.

ਸਿੱਖ ਦੁਨੀਆ ਦੇ ਸਭ ਤੋਂ ਵੱਡੇ ਬੁੱਤ-ਪ੍ਰਸਤ ਕਿਵੇਂ ਹਨ?

ਪਿਛਲੇ 11 ਅਕਤੂਬਰ 2015 ਵਾਲੇ ਲੇਖ ਵਿੱਚ ਅਸੀਂ ਵਿਚਾਰ ਕੀਤੀ ਸੀ ਕਿ ਸਿੱਖ ਕੌਮ, ਦੁਨੀਆ ਦੇ ਲੈਵਲ ਦਾ ਇੱਕ ਵੀ ਵਿਦਵਾਨ ਪੈਦਾ ਨਹੀਂ ਕਰ ਸਕੀ। ਇਸ ਦੇ ਕੀ ਕਾਰਨ ਹੋ ਸਕਦੇ ਹਨ? ਮੇਰੇ ਖਿਆਲ ਮੁਤਾਬਕ ਇਸ ਦੇ ਮੁੱਖ ਦੋ ਕਾਰਨ ਹਨ। ਇਹ ਹਨ ਮਾਨਸਿਕ ਗੁਲਾਮੀ ਅਤੇ ਬੁੱਤ-ਪ੍ਰਸਤੀ। ਇਹਨਾ ਦੋ ਕਾਰਨਾ ਬਾਰੇ ਅੱਜ ਦੇ ਲੇਖ ਵਿੱਚ ਵਿਚਾਰ ਕਰਾਂਗੇ। ਹਿੰਦੂ ਪਹਿਲਾਂ ਤੋਂ ਹੀ ਬੁੱਤ-ਪੂਜਾ ਕਰਦੇ ਆ ਰਹੇ ਹਨ ਜਿਸ ਦਾ ਜ਼ਿਕਰ ਭਗਤ ਕਬੀਰ ਜੀ ਨੇ ਬਾਣੀ ਵਿੱਚ ਇੰਜ ਕੀਤਾ ਹੈ:

ਬੁਤ ਪੂਜਿ ਪੂਜਿ ਹਿੰਦੂ ਮੂਏ ਤੁਰਕ ਮੂਏ ਸਿਰੁ ਨਾਈ ॥ ਓਇ ਲੇ ਜਾਰੇ ਓਇ ਲੇ ਗਾਡੇ ਤੇਰੀ ਗਤਿ ਦੁਹੂ ਨ ਪਾਈ ॥੧॥ ਮਨ ਰੇ ਸੰਸਾਰੁ ਅੰਧ ਗਹੇਰਾ ॥ ਚਹੁ ਦਿਸ ਪਸਰਿਓ ਹੈ ਜਮ ਜੇਵਰਾ ॥੧॥ ਰਹਾਉ ॥ ਕਬਿਤ ਪੜੇ ਪੜਿ ਕਬਿਤਾ ਮੂਏ ਕਪੜ ਕੇਦਾਰੈ ਜਾਈ ॥ ਜਟਾ ਧਾਰਿ ਧਾਰਿ ਜੋਗੀ ਮੂਏ ਤੇਰੀ ਗਤਿ ਇਨਹਿ ਨ ਪਾਈ ॥੨॥ ਦਰਬੁ ਸੰਚਿ ਸੰਚਿ ਰਾਜੇ ਮੂਏ ਗਡਿ ਲੇ ਕੰਚਨ ਭਾਰੀ ॥ ਬੇਦ ਪੜੇ ਪੜਿ ਪੰਡਿਤ ਮੂਏ ਰੂਪੁ ਦੇਖਿ ਦੇਖਿ ਨਾਰੀ ॥੩॥ ਰਾਮ ਨਾਮ ਬਿਨੁ ਸਭੈ ਬਿਗੂਤੇ ਦੇਖਹੁ ਨਿਰਖਿ ਸਰੀਰਾ ॥ ਹਰਿ ਕੇ ਨਾਮ ਬਿਨੁ ਕਿਨਿ ਗਤਿ ਪਾਈ ਕਹਿ ਉਪਦੇਸੁ ਕਬੀਰਾ ॥੪॥੧॥

ਹਿੰਦੂਆਂ ਦੇ ਮੰਦਰਾਂ ਵਿੱਚ ਦੇਵੀ ਦੇਵਤਿਆਂ ਅਤੇ ਕਥਿਤ ਅਵਤਾਰਾਂ ਦੀਆਂ ਮੂਰਤੀਆਂ ਦੀ ਹੀ ਪੂਜਾ ਕੀਤੀ ਜਾਂਦੀ ਹੈ ਅਤੇ ਇਹ ਪਹਿਲਾਂ ਤੋਂ ਹੀ ਕੀਤੀ ਜਾ ਰਹੀ ਹੈ ਇਸੇ ਕਰਕੇ ਭਗਤ ਕਬੀਰ ਜੀ ਨੇ ਆਪਣੇ ਸ਼ਬਦ ਵਿੱਚ ਇਸ ਦਾ ਜ਼ਿਕਰ ਕੀਤਾ ਹੈ। ਗੁਰਬਾਣੀ ਬੁੱਤ-ਪੂਜਾ ਦਾ ਖੰਡਣ ਕਰਦੀ ਹੈ। ਗੁਰਬਾਣੀ ਹਰਇਕ ਇਨਸਾਨ ਨੂੰ ਸਿੱਧਾ ਅਕਾਲ ਪੁਰਖ ਨਾਲ ਜੋੜਦੀ ਹੈ। ਜਿਸ ਦਾ ਨਾ ਤਾਂ ਕੋਈ ਰੰਗ ਰੂਪ ਹੈ ਅਤੇ ਨਾ ਹੀ ਕੋਈ ਖਾਸ ਟਿਕਾਣਾ। ਉਹ ਅਕਾਲ ਪੁਰਖ ਕਿਸੇ ਸਵਰਗ ਜਾਂ ਸੱਚਖੰਡ ਵਿੱਚ ਵੀ ਨਹੀਂ ਰਹਿੰਦਾ। ਫਿਰ ਉਹ ਰਹਿੰਦਾ ਕਿਥੇ ਹੋਇਆ? ਉਹ ਰਹਿੰਦਾ ਹੈ ਆਪਣੇ ਬਣਾਏ ਹੋਏ ਮਕਾਨ/ਕੋਠੀ ਵਿਚ। ਫਿਰ ਉਸ ਦੀ ਕੋਠੀ ਕਿਤਨੀ ਕੁ ਵੱਡੀ ਹੋਵੇਗੀ? ਉਸ ਦੀ ਕੋਠੀ ਉਤਨੀ ਹੀ ਵੱਡੀ ਹੈ ਜਿਤਨਾ ਉਹ ਆਪ ਵੱਡਾ ਹੈ। ਉਹ ਆਪ ਕਿਤਨਾ ਵੱਡਾ ਹੈ? ਉਹ ਆਪ ਇਤਨਾ ਵੱਡਾ ਹੈ ਜਿਸ ਦਾ ਕਿ ਕੋਈ ਵੀ ਅੰਤ ਨਹੀਂ ਪਾਇਆ ਜਾ ਸਕਦਾ ਅਤੇ ਨਾ ਹੀ ਹਾਲੇ ਤੱਕ ਕੋਈ ਪਾ ਸਕਿਆ ਹੈ। ਫਿਰ ਉਸ ਦੀ ਆਪਣੇ ਰਹਿਣ ਲਈ ਬਣਾਈ ਹੋਈ ਏਡੀ ਵੱਡੀ ਕੋਠੀ ਕਿਹੜੀ ਹੋਈ? ਇਸ ਕੋਠੀ ਦਾ ਨਾਮ ਤਾਂ ਜਰੂਰ ਹੀ ਸਾਰਿਆਂ ਨੇ ਹੀ ਸੁਣਿਆ ਹੋਵੇਗਾ ਉਂਝ ਭਾਵੇਂ ਚੇਤੇ ਵਿਚੋਂ ਵਿਸਰ ਗਿਆ ਹੋਵੇ। ਲਓ ਫਿਰ ਅਸੀਂ ਚੇਤਾ ਕਰਵਾ ਦਿੰਦੇ ਹਾਂ ਸੁਣ ਲਓ ਉਸ ਕੋਠੀ ਦਾ ਨਾਮ:

ਇਹੁ ਜਗੁ ਸਚੈ ਕੀ ਹੈ ਕੋਠੜੀ ਸਚੇ ਕਾ ਵਿਚਿ ਵਾਸੁ ॥ਪੰਨਾ 463॥

ਹਾਂ ਜੀ ਇਹ ਸਾਰਾ ਸੰਸਾਰ ਹੀ ਉਸ ਦੀ ਆਪਣੀ ਕੋਠੀ/ਮਕਾਨ ਹੈ ਅਤੇ ਇਸ ਦੇ ਵਿੱਚ ਹੀ ਉਹ ਰਹਿੰਦਾ ਹੈ। ਜਾਂ ਫਿਰ ਇਉਂ ਕਹਿ ਲਓ ਕਿ ਉਹ ਇਹ ਦਿਸਦੇ ਸਾਰੇ ਸਰਗੁਣ ਸਰੂਪ ਵਿੱਚ ਨਿਰਗੁਣ ਕਰਕੇ ਸਮਾਇਆ ਹੋਇਆ ਹੈ। ਉਹ ਮੱਛੀ ਵੀ ਆਪ ਹੈ ਅਤੇ ਜਲ ਅਤੇ ਜਾਲ ਵੀ ਆਪ ਹੈ।

ਤੂੰ ਆਪੇ ਜਲੁ ਮੀਨਾ ਹੈ ਆਪੇ ਆਪੇ ਹੀ ਆਪਿ ਜਾਲੁ ॥ ਤੂੰ ਆਪੇ ਜਾਲੁ ਵਤਾਇਦਾ ਆਪੇ ਵਿਚਿ ਸੇਬਾਲੁ ॥ ਤੂੰ ਆਪੇ ਕਮਲੁ ਅਲਿਪਤੁ ਹੈ ਸੈ ਹਥਾ ਵਿਚਿ ਗੁਲਾਲੁ ॥ ਤੂੰ ਆਪੇ ਮੁਕਤਿ ਕਰਾਇਦਾ ਇੱਕ ਨਿਮਖ ਘੜੀ ਕਰਿ ਖਿਆਲੁ ॥ ਹਰਿ ਤੁਧਹੁ ਬਾਹਰਿ ਕਿਛੁ ਨਹੀ ਗੁਰ ਸਬਦੀ ਵੇਖਿ ਨਿਹਾਲੁ ॥੭॥ ਪੰਨਾ 85॥

ਜਦ ਅਕਾਲ ਪੁਰਖ ਸਾਰਾ ਕੁੱਝ ਆਪੇ ਆਪ ਹੀ ਹੈ। ਕੋਈ ਜਗਾ ਐਸੀ ਨਹੀਂ ਜਿਥੇ ਕਿ ਉਹ ਨਾ ਹੋਵੇ ਅਤੇ ਉਸ ਦਾ ਸਰਗੁਣ ਸਰੂਪ ਵੀ ਕੋਈ ਨਹੀਂ ਫਿਰ ਉਸ ਦਾ ਕੋਈ ਖਾਸ ਸਿੰਘਾਸਣ ਕਿਵੇਂ ਮਿਥਿਆ ਜਾ ਸਕਦਾ ਹੈ? ਪਰ ਸਿੱਖਾਂ ਨੇ ਕਿਸੇ ਅਗਿਆਤ ਬਿਪਰ ਲਿਖਾਰੀ ਦੇ ਕਹਿਣ ਤੇ ਮਿੱਥ ਲਿਆ। ਹਿੰਦੂ ਤਾਂ ਪੱਥਰ ਦੀਆਂ ਛੋਟੀਆਂ ਜਿਹੀਆਂ ਮੂਰਤੀਆਂ ਬਣਾ ਕੇ ਉਸ ਦੀ ਪੂਜਾ ਕਰਦੇ ਹਨ। ਪਰ ਸਿੱਖਾਂ ਨੇ ਇੱਕ ਵੱਡਾ ਮੂਰਤਾ ਅਕਾਲ ਤਖ਼ਤ ਦੇ ਨਾਮ ਤੇ ਖੜਾ ਕਰ ਲਿਆ। ਫਿਰ ਹਿੰਦੂਆਂ ਦੀ ਤਰਜ਼ ਤੇ ਇਸ ਮੂਰਤੇ ਦੀ ਸੰਭਾਲ ਲਈ ਪੁਜਾਰੀ ਰੱਖ ਕੇ ਉਸ ਦੀਆਂ ਗੱਲਾਂ ਨੂੰ ਸਰਬਉੱਚ ਕਹਿਣਾ ਸ਼ੁਰੂ ਕਰ ਦਿੱਤਾ। ਭਾਵ ਕਿ ਜਿਵੇਂ ਹਿੰਦੂਆਂ ਲਈ ਬ੍ਰਾਹਮਣ ਸਰਵਉੱਚ ਹੈ ਉਸੇ ਤਰ੍ਹਾਂ ਸਿੱਖਾਂ ਲਈ ਇਸ ਮੂਰਤੇ ਦੇ ਪੁਜਾਰੀ ਨੂੰ ਬ੍ਰਾਹਮਣ ਵਾਂਗ ਸਰਵਉੱਚ ਮੰਨ ਲਿਆ ਗਿਆ। ਸਦੀਆਂ ਬੀਤ ਜਾਣ ਤੇ ਵੀ ਸਿੱਖਾਂ ਨੂੰ ਇਹਨਾ ਛੇ ਅੱਖਰਾਂ ਵਾਲੇ (ਅਕਾਲ ਤਖ਼ਤ) ਦੇ ਅੱਖਰੀ ਅਰਥਾਂ ਦੀ ਸੋਝੀ ਨਹੀਂ ਹੋਈ ਕਿ ਅਕਾਲ ਪੁਰਖ ਦੇ ਸਿੰਘਾਸਣ ਦਾ ਕੋਈ ਖਾਸ ਟਿਕਾਣਾ ਤੁਸੀਂ ਕਿਵੇਂ ਮਿੱਥ ਸਕਦੇ ਹੋ। ਗੱਲ ਦੀ ਅਸਲੀਅਤ ਨੂੰ ਸਮਝਣ ਦੀ ਬਜਾਏ ਆਪਣੀ ਮਰਜ਼ੀ ਦੇ ਗੁਰਬਾਣੀ ਦੇ ਅਰਥ ਤਰੋੜ ਮਰੋੜ ਕੇ ਪੇਸ਼ ਕਰਨੇ ਸ਼ੁਰੂ ਕਰ ਦਿੱਤੇ। ਹੁਣ ਇੱਕ ਗੱਲ ਹੋਰ ਕਹਿਣੀ ਸ਼ੁਰੂ ਕਰ ਦਿੱਤੀ ਕਿ ਅਕਾਲ ਤਖ਼ਤ ਇੱਕ ਸਿਧਾਂਤ/ਫਲਸਫੇ ਦਾ ਨਾਮ ਹੈ ਇਮਾਰਤ ਦਾ ਨਹੀਂ। ਜੇ ਅਕਾਲ ਤਖ਼ਤ ਇੱਕ ਸਿਧਾਂਤ ਦਾ ਨਾਮ ਹੈ ਤਾਂ ਫਿਰ ਉਸ ਇਮਾਰਤ ਨੂੰ ਸਰਵਉੱਚ ਕਿਉਂ ਕਹੀ ਜਾਂਦੇ ਹੋ? ਦਰਅਸਲ ਗੱਲ ਇਹ ਹੈ ਕਿ ਜਿਹੜੀ ਗਲਤ ਗੱਲ ਇੱਕ ਵਾਰੀ ਸ਼ੁਰੂ ਹੋ ਗਈ ਉਸ ਗਲਤੀ ਨੂੰ ਸੁਧਾਰਨ ਦੀ ਬਿਜਾਏ ਹੋਰ ਹੀ ਮਨਘੜਤ ਦਲੀਲਾਂ ਦਾ ਆਸਰਾ ਲਿਆ ਜਾਂਦਾ ਹੈ।

ਸਭ ਤੋਂ ਪਹਿਲਾਂ ਕਿਸੇ ਅਗਿਆਤ ਬਿਪਰ ਲਿਖਾਰੀ ਨੇ ਗੁ: ਬਿਲਾਸ ਪਾਤਸ਼ਾਹੀ ਛੇਵੀਂ ਵਿੱਚ ਇਸ ਅਕਾਲ ਤਖ਼ਤ ਦਾ ਜ਼ਿਕਰ ਕੀਤਾ ਸੀ। ਇਸ ਕਿਤਾਬ ਦੀ ਗੁਰਦੁਆਰਿਆਂ ਵਿੱਚ ਕਥਾ ਵੀ ਹੁੰਦੀ ਰਹੀ ਹੈ ਅਤੇ ਇਸ ਤੇ ਬੈਨ ਵੀ ਲੱਗਦਾ ਰਿਹਾ ਹੈ। ਇਸ ਦਾ ਕਾਰਨ ਇਹ ਹੈ ਕਿ ਇਸ ਦੇ ਲਿਖਾਰੀ ਨੇ ਖੰਡ ਵਿੱਚ ਲਪੇਟੀ ਹੋਈ ਜ਼ਹਿਰ ਇਸ ਤਰ੍ਹਾਂ ਪੇਸ਼ ਕੀਤੀ ਹੈ ਕਿ ਆਮ ਸ਼ਰਧਾਲੂ ਇਸ ਨੂੰ ਸੱਚ ਮੰਨ ਲੈਂਦੇ ਹਨ। ਡੇਰਿਆਂ ਨੂੰ ਤਾਂ ਇਹ ਬਹੁਤ ਹੀ ਰਾਸ ਆਉਂਦੀ ਹੈ ਕਿਉਂਕਿ ਇਹ ਧਰਮ ਦੇ ਨਾਮ ਤੇ ਲੁੱਟਾਂ-ਖੋਹਾਂ ਕਰਨ ਲਈ ਉਤਸ਼ਾਹਤ ਕਰਦੀ ਹੈ। ਜਿਵੇਂ ਕਿ ਘੋੜੇ ਚੋਰੀ ਕਰਕੇ ਲਿਆਉਣੇ ਅਤੇ ਮਾਤਾ ਗੰਗਾ ਲਈ ਬਿਧੀ ਚੰਦ ਵਲੋਂ ਗਹਿਣੇ ਚੋਰੀ ਕਰਕੇ ਲਿਆਉਣੇ। ਤਾਹੀਂ ਤਾਂ ਡੇਰੇ ਨਾਲ ਸੰਬੰਧਿਤ ਇੱਕ ਪੁਜਾਰੀ ਇਸ ਦੀ ਸੰਪਾਦਨਾ ਕਰਕੇ ਇਸ ਦੀ ਕਥਾ ਮੁੜ ਗੁਰਦੁਆਰਿਆਂ ਵਿੱਚ ਸ਼ੁਰੂ ਕਰਵਾਉਣੀ ਚਾਹੁੰਦਾ ਸੀ। ਪਰ ਉਸ ਦਾ ਇਹ ਸੁਪਨਾ ਪੂਰਾ ਨਾ ਹੋ ਸਕਿਆ। ਇਸ ਕਿਤਾਬ ਵਿੱਚ ਅਕਾਲ ਤਖ਼ਤ ਦੀ ਇਮਾਰਤ ਨੂੰ ਇਸ ਤਰ੍ਹਾਂ ਪੇਸ਼ ਕੀਤਾ ਹੈ ਜਿਵੇਂ ਕਿ ਇਹ ਇੱਕ ਬਹੁਤ ਹੀ ਜ਼ਿਆਦਾ ਪਵਿੱਤਰ ਥਾਂ ਹੋਵੇ। ਜਿਵੇਂ ਬ੍ਰਾਹਮਣ ਤੇ ਕਿਸੇ ਸ਼ੂਦਰ ਦਾ ਪ੍ਰਛਾਵਾਂ ਪੈਣ ਨਾਲ ਬ੍ਰਾਹਮਣ ਭਿੱਟਿਆ ਜਾਂਦਾ ਸੀ ਉਸੇ ਤਰ੍ਹਾਂ ਹੀ ਆਮ ਸਿੱਖਾਂ ਦੇ ਹੱਥ ਲੱਗਣ ਨਾਲ ਵੀ ਇਮਾਰਤ ਦੇ ਇੱਟਾਂ ਪੱਥਰ ਚੂਨਾ ਆਦਿਕ ਵੀ ਭਿੱਟੇ ਜਾਣ ਦਾ ਖਤਰਾ ਸੀ। ਤਾਹੀਂ ਤਾਂ ਬ੍ਰਾਹਮਣ ਨੇ ਆਪਣੇ ਤਰ੍ਹਾਂ ਭਿੱਟੇ ਜਾਣ ਦੇ ਡਰੋਂ ਹੀ ਇਸ ਨੂੰ ਭਾਈ ਗੁਰਦਾਸ ਜੀ ਅਤੇ ਬਾਬੇ ਬੁੱਢੇ ਰਾਹੀਂ ਹੀ ਬਣਿਆ ਦਰਸਾਇਆ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਜਿਹੜਾ ਗੁਰ ਬਿਲਾਸ ਛੇਵੀਂ ਛਾਪਿਆ ਗਿਆ ਹੈ ਉਸ ਦੀ ਭੂਮਿਕਾ ਵਿਚੋਂ ਕੁੱਝ ਲਾਈਨਾ ਜਾਣਕਾਰੀ ਵਾਸਤੇ ਇੱਥੇ ਪਾ ਰਿਹਾ ਹਾਂ ਤਾਂ ਕਿ ਅਸਲੀਅਤ ਦਾ ਪਤਾ ਲੱਗ ਸਕੇ। ਉਹ ਲਾਈਨਾ ਇਸ ਤਰ੍ਹਾਂ ਹਨ:

“ਇਹ ਗ੍ਰੰਥ ਨਿਸਚੇ 1775 ਬਿਕਰਮੀ ਵਿੱਚ ਲਿਖਿਆ ਗਿਆ ਪਰ ਇਸ ਵਿੱਚ ਉਤਾਰਾ ਕਰਨ ਵਾਲਿਆਂ ਨੇ ਵਾਧੇ ਘਾਟੇ ਕੀਤੇ ਜਿਸ ਦਾ ਉਲੇਖ ਛਪੇ ਤੇ ਅਣਛਪੇ ਹੱਥ ਲਿਖਤ ਗ੍ਰੰਥਾਂ ਵਿੱਚ ਮਿਲਦਾ ਹੈ। ‘ਪ੍ਰਸੰਗ ਮੇਲਵੇ’ ਲਈ ਉਤਾਰਾਕਾਰਾਂ ਨੇ ਸਾਖੀਆਂ ਲਿਖ ਕੇ ਇਸ ਵਿੱਚ ਪਾ ਦਿੱਤੀਆਂ ਹਨ। ਇਸ ਕਾਰਨ ਭਾਈ ਕਾਨ੍ਹ ਸਿੰਘ ਨਾਭਾ ਨੇ ਇਸ ਗ੍ਰੰਥ ਨੂੰ ਬਿੱਲਕੁੱਲ ਜਾਹਲੀ ਗਰਦਾਨਿਆ ਹੈ। ਆਪ ਅਨੁਸਾਰ ਅਕਾਲ ਬੁੰਗੀਏ ਭਾਈ ਗੁਰਮੁਖ ਸਿੰਘ ਤੇ ਭਾਈ ਦਰਬਾਰਾ ਸਿੰਘ ਚੌਂਕੀ ਵਾਲੇ ਅੰਮ੍ਰਿਤਸਰ ਨਿਵਾਸੀ ਇਸ ਗ੍ਰੰਥ ਦੇ ਕਰਤਾ ਹਨ ਪਰ ਇਸ ਦੇ ਹੱਕ ਵਿੱਚ ਆਪ ਨੇ ਕੋਈ ਪ੍ਰਮਾਣ ਨਹੀਂ ਦਿੱਤਾ। ਜਾਪਦਾ ਹੈ ਆਪਨੇ ਭਾਈ ਕਰਮ ਸਿੰਘ ਹਿਸਟੋਰੀਅਨ ਦੀ ਟਿੱਪਣੀ ਨੂੰ ਅਧਾਰ ਬਣਾਇਆ ਹੈ। ਉਹਨਾ ਅਨੁਸਾਰ ਛਪਿਆ ਮਿਲਦਾ ਗੁਰਬਬਿਲਾਸ ਪਾਤਸ਼ਾਹੀ ਛੇਵੀਂ ਅਸਲੀ ਨਹੀਂ ਹੈ। ਅਸਲੀ ਗ੍ਰੰਥ ਗੁਰੂਸਰ ਨਾਮ ਦੇ ਪਿੰਡ ਵਿੱਚ ਹੈ। ਜਿਸ ਨੂੰ ਗੁਰੂਸਰੀਆਂ ਦੇ ਰਿਸ਼ਤੇਦਾਰ ਅਕਾਲ ਬੁੰਗੇ ਦੇ ਪੁਜਾਰੀ ਨੇ ਮਨ ਇੱਛਤ ਵਾਧੇ ਘਾਟੇ ਕਰਕੇ ਇਸ ਦੀ ਨਕਲ ਤਿਆਰ ਕਰਕੇ ਪ੍ਰਚੱਲਤ ਕਰ ਦਿੱਤਾ।”

ਇਸ ਉਪਰਲੇ ਪਹਿਰੇ ਵਿੱਚ ਬਹੁਤ ਹੀ ਗੁੱਝੇ ਭੇਦ ਛੁਪੇ ਹਨ। ਜਿਵੇਂ ਕਿ ਇਹ ਗ੍ਰੰਥ ਅਸਲੀ ਨਹੀਂ ਅਤੇ ਇਸ ਵਿੱਚ ਅਕਾਲ ਬੁੰਗੇ ਦੇ ਪੁਜਾਰੀ ਨੇ ਆਪਣੀ ਮਾਨਤਾ ਵਧਾਉਣ ਲਈ ਅਕਾਲ ਤਖ਼ਤ ਵਾਲਾ ਪ੍ਰਸੰਗ ਪਾਇਆ ਹੋ ਸਕਦਾ ਹੈ। ਕੁੱਝ ਵੀ ਹੋਵੇ ਇਹ ਗ੍ਰੰਥ ਪਹਿਲਾਂ ਤੋਂ ਹੀ ਵਿਦਵਾਨਾ ਦੀਆਂ ਨਜ਼ਰਾਂ ਵਿੱਚ ਸ਼ੱਕੀ ਰਿਹਾ ਹੈ। ਇੱਕ ਸ਼ੱਕੀ ਗ੍ਰੰਥ ਦੇ ਅਧਾਰ ਤੇ ਜਿਸ ਤਰ੍ਹਾਂ ਅਕਾਲ ਤਖ਼ਤ ਨੂੰ ਸਰਵਉੱਚ ਗਰਦਾਨਿਆ ਜਾ ਰਿਹਾ ਹੈ ਇਹ ਸਿੱਖ ਕੌਮ ਦੀ ਬੌਧਕ ਪੱਖੋਂ ਦਿਵਾਲੀਆਪਨ ਦੀ ਨਿਸ਼ਾਨੀ ਹੈ।

ਇਸ ਵਿੱਚ ਕੋਈ ਸ਼ੱਕ ਨਹੀਂ ਕਿ ਛੇਵੇਂ ਪਾਤਸ਼ਾਹ ਨੇ ਉਚੇ ਥਾਂ ਬੈਠ ਕੇ ਸੰਗਤਾਂ ਨੂੰ ਸੰਬੋਧਨ ਕਰਨ ਲਈ ਕੋਈ ਥੜਾ ਬਣਾਇਆ ਹੋਵੇਗਾ। ਇਹ ਪਵਿੱਤਰ ਹੋਵੇਗਾ ਅਤੇ ਅਕਾਲ ਪੁਰਖ ਦਾ ਇਹ ਤਖ਼ਤ ਹੋਵੇਗਾ ਇਹ ਗੱਲ ਬਿੱਲਕੁੱਲ ਹੀ ਗੁਰਮਤਿ ਸਿਧਾਂਤਾਂ ਦੇ ਉਲਟ ਹੈ। ਗੁਰੂ ਸਾਹਿਬ ਤਾਂ ਜਿੱਥੇ ਵੀ ਹੁੰਦੇ ਸੀ ਸਿੱਖ ਉਥੇ ਹੀ ਗੁਰੂ ਦਾ ਹੁਕਮ ਮੰਨਦੇ ਹੁੰਦੇ ਸੀ। ਦਸਮੇਂ ਗੁਰੂ ਸਾਰੀ ਉਮਰ ਇਸ ਕਹੇ ਜਾਂਦੇ ਅਕਾਲ ਅਖ਼ਤ ਤੇ ਨਹੀਂ ਆਏ। ਉਹਨਾ ਨੇ 14 ਦੇ ਕਰੀਬ ਜੰਗਾਂ ਵੀ ਲੜੀਆਂ। ਕੀ ਸਿੱਖਾਂ ਨੇ ਅਨੰਦਪੁਰ ਸਾਹਿਬ ਰਹਿੰਦੇ ਗੁਰੂ ਦਾ ਹੁਕਮ ਨਹੀਂ ਮੰਨਿਆਂ? ਕੀ ਉਹਨਾ ਨੇ ਕਦੀ ਕਿਹਾ ਹੋਵੇਗਾ ਕਿ ਸਰਵਉੱਚ ਤਾਂ ਅਕਾਲ ਤਖ਼ਤ ਹੈ, ਤੁਸੀਂ ਪਹਿਲਾਂ ਉੱਥੇ ਜਾ ਕੇ ਬੈਠ ਕੇ ਹੁਕਮਨਾਮੇ ਜਾਰੀ ਕਰੋ, ਫਿਰ ਅਸੀਂ ਤੁਹਾਡੇ ਲਈ ਲੜਾਂਗੇ ਜਾਂ ਹਥਿਆਰ ਬਣਾ ਕੇ ਲਿਆਵਾਂਗੇ? ਅਸੀਂ ਤਾਂ ਇਸ ਤਰ੍ਹਾਂ ਦੀ ਕੋਈ ਗੱਲ ਕਿਤੇ ਨਹੀਂ ਪੜ੍ਹੀ ਜੇ ਕਿਸੇ ਹੋਰ ਨੇ ਪੜ੍ਹੀ ਹੋਵੇ ਤਾਂ ਕਹਿ ਨਹੀਂ ਸਕਦੇ। ਜੇ ਕਰ ਛੇਵੇਂ ਪਾਤਸ਼ਾਹ ਨੇ ਕਿਤੇ ਕਿਹਾ ਹੋਵੇ ਕਿ ਇਸ ਨੂੰ ਅਕਾਲ ਪੁਰਖ ਦਾ ਤਖ਼ਤ ਕਰਕੇ ਮੰਨਣਾ ਅਤੇ ਆਉਣ ਵਾਲੇ ਸਮੇਂ ਵਿੱਚ ਇੱਥੇ ਇੱਕ ਪੁਜਾਰੀ ਹੋਵੇਗਾ। ਉਸ ਪੁਜਾਰੀ ਨੂੰ ਜਥੇਦਾਰ ਕਿਹਾ ਜਾਵੇਗਾ। ਉਹ ਜਥੇਦਾਰ ਹੁਕਮਨਾਮੇ ਜਾਰੀ ਕਰੇਗਾ ਜਿਹੜੇ ਕਿ ਹਰਇਕ ਸਿੱਖ ਲਈ ਮੰਨਣੇ ਲਾਜਮੀ ਹੋਣਗੇ। ਜਿਹੜਾ ਨਹੀਂ ਮੰਨੇਗਾ ਉਹ ਸਿੱਖ ਨਹੀਂ ਹੋ ਸਕਦਾ। ਜੇ ਇਸ ਤਰ੍ਹਾਂ ਦੀ ਕੋਈ ਗੱਲ ਹੋਵੇ ਤਾਂ ਅਜਿਹੀ ਮਾਨਸਿਕ ਗੁਲਾਮੀ ਵਾਲੀ ਸਿੱਖੀ ਦੀ ਮੈਨੂੰ ਲੋੜ ਹੀ ਕੋਈ ਨਹੀਂ? ਕੀ ਗੁਰਬਾਣੀ ਅਜਿਹੀ ਮਾਨਸਿਕ ਗੁਲਾਮੀ ਕੱਢਦੀ ਹੈ ਜਾਂ ਪਉਂਦੀ ਹੈ?

ਹੇਠ ਲਿਖੇ ਸ਼ਬਦ ਨੂੰ ਧਿਆਨ ਨਾਲ ਪੜ੍ਹੋ ਅਤੇ ਆਪਣੇ ਤੇ ਢੁਕਾ ਕੇ ਦੇਖੋ। ਕੀ ਇਹ ਆਪਣੇ ਆਪ ਨੂੰ ਸਿੱਖ ਅਖਵਾਉਣ ਵਾਲਿਆਂ ਤੇ ਵੀ ਉਤਨਾ ਹੀ ਨਹੀਂ ਢੁਕਦਾ ਜਿਤਨਾ ਕਿ ਮੁਸਲਮਾਨਾ ਅਤੇ ਮੂਰਤੀ ਪੂਜਕ ਹਿੰਦੂਆਂ ਤੇ ਢੁਕਦਾ ਹੈ? ਕੀ ਫਿਰ ਇਹ ਦਾੜੀਆਂ ਕੇਸਾਂ ਵਾਲੇ ਕਿਰਪਾਨ ਧਾਰੀ ਮੂਰਤੇ ਪੂਜਕ ਹਿੰਦੂ ਨਾ ਹੋਏ? ਜੇ ਕਰ ਇਹ ਗਲਤ ਹੈ ਤਾਂ ਸਿੱਧ ਕਰੋ ਕਿ ਗੁਰਬਾਣੀ ਦੀ ਇਹ ਗੱਲ ਸਾਡੇ ਤੇ ਨਹੀਂ ਢੁਕਦੀ ਕਿਉਂਕਿ ਸਾਡਾ ਅਕਾਲ ਪੁਰਖ/ਰੱਬ ਤਾਂ ਕਿਸੇ ਵੱਖਰੀ ਕਿਸਮ ਦਾ ਹੈ ਉਹ ਤਾਂ ਸਾਡੇ ਕਹੇ ਜਾਂਦੇ ਅਕਾਲ ਤਖ਼ਤ ਤੇ ਆ ਕੇ ਬਹਿੰਦਾ ਹੈ?

ਪ੍ਰਭਾਤੀ ॥ ਅਲਹੁ ਏਕੁ ਮਸੀਤਿ ਬਸਤੁ ਹੈ ਅਵਰੁ ਮੁਲਖੁ ਕਿਸੁ ਕੇਰਾ ॥ ਹਿੰਦੂ ਮੂਰਤਿ ਨਾਮ ਨਿਵਾਸੀ ਦੁਹ ਮਹਿ ਤਤੁ ਨ ਹੇਰਾ ॥੧॥ ਅਲਹ ਰਾਮ ਜੀਵਉ ਤੇਰੇ ਨਾਈ ॥ ਤੂ ਕਰਿ ਮਿਹਰਾਮਤਿ ਸਾਈ ॥੧॥ ਰਹਾਉ ॥ ਦਖਨ ਦੇਸਿ ਹਰੀ ਕਾ ਬਾਸਾ ਪਛਿਮਿ ਅਲਹ ਮੁਕਾਮਾ ॥ ਦਿਲ ਮਹਿ ਖੋਜਿ ਦਿਲੈ ਦਿਲਿ ਖੋਜਹੁ ਏਹੀ ਠਉਰ ਮੁਕਾਮਾ ॥੨॥ ਬ੍ਰਹਮਨ ਗਿਆਸ ਕਰਹਿ ਚਉਬੀਸਾ ਕਾਜੀ ਮਹ ਰਮਜਾਨਾ ॥ ਗਿਆਰਹ ਮਾਸ ਪਾਸ ਕੈ ਰਾਖੇ ਏਕੈ ਮਾਹਿ ਨਿਧਾਨਾ ॥੩॥ ਕਹਾ ਉਡੀਸੇ ਮਜਨੁ ਕੀਆ ਕਿਆ ਮਸੀਤਿ ਸਿਰੁ ਨਾਂਏਂ ॥ ਦਿਲ ਮਹਿ ਕਪਟੁ ਨਿਵਾਜ ਗੁਜਾਰੈ ਕਿਆ ਹਜ ਕਾਬੈ ਜਾਂਏਂ ॥੪॥ ਏਤੇ ਅਉਰਤ ਮਰਦਾ ਸਾਜੇ ਏ ਸਭ ਰੂਪ ਤੁਮਾੑਰੇ ॥ ਕਬੀਰੁ ਪੂੰਗਰਾ ਰਾਮ ਅਲਹ ਕਾ ਸਭ ਗੁਰ ਪੀਰ ਹਮਾਰੇ ॥੫॥ ਕਹਤੁ ਕਬੀਰੁ ਸੁਨਹੁ ਨਰ ਨਰਵੈ ਪਰਹੁ ਏਕ ਕੀ ਸਰਨਾ ॥ ਕੇਵਲ ਨਾਮੁ ਜਪਹੁ ਰੇ ਪ੍ਰਾਨੀ ਤਬ ਹੀ ਨਿਹਚੈ ਤਰਨਾ ॥੬॥ਪੰਨਾ 1349॥

ਅਰਥ:- ਹੇ ਅੱਲਾਹ! ਹੇ ਰਾਮ! ਹੇ ਸਾਈਂ! ਤੂੰ ਮੇਰੇ ਉੱਤੇ ਮਿਹਰ ਕਰ, (ਮੈਂ ਤੈਨੂੰ ਇੱਕ ਹੀ ਜਾਣ ਕੇ) ਤੇਰਾ ਨਾਮ ਸਿਮਰ ਕੇ ਜੀਵਾਂ (ਆਤਮਕ ਜੀਵਨ ਹਾਸਲ ਕਰਾਂ)। ੧। ਰਹਾਉ।

ਜੇ (ਉਹ) ਇੱਕ ਖ਼ੁਦਾ (ਸਿਰਫ਼) ਕਾਹਬੇ ਵਿੱਚ ਵੱਸਦਾ ਹੈ ਤਾਂ ਬਾਕੀ ਦਾ ਮੁਲਕ ਕਿਸ ਦਾ (ਕਿਹਾ ਜਾਏ)? (ਸੋ, ਮੁਸਲਮਾਨ ਦਾ ਇਹ ਅਕੀਦਾ ਠੀਕ ਨਹੀਂ ਹੈ)। ਹਿੰਦੂ ਪਰਮਾਤਮਾ ਦਾ ਨਿਵਾਸ ਮੂਰਤੀ ਵਿੱਚ ਸਮਝਦਾ ਹੈ; (ਇਸ ਤਰ੍ਹਾਂ ਹਿੰਦੂ ਮੁਸਲਮਾਨ) ਦੋਹਾਂ ਵਿਚੋਂ ਕਿਸੇ ਨੇ ਪਰਮਾਤਮਾ ਨੂੰ ਨਹੀਂ ਵੇਖਿਆ। ੧।

(ਹਿੰਦੂ ਆਖਦਾ ਹੈ ਕਿ) ਹਰੀ ਦਾ ਨਿਵਾਸ ਦੱਖਣ ਦੇਸ ਵਿੱਚ (ਜਗਨ ਨਾਥ ਪੁਰੀ ਵਿਚ) ਹੈ, ਮੁਸਲਮਾਨ ਆਖਦਾ ਹੈ ਕਿ ਖ਼ੁਦਾ ਦਾ ਘਰ ਪੱਛਮ ਵਲ (ਕਾਹਬੇ ਵਿਚ) ਹੈ। (ਪਰ ਹੇ ਸੱਜਣ!) ਆਪਣੇ ਦਿਲ ਵਿੱਚ (ਰੱਬ ਨੂੰ) ਭਾਲ, ਸਿਰਫ਼ ਦਿਲ ਵਿੱਚ ਹੀ ਲੱਭ, ਇਹ ਦਿਲ ਹੀ ਉਸ ਦਾ ਨਿਵਾਸ ਥਾਂ ਹੈ, ਉਸ ਦਾ ਮੁਕਾਮ ਹੈ। ੨।

ਬ੍ਰਾਹਮਣ ਚੌਵੀ ਇਕਾਦਸ਼ੀਆਂ (ਦੇ ਵਰਤ ਰੱਖਣ ਦੀ ਆਗਿਆ) ਕਰਦੇ ਹਨ, ਕਾਜ਼ੀ ਰਮਜ਼ਾਨ ਦੇ ਮਹੀਨੇ (ਰੋਜ਼ੇ ਰੱਖਣ ਦੀ ਹਿਦਾਇਤ) ਕਰਦੇ ਹਨ। ਇਹ ਲੋਕ (ਬਾਕੀ ਦੇ) ਗਿਆਰਾਂ ਮਹੀਨੇ ਲਾਂਭੇ ਹੀ ਰੱਖ ਦੇਂਦੇ ਹਨ, ਤੇ (ਕੋਈ) ਖ਼ਜ਼ਾਨਾ ਇੱਕੋ ਹੀ ਮਹੀਨੇ ਵਿਚੋਂ ਲੱਭਦੇ ਹਨ। ੩।

(ਅਸਲ ਗੱਲ ਇਹ ਹੈ ਕਿ) ਜੇ ਦਿਲ ਵਿੱਚ ਠੱਗੀ ਫ਼ਰੇਬ ਵੱਸਦਾ ਹੈ ਤਾਂ ਨਾਹ ਤਾਂ ਉਡੀਸੇ ਜਗਨ ਨਾਥ ਪੁਰੀ ਵਿੱਚ ਇਸ਼ਨਾਨ ਕਰਨ ਦਾ ਕੋਈ ਲਾਭ ਹੈ, ਨਾਹ ਮਸੀਤ ਵਿੱਚ ਜਾ ਕੇ ਸਿਜਦਾ ਕਰਨ ਦਾ ਫ਼ਾਇਦਾ ਹੈ, ਨਾਹ ਨਮਾਜ਼ ਪੜ੍ਹਨ ਦਾ ਲਾਭ ਹੈ, ਨਾਹ ਹੀ ਕਾਹਬੇ ਦਾ ਹੱਜ ਕਰਨ ਦਾ ਕੋਈ ਗੁਣ ਹੈ। ੪।

ਹੇ ਪ੍ਰਭੂ! ਇਹ ਸਾਰੇ ਇਸਤ੍ਰੀ ਮਰਦ ਜੋ ਤੂੰ ਪੈਦਾ ਕੀਤੇ ਹਨ, ਇਹ ਸਭ ਤੇਰਾ ਹੀ ਰੂਪ ਹਨ (ਤੂੰ ਹੀ ਆਪ ਇਹਨਾਂ ਵਿੱਚ ਵੱਸਦਾ ਹੈਂ)। ਤੂੰ ਹੀ, ਹੇ ਪ੍ਰਭੂ! ਅੱਲਾਹ ਹੈਂ ਤੇ ਰਾਮ ਹੈਂ। ਮੈਂ ਕਬੀਰ ਤੇਰਾ ਅੰਞਾਣ ਬੱਚਾ ਹਾਂ, (ਤੇਰੇ ਭੇਜੇ ਹੋਏ) ਅਵਤਾਰ ਪੈਗ਼ੰਬਰ ਮੈਨੂੰ ਸਭ ਆਪਣੇ ਦਿੱਸਦੇ ਹਨ। ੫।

ਕਬੀਰ ਆਖਦਾ ਹੈ—ਹੇ ਨਰ ਨਾਰੀਓ! ਸੁਣੋ, ਇੱਕ ਪਰਮਾਤਮਾ ਦੀ ਸ਼ਰਨ ਪਵੋ (ਉਹੀ ਅੱਲਾਹ ਹੈ, ਉਹੀ ਰਾਮ ਹੈ)। ਹੇ ਬੰਦਿਓ! ਸਿਰਫ਼ ਨਾਮ ਜਪੋ, ਯਕੀਨ ਨਾਲ ਜਾਣੋ, ਤਾਂ ਹੀ (ਸੰਸਾਰ-ਸਾਗਰ ਤੋਂ) ਤਰ ਸਕੋਗੇ। ੬। ੨।

ਸ਼ਬਦ ਦਾ ਭਾਵ:- ਸਰਬ-ਵਿਆਪਕ—ਨਾਹ ਉਚੇਚਾ ਕਾਹਬੇ ਵਿੱਚ ਬੈਠਾ ਹੈ, ਨਾਹ ਜਗਨਨਾਥ ਪੁਰੀ ਵਿਚ। ਉਸ ਨੂੰ ਆਪਣੇ ਹਿਰਦੇ ਵਿੱਚ ਵਸਾਓ, ਮਜ਼ਹਬੀ ਪੱਖ-ਪਾਤ ਦੂਰ ਹੋ ਜਾਣਗੇ।

ਬੁੱਤ, ਪੱਥਰ ਅਤੇ ਮੂਰਤੀ ਪੂਜਾ ਨਾਲ ਸੰਬੰਧਿਤ ਗਰੁਬਾਣੀ ਦੀਆਂ ਕੁੱਝ ਹੋਰ ਪੰਗਤੀਆਂ ਇਸ ਤਰ੍ਹਾਂ ਹਨ:

ਏਕੈ ਪਾਥਰ ਕੀਜੈ ਭਾਉ ॥ ਦੂਜੈ ਪਾਥਰ ਧਰੀਐ ਪਾਉ ॥ ਜੇ ਓਹੁ ਦੇਉ ਤ ਓਹੁ ਭੀ ਦੇਵਾ ॥ ਕਹਿ ਨਾਮਦੇਉ ਹਮ ਹਰਿ ਕੀ ਸੇਵਾ ॥੪॥੧॥ਪੰਨਾ 525॥

(ਕਿਆ ਅਜਬ ਗੱਲ ਹੈ ਕਿ) ਇਕ ਪੱਥਰ (ਨੂੰ ਦੇਵਤਾ ਬਣਾ ਕੇ ਉਸ) ਨਾਲ ਪਿਆਰ ਕੀਤਾ ਜਾਂਦਾ ਹੈ ਤੇ ਦੂਜੇ ਪੱਥਰਾਂ ਉੱਤੇ ਪੈਰ ਧਰਿਆ ਜਾਂਦਾ ਹੈ। ਜੇ ਉਹ ਪੱਥਰ (ਜਿਸ ਦੀ ਪੂਜਾ ਕੀਤੀ ਜਾਂਦੀ ਹੈ) ਦੇਵਤਾ ਹੈ ਤਾਂ ਦੂਜਾ ਪੱਥਰ ਭੀ ਦੇਵਤਾ ਹੈ (ਉਸ ਨੂੰ ਕਿਉਂ ਪੈਰਾਂ ਹੇਠ ਲਤਾੜੀਦਾ ਹੈ? ਪਰ) ਨਾਮਦੇਉ ਆਖਦਾ ਹੈ (ਅਸੀ ਕਿਸੇ ਪੱਥਰ ਨੂੰ ਦੇਵਤਾ ਥਾਪ ਕੇ ਉਸ ਦੀ ਪੂਜਾ ਕਰਨ ਨੂੰ ਤਿਆਰ ਨਹੀਂ), ਅਸੀ ਤਾਂ ਪਰਮਾਤਮਾ ਦੀ ਬੰਦਗੀ ਕਰਦੇ ਹਾਂ।੪।੧।

ਹਿੰਦੂ ਮੂਲੇ ਭੂਲੇ ਅਖੁਟੀ ਜਾਂਹੀ ॥ ਨਾਰਦਿ ਕਹਿਆ ਸਿ ਪੂਜ ਕਰਾਂਹੀ ॥ ਅੰਧੇ ਗੁੰਗੇ ਅੰਧ ਅੰਧਾਰੁ ॥ ਪਾਥਰੁ ਲੈ ਪੂਜਹਿ ਮੁਗਧ ਗਵਾਰ ॥ ਓਹਿ ਜਾ ਆਪਿ ਡੁਬੇ ਤੁਮ ਕਹਾ ਤਰਣਹਾਰੁ ॥੨॥ ਪੰਨਾ ੫੫੬

ਅਰਥ: ਹਿੰਦੂ ਉੱਕਾ ਹੀ ਭੁੱਲੇ ਹੋਏ ਖੁੰਝੇ ਜਾ ਰਹੇ ਹਨ, ਜੋ ਨਾਰਦ ਨੇ ਆਖਿਆ ਉਹੀ ਪੂਜਾ ਕਰਦੇ ਹਨ, ਇਹਨਾਂ ਅੰਨਿ੍ਹਆਂ ਗੁੰਗਿਆਂ ਵਾਸਤੇ ਹਨੇਰਾ ਘੁਪ ਬਣਿਆ ਪਿਆ ਹੈ (ਭਾਵ, ਨਾਹ ਇਹ ਸਹੀ ਰਸਤਾ ਵੇਖ ਰਹੇ ਹਨ ਤੇ ਨਾਹ ਮੂੰਹੋਂ ਪ੍ਰਭੂ ਦੇ ਗੁਣ ਗਾਉਂਦੇ ਹਨ), ਇਹ ਮੂਰਖ ਗਵਾਰ ਪੱਥਰ ਲੈ ਕੇ ਪੂਜ ਰਹੇ ਹਨ।

(ਹੇ ਭਾਈ! ਜਿਨ੍ਹਾਂ ਪੱਥਰਾਂ ਨੂੰ ਪੂਜਦੇ ਹਉ) ਜਦੋਂ ਉਹ ਆਪ (ਪਾਣੀ ਵਿਚ) ਡੁੱਬ ਜਾਂਦੇ ਹਨ (ਤਾਂ ਉਹਨਾਂ ਨੂੰ ਪੂਜ ਕੇ) ਤੁਸੀ (ਸੰਸਾਰ-ਸਮੁੰਦਰ ਤੋਂ) ਕਿਵੇਂ ਤਰ ਸਕਦੇ ਹਉ?

ਮੰਦਰ ਮਿਟੀ ਸੰਦੜੇ ਪਥਰ ਕੀਤੇ ਰਾਸਿ ਜੀਉ ॥ ਹਉ ਏਨੀ ਟੋਲੀ ਭੁਲੀਅਸੁ ਤਿਸੁ ਕੰਤ ਨ ਬੈਠੀ ਪਾਸਿ ਜੀਉ ॥ ਪੰਨਾ ੭੬੨

ਮਿੱਟੀ ਪੱਥਰ ਆਦਿਕ ਦੇ ਬਣਾਏ ਹੋਏ ਸੋਹਣੇ ਘਰ-ਇਹੀ ਮੈਂ ਆਪਣੀ ਰਾਸ-ਪੂੰਜੀ ਬਣਾ ਲਏ। ਮੈਂ ਇਹਨਾਂ ਸੋਹਣੇ ਪਦਾਰਥਾਂ ਵਿਚ ਹੀ (ਫਸ ਕੇ) ਗ਼ਲਤੀ ਖਾ ਗਈ, (ਇਹ ਪਦਾਰਥ ਦੇਣ ਵਾਲੇ) ਉਸ ਖਸਮ-ਪ੍ਰਭੂ ਦੇ ਪਾਸ ਮੈਂ ਨਾਹ ਬੈਠੀ।

ਮਹਲਾ ੫ ॥ ਜੋ ਪਾਥਰ ਕਉ ਕਹਤੇ ਦੇਵ ॥ ਤਾ ਕੀ ਬਿਰਥੀ ਹੋਵੈ ਸੇਵ ॥ ਜੋ ਪਾਥਰ ਕੀ ਪਾਂਈ ਪਾਇ ॥ ਤਿਸ ਕੀ ਘਾਲ ਅਜਾਂਈ ਜਾਇ ॥੧॥ ਠਾਕੁਰੁ ਹਮਰਾ ਸਦ ਬੋਲੰਤਾ ॥ ਸਰਬ ਜੀਆ ਕਉ ਪ੍ਰਭੁ ਦਾਨੁ ਦੇਤਾ ॥੧॥ ਰਹਾਉ ॥ ਅੰਤਰਿ ਦੇਉ ਨ ਜਾਨੈ ਅੰਧੁ ॥ ਭ੍ਰਮ ਕਾ ਮੋਹਿਆ ਪਾਵੈ ਫੰਧੁ ॥ ਨ ਪਾਥਰੁ ਬੋਲੈ ਨ ਕਿਛੁ ਦੇਇ ॥ ਫੋਕਟ ਕਰਮ ਨਿਹਫਲ ਹੈ ਸੇਵ ॥੨॥ ਪੰਨਾ ੧੧੬੦

ਅਰਥ:- ਸਾਡਾ ਠਾਕੁਰ ਸਦਾ ਬੋਲਦਾ ਹੈ, ਉਹ ਪ੍ਰਭੂ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ। ੧। ਰਹਾਉ।

ਜੋ ਮਨੁੱਖ ਪੱਥਰ (ਦੀ ਮੂਰਤੀ) ਨੂੰ ਰੱਬ ਆਖਦੇ ਹਨ, ਉਹਨਾਂ ਦੀ ਕੀਤੀ ਸੇਵਾ ਵਿਅਰਥ ਜਾਂਦੀ ਹੈ। ਜੋ ਮਨੁੱਖ ਪੱਥਰ (ਦੀ ਮੂਰਤੀ) ਦੇ ਪੈਰੀਂ ਪੈਂਦੇ ਹਨ, ਉਹਨਾਂ ਦੀ ਮਿਹਨਤ ਅਜਾਈਂ ਚਲੀ ਜਾਂਦੀ ਹੈ। ੧।

ਅੰਨ੍ਹਾ ਮੂਰਖ ਆਪਣੇ ਅੰਦਰ-ਵੱਸਦੇ ਰੱਬ ਨੂੰ ਨਹੀਂ ਪਛਾਣਦਾ, ਭਰਮ ਦਾ ਮਾਰਿਆ ਹੋਇਆ ਹੋਰ ਹੋਰ ਜਾਲ ਵਿਛਾਉਂਦਾ ਹੈ। ਇਹ ਪੱਥਰ ਨਾਹ ਬੋਲਦਾ ਹੈ, ਨਾਹ ਕੁੱਝ ਦੇ ਸਕਦਾ ਹੈ, (ਇਸ ਨੂੰ ਇਸ਼ਨਾਨ ਕਰਾਣ ਤੇ ਭੋਗ ਆਦਿਕ ਲਵਾਣ ਦੇ) ਸਾਰੇ ਕੰਮ ਵਿਅਰਥ ਹਨ, (ਇਸ ਦੀ ਸੇਵਾ ਵਿਚੋਂ ਕੋਈ ਫਲ ਨਹੀਂ ਮਿਲਦਾ। ੨।

ਜੇ ਕੋਈ ਮਨੁੱਖ ਮੁਰਦੇ ਨੂੰ ਚੰਦਨ (ਰਗੜ ਕੇ) ਲਾ ਦੇਵੇ, ਉਸ ਮੁਰਦੇ ਨੂੰ ਕੋਈ (ਇਸ ਸੇਵਾ ਦਾ) ਫਲ ਨਹੀਂ ਮਿਲ ਸਕਦਾ। ਤੇ, ਜੇ ਕੋਈ ਮੁਰਦੇ ਨੂੰ ਗੰਦ ਵਿੱਚ ਰੋਲ ਦੇਵੇ, ਤਾਂ ਭੀ ਉਸ ਮੁਰਦੇ ਦਾ ਕੋਈ ਵਿਗਾੜ ਨਹੀਂ ਹੋ ਸਕਦਾ। ੩।

ਕਬੀਰ ਆਖਦਾ ਹੈ—ਮੈਂ ਪੁਕਾਰ ਪੁਕਾਰ ਕੇ ਆਖਦਾ ਹਾਂ ‘ਹੇ ਰੱਬ ਨਾਲੋਂ ਟੁੱਟੇ ਹੋਏ ਮੂਰਖ! ਸਮਝ ਕੇ ਵੇਖ, ਰੱਬ ਨੂੰ ਛੱਡ ਕੇ ਹੋਰ ਹੋਰ ਵਿੱਚ ਪਿਆਰ ਪਾ ਕੇ ਬਥੇਰੇ ਜੀਵ ਤਬਾਹ ਹੋ ਗਏ। ਸਦਾ ਸੁਖੀ ਜੀਵਨ ਵਾਲੇ ਸਿਰਫ਼ ਉਹੀ ਹਨ ਜੋ ਪ੍ਰਭੂ ਦੇ ਭਗਤ ਹਨ’। ੪। ੪। ੧੨।

ਪਿਛਲੀ ਲਗ-ਭਗ ਇੱਕ ਸਦੀ ਤੋਂ ਜਿਤਨੇ ਵੀ ਕਥਿਤ ਹੁਕਮਨਾਮੇ ਇਸ ਕਹੇ ਜਾਂਦੇ ਅਕਾਲ ਪੁਰਖ ਦੇ ਸਿੰਘਾਸਣ, ਪੱਥਰ ਦੇ ਵੱਡੇ ਮੂਰਤੇ (ਅਕਾਲ ਤਖ਼ਤ) ਤੋਂ ਜਾਰੀ ਹੋਏ ਹਨ ਉਹਨਾ ਵਿਚੋਂ ਬਹੁਤੇ ਨਫਰਤ ਫੈਲਾਉਣ ਅਤੇ ਵੰਡੀਆਂ ਪਉਣ ਵਾਲੇ ਹੀ ਹਨ। ਜਿਹੜੇ ਕਿ ਗੁਰਮਤਿ ਦੇ ਮੁਢਲੇ ਸਿਧਾਂਤਾਂ ਦੇ ਉਲਟ ਹਨ। ਕਈ ਵਾਰੀ ਤਾਂ ਇੰਜ ਮਹਿਸੂਸ ਹੁੰਦਾ ਹੈ ਕਿ ਇਹ ਪੱਥਰ ਵਾਲਾ ਮੂਰਤਾ ਸਿੱਖਾਂ ਦੇ ਮਨ ਕਾਲੇ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਹੋਵੇ!

ਸਿੱਖਾਂ ਦੇ ਮਨ ਕਾਲੇ ਕਿਵੇਂ:- ਗੁਰਬਾਣੀ ਅਨੁਸਾਰ ਮਨੁੱਖੀ ਮਨ ਬੁਰੇ ਵਿਚਾਰਾਂ ਨਾਲ ਕਾਲਾ ਅਤੇ ਪਾਪੀ ਹੋ ਜਾਂਦਾ ਹੈ। ਇਹ ਕਾਲਕ ਅਤੇ ਪਾਪ ਚੰਗੇ ਵਿਚਾਰਾਂ ਨਾਲ ਧੋਤੇ ਜਾ ਸਕਦੇ ਹਨ। ਜਪੁਜੀ ਵਿੱਚ ਵੀ ਇਸ ਦਾ ਜ਼ਿਕਰ ਆਉਂਦਾ ਹੈ ਕਿ ਪਾਪਾਂ ਵਾਲੀ ਮੱਤ ਨਾਮ/ਚੰਗੇ ਵਿਚਾਰਾਂ ਨਾਲ ਧੋਤੀ ਜਾ ਸਕਦੀ ਹੈ। ਜਿਸ ਤਰਾਂ ਗੰਦੇ ਕੱਪੜੇ ਸਾਬਣ ਨਾਲ ਧੋਤੇ ਜਾਂਦੇ ਹਨ ਇਸੇ ਤਰ੍ਹਾ ਮੰਦੇ ਵਿਚਾਰ ਚੰਗੇ ਵਿਚਾਰਾਂ ਨਾਲ ਧੋਤੇ ਜਾ ਸਕਦੇ ਹਨ। ਬਾਣੀ ਪੜ੍ਹਨ ਵਾਲੇ ਸਿੱਖ ਜਿੱਥੇ ਆਪਣੀ ਮੱਤ ਨੂੰ ਚੰਗੇ ਵਿਚਾਰਾਂ ਨਾਲ ਸਾਫ ਕਰਨ ਦੀ ਕੋਸ਼ਿਸ਼ ਕਰਦੇ ਹਨ ਉਥੇ ਨਾਲ ਹੀ ਆਪਣੇ ਮਨ ਤੇ ਕਾਲਕ ਮਲਦੇ ਰਹਿੰਦੇ ਹਨ ਜਦੋਂ ਇਹ ਪੜ੍ਹਦੇ ਹਨ, "ਚੁਨਿ ਚੁਨਿ ਸੱਤ੍ਰ ਹਮਾਰੇ ਮਾਰੀਅਹਿ"। ਉਂਜ ਤਾਂ ਚੌਪਈ ਦਾ ਸਿਧਾਂਤ ਗੁਰਬਾਣੀ ਦੇ ਸਿਧਾਂਤ ਨਾਲ ਬਿੱਲਕੁੱਲ ਮੇਲ ਨਹੀਂ ਖਾਂਦਾ ਪਰ ਕੁੱਝ ਪੰਗਤੀਆਂ ਤਾਂ ਬਿੱਲਕੁੱਲ ਹੀ ਗੁਰਮਤਿ ਤੋਂ ਉਲਟ ਹਨ। ਜਿਵੇਂ ਕਿ ਇਸ ਪੈਰੇ ਵਿੱਚ ਲਿਖੀ ਗਈ ਪੰਗਤੀ ਕਿਸੇ ਵੀ ਤਰ੍ਹਾਂ ਸੱਚ ਤੇ ਪੂਰੀ ਨਹੀਂ ਉਤਰਦੀ। ਭਾਵੇਂ ਇਸ ਨੂੰ ਅੰਦਰਲੇ ਵਿਸ਼ੇ ਵਿਕਾਰਾਂ ਤੇ ਢੁਕਾ ਕੇ ਦੇਖ ਲਓ ਅਤੇ ਭਾਵੇਂ ਕਿਸੇ ਕਥਿਤ ਬਾਹਰਲੇ ਵੈਰੀ ਤੇ। ਕਿਉਂਕਿ ਜਿਥੋਂ ਗੁਰਬਾਣੀ ਸ਼ੁਰੂ ਹੁੰਦੀ ਹੈ ਉਸ ਦੀਆਂ ਪਹਿਲੀਆਂ ਪੰਗਤੀਆਂ ਵਿੱਚ ਹੀ ਅਕਾਲ ਪੁਰਖ ਨੂੰ ਨਿਰਵੈਰੁ ਕਿਹਾ ਗਿਆ ਹੈ। ਇਹ ਗੁਣ ਹੀ ਸਿੱਖ ਨੇ ਅਪਣਾਉਣ ਦੀ ਕੋਸ਼ਿਸ਼ ਕਰਨੀ ਹੈ। ਪਰ ਅਸੀਂ ਤਾਂ ਗੁਰੂਆਂ ਨੂੰ ਵੀ ਵੈਰ ਭਾਵਨਾ ਵਾਲੇ ਬਣਾ ਧਰਿਆ ਹੈ। ਜਦੋਂ ਇਸ ਬਾਰੇ ਕਿਸੇ ਵਿਦਵਾਨ ਸੱਜਣ ਗਿ: ਭਾਗ ਸਿੰਘ ਅੰਬਾਲਾ ਵਰਗੇ ਨੇ ਦੱਸਣ ਦੀ ਕੋਸ਼ਿਸ਼ ਕੀਤੀ ਤਾਂ ਚਾਹੀਦਾ ਤਾਂ ਇਹ ਸੀ ਕਿ ਸੋਝਵਾਨ ਸੱਜਣ ਬੈਠ ਕੇ ਵਿਚਾਰ ਕਰਦੇ ਕਿ ਇਸ ਦੀ ਕਹੀ ਹੋਈ ਗੱਲ ਕਿਤੇ ਠੀਕ ਤਾਂ ਨਹੀਂ? ਪਰ ਇਹ ਕਿਵੇਂ ਹੋ ਸਕਦਾ ਹੈ ਜਦੋਂ ਕਿ ਇੱਕ ਮੂਰਤੇ ਦੇ ਪੁਜਾਰੀ ਹੁਕਮਰਾਨ ਬਣ ਕੇ ਬੈਠੇ ਹੋਣ। ਉਸ ਨੂੰ ਕਹਿੰਦੇ ਕਿ ਤੂੰ ਤਾਂ ਸਿੱਖ ਹੀ ਨਹੀਂ ਜਾ ਤੈਨੂੰ ਛੇਕਿਆ। ਅਸੀਂ ਇਹ ਕਿਵੇਂ ਛੱਡ ਸਕਦੇ ਹਾਂ ਜਾਂ ਇਸ ਬਾਰੇ ਕੋਈ ਵਿਚਾਰ ਕਰ ਸਕਦੇ ਹਾਂ। ਇਹ ਤਾਂ ਸਾਡੇ ਅੰਮ੍ਰਿਤ ਦੀ ਬਾਣੀ ਹੈ। ਸਾਡੇ ਵੱਡੇ ਵਡੇਰੇ ਬਾਬੇ ਪੜਦਾਦੇ ਇਸ ਨੂੰ ਪੜ੍ਹਦੇ ਆਏ ਹਨ ਅਸੀਂ ਇਸ ਨੂੰ ਕਿਵੇਂ ਛੱਡ ਸਕਦੇ ਹਾਂ। ਮਨ ਕਾਲੇ ਹੁੰਦੇ ਹਨ ਹੋਈ ਜਾਣ, ਕੋਈ ਪਰਵਾਹ ਨਹੀਂ। ਆਹ ਫਲਾਨੇ-ਫਲਾਨੇ ਸਾਡੇ ਮਹਾਂਪੁਰਸ਼ ਪੜ੍ਹਦੇ ਆਏ ਹਨ ਕੀ ਤੁਸੀਂ ਉਹਨਾ ਨਾਲੋਂ ਵੀ ਸਿਆਣੇ ਹੋ ਗਏ?

ਸਿੱਖ ਮਾਨਸਿਕ ਗੁਲਾਮ ਕਿਵੇਂ:- ਕਿਸੇ ਵਿਰਲੇ ਨੂੰ ਛੱਡ ਕੇ ਸਾਰੀ ਦੁਨੀਆ ਦੇ ਸਿੱਖ ਇਸ ਅਕਾਲ ਤਖ਼ਤ ਵਾਲੇ ਮੂਰਤੇ ਅਤੇ ਇੱਥੇ ਬੈਠੇ ਪੁਜਾਰੀਆਂ ਦੇ ਗੁਲਾਮ ਹਨ। ਇਹਨਾ ਸਾਰੇ ਸਿੱਖਾਂ ਦੀ ਆਪਣੀ ਕੋਈ ਵੀ ਅਜ਼ਾਦ ਸੋਚਣੀ ਨਹੀਂ ਹੈ। ਇਹ ਸਿੱਧੇ ਹੀ ਅਕਾਲ ਪੁਰਖ ਜਾਂ ਗੁਰਬਾਣੀ ਨਾਲ ਨਹੀਂ ਜੁੜੇ ਹੋਏ ਅਤੇ ਨਾ ਹੀ ਥੋੜੇ ਕੀਤੇ ਜੁੜ ਸਕਦੇ ਹਨ। ਜੇ ਕਰ ਜੁੜੇ ਹੋਏ ਹੁੰਦੇ ਜਾਂ ਜੁੜ ਸਕਦੇ ਹੁੰਦੇ ਤਾਂ ਸਿੱਖਾਂ ਅਤੇ ਸਿੱਖੀ ਦੀ ਜੋ ਦੁਰਦਸ਼ਾ ਹੋ ਰਹੀ ਹੈ ਉਹ ਕਦੇ ਨਾ ਹੁੰਦੀ। ਇੱਕ ਗੱਲ ਤਾਂ ਹੁਣ ਤਕਰੀਬਨ ਬਹੁਤੇ ਸਿੱਖ ਸਮਝ ਚੁੱਕੇ ਹਨ ਕਿ ਇਹ ਤਖ਼ਤਾਂ ਦੇ ਪੁਜਾਰੀ ਰਾਜਨੀਤਕ ਲੋਕਾਂ ਦੇ ਗੁਲਾਮ ਹਨ ਅਤੇ ਰਾਜਨੀਤਕ ਆਪਣੇ ਤੋਂ ਵੱਡੇ ਰਾਜਨੀਤਕਾਂ ਦੇ ਗੁਲਾਮ ਹਨ। ਸਿੱਖ ਭਾਵੇਂ ਕਿਤਨਾ ਵੀ ਪੜ੍ਹਿਆ ਲਿਖਿਆ ਅਤੇ ਵਿਦਵਾਨ ਹੋਵੇ ਉਹ ਇਹਨਾ ਅਨਪੜ੍ਹ/ਪੰਜ ਗ੍ਰੰਥੀ/ਦਸਮ ਗ੍ਰੰਥੀ ਜਿਹੜੇ ਕਿ ਬਹੁਤਾ ਕਰਕੇ ਡੇਰਿਆ ਨਾਲ ਹੀ ਸੰਬੰਧਿਤ ਹੁੰਦੇ ਹਨ, ਆਪਣੀ ਮਾਨਸਿਕ ਗੁਲਾਮੀ ਕਰਕੇ ਇਹਨਾ ਅੱਗੇ ਸਿਰ ਝੁਕਾਉਣ ਲਈ ਮਜ਼ਬੂਰ ਹੁੰਦਾ ਹੈ। ਇਸ ਲਈ ਬਹੁਤੇ ਵਿਦਵਾਨ ਪਤਾ ਹੁੰਦੇ ਹੋਏ ਵੀ ਸੱਚੀ ਗੱਲ ਕਰਨ ਤੋਂ ਝਿਜਕਦੇ ਹਨ ਕਿ ਪਤਾ ਨਹੀਂ ਕਿਹੜੇ ਵੇਲੇ ਇਹਨਾ ਪੁਜਾਰੀਆਂ ਨੇ ਕੋਈ ਫਤਵਾ ਕਿਸੇ ਤੇ ਜਾਰੀ ਕਰ ਦੇਣਾ ਹੈ ਇਸ ਲਈ ਆਪਣਾ ਕੰਮ ਕਰੋ ਤੇ ਨਿਆਣੇ ਪਾਲੋ, ਐਵੇਂ ਹੀ ਕਿਸੇ ਖ਼ਲਜਗਣ ਵਿੱਚ ਪੈਣਾ ਹੈ। ਜਿਹੜੇ ਵਿਦਵਾਨ ਡਰਦੇ-ਡਰਦੇ ਥੋੜਾ ਬਹੁਤ ਪਰਚਾਰ ਕਰਦੇ ਵੀ ਹਨ ਉਹਨਾ ਤੇ ਹਰ ਵੇਲੇ ਨੰਗੀ ਤਲਵਾਰ ਇਸ ਮੂਰਤੇ ਦੇ ਪੁਜਾਰੀਆਂ ਦੀ ਲਟਕਦੀ ਰਹਿੰਦੀ ਹੈ। ਇਸੇ ਕਰਕੇ ਕੋਈ ਵੀ ਵਿਦਵਾਨ ਦੁਨੀਆ ਦੇ ਲੈਵਲ ਦਾ ਸਿੱਖ ਕੌਮ ਪੈਦਾ ਨਹੀਂ ਕਰ ਸਕੀ ਜਾਂ ਪੈਦਾ ਨਹੀਂ ਹੋ ਸਕਿਆ।

ਧਰਮ ਦੇ ਨਾਮ ਤੇ ਝੂਠ ਬੋਲ-ਬੋਲ ਕੇ ਇਹਨਾ ਤਖ਼ਤਾਂ ਤੇ ਪੁਜਾਰੀਆਂ ਨੂੰ ਇਤਨਾ ਉਚਾ ਚੁੱਕ ਦਿੱਤਾ ਗਿਆ ਹੈ ਕਿ ਬ੍ਰਾਹਮਣਵਾਦ ਨੂੰ ਵੀ ਮਾਤ ਪਉਂਦਾ ਹੈ। ਜੇ ਕਰ ਕੋਈ ਪੁਜਾਰੀ ਮਾੜੀ ਮੋਟੀ ਸੱਚ ਦੀ ਚੰਗੀ ਗੱਲ ਕਰ ਦੇਵੇ ਤਾਂ ਉਸ ਨੂੰ ਸਿਰ ਤੇ ਚੁੱਕ ਲੈਂਦੇ ਹਨ ਕਿ ਪਤਾ ਨਹੀਂ ਕਿ ਇਹ ਕਿਤਨਾ ਕੁ ਮਹਾਨ ਹੋਵੇਗਾ। ਇਸ ਦੀ ਤਾਜਾ ਮਿਸਾਲ ਸਾਬਕਾ ਜਥੇਦਾਰ ਨੰਦਗੜ ਦੀ ਹੈ। ਉਸ ਨੇ ਮਾੜਾ ਜਿਹਾ ਹਾਂ ਦਾ ਨਾਹਰਾ ਨਾਨਕਸ਼ਾਹੀ ਕੈਲੰਡਰ ਬਾਰੇ ਮਾਰਿਆ ਸੀ। ਉਸ ਨੂੰ ਇਸ ਸਾਲ 2015 ਨੂੰ ਅਪਰੈਲ ਮਹੀਨੇ ਵਿੱਚ ਕਨੇਡਾ ਦੀ ਸੈਰ ਕਰਵਾ ਕੇ ਕਾਫੀ ਮਾਣ ਸਤਿਕਾਰ ਦਿੱਤਾ ਗਿਆ। ਹਾਲਾਂ ਕਿ ਉਹ ਪਹਿਲਾਂ ਕਈ ਗਲਤ ਹੁਕਮਨਾਮਿਆਂ ਤੇ ਵੀ ਦਸਖਤ ਕਰ ਚੁੱਕਾ ਸੀ। ਉਹ ਇਹ ਵੀ ਕਹਿੰਦਾ ਰਿਹਾ ਸੀ ਕਿ ਮੈਂ ਕਿਰਪਾਨ ਨਹੀਂ ਲਹੁਣੀਂ ਇਸ ਲਈ ਮੈਂ ਬਾਹਰ ਵੀ ਨਹੀਂ ਜਾਣਾ। ਜੇ ਦੇਖਿਆ ਜਾਵੇ ਤਾਂ ਉਸ ਨੂੰ ਇੱਕ ਸਾਧਾਰਣ ਬੰਦੇ ਜਿੰਨੀ ਵੀ ਅਕਲ ਨਹੀਂ ਹੋਣੀ ਜਿਹੜੀ ਕਿ ਇਹ ਨਾਲ ਦਿੱਤੀ ਜਾ ਰਹੀ ਫੋਟੋ ਤੋਂ ਸਪਸ਼ਟ ਹੈ। ਕਿਵੇਂ ਉਹ ਇੱਕ ਸਿੱਖ ਦੀ ਦਾੜੀ ਨੂੰ ਫੜਦਾ ਹੈ। ਪਹਿਲਾਂ ਵੀ ਉਸ ਬਾਰੇ ਛਪ ਚੁੱਕਾ ਹੈ ਕਿ ਇਸ ਨੰਦਗੜ ਨੇ ਆਪਣੇ ਗੁਆਂਢੀ ਦੀਆਂ ਅੱਖਾਂ ਵਿੱਚ ਨੀਲਾ ਥੋਥਾ ਪਾਇਆ ਸੀ। ਪਰ ਜਿਹਨਾ ਦੀ ਅਕਲ ਨੂੰ ਇਹਨਾ ਪੁਜਾਰੀਆਂ ਅਤੇ ਮੂਰਤਿਆਂ ਨਾਲ ਬੰਨ ਦਿੱਤਾ ਗਿਆ ਹੈ ਉਹਨਾ ਨੂੰ ਅਕਲ ਕਦੀ ਵੀ ਆ ਹੀ ਨਹੀਂ ਸਕਦੀ। ਪਰ ਸੰਘ ਪਾੜ-ਪਾੜ ਕੇ ਦਾਅਵਾ ਇਹ ਕਰੀ ਜਾਣਗੇ ਕਿ ਸਾਡੇ ਵਰਗਾ ਹੋਰ ਕੋਈ ਨਹੀਂ ਅਸੀਂ ਅਕਾਲ ਤਖ਼ਤ ਨੂੰ ਸਮਰਪਤਿ ਹਾਂ ਅਸੀਂ ਯਿਹ ਹਾਂ ਵੋਹ ਹਾਂ। ਇੱਥੇ ਇੱਕ ਗੱਲ ਪ੍ਰੋ ਦਰਸ਼ਨ ਸਿੰਘ ਨਾਲ ਸੰਬੰਧਿਤ ਸੱਜਣ ਬਾਰੇ ਦੱਸਣੀ ਵੀ ਠੀਕ ਰਹੇਗੀ ਜਿਹੜਾ ਕਿ ਬੀ. ਸੀ. ਕਨੇਡਾ ਵਿੱਚ ਹੀ ਰਹਿੰਦਾ ਹੈ। ਇਹ ਪਹਿਲਾਂ ਹਰ ਵੇਲੇ ਇਹੀ ਕਹਿੰਦਾ ਹੁੰਦਾ ਸੀ ਕਿ ਫਲਾਨੇ ਫਲਾਨੇ ਅਕਾਲ ਤਖ਼ਤ ਨੂੰ ਸਮਰਪਿਤ ਹਨ ਅਤੇ ਫਲਾਨੇ ਅਕਾਲ ਤਖ਼ਤ ਤੋਂ ਬਾਗੀ ਹਨ। ਉਥੋਂ ਆਇਆ ਹਰ ਹੁਕਮ ਮੰਨਣਾ ਚਾਹੀਦਾ ਹੈ। ਜਦੋਂ ਪ੍ਰੋ: ਦਰਸ਼ਨ ਸਿੰਘ ਨੂੰ ਛੇਕ ਦਿੱਤਾ ਤਾਂ ਕਿਸੇ ਨੇ ਪੁੱਛ ਲਿਆ ਕਿ ਅਕਾਲ ਤਖ਼ਤ ਦੇ ਹੁਕਮ ਨੂੰ ਹੁਣ ਵੀ ਪਹਿਲਾਂ ਦੀ ਤਰ੍ਹਾਂ ਹੀ ਮੰਨਦੇ ਹੋ ਤਾਂ ਕੋਈ ਸਿੱਧਾ ਜਵਾਬ ਨਹੀਂ ਦੇ ਸਕਿਆ।

ਪਿਛਲੇ ਕੁੱਝ ਦਿਨਾ ਦੀਆਂ ਘਟਨਾਵਾ ਨੇ ਇਹ ਗੱਲ ਸਪਸ਼ਟ ਕਰ ਦਿੱਤੀ ਹੈ ਕਿ ਹਰ ਸਿੱਖ ਗੁਰਬਾਣੀ/ਗੁਰੂ ਗ੍ਰੰਥ ਸਾਹਿਬ ਨੂੰ ਹੀ ਦਿਲੋਂ ਸਰਵਉੱਚ ਮੰਨਦਾ ਹੈ ਪਰ ਰਾਜਨੀਤਕ ਲੋਕਾਂ ਨੇ ਅਤੇ ਇਹਨਾ ਦੇ ਪਿਛਲੱਗ ਲੋਕਾਂ ਨੇ ਤਖ਼ਤਾਂ ਅਤੇ ਇਹਨਾ ਦੇ ਪੁਜਾਰੀਆਂ ਨੂੰ ਹੀ ਸਰਵਉੱਚ ਕਹਿਣਾ ਸ਼ੁਰੂ ਕੀਤਾ ਹੋਇਆ ਹੈ। ਕੁੱਝ ਦਿਨ ਪਹਿਲਾਂ ਇੰਨਸਟੀਟਿਊਟ ਔਫ ਸਿੱਖ ਸਟੱਡੀ ਵਾਲਿਆਂ ਵਲੋਂ ਇੱਕ ਪਟੀਸ਼ਨ ਸ਼ੁਰੂ ਕੀਤੀ ਗਈ ਸੀ ਕਿ ਅਕਾਲ ਤਖ਼ਤ ਦੇ ਜਥੇਦਾਰ ਦਾ ਅਹੁਦਾ ਗੈਰ ਵਿਧਾਨਕ ਹੈ। ਜੇ ਕਰ ਇਹ ਅਹੁਦਾ ਹੀ ਗਲਤ ਹੈ ਤਾਂ ਇਹਨਾ ਦੇ ਹੁਕਮ ਮੰਨਣ ਦੀ ਵੀ ਕੋਈ ਲੋੜ ਨਹੀਂ ਅਤੇ ਨਾ ਹੀ ਕਿਸੇ ਪਟੀਸ਼ਨ ਦੀ ਲੋੜ ਹੈ। ਹੁਣ ਵਿਚੇ ਹੀ ਪੰਜਾ ਪਿਆਰਿਆਂ ਦੀ ਗੱਲ ਆ ਗਈ ਹੈ ਕਿ ਉਹਨਾ ਨੇ ਇਹਨਾ ਜਥੇਦਾਰਾਂ ਨੂੰ ਤਲਬ ਕੀਤਾ ਹੈ। ਇਸ ਦੇ ਹੱਕ ਵਿੱਚ ਅਤੇ ਵਿਰੋਧ ਵਿੱਚ ਲਿਖਣਾ ਸ਼ੁਰੂ ਹੋ ਗਿਆ ਹੈ। ਕੋਈ ਇਸ ਨੂੰ ਠੀਕ ਕਹਿੰਦਾ ਹੈ ਅਤੇ ਕੋਈ ਗਲਤ। ਭਾਵ ਕਿ ਸਾਰੇ ਸਿੱਖ ਆਪਣੀ ਜੱਗ ਹਸਾਈ ਆਪੇ ਕਰਕੇ ਦੱਸ ਰਹੇ ਹਨ ਕਿ ਅਸੀਂ ਸਾਰੇ ਭੰਬਲਭੂਸੇ ਵਿੱਚ ਹਾਂ ਸਾਨੂੰ ਤਾਂ ਹਾਲੇ ਆਪਣੇ ਸਿਧਾਂਤ ਦੀ ਸੋਝੀ ਖੁਦ ਹੀ ਨਹੀਂ ਆਈ ਅਸੀਂ ਦੂਸਰਿਆਂ ਨੂੰ ਕੀ ਦੱਸਣਾ ਹੈ। ਕੋਈ ਅਕਾਲੀ ਫੂਲਾ ਸਿੰਘ ਦੀ ਮਿਸਾਲ ਦੇਈ ਜਾਂਦਾ ਹੈ ਕੋਈ ਗੁਰੂ ਗੋਬਿੰਦ ਸਿੰਘ ਦੇ ਦਾਦੂ ਦੀ ਪੀਰ ਦੀ ਜਾਂ ਚਮਕੌਰ ਦੀ ਗੜੀ ਦੀ। ਜੇ ਕਰ ਗੁਰਬਾਣੀ ਦੇ ਅਧਾਰਿਤ ਸੱਚ ਦੀ ਗੱਲ ਕਰਨੀ ਹੈ ਤਾਂ ਉਹ ਕੋਈ ਵੀ ਕਿਤਉਂ ਵੀ ਪੰਜ ਸਿੰਘ ਹੋ ਸਕਦੇ ਹਨ ਪਰ ਜੇ ਧਰਮ ਦਾ ਨਾਮ ਲੈ ਕੇ ਝੂਠ ਹੀ ਬੋਲਣਾ ਹੈ ਤਾਂ ਉਹ ਭਾਵੇਂ ਕੋਈ ਹੋਣ, ਤਖ਼ਤਾ ਦੇ ਹੋਣ ਜਾਂ ਹੋਰ ਕੋਈ ਅੰਤ ਨੂੰ ਉਸ ਝੂਠ ਨਾਲ ਖੁਆਰੀ ਹੀ ਪੱਲੇ ਪੈਣੀ ਹੈ।

ਅਖੀਰ ਤੇ ਮੈਂ ਇਹੀ ਕਹਿਣਾ ਚਾਹਾਂਗਾ ਕਿ ਜੇ ਕਰ ਸਿੱਖ ਆਪਣਾ, ਸਿੱਖੀ ਦਾ ਅਤੇ ਸਾਰੀ ਦੁਨੀਆ ਦਾ ਭਲਾ ਚਾਹੁੰਦੇ ਹਨ ਤਾਂ ਸਾਰੀ ਦੁਨੀਆ ਦੇ ਸਿੱਖ, ਸਾਰੀ ਦੁਨੀਆ ਵਿਚੋਂ ਪੜ੍ਹੇ ਲਿਖੇ ਸਿੱਖਾਂ ਅਤੇ ਬੀਬੀਆਂ ਦੀ ਇੱਕ ਕਮੇਟੀ ਬਣਾਉਣ। ਇਹ ਕਮੇਟੀ ਗੁਰਬਾਣੀ ਦੇ ਅਧਾਰ ਤੇ ਕਿਸੇ ਵੀ ਮੁੱਦੇ ਤੇ ਵਿਚਾਰ ਕਰਕੇ ਆਪਣੀ ਰਾਏ ਸਾਰੀ ਦੁਨੀਆ ਨਾਲ ਸਾਂਝੀ ਕਰੇ। ਫਿਰ ਸਾਰੀ ਦੁਨੀਆ ਦੇ ਸਿੱਖ ਆਪਣੇ ਵਿਚਾਰ ਉਸ ਮੁੱਦੇ ਬਾਰੇ ਦੇਣ। ਇਹ ਵਿਚਾਰ ਸਾਰਿਆਂ ਦੇ ਸਾਹਮਣੇ ਇੰਟਰਨੈੱਟ ਤੇ ਹੋਵੇ। ਜਦੋਂ ਸਾਰੇ ਸਿੱਖਾਂ ਦੀ (ਮੈਂ ਨਾ ਮਾਨੂੰ ਵਾਲਿਆਂ ਨੂੰ ਛੱਡ ਕੇ) ਤਸੱਲੀ ਹੋ ਜਾਵੇ ਫਿਰ ਉਹ ਆਪਣੇ ਆਪ ਹੀ ਸਾਰੇ ਹੀ ਸੂਝਵਾਨ ਸਿੱਖਾਂ ਤੇ ਲਾਗੂ ਹੋ ਜਾਵੇਗੀ। ਜੇ ਕਰ ਗੁਰਪੁਰਬ ਦੀਆਂ ਤਰੀਕਾਂ ਪੱਕੀਆਂ ਕਰਨ ਲਈ ਅਜਿਹਾ ਹੀ ਤਰੀਕਾ ਅਪਣਾਇਆ ਜਾਂਦਾ ਤਾਂ ਆਪੇ ਹੀ ਸਾਰਿਆਂ ਨੇ ਸਮਝ ਜਾਣੀ ਸੀ। ਇਹ ਗੱਲ ਚਿੱਟੇ ਦਿਨ ਵਾਂਗ ਸਾਰਿਆਂ ਦੇ ਸਾਹਮਣੇ ਹੈ ਕਿ ‘ਸਿੱਖ ਮਾਰਗ’ ਵਲੋਂ ਦਸਮ ਗ੍ਰੰਥ, ਰਾਗਮਾਲਾ ਅਤੇ ਕਰਤਾਰ ਪੁਰੀ ਬੀੜ ਦੀ ਸਚਾਈ ਸਾਰਿਆਂ ਦੇ ਸਾਹਮਣੇ ਰੱਖੀ ਗਈ ਸੀ। ਡੇਰਿਆਂ ਵਾਲੇ ਸਾਧਾਂ ਦਿਆਂ ਚੇਲਿਆਂ ਅਤੇ ਹੋਰ ਕਈ ਟੋਲਿਆਂ ਨੂੰ ਛੱਡ ਕੇ ਬਹੁਤ ਸਾਰੇ ਸੂਝਵਾਨ ਇਹਨਾ ਦੀ ਅਸਲੀਅਤ/ਸਚਾਈ ਨੂੰ ਸਮਝ ਗਏ ਹਨ। ਜੇ ਕਰ ਸਾਰੀ ਦੁਨੀਆ ਦੇ ਸੂਝਵਾਨ ਸਿੱਖ ਇਕੱਠੇ ਹੋ ਕੇ ਕੋਈ ਉਪਰਾਲਾ ਕਰਨ ਤਾਂ ਬਹੁਤ ਸਾਰੇ ਸਾਰਥਿਕ ਨਤੀਜੇ ਸਾਹਮਣੇ ਆ ਸਕਦੇ ਹਨ। ਜੇ ਕਰ ਬੁੱਤ-ਪ੍ਰਸਤ ਬਣ ਕੇ ਪੁਜਾਰੀਆਂ ਅਤੇ ਰਾਜਨੀਤਕ ਲੋਕਾਂ ਵੱਲ ਹੀ ਦੇਖੀ ਜਾਣਾ ਹੈ ਤਾਂ ਦੇਖੀ ਜਾਓ। ਮਨੁੱਖਤਾ ਦਾ ਘਾਣ ਕਰਾਈ ਜਾਓ ਅਤੇ ਫਿਰ ਝੂਠ ਬੋਲ ਕੇ ਢੀਠ ਬਣ ਕੇ ਲੱਗੇ ਰਹੋ।

ਮੈਂ ਅੱਜ ਤੋਂ ਤਕਰੀਬਨ 20 ਸਾਲ ਪਹਿਲਾਂ ਹੀ ਜਦੋਂ ਗੁਰਮਤਿ ਦੀ ਸੋਝੀ ਆਈ ਸੀ ਤਾਂ ਇਹ ਮਾਨਸਿਕ ਗੁਲਾਮੀ ਲਾਹ ਦਿੱਤੀ ਸੀ। ਇਸ ਦਾ ਸਬੂਤ ਤੁਹਾਨੂੰ ਇਥੋਂ ‘ਸਿੱਖ ਮਾਰਗ’ ਤੋਂ ਹੀ ਮਿਲ ਜਾਵੇਗਾ। ਕੋਈ 17 ਕੁ ਸਾਲ ਪਹਿਲਾਂ ਜਦੋਂ ਟੌਹੜਾ ਤੇ ਘਟੌੜਾ ਦੀ ਜੋੜੀ ਅਤੇ ਇਹਨਾ ਦੇ ਪਿੱਛਲੱਗ ਬੁੱਤ-ਪ੍ਰਸਤ ਇਹ ਕਹਿੰਦੇ ਹੁੰਦੇ ਸਨ ਕਿ ਅਕਾਲ ਤਖ਼ਤ ਦੇ ਹੁਕਮਨਾਮੇ ਰੱਬੀ ਹੁਕਮ ਹੁੰਦੇ ਹਨ ਇਹ ਮੰਨਣੇ ਹੀ ਪੈਂਦੇ ਹਨ। ਮੈਂ ਬਿੱਲਕੁੱਲ ਨਹੀਂ ਮੰਨਿਆਂ ਅਤੇ ਹੀ ਕਦੀ ਅਜਿਹਾ ਗਲਤ ਮੰਨਣਾ ਹੈ। ਹਾਲਾਂ ਕਿ ਇਸ ਵਿੱਚ ਦੋ ਧੜਿਆਂ ਦੀ ਗੋਲਕ ਤੇ ਕਬਜਾ ਕਰਨਾ ਹੀ ਅਸਲ ਲੜਾਈ ਸੀ ਜਿਸ ਵਿੱਚ ਕੇ ਤੱਪੜਾਂ ਦਾ ਹੁਕਮਨਾਮਾ ਇੱਕ ਬਹਾਨੇ ਵਜੋਂ ਵਰਤਿਆ ਗਿਆ। ਮੇਰਾ ਕਿਸੇ ਵੀ ਧੜੇ ਨਾਲ ਕੋਈ ਲੈਣਾ-ਦੇਣਾ ਨਹੀਂ ਸੀ ਅਤੇ ਨਾ ਹੀ ਹੈ। ਇਸ ਬਾਰੇ ਮੈਂ ਪਹਿਲਾਂ ਹੀ ਖੁੱਲ ਕੇ ਵਿਸਥਾਰ ਨਾਲ ਇੱਕ ਲੇਖ ਲਿਖ ਚੁੱਕਾ ਹਾਂ ਜਿਹੜਾ ਕਿ ਇੱਥੇ ‘ਸਿੱਖ ਮਾਰਗ’ ਤੇ ਪੜ੍ਹਿਆ ਜਾ ਸਕਦਾ ਹੈ। ਇਸ ਹੁਕਮਨਾਮੇ ਤੋਂ ਬਾਅਦ ਕਾਲੇ ਅਫਗਾਨੇ ਨੂੰ ਅਖੌਤੀ ਤੌਰ ਤੇ ਛੇਕ ਦਿੱਤਾ ਗਿਆ। ਉਸ ਨੂੰ ਵੀ ਨਹੀਂ ਮੰਨਿਆਂ। ਉਸ ਦੀਆਂ ਲਿਖਤਾਂ ਬਕਾਇਦਾ ਇੱਥੇ ‘ਸਿੱਖ ਮਾਰਗ’ ਤੇ ਛਪਦੀਆਂ ਰਹੀਆਂ ਹਨ। ਫਿਰ ਸਪੋਕਸਮੈਨ ਅਤੇ ਘੱਗੇ ਬਾਰੇ ਵੀ ਹੁਕਮਨਾਵੇ ਜ਼ਾਰੀ ਹੋਏ ਉਹਨਾ ਨੂੰ ਵੀ ਕਿਸੇ ਨੂੰ ਨਹੀਂ ਮੰਨਿਆਂ। ਫਿਰ ਦਰਸ਼ਨ ਸਿੰਘ ਬਾਰੇ ਹੁਕਮਨਾਮਾ ਜਾਰੀ ਹੋਇਆ ਉਸ ਨੂੰ ਵੀ ਨਹੀਂ ਮੰਨਿਆਂ। ਹੋਰ ਕਿਤਨੇ ਕੁ ਸਬੂਤ ਦੇਵਾਂ ਕਿ ਮੈਂ ਨਾ ਤਾਂ ਬੁੱਤ-ਪ੍ਰਸਤ ਹਾਂ ਭਾਵ ਕਿ ਅਕਾਲ ਤਖ਼ਤ ਨਾਮ ਦੇ ਮੂਰਤੇ ਨੂੰ ਵੀ ਸਰਬਉੱਚ ਨਹੀਂ ਮੰਨਦਾ ਅਤੇ ਨਾ ਹੀ ਕਿਸੇ ਪੁਜਾਰੀ ਜਾਂ ਰਾਜਨੀਤਕ ਸੋਚ ਦਾ ਗੁਲਾਮ ਹਾਂ। ਸਿਰਫ ਗੁਰਬਾਣੀ ਨੂੰ ਹੀ ਸਰਵਉੱਚ ਮੰਨਦਾ ਹਾਂ। ਸਾਰੇ ਮਨੁੱਖ ਬਰਾਬਰ ਹਨ ਕੋਈ ਵੀ ਉੱਚਾ ਨੀਵਾਂ ਨਹੀਂ ਹੋ ਸਕਦਾ। ਇਹ ਗੱਲ ਡੰਕੇ ਦੀ ਚੋਟ ਤੇ 500 ਸਾਲ ਤੋਂ ਵੀ ਪਹਿਲਾਂ ਕਬੀਰ ਜੀ ਨੇ ਬ੍ਰਾਹਮਣ ਨੂੰ ਕਹਿ ਦਿੱਤੀ ਸੀ। ਜੌ ਤੂੰ ਬ੍ਰਾਹਮਣੁ ਬ੍ਰਹਮਣੀ ਜਾਇਆ ॥ ਤਉ ਆਨ ਬਾਟ ਕਾਹੇ ਨਹੀ ਆਇਆ ॥੨॥ ਤੁਮ ਕਤ ਬ੍ਰਾਹਮਣ ਹਮ ਕਤ ਸੂਦ ॥ ਹਮ ਕਤ ਲੋਹੂ ਤੁਮ ਕਤ ਦੂਧ ॥੩॥ ਕਹੁ ਕਬੀਰ ਜੋ ਬ੍ਰਹਮੁ ਬੀਚਾਰੈ ॥ ਸੋ ਬ੍ਰਾਹਮਣੁ ਕਹੀਅਤੁ ਹੈ ਹਮਾਰੈ ॥੪॥੭॥

ਧਰਮ ਹਿਰਦੇ ਨਾਲ ਸੰਬੰਧ ਰੱਖਦੀ ਸਚਾਈ ਵਾਲੀ ਵਸਤੂ ਹੈ। ਉਹ ਅਕਾਲ ਪੁਰਖ ਹੀ ਸਾਰਿਆਂ ਦੇ ਅੰਦਰ ਬੈਠਾ ਸੱਚ ਦਾ ਨਿਬੇੜਾ ਕਰਦਾ ਹੈ। ਜੇ ਕਰ ਮੈਂ ਇਸ ਲੇਖ ਵਿੱਚ ਜੋ ਲਿਖਿਆ ਹੈ ਉਹ ਠੀਕ ਹੈ ਤਾਂ ਇਸ ਨੂੰ ਵਿਚਾਰੋ ਅਤੇ ਸਮਝੋ। ਅਤੇ ਜੇ ਕਰ ਗਲਤ ਲਿਖਿਆ ਹੈ ਤਾਂ ਸਾਰੇ ਮਾਨਸਿਕ ਗੁਲਾਮੀ ਵਾਲੇ ਬੁੱਤ-ਪ੍ਰਸਤ ਮੇਰਾ ਸਮਾਜਿਕ ਤੌਰ ਤੇ ਬਾਈਕਾਟ ਕਰਨ। ‘ਸਿੱਖ ਮਾਰਗ’ ਨੂੰ ਪੜ੍ਹਨਾ ਲਿਖਣਾ ਬੰਦ ਕਰਨ। ਮੇਰੇ ਨਾਲ ਕੋਈ ਵੀ ਬੁੱਤ-ਪ੍ਰਸਤ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸੰਬੰਧ ਨਾ ਰੱਖੇ। ਸਚਾਈ ਆਪੇ ਪ੍ਰਗਟ ਹੋ ਜਾਵੇਗੀ। ਜੇ ਕਰ ਮੈਂ ਕਿਸੇ ਬੁੱਤ-ਪ੍ਰਸਤ ਦੇ ਤਰਲੇ ਕੀਤੇ ਕਿ ਮੇਰੇ ਨਾਲ ਜਰੂਰ ਮਿਲੋ ਵਰਤੋ ਤਾਂ ਪਰਖ ਲਿਓ ਇਹ ਵੀ ਸੱਚ।

ਮੱਖਣ ਸਿੰਘ ਪੁਰੇਵਾਲ,

ਅਕਤੂਬਰ 25, 2015.




.