.

ਪੰਜਵੇਂ ਪਾਤਸ਼ਾਹ

ਗੁਰੂ ਅਰਜਨ ਸਾਹਿਬ ਦੀ

“ਮਾਨਵਤਾ ਨੂੰ ਲਾਸਾਨੀ ਦੇਣ”

(ਭਾਗ ਦੂਜਾ)

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

(ਲੜੀ ਜੋੜਣ ਲਈ ਇਸ ਗੁਰਮੱਤ ਪਾਠ ਦਾ ਪਹਿਲਾ ਭਾਗ ਵੀ ਜ਼ਰੂਰ ਪੜੋ ਜੀ)

ਫ਼ਿਰ ਇਹ ਵਿਸ਼ਾ ਕੇਵਲ ਆਦਿ ਬੀੜ ਨੂੰ ਤਰਤੀਬ ਦੇਣ ਤੇ ਉਸਦੀ ਸੰਪਾਦਨਾ ਤੀਕ ਹੀ ਸੀਮਤ ਨਹੀਂ। ਬਲਕਿ ਵਿਸ਼ੇ ਸੰਬੰਧੀ ਹੋਰ ਵੀ ਬਹੁਤ ਕੁੱਝ ਹੈਰਾਣਜਨਕ ਹੈ। ਮਨ ਹੈਰਾਣ ਹੋ ਜਾਂਦਾ ਹੈ ਜਦੋਂ ਅਸੀਂ ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਰਾਹੀਂ ਆਪਣੀ ਬਾਣੀ ਦੀ ਆਪ ਕੀਤੀ ਗਈ ਸੰਭਾਲ ਤੇ ਆਪਣੇ ਪ੍ਰਚਾਰ ਦੌਰਿਆਂ ਦੌਰਾਨ, ਪ੍ਰਵਾਣਤ ਭਗਤਾਂ ਦੀ ਬਾਣੀ ਨੂੰ ਇਕਤ੍ਰ ਕਰਣ ਦੇ ਦਰਸ਼ਨ ਕਰਦੇ ਹਾਂ। ਆਪ ਮੁਹਾਰੇ ਸਾਬਤ ਹੋ ਜਾਂਦਾ ਹੈ ਤੇ ਉੱਕਾ ਭਰਮ ਨਹੀਂ ਰਹਿੰਦਾ ਕਿ ਇਹ ਸਾਰਾ ਪ੍ਰੌਗਰਾਮ ਪਾਹਿਲੇ ਜਾਮੇ ਤੋਂ ਹੀ ਲੜੀਬੰਦ ਸੀ। ਦੂਜੇ ਲਫ਼ਜ਼ਾਂ `ਚ, ਆਪਣੇ ਆਪ ਸਾਬਤ ਹੋ ਜਾਂਦਾ ਹੈ ਕਿ ਇਹ ਪ੍ਰੋਗਰਾਮ ਤਾਂ ਹੈ ਹੀ ਧੁਰ ਦਾ ਪ੍ਰੋਗਰਾਮ ਸੀ, ਤਾਂ ਹੀ ਇਸਦਾ ਅਰੰਭ ਵੀ ਪਹਿਲੇ ਜਾਮੇ ਤੋਂ ਹੀ ਹੋ ਗਿਆ ਸੀ। ਤਾਂ ਤੇ:-

ਦਰਬਾਰ ਸਾਹਿਬ ਅਮ੍ਰਿਤਸਰ, ਅਮ੍ਰਿਤਸਰ ਸਰੋਵਰ ਅਤੇ ਅਮ੍ਰਿਤਸਰ ਸ਼ਹਿਰ ਦਾ ਵਸਾਉਣਾ- ਆਦਿ ਬੀੜ ਦੇ ਪ੍ਰਕਾਸ਼ ਲਈ ‘ਦਰਬਾਰ ਸਾਹਿਬ ਅੰਮ੍ਰਿਤਸਰ’ ਦੀ ਵੱਕਤੋਂ ਪਹਿਲਾਂ ਸਥਾਪਣਾ ਕਰ ਦੇਣੀ। ਤੇਜ਼ੀ ਨਾਲ ਫੈਲ ਰਹੀ ਸਿੱਖ ਲਹਿਰ ਤੇ ਉਭਰ ਰਹੇ ਸਿੱਖ ਧਰਮ ਲਈ ਸੰਸਾਰ ਤਲ ਦਾ ਕੇਂਦ੍ਰ ਸਥਾਪਤ ਕਰਣਾ, ਅੰਮ੍ਰਿਤਸਰ (ਸਰੋਵਰ) ਦੇ ਨਾਲ ਅਜੌਕੀ "ਸ੍ਰੀ ਅੰਮ੍ਰਿਤਸਰ ਦੀ ਨਗਰੀ" ਨੂੰ ਵਸਾਉਣਾ ਆਦਿ, ਆਪਣੇ ਆਪ `ਚ ਇਹ ਸਾਰੇ ਬਹੁਤ ਵੱਡੇ ਕਾਰਜ ਸਨ।

ਜ਼ਮੀਨ ਤੀਜੇ ਜਾਮੇ ਸਮੇਂ ਖ਼ਰੀਦੀ ਸੀ-ਇਸਤਰ੍ਹਾਂ ਪਹਿਲੇ ਜਾਮੇ ਤੋਂ ਹੀ "ਭਗਤ ਬਾਣੀ" ਸਮੇਤ ਸਮੂਚੀ ਗੁਰਬਾਣੀ ਦੀ ਸੰਭਾਲ ਵਾਲੇ ਮੁਖ ਕਾਰਜ ਦਾ ਅਰੰਭ ਹੋ ਜਾਣਾ। ਉਪ੍ਰੰਤ ਨਿਤ ਵਾਧੇ `ਚ ਜਾ ਰਹੀ ਸਿੱਖ ਲਹਿਰ ਲਈ ਸੰਸਾਰ ਤਲ ਦਾ ਕੇਂਦ੍ਰ ਸਥਾਪਿਤ ਕਰਣਾ, ਉਸ ਲਈ ਨਾਲ ਨਾਲ ਲੋੜੀਂਦੇ ਨਗਰ ਵਸਾਉਣੇ ਅਤੇ ਸਰੋਵਰਾਂ ਦੀ ਖੁਦਵਾਈ ਅਜਿਹੇ ਸਾਰੇ ਕਾਰਜ ਵੀ ਪਹਿਲੇ ਜਾਮੇ ਤੋਂ ਹੀ ਅਰੰਭ ਹੋ ਚੁੱਕੇ ਸਨ। ਇੰਨ੍ਹਾਂ ਕਾਰਜਾਂ `ਚੋਂ ਹੀ ਇੱਕ ਕਾਰਜ ਸੀ ਸਮੇਂ ਨਾਲ "ਗੁਰੂ ਕਾ ਚੱਕ" ਬਾਅਦ `ਚ "ਚੱਕ ਰਾਮਦਾਸ", "ਚੱਕ ਗੁਰੂ ਰਾਮਦਾਸ" ਤੇ ਅਜੋਕੇ ‘ਸ੍ਰੀ ਅੰਮ੍ਰਿਤਸਰ ਸਾਹਿਬ’ ਨੂੰ ਵਸਾਉਣਾ।

"ਗੁਰੂ ਕਾ ਚੱਕ" ਵਸਾਉਣਾ- ਅਸਲ `ਚ ‘ਗੁਰੂ ਕਾ ਚੱਕ’ ਲਈ ਜ਼ਮੀਨ ਤੀਜੇ ਪਾਤਸ਼ਾਹ ਨੇ ਸੰਨ 1570 `ਚ ਖਰੀਦੀ ਸੀ। ਸਪਸ਼ਟ ਹੈ ਕਿ ਇਹ ਇਸ ਲਈ ਆਪ ਦਾ ਪ੍ਰੋਗਰਾਮ ਹੁਣ ਸਿੱਖ ਧਰਮ ਤੇ ਸਿੱਖ ਲਹਿਰ ਲਈ ਬਾਕੀ ਕੇਂਦ੍ਰਾਂ ਤੋਂ ਇਲਾਵਾ ਇੱਕ ਸੰਸਾਰ ਤਲ ਦਾ ਮੁੱਖ ਕੇਂਦ੍ਰ ਸਥਾਪਤ ਕਰਣਾ। ਇਹ ਵੀ ਕਿ ਆਪ ਜਾਣਦੇ ਸਨ ਹੁਣ ਅੱਗੇ "ਆਦਿ ਬੀੜ" ਦੀ ਸੰਪਾਦਨਾ ਤੇ ਪ੍ਰਕਾਸ਼ ਵਾਲਾ ਸਮਾਂ ਵੀ ਬਹੁਤ ਨੇੜੇ ਆ ਰਿਹਾ ਹੈ।

ਇਹ ਵੀ ਦੇਖਣਾ ਹੈ ਕਿ ਹੁਣ ਤੀਕ ਪਹਿਲੇ ਵਸਾਏ ਕਰਤਾਰ ਪੁਰ ਸਾਹਿਬ, ਖਡੂਰ ਸਾਹਿਬ, ਗੋਇੰਦਵਾਲ ਸਾਹਿਬ, ਸਿੱਖ ਧਰਮ ਦੇ ਕੇਂਦ੍ਰਾਂ ਦੇ ਉਲਟ ਇਹ ਨਵਾਂ ਕੇਂਦ੍ਰ ਕਿਸੇ ਨਦੀ ਦੇ ਕੰਢੇ ਨਹੀਂ ਸੀ। ਇਸ ਲਈ ਤੀਜੇ ਪਾਤਸ਼ਾਹ ਨੇ ਸੰਗਤਾਂ ਦੀਆਂ ਪਾਣੀ ਦੀਆਂ ਲੋੜਾਂ ਨੂੰ ਮੁੱਖ ਰੱਖ ਕੇ ਇਥੇ ‘ਸੰਤੋਖਸਰ’ ਨਾਮ ਦਾ ਸਰੋਵਰ ਖੁਦਵਾਉਣਾ ਵੀ ਅਰੰਭ ਕਰ ਦਿੱਤਾ। ਆਪ ਨੇ ‘ਸੰਤੋਖਸਰ’ ਸਰੋਵਰ ਵਸਾਉਣ ਵਾਲੀ ਇਹ ਸਮੂਚੀ ਸੇਵਾ ਭਾਈ ਜੇਠਾ ਜੀ (ਬਾਅਦ `ਚ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ) ਦੇ ਜ਼ਿਮੇਂ ਲਗਾਈ ਤੇ ਸਹਿਯੋਗ ਵਾਸਤੇ ਉਨ੍ਹਾਂ ਨਾਲ ਬਾਬਾ ਬੁੱਢਾ ਜੀ ਨੂੰ ਭੇਜਿਆ।

ਸੰਨ 1574 `ਚ ਚੌਥੇ ਪਾਤਸ਼ਾਹ ਨੂੰ ਗੁਰਗੱਦੀ ਪ੍ਰਾਪਤ ਹੋਈ। ਸੰਨ 1577 `ਚ ਅਕਬਰ ਪਟਿਆਲੇ ਵੱਲ ਆਇਆ ਤਾਂ ਚੌਥੇ ਪਾਤਸ਼ਾਹ ਨੇ ਗੁਰੂ ਕੀਆਂ ਸੰਗਤਾਂ `ਚ ਨਿਤ ਦੇ ਹੋ ਰਹੇ ਵਾਧੇ ਨੂੰ ਮੁੱਖ ਰਖ ਕੇ "ਗੁਰੂ ਕਾ ਚੱਕ" ਲਈ, ਅਕਬਰ ਪਾਸੋਂ ਸੱਤ ਸੋ ਅਕਬਰਸ਼ਾਹੀ ਰੁਪਏ ਦੇ ਕੇ ਹੋਰ ਸੌ ਬਿਘੇ ਜ਼ਮੀਨ ਹੋਰ ਖਰੀਦੀ ਇਸ ਤਰ੍ਹਾ ਸੰਨ 1578 `ਚ ਚੌਥੇ ਪਾਤਸ਼ਾਹ ਨੇ ਇੱਕ ਹੋਰ ਸਰੋਵਰ ਦਾ ਟੱਕ ਲਗਵਾਇਆ ਜਿਸ ਦਾ ਨਾਮ ‘ਅੰਮ੍ਰਿਤਸਰ’ ਰੱਖਿਆ।

ਚੌਥੇ ਪਾਤਸ਼ਾਹ ਨੇ ‘ਗੁਰੂ ਕਾ ਚੱਕ’ ਅਜੋਕਾ ‘ਸ੍ਰੀ ਅਮ੍ਰਿਤਸਰ ਸਾਹਿਬ’ ਨੂੰ ਵਸਾਉਣ ਲਈ ਵੱਖੋ ਵੱਖਰੇ ਕਿੱਤਿਆਂ ਦੇ ਲੋਕਾਂ ਨੁੰ ਸੱਦਾ ਦਿੱਤਾ। ਇਸ ਤਰ੍ਹਾਂ ਇਹ ਸੱਦਾ, ਕੇਵਲ ਸੱਦਾ ਹੀ ਨਹੀਂ, ਬਲਕਿ ‘ਗੁਰੂ ਕਾ ਚੱਕ’ ਮੋਜੂਦਾ "ਅੰਮ੍ਰਿਤਸਰ ਸ਼ਹਿਰ" ਨੂੰ ਵਸਾਉਣ ਵੱਲ ਇਹ ਪਹਿਲਾ ਕਦਮ ਸੀ। ਇਸੇ ਲਈ ਉਥੇ ਸ਼ਹਰੀ ਵੱਸੋਂ ਵਾਲੇ ਸਾਰੇ ਪ੍ਰਬੰਧ ਵੀ ਕਰਣੇ ਸਨ ਅਤੇ ਗੁਰਦੇਵ ਨੇ ਉਹ ਕੀਤੇ ਵੀ। ਪੰਜਵੇਂ ਪਾਤਸ਼ਾਹ ਨੇ ਸੰਨ ੧੫੮੧ `ਚ ਗੁਰਗੱਦੀ ਪ੍ਰਾਪਤ ਹੋਣ ਬਾਅਦ ਇਸੇ ਨਗਰੀ ਦਾ ਨਾਮ ‘ਗੁਰੂ ਕਾ ਚੱਕ’ ਤੋਂ ਬਦਲ ਕੇ `ਚੱਕ ਗੁਰੂ ਰਾਮਦਾਸ’ ਕਰ ਦਿੱਤਾ।

ਉਪ੍ਰੰਤ ਇਸ ਦਾ ਨਾਮ `ਚੱਕ ਗੁਰੂ ਰਾਮਦਾਸ’ ਤੋਂ ‘ਗੁਰੂ ਰਾਮਦਾਸ ਪੁਰ’ ਵੀ ਪ੍ਰਚਲਤ ਹੋ ਗਿਆ। ਇਸ ਤਰ੍ਹਾਂ ਪੰਜਵੇਂ ਪਾਤਸ਼ਾਹ ਦੇ ਸਮੇਂ ਸੰਨ 1588 `ਚ ‘ਸੰਤੋਖਸਰ’ ਤੇ ‘ਅੰਮ੍ਰਿਤਸਰ’ ਇਹ ਦੋਵੇਂ ਸਰੋਵਰ ਵੀ ਮੁਕੰਮਲ ਹੋ ਗਏ। ਆਪਣੇ ਸਮੇਂ ਚੌਥੇ ਪਾਤਸ਼ਾਹ ਨੇ ਇਸੇ ਲੜੀ `ਚ, ‘ਮਸੰਦ ਪ੍ਰਥਾ’ ਤੇ ‘ਦਸਵੰਧ ਪ੍ਰਥਾ’ ਦਾ ਅਰੰਭ ਵੀ ਕੀਤਾ ਸੀ। ਇਹ ਦੋਵੇਂ ਜ਼ਿੰਮੇਂਵਾਰੀਆਂ ਬਹੁਤ ਵੱਡੀਆਂ ਜ਼ਿੰਮੇਂਵਾਰੀਆਂ ਸਨ। ਸਮੇਂ ਨਾਲ ਪੰਜਵੇਂ ਗੁਰਦੇਵ ਨੇ ਇਨ੍ਹਾਂ ਦੋਨਾਂ ਲਹਿਰਾਂ ਅਥਵਾ ਪ੍ਰਥਾਵਾਂ ਨੂੰ ਪੂਰਣ ਸੰਸਥਾਵਾਂ ਦਾ ਰੂਪ ਦਿੱਤਾ। ਇਹ ਵੱਖਰੀ ਗੱਲ ਹੈ ਕਿ ਫ਼ਿਰ ਜਦੋਂ ਮਸੰਦ ਪ੍ਰਥਾ `ਚ ਨੁਕਸ ਆ ਗਏ ਤਾਂ ਦਸਮੇਸ਼ ਜੀ ਨੇ ਇਸ ਪ੍ਰਥਾ ਨੂੰ ਮੂਲੋਂ ਹੀ ਖ਼ਤਮ ਕਰ ਦਿੱਤਾ ਸੀ।

ਜਦਕਿ ਚੌਥੇ ਪਾਤਸ਼ਾਹ ਰਾਹੀਂ ਕਾਇਮ ਦੂਜੀ ‘ਦਸਵੰਧ ਪ੍ਰਥਾ’ ਦਾ ਆਧਾਰ ਹੀ ਗੁਰਬਾਣੀ ਫ਼ੁਰਮਾਨ "ਘਾਲਿ ਖਾਇ ਕਿਛੁ ਹਥਹੁ ਦੇਇ॥ ਨਾਨਕ ਰਾਹੁ ਪਛਾਣਹਿ ਸੇਇ" (ਪੰ: ੧੨੪੫) ਸੀ, ਕੁੱਝ ਹੋਰ ਨਹੀਂ। ਉਪ੍ਰੰਤ ਗੁਰੂਦਰ ਦੇ ਸਿਧਾਂਤ "ਨਾਮ ਜਪੋ. ਕਿਰਤ ਕਰੋ, ਵੰਡ ਛਕੋ" ਦਾ ਮੂਲ਼ ਆਧਾਰ ਵੀ ਉਪ੍ਰੋਕਤ ਗੁਰਬਾਣੀ ਫ਼ੁਰਮਾਨ ਅਤੇ ਚੌਥੇ ਪਾਤਸ਼ਾਹ ਰਾਹੀਂ ਸਥਾਪਤ ਕੀਤੀ ਹੋਈ "ਦਸਵੰਧ ਪ੍ਰਥਾ" ਹੀ ਹੈ। ਇਸੇ ਕਾਰਣ ਸਮੂਚੇ ਸਿੱਖ ਧਰਮ ਅਥਵਾ ਸਿੱਖ ਲਹਿਰ ਲਈ ਇਹ "ਦਸਵੰਧ ਪ੍ਰਥਾ" ਅੱਜ ਵੀ ਉਸੇ ਤਰ੍ਹਾਂ ਹੀ ਕਾਇਮ ਹੈ ਅਤੇ ਕਿਸੇ ‘ਸਿੱਖ’ ਦੇ ਜੀਵਨ ਦੀ ਮੁੱਖ ਰਹਿਣੀ ਦਾ ਹਿੱਸਾ ਵੀ ਹੈ।

ਅੰਮ੍ਰਿਤਸਰ (ਸਰੋਵਰ) ਦੇ ਨਾਮ ਤੋਂ ਹੀ ਪੂਰੇ ਸ਼ਹਿਰ ਦਾ ਨਾਮ ਵੀ…- ਇਹ ਵੀ ਕਿ ਬਾਅਦ `ਚ `ਚੱਕ ਗੁਰੂ ਰਾਮਦਾਸ’ ਪੂਰੇ ਸ਼ਹਿਰ ਦਾ ਦਾ ਨਾਮ ਵੀ, ਅੰਮ੍ਰਿਤਸਰ (ਸਰੋਵਰ) ਦੇ ਨਾਮ `ਤੇ ‘ਅੰਮ੍ਰਿਤਸਰ’ ਪ੍ਰਚਲਤ ਹੋ ਗਿਆ। ਇਸ ਤਰ੍ਹਾਂ ਅਕਤੂਬਰ ਸੰਨ 1588 ਨੂੰ ਪੰਜਵੇਂ ਪਾਤਸ਼ਾਹ ਨੇ ਅੰਮ੍ਰਿਤਸਰ ਸਰੋਵਰ ਦੇ ਕੇਂਦ੍ਰ `ਚ, ਅਜੋਕੀ ‘ਦਰਬਾਰ ਸਾਹਿਬ’ ਵਾਲੀ ਇਮਾਰਤ ਨੂੰ ਵੀ ਅਰੰਭ ਕਰਵਾਇਆ। ਉਪ੍ਰੰਤ "ਅਦਿ ਬੀੜ" ਦਾ ਪ੍ਰਕਾਸ਼ ਕਰਣ ਤੋਂ ਪਹਿਲਾਂ "ਦਰਬਾਰ ਸਾਹਿਬ" ਵਾਲੀ ਸਮੂਚੀ ਇਮਾਰਤ ਦੀ ਉਸਾਰੀ ਅਤੇ ਇਸਦੀ ਸੰਪੂਰਣਤਾ ਵੀ ਪੰਜਵੇਂ ਪਾਤਸ਼ਾਹ ਦੀ ਹੀ ਦੇਣ ਹਨ।

"ਦਰਬਾਰ ਸਾਹਿਬ" ਸ੍ਰੀ ਅਮ੍ਰਿਤਸਰ ਸਾਹਿਬ-ਸੰਨ ੧੭੧੮ ਬਾਬਾ ਬੰਦਾ ਸਿੰਘ ਜੀ ਬਹਾਦੁਰ ਦੀ ਸਹਾਦਤ ਤੋਂ ਬਾਅਦ, ਪੰਥ `ਤੇ ਅਤਿ ਦਾ ਔਖਾ ਸਮਾਂ ਸੀ ਤੇ ਸਮੂਚੇ ਵਿਰਧਿੀਆਂ ਦੇ ਪੌ-ਬਾਰਾਂ। ਇਸਤਰ੍ਹਾਂ ਵਿੱਚਲੇ ਵਿਗਾੜ ਵਾਲੇ ਅਤੇ ਅਤਿ ਦੇ ਕਠਿਨ ਸਮੇਂ `ਚ "ਦਰਬਾਰ ਸਾਹਿਬ" ਨੂੰ ਹੀ ‘ਹਰਿਮੰਦਿਰ ਸਾਹਿਬ’ ਵੀ ਕਿਹਾ ਜਾਣ ਲੱਗਾ ਜਾਂ ਪ੍ਰਚਲਤ ਕਰ ਦਿੱਤਾ ਗਿਆ। ਉਪ੍ਰੰਤ ਮਹਾਰਾਜਾ ਰਣਜੀਤ ਸਿੰਘ ਰਾਹੀਂ ਇਸ `ਤੇ ਸੋਨਾ ਚੜ੍ਹਵਾਉਣ ਨਾਲ, ਇਸ ਦਾ ਨਾਂ ‘ਹਰਿਮੰਦਿਰ ਸਾਹਿਬ’ ਤੋਂ "ਸਵਰਨ ਮੰਦਿਰ" ਉਪ੍ਰੰਤ ਅੰਗ੍ਰੇਜ਼ੀ ਸ਼ਾਸਨ ਸਮੇਂ ਇਸ ਦਾ ਨਾਮ "ਸਵਰਨ ਮੰਦਿਰ" ਤੋਂ ਹੀ ‘ਗੋਲਡਨ ਟੈਂਪਲ’ ਵੀ ਪ੍ਰਚਲਤ ਹੋ ਗਿਆ। ਜਦਕਿ ਇਸ ਦੇ ‘ਹਰਿਮੰਦਿਰ ਸਾਹਿਬ’, "ਸਵਰਨ ਮੰਦਿਰ" ਤੇ ‘ਗੋਲਡਨ ਟੈਂਪਲ’ ਆਦਿ ਨਾਵਾਂ ਨਾਲ ਬਹੁਤੇ ਗੁਰਮੱਤ ਦੇ ਵਿਦਵਾਨ ਉੱਕਾ ਹੀ ਸਹਿਮਤ ਨਹੀਂ ਹਨ।

ਕਿਉਂਕਿ ਗੁਰਦੇਵ ਰਾਹੀਂ ਇਸ ਇਮਾਰਤ ਨੂੰ ‘ਦਰਬਾਰ ਸਾਹਿਬ’ ਦਾ ਨਾਮ ਹੀ ਦਿੱਤਾ ਹੋਇਆ ਮਿਲਦਾ ਹੇ, ‘ਹਰਿਮੰਦਿਰ’ ਸਾਹਿਬ’ "ਸਵਰਨ ਮੰਦਿਰ" ਜਾਂ ‘ਗੋਲਡਨ ਟੈਂਪਲ’ ਅਦਿ ਨਹੀਂ। ਉਂਝ ਵੀ ਲਫ਼ਜ਼ ‘ਹਰਿਮੰਦਿਰ’ ਤੋਂ ਬ੍ਰਾਹਮਣੀ ਵਿਚਾਰਧਾਰਾ ਵਾਲੇ ਮੰਦਿਰਾਂ ਦਾ ਭੁਲੇਖਾ ਹੀ ਪੈਂਦਾ ਹੈ, ਜੋ ਕਦਾਚਿੱਤ ਯੋਗ ਨਹੀਂ। ਇਸ ਲਈ ਇਸਦਾ ਅਸਲ ਨਾਮ ‘ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ’ ਹੀ ਹੈ ਨਾ ਕਿ ‘ਹਰਮੰਦਿਰ ਸਾਹਿਬ’ ਆਦਿ। ਖ਼ੈਰ! ਮੁੱਕਦੀ ਗੱਲ ਕਿ ਸੰਨ 1590 `ਚ ਪੰਜਵੇਂ ਪਾਤਸ਼ਾਹ ਰਾਹੀਂ "ਦਰਬਾਰ ਸਾਹਿਬ" ਸ੍ਰੀ ਅਮ੍ਰਿਤਸਰ ਸਾਹਿਬ ਵਾਲੀ ਇਹ ਇਮਾਰਤ ਵੀ ਮੁਕੰਮਲ ਕਰ ਲਈ ਗਈ ਸੀ।

ਵਿਰੋਧੀ ਤਾਕਤਾਂ ਤੇ ਗੁਰੂ ਦਰਬਾਰ? -ਇੰਨ੍ਹਾਂ ਸਾਰੇ ਕਾਰਜਾਂ ਦੌਰਾਨ ਸਰਕਾਰ ਵਿੱਚਲੇ ਜਨੂੰਨੀ ਕਾਜ਼ੀਆਂ, ਮੌਲਾਣਿਆਂ, ਬੀਰਬਲ ਜੁੰਡਲੀ, ਬ੍ਰਾਹਮਣਾਂ ਤੇ ਬਾਕੀ ਗੁਰੂ ਦਰ ਵਿਰੋਧੀ ਲਾਬੀ ਦੇ ਜਮਘਟੇ ਨੇ, ਆਪ ਦੇ ਵੱਡੇ ਭ੍ਰਾਤਾ ਪ੍ਰਿਥੀ ਚੰਦ ਨੂੰ ਵੀ ਆਪਣੇ ਨਾਲ ਗੰਢ ਲਿਆ ਸੀ। ਇਸ ਤਰ੍ਹਾਂ ਇਸ ਸਾਰੇ ਜਮਘਟੇ ਨੇ ਪਾਤਸ਼ਾਹ ਦੇ ਸਮੂਹ ਕਾਰਜਾਂ ਵਿਚਾਲੇ, ਨਾਲੋ-ਨਾਲ ਦਿਲ ਕੰਬਾਊ ਰੁਕਾਵਟਾਂ ਵੀ ਪਾਈਆਂ, ਜਦਕਿ ਵਿਰੋਧੀਆਂ ਨੂੰ ਫ਼ਿਰ ਵੀ ਹਰ ਕੱਦਮ `ਤੇ ਮੂੰਹ ਦੀ ਖਾਣੀ ਪੈਂਦੀ ਸੀ। ਮਿਸਾਲ ਵੱਜੋ ਪ੍ਰਿਥੀ ਚੰਦ ਵਲੋਂ ਹੋਈ ਗੁਰੂ ਦਰਬਾਰ ਦੀ ਵਿਰੋਧਤਾ `ਤੇ ਆਧਾਰਿਤ ਕੁੱਝ ਵੇਰਵਾ ਇਸ ਤਰ੍ਹਾਂ ਹੈ:-

ਪ੍ਰਿਥੀਚੰਦ ਦੀਆਂ ਘਿਨਾਉਣੀਆਂ ਹਰਕਤਾਂ- ਚੌਥੇ ਪਾਤਸ਼ਾਹ ਨੇ ‘ਗੁਰੂ ਕਾ ਚੱਕ’ ਭਾਵ ਅਜੋਕੇ "ਅੰਮ੍ਰਿਤਸਰ ਸ਼ਹਿਰ" ਨੂੰ ਵਸਾਉਣ ਲਈ ਵੱਖੋ ਵੱਖਰੇ ਕਿੱਤਿਆਂ ਦੇ ਲੋਕਾਂ ਨੂੰ ਸੱਦਾ ਦਿੱਤਾ ਸੀ। ਇਸ ਦੇ ਲਈ ਆਪ ਨੇ ਉਥੇ ਸ਼ਹਿਰੀ ਵੱਸੋਂ ਵਾਲੇ ਸਾਰੇ ਪ੍ਰਬੰਧ ਵੀ ਕਰਣੇ ਸਨ। ਇਸ ਤੋਂ ਇਲਾਵਾ ਚੌਥੇ ਪਾਤਸ਼ਾਹ ਨੇ ਮਸੰਦ ਪ੍ਰਥਾ ਤੇ ਦਸਵੰਦ ਪ੍ਰਥਾ ਦਾ ਅਰੰਭ ਵੀ ਕੀਤਾ ਸੀ। ਉਪ੍ਰੰਤ ਮਸੰਦਾ ਰਾਹੀਂ ਪ੍ਰਾਪਤ ਸੰਗਤਾਂ ਤੋਂ ਲਗਾਤਾਰ ਪੁੱਜਣ ਵਾਲੀ ਕਾਰ ਭੇਟਾ ਆਦਿ ਦਾ ਪ੍ਰਬੰਧ ਵੀ ਨਾਲ ਨਾਲ ਕਰਣਾ ਹੁੰਦਾ ਸੀ। ਚੌਥੇ ਪਾਤਸ਼ਾਹ ਵੱਲੋਂ ਉਸ ਸਮੇਂ ਇਹ ਸਭ ਜ਼ਿਮੇਂਵਾਰੀਆਂ ਪ੍ਰਿਥੀਚੰਦ ਪਾਸ ਹੀ ਸਨ। ‘ਖਿਸਿਆਣੀ ਬਿੱਲੀ ਖੰਭਾ ਨੌਚੇ’ ਦੇ ਅਖਾਣ ਅਨੁਸਾਰ, ਗੁਰਗੱਦੀ ਪ੍ਰਾਪਤੀ ਦੇ ਯਤਨਾਂ `ਚ ਅਸਫ਼ਲ ਹੋ ਜਾਣ `ਤੇ ਪ੍ਰਿਥੀਚੰਦ ਅਤਿਅੰਤ ਹੋਛੇ ਹਥਿਆਰਾਂ `ਤੇ ਉਤਰ ਆਇਆ ਸੀ।

ਭਾਈ ਸੱਤਾ ਤੇ ਬਲਵੰਡ ਨੂੰ ਉਕਸਾਉਣਾ-ਪ੍ਰਿਥੀਚੰਦ ਨੇ ਗੁਰੂਦਰਬਾਰ ਦੇ ਰਬਾਬੀ ਸੱਤਾ ਤੇ ਬਲਵੰਡ ਨੂੰ ਉਨ੍ਹਾਂ ਦੀ ਲੜਕੀ ਦੇ ਅਨੰਦਕਾਰਜ ਸਮੇਂ ਚੁੱਕ ਚੁੱਕਾ ਕੇ ਗੁਰੂ ਦਰਬਾਰ ਤੋਂ ਬਾਗ਼ੀ ਕਰ ਲਿਆ। ਬੇਸ਼ੱਕ ਉਹ ਬਹੁਤ ਜਲਦੀ ਸੰਭਲ ਗਏ ਅਤੇ ਵਾਪਿਸ ਗੁਰੂ ਦਰ `ਤੇ ਆ ਗਏ ਸਨ। ਜਦਕਿ ਖੋਜ ਕੀਤਿਆ ਕੇਵਲ ਸੰਭਾਵਨਾ ਹੀ ਨਹੀਂ ਬਲਕਿ ਸਾਬਤ ਵੀ ਹੁੰਦਾ ਹੈ ਕਿ "ਸੱਤਾ ਤੇ ਬਲਵੰਡ" ਅੰਤ ਤੀਕ ਪ੍ਰਿਥੀ ਚੰਦ ਦੀ ਉਕਸਾਹਟ ਦਾ ਸ਼ਿਕਾਰ ਹੀ ਨਹੀਂ ਸਨ ਹੋਏ।

ਪ੍ਰਿਥੀ ਚੰਦ ਵੱਲੋਂ ਭਰਵੀਂ ਉਕਸਾਹਟ ਤੋਂ ਬਾਅਦ ਵੀ, ਉਹ ਅੰਤ ਤੀਕ ਗੁਰੂ ਦਰ ਨੂੰ ਹੀ ਸਮ੍ਰਪਿਤ ਰਹੇ। ਹੋਰ ਤਾਂ ਹੋਰ, ਉਨ੍ਹਾਂ ਦੀ ਰਚਨਾ "ਰਾਮਕਲੀ ਕੀ ਵਾਰ ਰਾਇ ਬਲਵੰਡਿ ਤਥਾ ਸਤੈ ਡੂਮਿ ਆਖੀ" (ਪੰ: ੯੬੬) ਦੇ ਸਿਰਲੇਖ ਹੇਠ ਪੰਚਮ ਪਿਤਾ ਰਹੀਂ ਪ੍ਰਵਾਣਤ ਗੁਰਬਾਣੀ ਦਾ ਹਿੱਸਾ ਵੀ ਹੈ ਜਿਹੜਾ ਕਿ ਇਸ ਸਚਾਈ ਦਾ ਸਬੂਤ ਵੀ ਹੈ। ਕਿਉਂਕਿ ਇਸ ਤਰ੍ਹਾਂ ਤਾਂ ਗੁਰਦੇਵ ਨੇ ਉਨ੍ਹਾਂ ਨੂੰ ਖ਼ੁੱਦ ਆਪਣੀ ਛਾਤੀ ਨਾਲ ਲਗਾਇਆ ਹੋਇਆ ਹੈ ਤੇ ਬਰਾਬਰੀ ਵੀ ਦਿੱਤੀ ਹੋਈ ਹੈ ਜਦਕਿ ਅਜਿਹਾ ਮਾਨ ਕਿਸੇ ਬਾਗ਼ੀ ਨੂੰ ਜਾਂ ਕਿਸੇ ਥਿੜਕੇ ਹੋਏ ਮਨੁੱਖ ਨੂੰ ਮਿਲਨਾ ਹੀ ਸੰਭਵ ਨਹੀਂ।

ਗੁਰੂਦਰਬਾਰ ਦੀ ਨਾਕਾਬੰਦੀ-ਪ੍ਰਿਥੀਚੰਦ ਦੀ ਮਸੰਦਾਂ ਨਾਲ ਸਿੱਧੀ ਸਾਂਝ ਤਾਂ ਚੌਥੇ ਪਾਤਸ਼ਾਹ ਦੇ ਸਮੇ ਤੋਂ ਹੀ ਸੀ। ਗੁਰੂ ਦਰਬਾਰ `ਚ ਆਪਣੀ ਪਹਿਲਾਂ ਤੋਂ ਬਣੀ ਹੋਈ ਭੱਲ ਤੇ ਮਸੰਦਾ ਨਾਲ ਆਪਣੀ ਬਣੀ ਹੋਈ ਸਾਂਝ ਦਾ ਲਾਭ ਲੈ ਕੇ, ਪ੍ਰਿਥੀਚੰਦ ਨੇ ਗੁਰੂਦਰਬਾਰ ਦੀ ਨਾਕਾਬੰਦੀ ਕਰਵਾ ਦਿੱਤੀ। ਉਪ੍ਰੰਤਾਂ ਪ੍ਰਿਥੀਚੰਦ ਮਸੰਦਾਂ ਨੂੰ ਬਹਿਕਾ ਕੇ, ਸੰਗਤਾਂ ਰਾਹੀਂ ਭੇਜੇ ਦਸਵੰਧ `ਤੇ ਆਪਣਾ ਹੱਥ ਸਾਫ ਕਰ ਲੈਂਦਾ ਅਤੇ ਲੰਗਰ ਛੱਕਣ ਲਈ, ਸੰਗਤਾਂ ਨੂੰ ਅੰਦਰ ‘ਗੁਰੂ ਕੇ ਲੰਗਰਾਂ’ `ਚ ਭੇਜ ਦਿੰਦਾ।

ਅੰਦਰ ਆਮਦਨ ਨਾ ਪੁਜਣ ਕਰਕੇ ‘ਗੁਰੂ ਕੇ ਲੰਗਰ’ ਡੰਗ ਟਪਾਊ ਹੋ ਗਏ। ਗੁਰੂ-ਦਰਬਾਰ ਨੂੰ ਬਦਨਾਮ ਕਰਣ ਲਈ ਉਸ ਵਲੋਂ ਇਹ ਸਭ ਉਸ ਦੀਆਂ ਅਤਿ ਘਟੀਆ, ਕੋਝੀਆਂ, ਘਿਣਾਉਣੀਆਂ ਚਾਲਾਂ ਸਨ ਜਿਹੜੀਆਂ ਉਸ ਦੀ ਨੀਚਤਾ ਦੀ ਹੱਦ ਸਨ। ਅਸਲ `ਚ ਇਹ ਸਭ ਗੁਰੂਦਰਬਾਰ ਦੇ ਵਿਰੋਧੀਆਂ ਵਲੋਂ ਨਿੱਤ ਰਚੇ ਜਾ ਰਹੇ ਖੜਯੰਤਰ ਹੀ ਸਨ, ਜਦਕਿ ਪ੍ਰਿਥੀਚੰਦ ਤਾਂ ਗੁਰੂ ਪ੍ਰਵਾਰ `ਚੋਂ ਵਰਤਿਆ ਜਾ ਰਿਹਾ ਵਿਰੋਧੀਆਂ ਵੱਲੋਂ ਕੇਵਲ ਹੱਥਠੋਕਾ ਤੇ ਉਨ੍ਹਾ ਦਾ ਮੋਹਰਾ ਹੀ ਸੀ।

ਉਂਝ ਇਹ ਹੋਰ ਗੱਲ ਹੈ ਕਿ ਬਾਅਦ `ਚ ਜਦੋਂ ਭਾਈ ਗੁਰਦਾਸ ਜੀ, ਬਾਬਾ ਬੁਢਾ ਜੀ ਆਦਿ ਪਤਵੰਤੇ ਸਿੱਖ ਆਪਣੀਆਂ-ਆਪਣੀਆਂ ਸੇਵਾਵਾਂ ਤੋਂ ਪਰਤੇ ਤਾਂ ਉਨ੍ਹਾਂ ਨੇ ਸੰਗਤਾਂ ਤੇ ਸੰਬੰਧਤ ਮਸੰਦਾ ਨੂੰ ਪ੍ਰਿਥੀਚੰਦ ਦੀ ਅਸਲੀਅਤ ਤੋਂ ਜਾਣੂ ਕਰਵਾਇਆ। ਇਸ ਤਰ੍ਹਾਂ ਕੁਲ ਮਿਲਾ ਕੇ ਪ੍ਰਿਥੀਚੰਦ ਰਾਹੀ ਗੁਰੂਦਰਬਾਰ ਦੀ ਕਰਵਾਈ ਹੋਈ ਇਸ ਨਾਕਾਬੰਦੀ ਦੇ ਪੋਲ ਖੋਲੇ ਤੇ ਉਸ ਨੂੰ ਖ਼ਤਮ ਵੀ ਕਰਵਾਇਆ।

ਸੁਲਹੀ ਖਾਂ ਵੱਲੋਂ ਹਮਲਾ ਤੇ ਸੁਲਹੀ ਦੀ ਮੌਤ ਵੀ- ਪ੍ਰਿਥੀ ਚੰਦ ਨੇ ਰਾਜਸ਼ਾਹੀ ਅੰਦਰਲੇ ਗੁਰੂ ਦਰਬਾਰ ਦੇ ਵਿਰੋਧੀਆਂ ਰਸਤੇ, ਆਪਣੇ ਸਰਕਾਰੀ ਅਸਰ-ਰਸਾੂਖ ਨੂੰ ਵਰਤ ਕੇ, ਸਰਕਾਰੀ ਤੌਰ `ਤੇ ਸੁਲਹੀ ਖਾਂ ਕੋਲੋਂ ਗੁਰੂ ਦਰਬਾਰ `ਤੇ ਹਮਲਾ ਕਰਵਾਇਆ। ਜਦਕਿ ਰਸਤੇ `ਚ, ਆਵੇ ਦਿਖਾਉਂਦੇ, ਪ੍ਰਿਥੀਚੰਦ ਦੇ ਆਪਣੇ ਹੀ ਭਖਦੇ ਹੋਏ ਇੱਟਾਂ ਦੇ ਆਵੇ `ਤੇ ਸੁਲਹੀ ਦੇ ਘੋੜੇ ਦਾ ਪੈਰ ਆ ਗਿਆ। ਘੋੜਾ ਤ੍ਰਭਕ ਗਿਆ ਤੇ ਸੁਲਹੀ ਘੋੜੇ ਸਮੇਤ ਬਲਦੇ ਆਵੇ `ਚ ਡਿੱਗ ਕੇ ਸੜ ਮਰਿਆ। ਇਸ ਤਰ੍ਹਾਂ ਸੁਲਹੀ ਖਾਂ ਨੂੰ ਆਪਣੇ ਕੀਤੇ ਦੀ ਸਜ਼ਾ ਵੀ, ਅਕਾਲਪੁਰਖੁ ਵਲੋਂ ਨਾਲੋ ਨਾਲ ਹੀ ਮਿਲ ਗਈ।

ਸੁਲਹੀ ਖਾਂ ਰਾਹੀਂ ਗੁਰੂ ਦਰਬਾਰ `ਤੇ ਹਮਲੇ ਨਾਲ ਸੰਬੰਧਤ ਗੁਰਬਾਣੀ `ਚੋਂ ਦੋ ਸ਼ਬਦ ਵੀ ਆਏ ਹਨ ਅਤੇ ਉਹ ਸ਼ਬਦ ਹਨ, ਇੱਕ "ਸੁਲਹੀ ਤੇ ਨਾਰਾਇਣ ਰਾਖੁ. ." (ਪੰ: ੮੨੫) ਅਤੇ ਦੂਜਾ "ਪ੍ਰਥਮੇ ਮਤਾ ਜਿ ਪਤ੍ਰੀ ਚਲਾਵਉ॥ ਦੁਤੀਏ ਮਤਾ ਦੁਇ ਮਾਨੁਖ ਪਹੁਚਾਵਉ…" (ਪੰ: ੩੭੧)।

ਪ੍ਰਿਥੀਚੰਦ, ਇੱਕ ਰਾਜਸੀ ਮੋਹਰਾ ਵੀ ਸੀ- ਅੱਗੇ ਚੱਲ ਕੇ ਇਹ ਵੀ ਦੇਖਾਂਗੇ ਕਿ ਇਲਾਕੇ `ਚ ਔੜ ਸਮੇਂ, ਪੰਜਵੇਂ ਪਾਤਸ਼ਾਹ ਆਪਣੇ ਪ੍ਰਚਾਰ ਦੌਰਿਆਂ ਦੋਰਾਨ ਜਦੋਂ ਸੰਗਤਾਂ ਨੂੰ ਨਾਲ ਲੈ ਕੇ ਦੁਖੀਆਂ-ਦਰਦੀਆਂ ਦੀ ਮਦਦ `ਚ ਆਪਣਾ ਦਿਨ ਤੇ ਰਾਤ ਇੱਕ ਕਰ ਰਹੇ ਸਨ। ਉਸ ਦੌਰਾਨ ਵਡਾਲੀ ਵਿਖੇ ਪ੍ਰੀਥੀਚੰਦ ਨੇ ਬਾਲ-ਗੁਰੂ ਹਰਿਗੋਬਿੰਦ ਜੀ `ਤੇ ਕਈ ਮਾਰੂ ਹਮਲੇ ਵੀ ਕਰਵਾਏ ਸਨ। ਓਧਰ ਅਕਾਲਪੁਰਖ ਦੀ ਕਰਣੀ, ਬਾਲ (ਗੁਰੂ) ਹਰਗੋਬਿੰਦ ਜੀ ਤਾਂ ਹਰ ਵਾਰ ਬਾਲ-ਬਾਲ ਬੱਚਦੇ ਰਹੇ; ਜਦਕਿ ਪ੍ਰਿਥੀ ਚੰਦ ਦੀਆਂ ਇਹ ਨੀਚਤਾ ਭਰਪੂਰ ਹਰਕਤਾਂ ਤੇ ਸਾਜ਼ਿਸ਼ਾਂ, ਬਾਲ ਹਰਿਗੋਬਿੰਦ ਜੀ ਦਾ ਬਾਲ-ਬੀਂਕਾ ਵੀ ਨਾ ਕਰ ਸਕੀਆਂ। ਪਰ ਇਸ ਸਾਰੇ ਦਾ ਨਤੀਜਾ ਇਹ ਹੋਇਆ ਕਿ ਪ੍ਰਿਥੀਚੰਦ ਦੇ ਅਜਿਹੇ ਘਿਨਾਉਣੇ ਕਾਰਿਆਂ ਕਾਰਣ, ਆਮ ਲੋਕਾਈ `ਚ ਵੀ ਉਸਦੀ ਭਰਵੀਂ ਬਦਨਾਮੀ ਹੋ ਗਈ। ਉਸੇ ਤੋਂ ਪ੍ਰਿਥੀਚੰਦ ਇਲਾਕਾ ਛੱਡ ਕੇ, ਆਪਣੇ ਸਹੁਰੇ ਪਿੰਡ ਹੇਹਰ (ਲਾਹੋਰ) ਚਲਾ ਗਿਆ।

ਸਰਕਾਰੀ ਹੱਥਠੋਕਾ ਹੋਣ ਕਾਰਨ ਇਸ ਨੂੰ ਸਰਕਾਰੀ ਦਰਬਾਰੇ ਤੋਂ ਅਜਿਹੇ ਨੀਚਤਾ ਭਰਪੂਰ ਕਾਰਿਆਂ ਬਦਲੇ ਭਰਵਾਂ ਇਨਾਮ ਵੀ ਮਿਲਿਆ ਸੀ। ਸਰਕਾਰੀ ਤੌਰ `ਤੇ ਇਸਨੂੰ ਲਾਹੌਰ `ਚ ਕਾਫੀ ਜ਼ਮੀਨ ਤੇ ਭਰਵੀਂ ਮਾਇਕ ਮਦਦ ਵੀ ਪ੍ਰਾਪਤ ਹੋਈ ਸੀ। ਉਸੇ ਤੋਂ ਲਾਹੌਰ `ਚ ਇਸ ਨੇ "ਦਰਬਾਰ ਸਾਹਿਬ ਅੰਮ੍ਰਿਤਸਰ" ਦੀ ਨਕਲ `ਤੇ "ਦੁਖਨਿਵਾਰਨ" ਨਾਂ ਦਾ ਇੱਕ ਨਵਾਂ ਸਰੋਵਰ ਬਣਵਾਇਆ, ਜਿਸ ਨੂੰ ਇਸ ਨੇ ਸਤਿਜੁਗੀ ਤੀਰਥ ਕਹਿਕੇ ਮਸ਼ਹੂਰ ਕੀਤਾ। ਪਰ ਕਰਤੇ ਦੇ ਸੱਚ ਨਿਆ `ਚ, ਉਸ ਦੀ ਇਹ ਝੂਠ ਦੀ ਦੁਕਾਨ ਵੀ ਪੂਰੀ ਤਰ੍ਹਾਂ ਫੇਲ ਹੋਈ।

ਅਜਿਹੀ ਘਟਣਾ ਤੋਂ ਇਹ ਤਾਂ ਆਪਣੇ ਆਪ ਹੀ ਉਘੜ ਕੇ ਸਾਹਮਣੇ ਆ ਜਾਂਦਾ ਹੈ ਅਤੇ ਇਸ `ਚ ਸ਼ੱਕ ਦੀ ਗੁੰਜਾਇਸ਼ ਵੀ ਨਹੀਂ ਰਹਿ ਜਾਂਦੀ ਕਿ ਹੁਣ ਤੱਕ ਪ੍ਰਿਥੀਚੰਦ, ਗੁਰੂ ਦਰਬਾਰ ਵਿਰੁਧ ਜੋ ਕੁੱਝ ਵੀ ਕਰਦਾ ਆ ਰਿਹਾ ਸੀ ਜਾਂ ਇਸ ਦੇ ਪੁਤ੍ਰ ਮਿਹਰਬਾਨ ਨੇ ‘ਨਾਨਕ ਪਦ’ ਵਰਤ ਕੇ ਜਿੱਤਨੀ ਵੀ ਕੱਚੀ ਬਾਣੀ ਰਚੀ ਸੀ, ਉਹ ਸਭ ਵਿਰੋਧੀ-ਜਨੂੰਨੀ ਸਾਜ਼ਿਸ਼ਾਂ ਤੇ ਸਰਕਾਰੀ ਸ਼ਹਿ `ਤੇ ਹੀ ਹੁੰਦਾ ਆ ਰਿਹਾ ਸੀ। ਇਹ ਵੱਖਰੀ ਗੱਲ ਹੈ ਕਿ ਦੋਖੀਆਂ ਨੂੰ ਜੇਕਰ ਗੁਰੂ-ਪ੍ਰਵਾਰ `ਚੋਂ ਓਦੋਂ ਪ੍ਰਿਥੀ ਚੰਦ, ਮੇਹਰਬਾਨ ਆਦਿ ਨਾ ਵੀ ਮਿਲਦੇ ਤਾਂ ਵੀ ਉਹ ਲੋਕ ਕੋਈ ਦੂਜਾ ਹੱਥਠੋਕਾ ਜਾਂ ਕੋਈ ਦੂਜਾ ਰਸਤਾ ਢੂੰਡ ਲੈਂਦੇ।

ਉਂਝ ਇੰਨ੍ਹਾਂ ਸਾਰੇ ਕਾਰਜਾਂ ਲਈ ਗੁਰਦੇਵ ਦੇ ਗੁਰੂ ਕਾਲ ਦੇ ਅਰੰਭਕ ਨੌ ਸਾਲਾਂ ਦਾ ਸਮਾਂ ਲੱਗਾ ਜਿਸ `ਚ ਉਨ੍ਹਾਂ ਦਾ ਪ੍ਰਚਾਰ ਦੌਰਾ ਵੀ ਸੀ। ਇੱਕ ਪਾਸੇ ਤਾਂ ਇਹ ਸਾਰੇ ਕਾਰਜ ਹੀ, ਬਹੁਤ ਵੱਡੇ ਅਤੇ ਅਤੀ ਕਠਿਨ ਸਨ ਦੂਜੇ ਪਾਸੇ ਇੰਨ੍ਹਾਂ ਕਾਰਜਾਂ `ਚ ਰੁਕਾਵਟਾਂ ਵੀ ਬੇਅੰਤ ਪਾਈਆਂ ਗਈਆਂ। ਇਸ ਸਾਰੇ ਦੇ ਬਾਵਜੂਦ ਸ਼ਾਂਤੀ ਦੇ ਪੁੰਜ, ਸਹਿਨਸ਼ੀਲਤਾ ਦੀ ਮੂਰਤ, ਗੁਰਦੇਵ ਪਿਤਾ ਸਦਾ ਅਡੋਲ ਚਿੱਤ ਰਹੇ। ਇੰਨ੍ਹਾਂ ਸਮੂਹ ਪ੍ਰਾਪਤੀਆਂ ਦੌਰਾਨ ਮਾਤਾ ਗੰਗਾ ਜੀ ਤੋਂ ਇਲਾਵਾ; ਭਾਈ ਗੁਰਦਾਸ ਜੀ, ਬਾਬਾ ਬੁੱਢਾ ਜੀ ਆਦਿ ਸਿਰਕੱਢ ਪਤਵੰਤੇ ਸਿੱਖਾਂ ਦਾ ਵੀ ਗੁਰਦੇਵ ਨੂੰ ਪੂਰਾ ਸਹਿਯੋਗ ਪ੍ਰਾਪਤ ਰਿਹਾ।

ਇਸ ਦੇ ਨਾਲ-ਨਾਲ, ਆਉਣ ਵਾਲੇ ਸਮੇਂ ਦੀਆਂ ਲੋੜਾਂ ਨੂੰ ਮੁੱਖ ਰੱਖ ਕੇ, ਪੰਜਵੇਂ ਪਾਤਸ਼ਾਹ ਨੇ ਸਿੱਖਾਂ ਨੂੰ ਘੋੜਿਆਂ ਦੇ ਵਪਾਰ `ਚ ਵੀ ਲਗਾਇਆ ਤੇ ਇਸ ਵਪਾਰ ਲਈ ਗੁਰਦੇਵ ਨੇ ਭਾਈ ਗੁਰਦਾਸ ਜੀ ਸਮੇਤ, ਕੁੱਝ ਸਿੱਖਾਂ ਨੂੰ ਕਾਬੁਲ ਤੀਕ ਵੀ ਭੇਜਿਆ। ਜਦਕਿ ਗੁਰਮੱਤ ਪਾਠ ਨੰ: ੩੭ "ਜੀਵਨ ਝਲਕ, ਪੰਜਵੇਂ ਪਾਤਸ਼ਾਹ, ਗੁਰੂ ਅਰਜਨ ਸਾਹਿਬ" `ਚ ਅਸੀਂ ਅਜਿਹੇ ਸਮੂਹ ਵਿਸ਼ੇ ਸਪਸ਼ਟ ਕਰ ਚੁੱਕੇ ਹਾਂ। ਤਾਂ ਤੇ ਹੁਣ ਗੁਰਦੇਵ ਪੰਚਮ ਪਿਤਾ ਦੇ ਅਸੀਂ ਦਰਸ਼ਨ ਕਰਦੇ ਹਾਂ ‘ਇਕ ‘ਮਹਾਨ ਨੇਸ਼ਨ ਬਿਲਡਰ ਦੇ ਰੂਪ `ਚ:- (ਚਲਦਾ) #414 p-II.12.2.15# (ਇਸ ਤੋਂ ਅੱਗੇ ਭਾਗ ਤਿੰਨ `ਚ ਪੜ੍ਹੋ ਜੀ)

ਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’, ਪੁਸਤਕਾ ਤੇ ਹੁਣ ਗੁਰਮੱਤ ਸੰਦੇਸ਼ਾ ਵਾਲੀ ਅਰੰਭ ਹੋਈ ਲੜੀ, ਇਨ੍ਹਾਂ ਸਾਰਿਆਂ ਦਾ ਮਕਸਦ ਇਕੋ ਹੈ-ਤਾ ਕਿ ਹਰੇਕ ਸੰਬੰਧਤ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਆਪਣੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No.414-II

"ਪੰਜਵੇਂ ਪਾਤਸ਼ਾਹ

ਗੁਰੂ ਅਰਜਨ ਸਾਹਿਬ ਦੀ

"ਮਾਨਵਤਾ ਨੂੰ ਲਾਸਾਨੀ ਦੇਣ"

(ਭਾਗ ਦੂਜਾ)

For all the Self Learning Gurmat Lessons (Excluding Books) written by ‘Principal Giani Surjit Singh’ Sikh Missionary, Delhi-All the rights are reserved with the writer himself; but easily available in proper Deluxe Covers for

(1) Further Distribution within ‘Guru Ki Sangat’

(2) For Gurmat Stalls

(3) For Gurmat Classes & Gurmat Camps

with intention of Gurmat Parsar, at quite nominal printing cost i.e. mostly Rs 350/-(but in rare cases Rs. 450/-) per hundred copies (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24

Ph 91-11-26236119, 46548789 ® Ph. 91-11-26487315 Cell 9811292808

web sites-

www.gurbaniguru.org

theuniqeguru-gurbani.com

gurmAteducAtioncentre[com
.