.

ਸਿੱਖੀ ਅਤੇ ਗੁਰਦੁਆਰਾ ਚੋਣਾਂ

ਰਾਮ ਸਿੰਘ, ਗ੍ਰੇਵਜ਼ੈਂਡ

ਸੱਭ ਤੋਂ ਪਹਿਲਾਂ ਇਹ ਸਮਝਣ ਦੀ ਲੋੜ ਹੈ ਕਿ ਗੁਰਦੁਆਰਾ ਹੈ ਕੀ? ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣਾ ਨਿਰਾਲਾ ਪੰਥ ਜੋ ਹਰ ਪੱਖੋਂ ‘ਸੱਚ’ ਤੇ ਅਧਾਰਤ ਸੀ ਅਤੇ ਅਸਲੀ ਅਤੇ ਅਮਲੀ ਧਰਮ ਦੀ ਤਰਜਮਾਨੀ ਕਰਦਾ ਸੀ, ਭਾਵ ਮਨੁੱਖੀ ਹੱਕਾਂ (ਧਾਰਮਿਕ, ਸਮਾਜਿਕ, ਆਰਥਿਕ, ਰਾਜਨੀਤਕ ਆਦਿ) ਦੀ ਲਹਿਰ ਵਜੋਂ ਉਸ ਕੂੜ ਭਰੇ ਵਾਤਾਵਰਨ ਵਿੱਚ ਪ੍ਰਗਟ ਕਰਨ ਸਮੇਂ ਪੰਥ ਨੂੰ, ਜਿੱਸ ਵਿੱਚ ਹਰ ਵਰਗ, ਤੇ ਖਾਸ ਕਰਕੇ ਕਿਰਤੀ ਵਰਗ, ਦੇ ਮਰਦ ਤੇ ਇਸਤਰੀਆਂ ਸ਼ਾਮਲ ਸਨ, ਅੱਗੇ ਤੋਂ ਅੱਗੇ ਵਧਦਾ ਫੁੱਲਦਾ ਕਰਨ ਲਈ ‘ਯੋਗਤਾ’ ਨੂੰ ਪਹਿਲ ਦਿੱਤੀ। ਇਹ ਇਸ ਲਈ ਕਿ ਪੰਥ ਯੋਗ ਹੱਥਾਂ ਰਾਹੀਂ ਇਤਨਾ ਮਜ਼ਬੂਤ ਹੋ ਜਾਵੇ ਕਿ ਉਹ ਹਰ ਸੰਕਟ ਦਾ ਆਸਾਨੀ ਨਾਲ ਟਾਕਰਾ ਕਰ ਸਕੇ ਤੇ ਅੱਗੇ ਨਾਲੋਂ ਵੱਧ ਤਕੜਾ ਤੇ ਨਰੋਆ ਹੋ ਕੇ ਨਿਕਲੇ। ਐਸੀ ਯੋਗਤਾ ਭਾਵ ਅਸਲੀ ਧਰਮ ਦੀ ਸਿੱਖਿਆ ਲਈ ਗੁਰੂ ਸਾਹਿਬ ਨੇ ਧਰਮਸਾਲ ਬਣਾਏ। ਸੋ ਯੋਗਤਾ ਦੀ ਪਰਖ ਅਤੇ ਉਸ ਤੇ ਅਮਲ ਗੁਰੂ ਕਾਲ ਤੋਂ ਹੁੰਦਾ ਹੋਇਆ ਆਖਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਕਰ ਕਮਲਾਂ ਦੁਆਰਾ ਪੰਥ ਆਪਣੀ ਵਾਗ ਡੋਰ ਆਪ ਸੰਭਾਲਣ ਦੇ ਯੋਗ ਬਣ ਗਿਆ ਅਤੇ ਇੱਕ ਸਿੱਕੇਬੰਦ ਏਕਤਾ ਵਿੱਚ ਪ੍ਰੋਤਾ ਗਿਆ। ਸੋ ਸਿਖੀ ਵਿੱਚ ਗੁਰਦੁਆਰਾ ‘ਸਚ’ ਤੇ ‘ਯੋਗਤਾ’ ਦੀ ਸਿੱਖਿਆ ਦੇ ਨਾਲ ਆਪਸੀ ਪਿਆਰ ਅਤੇ ਭ੍ਰਾਤਰੀ ਵਿਉਹਾਰ ਨੂੰ ਗ੍ਰਹਿਣ ਕਰਨ ਦਾ ਮਹਾਨ ਕੇਂਦਰ ਹੈ। ਐਸੀ ਸਿੱਖਿਆ ਰਾਹੀਂ ਹੀ ਸਿੱਕੇਬੰਦ ਏਕਤਾ ਵਿੱਚ ਪੰਥ ਪਰੋਤਾ ਗਿਆ ਸੀ। ਇਸ ਏਕਤਾ ਨੇ ਬੜੀਆਂ ਮੁਸੀਬਤਾਂ ਝੱਲੀਆਂ ਤੇ ਔਕੜਾਂ ਦਾ ਟਾਕਰਾ ਕੀਤਾ। ਕਾਫੀ ਨੁਕਸਾਨ ਕਰਵਾ ਕੇ ਰਾਜ ਤੱਕ ਕਾਇਮ ਕਰ ਲਿਆ। ਭਾਵ ਯੋਗਤਾ ਨੇ ਕੀੜੀ ਨੂੰ (ਕਿਰਤੀਆਂ ਨੂੰ ਕੀੜੀਆਂ ਹੀ ਸਮਝਿਆ ਜਾਂਦਾ ਸੀ) ਰਾਜੇ ਤੱਕ ਬਣਾ ਦਿੱਤਾ।

ਸਿੱਖਾਂ ਤੋਂ ਰਾਜ ਬੜੀ ਚਲਾਕੀ ਪਰ ਬੜੀ ਤੱਕੜੀ ਟੱਕਰ ਨਾਲ ਹਥਿਆਉਣ ਤੋਂ ਬਾਅਦ ਅੰਗ੍ਰੇਜ਼ਾਂ ਨੇ ਸਮਝ ਲਿਆ ਕਿ ਸੱਚ ਤੇ ਯੋਗਤਾ ਤੇ ਅਧਾਰਤ ਇਸ ਦੇਸ ਵਿੱਚ ਸਿਰਫ ਸਿੱਖ (ਭਾਵ ਖਾਲਸਾ ਪੰਥ) ਹੀ ਹਨ ਜੋ ਕਿਸੇ ਭੀ ਤਕੜੀ ਤੋਂ ਤਕੜੀ ਹਕੂਮਤ ਦਾ ਟਾਕਰਾ ਕਰ ਕੇ ਹਰਾ ਤੱਕ ਸਕਦੇ ਹਨ। (ਬੀਬੀ ਇੰਦਰਾ ਵਲੋਂ ਦੇਸ ਵਿੱਚ ਲਾਈ ਐਮਰਜੈਂਸੀ ਸਮੇਂ ਪੰਡਤ ਜਵਾਹਰ ਲਾਲ ਨਹਿਰੂ ਦੀ ਭੈਣ ਸ਼੍ਰੀਮਤੀ ਵਿਜੇ ਲਕਸ਼ਮੀ ਦੇ ਇਹ ਸ਼ਬਦ "ਪੰਜਾਬ ਜੋ ਹਰ ਸੰਘਰਸ਼ ਵਿੱਚ ਅੱਗੇ ਰਿਹਾ ਹੈ, ਐਮਰਜੈਂਸੀ ਦੌਰਾਨ ਵੀ ਸਿਰਫ ਪੰਜਾਬ ਹੀ ਜਥੇਬੰਧਕ ਢੰਗ ਨਾਲ ਬੜੇ ਪੈਮਾਨੇ ਤੇ ਅੱਗੇ ਰਿਹਾ ਹੈ। ਪੰਜਾਬ ਵਿੱਚ ਸਿਰਫ ਅਕਾਲੀਆਂ (ਅੱਜ ਕਲ ਦੇ ਅਕਾਲੀ ਨਹੀਂ) ਨੇ ਇਸ ਵਿਰੁੱਧ ਮੋਰਚਾ ਲਾਇਆ ਹੈ। ਇੱਦਾਂ ਦੇ ਮਾਮਲਿਆਂ ਵਿੱਚ ਪੰਜਾਬ ਦੀ ਅਗਵਾਈ ਜਾਰੀ ਰਹਿਣੀ ਚਾਹੀਦੀ ਹੈ" (ਦੇਖੋ India commits Suicide by G.S. Dhillon, page 91), ਇੱਥੇ ਖਾਸ ਮਹੱਤਤਾ ਰੱਖਦੇ ਹਨ)। ਸੋ ਉਨ੍ਹਾਂ ਨੇ ਕੁੱਛ ਦੂਰ-ਅੰਦੇਸ਼ ਤੇ ਸੂਝਵਾਨ ਸਿੱਖਾਂ ਦੀ ਵਿਰੋਧਤਾ ਦੇ ਬਾਵਜੂਦ ਗੁਰੂ ਜੀ ਵਲੋਂ ਫੁਰਮਾਏ ਯੋਗਤਾ ਵਾਲੀ ਚੋਣ (Selection) ਦੇ ਵਿਰੁੱਧ, ਕੁੱਛ ਮੌਕਾਪ੍ਰਸਤ, ਚਾਪਲੂਸ ਤੇ ਸਵਾਰਥੀ ਸਿੱਖਾਂ ਦੀ ਸਹਿਮਤੀ ਨਾਲ, ਦੇਸ ਦੇ ਪ੍ਰਬੰਧ ਨੂੰ ਚਲਾਉਣ ਲਈ ਚੋਣ ਵਾਲਾ (Election) ਢਾਂਚਾ ਗੁਰਦੁਆਰਿਆਂ ਦੇ ਪ੍ਰਬੰਧ ਨੂੰ ਚਲਾਉਣ ਲਈ ਸਿੱਖਾਂ ਦੇ ਸਿਰ ਮੜ੍ਹ ਦਿੱਤਾ। ਕੁੱਛ ਹੀ ਸਾਲਾਂ ਅੰਦਰ ਐਸੀ ਚੋਣ ਪ੍ਰਨਾਲੀ ਨੇ ਸਿੱਖਾਂ ਵਿੱਚ ਧੜੇਬੰਦੀ ਪਾ ਕੇ ਆਪਸੀ ਭਰਾਵਾਂ ਵਾਲਾ ਪਿਆਰ ਖੰਭ ਲਾਕੇ ਉੜਾ ਦਿੱਤਾ। ਜਿੱਥੇ ਬਿਪਰਨ ਸੋਚ ਲੋਕਾਂ ਨੂੰ ਜਾਤਾਂ ਵਿੱਚ ਵੰਡ ਕੇ ਏਕਾ ਤੋੜਦੀ ਹੈ, ਉਥੇ ਅਖੌਤੀ ਲੋਕਰਾਜੀ ਚੋਣ (Election) ਪ੍ਰਨਾਲੀ ਆਪਸੀ ਵੰਡ ਪਾੜੇ ਪਾਉਂਦੀ ਹੈ। ਹੁਣ ਇਹ ਚੋਣ ਵਿਧੀ ਸਿੱਖ ਗੁਰਦੁਆਰਾ ਪ੍ਰਬੰਧ ਨਾਲ ਇਸ ਤਰ੍ਹਾਂ ਚਿੱਮੜ ਗਈ ਹੈ ਕਿ ਉਪਰ (ਸ਼੍ਰੋ. ਗੁ. ਪ੍ਰ. ਕਮੇਟੀ) ਤੋਂ ਲੈ ਕੇ ਛੋਟੇ ਤੋਂ ਛੋਟੇ ਗੁਰਦੁਆਰੇ ਵੀ ਇਸ ਬਿਮਾਰੀ ਦੇ ਬੁਰੀ ਤਰ੍ਹਾਂ ਸ਼ਿਕਾਰ ਬਣ ਚੁੱਕੇ ਹਨ। ਕੁੱਛ ਸਿੱਖੀ ਦੀ ਅਸਲੀਅਤ ਸੰਬੰਧੀ ਚਿੰਤਤ ਸਿੱਖਾਂ ਤੋਂ ਬਿਨਾਂ ਬਹੁ-ਗਿਣਤੀ ਇਸ ਚੋਣ ਢੰਗ ਨੂੰ ਪ੍ਰਨਾਮ ਕਰਦੀ ਹੈ ਤੇ ਇਸ ਨੂੰ ਖਤਮ ਨਹੀਂ ਹੋਣ ਦੇਣਾ ਚਾਹੁੰਦੀ। ਪਰ ਅਜੋਕਾ ਚੋਣ ਢੰਗ ਜੋ ਸਿੱਖਾਂ ਉਤੇ ਅਤੇ ਸਿੱਖ ਗੁਰਦੁਆਰਿਆਂ ਦੇ ਪ੍ਰਬੰਧ ਪ੍ਰਤਿ ਕਿਸੇ ਡੂੰਘੀ ਸਿਆਸੀ ਚਾਲ ਰਾਹੀਂ ਠੋਸਿਆ ਗਿਆ ਹੈ ਉਹ ਸਿੱਖੀ ਅਤੇ ਗੁਰਮਤਿ ਅਨਕੂਲ ਨਹੀਂ ਹੈ। ਇਸ ਢੰਗ ਨੂੰ ਤੁਰੰਤ ਖਤਮ ਕਰਕੇ, ਭਾਵ ਸੱਭ ਝਗੜੇ ਦੀ ਜੜ੍ਹ, ਗੁਰਦੁਆਰਾ ਐਕਟ ਖਤਮ ਕਰਵਾਕੇ (ਸਿੱਖੀ ਦੀ ਹੋਂਦ ਨੂੰ ਬਚਾਉਣ ਲਈ ਇਸ ਐਕਟ ਨੂੰ ਖਤਮ ਕਰਵਾਉਣਾ ਜ਼ਰੂਰੀ ਹੈ, ਕਿਉਂਕਿ ਹਿੰਦੂ ਮੰਦਰਾਂ, ਮੁਸਲਮਾਨ ਮਸਜਿਦਾਂ ਆਦਿ ਲਈ ਕੋਈ ਐਕਟ ਨਹੀਂ ਹੈ) ਨਵਾਬ ਕਪੂਰ ਸਿੰਘ ਜੀ ਦੇ ਸਮੇਂ ਦਾ ਚੋਣ ਢੰਗ ਇੱਕ ਦਮ ਅਪਣਾ ਲੈਣਾ ਚਾਹੀਦਾ ਹੈ। ਇਸ ਵਿੱਚ ਗੁਰੂ ਸਾਹਿਬਾਨ ਦੀ ਖੁਸ਼ੀ ਤੇ ਸਿੱਖ ਜਗਤ ਦਾ ਕਲਿਆਣ ਹੈ। ਇਸ ਵਰਤਮਾਨ ਚੋਣ ਢੰਗ ਨੂੰ ਸਿਰਫ ਉਹ ਲੋਕ ਹੀ ਚਾਲੂ ਰੱਖਣਾ ਚਾਹੁੰਦੇ ਹਨ:-

ਜਿਨ੍ਹਾਂ ਨੂੰ ਚੌਧਰ ਤੇ ਆਪਣਾ ਸਵਾਰਥ ਪੂਰਾ ਕਰਨ ਦੀ ਭੁੱਖ ਹੈ ਤੇ ਉਹ ਹਰ ਜਾਇਜ਼ ਯਾ ਨਾਜਾਇਜ਼ ਢੰਗ ਵਰਤ ਕੇ ਰਾਏ ਦੇਣ ਵਾਲਿਆਂ (ਅਰਥਾਤ ਵੋਟਰਾਂ) ਨੂੰ ਆਪਣੇ ਨਾਲ ਗੰਢ-ਤੁੱਪ ਲੈਂਦੇ ਹਨ, ਭਾਵ ਆਪ ਗੁਰਮਤਿ ਤੋਂ ਚੰਗੀ ਤਰ੍ਹਾਂ ਜਾਣੂੰ ਹੋਣ ਤੇ ਚਲਦੇ ਹੋਣ ਯਾ ਨਾ ਅਤੇ ਭਾਵੇਂ ਦਸਾਂ ਗੁਰੂ ਸਾਹਿਬਾਨ ਦੇ ਨਾਮ ਜਾਣਦੇ ਤੇ ਗੁਰੂ ਸਾਹਿਬਾਨ ਤੇ ਵਿਸ਼ਵਾਸ ਰੱਖਦੇ ਹੋਣ ਜਾ ਨਾ ਅਤੇ ਭਾਵੇਂ ਦਸਾਂ ਪਾਤਸ਼ਾਹੀਆਂ ਦੀ ਅਮਰ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਵੀਕਾਰ ਕਰਦੇ ਹੋਣ ਯਾ ਨਾ।

ਜੋ ਬਾਹਰੋਂ ਸਿੱਖ ਦਿਸਦੇ ਹੋਣ ਤੇ ਮੰਨਦੇ ਕਿਸੇ ਦੇਹਧਾਰੀ ਗੁਰੂ ਨੂੰ ਹੋਣ ਪਰ ਅੰਦਰੋਂ ਲੱਤ ਗੁਰਦੁਆਰਾ ਪ੍ਰਬੰਧ ਵਿੱਚ ਜ਼ਰੂਰ ਅੜਾਉਣੀ ਚਾਹੁੰਦੇ ਹਨ ਤਾਕਿ ਸਿੱਖੀ ਅਸੂਲਾਂ ਨੂੰ ਕਮਜ਼ੋਰ ਕਰਕੇ ਆਪਣੇ ਅਸੂਲਾਂ ਨੂੰ ਹੌਲੀਂ ਹੌਲੀਂ ਸਿੱਖੀ ਵਿੱਚ ਦਾਖਲ ਕਰਕੇ ਸਿੱਖੀ ਨੂੰ ਇੱਕ ਐਸਾ ਮਿਲਗੋਭਾ ਬਣਾ ਦਿੱਤਾ ਜਾਵੇ ਜਿਸ ਦੇ ਨਾਲ ਸਿੱਖੀ ਸਿੱਖੀ ਹੀ ਨਾ ਰਹਿ ਸਕੇ। ਇਹ ਸ਼੍ਰੇਣੀ ਬਹੁਤ ਖਤਰਨਾਕ ਲੋਕਾਂ ਦੀ ਹੈ। ਇਸ ਤੋਂ ਬਹੁਤ ਸੁਚੇਤ ਹੋਣ ਦੀ ਲੋੜ ਹੈ। ਇਸ ਸ਼੍ਰੇਣੀ ਵਿੱਚ ਨਰਕਧਾਰੀ, ਰਾਧਾਸੁਆਮੀ, ਰਾਸ਼ਟਰੀਆ ਸਿੱਖ ਸੰਗਤ ਆਦਿ ਲੋਕ ਸ਼ਾਮਲ ਹਨ ਜੋ ਅਜੋਕੀ ਸ਼੍ਰੋ. ਗੁ. ਪ੍ਰ. ਕਮੇਟੀ ਦੀ ਅਨਗਹਿਲੀ ਕਾਰਨ ਕਾਫੀ ਹੱਦ ਤੱਕ ਸਿੱਖੀ ਵਿੱਚ ਘੁੱਸਬੈਠ ਕਰ ਚੁੱਕੇ ਹਨ।

ਹਿੰਦੂ ਵਿਚਾਰਧਾਰਾ ਰੱਖਣ ਵਾਲੇ (ਬਿਪਰਨ ਕੀ ਰੀਤਿ ਅਪਨਾਉਣ ਵਾਲੇ) ਹਿੰਦੂਆਂ ਵਾਂਗ ਸਗਨ-ਅਪਸਗਨ ਟੂਣੇ ਜਾਦੂ ਆਦਿ ਵਿੱਚ ਵਿਸ਼ਵਾਸ ਰੱਖਣ ਵਾਲੇ ਦੇਵੀ ਦੇਵਤਿਆਂ ਆਦਿ ਦੀ ਭੀ ਨਾਲ ਨਾਲ ਪੂਜਾ ਕਰਨ ਵਾਲੇ ਬਾਹਰੋਂ ਦਿਸਦੇ ਸਿੱਖ ਜੋ ਹਰ ਇੱਕ ਨੂੰ ਖੁਸ਼ ਰੱਖਣਾ ਚਾਹੁੰਦੇ ਹਨ ਅਤੇ ਆਪਣੇ ਆਪ ਨੂੰ ਅਖੌਤੀ ਖੁਲਦਿਲੇ ਸਿੱਖ ਅਖਵਾਉਣ ਵਿੱਚ ਮਾਣ ਸਮਝਦੇ ਹਨ। ਇਨ੍ਹਾਂ ਵਲੋਂ ਗੁਰੂ ਦਰਸਾਈ ਸਿੱਖੀ ਭਾਵੇਂ ਹੱਥੋਂ ਜਾਂਦੀ ਰਹੇ ਪਰ ਇਨ੍ਹਾਂ ਨੂੰ ਹਰ ਪੱਖ ਦੇ ਬੰਦੇ ਨੂੰ ਖੁਸ਼ ਰੱਖਣ ਦੀ ਅਤੇ ਆਪਣੀ ਇੱਜ਼ਤ (ਜੋ ਭਾਵੇਂ ਆਰਜ਼ੀ ਹੁੰਦੀ ਹੈ) ਬਣਾਈ ਰੱਖਣ ਦੀ ਭੈੜੀ ਵਾਦੀ ਹੁੰਦੀ ਹੈ, ਜਿਸ ਨੂੰ ਇਹ ਤਿਅਗ ਨਹੀਂ ਸਕਦੇ। ਇਨ੍ਹਾਂ ਵਿੱਚ ਅਖੌਤੀ ਸਹਿਜਧਾਰੀਆਂ ਦਾ ਪ੍ਰਧਾਨ ਮਿਸਟਰ ਰਾਣੂੰ (ਅਖੌਤੀ ਸਹਿਜਧਾਰੀ ਇਸ ਕਰਕੇ ਕਿ ਮਿਸਟਰ ਰਾਣੂੰ ਸਿੱਖਾਂ ਦੇ ਘਰ ਪੈਦਾ ਹੋਕੇ ਕੇਸ ਮੁਨਾ ਕੇ ਪਿਛਲਾ ਗੇਅਰ ਲਾਕੇ ਆਪਣੇ ਆਪ ਨੂੰ ਸਹਿਜਧਾਰੀ ਕਹਿੰਦਾ ਹੈ ਜਦ ਕਿ ਸਹਿਜਧਾਰੀ ਸਿੱਖ ਉਹ ਹੁੰਦਾ ਹੈ ਜੋ ਸਿੱਖ ਘਰ ਵਿੱਚ ਨਾ ਜੰਮਿਆ ਹੋਵੇ ਪਰ ਕੇਸ ਰੱਖਕੇ ਹੌਲੀਂ ਹੌਲੀਂ ਅੰਮ੍ਰਿਤ ਛਕਣ ਵਲ ਵੱਧ ਰਿਹਾ ਹੋਵੇ), ਅਤੇ ਦੋਨੋਂ ਮੀਆਂ ਬੀਬੀ ਨਵਜੋਤ ਸਿੱਧੂ ਆਦਿ ਸ਼ਾਮਲ ਹਨ। ਇਨ੍ਹਾਂ ਵਿਚਾਰਿਆਂ ਨੂੰ ਗੁਰਬਾਣੀ ਦੀ ਪੂਰੀ ਸੋਝੀ ਨਾ ਹੋਣ ਕਾਰਨ ਅਤੇ ਸਿੱਖ ਮਰਯਾਦਾ ਤੋਂ ਅਗਿਆਨਤਾ ਦੇ ਕਾਰਨ ਇਹ ਪਤਾ ਹੀ ਨਹੀਂ "ਲੋਕ ਪਤੀਣੈ ਨ ਪਤਿ ਹੋਇ॥ ਤਾ ਪਤਿ ਰਹੈ ਰਾਖੈ ਜਾ ਸੋਇ॥" (ਅੰਗ. 661 ) ਇਨ੍ਹਾਂ ਦੀ ਇਸ ਬਹੁਤ ਬੜੀ ਢਿੱਲ, ਭੁੱਲ ਅਤੇ ਘੋਰ ਗਲਤੀ ਕਾਰਨ ਸਿੱਖੀ ਦੀ ਬਦਨਾਮੀ ਹੁੰਦੀ ਹੈ।

ਜੇ, ਭਾਵੇਂ ਉਚ ਪੱਧਰ ਯਾ ਆਮ ਗੁਰਦੁਆਰਾ, ਚੋਣਾਂ ਤੇ ਨਿਗਾਹ ਮਾਰੀਏ ਤੇ ਸਿੱਖੀ ਦੇ ਇਹ ਅਖੌਤੀ ਆਗੂ ਤੇ ਠੇਕੇਦਾਰ ਗੁਰੂ ਹੁਕਮਾਂ ਨੂੰ ਅਤੇ ਸਿੱਖੀ ਨੂੰ ਛਿੱਕੇ ਤੇ ਟੰਗ ਕੇ ਪਹਿਲਾਂ ਤਾਂ ਜਥੇਦਾਰੀਆਂ ਤੇ ਪ੍ਰਧਾਨੀਆਂ ਪਿੱਛੇ ਦੌੜਦੇ ਹਨ ਤੇ ਫਿਰ ਜਥੇਦਾਰੀਆਂ ਤੇ ਪ੍ਰਧਾਨੀਆਂ ਰਾਹੀਂ ਲੋਕਾਂ ਨੂੰ ਪਿੱਛੇ ਲਾ ਕੇ ਸਿੱਖ ਪੰਥ ਨੂੰ ਧੋਖਾ ਦੇ ਕੇ ਦਲ ਬਦਲੂ ਨੀਤੀ ਅਪਨਾ ਕੇ ਕਦੇ ਕਿਸੇ ਕਦੇ ਕਿਸੇ ਪਾਰਟੀ ਤੇ ਫਿਰ ਸਿੱਖ ਪੰਥ ਦੀ ਝੋਲੀ ਆ ਡਿਗਦੇ ਹਨ। ਪੰਜਾਬ ਦਾ ਵਰਤਮਾਨ ਹੁਕਮਰਾਨ ਟੋਲਾ ਬਹੁਤ ਬੜੀ ਮਿਸਾਲ ਹੈ, ਜੋ ਗੁਲਾਮੀ ਸਮੇਂ ਅੰਗ੍ਰੇਜ਼ਾਂ ਦਾ ਚਾਪਲੂਸ ਸੀ, ਤੇ ਅਖੌਤੀ ਆਜ਼ਾਦੀ ਬਾਅਦ ਕਾਂਗ੍ਰਸੀ ਬਣ ਗਿਆ। ਹੁਣ ਇਹ ਆਪਣੇ ਆਪ ਨੂੰ ਪੰਥਕ ਸਿਆਸੀ ਪਾਰਟੀ ਤੇ ਸ਼੍ਰੋ. ਗੁ. ਪ੍ਰ. ਕਮੇਟੀ ਦੇ ਠੇਕੇਦਾਰ ਸਮਝਦੇ ਹਨ ਤੇ ਗੁਰੂ ਹੁਕਮਾਂ ਦੇ ਉਲਟ ਸਿਆਸੀ ਪਾਰਟੀ ਨੂੰ ਧਰਮ ਨਾਲੋਂ ਉੱਚਾ ਸਮਝ ਕੇ ਵਰਤ ਰਹੇ ਹਨ। ਇਨ੍ਹਾਂ ਭੱਦਰ ਪੁਰਸ਼ਾਂ ਨੂੰ ਖਾਸ ਕਰਕੇ ਤੇ ਆਮ ਗੁਰਦੁਆਰਿਆਂ ਦੀਆਂ ਅਖੌਤੀ ਚੋਣਾਂ ਜਿੱਤਣ ਵਾਲਿਆਂ ਨੂੰ ਆਪਣੇ ਗੁਰੂ ਤੇ ਭਰੋਸਾ ਹੀ ਨਹੀਂ। ਉਂਜ ਭਾਵੇਂ, ਅਖਬਾਰਾਂ ਵਿੱਚ ਜਿੱਤਣ ਦੀਆਂ ਵਧਾਈਆਂ ਲੈਣ ਦੇ ਨਾਲ, ਇਹ ਲੋਕ ਦਿਖਾਵੇ ਲਈ ਸਾਲ ਵਿਾਚ ਕਈ ਕਈ ਅਖੰਡਪਾਠ ਤੇ ਸੁਖਮਣੀ ਸਾਹਿਬ ਦੇ ਪਾਠ ਭੀ ਕਰਾ ਦਿੰਦੇ ਹੋਣ ਤੇ ਆਪਣੇ ਪੱਕੇ ਸਿੱਖ ਹੋਣ ਦਾ ਪ੍ਰਗਟਾਵਾ ਕਰਦੇ ਹੋਣ। ਪਰ ਇਨ੍ਹਾਂ ਲੋਕਾਂ ਦੇ ਅਖੰਡਪਾਠ ਆਦਿ ਕੀ ਹੁੰਦੇ ਹਨ- ਕਹਿੰਦਿਆਂ ਸ਼ਰਮ ਆਉਂਦੀ ਹੈ- ਇਹ ਅੱਜ ਕੱਲ ਦੇ ਚੰਚਲ ਮਨਾਂ ਦੇ ਚੋਚਲਿਆਂ ਵਾਂਗ ਰਚਾਈਆਂ ਟੀ-ਪਾਰਟੀਆਂ ਹੀ ਹੁੰਦੇ ਹੇਨ। ਇਨ੍ਹਾਂ ਅਖੌਤੀ ਆਗੂਆਂ, ਜਥੇਦਾਰਾਂ (ਸਮੇਤ ਬਹੁਤ ਸਾਰੇ ਅਖੌਤੀ ਪ੍ਰਚਾਰਕ ਰਾਹੀਂ ਜੋ ਅਜੋਕੇ ਚੋਣ ਢੰਗ ਨਾਲ ਚੁਣੇ ਗਏ ਹਨ, ਸਿੱਖੀ ਦੀ ਜੋ ਬਦਨਾਮੀ ਹੋਈ ਹੈ ਤੇ ਹੋ ਰਹੀ ਹੈ ਅਤੇ ਸਿੱਖੀ ਨੂੰ ਸੱਟ ਵੱਜੀ ਰਹੀ ਹੈਉਹ ਸ਼ਾਇਦ ਧੀਰਮੱਲੀਆਂ, ਰਾਮ ਰਾਈਆਂ, ਮਸੰਦਾਂ, ਮਹੰਤਾਂ ਅਤੇ ਔਰੰਗਜ਼ੇਬੀ ਜ਼ੁਲਮ ਤੇ ਧੱਕੇਸ਼ਾਹੀ ਆਦਿ ਰਾਹੀਂ ਭੀ ਨਾ ਹੋਈ ਤੇ ਨਾ ਵੱਜੀ ਹੋਵੇ। ਇਸ ਦੇ ਨਾਲ, ਪਿੱਛੇ ਲਿਖੇ ਵਾਂਗ ਇਸ ਚੋਣ ਰਾਹੀਂ ਆਪਸੀ ਧੜੇਬੰਦੀ ਕਾਰਨ ਆਪਸੀ ਭਰਾਵਾਂ ਵਾਲੇ ਪਿਆਰ ਦਾ ਖੰਭ ਲਾਕੇ ਉੜਨ ਨਾਲ ਟੱਬਰਾਂ ਦੇ ਟੱਬਰ ਇੱਕ ਦੂਜੇ ਦੇ ਵਿਰੋਧੀ ਹੋ ਨਿਬੜਦੇ ਹਨ, ਜਦਕਿ ਚੋਣ ਜਿੱਤਣ ਵਾਲੇ ਕਈ ਐਸੇ ਹੁੰਦੇ ਹਨ ਜਿਨ੍ਹਾਂ ਨੂੰ ਸਿੱਖ ਇਤਿਹਾਸ ਤੇ ਸਿਧਾਂਤ ਬਾਰੇ ਇੱਕ ਲਫਜ਼ ਤੱਕ ਨਹੀਂ ਆਉਂਦਾ ਤੇ ਆਮ ਬੋਲਚਾਲ ਭੀ ਅਸਭਿਅਕ ਹੁੰਦੀ ਹੈ ਅਤੇ ਫੌੜੀਆਂ ਤੇ ਚੱਲਣ ਵਾਲੇ ਹੀ ਹੁੰਦੇ ਹਨ ਤੇ ਫੌੜੀਆਂ ਬਣਨ ਵਾਲੇ ਵੀ ਗੁਰੂ ਦਾ ਕੋਈ ਭੌ ਨਾ ਰੱਖਦੇ ਹੋਏ, ਕੋਈ ਨਾ ਕੋਈ ਆਪਣਾ ਸਵਾਰਥ (ਉਪ-ਪ੍ਰਧਾਨ, ਜਨਰਲ ਸਕੱਤਰ, ਸਟੇਜ ਸਕੱਤਰ ਆਦਿ ਬਣਨਾ ਅਤੇ ਧਰਮ ਰਾਹੀਂ ਸਿਆਸੀ ਲਾਹਾ ਲੈਣਾ ਆਦਿ) ਮੁੱਖ ਰੱਖਕੇ ਐਸੇ ਭੱਦਰਪੁਰਸ਼ਾਂ ਨੁੰ ਮੁੜ, ਮੁੜ ਮੁਖੀ ਬਨਾਉਣ ਲਈ ਉਤਾਵਲੇ ਰਹਿੰਦੇ ਹਨ। ਜਦਕਿ ਕਈ ਪਰਬੰਧਕ ਐਸੇ ਭੀ ਹੁੰਦੇ ਹਨ ਕਿ ਆਪਣੇ ਕੋਲੋਂ ਕੋਈ ਬੋਲ ਬੋਲਣਾ ਤਾਂ ਇੱਕ ਪਾਸੇ ਕਾਗਜ਼ ਤੇ ਲਿਖ ਕੇ ਦਿੱਤੇ ਨੂੰ ਭੀ ਚੰਗੀ ਤਰ੍ਹਾਂ ਨਹੀਂ ਪੜ੍ਹ ਸਕਦੇ। ਅੱਜਕਲ ਦੇ ਪੰਥ ਤੇ ਬਣੇ ਸੰਕਟ ਸਮੇਂ ਐਸੇ ਪ੍ਰਬੰਧਕ ਕਿਹੜਾ ਫਰਜ਼ ਨਿਭਾ ਸਕਦੇ ਹਨ। ਐਸੇ ਹਾਲਾਤ ਨੂੰ ਮੁੱਖ ਰੱਖਕੇ ਹੀ ਸ਼ਾਇਦ 30-10-2015 ਨੂੰ ਡਰਬੀ ਵਿਖੇ ਕੀਤੇ ਗਏ "ਪੰਥ ਦੀ ਆਵਾਜ਼" ਪ੍ਰੋਗਰਾਮ ਵਿੱਚ ਇੱਕ ਨੌਜਵਾਨ ਨੇ ਕਿਹਾ ਸੀ ਕਿ ਗੁਰਦੁਆਰਿਆਂ ਦੇ ਪ੍ਰਬੰਧਕ ਸੱਚੇ, ਸੁੱਚੇ, ਦੂਰ-ਅੰਦੇਸ਼ ਤੇ ਗਿਆਨਵਾਨ, ਭਾਵ ਗੁਰ ਤੇ ਸਿੱਖ ਇਤਿਹਾਸ ਅਤੇ ਸਿੱਖ ਸਿਧਾਂਤ ਤੋਂ ਜਾਣੂੰ, ਹੋਣੇ ਚਾਹੀਦੇ ਹਨ।

ਐਸੀ ਚੋਣ ਰਾਹੀਂ ਚੁਣੀ ਅੱਜਕਲ ਦੀ ਸ਼੍ਰੋ. ਗੁ. ਪ੍ਰ. ਕਮੇਟੀ ਤੇ ਖਾਸ ਕਰਕੇ ਪ੍ਰਧਾਨ ਮਿਸਟਰ ਮੱਕੜ ਅਤੇ ਇਨ੍ਹਾਂ ਵਲੋਂ ਲਗਾਏ ਸ੍ਰੀ ਅਕਾਲ ਤਖਤ ਤੇ ਹੋਰ ਤਖਤਾਂ ਦੇ ਜਥੇਦਾਰਾਂ ਨੇ ਜੋ ਸਿੱਖੀ ਦੀ ਬਦਨਾਮੀ ਕੀਤੀ ਹੈ ਉਹ ਖਾਸ ਮਿਸਾਲ ਬਣ ਗਈ ਹੈ। ਇਨ੍ਹਾਂ ਕਮੇਟੀ ਮੈਂਮਬਰਾਂ ਵਿੱਚ ਕਈ ਉਹ ਭੱਦਰਪੁਰਸ਼ ਭੀ ਹਨ ਜੋ ਇੱਕ ਵੇਲੇ ਡਾ. ਸੋਹਣ ਸਿੰਘ ਵਲੋਂ ਬਣਾਈ ਪੰਥਕ ਕਮੇਟੀ ਦੇ ਮੈਂਮਬਰ ਸਨ ਪਰ ਫਿਰ ਪੰਥ ਦੀ ਪਿੱਠ ਵਿੱਚ ਛੁਰਾ ਮਾਰਨ ਲਈ ਵਰਤਮਾਨ ਹਾਕਮਾਂ ਦੀ ਝੋਲੀ ਪੈਕੇ ਕਮੇਟੀ ਦੇ ਮੈਂਮਬਰ ਯਾ ਐਮ. ਐਲ. ਏ. ਬਣ ਗਏ। ਕੁੱਛ ਕੁ ਮੈਂਮਬਰਾਂ ਦੀ ਜ਼ਮੀਰ ਜ਼ਰੂਰ ਜਾਗੀ ਹੈ, ਪਰ ਕੀ ਇਨ੍ਹਾਂ ਬਾਕੀ ਦੇ ਮਨਾਂ ਵਿੱਚ ਕਦੇ ਕਿਸੇ ਤਰ੍ਹਾਂ ਦਾ ਸਿੱਖੀ ਲਈ ਅਸਲੀ ਦਰਦ (ਦਿਖਾਵੇ ਦੀ ਹੱਦ ਲੰਘ ਚੁੱਕੀ ਹੈ) ਉਠੇਗਾ ਤੇ ਕਦੀ ਕਿਸੇ ਤਰ੍ਹਾਂ ਦੀ ਕੋਈ ਠੋਕਰ ਮਨ ਤੇ ਵੱਜੇਗੀ? ਕੀ ਇਨ੍ਹਾਂ ਲੋਕਾਂ ਨੇ ਉਸ ਸਿੱਖੀ ਅਤੇ ਗੁਰਮਤਿ ਨੂੰ ਐਵੇਂ ਰੋਲ ਰੋਲ ਕੇ ਢੇਰ ਕੂੜਾ ਬਨਾਉਣ ਦੀ ਠਾਣੀ ਹੋਈ ਹੈ ਜਿਸ ਨਾਲ ਕਿ ਗੁਰੂ ਸਾਹਿਬਾਨ ਤੇ ਉਨ੍ਹਾਂ ਦੇ ਸੱਚੇ ਸੁੱਚੇ ਸੇਵਕਾਂ ਨੇ ਆਪਾ ਵਾਰੂ ਕੰਮ ਕਰਕੇ ਪੰਜਾਬ ਤੇ ਹੀ ਨਹੀਂ ਸਗੋਂ ਸਾਰੇ ਭਾਰਤ ਉੱੇਤੇ ਉਹ ਅਹਿਸਾਨ ਕੀਤਾ ਹੈ ਜਿਹੜਾ ਕਿ ਅੱਜ ਤੱਕ ਨਾ ਕੋਈ ਅਵਤਾਰ, ਪੈਗੰਬਰ ਯਾ ਆਗੂ ਕਰ ਸਕਿਆ ਹੈ ਤੇ ਨਾ ਕਦੇ ਕਰਨ ਦਾ ਕੋਈ ਸੁਫਨਾ ਤੱਕ ਹੀ ਲੈ ਸਕਦਾ ਹੈ? ਇਹ ਕਦਰ ਹੈ ਇਨ੍ਹਾਂ ਇਸ ਢੰਗ ਨਾਲ ਚੁਣੇ ਹੋਏ, ਤੇ ਬਾਕੀ ਦੇ ਭਾਰਤੀ ਆਗੂਆਂ ਨੂੰ ਜੋ, ਸੌ ਫੀ ਸਦੀ ਠੀਕ ਹੈ ਕਿ ਹੱਥ ਵਿੱਚ ਤਾਕਤ ਹੋਣ ਕਰਕੇ ਸਿੱਖ ਧਰਮ ਵਿੱਚ ਦਖਲ ਦੇ ਕੇ ਕਰਵਾ ਰਹੇ ਹਨ। ਸੋ ਸਦ ਅਫਸੋਸ ਹੈ ਇਸ ਨਾਮੁਰਾਦ ਚੋਣ ਢੰਗ ਤੇ ਕਿ ਜਿਸ ਨਾਲ ਸਿੱਖੀ ਪ੍ਰਤਿ ਦਰਦ ਰੱਖਣ ਵਾਲੇ ਗੁਰਸਿੱਖ ਕਦੇ ਅੱਗੇ ਆ ਹੀ ਨਹੀਂ ਸਕਦੇ। ਇਸ ਲਈ ਮੁੜ ਮੁੜ ਪੰਥ ਨੂੰ ਅਪੀਲ ਹੈ ਕਿ ਇਸ ਚੋਣ ਢੰਗ ਨੂੰ ਖਤਮ ਕਰਨ ਲਈ ਗਲ ਵਿੱਚ ਪਏ ਮਰੇ ਸੱਪ (ਨਾਮੁਰਾਦ ਐਕਟ) ਨੂੰ ਗਲੋਂ ਲਾਹਿਆ ਜਾਵੇ।

ਉਪਰ ਦਰਸਾਏ ਗਏ ਬਹੁਤ ਸਾਰੇ ਭੱਦਰਪੁਰਸ਼ ਅਜੋਕੀਆਂ ਗੁਰਦੁਆਰਾ ਚੋਣਾਂ ਲਈ ਅੱਗੇ ਆਉਂਦੇ ਹਨ। ਇਹ ਲੋਕ ਜੇ ਕਿਤੇ ਸਹੀ ਢੰਗ ਨਾਲ ਗੁਰਮਤਿ ਨੂੰ ਮੁੱਖ ਰੱਖਕੇ, ਭਾਵ ਆਪ ਨਾਮ ਬਾਣੀ ਦੇ ਰਸੀਏ, ਸਿੱਖ ਇਤਿਹਾਸ ਤੇ ਸਿੱਖੀ ਸਿਧਾਂਤ ਦੇ ਧੁਰੰਦਰ ਜਾਣੂੰ, ਅੱਗੇ ਆਉਣ ਤਾਂ ਸਿੱਖੀ ਦੀ ਆਣ ਤੇ ਸ਼ਾਨ ਹੋਰ ਹੀ ਹੋਵੇ, ਭਾਵ ਐਸੀ ਹੋ ਨਿਬੜੇ ਜੋ ਗੁਰੂ ਸਾਹਿਬ ਜੀ ਆਪਣੇ ਸਿੱਖਾਂ ਪਾਸੋਂ ਆਸ ਰੱਖਦੇ ਹਨ। ਫਿਰ ਤਾਂ ਇਹ ਨਵਾਬ ਕਪੂਰ ਸਿੰਘ ਦੀ ਨਿਸ਼ਕਾਮ ਸੇਵਾ ਦੀ ਮਿਸਾਲ ਨੂੰ ਅੱਗੇ ਰੱਖਕੇ ਹਰ ਕੰਮ ਕਰਨ ਲਈ ਆਗੂ ਬਣਨ ਵਾਸਤੇ ਅੱਗੇ ਆਉਣਗੇ ਯਾ ਵੱਖ ਰਹਿ ਕੇ ਹੋਰ ਸੇਵਾ ਕਰਨੀ ਚਾਹੁਣਗੇ। ਇਨ੍ਹਾਂ ਰਾਹੀਂ ਸਿੱਖੀ ਦੀ ਆਣ ਤੇ ਸ਼ਾਨ ਸਿਖਰਾਂ ਸ਼ੂਹ ਸਕਦੀ ਹੈ, ਪਰ ਇਸ ਤੋਂ ਉਲਟ ਇਨ੍ਹਾਂ ਗੁਣਾਂ ਤੋਂ ਵਾਂਝੇ ਲੋਕਾਂ ਦੇ ਅੱਗੇ ਆਉਣ ਕਾਰਨ ਸਿੱਖੀ ਦੀ ਆਣ ਤੇ ਸ਼ਾਨ ਦੀ ਨਿਖੇਧੀ ਹੋ ਰਹੀ ਹੈ। ਸੋ "ਤਖਤ ਰਾਜਾ ਸੋ ਬਹੈ ਜੁ ਤਖਤੈ ਲਾਇਕ ਹੋਈ॥" ਗੁਰਵਾਕ ਅਨੁਸਾਰ ਵਾਲੇ ਹੀ ਆਗੂ ਬਣਨ ਲਈ ਅੱਗੇ ਆਉਣੇ ਚਾਹੀਦੇ ਹਨ, ਜੋ ਗੁਰਸਿੱਖੀ ਦੀ ਨਿਹਕਾਮ ਹੋ ਕੇ ਸੇਵਾ ਕਰਦੇ ਹੋਏ ਆਪ ਭੀ ਜੱਸ ਖੱਟ ਸਕਣ। ਆਗੂ ਬਣ ਸਕਣ ਦੀ ਯੋਗਤਾ ਨਾ ਹੋਣ ਕਰਕੇ ਆਪ ਹੀ ਪਿੱਛੇ ਹਟ ਜਾਣ ਤਾਕਿ ਗੁਰਮਤਿ ਅਨੁਸਾਰ ਚੋਣ ਰਾਹੀਂ ਯੋਗ ਸੱਜਣ ਤੇ ਗੁਰਸਿੱਖ ਅੱਗੇ ਆ ਸਕਣ। ਪਰ ਅਮਲੀਆਂ ਵਾਂਗ ਇਨ੍ਹਾਂ ਨੂੰ ਚੌਧਰ ਤੇ ਮਾਣ ਦੇ ਸਵਾਰਥ ਦਾ ਐਸਾ ਅਮਲ ਤੇ ਕੁਚੱਸਕਾ ਲੱਗਾ ਹੋਇਆ ਹੈ ਕਿ ਇਹ ਪਿੱਛੇ ਭੀ ਤਾਂ ਨਹੀਂ ਹਟ ਸਕਦੇ ਜਦਕਿ ਗੁਰੂ ਜੀ ਕਹਿੰਦੇ ਹਨ, "ਰਾਜ ਮਿਲਖ ਸਿਕਦਾਰੀਆਂ ਅਗਨੀ ਮਹਿ ਜਾਲ॥" ਜੇ ਇਨ੍ਹਾਂ ਨੂੰ ਅਸਲੀ ਮਾਣ ਵਡਿਆਈ ਚਾਹੀਦੀ ਹੈ ਤਾਂ ਧਰੂ ਪ੍ਰਹਿਲਾਦ ਵਾਂਗ ਭਗਤੀ, ਭਾਵ ਹਰ ਜਸ ਵਿੱਚ ਜੁਟਣਾ ਤੇ ਸ਼ੁਭ ਗੁਣ ਅਪਨਾਉਣੇ ਪੈਣਗੇ, ਜੋ ਇਨ੍ਹਾਂ ਦੇ ਮਨਾਂ ਵਿੱਚ ਕਦੇ ਨਹੀਂ ਆਇਆ ਹੋਣਾ। ਕਿਉਂਕਿ ਇਨ੍ਹਾਂ ਭੱਦਰ-ਪੁਰਸ਼ਾਂ ਨੂੰ ਤਾਂ ਸਸਤੀ ਤੇ ਫੋਕੀ ਮਾਣ ਵਡਿਆਈ ਤੇ ਸ਼ੁਹਰਤ ਚਾਹੀਦੀ ਹੈ ਤੇ ਇਹ ਇਸ ਨੂੰ ਕਾਫੀ ਸਮਝਦੇ ਹਨ ਭਾਵੇਂ ਇਹ ਸਦੀਵੀ ਨਹੀਂ ਰਹਿ ਸਕਦੀ। ਸੋ ਇਨ੍ਹਾਂ ਲੋਕਾਂ ਬਾਰੇ ਇਹ ਕਹਿਣਾ ਹੀ ਪੈਂਦਾ ਹੈ ਕਿ ਇਨ੍ਹਾਂ ਨੂੰ ਸਿੱਖੀ ਨਾਲ ਨਹੀਂ ਆਪਣੀ ਵਡਿਆਈ ਨਾਲ ਹੀ ਪਿਆਰ ਹੁੰਦਾ ਹੈ ਜਦਕਿ ਗੁਰੂ ਜੀ ਜਪੁਜੀ ਸਾਹਿਬ ਦੀ ਸੱਤਵੀਂ ਪੌੜੀ ਵਿੱਚ ਕਹਿੰਦੇ ਹਨ, "ਚੰਗਾ ਨਾਉ ਰਖਾਇਕੈ ਜਸੁ ਕੀਰਤਿ ਜਗਿ ਲੇਇ॥ ਜੇ ਤਿਸੁ ਨਦਰਿ ਨ ਆਵਈ ਤ ਵਾਤ ਨ ਪੁਛੈ ਕੇ॥ ਕੀਟਾ ਅੰਦਰਿ ਕੀਟੁ ਕਰਿ ਦੋਸੀ ਦੋਸੁ ਧਰੇ॥" ਭਾਵ ਜਦ ਤੱਕ ਗੁਰੂ ਪ੍ਰਮਾਤਮਾ ਖੁਸ਼ ਨਹੀਂ ਤੇ ਮਿਹਰ ਨਹੀਂ ਕਰਦੇ ਉਸ ਸਮੇਂ ਆਪਣੀ ਬਣਾਈ ਇੱਜ਼ਤ ਆਦਿ ਕੁੱਛ ਭੀ ਨਹੀਂ ਸਗੋਂ ਭੈੜੇ ਤੋਂ ਭੈੜਾ ਬੰਦਾ ਭੀ ਉਸ ਵਿੱਚ ਨੁਕਸ ਕੱਢਦਾ ਹੈ। ਸਿੱਖੀ ਤੇ ਸਿੱਖ ਸਿਧਾਂਤ ਨੂੰ ਪਿੱਠ ਦੇ ਕੇ ਪੰਜਾਬ ਦੀ ਹਕੂਮਤ ਤੇ ਸਿੱਖ ਪੰਥ ਦੀ ਕੁਰਬਾਨੀਆਂ ਨਾਲ ਹੋਂਦ ਵਿੱਚ ਆਈ ਸ਼੍ਰੋ. ਗੁ. ਪ੍ਰ. ਕਮੇਟੀ ਨੂੰ ਹੱਥ ਵਿੱਚ ਲੈਣ ਵਾਲੇ ਤੇ ਆਪਣੇ ਲਈ ਆਪ ਹੀ ਪੰਥ ਰਤਨ ਦੀ ਪਦਵੀ ਲੈਣ ਵਾਲੇ ਪਰ ਹਰ ਪਾਸਿਉਂ ਲਾਹਨਤਾਂ ਪੈਣ ਵਾਲੇ ਭੱਦਰ-ਪੁਰਸ਼ ਦੀ ਮਿਸਾਲ ਸਾਮ੍ਹਣੇ ਹੈ। ਇਹ ਸਾਰਾ ਟੋਲਾ ਆਮ ਨੀਚ ਤੋਂ ਨੀਚ ਬੰਦਿਆਂ ਦੇ ਮਨਾਂ ਵਿੱਚ ਗਿਰੇ ਹੋਏ ਜਾਪਦੇ ਹਨ ਤੇ ਸੌ ਸੌ ਨੁਕਸ ਇਨ੍ਹਾਂ ਵਿੱਚ ਕਢਿਆ ਜਾਂਦਾ ਹੈ। ਇਸ ਤਰ੍ਹਾਂ ਦੇ ਬੇਅਸੂਲੇ ਅਤੇ ਖਤਰਨਾਕ ਬੰਦੇ ਸਿੱਖੀ ਵਿੱਚ ਬਹੁਰੂਪੀ ਸ਼ਕਲ ਵਿੱਚ ਘੁਸੇ ਹੋਏ ਹਨ, ਜਿਨ੍ਹਾਂ ਤੋਂ ਖਾਸ ਖਬਰਦਾਰ ਰਹਿਣ ਦੀ ਲੋੜ ਹੈ।

ਘੋਰ ਹਿੰਦੂ ਅੰਨਸਰ ਦਿਖਾਵੇ ਦੇ ਸਿੱਖੀ ਜਾ ਸਹਿਜਧਾਰੀ ਰੂਪ ਵਿੱਚ (ਇਨ੍ਹਾਂ ਤੇ ਅਨਗਿਣਤ ਅਹਿਸਾਨ ਕੀਤੇ ਹੋਣ ਦੇ ਬਾਵਜੂਦ) ਸਿੱਖੀ ਵਿੱਚ ਘੁਸਿਆ ਹੋਇਆ ਹੈ। ਇਸ ਅੰਨਸਰ ਨੇ ਤਾਂ ਮਨਾਂ ਵਿੱਚ ਪੱਕੀ ਤਰ੍ਹਾਂ ਧਾਰਿਆ ਹੋਇਆ ਹੈ ਕਿ ਜਿਵੇਂ ਇਨ੍ਹਾਂ ਨੇ ਉਸ ਸਮੇਂ ਪ੍ਰਗਤੀਸ਼ੀਲ ਬੁੱਧ ਮੱਤ ਨੂੰ ਜੜ੍ਹੋਂ ਪੁੱਟਕੇ ਦੇਸ਼ ਵਿੱਚੋਂ ਕੱਢ ਦਿੱਤਾ ਸੀ, ਭਾਵ ਦੇਸ-ਨਿਕਾਲਾ ਦਿੱਤਾ ਸੀ, ਉਸੇ ਤਰ੍ਹਾਂ ਸਿੱਖੀ ਨੂੰ ਜੜ੍ਹੋਂ ਪੁੱਟ ਦੇਣਾ ਹੈ, ਭਾਵੇਂ ਕੋਈ ਦਾਅ ਲੱਗੇ। ਇਹ ਅਮਰੀਕਨ ਸੀ. ਆਈ. ਏ. ਅਤੇ ਰੂਸੀ ਕੇ. ਜੀ ਬੀ. ਵਾਂਗ ਸਿੱਖੀ ਵਿੱਚ ਘੁਸਿਆ ਅੰਨਸਰ ਹੈ। ਪਰ ਸਿੱਖੀ ਦਾ ਤਾਂ ਖਾਸ ਪਛੋਕੜ ਹੈ ਤੇ ਇਸ ਦੀ ਖਾਸ ਵਲੱਖਣਤਾ ਹੈ। ਕਿਉਂਕਿ ਸਿੱਖੀ ਦੀ ਨੀਂਹ ਅਮਰ ਸ਼ਹੀਦਾਂ ਦੇ ਖੂਨ ਤੇ ਮਿੱਝ ਤੇ ਉਸਾਰੀ ਗਈ ਹੈ। ਸੋ ਇਸ ਨੂੰ ਖਤਮ ਕਰਨ ਬਾਰੇ ਸੋਚਣ ਅਤੇ ਕੋਸ਼ਿਸ਼ ਕਰਨ ਦਾ ਮਤਲਬ ਐਵੇਂ ਅਜਾਈਂ ਦਵੱਲਿਉਂ ਨੁਕਸਾਨ ਕਰਨਾ ਤੇ ਮੁਗਲ ਸਾਮਰਾਜ ਵਾਂਗੂੰ ਉਸ ਸੋਚਣੀ ਵਾਲੇ ਅੰਨਸਰ ਦਾ ਆਪਣਾ ਖਾਤਮਾ ਹੀ ਹੋਵੇਗਾ ਤੇ ਹੋ ਕੇ ਹੀ ਰਹੇਗਾ ਅਤੇ ਖਾਲਸਾ ਨਿੱਖਰ ਕੇ ਕੁੰਦਨ ਹੋ ਜਾਵੇਗਾ ਤੇ ਖਾਲਸੇ ਦਾ ਬੋਲ ਬਾਲਾ ਹੀ ਹੋਵੇਗਾ।

ਇਹ ਹਰ ਤਰ੍ਹਾਂ ਦੇ ਲੋਕ ਗੁਰਦੁਆਰਾ ਚੋਣਾਂ ਦੇ ਅਜੋਕੇ ਢੰਗ ਨਾਲ ਸਹਿਮਤ ਹੀ ਨਹੀਂ ਸਗੋਂ ਇਸ ਨੂੰ ਕਦੇ ਭੀ ਖਤਮ ਨਹੀਂ ਹੋਣ ਦੇਣਾ ਚਾਹੁੰਦੇ। ਇਸ ਤਰ੍ਹਾਂ ਦਾ ਅੰਨਸਰ ‘ਲੋਕਰਾਜ’ ਦਾ ਢੰਡੋਰਾ ਪਿੱਟਦਾ ਹੈ ਤੇ ਕਹਿੰਦਾ ਹੈ ਕਿ ਗੁਰੂ ਸਾਹਿਬ ਨੇ ਤਾਂ ਸਿੱਖੀ ਵਿੱਚ ਜਮਹੂਰੀਅਤ ਭਾਵ ਲੋਕ ਰਾਜ ਲਿਆਂਦਾ ਹੈ। ਹਾਂ ਜੀ, ਲਿਆਂਦਾ ਹੈ, ਇਸ ਨੂੰ ਅਸੀਂ ਭੀ ਮੰਨਦੇ ਹਾਂ। ਪਰ ਉਸਦੀ ਕੋਈ ਸੋਝੀ ਭੀ ਹੋਣੀ ਚਾਹੀਦੀ ਹੈ। ਜੇ ਗੁਰੂ ਸਾਹਿਬ ਜੀ ਨੇ ਪੰਜਾਂ ਪਿਆਰਿਆਂ, ਲੋਕਰਾਜ ਦੇ ਥੰਮਾਂ, ਅੱਗੇ ਸੀਸ ਝੁਕਾ ਦਿੱਤਾ ਸੀ ਤਾਂ ਦੇਖਣਾ ਪਵੇਗਾ ਕਿ ਲੋਕਰਾਜ ਦੇ ਥੰਮਾਂ ਵਿੱਚ ਉਹ ਕਿਹੜੇ ਗੁਣ ਸਨ ਜਿਸ ਨੇ ਮਹਾਨ ਗੁਰੂ ਜੀ ਨੂੰ ਝੁਕਾ ਲਿਆ? ਉਹ ਇਹ ਕਿ ਉਨ੍ਹਾਂ ਸਿਰਲੱਥ ਲੋਕਰਾਜ ਦੇ ਨੀਂਹ ਪੱਥਰਾਂ ਨੇ "ਹੁਕਮ ਮੰਨਿਐ ਹੋਵੈ ਪ੍ਰਵਾਨ" ਅਨੁਸਾਰ ਗੁਰੂ ਜੀ ਦੇ ਹਰ ਹੁਕਮ ਨੂੰ ਇਸ ਤਰ੍ਹਾਂ ਮਨਾਂ ਵਿੱਚ ਵਸਾ ਲਿਆ ਸੀ ਕਿ ਉਹ ਆਪਣੀ ਮੱਤ ਨੂੰ ਨਹੀਂ ਗੁਰੂ ਜੀ ਦੀ ਮੱਤ ਤੇ ਫੁੱਲ ਚੜ੍ਹਾਉਂਦੇ ਹੋਏ ਹਰ ਕਾਰਜ ਕਰਦੇ ਸਨ। ਤਾਂ ਤੇ ਫਿਰ ਕੀ ਇਹ ਲੋਕਰਾਜ ਦਾ ਢੰਡੋਰਾ ਪਿੱਟਣ ਵਾਲੇ ਉਨ੍ਹਾਂ ਲੋਕਰਾਜ ਦੇ ਉਸਰਈਆਂ ਵਾਂਗ ਸਿੱਖੀ ਦੀ ਆਨ ਸ਼ਾਨ ਲਈ ਸਿਰ ਤਲੀ ਤੇ ਰੱਖਕੇ—ਬਣਕੇ ਦਿਖਾਉਣਗੇ? ਇਸ ਕਰੜੇ ਪਰਚੇ ਲਈ ਹਾਂ ਕਰਨੀ ਤਾਂ ਇੱਕ ਪਾਸੇ, ਇਹ ਤਾਂ ਗੁਰ ਤੇ ਸਿੱਖ ਇਤਿਹਾਸ ਅਤੇ ਸਿੱਖੀ ਸਿਧਾਂਤ ਨੂੰ ਭੀ ਜਾਨਣਾ ਤੇ ਸਮਝਣਾ ਨਹੀਂ ਚਾਹੁੰਦੇ, ਭਾਵੇਂ ਮੁੜ ਮੁੜ ਮੁਖੀਏ ਚੁਣ ਹੁੰਦੇ ਰਹਿਣ, ਕਿਉਂਕਿ ਇਸ ਜਾਨਣ ਨਾਲ ਪਰਚਾ ਦੇਣਾ ਹੀ ਪਵੇਗਾ ਯਾ ਅਜੋਕਾ ਚੋਣ ਢੰਗ ਤਿਆਗਣ ਦੇ ਹਾਮੀ ਬਣਨਾ ਪਵੇਗਾ।
.