.

ਪਉੜੀ 12

ਨੋਟ:ਪਉੜੀ 12 ਤੋਂ 15 ਵਿਚ ਸਤਿਗੁਰ ਦੀ ਮੱਤ ਸੁਣਨ ਤੋਂ ਬਾਅਦ ਉਸਨੂੰ ਮੰਨ ਕੇ ਜੋ ਵਿਰਲੇ ਮਨ ਦੀ ਅਵਸਥਾ ਬਣਦੀ ਹੈ, ਉਸ ਦਾ ਜ਼ਿਕਰ ਹੈ। ਹਰੇਕ ਪਉੜੀ ਦੇ ਅਖੀਰ ’ਤੇ ਇਹੋ ਸਾਰ ਦਸਿਆ ਗਿਆ ਹੈ ਕਿ‘ਜੇ ਕੋ, ਮੰਨਿ ਜਾਣੈ, ਮਨਿ ਕੋਇ ॥’ਭਾਵ, ਜਿਸ ਕਿਸੇ ਮਨੁੱਖ ਦਾ ਮਨ ਕੂੜ ਤੋਂ ਛੁਟਣ ਲਈ, ਸਤਿਗੁਰ ਦੀ ਮੱਤ ਨੂੰ ਸੁਣਕੇ ਮੰਨ ਲੈਂਦਾ ਹੈ ਉਹ‘ ਮਨਿ ਕੋਇ’ਹੋ ਜਾਂਦਾ ਹੈ। ਭਾਵ ਵਿਰਲਾ ਮਨ ਬਣ ਜਾਂਦਾ ਹੈ।‘ਮਨਿ ਕੋਇ’ਦਾ ਭਾਵ ਹੀ ਵਿਰਲਾ ਮਨਿ ਬਣ ਜਾਣਾ ਹੁੰਦਾ ਹੈ।

ਮੰਨੇ ਕੀ ਗਤਿ ਕਹੀ ਨ ਜਾਇ ॥

ਗਤਿ:ਵਿਕਾਰਾਂ ਤੋਂ ਮੁਕਤ, ਸ਼ੁੱਧੀ।

ਬੇਅੰਤ ਰੱਬੀ ਗੁਣਾਂ ਦੀ ਮੌਜੂਦਗੀ ਆਪਣੇ ਅੰਤਰ ਆਤਮੇ ਵਿਚ ਮਹਿਸੂਸ ਕਰਨ ਦਾ ਵਿਰਲਾ ਮਨ ਸਹਿਜੇ ਹੀ ਵਿਕਾਰਾਂ ਤੋਂ ਮੁਕਤ ਅਵਸਥਾ ਮਾਣਦਾ ਹੈ।

ਜੇ ਕੋ ਕਹੈ ਪਿਛੈ ਪਛੁਤਾਇ ॥

ਪਛੁਤਾਇ:ਤੀਬਰ ਤਾਂਘ ਅਤੇ ਲਗਨ ਨਾਲ ਸੱਚ ਪਿੱਛੇ ਤੁਰਨਾ।

ਵਿਰਲਾ ਮਨ ਸਤਿਗੁਰ ਦੀ ਮੱਤ ਸੁਣ-ਮੰਨਿ ਕੇ ਸੱਚੇ ਮਾਰਗ ’ਤੇ ਟੁਰ ਪੈਂਦਾ ਹੈ। ਭਾਵ ਰੱਬੀ ਗੁਣ ਧਾਰਨ ਕਰਨ ਲਈ ਹਰ ਪਲ ਜਤਨਸ਼ੀਲ ਰਹਿੰਦਾ ਹੈ।

ਕਾਗਦਿ ਕਲਮ ਨ ਲਿਖਣਹਾਰੁ ॥

ਵਿਰਲਾ ਮਨ ਕੂੜ (ਖਿਆਲਾਂ) ਤੋਂ ਮੁਕਤ ਹੋਣ ਕਾਰਨ ਵਿਕਾਰਾਂ (ਜਮਾਂ) ਵਾਲਾ ਲੇਖਾ ਮਨ ਦੀ ਧਰਤੀ ਉਪਰ ਨਹੀਂ ਲਿਖਦਾ। ਭਾਵ ਕੂੜਾ ਕਾਗਜ਼ ਅਤੇ ਕੂੜ ਰੂਪੀ ਕਲਮ ਨਾਲ ਲਿਖਣ ਵਾਲਾ ਕੂੜਾ ਮਨ ਰਹਿੰਦਾ ਹੀ ਨਹੀਂ (ਕਿਉਂਕਿ ਸੱਚ ਨਾਲ ਇੱਕਮਿਕ ਹੋਣ ਨੂੰ ਜ਼ਿਆਦਾ ਅਹਿਮੀਅਤ ਦੇਂਦਾ ਹੈ।)

ਮੰਨੇ ਕਾ ਬਹਿ ਕਰਨਿ ਵੀਚਾਰੁ ॥

ਸਤਿਗੁਰ ਦੀ ਮੱਤ ਸੁਣ-ਮੰਨ ਕੇ ਵਿਰਲਾ ਮਨ ਰੱਬੀ ਗੁਣ ਧਾਰਨ ਕਰਦਾ ਹੈ ਅਤੇ ਟਿਕ ਜਾਂਦਾ ਹੈ।

ਐਸਾ ਨਾਮੁ ਨਿਰੰਜਨੁ ਹੋਇ ॥

ਸਤਿਗੁਰ ਦੀ ਮੱਤ ਸੁਣ-ਮੰਨ ਕੇ ਵਿਰਲਾ ਮਨ ਕੂੜ (ਮਨ ਕੀ ਮੱਤ) ਤੋਂ ਛੁੱਟਦਾ ਨਿਰ-ਅੰਜਨ ਹੋ ਜਾਂਦਾ ਹੈ।

ਜੇ ਕੋ ਮੰਨਿ ਜਾਣੈ ਮਨਿ ਕੋਇ ॥12॥

ਜਦੋਂ ਕੋਈ ਵੀ ਕੂੜ ਤੋਂ ਛੁਟਣ ਲਈ ਸਤਿਗੁਰ ਦੀ ਮੱਤ ਸੁਣ-ਮੰਨ ਕੇ ਅਮਲੀ ਜੀਵਨ ਜਿਊਂਦਾ ਹੈ ਤਾਂ ਉਹ ਵਿਰਲਾ ਮਨਿ (ਮਨਿ ਕੋਇ) ਬਣ ਜਾਂਦਾ ਹੈ।

ਵੀਰ ਭੁਪਿੰਦਰ ਸਿੰਘ




.