.

ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ

ਪੰਥਕ ਸੰਸਥਾਵਾਂ ਤੇ ਪ੍ਰੰਪਰਾਵਾਂ ਨੂੰ ਖੋਰਾ

ਗੁਰੂ ਨਾਨਕ ਸਾਹਿਬ ਦੇ ਸਮੇਂ ਭਾਰਤ ਵਿੱਚ ਤਿੰਨ ਆਗੂਆਂ ਦੀ ਭਰਮਾਰ ਸੀ। ਜਦੋਂ ਇਹਨਾਂ ਤਿੰਨਾਂ ਦੀ ਕਾਰਗੁਜ਼ਾਰੀ ਗੁਰੂ ਸਾਹਿਬ ਜੀ ਨੇ ਦੇਖੀ ਤਾਂ ਉਹਨਾਂ ਨੇ ਬੇਬਾਕ ਟਿੱਪਣੀ ਕੀਤੀ—
ਕਾਦੀ ਕੂੜੁ ਬੋਲਿ ਮਲੁ ਖਾਇ।। ਬ੍ਰਾਹਮਣੁ ਨਾਵੈ ਜੀਆ ਘਾਇ।।
ਜੋਗੀ ਜੁਗਤਿ ਨ ਜਾਣੈ ਅੰਧੁ।। ਤੀਨੇ ਓਜਾੜੇ ਕਾ ਬੰਧੁ।। ੨।।
ਧਨਾਸਰੀ ਮਹਲਾ ੧ ਪੰਨਾ ੬੬੨

ਅੱਖਰੀਂ ਅਰਥ--ਕਾਜ਼ੀ (ਜੇ ਇੱਕ ਪਾਸੇ ਤਾਂ ਇਸਲਾਮੀ ਧਰਮ ਦਾ ਨੇਤਾ ਹੈ ਤੇ ਦੂਜੇ ਪਾਸੇ ਹਾਕਮ ਭੀ ਹੈ, ਰਿਸ਼ਵਤ ਦੀ ਖ਼ਾਤਰ ਸ਼ਰਈ ਕਾਨੂੰਨ ਬਾਰੇ) ਝੂਠ ਬੋਲ ਕੇ ਹਰਾਮ ਦਾ ਮਾਲ (ਰਿਸ਼ਵਤ) ਖਾਂਦਾ ਹੈ। ਬ੍ਰਾਹਮਣਾਂ (ਕ੍ਰੋੜਾਂ ਸ਼ੂਦਰ-ਅਖਵਾਂਦੇ) ਬੰਦਿਆਂ ਨੂੰ ਦੁਖੀ ਕਰ ਕਰ ਕੇ ਤੀਰਥ-ਇਸ਼ਨਾਨ (ਭੀ) ਕਰਦਾ ਹੈ। ਜੋਗੀ ਭੀ ਅੰਨ੍ਹਾ ਹੈ ਤੇ ਜੀਵਨ ਦੀ ਜਾਚ ਨਹੀਂ ਜਾਣਦਾ। (ਇਹ ਤਿੰਨੇ ਆਪਣੇ ਵਲੋਂ ਧਰਮ-ਨੇਤਾ ਹਨ, ਪਰ) ਇਹਨਾਂ ਤਿੰਨਾਂ ਦੇ ਹੀ ਅੰਦਰ ਆਤਮਕ ਜੀਵਨ ਵਲੋਂ ਸੁੰਞ ਹੀ ਸੁੰਞ ਹੈ। ੨।
ਉਪਰੋਕਤ ਤੁਕਾਂ ਵਿੱਚ ਧਾਰਮਿਕ ਆਗੂਆਂ ਦੀਆਂ ਆਪ ਹੁਦਰੀਆਂ ਤੇ ਗੈਰ-ਕੁਦਰਤੀ ਵਿਚਾਰਾਂ ਨੂੰ ਰੱਦ ਕਰਦਿਆਂ ਦੱਸਿਆ ਹੈ ਕਿ ਇਹਨਾਂ ਨੇ ਮਨੁੱਖਤਾ ਦੇ ਬਾਗ ਨੂੰ ਉਜਾੜਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ। ਗੁਰੂ ਨਾਨਕ ਸਾਹਿਬ ਜੀ ਫਰਮਾਉਂਦੇ ਹਨ ਕਿ—
ਉਤਮੁ ਏਹੁ ਬੀਚਾਰੁ ਹੈ ਜਿਨਿ ਸਚੇ ਸਿਉ ਚਿਤੁ ਲਾਇਆ।।
ਜਗ ਜੀਵਨੁ ਦਾਤਾ ਪਾਇਆ।। ੬।।
{ਪੰਨਾ ੪੬੬}

ਗੁਰੂ ਨਾਨਕ ਸਾਹਿਬ ਜੀ ਨੇ ਸੰਸਾਰ ਨੂੰ ਅਦਰਸ਼ਕ ਜੀਵਨ ਦੀ ਜਾਚ ਸਿਖਾਈ ਹੈ ਜਿਸ ਦੀ ਅਧਾਰ ਸ਼ਿਲਾ ਸੱਚ `ਤੇ ਰੱਖੀ ਹੈ। ਇਸ ਸੱਚ ਦੇ ਧਾਰਨੀ ਨੂੰ ਸਚਿਆਰ ਕਿਹਾ ਗਿਆ ਹੈ। ਸੱਚ ਨੂੰ ਬਰਕਰਾਰ ਰੱਖਣ ਲਈ ਸ਼ਹੀਦੀਆਂ ਦਾ ਦੌਰ ਚੱਲਿਆ ਪਰ ਕਦੇ ਸੱਚ ਨਾਲ ਸਮਝੌਤਾ ਨਹੀਂ ਕੀਤਾ ਗਿਆ। ਕਾਜ਼ੀ ਨੂਰਦੀਨ ਵਰਗੇ ਕਟੜ ਮੁਸਲਮਾਨ ਨੇ ਸਿੱਖਾਂ ਦੇ ਕਿਰਦਾਰ ਦੀਆਂ ਸਚਾਈਆਂ ਦੇਖ ਕੇ ਹੀ ਕਿਹਾ ਸੀ ਕਿ ਇਹਨਾਂ ਵਿੱਚ ਕੋਈ ਵਿਭਚਾਰੀ ਨਹੀਂ ਹੈ। ਇਹ ਭੱਜੇ ਜਾਂਦਿਆਂ `ਤੇ ਵਾਰ ਨਹੀਂ ਕਰਦੇ। ਇਹ ਆਪਣੇ ਤੋਂ ਵੱਡੀ ਨੂੰ ਮਾਂ, ਬਰਾਬਰ ਦੀ ਨੂੰ ਭੈਣ ਤੇ ਛੋੱਟੀ ਬੱਚੀ ਆਪਣੀ ਧੀ ਸਮਾਨ ਸਮਝਦੇ ਹਨ। ਕਿਸੇ ਕਚਿਹਰੀ ਵਿੱਚ ਜਦੋਂ ਕੋਈ ਸਿੱਖ ਗਵਾਹੀ ਦੇਂਦਾ ਸੀ ਤਾਂ ਜੱਜ ਸਿੱਖ ਦੀ ਗਵਾਹੀ ਨੂੰ ਪੁੱਖਤਾ ਸਮਝਦਾ ਸੀ ਤੇ ਓਸੇ ਅਧਾਰ `ਤੇ ਹੀ ਆਪਣਾ ਫੈਸਲਾ ਸੁਣਾ ਦੇਂਦਾ ਸੀ। ਉਹ ਕਹਿੰਦਾ ਸੀ ਕਿ ਸਿੱਖ ਕਦੇ ਝੂਠ ਨਹੀਂ ਬੋਲਦਾ ਹੈ।
ਜਦੋਂ ਕਦੇ ਕੋਈ ਗੈਰ ਸਿੱਖ ਪ੍ਰਵਾਰ ਘਰੋਂ ਸਫਰ ਕਰਨ ਲਈ ਨਿਕਲਦਾ ਸੀ ਤਾਂ ਓਦੋਂ ਪਰਵਾਰ ਵਾਲੇ ਇਹ ਕਿਹਾ ਕਰਦੇ ਸੀ ਕਿ ਜਿਸ ਸੀਟ ਤੇ ਕੋਈ ਸਿੱਖ ਸਰਦਾਰ ਬੈਠਾ ਹੋਏਗਾ ਉਸ ਸੀਟ ਤੇ ਬੈਠਣਾ ਭਾਵ ਸਿੱਖ ਦੇ ਕੋਲ ਬੈਠਣ ਵਾਲਾ ਆਪਣੇ ਆਪ ਨੂੰ ਸੁਰੱਖਿਅਤ ਸਮਝਦਾ ਸੀ।
ਸਾਡੇ ਕਿਰਦਾਰ ਦੇ ਮੁਹਾਵਰੇ ਬਣੇ ਹੋਏ ਸਨ ਕਿ ਆ ਗਏ ਨਿਹੰਗ ਕੁੰਢਾ ਖੋਲ੍ਹਦੇ ਨਿਸੰਗ ਜਾਂ ਮੋੜੀ ਬਾਬਾ ਕੱਛ ਵਾਲਿਆ ਗਈ ਰਨ ਬਸਰੇ ਨੂੰ। ਲਾਲ ਕਿਲ੍ਹਾ ਜਿੱਤ ਕੇ ਵੀ ਤਿਆਗਣ ਦੀ ਭਾਵਨਾ ਸਿੱਖ ਦੇ ਉਚਤਮ ਨਮੂਨੇ ਦੀ ਮਿਸਾਲ ਹੈ। ਸਰਕਾਰ ਵਲੋਂ ਆਈਆਂ ਨਵਾਬੀਆਂ ਨੂੰ ਮੋੜਨ ਵਾਲੇ ਜੱਥੇਦਾਰ ਦਰਬਾਰਾ ਸਿੰਘ ਦੇ ਬੋਲ ਇਤਿਹਾਸ ਵਿੱਚ ਸਦਾ ਗੂੰਝਦੇ ਰਹਿਣਗੇ ਕਿ ਸਿੱਖ ਨਵਾਬੀਆਂ ਲੈਂਦਾ ਨਹੀਂ ਹੈ ਸਗੋਂ ਨਵਾਬੀਆਂ ਵੰਡਦਾ ਹੈ। ਕਸੂਰ ਦੇ ਜ਼ਾਲਮਾਂ ਨਵਾਬ ਪਾਸੋਂ ਬ੍ਰਹਾਮਣੀ ਛਡਾ ਕਿ ਲਿਆਉਣੀ ਜਾਂ ਅਬਦਾਲੀ ਦੇ ਦਲ ਤੋਂ ਬਹੁ ਬੇਟੀਆਂ ਨੂੰ ਛਡਾਉਣਾ ਸਿੱਖ ਦੇ ਹਿੱਸੇ ਹੀ ਆਇਆ ਹੈ। ਬੰਗਲਾ ਦੇਸ਼ ਦੀ ਅਜ਼ਾਦੀ ਵਿੱਚ ਸਿੱਖ ਰਜਮੈਂਟਾਂ ਨੇ ਆਪਣੀਆਂ ਦਸਤਾਰਾਂ ਨਾਲ ਕੈਦੀ ਧੀਆਂ ਦੀ ਆਬਰੂ ਨੂੰ ਢੱਕਿਆ ਅਜੇ ਥੋੜੇ ਸਾਲਾਂ ਦੀ ਹੀ ਗੱਲ ਹੈ। ਸਿੱਖ ਦੀ ਪਿੱਠ ਭੂਮੀ ਵਿੱਚ ਗੁਰਬਾਣੀ ਦਾ ਸਿਧਾਂਤ ਗੂੰਜਦਾ ਹੈ। ਇਸ ਦੇ ਰੋਮ ਰੋਮ ਵਿੱਚ ਗੁਰਬਾਣੀ ਗਿਆਨ ਦੋੜਦਾ ਹੈ। ਗੱਲ ਕੀ ਇਸ ਦੇ ਸਿਦਕ ਨੂੰ ਰੰਬੀਆਂ ਆਰੇ, ਉਬਲ਼ਦੀਆਂ ਦੇਗਾਂ, ਬੱਚਿਆਂ ਦਾ ਤੂੰਬਾ ਤੂੰਬਾ ਕਰ ਦੇਣਾ ਜਾਂ ਇਸ ਨੂੰ ਚਰਖੜੀਆਂ `ਤੇ ਚਾੜ ਦੇਣਾ ਇਸ ਦੇ ਸਿਦਕ ਨੂੰ ਨਹੀਂ ਡੁਲਾ ਸਕਿਆ।
ਸਿੱਖਾਂ ਦੀ ਆਖਰੀ ਜੰਗ ਵਿੱਚ ਕਨਿੰਘਮ ਨੇ ਅੱਖੀਂ ਵੇਖੇ ਹਲਾਤ ਲਿਖੇ ਕਿ ਸਿੱਖ ਸਿਪਾਹੀ ਦੀ ਬਾਂਹ ਤੇ ਲੱਤ ਵੱਢੀ ਹੋਈ ਹੈ। ਅੰਗੇਰਜ਼ ਅਫ਼ਸਰ ਕਹਿੰਦਾ ਹੈ ਕਿ ਤੂੰ ਆਪਣਾ ਹਥਿਆਰ ਸੁੱਟ ਦੇ ਤੇਰਾ ਇਲਾਜ ਕਰਾਇਆ ਜਾ ਸਕਦਾ ਹੈ ਤਾਂ ਕਿ ਤੇਰੀ ਜਾਨ ਬਚ ਸਕੇ ਅੱਗੋਂ ਜ਼ਖ਼ਮੀ ਹੋਇਆ ਬਹਾਦਰ ਸਿੱਖ ਕਹਿੰਦਾ ਹੈ ਇਸ ਕਿਰਪਾਨ ਨੂੰ ਮੈਂ ਨਹੀਂ ਸੁੱਟ ਸਕਦਾ ਕਿਉਂਕਿ ਪੰਥ ਦਾ ਅਜੇ ਹੁਕਮ ਨਹੀਂ ਆਇਆ। ਕਨਿੰਘਮ ਬਹੁਤ ਹੈਰਾਨ ਹੋਇਆ ਕਿ ਏਦਾਂ ਦੀ ਵੀ ਕੋਈ ਕੌਮ ਹੋ ਸਕਦੀ ਹੈ, ਜਿਸ ਦਾ ਸਿਪਾਹੀ ਜਾਨ ਦੀ ਵੀ ਪਰਵਾਹ ਨਹੀਂ ਕਰ ਰਿਹਾ ਤੇ ਪੰਥ ਦਾ ਹੁਕਮ ਉਡੀਕ ਰਿਹਾ ਹੈ। ਕਨਿੰਘਮ ਨੇ ਸਿੱਖ ਇਤਿਹਾਸ ਪੜ੍ਹਿਆ ਤੇ ਲਿਖਿਆ।
ਚਲਾਕ ਗੋਰਿਆਂ ਨੇ ਇਸ ਦੀਆਂ ਸੰਸਥਾਵਾਂ ਤੇ ਪ੍ਰੰਪਰਾਂਵਾਂ ਨੂੰ ਢਾਹ ਲਗਾਉਣ ਲਈ ਕਈ ਯੋਜਨਾਵਾਂ ਬਣਾਈਆਂ। ਉਹਨਾਂ ਦਾ ਵਿਚਾਰ ਸੀ ਕਿ ਜੇ ਇਹ ਆਪਣੇ ਕੰਮਾਂ ਵਿੱਚ ਰੁੱਝ ਜਾਣ ਤਾਂ ਅਸੀਂ ਭਾਰਤ ਵਿੱਚ ਸੌਖਾ ਰਾਜ ਸਥਾਪਿਤ ਕਰ ਸਕਦੇ ਹਾਂ। ਜਿੱਥੇ ਜ਼ਮੀਨਾਂ ਲਈ ਨਹਿਰਾਂ ਦਾ ਜਾਲ ਵਿਛਾਉਣਾ ਓੱਥੇ ਫੌਜ ਵਿੱਚ ਨੌਕਰੀਆਂ ਦਿਲ ਖੋਲ੍ਹ ਕੇ ਦਿੱਤੀਆਂ। ਨਿਰਸੰਦੇਹ ਸਿੱਖ ਭਾਈਚਾਰੇ ਦਾ ਅਰਥਿਕ ਪੱਖ ਮਜ਼ਬੂਤ ਹੋਇਆ ਸੀ। ਤਸਵੀਰ ਦੇ ਦੂਸਰੇ ਪਾਸੇ ਸਿੱਖ ਸੰਸਥਾਵਾਂ ਤੇ ਪੰਪ੍ਰਾਵਾਂ ਦੀ ਜੜ੍ਹੀਂ ਤੇਲ ਦੇਣ ਲਈ ਫ਼ੌਜ ਵਿਚੋਂ ਸੰਤ ਬਾਬੇ ਪੈਦਾ ਕੀਤੇ ਤਾਂ ਕਿ ਇਹਨਾਂ ਰਾਂਹੀ ਸਿੱਖ ਸੰਸਥਾਵਾਂ ਤੇ ਪ੍ਰੰਪਰਾਵਾਂ ਨੂੰ ਸੌਖਾ ਢਹਿ ਢੇਰੀ ਕੀਤਾ ਜਾ ਸਕੇ। ਅੰਗਰੇਜ਼ ਦੀ ਇਸ ਕਿਰਤ ਵਿਚੋਂ ਇਹਨਾਂ ਫੋਜੀ ਸਾਧਾਂ ਨੇ ਸਿੱਖ ਸਿਧਾਂਤ ਨੂੰ ਰੋਲਣ ਲਈ ਬੜਾ ਵਡਾ ਰੋਲ ਅਦਾ ਕੀਤਾ ਹੈ। ਇੰਜ ਵੀ ਕਿਹਾ ਜਾ ਸਕਦਾ ਹੈ ਕਿ ਸਿੱਖੀ ਵਿੱਚ ਸਭ ਤੋਂ ਪਹਿਲਾਂ ਫੋਜ ਵਿਚੋਂ ਹੀ ਸਾਧ ਆਏ ਸਨ ਜਿੰਨ੍ਹਾਂ ਨੂੰ ਸਰਕਾਰ ਨੇ ਪੂਰੀ ਯੋਜਨਾ ਨਾਲ ਸਥਾਪਿਤ ਕੀਤਾ ਸੀ। ਜ਼ਿਲ੍ਹਾ ਅੰਮ੍ਰਿਸਰ ਦੇ ਪਿੰਡ ਬਲ ਵਾਲਿਆਂ ਨੇ ਸਿੱਖੀ ਪਹਿਰਾਵੇ ਦਾ ਭੁਲੇਖਾ ਖਾ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਂ ੧੧ ਕਨਾਲ ੧੬ ਮਰਲੇ ਜ਼ਮੀਨ ਲਗਾਈ ਸੀ ਕਿ ਇਹ ਫੌਜੀ ਸਾਧ ਗੁਰਬਾਣੀ ਪੜ੍ਹਦਾ ਹੈ। ਭੋਲੇ ਪਿੰਡ ਵਾਸੀਆਂ ਨੂੰ ਕੀ ਪਤਾ ਸੀ ਕਿ ਏੱਥੇ ਤਾਂ ਰਾਧਾ ਸੁਆਮੀਆਂ ਦਾ ਬੀਜ ਬੀਜਿਆ ਜਾ ਰਿਹਾ ਸੀ ਜੋ ਅੱਜ ਬਹੁਤ ਵੱਡਾ ਦਰੱਖਤ ਬਣ ਗਿਆ ਹੈ। ਇੰਜ ਅੰਗਰੇਜ਼ ਦੇ ਫੌਜੀ ਸਾਧਾਂ ਨੇ ਸਿੱਖ ਸੰਸਥਾਵਾਂ ਦੇ ਬਰਾਬਰ ਦੀਆਂ ਸੰਸਥਾਵਾਂ ਕਾਇਮ ਕਰ ਦਿੱਤੀਆਂ।
ਜਦੋਂ ਕਿਸੇ ਕੌਮ ਦਾ ਮਲੀਆ ਮੇਟ ਕਰਨਾ ਹੋਵੇ ਤਾਂ ਉਸ ਨੂੰ ਮਿੱਠਾ ਜ਼ਹਿਰ ਦੇ ਕੇ ਉਸ ਦੀਆਂ ਸੰਸਥਾਂਵਾਂ ਤੇ ਪ੍ਰੰਪਰਾ ਨੂੰ ਖੋਰਾ ਲਗਾਇਆ ਜਾਂਦਾ ਹੈ। ਖੋਰਾ ਕੀ ਹੈ? ਜਦੋਂ ਕੋਈ ਇਮਾਰਤ ਬਣੀ ਹੋਵੇ ਉਸ ਦੇ ਨੇੜੇ ਦੀ ਪਾਣੀ ਦਾ ਨਿਕਾਸ ਹੋਵੇ ਪਰ ਨਿਕਾਸ ਲਈ ਪੂਰੀ ਸਾਵਧਾਨੀ ਨਾ ਵਰਤੀ ਜਾਏ ਤਾਂ ਓਦੋਂ ਇਮਾਰਤ ਦੀਆਂ ਨੀਹਾਂ ਖੁਰਨੀਆਂ ਸ਼ੁਰੂ ਹੋ ਜਾਂਦੀਆਂ ਹਨ ਜਾਂ ਜਦੋਂ ਇਮਾਰਤ ਵਲ ਧਿਆਨ ਨਾ ਦਿੱਤਾ ਜਾਏ ਤਾਂ ਵੀ ਇਮਾਰਤ ਖੁਰਨੀ ਸ਼ੁਰੂ ਹੋ ਜਾਂਦੀ ਹੈ। ਕਈ ਵਾਰੀ ਖੋਰਾ ਆਪਣਾ ਅਸਰ ਛੱਡਣ ਲਈ ਸੈਂਕੜੇ ਸਾਲ ਵੀ ਲਗਾ ਦੇਂਦਾ ਹੈ। ਕੌਮਾਂ ਨੂੰ ਖੋਰਾ ਲਗਾਉਣ ਲਈ ਸਿੱਧਾ ਹਮਲਾ ਨਹੀਂ ਕੀਤਾ ਜਾਂਦਾ ਸਗੋਂ ਸੰਸਥਾਂਵਾਂ `ਤੇ ਪ੍ਰੰਪਰਾਵਾਂ ਨੂੰ ਖਤਮ ਕਰਨ ਲਈ ਓਦੇ ਵਗਰੀਆਂ ਸੰਸਥਾਂਵਾਂ ਤੇ ਪ੍ਰੰਪਰਾਵਾਂ ਕਾਇਮ ਕੀਤੀਆਂ ਜਾਂਦੀਆਂ ਹਨ ਜੋ ਦੇਖਣ ਨੂੰ ਅਸਲੀਅਤ ਦਾ ਭੁਲੇਖਾ ਪਉਂਦੀਆਂ ਹਨ। ਇੰਜ ਹੌਲ਼ੀ ਹੌਲ਼ੀ ਲੋਕ ਵਿਗੜੀਆਂ ਹੋਈਆਂ ਪ੍ਰੰਪਰਾਵਾਂ ਨੂੰ ਹੀ ਅਸਲੀ ਪ੍ਰੰਪਰਾਵਾਂ ਸਮਝਣ ਲੱਗ ਜਾਂਦੇ ਹਨ। ਬਰਾਬਰ ਦੀਆਂ ਪ੍ਰੰਪਰਾ ਤੇ ਸੰਸਥਾਵਾਂ ਨੂੰ ਚਲਾਉਣ ਲਈ ਪੂਰੀ ਵਿਉਂਤ ਬੰਦੀ ਕੀਤੀ ਜਾਂਦੀ ਹੈ।
ਸਮੇਂ ਦੀ ਲੋੜ ਨੂੰ ਮਹਿਸੂਸ ਕਰਦਿਆਂ ਵਿਦਵਾਨ ਸਿੱਖਾਂ ਵਲੋਂ ਨਿਆਰੇ ਪਨ ਨੂੰ ਕਾਇਮ ਰੱਖਣ ਲਈ ਕਈ ਠੋਸ ਉਪਰਾਲੇ ਕੀਤੇ। ਸਿੰਘ ਸਭਾ ਲਹਿਰ ਤੇ ਚੀਫ਼ ਕਾਲਸਾ ਦੀਵਾਨ ਵਰਗੀਆਂ ਸੰਸਥਾਵਾਂ ਨੇ ਜਨਮ ਲਿਆ ਖਾਲਸਾ ਸਕੂਲਾਂ ਦੀ ਇੱਕ ਲਹਿਰ ਚੱਲੀ। ਇਹਨਾਂ ਖਾਲਸਾ ਸਕੂਲਾਂ ਨੇ ਸਿੱਖ ਕੌਮ ਦੀ ਨਿਗਰ ਸੇਵਾ ਕੀਤੀ ਅਤੇ ਬੜੀ ਵੱਡੀ ਪੱਧਰ ਤੇ ਸਿੱਖ ਸਿਧਾਂਤ ਨੂੰ ਸੰਭਾਲਣ ਦਾ ਠੋਸ ਯਤਨ ਕੀਤਾ। ਜਿਹੜੇ ਬੱਚੇ ਇਹਨਾਂ ਸਕੂਲਾਂ ਵਿੱਚ ਦਾਖਲ ਹੋ ਜਾਂਦੇ ਸਨ ਉਹਨਾਂ ਨੂੰ ਘੱਟੋ ਘੱਟ ਸਿੱਖ ਧਰਮ ਦੀ ਮੁੱਡਲੀ ਜਾਣਕਾਰੀ ਜ਼ਰੂਰ ਮਿਲ ਜਾਂਦੀ ਸੀ। ਅੱਜ ਜਿਹੜੇ ਸਾਨੂੰ ਬਜ਼ੁਰਗ ਦਿਸਦੇ ਹਨ ਉਹਨਾਂ ਵਿਚੋਂ ਸਿੱਖ ਸਿਧਾਂਤ ਦਾ ਰੂਪ ਮਿਲਦਾ ਹੈ। ਦੇਖਿਆ ਜਾਏ ਤਾਂ ਸਾਡੀਆਂ ਇਹਨਾਂ ਸਿੱਖ ਸੰਸਥਾਵਾਂ ਵਿਚੋਂ ਉਚ ਕੋਟੀ ਦੇ ਵਿਦਵਾਨ ਤੇ ਚੰਗੇ ਸਰੋਤੇ ਵਧੀਆ ਅਫਸਰ ਵੀ ਪੈਦਾ ਹੋਏ ਹਨ ਜੋ ਮੁਢਲੇ ਤੌਰ `ਤੇ ਸਿੱਖੀ ਦੀਆਂ ਪ੍ਰੰਪਰਾਵਾਂ ਤੋਂ ਜਾਣੂੰ ਸਨ।
ਖਾਲਸਾ ਸਕੂਲਾਂ ਦੀਆਂ ਸੰਸਥਾਵਾਂ ਤੇ ਇਹਨਾਂ ਵਿਚਲੀਆਂ ਪ੍ਰੰਪਰਾਵਾਂ ਅੱਜ ਲੱਗ ਪਗ ਖਤਮ ਹੀ ਹੋ ਗਈਆਂ ਹਨ। ਖਾਲਸਾ ਸਕੂਲਾਂ ਦੀ ਸੰਭਾਲ਼ ਨਹੀਂ ਹੋ ਸਕੀ ਜਿਸ ਕਰਕੇ ਇਸ ਖਲਾਅ ਵਿੱਚ ਸਾਧਾਂ ਨੇ ਆਪਣੇ ਸਕੂਲ ਖੋਲ੍ਹ ਲਏ ਹਨ। ਇਹਨਾਂ ਸਕੂਲਾਂ ਵਿਚੋਂ ਸਿੱਖੀ ਦਾ ਤੱਤ ਖਤਮ ਕਰਦਿਆਂ ਮਰ ਚੁੱਕੇ ਸਾਧ ਦੇ ਸੋਹਲੇ ਗਾਏ ਜਾਂਦੇ ਹਨ। ਅਨਪੜ੍ਹ ਸਾਧ ਦੇ ਅਨੁਸਾਰ ਸਿੱਖ ਸਿਧਾਂਤ ਪੇਸ਼ ਕੀਤਾ ਜਾ ਰਿਹਾ ਹੈ। ਇੰਜ ਵਿਦਿਆ ਦੇ ਖੇਤਰ ਵਿਚੋਂ ਸਿੱਖ ਸੰਸਥਾਵਾਂ ਦਾ ਸਰਬ ਨਾਸ਼ ਕੀਤਾ ਗਿਆ ਹੈ। ਅੱਜ ਨਾਮ ਮਾਤਰ ਹੀ ਸਿੱਖ ਸੰਸਥਾਵਾਂ ਰਹਿ ਗਈਆਂ ਹਨ। ਕਮੇਟੀਆਂ ਪਾਸੋਂ ਇਹਨਾਂ ਸੰਸਥਾਵਾਂ ਦੀ ਸੰਭਾਲ਼ ਨਹੀਂ ਹੋ ਸਕੀ ਜਿਸ ਕਰਕੇ ਬਹੁਤ ਸਾਰੀਆਂ ਸੰਸਥਾਵਾਂ ਸਰਕਾਰ ਨੇ ਲੈ ਲਈਆਂ ਹਨ।
ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਨੌਜਵਾਨਾਂ ਦੀ ਇੱਕ ਉਹ ਸੰਸਥਾ ਸੀ ਜਿਸ ਨੇ ਸਿੱਖ ਸਿਧਾਂਤ ਦੀ ਗੱਲ ਹੀ ਨਹੀਂ ਕੀਤੀ ਸੀ ਸਗੋਂ ਕੈਂਪਾਂ ਦੁਆਰਾ ਨੌਜਵਾਨਾਂ ਵਿੱਚ ਸਿੱਖ ਇਤਿਹਾਸ ਗੁਰਬਾਣੀ ਦੀ ਚੇਤਨਾ ਦੀ ਲਹਿਰ ਪੈਦਾ ਕੀਤੀ। ਇਸ ਸੰਸਥਾ ਦੇ ਸਟੂਡੈਂਟ ਜਿੱਥੇ ਵੀ ਗਏ ਨਾਲ ਸਿੱਖ ਸਿਧਾਂਤ ਦਾ ਪ੍ਰਚਾਰ ਕੀਤਾ। ਇਸ ਸੰਸਥਾ ਨੇ ਨਾਮਵਰ ਵਿਦਵਾਨ ਪੈਦਾ ਕੀਤੇ ਹਨ। ਹਰ ਕਾਲਜ ਵਿੱਚ ਇਸ ਦਾ ਬੋਲ ਬਾਲਾ ਸੀ। ਕਮਿਉਨਿਸਟ ਲਹਿਰ ਦਾ ਟਾਕਰਾ ਏਸੇ ਸੰਸਥਾ ਦੇ ਬੱਚਿਆਂ ਨੇ ਗੁਰਬਾਣੀ ਦੇ ਮੂਲ ਸਿਧਾਂਤ ਦੁਆਰਾ ਕੀਤਾ ਤੇ ਸਿੱਖੀ ਦੇ ਨਿਆਰੇਪਨ ਦੀ ਹੋਂਦ ਨੂੰ ਬਰਕਰਾਰ ਰੱਖਿਆ। ਸਮੇਂ ਦੇ ਵੇਗ ਨਾਲ ਇਹ ਸੰਸਥਾ ਸਾਰੀ ਦੀ ਸਾਰੀ ਰਾਜਨੀਤਿਕ ਲੋਕਾਂ ਦਾ ਸ਼ਿਕਾਰ ਹੋ ਕੇ ਰਹਿ ਗਈ ਹੈ। ਇੰਜ ਕਹਿਣ ਵਿੱਚ ਵੀ ਕੋਈ ਹਰਜ ਨਹੀਂ ਹੈ ਕਿ ਇਹ ਸਾਡੀ ਸੰਸਥਾ ਅੱਜ ਖੱਖੜੀਆਂ ਹੋਈ ਪਈ ਹੈ। ਅੱਜ ਇਸ ਸਿੱਖ ਸੰਸਥਾ ਨੂੰ ਸਭ ਤੋਂ ਵੱਡਾ ਖੋਰਾ ਲੱਗਾ ਹੈ। ਇਸ ਨੇ ਸਿੱਖ ਸਿਧਾਂਤ ਦੀ ਗੱਲ ਕਰਨੀ ਸੀ ਪਰ ਧੜੇ ਬੰਦੀ ਵਿੱਚ ਵੰਡੀ ਹੋਈ ਹੈ। ਕੀ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਆਗੂਆਂ ਨੂੰ ਸੰਪਟ ਪਾਠ ਕਰਾਉਣੇ ਚਾਹੀਦੇ ਹਨ? ਬਹੁਤ ਸਾਰੇ ਆਗੂ ਸਾਧਾਂ ਦੇ ਡੇਰਿਆਂ ਤੇ ਹਾਜ਼ਰੀ ਲਗਾਉਣੀ ਨਹੀਂ ਭੁਲਦੇ ਜੋ ਨਿੱਤ ਅਖਬਾਰਾਂ ਦੀ ਸੁਰਖੀਆਂ ਬਣਦੇ ਹਨ। ਸਿਧਾਤਿਕ ਪੱਖੋਂ ਇਸ ਸੰਸਥਾ ਨੂੰ ਬਹੁਤ ਵੱਡਾ ਖੋਰਾ ਲੱਗਿਆ ਹੈ ਜਿਸ ਦੀ ਭਰਪਾਈ ਹੋਣੀ ਬੜੀ ਮੁਸ਼ਕਲ ਹੈ।
ਕਦੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਦਾ ਦਾਹੜਾ ਖੁਲ੍ਹਾ ਹੁੰਦਾ ਸੀ ਸਦਾ ਤਿੰਨ ਫੁੱਟੀ ਕਿਰਪਾਨ ਆਪਣੇ ਪਾਸ ਰੱਖਦਾ ਹੁੰਦਾ ਸੀ ਤੇ ਗਾਤਰੇ ਵਾਲੀ ਕਿਰਪਾਨ ਕਮੀਜ਼ ਦੇ ਉਪੱਰ ਦੀ ਪਹਿਨਦਾ ਹੁੰਦਾ ਸੀ। ਪੰਥ ਉਸ ਨੂੰ ਜੱਥੇਦਾਰ ਆਖਦਾ ਹੁੰਦਾ ਨਹੀਂ ਥੱਕਦਾ ਸੀ। ਪੰਥ ਉਸ ਦੀ ਘਰਵਾਲੀ ਨੂੰ ਜੱਥੇਦਾਰਨੀ ਕਹਿ ਕੇ ਸਤਿਕਾਰ ਦੇਂਦਾ ਸੀ। ਉਹ ਵੀ ਗਾਤਰਾ ਪਹਿਨਦੀ ਹੁੰਦੀ ਸੀ। ਅੱਜ ਪੰਥ ਦੀ ਇਸ ਆਗੂ ਜੱਥੇਬੰਦੀ ਨੂੰ ਪੂਰੇ ਦਾ ਪੁਰਾ ਖੋਰਾ ਲੱਗ ਗਿਆ ਹੈ। ਹੁਣ ਤੇ ਵੋਟਾਂ ਦੀ ਖਾਤਰ ਥਾਵਾਂ `ਤੇ ਘੋਨ-ਮੋਨ ਅਕਾਲੀ ਦਲ ਰਹਿ ਗਿਆ ਹੈ। ਅਕਾਲੀ ਦਲ ਦੇ ਮੈਂਬਰਾਂ ਦੇ ਹੱਥਾਂ ਵਿੱਚ ਲਾਲ ਰੰਗ ਦੇ ਧਾਗੇ ਤੇ ਉਂਗਲ਼ਾਂ ਵਿੱਚ ਨਗਾਂ ਵਾਲੀਆਂ ਮੁੰਦੀਆਂ ਆਮ ਦੇਖੀਆਂ ਜਾ ਸਕਦੀਆਂ ਹਨ। ਅੱਜ ਕੌਮ ਦੇ ਵਿੱਚ ਕਈ ਅਕਾਲੀ ਦਲ ਬਣ ਗਏ ਹਨ ਪਰ ਪੰਥਕ ਮਸਲਿਆਂ ਜਾਂ ਸਿੱਖ ਸਿਧਾਂਤ ਨਾਲ ਕਿਸੇ ਦਾ ਵੀ ਕੋਈ ਸਰੋਕਾਰ ਨਹੀਂ ਰਹਿ ਗਿਆ। ਟਕਸਾਲੀ ਅਕਾਲੀ ਗੁਰਬਾਣੀ ਸ਼ਬਦ ਤੋਂ ਆਪਣਾ ਲੈਕਚਰ ਅਰੰਭ ਕਰਦੇ ਸਨ ਤੇ ਗੁਰਬਾਣੀ ਦੁਆਰਾ ਜਾਂ ਸਿੱਖ ਇਤਿਹਾਸ ਦੁਆਰਾ ਸਮਾਪਤੀ ਕਰਦੇ ਆਮ ਦੇਖੇ ਸੁਣੇ ਜਾਂਦੇ ਸਨ। ਸਾਡੀ ਇਸ ਪ੍ਰੰਪਰਾ ਨੂੰ ਵੀ ਵੱਡਾ ਖੋਰਾ ਲੱਗ ਗਿਆ ਹੈ। ਗੁਰਦੁਆਰਿਆਂ ਦਾ ਸਭਿਆਚਾਰ ਛੱਡ ਕੇ ਹੋਟਲਾਂ ਦੇ ਸਭਿਆਚਾਰ ਵਿੱਚ ਅਕਾਲੀ ਦਲ ਆਪਣੇ ਆਪ ਨੂੰ ਫਿੱਟ ਕਰਨ ਵਿੱਚ ਰੁਝਿਆ ਹੋਇਆ ਨਜ਼ਰ ਆ ਰਿਹਾ ਹੈ। ਕਈ ਨਾਮੀ ਸਿੱਖ ਸੰਸਥਾਵਾਂ ਸਿੱਖੀ ਦੀ ਪਹਿਰੇਦਾਰੀ ਕਰਨ ਵਿੱਚ ਆਪਣਾ ਮਾਣ ਮਹਿਸੂਸ ਕਰਦੀਆਂ ਸਨ ਅੱਜ ਉਹ ਰਾਜਸੀ ਲੋਕਾਂ ਦੀਆਂ ਦੁੰਮ-ਛੱਲਾ ਬਣ ਗਈਆਂ ਹਨ। ਗਾਹੇ-ਬ-ਗਾਹੇ ਨੇਤਾ ਜਨਾ ਦੀ ਝੋਲ਼ੀ ਚੁੱਕ ਕੇ ਥੋੜੇ ਬਹੁਤੇ ਦਮੜਿਆਂ ਦੀ ਆਸ ਲਾਈ ਬੈਠੇ ਹਨ।
ਗੁਰਦੁਆਰਿਆਂ ਵਿੱਚ ਜੋ ਮਰਯਾਦਾ ਨਿਭਾਈ ਜਾ ਰਹੀ ਹੈ ਉਸ ਵਿੱਚ ਜ਼ਿਆਦਾ ਹਿੱਸਾ ਮੰਦਰਾਂ ਦੀ ਤਰਜ਼ ਦਾ ਹੋ ਗਿਆ ਹੈ। ਜੇ ਇੱਕ ਸਿਧਾਂਤ ਹੀ ਸਮਝ ਵਿੱਚ ਆ ਗਿਆ ਤਾਂ ਅਸੀਂ ਸੁਚੇਤ ਹੋ ਸਕਦੇ ਹਾਂ। ਗੁਰਦੁਆਰਿਆਂ ਵਿੱਚ ਬੈਠ ਕੇ ਕੀਰਤਨ ਤੇ ਸ਼ਬਦ ਵਿਚਾਰ ਦੀ ਵਿਵਸਥਾ ਰੱਖੀ ਗਈ ਹੈ। ਮੰਦਰ ਇੱਕ ਛੋਟਾ ਜੇਹਾ ਕਮਰਾ ਹੁੰਦਾ ਹੈ ਜਿੱਥੇ ਕੇਵਲ ਚਰਨਾਮ੍ਰਿਤ ਮਿਲਦਾ ਹੈ ਤੇ ਜੋਤ ਵਿੱਚ ਤੇਲ ਪਾਇਆ ਜਾਂਦਾ ਹੈ। ਮੂਰਤੀ ਨੂੰ ਭੋਗ ਲਗਾਇਆ ਹੈ। ਨਾਨਕਸਰ ਵਾਲਿਆਂ ਨੇ ਗੁਰਦੁਆਰੇ ਦੇ ਹਾਲ ਵਿੱਚ ਹੀ ਮੰਦਰਾਂ ਦੀ ਤਰਜ਼ `ਤੇ ਇੱਕ ਛੋਟਾ ਜੇਹਾ ਕਮਰਾ ਬਣਾ ਲਿਆ ਹੈ ਜਿੱਥੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੀ ਹੁੰਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰ ਨੂੰ ਸਮਝਣ ਦੀ ਥਾਂ `ਤੇ ਗਰਮ ਸਰਦ ਰੁਮਾਲਿਆਂ ਤਕ ਸੀਮਤ ਹੋ ਕੇ ਰਹਿ ਗਏ ਹਨ। ਗੁਰੂ ਗ੍ਰੰਥ ਸਾਹਿਬ ਦੀ ਸੇਵਾ ਸੰਭਾਲ ਆਪਣੇ ਥਾਂ `ਤੇ ਹੈ ਪਰ ਅਸੀਂ ਮਨੁੱਖੀ ਸਰੀਰਾਂ ਵਾਂਗ ਸੇਵਾ ਕਰਕੇ ਪੂਜਣ ਵਲ ਨੂੰ ਖਿਸਕ ਗਏ ਹਾਂ। ਇਤਿਹਾਸਕ ਗੁਰਦੁਆਰਿਆਂ ਦੀਆਂ ਇਮਾਰਤਾਂ ਨੂੰ ਕਾਰਸੇਵਾ ਵਾਲੇ ਬਾਬਿਆਂ ਨੇ ਕਹਿਰ ਸੇਵਾ ਕਮਾਉਂਦਿਆਂ ਢਹਿ ਢੇਰੀ ਹੀ ਨਹੀਂ ਕੀਤਾ ਸਗੋਂ ਮੰਦਰਾਂ ਦੀ ਤਰਜ਼ ਤੇ ਇਮਾਰਤਾਂ ਬਣਾ ਦਿੱਤੀਆਂ ਹਨ ਜੋ ਕੌਮ ਨੇ ਪਰਵਾਨ ਕਰ ਲਈਆਂ ਹਨ। ਨਿਸ਼ਾਨ ਸਾਹਿਬ ਨੂੰ ਕੱਚੀ ਲੱਸੀ ਨਾਲ ਇਸ਼ਨਾਨ ਕਰਾਉਣਾ ਗੁਰੂ ਗ੍ਰੰਥ ਸਾਹਿਬ ਨੂੰ ਭੋਗ ਲਗਾਉਣ ਤੇ ਹੁਣ ਲੰਗਰ ਦੀ ਥਾਲੀ ਲਿਆ ਕੇ ਪੂਰੀ ਤਰ੍ਹਾਂ ਸਾਬਤ ਕਰ ਰਹੇ ਹਾਂ ਕਿ ਅਸੀਂ ਹੁਣ ਨਿਆਰੇ ਨਹੀਂ ਰਹੇ ਸਗੋਂ ਬ੍ਰਾਹਮਣੀ ਕਰਮ ਕਾਂਡ ਨੂੰ ਪੂਰੀ ਤਰ੍ਹਾਂ ਨਿਭਾਅ ਰਹੇ ਹਾਂ।
ਸਿੱਖ ਸੰਸਥਾਵਾਂ ਨੂੰ ਖਤਮ ਕਰਨ ਲਈ ਸਾਧਾਂ ਦੀਆਂ ਸੰਸਥਾਵਾਂ ਖੜੀਆਂ ਕੀਤੀਆਂ। ਸਾਧਾਂ ਨੇ ਲੰਗਰ ਦੀ ਪ੍ਰੰਪਰਾ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ ਤੇ ਬਹੁਤੀ ਸੰਗਤ ਨੇ ਇਸ ਸਿਧਾਂਤ ਨੂੰ ਮੰਨਣ ਵਿੱਚ ਹੀ ਭਲਾ ਸਮੋਿਝਆ ਹੈ। ਸਿੱਖ ਸਿਧਾਂਤ `ਤੇ ਇੱਕ ਬਹੁਤ ਵੱਡੀ ਸੱਟ ਮਾਰਦਿਆਂ ਇਹਨਾਂ ਸਾਧਾਂ ਦੀਆਂ ਸੰਸਥਾਵਾਂ ਨੇ ਨਿਸ਼ਾਨ ਸਾਹਿਬ ਦੀ ਹੋਂਦ ਨੂੰ ਮੁਢੋਂ ਹੀ ਨਿਕਾਰ ਦਿੱਤਾ ਹੈ। ਇਹਨਾਂ ਡੇਰਿਆਂ ਵਿਚੋਂ ਨਿਸ਼ਾਨ ਸਾਹਿਬ ਗਾਇਬ ਹੈ। ਇਹਨਾਂ ਸੰਸਥਾਵਾਂ ਨੂੰ ਮਾਨਤਾ ਓਦੋਂ ਪੂਰੀ ਤਰ੍ਹਾਂ ਮਿਲਦੀ ਹੈ ਜਦੋਂ ਸਾਡੇ ਸਤਿਕਾਰ ਯੋਗ ਸਿੰਘ ਸਾਹਿਬ ਹਾਜ਼ਰੀ ਭਰਦੇ ਨਜ਼ਰ ਆਉਂਦੇ ਹਨ। ਇਹਨਾਂ ਸਾਧਾਂ ਦੀਆਂ ਸੰਸਥਾਵਾਂ ਨੇ ਰਵਾਇਤੀ ਗੁਰਬਾਣੀ ਕੀਰਤਨ ਛੱਡਦਿਆਂ ਲੋਕ ਬੋਲੀਆਂ ਦੇ ਅਧਾਰਤ ਗਾਉਣਾ ਸ਼ੁਰੂ ਕਰ ਦਿੱਤਾ। ਇਹ ਕੰਮ ਵੀ ਅੰਗਰੇਜ਼ ਫੌਜ ਦੇ ਤਿਆਰ ਹੋਏ ਸਾਧਾਂ ਨੇ ਅਰੰਭ ਕੀਤਾ। ਸ਼ਬਦ ਦੀ ਵਿਚਾਰ ਤੋਂ ਕਿਨਾਰਾ ਕਰਦਿਆਂ ਕਰਾਮਾਤੀ ਗਪੌੜ ਸਣਾਉਣੇ ਸ਼ੁਰੂ ਕਰ ਦਿੱਤੇ। ਸਾਧਾਂ ਦੀਆਂ ਸੰਸਥਾਵਾਂ ਨੇ ਬਹੁਤ ਅਸਾਨ ਤਰੀਕੇ ਨਾਲ ਇੱਕ ਸੁਨੇਹਾਂ ਦਿੱਤਾ ਕਿ ਗੁਰਬਾਣੀ ਅਰਥ ਕਰਨ ਨਾਲ ਪਾਪ ਲਗਦਾ ਹੈ ਜੇ ਅਰਥਾਂ ਦੀ ਲੋੜ ਹੁੰਦੀ ਤਾਂ ਗੁਰੂ ਆਹਿਬ ਆਪ ਹੀ ਕਰ ਜਾਂਦੇ ਇਸ ਲਈ ਏੱਥੈ ਤਾਂ ਕੇਵਲ ਚੁੱਪ ਰਹਿਣ ਨਾਲ ਹੀ ਰੱਬ ਜੀ ਮਿਲਦੇ ਹਨ। ਸ਼ਬਦ ਵਿਚਾਰ ਦੀ ਥਾਂ `ਤੇ ਕੇਵਲ ਤੋਤਾ ਰਟਨ ਵਾਲਾ ਸਿਮਰਣ ਸ਼ੁਰੂ ਕਰਾ ਦਿੱਤਾ ਹੈ
ਪਹਿਲੇ ਨਗਰ ਕੀਰਤਨਾਂ ਵਿੱਚ ਸਾਰੇ ਪਿੰਡ ਵਿੱਚ ਤਿੰਨ ਚਾਰ ਥਾਂਵਾਂ ਤੇ ਦੀਵਾਨ ਲੱਗਦੇ ਸਨ ਇਸ ਪ੍ਰੰਪਰਾ ਨੂੰ ਖਤਮ ਕਰਨ ਲਈ ਪਾਣੀ ਤੇ ਝਾੜੂਆਂ ਨੇ ਲੈ ਲਈ ਹੈ। ਦੁਜਾ ਕੇਵਲ ਨਗਰ ਕੀਰਤਨ ਖਾਣ ਪੀਣ ਜੋਗੇ ਹੀ ਰਹਿ ਗਏ ਹਨ। ਗੁਰਪੁਰਬਾਂ ਦਾ ਬਦਲ ਪੈਦਾ ਕਰਦਿਆਂ ਮਰ ਚੁੱਕੇ ਸਾਧਾਂ ਦੀਆਂ ਬਰਸੀਆਂ ਮਨਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ ਗਰੀਬੀ ਦਾਵ੍ਹੇ ਵਾਲਾ ਦਾਲ ਫੁਲਕਾ ਛੱਡ ਕੇ ਜਲੇਬੀਆਂ ਲਡੂਆਂ ਵਾਲਾ ਲੰਗਰ ਚਾਲੂ ਕਰਕੇ ਕੌਮ ਦੀ ਆਰਥਿਕਤਾ ਤਬਾਹ ਕਰਨ ਦਾ ਪੂਰਾ ਟਿਲ ਲਗਾਇਆ ਜਾ ਰਿਹਾ ਹੈ। ਇਹਨਾਂ ਡੇਰਿਆਂ ਵਿੱਚ ਗੁਰਬਾਣੀ ਸਿਧਾਂਤ ਨਾਲੋਂ ਤੋੜਨ ਦਾ ਜ਼ੋਰ ਲਗਾਇਆ ਜਾ ਰਿਹਾ ਹੈ ਜਿਸ ਦਾ ਵਿਸਥਾਰ ਬਹੁਤ ਲੰਬਾ ਹੈ।
ਪੰਥ ਪ੍ਰਵਾਨਤ ਰਹਿਤ ਮਰਯਾਦਾ ਵਿੱਚ ਲਿਖਿਆ ਹੈ ਕਿ ਗੁਰੂ ਗਰੰਥ ਸਾਹਿਬ ਜੀ ਦੇ ਬਰਾਬਰ ਕਿਸੇ ਹੋਰ ਗ੍ਰੰਥ ਦਾ ਪ੍ਰਕਾਸ਼ ਨਹੀਂ ਹੋ ਸਕਦਾ ਤੇ ਨਾ ਹੀ ਅਖੰਡ ਪਾਠ ਵੇਲੇ ਕਿਸੇ ਹੋਰ ਬਾਣੀ ਦਾ ਪਾਠ ਕਰਨਾ ਚਾਹੀਦਾ ਹੈ ਪਰ ਇਹਨਾਂ ਪੰਥ ਦਾ ਮੋਖਟਾ ਪਉਣ ਵਾਲਿਆਂ ਨੇ ਸ਼ਰੇਆਮ ਗੁਰੂ ਗ੍ਰੰਥ ਸਾਹਿਬ ਦਾ ਸ਼ਰੀਕਾ ਪੈਦਾ ਕਰਦਿਆਂ ਦਸਮ ਗ੍ਰੰਥ ਦਾ ਪ੍ਰਕਾਸ਼ ਕੀਤਾ ਹੈ ਹੈਰਾਨਗੀ ਦੀ ਗੱਲ ਦੇਖੋ ਟਕਸਾਲੀ ਅਕਾਲੀ ਜਾਂ ਸਿੱਖ ਸਟੂਡੈਂਟ ਫੈਡਰੇਸ਼ਨ ਇਹਨਾਂ ਵਿਚੋਂ ਕਿਸੇ ਨੇ ਵੀ ਇਸ ਕਾਰਜ ਦੀ ਨਿਖੇਧੀ ਨਹੀਂ ਕੀਤੀ ਜੋ ਬਹੁਤ ਚਿੰਤਾ ਜਨਕ ਵਿਸ਼ਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਸਿਰਮੋਰਤਾ ਦੇ ਸਾਹਮਣੇ ਇੱਕ ਹੋਰ ਗ੍ਰੰਥ ਦਾ ਪ੍ਰਕਾਸ਼ ਕਰਨਾ ਕੀ ਇਸ ਨੂੰ ਖੋਰਾ ਨਹੀਂ ਕਿਹਾ ਜਾ ਸਕਦਾ।
ਕੀ ਇਹ ਲੋਕ ਜੁਆਬ ਦੇਣਗੇ ਕਿ ਅਸੀਂ ਨਿੱਤਾ ਪ੍ਰਤੀ ਪੜ੍ਹਦੇ ਹਾਂ ਆਗਿਆ ਪਈ ਅਕਾਲ ਕੀ ਤਬੈ ਚਲਾਇਓ ਪੰਥ ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨੀਓ ਗ੍ਰੰਥ। ਪਰ ਤਕੜੇ ਹੋ ਕੇ ਕਹਿ ਰਹੇ ਹਨ ਦਸਮ ਗ੍ਰੰਥ। ਇਸ ਗ੍ਰੰਥ ਨੂੰ ਮਾਨਤਾ ਦੇਣ ਨਾਲ ਸਿੱਖ ਸਿਧਾਂਤ ਨਾਲ ਧ੍ਰੋਅ ਕਮਾਉਣਾ ਹੈ। ਸਿੱਖ ਦੇ ਬੁਨਿਆਦੀ ਨੁਕਤੇ `ਤੇ ਸੱਟ ਹੈ ਪੰਥ ਨੇ ਅਰਾਮ ਨਾਲ ਪ੍ਰਵਾਨ ਕਰ ਲਈ ਜਾਪਦੀ ਹੈ ਅਨੰਦਪੁਰ ਸਹਿਬ, ਅੰਮ੍ਰਿਤਸਰ ਚਮਕੌਰ ਤੇ ਸਰਹੰਦ ਆਦਿ ਇਤਿਹਾਸਕ ਗੁਰਦੁਆਰਿਆਂ ਦਾ ਪਾਂਧੀ ਹੈ ਪਰ ਇਹਨਾਂ ਦਾ ਸਾਰਾ ਜ਼ੋਰ ਹੇਮ ਕੁੰਟ ਦੀ ਯਾਤਰਾ ਕਰਾਉਣ `ਤੇ ਲੱਗਿਆ ਹੋਇਆ ਹੈ।
ਜਿਸ ਤਰ੍ਹਾਂ ਮੈਂ ਅਰੰਭ ਵਿੱਚ ਲਿਖ ਆਇਆ ਹਾਂ ਕਿ ਸਹੀ ਪ੍ਰੰਪਰਾ ਨੂੰ ਤੋੜਨ ਲਈ ਉਸ ਦੇ ਬਰਾਬਰ ਕੋਈ ਨਾ ਕੋਈ ਪ੍ਰੰਪਰਾ ਖੜੀ ਕੀਤੀ ਜਾਂਦੀ ਹੈ ਜਿਹੜੀ ਲੋਕਾਂ ਵਿੱਚ ਪ੍ਰਵਾਨ ਕਰਾਈ ਜਾਂਦੀ ਹੈ। ਜੇ ਆਪਣੇ ਪਿੰਡ ਵਲ ਨਿਗਾਹ ਮਾਰਦਾ ਹਾਂ ਤਾਂ ਗੁਰੂਆਂ ਵਾਂਗ ਮਾਨਾ ਵਾਲੇ ਦਾ ਮਨ ਘੜਤ ਇਤਿਹਾਸ ਘੜ ਲਿਆ ਹੈ। ਇਹ ਪਿੰਡ ਵਾਲੇ ਗੁਰਦੁਆਰੇ ਨਾਲ ਪੂਰਾ ਧ੍ਰੋਅ ਕਮਾਇਆ ਗਿਆ ਹੈ। ਹੁਣ ਪਤਾ ਚਲਿਆ ਹੈ ਕਿ ਓੱਥੇ ਵੀ ਗੁਰਦੁਆਰਾ ਉਸਾਰ ਲਿਆ ਹੈ। ਅੱਜ ਅਨੰਦ ਕਾਰਜ ਦੀ ਪ੍ਰੰਪਰਾ ਮੈਰਿਜ ਪੈਲਸਾਂ ਦੀ ਭੇਟ ਚੜ੍ਹ ਗਈ ਹੈ। ਜ਼ਰਾ ਸੋਚੋ ਮੈਰਿਜ ਪੈਲਸਾਂ ਵਿੱਚ ਕਿੰਨਾ ਖਰਚਾ ਹੋ ਰਿਹਾ ਹੈ ਤੇ ਲੱਚਰ ਸਭਿਆਚਾਰ ਰਾਂਹੀ ਕੌਮ ਨੂੰ ਕਲ਼ੰਕਤ ਕੀਤਾ ਜਾ ਰਿਹਾ ਹੈ। ਫੋਜੀ ਸਾਧ ਬਾਬਿਆਂ ਨੇ ਕੀਰਤਨ ਵਰਗੀ ਮਹਿੰਗੀ ਦਾਤ ਨੂੰ ਛੱਡ ਕੇ ਲੋਕ ਬੋਲੀਆਂ ਵਾਲਾ ਕੀਰਤਨ ਸ਼ੁਰੂ ਕਰ ਦਿੱਤਾ। ਕਥਾ ਦੀ ਥਾਂ `ਤੇ ਕਰਾਮਾਤੀ ਕਹਾਣੀਆਂ ਜਾਂ ਮਰ ਚੁੱਕੇ ਸਾਧਾਂ ਦੀਆਂ ਬੇ ਢੰਗੀਆਂ ਸਾਖੀਆਂ ਜੋੜ ਕੇ ਸਣਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਨੂੰ ਭੋਲ਼ੀ ਸੰਗਤ ਨੇ ਸੱਚੀ ਮੰਨ ਲਿਆ ਹੈ। ਦੂਜਾ ਸਾਧਾਂ ਨੇ ਆਪਣਿਆਂ ਡੇਰਿਆਂ ਵਿੱਚ ਵਿਚਾਰ ਬੰਦ ਕਰਦਿਆਂ ਇਹ ਸਮਝਾ ਦਿੱਤਾ ਹੈ ਕਿ ਗੁਰਦੁਆਰੇ ਆ ਕੇ ਕੋਈ ਗੱਲ ਨਹੀਂ ਕਰਨੀ ਜਿਸ ਕਰਕੇ ਲੋਕ ਵਿਚਾਰਾਂ ਤੋਂ ਵਾਂਜੇ ਹੋ ਗਏ।
ਕੁਝ ਲੋਕਾਂ ਨੇ ਗੁਰਬਾਣੀ ਕੀਰਤਨ ਪੂਰੀ ਪ੍ਰਧਾਨਤਾ ਦੇਂਦਿਆਂ ਸ਼ਬਦ ਵਿਚਾਰ ਵਲੋਂ ਬਿਲਕੁਲ ਕਿਨਾਰਾ ਕਰ ਲਿਆ ਹੈ। ਇਹ ਕਰਨੀ ਤੇ ਕਹਿਣੀ ਬਹੁਤ ਔਖੀ ਹੈ ਕਿ ਹੁਣ ਕੀਰਤਨ ਦੀ ਜਗ੍ਹਾ ਵਾਹਿਗੁਰੂ ਸਿਮਰਨ ਨੇ ਲੈ ਲਈ ਹੈ। ਜਨੀ ਕਿ ਕੀਰਤਨ ਤੇ ਕਥਾ ਦੋਵੇਂ ਭਾਗਾਂ ਵਿਚੋਂ ਸਿਮਰਨ ਨੇ ਲੈ ਲਈ ਹੈ। ਹੁਣ ਸ਼ਹਿਰਾਂ ਵਿੱਚ ਗੁਰਦੁਆਰਿਆਂ ਦੇ ਸਭਿਆਚਾਰ ਨੂੰ ਛੱਡ ਕੇ ਘਰਾਂ ਵਿੱਚ ਬੱਤੀਆਂ ਬੰਦ ਕਰਕੇ ਵਾਹਿਗੁਰੁ ਦਾ ਜਾਪ ਹੀ ਕਰਾਇਆ ਜਾ ਰਿਹਾ ਹੈ। ਗੁਰੂਆਂ ਦੇ ਇਤਿਹਾਸਕ ਤੇ ਧਰਮ ਪ੍ਰਚਾਰ ਲਈ ਥਾਂਵਾਂ ਲਈ ਗੁਰਦੁਆਰਾ ਸ਼ਬਦ ਵਰਤਿਆ ਜਾਂਦਾ ਹੈ। ਆਪੇ ਬਣੇ ਸਾਧਾਂ ਨੇ ਗੁਰਦੁਆਰਾ ਸੰਸਥਾ ਨੂੰ ਖੋਰਾ ਲਾਉਂਦਿਆਂ ਠਾਠ ਸ਼ਬਦ ਦੀ ਕਾਢ ਕੱਢ ਲਈ ਹੈ। ਨਾਨਕ ਸ਼ਾਹੀ ਕੈਲੰਡਰ ਦੇ ਅਰੰਭਤਾ ਸਾਲ ਕੋਈ ਸਾਨੂੰ ਯਾਦ ਨਹੀਂ ਆਉਂਦੀ ਪਰ ਗੁਰਦੁਆਰਿਆਂ ਵਿੱਚ ੩੧ ਦਸੰਬਰ ਨੂੰ ਕੁਬੇਰ ਦੇਵਤੇ ਦਾ ਢੇਰ ਲੱਗ ਜਾਂਦਾ ਹੈ।




.