.

ਪੰਜਵੇਂ ਪਾਤਸ਼ਾਹ

ਗੁਰੂ ਅਰਜਨ ਸਾਹਿਬ ਦੀ

“ਮਾਨਵਤਾ ਨੂੰ ਲਾਸਾਨੀ ਦੇਣ”

(ਭਾਗ ਪਹਿਲਾ)

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

ਇਹ ਤਾਂ ਪਹਿਲੇ ਜਾਮੇ ਤੋਂ ਹੀ ਲੜੀਬੰਧ ਅਤੇ ਧੁਰ ਦਾ ਪ੍ਰੋਗਰਾਮ ਸੀ:-

ਵਿਸ਼ੇਸ਼ ਧਿਆਣ ਦੇਣਾ ਹੈ ਅਤੇ ਅਕੱਟ ਸਚਾਈ ਵੀ ਇਹੀ ਹੈ ਕਿ "ਗੁਰੂ ਕਾ ਇਹ ਨਿਰਾਲਾ ਪੰਥ", ਜਿਹੜਾ ਅੱਜ ਸੰਸਾਰ ਪੱਧਰ `ਤੇ ਕੇਂਦ੍ਰਤ ਹੈ, ਇਸਦਾ ਮੂਲ (੧) ਪਹਿਲਾ, ਪੰਜਵੇਂ ਜਾਮੇ ਸਮੇਂ "ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ" ਨੂੰ ਸਥਾਪਤ ਕਰਣਾ ਸੀ। (੨) ਫ਼ਿਰ ਦੂਜਾ, ਸੰਨ ੧੬੦੪ `ਚ ਖ਼ੁੱਦ ਪੰਜਵੇਂ ਪਾਤਸ਼ਾਹ ਰਾਹੀਂ ਸੰਪਾਦਤ "ਆਦਿ ਬੀੜ" ਦਾ ਉਥੇ ਪ੍ਰਕਾਸ਼ ਕਰਣਾ ਸੀ। ਜਦਕਿ ਇਹ ਵੀ ਚੇਤੇ ਰਹੇ ਕਿ ਅਜੋਕੇ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦਸਵੇਂ ਜਾਮੇ ਸਮੇਂ ਉਸੇ ਪੰਜਵੇ ਜਾਮੇ ਸਮੇਂ ਤਿਆਰ ਹੋਈ "ਆਦਿ ਬੀੜ" ਦਾ ਹੀ ਸੰਪੂਰਣਤਾ ਨੂੰ ਪ੍ਰਾਪਤ ਰੂਪ ਹਨ।

ਜੇ ਥੋੜਾ ਗਹਿਰਾਈ `ਚ ਜਾਵੀਏ ਤਾਂ ਇਹ ਵੀ ਸਾਫ਼ ਹੁੰਦੇ ਦੇਰ ਨਹੀਂ ਲਗਦੀ ਕਿ ਦਸ ਜਾਮਿਆਂ ਦੇ ਰੂਪ `ਚ, ਅਸਲ `ਚ ਉਹ ਪੂਰਾ ਦਾ ਪੂਰਾ ਪ੍ਰੋਗ੍ਰਾਮ, ਕਿਸੇ ਮਨੁੱਖ ਦਾ ਬਣਾਇਆ ਹੋਇਆ ਨਹੀਂ ਬਲਕਿ ਇਹ ਇਲਾਹੀ, ਰੱਬੀ ਤੇ ਧੁਰ ਦਰਗਾਹੀ ਪ੍ਰੋਗਰਾਮ ਸੀ। ਇਸੇ ਲਈ ਇਸ ਪ੍ਰੋਗਰਾਮ ਨੂੰ "ਜੋਤਿ ਰੂਪਿ ਹਰਿ ਆਪਿ, ਗੁਰੂ ਨਾਨਕੁ ਕਹਾਯਉ॥ ਤਾ ਤੇ ਅੰਗਦੁ ਭਯਉ, ਤਤ ਸਿਉ ਤਤੁ ਮਿਲਾਯਉ" (ਪੰ: ੧੪੦੮) ਅਥਵਾ "ਨਿਰੰਕਾਰੁ ਆਕਾਰੁ ਕਰਿ, ਜੋਤਿ ਸਰੂਪੁ ਅਨੂਪ ਦਿਖਾਇਆ" (ਵਾਰ ਭਾ: ਗੁ: ੨੬/੨) ਅਨੁਸਾਰ ਪੂਰਾ ਦਾ ਪੂਰਾ ਪਹਿਲੇ ਜਾਮੇ `ਚ ਹੀ ਉਲਿਕਿਆ ਜਾ ਚੁੱਕਾ ਸੀ।

ਇਹੀ ਕਾਰਣ ਸੀ ਕਿ ਸੰਸਾਰ ਤਲ ਦੀਆਂ ਵੱਡੀਆਂ ਤੋਂ ਵੱਡੀਂਆਂ ਰੁਕਾਵਟਾਂ, ਬੇਸ਼ੱਕ ਉਹ ਰਾਜਸੀ ਰੁਕਾਵਟਾਂ ਸਨ, ਸਾਮਾਜਿਕ, ਪ੍ਰਵਾਰਿਕ ਜਾਂ ਕੋਈ ਵੀ, ਉਹ ਇਸ ਇਲਾਹੀ ਪ੍ਰਵਾਹ ਨੂੰ ਨਾ ਰੋਕ ਸਕੀਆਂ। ਇਸ ਤਰ੍ਹਾਂ ਜਿਹੜਾ ਪ੍ਰੋਗਰਾਮ ਗ੍ਰੁਰੂ ਨਾਨਕ ਪਾਤਸ਼ਾਹ ਨੇ ਆਪਣੇ ਪਹਿਲੇ ਜਾਮੇਂ `ਚ ਉਲੀਕਿਆ ਤੇ ਅਰੰਭ ਕੀਤਾ ਸੀ, ਗੁਰਦੇਵ ਨੇ ਉਸੇ ਪ੍ਰੋਗਰਾਮ ਨੂੰ ਆਪਣੇ ਦਸਵੇਂ ਜਾਮੇ `ਚ ਆਪ, ਸੰਪੂਰਣਤਾ ਦੇ ਕੇ "ਜੁਗੋ-ਜੁਗ ਅਟੱਲ-ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦੇ ਰੂਪ `ਚ ਸੰਸਾਰ ਸਾਹਮਣੇ, ਸਦੀਵ ਕਾਲ ਲਈ ਉਜਾਗਰ ਤੇ ਪ੍ਰਗਟ ਵੀ ਆਪ ਹੀ ਕੀਤਾ।

ਦਰਅਸਲ ਦਸ ਜਾਮਿਆਂ ਦੇ ਰੂਪ `ਚ ਉਹੀ ਪ੍ਰੋਗਰਾਮ ਕੱਦਮ-ਬ-ਕੱਦਮ ਤੇ ਦਰਜਾ-ਬ-ਦਰਜਾ ਆਪਣੀਆਂ ਮੰਜ਼ਿਲਾਂ ਤੈਅ ਕਰਦਾ ਹੋਇਆ ਦਿਨੋ-ਦਿਨ ਆਪਣੇ ਇਲਾਹੀ ਨਿਸ਼ਾਨੇ ਵੱਲ ਵੱਧਦਾ ਗਿਆ ਤੇ ਸਿਰੇ ਵੀ ਚੜ੍ਹਿਆ। ਇਸ ਲਈ, ਉਸ ਦਸ ਪਾਤਸ਼ਾਹੀਆਂ ਵਾਲੀ ਲੜੀ `ਚੋ ਕਿਸੇ ਗੁਰੂ ਜਾਮੇ ਨੂੰ ਘੱਟ ਜਾਂ ਦੂਜੇ ਨੂੰ ਵੱਧ ਮਹੱਤਵ ਵਾਲੀ ਪਾਤਸ਼ਾਹੀ ਮੰਨ ਲੈਣਾ ਜਾਂ ਸਮਝ ਲੈਣਾ ਵੀ ਸਾਡੀ ਅਗਿਆਨਤਾ ਹੀ ਹੋਵੇਗੀ, ਕਿਸੇ ਪ੍ਰਕਾਰ ਦੀ ਸਮਝਦਾਰੀ ਨਹੀਂ।

ਤਾਂ ਵੀ ਕਿਸੇ ਗੁਰੂ ਵਿਅਕਤੀ ਦੇ ਸਮੇ ਹੋਏ ਕਾਰਜਾਂ ਨੂੰ ਸੰਸਾਰ ਤਲ `ਤੇ ਵੱਧ ਮਹਤੱਵ ਵਾਲੇ ਕਾਰਜ ਪਹਿਚਾਨਣਾ ਤੇ ਪ੍ਰਗਟਾਉਣਾ, ਇਹ ਫ਼ਿਰ ਵੀ ਹੋਰ ਗੱਲ ਹੈ। ਮਿਸਾਲ ਵਜੋਂ "ਲਾਸਾਨੀ ਮਸੀਹਾ - ਮਰਦ ਸੂਰਮਾ - ਨਾਵੇਂ ਪਾਤਸ਼ਾਹ "ਸਾਹਿਬ ਸ੍ਰੀ ਗੁਰੂ ਤੇਗ ਬਹਾਦੁਰ ਜੀ" ਗੁਰਮੱਤ ਪਾਠ ੫੧ ਜਾਂ ਇਥੇ "ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਦੀ "ਮਾਨਵਤਾ ਨੂੰ ਲਾਸਾਨੀ ਦੇਣ" ਗੁਰਮੱਤ ਪਾਠ ੪੧੪, ਅਸਲ `ਚ ਇਹ ਸਭ, ਸਮੇਂ ਸਮੇਂ ਨਾਲ ਗੁਰੂ ਹਸਤੀਆਂ ਰਾਹੀਂ ਹੋਏ ਕੁੱਝ ਵਿਸ਼ੇਸ਼ ਕਾਰਜਾਂ ਨੂੰ ਸਮਾਜ ਤੇ ਸੰਸਾਰ `ਚ ਉਘਾੜਣ ਤੇ ਸਾਹਮਣੇ ਲਿਆਉਣ ਦਾ ਹੀ ਇੱਕ ਨਿਮਾਣਾ ਜਿਹਾ ਯਤਣ ਹੈ। ਜਦਕਿ ਮੂਲ ਰੂਪ `ਚ ਇਲਾਹੀ ਸਿਧਾਂਤ ਤਾਂ "ਲਹਣੇ ਦੀ ਫੇਰਾਈਐ ਨਾਨਕਾ ਦੋਹੀ ਖਟੀਐ॥ ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ" (ਪੰ: ੯੬੬) ਹੀ ਹੈ ਫ਼ਿਰ ਚਾਹੇ ਦਸਾਂ ਗੁਰੂ ਜਾਮਿਆਂ `ਚੋਂ ਸਰੀਰ ਜਾਂ ਪਾਤਸ਼ਾਹੀ ਕੋਈ ਵੀ ਕਿਉਂ ਨਾ ਹੋਵੇ।

ਮਿਸਾਲ ਵਜੋਂ ਇਹੀ ਕਾਰਨ ਹੈ ਕਿ ਗੁਰਬਾਣੀ ਰਚਨਾ, ਜਿਸਦਾ ਸਰੂਪ ਪੰਜਵੇਂ ਜਾਮੇ ਸਮੇਂ "ਆਦਿ ਬੀੜ" ਦੇ ਰੂਪ `ਚ ਬੱਝ ਕੇ ਸੰਸਾਰ ਸਾਹਮਣੇ ਆਇਆ, ਗੁਰਦੇਵ ਨੇ ਉਸ ਲਈ ਪਹਿਲੇ ਜਾਮੇ ਤੋਂ ਹੀ ਭਗਤ ਬਾਣੀ ਸਮੇਤ, ਆਪਣੀਆਂ ਰਚਨਾਵਾਂ ਦੀ ਸੰਭਾਲ ਵੀ ਆਪ ਕੀਤੀ ਸੀ। ਉਪ੍ਰੰਤ ਇਹੀ ਗੁਰਬਾਣੀ ਦਾ ਖਜ਼ਾਨਾ, ਦਰਜਾ-ਬ-ਦਰਜਾ ਹਰੇਕ ਗੁਰੂ ਵਿਅਕਤੀ ਤੀਕ ਪੁੱਜਦਾ ਗਿਆ ਅਤੇ ਸਮੇਂ-ਸਮੇਂ ਨਾਲ ਇਸ `ਚ ਹੋਰ ਰਚਨਾਵਾਂ ਵੀ ਜੋੜੀਆਂ ਜਾਂਦੀਆਂ ਰਹੀਆਂ।

ਇਸ ਤਰ੍ਹਾਂ ਹਰੇਕ ਗੁਰਬਾਣੀ ਰਚਨਾ, ਜੋ ਹਰੇਕ ਗੁਰੂ ਜਾਮੇਂ ਸਮੇਂ ਗੁਰਬਾਣੀ `ਚ ਜੁੜਦੀ ਗਈ। ਗੁਰਬਾਣੀ ਦਾ ਉਹ ਖਜ਼ਾਨਾ, ਚੌਥੇ ਪਾਤਸ਼ਾਹ ਤੋਂ ਗੁਰਗੱਦੀ ਦੀ ਪ੍ਰਾਪਤੀ ਸਮੇਂ ਪੰਜਵੇਂ ਪਾਤਸ਼ਾਹ ਤੀਕ ਪੁੱਜਾ ਸੀ। ਉਸਤੋਂ ਬਾਅਦ ਅੱਜ ਜੋ ਸਿੱਖ ਧਰਮ ਦਾ ਕੇਂਦਰ "ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ" ਅਤੇ "ਸ੍ਰੀ ਅੰ੍ਰਿਮਤਸਰ ਸਾਹਿਬ" ਦੀ ਧਰਤੀ ਹੈ, ਭਵਿਖ ਦੇ ਪ੍ਰੋਗਰਾਮ ਨੂੰ ਮੁੱਖ ਰਖ ਕੇ, ਇਹ ਜ਼ਮੀਨ ਵੀ ਤੀਜੇ ਜਾਮੇ `ਚ ਹੀ ਖਰੀਦੀ ਗਈ ਸੀ। ਵੱਕਤ ਦੇ ਵਾਧੇ ਨਾਲ ਉਸ ਧਰਤੀ ਨੂੰ ਘੱਟ ਜਾਣ ਕੇ, ਚੌਥੇ ਪਾਤਸ਼ਾਹ ਨੇ ਅਕਬਰ ਬਾਦਸ਼ਾਹ ਤੋਂ ਹੋਰ ਜ਼ਮੀਨ ਖਰੀਦ ਕੇ ਉਸ `ਚ ਵਾਧਾ ਵੀ ਕੀਤਾ ਸੀ।

ਉਪ੍ਰੰਤ ਪੰਜਵੇਂ ਜਾਮੇ ਸਮੇਂ ਜਿਹੜੇ ਪ੍ਰਚਾਰ ਦੌਰੇ ਹੋਏ ਉਹ ਵੀ ਉਸੇ ਇਲਾਹੀ ਤੇ ਲੜੀਵਾਰ ਪ੍ਰੋਗਰਾਮ ਵਾਲੀ ਕੜੀ ਦਾ ਹੀ ਵੱਡਾ ਤੇ ਇੱਕ ਤੋਂ ਬਾਅਦ ਇੱਕ ਪੜਾਅ ਸਨ। ਇਥੋਂ ਇਹ ਵੀ ਸਾਫ਼ ਹੋ ਜਾਂਦਾ ਹੈ ਕਿ ਉਸੇ ਚਲਦੇ ਆ ਰਹੇ ਪ੍ਰੋਗਰਾਮ ਅਧੀਨ "ਅੰਮ੍ਰਿਤਸਰ ਸਰੋਵਰ", "ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ", "ਸੰਤੋਖ ਸਰ ਸਰੋਵਰ" ਅਤੇ "ਸ੍ਰੀ ਅੰਮ੍ਰਿਤਸਰ ਸਾਹਿਬ" ਦੀ ਕਾਇਮੀ ਤੋਂ ਬਾਅਦ ਗੁਰਦੇਵ ਦਾ ਅਗਲਾ ਪੜਾਅ ਰਾਵੀ-ਬਿਆਸ ਵਿੱਚਕਾਰ, ਮਾਝੇ ਦੀ ਧਰਤੀ `ਤੇ ਵੱਸਦੇ ਪਿੰਡਾਂ `ਚ ਸਿੱਖ ਧਰਮ ਦਾ ਵੱਡੀ ਪੱਧਰ `ਤੇ ਪ੍ਰਚਾਰ ਕਰਣਾ ਸੀ ਤਾ ਕਿ "ਸ੍ਰੀ ਅੰੰਿਮ੍ਰਤਸਰ ਸਾਹਿਬ" ਦਾ ਚੌਗਿਰਦਾ ਵੀ ਪੂਰੀ ਤਰ੍ਹਾਂ ਮਜ਼ਬੂਤ ਹੋ ਜਾਵੇ। ਦੇਖਿਆ ਜਾਏ ਤਾਂ ਇਹ ਸਮੂਹ ਕਾਰਜ ਕੇਵਲ ਕਹਿਣ ਨੂੰ ਸੌਖੇ ਤਾਂ ਹੋ ਸਕਦੇ ਸਨ, ਜਦਕਿ ਅੱਗੇ ਚੱਲ ਕੇ ਦੇਖਾਂਗੇ ਬੜੇ ਕਠਿਨ, ਭਾਰੀ ਮਿਹਨਤ ਤੇ ਵੱਡੇ ਜ਼ੋਖਮ ਵਾਲੇ ਸਨ, ਪਰ ਅੱਜ ਸਾਰਾ ਪੰਥ ਆਪ ਮੁਹਾਰੇ ਉਨ੍ਹਾ ਹੀ ਕਾਰਜਾਂ ਦਾ ਲਾਭ ਵੀ ਲੈ ਰਿਹਾ ਹੈ।

ਫ਼ਿਰ ਇਹ ਵੀ ਕਿ ਪੰਜਵੇਂ ਪਾਤਸ਼ਾਹ ਦੇ ਜੀਵਨ ਕਾਲ `ਚ ੧੨-੧੩ ਸਾਲ ਦਾ ਉਹ ਸਮਾਂ ਵੀ ਹੈ ਜਦੋਂ ਗੁਰਦੇਵ ਆਪਣੇ ਮਹਿਲਾਂ ਤੇ ਅਤਿ ਮਾਸੂਮ ਉਮਰ ਦੇ ਬਾਲਕ (ਗੁਰੂ) ਹਰਿਗੋਬਿੰਦ ਜੀ ਨੂੰ ਨਾਲ ਲੈ ਕੇ, ਨਿਰੋਲ ਸਿੱਖ ਧਰਮ ਦੇ ਪ੍ਰਚਾਰ ਦੇ ਦੌਰੇ `ਤੇ ਹੀ ਵਿਚਰੇ ਸਨ। ਇਹ ਵੀ ਕਿ ਜਦੋਂ (ਗੁਰੂ) ਹਰਿਗੋਬਿੰਦ ਜੀ ਦਾ ਆਗਮਨ ਹੋਇਆ ਤਾਂ ਉਸ ਸਮੇਂ ਵੀ ਪਾਤਸ਼ਾਹ ਆਪਣੇ ਨਿਵਾਸ ਸਥਾਨ, ਸ੍ਰੀ ਅਮ੍ਰਿਤਸਰ ਸਾਹਿਬ `ਚ ਨਹੀਂ ਸਨ। ਬਲਕਿ ਉਸ ਸਮੇਂ ਆਪ ਔੜ ਤੇ ਚੇਚਕ ਆਦਿ ਦੀ ਮਹਾਮਾਰੀ ਹੇਠ ਆਏ ਹੋਏ ਇਲਾਕਿਆਂ `ਚ ਤੇ ਅਤਿਅੰਤ ਹੀ ਸਖ਼ਤ ਹਾਲਾਤਾਂ `ਚ ਵਿਚਰ ਰਹੇ ਸਨ। ਓਦੋਂ ਤਾਂ ਆਪ ਦਰਦੀਆਂ ਦਾ ਦਰਦ ਵੰਡਾਉਣ `ਚ ਆਪਣਾ ਦਿਨ ਤੇ ਰਾਤ ਵੀ ਇੱਕ ਕਰ ਰਹੇ ਸਨ।

ਇਹ ਵੀ ਠੀਕ ਉਸੇ ਤਰ੍ਹਾਂ, ਜਿਵੇਂ ਅੱਗੇ ਜਾ ਕੇ ਦਸਮੇਸ਼ ਜੀ ਦੇ ਆਗਮਨ ਸਮੇਂ ਨੌਵੇਂ ਪਾਤਸ਼ਾਹ, ਨਾ ਬਕਾਲੇ `ਚ ਸਨ ਨਾ ਆਪਣੇ ਨਵੇਂ ਵਸਾਏ ਅਨੰਦਪੁਰ ਸਾਹਿਬ `ਚ ਆਰਾਮ ਕਰ ਰਹੇ ਸਨ। ਆਪ ਮਜ਼ਲੂਮਾਂ ਦੀ ਬਹੁੜੀ ਕਰਣ ਲਈ ਪੂਰਬ ਦੇਸ਼ ਦੇ ਦੌਰੇ `ਤੇ ਸਨ। ਸੰਸਾਰ ਤਲ ਦਾ ਰਿਕਾਰਡ ਹੈ, ਅਨੰਦ ਕਾਰਜ ਦੇ ੩੨ (ਬੱਤੀ) ਵਰ੍ਹੇ ਬਾਅਦ ਜਦੋਂ ਪ੍ਰਵਾਰ `ਚ ਪਹਿਲੇ ਚਿਰਾਗ਼ (ਗੁਰੂ ਗੋਬਿੰਦ ਸਿੰਘ ਜੀ) ਦੇ ਰੋਸ਼ਨ ਹੋਣ `ਚ ਕੇਵਲ ਦੋ ਮਹੀਨੇ ਬਾਕੀ ਸਨ ਤਾਂ ਵੀ ਦੁਖੀਆਂ ਦੇ ਦਰਦੀ ਨੌਵੇਂ ਪਾਤਸ਼ਾਹ ਪ੍ਰਵਾਰ `ਚ ਮਾਤਾ ਗੁਜਰ ਕੌਰ ਕੋਲ ਨਹੀਂ ਸਨ ਬਲਕਿ ਉਸੇ ਪ੍ਰਚਾਰ ਦੇ ਦੌਰੇ `ਤੇ ਹੀ ਸਨ।

ਸਿਤੱਮ ਜ਼ਰੀਫ਼ੀ ਕਿ ਬਾਅਦ’ ਚ ਵੀ, ਜਦੋਂ ਪਿਤਾ-ਪੁੱਤਰ ਦਾ ਪਹਿਲਾ ਮਿਲਾਪ ਹੋਇਆ, ਓਦੋਂ ਬਾਲ ਗੁਰੂ (ਦਸਮ ਪਿਤਾ) ਸਾਢੇ ਤਿੰਨ ਸਾਲ ਦੇ ਹੋ ਚੁੱਕੇ ਸਨ। ਦੁਨੀਆਂ ਦੇ ਇਤਿਹਾਸ `ਚ ਦਰਦੀਆਂ ਦੇ ਦੁਖ ਨੂੰ ਵੰਡਾਉਣ ਦੀਆਂ ਇਹੋ ਜਹੀਆਂ ਮਿਸਾਲਾਂ ਹੋਰ ਕਿਧਰੋਂ ਵੀ ਨਹੀਂ ਮਿਲਣਗੀਆਂ।

ਇਸੇ ਤਰ੍ਹਾਂ ਹੁਣ ਜਦੋਂ ਸਾਹਿਬਜ਼ਾਦੇ ਹਰਿਗੋਬਿੰਦ ਜੀ ਦਾ ਆਗਮਨ ਹੋਇਆ ਤਾਂ ਪੰਜਵੇਂ ਪਾਤਸ਼ਾਹ ਆਪਣੇ ਪ੍ਰਚਾਰ ਦੌਰੇ ਦੌਰਾਨ, ਤਿੰਨ ਸਾਲਾਂ ਦੀ ਲੰਮੀ ਔੜ-ਕਾਲ ਤੇ ਚੇਚਕ ਦੀ ਮਹਾਮਾਰੀ ਦਾ ਪ੍ਰਕੋਪ ਝੇਲ ਰਹੇ ਇਲਾਕਿਆਂ ਚੋਂ ਵਡਾਲੀ (ਗੁਰੂ ਕੀ ਵਡਾਲੀ) `ਚ ਸਨ। ਇਹੀ ਕਾਰਣ ਸੀ ਕਿ (ਗੁਰੂ) ਹਰਗੋਬਿੰਦ ਜੀ ਦਾ ਆਗਮਨ ਵੀ ਅੰਮ੍ਰਿਤਸਰ ਸਾਹਿਬ ਦੀ ਧਰਤੀ `ਤੇ ਨਹੀਂ, ਬਲਕਿ ਮਾਝੇ ਦੇ ਪਿੰਡਾਂ `ਚ, ਸਿੱਖ ਧਰਮ ਦੇ ਪ੍ਰਚਾਰ ਦੇ ਦੌਰੇ ਦੌਰਾਨ, ਵਡਾਲੀ ਦੇ ਸਥਾਨ `ਤੇ ਹੀ ਹੋਇਆ ਸੀ।

ਕੁਝ ਜਾਣਕਾਰੀ, ਪੰਚਮ ਪਿਤਾ ਦੇ ਗੁਰਗੱਦੀ ਕਾਲ ਬਾਰੇ- ਪੰਜਵੇਂ ਨਾਨਕ, ਗੁਰੂ ਅਰਜਨ ਸਾਹਿਬ ਲਗਭਗ ਸਾਢੇ ਸਤਾਰਾਂ ਸਾਲ ਦੀ ਉਮਰ `ਚ ਗੁਰਗੱਦੀ `ਤੇ ਬਿਰਾਜਮਾਨ ਹੋਏ। ਪਹਿਲੀ ਸਤੰਬਰ ਸੰਨ 1581 ਨੂੰ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਗੋਇੰਦਵਾਲ ਵਿਖੇ ਜੋਤੀ ਜੋਤ ਸਮਾਏ ਤਾਂ ਗੁਰਗੱਦੀ ਦੀ ਜ਼ਿੰਮੇਂਵਾਰੀ ਆਪ ਨੇ ਆਪਣੇ ਛੋਟੇ ਅਤੇ ਤੀਜੇ ਸਪੁਤ੍ਰ, (ਗੁਰੂ) ਅਰਜਨ ਨੂੰ ਬਖਸ਼ੀ। ਚੱਲਦੇ ਆ ਰਹੇ ਨਿਯਮ ਅਨੁਸਾਰ ਗੁਰਗੱਦੀ ਪ੍ਰਾਪਤੀ ਸਮੇਂ ਆਪ ਨੂੰ ਪਹਿਲੇ ਪਾਤਸ਼ਾਹ ਤੋਂ ਲੈ ਕੇ ਚੌਥੇ ਪਾਤਸ਼ਾਹ ਤੀਕ ਦੀ ਬਾਣੀ ਦਾ ਕਜ਼ਾਨਾ ਤੇ ਉਸ `ਚ 15 ਭਗਤਾਂ ਦੀ ਬਾਣੀ ਵੀ ਸੀ, ਪ੍ਰਾਪਤ ਹੋਇਆ। ਇਹ ਭਗਤ ਬਾਣੀ, ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਪ੍ਰਚਾਰ ਦੌਰਿਆਂ ਸਮੇਂ ਆਪ ਇਕਤ੍ਰ ਕੀਤੀ ਸੀ ਅਤੇ ਦਰਜਾ-ਬ-ਦਰਜਾ ਹਰੇਕ ਗੁਰੂ ਵਿਅਕਤੀ ਕੋਲ ਪੁੱਜਦੀ ਆ ਰਹੀ ਸੀ।

ਗੁਰਗੱਦੀ ਪ੍ਰਾਪਤੀ ਉਪ੍ਰੰਤ ਜੋ ਆਪ ਨੇ ਗੁਰਬਾਣੀ ਦੀ ਰਚਨਾ ਕੀਤੀ, ਤਾਂ ਉਸ `ਚ, ਗੁਰਗੱਦੀ ਦੀ ਪ੍ਰਾਪਤੀ ਸਮੇਂ ਪ੍ਰਾਪਤ ਹੋਏ ਗੁਰਬਾਣੀ ਦੇ ਖਜ਼ਾਨੇ ਬਾਰੇ ਵੀ ਆਪ ਦਾ ਫ਼ੁਰਮਾਨ ਹੈ ਜਿਹੜਾ ਇਸਤਰ੍ਹਾਂ ਅਤੇ ਇਸ ਸ਼ਬਦ `ਚ ਹੈ "ਪੀਊ ਦਾਦੇ ਕਾ ਖੋਲਿ ਡਿਠਾ ਖਜਾਨਾ॥ ਤਾ ਮੇਰੈ ਮਨਿ ਭਇਆ ਨਿਧਾਨਾ॥ ੧ ॥ ਰਤਨ ਲਾਲ ਜਾ ਕਾ ਕਛੂ ਨ ਮੋਲੁ॥ ਭਰੇ ਭੰਡਾਰ ਅਖੂਟ ਅਤੋਲ॥ ੨ ॥ ਖਾਵਹਿ ਖਰਚਹਿ ਰਲਿ ਮਿਲਿ ਭਾਈ॥ ਤੋਟਿ ਨ ਆਵੈ ਵਧਦੋ ਜਾਈ॥ ੩ ॥ ਕਹੁ ਨਾਨਕ ਜਿਸੁ ਮਸਤਕਿ ਲੇਖੁ ਲਿਖਾਇ॥ ਸੁ ਏਤੁ ਖਜਾਨੈ ਲਇਆ ਰਲਾਇ …." (ਪੰ: 186)।

ਅੰਤ ਇਸੇ ਗੁਰਬਾਣੀ ਖਜ਼ਾਨੇ ਦੀ ਵਿਸ਼ੁੱਧਤਾ ਨੂੰ ਕਾਇਮ ਰੱਖਣ ਲਈ ਹੀ ਆਪ ਨੇ, ਆਪਣੇ ਅਜ਼ੀਮ ਪਵਿਤ੍ਰ, ਗੁਰੂ ਸਰੀਰ ਨੂੰ ਵੀ ਕੁਰਬਾਨ ਕਰ ਦਿੱਤਾ ਪਰ ਗੁਰਬਾਣੀ `ਚ ਮਾਮੂਲੀ ਜਿਤਨਾ ਵੀ ਰਲਾ ਪ੍ਰਵਾਣ ਨਹੀਂ ਕੀਤਾ। ਆਪ ਦੀ ਰੋਂਗਟੇ ਖੜੇ ਕਰ ਦੇਣ ਵਾਲੀ ਤਸੀਹੇ ਭਰਪੂਰ ਸ਼ਹਾਦਤ ਦਾ ਮੂਲ ਰੂਪ `ਚ ਮੁਖ ਦੋਸ਼ੀ, ਮੁਗ਼ਲ ਬਾਦਸ਼ਾਹ ਜਹਾਂਗੀਰ ਆਪ ਹੀ ਸੀ। ਉਂਝ ਉਸ ਨੇ ਆਪਣੀ ਜਨੂਨੀਅਤ ਦੀ ਹੱਦ ਪਾਰ ਕਰਕੇ ਆਪਣੇ ਮਕਸਦ ਦੀ ਪੂਰਤੀ ਲਈ, ਗੁਰੂਦਰ ਦੇ ਵਿਰੋਧੀਆਂ ਦੀ ਚੰਡਾਲ ਜੁੰਡਲੀ `ਚੋਂ ਮੁਰਤਜ਼ਾਂ ਖਾਂ ਨੂੰ ਵਰਤਿਆ।

ਉਪ੍ਰੰਤ ਸੰਗਤਾਂ ਦੇ ਭਾਰੀ ਵਿਰੋਧ ਤੋਂ ਡਰਦੇ ਹੋਏ ਇਸ ਮੁਰਤਜ਼ਾ ਖਾਂ, ਜਿਸਦਾ ਅਸਲ ਨਾਂ ਸ਼ੇਖ ਅਹਿਮਦ ਬੁਖਾਰੀ ਸੀ, ਇਸ ਨੇ ਉਸੇ ਵਿਰੋਧੀ ਜੁੰਡਲੀ ਦੇ ਦੂਜੇ ਨੀਚ ਤੇ ਚੰਡਾਲ ਚੰਦੂ ਨੂੰ ਆਪਣਾ ਮੋਹਰਾ ਬਨਾਇਆ। ਜਦਕਿ ਇਹ ਸਾਰਾ ਵੇਰਵਾ ਅਸੀਂ ਗੁਰਮੱਤ ਪਾਠ ਨੰ: 70, ‘ਤੱਥ ਸ਼ਹੀਦੀ-ਗੁਰੂ ਅਰਜਨ ਸਾਹਿਬ’ `ਚ ਦੇ ਚੁੱਕੇ ਹਾਂ, ਸੰਗਤਾਂ ਉਸ ਦਾ ਲਾਭ ਲੈ ਸਕਦੀਆਂ ਹਨ। ਗੁਰਦੇਵ ਦੀ ਮਹਾਨ ਸ਼ਹਾਦਤ 30 ਮਈ ਸੰਨ 1606 ਨੂੰ ਹੋਈ। ਆਪ ਦੇ ਗੁਰਗੱਦੀ ਕਾਲ ਦਾ ਕੁੱਲ ਸਮਾਂ 25 ਸਾਲ ਹੈ ਅਤੇ ਸ਼ਹੀਦੀ ਸਮੇਂ ਆਪ ਦੀ ਸੰਸਾਰਕ ਆਯੂ ਲਗਭਗ ਤਰਤਾਲੀ (43) ਵਰ੍ਹੇ ਹੀ ਸੀ।

ਗੁਰਗੱਦੀ ਕਾਲ ਦੀਆਂ ਮੁੱਖ ਪ੍ਰਾਪਤੀਆਂ- ਆਪ ਨੇ ਕੇਵਲ 25 ਸਾਲਾਂ ਦੇ ਗੁਰਗੱਦੀ ਕਾਲ ਦੌਰਾਨ ਬੇਅੰਤ ਔਕੜਾਂ ਦਾ ਖਿੜੇ ਮੱਥੇ ਬੜੀ ਦਲੇਰੀ ਨਾਲ ਮੁਕਾਬਲਾ ਕੀਤਾ ਤੇ ਜੋ ਪ੍ਰਾਪਤੀਆਂ ਕੀਤੀਆਂ, ਉਹ ਆਪਣੀ ਮਿਸਾਲ ਆਪ ਹਨ। ਇਸ ਦੋਰਾਨ ਆਪ ਦੀ ਸਰਵ-ਪ੍ਰਮੁਖ ਪ੍ਰਾਪਤੀ ਅਦਿ ਬੀੜ ਨੂੰ ਤਰਤੀਬ ਦੇਣੀ ਤੇ ਉਸ ਦੀ ਸੰਪਾਦਨਾ, ਉਪ੍ਰੰਤ ਉਸ ਦਾ ਪ੍ਰਥਮ ਪ੍ਰਕਾਸ਼ ਵੀ ਸੀ।

ਆਦਿ ਬੀੜ ਦੇ ਪ੍ਰਕਾਸ਼ ਤੋਂ ਪਹਿਲਾਂ:-

(ੳ) "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ" `ਚ ਲਗਭਗ ਅੱਧੀ ਤੋਂ ਵੱਧ ਬਾਣੀ, ਪੰਚਮ ਪਿਤਾ ਦੀ ਰਚੀ ਹੋਈ ਹੈ। ਇਸ ਤਰ੍ਹਾਂ ਆਦਿ ਬੀੜ ਦੇ ਪ੍ਰਕਾਸ਼ ਤੋਂ ਪਹਿਲਾਂ, ਆਪ ਨੇ ਵੀ ਚੌਥੇ ਪਾਤਸ਼ਾਹ ਰਾਹੀਂ ਵਰਤੇ ਗਏ ਉਨ੍ਹਾਂ 30 ਰਾਗਾਂ `ਚ ਹੀ, ਬੇਅੰਤ ਹੋਰ ਗੁਰਬਾਣੀ ਦੀ ਰਚਨਾ ਕੀਤੀ।

(ਅ) ਗੁਰਬਾਣੀ ਨੂੰ ਤਰਤੀਬ ਦੇਣੀ- ਸ਼ੱਕ ਨਹੀਂ ਕਿ ਭਗਤ ਬਾਣੀ ਅਤੇ ਪਹਿਲੇ ਪਾਤਸ਼ਾਹ ਤੋਂ ਚੌਥੇ ਪਾਤਸ਼ਾਹ ਤੀਕ ਦੀ ਬਾਣੀ ਸਮੇਤ, ੩੦ ਰਾਗਾਂ `ਚ ਗੁਰਬਾਣੀ, ਦਰਜਾ-ਬ-ਦਰਜਾ ਪੰਜਵੇਂ ਪਾਤਸ਼ਾਹ ਨੂੰ ਗੁਰਗਦੀ ਦੀ ਪ੍ਰਾਪਤੀ ਸਮੇਂ ਪ੍ਰਾਪਤ ਹੋਈ ਸੀ।

ਤਾਂ ਵੀ ਜਦੋਂ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਅੰਦਰ, ਪੰਜਵੇਂ ਪਾਤਸ਼ਾਹ ਰਾਹੀਂ ਗੁਰਬਾਣੀ ਨੂੰ ਦਿੱਤੀ ਹੋਈ ਤਰਤੀਬ ਦੇ ਦਰਸ਼ਨ ਕਰਦੇ ਹਾਂ ਤਾਂ ਮਨ ਹੈਰਾਨ ਰਹਿ ਜਾਂਦਾ ਹੈ। ਗੁਰਦੇਵ ਨੇ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਅੰਦਰ ਆਪਣੀ ਰਚੀ ਹੋਈ ਤੇ ਹੋਰ ਮਨਜ਼ੂਰ ਕੀਤੀ ਹੋਈ ਸਮੂਚੀ ਗੁਰਬਾਣੀ ਨੂੰ ਜਿਹੜੀ ਤਰਤੀਬ ਦਿੱਤੀ ਹੋਈ ਹੈ ਉਹ ਆਪਣੇ ਆਪ `ਚ ਹੈਰਾਣਕੁਣ ਹੈ।

(ੲ) ਸਮੂਚੀ ਗੁਰਬਾਣੀ ਨੂੰ ਅੰਕ ਨੰਬਰ ਦੇਣੇ-ਆਪ ਨੇ ਸਮੂਚੀ ਗੁਰਬਾਣੀ ਰਚਨਾ ਨੂੰ ਅੰਕ ਨੰਬਰ ਵੀ ਦਿੱਤੇ ਹੋਏ ਹਨ। ਗੁਰਦੇਵ ਨੇ ਇੰਨ੍ਹਾਂ ਅੰਕ ਨੰਬਰਾਂ ਨੂੰ ਦੇਣ `ਚ ਅਜਿਹੀ ਦੂਰ-ਦਰਸ਼ਿਤਾ ਵਰਤੀ, ਕਿ ਰਹਿੰਦੀ ਦੁਨੀਆਂ ਤੀਕ ਗੁਰਬਾਣੀ `ਚ ਕੋਈ ਵੀ ਮਿਲਾਵਟ ਨਾ ਕਰ ਸਕੇ।

(ਸ) ਗੁਰਬਾਣੀ, ਵਿਆਕਰਣ ਪੱਖੋਂ-ਇਸ `ਚ ਸ਼ੱਕ ਨਹੀਂ ਉਸ ਸਮੇਂ ਆਮ ਲਿਖਿਤਾਂ `ਚ ਵੀ ਸਮੇਂ ਅਨੁਸਾਰ ਵਿਆਕਰਣ ਦੀ ਵਰਤੋਂ ਹੁੰਦੀ ਸੀ। ਜਦਕਿ ਗੁਰਦੇਵ ਪਾਸ ਤਾਂ ਉਨ੍ਹਾਂ ੧੫ ਭਗਤਾਂ ਦੀ ਪ੍ਰਵਾਣਿਤ ਬਾਣੀ ਵੀ ਮੌਜੂਦ ਸੀ ਜਿਹੜੇ ਵੱਖ-ਵੱਖ ਪ੍ਰਾਂਤਾਂ, ਸਮੁਦਾਇਆਂ ਤੇ ਬੌਲੀਆਂ-ਭਾਸ਼ਾਵਾਂ ਨਾਲ ਸੰਬੰਧਤ ਸਨ। ਕਮਾਲ ਇਹ ਵੀ ਹੈ ਕਿ ਆਪ ਨੇ ਸਮੂਚੀ ਗੁਰਬਾਣੀ ਦੀ ਇੱਕ ਨਿਵੇਕਲੇ ਵਿਆਕਰਣ ਆਧਾਰਿਤ, ਅਜਿਹੀ ਸੰਭਾਲ ਕੀਤੀ ਕਿ ਸਦੀਆਂ ਬਾਅਦ ਵੀ ਸਿਧਾਂਤਕ ਪੱਖੌਂ ਕਿਸੇ ਇੱਕ ਵੀ ਰਚਨਾ ਜਾਂ ਕਿਸੇ ਸ਼ਬਦ ਦੇ ਇੱਕ ਤੋਂ ਵੱਧ ਅਰਥ ਕਰਣੇ ਹੀ ਸੰਭਵ ਨਹੀਂ ਹਨ।

(ਹ) ਗੁਰਬਾਣੀ `ਚ ਆਏ ‘ਰਹਾਉ’ ਦੇ ਬੰਦ-ਇਹੀ ਨਹੀਂ ਗੁਰਬਾਣੀ ਵਿੱਚਲੇ ਸਮੂਚੇ ਸ਼ਬਦਾਂ ਤੇ ਲੰਮੇਰੀਆਂ ਬਾਣੀਆਂ `ਚ ਬਹੁਤਾ ਕਰਕੇ ਇਕ, ਫ਼ਿਰ ਲੋੜ ਅਨੁਸਾਰ ਦੋ ਜਾਂ ਵੱਧ ਰਹਾਉ’ ਦੇ ਬੰਦ ਲਗਾਉਣੇ, ਗੁਰਬਾਣੀ ਦੀ ਸ਼ੰਪਾਦਨਾ ਨਾਲ ਸ਼ੰਬੰਧਤ ਗੁਰਦੇਵ ਦੀ ਵੱਡੀ ਦੂਰ-ਅੰਦੇਸ਼ੀ ਤੇ ਨਿਵੇਕਲੀ ਸੋਚ ਸੀ ਅਤੇ ਆਪਣੇ ਆਪ `ਚ ਬਹੁਤ ਔਖਾ ਕਾਰਜ ਵੀ ਸੀ, ਗੁਰਦੇਵ ਨੇ ਉਹ ਵੀ ਕੀਤਾ।

(ਕ) ਵਾਰਾਂ `ਚ ਸਲੋਕ- "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ" ਜੀ ਦੀਆਂ ਅਜੋਕੀਆਂ ਛਪਾਈ ਵਾਲੀਆਂ ਬੀੜਾਂ ਦੇ ਪੰਨਾ ਨੰ: ੧੪੧੦ `ਤੇ ਸਿਰਲੇਖ ਹੈ "ਸਲੋਕ ਵਾਰਾਂ ਤੇ ਵਧੀਕ" ਤਾਂ ਉਹ ਕੀ ਹੈ? ਸਾਨੂੰ ਇਸ `ਤੇ ਧਿਆਣ ਦੇਣ ਦੀ ਲੋੜ ਹੈ? ਦੇਖਣਾ ਹੈ ਕਿ ਸੰਪੂਰਣ ਗੁਰਬਾਣੀ `ਚ ੨੨ ਵਾਰਾਂ ਹਨ। ਇਨ੍ਹਾਂ ੨੨ ਵਾਰਾਂ `ਚੌਂ ੨੦ ਵਾਰਾਂ `ਚ ਪਉੜੀਆਂ ਨਾਲ ਸਲੋਕ ਵੀ ਆਏ ਹਨ। ਦਰਅਸਲ ਇਹ ਵੀਹ ਵਾਰਾਂ ਮੂਲ ਰੂਪ `ਚ ਪਉੜੀਆਂ ਦੇ ਰੂਪ `ਚ ਹੀ ਸਨ, ਇਨ੍ਹਾਂ `ਚ ਇਹ ਸਲੋਕ ਨਹੀਂ ਸਨ।

ਆਦਿ ਬੀੜ ਦੀ ਸੰਪਾਦਨਾ ਅਤੇ ਗੁਰਬਾਣੀ ਨੂੰ ਤਰਤੀਬ ਦੇਣ ਸਮੇਂ, ਉਨ੍ਹਾਂ ਵੀਹ ਵਾਰਾਂ `ਚ ਸਲੋਕਾਂ ਨੂੰ ਪਾਉਣਾ, ਇਹ ਕਮਾਲ ਵੀ ਪੰਜਵੇਂ ਪਾਤਸ਼ਾਹ ਦਾ ਹੀ ਹੈ। ਇਸ ਤਰ੍ਹਾਂ ਵਾਰਾਂ ਵਿਚਾਲੇ ਪਉੜੀਆਂ ਨਾਲ ਇਹ ਸਲੋਕ ਵੀ ਪੰਜਵੇਂ ਪਾਤਸ਼ਾਹ ਨੇ ਹੀ ਦਰਜ ਕੀਤੇ ਹੋਏ ਸਨ। ਇਹ ਵੀ ਸਮਝਣਾ ਹੈ ਕਿ ਹਰੇਕ ਵਾਰ ਦਾ ਆਪਣਾ-ਆਪਣਾ, ਇਕ-ਇਕ ਤੇ ਵੱਖਰਾ ਵੱਖਰਾ ਮਜ਼ਮੂਨ ਹੈ। ਇਸ ਸਾਰੇ ਦੇ ਬਾਵਜੂਦ, ਗੁਰਦੇਵ ਨੇ ਇਨ੍ਹਾਂ ਵੀਹ ਵਾਰਾਂ `ਚੋ ਹਰੇਕ ਪਉੜੀ ਦੇ ਅਰਥਾਂ ਦੀ ਵਿਆਖਿਆ ਨੂੰ ਮੁੱਖ ਰਖ ਕੇ, ਹਰੇਕ ਪਉੜੀ ਤੋਂ ਪਹਿਲਾਂ ਦੋ ਤੋਂ ਲੈ ਕੇ ਸੱਤ ਤੀਕ ਸਲੋਕ ਵੀ ਜੋੜੇ ਹੋਏ ਹਨ।

ਇਸ ਤਰ੍ਹਾਂ ਇਨ੍ਹਾਂ ਸਲੋਕਾਂ ਦੀ ਚੋਣ `ਚ ਦੂਰ-ਅੰਦੇਸ਼ੀ ਵੀ ਇਤਨੀ ਕਮਾਲ ਦੀ ਹੈ ਜਿਸਨੂੰ ਲਫ਼ਜ਼ਾਂ `ਚ ਬਿਆਣ ਨਹੀਂ ਕੀਤਾ ਜਾ ਸਕਦਾ। ਜਦਕਿ ਇਸ ਵਿਸ਼ੇ ਸੰਬੰਧੀ ਗੁਰਦੇਵ ਦੀ ਦੂਰਅੰਦੇਸ਼ੀ ਵੀ ਕੇਵਲ ਓਦੋਂ ਉਘੜਦੀ ਹੈ ਜਦੋਂ ਕੇਈ ਜਗਿਆਸੂ ਇਨ੍ਹਾਂ ਵਾਰਾਂ ਦੇ ਅਰਥ-ਬੋਧ ਨੂੰ ਸਮਝਣ ਲਈ ਅੱਗੇ ਵਧਦਾ ਹੈ। ਉਪ੍ਰੰਤ, ਇਸ ਤਰ੍ਹਾਂ ਇਸ ਕਸੌਟੀ `ਤੇ ਜਿਨ੍ਹਾਂ ਸਲੋਕਾਂ ਦੀ ਇਥੇ ਲੋੜ ਨਹੀਂ ਸੀ ਪਈ ਤੇ ਇਸ ਪੱਖੋਂ ਵਾਧੂ ਸਨ, ਗੁਰਦੇਵ ਨੇ ਉਨ੍ਹਾਂ ਸਲੋਕਾਂ ਨੂੰ ਇੱਕ ਵੱਖਰਾ ਸਿਰਲੇਖ ਦੇ ਦਿੱਤਾ ਅਤੇ ਇਹੀ ਉਹ ਸਿਰਲੇਖ ਹੈ "ਸਲੋਕ ਵਾਰਾਂ ਤੇ ਵਧੀਕ" ਜਿਸ ਦਾ ਅਸਾਂ ਇਥੇ ਜ਼ਿਕਰ ਕੀਤਾ ਹੈ।

(ਖ) ਗੁਰਬਾਣੀ ਵਿੱਚਲੇ ਬਹੁਤੇ ਸਿਰਲੇਖ? - ਗੁਰਬਾਣੀ ਸੰਗ੍ਰਿਹ ਵਿੱਚਲੀਆਂ ਕੁੱਝ ਉਹ ਰਚਨਾਵਾਂ ਜਿਹੜੀਆਂ ਪਹਿਲੇ ਤੋਂ ਚੌਥੇ ਪਾਤਸ਼ਾਹ ਤੀਕ ਦੀਆਂ ਹਨ ਤੇ ਵਿਸ਼ੇਸ਼ ਸਨ, ਜਿਵੇਂ ਬਾਣੀ ‘ਜਪੁ,’ ‘ਸਿਧ ਗੋਸ਼ਟਿ’ ਆਦਿ; ਉਨ੍ਹਾਂ ਤੋਂ ਛੁੱਟ, "ਅਦਿ ਬੀੜ" ਵਿੱਚਲੇ ਬਹੁਤੇ ਸਿਰਲੇਖ ਵੀ ਲੋੜ ਅਂਨੁਸਾਰ ਪੰਜਵੇਂ ਪਾਤਸ਼ਾਹ ਦੇ ਆਪਣੇ ਹੀ ਦਿੱਤੇ ਹੋਏ ਹਨ, ਜਦਕਿ ਇਹ ਕੰਮ ਵੀ ਸ਼ੌਖਾ ਨਹੀਂ ਸੀ।

(ਗ) ਸਮੂਚੀ ਗੁਰਬਾਣੀ ਦਾ ਤਤਕਰਾ- ਹੋਰ ਤਾਂ ਹੋਰ "ਆਦਿ ਬੀੜ" ਦਾ ਪ੍ਰਕਾਸ਼ ਕਰਣ ਤੋਂ ਪਹਿਲਾਂ ਜੇ ਕੇਵਲ ਗੁਰਬਾਣੀ ਦੇ ਤਤਕਰੇ ਨੂੰ ਹੀ ਗਹੁ ਨਾਲ ਦੇਖ ਲਿਆ ਜਾਵੇ ਤਾਂ ਉਸ ਵਿੱਚਲੀ ਦੂਰਦਰਸ਼ਿਤਾ ਵੀ ਆਪਣੇ ਆਪ `ਚ ਇੱਕ ਮਿਸਾਲ ਹੈ।

(ਘ) ਆਦਿ ਬੀੜ ਦਾ ਪ੍ਰਕਾਸ਼-ਇਸ ਤਰ੍ਹਾਂ ਸਮੂਚੀ ਗੁਰਬਾਣੀ ਨੂੰ ਅਜਿਹੀ ਹੈਰਾਣਕੁਣ ਤਰਤੀਬ ਦੇਣੀ, ਇਸ ਦੀ ਸੰਪਾਦਨਾ ਤੇ ਇਸਦਾ ਤਤਕਰਾ ਆਦਿ, ਅੰਤ ਆਪ ਨੇ "ਆਦਿ ਬੀੜ" ਦਾ ਪ੍ਰਥਮ ਪ੍ਰਕਾਸ਼ ਵੀ ਆਪਣੇ ਕਰ ਕਮਲਾਂ ਨਾਲ ਹੀ ਕੀਤਾ।

ਇਸ ਇਲਾਹੀ ਖਜ਼ਾਨੇ ਨੂੰ "ਆਦਿ ਬੀੜ" ਵਾਲੇ ਦਿੱਤੇ ਹੋਏ ਨਾਮ `ਚ ਵੀ ਵੱਡਾ ਭੇਦ ਸੀ। ਇਹ ਆਪਣੇ ਆਪ `ਚ ਸੂਚਨਾ ਸੀ ਕਿ ਇਹ ਇਲਾਹੀ ਰਚਨਾ ਅਜੇ ਸੰਪੂਰਣ ਨਹੀਂ ਹੋਈ ਅਤੇ ਇਸ `ਚ ਅਜੇ ਵਾਧਾ ਵੀ ਹੋਣਾ ਹੈ। ਉਪ੍ਰੰਤ ਉਹ ਵਾਧਾ ਸੀ, ਦਸਮੇਸ਼ ਜੀ ਰਾਹੀਂ ਉਸ "ਅਦਿ ਬੀੜ" `ਚ ਹੀ ਨੌਵੇਂ ਪਾਤਸ਼ਾਹ ਦੀ ਬਾਣੀ ਨੂੰ ਦਰਜ ਕਰਣਾ।

ਇਹ ਸਭ ਆਪਣੇ ਆਪ `ਚ ਪੰਚਮ ਪਿਤਾ ਰਾਹੀ ਇੰਨੀਂ ਵੱਡੀ ਪ੍ਰਾਪਤੀ ਤੇ "ਸਿਖ ਲਹਿਰ" ਲਈ ਮੀਲ ਪੱਥਰ ਤੇ ਪੰਥ ਨੂੰ ਦੇਣ ਸੀ, ਜਿਸ ਦਾ ਅੰਦਾਜ਼ਾ ਲਗਾਉਣਾ ਵੀ ਸੌਖਾ ਨਹੀਂ। ਜਦਕਿ "ਆਦਿ ਬੀੜ" ਸੰਬੰਧੀ ਅਜਿਹੀਆਂ ਸਚਾਈਆਂ ਨੂੰ ਕਿਸੇ ਹੱਦ ਤੀਕ ਜੇ ਕੋਈ ਸਮਝ ਵੀ ਸਕਦਾ ਹੈ ਤਾਂ ਉਹ ਕੇਵਲ ਕੋਈ ਗੁਰਬਾਣੀ ਗਿਆਤਾ, ਗੁਰਬਾਣੀ ਦਾ ਧੁਰੰਤਰ ਵਿਦਵਾਨ ਅਤੇ ਗੁਰਬਾਣੀ ਜੀਵਨ ਵਾਲਾ ਕੋਈ ਗੁਰਮੁਖ ਹੀ ਸਮਝ ਸਕਦਾ ਹੈ, ਇਸ ਨੂੰ ਆਮ ਇਨਸਾਨ ਨਹੀਂ ਸਮਝ ਸਕਦਾ। (ਚਲਦਾ) #414.12.2.15#

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’, ਪੁਸਤਕਾ ਤੇ ਹੁਣ ਗੁਰਮੱਤ ਸੰਦੇਸ਼ਾ ਵਾਲੀ ਅਰੰਭ ਹੋਈ ਲੜੀ, ਇਨ੍ਹਾਂ ਸਾਰਿਆਂ ਦਾ ਮਕਸਦ ਇਕੋ ਹੈ-ਤਾ ਕਿ ਹਰੇਕ ਸੰਬੰਧਤ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਆਪਣੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No.414

"ਪੰਜਵੇਂ ਪਾਤਸ਼ਾਹ (ਭਾਗ ਪਹਿਲਾ)

ਗੁਰੂ ਅਰਜਨ ਸਾਹਿਬ ਦੀ

"ਮਾਨਵਤਾ ਨੂੰ ਲਾਸਾਨੀ ਦੇਣ"

For all the Self Learning Gurmat Lessons (Excluding Books) written by ‘Principal Giani Surjit Singh’ Sikh Missionary, Delhi-All the rights are reserved with the writer himself; but easily available in proper Deluxe Covers for

(1) Further Distribution within ‘Guru Ki Sangat’

(2) For Gurmat Stalls

(3) For Gurmat Classes & Gurmat Camps

with intention of Gurmat Parsar, at quite nominal printing cost i.e. mostly Rs 350/-(but in rare cases Rs. 450/-) per hundred copies (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24

Ph 91-11-26236119, 46548789 ® Ph. 91-11-26487315 Cell 9811292808

web sites-

www.gurbaniguru.org

theuniqeguru-gurbani.com

gurmateducationcentre.com




.