.

ਰੁਦਰ ਅਵਤਾਰ {ਪਹਿਲਾ ਭਾਗ}

(Rudra: Eleventh Incarnation of Vishnu)

ਆਓ, ਬਚਿਤ੍ਰ ਨਾਟਕ ਦੇ "ਰੁਦ੍ਰ ਅਵਤਾਰ" ਦੇ ਅਖੌਤੀ ਪ੍ਰਸੰਗ ਨੂੰ ਪੜ੍ਹ ਕੇ ਆਪਣਾ ਸਮਾਂ ਬਰਬਾਦ ਨ ਕਰੀਏ ਕਿਉਂਕਿ ਇਸ ਵਿੱਚ ਕੋਈ ਸਚਾਈ ਨਜ਼ਰ ਨਹੀਂ ਆਉਂਦੀ! ਪਤਾ ਨਹੀਂ ਇਸ ਨੂੰ ਦਸਮ ਗ੍ਰੰਥ ਕਿਉਂ ਕਹਿੰਦੇ ਹਨ? "ਅਸੰਖ ਗਰੰਥ" ਦੇ ਪਹਿਲੇ ਨੌ ਗਰੰਥ ਕਿਥੋਂ ਮਿਲ ਸਕਦੇ ਹਨ?

ਅਥ ਰੁਦ੍ਰ ਅਵਤਾਰ ਬਰਨਨੰ

ਸ੍ਰੀ ਭਗਉਤੀ ਜੀ ਸਹਾਇ

ਤੋਟਕ ਛੰਦ

ਸਬ ਹੀ ਜਨ ਧਰਮ ਕੇ ਕਰਮ ਲਗੇ। ਤਜਿ ਜੋਗ ਕੀ ਰੀਤਿ ਕੀ ਪ੍ਰੀਤਿ ਭਗੇ।

ਜਬ ਧਰਮ ਚਲੇ ਤਬ ਜੀਉ ਬਢੇ। ਜਨੁ ਕੋਟਿ ਸਰੂਪ ਕੇ ਬ੍ਰਹਮੁ ਗਢੇ। ੧।

ਅਰਥ ਕਰਤਾ ਡਾ. ਰਤਨ ਸਿੰਘ ਜੱਗੀ ਅਤੇ ਡਾ. ਗੁਰਸ਼ਰਨ ਕੌਰ ਜੱਗੀ: {ਅਗਿਆਤ ਲੇਖਕ ਬਿਆਨ ਕਰਦਾ ਹੈ ਕਿ} ਸਾਰੇ ਹੀ ਲੋਕ ਧਰਮ ਕਰਮ ਵਿੱਚ ਲਗ ਗਏ। (ਲੋਕੀ) ਯੋਗ ਦੀ ਰੀਤ ਦੀ ਪ੍ਰੀਤ ਛਡ ਕੇ ਭਜ ਗਏ। ਜਦੋਂ ਧਰਮ ਚਲ ਪਿਆ ਤਾਂ ਜੀਵਾਂ ਵਿੱਚ ਵਾਧਾ ਹੋ ਗਿਆ ਅਤੇ ਲੋਕਾਂ ਨੇ ਕਰੋੜਾਂ ਰੂਪ ਦੇ ਬ੍ਰਹਮ ਘੜ ਲਏ। ੧।

ਜਗ ਜੀਵਨ ਭਾਰ ਭਰੀ ਧਰਣੀ। ਦੁਖ ਆਕੁਲ ਜਾਤ ਨਹੀ ਬਰਣੀ।

ਧਰ ਰੂਪ ਗਊ ਦਧ ਸਿੰਧ ਗਈ। ਜਗਨਾਇਕ ਪੈ ਦੁਖੁ ਰੋਤ ਭਈ। ੨।

ਅਰਥ: ਜਗਤ ਦੇ ਜੀਵਾਂ ਨਾਲ ਧਰਤੀ ਭਰ ਗਈ, (ਫਲਸਰੂਪ) ਦੁਖਾਂ ਨਾਲ ਵਿਆਕੁਲ (ਹੋ ਗਈ ਜਿਸ ਦਾ) ਵਰਣਨ ਨਹੀਂ ਕੀਤਾ ਜਾ ਸਕਦਾ। (ਧਰਤੀ) ਗਊ ਦਾ ਰੂਪ ਧਾਰਨ ਕਰ ਕੇ ਛੀਰ ਸਮੁੰਦਰ ਨੂੰ ਗਈ ਅਤੇ ਜਗਤ ਦੇ ਸੁਆਮੀ ਅਗੇ (ਆਪਣਾ) ਦੁਖ ਰੋ ਕੇ ਦਸਿਆ। ੨।

ਹਸਿ ਕਾਲ ਪ੍ਰਸੰਨ ਭਏ ਤਬ ਹੀ। ਦੁਖ ਸ੍ਰਉਨਨ ਭੂਮਿ ਸੁਨਿਯੋ ਜਬ ਹੀ।

ਢਿਗ ਬਿਸਨੁ ਬੁਲਾਇ ਲਯੋ ਅਪਨੇ। ਇਹ ਭਾਤਿ ਕਹਿਯੋ ਤਿਹ ਕੋ ਸੁਪਨੇ। ੩।

ਅਰਥ: ਜਦੋਂ ਹੀ ਧਰਤੀ ਦਾ ਦੁਖੜਾ ਕੰਨਾਂ ਨਾਲ ਸੁਣਿਆ ਤਾਂ ਕਾਲ ਪੁਰਖ ਪ੍ਰਸੰਨ ਹੋ ਕੇ ਹਸ ਪਏ। (ਉਨ੍ਹਾਂ ਨੇ) ਆਪਣੇ ਕੋਲ ਵਿਸ਼ਣੂ ਨੂੰ ਬੁਲਾ ਲਿਆ ਅਤੇ ਉਸ ਨੂੰ ਇਸ ਤਰ੍ਹਾਂ ਕਿਹਾ-। ੩।

ਸੁ ਕਹਿਯੋ ਤੁਮ ਰੁਦ੍ਰ ਸਰੂਪ ਧਰੋ। ਜਗ ਜੀਵਨ ਕੋ ਚਲਿ ਨਾਸ ਕਰੋ।

ਤਬਹੀ ਤਿਹ ਰੁਦ੍ਰ ਸਰੂਪ ਧਰਿਯੋ॥ ਜਗ ਜੰਤ ਸੰਘਾਰ ਕੋ ਜੋਗ ਕਰਿਯੋ। ੪।

ਅਰਥ: ( ‘ਕਾਲ ਪੁਰਖ’ ਨੇ) ਕਿਹਾ- (ਹੇ ਵਿਸ਼ਣੂ!) ਤੂੰ ਰੁਦ੍ਰ ਦਾ ਸਰੂਪ ਧਾਰਨ ਕਰ ਅਤੇ ਜਗਤ ਦੇ ਜੀਵਾਂ ਦਾ ਚਲ ਕੇ ਨਾਸ਼ ਕਰ। ਤਦੋਂ ਹੀ ਉਸ ਨੇ ਰੁਦ੍ਰ ਦਾ ਸਰੂਪ ਧਾਰਨ ਕੀਤਾ ਅਤੇ ਜਗਤ ਦੇ ਜੀਵਾਂ ਦਾ ਸੰਘਾਰ ਕਰਕੇ ਯੋਗ (ਮਤ) ਦੀ ਸਥਾਪਨਾ ਕੀਤੀ। ੪।

ਕਹਿ ਹੋ ਸਿਵ ਜੈਸਕ ਜੁਧ ਕੀਏ। ਸੁਖ ਸੰਤਨ ਕੋ ਜਿਹ ਭਾਤਿ ਦੀਏ।

ਗਨਿਯੋ ਜਿਹ ਭਾਤਿ ਬਰੀ ਗਿਰਜਾ। ਜਗਜੀਤ ਸੁਯੰਬਰ ਮੋ ਸੁਪ੍ਰਭਾ। ੫।

ਅਰਥ: (ਮੈਂ) ਕਹਿੰਦਾ ਹਾਂ, ਸ਼ਿਵ ਨੇ ਜਿਸ ਤਰ੍ਹਾਂ ਦੇ ਯੁੱਧ ਕੀਤੇ ਅਤੇ ਸੰਤਾਂ ਨੂੰ ਜਿਸ ਤਰ੍ਹਾਂ ਸੁਖ ਦਿੱਤੇ। (ਫਿਰ) ਦਸਾਂਗਾ ਜਿਸ ਤਰ੍ਹਾਂ (ਉਸ ਨੇ) ਪਾਰਬਤੀ ( ‘ਗਿਰਜਾ’ ) ਨਾਲ ਵਿਆਹ ਕੀਤਾ ਅਤੇ (ਉਸ) ਸੁੰਦਰੀ ਨੂੰ ਸੁਅੰਬਰ ਵਿੱਚ ਜਿਤਿਆ। ੫।

ਜਿਮ ਅੰਧਕ ਸੋ ਹਰਿ ਜੁਧੁ ਕਰਿਯੋ। ਜਿਹ ਭਾਤਿ ਮਨੋਜ ਕੋ ਮਾਨ ਹਰਿਯੋ।

ਦਲ ਦੈਂਤ ਦਲੇ ਕਰ ਕੋਪ ਜਿਮੰ। ਕਹਿਹੋ ਸਬ ਛੋਰਿ ਪ੍ਰਸੰਗ ਤਿਮੰ। ੬।

ਅਰਥ: ਜਿਵੇਂ ਅੰਧਕ (ਨਾਂ ਦੇ ਦੈਂਤ) ਨਾਲ ਸ਼ਿਵ ਨੇ ਯੁੱਧ ਕੀਤਾ ਅਤੇ ਜਿਸ ਤਰ੍ਹਾਂ ਕਾਮ ਦੇਵ ਦਾ ਹੰਕਾਰ ਦੂਰ ਕੀਤਾ, ਜਿਸ ਤਰ੍ਹਾਂ ਕ੍ਰੋਧ ਕਰਕੇ ਦੈਂਤਾਂ ਦੇ ਦਲ ਨੂੰ ਦਲ ਦਿੱਤਾ ਤਿਵੇਂ ਹੀ ਮੈਂ ਮੁੱਢੋਂ ਇਹ ਸਾਰੇ ਪ੍ਰਸੰਗ ਕਹਿੰਦਾ ਹਾਂ। ੬।

ਪਾਧਰੀ ਛੰਦ

ਜਬ ਹੋਤ ਧਰਨ ਭਾਰਾਕਰਾਂਤ। ਤਬ ਪਰਤ ਨਾਹਿ ਤਿਹ ਹ੍ਰਿਦੈ ਸਾਂਤਿ।

ਤਬ ਦਧ ਸਮੁੰਦ੍ਰਿ ਕਰਈ ਪੁਕਾਰ। ਤਬ ਧਰਤ ਬਿਸਨ ਰੁਦ੍ਰਾਵਤਾਰ। ੭।

ਅਰਥ: ਜਦੋਂ ਭਾਰ ਨਾਲ ਧਰਤੀ ਪੀੜਿਤ ਹੋ ਜਾਂਦੀ ਹੈ ਤਦੋਂ ਉਸ ਦੇ ਹਿਰਦੇ ਨੂੰ ਸ਼ਾਂਤੀ ਨਹੀਂ ਆਉਂਦੀ। ਤਦ (ਉਹ) ਛੀਰ ਸਮੁੰਦਰ ਵਲ ਜਾ ਕੇ ਅਰਜ਼ੋਈ ਕਰਦੀ ਹੈ ਤਦ ਵਿਸ਼ਣੂ ਰੁਦ੍ਰ ਅਵਤਾਰ ਧਾਰਨ ਕਰਦਾ ਹੈ। ੭।

ਤਬ ਕਰਤ ਸਕਲ ਦਾਨਵ ਸੰਘਾਰ। ਕਰਿ ਦਨੁਜ ਪ੍ਰਲਵ ਸੰਤਨ ਉਧਾਰ।

ਇਹ ਭਾਤਿ ਸਕਲ ਕਰਿ ਦੁਸਟ ਨਾਸ। ਪੁਨਿ ਕਰਤਿ ਹ੍ਰਿਦੈ ਭਗਵਾਨ ਬਾਸ। ੮।

ਅਰਥ: ਤਦ (ਰੁਦ੍ਰ) ਸਾਰਿਆਂ ਦੈਂਤਾਂ ਦਾ ਸੰਘਾਰ ਕਰਦਾ ਹੈ, ਦੈਂਤਾਂ ਲਈ ਪਰਲੋ ਲਿਆਉਂਦਾ ਹੈ ਅਤੇ ਸੰਤਾਂ ਦਾ ਉਧਾਰ ਕਰਦਾ ਹੈ। ਇਸ ਤਰ੍ਹਾਂ ਸਾਰੇ ਦੁਸ਼ਟਾਂ ਦਾ ਨਾਸ਼ ਕਰਕੇ ਫਿਰ ਭਗਵਾਨ ਦੇ ਹਿਰਦੇ ਵਿੱਚ ਨਿਵਾਸ ਜਾ ਕਰਦਾ ਹੈ। ੮।

ਤੋਟਕ ਛੰਦ

ਤ੍ਰਿਪੁਰੈ ਇੱਕ ਦੈਂਤ ਬਢਿਯੋ ਤ੍ਰਿਪੁਰੰ। ਜਿ ਤੇਜ ਤਪੈ ਰਵਿ ਜਿਉ ਤ੍ਰਿਪੁਰੰ।

ਬਰਦਾਇ ਮਹਾਸੁਰ ਐਸ ਭਯੋ। ਜਿਨਿ ਲੋਕ ਚਤੁਰਦਸ ਜੀਤ ਲਯੋ। ੯।

ਅਰਥ: ਤਿਪੁਰ ਨਾਂ ਦਾ ਇੱਕ ਦੈਂਤ (ਮਧੁ ਦੈਂਤ ਵਲੋਂ ਬਣਾਈਆਂ) ਤਿੰਨ ਪੁਰੀਆਂ ਵਿੱਚ ਜ਼ੋਰ ਪਕੜ ਗਿਆ। ਉਸ ਦਾ ਸੂਰਜ ਵਾਂਗ ਤੇਜ ਤਿੰਨਾਂ ਪੁਰੀਆਂ ਵਿੱਚ ਤਪਦਾ ਸੀ। ਵਰ ਪ੍ਰਾਪਤ ਕਰਕੇ (ਉਹ) ਮਹਾ ਦੈਂਤ ਅਜਿਹਾ ਹੋ ਗਿਆ ਕਿ ਉਸ ਨੇ ਚੌਦਾਂ ਲੋਕਾਂ ਨੂੰ ਜਿਤ ਲਿਆ। ੯।

ਜੋਊ ਏਕ ਹੀ ਬਾਣ ਹਣੇ ਤ੍ਰਿਪੁਰੰ। ਸੋਊ ਨਾਸ ਕਰੈ ਤਿਹ ਦੈਂਤ ਦੁਰੰ।

ਅਸ ਕੋ ਪ੍ਰਗਟਿਯੋ ਕਬਿ ਤਾਹਿ ਗਨੈ। ਇੱਕ ਬਾਣ ਹੀ ਸੋ ਪੁਰ ਤੀਨ ਹਨੈ। ੧੦।

ਅਰਥ: (ਉਸ ਦੈਂਤ ਨੂੰ ਵਰਦਾਨ ਪ੍ਰਾਪਤ ਸੀ ਕਿ) ਜੋ ਇਕੋ ਤੀਰ ਨਾਲ ਤ੍ਰਿਪੁਰ ਨੂੰ ਨਸ਼ਟ ਕਰਨ ਦੀ ਸਮਰਥਾ ਰਖਦਾ ਹੋਵੇਗਾ, ਉਹੀ ਉਸ ਭਿਆਨਕ ਦੈਂਤ ਦਾ ਸੰਘਾਰ ਕਰੇਗਾ। ਅਜਿਹਾ ਕੌਣ ਪ੍ਰਗਟ ਹੋਇਆ ਹੈ? ਕਵੀ ਉਸ ਦਾ ਵਰਣਨ ਕਰਦਾ ਹੈ ਜਿਸ ਨੇ ਇੱਕ ਹੀ ਬਾਣ ਨਾਲ ਤਿੰਨੋ ਪੁਰੀਆਂ ਨਸ਼ਟ ਕਰ ਦਿੱਤੀਆਂ ਸਨ। ੧੦।

ਸਿਵ ਧਾਇ ਚਲਿਯੋ ਤਿਹ ਮਾਰਨ ਕੋ। ਜਗ ਕੇ ਸਬ ਜੀਵ ਉਧਾਰਨ ਕੋ।

ਕਰਿ ਕੋਪਿ ਤਜਿਯੋ ਸਿਤ ਸੁਧ ਸਰੰ। ਇੱਕ ਬਾਰ ਹੀ ਨਾਸ ਕੀਯੋ ਤ੍ਰਿਪੁਰੰ। ੧੧।

ਅਰਥ: ਸ਼ਿਵ ਉਸ ਨੂੰ ਮਾਰਨ ਲਈ ਅਤੇ ਸਾਰੇ ਜਗਤ ਦੇ ਜੀਵਾਂ ਨੂੰ ਬਚਾਉਣ ਲਈ ਚਲ ਪਿਆ। (ਉਸ ਨੇ) ਕ੍ਰੋਧ ਕਰ ਕੇ (ਇਕ) ਬਹੁਤ ਚਮਕਦਾ ਤੀਰ ਛਡਿਆ ਅਤੇ ਇਕੋ ਵਾਰ ਤਿੰਨਾਂ ਪੁਰੀਆਂ ਦਾ ਨਾਸ਼ ਕਰ ਦਿੱਤਾ। ੧੧। (ਹੁਣ ਤੀਰ ਕਿੱਥੇ?)

ਲਖਿ ਕਉਤੁਕ ਸਾਧ ਸਬੈ ਹਰਖੇ। ਸੁਮਨੰ ਬਰਖਾ ਨਭ ਤੇ ਬਰਖੇ।

ਧੁਨਿ ਪੂਰ ਰਹੀ ਜਯ ਸਦ ਹੂਅੰ। ਗਿਰਿ ਹੇਮ ਹਲਾਚਲ ਕੰਪ ਭੂਅੰ। ੧੨।

ਅਰਥ: (ਇਸ) ਕੌਤਕ ਨੂੰ ਵੇਖ ਕੇ ਸਾਰੇ ਸਾਧ (ਦੇਵਤੇ) ਪ੍ਰਸੰਨ ਹੋਏ ਅਤੇ ਆਕਾਸ਼ ਤੋਂ ਫੁਲਾਂ ਦੀ ਬਰਖਾ ਹੋਣ ਲਗੀ। ਜੈ-ਜੈ-ਕਾਰ ਦੀ ਧੁਨੀ ਗੂੰਜਣ ਲਗ ਗਈ, ਹਿਮਾਲੇ ਪਰਬਤ ਵਿੱਚ ਹਲਚਲ ਮਚ ਗਈ ਅਤੇ ਧਰਤੀ ਕੰਬਣ ਲਗ ਗਈ। ੧੨।

ਦਿਨ ਕੇਤਕ ਬੀਤ ਗਏ ਜਬ ਹੀ। ਅਸੁਰੰਧਕ ਬੀਰ ਬੀਯੋ ਤਬ ਹੀ।

ਤਬ ਬੈਲ ਚੜਿਯੋ ਗਹਿ ਸੂਲ ਸਿਵੰ। ਸੁਰ ਚਉਕਿ ਚਲੇ ਹਰਿ ਕੋਪ ਕਿਵੰ। ੧੩।

ਅਰਥ: ਜਦੋਂ ਕੁੱਝ ਸਮਾਂ ਬੀਤ ਗਿਆ ਤਦੋਂ ਅੰਧਕ ਨਾਂ ਦਾ ਦੂਜਾ ਵੀਰ (ਪੈਦਾ ਹੋ ਗਿਆ)। ਤਦੋਂ ਸ਼ਿਵ ਤ੍ਰਿਸ਼ੂਲ ਫੜ ਕੇ ਬਲਦ ਉਤੇ ਚੜ੍ਹ ਚਲਿਆ। ਸ਼ਿਵ ਦੇ ਕ੍ਰੋਧ ਕਰਨ ਤੋਂ ਸਾਰੇ ਦੇਵਤੇ ਚੌਕ ਗਏ। ੧੩।

ਗਣ ਗੰਧ੍ਰਬ ਜਛ ਸਬੈ ਉਰਗੰ। ਬਰਦਾਨ ਦਯੋ ਸਿਵ ਕੋ ਦੁਰਗੰ।

ਹਨਿਹੋ ਨਿਰਖੰਤ ਮੁਰਾਰਿ ਸੁਰੰ। ਤ੍ਰਿਪੁਰਾਰਿ ਹਨਿਯੋ ਜਿਮ ਕੈ ਤ੍ਰਿਪੁਰੰ। ੧੪।

ਅਰਥ: ਸਾਰਿਆਂ ਗਣਾਂ, ਗੰਧਰਬਾਂ, ਯਕਸ਼ਾਂ, ਸੱਪਾਂ ਅਤੇ ਦੁਰਗਾ ਨੇ ਸ਼ਿਵ ਨੂੰ ਵਰਦਾਨ ਦਿੱਤਾ ਸੀ (ਕਿ) ਵੇਖਦਿਆ ਹੀ (ਵੇਖਦਿਆਂ ਸ਼ਿਵ) ਦੇਵਤਿਆਂ ਦੇ ਵੈਰੀ (ਅੰਧਕ) ਨੂੰ (ਇਸ ਤਰ੍ਹਾਂ) ਮਾਰਨਗੇ ਜਿਵੇਂ ਤ੍ਰਿਪੁਰ (ਨੂੰ ਵਿੰਨ੍ਹ ਕੇ) ਤ੍ਰਿਪੁਰ ਦੈਂਤ ਨੂੰ ਮਾਰਿਆ ਸੀ। ੧੪।

ਉਹ ਓਰਿ ਚੜੇ ਦਲ ਲੈ ਦੁਜਨੰ। ਇਹ ਓਰ ਰਿਸ੍ਹਯੋ ਗਹਿ ਸੂਲ ਸਿਵੰ।

ਰਣ ਰੰਗ ਰੰਗੇ ਰਣਧੀਰ ਰਣੰ। ਜਨ ਸੋਭਤ ਪਾਵਕ ਜੁਆਲ ਬਣੰ। ੧੫।

ਅਰਥ: ਉਧਰੋਂ ਵੈਰੀ (ਅੰਧਕ) ਸੈਨਾ-ਦਲ ਲੈ ਕੇ ਚੜ੍ਹਿਆ ਅਤੇ ਇਧਰੋਂ (ਹੱਥ ਵਿਚ) ਤ੍ਰਿਸ਼ੂਲ ਪਕੜ ਕੇ ਸ਼ਿਵ ਨੇ ਕ੍ਰੋਧ ਕੀਤਾ। (ਉਹ) ਦੋਵੇਂ ਰਣਧੀਰ ਰਣ-ਭੂਮੀ ਵਿੱਚ ਯੁੱਧ ਦੇ ਰੰਗ ਵਿੱਚ ਰੰਗੇ ਹੋਏ ਸਨ। (ਇੰਜ ਪ੍ਰਤੀਤ ਹੁੰਦਾ ਸੀ) ਮਾਨੋ ਬਨ ਵਿੱਚ ਅੱਗ ਦੀਆਂ ਬਲਦੀਆਂ ਹੋਈਆਂ ਲਾਟਾਂ ਸੁਸ਼ੋਭਿਤ ਹੋਣ। ੧੫।

ਦਨੁ ਦੇਵ ਦੋਊ ਰਣ ਰੰਗ ਰਚੇ। ਗਹਿ ਸਸਤ੍ਰ ਸਬੈ ਰਸ ਰੁਦ੍ਰ ਮਚੇ।

ਸਰ ਛਾਡਤ ਬੀਰ ਦੋਊ ਹਰਖੈ। ਜਨੁ ਅੰਤਿ ਪ੍ਰਲੈ ਘਨ ਸੈ ਬਰਖੈ। ੧੬।

ਅਰਥ: ਦੇਵਤੇ ਅਤੇ ਦੈਂਤ ਦੋਵੇਂ ਯੁੱਧ ਵਿੱਚ ਰੁਝ ਗਏ। ਸ਼ਸਤ੍ਰ ਫੜ ਕੇ ਸਾਰੇ ਯੁੱਧ ਕਰਮ ਵਿੱਚ ਮਸਤ ਹੋ ਗਏ। ਦੋਹਾਂ ਪਾਸਿਆਂ ਦੇ ਯੋਧੇ ਹਰਖ ਨਾਲ ਬਾਣ ਛਡਦੇ ਸਨ ਮਾਨੋ ਪਰਲੋ ਦੇ ਅੰਤ ਵਿੱਚ ਬਦਲ ਬਰਖਾ ਕਰ ਰਹੇ ਹੋਣ। ੧੬।

ਰੁਆਮਲ ਛੰਦ

ਘਾਇ ਖਾਇ ਭਜੇ ਸੁਰਾਰਦਨ ਕੋਪੁ ਓਪ ਮਿਟਾਇ। ਅੰਧਿ ਕੰਧਿ ਫਿਰਿਯੋ ਤਬੈ ਜਯ ਦੁੰਦਭੀਨ ਬਜਾਇ।

ਸੂਲ ਸੈਹਥਿ ਪਰਿਘ ਪਟਸਿ ਬਾਣ ਓਘ ਪ੍ਰਹਾਰ। ਪੇਲਿ ਪੇਲਿ ਗਿਰੇ ਸੁ ਬੀਰਨ ਖੇਲ ਜਾਨੁ ਧਮਾਰ। ੧੭।

ਅਰਥ: ਦੇਵਤਿਆਂ ਦੇ ਵੈਰੀ (ਦੈਂਤ) ਘਾਇਲ ਹੋ ਕੇ ਤੇਜਹੀਣ ਅਵਸਥਾ ਵਿੱਚ ਭਜਣ ਲਗੇ। ਤਦੋਂ ਅੰਧਕ ਦੈਂਤ (ਮਸਤੀ ਨਾਲ) ਜਿਤ ਦੇ ਨਗਾਰੇ ਵਜਾ ਕੇ ਘੁੰਮਣ ਲਗਿਆ। ਤ੍ਰਿਸ਼ੂਲ, ਸੈਹੱਥੀ, ਪਰਘ, ਪੱਟਾ ਅਤੇ ਬਾਣ ਆਦਿ ਦੇ ਪ੍ਰਹਾਰ ਹੋਣ ਲਗੇ। ਧਕਮਧਕੀ ਨਾਲ ਸੂਰਮੇ ਡਿਗ ਰਹੇ ਸਨ ਮਾਨੋ ਧਮਾਰ (ਨਾਚ) ਖੇਡ ਰਹੇ ਹੋਣ। ੧੭।

ਇਵੇਂ ਹੀ ਅਗਲੇ ਪਹਿਰਿਆਂ (੧੮ ਤੋਂ ੩੭ ਤੱਕ) ਦੇਵਤਿਆਂ ਅਤੇ ਦੈਂਤਾਂ ਵਿਚਕਾਰ ਮਨਘੜਤ ਯੁੱਧ ਦਾ ਵਰਣਨ ਕੀਤਾ ਹੋਇਆ ਹੈ!

ਤੋਟਕ ਛੰਦ

ਘਟਿ ਏਕ ਬਿਖੈ ਰਿਪੁ ਚੇਤ ਭਯੋ। ਧਨੁ ਬਾਣ ਬਲੀ ਪੁਨਿ ਪਾਣਿ ਲਯੋ।

ਕਰਿ ਕੋਪ ਕਵੰਡ ਕਰੇ ਕਰਖ੍ਹਯੰ। ਸਰ ਧਾਰ ਬਲੀ ਘਨ ਜਿਯੋ ਬਰਖ੍ਹਯੋ। ੩੮।

ਅਰਥ: ਅੰਧਕ ਦੈਂਤ ਇੱਕ ਘੜੀ ਵਿੱਚ ਸੁਚੇਤ ਹੋ ਗਿਆ ਅਤੇ (ਉਸ) ਬਲਵਾਨ ਨੇ ਫਿਰ ਹੱਥ ਵਿੱਚ ਧਨੁਸ਼ ਬਾਣ ਲੈ ਲਿਆ। ਕ੍ਰੋਧ ਕਰ ਕੇ (ਉਸ ਨੇ) ਧਨੁਸ਼ ਨੂੰ ਹੱਥ ਨਾਲ ਖਿਚਿਆ ਅਤੇ ਬਦਲ ਵਾਂਗ (ਉਸ) ਬਲਵਾਨ ਨੇ ਤੀਰਾਂ ਦੀ ਬਰਖਾ ਸ਼ੁਰੂ ਕਰ ਦਿੱਤੀ। ੩੮।

ਕਰਿ ਕੋਪ ਬਲੀ ਬਰਖ੍ਹਯੰ ਬਿਸਖੰ। ਇਹ ਓਰ ਲਗੈ ਨਿਸਰੇ ਦੁਸਰੰ।

ਤਬ ਕੋਪ ਕਰੰ ਸਿਵ ਸੂਲ ਲੀਯੋ। ਅਰਿ ਕੋ ਸਿਰੁ ਕਾਟਿ ਦੁਖੰਡ ਕੀਯੋ। ੩੯।

ਅਰਥ: ਕ੍ਰਧੋਵਾਨ ਹੋ ਕੇ ਬਲਵਾਨ ਦੈਂਤ ਬਾਣਾਂ ਦੀ ਬਰਖਾ ਕਰਨ ਲਗਿਆ। (ਉਹ ਤੀਰ) ਇੱਕ ਪਾਸਿਓਂ ਲਗ ਕੇ ਦੂਜੇ ਪਾਸੇ ਨਿਕਲਦੇ ਸਨ। ਤਦੋਂ ਸ਼ਿਵ ਨੇ ਕ੍ਰੋਧ ਕਰ ਕੇ ਹੱਥ ਵਿੱਚ ਤ੍ਰਿਸ਼ੂਲ ਫੜ ਲਿਆ ਅਤੇ ਵੈਰੀ ਦਾ ਸਿਰ ਕਟ ਕੇ ਦੋ ਟੋਟੇ ਕਰ ਦਿੱਤੇ। ੩੯।

…. ਚਲਦਾ…. .

ਉਤਾਰਾ ਕਰਤਾ

ਗੁਰਮੀਤ ਸਿੰਘ (ਸਿੱਡਨੀ, ਅਸਟ੍ਰੇਲੀਆ): ੧੩ ਨਵੰਬਰ ੨੦੧੫




.