.

ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ

ਅਉਗਣ ਕਰਕੇ ਪਛਤਾਉਣਾ ਪੈਂਦਾ ਹੈ

ਹਰ ਮਾੜੇ ਕਰਮ ਪਿੱਛੋਂ ਰਹਿ ਜਾਂਦਾ ਹੈ ਪਛਤਾਵਾ ਤੇ ਪਛਤਾਵੇ ਦੇ ਅਰਥ ਹਨ ਤਪਣਾ। ਜ਼ਿੰਦਗੀ ਵਿੱਚ ਕੋਈ ਵੀ ਭੈੜਾ ਕਰਮ ਹੋ ਜਾਏ ਤਾਂ ਪਿੱਛੇ ਪਛਤਵਾ ਹੀ ਰਹਿ ਜਾਂਦਾ ਹੈ। ਭਾਂਵੇਂ ਬੰਦਾ ਬਾਹਰੋਂ ਖੁਸ਼ ਰਹਿਣ ਦਾ ਯਤਨ ਕਰੇ ਪਰ ਅੰਦਰੋਂ ਤਿਲ਼ ਤਿਲ਼ ਕਰਕੇ ਮਰ ਰਿਹਾ ਹੁੰਦਾ ਹੈ। ਹਾਂ ਜੇ ਅਉਗਣ ਕਰਨ ਉਪਰੰਤ ਪਛਤਾਵਾ ਕਰਦਾ ਹੈ ਤੇ ਫਿਰ ਸਹੀ ਰਸਤੇ `ਤੇ ਆ ਜਾਂਦਾ ਹੈ ਉਸ ਨੂੰ ਭੁੱਲਿਆ ਨਹੀਂ ਕਿਹਾ ਜਾ ਸਕਦਾ। ਗੁਰੂ ਨਾਨਕ ਸਾਹਿਬ ਜੀ ਨੇ ਆਸਾ ਕੀ ਵਾਰ ਦੀ ਇੱਕ ਪਉੜੀ ਵਿੱਚ ਕੁੱਝ ਨੁਕਤੇ ਸਮਝਾਏ ਹਨ—

ਕਪੜੁ ਰੂਪੁ ਸੁਹਾਵਣਾ ਛਡਿ ਦੁਨੀਆ ਅੰਦਰਿ ਜਾਵਣਾ।।

ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ।।

ਹੁਕਮ ਕੀਏ ਮਨਿ ਭਾਵਦੇ ਰਾਹਿ ਭੀੜੈ ਅਗੈ ਜਾਵਣਾ।।

ਨੰਗਾ ਦੋਜਕਿ ਚਾਲਿਆ ਤਾ ਦਿਸੈ ਖਰਾ ਡਰਾਵਣਾ।।

ਕਰਿ ਅਉਗਣ ਪਛੋਤਾਵਣਾ।। ੧੪।।

ਪਉੜੀ ੧੪ ਪੰਨਾ ੪੭੦

ਅੱਖਰੀਂ ਅਰਥ: —ਇਹ ਸੋਹਣਾ ਸਰੀਰ ਤੇ ਸੋਹਣਾ ਰੂਪ (ਇਸੇ ਜਗਤ ਵਿਚ) (ਜੀਵਾਂ ਨੇ) ਛੱਡ ਕੇ ਤੁਰ ਜਾਣਾ ਹੈ। (ਹਰੇਕ ਜੀਵ ਨੇ) ਆਪੋ ਆਪਣੇ ਕੀਤੇ ਹੋਏ ਚੰਗੇ ਤੇ ਮੰਦੇ ਕਰਮਾਂ ਦਾ ਫਲ ਆਪ ਭੋਗਣਾ ਹੈ। ਜਿਸ ਮਨੁੱਖ ਨੇ ਮਨ-ਮੰਨੀਆਂ ਹਕੂਮਤਾਂ ਕੀਤੀਆਂ ਹਨ, ਉਸ ਨੂੰ ਅਗਾਂਹ ਔਖੀਆਂ ਘਾਟੀਆਂ ਵਿਚੋਂ ਦੀ ਲੰਘਣਾ ਪਵੇਗਾ (ਭਾਵ, ਆਪਣੀਆਂ ਕੀਤੀਆਂ ਹੋਈਆਂ ਵਧੀਕੀਆਂ ਦੇ ਵੱਟੇ ਕਸ਼ਟ ਸਹਿਣੇ ਪੈਣਗੇ)। (ਇਹੋ ਜਿਹਾ ਜੀਵ) ਨੰਗਾ (ਕੀਤਾ ਜਾਂਦਾ ਹੈ, ਭਾਵ, ਉਸ ਦੇ ਕੀਤੇ ਹੋਏ ਪਾਪ ਕਰਮਾਂ ਦਾ ਨਕਸ਼ਾ ਉਸਦੇ ਸਾਮ੍ਹਣੇ ਰੱਖਿਆ ਜਾਂਦਾ ਹੈ) ਦੋਜ਼ਕ ਵਿੱਚ ਧਕਿਆ ਜਾਂਦਾ ਹੈ, ਅਤੇ ਉਸ ਵੇਲੇ (ਉਸ ਨੂੰ ਆਪਣੇ ਆਪ ਨੂੰ) ਬੜਾ ਡਰਾਉਣਾ ਰੂਪ ਦਿਸਦਾ ਹੈ। ਭੈੜੇ ਕੰਮ ਕਰਕੇ ਅੰਤ ਪਛਤਾਉਣਾ ਹੀ ਪੈਂਦਾ ਹੈ।

ਵਿਚਾਰ---ਸਿਧਾਂਤ ਤੋਂ ਸੱਖਣੇ ਰਾਗੀ ਪਰਚਾਰਕਾਂ ਵਲੋਂ ਗੁਰਬਾਣੀ ਦੇ ਕੁੱਝ ਸ਼ਬਦਾਂ ਨੂੰ ਗਮੀ ਅਤੇ ਖੁਸ਼ੀ ਦੇ ਸਮਿਆਂ ਨਾਲ ਜੋੜ ਦਿੱਤਾ ਹੈ। ਨਾਵੇਂ ਪਾਤਸ਼ਾਹ ਦੀ ਬਾਣੀ ਨੂੰ ਵੈਰਾਗ ਮਈ ਬਾਣੀ ਕਿਹਾ ਜਾਣ ਲੱਗ ਪਿਆ ਹੈ। ਕਈ ਗ੍ਰੰਥੀ ਤਾਂ ਗੁਰਬਾਣੀ ਦਾ ਹੁਕਮਨਾਮਾ ਲੈਣ ਸਮੇਂ ਪੱਤਰੇ ਫੋਲ ਫੋਲ ਕੇ ਪਰਵਾਰ ਨੂੰ ਖੁਸ਼ ਕਰਨ ਲਈ ਲੱਭ ਕੇ ਵਾਕ ਪੜ੍ਹਦੇ ਹਨ। ਕਈ ਸਿਆਣੇ ਬਿਆਣੇ ਵੀ ਕਹੀ ਜਾਣਗੇ ਕਿ ਭਾਈ ਜੀ ਕੋਈ ਅੱਛਾ ਜੇਹਾ ਵਾਕ ਲਿਆ ਜੇ। ਕਈ ਸਾਧਾਂ ਨੂੰ ਏਦਾਂ ਵੀ ਕਹਿੰਦੇ ਸੁਣਿਆ ਗਿਆ ਹੈ ਕਿ ਅੱਜ ਮਹਾਂਰਾਜ ਜੀ ਦਾ ਹੁਕਮ ਬਹੁਤ ਹੀ ਕਰੜਾ ਆਇਆ ਹੈ। ਗੁਰਬਾਣੀ ਨੇ ਸਾਨੂੰ ਇਸ ਵਹਿਮ ਵਿਚੋਂ ਬਾਹਰ ਕੱਢਿਆ ਹੈ ਪਰ ਅਸੀਂ ਗੁਰਬਾਣੀ ਦੇ ਕੋਲ ਬੈਠ ਕੇ ਹੀ ਵਹਿਮ-ਭਰਮ ਕਰੀ ਜਾ ਰਹੇ ਹਾਂ। ਗੁਰਬਾਣੀ ਦੇ ਸਾਰੇ ਹੁਕਮ ਇਕਸਾਰ ਹਨ ਤੇ ਸਾਰੇ ਹੀ ਸਾਨੂੰ ਜੀਵਨ ਸੇਧ ਦੇਂਦੇ ਹਨ। ਸਤਿਗੁਰ ਤਾਂ ਸਾਰਿਆਂ ਦਾ ਭਲਾ ਮੰਗਦਾ ਹੈ--

ਸਤਿਗੁਰੁ ਸਭਨਾ ਦਾ ਭਲਾ ਮਨਾਇਦਾ ਤਿਸ ਦਾ ਬੁਰਾ ਕਿਉ ਹੋਇ।।

ਸਲੋਕ ਮ: ੪ ਪੰਨਾ ੩੦੨

ਪਿੱਛਲੇ ਕੁੱਝ ਸਮੇਂ ਤੋਂ ਜਨਮ ਤੇ ਮਰਣ ਵਾਲੇ ਸ਼ਬਦ ਨੂੰ ਵੱਖ ਵੱਖ ਕਰਕੇ ਉਹਨਾਂ ਦਾ ਕੀਰਤਨ ਕੀਤਾ ਜਾ ਰਿਹਾ ਹੈ। ਸ਼ਬਦ ਦਾ ਸਿਧਾਂਤ ਕੁੱਝ ਹੋਰ ਹੁੰਦਾ ਹੈ ਤੇ ਅਸੀਂ ਸੁਨੇਹਾਂ ਕੁੱਝ ਹੋਰ ਦੇ ਰਹੇ ਹੁੰਦੇ ਹਾਂ। ਬਾਣੀ ਨੂੰ ਅਸੀਂ ਸੀਮਾਂ ਵਿੱਚ ਬੰਨ੍ਹ ਰਹੇ ਹਾਂ ਜਦ ਕਿ ਬਾਣੀ ਅਸੀਮ ਹੈ। ਸਾਰੀ ਗੁਰਬਾਣੀ ਮਨੁੱਖਤਾ ਨੂੰ ਜੀਵਨ ਜਾਚ ਸਿਖਾਉਂਦੀ ਹੈ। ਕੁੱਝ ਸ਼ਬਦ ਏਨੀ ਵਾਰ ਪੜ੍ਹੇ ਗਏ ਹਨ ਕਿ ਹੁਣ ਮਹਿਸੂਸ ਹੀ ਏਦਾਂ ਹੁੰਦਾ ਹੈ ਕਿ ਇਹ ਸ਼ਬਦ ਕੇਵਲ ਰਸਮ ਪੂਰੀ ਕਰਨ ਲਈ ਹੀ ਪੜ੍ਹਿਆ ਜਾ ਰਿਹਾ ਹੈ। ਜਦੋਂ ਕੋਈ ਪ੍ਰਾਣੀ ਚੜ੍ਹਾਈ ਕਰ ਜਾਂਦਾ ਹੈ ਤਾਂ ਉਪਰੋਕਤ ਪਉੜੀ ਜ਼ਰੂਰ ਪੜ੍ਹੀ ਜਾਂਦੀ ਹੈ। ਸਮਝਿਆ ਜਾਂਦਾ ਹੈ ਕਿ ਅਸੀਂ ਸੋਹਣੇ ਕਪੜੇ ਤੇ ਸੋਹਣਾ ਰੂਪ ਛੱਡ ਕੇ ਇਸ ਫਾਨੀ ਸੰਸਾਰ ਵਿਚੋਂ ਚਲੇ ਜਾਣਾ ਹੈ। ਜਿਸ ਨੂੰ ਅਗਲੀ ਦੁਨੀਆਂ ਕਿਹਾ ਜਾਂਦਾ ਹੈ। ਇਸ ਪਉੜੀ ਦਾ ਕੀਰਤਨ ਕਰਕੇ ਸਮਝਾਇਆ ਇਹ ਜਾ ਰਿਹਾ ਹੈ ਕਿ ਅਸੀਂ ਇਸ ਸੰਸਾਰ ਵਿੱਚ ਨੰਗੇ ਆਏ ਤੇ ਏੱਥੋਂ ਨੰਗੇ ਹੀ ਚਲੇ ਜਾਣਾ ਹੈ। ਜਿਸ ਰਸਤੇ ਦੀ ਸਾਨੂੰ ਲਿਜਾਇਆ ਜਾਣਾ ਹੈ ਉਹ ਬਹੁਤ ਹੀ ਤੰਗ ਭਾਵ ਭੀੜਾ ਹੈ। ਏਦਾਂ ਕਹੀਏ ਕਿ ਸੂਈ ਦੇ ਨੱਕੇ ਵਿਚਦੀ ਸਾਨੂੰ ਲੰਘਾਇਆ ਜਾਣਾ ਹੈ। ਅਗਲੇ ਜਹਾਨ ਜਾ ਕੇ ਓੱਥੇ ਭਾਵ ਮਰਣ ਉਪਰੰਤ ਸਾਡੇ ਕੀਤੇ ਕੰਮਾਂ ਦਾ ਹਿਸਾਬ ਹੋਣਾ ਹੈ। ਕੀਤੇ ਕੰਮਾਂ ਅਨੁਸਾਰ ਸਾਨੂੰ ਸਜਾਵਾਂ ਕੱਟਣੀਆਂ ਪੈਣੀਆਂ ਹਨ। ਇਨਸਾਨ ਦੁਨੀਆਂ ਵਿੱਚ ਨੰਗਾ ਹੀ ਆਇਆ ਸੀ ਤੇ ਨੰਗੇ ਨੇ ਹੀ ਏੱਥੋਂ ਜਾਣਾ ਹੈ। ਜਾਣ ਲੱਗਿਆਂ ਇਸ ਦਾ ਰੂਪ ਵੀ ਬਹੁਤ ਡਰਾਉਣਾ ਹੋਵੇਗਾ।

ਅਸੀਂ ਬਹੁਤ ਥਾਂਈ ਇਹ ਅਕਸਰ ਇਹ ਜ਼ਿਕਰ ਕਰਦੇ ਹਾਂ ਕਿ ਗੁਰਬਾਣੀ ਵਰਤਮਾਨ ਜੀਵਨ ਨੂੰ ਸੇਧ ਦੇਂਦੀ ਹੈ। ਗੁਰਬਾਣੀ ਉਪਦੇਸ਼ ਹਰੇਕ ਨੂੰ ਸਚਿਆਰ ਬਣਾਉਂਦੀ ਹੈ। ਇਸ ਪਉੜੀ ਵਿੱਚ ਗੁਰਦੇਵ ਪਿਤਾ ਜੀ ਨੇ ਸਮਝਾਇਆ ਹੈ ਕਿ ਐ ਇਨਸਾਨ! ਧਿਆਨ ਪੂਰਵਕ ਸੁਣ ਜਿਹੜਾ ਵੀ ਕੋਈ ਮਨੁੱਖ ਅਉਗਣ ਕਰਦਾ ਹੈ ਉਸ ਨੂੰ ਆਤਮਿਕ ਤਲ਼ `ਤੇ ਤਪਣਾ ਹੀ ਪੈਣਾ ਹੈ। ਬਾਹਰੋਂ ਬੇਸ਼ੱਕ ਉਹ ਧਰਮੀ ਬਣਨ ਦਾ ਯਤਨ ਕਰਦਾ ਹੈ ਪਰ ਅੰਤਰ ਆਤਮੇ `ਤੇ ਉਹ ਕਲ਼ਪਿਆ ਪਿਆ ਹੈ। ਪਉੜੀ ਦੀ ਪਹਿਲੀ ਤੁਕ ਵਿੱਚ ਗੁਰਦੇਵ ਪਿਤਾ ਜੀ ਫਰਮਾਉਂਦੇ ਹਨ-

ਕਪੜੁ ਰੂਪੁ ਸੁਹਾਵਣਾ ਛਡਿ ਦੁਨੀਆ ਅੰਦਰਿ ਜਾਵਣਾ।।

ਅੱਖਰੀਂ ਅਰਥ ਤਾਂ ਅਸੀਂ ਉਪਰ ਦੇਖ ਲਏ ਹਨ ਪਰ ਹੁਣ ਇਸ ਪਉੜੀ ਦਾ ਭਾਵ ਅਰਥ ਵਿਚਾਰਦਿਆਂ ਇਸ ਦੀ ਵਿਚਾਰ ਕਰਾਂਗੇ ਕਿ ਸਾਨੂੰ ਗੁਰਦੇਵ ਪਿਤਾ ਜੀ ਕੀ ਸਮਝਾ ਰਹੇ ਹਨ। ‘ਕਪੜੁ ਰੂਪੁ ਸੁਹਾਵਣਾ ਛਡਿ` ਭਾਵ ਸ਼ੁਭ ਗੁਣ ਛੱਡ ਕੇ ਦੁਨੀਆਂ ਅੰਦਰਿ ਜਾਵਣਾ ਦੁਨੀਆਂਦਾਰੀ ਨਾਲ ਸਮਝਉਤਾ ਕਰ ਲਿਆ ਹੈ। ਗੁਰਬਾਣੀ ਫਰਮਾਣ ਹੈ—

ਨਾਨਕ ਦੁਨੀਆ ਕੈਸੀ ਹੋਈ।। ਸਾਲਕੁ ਮਿਤੁ ਨ ਰਹਿਓ ਕੋਈ।।

ਭਾਈ ਬੰਧੀ ਹੇਤੁ ਚੁਕਾਇਆ।।

ਦੁਨੀਆ ਕਾਰਣਿ ਦੀਨੁ ਗਵਾਇਆ।। ੫।।

ਸਲੋਕ ਮ: ੧ ਪੰਨਾ ੧੪੧੦

ਅੱਖਰੀਂ ਅਰਥ: — ਹੇ ਨਾਨਕ! ਦੁਨੀਆ (ਦੀ ਲੁਕਾਈ) ਅਜਬ ਨੀਵੇਂ ਪਾਸੇ ਜਾ ਰਹੀ ਹੈ। ਸਹੀ ਜੀਵਨ-ਰਸਤਾ ਦੱਸਣ ਵਾਲਾ ਮਿੱਤਰ ਕਿਤੇ ਕੋਈ ਲੱਭਦਾ ਨਹੀਂ। ਭਰਾਵਾਂ ਸਨਬੰਧੀਆਂ ਦੇ ਮੋਹ ਵਿੱਚ ਫਸ ਕੇ (ਮਨੁੱਖ ਪਰਮਾਤਮਾ ਦਾ) ਪਿਆਰ (ਆਪਣੇ ਅੰਦਰੋਂ ਮੁਕਾਈ ਬੈਠਾ ਹੈ) ਦੁਨੀਆ (ਦੀ ਮਾਇਆ) ਦੀ ਖ਼ਾਤਰ ਆਤਮਕ ਜੀਵਨ ਦਾ ਸਰਮਾਇਆ ਗੰਵਾਈ ਜਾ ਰਿਹਾ ਹੈ। ੫।

ਭਾਵ ਦੁਨੀਆ ਦਾਰੀ ਦੇ ਦਿਖਾਵੇ ਵਾਲੇ ਕਰਮ ਕਰਨ ਲੱਗ ਪਿਆ ਹੈ। ਦੁਨੀਆਂ ਨੂੰ ਕਦੇ ਵੀ ਖੁਸ਼ ਨਹੀਂ ਕੀਤਾ ਜਾ ਸਕਦਾ।

ਅਉਗਣ ਕਰਨ ਵਾਲਾ ਕਿਉਂ ਪਛਤਾਉਂਦਾ ਹੈ? ਕਿਉਂਕਿ ਉਸ ਨੇ ਅੰਦਰਲੀ ਸੁੰਦਰਤਾ ਤੇ ਰੱਬੀ ਸਿਫਤ ਸਲਾਹ ਦਾ ਕਪੜਾ ਪਹਿਨਣਾ ਛੱਡ ਦਿੱਤਾ ਹੈ। ਇਹ ਸਾਰੀ ਅੰਦਰਲੇ ਸੁਭਾਅ ਦੀ ਗੱਲ ਕੀਤੀ ਹੈ।

ਸਿਫਤਿ ਸਰਮ ਕਾ ਕਪੜਾ ਮਾਂਗਉ ਹਰਿ ਗੁਣ ਨਾਨਕ ਰਵਤੁ ਰਹੈ।। ੪।। ੭।।

ਪ੍ਰਭਾਤੀ ਮਹਲਾ ੧ ਪੰਨਾ ੧੩੨੯

ਗੁਰੂ ਨਾਨਕ ਸਾਹਿਬ ਜੀ ਫਰਮਾਉਂਦੇ ਹਨ ਕਿ ਮੈਂ ਰੱਬ ਜੀ ਪਾਸੋਂ ਸਿਫਤ ਸਲਾਹ ਦਾ ਕਪੜਾ ਮੰਗਦਾ ਹਾਂ। ਇਹ ਸਿਫਤ ਸਲਾਹ ਦਾ ਕਪੜਾ ਹਰਿ ਗੁਣ ਹਨ। ਹਰੀ ਦੇ ਗੁਣਾਂ ਦਾ ਕਪੜਾ ਪਹਿਨਦਾ ਹਾਂ।

ਕਰਮੀ ਆਵੈ ਕਪੜਾ, ਨਦਰੀ ਮੋਖੁ ਦੁਆਰੁ।।

ਪੰਨਾ ੨

ਤਨ `ਤੇ ਪਹਿਨਣ ਵਾਲਾ ਕਪੜਾ ਨਹੀਂ ਬਲ ਕੇ ਗੁਰੂ ਜੀ ਦੇ ਗਿਆਨ ਨੂੰ ਸਮਝ ਕੇ ਜੀਵਨ ਵਿੱਚ ਅਪਨਾਉਣ ਵਾਲਾ ਕਪੜਾ ਹੈ ਜੋ ਸਾਨੂੰ ਵਿਕਾਰਾਂ ਵਲੋਂ ਮੁਕਤ ਕਰਾਉਂਦਾ ਹੈ। ਮੁਕਤੀ ਵਾਲੇ ਦਰਵਾਜ਼ੇ ਦਾ ਅਰਥ ਹੈ ਗੁਰ-ਗਿਆਨ ਵਾਲਾ ਰਸਤਾ ਜੋ ਸਹੀ ਜੀਵਨ ਜਿਉਣ ਦੇ ਰਾਹ ਵਲ ਨੂੰ ਤੋਰਦਾ ਹੈ।

ਸਚੀ ਸਿਫਤਿ ਸਾਲਾਹ ਕਪੜਾ ਪਾਇਆ।।

ਪੰਨਾ ੧੫੦ 

ਅੰਦਰਲੇ ਸ਼ੁਭ ਗੁਣਾਂ ਰੂਪੀ ਕਪੜਾ ਤੇ ਰੂਪ ਛੱਡ ਕੇ ਦੁਨੀਆਂਦਾਰੀ ਨਾਲ ਸਾਂਝ ਪਾਈ ਹੈ। ਜਿਹੜੇ ਕਰਮ ਦੁਨੀਆਂ ਕਰਦੀ ਹੈ ਉਹ ਹੀ ਦੇਖਾ ਦੇਖੀ ਕਰੀ ਜਾ ਰਿਹਾ ਹੈ। ਅੱਜ ਅਸੀਂ ਦੁਨੀਆਂ ਦੇ ਪਿੱਛੇ ਲੱਗ ਕੇ ਸਿੱਖ ਸਿਧਾਂਤ ਹੀ ਛੱਡ ਦਿੱਤਾ ਹੈ। ਦੁਨੀਆਂ ਨੂੰ ਖੁਸ਼ ਕਰ ਰਹੇ ਹਾਂ ਪਰ ਦੁਨੀਆਂ ਕਦੇ ਵੀ ਖੁਸ਼ ਨਹੀਂ ਹੁੰਦੀ। ਜੇ ਦੁਨੀਆਂ ਦਾਰੀ ਨਿਬਾਹੁੰਣੀ ਹੈ ਤਾਂ ਸਾਨੂੰ ਫਲ ਵੀ ਓਦਾਂ ਦਾ ਹੀ ਮਿਲੇਗਾ। ਫੋਕੀ ਸ਼ਾਨ ਵਡਿਆਈ ਮਿਲ ਜਾਏਗੀ ਪਰ ਆਤਮਿਕ ਅਨੰਦ ਨਹੀਂ ਆ ਸਕਦਾ। ਪਹਿਲੀ ਤੁਕ ਦੀ ਵਿਚਾਰ ਸਮਝ ਵਿੱਚ ਆਉਂਦੀ ਹੈ ਕਿ ਸ਼ੁਭ ਗੁਣਾਂ ਦਾ ਕਪੜਾ ਛੱਡ ਕੇ ਦੁਨੀਆਂ ਵਾਂਗ ਵਿਚਰ ਰਹੇ ਹਾਂ। ਸਮਾਜ ਵਿੱਚ ਦੇਖਾ ਦੇਖੀ ਅਸੀਂ ਫੋਕੀਆਂ ਰਸਮਾਂ ਕਰਕੇ ਉਝੜ ਰਹੇ ਹਾਂ।

ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ।।

ਮਨੁੱਖ ਦੀ ਬਹੁਤ ਵੱਡੀ ਕੰਮਜ਼ੋਰੀ ਹੈ ਕਿ ਇਹ ਕਰਮ ਕੋਈ ਹੋਰ ਕਰਦਾ ਹੈ ਤੇ ਮੰਗ ਇਸ ਦੀ ਕੋਈ ਹੋਰ ਹੁੰਦੀ ਹੈ। ਕਿਹੜਾ ਵੀ ਕਰਮ ਕਰਾਂਗੇ ਸਾਨੂੰ ਫਲ਼ ਓਸੇ ਦਾ ਹੀ ਮਿਲੇਗਾ। ਜੇਹੋ ਜੇਹਾ ਅਸੀਂ ਬੀਜਾਂਗੇ ਓਹੋ ਜੇਹਾ ਅਸੀਂ ਖਾਂਵਾਂਗੇ। ਮੰਦਾ ਚੰਗਾ ਆਪਣਾ ਕੀਤਾ ਆਪੇ ਨੂੰ ਹੀ ਭੋਗਣਾ ਪੈਣਾ ਹੈ।

ਜੇਹਾ ਬੀਜੈ ਸੋ ਲੁਣੈ, ਕਰਮਾ ਸੰਦੜਾ ਖੇਤੁ।।

ਪੰਨਾ ੧੩੪

ਇਹ ਗੱਲ ਸਪਸ਼ਟ ਹੋ ਗਈ ਕਿ ਜਦੋਂ ਮਨੁੱਖ ਗੁਰੂ ਦੀ ਮੱਤ ਛੱਡ ਕੇ ਆਪਣੇ ਮਨ ਦੇ ਪਿੱਛੇ ਚੱਲੇਗਾ ਤਾਂ ਕੁਦਰਤੀ ਇਸ ਨੂੰ ਦੁਖਦਾਈ ਪਹਿਲੂ ਦੇਖਣ ਸੁਣਨ ਤੇ ਵਰਤਣ ਨੂੰ ਮਿਲਣਗੇ। ਮੰਨ ਲਓ ਕੋਈ ਫੌਜੀ ਆਪਣੇ ਅਫਸਰ ਦਾ ਹੁਕਮ ਛੱਡ ਕੇ ਆਪਣੀ ਮਰਜ਼ੀ ਤੁਰਨ ਦਾ ਯਤਨ ਕਰੇਗਾ ਤਾਂ ਅਵੱਸ਼ ਉਸ ਨੂੰ ਮੁਸੀਬਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ—

ਹੁਕਮ ਕੀਏ ਮਨਿ ਭਾਵਦੇ ਰਾਹਿ ਭੀੜੈ ਅਗੈ ਜਾਵਣਾ।।

ਮਨ ਦਾ ਕੋਈ ਵਿਸ਼ਵਾਸ ਹੀ ਨਹੀਂ ਹੈ ਕਿ ਇਸ ਨੇ ਕਦੋਂ ਡਿੱਗ ਪੈਣਾ ਹੈ। ਕਈ ਵਾਰੀ ਇਹ ਮਨ ਦਸ ਹਜ਼ਾਰ ਰੁਪਇਆ ਕਿਸੇ ਦਾ ਡਿੱਗਿਆ ਹੋਇਆ ਵਾਪਸ ਕਰ ਦੇਂਦਾ ਹੈ ਤੇ ਕਈ ਵਾਰੀ ਇਸ ਦਾ ਮਨ ਇੱਕ ਰੁਪਏ `ਤੇ ਵੀ ਮਰ ਜਾਂਦਾ ਹੈ--

ਕਬਹੂ ਜੀਅੜਾ ਊਭਿ ਚੜਤੁ ਹੈ ਕਬਹੂ ਜਾਇ ਪਇਆਲੇ।।

ਲੋਭੀ ਜੀਅੜਾ ਥਿਰੁ ਨ ਰਹਤੁ ਹੈ ਚਾਰੇ ਕੁੰਡਾ ਭਾਲੇ।। ੨।।

ਰਾਮਕਲੀ ਮਹਲਾ ੧ ਪੰਨਾ ੮੭੬

ਅੱਖਰੀਂ ਅਰਥ-- (ਤੇਰੇ ਨਾਮ ਨੂੰ ਵਿਸਾਰ ਕੇ ਜੀਵ ਲੋਭ ਵਿੱਚ ਫਸ ਜਾਂਦਾ ਹੈ) ਕਦੇ (ਜਦੋਂ ਮਾਇਆ ਮਿਲਦੀ ਹੈ) ਜੀਵ (ਬੜਾ ਹੀ ਖ਼ੁਸ਼ ਹੁੰਦਾ, ਮਾਨੋ) ਆਕਾਸ਼ ਵਿੱਚ ਜਾ ਚੜ੍ਹਦਾ ਹੈ, ਕਦੇ (ਜਦੋਂ ਮਾਇਆ ਦੀ ਥੁੜ ਹੋ ਜਾਂਦੀ ਹੈ, ਤਾਂ ਬਹੁਤ ਡਾਵਾਂ-ਡੋਲ ਹੋ ਜਾਂਦਾ ਹੈ, ਮਾਨੋ) ਪਾਤਾਲ ਵਿੱਚ ਜਾ ਡਿੱਗਦਾ ਹੈ। ਲੋਭ-ਵੱਸ ਹੋਇਆ ਜੀਵ ਅਡੋਲ-ਚਿੱਤ ਨਹੀਂ ਰਹਿ ਸਕਦਾ, ਚੌਹੀਂ ਪਾਸੀਂ (ਮਾਇਆ ਦੀ) ਭਾਲ ਕਰਦਾ ਫਿਰਦਾ ਹੈ। ੨।

ਸਾਡਾ ਮਨ ਹਮੇਸ਼ਾਂ ਨਿਵਾਣ ਵਲ ਜ਼ਿਆਦਾ ਜਾਂਦਾ ਹੈ। ਮਨ ਦੇ ਹੁਕਮ ਵਿੱਚ ਚੱਲਣ ਵਾਲਾ ਮਨੁੱਖ ਦੁੱਖਾਂ ਨੂੰ ਸੱਦਾ ਪੱਤਰ ਦੇਂਦਾ ਹੈ। ਜਦੋਂ ਮਨ ਵਿਕਾਰ ਕਰਨ ਲਈ ਪ੍ਰੇਰਤ ਹੁੰਦਾ ਹੈ ਤਾਂ ਇਹ ਆਪਣੇ ਬਚਾ ਲਈ ਕਈ ਵਿਉਂਤਾਂ ਵੀ ਬਣਾਉਂਦਾ ਹੈ। ਲੋਭ ਵੱਸ ਹੋਇਆ ਮਨੁੱਖ ਹਮੇਸ਼ਾਂ ਦੁਸ਼ਵਾਰੀਆਂ ਦਾ ਸਾਹਮਣਾ ਕਰਦਾ ਹੈ। ਏਦਾਂ ਕਹੀਏ ਕੇ ਮਨ ਦੇ ਹੁਕਮ ਵਿੱਚ ਚੱਲਣ ਵਾਲਾ ਔਖਿਆਈਆਂ ਵਾਲੇ ਰਸਤੇ ਪੈ ਜਾਂਦਾ ਹੈ। ਭੀੜੇ ਰਾਹ `ਤੇ ਚੱਲਣ ਦਾ ਭਾਵ ਹੈ ਬੇ-ਲੋੜੀਆਂ ਔਕੜਾਂ, ਮੁਸੀਬਤਾਂ ਤੇ ਸਮੱਸਿਆ ਨਾਲ ਜੂਝਣਾ ਪੈਂਦਾ ਹੈ।

ਅਗਲੀ ਤੁਕ ਵਿੱਚ ਗੁਰਦੇਵ ਪਿਤਾ ਜੀ ਫਰਮਾਉਂਦੇ ਹਨ—

ਨੰਗਾ ਦੋਜਕਿ ਚਾਲਿਆ ਤਾ ਦਿਸੈ ਖਰਾ ਡਰਾਵਣਾ

ਜਦੋਂ ਮਨੁੱਖ ਭੈੜਾ ਕਰਮ ਕਰਦਾ ਫੜਿਆ ਜਾਂਦਾ ਹੈ ਤਾਂ ਫਿਰ ਪਰੇ ਪੰਚਾਇਤ ਜਾਂ ਪੁਲੀਸ, ਕਚਹਿਰੀ ਆਦਿ ਸਾਹਮਣੇ ਉਸ ਦੇ ਕੀਤੇ ਕੰਮਾਂ ਦਾ ਹਿਸਾਬ ਰੱਖਿਆ ਜਾਂਦਾ ਹੈ। ਆਪਣੀ ਅਸਲੀਅਤ ਨੂੰ ਜਾਣ ਕੇ ਉਸ ਨੂੰ ਸ਼ਰਮਿੰਦਾ ਹੋਣਾ ਪੈਂਦਾ ਹੈ। ਪੁਲੀਸ ਆਪਣੀ ਆਈ ਤੇ ਆ ਜਾਵੇ ਤਾਂ ਬੰਦੇ ਦਾ ਸੁੱਚ ਉਸ ਦੇ ਸਾਹਮਣੇ ਰੱਖ ਦੇਂਦੀ ਹੈ। ਜਦੋਂ ਬੰਦਾ ਬਾਹਰੋਂ ਧਰਮੀ ਬਣਿਆ ਹੁੰਦਾ ਹੈ ਜਾਂ ਉਸ ਨੇ ਦੁਨੀਆਂ ਨੂੰ ਖੁਸ਼ ਕਰਨ ਵਾਸਤੇ ਧਰਮ ਦਾ ਬੁਰਕਾ ਪਹਿਨਿਆ ਹੁੰਦਾ ਹੈ ਤਾਂ ਲੋਕ ਉਸ ਨੂੰ ਦਾਨੀ ਪੁਰਸ਼ ਵਜੋਂ ਜਾਣਦੇ ਹਨ। ਸਮਾਜ ਵਿੱਚ ਉਸ ਨੇ ਆਪਣੀ ਬਹੁਤ ਹੀ ਪ੍ਰਤਿਭਾ ਬਣਾਈ ਹੁੰਦੀ ਹੈ। ਗੁਰਦੁਆਰਿਆਂ ਨੂੰ ਦਾਨ ਵੀ ਬਹੁਤ ਦੇਂਦਾ ਹੈ ਭਾਵ ਦੁਨੀਆਂ ਵਿੱਚ ਖੂਬ ਨਾਮ ਕਮਾਇਆ ਹੁੰਦਾ ਹੈ। ਇਹ ਸਾਰਾ ਕੁੱਝ ਓਦੋਂ ਤੱਕ ਠੀਕ ਠਾਕ ਚੱਲਦਾ ਹੈ ਜਿੰਨਾ ਚਿਰ ਉਸ ਦੇ ਕੀਤੇ ਕੰਮਾਂ ਦਾ ਉਹਲਾ ਬਣਿਆ ਹੁੰਦਾ ਹੈ। ਜਿਉਂ ਹੀ ਉਸ ਦੀ ਅਸਲੀਅਤ ਲੋਕਾਂ ਦੇ ਸਾਹਮਣੇ ਆਉਂਦੀ ਹੈ ਤਾਂ ਲੋਕ ਉਸ ਨੂੰ ਆਖਦੇ ਹਨ ਬਈ ਅੱਜ ਤਾਂ ਚੰਗੀ ਤਰ੍ਹਾਂ ਹੀ ਨੰਗਾ ਹੋ ਗਿਆ ਹੈ। ‘ਦਿਸੈ ਖਰਾ ਡਰਾਵਣਾ` ਕਈ ਭਲੇ ਪਰਵਾਰ ਰੱਬ ਦਾ ਸ਼ੁਕਰ ਕਰਦੇ ਹਨ ਕਿ ਭਲਾ ਹੋਇਆ ਅਸੀਂ ਇਸ ਨਾਲ ਕੋਈ ਬਹੁਤੀ ਸਾਂਝ ਨਹੀਂ ਪਾਈ, ਨਹੀਂ ਤਾਂ ਇਸ ਨੇ ਸਾਨੂੰ ਵੀ ਰਗੜਾ ਲਗਾ ਦੇਣਾ ਸੀ। ਇਸਦਾ ਤੇ ਰੂਪ ਹੀ ਬਹੁਤ ਡਰਾਵਣਾ ਹੈ। ਅਜੇਹੇ ਧਰਮੀ ਮਨੁੱਖ ਦੀਆਂ ਕਾਲ਼ੀਆਂ ਕਰਤੂਤਾਂ ਜਦੋਂ ਜਗ੍ਹ ਜ਼ਾਹਰ ਹੁੰਦੀਆਂ ਹਨ ਤਾਂ ਹਰੇਕ ਨੂੰ ਉਸ ਦਾ ਡਰਉਣਾ ਚਿਹਰਾ ਨਜ਼ਰ ਆਉਂਦਾ ਹੈ। ਬੰਦਾ ਆਪਣੇ ਮਨ ਵਿੱਚ ਸੋਚਦਾ ਹੈ ਕਿ ਜੇ ਕਿਤੇ ਸਾਡੇ ਨਾਲ ਕੋਈ ਭਾਣਾ ਵਰਤ ਜਾਂਦਾ ਤਾਂ ਸਾਡਾ ਕੀ ਬਣਦਾ। ਭਾਵ ਬਾਹਰੋਂ ਧਰਮੀ ਬਣੇ ਬੰਦੇ ਦੀ ਜਦੋ ਅਸਲੀਅਤ ਜ਼ਾਹਰ ਹੁੰਦੀ ਹੈ ਤਾਂ ਲੋਕ ਅਕਸਰ ਕਹਿੰਦੇ ਹਨ ਕਿ ਭਈ ਬੜਾ ਚਵਲ਼ ਬੰਦਾ ਸੀ।

੧ ਅਉਗਣ ਕਰਨ ਵਾਲਾ ਕਦੇ ਸੁੱਖ ਦੀ ਨੀਂਦ ਨਹੀਂ ਸੌਂ ਸਕਦਾ

੨ ਚੰਗੇ ਗੁਣ ਛੱਡ ਕੇ ਦੁਨੀਆਂਦਾਰੀ ਦੇ ਵਿਖਾਵੇ ਵਾਲੇ ਕਰਮ ਨਿਬਾਹੁੰਣ ਨੂੰ ਤਰਜੀਹ ਦੇਂਦਾ ਹੈ

੩ ਮਨ ਦੇ ਕਹੇ ਵਿੱਚ ਚੱਲਣ ਵਾਲਾ ਦੁੱਖਾਂ ਦਾ ਸਾਹਮਣਾ ਕਰਦਾ ਹੈ

੪ ਅਸਲੀਅਤ ਪਰਗਟ ਹੋਣ `ਤੇ ਅਜੇਹੇ ਵਿਆਕਤੀ ਦਾ ਕਰੁਪ ਚਿਹਰਾ ਪ੍ਰਗਟ ਹੁੰਦਾ ਹੈ

੫ ਭੈੜਾ ਕਰਮ ਕਰਕੇ ਪਛਤਾਵਾ ਹੀ ਰਹਿ ਜਾਂਦਾ ਹੈ।

ਜੇ ਅਉਗਣਾਂ ਵਾਲਾ ਰਾਹ ਤਿਆਗ ਕੇ ਜ਼ਿੰਦਗੀ ਦੀ ਅਸਲੀਅਤ ਨੂੰ ਸਮਝ ਲਏ ਤਾਂ ਉਹ ਸਚਿਆਰ ਮਨੁੱਖ ਬਣਦਾ ਹੈ।

ਜੇ ਗੁਰ ਕੀ ਸਰਣੀ ਫਿਰਿ ਓਹੁ ਆਵੈ ਤਾ ਪਿਛਲੇ ਅਉਗਣ ਬਖਸਿ ਲਇਆ।।

ਜਨ ਨਾਨਕ ਅਨਦਿਨੁ ਨਾਮੁ ਧਿਆਇਆ ਹਰਿ ਸਿਮਰਤ ਕਿਲਵਿਖ ਪਾਪ ਗਇਆ।। ੨।।

ਸਲੋਕ ਮ: ੪ ਪੰਨਾ ੩੦੭

ਅੱਖਰੀਂ ਅਰਥ-—ਫਿਰ ਭੀ (ਭਾਵ, ਇਹੋ ਜਿਹਾ ਪਾਪੀ ਹੁੰਦਿਆਂ ਭੀ) ਜੇ ਉਹ ਸਤਿਗੁਰੂ ਦੀ ਚਰਨੀਂ ਢਹਿ ਪਵੇ ਤਾਂ ਸਤਿਗੁਰੂ ਉਸ ਦੇ ਪਿਛਲੇ ਅਉਗੁਣਾਂ ਨੂੰ ਬਖ਼ਸ਼ ਦੇਂਦਾ ਹੈ। ਹੇ ਨਾਨਕ! ਜੋ ਮਨੁੱਖ (ਸਤਿਗੁਰੂ ਦੀ ਸਰਣਿ ਪੈ ਕੇ) ਹਰ ਰੋਜ਼ ਨਾਮ ਜਪਦਾ ਹੈ, ਪ੍ਰਭੂ ਨੂੰ ਸਿਮਰਦਿਆਂ ਉਸ ਦੇ ਸਾਰੇ ਪਾਪ ਦੂਰ ਹੋ ਜਾਂਦੇ ਹਨ। ੨।




.