.

ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ

ਇਕ ਹੋਰ ਜਵਾਨ ਪੁੱਤ ਗਿਆ ਮੌਤ ਦੀ ਝੋਲ਼ੀ

ਮੌਤ ਦਾ ਆਉਣਾ

ਪੰਜਾਬੀਆਂ ਦਾ ਸਭਿਆਚਾਰ ਹੈ ਕਿ ਖੁਸ਼ੀ ਤੇ ਮੌਕੇ `ਤੇ ਬੁਲਾਇਆਂ ਜਾਈਦਾ ਹੈ ਪਰ ਜੇ ਕਿਸੇ ਦੇ ਪਰਵਾਰ ਵਿੱਚ ਕੋਈ ਮੌਤ ਹੋ ਜਾਂਦੀ ਹੈ ਤਾਂ ਆਪਣੇ ਆਪ ਹੀ ਜਾਇਆ ਜਾਂਦਾ ਹੈ। ੧੮-੧੧-੧੪ ਤੋਂ ਲੈ ਕੇ ੨੭-੧੧-੧੪ ਤੱਕ ਮੈਨੂੰ ਤਿੰਨ ਪਰਵਾਰਾਂ ਦੇ ਨੌਜਵਾਨ ਪੁੱਤਾਂ ਦੀਆਂ ਮੌਤਾਂ `ਤੇ ਜਾਣ ਦਾ ਮੌਕਾ ਬਣਿਆ ਹੈ। ਇਹ ਤਿੰਨੇ ਮੌਤਾਂ ਨਸ਼ਿਆਂ ਦੀ ਵੱਧ ਮਿਕਦਾਰ ਲੈਣ ਨਾਲ ਹੋਈਆਂ ਸਨ।

ਗੁਰਬਾਣੀ ਸਾਨੂੰ ਹੁਕਮ ਵਿੱਚ ਚੱਲਣ ਦਾ ਉਪਦੇਸ਼ ਦੇਂਦੀ ਹੈ। ਖਾਸ ਤੌਰ `ਤੇ ਜਦੋਂ ਕੋਈ ਵਿਆਕਤੀ ਚੜ੍ਹਾਈ ਕਰ ਜਾਂਦਾ ਹੈ ਤਾਂ ਕਿਹਾ ਜਾਂਦਾ ਹੈ ਕਿ ਰੱਬ ਜੀ ਦਾ ਹੁਕਮ ਆ ਗਿਆ, ਇਸ ਦੀ ਉਮਰ ਏੰਨੀ ਹੀ ਲਿਖੀ ਹੋਈ ਸੀ। ਮਨ ਨੂੰ ਧਰਵਾਸ ਦੇਣ ਲਈ ਕਈ ਪ੍ਰਕਾਰ ਦੀਆਂ ਦਲੀਲਾਂ ਦਾ ਸਹਾਰਾ ਲਿਆ ਜਾਂਦਾ ਹੈ। ਬਹੁਤਾਤ ਵਿੱਚ ਲੋਕ ਇਹ ਸਮਝਦੇ ਹਨ ਕਿ ਬੁੱਢਾ ਆਦਮੀ ਆਪਣੀ ਉਮਰ ਹੰਢਾ ਕੇ ਮਰਦਾ ਹੈ। ਜੇ ਕੋਈ ਜਵਾਨੀ ਜਾਂ ਬਚਪਨੇ ਵਿੱਚ ਚਲਿਆ ਜਾਂਦਾ ਹੈ ਤਾਂ ਲੋਕ ਅਕਸਰ ਕਹਿੰਦੇ ਹਨ ਕਿ ਅਜੇ ਇਸ ਦੀ ਉਮਰ ਬਹੁਤ ਪਈ ਸੀ। ਇਸ ਨੇ ਅਜੇ ਵੇਖਿਆ ਹੀ ਕੀ ਸੀ। ਇਹ ਵੀ ਇੱਕ ਅਟੱਲ ਸੱਚਾਈ ਕਿ ਮੌਤ ਹਰੇਕ ਬਸ਼ਰ `ਤੇ ਆਉਣੀ ਹੈ। ਮੌਤ ਦੇ ਕੁੱਝ ਵੀ ਕਾਰਨ ਹੋ ਸਕਦੇ ਹਨ। ਕੁੱਝ ਮੌਤਾਂ ਮਨੁੱਖ ਨੇ ਆਪ ਸਹੇੜੀਆਂ ਹੁੰਦੀਆਂ ਹਨ। ਇਹ ਮੌਤਾਂ ਮਨੁੱਖ ਦੇ ਆਪਣੇ ਹੱਥ ਵਿੱਚ ਹੁੰਦੀਆਂ ਹਨ ਜਿੰਨਾਂ ਨੂੰ ਰੋਕਿਆ ਜਾ ਸਕਦਾ ਹੈ।

ਜਵਾਨ ਪਤਨੀਆਂ ਨੂੰ ਬੋਲ ਸੁਣਨੇ ਪੈਂਦੇ ਹਨ

ਠੇਠ ਪੰਜਾਬੀ ਜ਼ਬਾਨ ਵਿੱਚ ਜੇ ਕਿਸੇ ਇਸਤ੍ਰੀ ਦਾ ਪਤੀ ਚੜ੍ਹਾਈ ਕਰ ਜਾਂਦਾ ਹੈ ਤਾਂ ਕਿਹਾ ਜਾਂਦਾ ਹੈ ਕਿ ਇਹ ਰੰਡੀ ਹੋ ਗਈ ਹੈ। ਉਹ ਚੱਜ ਅਚਾਰ ਨਾਲ ਦਿਨ ਕੱਢਣ ਦਾ ਯਤਨ ਕਰਦੀ ਵੀ ਹੈ ਤਾਂ ਲੋਕ ਟਿਕਣ ਨਹੀਂ ਦੇਂਦੇ। ਅਕਸਰ ਇਹ ਮੁਹਵਰਾ ਬੋਲਿਆ ਜਾਂਦਾ ਹੈ ਰੰਡੀ ਤਾਂ ਰੰਡੇਪਾ ਕਟਦੀ ਹੈ ਪਰ ਮਸ਼ਟੰਡੇ ਨਹੀਂ ਕੱਟਣ ਦੇਂਦੇ। ਦੂਸਰਾ ਜੇ ਕਿਸੇ ਇਸਤ੍ਰੀ ਦਾ ਪਤੀ ਕਾਲ ਵੱਸ ਜੋ ਜਾਂਦਾ ਹੈ ਤਾਂ ਕਿਹਾ ਜਾਂਦਾ ਹੈ ਇਹ ਸਿਰੋਂ ਨੰਗੀ ਹੋ ਗਈ, ਇਸ ਦੇ ਸਿਰ ਦਾ ਸਾਇਆ ਉੱਠ ਗਿਆ ਹੈ। ਵਿਚਾਰੇ ਬੱਚੇ ਕੀ ਕਰਨਗੇ। ਜਵਾਨੀ ਦੀ ਮੌਤ ਹਰ ਪਹਿਲੂ ਤੋਂ ਦੁੱਖਦਾਈ ਹੁੰਦੀ ਹੈ ਜੋ ਪਰਵਾਰਾਂ ਲਈ ਚਣੋਤੀਆਂ ਵਾਲਾ ਜੀਵਨ ਛੱਡ ਜਾਂਦੀਆਂ ਹਨ। ਅਜੇਹੀਆਂ ਮੌਤਾਂ ਆਪਣੀਆਂ ਜਵਾਨ ਪਤਨੀਆਂ ਲਈ ਕਈ ਪ੍ਰਕਾਰ ਦੇ ਮੇਹਣੇ ਸੁਣਨ ਲਈ ਜਗ੍ਹਾ ਬਣਾ ਜਾਂਦੇ ਹਨ।

ਅਜੇਹੇ ਮੌਕੇ `ਤੇ ਇਕੱਠੇ ਹੋਏ ਲੋਕਾਂ ਦੇ ਪ੍ਰਤੀ ਕਰਮ

ਇਹਨਾਂ ਨੌਜਵਾਨਾਂ ਦੀਆਂ ਮੌਤਾਂ ਸਬੰਧੀ ਵੱਖ ਵੱਖ ਪ੍ਰਤੀਕਰਮ ਸੁਣਨ ਨੂੰ ਮਿਲੇ ਪਰ ਲਹਿਜ਼ਾ ਸਭ ਦਾ ਇਕੋ ਹੀ ਸੀ ਕਿ ਜੇ ਸਰਾਕਰ ਚਾਹੇ ਤਾਂ ਦਿਨ ਚੜ੍ਹਨ ਤੋਂ ਪਹਿਲਾਂ ਨਸ਼ੇ ਬੰਦ ਕਰਾ ਸਕਦੀ ਹੈ। ਸਭ ਤੋਂ ਪਹਿਲਾਂ ਜਿਸ ਪ੍ਰਵਾਰ ਵਿੱਚ ਜਾਣ ਦਾ ਮੌਕਾ ਬਣਿਆ ਤਾਂ ਪਰਵਾਰ ਵਾਲਿਆਂ ਨਾਲ ਸਰਸਰੀ ਗੱਲਬਾਤ ਕਰਦਿਆਂ ਪਰਵਾਰ ਨੇ ਦੱਸਿਆ ਕਿ ਸਾਡੇ ਕੋਲ ਸਕੂਲ ਵਾਲੀਆਂ ਪੰਜ ਬੱਸਾਂ, ਦੋ ਦੋ ਸੌ ਗਜ਼ ਦੇ ਦੋ ਪਲਾਟ, ਦਸ ਮੱਝਾਂ ਤੇ ਆਪਣਾ ਘਰ ਹੈ। ਸਕੂਲ ਦੀਆਂ ਦੋ ਬੱਸਾਂ ਨੂੰ ਦੋਵੇਂ ਭਰਾ ਤੇ ਤਿੰਨ ਡਰਾਇਵਰ ਚਲਾਉਂਦੇ ਸਨ। ਇਸ ਸਾਰੀ ਜਾਇਦਾਦ ਵਿਚੋਂ ਸਿਰਫ ਆਪਣਾ ਘਰ ਹੀ ਬਚਿਆ ਹੈ ਬਾਕੀ ਸਾਰਾ ਕੁੱਝ ਦੋ ਸਾਲ ਵਿੱਚ ਚਿੱਟੇ ਨਸ਼ੇ ਦੀ ਭੇਟ ਚੜ੍ਹ ਗਿਆ ਹੈ। ਦੋਵੇਂ ਭਰਾ ਪੰਜ ਸੌ ਰੁਪਏ ਤੋਂ ਸ਼ੁਰੂ ਹੋਏ ਸਨ ਤੇ ਅਖੀਰ ਰੋਜ਼ਾਨਾ ਪੰਜ ਹਜ਼ਾਰ ਤਕ ਪਹੁੰਚ ਗਏ ਸਨ। ਬੱਤੀ ਸਾਲ ਦਾ ਭਰ ਗਭਰੂ, ਦੋ ਬੱਚੇ, ਵਿਲ਼ਕਦੀ ਹੋਈ ਜਵਾਨ ਪਤਨੀ, ਹੌਕੇ ਭਰਦੇ ਹੋਏ ਮਾਂ ਬਾਪ, ਹੱਡੀਆਂ ਦੀ ਮੁੱਠ ਹੋਏ ਨੂੰ ਨਸ਼ਿਆਂ ਦੀ ਦਾੜ੍ਹ ਨੇ ਰਗੜ ਕੇ ਰੱਖ ਦਿੱਤਾ। ਪਰਵਾਰ ਵਾਲੇ ਕਹਿੰਦੇ ਸਨ ਕਿ ਅਸੀਂ ਸੋਚਦੇ ਸੀ ਕਿ ਆਪੇ ਹੱਟ ਜਾਏਗਾ ਪਰ ਹਰ ਰੋਜ਼ ਨਸ਼ਾ ਵੱਧਦਾ ਹੀ ਗਿਆ। ਇੱਕ ਗੱਲ ਜ਼ਰੂਰ ਹੈ ਸੀ ਕਿ ਉਹ ਇੱਕ ਵਾਰੀ ਨਸ਼ਾ ਛੱਡ ਵੀ ਗਿਆ ਸੀ। ਮਾਂ ਬੋਲੀ ਜਵਾਨ ਬੜਾ ਹੀ ਸੀ। ਮਾੜੀ ਬਹਿਣੀ ਬਹਿ ਗਿਆ। ਅਖੀਰ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਨੂੰ ਕੋਸਦਿਆਂ ਹੋਇਆਂ ਸਭ ਆਪੋ ਆਪਣੇ ਘਰਾਂ ਨੂੰ ਤੁਰ ਪਏ।

ਦੁਜੇ ਪਰਵਾਰ ਦਾ ਇਕੋ ਇੱਕ ਚਰਾਗ, ਦੋ ਭੈਣਾਂ ਦਾ ਭਾਈ ਮਾਂ ਬਾਪ ਦਾ ਭਵਿੱਖਤ ਚਿੱਟੇ ਨਸ਼ੇ ਨੇ ਦਿਨ ਦੀਵੀਂ ਫੂਕ ਕੇ ਰੱਖ ਦਿੱਤਾ। ਪਿੱਛੇ ਰਹਿ ਗਈਆਂ ਪਰਵਾਰ ਦੀਆਂ ਸੱਧਰਾਂ, ਸਿਸਕੀਆਂ, ਦਿੱਲ ਚੀਰਵੇਂ ਵੈਣ ਤੇ ਨਸ਼ੇ ਵੇਚਣ ਵਾਲਿਆਂ ਲਈ ਬਦ-ਦੁਵਾਵਾਂ। ਪਰਵਾਰ ਦੇ ਟੁੱਟੇ ਹੋਏ ਹੋਂਸਲੇ ਨੂੰ ਜੋੜਨ ਲਈ ਬਹੁਤ ਯਤਨ ਕਰਨਾ ਪਏਗਾ।

ਤੀਜੇ ਪਰਵਾਰ ਨਾਲ ਬਹੁਤ ਗੂੜ੍ਹੀ ਸਾਂਝ ਹੈ। ਉਸ ਪਰਵਾਰ ਵਿੱਚ ਇੱਕ ਬੱਚੇ ਦੇ ਵਿਆਹ ਦੇ ਕਾਰਡ ਵੰਡੇ ਜਾ ਰਹੇ ਸਨ। ਸ਼ਾਮ ਨੂੰ ਪਤਾ ਲੱਗਿਆ ਕਿ ਤੀਹ ਸਾਲ ਦਾ ਗਭਰੂ ਨਸ਼ੇ ਦੀ ਵੱਧ ਖੁਰਾਕ ਲੈਣ ਨਾਲ ਆਪਣੀ ਹੋਂਦ ਗਵਾ ਬੈਠਾ ਹੈ। ਏਸੇ ਗਭਰੂ ਦਾ ਅਣ-ਵਿਆਹਿਆ ਛੋਟਾ ਭਾਈ ਦੋ ਸਾਲ ਪਹਿਲਾਂ ਵੱਧ ਨਸ਼ਾ ਕਰਨ ਨਾਲ ਦਿਨ ਚੜ੍ਹਦਿਆਂ ਹੀ ਮੌਤ ਨੂੰ ਅਵਾਜ਼ ਮਾਰ ਗਿਆ ਸੀ। ਮੈਂ ਸਰਸਰੀ ਟੈਲੀਫੂਨ ਕੀਤਾ ਕਿ ਭਾਅ ਜੀ ਕੀ ਹੋਇਆ ਇਹ ਕਿਵੇਂ ਘਟਨਾ ਵਾਪਰੀ ਹੈ? ਪੜ੍ਹੇ ਲਿਖੇ ਤੇ ਸੂਝਵਾਨ ਅਫਸਰ ਦਾ ਉੱਤਰ ਸਚਾਈ ਦੀਆਂ ਡੂੰਘਾਈਆਂ ਤਕ ਲੈ ਗਿਆ, ਕਹਿੰਦੇ, "ਭਾਅ ਜੀ ਅਜੇਹਾ ਹੋਣਾ ਹੀ ਸੀ। ਜੇ ਨਾ ਸਮਝੇ ਤਾਂ ਅਜੇ ਹੋਰ ਵੀ ਕਤਾਰ ਲੱਗੀ ਹੋਈ ਹੈ"। ਤਿੰਨ ਨੌਜਵਾਨ ਏਸੇ ਤਰ੍ਹਾਂ ਹੀ ਨਸ਼ਾ ਕਰਦੇ ਰਹੇ ਤਾਂ ਮਸਾਂ ਸਾਲ ਕੁ ਹੀ ਹੋਰ ਕੱਢਣਗੇ। ਏਸੇ ਪਰਵਾਰ ਵਿੱਚ ਪਹਿਲਾਂ ਵੀ ਅਜੇਹੀਆਂ ਮੌਤਾਂ ਹੋਈਆਂ ਹਨ ਜਿਸ ਦਾ ਅਸਰ ਅੱਜ ਵੀ ਵਿਧਵਾ ਬੀਬੀਆਂ ਦੇ ਹੌਕਿਆਂ ਤੋਂ ਦੇਖਿਆ ਜਾ ਸਕਦਾ ਹੈ।

ਮੈਂ ਵੀ ਤੜਕੇ ਸਵੇਰੇ ਛੇ ਵਜੇ ਘਰੋਂ ਚਲਾ ਗਿਆ। ਰਸਤੇ ਵਿਚੋਂ ਹੀ ਆਲ੍ਹਾ ਅਫਸਰ ਨਾਲ ਮੌਤ ਵਾਲੇ ਘਰ ਜਾਣ ਦਾ ਢੋਅ ਢੁੱਕ ਗਿਆ। ਘਰ ਦੇ ਹਾਲਤ ਦੱਸਦੇ ਸਨ ਕਿ ਆਪਣਾ ਘਰ ਬਣਾਉਣ ਦੀ ਥਾਂ `ਤੇ ਇਹਨਾ ਨੇ ਨਸ਼ਾ ਵੇਚਣ ਵਾਲਿਆਂ ਦੇ ਘਰ ਹੀ ਬਣਾਏ ਹਨ। ਸਤਾਈ ਸਾਲ ਦੀ ਪਤਨੀ ਨੂੰ ਜ਼ਿੰਦਗੀ ਵਿੱਚ ਹਨੇਰਾ ਹੀ ਦਿਸ ਰਿਹਾ ਸੀ। ਪੱਥਰ ਹੋਈ ਬਣੀ ਬੈਠੀ ਸੀ। ਤਿੰਨ-ਚਾਰ ਕੁ ਸਾਲਾਂ ਦਿਆਂ ਬੱਚਿਆਂ ਨੂੰ ਕੋਈ ਪਤਾ ਨਹੀਂ ਸੀ ਕਿ ਸਾਡੇ ਘਰ ਇਹ ਲੋਕ ਕਿਉਂ ਇਕੱਠੇ ਹੋਏ ਹਨ। ਦਾਦੀ ਮਾਂ ਜਦੋਂ ਭੋਅ ਪਰ ਬੱਚਿਆਂ ਨੂੰ ਦੇਖਦੀ ਹੈ ਤਾਂ ਉਸ ਦੇ ਵੈਣ ਪੱਥਰ ਦਿੱਲ ਨੂੰ ਵੀ ਚੀਰਦੇ ਜਾਂਦੇ ਸਨ।

ਘਰ ਵਿੱਚ ਪੰਜ ਛੇ ਚੋਟੀ ਦੇ ਅਫ਼ਸਰ ਬੈਠੇ ਹੋਏ ਸਨ। ਕੁੱਝ ਪੁਲੀਸ ਦੇ ਮਹਿਕਮੇ ਨਾਲ ਤੇ ਕੁੱਝ ਹੋਰ ਮਹਿਕਮਿਆਂ ਨਾਲ ਸਬੰਧ ਰੱਖਦੇ ਸਨ। ਗੱਲਾਂਬਾਤਾਂ ਦਾ ਸਿਲਸਲਾ ਸ਼ੁਰੂ ਹੁੰਦਾ ਹੈ।

ਨਸ਼ਾ ਲੱਗਦਾ ਕਿਸ ਤਰ੍ਹਾ ਹੈ—

ਪੁਲੀਸ ਵਾਲਿਆਂ ਨੂੰ ਇਸ ਸਬੰਧੀ ਜ਼ਿਆਦਾ ਜਾਣਕਾਰੀ ਹੁੰਦੀ ਹੈ। ਉਹਨਾਂ ਦੇ ਦੱਸਣ ਅਨੁਸਾਰ ਮਾੜਾ ਬੰਦਾ ਤਾਂ ਇੱਕ ਵਾਰ ਚਿੱਟੇ ਪਉਡਰ ਦਾ ਧੂੰਆ ਸੁੰਘ ਲਏ ਤਾਂ ਪੱਕਾ ਗਾਹਕ ਬਣ ਜਾਂਦਾ ਹੈ। ਸਰੀਰੋਂ ਕੁੱਝ ਤਗੜਾ ਜਾਂ ਮਨ ਕਰਕੇ ਕੁੱਝ ਬਲਾਵਨ ਹੋਵੇ ਤਾਂ ਉਸ ਨੂੰ ਵੱਧ ਤੋਂ ਵੱਧ ਤਿੰਨ ਵਾਰ ਸੁੰਘਣ ਨਾਲ ਨਸ਼ਾ ਪੱਕਾ ਲੱਗ ਜਾਂਦਾ ਹੈ। ਪਹਿਲੀ ਪਹਿਲੀ ਦਫ਼ਾ ਮੁਫਤ ਵਿੱਚ ਦਿੱਤਾ ਜਾਂਦਾ ਹੈ ਫਿਰ ਇਹ ਕਿਹਾ ਜਾਂਦਾ ਹੈ ਕਿ ਜੇ ਕਰ ਤੂੰ ਦੋ ਗਾਹਕ ਹੋਰ ਲੱਭ ਲਵੇਂ ਤਾਂ ਤੈਨੂੰ ਇੱਕ ਪੁੜੀ ਫਰੀ ਦਿੱਤੀ ਜਾਏਗੀ ਤੇ ਦੋ ਪੁੜੀਆਂ ਤੂੰ ਅਗਾਂਹ ਵੇਚ ਲਈ। ਇੰਜ ਇਸ ਗੋਰਖ ਧੰਧੇ ਦੀ ਸ਼ੁਰੂਆਤ ਹੁੰਦੀ ਹੈ। ਫਿਰ ਚੱਲ ਸੁ ਚੱਲ ਕੰਮ ਚਲਦਾ ਹੈ।

ਲੀਡਰਾਂ ਵਲੋਂ ਵੋਟਾਂ ਲੈਣ ਦੀ ਖਾਤਰ ਸ਼ਰੇਆਮ ਨਸ਼ਿਆਂ ਵੰਡਿਆ ਜਾਂਦਾ ਹੈ। ਕੌਮ ਦੀ ਬਦਕਿਸਮਤੀ ਹੀ ਹੈ ਕਿ ਗੁਰਦੁਆਰਿਆਂ ਦੀਆਂ ਚੋਣਾਂ ਵਿੱਚ ਵੀ ਨਸ਼ਿਆਂ ਦਾ ਹੀ ਸਹਾਰਾ ਲਿਆ ਜਾਂਦਾ ਹੈ। ਮੁਫਤ ਵਿੱਚ ਮਿਲਿਆ ਨਸ਼ਾ ਨਾਲ ਕਈਆਂ ਦੀ ਅਜੇਹੀ ਸ਼੍ਰੁੂਆਤ ਹੁੰਦੀ ਹੈ ਕਿ ਮੁੜ ਪਿੱਛੇ ਦੇਖਣ ਦਾ ਨਾਂ ਹੀ ਨਹੀਂ ਲੈਂਦੇ।

ਲੋਕ ਗਾਇਕੀ ਨੇ ਨਸ਼ਿਆਂ ਦੀ ਵਰਤੋਂ ਕਰਨ ਲਈ ਆਪਣਾ ਪੂਰਾ ਪੂਰਾ ਯੋਗਦਾਨ ਪਾਇਆ ਹੈ। ਪੰਜਾਬ ਦੇ ਸ਼ਾਨਾਂ ਮੱਤੇ ਸਭਿਆਚਾਰ ਨੂੰ ਲੱਚਰ ਗਾਇਕੀ ਤੇ ਨਸ਼ਿਆਂ ਦੀ ਅਮਰ ਵੇਲ ਨੇ ਜਵਾਨੀਆਂ ਦੇ ਬੂਟੇ ਮੁੱਢੋਂ ਸੁਕਾ ਦਿੱਤੇ ਹਨ। ਜਨੀ ਕਿ ਇਹਨਾਂ ਬਦ ਇਖ਼ਲਾਕ ਗੀਤਕਾਰਾਂ ਤੇ ਲੀਹੋਂ ਲੱਥੇ ਗਾਇਕਾਂ ਨੇ ਜਵਾਨੀਆਂ ਨਾਲ ਧ੍ਰੋਅ ਕਮਾਇਆ ਹੈ। ਸ਼ਾਇਦ ਇਹਨਾਂ ਪਾਸ ਸਮਾਜ ਲਈ ਕੋਈ ਮੁੱਦਾ ਹੀ ਨਹੀਂ ਰਿਹਾ।

ਜਦੋਂ ਵੀ ਕਿਸੇ ਪਿੰਡ ਵਿੱਚ ਕੋਈ ਟੂਰਨਾਮੈਂਟ ਹੁੰਦਾ ਹੈ ਤਾਂ ਨੇੜੇ ਦੇ ਠੇਕਿਆਂ ਵਾਲਿਆਂ ਦੀ ਪੂਰੀ ਚਾਂਦੀ ਹੁੰਦੀ ਹੈ।

ਵਿਆਹਾਂ ਸ਼ਾਦੀਆਂ ਨਸ਼ਿਆਂ ਦੇ ਕਾਰੋਬਾਰ ਨੂੰ ਪ੍ਰਫੁੱਲਤ ਕਰਦੀਆਂ ਹਨ।

ਰਾਜਨੀਤਿਕ ਪਾਰਟੀਆਂ ਭੀੜ੍ਹਾਂ ਇਕੱਠੀਆਂ ਕਰਨ ਲਈ ਨਸ਼ਿਆਂ ਦਾ ਇਸਤੇਮਾਲ ਕਰਦੀਆਂ ਹਨ।

ਠੇਕੇਦਾਰੀ ਸਿਸਟਿਮ ਵਿੱਚ ਮਜ਼ਦੂਰ, ਕਾਰੀਗਰ ਨਸ਼ਿਆਂ ਦਾ ਸਹਾਰਾ ਲੈਂਦਾ ਆਮ ਦਿਖਾਈ ਦੇਂਦਾ ਹੈ ਤਾਂ ਕਿ ਕੰਮ ਵੱਧ ਕੀਤਾ ਜਾ ਸਕੇ।

ਬੀਬੀਆਂ ਦਾੜੀਆਂ ਨੂੰ ਜਦੋਂ ਨਸ਼ੇ ਕਰਦਿਆਂ, ਬੱਚੇ ਦੇਖਦੇ ਹਨ ਤਾਂ ਉਹਨਾਂ ਦਾ ਵੀ ਮਾਨਸਿਕ ਬਲ ਵੱਧ ਜਾਂਦਾ ਹੈ ਤੇ ਉਹ ਨਸ਼ੈ ਵਲ ਨੂੰ ਪ੍ਰੇਰਤ ਹੁੰਦੇ ਹਨ।

ਮਾਪਿਆਂ ਦਾ ਕਸੂਰ

ਵਿਚਾਰਾਂ ਕਰਦਿਆਂ ਇੱਕ ਹੋਰ ਪੱਖ ਉਗੜ ਕੇ ਸਾਹਮਣੇ ਆਇਆ ਕਿ ਨਸ਼ਿਆਂ ਪ੍ਰਤੀ ਪਹਿਲੀ ਸਟੇਜ `ਤੇ ਕੁੱਝ ਹੱਦ ਤੱਕ ਮਾਪੇ ਵੀ ਜ਼ਿੰਮੇਵਾਰ ਹਨ। ਜਦੋਂ ਬੱਚਾ ਇਸ ਪਾਸੇ ਚੱਲਦਾ ਹੈ ਤਾਂ ਮਾਪੇ ਕਿਸੇ ਦੀ ਕੋਈ ਵੀ ਗੱਲ ਮੰਨਣ ਲਈ ਤਿਆਰ ਨਹੀਂ ਹੁੰਦੇ। ਕੁੱਝ ਮਾਪੇ ਤਾਂ ਬਾਹਰ ਧੂੰਆਂ ਤਕ ਨਹੀਂ ਨਿਕਲਣ ਦੇਂਦੇ ਸਗੋਂ ਉਲਟਾ ਲੋਕਾਂ ਨੂੰ ਹੀ ਕਹੀ ਜਾਣਗੇ ਸਾਡੇ ਮੁੰਡੇ ਤੇ ਝੂਠੀਆਂ ਤੋਹਮਤਾਂ ਲਗਾਈਆਂ ਜਾ ਰਹੀਆਂ ਹਨ। ਸਾਡਾ ਮੁੰਡਾ ਤਾਂ ਬਹੁਤ ਹੀ ਸ਼ਰੀਫ਼ ਹੈ। ਇਹ ਸਾਰਾ ਕੁੱਝ ਨੱਕ ਨਮੂਜ ਲਈ ਕੀਤਾ ਜਾਂਦਾ ਹੈ ਕਿ ਲੋਕ ਕੀ ਕਹਿਣਗੇ ਕਿ ਤੁਹਾਡਾ ਲੜਕਾ ਨਸ਼ੇ ਕਰਦਾ ਹੈ? ਜਦੋਂ ਪਾਣੀ ਸਿਰ ਤੋਂ ਦੀ ਲੰਘ ਜਾਂਦਾ ਹੈ ਤਾਂ ਫਿਰ ਮਾਪੇ ਰੌਲ਼ਾ ਪਉਂਦੇ ਹਨ ਓਦੋਂ ਤਕ ਕਹਾਣੀ ਪੂਰੀ ਦੀ ਪੂਰੀ ਵਿਗੜ ਚੁੱਕੀ ਹੁੰਦੀ ਹੈ।

ਮਾਪਿਆਂ ਨੂੰ ਚਾਹੀਦਾ ਹੈ ਕਿ ਜਦੋਂ ਅਜੇਹੀ ਘਟਨਾ ਵਾਪਰਦੀ ਹੈ ਤਾਂ ਕੋਠੇ ਤੇ ਚੜ੍ਹ ਕੇ ਪੂਰਾ ਰੌਲ਼ਾ ਪਾਇਆ ਜਾਏ ਕਿ ਲੋਕੋ ਆਓ ਰਲ਼ ਕੋਈ ਉਪਾਅ ਕਰੀਏ।

ਪਿੰਡਵਾਸੀ, ਰਿਸ਼ਤੇਦਾਰ ਤਥਾ ਗਲ਼ੀ ਮਹੱਲੇ ਵਾਲਿਆਂ ਨੂੰ ਖੁਸ਼ ਹੋਣ ਦੀ ਥਾਂ `ਤੇ ਨਸ਼ਾ ਕਰ ਰਹੇ ਬੱਚੇ ਨੂੰ ਨਸ਼ਾ ਨਾ ਕਰਨ ਦੀ ਪ੍ਰੇਰਨਾ ਕਰਨੀ ਚਾਹੀਦੀ ਹੈ। ਜੇ ਪਿੰਡ ਦੇ ਇੱਕ ਪਾਸੇ ਅੱਗ ਲੱਗੀ ਹੁੰਦੀ ਹੈ ਤਾਂ ਉਸ ਨੂੰ ਬਝਾਉਣ ਦਾ ਯਤਨ ਕਰਨਾ ਚਾਹੀਦਾ ਹੈ ਵਰਨਾ ਅੱਗ ਦਾ ਵੱਧਦਾ ਹੋਇਆ ਦਾ ਸੇਕ ਸਾਡੇ ਘਰ ਤੱਕ ਵੀ ਆ ਸਕਦਾ।

ਵੱਧ ਨਸ਼ਾ ਕਦੋਂ ਕੀਤਾ ਜਾਂਦਾ ਹੈ

ਪਹਿਲੀ ਗੱਲ ਤ ਇਹ ਹੈ ਕਿ ਚਿੱਟਾ ਧੂੰਆਂ ਲੈਣ ਵਾਲਾ ਵੱਧ ਤੋਂ ਵੱਧ ਦੋ ਸਾਲ ਤਕ ਜਿਉਂਦਾ ਰਹਿ ਸਕਦਾ ਹੈ। ਜਦੋਂ ਨਸ਼ਈ ਕੋਲ ਅਗਲੇ ਦਿਨ ਦਾ ਇੰਤਜਾਮ ਹੁੰਦਾ ਹੈ ਤਾਂ ਉਹ ਸੰਭਲ਼ ਕੇ ਨਸ਼ਾ ਲੈਂਦਾ ਹੈ। ਉਹ ਸੋਚਦਾ ਹੈ ਕਿ ਕੋਈ ਗੱਲ ਨਹੀਂ ਮੇਰੇ ਪਾਸ ਕਲ੍ਹ ਜੋਗਾ ਨਸ਼ਾ ਪਿਆ ਹੋਇਆ ਹੈ। ਨਸ਼ੀਈ ਆਦਮੀ ਪਾਸ ਹੋਰ ਨਸ਼ਾ ਨਾ ਹੋਵੇ ਤਾਂ ਉਹ ਵੱਧ ਨਸ਼ਾ ਲੈਣ ਦੇ ਯਤਨ ਵਿੱਚ ਹੁੰਦਾ ਹੈ ਕਿ ਕਲ੍ਹ ਜੋਗਾ ਨਹੀਂ ਹੈ ਇਸ ਲਈ ਅੱਜ ਹੀ ਕਲ੍ਹ ਦਾ ਕੋਟਾ ਪੂਰਾ ਕਰ ਲਿਆ ਜਾਏ ਤਾਂ ਚੰਗਾ ਹੈ ਬੱਸ ਲਾਲਚ ਹੀ ਮਾਰ ਜਾਂਦਾ ਹੈ।

ਨਸ਼ੇ ਦੀ ਪੂਰਤੀ ਲਈ ਚੋਰੀਆਂ, ਲੁੱਟਾਂ ਖੋਹਾਂ ਦਾ ਜਨਮ ਹੁੰਦਾ ਹੈ-

ਪਹਿਲਾਂ ਪਹਿਲ ਤਾਂ ਘਰ ਵਿਚੋਂ ਨਸ਼ੇ ਦੀ ਪੂਰਤੀ ਹੋਈ ਜਾਂਦੀ ਹੈ। ਚੋਰੀ ਛਿੱਪੇ ਆੜ੍ਹਤੀਏ ਪਾਸੋਂ ਪੈਸਿਆਂ ਦਾ ਜੁਗਾੜ ਫਿੱਟ ਕੀਤਾ ਜਾਂਦਾ ਹੈ। ਫਿਰ ਸਾਕਾਂ ਅੰਗਾਂ ਪਾਸੋਂ ਹੁਦਾਰ ਲਿਆ ਜਾਂਦਾ ਹੈ। ਫਿਰ ਘਰਵਾਲੀ ਦੇ ਗਹਿਣਿਆਂ ਨੂੰ ਹੱਥ ਫੇਰਿਆ ਜਾਂਦਾ ਹੈ। ਜਦੋਂ ਇਹੋ ਜੇਹੇ ਹੀਲੇ ਵਸੀਲੇ ਬੰਦ ਹੋ ਜਾਂਦੇ ਹਨ ਤਾਂ ਫਿਰ ਛੋਟੀਆਂ ਮੋਟੀਆਂ ਚੋਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਹਨ। ਰਾਹ ਜਾਂਦਿਆਂ ਝੱਪਟ ਮਾਰ ਕੇ ਚੈਨੀਆਂ ਖੋਹੀਆਂ ਜਾਂਦੀਆਂ ਹਨ। ਅਜੇਹੀ ਲੱਤ ਵਾਲੇ ਜਿਹੜੀ ਚੀਜ਼ ਵੀ ਹੱਥ ਆਏ ਓਸੇ ਨੂੰ ਹੀ ਵੇਚ ਕੇ ਨਸ਼ੇ ਦੀ ਪੂਰਤੀ ਕਰ ਲੈਂਦੇ ਹਨ।

ਜੇ ਏਦਾਂ ਹੀ ਮੌਤਾਂ ਹੁੰਦੀਆਂ ਰਹੀਆਂ ਤਾਂ ਵਿਧਵਾ ਦੀ ਗਿਣਤੀ ਵਧੇਗੀ

ਪਿੱਛੇ ਲੰਮੇ ਸਮੇਂ ਤੋਂ ਇਹ ਤੱਥ ਸਾਹਮਣੇ ਆ ਰਿਹਾ ਹੈ ਕਿ ਪੰਜਾਬ ਵਿੱਚ ਭਰੂਣ ਹੱਤਿਆ ਕਰਕੇ ਲੜਕੀਆਂ ਦੀ ਗਿਣਤੀ ਘੱਟ ਹੁੰਦੀ ਜਾ ਰਹੀ ਹੈ। ਸਰਕਾਰ ਇਸ ਸਬੰਧੰੀ ਕਈ ਪਰਕਾਰ ਦੀਆਂ ਯੋਜਨਾਵਾਂ ਬਣਾ ਰਹੀ ਹੈ ਕਿ ਬੱਚੀਆਂ ਦੀ ਦਰ ਵਧਾਈ ਜਾਏ। ਪਰ ਹੁਣ ਏਦਾਂ ਲੱਗ ਰਿਹਾ ਹੈ ਕਿ ਮੁੰਡਿਆਂ ਦੀ ਗਿਣਤੀ ਘੱਟਦੀ ਜਾ ਰਹੀ ਹੈ।

ਨਸ਼ਿਆਂ ਦਾ ਸੰਤਾਨ `ਤੇ ਮਾਰੂ ਅਸਰ

ਡਾ. ਹਰਸ਼ਿੰਦਰ ਕੌਰ ਦੇ ਕਥਨ ਅਨੁਸਾਰ ਅਵੱਲ ਤਾਂ ਨਸ਼ੀਈ ਬੰਦਾ ਬੱਚੇ ਪੈਦਾ ਕਰਨ ਦੇ ਸਮਰੱਥ ਹੀ ਨਹੀਂ ਰਹਿ ਜਾਂਦਾ ਜੇ ਕਰ ਨਸ਼ਈ ਪਿਤਾ ਦੇ ਬੱਚੇ ਪੈਦਾ ਵੀ ਹੋ ਜਾਣ ਤਾਂ ਉਹ ਬੀਮਾਰ ਹੀ ਹੁੰਦੇ ਹਨ। ਕੁਦਰਤੀ ਉਹਨਾਂ ਦਾ ਬੌਧਿਕ ਵਿਕਾਸ ਵੀ ਨਹੀਂ ਹੁੰਦਾ। ਨਸ਼ੀਈ ਬੰਦੇ ਦੀ ਗ੍ਰਹਿਸਤੀ ਜ਼ਿੰਦਗੀ ਦੀ ਬੇੜੀ ਡਗਮਗਾ ਜਾਂਦੀ ਹੈ।

ਨਸ਼ਿਆਂ ਦੀ ਪੂਰਤੀ ਲਈ ਘਟੀਆ ਤੋਂ ਘਟੀਆਂ ਨਸ਼ਾ ਵਰਤਿਆ ਜਾਂਦਾ ਹੈ

ਸ਼ਰਾਬ, ਅਫੀਮ, ਚਰਸ, ਗਾਂਜਾ, ਹੈਰੋਇਨ, ਤੰਬਾਕੂ ਆਦਿ ਨਸ਼ੇ ਆਮ ਚਰਚਾ ਵਿੱਚ ਹਨ। ਜਦੋਂ ਨਸ਼ੀਈ ਦੀ ਲੋੜ ਪੂਰੀ ਨਹੀਂ ਹੁੰਦੀ ਤਾਂ ਇਹ ਆਪੇ ਹੀ ਨਸ਼ਿਆਂ ਵਾਲੇ ਟੀਕੇ ਲਗਾਉਣ ਲੱਗ ਜਾਂਦਾ ਹੈ। ਕਈ ਪੰਜ ਪੰਜ ਇਕੱਠੇ ਇਕੋ ਸੂਈ ਨਾਲ ਟੀਕੇ ਲਗਾਈ ਜਾਂਦੇ ਹਨ। ਆਇਓ ਡੈਕਸ, ਫਰਨੈਲ, ਚੈਰੀਬਲਾਸਮ ਪੌਲਿਸ਼, ਡੱਡੂਆਂ ਦਾ ਪਸੀਨਾ, ਕਿਰਲੀਆਂ ਦੀਆਂ ਪੂਛਲਾਂ, ਗੰਦੀਆਂ ਜੁਰਾਬਾਂ, ਬਜ਼ਾਰੂ ਗੋਲ਼ੀਆਂ ਤੇ ਹੋਰ ਪਤਾ ਨਹੀਂ ਕਿਹੜੀ ਖੇਹ ਖਾਣ ਲਈ ਨਸ਼ੀਈ ਹੱਥ ਪੈਰ ਮਾਰਦਾ ਰਹਿੰਦਾ ਹੈ।

ਨਸ਼ੀਈ ਬੱਚਿਆਂ ਦਾ ਬੁੱਢੇ ਮਾਪਿਆਂ ਤੇ ਬੋਝ

ਸਮਾਜ ਵਿੱਚ ਇੱਕ ਵਤਾਰਾ ਵੀ ਵੇਖਣ ਨੂੰ ਮਿਲਿਆ ਹੈ ਕਿ ਜੇ ਬੱਚਾ ਨਸ਼ੀਈ ਹੈ ਤਾਂ ਮਾਪੇ ਸੌ ਓਲ੍ਹਾ ਰੱਖ ਕੇ ਜਾਂ ਕੋਈ ਨਾ ਕੋਈ ਵਿਉਂਤ ਲੜਾ ਕੇ ਆਪਣੇ ਬੱਚੇ ਦਾ ਵਿਆਹ ਕਰ ਦੇਂਦੇ ਹਨ ਕਿ ਚਲੋ ਕੋਈ ਨਹੀਂ ਜੇ ਇਸ ਦਾ ਵਿਆਹ ਹੋ ਗਿਆ ਤਾਂ ਇਹ ਆਪੇ ਸੁਧਰ ਜਾਏਗਾ। ਸਾਡੀ ਇਸ ਗਲਤ ਸੋਚਣੀ ਨਾਲ ਇੱਕ ਹੋਰ ਜ਼ਿੰਦਗੀ ਬਰਬਾਦ ਕਰ ਰਹੇ ਹੁੰਦੇ ਹਾਂ। ਸਾਡੇ ਦੇਖਣ ਵਿੱਚ ਬਹੁਤ ਸਾਰੀਆਂ ਵਿਧਵਾ ਜਵਾਨ ਬੱਚੀਆਂ ਨੇ ਆਪਣੇ ਮਾਪਿਆਂ ਦੇ ਘਰ ਰਹਿ ਕੇ ਬਾਕੀ ਦੀ ਜ਼ਿੰਦਗੀ ਗੁਜ਼ਾਰਨੀ ਪੈ ਰਹੀ ਹੈ। ਵਿਚਾਰੇ ਨਾਨਾ ਨਾਨੀ ਮਗਰਲੀ ਉਮਰ ਵਿੱਚ ਨਵੇਂ ਸਿਰੇ ਤੋਂ ਬੱਚਿਆਂ ਦੀ ਪਾਲਣਾ ਕਰਦੇ ਦੇਖੇ ਜਾ ਸਕਦੇ ਹਨ। ਚੰਗੇ ਵਿਹਾਰ ਵਾਲੇ ਸਹੁਰੇ ਪਰਾਵਾਰ ਵਿੱਚ ਦਾਦੇ ਦਾਦੀ ਨੂੰ ਆਪਣੇ ਪੱਤਰੇ ਪੋਤਰੀਆਂ ਦਾ ਬੋਝ ੳਠਾਉਣਾ ਪੈ ਰਿਹਾ ਹੈ।

ਜਿੱਥੇ ਕਈ ਪੱਖਾਂ ਤੇ ਵਿਚਾਰ ਕਰਨ ਦਾ ਯਤਨ ਕੀਤਾ ਗਿਆ ਹੈ ਓੱਥੇ ਇਸ ਦਾ ਹੱਲ ਵੀ ਕੋਈ ਨਾ ਕੋਈ ਕਰਨਾ ਚਾਹੀਦਾ ਹੈ।

ਜੇ ਸਰਕਾਰ ਚਾਹੇ ਤਾਂ ਨਸ਼ਾ ਦੋ ਦਿਨ ਵਿੱਚ ਬੰਦ ਹੋ ਸਕਦਾ ਹੈ

ਲੋਕ ਸਭਾ ਦੀਆਂ ਚੋਣਾਂ ਵਿੱਚ ਸਰਕਾਰ ਦੀ ਹਾਰ ਹੋਈ ਸੀ। ਮੀਡੀਏ ਵਿੱਚ ਇਸ ਗੱਲ ਦੀ ਜ਼ਿਆਦਾ ਚਰਚਾ ਹੋਈ ਸੀ ਕਿ ਸਰਕਾਰ ਦੀ ਹਾਰ ਦਾ ਕਾਰਨ ਪੰਜਾਬ ਵਿੱਚ ਵੱਧ ਚੁੱਕੇ ਨਸ਼ੇ ਹਨ। ਇੱਕ ਪੁਲੀਸ ਅਫਸਰ ਦੇ ਕਹਿਣ ਅਨੁਸਾਰ ਪੂਰਾ ਇੱਕ ਮਹੀਨਾ ਨਸ਼ੇ ਭਾਲ਼ਿਆਂ ਵੀ ਨਹੀਂ ਲੱਭਦੇ ਸਨ।

ਜੇ ਸਰਕਾਰ ਚਾਹੇ ਤਾਂ ਕਿਹੜਾ ਕੰਮ ਨਹੀਂ ਹੋ ਸਕਦਾ। ਨਸ਼ੇ ਦੋ ਦਿਨ ਵਿੱਚ ਹੀ ਬੰਦ ਕਰਾ ਸਕਦੀ ਹੈ। ਜੇ ਪੁਲੀਸ ਕਿਸੇ ਨਸ਼ਾ ਤਸਕਰ ਨੂੰ ਫੜਦੀ ਹੈ ਤਾਂ ਫੱਟ ਟੈਲੀ ਫੂਨ ਖੜਕ ਜਾਂਦਾ ਹੈ ਕਿ ਇਹ ਆਦਮੀ ਆਪਣਾ ਹੀ ਹੈ। ਚੰਗੇ ਅਫਸਰ ਦਿੱਲ ਤੇ ਪੱਥਰ ਰੱਖ ਕੇ ਤਸਕਰ ਨੂੰ ਛੱਡ ਦੇਂਦੇ ਹਨ। ਸਰਕਾਰ ਕੀ ਨਹੀ ਕਰ ਸਕਦੀ?

ਸਮਾਜ ਸੇਵੀ ਜੱਥੇਬੰਦੀਆਂ ਨੂੰ ਅੱਗੇ ਆਉਣਾ ਚਾਹੀਦਾ ਹੈ

ਸਮਾਜ ਸੇਵੀ ਜੱਥੇਬੰਦੀਆਂ ਨੂੰ ਬੇਬਾਕੀ ਨਾਲ ਅੱਗੇ ਆ ਕੇ ਨਸ਼ਿਆਂ ਨੂੰ ਠੱਲ ਪਉਣੀ ਚਾਹੀਦੀ ਹੈ। ਬਹੁਤੀ ਥਾਂਈ ਸਮਾਜ ਸੇਵੀ ਜੱਥੇਬੰਦੀਆਂ ਐਵੇਂ ਬਣੀਆਂ ਹੋਈਆਂ ਹਨ ਪਰ ਉਭਾਸਰ ਕੇ ਕਦੇ ਵੀ ਕੰਮ ਨਹੀਂ ਕਰਦੀਆਂ ਸਿਰਫ ਮਤੇ ਹੀ ਪਾਸ ਕਰਦੀਆਂ ਹਨ।

ਸਿੱਖੀ ਲਹਿਰ ਸਮੇਂ ਵੱਖ ਵੱਖ ਪਿੰਡਾਂ ਵਿੱਚ ਜਾਣ ਦਾ ਮੌਕਾ ਬਣਿਆ ਤਾਂ ਲੰਘਦਿਆਂ ਪਿੰਡ ਕਾਲਾ ਅਫ਼ਗਾਨਾ ਜ਼ਿਲ੍ਹਾ ਗੁਰਦਾਸਪੁਰ ਦੇ ਬੱਸ ਅੱਡੇ `ਤੇ ਇੱਕ ਨਸ਼ਿਆਂ ਦੇ ਵਿਰੋਧ ਵਿੱਚ ਬੋਰਡ ਲੱਗਾ ਹੋਇਆ ਸੀ। ਮੈਂ ਉਸ ਦੀ ਫੋਟੋ ਲਈ ਸੀ ਪਰ ਕਿਤੇ ਉਹ ਡਲੀਟ ਹੋ ਗਈ ਸੀ। ਫਿਰ ਮੈਂ ਏਸੇ ਪਿੰਡ ਦੇ ਨੌਜਵਾਨ ਖੇਤੀਬਾੜੀ ਅਫਸਰ ਰਣਬੀਰ ਸਿੰਘ ਰੰਧਾਵਾ ਨੂੰ ਟੈਲੀਫੂਨ ਕਰਕੇ ਕੀਤਾ ਕਿ ਮੈਨੂੰ ਉਹ ਮਤਿਆਂ ਦੀ ਕਾਪੀ ਚਾਹੀਦੀ ਹੈ। ਖ਼ੈਰ ਸਬੱਬ ਬਣ ਗਿਆ ਮੈਂ ਖੁਦ ਹੀ ਇਹਨਾਂ ਦੇ ਪਿੰਡ ਚਲਿਆ ਗਿਆ। ਨੌਜਵਾਨਾਂ ਨਾਲ ਖੁਲ੍ਹੇ ਰੂਪ ਵਿੱਚ ਗੱਲਬਾਤ ਹੋਈ। ਇਸ ਪਿੰਡ ਵਿੱਚ ਜਿੰਮ ਹੈ ਜਿਸ ਵਿੱਚ ਵੀਹ ਲੱਖ ਦੀਆਂ ਮਸ਼ੀਨਾਂ ਲਗਾਈਆਂ ਹੋਈਆਂ ਹਨ। ਪਿੰਡ ਦੀ ਪੰਚਾਇਤ ਨਾਲ ਮਿਲ ਕੇ ਕਾਲਾ ਅਫ਼ਗਾਨਾ ਯੂਥ ਵੈਲਫੇਅਰ ਸੁਸਾਇਟੀ ਨੇ ਆਪਣੇ ਪਿੰਡ ਵਿਚੋਂ ਨਸ਼ਿਆਂ ਦੀ ਜੜ੍ਹ ਵੱਢਣ ਲਈ ਖੁਦ ਨਸ਼ੇ ਵੇਚਣ ਵਾਲੇ ਨੂੰ ਪੁਲੀਸ ਪਾਸ ਫੜਾ ਦੇਂਦੇ ਹਨ। ਇਹ ਬੜੀ ਜੁਅਰਤ ਦਾ ਕੰਮ ਹੈ। ਇਹਨਾਂ ਦਾ ਪੂਰਾ ਵਿਸਥਾਰ ਇੱਕ ਵੱਖਰੇ ਕਿਤਬਚੇ ਵਿੱਚ ਦਿੱਤਾ ਜਾਏਗਾ ਜੋ ਨਸ਼ਿਆਂ ਦੇ ਹਰ ਵਿਸ਼ੇ `ਤੇ ਹਰ ਚਾਨਣਾ ਪਉਂਦਾ ਹੋਏਗਾ।

ਪਿੰਡ ਕਾਲਾ ਅਫ਼ਗਾਨਾ ਦੀ ਪੰਚਾਇਤ ਤੇ ਵੈਲਫੇਅਰ ਸੁਸਾਇਟੀ ਵਲੋਂ ਜੋ ਮਤੇ ਪਾਸ ਕੀਤੇ ਗਏ ਹਨ ਉਹ ਹੇਠਾਂ ਲਿਖੇ ਹੋਏ ਹਨ—ਸੰਖੇਪ ਰੂਪ ਵਿਚ

੧ ਪਹਿਲੀ ਕਮੇਟੀ ਵਿੱਚ ਪਿੰਡ ਦਾ ਮੌਜੂਦਾ ਸਾਬਕਾ ਸਰਪੰਚ ਅਤੇ ਮੈਂਬਰ ਪੰਚਾਇਤ ਤੇ ਪਿੰਡ ਦੇ ਹੋਰ ਮੋਹਤਬਰ ਹੋਣਗੇ। ਇਸ ਕਮੇਟੀ ਦਾ ਮੁਖੀ ਪਿੰਡ ਦਾ ਸਰਪੰਚ ਹੋਵੇਗਾ। ਦੂਸਰੀ ਕਮੇਟੀ ਪਿੰਡ ਦੇ ਨੌਜਵਾਨਾ ਦੀ ਹੋਵੇਗੀ ਜਿਸ ਦਾ ਪ੍ਰਧਾਨ ਕਮੇਟੀ ਮੈਂਬਰਾਂ ਦੁਆਰਾ ਚੁਣਿਆ ਜਾਵੇਗਾ। ਦੋਹਾਂ ਹੀ ਕਮੇਟੀਆਂ ਦਾ ਮਕਸਦ ਨਗਰ ਦੀ ਭਲਾਈ ਲਈ ਹੋਵੇਗਾ।

੨ ਪਿੰਡ ਵਿਚਨਸ਼ੇ ਵੇਚਣ ਵਾਲਿਆਂ ਦਾ ਇਹਨਾਂ ਕਮੇਟੀ ਮੈਂਬਰਾਂ ਵਲੋਂ ਮਿਲ ਕੇ ਸਿੱਧੇ ਰੂਪ ਵਿੱਚ ਵਿਰੋਧ ਕੀਤਾ ਜਾਏਗਾ।

੩ ਇਹ ਕਿ ਨਗਰ ਵਿੱਚ ਨਸ਼ੇ ਵੇਚਣ ਅਤੇ ਪੀਣ ਵਾਲਿਆਂ ਨੂੰ ਇੱਕ ਵਾਰ ਚਿਤਾਵਨੀ ਦਿੱਤੀ ਜਾਵੇਗੀ ਇਸ ਦੇ ਬਾਵਜੂਦ ਜੇਕਰ ਉਹ ਸਭ ਬੰਦ ਨਹੀਂ ਕਰਦੇ ਤਾਂ ਉਸ ਵਿਰੁੱਧ ਪੁਲੀਸ ਕਾਰਵਾਈ ਪੁਲੀਸ ਕਾਰਵਾਈ ਕੀਤੀ ਜਾਵੇਗੀ।

੪ ਇਹ ਕਿ ਕਿਸੇ ਵੀ ਨਸ਼ਾ ਵੇਚਣ ਜਾਂ ਕਰਨ ਵਾਲਿਆਂ ਤੇ ਪੁਲੀਸ ਕਾਰਵਾਈ ਹੋਣ `ਤੇ ਨਗਰ ਵਿੱਚ ਕੋਈ ਵੀ ਕਿਸੇ ਪਰਕਾਰ ਉਸ ਦੀ ਸਹਾਇਤਾ ਨਹੀਂ ਕਰੇਗਾ।

੫ ਇਹ ਕਿ ਨਗਰ ਵਿੱਚ ਜਿੰਨ੍ਹਾਂ ਮਾਪਿਆਂ ਦੇ ਬੱਚੇ ਨਸ਼ੇ ਕਰ ਰਹੇ ਹਨ ਉਹ ਸਿੱਧੇ ਰੂਪ ਵਿੱਚ ਕਮੇਟੀ ਨਾਲ ਸੰਪਰਕ ਕਰ ਸਕਦੇ ਹਨ ਤਾਂ ਜੋ ਉਹਨਾਂ ਦੇ ਬੱਚਿਆਂ ਨੂੰ ਇਸ ਦਲ਼ਦਲ਼ ਵਿਚੋਂ ਕੱਢਿਆ ਜਾ ਸਕੇ।

੬ ਇਹ ਕਿ ਜਿਹੜਾ ਵੀ ਨੌਜਵਾਨ ਆਪਣੀ ਮਰਜ਼ੀ ਨਾਲ ਨਸ਼ਾ ਛੱਡਣਾ ਚਹੁੰਦਾ ਹੈ ਕਮੇਟੀ ਉਸ ਦੀ ਹਰ ਪ੍ਰਕਾਰ ਦੀ ਮਦਦ ਕਰੇਗੀ, ਜਿਸ ਵਿੱਚ ਉਸ ਦਾ ਇਲਾਜ ਕਰਾਉਣਾ ਜਾਂ ਹੋਰ ਕਿਸੇ ਪ੍ਰਕਾਰ ਦੀ ਮਦਦ ਮੁਹੱਈਆ ਕਰਵਾਈ ਜਾਵੇਗੀ।

੭ ਇਹ ਕਿ ਲੋੜ ਅਨੁਸਾਰ ਪਿੰਡ ਵਿੱਚ ਨਸ਼ਾ ਛਡਾਉਣ ਦੇ ਕੈਂਪ ਲਵਾਏ ਜਾਣਗੇ।

੮ ਇਹ ਕਿ ਨੌਜਵਾਨ ਕਮੇਟੀ ਮੈਂਬਰ ਮਾਰਚ ਕੱਢ ਕੇ ਲੋਕਾਂ ਨੂੰ ਨਸ਼ਾ ਵਿਰੁੱਧ ਜਾਗਰਿਕ ਕਰਨਗੇ।

੯ ਇਹ ਕਿ ਇਸ ਨਗਰ ਤੋਂ ਇਲਾਵਾ ਬਾਹਰਲੇ ਇਲਾਕੇ ਤੋਂ ਕੋਈ ਵੀ ਆਦਮੀ ਨਸ਼ਾ ਵੇਚਣ ਜਾਂ ਪੀਣ ਦੀ ਕੋਸ਼ਿਸ਼ ਕਰੇਗਾ ਸਾਰੀ ਨੌਜਵਾਨ ਕਮੇਟੀ ਉਸ ਦਾ ਸਿੱਧੇ ਰੂਪ ਵਿੱਚ ਵਿਰੋਧ ਕਰੇਗੀ।

ਇਸ ਨਗਰ ਦੀ ਕਮੇਟੀ ਕੇਵਲ ਮਤੇ ਹੀ ਨਹੀਂ ਪਾਸ ਕਰਦੀ ਸਗੋਂ ਖੁਦ ਨੌਜਵਾਨ ਕਮੇਟੀ ਤਥਾ ਪੰਚਾਇਤ ਖੁਦ ਆਪਣੇ ਸਿਰ `ਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪੂਰਾ ਪੂਰਾ ਪਹਿਰਾ ਵੀ ਦੇਂਦੇ ਹਨ।

ਵੋਟਾਂ ਸਮੇਂ ਵੀ ਨਸ਼ਿਆਂ ਦੇ ਵਿਰੋਧ ਵਿੱਚ ਪੂਰਾ ਨਗਰ ਇੱਕ ਥਾਂ ਖੜਾ ਹੈ—ਤੇ ਇਹਨਾਂ ਨਾਹਰਿਆਂ ਨੂੰ ਅਮਲੀ ਜਾਮਾ ਵੀ ਪਹਿਨਾਉਂਦੇ ਹਨ

ਨਸ਼ੇ ਖੋਰਾਂ ਨੂੰ ਮੂੰਹ ਨਾ ਲਾਓ, ਖ਼ੁਦ ਨੂੰ ਨਸ਼ੈ ਤੋਂ ਬਚਾਓ।

ਨਸ਼ਿਆਂ ਦੇ ਜੋ ਲਾਉਂਦੇ ਲੰਗਰ, ਰਹਿਣ ਨੀਂ ਦੇਣੇ ਪਿੰਡਾਂ ਅੰਦਰ।

ਨਸ਼ੇ ਹਟਾਓ, ਸਮਾਜ ਬਚਾਓ।

ਨਸ਼ੇ ਛੱਡਣ ਲਈ ਸਭ ਤੋਂ ਜ਼ਰੂਰੀ ਹੈ ਬੰਦੇ ਦਾ ਮਨ ਤਗੜਾ ਹੋਵੇ। ਮਨ ਦੀ ਕੰਮਜ਼ੋਰੀ ਕਰਕੇ ਹੀ ਮਾੜੀ ਬਹਿਣੀ ਬੈਠਦਾ ਹੈ ਤੇ ਫਿਰ ਗਲਤ ਗੱਲਾਂ ਨੂੰ ਸਹੀ ਠਹਿਰਾਉਣ ਲਈ ਬੇ ਲੋੜੀਆਂ ਦਲੀਲਾਂ ਦਾ ਹਸਾਰਾ ਲੈਂਦਾ ਹੈ।

ਨਸ਼ੇ ਕੋਈ ਸਦੀਵ ਕਾਲ ਨਹੀਂ ਹਨ ਇਹ ਸਿਰਫ ਗ਼ੇਰ ਜ਼ਿੰਮੇਵਾਰੀ ਵਚੋਂ ਨਿਕਲੇ ਹਨ।

ਜੇ ਅੱਜ ਵੀ ਰਾਜਨੀਤਿਕ ਲੋਕ ਇਮਾਨਦਾਰੀ, ਧਾਰਮਿਕ ਆਗੂ ਸੁਹਿਰਦਤਾ, ਪੁਲੀਸ ਅਫ਼ਸਰ ਬਣਦੀ ਜ਼ਿੰਮੇਵਾਰੀ, ਸਮਾਜ ਸੇਵੀ ਜੱਥੇਬੰਦੀਆਂ ਨਿੱਜੀ ਲਾਭਾਂ ਤੋਂ ਊਪਰ ਉੱਠਣ, ਅਧਿਆਪਕ ਵਰਗ ਦੀ ਵਿਦਿਆ ਨਾਲ ਵਫਾਦਾਰੀ, ਅੱਜ ਦੀ ਗਾਇਕੀ ਤੇ ਗੀਤਗਾਰੀ ਵਿਚੋਂ ਨਸ਼ਿਆਂ ਦੇ ਵਹਾ ਬਾਹਰ ਕੱਢਣਾ, ਮਾਪਿਆਂ ਦਾ ਨਸ਼ਾ ਕਰਦੇ ਆਪਣੇ ਬੱਚਿਆਂ `ਤੇ ਪੜਦਾ ਪਉਣਾ ਆਦਿ ਦੀ ਆਦਤ ਛੱਡ ਦੇਣ ਤਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਮੁਕਤ ਕੀਤਾ ਜਾ ਸਕਦਾ ਹੈ। ਜਿੱਥੇ ਅਸੀਂ ਨੌਜਵਾਨਾਂ ਨੂੰ ਏੰਨਾ ਕੋਸਦੇ ਹਾਂ ਓੱਥੇ ਬੀਬੀਆਂ ਦਾੜੀਆਂ ਨੂੰ ਵੀ ਕੋਈ ਧਰਮ ਹਯਾ ਕਰਨੀ ਚਾਹੀਦੀ ਹੈ ਕਿ ਮੈਰਿਜ ਪੈਲਿਸਾਂ ਵਿੱਚ ਬੈਠ ਕੇ ਨਸ਼ਿਆਂ ਦਾ ਸੇਵਨ ਨਾ ਕਰਨ।

ਲੇਖ ਦੀ ਲੰਬਾਈ ਤੋਂ ਸੰਕੋਚ ਕਰਦਿਆਂ ਬਾਕੀ ਵੱਖਰੇ ਕਿਤਾਬਚੇ ਵਿੱਚ ਜਲਦ ਹੀ ਪ੍ਰਕਾਸ਼ ਕੀਤਾ ਜਾਏਗਾ।
.