.

ਗੁਰੂ ਗ੍ਰੰਥ ਸਾਹਿਬ ਦੇ ਫ਼ਲਸਫ਼ੇ ਦੇ ਆਧਾਰ `ਤੇ ਸਦੀਵਕਾਲੀ ਵਿਸ਼ਵ-ਸ਼ਾਂਤੀ ਯਕੀਨਨ ਤੌਰ `ਤੇ ਸਥਾਪਤ ਕੀਤੀ ਜਾ ਸਕਦੀ ਹੈ

ਸਭ ਤੋਂ ਪਹਿਲਾਂ ਇਸ ਹਕੀਕਤ ਨੂੰ ਸਵੀਕਾਰ ਕਰਨਾ ਲਾਹੇਵੰਦ ਹੋਵੇਗਾ ਕਿ ਗੁਰੂ ਗ੍ਰੰਥ ਸਾਹਿਬ ਕੇਵਲ ਸਿੱਖ ਕੌਮ ਦੇ ਹੀ ਗੁਰੂ ਨਹੀਂ ਹਨ ਅਤੇ ਨਾ ਹੀ ਇਹ ਸੰਸਾਰ ਦੇ ਕਿਸੇ ਖ਼ਾਸ ਦੇਸ਼ ਲਈ ਰਾਖਵੇਂ ਹਨ। ਗੁਰੂ ਗ੍ਰੰਥ ਸਾਹਿਬ ਵਿੱਚ ਸਤਿਗੁਰੂ ਸਾਹਿਬਾਨ ਵੱਲੋਂ ਆਪਣੀ ਨਿੱਜੀ ਨਿਗਰਾਨੀ ਹੇਠ, ਅੰਕਿਤ ਕਰਵਾਇਆ ਹੋਇਆ ਸਰਬ-ਸਾਂਝਾ (ਸਾਰੇ ਸੰਸਾਰ ਲਈ) ਫ਼ਲਸਫ਼ਾ, ਸਰਲ ਤੇ ਵਿਗਿਆਨਕ ਹੋਣ ਦੇ ਨਾਲ-ਨਾਲ ਸਾਰੀ ਮਨੁੱਖਤਾ ਨੂੰ ਇਕਸਾਰ ਸੰਬੋਧਿਤ ਹੈ, ਕਾਦਿਰ ਦੀ ਕੁਦਰਤਿ ਦੇ ਅਟੱਲ ਨਿਯਮਾਂ ਦੇ ਅਨੁਕੂਲ ਹੈ, ਨਿਰੋਲ ਇਲਾਹੀ ਸੱਚੇ ਬੋਲਾਂ (ਸਿਧਾਂਤਾਂ) `ਤੇ ਆਧਾਰਤ ਹੈ, ਸਮੁੱਚੇ ਮਨੁੱਖੀ ਸਮਾਜ ਅੰਦਰ ਆਦਰਸ਼ਕ ਭਾਈਚਾਰਕ ਸਾਂਝਾਂ ਪੈਦਾ ਕਰ ਕੇ ਸਦੀਵਕਾਲੀ ਰੱਬੀ-ਰਾਜ (ਹਲੇਮੀ ਰਾਜ) ਦੀ ਸਥਾਪਨਾ ਕਰਨ ਲਈ ਸਦੀਵਕਾਲੀ ਇਨਕਲਾਬੀ ਫ਼ਲਸਫ਼ਾ ਹੈ, ਸਾਰੀਆਂ ਧੜੇਬੰਦੀਆਂ, ਨਫ਼ਰਤਾਂ, ਵਿਤਕਰਿਆਂ, ਵੈਰ-ਵਿਰੋਧਾਂ, ਵਹਿਮਾਂ-ਭਰਮਾਂ, ਜ਼ੁਲਮਾਂ ਤੇ ਬੇ-ਇਨਸਾਫ਼ੀਆਂ, ਫ਼ਿਰਕਾਪ੍ਰਸਤੀਆਂ ਤੇ ਫ਼ਾਸ਼ੀ ਰੁਚੀਆਂ ਨੂੰ ਜੜ੍ਹਾਂ ਤੋਂ ਹੀ ਖ਼ਤਮ ਕਰਨ ਦੀ ਸਮਰੱਥਾ ਰਖਦਾ ਹੈ, ਮਨੁੱਖੀ ਹੱਕਾਂ ਦੀ ਰਾਖੀ (ਜਾਨ ਦੀ ਬਾਜ਼ੀ ਲਗਾ ਕੇ ਵੀ) ਕਰਨ ਦਾ ਉਪਦੇਸ਼ ਕਰਦਾ ਹੈ, ਵਿਖਾਵੇ ਦੇ ਪਾਖੰਡੀ ਧਰਮ-ਕਰਮਾਂ (ਕਰਮ-ਕਾਂਡਾਂ) ਨੂੰ ਮੁੱਢੋਂ ਹੀ ਨਿਕਾਰਦਾ ਹੈ, ਨਸਲ, ਰੰਗ, ਦੇਸ਼, ਲਿੰਗ-ਭੇਦ, ਊਚ-ਨੀਚ ਤੇ ਜਾਤ-ਪਾਤ ਦੇ ਗ਼ੈਰ-ਕੁਦਰਤੀ ਵਰਤਾਰਿਆਂ ਨੂੰ ਜ਼ੜ੍ਹਾਂ ਤੋਂ ਹੀ ਉਖਾੜਨ ਲਈ ਕਾਰਗਰ ਹੈ, ਮਰਦ ਤੇ ਨਾਰੀ ਦੇ ਬਰਾਬਰ ਮਨੁੱਖੀ ਅਧਿਕਾਰਾਂ ਦੀ ਗੱਲ ਕਰਦਾ ਹੈ, ਮਨੁੱਖੀ ਮਨ ਨੂੰ ਮਾਇਆ-ਜਾਲ, `ਚੋਂ ਮੁਕਤ ਕਰਨ ਦੀ ਸਮਰੱਥਾ ਰਖਦਾ ਹੈ ਅਤੇ, ਮਨੁੱਖਤਾ ਦੇ ਭਲੇ ਲਈ, ਹੋਰ ਵੀ ਬਹੁਤ ਸਾਰੇ ਅਟੱਲ ਕੁਦਰਤੀ ਨਿਯਮਾਂ ਦੀ ਪਾਲਣਾ ਕਰਨ ਦੀ ਸਖਤੀ ਨਾਲ ਤਾਗ਼ੀਦ ਕਰਦਾ ਹੈ। ਇਨ੍ਹਾਂ ਸਚਾਈਆਂ ਦੀ ਪ੍ਰੋੜਤਾ ਕਰਨ ਲਈ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਆਲਮਗੀਰੀ ਤੇ ਸਦੀਵੀ ਫ਼ਲਸਫ਼ੇ `ਚੋਂ ਕੁੱਝ ਕ ਬੁਨਿਆਦੀ ਸਿਧਾਂਤਾਂ ਦੇ ਹਵਾਲੇ ਇਸ ਅਧਿਆਇ ਅਤੇ ਅਗਲੇ ਚੈਪਟਰਾਂ ਵਿੱਚ ਦਿੱਤੇ ਜਾ ਰਹੇ ਹਨ ਤਾਕਿ ਕਿਸੇ ਵੀ ਵੀਰ ਜਾਂ ਭੈਣ (ਅਤੇ ਬੱਚੇ-ਬੱਚੀਆਂ) ਨੂੰ ਇਹ ਕਹਿਣ ਦੀ ਜ਼ਰੂਰਤ ਨਾ ਪਵੇ ਕਿ ਲੇਖਕ ਸਿਰਫ਼ ਸਿੱਖ ਹੋਣ ਦੇ ਨਾਤੇ ਹੀ ਸਿੱਖ-ਮੱਤ (ਗੁਰਮਤਿ) ਦੀ ਬੇ-ਲੋੜੀ ਤਾਰੀਫ਼ ਜਾਂ ਵਕਾਲਤ ਕਰ ਰਿਹਾ ਹੈ। ਪਰ, ਲੇਖਕ ਇਥੇ ਇਹ ਹਕੀਕਤ ਭੀ ਹਲੇਮੀ ਨਾਲ ਦਰਜ਼ ਕਰਨਾ ਚਾਹੁੰਦਾ ਹੈ ਕਿ ਹਥਲੇ ਉਪਰਾਲੇ ਨੂੰ ਇੱਕ ਨਿੱਕੀ ਜਿਹੀ ਸ਼ੁਰੂਆਤ ਵਜੋਂ ਹੀ ਲਿਆ ਜਾਣਾ ਠੀਕ ਹੋਵੇਗਾ। ਪ੍ਰਭੂ-ਪਿਤਾ ਵੱਲੋਂ ਬਖ਼ਸ਼ੀਆਂ ਹੋਈਆਂ ਜਿਹੜੀਆਂ ਮਾਨਵ-ਵਾਦੀ ਰੂਹਾਂ ਨੂੰ ਇਸ ਪੁਸਤਕ ਦੇ ਵਿਸ਼ਾ-ਵਸਤੂ ਬਾਰੇ ਹੋਰ ਵਧੇਰੇ ਸਪੱਸ਼ਟ ਜਾਣਕਾਰੀ ਦੀ ਬਖ਼ਸ਼ਿਸ਼ ਹੋਈ ਹੋਵੇ ਤਾਂ ਉਹ ਲੇਖਕ ਨੂੰ ਜ਼ਰੂਰ ਲਿਖ ਭੇਜਣ ਤਾ ਕਿ ਮਨੁੱਖਤਾ ਦੇ ਭਲੇ ਲਈ ਅਗਲੀਆਂ ਲਿਖਤਾਂ ਵਿੱਚ ਉਸ ਜਾਣਕਾਰੀ ਨੂੰ ਭੀ ਸ਼ਾਮਿਲ ਕੀਤਾ ਜਾ ਸਕੇ।

ਕੁੱਝ ਕੁ ਜ਼ਰੂਰੀ ਬੇਨਤੀਆਂ

ਇਲਾਹੀ ਗੁਰਮਤਿ ਫ਼ਲਸਫ਼ੇ ਬਾਰੇ ਜਿਤਨੀ ਕੁ ਮਾਮੂਲੀ ਜਿਹੀ ਸੋਝੀ ਪ੍ਰਭੂ-ਪਿਤਾ ਨੇ ਲੇਖਕ ਦੀ ਸਮਝ ਗੋਚਰੀ ਕੀਤੀ ਹੈ, ਉਸ ਬਾਰੇ ਹੇਠ ਲਿਖੀਆਂ ਕੁੱਝ ਕੁ ਸਨਿਮਰ ਬੇਨਤੀਆਂ ਸਮੁੱਚੀ ਮਨੁੱਖਤਾ (ਵਿਸ਼ੇਸ਼ ਕਰ ਕੇ ਵਿਦਵਾਨਾਂ) ਨੂੰ ਕਰਨੀਆਂ ਜ਼ਰੂਰੀ ਲਗਦੀਆਂ ਹਨ:-

(ੳ) ਵਿਲੱਖਣ ਤੇ ਸੁਤੰਤਰ ਫ਼ਲਸਫ਼ਾ

ਗੁਰੂ ਗ੍ਰੰਥ ਸਾਹਿਬ ਵਿੱਚ ਸਤਿਗੁਰਾਂ ਵੱਲੋਂ ਆਪ ਉਚਾਰਨ ਕੀਤਾ ਅਤੇ ਆਪਣੀ ਨਿਗਰਾਨੀ ਹੇਠ ਅੰਕਿਤ ਕਰਵਾਇਆ (ਅਤੇ ਬਾਕੀ 29 ਕਰਾਂਤੀਕਾਰੀ ਤੇ ਰੱਬ ਨਾਲ ਇੱਕ-ਮਿੱਕ ਹੋਈਆਂ ਰੂਹਾਂ ਵੱਲੋਂ ਉਚਾਰਨ ਕੀਤਾ ਹੋਇਆ) ਫ਼ਲਸਫ਼ਾ ਇੱਕ ਵਿਲੱਖਣ, ਅਨੁਭਵੀ ਤੇ ਸੁਤੰਤਰ ਫ਼ਲਸਫ਼ਾ ਹੈ। ਯਾਨੀ ਕਿ, ਇਹ ਫ਼ਲਸਫ਼ਾ ਉਸ ਵਕਤ ਤੱਕ ਅਲੱਗ-ਅਲੱਗ ਮੱਤਾਂ (ਮਜ਼੍ਹਬਾਂ) ਦੇ ਬਾਨੀਆਂ ਦੇ ਨਾਮ ਹੇਠ ਪ੍ਰਚਲਤ ਹੋ ਚੁੱਕੇ ਫ਼ਲਸਫ਼ਿਆਂ ਵਿੱਚ ਸੋਧਾਂ ਕਰ ਕੇ ਪੇਸ਼ ਕੀਤਾ ਹੋਇਆ ਸੁਧਰਿਆ ਹੋਇਆ (ਮਿਲ-ਗੋਭਾ) ਫ਼ਲਸਫ਼ਾ ਨਹੀਂ ਹੈ {ਜਿਵੇਂ ਕਿ ਕੁੱਝ ਕੁ ਵਿਦਵਾਨ, ਪਤਾ ਨਹੀਂ ਕਿਸ ਮਜ਼ਬੂਰੀ ਕਾਰਨ, ਅਜਿਹਾ ਪ੍ਰਚਾਰਨ ਦਾ ਯਤਨ ਕਰਦੇ ਰਹਿੰਦੇ ਹਨ}।

ਸਾਈਂ ਅਲਖੁ ਅਪਾਰੁ ਭੋਰੀ ਮਨਿ ਵਸੈ॥ ਦੂਖੁ ਦਰਦੁ ਰੋਗੁ ਮਾਇ ਮੈਡਾ ਹਭੁ ਨਸੈ॥ 1॥

ਹਉ ਵੰਞਾਂ ਕੁਰਬਾਣੁ ਸਾਈਂ ਆਪਣੇ॥ ਹੋਵੈ ਅਨਦੁ ਘਣਾ ਮਨਿ ਤਨਿ ਜਾਪਣੇ॥ 1॥ ਰਹਾਉ॥

ਬਿੰਦਕ ਗਾਲਿ ਸੁਣੀ ਸਚੇ ਤਿਸੁ ਧਣੀ॥ ਸੂਖੀ ਹੂੰ ਸੁਖੁ ਪਾਇ ਮਾਇ ਨ ਕੀਮ ਗਣੀ॥ 2॥

ਨੈਣ ਪਸੰਦੋ ਸੋਇ ਪੇਖਿ ਮੁਸਤਾਕ ਭਈ॥ ਮੈਂ ਨਿਰਗੁਣਿ ਮੇਰੀ ਮਾਇ ਆਪਿ ਲੜਿ ਲਾਇ ਲਈ॥ 3॥

ਬੇਦ ਕਤੇਬ ਸੰਸਾਰ ਹਭਾ ਹੂੰ ਬਾਹਰਾ॥ ਨਾਨਕ ਕਾ ਪਾਤਿਸਾਹੁ ਦਿਸੈ ਜਾਹਰਾ॥ 4॥

(ਮ: 5, 397)

ਪਦ-ਅਰਥ: ਸਾਈ-ਸਾਈਂ। ਅਲਖੁ-ਜਿਸ ਦਾ ਸਹੀ ਰੂਪ ਬਿਆਨ ਨਾ ਕੀਤਾ ਜਾ ਸਕੇ। ਅਪਾਰੁ-ਬੇਅੰਤ। ਭੋਰੀ-ਰਤਾ ਕੁ ਸਮਾਂ ਭੀ। ਮਨਿ-ਮਨ ਵਿੱਚ। ਤਨਿ-ਤਨ ਵਿੱਚ। ਜਾਪਣੇ-ਜਪਣ ਨਾਲ। 1. ਰਹਾਉ। ਬਿੰਦਕ-ਥੋੜ੍ਹੀ ਜਿਤਨੀ ਹੀ। ਗਾਲਿ-ਗੱਲ, ਸਿਫ਼ਤਿ-ਸਾਲਾਹ। ਤਿਸੁ ਧਣੀ-ਉਸ ਮਾਲਿਕ ਦੀ। ਸੂਖੀ ਹੂੰ ਸੁਖੁ-ਸਭ ਤੋਂ ਸ੍ਰੇਸ਼ਟ ਸੁਖ। ਮਾਇ-ਹੇ ਮਾਂ! ਕੀਮ-ਕੀਮਤ, ਮੁੱਲ। ਨ ਗਣੀ-ਮੈਂ ਬਿਆਨ ਨਹੀਂ ਕਰ ਸਕਦੀ। 2. ਨੈਣ ਪਸੰਦੋ-ਅੱਖਾਂ ਨੂੰ ਚੰਗਾ ਲੱਗਣ ਵਾਲਾ। ਪੇਖਿ-ਵੇਖ ਕੇ। ਮੁਸਤਾਕ-ਆਸ਼ਿਕ, ਮੋਹਿਤ। ਮੈਂ ਨਿਰਗੁਣਿ-ਮੈਨੂੰ ਗੁਣ-ਹੀਣ ਨੂੰ। ਮਾਇ-ਹੇ ਮਾਂ! ਲੜਿ-ਪੱਲੇ ਨਾਲ। 3.

ਬੇਦ ਕਤੇਬ-ਹਿੰਦੂ ਮੁਸਲਮਾਨ ਆਦਿਕ ਸਭਨਾਂ ਦੇ ਧਾਰਮਿਕ ਪੁਸਤਕ। ਹਭਾ ਹੂੰ-ਸਭਨਾਂ ਤੋਂ। ਜਾਹਰਾ-ਪ੍ਰਤੱਖ ਹਰ ਥਾਂ ਵੱਸਦਾ। 4.

ਭਾਵ: ਹੇ ਮਾਂ! ਮੈਂ ਆਪਣੇ ਮਾਲਿਕ-ਪ੍ਰਭੂ ਤੋਂ ਕੁਰਬਾਨ ਜਾਂਦੀ ਹਾਂ, ਉਸ ਦਾ ਨਾਮ ਜਪਣ ਨਾਲ ਮੇਰੇ ਮਨ ਵਿੱਚ ਮੇਰੇ ਹਿਰਦੇ ਵਿੱਚ ਅਨੰਦ ਪੈਦਾ ਹੋ ਜਾਂਦਾ ਹੈ। 1. ਰਹਾਉ।

ਹੇ ਮਾਂ! ਜਦੋਂ ਉਹ ਬੇਅਤ ਅਲੱਖ ਮਾਲਿਕ-ਪ੍ਰਭੂ ਰਤਾ ਕੁ ਸਮੇਂ ਵਾਸਤੇ ਭੀ ਮੇਰੇ ਮਨ ਵਿੱਚ ਆ ਵੱਸਦਾ ਹੈ, ਮੇਰਾ ਹਰੇਕ ਦੁੱਖ-ਦਰਦ, ਮੇਰਾ ਹਰੇਕ ਰੋਗ ਸਭ ਦੂਰ ਹੋ ਜਾਂਦਾ ਹੈ। 1.

ਹੇ ਮਾਂ! ਜਦੋਂ ਉਸ ਸਦਾ ਕਾਇਮ ਰਹਿਣ ਵਾਲੇ ਮਾਲਿਕ-ਪ੍ਰਭੂ ਦੀ ਮੈਂ ਥੋੜ੍ਹੀ ਜਿਤਨੀ ਹੀ ਸਿਫ਼ਤਿ-ਸਾਲਾਹ ਸੁਣਦੀ ਹਾਂ ਤਾਂ ਮੈਂ ਇਤਨਾ ਉੱਚਾ ਸੁਖ ਅਨੁਭਵ ਕਰਦੀ ਹਾਂ ਕਿ ਮੈਂ ਉਸ ਸੁੱਖ ਦਾ ਮੁੱਲ ਨਹੀਂ ਦੱਸ ਸਕਦੀ। 2. ਹੇ ਮੇਰੀ ਮਾਂ! (ਹੇ ਭਾਈ!) ਮੇਰਾ ਉਹ ਸਾਈਂ ਮੇਰੀਆਂ ਅੱਖਾਂ ਨੂੰ ਪਿਆਰਾ ਲਗਦਾ ਹੈ, ਉਸ ਨੂੰ ਵੇਖ ਕੇ ਮੈਂ ਮਸਤ ਹੋ ਜਾਂਦੀ ਹਾਂ। ਹੇ ਮਾਂ! ਮੇਰੇ ਵਿੱਚ ਕੋਈ ਗੁਣ ਨਹੀਂ, ਫਿਰ ਭੀ ਉਸ ਨੇ ਆਪ ਹੀ ਮੈਨੂੰ ਆਪਣੇ ਲੜ ਲਾ ਰੱਖਿਆ ਹੈ। 3.

(ਹੇ ਮਾਂ! ਮੇਰਾ ਉਹ ਪਾਤਿਸ਼ਾਹ ਨਿਰਾ ਸੰਸਾਰ ਵਿੱਚ ਹੀ ਨਹੀਂ ਵੱਸ ਰਿਹਾ, ਉਹ ਤਾਂ) ਇਸ ਦਿਸਦੇ ਸੰਸਾਰ ਤੋਂ ਬਾਹਰ ਭੀ ਹਰ ਥਾਂ ਹੈ, ਵੇਦ ਕਤੇਬ ਆਦਿਕ ਕੋਈ ਧਰਮ-ਪੁਸਤਕ ਉਸ ਦਾ ਸਹੀ ਸਰੂਪ ਬਿਆਨ ਨਹੀਂ ਕਰ ਸਕਦੇ। (ਉਂਞ, ਹੇ ਮਾਂ!) ਮੈਂ ਨਾਨਕ ਦਾ ਪਾਤਿਸ਼ਾਹ ਹਰ ਥਾਂ ਪ੍ਰਤੱਖ ਦਿਸ ਰਿਹਾ ਹੈ। 4.

(ਅ) ਪ੍ਰਭੂ-ਪਿਤਾ ਨਾਲ ਆਤਮਿਕ ਪੱਧਰ `ਤੇ ਇੱਕ-ਸੁਰ ਹੋਏ ਅਨੁਭਵ ਰਾਹੀਂ ਪਰਗਟ ਹੋਇਆ ਸਾਰੀ ਮਨੁੱਖਤਾ ਲਈ ਸਾਂਝਾ ਇਲਾਹੀ ਫ਼ਲਸਫ਼ਾ

ਜਿਵੇਂ ਕਿ ਪਹਿਲਾਂ ਹੀ ਇਸ ਲਿਖਤ ਵਿੱਚ ਜ਼ਿਕਰ ਕੀਤਾ ਜਾ ਚੁੱਕਾ ਹੈ ਕਿ ਸ਼ਬਦ-ਗੁਰੂ (ਗੁਰੂ ਗ੍ਰੰਥ ਸਾਹਿਬ) ਵਿੱਚ ਅੰਕਿਤ (ਗੁਰਮਤਿ) ਫ਼ਲਸਫ਼ਾ ਉਨ੍ਹਾਂ 35 ਮਹਾਂਪੁਰਖਾਂ ਰਾਹੀਂ ਪਰਮਾਤਮਾ ਨਾਲ ਉਨ੍ਹਾਂ ਦੇ ਇੱਕ-ਸੁਰ ਹੋਏ ਆਤਮਿਕ ਮੰਡਲਾਂ ਦੇ ਅਨੁਭਵ ਦੁਆਰਾ ਪ੍ਰਗਟ ਹੋਇਆ ਇਲਾਹੀ ਫ਼ਲਸਫ਼ਾ ਹੈ ਜਿਸ ਦੇ ਬੋਲ ਭਾਵੇਂ ਉਨ੍ਹਾਂ ਮਹਾਨ ਰੂਹਾਂ ਦੇ ਆਪਣੇ ਹਨ, ਪਰ ਵਿਚਾਰ ਆਪਣੇ ਨਹੀਂ ਹਨ, ਰੱਬੀ-ਵਿਚਾਰ ਹਨ (ਜਿਸ ਦਾ ਜ਼ਿਕਰ ਇਸ ਲਿਖਤ ਵਿੱਚ ਕੀਤਾ ਜਾ ਚੁੱਕਾ ਹੈ)।

ਨੋਟ: ਭਾਵੇਂ ਵਿਦਵਾਨਾਂ ਨੂੰ ਆਪਣੀ ਮੱਤਿ-ਬੁੱਧੀ ਅਨੁਸਾਰ, ਮਤਿ-ਬੁੱਧ ਦੇ ਦਾਇਰੇ ਵਿੱਚ ਰਹਿ ਕੇ ਕਿਸੇ ਵਿਦਵਾਨ ਵੱਲੋਂ ਰਚੀਆਂ ਰਚਨਾਵਾਂ `ਤੇ, ਉਸਾਰੂ ਟੀਕਾ-ਟਿੱਪਣੀਆਂ ਕਰਨ ਦਾ ਅਧਿਕਾਰ ਹੈ, ਪਰ ਪਰਮੇਸ਼ਰ ਨਾਲ ਆਤਮਿਕ ਮੰਡਲ `ਤੇ ਇੱਕ-ਸੁਰ ਹੋਈਆਂ ਸਤਿਕਾਰਤ ਰੂਹਾਂ ਦੀਆਂ ਅਨੁਭਵੀ ਲਿਖਤਾਂ `ਤੇ, ਮਾਇਆ ਦੇ ਤਿੰਨਾਂ ਗੁਣਾਂ ਅਧੀਨ ਵਿਚਰਨ ਵਾਲੇ ਵਿਦਵਾਨਾਂ ਵੱਲੋਂ, ਟੀਕਾ-ਟਿੱਪਣੀਆਂ ਕਰਨੀਆਂ ਕਿਸੇ ਪੱਖ ਤੋਂ ਵੀ ਉਚਿਤ ਨਹੀਂ ਕਹੀਆਂ ਜਾ ਸਕਦੀਆਂ। ਹਾਂ, ਜੇ ਕਿਸੇ ਵਿਦਵਾਨ ਦਾ (ਪ੍ਰਭੂ-ਪਿਤਾ ਦੀ ਬਖ਼ਸ਼ਿਸ਼ ਦੁਆਰਾ) ਅਨੁਭਵ ਖੁੱਲ੍ਹ ਚੁੱਕਾ ਹੈ ਅਤੇ ਉਹ ਗੁਰੂ ਗ੍ਰੰਥ ਸਾਹਿਬ ਵਿਚਲੀਆਂ 35 ਅਤਿ-ਸਤਿਕਾਰਤ ਤੇ ਇਨਕਲਾਬੀ ਰੂਹਾਂ ਦੇ ਆਤਮਿਕ ਪੱਧਰ ਦੇ ਨੇੜੇ-ਤੇੜੇ ਪਹੁੰਚ ਚੁੱਕਾ/ਚੁੱਕੀ ਹੈ, ਤਾਂ, ਉਹ ਜੀ-ਸਦਕੇ ਉਸਾਰੂ ਟਿੱਪਣੀਆਂ ਕਰ ਕੇ ਗੁਰੂ ਗ੍ਰੰਥ ਸਾਹਿਬ ਦੇ ਫ਼ਲਸਫ਼ੇ ਦੇ ਬਰਾਬਰ ਦਾ ਜਾਂ ਉਸ ਤੋਂ ਵਧੇਰੇ ਉੱਚੀ ਪੱਧਰ ਦਾ ਸਾਹਿਤ ਮਨੁੱਖਤਾ ਦੇ ਰੂ-ਬ-ਰੂ ਕਰ ਸਕਦਾ/ਸਕਦੀ ਹੈ (ਪਰ, ਲੇਖਕ ਦੀ ਸਮਝ ਅਨੁਸਾਰ ਅਜਿਹਾ ਹੋ ਸਕਣਾ ਅਸੰਭਵ ਹੈ)। ਇੱਕ ਦੁਨਿਆਵੀ ਉਦਾਹਰਣ ਦੇ ਕੇ ਇਸ ਨੁਕਤੇ ਨੂੰ ਸ਼ਾਇਦ, ਵਧੇਰੇ ਸਪੱਸ਼ਟ ਕੀਤਾ ਜਾ ਸਕਦਾ ਹੈ। ਜਿਸ ਤਰ੍ਹਾਂ ਇੱਕ ਰੇਡੀਓ ਸਟੇਸ਼ਨ ਤੋਂ ਪ੍ਰਸਾਰਤ ਕੀਤਾ ਜਾ ਰਿਹਾ ਪ੍ਰੋਗਰਾਮ ਇੱਕ ਖ਼ਾਸ ਵੇਵ ਲੈਂਗਥ (Frequency or wave length) `ਤੇ ਰੇਡੀਓ ਨੂੰ ਟਿਊਨ ਕਰ ਕੇ ਹੀ ਸੁਣਿਆ ਜਾ ਸਕਦਾ ਹੈ, ਅੱਗੇ-ਪਿੱਛੇ ਨਹੀਂ। ਠੀਕ ਇਸੇ ਤਰ੍ਹਾਂ ਹੀ, ਰੱਬੀ-ਅਨੁਭਵ ਦੇ ਵਿਚਾਰ, ਰੱਬ ਨਾਲ ਆਤਮਿਕ ਮੰਡਲ `ਤੇ ਇੱਕ-ਸੁਰ ਹੋਈਆਂ (ਪ੍ਰੇਮਾ-ਭਗਤੀ ਜਾਂ ਰੱਬੀ-ਪਿਆਰ ਵਿੱਚ ਰੰਗੀਆਂ) ਰੂਹਾਂ ਰਾਹੀਂ ਹੀ ਪ੍ਰਗਟ ਹੋ ਸਕਦਾ ਹੈ, ਰੱਬ ਨੂੰ ਪਹੁੰਚੇ ਹੋਏ ਹੋਣ ਦੀਆਂ ਫ਼ਜ਼ੂਲ (ਝੂਠੀਆਂ) ਡੀਂਗਾਂ ਮਾਰਨ ਵਾਲਿਆਂ (ਪਾਖੰਡੀਆਂ) ਰਾਹੀਂ ਨਹੀਂ। ਨਿਰਸੰਦੇਹ, ਇਹ ਕੰਮ ਆਮ ਵਿਦਵਾਨਾਂ ਦੇ ਘੇਰੇ ਵਿੱਚ ਨਹੀਂ ਆਉਂਦਾ ਕਿਉਂਕਿ ਆਪਣੀ ਮਤਿ-ਬੁਧੀ ਦੇ ਦਾਇਰੇ ਤੋਂ ਦੂਰ ਦੀਆਂ ਗੱਲਾਂ ਉਹ ਨਹੀਂ ਕਰ ਸਕਦੇ ਅਤੇ ਮਨੁੱਖ ਦੀ ਮਤਿ-ਬੁੱਧੀ ਮਾਇਆ ਦੇ ਤਿੰਨਾਂ ਗੁਣਾਂ ਦੇ ਦਾਇਰੇ ਤੱਕ ਹੀ ਸੀਮਤ ਹੁੰਦੀ ਹੈ। ਰੱਬ, ਕਿਉਂਕਿ ਅਗਮ ਅਗੋਚਰ ਹੈ, ਉਸ ਦੇ ਸੰਪੂਰਨ ਸਰੂਪ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਣਾ ਮੱਤਿ-ਬੁੱਧੀ ਦੀ ਪਹੁੰਚ ਤੋਂ ਪਰੇ ਹੈ।

ਪਰ, ਅਸੀਂ ਵੇਖ ਰਹੇ ਹਾਂ ਕਿ ਕੁੱਝ ਕੁ ਈਰਖ਼ਾਲੂ ਤੇ ਫ਼ਿਰਕਾਪ੍ਰਸਤ ਅਖੌਤੀ ਵਿਦਵਾਨ, ਜਿਹੜੇ, ਕਿਵੇਂ-ਨਾ-ਕਿਵੇਂ, ਯੂਨੀਵਰਸਿਟੀਆਂ ਵਿੱਚ ਧਾਰਮਿਕ ਅਧਿਐਨ ਦੇ ਵਿਭਾਗਾਂ ਵਿੱਚ ਉੱਚੇ ਅਹੁਦੇ `ਤੇ ਪਹੁੰਚਣ ਵਿੱਚ ਸਫ਼ਲ ਹੋ ਜਾਂਦੇ ਹਨ ਅਤੇ ਉਨ੍ਹਾਂ ਦੀ ਅਗੁਵਾਈ ਹੇਠ ਪੀ. ਐਚ. ਡੀ. ਕਰਨ ਵਾਲੇ ਵਿਦਿਆਰਥੀ, ਜਿਨ੍ਹਾਂ ਵਿੱਚ ਕੁੱਝ ਕੁ ਆਪਣੇ ਆਪ ਨੂੰ ਸਿੱਖ ਅਖਵਾਉਂਣ ਵਾਲੇ ਵੀ ਸ਼ਾਮਿਲ ਹੁੰਦੇ ਹਨ, ਪੀ. ਐਚ. ਡੀ. ਦੀਆਂ ਡਿਗਰੀਆਂ ਪ੍ਰਾਪਤ ਕਰਨ ਦੀ ਲਾਲਸਾ ਲਈ, ਗੁਰਮਤਿ ਫ਼ਲਸਫ਼ੇ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਤੱਕ ਵੀ ਪਹੁੰਚ ਜਾਂਦੇ ਹਨ। ਇਹ ਰੁਝਾਨ ਨਿਖੇਧੀਯੋਗ ਹੈ ਅਤੇ ਉਨ੍ਹਾਂ ਦੇ (ਡਿਗਰੀਆਂ ਪ੍ਰਾਪਤ ਕਰਨ ਦੇ ਲਾਲਚੀ) ਵਿਦਿਆਰਥੀ ਗੁਰਮਤਿ ਫ਼ਲਸਫ਼ੇ `ਤੇ ਬੇਲੋੜੀਆਂ ਤੇ ਬੇ-ਸਿਰਪੈਰ ਦੀਆਂ ਟਿੱਪਣੀਆਂ ਵੀ ਕਰਦੇ ਆ ਰਹੇ ਹਨ ਅਤੇ ਅਜਿਹਾ ਕਰ ਕੇ ਸਮੁੱਚੀ ਮਨੁੱਖਤਾ ਨੂੰ ਗੁਮਰਾਹ ਕਰਨ ਦੇ ਦੋਸ਼ੀ ਬਣਦੇ ਹਨ ਕਿਉਂਕਿ ਗੁਰੂ ਗ੍ਰੰਥ ਸਾਹਿਬ ਦਾ ਫ਼ਲਸਫ਼ਾ ਸਮੁੱਚੀ ਮਨੁੱਖਤਾ ਲਈ ਸਾਂਝਾ ਕਲਿਆਣਕਾਰੀ ਫ਼ਲਸਫ਼ਾ ਹੈ। ਹਾਂ, ਗੁਰੂ ਗ੍ਰੰਥ ਸਾਹਿਬ ਦੇ ਉਤਾਰੇ (ਨਕਲ) ਕਰਨ ਵਾਲੇ ਕਾਤਬਾਂ/ਛਾਪਕਾਂ ਵੱਲੋਂ ਅਣਜਾਣੇ ਵਿੱਚ ਹੋਈਆਂ ਲਗਾਂ-ਮਾਤਰਾਂ ਦੀਆਂ ਉਕਾਈਆਂ ਨੂੰ ਸੁਧਾਰਿਆ ਜਾਣਾ ਜ਼ਰੂਰੀ ਹੈ।

(ੲ) ਗੁਰੂ ਗ੍ਰੰਥ ਸਾਹਿਬ ਦੇ ਪੁਰਾਤਨ ਹੱਥ-ਲਿਖਤ ਸਰੂਪਾਂ ਦੀ ਯੋਗ ਸੰਭਾਲ

ਗੁਰੂ ਗ੍ਰੰਥ ਸਾਹਿਬ ਦੀਆਂ ਹੱਥ-ਲਿਖਤ ਪੁਰਾਤਨ ਬੀੜਾਂ ਨੂੰ ਅੱਜਕਲ ਦੇ ਉਪਲਬਧ ਆਧੁਨਿਕ ਤਰੀਕਿਆਂ ਨਾਲ ਸਾਂਭ ਕੇ ਰੱਖਿਆ ਜਾਣਾ ਵੀ ਅਤੀ ਜ਼ਰੂਰੀ ਹੈ, ਨਹੀਂ ਤਾਂ ਗੁਰੂ ਗ੍ਰੰਥ ਸਾਹਿਬ ਦੀਆਂ ਬਿਰਧ ਬੀੜਾਂ ਦੇ ਬਹਾਨੇ ਇਨ੍ਹਾਂ ਬੇਸ਼-ਕੀਮਤੀ ਸਰੂਪਾਂ ਦਾ ਸਸਕਾਰ ਕਰਨ ਵਾਲੇ ਬੇ-ਸਮਝ ਅਦਾਰੇ ਜਾਂ ਅਖੌਤੀ ਸੰਤ-ਬਾਬੇ ਮਨੁੱਖਤਾ ਦੇ ਇਸ ਅਮੋਲਕ ਵਿਰਸੇ ਨੂੰ ਸਾੜ ਕੇ ਹੀ ਦਮ ਲੈਣਗੇ ਜਿਵੇਂ ਕਿ ਸਿੱਖ ਇਤਿਹਾਸ ਨਾਲ ਸਬੰਧਤ ਤਕਰੀਬਨ ਸਾਰੀਆਂ ਪੁਰਾਤਨ ਇਮਾਰਤਾਂ ਨੂੰ ਇਨ੍ਹਾਂ ਕਾਰਸੇਵਾ (ਅਸਲ ਵਿੱਚ ਬੇਕਾਰ-ਸੇਵਾ) ਵਾਲਿਆਂ ਨੇ ਨਸ਼ਟ ਕਰ ਕੇ ਸੰਗਮਰਮਰ ਦੇ ਪੱਥਰਾਂ ਹੇਠ ਦਫ਼ਨਾਅ ਦਿੱਤਾ ਹੈ। ਇਨ੍ਹਾਂ ਇਤਿਹਾਸਕ ਇਮਾਰਤਾਂ ਨੂੰ ਵੀ original ਹਾਲਤ ਵਿੱਚ ਲਿਆਉਂਣਾ ਜ਼ਰੂਰੀ ਹੈ।

ਰੱਬ ਬਾਰੇ ਸੰਖੇਪ ਜਾਣਕਾਰੀ

ਭਾਵੇਂ ਅਲੱਗ-ਅਲੱਗ ਮਜ਼੍ਹਬ, ਫ਼ਿਰਕੇ ਤੇ ਕਬੀਲੇ ਰੱਬ ਨੂੰ ਅਲੱਗ-ਅਲੱਗ ਨਾਵਾਂ ਨਾਲ ਯਾਦ ਕਰਦੇ ਹਨ, ਪਰ ਉਹ ਮਾਲਿਕ-ਪ੍ਰਭੂ ਕੇਵਲ ਅਤੇ ਕੇਵਲ ਇੱਕ ਹੀ ਹੈ ਅਤੇ ਉਸ ਦੇ ਬਰਾਬਰ ਦਾ ਜਾਂ ਉਸ ਤੋਂ ਵੱਡਾ ਹੋਰ ਕੋਈ ਭੀ ਨਹੀਂ ਹੈ। ਉਸ ਬਾਰੇ ਜੋ ਰੌਚਿਕ ਤੇ ਵਿਲੱਖਣ (ਅਦੁੱਤੀ) ਜਾਣਕਾਰੀ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਹੈ ਅਜਿਹੀ ਸਰਬ-ਪੱਖੀ ਜਾਣਕਾਰੀ, ਸ਼ਾਇਦ, ਸੰਸਾਰ ਵਿੱਚ ਕਿਸੇ ਹੋਰ ਮੱਤ (ਮਜ਼ੱਬ) ਦੇ ਧਾਰਮਿਕ ਗ੍ਰੰਥਾਂ ਵਿੱਚ ਉਪਲੱਬਧ ਨਹੀਂ ਹੈ। ਉਸ ਵਾਹਿਦ ਪ੍ਰਭੂ ਬਾਰੇ (ਬੀਜ ਰੂਪ ਵਿੱਚ) ਮੁੱਢਲੀ ਜਾਣਕਾਰੀ, ਗੁਰਮਤਿ ਦੇ ਮੁੱਢਲੇ ਸਿਧਾਂਤ ਵਿੱਚ (ਜੋ ਸੈਂਕੜੇ ਵਾਰ ਆਏ ਸੰਪੂਰਨ ਜਾਂ ਸੰਖੇਪ ਰੂਪ ਦੇ ਮੰਗਲ ਵਿੱਚ ਅੰਕਿਤ ਹੈ) ਗੁਰੂ ਗ੍ਰੰਥ ਸਾਹਿਬ ਦੇ ਅਰੰਭ ਵਿੱਚ ਹੀ, ਇੰਜ ਦਰਜ ਕੀਤੀ ਮਿਲਦੀ ਹੈ:-

1. ਮੁੱਢਲਾ ਗੁਰਮਤਿ ਸਿਧਾਂਤ

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ॥

ਇਸ ਮੁੱਢਲੇ ਗੁਰਮਤਿ ਸਿਧਾਂਤ (ਬੀਜ-ਮੰਤ੍ਰ) ਦੇ ਸੰਖੇਪ ਅਰਥ ਹੇਠਾਂ ਦਰਜ ਕੀਤੇ ਜਾ ਰਹੇ ਹਨ:-

ੴ (ਉਚਾਰਣ ਇੱਕ-ਓਅੰਕਾਰ)

ਸਰਬ-ਵਿਆਪਕ ਤੇ ਸ੍ਰਿਸ਼ਟੀ ਦਾ ਰਚਨਹਾਰ ਰੱਬ ਕੇਵਲ ਅਤੇ ਕੇਵਲ ਇੱਕ ਹੀ ਹੈ।

ਸਤਿ

ਪਰਮਾਤਮਾ ਸਦੀਵੀਂ ਹੋਂਦ ਵਾਲਾ ਹੈ।

ਨਾਮੁ

ਮਾਲਿਕ-ਪ੍ਰਭੂ ਦਾ ਨਾਮੁ ਅਤੇ ਪਰਮਾਤਮਾ ਯਾਨੀ ਕਿ, ‘ਨਾਮੁ’ ਅਤੇ ਨਾਮੀ (ਸੂਰਜ ਤੇ ਸੂਰਜ ਦੀਆਂ ਕਿਰਣਾਂ ਵਾਂਗ) ਅਭੇਦ ਹਨ}।

ਕਰਤਾ

ਰੱਬ ਹੀ ਸਾਰੀ ਕਾਇਆਨਾਤ ਦਾ ਸਿਰਜਣਹਾਰ ਹੈ।

ਪੁਰਖੁ

ਪ੍ਰਭੂ-ਪਿਤਾ ਸਾਰੀ ਸ੍ਰਿਸ਼ਟੀ ਦੇ ਕਣ-ਕਣ ਅੰਦਰ (ਨਿਰਲੇਪ ਰੂਪ ਵਿੱਚ) ਮੌਜ਼ੂਦ ਹੈ।

ਨਿਰਭਉ

ਉਸ ਪਰਮਾਤਮਾ ਨੂੰ ਕਿਸੇ ਦਾ ਵੀ ਭਉ (ਡਰ) ਨਹੀਂ ਹੈ ਕਿਉਂਕਿ ਉਸ ਤੋਂ ਵੱਡਾ ਜਾਂ ਉਸ ਦੇ ਬਰਾਰਬਰ ਦਾ ਹੋਰ ਕੋਈ ਵੀ ਨਹੀਂ ਹੈ।

ਨਿਰਵੈਰੁ

ਰੱਬ ਦਾ ਕਿਸੇ ਨਾਲ ਵੀ ਵੈਰ ਨਹੀਂ ਹੈ। (ਉਹ ਮਾਲਿਕ ਪ੍ਰਭੂ ਤਾਂ ਅਕ੍ਰਿਤਘਣਾਂ, ਨਾਸਤਿਕਾਂ ਤੇ ਪਤਿਤਾਂ ਦੀ ਭੀ ਪਾਲਣਾ ਕਰਨ ਵਾਲਾ ਹੈ)।

ਅਕਾਲ

ਰੱਬ ਸਮੇਂ ਦੇ ਪ੍ਰਭਾਵ ਤੋਂ ਪਰ੍ਹੇ ਹੈ। ਉਸ ਉੱਪਰ ਸਮੇਂ ਦਾ ਕੋਈ ਪ੍ਰਭਾਵ ਨਹੀਂ ਹੈ।

ਮੂਰਤਿ

ਉਸ ਪ੍ਰਭੂ ਦੀ ਨਿਸ਼ਚਿਤ ਰੂਪ ਵਿੱਚ ਹੋਂਦ (ਵਜ਼ੂਦ) ਹੈ। (ਉਹ ਐਂਵੇਂ ਮਨੋਕਲਪਿਤ ਹਸਤੀ ਨਹੀਂ ਹੈ)।

ਅਜੂਨੀ

ਰੱਬ ਅਵਤਾਰ ਧਾਰ ਕੇ ਜੂਨਾਂ ਵਿੱਚ ਨਹੀਂ ਆਉਂਦਾ। (ਯਾਨੀ ਕਿ, ਉਹ ਪ੍ਰਭੂ-ਪਿਤਾ ਜਨਮ-ਮਰਨ ਤੋਂ ਰਹਿਤ ਹੈ)।

ਸੈਭੰ

ਰੱਬ ਆਪਣੇ-ਆਪ ਤੋਂ ਸੁੱਤੇ ਹੀ ਪ੍ਰਕਾਸ਼ ਹੈ। ਯਾਨੀ ਕਿ, ਰੱਬ ਖ਼ੁਦ ਹੀ (ਨਿਰਗੁਣ ਸਰੂਪ ਤੋਂ ਸਰਗੁਣ ਸਰੂਪ ਵਿੱਚ) ਜ਼ਹੂਰ ਵਿੱਚ ਆਇਆ ਹੋਇਆ ਹੈ, ਉਸ ਨੂੰ ਕਿਸੇ ਹੋਰ ਹਸਤੀ ਨੇ ਬਣਾਇਆ ਜਾਂ ਸਥਾਪਤ ਨਹੀਂ ਕੀਤਾ।

ਆਪ੍ਹੀਨੈ ਆਪੁ ਸਾਜਿਓ ਆਪ੍ਹੀਨੈ ਰਚਿਓ ਨਾਉ॥ ਦੂਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ॥ ਦਾਤਾ ਕਰਤਾ ਆਪਿ ਤੂੰ ਤੁਸਿ ਦੇਵਹਿ ਕਰਹਿ ਪਸਾਉ॥ ਤੂੰ ਜਾਣੋਈ ਸਭਸੈ ਦੇ ਲੈਸਹਿ ਜਿੰਦੁ ਕਵਾਉ॥ (ਮ: 1, 463)

ਪਦ ਅਰਥ: ਆਪੀ ਨੈ - ਆਪ ਹੀ ਨੈ (ਕਰਤਾ ਪੁਰਖ) ਨੇ ਆਪ ਹੀ। ਆਪੁ - ਆਪਣੇ ਆਪ ਨੂੰ। ਨਉ - ਨਾਮੁ, ਨਾਮਣਾ, ਵਡਿਆਈ। ਦੁਯੀ-ਦੂਜੀ। ਸਾਜੀਐ- ਬਣਾਈ ਹੈ। ਕਰਿ-ਕਰ ਕੇ, ਬਣਾ ਕੇ। ਚਾਉ - ਜਗਤ-ਤਮਾਸ਼ਾ (ਜਗਤ ਦੀ ਖੇਡ)। ਤੁਸਿ - ਤਰੁੱਠ ਕੇ, ਪਰਸੰਨ ਹੋ ਕੇ। ਦੇਵਹਿ-ਤੂੰ ਦਿੰਦਾ ਹੈਂ। ਕਰਹਿ - ਤੂੰ ਕਰਦਾ ਹੈਂ। ਪਸਾਉ-ਪ੍ਰਸਾਦੁ, ਕਿਰਪਾ, ਬਖ਼ਸ਼ਿਸ਼। ਜਾਣੋਈ-ਜਾਨਨਹਾਰਾ, ਜਾਣੂ। ਸਭਸੈ-ਸਭਨਾਂ ਦਾ। ਦੇ-ਦੇ ਕੇ। ਲੈਸਹਿ -ਲੈ ਲਵੇਂਗਾ। ਜਿੰਦੁ ਕਵਾਉ-ਜਿੰਦ ਅਤੇ ਜਿੰਦ ਦਾ ਕਵਾਉ (ਲਿਬਾਸ, ਪੁਸ਼ਾਕ), ਭਾਵ ਸਰੀਰ।

ਭਾਵ: ਕਰਤਾ ਪੁਰਖੁ (ਅਕਾਲ ਪੁਰਖੁ) ਨੇ ਆਪ ਹੀ ਆਪਣੇ ਆਪ ਨੂੰ ਸਾਜਿਆ (ਭਾਵ, ਸੁੰਨ-ਸਮਾਧੀ ਵਾਲੀ ‘ਨਿਰਗੁਣ’ ਅਵੱਸਥਾ ਤੋਂ ‘ਸਰਗੁਣ’ ਅਵੱਸਥਾ ਵਿੱਚ ਤਬਦੀਲ ਕੀਤਾ) ਅਤੇ ਆਪ ਹੀ ਆਪਣਾ ਨਾਮਣਾ (ਵਡਿਆਈ) ਬਣਾਇਆ। ਫਿਰ ਉਸ ਕਰਤਾ ਪੁਰਖੁ (ਪ੍ਰਭੂ) ਨੇ ਕੁਦਰਤਿ ਦੀ ਸਾਜਨਾ ਕੀਤੀ (ਅਤੇ ਉਸ ਵਿੱਚ ਆਸਣ ਜਮਾ ਕੇ) (ਕਣ-ਕਣ ਵਿੱਚ ਸਮਾ ਕੇ), ਭਾਵ ਕਿ ਕੁਦਰਤਿ ਵਿੱਚ ਵਿਆਪਕ ਹੋ ਕੇ (ਇਸ ਜਗਤ ਦਾ) ਤਮਾਸ਼ਾ (ਰੱਬੀ-ਖੇਡ) ਵੇਖਣ ਲੱਗ ਪਿਆ ਹੈ।

ਹੇ ਪ੍ਰਭੂ! ਤੂੰ ਆਪ ਹੀ (ਜੀਵਾਂ ਨੂੰ) ਦਾਤਾਂ ਦੇਣ ਵਾਲਾ ਹੈਂ ਅਤੇ ਆਪ ਹੀ (ਇਨ੍ਹਾਂ ਜੀਵਾਂ ਨੂੰ) ਸਾਜਨ ਵਾਲਾ ਹੈਂ। (ਤੂੰ ਆਪ ਹੀ ਤਰੁੱਠ ਕੇ ਜੀਵਾਂ ਨੂੰ) ਦੇਂਦਾ ਹੈ ਅਤੇ ਬਖ਼ਸ਼ਿਸ਼ ਕਰਦਾ ਹੈਂ। ਤੂੰ ਸਭਨਾਂ ਜੀਆਂ ਨੂੰ ਜਾਨਨਹਾਰ (ਅੰਤਰਜਾਮੀ) ਹੈਂ। ਜਿੰਦ ਅਤੇ ਸਰੀਰ ਦੇ ਕੇ (ਤੂੰ ਆਪ ਹੀ) ਲੈ ਲਵੇਂਗਾ (ਭਾਵ, ਤੂੰ ਆਪ ਹੀ ਜਿੰਦ ਤੇ ਸਰੀਰ ਦਿੰਦਾ ਹੈਂ, ਆਪ ਹੀ ਮੁੜ ਲੈ ਲੈਂਦਾ ਹੈਂ)।

ਗੁਰ ਪ੍ਰਸਾਦਿ

ਉਸ ਪ੍ਰਭੂ-ਪਿਤਾ ਨਾਲ ਸਦੀਵੀ ਤੇ ਅਨੰਦਮਈ ਮਿਲਾਪ ਪੂਰੇ ਗੁਰੂ (ਸ਼ਬਦ-ਗੁਰੂ) ਦੀ ਕਿਰਪਾ ਦੁਆਰਾ (ਹੁਕਮਿ ਰਜ਼ਾਈ ਚੱਲ ਕੇ ਹੀ) ਹੁੰਦਾ ਹੈ।

ਨੋਟ: ਗੁਰਮਤਿ ਦੇ ਇਸ ਮੁੱਢਲੇ ਸਿਧਾਂਤ ਨੂੰ ਮੂਲ-ਮੰਤਰ (ਜਾਂ ਬੀਜ-ਮੰਤ੍ਰ) ਵੀ ਕਿਹਾ ਜਾਂਦਾ ਹੈ ਕਿਉਂਕਿ ਸਮੁੱਚੇ ਗੁਰਮਤਿ ਫ਼ਲਸਫ਼ੇ ਦਾ, ਇਹ ਸਿਧਾਂਤ, ਆਧਾਰ ਹੈ। ਇਸੇ ਕਰ ਕੇ ਇਸ ਸਿਧਾਂਤ ਨੂੰ (ਕਈ ਰੂਪਾਂ ਵਿੱਚ) ਗੁਰੂ ਗ੍ਰੰਥ ਸਾਹਿਬ ਵਿੱਚ ਵਾਰ-ਵਾਰ ਦਰਜ਼ ਕੀਤਾ ਹੋਇਆ ਹੈ ਤਾ ਕਿ ਕਿਸੇ ਨੂੰ ਕੋਈ ਭੁਲੇਖਾ ਨਾ ਰਹੇ ਕਿ ਭਾਵੇਂ ਸ਼ਬਦ-ਗੁਰੂ ਵਿੱਚ ਪਰਮਾਤਮਾ ਨੂੰ ਬਹੁਤ ਸਾਰੇ ਨਾਵਾਂ ਨਾਲ ਯਾਦ ਕੀਤਾ ਹੋਇਆ ਹੈ, ਪਰ, ਉਹ ਸਾਰੇ ਨਾਂਵ ਇਸ ਮੂਲ-ਮੰਤ੍ਰ (ਮੁੱਢਲੇ ਸਿਧਾਂਤ) ਵਿੱਚ ਅੰਕਿਤ ਕੀਤੇ ਜਾ ਚੁੱਕੇ ਗੁਣਾਂ ਵਾਲੇ ਪਰਮਾਤਮਾ ਦੇ ਹੀ ਨਾਮ ਹਨ। ਇਥੇ ‘ਮੰਤ੍ਰ’ ਦਾ ਅਰਥ ਹੈ ਉਪਦੇਸ਼।

ਕਰਨਲ ਗੁਰਦੀਪ ਸਿੰਘ




.