿੱਚ ਧਾਰਮਿਕ ਆਗੂਆਂ ਦੀ ਸੌੜੀ ਵਿਚਾਰਧਾਰਾ ਨੂੰ ਮੁੱਢੋਂ ਨਿਕਾਰਿਆ ਹੈ। ਕਬੀਰ ਸਾਹਿਬ ਜੀ ਬੇਬਾਕ ਟਿੱਪਣੀ ਕਰਦੇ ਹਨ ਕਿ ਮੇਰਾ ਕਿਸੇ ਨਾਲ ਕੋਈ ਜਾਤੀ ਝਗੜਾ ਨਹੀਂ ਹੈ ਪਰ ਇਹਨਾਂ ਦੇ ਰਚੇ ਹੋਏ ਸਿਧਾਤਾਂ ਨੂੰ ਮੈਂ ਮੰਨਣ ਦਾ ਪਾਬੰਦ ਨਹੀਂ ਹਾਂ। ਇਹਨਾਂ ਵਲੋਂ ਦੱਸੀ ਹੋਈ ਮਰਯਾਦਾ ਨਿਭਾਉਣੀ ਮੇਰੇ ਲਈ ਬਹੁਤ ਮੁਸ਼ਕਲ ਹੈ। ਮੈਂ ਇਹਨਾਂ ਦੋਹਾਂ ਧਰਮਾਂ ਦਾ ਸਤਿਕਾਰ ਜ਼ਰੂਰ ਕਰਦਾ ਹਾਂ ਪਰ ਜਿਹੜਾ ਕੁੱਝ ਇਹਨਾਂ ਧਰਮਾਂ ਵਾਲਿਆਂ ਨੇ ਕਰਮ ਕਾਂਡੀ ਲਿਖਿਆ ਹੈ ਉਸ ਨੂੰ ਮੈਂ ਨਿਕਾਰਦਾ ਹਾਂ। ਸਮੇਂ ਦੇ ਧਾਰਮਿਕ ਆਗੂਆਂ ਨੇ ਆਪਣੇ ਪੇਟ ਦੀ ਪੂਰਤੀ ਲਈ ਧਰਮ ਦੇ ਨਾਂ ਹੇਠ ਲੋਕਾਂ ਕੋਲੋਂ ਅਨਹੋਣੀਆਂ ਕਰਾ ਰਹੇ ਸਨ। ਆਮ ਲੋਕ ਇਹਨਾਂ ਦੇ ਭਰਮ ਜਾਲ ਦਾ ਸ਼ਿਕਾਰ ਹੋ ਕੇ ਦਿਨ ਦੀਵੀਂ ਲੁੱਟੇ ਜਾ ਰਹੇ ਹਨ। ਸਮੁੱਚੀ ਮਨੁੱਖਤਾ ਦੀ ਸਮੱਸਿਆ ਨੂੰ ਸਮਝਣ ਲਈ ਕਬੀਰ ਸਾਹਿਬ ਜੀ ਦੇ ਇੱਕ ਸ਼ਬਦ ਦੀ ਵਿਚਾਰ ਨੂੰ ਸਮਝਣ ਦਾ ਯਤਨ ਕਰਾਂਗੇ—

ਉਲਟਿ, ਜਾਤਿ ਕੁਲ ਦੋਊ ਬਿਸਾਰੀ।। ਸੁੰਨ ਸਹਜ ਮਹਿ ਬੁਨਤ ਹਮਾਰੀ।। ੧।।

ਹਮਰਾ ਝਗਰਾ ਰਹਾ ਨ ਕੋਊ।। ਪੰਡਿਤ ਮੁਲਾਂ ਛਾਡੇ ਦੋਊ।। ੧।। ਰਹਾਉ।।

ਬੁਨਿ ਬੁਨਿ ਆਪ, ਆਪੁ ਪਹਿਰਾਵਉ।। ਜਹ ਨਹੀ ਆਪੁ, ਤਹਾ ਹੋਇ ਗਾਵਉ।। ੨।।

ਪੰਡਿਤ ਮੁਲਾਂ ਜੋ ਲਿਖਿ ਦੀਆ।। ਛਾਡਿ ਚਲੇ ਹਮ ਕਛੂ ਨ ਲੀਆ।। ੩।।

ਰਿਦੈ ਇਖਲਾਸੁ ਨਿਰਖਿ ਲੇ ਮੀਰਾ।। ਆਪੁ ਖੋਜਿ ਖੋਜਿ ਮਿਲੇ ਕਬੀਰਾ।। ੪।। ੭।।

ਬਾਣੀ ਕਬੀਰ ਜੀ ਕੀ ਪੰਨਾ ੧੧੫੮-੧੧੫੯

ਸਭ ਤੋਂ ਪਹਿਲਾਂ ਰਹਾਉ ਦੀਆਂ ਤੁਕਾਂ ਦੀ ਵਿਚਾਰ ਕੀਤੀ ਜਾਏਗੀ—

ਹਮਰਾ ਝਗਰਾ ਰਹਾ ਨ ਕੋਊ।।

ਪੰਡਿਤ ਮੁਲਾਂ ਛਾਡੇ ਦੋਊ।। ੧।।

ਰਹਾਉ ਦੀਆਂ ਤੁਕਾਂ ਦੇ ਅੱਖਰੀਂ ਅਰਥ-- (ਜਿਉਂ ਜਿਉਂ ਮੈਂ ਨਾਮ ਸਿਮਰਨ ਦੀ ਤਾਣੀ ਉਣ ਰਿਹਾ ਹਾਂ) ਮੈਂ ਪੰਡਿਤ ਅਤੇ ਮੁੱਲਾਂ ਦੋਵੇਂ ਹੀ ਛੱਡ ਦਿੱਤੇ ਹਨ। ਦੋਹਾਂ (ਦੇ ਦੱਸੇ ਕਰਮ-ਕਾਂਡ ਤੇ ਸ਼ਰਹ ਦੇ ਰਸਤੇ) ਨਾਲ ਮੇਰਾ ਕੋਈ ਵਾਸਤਾ ਨਹੀਂ ਰਿਹਾ (ਭਾਵ, ਕਰਮ-ਕਾਂਡ ਅਤੇ ਸ਼ਰਹ ਇਹ ਦੋਵੇਂ ਹੀ ਨਾਮ-ਸਿਮਰਨ ਦੇ ਟਾਕਰੇ ਤੇ ਤੁੱਛ ਹਨ)। ੧। ਰਹਾਉ।

ਵਿਚਾਰ— ਅੱਖਰਾਂ ਦੇ ਅਰਥਾਂ ਤੋਂ ਇੰਜ ਪਰਤੀਤ ਹੁੰਦਾ ਹੈ ਕਿ ਸ਼ਾਇਦ ਕਬੀਰ ਸਾਹਿਬ ਜੀ ਨੇ ਪੰਡਤ ਤੇ ਮੁੱਲਾਂ ਨਾਲ ਮਿਲ ਵਰਤਣ ਛੱਡ ਦਿੱਤਾ ਹੈ। ਮਨੁੱਖਤਾ ਦੇ ਨਾਤੇ ਕਬੀਰ ਸਾਹਿਬ ਜੀ ਨੇ ਕੋਈ ਮਿਲਵਰਤਣ ਨਹੀਂ ਛੱਡਿਆ। ਐਸੀ ਕੋਈ ਲੀਕ ਨਹੀਂ ਖਿਚੀ ਕਿ ਤੁਹਾਡੇ ਨਾਲ ਮੈਂ ਬੋਲਣਾ ਨਹੀਂ ਹੈ। ਕਬੀਰ ਸਾਹਿਬ ਜੀ ਨੇ ਤਾਂ ਭਰਾਤਰੀ-ਭਾਵ ਦੀ ਗੱਲ ਕਰਦਿਆਂ ਆਮ ਲੁਕਾਈ ਨੂੰ ਇਹਨਾਂ ਦੇ ਤੰਦਵੇ ਜਾਲ ਤੋਂ ਬਚਾਉਣ ਦਾ ਯਤਨ ਕੀਤਾ ਹੈ। ਸਮੁੱਚੀ ਮਨੁੱਖਤਾ ਨੂੰ ਪਿਆਰ ਕਲਾਵੇ ਵਿੱਚ ਲੈਂਦਿਆਂ ਆਪਣੀ ਬਾਣੀ ਵਿੱਚ ਲਿਖਦੇ ਹਨ ਕਿ --–

ਅਵਲਿ ਅਲਹ ਨੂਰੁ ਉਪਾਇਆ, ਕੁਦਰਤਿ ਕੇ ਸਭ ਬੰਦੇ।।

ਏਕ ਨੂਰ ਤੇ ਸਭੁ ਜਗੁ ਉਪਜਿਆ, ਕਉਨ ਭਲੇ ਕੋ ਮੰਦੇ।। ੧।।

ਰਾਗ ਪ੍ਰਭਾਤੀ ਬਾਣੀ ਕਬੀਰ ਜੀ ਕੀ ਪੰਨਾ ੧੩੪੯

ਉਪਰੋਕਤ ਸ਼ਬਦ ਵਿੱਚ ਕਬੀਰ ਸਾਹਿਬ ਜੀ ਫਰਮਾਉਂਦੇ ਹਨ ਕਿ ਮੈਂ ਪੰਡਿਤ ਤੇ ਮੁੱਲਾਂ ਦੀ ਸੌੜੀ ਵਿਚਾਰਧਾਰਾ ਨੂੰ ਛੱਡ ਦਿੱਤਾ ਹੈ ਕਿਉਂਕਿ ਧਰਮ ਦੇ ਨਾਂ `ਤੇ ਲੋਕਾਂ ਵਿੱਚ ਭਰਮ ਵਹਿਮ ਪਾਕੇ ਠੱਗੀਆਂ ਮਾਰ ਰਹੇ ਹਨ। ਇਸ ਦਾ ਅਰਥ ਇਹ ਨਹੀਂ ਕਿ ਕਬੀਰ ਸਾਹਿਬ ਜੀ ਨੇ ਕੋਈ ਭਾਈਚਾਰਕ ਸਾਂਝ ਛੱਡ ਦਿੱਤੀ ਹੈ। ਭਾਈਚਾਰਕ ਸਾਂਝ ਨਹੀਂ ਛੱਡੀ ਸਗੋਂ ਇਹਨਾਂ ਦੋਹਾਂ ਪੁਜਾਰੀਆਂ ਵਲੋਂ ਧਰਮ ਦੇ ਨਾਂ `ਤੇ ਜੋ ਪਖੰਡ ਕੀਤਾ ਜਾ ਰਿਹਾ ਹੈ ਉਹ ਧਰਮ ਦੀ ਅਸਲੀਅਤ ਨਹੀਂ ਹੈ। ਫੋਕਟ ਦੀਆਂ ਰਸਮਾਂ ਨੂੰ ਮੈਂ ਮੰਨਣ ਲਈ ਤਿਆਰ ਨਹੀਂ ਹਾਂ। ਮਿਸਾਲ ਦੇ ਤੌਰ `ਤੇ ਪੰਡਿਤ ਗੋਮਤੀ ਨਦੀ ਦੇ ਇਸ਼ਨਾਨ `ਤੇ ਜ਼ੋਰ ਦੇਂਦਾ ਹੈ ਜਦ ਕਿ ਮੁੱਲਾਂ ਹੱਜ ਕਰਨ ਲਈ ਪ੍ਰੇਰਨਾ ਦੇਂਦਾ ਹੈ। ਇਹਨਾਂ ਧਾਰਮਿਕ ਬਿਰਤੀਆਂ ਦਾ ਖਿਆਲ ਹੈ ਕਿ ਧਾਰਮਿਕ ਅਸਥਾਨਾਂ ਦੀ ਯਾਤਰਾ ਕਰਨ ਨਾਲ ਸ਼ਾਇਦ ਮਨੋ ਕਾਮਨਾਵਾਂ ਪੂਰੀਆਂ ਹੋ ਜਾਣਗੀਆਂ ਜਾਂ ਕੀਤੇ ਹੋਏ ਪਾਪਾਂ ਤੋਂ ਛੁਟਕਾਰਾ ਮਿਲ ਜਾਏਗਾ। ਧਾਰਮਿਕ ਅਸਥਾਨਾਂ ਵਿੱਚ ਵਾਪਰ ਰਹੀਆਂ ਘਟਨਾਵਾਂ ਤੋਂ ਕਬੀਰ ਸਾਹਿਬ ਜੀ ਭਲੀ ਭਾਂਤ ਜਾਣੂ ਸਨ। ਬਹੁਤੇ ਧਾਰਮਿਕ ਅਸਥਾਨਾਂ `ਤੇ ਅੱਜ ਵੀ ਇਹੋ ਕੁੱਝ ਹੋ ਰਿਹਾ ਹੈ। ਦਰ ਅਸਲ ਧਾਰਮਿਕ ਅਸਥਾਨਾਂ ਦੀ ਯਾਤਰਾ ਇਸ ਲਈ ਕਰਨੀ ਚਾਹੀਦੀ ਸੀ ਕਿ ਸਾਡੇ ਸੁਭਾਅ ਵਿੱਚ ਸੋਝੀ ਆਉਂਦੀ, ਸਮਾਜ ਵਿੱਚ ਕੋਈ ਬਦਲਾਅ ਆਉਂਦਾ। ਪੰਡਿਤ ਤੇ ਮੁੱਲਾਂ ਧਾਰਮਿਕ ਯਾਤਰਾ ਕਰਨ ਵਾਸਤੇ ਇਸ ਲਈ ਕਹਿ ਰਹੇ ਹਨ ਕਿ ਤੁਹਾਡਾ ਅੱਗਾ ਸੰਵਰ ਜਾਏਗਾ ਕਿਉਂਕਿ ਉਹਨਾਂ ਨੂੰ ਚੜ੍ਹਾਵੇ ਦਾ ਲਾਭ ਹੁੰਦਾ ਹੈ। ਕਬੀਰ ਸਾਹਿਬ ਜੀ ਫਰਮਾਉਂਦੇ ਹਨ ਕਿ ਗੋਮਤੀ ਦਾ ਇਸ਼ਨਾਨ ਤੇ ਹੱਜ ਦੀ ਯਾਤਰਾ ਮੈਂ ਆਤਮਿਕ ਤਲ਼ `ਤੇ ਹੀ ਕਰਦਾ ਹਾਂ-- ਵਿਚਾਰੀਏ ਇਸ ਵਾਕ ਨੂੰ-

ਹਜ ਹਮਾਰੀ ਗੋਮਤੀ ਤੀਰ।। ਜਹਾ ਬਸਹਿ ਪੀਤੰਬਰ ਪੀਰ।। ੧।।

ਰਾਗ ਆਸਾ ਬਾਣੀ ਕਬਰਿ ਜੀ ਕੀ ਪੰਨਾ ੪੭੮

ਅਰਥ : —ਸਾਡਾ ਹੱਜ ਤੇ ਸਾਡਾ ਗੋਮਤੀ ਦਾ ਕੰਢਾ (ਇਹ ਮਨ ਹੀ ਹੈ) ਜਿਥੇ ਸ੍ਰੀ ਪ੍ਰਭੂ ਜੀ ਵੱਸ ਰਹੇ ਹਨ। ੧।

ਉਪਰੋਕਤ ਤੁਕਾਂ ਵਿੱਚ ਇਹਨਾਂ ਦੋਹਾਂ ਧਰਮਿਕ ਆਗੂਆਂ ਦੇ ਵਿਚਾਰਾਂ ਨੂੰ ਖਲਕਤ ਦੇ ਸਾਹਮਣੇ ਰੱਖਿਆ ਹੈ। ਕਬੀਰ ਸਾਹਿਬ ਜੀ ਫਰਮਾਉਂਦੇ ਹਨ ਕਿ ਇਹ ਦੋਵੇਂ ਬਿਰਤੀਆਂ ਜੋ ਕਹਿੰਦੀਆਂ ਹਨ ਉਹ ਕੁੱਝ ਮੈਂ ਕਰਨ ਲਈ ਤਿਆਰ ਨਹੀਂ ਹਾਂ। ਭਾਵ ਨਾ ਤਾਂ ਮੈਂ ਹੱਜ ਕਰਨ ਲਈ ਜਾਂਦਾ ਹਾਂ ਤੇ ਨਾ ਹੀ ਗੋਮਤੀ ਨਦੀ ਦੇ ਇਸ਼ਨਾਨ ਕਰਨ ਨੂੰ ਕੋਈ ਤਰਜੀਹ ਦੇਂਦਾ ਹਾਂ। ਜਬਰਦਸਤੀ ਤੁਸੀਂ ਮੇਰੇ `ਤੇ ਆਪਣੀ ਵਿਚਾਰ ਧਾਰਾ ਠੋਸ ਨਹੀਂ ਸਕਦੇ। ਕਬੀਰ ਸਾਹਿਬ ਜੀ ਦੇ ਕਥਨ ਤੋਂ ਇੱਕ ਗੱਲ ਸਪੱਸ਼ਟ ਹੁੰਦੀ ਹੈ ਇਹਨਾਂ ਚਿੰਤਕਾਂ ਨੇ ਖ਼ਿਆਲਾਂ ਦੀ ਅਜ਼ਾਦੀ ਨੂੰ ਬਰਕਰਾਰ ਰੱਖਣ ਲਈ ਕਿੰਨਾ ਸੰਘਰਸ਼ ਕੀਤਾ ਹੈ। ਕਬੀਰ ਸਾਹਿਬ ਜੀ ਵਿਚਾਰ ਦੇਂਦੇ ਹਨ ਕਿ ਜਦੋਂ ਮੈਨੂੰ ਤੁਹਾਡੀ ਗੱਲ ਦੀ ਸਮਝ ਆ ਗਈ ਹੈ ਫਿਰ ਮੈਂ ਤੁਹਾਡੇ ਝੂਠੇ ਲਾਰਿਆਂ ਵਿੱਚ ਕਿਉਂ ਫਸਾਂ? ਹੁਣ ਜਦੋਂ ਮੈਂ ਤੁਹਾਡੀ ਵਿਚਾਰਧਾਰਾ ਨਾਲ ਸਹਿਮਤ ਹੀ ਨਹੀਂ ਹਾਂ ਤਾਂ ਫਿਰ ਮੇਰਾ ਝਗੜਾ ਕਿਸ ਗੱਲ ਦਾ?

ਸ਼ਬਦ ਦੇ ਪਹਿਲੇ ਬੰਦ ਵਿੱਚ ਕਬੀਰ ਸਾਹਿਬ ਜੀ ਫਰਮਾਉਂਦੇ ਹਨ—

ਉਲਟਿ, ਜਾਤਿ ਕੁਲ ਦੋਊ ਬਿਸਾਰੀ।। ਸੁੰਨ ਸਹਜ ਮਹਿ ਬੁਨਤ ਹਮਾਰੀ।। ੧।।

ਅੱਖਰੀਂ ਅਰਥ-- (ਨਾਮ ਦੀ ਬਰਕਤਿ ਨਾਲ ਮਨ ਨੂੰ ਮਾਇਆ ਵਲੋਂ) ਉਲਟਾ ਕੇ ਮੈਂ ਜਾਤ ਤੇ ਕੁਲ ਦੋਵੇਂ ਵਿਸਾਰ ਦਿੱਤੀਆਂ ਹਨ (ਮੈਨੂੰ ਇਹ ਸਮਝ ਆ ਗਈ ਹੈ ਕਿ ਪ੍ਰਭੂ-ਮਿਲਾਪ ਦਾ ਕਿਸੇ ਖ਼ਾਸ ਜਾਤ ਜਾਂ ਕੁਲ ਨਾਲ ਸੰਬੰਧ ਨਹੀਂ ਹੈ)। ਮੇਰੀ ਲਿਵ ਹੁਣ ਉਸ ਅਵਸਥਾ ਵਿੱਚ ਟਿਕੀ ਹੋਈ ਹੈ, ਜਿੱਥੇ ਮਾਇਆ ਦੇ ਫੁਰਨੇ ਨਹੀਂ ਹਨ, ਜਿੱਥੇ ਅਡੋਲਤਾ ਹੀ ਅਡੋਲਤਾ ਹੈ।

ਵਿਚਾਰ-- ਸਕੂਲ ਦੀ ਪੜ੍ਹਾਈ ਸਮੇਂ ਬਚਪਨਾ ਸੀ। ਬਚਪਨੇ ਵਿੱਚ ਹਰ ਵਿਦਿਆਰਥੀ ਆਪੋ ਆਪਣੇ ਧਰਮ ਦੀ ਵਡਿਆਈ ਦਸਣ ਲਈ ਫੋਕਟ ਦੀ ਬਹਿਸਾਂ ਕਰਦੇ ਸਨ ਪਰ ਉਹਨਾਂ ਪਾਸ ਕੋਈ ਮਿਆਰੀ ਵਿਚਾਰ ਨਹੀਂ ਹੁੰਦਾ ਸੀ ਬੱਸ ਆਪਣੇ ਆਪਣੇ ਧਰਮ ਨੂੰ ਕਹੀ ਜਾਂਦੇ ਸੀ ਕਿ ਸਾਡਾ ਧਰਮ ਬੜਾ ਚੰਗਾ ਹੈ। ਕਈ ਵਾਰੀ ਕਈਆਂ ਦੀ ਵਧੀਕੀ ਵੀ ਸਹਿਣੀ ਪੈਂਦੀ ਸੀ। ਜ਼ਿਆਦਾਤਰ ਕਰਾਮਾਤਾਂ ਦੇ ਗਪੌੜਿਆਂ ਨੂੰ ਚਟਕਾਰੇ ਲਾ ਕੇ ਸੁਣਾਇਆ ਜਾਂਦਾ ਸੀ। ਕਈਆਂ ਨੂੰ ਉਚੀ ਕੁਲ ਦਾ ਵੀ ਬੜਾ ਮਾਣ ਹੁੰਦਾ ਸੀ। ਸਿੱਖ ਸਿਧਾਂਤ ਅਨੁਸਾਰ ਕੋਈ ਉੱਚਾ ਨਹੀਂ ਹੈ ਤੇ ਕੋਈ ਨੀਵਾਂ ਨਹੀਂ ਹੈ। ਇਹ ਤਾਂ ਕਲੀਨ ਵਰਗ ਨੇ ਆਪਣੀ ਸੁੱਖ ਸਹੂਲਤ ਲਈ ਵੰਡੀਆਂ ਪਾਈਆਂ ਹਨ-–

ਜਾਤਿ ਜਨਮੁ ਨਹ ਪੂਛੀਐ ਸਚ ਘਰੁ ਲੇਹੁ ਬਤਾਇ।।

ਸਾ ਜਾਤਿ ਸਾ ਪਤਿ ਹੈ ਜੇਹੇ ਕਰਮ ਕਮਾਇ।।

ਜਨਮ ਮਰਨ ਦੁਖੁ ਕਾਟੀਐ ਨਾਨਕ ਛੂਟਸਿ ਨਾਇ।। ੪।।

ਪ੍ਰਭਾਤੀ ਮਹਲਾ ੧ ਪੰਨਾ ੧੩੩੦

ਅੱਖਰੀਂ ਅਰਥ--ਹੇ ਨਾਨਕ! (ਪ੍ਰਭੂ ਹਰੇਕ ਜੀਵ ਦੇ ਅੰਦਰ ਮੌਜੂਦ ਹੈ, ਪ੍ਰਭੂ ਹੀ ਹਰੇਕ ਦੀ ਜਾਤਿ ਪਾਤ ਹੈ। ਵਖੇਵਿਆਂ ਵਿੱਚ ਪੈ ਕੇ) ਇਹ ਨਹੀਂ ਪੁੱਛਣਾ ਚਾਹੀਦਾ ਕਿ (ਫਲਾਣੇ ਦੀ) ਜਾਤਿ ਕੇਹੜੀ ਹੈ ਕਿਸ ਕੁਲ ਵਿੱਚ ਉਸ ਦਾ ਜਨਮ ਹੋਇਆ। (ਪੁੱਛਣਾ ਹੈ ਤਾਂ) ਪੁੱਛੋ ਕਿ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਕਿਸ ਹਿਰਦੇ-ਘਰ ਵਿੱਚ ਪਰਗਟ ਹੋਇਆ ਹੈ। ਜਾਤਿ ਪਾਤਿ ਤਾਂ ਜੀਵ ਦੀ ਉਹੀ ਹੈ ਜਿਹੋ ਜਿਹੇ ਜੀਵ ਕਰਮ ਕਮਾਂਦਾ ਹੈ। ਜਨਮ ਮਰਨ (ਦੇ ਗੇੜ) ਦਾ ਦੁਖ ਤਦੋਂ ਹੀ ਦੂਰ ਹੁੰਦਾ ਹੈ ਜਦੋਂ ਜੀਵ ਪ੍ਰਭੂ ਦੇ ਨਾਮ ਵਿੱਚ ਜੁੜਦਾ ਹੈ। ਨਾਮ ਵਿੱਚ ਜੁੜਿਆਂ ਹੀ (ਕਾਮਾਦਿਕ ਪੰਜ ਚੋਰਾਂ ਤੋਂ) ਖ਼ਲਾਸੀ ਹੁੰਦੀ ਹੈ। ੪।

ਮਾਝ ਕੀ ਵਾਰ ਅੰਦਰ ਗੁਰੁ ਨਾਨਕ ਸਾਹਿਬ ਜੀ ਫਰਮਾਉਂਦੇ ਹਨ—

ਜਾਤੀ ਦੈ ਕਿਆ ਹਥਿ, ਸਚੁ ਪਰਖੀਐ।।

ਮਹੁਰਾ ਹੋਵੈ ਹਥਿ, ਮਰੀਐ ਚਖੀਐ।।

ਸਚੇ ਕੀ ਸਿਰਕਾਰ, ਜੁਗੁ ਜੁਗੁ ਜਾਣੀਐ।।

ਮਾਝ ਕੀ ਵਾਰ ਪੰਨਾ ੧੪੨

ਅੱਖਰੀਂ ਅਰਥ-- (ਪ੍ਰਭੂ ਦੇ ਦਰ ਤੇ ਤਾਂ) ਸੱਚਾ ਨਾਮ (-ਰੂਪ ਸਉਦਾ) ਪਰਖਿਆ ਜਾਂਦਾ ਹੈ, ਜਾਤਿ ਦੇ ਹੱਥ ਵਿੱਚ ਕੁੱਝ ਨਹੀਂ ਹੈ (ਭਾਵ, ਕਿਸੇ ਜਾਤਿ ਵਰਣ ਦਾ ਕੋਈ ਲਿਹਾਜ਼ ਨਹੀਂ ਹੁੰਦਾ)। (ਜਾਤਿ ਦਾ ਅਹੰਕਾਰ ਮਹੁਰੇ ਸਮਾਨ ਹੈ) ਜੇ ਕਿਸੇ ਪਾਸ ਮਹੁਰਾ ਹੋਵੇ (ਭਾਵੇਂ ਕਿਸੇ ਜਾਤਿ ਦਾ ਹੋਵੇ) ਜੇ ਮਹੁਰਾ ਖਾਇਗਾ ਤਾਂ ਮਰੇਗਾ—ਅਕਾਲ ਪੁਰਖ ਦਾ ਇਹ ਨਿਆਂ ਹਰੇਕ ਜੁਗ ਵਿੱਚ ਵਰਤਦਾ ਸਮਝ ਲਵੋ (ਭਾਵ, ਕਿਸੇ ਭੀ ਜੁਗ ਵਿੱਚ ਜਾਤਿ ਦਾ ਲਿਹਾਜ਼ ਨਹੀਂ ਹੋਇਆ।

ਜਾਤਾਂ ਦੇ ਕੋਹੜ ਦੀ ਗੱਲ ਕਰਦਿਆਂ ਕਬੀਰ ਸਾਹਿਬ ਜੀ ਨੇ ਬ੍ਰਾਹਮਣ ਭਾਊ ਤੇ ਵਿਅੰਗ ਕਰਦਿਆਂ ਪੁੱਛਿਆ ਹੈ ਕਿ ਮਿੱਤਰਾ ਜੇ ਵਾਕਿਆ ਹੀ ਤੂੰ ਉੱਚੀ ਕੁਲ ਦਾ ਆਪਣੇ ਆਪ ਨੂੰ ਗਿਣਦਾ ਏਂ ਤਾਂ ਫਿਰ ਸੰਸਾਰ ਵਿੱਚ ਤੇਰੇ ਆਉਣ ਦਾ ਜ਼ਰੂਰ ਕੋਈ ਰਸਤਾ ਹੋਰ ਹੋਣਾ ਚਾਹੀਦਾ ਸੀ। ਗਉੜੀ ਰਾਗ ਅੰਦਰ ਵਾਕ ਹੈ—

ਜੌ ਤੂੰ ਬ੍ਰਾਹਮਣੁ, ਬ੍ਰਹਮਣੀ ਜਾਇਆ।।

ਤਉ ਆਨ ਬਾਟ ਕਾਹੇ ਨਹੀ ਆਇਆ।। ੨।।

ਬਾਣੀ ਭਗਤ ਕਬੀਰ ਜੀ ਕੀ ਪੰਨਾ ੩੨੪

ਇਸ ਸਿਧਾਂਤ ਦੀ ਵਿਆਖਿਆ ਕਰਦਿਆਂ ਭਾਈ ਗੁਰਦਾਸ ਜੀ ਨੇ ਬੜਾ ਪਿਆਰਾ ਖਿਆਲ ਦਿੱਤਾ ਹੈ ਕਿ ਕੋਈ ਵੀ ਜਾਤ ਹੋਵੇ ਸ਼ੁਭ ਅਮਲਾਂ ਬਾਝੌਂ ਸਾਰੇ ਰੋਂਦੇ ਹੀ ਹਨ।

ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਝੌਂ ਦੋਨੋ ਰੋਈ।

ਕਬੀਰ ਸਾਹਿਬ ਜੀ ਨੇ ਜਾਤਾਂ ਦੇ ਬੰਧਨਾ ਨੂੰ ਤੋੜਿਆ ਹੈ। ਪਰ ਸਿੱਖ ਭਾਂਵੇਂ ਜਾਤਾਂ ਨੂੰ ਤਾਂ ਨਹੀਂ ਮੰਨਦੇ ਪਰ ਆਪਣੀਆਂ ਆਪਣੀਆਂ ਜੱਥੇਬੰਦੀਆਂ ਦੇ ਸਿੱਖ ਅਖਵਾ ਕੇ ਜ਼ਿਆਦਾ ਖੁਸ਼ ਹੁੰਦੇ ਹਨ। ਬਿਮਾਰੀ ਦਾ ਨਵਾਂ ਰੂਪ ਅੱਜ ਵੀ ਬਰਕਰਾਰ ਹੈ ਜਿਹੜਾ ਸਾਡੀਆਂ ਧੜੇਬੰਦੀਆਂ ਵਿਚੋਂ ਦੇਖਿਆ ਜਾ ਸਕਦਾ ਹੈ। ਜਾਤ ਨਾਲੋਂ ਵੀ ਭੈੜੀ ਬਿਮਾਰੀ ਡੇਰਾਵਾਦ ਦੀ ਸਾਡੀ ਕੌਮ ਨੂੰ ਚੰਬੜੀ ਹੋਈ ਹੈ।

ਜਿੱਥੇ ਕਬੀਰ ਸਾਹਿਬ ਜੀ ਨੇ ਛੇ ਸਦੀਆਂ ਪਹਿਲੇ ਵਿਚਾਰ ਦਿੱਤੇ ਸਨ ਕਿੱਡੀ ਵੱਡੀ ਕ੍ਰਾਂਤੀ ਸੀ। ਜਾਤ ਤੇ ਕੁਲ ਦੀਆਂ ਅੱਜ ਵੀ ਗੱਲਾਂ ਕੀਤੀਆਂ ਜਾਂਦੀਆਂ ਹਨ। ਸਿੱਖ ਕੌਮ ਵਿੱਚ ਵੀ ਦੇਖਿਆ ਜਾ ਸਕਦਾ ਹੈ ਕਿ ਕੋਈ ਕਹਿੰਦਾ ਹੈ ਮੈਂ ਟਕਸਾਲ ਨਾਲ ਸਬੰਧ ਰੱਖਦਾ ਹਾਂ ਕੋਈ ਕਹਿੰਦਾ ਹੈ ਮੈਂ ਫਲਾਣੇ ਡੇਰੇ ਨਾਲ ਸਬੰਧ ਰੱਖਦਾ ਹਾਂ ਕਿਸੇ ਕਿਤੋਂ ਅੰਮ੍ਰਿਤ ਛੱਕਿਆ ਹੈ ਕਿਸੇ ਨੇ ਕਿਸੇ ਪਾਸੋਂ ਪਾਸੋਂ ਨਾਮ ਲਿਆ ਹੋਇਆ ਹੈ। ਸਾਰੇ ਆਪਣੇ ਆਪ ਨੂੰ ਇੱਕ ਦੂਜੇ ਨਾਲੋਂ ਵਧੀਆ ਹੀ ਦਸਦੇ ਹਨ। ਬਿਮਾਰੀ ਦੇ ਕਟਾਣੂੰ ਅੱਜ ਵੀ ਪੂਰੀ ਤਰ੍ਹਾਂ ਕਿਸੇ ਨਾ ਕਿਸੇ ਰੂਪ ਵਿੱਚ ਦੇਖੇ ਜਾ ਸਕਦੇ ਹਨ। ਸ਼ਬਦ ਦੇ ਅਗਲੇ ਬੰਦ ਵਿੱਚ ਕਬੀਰ ਸਾਹਿਬ ਜੀ ਹੋਰ ਫਰਮਾਉਂਦੇ ਹਨ—

ਬੁਨਿ ਬੁਨਿ ਆਪ, ਆਪੁ ਪਹਿਰਾਵਉ।। ਜਹ ਨਹੀ ਆਪੁ, ਤਹਾ ਹੋਇ ਗਾਵਉ।। ੨।।

ਅੱਖਰੀਂ ਅਰਥ-- (ਪ੍ਰਭੂ-ਚਰਨਾਂ ਵਿੱਚ ਟਿਕੀ ਸੁਰਤ ਦੀ ਤਾਣੀ) ਉਣ ਉਣ ਕੇ ਮੈਂ ਆਪਣੇ ਆਪ ਨੂੰ ਪਹਿਨਾ ਰਿਹਾ ਹਾਂ, ਮੈਂ ਉੱਥੇ ਪਹੁੰਚ ਕੇ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰ ਰਿਹਾ ਹਾਂ ਜਿੱਥੇ ਆਪਾ-ਭਾਵ ਨਹੀਂ ਹੈ। ੨।

ਵਿਚਾਰ—ਇਕ ਕਪੜਾ ਤਨ `ਤੇ ਪਾਇਆ ਹੋਇਆ ਜਿਹੜਾ ਸਾਨੂੰ ਬਾਹਰੋਂ ਦਿਸਦਾ ਹੈ ਤੇ ਦੂਜਾ ਸਾਡੇ ਸੁਭਾਅ ਵਿਚੋਂ ਦੇਖਿਆ ਜਾਣਾ ਹੈ। ਸਾਡੇ ਸੁਭ ਗੁਣਾਂ ਦੀ ਬਣਤਰ ਸਾਡੇ ਵਿਹਾਰ ਵਿਚੋਂ ਪ੍ਰਗਟ ਹੋਣੀ ਹੈ। ਅਸੀਂ ਸਮਝ ਲਿਆ ਹੈ ਕਿ ਸ਼ਾਇਦ ਧਾਰਮਿਕ ਅਸਥਾਨਾਂ ਤੇ ਜਾਣ ਨਾਲ ਜਾਂ ਧਰਮ ਦੇ ਨਾਂ `ਤੇ ਕਰਮ-ਕਾਂਡ ਨਿਭਾਹੁੰਣ ਨਾਲ ਅਸੀਂ ਚੰਗਿਆ ਮਨੁੱਖਾਂ ਦੀ ਗਿਣਤੀ ਵਿੱਚ ਗਿਣੇ ਜਾਵਾਂਗੇ। ਕਈ ਵਾਰੀ ਬਾਹਰਲਾ ਭੇਖ ਦੇਖਣ ਨੂੰ ਬੜਾ ਵਧੀਆ ਹੁੰਦਾ ਹੈ ਤੇ ਵਰਤੋਂ ਵਿਹਾਰ ਨੀਚ ਦਰਜੇ ਦੀ ਹੁੰਦੀ ਹੈ। ਕਈਆਂ ਦੀ ਬੋਲੀ ਮਾਖਿਓਂ ਨਾਲੋਂ ਵੀ ਮਿੱਠੀ ਹੁੰਦੀ ਹੈ ਪਰ ਅੰਦਰਲੇ ਤਲ਼ `ਤੇ ਮਲੀਨਤਾ ਭਰੀ ਹੁੰਦੀ ਹੇ। ਏੱਥੇ ਵਿਚਾਰ ਹੈ ਕਿ ਨਾਮ ਦਾ ਪਹਿਰਾਵਾ ਪਹਿਨਣਾ ਹੈ ਜਿਹੜਾ ਅੰਦਰੋਂ ਬਾਹਰੋਂ ਨਿਰਮਲਤਾ ਦਾ ਪ੍ਰਤੀਕ ਹੈ।

ਜੀਅਹੁ ਨਿਰਮਲ ਬਾਹਰਹੁ ਨਿਰਮਲ।।

ਬਾਹਰਹੁ ਤ ਨਿਰਮਲ ਜੀਅਹੁ ਨਿਰਮਲ ਸਤਿਗੁਰ ਤੇ ਕਰਣੀ ਕਮਾਣੀ।।

ਰਾਮਕਲੀ ਮਹਲਾ ੩ ਪੰਨਾ ੯੧੯

ਗੁਰੂ ਨਾਨਕ ਸਾਹਿਬ ਜੀ ਦਾ ਬੜਾ ਪਿਆਰਾ ਵਾਕ ਹੈ--

ਕਢਿ ਕਸੀਦਾ ਪਹਿਰਹਿ ਚੋਲੀ ਤਾਂ ਤੁਮੑ ਜਾਣਹੁ ਨਾਰੀ।।

ਜੇ ਘਰੁ ਰਾਖਹਿ ਬੁਰਾ ਨ ਚਾਖਹਿ ਹੋਵਹਿ ਕੰਤ ਪਿਆਰੀ।। ੨।।

ਬਸੰਤ ਮਹਲਾ ੧ ਪੰਨਾ ੧੧੭੧

ਬੁਨਿ ਬੁਨਿ ਆਪ ਪਹਿਰਹਿ` ਜਿਸ ਤਰ੍ਹਾਂ ਜੁਲਾਹਾ ਕਪੜਾ ਬੁਨਣ ਦਾ ਹੈ ਭਾਵ ਕਪੜਾ ਤਿਆਰ ਕਰਦਾ ਹੈ। ਫਿਰ ਕਪੜੇ ਦੇ ਸੂਟ ਸਿਲਾਏ ਜਾਂਦੇ ਹਨ ਤੇ ਉਹ ਸਾਡਾ ਨਗੇਜ਼ ਡੱਕਦਾ ਹੈ ਏਸੇ ਤਰ੍ਹਾਂ ਸਾਡਿਆਂ ਬੋਲਾਂ ਦੁਆਰਾ ਜਾਂ ਕੀਤੇ ਹੋਏ ਕੰਮਾਂ ਦੁਆਰਾ ਸਾਡੀ ਪਹਿਚਾਨ ਬਣਦੀ ਹੈ। ਇਹ ਬੁਨਤੀ ਆਪਾ ਮਿਟਾ ਕੇ ਪਉਣੀ ਪੈਂਦੀ ਹੈ। ਸ਼ੇਖ ਫਰੀਦ ਸਾਹਿਬ ਜੀ ਇਸ ਸਬੰਧੀ ਪਿਆਰਾ ਵਿਚਾਰ ਦੇਂਦੇ ਹਨ—

ਨਵਣੁ ਸੁ ਅਖਰੁ, ਖਵਣੁ ਗੁਣੁ, ਜਿਹਬਾ ਮਣੀਆ ਮੰਤੁ।।

ਏ ਤ੍ਰੈ ਭੈਣੇ ਵੇਸ ਕਰਿ, ਤਾਂ ਵਸਿ ਆਵੀ ਕੰਤੁ।। ੧੨੭।।

ਪੰਨਾ ੧੩੮੪

ਅੱਖਰੀਂ ਅਰਥ--ਹੇ ਭੈਣ! ਨਿਊਣਾ ਅੱਖਰ ਹੈ, ਸਹਾਰਨਾ ਗੁਣ ਹੈ, ਮਿੱਠਾ ਬੋਲਣਾ ਸ਼ਿਰੋਮਣੀ ਮੰਤਰ ਹੈ। ਜੇ ਇਹ ਤਿੰਨ ਵੇਸ ਕਰ ਲਏਂ ਤਾਂ (ਮੇਰਾ) ਖਸਮ (ਤੇਰੇ) ਵੱਸ ਵਿੱਚ ਆ ਜਾਇਗਾ।

ਸ਼ਬਦ ਦੀ ਅਗਲਿ ਤੁਕ ਵਿੱਚ ਕਬੀਰ ਸਾਹਿਬ ਜੀ ਫਰਮਾਉਂਦੇ ਹਨ-

ਪੰਡਿਤ ਮੁਲਾਂ ਜੋ ਲਿਖਿ ਦੀਆ।। ਛਾਡਿ ਚਲੇ ਹਮ ਕਛੂ ਨ ਲੀਆ।। ੩।।

ਅੱਖਰੀਂ ਅਰਥ-- (ਕਰਮ-ਕਾਂਡ ਤੇ ਸ਼ਰਹ ਬਾਰੇ) ਪੰਡਿਤਾਂ ਅਤੇ ਮੌਲਵੀਆਂ ਨੇ ਜੋ ਕੁੱਝ ਲਿਖਿਆ ਹੈ, ਮੈਨੂੰ ਕਿਸੇ ਦੀ ਭੀ ਲੋੜ ਨਹੀਂ ਰਹੀ, ਮੈਂ ਇਹ ਸਭ ਕੁੱਝ ਛੱਡ ਦਿੱਤਾ ਹੈ।

ਕਬੀਰ ਸਾਹਿਬ ਜੀ ਦੇ ਸਮੇਂ ਹਿੰਦੂ ਤੇ ਮੁਸਲਮਾਨ ਦੋ ਵੱਡੀਆਂ ਕੌਮਾਂ ਦੇ ਦੋ ਪ੍ਰਮੁੱਖ ਧਰਮ ਸਨ। ਇਸਲਾਮੀ ਰਾਜ ਹੋਣ ਕਰਕੇ ਉਹਨਾਂ ਦਾ ਬੋਲ ਬਾਲਾ ਸੀ। ਪਰ ਪੁਜਾਰੀਆਂ ਦੀ ਸੁਰ ਇਕੋ ਜੇਹੀ ਸੀ। ਇਹਨਾਂ ਵਿਚੋਂ ਇਸਲਾਮ ਦੇ ਪੁਜਾਰੀ ਦੀ ਤੂਤੀ ਜ਼ਿਆਦਾ ਬੋਲਦੀ ਸੀ। ਇਹਨਾਂ ਧਰਮਾਂ ਵਿੱਚ ਆਈ ਖੜੋਤ ਦੀ ਗੱਲ ਕਰਨ ਵਾਲੇ ਨੂੰ ਮਾਨਸਿਕ ਤੇ ਸਰੀਰਕ ਸਜਾਅ ਦਿੱਤੀ ਜਾਂਦੀ ਸੀ। ਕਬੀਰ ਸਾਹਿਬ ਜੀ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਹੈ ਕਿ ਜੋ ਇਹਨਾਂ ਦੋਹਾਂ ਧਰਮਾ ਦੇ ਧਾਰਮਿਕ ਆਗੂ ਜੋ ਕੁੱਝ ਕਰ ਰਹੇ ਹਨ ਮੈਂ ਉਸ ਨਾਲ ਸਹਿਮਤ ਨਹੀਂ ਹਾਂ। ਮੈਂ ਅਜੇਹਾ ਅੰਧੇਰਾ ਢੋਣ ਲਈ ਤਿਆਰ ਨਹੀਂ ਹਾਂ।

ਕਬੀਰ ਕਾਗਦ ਕੀ ਓਬਰੀ, ਮਸੁ ਕੇ ਕਰਮ ਕਪਾਟ।।

ਪਾਹਨ ਬੋਰੀ ਪਿਰਥਮੀ, ਪੰਡਿਤ ਪਾੜੀ ਬਾਟ।। ੧੩੭।।

ਸਲੋਕ ਕਬੀਰ ਜੀ ਕੇ ਪੰਨਾ ੧੩੭੧

ਅੱਖਰੀਂ ਅਰਥ-- ਹੇ ਕਬੀਰ! (ਇਹਨਾਂ ਪੰਡਿਤਾਂ ਦੇ) ਸ਼ਾਸਤ੍ਰ, ਮਾਨੋ ਕੈਦਖ਼ਾਨਾ ਹਨ, (ਇਹਨਾਂ ਸ਼ਾਸਤ੍ਰਾਂ ਵਿਚ) ਸਿਆਹੀ ਨਾਲ ਲਿਖੀ ਹੋਈ ਕਰਮ-ਕਾਂਡ ਦੀ ਮਰਯਾਦਾ, ਮਾਨੋ, ਉਸ ਕੈਦਖ਼ਾਨੇ ਦੇ ਬੰਦ ਦਰਵਾਜ਼ੇ ਹਨ। (ਇਸ ਕੈਦਖ਼ਾਨੇ ਵਿੱਚ ਰੱਖੀਆਂ) ਪੱਥਰ ਦੀਆਂ ਮੂਰਤੀਆਂ ਨੇ ਧਰਤੀ ਨੇ ਬੰਦਿਆਂ ਨੂੰ (ਸੰਸਾਰ-ਸਮੁੰਦਰ ਵਿਚ) ਡੋਬ ਦਿੱਤਾ ਹੈ, ਪੰਡਿਤ ਲੋਕ ਡਾਕੇ ਮਾਰ ਰਹੇ ਹਨ (ਭਾਵ, ਸਾਦਾ-ਦਿਲ ਲੋਕਾਂ ਨੂੰ ਸ਼ਾਸਤ੍ਰਾਂ ਦੀ ਕਰਮ-ਕਾਂਡ ਦੀ ਮਰਯਾਦਾ ਤੇ ਮੂਰਤੀ-ਪੂਜਾ ਵਿੱਚ ਲਾ ਕੇ ਦੱਛਣਾ-ਦਾਨ ਆਦਿ ਦੀ ਰਾਹੀਂ ਲੁੱਟ ਰਹੇ ਹਨ)।

ਉਪਰੋਕਤ ਤੱਥਾਂ ਨੂੰ ਕਬੀਰ ਸਾਹਿਬ ਜੀ ਨੇ ਮੁੱਢੋਂ ਨਿਕਾਰਿਆ ਹੈ।

ਮੁਸਲਮਾਨ ਵੀਰ ਦੀ ਗੱਲ ਕਰਦਿਆਂ ਕਬੀਰ ਸਾਹਿਬ ਜੀ ਫਰਮਾਉਂਦੇ ਹਨ ਕਿ ਜੋ ਤੂੰ ਬਾਂਗ ਦੇ ਰਿਹਾਂ ਏਂ ਕੀ ਇਸ ਨਾਲ ਮਨ ਵਿੱਚ ਪਵਿੱਤਰਤਾ ਆ ਸਕਦੀ ਹੈ? ਕੀ ਰੱਬ ਬਹਿਰਾ ਹੈ? ਮੈਂ ਤੇਰੇ ਇਸ ਸਿਧਾਂਤ ਨਾਲ ਸਹਿਮਤ ਨਹੀਂ ਹਾਂ।

ਕਬੀਰ ਮੁਲਾਂ ਮੁਨਾਰੇ ਕਿਆ ਚਢਹਿ, ਸਾਂਈ ਨ ਬਹਰਾ ਹੋਇ।।

ਜਾ ਕਾਰਨਿ ਤੂੰ ਬਾਂਗ ਦੇਹਿ, ਦਿਲ ਹੀ ਭੀਤਰਿ ਜੋਇ।। ੧੮੪।।

ਸਲੋਕ ਕਬੀਰ ਜੀ ਕੇ ਪੰਨਾ ੧੩੭੪

ਅੱਖਰੀਂ ਅਰਥ-- ਹੇ ਕਬੀਰ! (ਆਖ—) ਹੇ ਮੁੱਲਾਂ! ਮਸਜਿਦ ਦੇ ਮੁਨਾਰੇ ਉਤੇ ਚੜ੍ਹਨ ਦਾ ਤੈਨੂੰ ਆਪ ਨੂੰ ਤਾਂ ਕੋਈ ਫ਼ਾਇਦਾ ਨਹੀਂ ਹੋ ਰਿਹਾ। ਜਿਸ (ਰੱਬ ਦੀ ਨਮਾਜ਼) ਦੀ ਖ਼ਾਤਰ ਤੂੰ ਬਾਂਗ ਦੇ ਰਿਹਾ ਹੈਂ, ਉਸ ਨੂੰ ਆਪਣੇ ਦਿਲ ਵਿੱਚ ਵੇਖ (ਤੇਰੇ ਅੰਦਰ ਹੀ ਵੱਸਦਾ ਹੈ। ਜੇ ਤੇਰੇ ਆਪਣੇ, ਅੰਦਰ ਸ਼ਾਂਤੀ ਨਹੀਂ, ਸਿਰਫ਼ ਲੋਕਾਂ ਨੂੰ ਹੀ ਸੱਦ ਰਿਹਾ ਹੈਂ, ਤਾਂ) ਖ਼ੁਦਾ ਬੋਲਾ ਨਹੀਂ (ਉਹ ਤੇਰੇ ਦਿਲ ਦੀ ਹਾਲਤ ਭੀ ਜਾਣਦਾ ਹੈ, ਉਸ ਨੂੰ ਠੱਗਿਆ ਨਹੀਂ ਜਾ ਸਕਦਾ)। ੧੮੪।

ਜੇ ਇਸ ਤਰ੍ਹਾਂ ਵਿਸਥਾਰ ਵਿੱਚ ਜਾਇਆ ਜਾਏ ਤਾਂ ਇੱਕ ਲੰਬਾ ਲੇਖ ਬਣ ਜਾਣਾ ਹੈ। ਕਬੀਰ ਸਾਹਿਬ ਜੀ ਫਰਮਾਉਂਦੇ ਹਨ। ਮੇਰਾ ਇਹਨਾਂ ਮਨੁੱਖਾਂ ਨਾਲ ਕੋਈ ਝਗੜਾ ਨਹੀਂ ਹੈ ਮੇਰਾ ਸਿਰਫ ਇਹਨਾਂ ਦੇ ਕਰਮ-ਕਾਂਡਾਂ ਨਾਲ ਸਮਝਾਉਤਾ ਨਹੀਂ ਹੈ—ਪ੍ਰੋ. ਸਾਹਿਬ ਸਿੰਘ ਜੀ ਨੇ ਇੱਕ ਨੋਟ ਲਿਖਦਿਆਂ ਹੋਇਆ ਇਸ ਵਿਚਾਰ ਨੂੰ ਹੋਰ ਸਪੱਸ਼ਟ ਕੀਤਾ ਹੈ-

ਕਬੀਰ ਜੀ ਆਪਣੇ ਵਕਤ ਦੇ ਕਾਜ਼ੀਆਂ ਮੌਲਵੀਆਂ ਦੀ ਇਹ ਹਾਲਤ ਵੇਖ ਕੇ ਇਹਨਾਂ ਸ਼ਲੋਕਾਂ ਵਿੱਚ ਕਹਿ ਰਹੇ ਹਨ ਕਿ ਮਜ਼ਹਬ ਨੇ, ਮਜ਼ਹਬ ਦੀ ਰਹੁ-ਰੀਤੀ ਨੇ, ਬਾਂਗ ਨਿਮਾਜ਼ ਹੱਜ ਆਦਿਕ ਨੇ, ਦਿਲ ਦੀ ਸਫ਼ਾਈ ਸਿਖਾਣੀ ਸੀ। ਪਰ ਜੇ ਰਿਸ਼ਵਤ, ਕਠੋਰਤਾ, ਤਅੱਸਬ ਆਦਿਕ ਦੇ ਕਾਰਨ ਦਿਲ ਨਿਰਦਈ ਹੋ ਚੁਕਾ ਹੈ, ਸਗੋਂ ਇਹੀ ਕਰਮ ਦਿਲ ਨੂੰ ਹੋਰ ਕਠੋਰ ਬਣਾਈ ਜਾ ਰਹੇ ਹਨ, ਤਾਂ ਇਹਨਾਂ ਦੇ ਕਰਨ ਦਾ ਕੋਈ ਲਾਭ ਨਹੀਂ।

ਕੋਈ ਭੀ ਮਜ਼ਹਬ ਧਰਮ ਹੋਵੇ, ਇਨਸਾਨ ਵਾਸਤੇ ਉਹ ਤਦ ਤਕ ਹੀ ਲਾਭਦਾਇਕ ਹੈ ਜਦ ਤਕ ਉਸ ਦੇ ਦੱਸੇ ਪੂਰਨਿਆਂ ਉਤੇ ਤੁਰ ਕੇ ਮਨੁੱਖ ਆਪਣੇ ਦਿਲ ਵਿੱਚ ਭਲਾਈ ਪੈਦਾ ਕਰਨ ਦੀ ਕੋਸ਼ਸ਼ ਕਰਦਾ ਹੈ, ਖ਼ਾਲਕ ਅਤੇ ਉਸ ਦੀ ਖ਼ਲਕਤਿ ਵਾਸਤੇ ਦਿਲ ਵਿੱਚ ਮੁਹੱਬਤਿ ਬਣਾਂਦਾ ਹੈ। ਜਦੋਂ ਮਨੁੱਖ ਰਿਵਾਜੀ ਤੌਰ ਤੇ ਮਜ਼ਹਬ ਦੇ ਅਸੂਲਾਂ ਅਤੇ ਰਸਮਾਂ ਨੂੰ ਕਰਨ ਲੱਗ ਪੈਂਦਾ ਹੈ, ਪਰ ਇਹ ਨਹੀਂ ਵੇਖਦਾ ਕਿ ਦਿਲ ਵਿੱਚ ਕੋਈ ਭਲੀ ਤਬਦੀਲੀ ਆਈ ਹੈ ਜਾਂ ਨਹੀਂ, ਜਾਂ, ਸਗੋਂ ਕਿਤੇ ਭਲਾਈ ਦੇ ਥਾਂ ਅੰਦਰ ਕਠੋਰਤਾ ਤਅੱਸਬ ਆਦਿਕ ਤਾਂ ਨਹੀਂ ਵਧ ਰਹੇ, ਉਸ ਵੇਲੇ ਉਸ ਦੇ ਸਾਰੇ ਧਾਰਮਿਕ ਉੱਦਮ ਵਿਅਰਥ ਹੋ ਜਾਂਦੇ ਹਨ।

ਕਬੀਰ ਸਾਹਿਬ ਜੀ ਅਖੀਰਲੀ ਤੁਕ ਵਿੱਚ ਫਰਮਾਉਂਦੇ ਹਨ—

ਰਿਦੈ ਇਖਲਾਸੁ ਨਿਰਖਿ ਲੇ ਮੀਰਾ।। ਆਪੁ ਖੋਜਿ ਖੋਜਿ ਮਿਲੇ ਕਬੀਰਾ।।

ਅੱਖਰੀਂ ਅਰਥ-- ਜੇ ਹਿਰਦੇ ਵਿੱਚ ਪ੍ਰੇਮ ਹੋਵੇ, ਤਾਂ ਹੀ ਪ੍ਰਭੂ ਦਾ ਦੀਦਾਰ ਹੋ ਸਕਦਾ ਹੈ (ਕਰਮ-ਕਾਂਡ ਅਤੇ ਸ਼ਰਹ ਸਹਾਇਤਾ ਨਹੀਂ ਕਰਦੇ)। ਹੇ ਕਬੀਰ! ਜੋ ਭੀ ਪ੍ਰਭੂ ਨੂੰ ਮਿਲੇ ਹਨ ਆਪਾ ਖੋਜ ਖੋਜ ਕੇ ਹੀ ਮਿਲੇ ਹਨ (ਕਰਮ-ਕਾਂਡ ਅਤੇ ਸ਼ਰਹ ਦੀ ਮਦਦ ਨਾਲ ਨਹੀਂ ਮਿਲੇ)

ਗੁਰੁ ਅਮਰਦਾਸ ਜੀ ਫਰਮਾਉਂਦੇ ਹਨ ਕਿ ਕਰਮ-ਕਾਂਡਾਂ ਨਾਲ ਮਨ ਵਿੱਚ ਸਹਿਜ ਅਵਸਥਾ ਨਹੀਂ ਆ ਸਕਦੀ- ਕਰਮੀ ਸਹਜੁ ਨ ਊਪਜੈ, ਵਿਣੁ ਸਹਜੈ ਸਹਸਾ ਨ ਜਾਇ।।

ਨਹ ਜਾਇ ਸਹਸਾ ਕਿਤੈ ਸੰਜਮਿ, ਰਹੇ ਕਰਮ ਕਮਾਏ।।

ਕਬੀਰ ਸਾਹਿਬ ਜੀ ਕਰਮ ਕਾਂਡ ਕਰਨ ਦੀ ਥਾਂ `ਤੇ ਆਪਣੇ ਖਿਆਲਾਂ ਨੂੰ ਖੋਜਣ ਦੀ ਲੋੜ `ਤੇ ਜ਼ੋਰ ਦਿੱਤਾ ਹੈ-- ਬੰਦੇ ਖੋਜੁ ਦਿਲ ਹਰ ਰੋਜ, ਨਾ ਫਿਰੁ ਪਰੇਸਾਨੀ ਮਾਹਿ।।

ਇਹ ਜੁ ਦੁਨੀਆ ਸਿਹਰੁ ਮੇਲਾ, ਦਸਤਗੀਰੀ ਨਾਹਿ।। ੧।। ਰਹਾਉ।।

ਬਾਣੀ ਕਬੀਰ ਜੀ ਕੀ ਪੰਨਾ ੭੨੭

ਇਸਲਾਮ ਵਿੱਚ ਕਿਹਾ ਜਾਂਦਾ ਹੈ ਕਿ ਜਿਹੜਾ ਕੁੱਝ ਇਸ ਜਨਮ ਵਿੱਚ ਨਹੀਂ ਮਿਲਿਆ ਉਹ ਤੁਹਾਨੂੰ ਅਗਲੇ ਜਨਮ ਵਿੱਚ ਮਿਲੇਗਾ। ਪੰਡਤ ਜੀ ਕਹਿੰਦੇ ਹਨ ਕਿ ਜੇ ਤੂਂ ਕਰਮ-ਕਾਂਡ ਕਰੇਂਗਾ ਤਾਂ ਤੈਨੂੰ ਸਵਰਗ ਵਿੱਚ ਥਾਂ ਮਿਲੇਗੀ। ਕਬੀਰ ਸਾਹਿਬ ਜੀ ਦਾ ਕ੍ਰਾਤੀ ਕਾਰੀ ਖਿਆਲ ਕਿੰਨਾ ਕੀਮਤੀ ਹੈ—

ਕਬੀਰ ਸੁਰਗ ਨਰਕ ਤੇ ਮੈ ਰਹਿਓ, ਸਤਿਗੁਰ ਕੇ ਪਰਸਾਦਿ।।

ਚਰਨ ਕਮਲ ਕੀ ਮਉਜ ਮਹਿ, ਰਹਉ ਅੰਤਿ ਅਰੁ ਆਦਿ।। ੧੨੦।।

ਸਲੋਕ ਕਬੀਰ ਸਾਹਿਬ ਜੀ ਕੇ ਪੰਨਾ ੧੩੭੦

ਗੱਲ ਕੀ ਜਿੰਨੇ ਵੀ ਵਹਿਮ ਭਰਮ ਇਹ ਲੋਕ ਮੰਨਦੇ ਸਨ ਕਬੀਰ ਸਾਹਿਬ ਜੀ ਨੇ ਉਹਨਾਂ ਸਾਰਿਆਂ ਨੂੰ ਨਿਕਾਰਿਆ ਹੈ। ਦੁਖਾਂਤ ਇਸ ਗੱਲ ਦਾ ਹੈ ਕਿ ਇਹ ਸਾਰੇ ਕਰਮ ਅੱਜ ਸਾਰੇ ਸਿੱਖ ਬੜੀ ਬੇਬਾਕੀ ਨਾਲ ਕਰ ਰਹੇ ਹਨ। ੳਂਜ ਅਸੀਂ ਕਹਿੰਦੇ ਹਾਂ ਕਿ ਜੀ ਅਸੀਂ ਨਿਆਰੇ ਹਾਂ।




.