.

ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ

‘ਲਿਖਿ ਨਾਵੈ ਧਰਮੁ ਬਹਾਲਿਆ’

ਗੁਰੂ ਨਾਨਕ ਸਾਹਿਬ ਜੀ ਨੇ ਇੱਕ ਨਵੇਂ ਸਮਾਜ ਦੀ ਸਿਰਜਣਾ ਕੀਤੀ ਹੈ ਜਿਸ ਦੀ ਅਧਾਰ ਸ਼ਿਲਾ ਸੱਚ ਦੇ ਅਧਾਰਿਤ ਰੱਖੀ ਹੈ। ਸੱਚ ਉਹ ਹੈ ਜੋ ਕਦੇ ਵੀ ਪੁਰਾਣਾ ਨਹੀਂ ਹੁੰਦਾ—

ਸਚੁ ਪੁਰਾਣਾ ਨਾ ਥੀਐ, ਨਾਮੁ ਨ ਮੈਲਾ ਹੋਇ।।

ਮ: ੩ ਪੰਨਾ ੧੨੪੮

ਗੁਰਬਾਣੀ ਦਾ ਹਰ ਸ਼ਬਦ ਸਾਨੂੰ ਜੀਵਨ ਜਾਚ ਸਿਖਾਉਂਦਾ ਹੈ। ਕਈ ਵਾਰੀ ਅਸੀਂ ਸ਼ਬਦ ਦੇ ਭਾਵ ਅਰਥ ਨੂੰ ਸਮਝਦੇ ਨਹੀਂ ਹਾਂ ਤੇ ਉਸ ਦੇ ਕੇਵਲ ਅੱਖਰੀਂ ਅਰਥ ਕਰਨ ਤੀਕ ਹੀ ਸੀਮਤ ਰਹਿ ਜਾਂਦੇ ਹਾਂ। ਆਸਾ ਕੀ ਵਾਰ ਵਿਚਲੀ ਬਾਣੀ ਨੇ ਸਮਾਜ ਦੇ ਹਰੇਕ ਕਰਮ-ਕਾਂਡ ਦੀ ਖੁਲ੍ਹ ਕੇ ਗੱਲ ਕੀਤੀ ਹੈ। ਆਸਾ ਕੀ ਵਾਰ ਵਿੱਚ ਉਹਨਾਂ ਲੋਕਾਂ ਦਾ ਚਿਤਰਨ ਕਿੰਨਾ ਸੋਹਣਾ ਬਿਆਨਿਆ ਹੈ ਜਿਹੜੇ ਅੰਦਰ ਵੜ੍ਹ ਕੇ ਬਿਗਾਨਿਆਂ ਦੀ ਬੋਲੀ ਬੋਲਦੇ ਹਨ ਤੇ ਉਹਨਾਂ ਦਾ ਤਿਆਰ ਕੀਤਾ ਹੋਇਆ ਭੋਜਨ ਖਾਂਦੇ ਹਨ ਪਰ ਜਦੋਂ ਇਹ ਆਪਣੀ ਬਰਾਦਰੀ ਵਿੱਚ ਵਿਚਰਦੇ ਹਨ ਤਾਂ ਉਹਨਾਂ ਨੂੰ ਧਰਮ ਦੀ ਮਰਯਾਦਾ ਸਮਝਾਉਂਦੇ ਹਨ ਤੇ ਮੁਸਲਮਾਨ ਭਾਈਚਾਰੇ ਨੂੰ ਮਲੇਸ਼ ਆਖਦੇ ਹਨ। ਭਾਰਤੀ ਲੋਕਾਂ ਦੀ ਤਰਾਸਦੀ ਦਾ ਪੱਖ ਦਸਦਿਆਂ ਕਿਹਾ ਹੈ ਕਿ ਇਹਨਾਂ ਨੇ ਤੇ ਆਪਣੀ ਬੋਲੀ ਦਾ ਹੀ ਤਿਆਗ ਕਰ ਦਿੱਤਾ ਹੈ। ਮਾਂ ਬੋਲੀ ਦਾ ਤਿਆਗ ਕਰਨ ਵਾਲਾ ਸਦੀਆਂ ਤੀਕ ਗੁਲਾਮ ਹੋ ਜਾਂਦਾ ਹੈ।

ਭਾਰਤੀ ਪੁਜਾਰੀ ਨੇ ਧਰਮ ਰਾਜ, ਨਰਕ-ਸਵਰਗ, ਚਿੱਤਰ ਗੁਪਤ ਵਰਗੀਆਂ ਆਪਣੀਆਂ ਹੀ ਬਣਾਈਆਂ ਹੋਈਆਂ ਅਖੌਤੀ ਕਹਾਣੀਆਂ ਵਿੱਚ ਸਮਾਜ ਨੂੰ ਉਲਝਾਅ ਕੇ ਰੱਖਿਆ ਹੋਇਆ ਸੀ। ਬਿਮਾਰੀ ਅੱਜ ਵੀ ਓੱਥੇ ਹੀ ਖੜੀ ਹੈ। ਹੋਰ ਦੇਖੋ ਪੁਜਾਰੀ ਨੇ ਗੱਪਾਂ ਕਿੱਦਾਂ ਦੀਆਂ ਮਾਰੀਆਂ ਹੋਈਆਂ ਹਨ ਕਿ ਅਖੇ ਇਹ ਧਰਮ ਰਾਜ ਦਿਸਦਾ ਨਹੀਂ ਹੈ ਤੇ ਇਹ ਦੁਨੀਆਂ ਨਾਲੋਂ ਕਿਸੇ ਵੱਖਰੇ ਮੁਲਕ ਭਾਵ ਅਸਮਾਨ ਵਿੱਚ ਰਹਿੰਦਾ ਹੈ। ਜਦੋਂ ਅਸੀਂ ਮਰ ਜਾਂਦੇ ਹਾਂ ਤੇ ਇਹ ਫਿਰ ਸਾਡੇ ਕੀਤੇ ਹੋਏ ਕਰਮਾਂ ਦੇ ਹਿਸਾਬ ਨਾਲ ਨਰਕ ਸਵਰਗ ਦੀ ਸੀਟ ਅਲਾਟ ਕਰਦਾ ਹੈ। ਧਰਮਰਾਜ ਦੇ ਇਸ ਨੁਕਤੇ ਨੂੰ ਆਸਾ ਕੀ ਵਾਰ ਦੀ ਇੱਕ ਪਉੜੀ ਦੀ ਵਿੱਚ ਸਮਝਣ ਦਾ ਯਤਨ ਕਰਾਂਗੇ—

ਨਾਨਕ ਜੀਅ ਉਪਾਇ ਕੈ ਲਿਖਿ ਨਾਵੈ ਧਰਮੁ ਬਹਾਲਿਆ।।

ਓਥੈ ਸਚੇ ਹੀ ਸਚਿ ਨਿਬੜੈ ਚੁਣਿ ਵਖਿ ਕਢੇ ਜਜਮਾਲਿਆ।।

ਥਾਉ ਨ ਪਾਇਨਿ ਕੂੜਿਆਰ ਮੁਹ ਕਾਲੈੑ ਦੋਜਕਿ ਚਾਲਿਆ।।

ਤੇਰੈ ਨਾਇ ਰਤੇ ਸੇ ਜਿਣਿ ਗਏ ਹਾਰਿ ਗਏ ਸਿ ਠਗਣ ਵਾਲਿਆ।।

ਲਿਖਿ ਨਾਵੈ ਧਰਮੁ ਬਹਾਲਿਆ।। ੨।।

ਮਹਲਾ ੧ ਪਉੜੀ ਪੰਨਾ ੪੬੩

ਅੱਖਰੀਂ ਅਰਥ -—ਹੇ ਨਾਨਕ! ਜੀਵਾਂ ਨੂੰ ਪੈਦਾ ਕਰ ਕੇ ਪਰਮਾਤਮਾ ਨੇ ਧਰਮ-ਰਾਜ ਨੂੰ (ਉਹਨਾਂ ਦੇ ਸਿਰ ਤੇ) ਮੁਕੱਰਰ ਕੀਤਾ ਹੋਇਆ ਹੈ ਕਿ ਜੀਵਾਂ ਦੇ ਕੀਤੇ ਕਰਮਾਂ ਦਾ ਲੇਖਾ ਲਿਖਦਾ ਰਹੇ। ਧਰਮ-ਰਾਜ ਦੀ ਕਚਹਿਰੀ ਵਿੱਚ ਨਿਰੋਲ ਸੱਚ ਦੁਆਰਾ (ਜੀਵਾਂ ਦੇ ਕਰਮਾਂ ਦਾ) ਨਿਬੇੜਾ ਹੁੰਦਾ ਹੈ (ਭਾਵ, ਓਥੇ ਨਿਬੇੜੇ ਦਾ ਮਾਪ ‘ਨਿਰੋਲ ਸਚੁ` ਹੈ, ਜਿਨ੍ਹਾਂ ਦੇ ਪੱਲੇ ‘ਸਚੁ` ਹੁੰਦਾ ਹੈ ਉਹਨਾਂ ਨੂੰ ਆਦਰ ਮਿਲਦਾ ਹੈ ਤੇ) ਮੰਦ-ਕਰਮੀ ਜੀਵ ਚੁਣ ਕੇ ਵੱਖਰੇ ਕੀਤੇ ਜਾਂਦੇ ਹਨ। ਕੂੜ ਠੱਗੀ ਕਰਨ ਵਾਲੇ ਜੀਵਾਂ ਨੂੰ ਓਥੇ ਟਿਕਾਣਾ ਨਹੀਂ ਮਿਲਦਾ; ਕਾਲਾ ਮੂੰਹ ਕਰ ਕੇ ਉਹਨਾਂ ਨੂੰ ਦੋਜ਼ਕ ਵਿੱਚ ਧੱਕਿਆ ਜਾਂਦਾ ਹੈ। (ਹੇ ਪ੍ਰਭੂ!) ਜੋ ਮਨੁੱਖ ਤੇਰੇ ਨਾਮ ਵਿੱਚ ਰੰਗੇ ਹੋਏ ਹਨ, ਉਹ (ਏਥੋਂ) ਬਾਜ਼ੀ ਜਿੱਤ ਕੇ ਜਾਂਦੇ ਹਨ ਤੇ ਠੱਗੀ ਕਰਨ ਵਾਲੇ ਬੰਦੇ (ਮਨੁੱਖਾ ਜਨਮ ਦੀ ਬਾਜ਼ੀ) ਹਾਰ ਕੇ ਜਾਂਦੇ ਹਨ। (ਤੂੰ, ਹੇ ਪ੍ਰਭੂ!) ਧਰਮ-ਰਾਜ ਨੂੰ (ਜੀਵਾਂ ਦੇ ਕੀਤੇ ਕਰਮਾਂ ਦਾ) ਲੇਖਾ ਲਿਖਣ ਵਾਸਤੇ (ਉਹਨਾਂ ਦੇ ਉੱਤੇ) ਮੁਕੱਰਰ ਕੀਤਾ ਹੋਇਆ ਹੈ। ੨।

ਵਿਚਾਰ ਚਰਚਾ—ਪਉੜੀ ਦਾ ਵਿਸ਼ਾ-ਵਸਤੂ ਹਮੇਸ਼ਾਂ ਅਖੀਰਲੀ ਤੁਕ ਵਿੱਚ ਹੁੰਦਾ ਹੈ ਤੇ ਬਾਕੀ ਪਉੜੀ ਵਿੱਚ ਇਸ ਵਿਸ਼ੇ ਦੀ ਵਿਚਾਰ ਕੀਤੀ ਹੁੰਦੀ ਹੈ। ਇਸ ਪਉੜੀ ਦਾ ਵਿਸ਼ਾ ਹੈ ‘ਧਰਮਰਾਜੁ`। ਮਹਾਨ ਕੋਸ਼ ਵਿੱਚ ਧਰਮ ਰਾਜ ਦੇ ਅਰਥ ਦੇਖਾਂਗੇ--ਧਰਮ ਰਾਜ ਦੇ ਅੱਖਰੀਂ ਅਰਥ ਹਨ—ਧਰਮ ਦਾ ਪਾਲਨ ਕਰਨ ਵਾਲਾ ਰਾਜਾ। ੨ ਕਰਤਾਰ, ਵਾਹਗੁਰੂ ੩ ਯਮਰਾਜ, ਧਰਮਰਾਇ ਅਬ ਕਹਾ ਕਰੈਗੋ ਜਉ ਫਾਟਿਓ ਸਗਲੋ ਲੇਖਾ? ਸੰਸਕ੍ਰਿਤ ਗ੍ਰੰਥਾਂ ਵਿੱਚ ਯਮ ਅਤੇ ਧਰਮਰਾਜ ਇਕੋ ਹੈ, ਇਸ ਦੀ ਉਤਪਤੀ ਸੰਗਯਾ ਦੇ ਗਰਭ ਤੋਂ ਸੂਰਯ ਦਵਾਰਾ ਲਿਖੀ ਹੈ। ਅਰ ਯਮੀ ਭੀ ਆਪਣੇ ਭਾਈ ਨਾਲ ਉਸੇ ਸਮੇਂ ਜੰਮੀ ਸੀ, ਅਰਥਾਤ ਯਮ ਅਤੇ ਯਮੀ ਦੋਵੇਂ ਜੋੜੇ ਹਨ। ਧਰਮਰਾਜ ਦੀ ਪੁਰੀ ਦਾ ਨਾਮ ਸੰਯਮਨੀ, ਉਸ ਦੇ ਮਹਿਲ ਦਾ ਨਾਮ ਕਾਲੀਚੀ, ਉਸ ਦੇ ਸਿੰਘਾਸਣ ਦਾ ਨਾਮ ਵਿਚਾਰਭੂ ਅਤੇ ਭਾਰੀ ਰਜਿਸਟਰ ਦਾ ਨਾਮ (ਜੋ ਚਿੱਤਰ ਗੁਪਤ ਦੇ ਸਪੁਰਦ ਹੈ) ਅਗਰਸੰਧਾਨੀ ਹੈ।

ਸਾਡਾ ਵੀ ਕੋਈ ਵੱਸ ਨਹੀਂ ਹੈ ਕਿਉਂਕਿ ਸਾਨੂੰ ਸੁਣਨ ਲਈ ਅਜੇਹਾ ਕੁੱਝ ਹੀ ਮਿਲਦਾ ਰਿਹਾ ਹੈ। ਅਖੇ ਅਸਮਾਨ ਵਿੱਚ ਧਰਮਰਾਜ ਦਾ ਦਫਤਰ ਹੈ ਜਿੱਥੇ ਸਾਡੇ ਜੀਵਨ ਦਾ ਸਾਰਾ ਹਿਸਾਬ ਕਿਤਾਬ ਕਰਕੇ ਰੱਖਿਆ ਹੋਇਆ ਹੈ। ਉਸ ਧਰਮ ਰਾਜ ਦੇ ਚਿੱਤਰ ਤੇ ਗੁਪਤ ਦੋ ਦੂਤ ਹਨ ਜਿਹੜੀ ਸਾਰੀ ਰਿਪੋਰਟ ਧਰਮ ਰਾਜ ਨੂੰ ਦੇਂਦੇ ਹਨ ਤੇ ਉਸ ਮੁਤਾਬਿਕ ਸਾਨੂੰ ਨਰਕ ਜਾਂ ਸਵਰਗ ਮਿਲਦਾ ਹੈ। ਅੱਜ ਤੀਕ ਸਾਨੂੰ ਏਸੇ ਧਰਮਰਾਜ ਦੇ ਅਧੀਨ ਹੀ ਪੁਜਾਰੀ ਨੇ ਰੱਖਿਆ ਹੋਇਆ ਹੈ। ਇਹਨਾਂ ਪੁਜਾਰੀਆਂ ਨੇ ਮਨੋਕਲਪਤ ਧਰਮ ਰਾਜ ਦਾ ਨਾਂ ਲੈ ਕੇ ਲੋਕਾਂ ਨੂੰ ਡਰਾਇਆ ਹੋਇਆ ਹੈ। ਏਦਾਂ ਕਹੀਏ ਕਿ ਪੁਜਾਰੀ ਨੇ ਧਰਮ ਰਾਜ ਦਾ ਨਾਂ ਲੈ ਕੇ ਲੋਕਾਂ `ਤੇ ਮਾਨਸਿਕ ਅਤਿਆਚਾਰ ਕੀਤਾ ਹੈ।

ਹੁਣ ਲੈਂਦੇ ਹਾਂ ਗੁਰਬਾਣੀ ਵਾਲਾ ਧਰਮਰਾਜ ਜਿਸ ਵਿੱਚ ਧਰਮ ਦੇ ਅਰਥ ਹਨ ਆਪਣੇ ਕਰਤੱਵ ਦੀ ਪਾਲਣਾ ਕਰਨਾ ਤੇ ਦੂਜਾ ਹੈ ਕਰਤਾਰ। ਕਰਤਾਰ ਸਾਡੇ ਹਿਰਦੇ ਵਿੱਚ ਹੀ ਬੈਠਾ ਹੋਇਆ ਹੈ। ਭਾਵ ਸਾਡੇ ਸੁਭਾਅ ਵਿੱਚ ਹੀ ਬੈਠਾ ਹੋਇਆ ਹੈ। ਰੱਬ ਕੋਈ ਦੇਖਣ ਵਾਲੀ ਵਸਤੂ ਵੀ ਨਹੀਂ ਹੈ। ਧਰਮ ਦਾ ਦੂਜਾ ਅਰਥ ਹੈ ਕਿ ਸਾਨੂੰ ਆਪਣੇ ਫ਼ਰਜ਼ ਦੀ ਪਹਿਚਾਨ ਕਰਨੀ ਚਾਹਦੀ ਹੈ। ਹੁਣ ਇਸ ਦਾ ਭਾਵ ਅਰਥ ਸਮਝਾਂਗੇ। ਸਾਡੇ ਅੰਤਰ ਆਤਮੇ `ਤੇ ਹੀ ਸ਼ੁਭ ਗੁਣਾਂ ਦੇ ਰੂਪ ਵਿੱਚ ਧਰਮਰਾਜ ਜੀ ਬੈਠੇ ਹੋਏ ਹਨ।

ਗੁਰੂ ਨਾਨਕ ਸਾਹਿਬ ਜੀ ਦਾ ਇੱਕ ਹੋਰ ਵਿਚਾਰ ਬੜਾ ਪਿਆਰਾ ਹੈ ਕਿ ਸਾਡੇ ਮਨ ਵਿੱਚ ਬੁਰਾ ਭਲਾ ਦੋ ਵਿਚਾਰ ਹਰ ਵੇਲੇ ਚਲਦੇ ਰਹਿੰਦੇ ਹਨ। ਇਹਨਾਂ ਦੇ ਅਧੀਨ ਹੋ ਕੇ ਹੀ ਅਸੀਂ ਸਾਰੇ ਕਰਮ ਕਰਦੇ ਹਾਂ। ਇਹ ਸਾਰਾ ਕੁੱਝ ਸਾਡੇ ਦਿਮਾਗ਼ ਵਿੱਚ ਉਕਰਿਆ ਜਾਂਦਾ ਹੈ। ਬਾਰ ਬਾਰ ਅਜੇਹੇ ਕਰਮ ਕਰਨ ਨਾਲ ਸਾਡਾ ਸੁਭਾਅ ਵੀ ਓਸੇ ਤਰ੍ਹਾਂ ਦਾ ਹੋ ਜਾਂਦਾ ਹੈ। ਮਾਰੂ ਰਾਗ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਫਰਮਾਣ ਹੈ—

ਕਰਣੀ ਕਾਗਦੁ ਮਨੁ ਮਸਵਾਣੀ ਬੁਰਾ ਭਲਾ ਦੁਇ ਲੇਖ ਪਏ।।

ਜਿਉ ਜਿਉ ਕਿਰਤੁ ਚਲਾਏ ਤਿਉ ਚਲੀਐ ਤਉ ਗੁਣ ਨਾਹੀ ਅੰਤੁ ਹਰੇ।। ੧।।

ਮਾਰੂ ਮਹਲਾ ੧ ਪੰਨਾ ੯੯੦

ਅੱਖਰੀਂ ਅਰਥ--- ਹੇ ਹਰੀ! ਤੇਰੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ (ਤੂੰ ਅਚਰਜ ਖੇਡ ਰਚੀ ਹੈ ਕਿ ਤੇਰੀ ਕੁਦਰਤਿ ਵਿੱਚ ਜੀਵਾਂ ਦਾ) ਆਚਰਨ, ਮਾਨੋ, ਕਾਗ਼ਜ਼ ਹੈ, ਮਨ ਦਵਾਤ ਹੈ (ਉਸ ਬਣ ਰਹੇ ਆਚਰਨ-ਕਾਗ਼ਜ਼ ਉਤੇ ਮਨ ਦੇ ਸੰਸਕਾਰਾਂ ਦੀ ਸਿਆਹੀ ਨਾਲ) ਚੰਗੇ ਮੰਦੇ (ਨਵੇਂ) ਲੇਖ ਲਿਖੇ ਜਾ ਰਹੇ ਹਨ (ਭਾਵ, ਮਨ ਵਿੱਚ ਹੁਣ ਤਕ ਦੇ ਇਕੱਠੇ ਹੋਏ ਸੰਸਕਾਰਾਂ ਦੀ ਪ੍ਰੇਰਨਾ ਨਾਲ ਜੀਵ ਜੇਹੜੇ ਨਵੇਂ ਚੰਗੇ ਮੰਦੇ ਕੰਮ ਕਰਦੇ ਹਨ, ਉਹ ਕੰਮ ਆਚਰਨ-ਰੂਪ ਕਾਗ਼ਜ਼ ਉਤੇ ਨਵੇਂ ਚੰਗੇ ਮੰਦੇ ਸੰਸਕਾਰ ਉੱਕਰਦੇ ਜਾਂਦੇ ਹਨ)। (ਇਸ ਤਰ੍ਹਾਂ) ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਇਕੱਠ-ਰੂਪ ਸੁਭਾਉ ਜਿਉਂ ਜਿਉਂ ਜੀਵਾਂ ਨੂੰ ਪ੍ਰੇਰਦਾ ਹੈ ਤਿਵੇਂ ਤਿਵੇਂ ਹੀ ਉਹ ਜੀਵਨ-ਰਾਹ ਤੇ ਤੁਰ ਸਕਦੇ ਹਨ।

"ਲਿਖਿ ਨਾਵੈ ਧਰਮੁ ਬਹਾਲਿਆ" ਨੂੰ ਆਪਣੇ ਜੀਵਨ ਵਿੱਚ ਸਮਝਾਂਗੇ ਤਾਂ ਸਮਝ ਪੈਂਦੀ ਹੈ ਕਿ ਜਿਹੜਾ ਵੀ ਅਸੀਂ ਕਰਮ ਕਰਾਂਗੇ ਉਹ ਹੀ ਸਾਡੇ ਸੁਭਾਅ ਦਾ ਅੰਗ ਬਣਦਾ ਜਾਂਦਾ ਹੈ ਭਾਵ ਸਾਡੇ ਸੁਭਾਅ ਵਿੱਚ ਉਕਰਿਆ ਜਾਂਦਾ ਹੈ। ਜਦੋਂ ਦਾ ਜੀਵ ਪੈਦਾ ਹੋਇਆ ਹੈ ਤਾਂ ਨਾਲ ਹੀ ਧਰਮਰਾਜ ਬੈਠਾ ਦਿੱਤਾ ਹੈ ਭਾਵ ਜਿਹੜਾ ਵੀ ਕਰਮ ਕਰਦਾ ਹੈ ਉਹੋ ਜੇਹਾ ਹੀ ਇਸ ਦਾ ਸੁਭਾਅ ਬਣਦਾ ਹੈ। ਮੰਨ ਲਓ ਕਿਸੇ ਬੱਚੇ ਨੇ ਜੇ. ਬੀ. ਟੀ. ਕੀਤੀ ਹੈ ਤਾਂ ਉਹ ਉਸ ਦੇ ਸੁਭਾਅ ਵਿੱਚ ਲਿਖੀ ਗਈ ਹੈ ਤੇ ਹੁਣ ਓਸੇ ਦੇ ਅਨੁਸਾਰ ਹੀ ਉਸ ਨੂੰ ਨੌਕਰੀ ਮਿਲੇਗੀ। ‘ਲਿਖਿ ਨਾਵੈ ਧਰਮੁ ਬਹਾਲਿਆ` ਅਨੁਸਾਰ ਆਪਣੇ ਫ਼ਰਜ਼ ਦੀ ਪਹਿਚਾਨ ਕਰਨੀ ਹੈ ਜੋ ਮਨੁੱਖ ਦੇ ਸੁਭਾਅ ਦਾ ਪਹਿਲਾ ਫ਼ਰਜ਼ ਆਉਂਦਾ ਹੈ। ਮਾੜੀ ਸੰਗਤ ਜਾਂ ਘਟੀਆ ਖਿਆਲਾਂ ਕਰਕੇ ਧਰਮ ਦੀ ਗੱਲ ਨੂੰ ਸਮਝਣ ਲਈ ਤਿਆਰ ਨਹੀਂ ਹੁੰਦਾ। ਬੇ-ਸ਼ੱਕ ਲੋਕਾਂ ਦੇ ਸਾਹਮਣੇ ਆਪਣੇ ਕਰਮ ਛਪਾ ਸਕਦਾ ਹੈ ਪਰ ਆਪਣੇ ਅੰਤਰ ਆਤਮੇ ਤੋਂ ਇਹ ਨਹੀਂ ਛੁਪਾ ਸਕਦਾ।

ਪਉੜੀ ਦੀ ਪਹਿਲੀ ਤੁਕ ਵਿੱਚ ਗੁਰਦੇਵ ਪਿਤਾ ਜੀ ਫਰਮਾਉਂਦੇ ਹਨ--

ਨਾਨਕ ਜੀਅ ਉਪਾਇ ਕੈ ਲਿਖਿ ਨਾਵੈ ਧਰਮੁ ਬਹਾਲਿਆ।।

ਜਦੋਂ ਦਾ ਜੀਵ ਪੈਦਾ ਹੋਇਆ ਹੈ ਓਦੋਂ ਦਾ ਹੀ ਇਸ ਦਾ ਹਿਸਾਬ ਕਿਤਾਬ ਨਾਲ ਦੀ ਨਾਲ ਲਿਖਿਆ ਜਾਂਦਾ ਹੈ। ਹੁਣ ਇਹ ਕਹੀਏ ਕੇ ਸੱਚ ਮਨੁੱਖ ਦੇ ਹਿਰਦੇ ਵਿੱਚ ਅੰਕਤ ਹੈ ਤੇ ਸੱਚ ਹੀ ਮਨੁੱਖ ਨੂੰ ਜ਼ਿੰਦਗੀ ਦੀ ਸੱਚੀ ਦਿਸ਼ਾ ਦਿਖਾਲਦਾ ਹੈ। ਮੰਨ ਲਓ ਇੱਕ ਬੱਚਾ ਸਕੂਲ ਦਾਖਲ ਕਰਾਇਆ ਹੈ ਹੁਣ ਉਸ ਦਾ ਇੱਕ ਹੀ ਅਰਦਸ਼ ਹੈ ਕਿ ਉਹ ਮਨ ਮਾਰ ਕੇ ਸਖਤ ਮੇਹਨਤ ਕਰੇ। ਦੇਖਣਾ ਇਹ ਹੈ ਕਿ ਇਹ ਬੱਚਾ ਆਪਣੇ ਫ਼ਰਜ਼ ਦੀ ਪਹਿਚਾਨ ਕਿੰਨੀ ਕੁ ਕਰਦਾ ਹੈ। ਜਿਸ ਵਿਦਿਆਰਥੀ ਨੇ ਧਰਮ ਨੂੰ ਸਮਝ ਲਿਆ ਉਹ ਹੀ ਮਿੱਥੇ ਨਿਸ਼ਾਨੇ `ਤੇ ਪਹੁੰਚਦਾ ਹੈ। ਸੱਚ ਮਨੁੱਖ ਦੇ ਦਿਮਾਗ ਵਿੱਚ ਹੈ ਪਰ ਉਸ ਦੀ ਵਰਤੋਂ ਕਿੰਨੀ ਕਰਦਾ ਹੈ ਇਹ ਇਸ `ਤੇ ਨਿਰਭਰ ਕਰਦਾ ਹੈ।

ਧਰਮ ਰਾਜ ਦੇ ਸਾਹਮਣੇ ਕੇਵਲ ਸੱਚ ਦੇ ਅਧਾਰਿਤ ਹੀ ਨਿਬੇੜਾ ਹੋਣਾ ਹੈ। ਭਾਵ ਅਸੀਂ ਆਪਣੇ ਚੰਗੇ ਜਾਂ ਮੰਦੇ ਕਰਮਾਂ ਨੂੰ ਚੰਗੀ ਤਰ੍ਹਾਂ ਸਮਝਦੇ ਹਾਂ। ਪਰਵਾਰ ਜਾਂ ਸਮਾਜ ਪਾਸੋਂ ਅਸੀਂ ਆਪਣੇ ਕਰਮ ਲੁਕਾ ਸਕਦੇ ਹਾਂ ਪਰ ਆਪਣੇ ਅੰਤਰ ਆਤਮੇ ਤੋਂ ਨਹੀਂ ਛੁਪਾਏ ਜਾ ਸਕਦੇ। ਸਾਡਾ ਅੰਦਰਲਾ ਤਲ਼ ਸਭ ਕੁੱਝ ਜਾਣਦਾ ਹੈ।

ਓਥੈ ਸਚੇ ਹੀ ਸਚਿ ਨਿਬੜੈ ਚੁਣਿ ਵਖਿ ਕਢੇ ਜਜਮਾਲਿਆ।।

ਆਪਣੇ ਹਿਰਦੇ ਵਿੱਚ ਬੈਠੇ ਧਰਮਰਾਜ ਦੇ ਸਾਹਮਣੇ ਕੇਵਲ ਸੱਚ ਹੀ ਪ੍ਰਵਾਨ ਹੋਣਾ ਹੈ। ਜੇ ਸੱਚ ਦੀ ਸਮਝ ਆ ਗਈ ਤਾਂ ਫਿਰ ਓੱਥੇ ਕੂੜ ਨਹੀਂ ਰਹਿ ਸਕਦਾ ਗੁਰੂ ਰਾਮਦਾਸ ਜੀ ਦਾ ਵਾਕ ਹੈ

ਵਿਚਿ ਸਚੇ ਕੂੜੁ ਨ ਗਡਈ ਮਨਿ ਵੇਖਹੁ ਕੋ ਨਿਰਜਾਸਿ।।

ਪੰਨਾ ੩੧੪

ਜਿਸ ਨੂੰ ਸੱਚ ਦੀ ਸਮਝ ਆ ਜਾਂਦੀ ਹੈ ਉਹ ਫਿਰ ਵਿਕਾਰਾਂ ਨੂੰ ਆਪਣੇ ਨੇੜੇ ਨਹੀਂ ਢੁੱਕਣ ਦੇਂਦਾ। ਮੰਦਿਆਂ ਵਿਚਾਰਾਂ ਨੂੰ ਦੂਰੋਂ ਹੀ ਭਜਾਈ ਰੱਖਦਾ ਹੈ।

ਟਿਕੇ ਹੋਏ ਹਿਰਦੇ ਵਿੱਚ ਧਰਮਰਾਜ ਭਾਵ ਸੱਚ ਦਾ ਰਾਜ ਹੁੰਦਾ ਹੈ। ਸੱਚੇ ਗੁਣ ਵਿਕਾਰਾਂ ਨੂੰ ਨੇੜੇ ਨਹੀਂ ਆਉਣ ਦੇਂਦੇ। ਇੰਜ ਕਹੀਏ ਕੇ ਵਿਕਾਰਾਂ ਦਾ ਮੂੰਹ ਕਾਲ਼ਾ ਕਰਕੇ ਓੱਥੋਂ ਕੱਢ ਦੇਂਦਾ ਹੈ। ਦੁਜੇ ਪਾਸੇ ਜਦੋਂ ਕਦੇ ਕੋਈ ਵਿਦਿਆਰਥੀ ਸਲਾਨਾ ਇਮਤਿਹਾਨ ਵਿੱਚ ਨਕਲ ਮਾਰਦਾ ਫੜਿਆ ਜਾਂਦਾ ਹੈ ਤਾਂ ਸਬੰਧਿਤ ਨਿਗਰਾਨ ਉਸ ਨੂੰ ਇਮਤਿਹਾਨ ਵਿਚੋਂ ਬਾਹਰ ਕੱਢ ਦੇਂਦਾ ਹੈ। ਮੰਨ ਲਓ ਕੋਈ ਨਕਲ ਮਾਰ ਕੇ ਡਾਕਟਰੀ ਕਰ ਵੀ ਲੈਂਦਾ ਹੈ ਪਰ ਜਦੋਂ ਅਪ੍ਰੇਸ਼ਨ ਕਰਨਾ ਪੈ ਜਾਏ ਤਾਂ ਫਿਰ ਅਜੇਹੇ ਡਾਕਟਰ ਨੂੰ ਜੇਹਲ ਦਾ ਰਸਤਾ ਹੀ ਦਿਖਾਇਆ ਜਾਂਦਾ ਹੈ। ਅਜੇਹੀ ਅਵਸਥਾ ਵਿੱਚ ਉਸ ਦਾ ਕੋਈ ਵੀ ਸਾਥ ਨਹੀਂ ਦੇਂਦਾ। ਝੂਠਾ ਬੰਦਾ ਫਿਰ ਆਪਣੇ ਜੀਵਨ ਵਿੱਚ ਹੀ ਨਰਕ ਭੋਗਦਾ ਹੈ--

ਥਾਉ ਨ ਪਾਇਨਿ ਕੂੜਿਆਰ ਮੁਹ ਕਾਲੈੑ ਦੋਜਕਿ ਚਾਲਿਆ।।

ਮੇਰੇ ਬਚਪਨ ਵਿੱਚ ਪਿੰਡਾਂ ਦੀਆਂ ਪੰਚਾਇਤਾਂ ਭੈੜੀ ਹਰਕਤ ਕਰਨ ਵਾਲੇ ਦਾ ਮੂੰਹ ਕਾਲਾ ਕਰਕੇ ਖੋਤੀ `ਤੇ ਚੜ੍ਹਾ ਕੇ ਸਾਰੇ ਪਿੰਡ ਵਿੱਚ ਫੇਰਿਆ ਜਾਂਦਾ ਸੀ। ਅੱਜ ਕਲ੍ਹ ਕਿਹਾ ਜਾਂਦਾ ਹੈ ਕਿ ਪੰਚਾਇਤ ਨੇ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈ ਲਿਆ। ਮੀਡੀਏ ਦਾ ਜ਼ਮਾਨਾ ਹੋਣ ਕਰਕੇ ਕਈ ਵਾਰੀ ਝੂਠ ਨੂੰ ਸੱਚ ਤੇ ਸੱਚ ਨੂੰ ਝੂਠ ਕਰਕੇ ਪੇਸ਼ ਕਰਦਾ ਹੈ। ਮੂੰਹ ਕਾਲੇ ਦਾ ਅਰਥ ਹੈ ਭੈੜੇ ਕਰਮ ਕਰਨ ਵਾਲਾ ਆਪਣੇ ਅੰਤਰ ਆਤਮੇ `ਤੇ ਸ਼ਰਮਿੰਦਾ ਹੈ ਤੇ ਸਮਾਜ ਵਿੱਚ ਵੀ ਸ਼ਰਮਸਾਰ ਹੈ। ਅਜੇਹੇ ਬੰਦੇ `ਤੇ ਸਾਰੇ ਥੂਅ ਥੂਅ ਕਰਦੇ ਹਨ।

ਸਿਆਣੇ ਆਖਦੇ ਹਨ ਜਿੱਤ ਹਮੇਸ਼ਾਂ ਸੱਚ ਦੀ ਹੀ ਜਿੱਤ ਹੁੰਦੀ ਹੈ—

ਤੇਰੈ ਨਾਇ ਰਤੇ ਸੇ ਜਿਣਿ ਗਏ ਹਾਰਿ ਗਏ ਸਿ ਠਗਣ ਵਾਲਿਆ।।

ਇਹ ਠੀਕ ਹੈ ਸਮਾਜ ਵਿੱਚ ਠੱਗੀਆਂ ਮਾਰਨ ਵਾਲਿਆਂ ਦੇ ਮਕਾਨ ਵੱਡੇ ਹੋ ਸਕਦੇ ਹਨ ਕਾਰਾਂ ਬਹੁਤੀਆਂ ਹੋ ਸਕਦੀਆਂ ਪਰ ਉਹ ਅਸਲ ਵਿੱਚ ਜੀਵਨ ਵਿਚੋਂ ਇਖ਼ਲਾਕ ਦੀ ਬਾਜ਼ੀ ਹਾਰ ਗਏ ਹੁੰਦੇ ਹਨ।

ਇਸ ਪਉੜੀ ਵਿੱਚ ਗੁਰਦੇਵ ਪਿਤਾ ਜੀ ਸਮਝਾਉਂਦੇ ਹਨ ਕਿ ਬੇ ਸ਼ੱਕ ਠੱਗੀਆਂ ਠੋਰੀਆਂ ਤੋਂ ਆਪਣਾ ਕੰਮ ਕਰੀ ਜਾ ਪਰ ਜਿੱਤ ਓਸੇ ਇਨਸਾਨ ਦੀ ਹੋਣੀ ਹੈ ਜਿਹੜਾ ਸੱਚ ਦਾ ਧਾਰਨੀ ਹੁੰਦਾ ਹੈ। ਦੁਨੀਆਂ ਪਾਸੋਂ ਆਪਣੇ ਐਬ ਲਕਾਉਣ ਦੀ ਸਮਰੱਥਾ ਰੱਖਣ ਵਾਲਾ ਆਪਣੇ ਅੰਦਰਲੇ ਧਰਮਰਾਜ ਦੇ ਸਾਹਮਣੇ ਝੂਠਾ ਹੈ।

ਅੰਤਰ ਆਤਮੇ ਵਿੱਚ ਵੱਸੇ ਸੱਚ ਦਾ ਨਾਂ ਧਰਮਰਾਜ ਹੈ।

ਇਸ ਸੱਚ ਦੇ ਸਾਹਮਣੇ ਕੇਵਲ ਸੱਚ ਅਨੁਸਾਰ ਹੀ ਫੈਸਲੇ ਹੁੰਦੇ ਹਨ। ਜਦੋਂ ਇਸ ਸੱਚ ਨੂੰ ਦਬਾਇਆ ਜਾਂਦਾ ਹੈ ਤਾਂ ਝੂਠ ਪ੍ਰਧਾਨ ਹੋ ਜਾਂਦਾ ਹੈ।

ਲੋਕਾਂ ਦੇ ਸਾਹਮਣੇ ਭਾਂਵੇਂ ਮਨੁੱਖੀ ਧਰਮੀ ਹੈ ਪਰ ਆਪਣੇ ਕੀਤੇ ਕਾਲੇ ਕਾਰਨਾਮਿਆਂ ਕਰਕੇ ਨਰਕ ਹੀ ਭੋਗ ਰਿਹਾ ਹੁੰਦਾ ਹੈ।

ਜ਼ਿੰਦਗੀ ਦੇ ਰਹੱਸ ਨੂੰ ਸਮਝਣ ਵਾਲਾ ਹੀ ਆਪਣੇ ਜੀਵਨ ਦੀ ਬਾਜ਼ੀ ਜਿੱਤਦਾ ਹੈ।

ਅੰਤਰ ਆਤਮੇ ਵਿੱਚ ਪਏ ਹੋਏ ਸੱਚ ਦੀ ਵਰਤੋਂ ਕਰਨ ਦੀ ਜਾਚ ਸਿਖਾਈ ਗਈ ਹੈ।
.