.

ਪਉੜੀ 4

ਸਾਚਾ ਸਾਹਿਬੁ ਸਾਚੁ ਨਾਇ ਭਾਖਿਆ ਭਾਉ ਅਪਾਰੁ ॥

ਵਿਰਲੇ ਮਨ ਨੂੰ ਸਮਝ ਪੈਂਦੀ ਹੈ ਕਿ ਰੱਬ ਜੀ ਦੀ ਬੋਲੀ (ਭਾਵ ਭਾਖਿਆ) ਬੇਅੰਤ ਪਿਆਰ (ਭਾਉ) ਨਾਲ ਭਰੀ ਹੈ। ਸੱਚੇ ਰੱਬ ਦਾ ਨਿਆ ਵੀ ਸੱਚਾ ਹੈ। ਇਸ ਕਰਕੇ ਮਨ ਕੂੜ ਦੀ ਬੋਲੀ ਤੋਂ ਛੁੱਟ ਕੇ ਅਪਾਰ ਪਿਆਰ ਦੀ ਬੋਲੀ ਦਾ ਸੁਭਾ ਦ੍ਰਿੜ ਕਰਦਾ ਹੈ।

ਆਖਹਿ ਮੰਗਹਿ ਦੇਹਿ ਦੇਹਿ ਦਾਤਿ ਕਰੇ ਦਾਤਾਰੁ ॥

ਪਿਆਰ ਦੀ ਬੋਲੀ ਦਾ ਸਚਿਆਰਾ ਜੀਵਨ ਜਿਊਣ ਲਈ ਜੋ ਕੋਈ ਵੀ ਮੰਗ ਮੰਗਦਾ ਹੈ ਦਾਤਾਰ ਰੱਬ ਜੀ ਐਸੀ ਜਾਚਨਾ ਵਾਲੇ ਹਰੇਕ ਮਨ ਨੂੰ ਬਿਬੇਕ ਬੁਧ ਦੀ ਦਾਤ ਦੇਂਦੇ ਹਨ।

ਫੇਰਿ ਕਿ ਅਗੈ ਰਖੀਐ ਜਿਤੁ ਦਿਸੈ ਦਰਬਾਰੁ ॥

ਵਿਰਲੇ ਮਨ ਨੂੰ ਸਮਝ ਪੈਂਦੀ ਹੈ ਕਿ ਮਨ ਕੀ ਮੱਤ ਨਾਲ ਜਿਊਣਾ ਰੱਬ ਤੋਂ ਮੁੱਖ ਫੇਰਨਾ ਹੈ, ਇਸ ਕਰਕੇ ਰੱਬੀ ਦਰਬਾਰ ’ਚ ਜਾਣ ਲਈ ਰੱਬੀ ਮਾਰਗ ਤੇ ਟੁਰਦਾ ਹੈ। ਭਾਵ ਮਨ ਕੀ ਮੱਤ ਤੋਂ ਮੁੱਖ ਫੇਰਕੇ ਸੱਚ ਦੇ ਮਾਰਗ ਵਲ ਟੁਰ ਪੈਂਦਾ ਹੈ ਮਾਨੋ ਕੂੜ ਦੇ ਮਾਰਗ ਤੋਂ ਕਦਮ ਸੰਕੋਚਕੇ ਸਚਿਆਰ ਬਣਨ ਦੇ ਮਾਰਗ ਵਲ ਵਧਦਾ ਹੈ।

ਮੁਹੌ ਕਿ ਬੋਲਣੁ ਬੋਲੀਐ ਜਿਤੁ ਸੁਣਿ ਧਰੇ ਪਿਆਰੁ ॥

ਵਿਰਲਾ ਮਨ, ਮਨ ਕੀ ਮਤ ਦੇ ਕੂੜੇ ਬੋਲਾਂ ਬਦਲੇ ਮਿੱਠੇ ਬੋਲਾਂ ਦਾ ਸੁਭਾ ਦ੍ਰਿੜ ਕਰਨ ਦਾ ਉਪਰਾਲਾ ਕਰਦਾ ਹੈ, ਜਿਸ ਸਦਕਾ ਰੱਬੀ ਪ੍ਰੀਤ ਦੀ ਪ੍ਰਾਪਤੀ ਹੁੰਦੀ ਹੈ। {ਮੂੰਹ ਕਰਕੇ ਐਸੇ ਮਿੱਠੇ ਬੋਲ ਬੋਲਾਂ ਜਿਨ੍ਹਾਂ ਸਦਕਾ ਰੱਬੀ ਪ੍ਰੀਤ ਪੈ ਜਾਵੇ ਤਾਂ ਹੀ ਕੁੜਿਆਰਾ ਮਨ ਸਚਿਆਰਾ ਬਣੇਗਾ।}

ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ ॥

ਮ੍ਰਿਤ = ਆਤਮਕ ਮੌਤ, ਅੰਮ੍ਰਿਤ = ਆਤਮਕ ਮੌਤ ਨਾ ਮਰਨਾ

ਵਿਰਲਾ ਮਨ ਸਤਿਗੁਰ ਦੀ ਮੱਤ ਰਾਹੀਂ ਆਪਣੇ ਜੀਵਨ ਨੂੰ ਅੰਮ੍ਰਿਤ ਰੂਪੀ ਵੇਲਾ ਭਾਵ ਜੀਵਨ ਨੂੰ ਵਿਕਾਰ ਰਹਿਤ ਬਣਾਉਣ ਵਲ ਉਦਮ ਕਰਦਾ ਹੈ। ਰੱਬੀ ਗੁਣਾਂ ਦੀਆਂ ਵਡਿਆਈਆਂ ਦੀ ਵਿਚਾਰ ਕਰਨ ਨਾਲ ਇਹ ਗਲ ਸਮਝ ਪੈਂਦੀ ਹੈ।

ਕਰਮੀ ਆਵੈ ਕਪੜਾ ਨਦਰੀ ਮੋਖੁ ਦੁਆਰੁ ॥

ਕਪੜਾ: ਓਢਨੀ

ਨਿਜਘਰ ਤੋਂ ਕਰਮੀ ਸਤਿਗੁਰ ਦੀ ਮੱਤ ਦਾ ਤਤ ਗਿਆਨ ਰੂਪੀ ਓਢਨੀ (ਕਪੜਾ) ਵਿਰਲੇ ਮਨ ਨੂੰ ਪ੍ਰਾਪਤ ਹੁੰਦੀ ਹੈ ਤੇ ਵਿਕਾਰਾਂ ਤੋਂ ਬਚਾਅ ਹੁੰਦਾ ਰਹਿੰਦਾ ਹੈ।

ਨਾਨਕ ਏਵੈ ਜਾਣੀਐ ਸਭੁ ਆਪੇ ਸਚਿਆਰੁ ॥4॥

ਨਾਨਕ ਜੀ ਆਖਦੇ ਹਨ ਕਿ ਜਦੋਂ ਵਿਰਲੇ ਮਨ ਨੂੰ ਕੂੜ ਤੋਂ ਮੁਕਤ ਹੋਕੇ ਸਚਿਆਰ ਬਣਨ ਦੀ ਤਾਂਘ ਹੁੰਦੀ ਹੈ ਤਾਂ ਸਹਿਜੇ ਹੀ ਨਿਜਘਰ ਦੀ ਅੰਮ੍ਰਿਤ ਰੂਪੀ ਵਿਚਾਰ ਨਾਲ ਮਿੱਠੇ ਸੁਭਾ ਦੀ ਬੋਲੀ ਦਾ ਸੁਭਾ ਪੱਕ ਜਾਂਦਾ ਹੈ ਅਤੇ ਰੱਬੀ ਇੱਕਮਿਕਤਾ ਮਹਿਸੂਸ ਹੋ ਜਾਂਦੀ ਹੈ।

ਵੀਰ ਭੁਪਿੰਦਰ ਸਿੰਘ
.