.

ਪਰਸਰਾਮ ਅਵਤਾਰ

(Parasram: Ninth Incarnation of Vishnu)

ਬਚਿਤ੍ਰ ਨਾਟਕ ਕਿਤਾਬ ਵਿੱਚ ਹੋਰ ਕਈ ਕਥਾ-ਕਹਾਣੀਆਂ ਤੋਂ ਇਲਾਵਾ, ਵਿਸ਼ਣੂ ਦੇ ਚਉਬੀਸ ਅਵਤਾਰਾਂ ਦਾ ਵੇਰਵਾ ਵੀ ਦਿੱਤਾ ਹੋਇਆ ਹੈ। ਭਾਵੇਂ ਇਨ੍ਹਾਂ ਪੁਰਾਤਨ-ਮਿਥਿਹਾਸਕ ਹਿੰਦੂਆਂ ਦੀਆਂ ਕਥਾਵਾਂ ਨਾਲ ਸਿੱਖਾਂ ਦਾ ਕੋਈ ਲੈਣਾ-ਦੇਣਾ ਨਹੀਂ, ਪਰ ਫਿਰ ਵੀ ਕਈ ਪ੍ਰਚਾਰਕ/ਕਥਾਕਾਰ ਐਸੀਆਂ ਕਹਾਣੀਆਂ ਸਣਾਉਂਦੇ ਰਹਿੰਦੇ ਹਨ। ਇਸ ਲਈ, ਵਿਸ਼ਣੂ ਦੇ ਬੇਅਸੂਲੇ ਪੈਦਾ ਕੀਤੇ ਹੋਏ ਅਵਤਾਰਾਂ ਬਾਰੇ ਸਾਨੂੰ ਜਾਣਕਾਰੀ ਪ੍ਰਾਪਤ ਕਰਨ ਵਿੱਚ ਕੋਈ ਹਰਜ਼ ਨਹੀਂ। ਆਓ, "ਪਰਸਰਾਮ ਅਵਤਾਰ" ਦੀ ਕਥਾ ਬਾਰੇ ਦੇਖੀਏ ਕਿ ਲੋਕਾਈ ਨੂੰ ਇਨ੍ਹਾਂ ਦੀ ਕੀ ਦੇਣ ਸੀ?

ਚੌਪਈ

ਪੁਨਿ ਕੇਤਿਕ ਦਿਨ ਭਏ ਬਿਤੀਤਾ। ਛਤ੍ਰਨਿ ਸਕਲ ਧਰਾ ਕਹੁ ਜੀਤਾ।

ਅਧਿਕ ਜਗਤ ਮਹਿ ਊਚ ਜਨਾਯੋ। ਬਾਸਵ ਬਲਿ ਕਹੂੰ ਲੈਨ ਨ ਪਾਯੋ। ੧।

ਅਰਥ ਕਰਤਾ ਡਾ. ਰਤਨ ਸਿੰਘ ਜੱਗੀ ਅਤੇ ਡਾ. ਗੁਰਸ਼ਰਨ ਕੌਰ ਜੱਗੀ: ਫਿਰ ਕਿਤਨਾ ਸਮਾਂ ਬੀਤ ਗਿਆ। ਛਤ੍ਰੀਆਂ ਨੇ ਸਾਰੀ ਧਰਤੀ ਨੂੰ ਜਿਤ ਲਿਆ। (ਉਨ੍ਹਾਂ ਨੇ ਆਪਣੇ ਆਪ ਨੂੰ) ਸਾਰੇ ਜਗਤ ਵਿੱਚ ਵੱਡਾ ਕਰਕੇ ਜਣਾਇਆ। ਇੰਦਰ ( ‘ਬਾਸਵ’ ) ਕਿਤੋਂ ਵੀ ਬਲੀ ਲੈ ਸਕਣ ਦੇ ਸਮਰਥ ਨ ਰਿਹਾ। ੧।

ਬਿਆਕੁਲ ਸਕਲ ਦੇਵਤਾ ਭਏ। ਮਿਲਿ ਕਰਿ ਸਭੁ ਬਾਸਵ ਪੈ ਗਏ।

ਛਤ੍ਰੀ ਰੂਪ ਧਰੇ ਸਭੁ ਅਸੁਰਨ। ਆਵਤ ਕਹਾ ਭੂਪ ਤੁਮਰੇ ਮਨਿ। ੨।

ਅਰਥ: ਸਾਰੇ ਦੇਵਤੇ ਵਿਆਕੁਲ ਹੋ ਗਏ। ਸਾਰੇ ਮਿਲ ਕੇ ਇੰਦਰ ਕੋਲ ਗਏ (ਅਤੇ ਕਹਿਣ ਲਗੇ ਕਿ) ਸਾਰਿਆਂ ਦੈਂਤਾਂ ਨੇ ਛਤ੍ਰੀ ਰੂਪ ਧਾਰਨ ਕਰ ਲਿਆ ਹੈ। ਹੇ ਰਾਜਨ! ਤੁਹਾਡੇ ਮਨ ਵਿੱਚ ਕੀ (ਵਿਚਾਰ) ਆ ਰਿਹਾ ਹੈ। ੨।

ਸਬ ਦੇਵਨ ਮਿਲਿ ਕਰਿਯੋ ਬਿਚਾਰਾ। ਛੀਰਸਮੁਦ੍ਰ ਕਹੁ ਚਲੇ ਸੁਧਾਰਾ।

ਕਾਲ ਪੁਰਖੁ ਕੀ ਕਰੀ ਬਡਾਈ। ਇਮ ਆਗਿਆ ਤਹ ਤੈ ਤਿਨਿ ਆਈ। ੩।

ਅਰਥ: ਸਾਰਿਆਂ ਦੇਵਤਿਆਂ ਨੇ ਮਿਲ ਕੇ ਵਿਚਾਰ ਕੀਤਾ ਅਤੇ (ਮਨ ਵਿਚ) ਨਿਸ਼ਚਾ ਕਰ ਕੇ ਛੀਰ ਸਮੁੰਦਰ ਨੂੰ ਚਲ ਪਏ। (ਉਥੇ ਜਾ ਕੇ) ‘ਕਾਲ ਪੁਰਖ’ ਦੀ ਵਡਿਆਈ ਕੀਤੀ। ਉਥੋਂ ਉਨ੍ਹਾਂ ਨੂੰ ਇਸ ਤਰ੍ਹਾਂ ਦੀ ਆਗਿਆ ਹੋਈ। ੩।

ਦਿਜ ਜਮਦਗਨਿ ਜਗਤ ਮੋ ਸੋਹਤ। ਨਿਤ ਉਠਿ ਕਰਤ ਅਘਨ ਓਘਨ ਹਤ।

ਤਹ ਤੁਮ ਧਰੋ ਬਿਸਨ ਅਵਤਾਰਾ। ਹਨਹੁ ਸਕ੍ਰ ਕੇ ਸਤ੍ਰ ਸੁਧਾਰਾ। ੪।

ਅਰਥ: ਜਮਦਗਨਿ ਨਾਂ ਦਾ ਮੁਨੀ (ਦਿਜ) ਜਗਤ ਵਿੱਚ ਬਿਰਾਜਦਾ ਹੈ। (ਉਹ) ਨਿੱਤ ਉਠ ਕੇ (ਸਾਧਨਾ ਰਾਹੀਂ) ਸਾਰਿਆਂ ਪਾਪਾਂ ਨੂੰ ਨਸ਼ਟ ਕਰਦਾ ਹੈ। ਹੇ ਵਿਸ਼ਣੂ! ਤੁਸੀਂ ਉਸ ਦੇ (ਘਰ) ਜਾ ਕੇ ਅਵਤਾਰ ਧਾਰਨ ਕਰੋ ਅਤੇ ਇੰਦਰ ਦੇ ਵੈਰੀਆਂ ਨੂੰ ਚੰਗੀ ਤਰ੍ਹਾਂ ਮਾਰ ਦਿਓ। ੪।

ਭੁਜੰਗ ਪ੍ਰਯਾਤ ਛੰਦ

ਜਯੋ ਜਾਮਦਗਨੰ ਦਿਜੰ ਆਵਤਾਰੀ। ਭਯੋ ਰੇਣੁਕਾ ਤੇ ਕਵਾਚੀ ਕੁਠਾਰੀ।

ਧਰਿਯੋ ਛਤ੍ਰੀਯਾ ਪਾਤ ਕੋ ਕਾਲ ਰੂਪੰ। ਹਨ੍ਹਯੋ ਜਾਇ ਜਉਨੈ ਸਹੰਸਾਸਤ੍ਰ ਭੂਪੰ। ੫।

ਅਰਥ: ਜਮਦਗਨਿ ਬ੍ਰਾਹਮਣ ਦੇ ਘਰ (ਵਿਸ਼ਣੂ) ਨੇ ਅਵਤਾਰ ਲਿਆ। (ਉਹ) ਕਵਚ ਅਤੇ ਕੁਹਾੜਾ (ਧਾਰਨ ਕਰਨ ਵਾਲਾ) ਰੇਣਕਾ (ਦੀ ਕੁੱਖ ਤੋਂ) ਹੋਇਆ ਸੀ। (ਇਉਂ ਪ੍ਰਤੀਤ ਹੁੰਦਾ ਸੀ ਕਿ) ਛਤ੍ਰੀਆਂ ਨੂੰ ਮਾਰਨ ਲਈ ਕਾਲ ਨੇ ਹੀ (ਇਹ) ਰੂਪ ਧਾਰਨ ਕੀਤਾ ਹੋਵੇ ਜਿਸ ਨੇ ਸਹਸ੍ਰਬਾਹੁ ਰਾਜੇ ਨੂੰ ਮਾਰਿਆ ਸੀ। ੫।

ਕਹਾ ਗੰਮ ਏਤੀ ਕਥਾ ਸਰਬ ਭਾਖਉ। ਕਥਾ ਬ੍ਰਿਧ ਤੇ ਥੋਰੀਐ ਬਾਤ ਰਾਖਉ।

ਭਰੇ ਗਰਬ ਛਤਰੀ ਨਰੇਸੰ ਅਪਾਰੰ। ਤਿਨੈ ਨਾਸ ਕੋ ਪਾਣਿ ਧਾਰਿਯੋ ਕੁਠਾਰੰ। ੬।

ਅਰਥ: ਇਤਨੀ ਮੇਰੀ ਸਮਰਥਾ ਨਹੀਂ ਕਿ ਸਾਰੀ ਕਥਾ ਸੁਣਾਵਾਂ, ਕਥਾ ਵੱਧ ਨ ਜਾਏ, ਇਸ ਲਈ ਥੋੜੀ ਗੱਲ ਹੀ ਦਸਦਾ ਹਾਂ। ਅਪਾਰ ਛਤ੍ਰੀ ਰਾਜੇ ਹੰਕਾਰ ਨਾਲ ਭਰੇ ਹੋਏ ਸਨ। ਉਨ੍ਹਾਂ ਦੇ ਨਾਸ਼ ਲਈ (ਪਰਸ਼ੁਰਾਮ ਨੇ ਆਪਣੇ) ਹੱਥ ਵਿੱਚ ਕੁਹਾੜਾ ਧਾਰਨ ਕੀਤਾ। ੬।

ਹੁਤੀ ਨੰਦਨੀ ਸਿੰਧ ਜਾ ਕੀ ਸੁਪੁਤ੍ਰੀ। ਤਿਸੈ ਮਾਗ ਹਾਰਿਯੋ ਸਹੰਸਾਸਤ੍ਰ ਛਤ੍ਰੀ।

ਲੀਯੋ ਛੀਨ ਗਾਯੰ ਹਤਿਯੋ ਰਾਮ ਤਾਤੰ। ਤਿਸੀ ਬੈਰ ਕੀਨੇ ਸਬੈ ਭੂਪ ਪਾਤੰ। ੭।

ਅਰਥ: (ਘਟਨਾ ਦਾ ਪਿਛੋਕੜ ਇਹ ਸੀ ਕਿ) ਕਾਮਧੇਨੁ ਗਊ ਦੀ ਨੰਦਨੀ ਨਾਂ ਦੀ ਪੁੱਤਰੀ ਸੀ। ਉਸ ਨੂੰ ਸਹਸ੍ਰਬਾਹੁ ਛਤ੍ਰੀ (ਜਮਦਗਨਿ ਪਾਸੋਂ) ਮੰਗ ਮੰਗ ਕੇ ਥਕ ਗਿਆ। (ਮੌਕਾ ਤਾੜ ਕੇ) ਉਸ ਨੇ ਗਊ ਖੋਹ ਲਹੀ ਅਤੇ ਪਾਰਸ਼ੁਰਾਮ ਦੇ ਪਿਤਾ (ਜਮਦਗਨਿ) ਨੂੰ ਮਾਰ ਦਿੱਤਾ। ਉਸੇ ਵੈਰ ਕਰ ਕੇ (ਪਰਸ਼ੁਰਾਮ ਨੇ) ਸਾਰਿਆਂ (ਛਤ੍ਰੀ) ਰਾਜਿਆਂ ਦਾ (ਇੱਕੀ ਵਾਰ) ਨਾਸ਼ ਕੀਤਾ। ੭।

ਗਈ ਬਾਲ ਤਾ ਤੇ ਲੀਯੋ ਸੋਧ ਤਾ ਕੋ। ਹਨਿਯੋ ਤਾਤ ਮੇਰੋ ਕਹੋ ਨਾਮੁ ਵਾ ਕੋ।

ਸਹੰਸਾਸਤ੍ਰ ਭੂਪੰ ਸੁਣਿਯੋ ਸ੍ਰਉਣ ਨਾਮੰ। ਗਹੇ ਸਸਤ੍ਰ ਅਸਤ੍ਰੰ ਚਲਿਯੋ ਤਉਨ ਠਾਮੰ। ੮।

ਅਰਥ: ਇਸ ਕਰ ਕੇ (ਜਮਦਗਨਿ ਦੀ) ਪਤਨੀ (ਬਨ ਵਿਚ) ਗਈ ਅਤੇ (ਪਰਸ਼ੁਰਾਮ ਨੂੰ) ਲਭ ਲਿਆ। (ਉਸ ਨੂੰ ਸਾਰੀ ਗੱਲ ਦਸੀ। ਉੱਤਰ ਵਿੱਚ ਪਰਸ਼ੁਰਾਮ ਨੇ ਕਿਹਾ-) ਜਿਸ ਨੇ ਮੇਰੇ ਪਿਤਾ ਨੂੰ ਮਾਰਿਆ ਹੈ, ਉਸ ਦਾ ਨਾਂ ਦਸੋ। (ਰੇਣੁਕਾ ਨੇ ਨਾਂ ਦਸਿਆ। ਜਦੋਂ ਪਰਸ਼ੁਰਾਮ ਨੇ) ਸਹਸ੍ਰਬਾਹੁ ਰਾਜੇ ਦਾ ਨਾਂ ਕੰਨਾਂ ਨਾਲ ਸੁਣਿਆ, ਤਾਂ ਅਸਤ੍ਰ-ਸ਼ਸਤ੍ਰ ਪਕੜ ਕੇ ਉਸ ਦੇ ਠਿਕਾਣੇ ਨੂੰ ਤੁਰ ਪਿਆ। ੮।

ਕਹੋ ਰਾਜ ਮੇਰੋ ਹਨਿਯੋ ਤਾਤ ਕੈਸੇ। ਅਬੈ ਜੁਧ ਜੀਤੋ ਹਨੋ ਤੋਹਿ ਤੈਸੋ।

ਕਹਾ ਮੂੜ ਬੈਠੋ ਸੁ ਅਸਤ੍ਰੰ ਸੰਭਾਰੋ। ਚਲੋ ਭਾਜ ਨ ਤੋ ਸਬੈ ਸਸਤ੍ਰ ਡਾਰੋ। ੯।

ਅਰਥ: (ਉਥੇ ਪਹੁੰਚ ਕੇ ਪਰਸ਼ੁਰਾਮ ਨੇ ਸਹਸ਼੍ਰਬਾਹੁ ਨੂੰ ਪੁਛਿਆ-) ਹੇ ਰਾਜਨ! ਦਸੋ, (ਤੁਸੀਂ) ਮੇਰੇ ਪਿਤਾ ਨੂੰ ਕਿਵੇਂ ਮਾਰਿਆ? ਹੁਣੇ (ਮੈਂ ਤੈਨੂੰ) ਯੁੱਧ ਵਿੱਚ ਜਿਤਾਂਗਾ ਅਤੇ ਉਸੇ ਤਰ੍ਹਾਂ ਮਾਰਾਂਗਾ। ਹੇ ਮੂਰਖ (ਰਾਜੇ) ! (ਤੂੰ) ਕਿਸ ਲਈ ਬੈਠਾ ਹੈਂ? ਅਸਤ੍ਰ ਸੰਭਾਲ, ਨਹੀਂ ਤਾਂ ਸਾਰੇ ਸ਼ਸਤ੍ਰ ਸੁਟ ਕੇ ਭਜ ਜਾ। ੯।

ਸੁਣੇ ਬੋਲ ਬੰਕੇ ਭਰਿਯੋ ਭੂਪ ਕੋਪੰ। ਉਠਿਯੋ ਰਾਜ ਸਰਦੂਲ ਲੈ ਪਾਣਿ ਧੋਪੰ।

ਹਠਿਯੋ ਖੇਤਿ ਖੂਨੀ ਦਿਜੰ ਖੇਤ੍ਰ ਹਾਯੋ। ਚਹੇ ਆਜ ਹੀ ਜੁਦ ਮੋ ਸੋ ਮਚਾਯੋ। ੧੦।

ਅਰਥ: (ਪਰਸ਼ੁਰਾਮ ਦੇ ਜਦੋਂ ਇਸ ਤਰ੍ਹਾਂ ਦੇ) ਕੌੜੇ ਬਚਨ ਸੁਣੇ, ਤਾਂ ਰਾਜਾ ਕ੍ਰੋਧ ਨਾਲ ਭਰ ਗਿਆ ਅਤੇ ਸਿਧੀ ਤਲਵਾਰ ਲੈ ਕੇ ਸ਼ੇਰ ਵਾਂਗ ਉਠਿਆ। (ਰਾਜਾ) ਹਠ ਕਰਕੇ ਖਲੋ ਗਿਆ ਕਿ (ਹੁਣ) ਖ਼ੂਨੀ ਬ੍ਰਾਹਮਣ ਨੂੰ ਯੁੱਧ-ਭੂਮੀ ਵਿੱਚ ਮਾਰਦਾ ਹਾਂ ਕਿਉਂਕਿ ਇਹ ਅਜ ਹੀ ਮੇਰੇ ਨਾਲ ਯੁੱਧ ਮਚਾਉਣਾ ਚਾਹੁੰਦਾ ਹੈ। ੧੦।

ਧਏ ਸੂਰ ਸਰਬੰ ਸੁਨੇ ਬੈਨ ਰਾਜੰ। ਚੜਿਯੋ ਕ੍ਰੁਧ ਜੁਧੰ ਸ੍ਰਜੇ ਸਰਬ ਸਾਜੰ।

ਗਦਾ ਸੈਹਥੀ ਸੂਲ ਸੋਲੰ ਸੰਭਾਰੀ। ਚਲੇ ਜੁਧ ਕਾਜੰ ਬਡੇ ਛਤ੍ਰਧਾਰੀ। ੧੧।

ਅਰਥ: ਰਾਜੇ ਦੇ ਬੋਲ ਸੁਣ ਕੇ ਸਾਰੇ ਸੂਰਮੇ ਚਲ ਪਏ। ਯੁੱਧ ਲਈ (ਉਨ੍ਹਾਂ ਨੂੰ) ਕ੍ਰੋਧ ਚੜ੍ਹ ਗਿਆ ਅਤੇ ਸਾਰਾ ਸਾਜ਼ੋ-ਸਾਮਾਨ ਸਜਾ ਲਿਆ। (ਉਨ੍ਹਾਂ ਨੇ) ਗਦਾ, ਸੈਹੱਥੀ, ਤ੍ਰਿਸ਼ੂਲ ਅਤੇ ਬਰਛੇ ਸੰਭਾਲ ਲਏ। ਵੱਡੇ ਵੱਡੇ ਛਤਰਧਾਰੀ (ਯੋਧੇ) ਯੁੱਧ ਕਰਨ ਲਈ ਚੜ੍ਹ ਚਲੇ। ੧੧।

ਨਰਾਜ ਛੰਦ

ਕ੍ਰਿਪਾਣ ਪਾਣ ਧਾਰਿਕੈ। ਚਲੇ ਬਲੀ ਪੁਕਾਰਿਕੈ। ਸੁ ਮਾਰਿ ਮਾਰਿ ਭਾਖਹੀ। ਸਰੋਘ ਸ੍ਰੋਣ ਚਾਖਹੀ। ੧੨।

ਸੰਜੋਇ ਸੈਹਥੀਨ ਲੈ। ਚੜੇ ਸੁ ਬੀਰ ਰੋਸ ਕੈ। ਚਟਾਕ ਚਾਬਕੰ ਉਠੇ। ਸਹੰਸ੍ਰ ਸਾਇਕੰ ਬੁਠੈ। ੧੩।

ਅਰਥ: ਤਲਵਾਰ ਨੂੰ ਹੱਥ ਵਿੱਚ ਫੜ ਕੇ, ਸੂਰਮੇ ਲਲਕਾਰਦੇ ਹੋਏ ਚਲ ਪਏ। ਉਹ ਮਾਰੋ-ਮਾਰੋ ਬੋਲ ਰਹੇ ਸਨ ਅਤੇ (ਉਨ੍ਹਾਂ ਦੇ) ਤੀਰ ਲਹੂ ਚਖ ਰਹੇ ਸਨ। ੧੨। ਕਵਚ (ਸ਼ਰੀਰ ਉਤੇ ਧਾਰਨ ਕਰਕੇ ਅਤੇ ਹੱਥਾਂ ਵਿਚ) ਸੈਹੱਥੀਆਂ ਲੈ ਕੇ, ਕ੍ਰੋਧਵਾਨ ਹੋ ਕੇ ਸੂਰਮੇ ਚੜ੍ਹ ਚਲੇ। (ਘੋੜਿਆਂ ਦੀਆਂ) ਚਾਬੁਕਾਂ ਚਟਾਖ ਚਟਾਖ ਕਰਨ ਲਗੀਆਂ ਅਤੇ ਹਜ਼ਾਰਾਂ ਤੀਰ ਵਰ੍ਹਨ ਲਗੇ। ੧੩।

ਰਸਾਵਲ ਛੰਦ

ਭਏ ਏਕ ਠਉਰੇ। ਸਬੈ ਸੂਰ ਦਉਰੇ। ਲਯੋ ਘੇਰਿ ਰਾਮੰ। ਘਟਾ ਸੂਰ ਸ੍ਹਯਾਮੰ। ੧੪।

ਕਮਾਣੰ ਕੜੰਕੇ। ਭਏ ਨਾਦ ਬੰਕੇ। ਘਟਾ ਜਾਣਿ ਸਿਆਹੰ। ਚੜਿਓ ਤਿਉ ਸਿਪਾਹੰ। ੧੫।

ਅਰਥ: (ਸਾਰੇ ਸੂਰਮੇ) ਇੱਕ ਥਾਂ ਤੇ ਇਕੱਠੇ ਹੋ ਗਏ ਅਤੇ ਸਾਰਿਆਂ ਨੇ ਦੌੜ ਕੇ ਪਰਸ਼ੁਰਾਮ ਨੂੰ (ਇੰਜ) ਘੇਰ ਲਿਆ (ਜਿਵੇਂ) ਕਾਲੀਆਂ ਘਟਾਵਾਂ ਸੂਰਜ ਨੂੰ ਘੇਰਦੀਆਂ ਹਨ। ੧੪। ਕਮਾਨਾਂ ਕੜਕ ਰਹੀਆਂ ਸਨ, ਭਿਆਨਕ ਨਾਦ ਹੋ ਰਹੇ ਸਨ। ਸੈਨਿਕ ਇਸ ਤਰ੍ਹਾਂ ਚੜ੍ਹੇ ਸਨ ਮਾਨੋ ਕਾਲੀਆਂ ਘਟਾਵਾਂ (ਚੜ੍ਹ ਆਈਆਂ ਹੋਣ)। ੧੫।

ਭਏ ਨਾਦ ਬੰਕੇ। ਸੁ ਸੇਲੰ ਧਮੰਕੇ। ਗਜਾ ਜੂਹ ਗਜੇ। ਸੁਭੰ ਸੰਜ ਸਜੇ। ੧੬।

ਚਹੁੰ ਓਰ ਢੂਕੇ। ਗਜੰ ਜੂਹ ਝੂਕੇ। ਸਰੰ ਬ੍ਹਯੂਹ ਛੂਟੇ। ਰਿਪੰ ਸੀਸ ਫੂਟੇ। ੧੭।

ਅਰਥ: ਬੜੇ ਡਰਾਵਣੇ ਨਾਦ ਹੋਣ ਲਗੇ, ਬਰਛਿਆਂ ਦੀ ਧਮਕ ਪੈਣ ਲਗੀ। ਹਾਥੀਆਂ ਦੇ ਝੁੰਡ ਗਜਣ ਲਗੇ ਜਿਨ੍ਹਾਂ ਨੇ ਸੁੰਦਰ ਕਵਚ ਸਜਾਏ ਹੋਏ ਸਨ। ੧੬। (ਸੂਰਮੇ) ਚੌਹਾਂ ਪਾਸਿਆਂ ਤੋਂ ਢੁਕ ਰਹੇ ਸਨ ਅਤੇ ਹਾਥੀਆਂ ਦੇ ਝੁੰਡਾਂ ਨੂੰ ਅਗੇ ਝੋਂਕਦੇ ਸਨ। ਬਹੁਤ ਸਾਰੇ ਤੀਰ ਛਡ ਰਹੇ ਸਨ ਅਤੇ ਵੈਰੀਆਂ ਦੇ ਸਿਰ ਫੁਟ ਰਹੇ ਸਨ। ੧੭।

ਉਠੇ ਨਾਦ ਭਾਰੀ। ਰਿਸੇ ਛਤ੍ਰਧਾਰੀ। ਘਿਰਿਯੋ ਰਾਮ ਸੈਨੰ। ਸਿਵੰ ਜੇਮ ਮੈਨੰ। ੧੮।

ਰਣੰ ਰੰਗ ਰਤੇ। ਤ੍ਰਸੇ ਤੇਜ ਤਤੇ। ਉਠੀ ਸੈਣ ਧੂਰੰ। ਰਹਿਯੋ ਗੈਣ ਪੂਰੰ। ੧੯।

ਅਰਥ: ਭਾਰੀ ਨਾਦ ਉਠ ਰਹੇ ਸਨ, ਛਤਰਧਾਰੀ ਕ੍ਰੋਧਵਾਨ ਸਨ। ਪਰਸ਼ੁਰਾਮ ਨੂੰ ਸੈਨਾ ਨੇ (ਇੰਜ) ਘੇਰ ਲਿਆ, ਜਿਵੇਂ ਸ਼ਿਵ ਨੂੰ ਕਾਮ ਨੇ (ਘੇਰ ਲਿਆ ਸੀ)। ੧੮। (ਸੂਰਮੇ) ਯੁੱਧ ਦੇ ਰੰਗ ਵਿੱਚ ਰਤੇ ਹੋਏ ਸਨ ਅਤੇ (ਦੂਜਿਆਂ ਦੇ) ਤੀਬਰ ਤੇਜ ਤੋਂ ਡਰ ਰਹੇ ਸਨ। ਸੈਨਾ ਦੇ (ਪੈਰਾਂ ਨਾਲ ਜੋ) ਧੂੜ ਉਡੀ, (ਉਸ ਨਾਲ) ਆਕਾਸ਼ ਢਕ ਗਿਆ ਸੀ। ੧੯।

ਘਣੇ ਢੋਲ ਬਜੇ। ਮਹਾ ਬੀਰ ਗਜੇ। ਮਨੋ ਸਿੰਘ ਛੁਟੇ। ਹਿਮੰ ਬੀਰ ਜੁਟੇ। ੨੦।

ਕਰੈ ਮਾਰਿ ਮਾਰੰ। ਬਕੈ ਬਿਕਰਾਰੰ। ਗਿਰੈ ਅੰਗ ਭੰਗੰ। ਦਵੰ ਜਾਨ ਦੰਗੰ। ੨੧।

ਅਰਥ: ਬਹੁਤ ਸਾਰੇ ਢੋਲ ਵਜਦੇ ਸਨ ਅਤੇ ਸੂਰਵੀਰ ਗਜਦੇ ਸਨ। ਯੋਧੇ ਇਸ ਤਰ੍ਹਾਂ ਜੁਟੇ ਹੋਏ ਸਨ, ਮਾਨੋ (ਬੰਨ੍ਹੇ ਹੋਏ) ਸ਼ੇਰ ਛੁਟਣ ਤੇ (ਜੁਟ ਜਾਂਦੇ ਹੋਣ)। ੨੦। (ਸਾਰੇ) ਮਾਰੋ ਮਾਰ ਕਰਦੇ ਸਨ ਅਤੇ ਭਿਆਨਕ ਸ਼ਬਦ ਬੋਲਦੇ ਸਨ। ਅੰਗ ਟੁਟ ਕੇ ਡਿਗ ਰਹੇ ਸਨ (ਇੰਜ ਪ੍ਰਤੀਤ ਹੁੰਦਾ ਸੀ) ਜਿਵੇਂ ਅੱਗ ਦਗ ਦਗ ਕਰ ਰਹੀ ਹੈ। ੨੧।

ਗਏ ਛੂਟ ਅਸਤ੍ਰੰ। ਭਜੈ ਹੈਵ ਨ੍ਰਿਅਸਤ੍ਰੰ। ਖਿਲੈ ਸਾਰ ਬਾਜੀ। ਤੁਰੇ ਤੁੰਦ ਤਾਜੀ। ੨੨।

ਭੁਜਾ ਠੋਕਿ ਬੀਰੰ। ਕਰੇ ਘਾਇ ਤੀਰੰ। ਨੇਜੇ ਗਡ ਗਾਢੇ। ਮਚੇ ਬੈਰ ਬਾਢੇ। ੨੩।

ਅਰਥ: (ਜਿਨ੍ਹਾਂ ਸੂਰਮਿਆਂ ਦੇ ਹੱਥੋਂ) ਅਸਤ੍ਰ ਛੁਟ ਗਏ ਸਨ, (ਉਹ) ਅਸਤ੍ਰ-ਹੀਣ ਹੋ ਕੇ ਭਜ ਗਏ ਸਨ। (ਕਈ) ਲੋਹੇ ਦੀ ਬਾਜੀ ਖੇਡ ਰਹੇ ਸਨ ਅਤੇ ਘੋੜੇ ਤੇਜ਼ੀ ਨਾਲ ਭਜ ਰਹੇ ਸਨ। ੨੨। ਭੁਜਾਵਾਂ ਨੂੰ ਠੋਕ ਕੇ ਸੂਰਮੇ ਤੀਰਾਂ ਨਾਲ ਜ਼ਖਮ ਲਗਾ ਰਹੇ ਸਨ। ਨੇਜ਼ਿਆਂ ਨੂੰ ਪੱਕੀ ਤਰ੍ਹਾਂ ਗਡਦੇ ਸਨ ਅਤੇ ਵੈਰ ਵਧਾ ਕੇ (ਯੁੱਧ) ਮਚਾ ਰਹੇ ਸਨ। ੨੩।

ਘਣੈ ਘਾਇ ਪੇਲੇ। ਮਨੋ ਫਾਗ ਖੇਲੇ। ਕਰੀ ਬਾਣ ਬਰਖਾ। ਭਏ ਜੀਤ ਕਰਖਾ। ੨੪।

ਗਿਰੇ ਅੰਤ ਘੂਮੰ। ਮਨੋ ਬ੍ਰਿਛ ਝੂਮੰ। ਟੂਟੇ ਸਸਤ੍ਰ ਅਸਤ੍ਰੰ। ਭਜੇ ਹੁਐ ਨਿਰ ਅਸਤ੍ਰੰ। ੨੫।

ਅਰਥ: ਬਹੁਤ (ਸੂਰਮੇ) ਘਾਇਲ ਹੋ ਰਹੇ ਸਨ, ਮਾਨੋ ਹੋਲੀ ਖੇਡ ਰਹੇ ਹੋਣ। (ਸਾਰੇ ਸੂਰਮੇ) ਬਾਣਾਂ ਦੀ ਵਰਖਾ ਕਰ ਰਹੇ ਸਨ ਅਤੇ ਜਿਤ ਲਈ ਚਾਹਵਾਨ ਸਨ। ੨੪। (ਕਈ ਸੂਰਮੇ) ਅੰਤ ਵਿੱਚ ਭਵਾਟਣੀ ਖਾ ਕੇ ਡਿਗਦੇ ਸਨ ਮਾਨੋ ਬ੍ਰਿਛ ਝੂਮ ਰਿਹਾ ਹੋਵੇ। (ਕਈਆਂ ਦੇ) ਅਸਤ੍ਰ ਅਤੇ ਸ਼ਸਤ੍ਰ ਟੁਟ ਗਏ ਸਨ ਅਤੇ ਅਸਤ੍ਰ ਤੋਂ ਸਖਣੇ ਹੋ ਕੇ ਭਜ ਰਹੇ ਸਨ। ੨੫।

ਜਿਤੇ ਸਤ੍ਰੁ ਆਏ। ਤਿਤੇ ਰਾਮ ਘਾਏ। ਚਲੇ ਭਾਜਿ ਸਰਬੰ। ਭਯੋ ਦੂਰ ਗਰਬੰ। ੨੬।

ਅਰਥ: ਜਿਤਨੇ ਵੈਰੀ (ਸਾਹਮਣੇ) ਆਏ, ਉਤਨੇ ਹੀ ਪਰਸ਼ੁਰਾਮ ਨੇ ਮਾਰ ਦਿੱਤੇ। ਸਾਰੇ ਭਜ ਚਲੇ, ਕਿਉਂਕਿ (ਉਨ੍ਹਾਂ ਦਾ) ਹੰਕਾਰ ਦੂਰ ਹੋ ਗਿਆ ਸੀ। ੨੬।

ਭੁਜੰਗ ਪ੍ਰਯਾਤ ਛੰਦ

ਮਹਾ ਸਸਤ੍ਰ ਧਾਰੇ ਚਲਿਯੋ ਆਪ ਭੂਪੰ। ਲਏ ਸਰਬ ਸੈਨਾ ਕੀਏ ਆਪ ਰੂਪੰ।

ਅਨੰਤ ਅਸਤ੍ਰ ਛੋਰੇ ਭਯੋ ਜੁਧੁ ਮਾਨੰ। ਪ੍ਰਭਾ ਕਾਲ ਮਾਨੋ ਸਭੈ ਰਸਮਿ ਭਾਨੰ। ੨੭।

ਅਰਥ: ਵਧੀਆ ਸ਼ਸਤ੍ਰ ਧਾਰ ਕੇ (ਅੰਤ ਵਿਚ) ਰਾਜਾ ਆਪ (ਯੁੱਧ ਲਈ) ਤੁਰਿਆ। (ਆਪਣੇ ਨਾਲ) ਸਾਰੀ ਸੈਨਾ ਲੈ ਲਈ (ਜਿਸ ਨੇ) ਭਿਆਨਕ ਰੂਪ ਧਾਰਨ ਕੀਤਾ ਹੋਇਆ ਸੀ। (ਜਾਂਦਿਆ ਹੀ ਸੂਰਮਿਆਂ ਨੇ) ਅਨੰਤ ਅਸਤ੍ਰ (ਤੀਰ) ਛਡੇ ਅਤੇ ਗੌਰਵਸ਼ਾਲੀ ਯੁੱਧ ਹੋਇਆ। (ਉਹ ਇਸ ਤਰ੍ਹਾਂ ਚੁਭਦੇ ਪ੍ਰਤੀਤ ਹੋ ਰਹੇ ਸਨ) ਮਾਨੋ ਦੁਪਹਿਰ ਵੇਲੇ ਸਾਰੀਆਂ ਸੂਰਜ ਦੀਆਂ ਕਿਰਨਾਂ ਹੋਣ। ੨੭।

ਭੁਜਾ ਠੋਕਿ ਭੂਪੰ ਕੀਯੋ ਜੁਧ ਐਸੇ। ਮਨੋ ਬੀਰ ਬ੍ਰਿਤਰਾਸੁਰੇ ਇੰਦ੍ਰ ਜੈਸੇ।

ਸਬੈ ਕਾਟ ਰਾਮੰ ਕੀਯੋ ਬਾਹਿ ਹੀਨੰ। ਹਤੀ ਸਰਬ ਸੈਨਾ ਭਯੋ ਗਰਬ ਛੀਨੰ। ੨੮।

ਅਰਥ: ਭੁਜਾ ਨੂੰ ਠੋਕ ਕੇ ਰਾਜੇ ਨੇ ਇਸ ਤਰ੍ਹਾਂ ਯੁੱਧ ਕੀਤਾ, ਮਾਨੋ ਵੀਰ ਵ੍ਰਿਤ੍ਰਾਸੁਰ ਨੇ ਇੰਦਰ ਨਾਲ (ਯੁੱਧ ਕੀਤਾ ਹੋਵੇ)। ਪਰਸ਼ੁਰਾਮ ਨੇ (ਸਹਸ੍ਰਬਾਹੁ) ਦੀਆਂ ਸਾਰੀਆ (ਬਾਂਹਵਾਂ) ਕਟ ਦਿੱਤੀਆਂ ਅਤੇ ਉਸ ਨੂੰ ਬਾਂਹਵਾਂ ਤੋਂ ਹੀਨ ਕਰ ਦਿੱਤਾ। (ਉਸ ਦੀ) ਸਾਰੀ ਫ਼ੌਜ ਮਾਰੀ ਗਈ ਅਤੇ ਹੰਕਾਰ ਨਸ਼ਟ ਹੋ ਗਿਆ। ੨੮।

ਗਹਿਯੋ ਰਾਮ ਪਾਣੰ ਕੁਠਾਰੰ ਕਰਾਲੰ। ਕਟੀ ਸੁੰਡ ਸੀ ਰਾਜਿ ਬਾਹੰ ਬਿਸਾਲੰ।

ਭਏ ਅੰਗ ਭੰਗੰ ਕਰੰ ਕਾਲ ਹੀਣੰ। ਗਯੋ ਗਰਬ ਸਰਬੰ ਭਈ ਸੈਣ ਛੀਣੰ। ੨੯।

ਅਰਥ: ਪਰਸ਼ੁਰਾਮ ਨੇ ਹੱਥ ਵਿੱਚ ਭਿਆਨਕ ਕੁਹਾੜਾ ਫੜਿਆ ਹੋਇਆ ਸੀ। (ਉਸ ਨਾਲ) ਰਾਜੇ ਦੀਆਂ ਹਾਥੀ ਦੇ ਸੁੰਡ ਵਰਗੀਆਂ ਵਿਸ਼ਾਲ ਬਾਂਹਵਾਂ ਨੂੰ ਕਟ ਦਿੱਤਾ ਸੀ। ਰਾਜੇ ਦੇ ਅੰਗ ਕਟੇ ਜਾ ਚੁਕੇ ਸਨ, ਕਾਲ ਨੇ (ਉਸ ਨੂੰ) ਨਾਕਾਰਾ ਕਰ ਦਿੱਤਾ ਸੀ। (ਇਸ ਤਰ੍ਹਾਂ ਉਸ ਦਾ) ਸਾਰਾ ਹੰਕਾਰ ਮਿਟ ਗਿਆ ਅਤੇ ਸੈਨਾ ਨਸ਼ਟ ਹੋ ਗਈ। ੨੯।

ਰਹਿਯੋ ਅੰਤ ਖੇਤੰ ਅਚੇਤੰ ਨਰੇਸੰ। ਬਚੇ ਬੀਰ ਜੇਤੇ ਗਏ ਭਾਜ ਦੇਸੰ।

ਲਈ ਛੀਨ ਛਉਨੀ ਕਰੈ ਛਤ੍ਰਿ ਘਾਤੰ। ਚਿਰੰਕਾਲ ਪੂਜਾ ਕਰੀ ਲੋਕ ਮਾਤੰ। ੩੦।

ਅਰਥ: ਅੰਤ ਵਿੱਚ ਅਚੇਤ ਹੋ ਕੇ ਰਾਜਾ ਯੁੱਧ-ਭੂਮੀ ਵਿੱਚ ਪਿਆ ਰਿਹਾ। ਜਿਹੜੇ ਯੋਧੇ ਬਚੇ ਸਨ, ਉਹ ਦੇਸੋਂ ਭਜ ਗਏ। ਛਤ੍ਰੀਆਂ ਨੂੰ ਮਾਰ ਕੇ (ਪਰਸ਼ੁਰਾਮ ਨੇ) ਧਰਤੀ ਖੋਹ ਲਈ। (ਉਸ ਨੇ) ਚਿਰ ਕਾਲ ਤਕ ਲੋਕਾਂ ਦੀ ਮਾਤਾ (ਜਗਤ-ਮਾਤਾ) ਦੀ ਪੂਜਾ ਕੀਤੀ। ੩੦।

ਲਈ ਛੀਨ ਛਉਨੀ ਕਰੈ ਬਿਪ ਭੂਪੰ। ਹਰੀ ਫੇਰਿ ਛਤ੍ਰਿਨ ਦਿਜੰ ਜੀਤਿ ਜੂਪੰ।

ਦਿਜੰ ਆਰਤੰ ਤੀਰ ਰਾਮੰ ਪੁਕਾਰੰ। ਚਲਿਯੋ ਰੋਸ ਸ੍ਰੀ ਰਾਮ ਲੀਨੇ ਕੁਠਾਰੰ। ੩੧।

ਅਰਥ: (ਪਰਸ਼ੁਰਾਮ ਨੇ ਛਤ੍ਰੀਆ ਕੋਲੋਂ) ਧਰਤੀ ਖੋਹ ਲਈ ਅਤੇ ਬ੍ਰਹਿਮਣਾਂ ਨੂੰ ਰਾਜੇ ਬਣਾ ਦਿੱਤਾ। ਬ੍ਰਾਹਮਣਾਂ ਨੂੰ ਜੂਏ ਵਿੱਚ ਜਿਤ ਕੇ ਛਤ੍ਰੀਆਂ ਨੇ ਫਿਰ (ਉਨ੍ਹਾਂ ਤੋਂ ਧਰਤੀ) ਖੋਹ ਲਈ। ਬ੍ਰਾਹਮਣਾਂ ਨੇ ਦੁਖੀ ਹੋ ਕੇ ਪਰਸ਼ੁਰਾਮ ਪਾਸ ਪੁਕਾਰ ਕੀਤੀ। ਪਰਸ਼ੁਰਾਮ ਗੁੱਸੇ ਵਿੱਚ ਆ ਕੇ ਅਤੇ ਕੁਹਾੜਾ ਲੈ ਕੇ (ਬ੍ਰਾਹਮਣਾਂ ਦੀ ਸਹਾਇਤਾ ਲਈ) ਚਲ ਪਿਆ। ੩੧।

ਸੁਨ੍ਹਯੋ ਸਰਬ ਭੂਪੰ ਹਠੀ ਰਾਮ ਆਏ। ਸਭੰ ਜੁਧੁ ਕੋ ਸਸਤ੍ਰ ਅਸਤ੍ਰੰ ਬਨਾਏ।

ਚੜੇ ਚਉਪ ਕੈ ਕੈ ਕੀਏ ਜੁਧ ਐਸੇ। ਮਨੋ ਰਾਮ ਸੋ ਰਾਵਣੰ ਲੰਕ ਜੈਸੇ। ੩੨।

ਅਰਥ: ਸਾਰਿਆਂ (ਛਤ੍ਰੀ) ਰਾਜਿਆਂ ਨੇ ਸੁਣਿਆ ਕਿ ਹਠੀਲਾ ਪਰਸ਼ੁਰਾਮ ਆ ਗਿਆ ਹੈ। ਸਾਰਿਆਂ ਨੇ ਯੁੱਧ ਲਈ ਅਸਤ੍ਰ ਅਤੇ ਸ਼ਸਤ੍ਰ ਸਜਾਅ ਲਏ। ਬੜੇ ਉਤਸਾਹ ਨਾਲ (ਉਨ੍ਹਾਂ ਨੇ) ਪ੍ਰਸਥਾਨ ਕੀਤਾ ਅਤੇ ਅਜਿਹਾ ਯੁੱਧ ਕੀਤਾ ਜਿਹੋ ਜਿਹਾ ਲੰਕਾ ਵਿੱਚ ਰਾਮ ਦਾ ਰਾਵਣ ਨਾਲ ਹੋਇਆ ਸੀ। ੩੨।

ਲਗੇ ਸਸਤ੍ਰੰ ਅਸਤ੍ਰੰ ਲਖੇ ਰਾਮ ਅੰਗੰ। ਗਹੇ ਬਾਣ ਪਾਣੰ ਕੀਏ ਸਤ੍ਰੁ ਭੰਗੰ।

ਭੁਜਾ ਹੀਣ ਏਕੰ ਸਿਰੰ ਹੀਣ ਕੇਤੇ। ਸਬੈ ਮਾਰ ਡਾਰੇ ਗਏ ਬੀਰ ਜੇਤੇ। ੩੩।

ਅਰਥ: ਪਰਸ਼ੁਰਾਮ ਨੇ ਜਦੋਂ (ਆਪਣੇ) ਅੰਗਾਂ ਵਿੱਚ ਅਸਤ੍ਰ ਅਤੇ ਸ਼ਸਤ੍ਰ ਲਗੇ ਹੋਏ ਵੇਖੇ (ਤਾਂ ਉਸ ਨੇ) ਹੱਥ ਵਿੱਚ ਧਨੁਸ਼-ਬਾਣ ਪਕੜ ਕੇ ਵੈਰੀਆਂ ਦਾ ਨਾਸ਼ ਕਰ ਦਿੱਤਾ। ਇਕਨਾਂ ਨੂੰ ਭੁਜਾਵਾ ਤੋਂ ਬਿਨਾ ਕਰ ਦਿੱਤਾ ਅਤੇ ਇਕਨਾਂ ਨੂੰ ਸਿਰਾਂ ਤੋਂ ਬਿਨਾ ਕਰ ਦਿੱਤਾ। ਸਾਰੇ (ਛਤ੍ਰੀ) ਹੀ ਮਾਰ ਦਿੱਤੇ ਜਿਤਨੇ ਸ਼ੂਰਵੀਰ (ਯੁੱਧ ਕਰਨ ਲਈ) ਗਏ ਸਨ। ੩੩।

ਕਰੀ ਛਤ੍ਰਹੀਣ ਛਿਤੰ ਕੀਸ ਬਾਰੰ। ਹਣੇ ਐਸ ਹੀ ਭੂਪ ਸਰਬੰ ਸੁਧਾਰੰ।

ਕਥਾ ਸਰਬ ਜਉ ਛੋਰ ਤੇ ਲੈ ਸੁਨਾਉ। ਹ੍ਰਿਦੈ ਗ੍ਰੰਥ ਕੇ ਬਾਢਬੇ ਤੇ ਡਰਾਉ। ੩੪।

ਅਰਥ: (ਪਰਸ਼ੁਰਾਮ ਨੇ) ਇੱਕੀ ਵਾਰ ਧਰਤੀ ਨੂੰ ਛਤ੍ਰੀਆਂ ਤੋਂ ਹੀਨ ਕਰ ਦਿੱਤਾ। ਇਸ ਤਰ੍ਹਾਂ ਉਸ ਨੇ ਸਾਰਿਆਂ ਰਾਜਿਆਂ ਨੂੰ ਚੰਗੀ ਤਰ੍ਹਾਂ ਮਾਰ ਦਿੱਤਾ। ਸਾਰੀ ਕਥਾ ਜੇ ਮੁੱਢ ਤੋਂ ਲੈ ਕੇ ਸੁਣਾਵਾਂ, ਤਾਂ ਗ੍ਰੰਥ ਦੇ ਵੱਡਾ ਹੋ ਜਾਣ ਤੋਂ ਹਿਰਦੇ ਵਿੱਚ ਸੰਕੋਚ ਕਰਦਾ ਹਾਂ। ੩੪।

ਚੌਪਈ

ਕਰਿ ਜਗ ਮੋ ਇਹ ਭਾਤਿ ਅਖਾਰਾ। ਨਵਮ ਵਤਾਰ ਬਿਸਨ ਇਮ ਧਾਰਾ।

ਅਬ ਬਰਨੋ ਦਸਮੋਂ ਅਵਤਾਰਾ। ਸੰਤ ਜਨਾ ਕਾ ਪ੍ਰਾਨ ਅਧਾਰਾ। ੩੫॥

ਇਤਿ ਸ੍ਰੀ ਬਚਿਤ੍ਰ ਨਾਟਕੇ ਨਵਮੇ ਅਵਤਾਰ ਪਰਸਰਾਮ ਸਮਾਪਤਮ ਸਤੁ ਸੁਭਮ ਸਤੁ। ੯।

ਅਰਥ: ਜਗਤ ਵਿੱਚ ਇਸ ਤਰ੍ਹਾਂ ਦਾ ਕੌਤਕ ਰਚਾਉਣ ਲਈ ਵਿਸ਼ਣੂ ਨੇ ਇਸ ਤਰ੍ਹਾਂ ਨੌਵਾਂ ਅਵਤਾਰ ਧਾਰਨ ਕੀਤਾ ਸੀ। ਹੁਣ (ਮੈਂ) ਦਸਵੇਂ ਅਵਤਾਰ ਦਾ ਵਰਣਨ ਕਰਦਾ ਹਾਂ ਜੋ ਸੰਤ-ਜਨਾਂ ਦੇ ਪ੍ਰਾਣਾਂ ਦਾ ਆਧਾਰ ਹੈ। ੩੫।

ਇਥੇ ਸ੍ਰੀ ਬਚਿਤ੍ਰ ਨਾਟਕ ਦੇ ਨੌਵੇਂ ਅਵਤਾਰ ਪਰਸਰਾਮ ਦੇ ਕਥਨ

ਦੀ ਸਮਾਪਤੀ, ਸਭ ਸ਼ੁਭ ਹੈ। ੯।

ਐਸੀਆਂ ਊਟ-ਪਟਾਂਗ ਕਹਾਣੀਆਂ (cock & bull stories) ਨੂੰ ਕਿਵੇਂ ਸਿੱਖ ਧਰਮ ਨਾਲ ਜੋੜਿਆ ਜਾ ਸਕਦਾ ਹੈ? ਜੇ ਸਾਰੇ ਛਤ੍ਰੀ ਖ਼ੱਤਮ ਕਰ ਦਿੱਤੇ ਸਨ ਤਾਂ ਇਹ ਹੁਣ ਕਿਥੋਂ ਪੈਦਾ ਹੋ ਗਏ ਅਤੇ ਬ੍ਰਾਹਮਣ ਦੇ ਪੱਕੇ ਦੋਸਤ ਬਣ ਕੇ ਹੋਰ ਲੋਕਾਂ ਦਾ ਖੂਨ ਕਿਉਂ ਚੂਸ ਰਹੇ ਹਨ? ਪਿਛਲੀਆਂ ਕਈ ਸਦੀਆਂ ਤੋਂ ਪਰਸਰਾਮ ਨੇ ਕੋਈ ਲੜਾਈ ਨਹੀਂ ਕੀਤੀ, ਕੀ ਉਹ ਵੀ ਮਰ ਗਿਆ ਸੀ ਅਤੇ ਕਦੋਂ? ਇਸ ਦੌਰਾਨ, ਵਿਸ਼ਣੂ ਨੇ ਵੀ ਕੋਈ ਹੋਰ ਅਵਤਾਰ ਨਾ ਧਾਰਿਆ ਤਾਂ ਜੋ ਬ੍ਰਾਹਮਣ ਹੀ ਰਾਜ ਕਰਦੇ ਰਹਿੰਦੇ!

ਉਤਾਰਾ ਕਰਤਾ,

ਗੁਰਮੀਤ ਸਿੰਘ (ਸਿੱਡਨੀ, ਅਸਟ੍ਰੇਲੀਆ): ੧੬ ਅਕਤੂਬਰ ੨੦੧੫




.