.

ਲੜੀ ਵਾਰ (ਸੰ: ੧੨ ਤੋਂ ੧੬) (ਭਾਗ ਤੀਜਾ)

ਗੁਰਮੱਤ ਸੰਦੇਸ਼ ਅਥਵਾ

ਗੁਰਬਾਣੀ ਦਾ ਸੱਚ

ਨਿਰੋਲ ਗੁਰਬਾਣੀ ਪ੍ਰਮਾਣਾਂ `ਤੇ ਆਧਾਰਿਤ

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

ਮੂਲ ਰਚਨਾ-ਸਿਰੀਰਾਗੁ ਮਹਲਾ ੫ (ਪਹਰੇ)

ਮੁਹਲਤਿ ਕਰਿ ਦੀਨੀ…

(ਸੰ: ੧੨) -ਪਹਿਲੈ ਪਹਰੈ ਰੈਣਿ ਕੈ, ਵਣਜਾਰਿਆ ਮਿਤ੍ਰਾ, ਧਰਿ ਪਾਇਤਾ ਉਦਰੈ ਮਾਹਿ॥ ਦਸੀ ਮਾਸੀ ਮਾਨਸੁ ਕੀਆ, ਵਣਜਾਰਿਆ ਮਿਤ੍ਰਾ, ਕਰਿ ਮੁਹਲਤਿ ਕਰਮ ਕਮਾਹਿ॥ ਮੁਹਲਤਿ ਕਰਿ ਦੀਨੀ ਕਰਮ ਕਮਾਣੇ, ਜੈਸਾ ਲਿਖਤੁ ਧੁਰਿ ਪਾਇਆ॥ ਮਾਤ ਪਿਤਾ ਭਾਈ ਸੁਤ ਬਨਿਤਾ, ਤਿਨ ਭੀਤਰਿ ਪ੍ਰਭੂ ਸੰਜੋਇਆ॥ ਕਰਮ ਸੁਕਰਮ ਕਰਾਏ ਆਪੇ, ਇਸੁ ਜੰਤੈ ਵਸਿ ਕਿਛੁ ਨਾਹਿ॥ ਕਹੁ ਨਾਨਕ ਪ੍ਰਾਣੀ ਪਹਿਲੈ ਪਹਰੇ, ਧਰਿ ਪਾਇਤਾ ਉਦਰੈ ਮਾਹਿ॥ ੧॥ (ਮ: ੫-ਪੰ: ੭੭

ਅਰਥ: —ਸੰਸਾਰ `ਚ ਹਰਿ-ਨਾਮ ਦਾ ਵਣਜ ਕਰਨ ਆਏ ਜੀਵ-ਮਿਤ੍ਰ! (ਮਨੁੱਖਾ ਜ਼ਿੰਦਗੀ ਦੀ) ਰਾਤ ਦੇ ਪਹਿਲੇ ਪਹਰ, ਪ੍ਰਭੂ ਮਾਂ ਦੇ ਪੇਟ `ਚ ਜੀਵ ਦਾ ਪੈਂਤੜਾ ਰੱਖਦਾ ਹੈ। ਹੇ ਵਣਜਾਰੇ ਮਿਤ੍ਰ! ਫਿਰ ਦਸਾਂ ਮਹੀਨਿਆਂ `ਚ ਪ੍ਰਭੂ ਮਨੁੱਖ ਦਾ ਸਾਬਤ ਬੁੱਤ ਬਣਾ ਦਿੰਦਾ ਹੈ। ਪ੍ਰਭੂ ਜੀਵ ਨੂੰ ਜਿੰਦਗੀ ਲਈ ਨਿਯਤ ਸਮਾਂ ਬਖ਼ਸ਼ਦਾ ਹੈ ਭਾਵ ਉਸ ਜੀਵ ਲਈ ਸੁਆਸਾਂ ਦੀ ਪੂੰਜੀ ਵੀ ਪ੍ਰਭੂ ਵੱਲੋਂ ਪਹਿਲਾਂ ਤੋਂ ਹੀ ਨਿਯਤ ਕੀਤੀ ਹੋਈ ਹੁੰਦੀ ਹੈ। ਇਸ ਤਰ੍ਹਾਂ ਆਪਣੀ ਜ਼ਿੰਦਗੀ ਦੇ ਉਸ ਸਮੇ ਦੌਰਾਨ ਹੀ ਜੀਵ ਚੰਗੇ ਤੇ ਮੰਦੇ ਕਰਮਾਂ ਦੀ ਕਮਾਈ ਕਰਦੇ ਹਨ।

ਪ੍ਰਮਾਤਮਾ ਨੇ ਜੀਵ ਦੀ ਜ਼ਿੰਦਗੀ ਦਾ ਸਮਾ ਨਿਯਤ ਕੀਤਾ ਹੁੰਦਾ ਹੈ; ਨਾਲ ਹੀ ਜੀਵ ਦੇ ਪਿੱਛਲੇ ਕੀਤੇ ਕਰਮਾਂ ਤੋਂ ਬਣੇ ਸੰਸਕਾਰਾਂ ਅਨੁਸਾਰ, ਪ੍ਰਭੂ ਜੀਵ ਦੇ ਮੱਥੇ ਤੇ ਧੁਰੋਂ ਜਿਹੋ ਜਿਹਾ ਲੇਖ ਲਿਖ ਭੇਜਦਾ ਹੈ, ਫ਼ਿਰ ਉਥੋਂ ਹੀ ਜੀਵ ਦੇ ਕਰਮਾਂ ਦਾ ਅਗਲਾ ਗੇੜ ਵੀ ਸ਼ੁਰੂ ਹੋ ਜਾਂਦਾ ਹੈ। ਇਹ ਵੀ ਕਿ ਪ੍ਰਭੂ ਆਪ ਹੀ, ਉਸ ਜੀਵ ਨੂੰ ਮਾਂ-ਪਿਓ ਭਰਾ, ਪੁੱਤ-ਧੀਆਂ, ਇਸਤ੍ਰੀ ਆਦਿ ਸੰਬੰਧੀਆਂ `ਚ ਵੀ ਰਚਾ-ਮਚਾ ਦਿੰਦਾ ਹੈ ਭਾਵ ਪ੍ਰਭੂ ਵੱਲੋਂ, ਜੀਵ ਨੂੰ ਪ੍ਰਵਾਰ ਵਾਲੀ ਦਾਤ ਵੀ ਸੰਦਾਰ `ਚ ਜਨਮ ਅਰੰਭ ਤੋਂ ਹੀ ਮਿਲ ਜਾਂਦੀ ਹੈ।

ਇਸ ਤਰ੍ਹਾਂ ਓਦੋਂ ਜੀਵ ਦੇ ਵੱਸ `ਚ ਕੁੱਝ ਨਹੀਂ ਹੁੰਦਾ, ਪ੍ਰਭੂ ਆਪ ਹੀ ਜੀਵ ਦੇ ਪੂਰਬਲੇ ਸੰਸਕਾਰਾਂ ਅਨੁਸਾਰ ਇਸ ਪਾਸੋਂ ਚੰਗੇ ਮੰਦੇ ਕਰਮ ਕਰਾਂਦਾ ਹੈ। ਹੇ ਨਾਨਕ! ਆਖ—ਜ਼ਿੰਦਗੀ ਦੀ ਰਾਤ ਦੇ ਪਹਿਲੇ ਪਹਰ ਪ੍ਰਮਾਤਮਾ ਪ੍ਰਾਣੀ ਦਾ ਪੈਂਤੜਾ ਮਾਂ ਦੇ ਪੇਟ `ਚ ਰੱਖ ਦਿੰਦਾ ਹੈ। ੧। (ਮ: ੫-ਪੰ: ੭੭, ਪਹਿਲਾ ਬੰਦ)

ਆਗੈ ਪੰਥੁ ਕਰਾਰਾ ਸਿਰਿ ਠਾਢੇ ਜਮ ਜੰਦਾਰਾ

(ਸੰ: ੧੩) -ਦੂਜੈ ਪਹਰੈ ਰੈਣਿ ਕੈ, ਵਣਜਾਰਿਆ ਮਿਤ੍ਰਾ, ਭਰਿ ਜੁਆਨੀ ਲਹਰੀ ਦੇਇ॥ ਬੁਰਾ ਭਲਾ ਨ ਪਛਾਣਈ, ਵਣਜਾਰਿਆ ਮਿਤ੍ਰਾ, ਮਨੁ ਮਤਾ ਅਹੰਮੇਇ॥ ਬੁਰਾ ਭਲਾ ਨ ਪਛਾਣੈ ਪ੍ਰਾਣੀ, ਆਗੈ ਪੰਥੁ ਕਰਾਰਾ॥ ਪੂਰਾ ਸਤਿਗੁਰੂ ਕਬਹੂੰ ਨ ਸੇਵਿਆ, ਸਿਰਿ ਠਾਢੇ ਜਮ ਜੰਦਾਰਾ॥ ਧਰਮਰਾਇ ਜਬ ਪਕਰਸਿ ਬਵਰੇ, ਤਬ ਕਿਆ ਜਬਾਬੁ ਕਰੇਇ॥ ਕਹੁ ਨਾਨਕ ਦੂਜੈ ਪਹਰੈ ਪ੍ਰਾਣੀ, ਭਰਿ ਜੋਬਨੁ ਲਹਰੀ ਦੇਇ॥ ੨॥ (ਮੰ. ੫, ਪੰ: ੭੭)

ਅਰਥ: —ਹਰਿ-ਨਾਮ ਦਾ ਵਣਜ ਕਰਨ ਆਏ ਜੀਵ-ਮਿਤ੍ਰ! ਜ਼ਿੰਦਗੀ ਦੀ ਰਾਤ ਦੇ ਦੂਜੇ ਪਹਰ, ਸ਼ਿਖਰ ਤੇ ਪੁੱਜੀ ਹੋਈ ਜੁਆਨੀ (ਜੀਵ ਅੰਦਰ) ਉਛਾਲੇ ਮਾਰਦੀ ਹੈ। ਹੇ ਵਣਜਾਰੇ ਮਿਤ੍ਰ! ਤਦੋਂ ਜੀਵ ਦਾ ਮਨ ਹਉਮੈ ਅਹੰਕਾਰ `ਚ ਹੀ ਮਸਤ ਰਹਿੰਦਾ ਹੈ ਅਤੇ ਚੰਗੇ ਮੰਦੇ `ਚ ਵੀ ਤਮੀਜ਼ ਨਹੀਂ ਕਰਦਾ।

ਹਉਮੈ `ਚ ਗ਼ਲਤਾਨ ਮਨੁੱਖ, ਸ਼ਬਦ-ਗੁਰੂ ਦੀ ਸ਼ਰਨ `ਚ ਨਹੀਂ ਆਉਂਦਾ, ਇਸੇ ਲਈ ਉਸ ਦੇ ਸਿਰ `ਤੇ ਜ਼ਾਲਮ ਜਮ ਆ ਖਲੋਂਦੇ ਹਨ, ਭਾਵ ਮਨੁੱਖ ਦੇ ਜੀਵਨ ਅੰਦਰ ਹਰ ਸਮੇਂ ਵਿਕਾਰਾਂ, ਅਉਗੁਣਾ, ਮਨਮੱਤਾਂ ਤੇ ਆਪਹੁੱਦਰੇਪਣ ਆਦਿ ਦਾ ਜ਼ਹਿਰ ਇਕੱਠਾ ਹੁੰਦਾ ਰਹਿੰਦਾ ਹੈ। ਜੁਆਨੀ ਦੇ ਨਸ਼ੇ `ਚ ਪ੍ਰਾਣੀ ਇਹ ਨਹੀਂ ਪਛਾਣਦਾ, ਕਿ ਇਨ੍ਹਾਂ ਵਿਕਾਰਾਂ-ਮਨਮੱਤਾਂ ਆਦਿ `ਚ ਡੁੱਬੇ ਰਹਿਕੇ ਚੰਗਾ ਜਾਂ ਮੰਦਾ, ਜੋ ਕਞਿੁਝ ਵੀ ਉਹ ਕਰਦਾ ਹੈ, ਅਗੈ ਪ੍ਰਲੋਕ `ਚ ਪੈਂਡਾ ਬੜਾ ਔਖਾ ਹੈ; ਭਾਵ ਪ੍ਰਾਪਤ ਮਨੁੱਖਾ ਜਨਮ ਬਿਰਥਾ ਹੋਣ `ਤੇ ਜਨਮ ਦੌਰਾਨ ਕੀਤੇ ਚੰਗੇ ਤੇ ਮਾੜੇ ਮਨਮਤੀ ਹਉਮੈ ਭਰਪੂਰ ਕਰਮਾਂ ਕਾਰਣ ਮਨੁੱਖ ਨੂੰ, ਫ਼ਿਰ ਤੋਂ ਉਨ੍ਹਾਂ ਹੀ ਜੂਨਾਂ-ਜਨਮਾਂ ਤੇ ਗਰਭਾਂ ਦੇ ਗੇੜ `ਚ ਪੈਣਾ ਤੇ ਪਛਤਾਉਣਾ ਪੈਂਦਾ ਹੈ।

ਜੁਆਨੀ ਦੇ ਨਸ਼ੇ `ਚ ਮਨੁੱਖ ਨਹੀਂ ਸੋਚਦਾ ਕਿ ਹਉਮੈ `ਚ ਝੱਲਾ ਰਹਿ ਕੇ, ਆਪਣੀਆਂ ਮੰਦੀਆਂ ਕਰਤੂਤਾਂ ਲਈ, ਪ੍ਰਭੂ ਵੱਲੋਂ ਨਿਆਂ ਸਮੇਂ ਉਹ ਕੀ ਜਵਾਬ ਦੇਵੇਗਾ? ਹੇ ਨਾਨਕ! ਆਖ—ਜ਼ਿੰਦਗੀ ਦੀ ਰਾਤ ਦੇ ਦੂਜੇ ਪਹਰ `ਚ ਸ਼ਿਖਰ ਤੇ ਪਹੁੰਚਿਆ ਜੋਬਨ ਹੀ, ਮਨੁੱਖ ਦੇ ਜੀਵਨ ਅੰਦਰ ਉਛਾਲੇ ਮਾਰਦਾ ਹੈ। ੨।

ਪਦ ਅਰਥ-ਆਗੈ ਪੰਥੁ ਕਰਾਰਾ- ਜੀਵਨ ਦੌਰਾਨ "ਜੋ ਬੀਜੈ ਸੋ ਖਾਵਣਾ ਕਰਤੈ ਲਿਖਿ ਪਾਇਆ" (੧੨੪੪) ਮੌਤ ਤੋਂ ਬਾਅਦ ਕੀਤੇ ਚੰਗੇ ਤੇ ਮਾੜੇ ਕਰਮਾਂ ਅਨੁਸਾਰ ਮਨੁੱਖ ਨੂੰ ਭੋਗਣਾ ਵੀ ਪੈਂਦਾ ਹੈ। ਸਿਰਿ ਠਾਢੇ ਜਮ ਜੰਦਾਰਾ-ਜੀਂਦੇ ਜੀਅ ਵੀ ਵਿਕਾਰਾਂ ਦਾ ਜ਼ਹਿਰ ਇਕੱਠਾ ਹੁੰਦੇ ਜਾਣਾ ਤੇ ਮੌਤ ਤੋਂ ਬਾਅਦ ਵੀ ਕੀਤੇ ਕਰਮਾਂ ਅਨੁਸਾਰ ਜਨਮਾਂ-ਜੂਨਾਂ-ਗਰਭਾਂ ਵਾਲਾ ਮੁੜ ਉਹੀ ਗੇੜ, ਧਰਮਰਾਇ-ਪ੍ਰਭੂ ਦਾ ਸੱਚ ਨਿਆਂ, ਧਰਮਰਾਇ ਜਬ ਪਕਰਸਿ-ਮੌਤ ਤੋਂ ਬਾਅਦ, ਪ੍ਰਭੂ ਦੇ ਸਚ ਨਿਆਂ `ਚ ਜਦੋਂ ਕੀਤੇ ਕਰਮਾਂ ਦਾ ਲੇਖਾ ਹੋਵਗਾ। (ਕੁਲ ੫ ਬੰਦਾਂ `ਚੋਂ ਇਹ ਦੂਜਾ ਬੰਦ ਹੈ) (ਮੰ. ੫, ਪੰ: ੭੭)

ਬਹੁ ਜੋਨੀ ਦੁਖੁ ਪਾਵੈ

(ਸੰ: ੧੪) -ਤੀਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ, ਬਿਖੁ ਸੰਚੈ ਅੰਧੁ ਅਗਿਆਨੁ॥ ਪੁਤ੍ਰਿ ਕਲਤ੍ਰਿ ਮੋਹਿ ਲਪਟਿਆ, ਵਣਜਾਰਿਆ ਮਿਤ੍ਰਾ, ਅੰਤਰਿ ਲਹਰਿ ਲੋਭਾਨੁ॥ ਅੰਤਰਿ ਲਹਰਿ ਲੋਭਾਨ ਪਰਾਨੀ, ਸੋ ਪ੍ਰਭੁ ਚਿਤਿ ਨ ਆਵੈ॥ ਸਾਧ ਸੰਗਤਿ ਸਿਉ ਸੰਗੁ ਨ ਕੀਆ, ਬਹੁ ਜੋਨੀ ਦੁਖੁ ਪਾਵੈ॥ ਸਿਰਜਨਹਾਰੁ ਵਿਸਾਰਿਆ ਸੁਆਮੀ, ਇੱਕ ਨਿਮਖ ਨ ਲਗੋ ਧਿਆਨੁ॥ ਕਹੁ ਨਾਨਕ ਪ੍ਰਾਣੀ ਤੀਜੈ ਪਹਰੈ, ਬਿਖੁ ਸੰਚੈ ਅੰਧੁ ਅਗਿਆਨੁ॥ ੩॥ {ਮ. ੫, ਪੰ: ੭੭}

ਅਰਥ: — ਹਰਿ-ਨਾਮ ਦਾ ਵਣਜ ਕਰਨ ਆਏ ਜੀਵ-ਮਿਤ੍ਰ! ਜ਼ਿੰਦਗੀ ਦੀ ਰਾਤ ਦੇ ਤੀਜੇ ਪਹਰ ਮਾਇਆ ਦੇ ਮੋਹ `ਚ ਅੰਨ੍ਹਾ ਹੋਇਆ-ਹੋਇਆ ਤੇ ਮਨੁੱਖਾ ਜੀਵਨ ਦੇ ਅਸਲ ਗਿਆਨ ਤੋਂ ਸੱਖਣਾ, ਮਨੁੱਖ ਆਤਮਕ ਮੌਤ ਦੇਣ ਵਾਲੇ, ਧਨ ਪਦਾਰਥਾਂ ਦੇ ਜ਼ਹਰ ਨੂੰ ਹੀ ਇਕੱਠਾ ਕਰਦਾ ਰਹਿੰਦਾ ਹੈ। ਹੇ ਵਣਜਾਰੇ ਮਿਤ੍ਰ! ਤਦੋਂ ਅਗਿਆਨੀ ਮਨੁੱਖ ਮਾਇਆ ਦਾ ਲੋਭੀ ਹੋ ਹੁੰਦਾ ਹੈ।

ਇਸ ਦੇ ਮਨ ਅੰਦਰ ਲੋਭ ਦੀਆਂ ਲਹਿਰਾਂ ਉੱਠਦੀਆਂ ਹਨ, ਮਨੁੱਖ ਪੁਤ੍ਰ, ਇਸਤ੍ਰੀ ਤੇ ਮਾਇਕ ਪ੍ਰਾਪਤੀਆਂ ਦੇ ਮੋਹ `ਚ ਹੀ ਮਗ਼ਨ ਰਹਿੰਦਾ ਹੈ। ਪ੍ਰਾਣੀ ਦੇ ਮਨ `ਚ ਲੋਭ ਦੀਆਂ ਲਹਿਰਾਂ ਉੱਠਦੀਆਂ ਤੇ ਨਿਰੰਤਰ ਲੋਭੀ ਹੁੰਦਾ ਜਾਂਦਾ ਹੈ। ਪ੍ਰਮਾਤਮਾ, ਕਦੇ ਵੀ ਇਸ ਦੇ ਚਿੱਤ `ਚ ਨਹੀਂ ਹੁੰਦਾ ਤੇ ਨਾ ਇਹ ਸਾਧ ਸੰਗਤ `ਚ ਜਾਂਦਾ ਹੈ। ਜਿਸ ਤੋਂ ਇਹ ਜੀਂਦੇ ਜੀਅ ਸੁਭਾਅ ਕਰਕੇ ਵੀ ਭਿੰਨ-ਭਿੰਨ ਜੂਨਾਂ `ਚ ਭਟਕਦਾ-ਖੁਆਰੀਆ ਭੋਗਦਾ, ਆਤਮਕ ਪੱਖੋਂ ਮੁਰਦਾ ਜੀਵਨ ਬਤੀਤ ਕਰਦਾ ਹੈ ਤੇ ਇਸੇ ਕਾਰਣ ਮੌਤ ਤੋਂ ਬਾਅਦ ਵੀ ਇਸ ਨੂੰ ਮੁੜ ਉਨ੍ਹਾਂ ਹੀ ਭਿੰਨ-ਭਿੰਨ ਜੂਨਾਂ-ਜਨਮਾਂ ਤੇ ਗਰਭਾਂ ਦੇ ਦੁਖ ਸਹਾਰਣੇ ਪੈਂਦੇ ਹਨ।

ਮਨੁੱਖ ਰਚਨਹਾਰੇ ਪ੍ਰਭੂ ਨੂੰ ਵਿਸਾਰ ਦਿੰਦਾ ਹੈ, ਖਿਨ ਮਾਤ੍ਰ ਵੀ ਪ੍ਰਭੂ ਨਾਲ ਆਪਣੀ ਸੁਰਤ ਨੂੰ ਨਹੀਂ ਜੋੜਦਾ। ਹੇ ਨਾਨਕ! ਆਖ—ਜ਼ਿੰਦਗੀ ਦੀ ਰਾਤ ਦੇ ਤੀਜੇ ਪਹਰ ਮਾਇਕ ਰਸਾਂ `ਚ ਅੰਨ੍ਹਾ ਹੋਇਆ ਮਨੁੱਖ, ਮਨੁੱਖਾ ਜਨਮ ਦੇ ਇਕੋ ਇੱਕ ਮਕਸਦ ਤੋਂ ਅਣਜਾਣ, ਧਨ ਪਦਾਰਥਾਂ ਰੂਪੀ ਜ਼ਹਰ ਨੂੰ ਹੀ ਇਕੱਠਾ ਕਰਦਾ ਹੈ। ੩। ਪਦ ਅਰਥ-ਬਹੁ ਜੋਨੀ ਦੁਖੁ ਪਾਵੈ- ਜੀਂਦੇ ਜੀਅ ਵੀ ਆਤਮਕ ਮੌਤ ਤੇ ਉਸੇ ਦਾ ਅਗ਼ਲਾ ਪੜਾਅ ਮੌਤ ਤੋਂ ਬਾਅਦ ਮੁੜ ਉਨ੍ਹਾਂ ਹੀ ਭਿੰਨ-ਭਿੰਨ ਜੂਨਾਂ-ਗਰਭਾਂ ਦੇ ਉਹੀ ਦੁਖ। ਅੰਧੁ ਅਗਿਆਨੁ- ਮਨੁੱਖਾ ਜਨਮ ਦੇ ਇਕੋ ਇੱਕ ਮਕਸਦ ਤੋਂ ਅਣਜਾਣ। ੩। {ਮ. ੫, ਪੰ: ੭੭}

ਕੁਲ ਪੰਜਾਂ ਚੋਂ ਇਹ ਤੀਜਾ ਬੰਦ ਹੈ

ਗੁਰਮੁਖਿ ਨਾਮੁ ਸਮਾਲਿ ਤੂੰ… (ਸੰ: ੧੫) -ਚਉਥੈ ਪਹਰੈ ਰੈਣਿ ਕੈ, ਵਣਜਾਰਿਆ ਮਿਤ੍ਰਾ, ਦਿਨੁ ਨੇੜੈ ਆਇਆ ਸੋਇ॥ ਗੁਰਮੁਖਿ ਨਾਮੁ ਸਮਾਲਿ ਤੂੰ, ਵਣਜਾਰਿਆ ਮਿਤ੍ਰਾ! ਤੇਰਾ ਦਰਗਹ ਬੇਲੀ ਹੋਇ॥ ਗੁਰਮੁਖਿ ਨਾਮੁ ਸਮਾਲਿ ਪਰਾਣੀ, ਅੰਤੇ ਹੋਇ ਸਖਾਈ॥ ਇਹੁ ਮੋਹੁ ਮਾਇਆ ਤੇਰੈ ਸੰਗਿ ਨ ਚਾਲੈ, ਝੂਠੀ ਪ੍ਰੀਤਿ ਲਗਾਈ॥ ਸਗਲੀ ਰੈਣਿ ਗੁਦਰੀ ਅੰਧਿਆਰੀ, ਸੇਵਿ ਸਤਿਗੁਰੁ ਚਾਨਣੁ ਹੋਇ॥ ਕਹੁ ਨਾਨਕ ਪ੍ਰਾਣੀ ਚਉਥੈ ਪਹਰੈ, ਦਿਨੁ ਨੇੜੈ ਆਇਆ ਸੋਇ॥ ੪॥ (ਮ: ੫, ਪੰ: ੭੭-੭੮)

ਅਰਥ:-ਹਰਿ ਨਾਮ ਦਾ ਵਣਜ ਕਰਨ ਆਏ ਜੀਵ-ਮਿਤ੍ਰ! ਜ਼ਿੰਦਗੀ ਦੀ ਰਾਤ ਦਾ ਚੌਥਾ ਪਹਰ ਭਾਵ ਬੁਢਾਪਾ, ਤੈਨੂੰ ਪ੍ਰਭੂ ਵੱਲੋਂ ਚੇਤਾਵਣੀ ਹੁੰਦੀ ਹੈ ਕਿ ਹੁਣ ਤੇਰੇ ਵਾਪਿਸ ਜਾਣ ਦਾ ਸਮਾ ਨੇੜੇ ਆ ਗਿਆ ਹੈ। ਅਜੇ ਵੀ ਤੇਰੇ ਪਾਸ ਸਮਾਂ ਹੈ, ਤੂੰ ਸ਼ਬਦ ਗੁਰੂ ਦੀ ਕਮਾਈ ਕਰ ਤੇ ਪ੍ਰਭੂ ਦੀ ਸਿਫ਼ਤ ਸਲਾਹ ਨਾਲ ਜੁੜ, ਤਾ ਕਿ ਤੇਰਾ ਮਨੁੱਖਾ ਜਨਮ ਸਫ਼ਲ ਹੋ ਜਾਵੇ, ਇਹ ਬਿਰਥਾ ਨਾ ਜਾਵੇ।

ਹੇ ਵਣਜਾਰੇ ਮਿਤ੍ਰ! ਤੂੰ ਅਜੇ ਵੀ ਸ਼ਬਦ-ਗੁਰੂ ਦੀ ਸ਼ਰਨ `ਚ ਆ ਕੇ ਪ੍ਰਭੂ ਦਾ ਨਾਮ ਹਿਰਦੇ `ਚ ਵਸਾ, ਤਾ ਕਿ ਤੇਰਾ ਇਹ ਜਨਮ ਸਫ਼ਲਾ ਹੋ ਜਾਵੇ। ਚੇਤੇ ਰੱਖ! ਇਹ ਮਾਇਕ ਪਦਾਰਥਾਂ ਦਾ ਮੋਹ ਤੇ ਪ੍ਰਾਪਤੀਆਂ, ਜਿਨ੍ਹਾਂ ਦੇ ਪਿਆਰ `ਚ ਤੂੰ ਗ਼ਲਤਾਨ ਹੈਂ, ਇਹ ਤੇਰੇ ਨਾਲ ਨਿਭਣ ਵਾਲੀਆਂ ਨਹੀਂ ਹਨ।

ਹੇ ਭਾਈ! ਤੇਰੀ ਜ਼ਿੰਦਗੀ ਦੀ ਸਾਰੀ ਰਾਤ, ਮਾਇਆ ਮੋਹ ਦੇ ਹਨੇਰੇ `ਚ ਹੀ ਗੁਜ਼ਰ ਚੁੱਕੀ ਹੈ। ਤੂੰ ਅਜੇ ਵੀ ਗੁਰੂ ਦੀ ਸ਼ਰਨ `ਚ ਆ, ਤਾ ਕਿ ਤੇਰੇ ਅੰਦਰ ਪ੍ਰਭੂ ਦੇ ਨਾਮ ਦਾ ਚਾਨਣ ਹੋ ਜਾਏ।

ਹੇ ਨਾਨਕ! ਜ਼ਿੰਦਗੀ ਦੀ ਰਾਤ ਦਾ ਚੌਥਾ ਪਹਰ (ਬੁਢਾਪਾ), ਜੀਵ ਨੂੰ ਪ੍ਰਭੂ ਵਲੋਂ ਚੇਤਾਵਣੀ ਹੁੰਦੀ ਕਿ ਹੈ ਹੇ ਜੀਵ! ਤੇਰਾ ਉਹ ਦਿਨ ਨੇੜੇ ਆ ਚੁੱਕਾ ਹੈ, ਜਦੋਂ ਤੂੰ ਇਥੋਂ ਵਾਪਿਸ ਜਾਣਾ ਹੈ। ੪।

ਪਦ-ਅਰਥ-ਗੁਰਮੁਖਿ ਨਾਮੁ ਸਮਾਲਿ-ਸ਼ਬਦ ਗੁਰੂ ਦੀ ਕਮਾਈ ਰਾਹੀਂ ਪ੍ਰਭੂ ਦੀ ਸਿਫ਼ਤ ਸਲਾਹ ਨਾਲ ਜੁੜ। ਤੇਰਾ ਦਰਗਹ ਬੇਲੀ ਹੋਇ-ਤੇਰਾ ਮਨੁੱਖਾ ਜਨਮ ਸਫ਼ਲ ਹੋ ਜਾਵੇ, ਇਹ ਬਿਰਥਾ ਨਾ ਜਾਵੇ। ਦਰਗਹ-ਪ੍ਰਭੂ ਦਾ ਸੱਚ ਨਿਆਂ। ਅੰਧਿਆਰੀ- ਅਗਿਅਨਤਾ ਦੇ ਹਨੇਰੇ `ਚ। (ਮ: ੫, ਪੰ: ੭੭-੭੮) (ਚੌਥਾ ਬੰਦ, ਜਦਕਿ ਕੁਲ ਪੰਜ ਬੰਦ ਹਨ)

ਉਠਿ ਚਲੇ ਕਮਾਣਾ ਸਾਥਿ

ਲਿਖਿਆ ਆਇਆ ਗੋਵਿੰਦ ਕਾ, ਵਣਜਾਰਿਆ ਮਿਤ੍ਰਾ, ਉਠਿ ਚਲੇ ਕਮਾਣਾ ਸਾਥਿ॥ ਇੱਕ ਰਤੀ ਬਿਲਮ ਨ ਦੇਵਨੀ, ਵਣਜਾਰਿਆ ਮਿਤ੍ਰਾ, ਓਨੀ ਤਕੜੇ ਪਾਏ ਹਾਥ॥ ਲਿਖਿਆ ਆਇਆ ਪਕੜਿ ਚਲਾਇਆਮਨਮੁਖ ਸਦਾ ਦੁਹੇਲੇ॥ ਜਿਨੀ ਪੂਰਾ ਸਤਿਗੁਰੁ ਸੇਵਿਆ, ਸੇ ਦਰਗਹ ਸਦਾ ਸੁਹੇਲੇ॥ ਕਰਮ ਧਰਤੀ ਸਰੀਰੁ ਜੁਗ ਅੰਤਰਿ ਜੋ ਬੋਵੈ ਸੋ ਖਾਤਿ॥ ਕਹੁ ਨਾਨਕ ਭਗਤ ਸੋਹਹਿ ਦਰਵਾਰੇ, ਮਨਮੁਖ ਸਦਾ ਭਵਾਤਿ॥ ੫॥ ੧॥ ੪॥ {ਪੰ: ੭੮} (ਅੰਤਮ ਤੇ ਪੰਜਵਾਂ ਬੰਦ)

ਅਰਥ: —ਹਰਿ-ਨਾਮ ਦਾ ਵਣਜ ਕਰਣ ਆਏ ਜੀਵ-ਮਿਤ੍ਰ! ਜਦੋਂ ਪ੍ਰਭੂ ਪ੍ਰਮਾਤਮਾ ਵਲੋਂ ਜੀਵ ਨੂੰ ਵਾਪਿਸ ਜਾਣ ਦਾ ਸੱਦਾ ਆ ਜਾਂਦਾ ਹੈ ਤਾਂ ਇੱਥੇ, ਸੰਸਾਰ `ਚ ਆਪਣੇ ਕਮਾਏ ਹੋਏ ਚੰਗੇ ਤੇ ਮੰਦੇ ਕਰਮਾਂ ਦੇ ਸੰਸਕਾਰ ਵੀ ਜੀਵ ਦੇ ਨਾਲ ਹੀ ਜਾਂਦੇ ਹਨ। ਓਦੋਂ ਮੌਤ ਦੇ ਹੱਥ ਇੰਨੇ ਕਰੜੇ ਹੁੰਦੇ ਹਨ ਕਿ ਹੇ ਵਣਜਾਰੇ ਮਿਤ੍ਰ! ਉਸ `ਚ ਰਤਾ ਭਰ ਵੀ ਸਮੇਂ ਦੀ ਢਿੱਲ-ਮਠ ਨਹੀਂ ਹੋ ਸਕਦੀ।

ਤਾਂ ਤੇ ਜਦੋਂ ਪ੍ਰਭੂ ਵਲੋਂ ਇਹ ਸੱਦਾ ਆਉਂਦਾ ਹੈ ਤਾਂ ਮੌਤ, ਜੀਵ ਨੂੰ ਫੜ ਕੇ ਅੱਗੇ ਲਾ ਲੈਂਦੀ ਹੈ ਭਾਵ ਜੀਵ ਨੂੰ ਬਿਨਾ ਢਿੱਲ ਜਾਣਾ ਹੀ ਪੈਂਦਾ ਹੈ। ਓਦੋਂ ਮਨ ਪਿੱਛੇ ਟੁਰਣ ਵਾਲੇ, ਆਪਹੁੱਦਰੇ ਮਨੁੱਖ ਦੁਖੀ ਹੁੰਦੇ ਹਨ ਭਾਵ ਉਹ ਮੁੜ ਜੂਨਾਂ-ਗਰਭਾਂ ਦੇ ਗੇੜ `ਚ ਪਾਏ ਜਾਂਦੇ ਤੇ ਪਛਤਾਉਂਦੇ ਹਨ। ਜਦਕਿ ਜਿਨ੍ਹਾਂ ਜੀਵਨ `ਚ ਸ਼ਬਦ-ਗੁਰੂ ਦੀ ਕਮਾਈ ਕੀਤੀ ਹੁੰਦੀ ਹੈ ਉਹ ਸਦਾ ਲਈ ਸੁਖੀ ਹੋ ਜਾਂਦੇ ਹਨ ਭਾਵ ਉਹ ਪ੍ਰਭੂ `ਚ ਹੀ ਸਮਾਅ ਜਾਂਦੇ ਤੇ ਮੁੜ ਜਨਮਾਂ ਦੇ ਗੇੜ `ਚ ਨਹੀਂ ਆਉਂਦੇ।

ਹੇ ਵਣਜਾਰੇ ਮਿਤ੍ਰ! ਮਨੁੱਖਾ ਸਰੀਰ, ਜੀਵਨ ਦੌਰਾਨ ਕਰਮ ਕਮਾਉਣ ਲਈ ਧਰਤੀ ਦੇ ਸਮਾਨ ਹੁੰਦਾ ਹੈ। ਮਨੁੱਖ ਜੋ ਬੀਜਦਾ ਹੈ, ਉਹੀ ਖਾਂਦਾ ਹੈ। ਹੇ ਨਾਨਕ! ਆਖ—ਪ੍ਰਭੂ ਦੀ ਭਗਤੀ ਕਰਣ ਵਾਲੇ ਪ੍ਰਭੂ ਦੇ ਦਰ `ਤੇ ਸ਼ੋਭਾ ਪਾਂਦੇ ਹਨ, ਆਪਣੇ ਮਨ ਪਿੱਛੇ ਟੁਰਣ ਵਾਲੇ ਮਨਮੁਖ, ਸਦਾ ਭਿੰਨ ਭਿੰਨ ਜਨਮਾਂ-ਗਰਭਾਂ ਦੇ ਗੇੜ `ਚ ਪਾਏ ਜਾਂਦੇ ਹਨ। ੫। ੧। ੪। {ਪੰ: ੭੮} (ਆਖ਼ਰੀ ਤੇ ਪੰਜਵਾਂ ਬੰਦ)

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠ’ ਪੁਸਤਕਾਂ ਤੇ ਹੋਰ ਲਿਖ਼ਤਾਂ ਜਿਵੇਂ ਹੁਣ ਨਵੀਂ ਅਰੰਭ ਕੀਤੀ ਗਈ ਗੁਰਮੱਤ ਸੰਦੇਸ਼ਾਂ ਵਾਲੀ ਸੀਰੀਜ਼, ਸਭ ਦਾ ਮਕਸਦ ਇਕੋ ਹੀ ਹੈ। ਉਹ ਮਕਸਦ ਹੈ ਕਿ ਹਰੇਕ ਸੰਬੰਧਤ ਪ੍ਰਵਾਰ ਅਰਥਾਂ ਸਹਿਤ "ਗੁਰੂ ਗ੍ਰੰਥ ਸਾਹਿਬ" ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਆਪਣੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this ਗੁਰਮੱਤ ਸੰਦੇਸ਼ (ਸੰ: ੧੨ ਤੋਂ ੧੬) (ਭਾਗ ਤੀਜਾ)

ਲੜੀ ਵਾਰ (ਸੰ: ੧੨ ਤੋਂ ੧੬) (ਭਾਗ ਤੀਜਾ)

ਗੁਰਮੱਤ ਸੰਦੇਸ਼ ਅਥਵਾ

ਗੁਰਬਾਣੀ ਦਾ ਸੱਚ

ਨਿਰੋਲ ਗੁਰਬਾਣੀ ਪ੍ਰਮਾਣਾਂ `ਤੇ ਆਧਾਰਿਤ

For all the Self Learning Gurmat Lessons (Excluding Books) written by ‘Principal Giani Surjit Singh’ Sikh Missionary, Delhi-All the rights are reserved with the writer himself; but easily available in proper Deluxe Covers for

(1) Further Distribution within ‘Guru Ki Sangat’

(2) For Gurmat Stalls

(3) For Gurmat Classes & Gurmat Camps etc. etc.

with the intention of Gurmat Parsar, at quite nominal printing cost i.e. mostly Rs 350/-(in rare cases Rs. 450/- per hundred copies (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24

Ph 91-11-26236119, 46548789 ® Ph. 91-11-26487315 Cell 9811292808

web sites-

www.gurbaniguru.org

theuniqeguru-gurbani.com

gurmateducationcentre.com
.