.

ਲੜੀ ਵਾਰ (੭ ਤੋਂ ੧੧) (ਭਾਗ ਦੂਜਾ)

ਗੁਰਮੱਤ ਸੰਦੇਸ਼ ਅਥਵਾ

ਗੁਰਬਾਣੀ ਦਾ ਸੱਚ

ਨਿਰੋਲ ਗੁਰਬਾਣੀ ਪ੍ਰਮਾਣਾਂ `ਤੇ ਆਧਾਰਿਤ

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

ਗੁਰਮੁਖਿ ਅੰਮ੍ਰਿਤੁ ਪੀਵਣਾ. .

(ਸੰ: ੭) "ਮਃ ੩॥ ਵਾਹੁ ਵਾਹੁ ਗੁਰਮੁਖ ਸਦਾ ਕਰਹਿ, ਮਨਮੁਖ ਮਰਹਿ ਬਿਖੁ ਖਾਇ॥ ਓਨਾ ਵਾਹੁ ਵਾਹੁ ਨ ਭਾਵਈ, ਦੁਖੇ ਦੁਖਿ ਵਿਹਾਇ॥ ਗੁਰਮੁਖਿ ਅੰਮ੍ਰਿਤੁ ਪੀਵਣਾ, ਵਾਹੁ ਵਾਹੁ ਕਰਹਿ ਲਿਵ ਲਾਇ॥ ਨਾਨਕ ਵਾਹੁ ਵਾਹੁ ਕਰਹਿ ਸੇ ਜਨ ਨਿਰਮਲੇ, ਤ੍ਰਿਭਵਣ ਸੋਝੀ ਪਾਇ" {ਪੰ: ੫੧੫}

ੁਰਦੇਵ ਫ਼ੁਰਮਾਉਂਦੇ ਹਨ, ਸੰਸਾਰ ਚ ਗੁਰਮੁਖ ਤੇ ਮਨਮੁੱਖ ਦੋ ਵਿਰੋਧੀ ਜੀਵਨ ਪਣਪਦੇ ਹਨ। ਇਥੇ "ਗੁਰਮੁਖਿ ਅੰਮ੍ਰਿਤੁ ਪੀਵਣਾ" ਗੁਰਮੁਖ ਤਾਂ ਸ਼ਬਦ-ਗੁਰੂ ਦੀ ਕਮਾਈ ਕਰਦੇ ਹਨ। ਨਾਮ ਅੰਮ੍ਰਿਤ ਛੱਕਦੇ ਤੇ ਮਨ ਕਰਕੇ ਸ਼ਬਦ-ਗੁਰੂ ਅਨੁਸਾਰੀ ਜੀਵਨ ਜੀਊਂਦੇ ਹਨ। ਉਹ ਸੰਸਾਰਕ ਫ਼ਰਜ਼ ਨਿਬਾਹੁੰਦੇ ਹੋਏ ਵੀ "ਵਾਹੁ ਵਾਹੁ ਕਰਹਿ ਲਿਵ ਲਾਇ" ਸੁਆਸ ਸੁਆਸ ਤੇ ਸੁਰਤ ਕਰਕੇ ਪ੍ਰਭੂ ਦੀ ਸਿਫ਼ਤ ਸਲਾਹ ਨਾਲ ਜੁੜੇ ਰਹਿੰਦੇ ਹਨ। ਇਸੇ ਲਈ ਉਨ੍ਹਾਂ ਦੇ ਜੀਵਨ `ਚੋਂ ਇਲਾਹੀ ਗੁਣ ਕਣਪਦੇ ਹਨ। ਮਾਇਕ ਖਿੱਚਾਂ, ਵਿਕਾਰ ਆਦਿ ਉਨ੍ਹਾਂ `ਤੇ ਭਾਰੂ ਨਹੀਂ ਹੁੰਦੇ। ਪ੍ਰਭੂ ਦੀ ਇਸੇ ਵਾਹੁ ਵਾਹੁ ਵਾਲੀ ਮਸਤੀ ਕਾਰਣ, ਉਨ੍ਹਾਂ ਨੂੰ ਸਮੂਚੀ ਰਚਨਾ `ਚੋਂ ਪ੍ਰਭੂ ਦੇ ਦਿਦਾਰੇ ਤੇ ਵਿਆਪਕਤਾ ਦੇ ਵੀ ਦਰਸ਼ਨ ਹੁੰਦੇ ਹਨ।

ਗੁਰਮੁਖ ਜੀਵਨ ਦੇ ਉਲਟ "ਮਨਮੁਖ ਮਰਹਿ ਬਿਖੁ ਖਾਇ" ਗੁਰੂ ਤੇ ਪ੍ਰਭੂ ਦੇ ਮਿਲਾਪ ਵਾਲੇ ਜਿਸ ਰਸਤੇ ਟੁਰਿਆਂ, ਜੀਵਨ `ਚ ਨਿਖਾਰ ਆਉਣਾ ਹੁੰਦਾ ਹੈ। ਆਪ- ਹੁੱਦਰੇ ਹੋਣ ਕਾਰਣ ਮਨਮੁੱਖਾਂ ਨੂੰ ਪ੍ਰਭੂ ਦੀ ਸਿਫ਼ਤ ਸਲਾਹ ਹੀ ਚੰਗੀ ਨਹੀਂ ਲਗਦੀ। ਇਸੇ ਕਾਰਣ ਮਨਮੁਖਾਂ ਦੇ ਜੀਵਨ `ਤੇ ਮਾਇਕ ਰਸ ਤੇ ਵਿਕਾਰ ਭਾਰੂ ਰਹਿੰਦੇ ਹਨ।

"ਦੁਖੇ ਦੁਖਿ ਵਿਹਾਇ" ਉਹ ਸਦਾ ਆਸ਼ਾ, ਮਨਸ਼ਾ, ਤ੍ਰਿਸ਼ਣਾ, ਭਟਕਣਾ, ਨਿਰਾਸ਼ਾ, ਚਿੰਤਾ-ਝੋਰੇ ਆਦਿ ਪ੍ਰੇਸ਼ਾਣੀਆਂ ਦਾ ਸ਼ਿਕਾਰ ਰਹਿੰਦੇ ਤੇ ਆਤਮਕ ਪੱਖੋਂ ਮੁਰਦਾ ਜੀਵਨ ਬਤੀਤ ਕਰਦੇ ਹਨ। ਅਗਿਆਨਤਾ ਦੇ ਹਨੇਰੇ ਕਾਰਣ ਉਨ੍ਹਾਂ ਦੇ ਜੀਵਨ ਸਦਾ ਹੇਰਾ ਫ਼ੇਰੀਆਂ, ਠਗੀਆਂ, ਅਉਗੁਣਾ, ਜੁਰਮਾਂ ਆਦਿ ਵੱਲ ਵੱਧਦੇ ਹਨ। ਇਸ ਤਰ੍ਹਾਂ ਉਨਾਂ ਦਾ ਜਨਮ ਬਿਰਥਾ ਹੋ ਜਾਂਦਾ ਹੈ, ਉਹ ਪ੍ਰਭੂ `ਚ ਅਭੇਦ ਨਹੀਂ ਹੁੰਦੇ।

ਵਿਸ਼ੇਸ਼ ਪਦ- "ਮਨਮੁਖ ਮਰਹਿ ਬਿਖੁ ਖਾਇ॥ ਓਨਾ ਵਾਹੁ ਵਾਹੁ ਨ ਭਾਵਈ, ਦੁਖੇ ਦੁਖਿ ਵਿਹਾਇ" ਵਿਸ਼ੇ ਨੂੰ ਸਪਸ਼ਟ ਕਰਣ ਲਈ ਕੁੱਝ ਗੁਰਬਾਣੀ ਫ਼ੁਰਮਾਨ: "ਭਾਗਹੀਨ ਸਤਿਗੁਰੁ ਨਹੀ ਪਾਇਆ, ਮਨਮੁਖੁ ਗਰਭ ਜੂਨੀ ਨਿਤਿ ਪਉਦਾ ਜੀਉ" (ਅੰ: ੯੫) ਅਥਵਾ "ਮਨਮੁਖਿ ਸਬਦੁ ਨ ਭਾਵੈ ਬੰਧਨਿ ਬੰਧਿ ਭਵਾਇਆ॥ ਲਖ ਚਉਰਾਸੀਹ ਫਿਰਿ ਫਿਰਿ ਆਵੈ, ਬਿਰਥਾ ਜਨਮੁ ਗਵਾਇਆ" (ਪੰ: ੬੯) ਜਾਂ "ਬਿਰਥਾ ਜਨਮੁ ਗਵਾਇਆ, ਮਰਿ ਜੰਮਹਿ ਵਾਰੋ ਵਾਰ" (ਪੰ: ੬੯) ਆਦਿ।

ਸਦਾ ਹਰਿ ਵੇਖੁ ਹਦੂਰਿ

(ਸੰ: ੮) "ਜਿਨੀ ਪੁਰਖੀ ਸਤਗੁਰੁ ਨ ਸੇਵਿਓ, ਸੇ ਦੁਖੀਏ ਜੁਗ ਚਾਰਿ॥ ਘਰਿ ਹੋਦਾ ਪੁਰਖੁ ਨ ਪਛਾਣਿਆ, ਅਭਿਮਾਨਿ ਮੁਠੇ ਅਹੰਕਾਰਿ॥ ਸਤਗੁਰੂ ਕਿਆ ਫਿਟਕਿਆ, ਮੰਗਿ ਥਕੇ ਸੰਸਾਰਿ॥ ਸਚਾ ਸਬਦੁ ਨ ਸੇਵਿਓ, ਸਭਿ ਕਾਜ ਸਵਾਰਣਹਾਰੁ॥ ੧ ॥ ਮਨ ਮੇਰੇ! ਸਦਾ ਹਰਿ ਵੇਖੁ ਹਦੂਰਿ॥ ਜਨਮ ਮਰਨ ਦੁਖੁ ਪਰਹਰੈ, ਸਬਦਿ ਰਹਿਆ ਭਰਪੂਰਿ॥ ੧ ॥ ਰਹਾਉ॥" (ਪੰ: ੩੪)

ਅਰਥ : —ਹੇ ਮੇਰੇ ਮਨ! ਤੂੰ ਪ੍ਰਭੂ ਨੂੰ ਸਦਾ ਅੰਗ-ਸੰਗ ਵੇਖ। ਪ੍ਰਭੂ ਹੀ, ਜੀਵਾਂ ਦੇ ਜਨਮਾਂ-ਜਨਮਾਤ੍ਰਾਂ ਤੋਂ ਚਲਦੇ ਆ ਰਹੇ ਦੁੱਖਾਂ ਨੂੰ ਕੱਟਦਾ ਹੈ। ਜਦਕਿ ਪ੍ਰਭੂ ਨਾਲ ਸਾਂਝ, ਸ਼ਬਦ ਗੁਰੂ ਦੀ ਕਮਾਈ ਤੋਂ ਹੋਣੀ ਹੁੰਦੀ ਹੈ ਅਤੇ ਪ੍ਰਭੂ ਸਦਾ ਗੁਰੂ ਕੇ ਸ਼ਬਦ `ਚ ਹੀ ਵਸਦਾ ਹੈ। ਇਸ ਲਈ, ਮੇਰੇ ਮਨ! ਤੂੰ ਵੀ ਸ਼ਬਦ-ਗੁਰੂ ਦੀ ਸ਼ਰਣ `ਚ ਆ ਤੇ ਜਨਮ-ਮਰਨ ਦੇ ਦੁਖ ਤੋਂ ਛੁਟਕਾਰਾ ਪਾ ਲੈ। ੧। ਰਹਾਉ।

ਜਿਹੜੇ ਗੁਰੂ ਦੀ ਦੱਸੀ ਸੇਵਾ ਨਹੀਂ ਕਰਦੇ, ਭਾਵ ਜਿਹੜੇ ਮਨੁੱਖਾ ਜਨਮ ਪਾ ਕੇ ਵੀ ਸ਼ਬਦ ਗੁਰੂ ਦੀ ਸ਼ਰਨ `ਚ ਨਹੀਂ ਆਉਂਦੇ। ਉਹ ਆਪਣੇ ਹਿਰਦੇ-ਘਰ `ਚ ਵੱਸਦੇ ਪ੍ਰਭੂ ਨੂੰ ਵੀ ਨਹੀਂ ਪਛਾਣ ਸਕਦੇ। ਉਹ ਸਦਾ ਦੁਖੀ ਭਾਵ ਹਰ ਸਮੇਂ ਪ੍ਰਭੂ ਤੋਂ ਵਿੱਛੜੇ ਰਹਿ ਕੇ ਭਿੰਨ ਭਿੰਨ ਜਨਮਾਂ-ਜੂਨਾਂ-ਗਰਭਾਂ ਦੇ ਗੇੜ `ਚ ਪਏ ਰਹਿੰਦੇ ਹਨ। ਅਹੰਕਾਰ ਤੇ ਅਭਿਮਾਨ ਦੇ ਠੱਗੇ ਆਤਮਕ ਜੀਵਨ ਵਾਲੀ ਰਾਸ-ਪੂੰਜੀ ਲੁਟਾਉਂਦੇ ਰਹਿੰਦੇ ਹਨ।

ਸ਼ਬਦ-ਗੁਰੂ ਤੋਂ ਬੇ-ਮੁੱਖ, ਸੰਸਾਰ `ਚ ਅਜਿਹੇ ਲੋਕ ਜੀਵਨ ਭਰ ਮੰਗਦੇ ਭਾਵ ਹਰ ਸਮੇਂ ਤ੍ਰਿਸ਼ਨਾ ਦੀ ਭੱਠੀ `ਚ ਸੜਦੇ, ਭਟਕਦੇ ਤੇ ਖੁਆਰ ਹੁੰਦੇ ਹਨ। ਉਹ ਉਸ ਸ਼ਬਦ-ਗੁਰੂ ਨੂੰ ਤਾਂ ਸਿਮਰਦੇ ਨਹੀਂ ਜਿਹੜਾ ਸਾਰੇ ਕੰਮ ਸਵਾਰਣ ਦੇ ਸਮ੍ਰਥ ਹੁੰਦਾ ਹੈ ਭਾਵ ਜਿਸ ਰਾਹੀਂ ਮਨੁਖ ਦਾ ਇਹ ਲੋਕ ਤੇ ਪ੍ਰਲੋਕ ਦੋਵੇਂ ਸੁਹੇਲੇ ਹੋਣੇ ਹੁੰਦੇ ਹਨ। ੧।

ਪਦ ਅਰਥ-ਸੇ ਦੁਖੀਏ ਜੁਗ ਚਾਰਿ- ਸਦਾ ਹੀ; ਇਥੇ ਜੁਗ ਚਾਰਿ ਦੇ ਅਰਥ ਬ੍ਰਾਹਮਣੀ ਚਾਰ ਜੁਗ ਨਹੀਂ ਹਨ। ਉਂਜ ਵੀ ਗੁਰਬਾਣੀ ਅਨੁਸਾਰ ਸਮਾਂ ਚਾਹੇ ਕੋਈ ਹੋਵੇ "ਅਨੇਕ ਜੂਨੀ ਭਰਮਿ ਆਵੈ ਵਿਣੁ ਸਤਿਗੁਰ ਮੁਕਤਿ ਨ ਪਾਏ" (ਪੰ: ੯੨੦) ਸ਼ਬਦ-ਗੁਰੂ ਦੀ ਸ਼ਰਨ `ਚ ਆਏ ਬਿਨਾ, ਮਨ ਰੂਪ ਜੀਵ ਦਾ ਪ੍ਰਭੂ ਤੋਂ ਵਿਛੋੜੇ ਵਾਲਾ ਦੁੱਖ ਅਥਵਾ ਉਸ ਦਾ ਜਨਮ-ਮਰਨ-ਜੂਨਾਂ-ਗਰਭਾਂ ਤੇ ਖੁਆਰੀਆਂ ਵਾਲਾ ਗੇੜ ਨਹੀਂ ਮੁੱਕਦਾ)।

"ਫਿਰਿ ਫਿਰਿ ਜੂਨੀ ਪਾਈਐ. ."

(ਸੰ: ੯) ਮਃ ੩॥ ਸਤਿਗੁਰੁ ਜਿਨਾ ਨ ਸੇਵਿਓ, ਸਬਦਿ ਨ ਲਗੋ ਪਿਆਰੁ॥ ਸਹਜੇ ਨਾਮੁ ਨ ਧਿਆਇਆ, ਕਿਤੁ ਆਇਆ ਸੰਸਾਰਿ॥ ਫਿਰਿ ਫਿਰਿ ਜੂਨੀ ਪਾਈਐ, ਵਿਸਟਾ ਸਦਾ ਖੁਆਰੁ॥ ਕੂੜੈ ਲਾਲਚਿ ਲਗਿਆ, ਨਾ ਉਰਵਾਰੁ ਨ ਪਾਰੁ॥ ਨਾਨਕ ਗੁਰਮੁਖਿ ਉਬਰੇ, ਜਿ ਆਪਿ ਮੇਲੇ ਕਰਤਾਰਿ॥ ੨॥ {ਪੰ: ੫੧੨}

ਅਰਥ : —ਮਨੁੱਖਾ ਜਨਮ ਪਾ ਕੇ ਵੀ ਜਿਹੜੇ ਸ਼ਬਦ-ਗੁਰੂ ਦੀ ਕਮਾਈ ਤੇ ਸ਼ਬਦ-ਗੁਰੂ ਨਾਲ ਪਿਆਰ ਨਹੀਂ ਪਾਂਦੇ, ਪ੍ਰਭੂ ਦੀ ਸਿਫ਼ਤ ਸਲਾਹ `ਚ ਚਿੱਤ ਨਹੀਂ ਜੋੜਦੇ; ਉਨ੍ਹਾਂ ਦਾ ਮਨੁਖਾ ਜਨਮ `ਚ ਆਉਣਾ ਕਿਸ ਲੇਖੇ? ਭਾਵ ਉਨ੍ਹਾਂ ਦਾ ਜਨਮ ਸਫ਼ਲ ਨਹੀਂ ਹੁੰਦਾ, ਉਨ੍ਹਾਂ ਲਈ ਮਨੁੱਖਾ ਜੂਨ `ਚ ਆਉਣਾ ਵੀ ਉਸੇ ਤਰ੍ਹਾਂ ਬੇ-ਮਕਸਦ ਰਹਿੰਦਾ ਹੈ ਜਿਵੇਂ ਬਾਕੀ ਹੋਰ ਅਨੰਤ ਜੂਨੀਆਂ।

"ਫਿਰਿ ਫਿਰਿ ਜੂਨੀ ਪਾਈਐ ਵਿਸਟਾ ਸਦਾ ਖੁਆਰੁ" ਉਹ ਖੁਆਰੀਆਂ ਭਰਿਆ ਆਤਮਕ ਪੱਖੋਂ ਮੁਰਦਾ ਜੀਵਨ ਹੀ ਬਤੀਤ ਕਰਦੇ ਹਨ। ਅਜਿਹੇ ਲੋਕ ਜੀਂਦੇ ਜੀਅ ਵੀ ਮੋਹ ਮਾਇਆ ਤੇ ਵਿਕਾਰਾਂ ਦੀ ਵਿਸ਼ਟਾ (ਗੰਦਗੀ) ਢੋਂਦੇ ਹਨ ਤੇ ਮੌਤ ਤੋਂ ਬਾਅਦ ਵੀ ਮੁੜ ਉਨ੍ਹਾਂ ਹੀ ਜੂਨਾਂ-ਜਨਮਾਂ ਤੇ ਗਰਭਾਂ ਦੇ ਗੇੜ `ਚ ਪੈਂਦੇ ਤੇ ਪਛਤਾਉਂਦੇ ਹਨ, ਅਸਲੇ ਪ੍ਰਭੂ `ਚ ਅਭੇਦ ਨਹੀਂ ਹੁੰਦੇ।

"ਕੂੜੈ ਲਾਲਚਿ" ਲਗਿਆ ਨਾ ਉਰਵਾਰੁ ਨ ਪਾਰੁ" ਤਾਂ ਤੇ "ਸਤਿਗੁਰੁ ਜਿਨਾ ਨ ਸੇਵਿਓ" ਅਨੁਸਾਰ ਜਿਹੜੇ ਜੀਵਨ ਦਾਤੇ ਗੁਰੂ ਅਤੇ ਪ੍ਰਭੂ ਨੂੰ ਵਿਸਾਰ ਕੇ ਸੰਸਾਰਕ ਮੋਹ-ਮਾਇਆ ਤੇ ਵਿਕਾਰਾਂ ਆਦਿ `ਚ ਗ਼ਰਕ ਰਹਿੰਦੇ ਹਨ, ਉਨ੍ਹਾਂ ਦਾ ਇਹ ਲੋਕ (ਇਹ ਜਨਮ) ਤੇ ਪ੍ਰਲੋਕ ਦੋਵੇਂ ਵਿਗੜ ਜਾਂਦੇ ਹਨ।

ਤੀਜੇ ਨਾਨਕ ਫ਼ੁਰਮਾਉਂਦੇ ਹਨ, ਗੁਰਮੁਖ ਜਨ, ਜਿਨ੍ਹਾਂ `ਤੇ ਪ੍ਰਭੂ ਦੀ ਮਿਹਰ ਹੋ ਜਾਂਦੀ ਹੈ, ਉਹ ਪ੍ਰਭੂ ਦੇ ਦਰ `ਤੇ ਕਬੂਲ ਹੋ ਜਾਂਦੇ ਹਨ, ਉਹ ਮੋਹ ਮਾਇਆ ਤੇ ਵਿਕਾਰਾਂ ਦੀ ਵਿਸ਼ਟਾ `ਚੋਂ ਉਭਰ ਆਉਂਦੇ ਹਨ ਤੇ ਸਰੀਰਕ ਮੌਤ ਤੋਂ ਬਾਅਦ ਵੀ ਪ੍ਰਭੂ `ਚ ਹੀ ਸਮਾਅ ਜਾਂਦੇ ਹਨ, ਮੁੜ ਜਨਮਾਂ-ਜੂਨਾਂ ਦੇ ਗੇੜ `ਚ ਨਹੀਂ ਆਉਂਦੇ। {ਪੰ: ੫੧੨}

ਜਨਮ ਮਰਣ ਦੁਖੁ ਜਾਇ

(ਸੰ: ੧੦) "ਭਈ ਪਰਾਪਤਿ ਮਾਨੁਖ ਦੇਹੁਰੀਆ।। ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ" ਅਨੁਸਾਰ:-

"ਸਤਿਗੁਰਿ ਮਿਲੀਐ ਫੇਰੁ ਨ ਪਵੈ, ਜਨਮ ਮਰਣ ਦੁਖੁ ਜਾਇ॥ ਪੂਰੈ ਸਬਦਿ ਸਭ ਸੋਝੀ ਹੋਈ, ਹਰਿ ਨਾਮੈ ਰਹੈ ਸਮਾਇ" (ਪੰ: ੬੯)

ਅਰਥ- (ਪ੍ਰਭੂ ਦੀ ਮਿਹਰ ਸਦਕਾ, ਫ਼ਿਰ ਤੋਂ ਮਨੁੱਖਾ ਜਨਮ ਵਾਲਾ ਅਵਸਰ ਪ੍ਰਾਪਤ ਹੋਣ `ਤੇ) ਸ਼ਬਦ-ਗੁਰੂ ਦੀ ਕਮਾਈ ਕਰਣ ਵਾਲੇ ਮਨੁੱਖ ਨੂੰ ਮੁੜ ਜੂਨਾਂ, ਜਨਮਾਂ ਤੇ ਗਰਭਾਂ ਦੇ ਗੇੜ `ਚ ਨਹੀਂ ਪੈਣਾ ਪੈਂਦਾ। ਹਉਮੈ ਕਾਰਣ ਉਸ ਦਾ ਲਮੇਂ ਸਮੇਂ ਤੋਂ, ਪ੍ਰਭੂ ਤੋਂ ਬਣਿਆ ਹੋਇਆ ਵਿਛੋੜੇ ਕਾਰਣ ਬਾਰ ਬਾਰ ਦੀਆਂ ਜੂਨਾਂ ਤੇ ਜਨਮਾਂ, ਗਰਭਾਂ ਵਾਲਾ ਦੁਖ, ਸਦਾ ਲਈ ਸਮਾਪਤ ਹੋ ਜਾਂਦਾ ਹੈ। ਉਹ ਜੀਵ ਜੀਂਦੇ ਜੀਅ ਹੀ ਵਾਪਿਸ ਅਸਲੇ ਪ੍ਰਭੂ `ਚ ਸਮਾ ਜਾਂਦਾ ਹੈ ਤੇ ਉਸਦਾ ਇਹ ਮਨੁੱਖਾ ਜਨਮ ਸਫ਼ਲ ਹੋ ਜਾਂਦਾ ਹੈ।

ਅਸਲ `ਚ ਜੀਵ ਜਦੋਂ ਫ਼ਿਰ ਤੋਂ ਪ੍ਰਾਪਤ ਕਿਸੇ ਮਨੁੱਖਾ ਜਨਮ ਸਮੇਂ (ਪ੍ਰਭੂ ਦੀ ਮਿਹਰ ਸਦਕਾ) ਸ਼ਬਦ-ਗੁਰੂ ਦੀ ਸ਼ਰਣ `ਚ ਆ ਜਾਂਦਾ ਹੈ ਤਾਂ ਉਸ ਨੂੰ ਮਨੁੱਖਾ ਜਨਮ ਦੇ ਇਕੋ ਇੱਕ ਤੇ ਵਿਸ਼ੇਸ਼ ਮਕਸਦ ਬਾਰੇ ਸੋਝੀ ਹੋ ਜਾਂਦੀ ਹੈ। ਇਸ ਤਰ੍ਹਾਂ ਸ਼ਬਦ-ਗੁਰੂ ਦੀ ਸ਼ਰਣ `ਚ ਆ ਜਾਣ `ਤੇ ਉਹ ਸੁਆਸ-ਸੁਆਸ ਪ੍ਰਭੂ ਦੀ ਸਿਫ਼ਤ ਸਲਾਹ ਨਾਲ ਜੁੜ ਜਾਂਦਾ ਹੈ। ਇਸੇ ਤੋਂ ਉਸਦਾ ਹਲਤ ਭਾਵ ਇਹ ਜਨਮ ਤੇ ਪਲਤ ਭਾਵ ਮੌਤ ਤੋਂ ਬਾਅਦ ਵੀ ਉਹ ਜਨਮਾਂ-ਜੂਨਾਂ `ਚ ਨਹੀਂ ਪੈਂਦਾ, ਦੋਵੇਂ ਸੁਹੇਲੇ ਹੋ ਜਾਂਦੇ ਹਨ। (ਪੰ: ੬੯)

ਵਵਵ "ਧਾਤੁਰ ਬਾਜੀ ਪਲਚਿ ਰਹੇ—" ਵਵਵ

(ਸੰ: ੧੧) "ਮਨਮੁਖ ਮੈਲੇ ਮਲੁ ਭਰੇ, ਹਉਮੈ ਤ੍ਰਿਸਨਾ ਵਿਕਾਰੁ॥ ਬਿਨੁ ਸਬਦੈ ਮੈਲੁ ਨ ਉਤਰੈ, ਮਰਿ ਜੰਮਹਿ ਹੋਇ ਖੁਆਰੁ॥ ਧਾਤੁਰ ਬਾਜੀ ਪਲਚਿ ਰਹੇ, ਨਾ ਉਰਵਾਰੁ ਨ ਪਾਰੁ" {ਪੰ: ੧੯}

ਅਰਥ-ਆਪਣੇ ਮਨ ਪਿੱਛੇ ਟੁਰਣ ਵਾਲੇ, ਮਨ ਕਰਕੇ ਮਲੀਨ ਰਹਿੰਦੇ ਹਨ। ਉਹ ਜੀਵਨ ਭਰ ਵਿਕਾਰਾਂ ਤੇ ਅਉਗੁਣਾ ਦੀ ਮੈਲ ਨਾਲ ਲਿਬੜੇ ਰਹਿੰਦੇ ਹਨ ਤੇ ਉਨ੍ਹਾਂ ਦੇ ਜੀਵਨ `ਚ ਹਉਮੈ, ਲਾਲਚ ਆਦਿ ਵਿਕਾਰ ਭਾਰੂ ਰਹਿੰਦੇ ਹਨ। ਤ੍ਰਿਸ਼ਨਾ, ਉਨ੍ਹਾਂ ਦਾ ਪਿੱਛਾ ਨਹੀਂ ਛੱਡਦੀ ਤੇ ਉਨ੍ਹਾਂ ਦੇ ਜੀਵਨ `ਚ ਕਦੇ ਵੀ ਟਿਕਾਅ ਨਹੀਂ ਆਉਂਦਾ।

(ਕਿਉਂਕਿ ਕਿਸੇ ਵੀ ਜੀਵਨ `ਚੋਂ ਵਿਕਾਰਾਂ-ਤ੍ਰਿਸ਼ਨਾ ਆਦਿ ਦੇ ਰੋਗ ਅਤੇ ਅਉਗੁਣ, ਸ਼ਬਦ-ਗੁਰੂ ਦੀ ਕਮਾਈ ਤੋਂ ਬਿਨਾ ਖ਼ਤਮ ਨਹੀਂ ਹੁੰਦੇ) ਇਸ ਲਈ ਗੁਰੂ ਵਿਹੂਣੇ, ਇਹ ਮਨਮੁਖ, ਜਦੋਂ ਤੱਕ ਸ਼ਬਦ-ਗੁਰੂ ਦੀ ਕਮਾਈ ਨਾਲ ਆਪਣੇ ਪ੍ਰਾਪਤ ਮਨੁੱਖਾ ਜਨਮ ਦੀ ਸੰਭਾਲ ਨਹੀਂ ਕਰਦੇ, ਆਪਣੇ ਲਈ ਆਤਮਕ ਮੌਤ ਵੀ ਆਪ ਹੀ ਸਹੇੜੀ ਰਖਦੇ ਅਤੇ ਖੁਆਰੀਆਂ ਭੋਗਦੇ ਹਨ।

ਇਹੀ ਨਹੀਂ "ਧਾਤੁਰ ਬਾਜੀ ਪਲਚਿ ਰਹੇ—" ਸਰੀਰਕ ਮੌਤ ਤੋਂ ਬਾਅਦ ਵੀ ਉਹ ਮੁੜ ਉਨ੍ਹਾਂ ਹੀ ਭਿੰਨ-ਭਿੰਨ ਜੂਨਾਂ-ਜਨਮਾਂ ਦੇ ਗੇੜ `ਚ ਫ਼ਸੇ ਰਹਿੰਦੇ ਹਨ। ਅਜਿਹੇ ਆਤਮਕ ਪੱਖੋਂ ਮੁਰਦਾ ਲੋਕ, ਇਸ ਨਾਸ਼ਵੰਤ ਸੰਸਾਰ ਵਿੱਚਲੀ ਆਵਾਗਉਣ ਦੀ ਖੇਡ `ਚ ਅਟਕੇ ਰਹਿੰਦੇ ਹਨ, ਉਨ੍ਹਾਂ ਨੂੰ ਇਸ `ਚੋਂ ਨਾ ਉਰਲਾ ਬੰਨਾ ਲੱਭਦਾ ਹੈ ਤੇ ਨਾ ਪਾਰਲਾ; ਇਸ ਤਰ੍ਹਾਂ ਉਨ੍ਹਾਂ ਦਾ ਲੋਕ ਤੇ ਪ੍ਰਲੋਕ ਦੋਵੇਂ ਵਿਗੜ ਜਾਂਦੇ ਹਨ। ੩। ਲੋਕ ਤੇ ਪ੍ਰਲੋਕ ਦੇ ਵਿਗੜਣ ਦਾ ਅਰਥ-ਪ੍ਰਾਪਤ ਮਨੁੱਖਾ ਜਨਮ ਦਾ ਸਫ਼ਲ ਨਾ ਹੋਣਾ; ਜੀਂਦੇ ਜੀਅ ਵੀ ਖੁਆਰੀਆ ਤੇ ਮੌਤ ਤੋਂ ਬਾਅਦ ਵੀ ਆਵਾਗਉਣ ਦਾ ਮੁੜ ਉਹੀ ਗੇੜ।

ਅਰਥ "ਧਾਤੁਰ ਬਾਜੀ ਪਲਚਿ ਰਹੇ—" -ਪ੍ਰਭੂ `ਚ ਅਭੇਦ ਨਹੀਂ ਹੁੰਦੇ ਤੇ ਨਾਸ਼ਵੰਤ ਸੰਸਾਰ `ਚ ਫ਼ਸੇ ਰਹਿ ਕੇ ਉਨ੍ਹਾਂ ਜਨਮਾਂ ਦੇ ਗੇੜ `ਚ ਹੀ ਪਏ ਰਹਿੰਦੇ ਹਨ। {ਪੰ: ੧੯}

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠ’ ਪੁਸਤਕਾਂ ਤੇ ਹੋਰ ਲਿਖ਼ਤਾਂ ਜਿਵੇਂ ਹੁਣ ਨਵੀਂ ਅਰੰਭ ਕੀਤੀ ਗਈ ਗੁਰਮੱਤ ਸੰਦੇਸ਼ਾਂ ਵਾਲੀ ਸੀਰੀਜ਼, ਸਭ ਦਾ ਮਕਸਦ ਇਕੋ ਹੀ ਹੈ। ਉਹ ਮਕਸਦ ਹੈ ਕਿ ਹਰੇਕ ਸੰਬੰਧਤ ਪ੍ਰਵਾਰ ਅਰਥਾਂ ਸਹਿਤ "ਗੁਰੂ ਗ੍ਰੰਥ ਸਾਹਿਬ" ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਆਪਣੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning ਗੁਰਮੱਤ ਸੰਦੇਸ਼ (ਭਾਗ-੨)

ਲੜੀ ਵਾਰ (੭ ਤੋਂ ੧੧) (ਭਾਗ ਦੂਜਾ)

ਗੁਰਮੱਤ ਸੰਦੇਸ਼ ਅਥਵਾ

ਗੁਰਬਾਣੀ ਦਾ ਸੱਚ

ਨਿਰੋਲ ਗੁਰਬਾਣੀ ਪ੍ਰਮਾਣਾਂ `ਤੇ ਆਧਾਰਿਤ

For all the Self Learning Gurmat Lessons (Excluding Books) written by ‘Principal Giani Surjit Singh’ Sikh Missionary, Delhi-All the rights are reserved with the writer himself; but easily available in proper Deluxe Covers for

(1) Further Distribution within ‘Guru Ki Sangat’

(2) For Gurmat Stalls

(3) For Gurmat Classes & Gurmat Camps

with intention of Gurmat Parsar, at quite nominal printing cost i.e. mostly Rs 350/-(but in rare cases Rs. 450/-) per hundred copies (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24

Ph 91-11-26236119, 46548789 ® Ph. 91-11-26487315 Cell 9811292808

web sites-

www.gurbaniguru.org

theuniqeguru-gurbani.com

gurmateducationcentre.com




.