.

ਪਉੜੀ 5

ਥਾਪਿਆ ਨ ਜਾਇ ਕੀਤਾ ਨ ਹੋਇ ॥

ਥਾਪਿਆ:ਸਥਾਪਨਾ;ਕੀਤਾ ਨ ਹੋਇ:ਮਨ ਦੀ ਮੱਤ ਨਾਲ ਕਦੇ ਨਹੀਂ ਹੋ ਸਕਦੀ।

ਮਨ ਦੀ ਕੂੜੀ ਮੱਤ ਨਿਜਘਰ ਦੇ ਰੱਬੀ ਦਰਬਾਰ ’ਚ ਸਥਾਪਤ ਕਦੇ ਨਹੀਂ ਹੋ ਸਕਦੀ। ਮਨ ਦੀ ਕੂੜ ਭਾਵ ਹਠ ਜੋਗ ਜਾਂ ਕਰਮ ਕਾਂਢਾਂ ਰਾਹੀਂ ਕਦੀ ਵੀ ਚੈਨ ਜਾਂ ਨਿਹਚਲ ਰਾਜ ਨਹੀਂ ਮਾਣਿਆ ਜਾ ਸਕਦਾ।

ਆਪੇ ਆਪਿ ਨਿਰੰਜਨੁ ਸੋਇ ॥

ਆਪੇ ਆਪਿ:ਸਹਿਜੇ ਹੀ।

ਚਤੁਰਾਈਆਂ-ਚਲਾਕੀਆਂ ਭਰੀ ਮੱਤ ਛੱਡਣ ਨਾਲ ਸਹਜੇ ਹੀ(ਆਪੇ)ਨਿਰੰਜਨ ਹੋ ਸਕੀਦਾ ਹੈ ਭਾਵ ਨਿਰੰਜਨ ਰੱਬ ਨਾਲ ਇੱਕਮਿਕਤਾ ਪ੍ਰਾਪਤ ਹੁੰਦੀ ਹੈ।

ਜਿਨਿ ਸੇਵਿਆ ਤਿਨਿ ਪਾਇਆ ਮਾਨੁ ॥

ਸੇਵਿਆ:ਦ੍ਰਿੜ ਕਰਕੇ ਜਿਊਣਾ।

ਨਿਜਘਰ ਤੋਂ ਮਿਲਦੇ ਸਚ ਦੇ ਸੰਦੇਸ਼ ਨੂੰ ਦ੍ਰਿੜ ਕਰਕੇ ਜਿਊਣ ਨਾਲ ਆਪਣੇ ਅੰਤਹਕਰਣ ਵਿਚ ਮਾਣ ਪ੍ਰਾਪਤ ਕਰ ਸਕੀਦਾ ਹੈ ਭਾਵ ਆਤਮ ਵਿਸ਼ਵਾਸ ਆ ਜਾਂਦਾ ਹੈ।

ਨਾਨਕ ਗਾਵੀਐ ਗੁਣੀ ਨਿਧਾਨੁ ॥

ਗਾਵੀਐ:ਅਪਣਾਉਣਾ।

ਨਾਨਕ ਜੀ ਆਖਦੇ ਹਨ ਕਿ ਰੱਬੀ ਗੁਣਾਂ ਦੇ ਖਜ਼ਾਨੇ (ਨਿਧਾਨ) ਨੂੰ ਅਪਣਾਉਣ ਨਾਲ ਕੂੜ ਤੋਂ ਛੁੱਟ ਕੇ ਸਚਿਆਰ ਬਣਦੇ ਹਾਂ।

ਗਾਵੀਐ ਸੁਣੀਐ ਮਨਿ ਰਖੀਐ ਭਾਉ ॥

ਭਾਉ: ਪਿਆਰ।

ਰੱਬੀ ਗੁਣਾ ਦੇ ਖਜ਼ਾਨੇ ਨੂੰ ਪਿਆਰ ਭਰੇ ਹਿਰਦੇ ਰੂਪੀ ਭਾਂਡੇ ’ਚ ਸੰਭਾਲ ਕੇ ਰਖੀਦਾ ਹੈ।

ਦੁਖੁ ਪਰਹਰਿ ਸੁਖੁ ਘਰਿ ਲੈ ਜਾਇ ॥

ਵਿਰਲੇ ਮਨ ਨੂੰ ਦ੍ਰਿੜ ਹੁੰਦਾ ਹੈ ਕਿ ਰੱਬੀ ਵਿਛੋੜੇ ਦਾ ਦੁੱਖ ਕੁਮਤ ਕਾਰਨ ਸੀ। ਜੇ ਦੁੱਖ ਤੋਂ ਛੁਟਣਾ ਹੈ ਤਾਂ ਕੂੜ ਤਿਆਗ ਕੇ ਸਚਿਆਰ ਹੋਣ ਨਾਲ ਸਦੀਵੀ ਸੁੱਖ ਮਿਲਦਾ ਹੈ।

ਗੁਰਮੁਖਿ ਨਾਦੰ ਗੁਰਮੁਖਿ ਵੇਦੰ ਗੁਰਮੁਖਿ ਰਹਿਆ ਸਮਾਈ ॥

ਵਿਰਲੇ ਮਨ ਲਈ ਸਤਿਗੁਰ ਦੀ ਮੱਤ ਦਾ ਸੁਨੇਹਾ ਹੀ ਨਾਦ ਅਤੇ ਵੇਦ ਹੁੰਦਾ ਹੈ, ਜੋ ਰੋਮ-ਰੋਮ ’ਚ ਰੱਬੀ ਇੱਕਮਿਕਤਾ ਦਾ ਸੁਖ ਦੇਂਦਾ ਹੈ।

ਗੁਰੁ ਈਸਰੁ ਗੁਰੁ ਗੋਰਖੁ ਬਰਮਾ ਗੁਰੁ ਪਾਰਬਤੀ ਮਾਈ ॥

ਈਸਰੁ:ਈਸ਼ਵਰ,ਗੋਰਖੁ:ਗੋ + ਰਖੁ: ਗੋ (ਧਰਤੀ) ਨੂੰ ਰੱਖਣ ਵਾਲਾ,ਬਰਮਾ:ਉਤਪਤੀ,ਪਾਰਬਤੀ ਮਾਈ:ਵਿਕਾਰਾਂ ਦੇ ਭਵਜਲ ਤੋਂ ਪਾਰ ਕਰਵਾਉਣ ਵਾਲੀ ਬਿਬੇਕ ਬੁਧ।

ਵਿਰਲੇ ਮਨ ਲਈ ਸਚਿਆਰ ਬਣਨ ਦੇ ਮਾਰਗ ’ਤੇ ਸਤਿਗੁਰ ਦੀ ਮੱਤ ਹੀ ਈਸ਼ਵਰ ਹੈ, ਮਨ ਦੀ ਧਰਤੀ (ਗੋ) ਨੂੰ ਰੱਖਣ ਵਾਲੀ ਹੈ। ਸਤਿਗੁਰ ਦੀ ਮੱਤ ਰਾਹੀਂ ਚੰਗੇ ਗੁਣਾਂ ਦੀ ਉਤਪਤੀ ਹੀ ਬ੍ਰਹਮਾ ਹੈ ਅਤੇ ਵਿਕਾਰਾਂ ਦੇ ਭਵਜਲ ਤੋਂ ਪਾਰ ਹੋਣ ਲਈ ਬਿਬੇਕ ਬੁਧ (ਮਾਈ) ਵੀ ਸਤਿਗੁਰ ਦੀ ਮੱਤ ਹੀ ਹੈ।

ਜੇ ਹਉ ਜਾਣਾ ਆਖਾ ਨਾਹੀ ਕਹਣਾ ਕਥਨੁ ਨ ਜਾਈ ॥

ਵਿਰਲਾ ਮਨ ਸਮਝਦਾ ਜਾਂਦਾ ਹੈ ਕਿ ਹਉਮੈਂ ਦੇ ਰਹਿੰਦਿਆਂ ਕੂੜ ਤੋਂ ਨਹੀਂ ਛੁੱਟ ਸਕੀਦਾ। ਮਨ ਕੀ ਮੱਤ ਨਾਲ ਰੱਬੀ ਇੱਕਮਿਕਤਾ ਦਾ ਮਾਰਗ ਨਹੀਂ ਆਖਿਆ ਜਾ ਸਕਦਾ।

ਗੁਰਾ ਇਕ ਦੇਹਿ ਬੁਝਾਈ ॥

ਵਿਰਲਾ ਮਨ ਸਮਝ ਜਾਂਦਾ ਹੈ ਕਿ ਇਹ ਸੂਝ ਸਤਿਗੁਰ ਦੀ ਮੱਤ ਨਾਲ ਮਿਲਦੀ ਹੈ।

ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ ॥5॥

ਵਿਰਲਾ ਮਨ ਸਮਝ ਜਾਂਦਾ ਹੈ ਕਿ ਮੇਰੇ ਜੀਅੜੇ ਵਿਚੋਂ ਅਵਗੁਣੀ ਸੁਭਾ ਮਿਟਾਕੇ ਚੰਗੇ ਗੁਣਾਂ ਵਾਲੀ ਮੱਤ ਨਾਲ ਨਵੀਂ ਸ੍ਰਿਸ਼ਟੀ ਦੀ ਸਾਜਨਾ ਹੁੰਦੀ ਹੈ। ਇਸ ਲਈ ਸਤਿਗੁਰ ਦੀ ਮੱਤ ਨੂੰ ਵਿਸਾਰਨਾ ਨਹੀਂ ਬਲਕਿ ਦ੍ਰਿੜ ਕਰਕੇ ਜਿਊਣਾ ਹੈ।

ਵੀਰ ਭੁਪਿੰਦਰ ਸਿੰਘ
.