.

‘ਸੰਬੰਧਕ-ਭਾਗ-੨’

੫. `ਪੈ, ਸਣੁ, ਸਮੇਤਿ, ਸਹਿਤ:

"ਅਨਿਕ ਅਨਿਕ ਭੋਗ ਰਾਜ ਬਿਸਰੇ ਪ੍ਰਾਣੀ ਸੰਸਾਰ ਸਾਗਰ ਪੈ ਅਮਰੁ ਭਇਆ।। (ਪੰ: /੯੨)

ਪੈ-ਵਿੱਚ।

"ਮੋਹਨ ਤੂੰ ਸੁਫਲੁ ਫਲਿਆ ਸਣੁ ਪਰਵਾਰੇ।। (ਪੰ: /੨੪੮)

ਸਣੁ-ਸਮੇਤ।

"ਮੈਲੀ ਕਾਇਆ ਹੰਸ ਸਮੇਤਿ।। ੫।। (ਪੰ: /੧੧੫੮)

ਸਮੇਤਿ-ਸਮੇਤ।

"ਸਾਰਿ ਸਮਾਲੈ ਨਿਤਿ ਪ੍ਰਤਿਪਾਲੈ ਪ੍ਰੇਮ ਸਹਿਤ ਗਲਿ ਲਾਵੈ।। (ਪੰ: /੬੧੭)

ਸਹਿਤ-ਨਾਲ।

੬. `ਬਦਲਾਵਨਿ, ਬਦਲੈ, ਸਟੈ, ਭਰਿ:

"ਆਨ ਦੇਵ ਬਦਲਾਵਨਿ ਦੈਹਉ।। ੧।। ਰਹਾਉ।। (ਪੰ: /੮੭੪)

ਬਦਲਾਵਨਿ-ਬਦਲੇ ਵਿੱਚ।

"ਬਨਜਨਹਾਰੇ ਬਾਹਰਾ ਕਉਡੀ ਬਦਲੈ ਜਾਇ।। ੧੫੪।। (ਪੰ: /੧੩੭੨)

ਬਦਲੈ-ਭਾਅ।

"ਮੈ ਤਉ ਮੋਲਿ ਮਹਗੀ ਲਈ ਜੀਅ ਸਟੈ।। ੧।। ਰਹਾਉ।। (ਪੰ: /੬੯੪)

ਸਟੈ-ਵੱਟੇ।

"ਨਾਮੇ ਸਰ ਭਰਿ ਸੋਨਾ ਲੇਹੁ।। ੧੦।। (ਪੰ: /੧੧੬੬)

ਸਰਭਰਿ-ਨਾਮਦੇਵ ਦੇ ਬਰਾਬਰ।

੭.’ਕਾਰਣਿ, ਅਰਥਿ, ਵਿਟਹੁ:

"ਅੰਤ ਕਾਰਣਿ ਕੇਤੇ ਬਿਲਲਾਹਿ।। (ਪੰ: /੫)

ਕਾਰਣਿ- (ਸੰਪਰਦਾਨ ਕਾਰਕ) ਲਈ।

"ਜੋ ਦੂਜੈ ਭਾਇ ਸਾਕਤ ਕਾਮਨਾ ਅਰਥਿ ਦੁਰਗੰਧ ਸਰੇਵਦੇ ਸੋ ਨਿਹਫਲ ਸਭੁ ਅਗਿਆਨੁ।। ੨।। (ਪੰ: /੭੩੪)

ਅਰਥਿ- (ਸੰਪਰਦਾਨ ਕਾਰਕ) ਖ਼ਾਤਰ।

"ਹਉ ਸਤਿਗੁਰ ਵਿਟਹੁ ਘੁਮਾਇਆ।। (ਪੰ: /੭੨)

ਵਿਟਹੁ – (ਅਪਾਦਾਨ ਕਾਰਕ) ਤੋਂ।

੮. `ਹੀ` (ਅਵਿਐ)

ਸਮੱਗਰ ਗੁਰਬਾਣੀ ਅੰਦਰ `ਹੀ` ਲਫ਼ਜ਼ ੯੦੭ ਵਾਰ ਆਇਆ ਹੈ। ਸੰਸਕ੍ਰਿਤ ਤੋਂ ਲਫ਼ਜ਼ ਆਪਣੇ ਮੂਲ ਰੂਪ `ਚ ਵਿਸ਼ੇਸ਼ ਸੰਬੰਧਕ ਵਜੋਂ ਆਇਆ ਹੈ। ਸੰਸਕ੍ਰਿਤ ਵਿੱਚ ਉਕਤ ਲਫ਼ਜ਼ ਨੂੰ `ਅਵਿਐ` ਕਿਹਾ ਜਾਂਦਾ ਹੈ, `ਅਵਿਐ` ਦਾ ਅਰਥ ਹੈ `ਨਾ ਬਦਲਣ ਵਾਲਾ ਚਿੰਨ੍ਹ`। ਉਪਰੋਕਤ ਸੰਬੰਧਕ ਜਿਸ ਭੀ ਲਫ਼ਜ਼ ਅੱਗੇ ਆਵੇਗਾ, ਉਸ ਵਿੱਚ ਦੋ ਪ੍ਰਕਾਰ ਦੀ ਤਬਦੀਲੀ ਜ਼ਰੂਰ ਹੁੰਦੀ ਹੈ। ਪਹਿਲੀ ਤਬਦੀਲੀ, ਜਾਂ ਤਾਂ ਸੰਬੰਧਿਤ-ਲਫ਼ਜ਼ ਨੂੰ ਲੱਗਾ ਵਿਆਕਰਣਿਕ-ਚਿੰਨ੍ਹ ਹਟਾ ਦੇਵੇਗਾ ਜਾਂ ਫਿਰ ਉਸ ਨੂੰ ਦੀਰਘ-ਮਾਤ੍ਰਾ ਲਾਅ ਦੇਵੇਗਾ, ਜਿਵੇਂ:

(ਉ) ਘਰ ਹੀ ਸੋ ਪਿਰੁ ਪਾਇਆ ਗੁਰ ਕੈ ਹੇਤਿ ਅਪਾਰੁ।। ੫।। (ਪੰ: /੬੧)

(ਅ) ਜਿਤੁ ਕੋ ਲਾਇਓ ਤਿਤ ਹੀ ਲਾਗਾ ਤੈਸੇ ਕਰਮ ਕਮਾਇਓ।। ੭।। (ਪੰ: /੧੦੧੭)

(ੲ) ਇਕਿ ਤੁਝ ਹੀ ਕੀਏ ਰਾਜੇ ਇਕਨਾ ਭਿਖ ਭਵਾਈਆ।। (ਪੰ: /੫੬੬)

ਪੰਗਤੀ `ਉ` ਵਿੱਚ `ਘਰ` ਲਫ਼ਜ਼ ਨਾਂਵ ਇਕਵਚਨ ਅਧਿਕਰਨ ਕਾਰਕ ਹੈ, ਪਰ ਅੰਤਿਕ ਸਿਹਾਰੀ `ਹੀ` ਅਵਿਐ ਆਉਣ ਕਾਰਣ ਲੱਥ ਗਈ ਹੈ। ਇਸ ਤਰ੍ਹਾਂ ਹੀ ਪੰਗਤੀ `ਅ`ਦੀ ਸਥਿਤੀ ਹੈ, `ਜਿਤੁ, ਤਿਤੁ` ਲਫ਼ਜ਼ ਮੂਲ-ਰੂਪ `ਚ ਪੜਨਾਵੀਂ-ਵਿਸ਼ੇਸ਼ਣ ਹਨ, ਤੇ ਸਦਾ ਅੰਤ-ਔਂਕੜ ਸਹਿਤ ਆਉਂਦੇ ਹਨ। ਪਰ ਉਕਤ ਪੰਗਤੀ ਵਿੱਚ `ਤਿਤ` ਦਾ ਅੰਤ-ਮੁਕਤਾ ਹੋਣਾ ਅੱਗੇ ਆਇਆ ਲਫ਼ਜ਼ `ਹੀ` ਕਰਕੇ ਹੈ। ਪੰਗਤੀ `ੲ` ਵਿੱਚ ਭੀ `ਤੁਝ` ਦਾ ਅੰਤ-ਔਂਕੜ ਅਵਿਐ ਕਰਕੇ ਹਟਿਆ ਹੈ।

(ਉ) ਸਹਜੇ ਹੀ ਹਰਿ ਨਾਮਿ ਸਮਾਇਆ।। ੩।। (ਪੰ: /੧੧)

(ਅ) ਨਾਮੈ ਹੀ ਤੇ ਸੁਖੁ ਪਾਈਐ ਸਚੈ ਸਬਦਿ ਸੁਹਾਇ।। ੧।। (ਪੰ: /੩੪)

ਪੰਗਤੀ `ਉ` ਵਿੱਚ ਅਵਿਐ ਆਉਣ ਕਾਰਣ `ਸਹਜ` ਲਫ਼ਜ਼ ਨੂੰ `ਸਿਹਾਰੀ` ਲਘੂ-ਮਾਤ੍ਰਾ, `ਲਾਂ` ਦੀਰਘ-ਮਾਤ੍ਰਾ ਵਿੱਚ ਤਬਦੀਲ ਹੋ ਗਈ ਹੈ। ਪੰਗਤੀ `ਅ` ਵਿੱਚ ਭੀ ਲਫ਼ਜ਼ `ਨਾਮ` ਦੀ `ਸਿਹਾਰੀ`, `ਦੋਲਾਵਾਂ` ਵਿੱਚ ਤਬਦੀਲ ਹੋਈ ਹੈ।

`ਅਵਿਐ` ਤਦਭਵ ਰੂਪਾਂ `ਚ ਗੁਰਬਾਣੀ ਅੰਦਰ ਹੋਰ ਤਰੀਕੇ ਨਾਲ ਭੀ ਵਰਤਿਆ ਮਿਲਦਾ ਹੈ। ਜੈਤਸਰੀ ਕੀ ਵਾਰ ਪੰਨਾ `੭੦੫-੭੧੦`ਵਿੱਚ ਤਿੰਨ੍ਹ ਵਾਰ ਅਤੇ `ਸਹਸਕ੍ਰਿਤੀ` ਪੰਨਾ ੧੩੫੩-੧੩੬੦ ਵਿੱਚ ੧੪ ਵਾਰ ਲਫ਼ਜ਼`ਨਚ` ਆਇਆ ਹੈ, ਇਹ ਸਯੁੰਕਤ ਲਫ਼ਜ਼ ਕਿਰਿਆ-ਵਿਸ਼ੇਸ਼ਣ ਹੈ; ਜਿਸ ਦਾ `ਨ` ਨਿਖੇਧ-ਬੋਧਕ ਅਤੇ `ਚ` ਅਵਿਐ ਹੈ। ਵੀਚਾਰ-ਅਧੀਨ ਲਫ਼ਜ਼ ਦਾ ਅਰਥ ਬਣਦਾ ਹੈ `ਨਹੀਂ`। ਵਿਆਕਰਣਿਕ-ਨੇਮਾਂ ਅਨੁਸਾਰ ਉਕਤ ਲਫ਼ਜ਼ ਪ੍ਰਿੰਟ ਭੀ ਅਲਗ-ਅਲਗ ਹੋਇਗਾ ਅਤੇ ਉਚਾਰਣ ਭੀ ਅਲਗ-ਅਲਗ ਕਰਕੇ `ਨ-ਚ` ਵਾਂਗ ਹੋਵੇਗਾ। ਅੱਜ-ਕੱਲ੍ਹ ਭਾਵੇਂ ਨਾ-ਵਾਕਫ਼ੀ ਕਾਰਣ ਉਕਤ ਲਫ਼ਜ਼ ਮੌਜੂਦਾ ਬੀੜਾਂ ਵਿੱਚ ਇਕੱਠਾ ਹੀ ਪ੍ਰਿੰਟ ਹੋ ਰਿਹਾ ਹੈ, ਪਰ ਇਸ ਤਰ੍ਹਾਂ ਦਰੁਸੱਤ ਨਹੀਂ ਹੈ:

"ਨ ਚ ਰਾਜ ਸੁਖ ਮਿਸਟੰ ਨਚ ਭੋਗ ਰਸ ਮਿਸਟੰ ਨਚ ਮਿਸਟੰ ਸੁਖ ਮਾਇਆ।। (ਪੰ: /੭੦੮)

"ਨ ਚ ਬਿਦਿਆ ਨਿਧਾਨ ਨਿਗਮੰ ਨਚ ਗੁਣਗ੍ਯ੍ਯ ਨਾਮ ਕੀਰਤਨਹ।। (ਪੰ: /੧੩੫੬)

"ਨ ਚ ਦੁਰਲਭੰ ਧਨੰ ਰੂਪੰ ਨਚ ਦੁਰਲਭੰ ਸ੍ਵਰਗ ਰਾਜਨਹ।। (ਪੰ: /੧੩੫੭)

ਉਪਰੋਕਤ ਪੰਗਤੀਆਂ ਵਿੱਚ `ਨ-ਚ` ਨੂੰ ਅਲਗ-ਅਲਗ ਕਰਕੇ ਪੜ੍ਹਣਾ ਹੈ। ਪ੍ਰੋ. ਸਾਹਿਬ ਸਿੰਘ ਜੀ ਭੀ ਉਕਤ ਲਫ਼ਜ਼ ਨੂੰ ਅਲਗ-ਅਲਗ ਕਰਕੇ ਅਰਥ ਕਰਦੇ ਹਨ। ਪ੍ਰਚਲਤ ਵੀਚਾਰ ਨਾਲ ਸੰਬੰਧਤ ਲਫ਼ਜ਼ ਸੰਸਕ੍ਰਿਤ-ਬਾਣੀ ਅੰਦਰ ਇੱਕ ਹੋਰ ਮਿਲਦਾ ਹੈ, ਜਿਸ ਬਾਬਤ ਵੀਚਾਰ ਸਾਂਝੀ ਕਰਨੀ ਭੀ ਲਾਹੇਵੰਦ ਹੋਵੇਗੀ। ਉਕਤ ਲਫ਼ਜ਼ ਹੈ `ਕਤੰਚ`।

ਇਹ ਲਫ਼ਜ਼ ਸੰਸਕ੍ਰਿਤ ਤੋਂ ਤਦਭਵ ਰੂਪ `ਚ ਗੁਰਬਾਣੀ-ਲਿਖ਼ਤ ਵਿੱਚ ੬ ਵਾਰ ਦਰਜ਼ ਹੋਇਆ ਹੈ, ਇਸ ਕਿਰਿਆ-ਵਿਸ਼ੇਸ਼ਣੀ ਲਫ਼ਜ਼ ਦੇ ਅੰਤ `ਚ` ਅਵਿਐ ਪਛੇਤਰ ਲਗਿਆ ਹੈ। ਉਕਤ ਸ਼ਬਦ ਪ੍ਰਿੰਟ ਭੀ `ਕਤੰ ਚ` ਕਰਕੇ ਹੋਇਗਾ ਅਤੇ ਪੜ੍ਹਿਆ ਭੀ ਅਲਗ-ਅਲਗ ਜਾਵੇਗਾ, ਜਿਸ ਤਰ੍ਹਾਂ ਪ੍ਰੋ. ਸਾਹਿਬ ਸਿੰਘ ਜੀ ਨੇ ਸੇਧ ਦਿੱਤੀ ਹੈ। ਇਸ ਨੂੰ ਇਕੱਠਾ ਕਰਕੇ ਪ੍ਰਿੰਟ ਕਰਨਾ ਦਰੁਸੱਤ ਨਹੀਂ:

"ਕਤੰ ਚ ਮਾਤਾ ਕਤੰਚ ਪਿਤਾ ਕਤੰਚ ਬਨਿਤਾ ਬਿਨੋਦ ਸੁਤਹ।। (ਪੰ: /੧੩੫੩)

"ਕਤੰ ਚ ਭ੍ਰਾਤ ਮੀਤ ਹਿਤ ਬੰਧਵ ਕਤੰਚ ਮੋਹ ਕੁਟੰਬ੍ਯ੍ਯਤੇ।। (ਪੰ: /੧੩੫੩)

ਕਤੰ ਚ- {ਕਿਰਿਆ ਵਿਸ਼ੇਸ਼ਣ} ਕਿੱਥੇ ਹੈ।

੯. `ਕਹੁ`

ਉਪਰੋਕਤ ਲਫ਼ਜ਼ ਸਮੱਗਰ ਗੁਰਬਾਣੀ ਦੀ ਲਿਖ਼ਤ ਵਿੱਚ ੫੫੨ ਵਾਰ `ਸੰਬੋਧਨੀ-ਨਾਂਵ` ਰੂਪ `ਚ ਆਉਂਦਾ ਹੈ। ਪਰ ਦੋ ਵਾਰ `ਸੰਪਰਦਾਨ-ਕਾਰਕ` ਦਾ ਕਾਰਕੀ-ਚਿੰਨ੍ਹ ਵਜੋਂ ਭੀ ਗੁਰਬਾਣੀ `ਚ ਆਇਆ ਹੈ, ਜਿਵੇਂ:

"ਨੰਨਾਕਾਰੁ ਨ ਹੋਤਾ ਤਾ ਕਹੁ।। ਨਾਮੁ ਮੰਤ੍ਰੁ ਗੁਰਿ ਦੀਨੋ ਜਾ ਕਹੁ।। (ਪੰ: /੨੫੭)

ਤਾ ਕਹੁ – {ਸੰਪਰਦਾਨ ਕਾਰਕ} ਉਸ ਨੂੰ/ਲਈ।

ਜਾ ਕਹੁ – {ਸੰਪਰਦਾਨ ਕਾਰਕ} ਜਿਸ ਨੂੰ/ਲਈ।

ਉਪਰੋਕਤ ਪੰਗਤੀ ਵਿੱਚ `ਕਹੁ` ਦਾ ਅਸਲੀ ਰੂਪ `ਕਉ` ਹੈ, ਜੋ ਕਿ ਗੁਰਮਤਿ-ਕਾਵਿ ਪ੍ਰਬੰਧ ਅਧੀਨ `ਉ` ਦਾ `ਹੁ` ਵਿੱਚ ਵਟਾਂਦਰਾ (ਬਦਲ) ਹੋਇਆ ਹੈ। ਜਿਵੇਂ ਕਿ ਅਕਸਰ ਹੀ ਗੁਰਬਾਣੀ ਵਿੱਚ `ਉ` ਦਾ `ਹੁ` ਨਾਲ ਵਟਾਂਦਰਾ ਹੋ ਜਾਂਦਾ ਹੈ। ਉਦਾਹਰਣ ਲਈ ਜਿਵੇਂ ਲਫ਼ਜ਼ `ਉਲਾਸ` ਭੀ ਹੈ ਅਤੇ `ਹੁਲਾਸ` ਭੀ। ਇਸ ਤਰ੍ਹਾਂ ਤਿਲੰਗ ਰਾਗ ਵਿੱਚ ਇੱਕ ਹੋਰ ਪੰਗਤੀ ਦਰਸ਼ਨ ਕਰਨ `ਤੇ ਮਿਲਦੀ ਹੈ:

"ਧੂੜਿ ਤਿਨਾ ਕੀ ਜੇ ਮਿਲੈ ਜੀ ਕਹੁ; ਨਾਨਕ ਕੀ ਅਰਦਾਸਿ।। ੩।। (ਪੰ: /੭੨੨)

ਉਪਰੋਕਤ ਪੰਗਤੀ `ਚ ਲਫ਼ਜ਼ `ਕਹੁ` `ਸੰਪਰਦਾਨ-ਕਾਰਕ` ਦਾ ਕਾਰਕੀ-ਚਿੰਨ੍ਹ ਜਾਪਦਾ ਹੈ, ਜਿਸ ਦਾ ਅਰਥ ਹੈ `ਲਈ`। ਵੀਚਾਰ-ਅਧੀਨ ਪੰਗਤੀ ਦੇ ਭੀ ਅਰਥ ਇਸ ਪ੍ਰਕਾਰ ਬਣਦੇ ਹਨ:

ਜੀ-ਜੀਅ, ਜਿੰਦ ਦੇ। ਜੀ ਕਹੁ-ਜਿੰਦ ਦੇ ਖੇੜੇ/ਖੁਸ਼ੀ/ਵਿਗਾਸ ਲਈ।

"ਨਾਨਕ ਦੀ ਅਰਦਾਸ ਹੈ ਜੇ ਕਿਤੇ ਮੇਰੇ ਜੀਅ ਦੇ ਖੇੜੇ ਲਈ ਮੈਨੂੰ ਰੰਗ-ਰਤਿਆਂ ਦੀ ਚਰਨ-ਧੂੜ (ਮਾਰਗ/ਪੰਧ) ਪ੍ਰਾਪਤ ਹੋ ਜਾਵੇ। "

ਇਸ ਤਰ੍ਹਾਂ ਉਕਤ ਪੰਗਤੀ ਵਿੱਚ ਅਲਪ-ਬਿਸਰਾਮ ਭੀ `ਜੀ` ਦੀ ਬਜਾਇ `ਕਹੁ` `ਤੇ ਲਗੇਗਾ।

ਭੁੱਲ-ਚੁੱਕ ਦੀ ਖਿਮਾਂ

ਹਰਜਿੰਦਰ ਸਿੰਘ `ਘੜਸਾਣਾ`

[email protected]




.