.

ਸਮਾਜ, ਧਰਮ ਅਤੇ ਮਨੁੱਖ

ਹਾਕਮ ਸਿੰਘ

ਮਨੁੱਖ ਦਾ ਸਮਾਜ ਨਾਲ ਬਹੁਤ ਡੂੰਘਾ ਸਬੰਧ ਹੈ। ਉਹ ਹਰ ਪੱਖੋਂ ਸਮਾਜ ਤੇ ਨਿਰਭਰ ਕਰਦਾ ਹੈ। ਸਮਾਜ ਤੋਂ ਬਾਹਰ ਮਨੁੱਖੀ ਹਸਤੀ ਦੀ ਕਲਪਨਾ ਕਰਨੀ ਔਖੀ ਹੈ। ਇਹ ਸਮਝਿਆ ਜਾਂਦਾ ਹੈ ਕਿ ਮਨੁੱਖ ਨੇ ਆਪਣੀ ਅਤੇ ਆਪਣੇ ਪ੍ਰਵਾਰ ਦੀ ਰਖਿਆ ਅਤੇ ਬੇਹਤਰੀ ਲਈ ਸਮਾਜਕ ਪ੍ਰਣਾਲੀ ਸੰਗਠਿਤ ਕੀਤੀ ਸੀ ਪਰ ਸਮਾਂ ਪਾ ਕੇ ਮਨੁੱਖ ਦੀ ਸਮਾਜ ਤੇ ਨਿਰਭਰਤਾ ਅਧੀਨਗੀ ਅਤੇ ਗੁਲਾਮੀ ਦਾ ਰੂਪ ਧਾਰਨ ਕਰ ਗਈ। ਸਮਾਜ ਮਨੁੱਖ ਲਈ ਇਕ ਜੇਲ੍ਹਖ਼ਾਨੇ ਦੇ ਨਿਆਈਂ ਬਣ ਗਿਆ ਜਿਸ ਨੇ ਉਸ ਨੂੰ ਆਪਣੀ ਚਾਰ ਦੀਵਾਰੀ ਵਿਚ ਬੰਦੀ ਬਣਾ ਕੇ ਉਸ ਦੇ ਜਨਮ, ਜੀਵਨ ਅਤੇ ਮੌਤ ਤੇ ਅਧਿਕਾਰ ਜਮਾ ਲਿਆ। ਮਨੁੱਖ ਦੀ ਆਜ਼ਾਦੀ ਨਿੱਜੀ ਅਧਿਕਾਰਾਂ ਦੀ ਮਾਤਰਾ ਨਾਲ ਮਿਣੀ ਜਾਣ ਲੱਗ ਪਈ। ਉਸ ਦੀ ਆਪਣੀ ਕਿਰਤ ਹੀ ਉਸ ਦੀ ਮਾਲਕ ਬਣ ਬੈਠੀ। ਸਮਾਜ ਸ਼ਾਸਤਰੀ ਮਨੁੱਖ ਨੂੰ ਸਮਾਜਕ ਪਸ਼ੂ ਆਖਣ ਲੱਗ ਪਏ।
ਸਮਾਜ ਅਤੇ ਮਨੁੱਖ ਦੇ ਸਬੰਧਾਂ ਬਾਰੇ ਪੱਛਮੀ ਵਿਗਿਆਨੀਆਂ, ਫ਼ਿਲਾਸਫ਼ਰਾਂ ਅਤੇ ਚਿੰਤਕਾਂ ਨੇ ਡੂੰਘੀਆਂ ਅਤੇ ਵਿਸਤ੍ਰਤ ਵਿਚਾਰਾਂ ਕੀਤੀਆਂ ਹਨ। ਅਫ਼ਲਾਤੂਨ (ਪਲੇਟੋ) ਅਤੇ ਅਰਸਤੂ ਤੋਂ ਲੈ ਕੇ ਜੀਨ ਬੋਡਿਨ (੧੫੩੦-੧੫੯੬) ਦੀ ਪ੍ਰਭੂ ਸੱਤਾ (ਸੌਵਰੱਨਟੀ), ਥਾਮਸ ਹੌਬਜ਼ (੧੫੮੮-੧੬੭੪), ਜੌਨ ਲੌਕ (੧੬੩੨-੧੭੦੪) ਅਤੇ ਜੀਨ ਜੈਕਸ ਰੂਸੋ (੧੭੧੨-੧੭੭੮) ਦੇ ਸਮਾਜਕ ਇਕਰਾਰਨਾਮੇ (ਸੋਸ਼ਿਅਲ ਕਾਨਟ੍ਰੈਕਟ) ਅਤੇ ਫਰੈਡਰਿਕ ਹੇਗਲ (੧੭੭੦-੧੮੩੧) ਦੇ ਹੁਕਮ (ਵਿਲ) ਦੇ ਸੰਕਲਪਾਂ ਨੇ ਸਮਾਜ ਦੀ ਪ੍ਰਮੁਖਤਾ ਨੂੰ ਦਰਸਾਇਆ ਹੈ। ਇਨ੍ਹਾਂ ਵਿਚਾਰਾਂ ਕਾਰਨ ਹੀ ਰਾਜਾਂ ਦੇ ਸਵਿਧਾਨਾਂ ਵਿਚ ਕੌਮਾਂ ਦੀ ਪ੍ਰਭੂ ਸੱਤਾ ਦੀ ਵਿਵਸਥਾ ਹੋਈ ਹੈ ਅਤੇ ਮਨੁੱਖੀ ਅਧਿਕਾਰਾਂ ਨੂੰ ਕਾਨੂੰਨ ਦੇ ਦਾਇਰੇ ਵਿਚ ਰੱਖਣ ਲਈ ਸੁਚੀਬੱਧ ਕੀਤਾ ਗਿਆ ਹੈ। ਕਈ ਹੋਰ ਪ੍ਰਸਿੱਧ ਪੱਛਮੀ ਚਿੰਤਕਾਂ ਨੇ ਵੀ ਮਨੁੱਖ ਅਤੇ ਸਮਾਜ ਦੇ ਸਬੰਧਾਂ ਬਾਰੇ ਮਹੱਤਵਪੂਰਨ ਵਿਚਾਰ ਪੇਸ਼ ਕੀਤੇ ਹਨ। ਜੈਰਮੀ ਬੈਂਥਮ (੧੭੪੮-੧੮੩੨) ਨੇ ਯੂਟਿਲੀਟੇਰੀਅਨਿਜ਼ਮ (ਉਪਯੋਗਤਾਵਾਦ) ਦਾ ਸੰਕਲਪ, ਜਿਸ ਨੂੰ ਹਿਡੋਨਿਜ਼ਮ (ਅਨੰਦ ਵਾਦ) ਜਾਂ ਵੱਧ ਤੋਂ ਵੱਧ ਲੋਕਾਂ ਦੀ ਵੱਧ ਤੋਂ ਵੱਧ ਭਲਾਈ ਵੀ ਆਖਿਆ ਗਿਆ ਹੈ, ਪੇਸ਼ ਕੀਤਾ ਸੀ। ਡੇਕਾਰਟ (੧੫੯੬-੧੬੫੦) ਨੇ ਸੋਚ ਨੂੰ ਮਨੁੱਖੀ ਹਸਤੀ ਦਾ ਆਧਾਰ ਦੱਸ ਕੇ ਵਿਅਕਤੀ ਦੀ ਮਹੱਤਤਾ ਦਰਸਾਈ ਸੀ। ਕਾਰਲ ਮਾਰਕਸ (੧੮੧੮-੧੮੮੩) ਨੇ ਉਤਪਾਦਨ ਸਾਧਨਾਂ ਨੂੰ ਸਮਾਜ ਦੀ ਵਰਗ ਵੰਡ ਦਾ ਆਧਾਰ ਮੰਨ ਕੇ ਸਮਾਜਕ ਵਰਗਾਂ ਵਿਚ ਟਕਰਾ ਦਾ ਸਿਧਾਂਤ ਪੇਸ਼ ਕੀਤਾ ਸੀ ਅਤੇ ਮੈਕਸ ਵੈਬਰ (੧੮੬੪-੧੯੨੦) ਨੇ ਮੰਡੀ ਤੋਂ ਉਤਸ਼ਾਹਿਤ ਹੋਈ ਸਰਮਾਏਦਾਰੀ ਨੂੰ ਪਰੋਟੈਸਟੈਂਟ ਸੰਜਮ ਅਤੇ ਨੈਤਿਕਤਾ ਦਾ ਪਰਿਣਾਮ ਦੱਸਿਆ ਸੀ। ਦੋ ਹੋਰ ਪ੍ਰਸਿੱਧ ਪੱਛਮੀ ਚਿੰਤਕ ਹੋਏ ਹਨ ਜਿਨ੍ਹਾਂ ਦੇ ਸਮਾਜ ਬਾਰੇ ਵਿਚਾਰ ਅਲੌਕਿਕ ਹੋਣ ਕਾਰਨ ਮੁੱਖ ਧਾਰਾ ਵਿਚ ਪ੍ਰਵਾਨ ਨਹੀਂ ਹੋਏ ਸਨ। ਉਹ ਹਨ, ਜਾਰਜ ਬਰਕਲੇ (੧੬੮੫-੧੭੫੩), ਜੋ ਬਿਸ਼ਪ ਬਰਕਲੇ ਵਜੋਂ ਵੀ ਜਾਣਿਆ ਜਾਂਦਾ ਹੈ। ਉਸ ਦਾ ਵਿਚਾਰ ਸੀ ਕਿ ਪਦਾਰਥ ਦੀ ਕੋਈ ਹੋਂਦ ਨਹੀਂ ਹੈ। ਪਦਾਰਥ ਕੇਵਲ ਨਜ਼ਰ ਦਾ ਭੁਲੇਖਾ ਹੈ। ਇਸੇ ਸੰਕਲਪ ਨੂੰ ਗੁਰਬਾਣੀ ਮਾਇਆ ਆਖਦੀ ਹੈ। ਕਬੀਰ ਜੀ ਦਾ ਕਥਨ ਹੈ: "ਇਹ ਜੁ ਦੁਨੀਆ ਸਿਹਰੁ ਮੇਲਾ ਦਸਤਗੀਰੀ ਨਾਹਿ॥" (੭੨੭)। ਦੂਜਾ, ਪੀਟਰ ਕਰੋਪੋਟਕਿਨ (੧੮੪੨-੧੯੨੧), ਜੋ ਸਰਕਾਰਾਂ ਦੇ ਕੇਂਦਰੀ ਕਰਨ ਦਾ ਵਿਰੋਧੀ ਅਤੇ ਕਿਰਤੀਆਂ ਦੀ ਸੰਸਥਾ ਦੇ ਰਾਜ ਦਾ ਸਮਰਥਕ ਸੀ। ਉਹ ਮੁਕਾਬਲੇ ਦੀ ਥਾਂ ਸਹਿਯੋਗ ਨੂੰ ਮਨੁੱਖਤਾ ਦੀ ਬੇਹਤਰੀ ਲਈ ਉਪਯੋਗੀ ਸਮਝਦਾ ਸੀ।
ਬਹੁਤੇ ਪੱਛਮੀ ਸਮਾਜ ਸ਼ਾਸਤਰੀਆਂ ਅਤੇ ਚਿੰਤਕਾਂ ਦੀ ਸੋਚ ਦੇ ਵਿਪਰੀਤ ਅਵਤਾਰਾਂ, ਪੈਗੰਬਰਾਂ, ਗੁਰੂਆਂ ਅਤੇ ਭਗਤਾਂ ਨੇ ਮਨੁੱਖ ਨੂੰ ਪ੍ਰਮੁੱਖ ਮੰਨ ਕੇ ਪ੍ਰਭੂ ਭਗਤੀ ਦੇ ਯੋਗ ਸਮਝਿਆ ਹੈ ਅਤੇ ਸਮਾਜ ਨੂੰ ਪ੍ਰਭੂ ਭਗਤੀ ਦਾ ਵਿਰੋਧੀ ਦੱਸਿਆ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ, ਜੋ ਅਧਿਆਤਮਿਕ ਗਿਆਨ ਦਾ ਆਦਰਸ਼ਕ ਰੂਪ ਹੈ, ਮਨੁੱਖੀ ਹਸਤੀ ਦੀ ਮਹੱਤਤਾ ਬਾਰੇ ਫੁਰਮਾਨ ਹਨ: "ਮਨ ਤੂ ਜੋਤਿ ਸਰੂਪ ਹੈ ਆਪਣਾ ਮੂਲੁ ਪਛਾਣੁ॥" (੪੪੧); "ਏ ਸਰੀਰਾ ਮੇਰਿਆ ਹਰਿ ਤੁਮ ਮਹਿ ਜੋਤਿ ਰਖੀ ਤਾ ਤੂੰ ਜਗ ਮਹਿ ਆਇਆ॥ ਹਰਿ ਜੋਤਿ ਰਖੀ ਤੁਧ ਵਿਚ ਤਾ ਤੂ ਜਗ ਮਹਿ ਆਇਆ॥" (੯੨੧); "ਕਬੀਰ ਮਾਨਸ ਜਨਮੁ ਦੁਲੰਭੁ ਹੈ ਹੋਇ ਨ ਬਾਰੈ ਬਾਰ॥ ਜਿਉ ਬਨ ਫਲ ਪਾਕੇ ਭੁਇ ਗਿਰਹਿ ਬਹੁਰਿ ਨ ਲਾਗਹਿ ਗਾਰ॥" (੧੩੬੬) ਅਤੇ "ਭਈ ਪਰਾਪਤਿ ਮਾਨੁਖ ਦੇਹੁਰੀਆ॥ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ" (੧੨)। ਸਮਾਜ ਵੱਲੋਂ ਅਧਿਆਤਮਿਕ ਜੀਵਨ ਦੀ ਵਿਰੋਧਤਾ ਬਾਰੇ ਗੁਰਬਾਣੀ ਮਨੁੱਖ ਨੂੰ ਇਸ ਪ੍ਰਕਾਰ ਸਚੇਤ ਕਰਦੀ ਹੈ: "ਇਹੁ ਸੰਸਾਰੁ ਤੇ ਤਬ ਹੀ ਛੁਟਉ ਜਉ ਮਇਆ ਨਹਿ ਲਪਟਾਵਉ॥ ਮਾਇਆ ਨਾਮੁ ਗਰਭ ਜੋਨਿ ਕਾ ਤਿਹ ਤਜਿ ਦਰਸਨੁ ਪਾਵਉ॥" (੬੯੩); "ਧੰਧੁ ਪਿਟੋ ਸੰਸਾਰੁ ਸਚੁ ਨ ਭਾਇਆ" (੪੧੯); "ਨਾਨਕ ਦੁਨੀਆ ਭਸੁ ਰੰਗੁ ਭਸੂ ਹੂ ਭਸੁ ਖੇਹ॥ ਭਸੋ ਭਸੁ ਕਮਾਵਣੀ ਭੀ ਭਸੁ ਭਰੀਐ ਦੇਹ॥" (੧੨੪੦) ਅਤੇ "ਭਗਤਾ ਤੇ ਸੈਸਾਰੀਆ ਜੋੜ ਕਦੇ ਨ ਆਇਆ॥" (੧੪੫)।
ਇਸ ਵਿਚ ਕੋਈ ਸੰਦੇਹ ਨਹੀਂ ਕਿ ਸਮਾਜ ਤੋਂ ਬਿਨਾ ਅਧਿਆਤਮਿਕ ਗਿਆਨ ਦੀ ਸੂਝ, ਟੈਕਨਾਲੌਜੀ ਅਤੇ ਮਨੋਰੰਜਨ ਦੇ ਸਾਧਨਾਂ ਦੀ ਪ੍ਰਗਤੀ, ਅਤੇ ਸ੍ਰਿਸ਼ਟੀ, ਕੁਦਰਤ, ਸਮਾਜ ਅਤੇ ਮਨੁੱਖ ਬਾਰੇ ਵਿਸ਼ਾਲ ਜਾਣਕਾਰੀ ਪ੍ਰਾਪਤ ਕਰਨੀ ਸੰਭਵ ਨਹੀਂ ਹੋਣੀ ਸੀ, ਅਤੇ ਨਾ ਹੀ ਮਨੁੱਖ ਨੇ ਇਨ੍ਹਾਂ ਤੋਂ ਲਾਹਾ ਲੈ ਸਕਣਾ ਸੀ। ਸਮਾਜ ਕਾਰਨ ਹੀ ਅੱਜ ਮਨੁੱਖ ਨੂੰ ਆਰਾਮ ਦਾਇਕ ਨਿਜੀ, ਪ੍ਰਵਾਰਕ ਅਤੇ ਸਮਾਜਕ ਜੀਵਨ ਲਈ ਲੋੜੀਂਦੀਆਂ ਸਹੂਲਤਾਂ ਉਪਲੱਬਧ ਹਨ। ਉਸ ਨੂੰ ਆਪਣੀਆਂ ਪ੍ਰਾਪਤੀਆਂ ਤੇ ਮਾਨ ਹੈ ਅਤੇ ਉਹ ਆਪਣੀਆਂ ਨਿਜੀ ਯੋਗਤਾਵਾਂ ਅਤੇ ਉਪਲੱਬਧੀਆਂ ਤੋਂ ਦੂਜਿਆਂ ਨੂੰ ਪ੍ਰਭਾਵਤ ਕਰਕੇ ਖੁਸ਼ੀ ਪ੍ਰਾਪਤ ਕਰਨ ਦਾ ਚਾਹਵਾਨ ਹੈ।
ਸਰੀਰਕ ਸਹੂਲਤਾਂ ਦੇ ਖੇਤਰ ਵਿਚ ਮਨੁੱਖ ਨੇ ਬਹੁਤ ਤਰੱਕੀ ਕੀਤੀ ਹੈ। ਇਹ ਤਰੱਕੀ ਮਨੁੱਖਤਾ ਵਿਚ ਕਾਰਜਾਤਮਿਕ ਸਹਿਯੋਗ ਦਾ ਪਰਿਣਾਮ ਹੈ। ਇਸ ਤਰੱਕੀ ਨੂੰ ਸਰੀਰਕ ਕਿਰਤ ਦਾ ਮਾਨਸਕ ਕਿਰਿਆ ਵਿਚ ਬਦਲਾਓ ਵੀ ਆਖਿਆ ਜਾ ਸਕਦਾ ਹੈ। ਹੁਣ ਮਨੁੱਖ ਦੀ ਹਰ ਸਰੀਰਕ ਅਤੇ ਮਾਨਸਕ ਲੋੜ ਨੂੰ ਉਸ ਦੀਆਂ ਬਣਾਈਆਂ ਮਸ਼ੀਨਾਂ ਅਤੇ ਵਿਉਂਤਾਂ ਪੂਰਾ ਕਰਦੀਆਂ ਹਨ। ਅਜੋਕੇ ਸਮਾਜ ਵਿਚ ਮਨੁੱਖ ਦੇ ਖ਼ੁਸ਼ਹਾਲ ਅਤੇ ਸ਼ਾਂਤ ਜੀਵਨ ਦੇ ਪੂਰੇ ਸਾਧਨ ਉਪਲੱਬਧ ਹਨ ਪਰ ਖੁਸ਼ੀ ਅਤੇ ਸ਼ਾਂਤੀ ਦੀ ਘਾਟ ਹੈ। ਅਸਲ ਵਿਚ ਤਰੱਕੀ ਨੇ ਮਨੁੱਖ ਦੀਆਂ ਸਰੀਰਕ ਸੁਵਿਧਾਵਾਂ ਦੇ ਨਾਲ-ਨਾਲ ਉਸ ਦੀਆਂ ਇੱਛਾਵਾਂ ਅਤੇ ਉਸ ਦੇ ਮਨ ਵਿਚ ਲੋਭ, ਈਰਖਾ, ਸਵਾਰਥ, ਹੰਕਾਰ ਅਤੇ ਹਿੰਸਾ ਦੀਆਂ ਭਾਵਨਾਵਾਂ ਵਿਚ ਵਾਧਾ ਕਰ ਦਿੱਤਾ ਹੈ, ਜਿਸ ਨਾਲ ਸਮਾਜ ਵਿਚ ਅਸ਼ਾਂਤੀ, ਵਿਵਾਦ ਅਤੇ ਮਾਨਸਕ ਤਣਾ ਵੱਧ ਗਏ ਹਨ। ਮਨੁੱਖ ਤਰੱਕੀ ਕਰਨ ਦੇ ਯੋਗ ਤੇ ਹੋ ਗਿਆ ਹੈ ਪਰ ਉਸ ਤਰੱਕੀ ਨੂੰ ਨਿਜੀ ਸੁਆਰਥ ਅਤੇ ਘੁਮੰਡ ਦੀ ਥਾਂ ਮਨੁੱਖਤਾ ਦੀ ਬੇਹਤਰੀ ਲਈ ਵਰਤਣ ਦੇ ਯੋਗ ਨਹੀਂ ਬਣ ਸਕਿਆ ਹੈ। ਮਨੁੱਖ ਦੀ ਇਸ ਕਮਜ਼ੋਰੀ ਕਾਰਨ ਸਮਾਜ ਵਿਚ ਸਾਮਰਾਜੀ ਅਤੇ ਮਨੁੱਖਤਾ ਵਿਰੋਧੀ ਸੋਚ ਦਾ ਪ੍ਰਭਾਵ ਵੱਧ ਗਿਆ ਹੈ। ਤਰੱਕੀ ਨੇ ਲੋਕਾਂ ਦੀ ਚੀਜ਼ਾਂ ਅਤੇ ਸੰਪਤੀ ਵਲ ਰੁਚੀ ਵਧਾ ਕੇ ਮਾਨਵਵਾਦੀ ਪ੍ਰੇਮ ਭਾਵਨਾ ਮੱਧਮ ਪਾ ਦਿੱਤੀ ਹੈ ਅਤੇ ਉਸ ਭਾਵਨਾ ਨਾਲ ਜੁੜਿਆ ਪ੍ਰਵਾਰਕ ਮੋਹ ਅਤੇ ਮਿਲਵਰਤਨ ਘਟਾ ਦਿੱਤਾ ਹੈ। ਵੀਹਵੀਂ ਸ਼ਤਾਬਦੀ ਤੇ ਸਾਮਰਾਜੀ ਸ਼ਕਤੀਆਂ ਵੱਲੋਂ ਛੇੜੀਆਂ ਵਿਸ਼ਵ ਜੰਗਾਂ ਦੀ ਮਾਰ ਅਤੇ ਉਥਲ ਪੁਥਲ ਕਾਰਨ ਮਾਸੂਮ ਲੋਕਾਂ ਲਈ ਵੱਡੀ ਤ੍ਰਾਸਦੀ ਹੋ ਗੁਜ਼ਰੀ ਹੈ।
ਤਰੱਕੀ ਨੇ ਮਨੁੱਖਤਾ ਨੂੰ ਦੋ ਹੋਰ ਸਮੱਸਿਆਵਾਂ ਵਿਚ ਉਲਝਾ ਲਿਆ ਹੈ। ਇਕ, ਦੁਨੀਆਂ ਨੂੰ ਵਿਕਸਤ ਅਤੇ ਪਛੜੇ ਦੇਸ਼ਾਂ ਵਿਚ ਵੰਡ ਕੇ ਸ਼ੋਸ਼ਣ, ਦਵੰਦ ਅਤੇ ਟਾਕਰੇ ਦੀ ਸਥਿਤੀ ਪੈਦਾ ਕਰ ਦਿੱਤੀ ਹੈ। ਦੂਜਾ, ਟੈਕਨਾਲੋਜੀ ਦੇ ਕੁਦਰਤੀ ਨਿਯਮਾਂ ਨਾਲ ਛੇੜ ਛਾੜ ਨੇ ਵਾਯੂ ਮੰਡਲ ਦੂਸ਼ਿਤ ਕਰ ਦਿੱਤਾ ਹੈ ਅਤੇ ਮਨੁੱਖ ਇਸ ਛੇੜ ਛਾੜ ਨੂੰ ਰੋਕਣ ਦੇ ਸਮਰਥ ਵੀ ਨਹੀਂ ਰਿਹਾ ਹੈ। ਗੁਰਬਾਣੀ ਮਨੁੱਖ ਨੂੰ ਕੁਦਰਤ ਦੇ ਨਿਯਮਾਂ ਦੀ ਪਾਲਣਾ ਕਰਨ ਦਾ ਉਪਦੇਸ਼ ਕਰਦੀ ਆ ਰਹੀ ਹੈ, ਜਿਸ ਨੂੰ ਉਹ "ਜੋ ਤੁਧੁ ਭਾਵੈ ਸਾਈ ਭਲੀ ਕਾਰ॥" (੧੯) ਅਤੇ "ਜੋ ਕਿਛੁ ਕਰੈ ਭਲਾ ਕਰਿ ਮਾਨਉ ਸਹਜ ਜੋਗ ਨਿਧਿ ਪਾਵਉ॥" (੩੫੯) ਆਖਦੀ ਹੈ ਅਤੇ ਮਨੁੱਖ ਵੱਲੋਂ ਕੁਦਰਤੀ ਨਿਯਮਾਂ ਦੀ ਉਲੰਘਣਾ ਦੇ ਨੀਯਤ ਪਰਿਣਾਮਾਂ ਬਾਰੇ ਵੀ ਇਹ ਕਹਿ ਕੇ ਆਗਾਹ ਕਰਦੀ ਹੈ: "ਫਲ ਤੇ ਵੇਹੋ ਪਾਈਐ ਜੇ ਵੇਹੀ ਕਾਰ ਕਮਾਈਐ॥" (੪੬੮); "ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ॥ (੪੭੦) ਅਤੇ "ਦਦੈ ਦੋਸੇ ਨ ਦੇਊ ਕਿਸੈ ਦੋਸੁ ਕਰੰਮਾ ਆਪਣਿਆ॥ ਜੋ ਮੈ ਕੀਆ ਸੋ ਮੈ ਪਾਇਆ ਦੋਸੁ ਨ ਦੀਜੈ ਅਵਰ ਜਨਾ॥" (੪੩੩)।
ਇਹ ਪ੍ਰਸ਼ਨ ਉਠਣਾ ਸੁਭਾਵਕ ਹੈ ਕਿ ਸਮਾਜ ਵਿਚ ਏਨੇ ਵਿਕਾਸ, ਜਾਣਕਾਰੀ, ਧਾਰਮਕ ਸਿੱਖਿਆ ਅਤੇ ਇੱਛਾ ਪੂਰਤੀ ਦਾ ਸਾਧਨ ਹੁੰਦੇ ਹੋਏ ਵੀ ਮਨੁੱਖ ਵਿਚ ਸੁੱਖ, ਸਬਰ ਅਤੇ ਸ਼ਾਂਤੀ ਦੀ ਘਾਟ ਕਿਉਂ ਹੈ? ਅਸਲ ਵਿਚ ਸੁੱਖ, ਸ਼ਾਂਤੀ ਅਤੇ ਖੁਸ਼ੀ ਮਨੁੱਖ ਦੀ ਮਾਨਸਕ ਅਵਸਥਾ ਦੇ ਪਰਿਣਾਮ ਹੁੰਦੇ ਹਨ ਜਿਨ੍ਹਾਂ ਦਾ ਸੋਮਾ ਮਨੁੱਖ ਦੇ ਅੰਦਰ ਹੁੰਦਾ ਹੈ, ਬਾਹਰ ਜਾਂ ਸਮਾਜ ਵਿਚ ਨਹੀਂ। ਮਨੁੱਖ ਨੂੰ ਆਪਣੇ ਅੰਤਹਿਕਰਣ ਨਾਲ ਸੰਪਰਕ ਕਰਨ ਲਈ ਸਮਾਜਕ ਬੰਧਨਾਂ ਤੋਂ ਮੁਕਤ ਹੋਣ ਦੀ ਲੋੜ ਹੁੰਦੀ ਹੈ। ਪਰ ਇਹ ਬੰਧਨ ਹੀ ਸਮਾਜ ਦੀ ਸ਼ਕਤੀ ਹਨ ਅਤੇ ਸਮਾਜ ਮਨੁੱਖ ਨੂੰ ਇਨ੍ਹਾਂ ਬੰਧਨਾਂ ਤੋਂ ਮੁਕਤ ਹੋਣ ਦਾ ਮੌਕਾ ਨਹੀਂ ਦੇਣਾ ਚਾਹੁੰਦਾ। ਸਮਾਜ, ਉਸ ਦੇ ਸਿੱਖਿਆ ਅਦਾਰੇ, ਮਨੁੱਖ ਦਾ ਪਰਵਾਰ ਅਤੇ ਕਾਰੋਬਾਰ, ਇਥੋਂ ਤਕ ਕਿ ਧਾਰਮਕ ਸੰਸਥਾਵਾਂ ਵੀ ਉਸ ਨੂੰ ਆਪਣੇ ਅੰਦਰ ਝਾਤ ਮਾਰਨ ਤੋਂ ਰੋਕ ਕੇ ਬਾਹਰੋਂ, ਦੂਜਿਆਂ, ਪਦਾਰਥਾਂ, ਮੂਰਤੀਆਂ, ਕਰਮ ਕਾਡਾਂ, ਆਪਣੀਆਂ ਸਫਲਤਾਵਾਂ ਅਤੇ ਮਨੋਰੰਜਕ ਸਾਧਨਾਂ ਤੋਂ ਖੁਸ਼ੀ ਪ੍ਰਾਪਤ ਕਰਨ ਲਈ ਪ੍ਰੇਰਿਤ ਕਰਦੀਆਂ ਰਹਿੰਦੀਆਂ ਹਨ। ਬਹੁਤ ਘੱਟ ਸਮਾਜਕ ਅਤੇ ਧਾਰਮਕ ਸੰਸਥਾਵਾਂ ਮਨੁੱਖ ਨੂੰ ਆਪਣੇ ਮਨ ਨੂੰ ਖੋਜਣ ਅਤੇ ਸਾਧਣ ਦੀ ਰਾਏ ਦਿੰਦੀਆਂ ਹਨ। ਪਰ ਗੁਰਬਾਣੀ ਮਨੁੱਖ ਨੂੰ "ਬੰਦੇ ਖੋਜੁ ਦਿਲ ਹਰ ਰੋਜ ਨਾ ਫਿਰ ਪਰੇਸਾਨੀ ਮਾਹਿ॥" (੭੨੭); "ਘਰਿ ਰਹੁ ਰੇ ਮਨ ਮੁਗਧ ਇਆਨੇ॥ ਰਾਮ ਜਪਹੁ ਅੰਤਰਗਤਿ ਧਿਆਨੇ॥ ਲਾਲਚ ਛੋਡਿ ਰਚੋ ਅਪਰੰਪਰਿ ਇਉ ਪਾਵਹੁ ਮੁਕਤਿ ਦੁਆਰਾ ਹੇ॥" (੧੦੩੦) ਅਤੇ "ਏ ਮਨੁ ਮੇਰਿਆ ਤੂ ਥਿਰੁ ਰਹੁ ਚੋਟ ਨ ਖਾਵਹੀ ਰਾਮ॥" (੧੧੧੩) ਦਾ ਉਪਦੇਸ਼ ਕਰਦੀ ਹੈ।
ਧਰਮ ਦਾ ਵੀ ਸਮਾਜ ਅਤੇ ਮਨੁੱਖ ਨਾਲ ਬਹੁਤ ਨੇੜਲਾ ਸਬੰਧ ਹੈ। ਧਰਮ ਸ਼ਬਦ ਦੋ ਵਖਰੀਆਂ ਕਿਰਿਆਵਾਂ ਨੂੰ ਪ੍ਰਗਟਾਉਂਦਾ ਹੈ: ਇਕ, ਅਧਿਆਤਮਿਕ ਕਿਰਿਆ ਨੂੰ ਅਤੇ ਦੂਜਾ, ਸਮਾਜਕ ਵਿਹਾਰ ਨੂੰ। ਇਸ ਲਈ ਧਰਮ ਦੇ ਵਿਸ਼ੇ ਤੇ ਵਿਚਾਰ ਕਰਨ ਤੋਂ ਪਹਿਲੋਂ ਧਰਮ ਸ਼ਬਦ ਦੀ ਵਰਤੋਂ ਦੇ ਇਨ੍ਹਾਂ ਦੋਨੋਂ ਪੱਖਾਂ ਬਾਰੇ ਸਪਸ਼ਟ ਹੋਣਾ ਜ਼ਰੂਰੀ ਹੈ। ਅਧਿਆਤਮਿਕ ਧਰਮ ਅਧਿਆਤਮਿਕ ਜੀਵਨ ਮਾਰਗ ਦਾ ਨਾਂ ਹੈ, ਜਿਸ ਨੂੰ ਗੁਰਮਤਿ ਵੀ ਆਖਿਆ ਜਾਂਦਾ ਹੈ ਅਤੇ ਸਮਾਜਕ ਧਰਮ ਅਧਿਆਤਮਿਕ ਵਿਚਾਰਧਾਰਾ ਨੂੰ ਵਿਸ਼ੇਸ਼ ਸਮਾਜਕ ਵਿਹਾਰ ਨਾਲ ਜੋੜਨ ਦੀ ਪਰਕਿਰਿਆ ਹੈ, ਜਿਸ ਨੂੰ ਮਜ਼੍ਹਬ ਜਾਂ ਰਿਲੀਜੀਅਨ ਵੀ ਆਖਿਆ ਜਾਂਦਾ ਹੈ। ਧਰਮ ਦੇ ਇਨ੍ਹਾਂ ਦੋਨੋਂ ਰੂਪਾਂ ਵਿਚ ਕੋਈ ਵਿਚਾਰਧਾਰਕ ਸਾਂਝ ਨਹੀਂ ਹੈ ਕਿਉਂਕਿ ਅਧਿਆਤਮਿਕ ਧਰਮ ਦਾ ਵਿਸ਼ਾ ਖੇਤਰ ਅਦਿੱਖ ਨਿਰਗੁਣ ਸਰੂਪ ਪ੍ਰਭੂ ਅਤੇ ਉਸ ਦੀ ਕਾਇਨਾਤ ਹੈ ਜਦੋਂ ਕਿ ਸੰਗਠਿਤ ਧਰਮ ਦਾ ਵਿਸ਼ਾ ਖੇਤਰ ਸਮਾਜ ਦੇ ਧਾਰਮਕ ਵਿਹਾਰਾਂ ਵਿਚ ਪ੍ਰਭੂ ਦੇ ਮਿਥੇ ਪਦਾਰਥਕ ਰੂਪ ਦੀ ਭੂਮਿਕਾ ਹੈ। ਅਧਿਆਤਮਿਕ ਧਰਮ ਦੇ ਉਪਾਸ਼ਕ ਅਧਿਆਤਮਿਕ ਗਿਆਨ ਤੋਂ ਸੇਧ ਲੈ ਕੇ ਪ੍ਰਭੂ ਅਰਾਧਨਾ ਦੇ ਮਾਰਗ ਦੇ ਪਾਂਧੀ ਬਣਦੇ ਹਨ। ਅਧਿਆਤਮਿਕ ਗਿਆਨ ਪ੍ਰਭੂ ਦੀ ਹਸਤੀ ਅਤੇ ਉਸ ਦੇ ਗੁਣਾਂ ਦਾ ਵਰਨਣ ਹੈ ਅਤੇ ਮਨੁੱਖ ਨੂੰ ਪ੍ਰਭੂ ਮਿਲਾਪ ਲਈ ਉਸ ਦੀ ਉਪਾਸਨਾ ਕਰਨ ਲਈ ਪ੍ਰੇਰਿਤ ਕਰਦਾ ਹੈ। ਇਹ ਗਿਆਨ ਮਨੁੱਖ ਦੀ ਹਉਮੈ ਅਤੇ ਸੰਸਾਰ ਦੀ ਮਾਇਆ ਨੂੰ ਪ੍ਰਭੂ ਦੀ ਉਪਾਸਨਾ ਅਤੇ ਮਾਨਵਤਾ ਦੇ ਪ੍ਰੇਮ ਦੇ ਵਿਰੋਧੀ ਦੱਸਦਾ ਹੈ ਅਤੇ ਉਨ੍ਹਾਂ ਦੇ ਪ੍ਰਭਾਵ ਤੋਂ ਮੁਕਤ ਹੋਣ ਲਈ ਮਨੁੱਖ ਨੂੰ ਗੁਰਸ਼ਬਦ ਦੀ ਓਟ ਲੈਣ ਦਾ ਉਪਦੇਸ਼ ਕਰਦਾ ਹੈ। ਅਧਿਆਤਮਿਕ ਧਰਮ ਦੇ ਵਿਪਰੀਤ ਸੰਗਠਿਤ ਧਰਮ ਪ੍ਰਭੂ ਦੇ ਮਿਥੇ ਸਰੂਪ ਦੀ ਵਿਸ਼ੇਸ਼ ਸਮਾਜਕ ਵਿਹਾਰ, ਮਰਿਯਾਦਾਵਾਂ, ਕਰਾਮਾਤਾਂ, ਮਿਥਿਹਾਸ, ਮੂਰਤੀਆਂ, ਅਤੇ ਕਰਮ ਕਾਡਾਂ ਵਿਚ ਭੂਮਿਕਾ ਤੇ ਆਧਾਰਤ ਇਕ ਵਿਸ਼ਵਾਸ ਪ੍ਰਣਾਲੀ ਹੁੰਦਾ ਹੈ ਜੋ ਧਾਰਮਕ ਵਿਧੀ ਰਾਹੀਂ ਸ਼ਰਧਾਲੂਆਂ ਨੂੰ ਉਨ੍ਹਾਂ ਦੀਆਂ ਇੱਛਾਵਾਂ ਦੀ ਪੂਰਤੀ ਦਾ ਭਰੋਸਾ ਦਿਵਾਉਂਦੀ ਹੈ। ਸੰਗਠਿਤ ਧਰਮ ਪਾਠ, ਕੀਰਤਨ ਅਤੇ ਜਲਸੇ ਜਲੂਸਾਂ ਰਾਹੀਂ ਲੋਕਾਂ ਵਿਚ ਧਾਰਮਕ ਸ਼ਰਧਾ ਵੀ ਉਤੇਜਿਤ ਕਰਦਾ ਹੈ। ਕਈ ਸ਼ਰਧਾਲੂ ਗੁਰਬਾਣੀ ਉਪਦੇਸ਼ ਤੋਂ ਪ੍ਰਭਾਵਤ ਹੋ ਕੇ ਅਧਿਆਤਮਿਕ ਜੀਵਨ ਧਾਰਨ ਕਰਨ ਦਾ ਜਤਨ ਕਰਦੇ ਹਨ। ਪਰ ਸ਼ਰਧਾਲੂਆਂ ਦੀ ਬਹੁਗਿਣਤੀ ਗੁਰਦੁਆਰੇ ਵਿਚ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਕੇ ਆਪਣੀਆਂ ਇੱਛਾਵਾਂ ਦੀ ਪੂਰਤੀ ਅਤੇ ਸੰਸਾਰਕ ਸੁੱਖਾਂ ਦੀ ਕਾਮਨਾ ਹੀ ਕਰਦੀ ਹੈ। ਆਮ ਬੋਲ ਚਾਲ ਵਿਚ ਧਰਮ ਸ਼ਬਦ ਸਮਾਜਕ ਧਰਮ ਲਈ ਹੀ ਵਰਤਿਆ ਜਾਂਦਾ ਹੈ ਕਿਉਂਕਿ ਅਧਿਆਤਮਿਕ ਗਿਆਨ ਪ੍ਰਾਪਤ ਕਰਨ ਅਤੇ ਉਸ ਅਨੁਸਾਰੀ ਜੀਵਨ ਧਾਰਨ ਕਰਨ ਵਾਲਿਆਂ ਦੀ ਗਿਣਤੀ ਬਹੁਤ ਘੱਟ ਹੁੰਦੀ ਹੈ।
ਧਰਮ ਮਨੁੱਖੀ ਜੀਵਨ ਦਾ ਅਤੁੱਟ ਅੰਗ ਬਣਿਆ ਹੋਇਆ ਹੈ। ਅਸਲ ਵਿਚ ਮਨੁੱਖੀ ਜੀਵਨ ਵਿਚ ਅਨਿਸਚੱਤਤਾ ਅਤੇ ਅਗਿਆਨਤਾ ਕਾਰਨ ਕਿਸੇ ਗ਼ੈਬੀ ਸ਼ਕਤੀ ਦਾ ਭੈ ਹੋ ਜਾਣਾ ਸੁਭਾਵਕ ਹੈ। ਜੇਕਰ ਉਸ ਗ਼ੈਬੀ ਸ਼ਕਤੀ ਤੋਂ ਹਮਦਰਦੀ ਦੀ ਆਸ ਹੋ ਜਾਵੇ ਤਾਂ ਉਸ ਪ੍ਰਤੀ ਸ਼ਰਧਾ ਉਤੇਜਿਤ ਹੋ ਜਾਂਦੀ ਹੈ। ਧਾਰਮਕ ਆਗੂ ਇਸੇ ਮਨੁੱਖੀ ਕਮਜ਼ੋਰੀ ਦਾ ਫਾਇਦਾ ਉਠਾਉਂਦੇ ਹਨ। ਉਹ ਕਲਪਿਤ ਗ਼ੈਬੀ ਸ਼ਕਤੀ ਨੂੰ ਮੂਰਤੀ ਮਾਨ ਕਰ ਕਰਾਮਾਤੀ ਮਿਥਿਹਾਸ ਅਤੇ ਕਰਮਕਾਂਡ ਰਚ ਕੇ ਸ਼ਰਧਾਲੂਆਂ ਨੂੰ ਉਸ ਦੀ ਮੇਹਰ ਦਾ ਵਿਸ਼ਵਾਸ ਦੁਆ ਕੇ ਉਨ੍ਹਾਂ ਦੇ ਜੀਵਨ ਅਤੇ ਸੋਚ ਪਰ ਕਾਬੂ ਪਾ ਲੈਂਦੇ ਹਨ। ਐਸੇ ਭਰਮਾਂ ਵਹਿਮਾਂ ਵਿਚ ਗ੍ਰਸੇ ਧਾਰਮਕ ਸਮਾਜ ਵਿਚ ਹੀ ਪ੍ਰਭੂ ਦੇ ਭਗਤ ਅਧਿਆਤਮਿਕ ਗਿਆਨ ਦੇ ਮਾਰਗ ਦੀ ਸੂਝ ਬਖ਼ਸ਼ਣ ਲਈ ਪ੍ਰਗਟ ਹੁੰਦੇ ਹਨ। ਉਹ ਲੋਕਾਂ ਨੂੰ ਵਹਿਮਾਂ ਭਰਮਾਂ ਤੋਂ ਮੁਕਤੀ ਦਿਵਾ ਕੇ ਪ੍ਰਭੂ ਭਗਤੀ ਨਾਲ ਜੋੜਨ ਦਾ ਪ੍ਰਯਾਸ ਕਰਦੇ ਹਨ। ਉਨ੍ਹਾਂ ਦੇ ਅਧਿਆਤਮਿਕ ਗਿਆਨ ਦੀ ਸਚਾਈ ਆਮ ਲੋਕਾਂ ਨੂੰ ਬਹੁਤ ਪ੍ਰਭਾਵਤ ਕਰਦੀ ਹੈ। ਅਧਿਆਤਮਿਕ ਵਿਚਾਰਾਂ ਦੀ ਲੋਕ ਪ੍ਰੀਅਤਾ ਤੋਂ ਸਥਾਪਤ ਸਮਾਜਕ ਧਰਮ ਦੇ ਆਗੂ ਬਹੁਤ ਪ੍ਰੇਸ਼ਾਨ ਹੁੰਦੇ ਹਨ ਅਤੇ ਉਨ੍ਹਾਂ ਵਿਚਾਰਾਂ ਦੀ ਸਖ਼ਤ ਵਿਰੋਧਤਾ ਕਰਦੇ ਹਨ। ਪਰ ਕੁੱਝ ਸਮੇਂ ਮਗਰੋਂ ਭਗਤ ਜਨਾਂ ਦੇ ਸ਼ਰਧਾਲੂਆਂ ਵਿਚ ਸਿਥਲਤਾ ਆਉਣ ਤੇ ਉਹੋ ਧਾਰਮਕ ਆਗੂ ਉਨ੍ਹਾਂ ਅਧਿਆਤਮਿਕ ਵਿਚਾਰਾਂ ਨੂੰ ਤੋੜ ਮਰੋੜ ਕੇ ਆਪਣੇ ਧਾਰਮਕ ਵਿਹਾਰਾਂ ਵਿਚ ਰਲਗੱਡ ਕਰ ਇਕ ਨਵਾਂ ਅਤੇ ਵਖਰਾ ਸਮਾਜਕ ਧਰਮ ਸਿਰਜ ਲੈਂਦੇ ਹਨ।
ਧਰਮ ਦਾ ਸਮਾਜ ਨਾਲ ਕਾਫੀ ਵਚਿੱਤਰ ਸਬੰਧ ਹੈ। ਸਮਾਜ ਦੀ ਉਤਪਤੀ ਧਰਮ ਦੁਆਰਾ ਹੀ ਹੋਈ ਹੈ। ਪਰ ਸਮਾਜ ਧਰਮ ਦਾ ਵਿਰੋਧੀ ਹੈ ਅਤੇ ਆਪਣੀ ਮਜ਼ਬੂਰੀ ਵਸ ਧਰਮ ਨਾਲ ਮਿਤਰਤਾ ਬਣਾ ਕੇ ਰੱਖਦਾ ਹੈ। ਧਰਮ ਵਿਚ ਲੋਕਾਂ ਨੂੰ ਇਕੱਠਾ ਰੱਖਣ ਅਤੇ ਹੁਕਮ ਮਨਾਉਣ ਦੀ ਯੋਗਤਾ ਹੈ ਪਰ ਸੰਗਠਿਤ ਜੀਵਨ ਦਾ ਪ੍ਰਬੰਧ ਕਰਨ ਦੀ ਯੋਗਤਾ ਨਹੀਂ ਹੈ। ਇਸ ਦੇ ਉਲਟ ਲੋਕ ਸਰਕਾਰਾਂ ਵੱਲੋਂ ਦੇਸ਼ ਭਗਤੀ ਦੀ ਸੇਵਾ ਦੇ ਦਾਅਵਿਆਂ ਵਿਚ ਵਿਸ਼ਵਾਸ ਨਹੀਂ ਕਰਦੇ ਅਤੇ ਉਨ੍ਹਾਂ ਨੂੰ ਅਕਸਰ ਲੋਕਾਂ ਦੀ ਵਿਰੋਧਤਾ ਦਾ ਸਾਹਮਣਾ ਕਰਨਾ ਪੈਂਦਾ ਹੈ। ਸਮਾਜਕ ਪ੍ਰਬੰਧ ਦੀ ਸਫਲਤਾ ਲੋਕਾਂ ਦੀ ਵਫ਼ਾਦਾਰੀ ਅਤੇ ਸਹਿਯੋਗ ਤੇ ਨਿਰਭਰ ਕਰਦੀ ਹੈ। ਇਸ ਲਈ ਕਈ ਦੇਸ਼ ਤੇ ਦੀਨੀ ਰਾਜ ਹੀ ਕਾਇਮ ਕਰ ਲੈਂਦੇ ਹਨ। ਪਰ ਜਿਨ੍ਹਾਂ ਦੇਸ਼ਾਂ ਵਿਚ ਦੀਨੀ ਰਾਜ ਨਹੀਂ ਹੁੰਦਾ ਉਨ੍ਹਾਂ ਦੇ ਰਾਜ ਪ੍ਰਬੰਧਕਾਂ ਨੂੰ ਲੋਕਾਂ ਵੱਲੋਂ ਆਪਣੇ ਅਧਿਕਾਰਾਂ ਲਈ ਉਨ੍ਹਾਂ ਵਿਰੁਧ ਸੰਘਰਸ਼ ਜਾਂ ਬਗ਼ਾਵਤ ਕਰਨ ਤੋਂ ਰੋਕਣ ਲਈ ਧਾਰਮਕ ਆਗੂਆਂ ਦੀ ਮਦਦ ਲੈਣੀ ਪੈਂਦੀ ਹੈ ਜਿਸ ਲਈ ਸਰਕਾਰ ਉਨ੍ਹਾਂ ਆਗੂਆਂ ਨੂੰ ਵਿਸ਼ੇਸ਼ ਸਨਮਾਨ ਦਿੰਦੀ ਹੈ। ਧਾਰਮਕ ਆਗੂ ਵੀ ਰਾਜ ਸ਼ਕਤੀ ਦਾ ਨਿੱਘ ਮਾਣਨ ਦੇ ਚਾਹਵਾਨ ਹੁੰਦੇ ਹਨ ਅਤੇ ਆਪਣੇ ਸ਼ਰਧਾਲੂਆਂ ਨੂੰ ਰਾਜ ਪ੍ਰਬੰਧਕਾਂ ਦੀ ਤਾਬੇਦਾਰੀ ਕਰਨ ਲਈ ਪ੍ਰੇਰਿਤ ਕਰਨ ਵਿਚ ਹਰਜ ਨਹੀਂ ਸਮਝਦੇ। ਧਰਮ ਅਤੇ ਰਾਜ ਪ੍ਰਬੰਧ ਦੀ ਪਰਸਪਰ ਵਿਰੋਧਤਾ ਦੇ ਬਾਵਜੂਦ ਧਾਰਮਕ ਆਗੂਆਂ ਅਤੇ ਰਾਜ ਸਰਕਾਰਾਂ ਵਿਚ ਸੰਮਤੀ ਬਣੀ ਰਹਿੰਦੀ ਹੈ ਜੋ ਕਈ ਵੇਰ ਫਿਰਕੂ ਰੰਗਤ ਫੜਨ ਨਾਲ ਖਤਰਨਾਕ ਬਣ ਜਾਂਦੀ ਹੈ।
ਸਮਾਜ, ਧਰਮ ਅਤੇ ਮਨੁੱਖ ਦੇ ਸਬੰਧਾਂ ਦਾ ਇਤਹਾਸ ਵੀ ਕਾਫੀ ਸਿਖਿਆਦਾਇਕ ਹੈ। ਭਾਰਤ ਦਾ ਸਨਾਤਨ ਹਿੰਦੂ ਧਰਮ ਰਾਜ ਤੇ ਹਾਵੀ ਰਿਹਾ ਹੈ ਪਰ ਇਸਲਾਮ ਵਿਚ ਰਾਜ ਧਰਮ ਤੇ ਹਾਵੀ ਹੈ। ਹਿੰਦੂ ਧਰਮ ਦਾ ਆਧਾਰ ਜਾਤ ਪ੍ਰਣਾਲੀ ਹੈ। ਜਾਤ ਪਾਤ ਨੂੰ ਮੰਨਣ ਵਾਲਾ ਹਿੰਦੂ ਹੈ। ਜਾਤ ਪ੍ਰਣਾਲੀ ਜਨਮ ਤੋਂ ਹੀ ਮਨੁੱਖ ਦੀ ਹੈਸੀਅਤ ਨਿਰਧਾਰਤ ਕਰ ਦਿੰਦੀ ਹੈ ਜਿਸ ਨਾਲ ਹਿੰਦੂ ਸਮਾਜ ਵਿਚ ਬਹੁਗਿਣਤੀ ਕਿਰਤੀਆਂ ਨੂੰ ਨੀਵੇਂ ਗਰਦਾਨ ਕੇ ਉਨ੍ਹਾਂ ਦਾ ਸ਼ੋਸ਼ਣ ਕਰਨ ਦੀ ਪਰਥਾ ਬਣੀ ਹੋਈ ਹੈ। ਭਗਤੀ ਲਹਿਰ ਅਤੇ ਗੁਰਬਾਣੀ ਨੇ ਇਸ ਅਣ ਮਨੁੱਖੀ ਪ੍ਰਣਾਲੀ ਦਾ ਭਰਪੂਰ ਖੰਡਨ ਕੀਤਾ ਹੈ। ਕਬੀਰ ਜੀ ਨੇ ਤੇ ਇਥੋਂ ਤਕ ਆਖ ਦਿੱਤਾ ਸੀ, "ਜੌ ਤੂੰ ਬ੍ਰਾਹਮਣੁ ਬ੍ਰਾਹਮਣੀ ਜਾਇਆ॥ ਤਉ ਆਨ ਬਾਟ ਕਾਹੇ ਨਹੀ ਆਇਆ॥" (੩੨੪)। ਪਰ ਜਾਤ ਪ੍ਰਣਾਲੀ ਹਿੰਦੂ ਧਰਮ ਦਾ ਐਸਾ ਪ੍ਰਭਾਵਸ਼ਾਲੀ ਸਮਾਜਕ ਢਾਂਚਾ ਹੈ ਜੋ ਗੁਰਬਾਣੀ ਦੇ ਖੰਡਨ ਕਰਨ ਮਗਰੋਂ ਵੀ ਸਿੱਖ ਜਗਤ ਵਿਚ ਪ੍ਰਚਲਤ ਹੈ। ਸਿੱਖ ਜਗਤ ਅੱਜ ਵੀ ਹਿੰਦੂ ਸਨਾਤਨੀ ਜਾਤ ਪ੍ਰਣਾਲੀ ਦਾ ਉਪਾਸ਼ਕ ਹੈ। ਪਰ ਜਾਤ ਪਾਤ ਨੂੰ ਮੰਨਣ ਵਾਲੇ ਸਿੱਖ ਵੀ ਆਪਣੇ ਆਪ ਨੂੰ ਹਿੰਦੂ ਧਰਮ ਨਾਲੋਂ ਵਖਰਾ ਹੋਣ ਦਾ ਦਾਅਵਾ ਕਰੀ ਜਾਂਦੇ ਹਨ।
ਪੱਛਮ ਵਿਚ ਵੀ ਧਰਮ ਅਤੇ ਰਾਜ ਪ੍ਰਬੰਧਕਾਂ ਵਿਚ ਲੰਮੇ ਸਮੇਂ ਤਕ ਖਿਚੋਤਾਣੀ ਹੁੰਦੀ ਰਹੀ ਸੀ। ਅਰਬ ਦੇਸ਼ ਵਿਚ ਜਨਮੀ ਇਸਾਈ ਧਾਰਮਕ ਵਿਚਾਰਧਾਰਾ ਨੂੰ ਯੂਰਪ ਵਿਚ ਅਰਸਤੂ ਦੀ ਸਮਾਜਕ ਵਿਚਾਰਧਾਰਾ ਨਾਲ ਸਮਝੌਤਾ ਕਰਨ ਪਿਆ ਸੀ ਜਿਸ ਲਈ ਥਾਮਸ ਐਕਯੂਨਾ ਨੇ ਈਸਾਈ ਧਰਮ ਵਿਚ ਅਧਿਆਤਮਿਕ ਅਤੇ ਸਮਾਜਕ ਵਿਚਾਰਾਂ ਨੂੰ ਵਿਦਵਤਾ ਪੂਰਨ ਢੰਗ ਨਾਲ ਜੋੜਨ ਦਾ ਯਤਨ ਕੀਤਾ ਸੀ। ਪਰ ਉਸ ਨਾਲ ਵੀ ਧਾਰਮਕ ਆਗੂਆਂ ਅਤੇ ਰਾਜ ਪ੍ਰਬੰਧਕਾਂ ਦਾ ਪਰਸਪਰ ਵਿਰੋਧ ਖਤਮ ਨਹੀਂ ਹੋਇਆ ਸੀ। ਇਸ ਵਿਰੋਧ ਨੂੰ ਨਜਿੱਠਣ ਲਈ ਰੋਮਨ ਕੈਥੋਲਿਕ ਚਰਚ ਨੇ ਦੋ ਤਲਵਾਰਾਂ ਦਾ ਸੰਕਲਪ ਘੜਿਆ ਸੀ, ਜਿਸ ਅਨੁਸਾਰ ਪੀਰੀ ਦੀ ਤਲਵਾਰ ਪੋਪ ਅਤੇ ਪਾਦਰੀਆਂ ਕੋਲ ਮੰਨੀ ਜਾਂਦੀ ਸੀ ਅਤੇ ਮੀਰੀ ਦੀ ਤਲਵਾਰ ਬਾਦਸ਼ਾਹਾਂ ਅਤੇ ਫੌਜੀਆਂ ਕੋਲ। ਪਰੌਟੈਸਟੈਂਟਾਂ ਨੇ ਇਸ ਸੰਕਲਪ ਨੂੰ ਦੋ ਰਾਜਾਂ ਦਾ ਨਾਂ ਦਿੱਤਾ ਸੀ। ਦੋ ਤਲਵਾਰਾਂ ਦੇ ਸੰਕਲਪ ਦੇ ਹੁੰਦੇ ਹੋਏ ਵੀ ਪੋਪ ਅਤੇ ਯੂਰਪੀਏ ਬਾਦਸ਼ਾਹਾਂ ਦਾ ਵਿਵਾਦ ਕਈ ਸਦੀਆਂ ਚਲਦਾ ਰਿਹਾ। ਅੰਤ ਵਿਚ ਯੂਰਪੀਏ ਰਾਜਾਂ ਨੇ ਰਾਜ ਪ੍ਰਬੰਧ ਵਿਚੋਂ ਧਰਮ ਦੀ ਦਖ਼ਲ ਅੰਦਾਜ਼ੀ ਖਤਮ ਕਰਕੇ ਆਪਣੇ ਸੰਵਿਧਾਨਾਂ ਵਿਚ ਧਰਮ ਨਿਰਪੱਖਤਾ ਦੀ ਵਿਵਸਥਾ ਕਰ ਦਿੱਤੀ।
ਸਮਾਜ ਅਤੇ ਧਰਮ ਭਾਵੇਂ ਮਨੁੱਖ ਨੇ ਬਣਾਏ ਹਨ ਪਰ ਹੁਣ ਮਨੁੱਖ ਆਪ ਇਨ੍ਹਾਂ ਦਾ ਗੁਲਾਮ ਬਣਿਆ ਹੋਇਆ ਹੈ। ਗੁਰਬਾਣੀ ਮਨੁੱਖ ਨੂੰ ਸੁਤੰਤਰ ਅਤੇ ਵਿਸ਼ੇਸ਼ ਮੰਨਦੀ ਹੈ। ਗੁਰਬਾਣੀ ਦੇ ਕਥਨ ਹਨ: "ਤਨ ਮਹਿ ਮਨੂਆ ਮਨ ਮਹਿ ਸਾਚਾ॥ ਸੋ ਸਾਚਾ ਮਿਲਿ ਸਾਚੇ ਰਾਚਾ॥" (੬੮੬) ਅਤੇ "ਗੁਰ ਸੇਵਾ ਤੇ ਭਗਤਿ ਕਮਾਈ॥ ਤਬ ਇਹ ਮਾਨਸ ਦੇਹੀ ਪਾਈ॥ ਇਸ ਦੇਹੀ ਕਉ ਸਿਮਰਹਿ ਦੇਵ॥ ਸੋ ਦੇਹੀ ਭਜੁ ਹਰਿ ਕੀ ਸੇਵ॥" (੧੧੫੯)। ਇਸੇ ਲਈ ਜਿਥੇ ਉਹ ਮਨੁੱਖ ਨੂੰ ਸਮਾਜ ਵਿਚ ਤ੍ਰੈਗੁਣੀ ਮਾਇਆ ਦੇ ਪ੍ਰਭਾਵ ਤੋਂ ਮੁਕਤ ਹੋਣ ਲਈ ਗੁਰ-ਸ਼ਬਦ ਦੀ ਓਟ ਲੈਣ ਦਾ ਉਪਦੇਸ਼ ਕਰਦੀ ਹੈ ਉਥੇ ਹੀ ਸਮਾਜਕ ਧਰਮ ਦੇ ਪਾਖੰਡ ਨੂੰ ਸਮਝਣ ਅਤੇ ਨਕਾਰਨ ਲਈ ਵੀ ਆਖਦੀ ਹੈ।
.