.

ਪਉੜੀ 9

ਸੁਣਿਐ ਈਸਰੁ ਬਰਮਾ ਇੰਦੁ ॥

ਈਸਰੁ:ਮਨ ਦੀ ਧਰਤੀ ਦਾ ਕਰਤਾ, ਜਗਤਨਾਥ।ਬਰਮਾ:ਕਰਤੇ ਦੀ ਰਚਨਾ। ਮਨ ਦੀ ਨਵੀਂ ਸ੍ਰਿਸ਼ਟੀ ਸਾਜਕੇ ਦੁਰਲਭ ਦੇਹ ਪ੍ਰਾਪਤੀ ਦੀ ਜੁਗਤੀ ਦਾ ਦਾਤਾ।ਇੰਦੁ:ਸ੍ਵੈ-ਵਰਗ (ਸਵਰਗ)। ਵਿਗਾਸ ਰੂਪੀ ਸ੍ਵਰਗ ਪ੍ਰਾਪਤੀ ਦੀ ਜੁਗਤ ਦਾ ਮਾਲਿਕ।

ਵਿਰਲੇ ਮਨ ਦੀ ਧਰਤੀ ਦਾ ਈਸ਼ਵਰ, ਚੰਗੇ ਗੁਣਾਂ ਦੀ ਉਤਪਤੀ ਅਤੇ ਵਿਗਾਸ ਦੀ ਸਦੀਵੀ ਅਵਸਥਾ ਸਤਿਗੁਰ ਦੀ ਮੱਤ ਹੀ ਹੈ।

ਸਤਿਗੁਰ ਦੀ ਮੱਤ ਸੁਣਕੇ ਮਨ ਦੀ ਨਵੀਂ ਧਰਤੀ (ਈਸ਼੍ਵਰ), ਚੰਗੇ ਗੁਣਾਂ ਦੀ ਜੁਗਤ ਅਤੇ ਸਦੀਵੀ ਖੇੜਾ (ਨਿਹਚਲ ਰਾਜ) ਦੀ ਅਵਸਥਾ ਪ੍ਰਾਪਤ ਹੁੰਦੀ ਹੈ।

ਸੁਣਿਐ ਮੁਖਿ ਸਾਲਾਹਣ ਮੰਦੁ ॥

ਸਾਲਾਹਣ:ਸਲਾਹੁੰਦਾ ਹੈ, ਸ਼ਲਾਘਾ ਕਰਦਾ ਹੈ।

ਵਿਰਲਾ ਮਨ ਸਮਝ ਜਾਂਦਾ ਹੈ ਕਿ ਸਤਿਗੁਰ ਦੀ ਮੱਤ ਸੁਣਕੇ ਮੰਦੇ ਖਿਆਲ ਵਾਲਾ ਮਨ ਰੂਪੀ ਮੁੱਖ ਵੀ ਰੱਬੀ ਸਿਫਤਾਂ ਦੀ ਸ਼ਲਾਘਾ ਕਰਦਾ ਹੈ।

ਸੁਣਿਐ ਜੋਗ ਜੁਗਤਿ ਤਨਿ ਭੇਦ ॥

ਜੋਗ:ਮਿਲਾਪ, ਰੱਬੀ ਮਿਲਨ।ਜੁਗਤਿ:ਤਰੀਕਾ।ਤਨਿ:ਤਨ ਦੇ।ਭੇਦ:ਗੁਪਤ ਗਲ।

ਸਤਿਗੁਰ ਦੀ ਮੱਤ ਰਾਹੀਂ ਵਿਰਲੇ ਮਨ ਨੂੰ ਅੰਦਰ ਉਠਦੇ ਹਰੇਕ ਖਿਆਲ ਬਾਰੇ ਸੋਝੀ ਹੋ ਜਾਂਦੀ ਹੈ। ਸੁਰਤ, ਮੱਤ, ਮਨ, ਬੁਧ ਅਤੇ ਤਨ ਦੇ ਅੰਗਾਂ ਨੂੰ ਰੱਬੀ ਰਜ਼ਾ ਹੇਠ ਕਾਬੂ ਰੱਖਣ ਦੀ ਜੁਗਤ ਆ ਜਾਂਦੀ ਹੈ।

ਸੁਣਿਐ ਸਾਸਤ ਸਿਮ੍ਰਿਤਿ ਵੇਦ ॥

ਸਾਸਤ:ਉਹ ਪੁਸਤਕ ਜੋ ਅਨੁਸ਼ਾਸਨ ਜਾਂ ਹੁਕਮ ਦੇਵੇ, ਅੰਦਰੋਂ ਅਨੁਸ਼ਾਸਨ ਦਾ ਹੁਕਮ ਸੁਣਨ ਦੀ ਜੁਗਤ ਹੀ ਸ਼ਾਸਤ ਹੈ।ਸਿਮ੍ਰਿਤਿ: ਧਰਮ ਗ੍ਰੰਥ।ਵੇਦ:ਗਿਆਨ

ਸਤਿਗੁਰ ਦੀ ਮੱਤ ਰਾਹੀਂ ਵਿਰਲੇ ਮਨ ਦੀ ਸੁਰਤ ਅਤੇ ਸਿਮ੍ਰਿਤੀ ਵਿਚ ਪ੍ਰਾਪਤ ਗਿਆਨ ਹੀ ਸਾਸਤ, ਸਿਮ੍ਰਿਤੀ ਅਤੇ ਵੇਦ ਹੁੰਦੇ ਹਨ।

ਨਾਨਕ ਭਗਤਾ ਸਦਾ ਵਿਗਾਸੁ ॥

ਅਦ੍ਵੈਤ ਅਵਸਥਾ ਵਿਚ ਨਾਨਕ ਜੀ ਆਖਦੇ ਹਨ ਕਿ ਵਿਰਲਾ ਮਨ ਸਤਿਗੁਰ ਦੀ ਮੱਤ ਨੂੰ ਆਪਣੇ ਅੰਤਰ ਆਤਮੇ (ਖਿਆਲਾਂ, ਸੁਰਤ, ਮੱਤ, ਮਨ ਅਤੇ ਬੁਧ) ਵਿਚ ਟਿਕਾਕੇ (ਸੁਣਕੇ) ਰੱਬੀ ਰਜ਼ਾ ਦਾ ਖੇੜਾ ਮਹਿਸੂਸ ਕਰਨ ਜੋਗ ਹੋ ਜਾਂਦਾ ਹੈ।

ਸੁਣਿਐ ਦੂਖ ਪਾਪ ਕਾ ਨਾਸੁ ॥9॥

ਇਸ ਤਰ੍ਹਾਂ ਵਿਰਲੇ ਮਨ ਨੂੰ ਦ੍ਰਿੜ ਹੁੰਦਾ ਹੈ ਕਿ ਅਵਗੁਣੀ ਖਿਆਲਾਂ ਤੋਂ ਖਲਾਸੀ ਹੁੰਦੀ ਹੈ। ਰੱਬੀ ਵਿਛੋੜੇ ਦਾ ਦੁਖ ਭਾਵ ਵਿਕਾਰੀ ਖਿਆਲ ਉਪਜਦੇ ਹੀ ਨਹੀਂ, ਨਾਸ ਹੋ ਜਾਂਦੇ ਹਨ।

ਵੀਰ ਭੁਪਿੰਦਰ ਸਿੰਘ




.