.

ਪਉੜੀ 8

ਨੋਟ:ਨਿਜਘਰ ਤੋਂ ਰੱਬ, ਸ਼ਹੁ, ਪ੍ਰੀਤਮ ਦੀਆਂ ਵਾਤਾਂ ਸੁਣਨ ਨਾਲ ਮਨ ਦੇ ਖ਼ਿਆਲਾਂ ਵਿਚ ਜੋ ਤਬਦੀਲੀ ਹੁੰਦੀ ਹੈ, ਉਨ੍ਹਾਂ ਅਵਸਥਾਵਾਂ ਨੂੰ 8 ਤੋਂ 11 ਪਉੜੀਆਂ ’ਚ ਵਿਚਾਰਿਆ ਹੈ।

ਸੁਣਿਐ ਸਿਧ ਪੀਰ ਸੁਰਿ ਨਾਥ ॥

ਸਿਧ:ਕਾਮਯਾਬ ਹੋਣਾ - ਸਤਿਗੁਰ ਦੀ ਮੱਤ (ਸੱਚ ਦੀ ਵੀਚਾਰਧਾਰਾ) ਨਾਲ ਮਿਹਨਤ ਕਰਕੇ ਆਪਣੇ ਸਰੀਰ ਨੂੰ ਰਜ਼ਾ ਅਧੀਨ ਜਿਊਣ ਵਿਚ ਕਾਮਯਾਬੀ। ਗੁਰਬਾਣੀ ਦਾ ਫੁਰਮਾਨ ਹੈ ਕਿ,‘ਅਚਰੁ ਚਰੈ ਤਾ ਸਿਧਿ ਹੋਈ ਸਿਧੀ ਤੇ ਬੁਧਿ ਪਾਈ ॥’ਭਾਵ ਲੋਕੀ ਜਿਸ ਆਤਮਕ ਭੋਜਨ ਨੂੰ ਹਜਮ ਕਰਨਾ ਮੁਸ਼ਕਲ ਸਮਝਦੇ ਹਨ, ਵਿਰਲਾ ਮਨ ਸਤਿਗੁਰ ਦੀ ਮੱਤ ਨੂੰ ਸੁਣਕੇ ਆਤਮਕ ਭੋਜਨ ਖਾਕੇ ਆਪਣੀ ਕੂੜ ਤੋਂ ਛੁੱਟਦਾ ਹੈ। ਇਸੇ ਨੂੰ‘ਸਿਧੀ ਤੇ ਬੁਧਿ’ਪ੍ਰਾਪਤ ਕਰਨਾ ਕਹਿੰਦੇ ਹਨ।

ਪੀਰ:ਧਾਰਮਕ ਅਗਵਾਈ ਦੇਣ ਵਾਲੀ ਮੱਤ, ਸੁਜਾਣ ਮੱਤ।

ਸੁਰਿ:ਬਿਬੇਕ ਬੁਧ ਦੀ ਪ੍ਰਾਪਤੀ।

ਨਾਥ:ਸਾਰੇ ਸੁਰਤ, ਮੱਤ, ਮਨ, ਬੁਧ, ਇੰਦਰੀਆਂ, ਗਿਆਨ ਇੰਦਰੀਆਂ, ਰੋਮ-ਰੋਮ ਨੂੰ ਨਥ ਪਾ ਕੇ ਨਿਜਘਰ ਅੰਤਰ ਆਤਮੇ ਨਾਲ ਜੋਗ ਬਣਾਉਣ ਵਾਲਾ ਮਾਲਿਕ (ਜੋਗੀ) ਖਸਮ, ਸੁਆਮੀ।

ਜਦੋਂ ਮਨ ਸਤਿਗੁਰ ਦੀ ਵਾਤ ਸੁਣਦਾ ਹੈ ਤਾਂ ਮਨ ਕੀ ਮੱਤ ਛੁੱਟ ਜਾਂਦੀ ਹੈ। ਵਿਰਲਾ ਮਨ ਆਪਣੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਅਤੇ ਅਨੇਕਾਂ ਖਿਆਲਾਂ ਨੂੰ ਸਤਿਗੁਰ ਦੀ ਸੁਜਾਣ ਮੱਤ ਦੀ ਨੱਥ ਪਾਉਣ ਵਿਚ ਕਾਮਯਾਬੀ ਹਾਸਲ ਕਰਦਾ ਹੈ।

ਸੁਣਿਐ ਧਰਤਿ ਧਵਲ ਆਕਾਸ ॥

ਧਰਤਿ:ਮਨ ਰੂਪੀ ਧਰਤੀ ਜਿਸ ਉੱਤੇ ਅਨੇਕਾਂ ਖਿਆਲਾਂ ਦੀ ਉਪਜ ਹੁੰਦੀ ਹੈ।

ਧਵਲ:ਚਿੱਟਾ, ਸਫ਼ੈਦ, ਮੈਲ ਰਹਿਤ, ਧਰਮ।

ਆਕਾਸ:ਉੱਚਾਈ, ਆਕਾਸ ਵਰਗੀ ਉੱਚੀ ਸੁਰਤ।

ਵਿਰਲੇ ਮਨ ਲਈ ਮਨ ਦੀ ਧਰਤੀ ਦਾ ਅਧਾਰ ਧਰਮ ਰੂਪੀ ਧਵਲ ਹੈ ਤੇ ਉੱਚੀ ਸੁਰਤ, ਮੱਤ, ਮਨ ਅਤੇ ਬੁੱਧ ਹੀ ਆਕਾਸ਼ ਹੈ।

ਸੁਣਿਐ ਦੀਪ ਲੋਅ ਪਾਤਾਲ ॥

ਦੀਪ:ਦੀਵਾ, ਚਰਾਗ, ਹਨੇਰੇ ਤੋਂ ਚਾਨਣ।

ਲੋਅ:ਨੂਰ, ਚਾਨਣਾ, ਪ੍ਰਕਾਸ਼।ਪਾਤਾਲ:ਧਰਤੀ ਦੇ ਹੇਠਾਂ। ਭਾਵ ਮਨ ਰੂਪੀ ਧਰਤੀ ਦੇ ਹੇਠਾਂ ਉਪਜਦੇ ਮੰਦੇ ਖਿਆਲ।

ਵਿਰਲੇ ਮਨ ਨੂੰ ਬਿਬੇਕ ਬੁਧ ਲੈਕੇ ਆਪਣੇ ਅੰਤਰ ਆਤਮੇ ਵਿਚ ਉਠਦੇ ਹਰੇਕ ਚੰਗੇ ਖਿਆਲ (ਦੀਪ) ਬਾਰੇ ਚਾਨਣ ਹੁੰਦਾ ਜਾਂਦਾ ਹੈ। ਮੈਲੇ ਅਣਦਿਸਦੇ (ਪਾਤਾਲ) ਵਰਗੇ ਖਿਆਲਾਂ ਬਾਰੇ ਜਾਗਰੂਕਤਾ ਵੀ ਹੋ ਜਾਂਦੀ ਹੈ।

ਸੁਣਿਐ ਪੋਹਿ ਨ ਸਕੈ ਕਾਲੁ ॥

ਪੋਹਿ:ਅੱਪੜ, ਛੂਹ।ਕਾਲੁ:ਆਤਮਕ ਮੌਤ (ਅਸ਼ਾਂਤ, ਅਸਹਜ, ਬੇਚੈਨ ਅਵਸਥਾ)

ਤੱਤ ਗਿਆਨ ਕਾਰਨ ਵਿਰਲੇ ਮਨ ਨੂੰ ਆਤਮਕ ਮੌਤ ਦਾ ਖਿਆਲ ਤੱਕ ਨਹੀਂ ਵਾਪਰਦਾ ਭਾਵ ਵਿਕਾਰੀ ਸੋਚ ਨਹੀਂ ਪੋਹੰਦੀ, ਮੰਦੇ ਫੁਰਨੇ ਫੁਰਦੇ ਹੀ ਨਹੀਂ।

ਨਾਨਕ ਭਗਤਾ ਸਦਾ ਵਿਗਾਸੁ ॥

ਨਾਨਕ ਜੀ ਆਖਦੇ ਹਨ ਕਿ ਵਿਰਲਾ ਮਨ ਸਤਿਗੁਰ ਦੀ ਮੱਤ ਨੂੰ ਸੁਣਕੇ ਆਪਣੇ ਸਾਰੇ ਜਗ ਵਿਚ ਭਾਵ ਖਿਆਲਾਂ, ਸੁਰਤ, ਮੱਤ, ਮਨ ਅਤੇ ਬੁਧ ਵਿਚ ਖੇੜਾ ਮਹਿਸੂਸ ਕਰਨ ਜੋਗ ਹੋ ਜਾਂਦਾ ਹੈ।

ਸੁਣਿਐ ਦੂਖ ਪਾਪ ਕਾ ਨਾਸੁ ॥8॥

ਇਸ ਤਰ੍ਹਾਂ ਵਿਰਲੇ ਮਨ ਨੂੰ ਦ੍ਰਿੜ ਹੁੰਦਾ ਹੈ ਕਿ ਅਵਗੁਣੀ ਖਿਆਲਾਂ ਤੋਂ ਖਲਾਸੀ ਹੁੰਦੀ ਹੈ। ਰੱਬੀ ਵਿਛੋੜੇ ਦਾ ਦੁਖ (ਭਾਵ ਵਿਕਾਰੀ ਖਿਆਲ) ਉਪਜਦੇ ਹੀ ਨਹੀਂ, ਨਾਸ਼ ਹੋ ਜਾਂਦੇ ਹਨ।

ਵੀਰ ਭੁਪਿੰਦਰ ਸਿੰਘ
.