.

ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ

ਪੰਥਕ ਫੈਸਲਿਆਂ ਦੀ ਰੂਪ ਰੇਖਾ

ਹੁਕਮਨਾਮਾ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦਾ ਹੀ ਹੈ। ਅਕਾਲ ਤਖਤ ਤੋਂ ਅਦੇਸ਼ ਹੀ ਜਾਰੀ ਹੋਣਾ ਚਾਹੀਦਾ ਹੈ। ਅਕਾਲ ਤਖਤ ਕੇਵਲ ਇਮਾਰਤ ਦਾ ਨਾਂ ਨਹੀਂ ਹੈ ਸਗੋਂ ਇੱਕ ਫਲਸਫਾ ਹੈ ਜੋ ਸੰਸਥਾਗਤ ਤਰੀਕੇ ਲਾਗੂ ਹੋਣਾ ਹੈ। ਅਕਾਲ ਤਖਤ ਦੀ ਪ੍ਰਭੂ ਸੱਤਾ ਦਾ ਭਾਵ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਧਾਰਾ ਤੋਂ ਹੈ। ਨਿੱਕੀਆਂ ਨਿੱਕੀਆਂ ਗੱਲਾਂ ਵਿੱਚ ਅਕਾਲ ਤਖਤ ਦੀ ਸੰਸਥਾ ਨੂੰ ਉਲਝਾਉਣਾ ਨਹੀਂ ਚਾਹੀਦਾ। ਗੁਣ ਵੱਤਾ ਦੇ ਅਧਾਰ `ਤੇ ਧੜੇਬੰਦੀ ਤੋਂ ਉੱਪਰ ਉੱਠ ਕੇ ਭੈ-ਭਾਵਨੀ ਵਾਲੇ ਦੇਸ਼-ਵਿਦੇਸ਼ ਦੇ ਸੁਹਿਰਦ ਵਿਦਵਾਨਾਂ ਦਾ ਸੰਗਠਨ ਹੋਣਾ ਚਾਹੀਦਾ ਹੈ ਜੋ ਆਏ ਮਸਲਿਆਂ ਨੂੰ ਸੰਗਤ ਵਿੱਚ ਲੈ ਕੇ ਆਉਣ ਤੇ ਸਰਬ ਸੰਮਤੀ ਨਾਲ ਇੱਕ ਰਾਏ ਬਣਾਉਣ ਦਾ ਯਤਨ ਕਰਨ। ਜਿਸ ਤਰ੍ਹਾਂ ਅੱਜ ਕੈਲੰਡਰ ਦੀ ਸੁਧਾਈ ਵਾਸਤੇ ਕਮੇਟੀ ਸਥਾਪਿਤ ਕੀਤੀ ਗਈ ਹੈ ਇਹ ਨਿਰਪੱਤਾ ਤੇ ਸਵਾਲ ਖੜੇ ਕਰਦੀ ਹੈ।
ਸਿੱਖ ਪੰਥ ਵਿੱਚ ਧਾਰਮਿਕ ਤੇ ਰਾਜਨੀਤਿਕ ਜੱਥੇਬੰਦੀਆਂ ਦੀ ਇੱਕ ਲੰਬੀ ਲਿਸਟ ਹੈ। ਇਸ ਤੋਂ ਇਲਾਵਾ ਧਰਮ ਦੇ ਨਾਂ ਬਣੇ ਹੋਏ ਡੇਰਿਆਂ ਤੇ ਸਾਧਾਂ-ਸੰਤਾਂ ਦੀ ਗਿਣਤੀ ਦਾ ਵੀ ਕੋਈ ਮੇਚ ਬੰਨਾ ਨਹੀਂ ਹੈ। ਇਹ ਲੋਕ ਦਾਅਵਾ ਕਰਦੇ ਹਨ ਕਿ ਅਸੀਂ ਹੀ ਸਾਰੇ ਪੰਥ ਦੀ ਜ਼ਿੰਮੇਵਾਰੀ ਲਈ ਹੋਈ ਹੈ। ਜਦੋਂ ਦਰਪੇਸ਼ ਚਨੌਤੀਆਂ ਵਲ ਨਿਗਾਹ ਮਾਰਦੇ ਹਾਂ ਪਤਾ ਚਲਦਾ ਕਿ ਏਥੇ ਤੰਦ ਨਹੀਂ ਤਾਣੀ ਹੀ ਉਲਝੀ ਪਈ ਹੈ। ਸਭ ਤੋਂ ਵੱਡਾ ਦੁਖਾਂਤ ਹੈ ਕਿ ਜਿਹੜੀ ਪੰਥਕ ਜੱਥੇਬੰਦੀ ਦਾ ਸ਼੍ਰੋਮਣੀ ਕਮੇਟੀ `ਤੇ ਕਬਜ਼ਾ ਹੁੰਦਾ ਹੈ ਪੰਥਕ ਫੈਸਲੇ ਓਸੇ ਅਨੁਸਾਰ ਹੀ ਨਿਤਰ ਕੇ ਸਾਹਮਣੇ ਆਉਂਦੇ ਹਨ। ਦੂਸਰੀਆਂ ਜੱਥੇਬੰਦੀਆਂ ਅਖਬਾਰੀ ਬਿਆਨ ਦੇ ਕੇ ਅੱਗੋਂ ਵਿਚਾਰਾਂ ਦੇ ਦਰਵਾਜ਼ੇ ਬੰਦ ਕਰ ਲੈਂਦੀਆਂ ਹਨ। ਪੰਥਕ ਫੈਸਲਿਆਂ ਦੀ ਸਥਿਤੀ ਬਹੁਤ ਹਾਸੋਹੀਣੀ ਬਣੀ ਹੋਈ ਹੈ। ਕਈ ਵਾਰੀ ਤਾਂ ਇੰਜ ਲੱਗਦਾ ਹੈ ਕਿ ਇਹਨਾਂ ਜੱਥੇਬੰਦੀਆਂ ਦੇ ਸਾਹ ਸੱਤ ਹੀ ਮੁੱਕ ਗਏ ਹੋਣ।
ਗੁਰੂ ਕਾਲ ਸਮੇਂ ਪੰਥਕ ਫੈਸਲੇ
ਗੁਰੂ ਕਾਲ ਸਮੇਂ ਇੱਕ ਤਰਤੀਬ ਨਾਲ ਸਿੱਖ ਸਿਧਾਂਤ ਦਾ ਪਰਚਾਰ ਹੋਇਆ ਹੈ। ਇਸ ਪਰਚਾਰ ਦੀ ਤਰਤੀਬ ਇਤਿਹਾਸ ਦੇ ਪੰਨਿਆਂ ਤੋਂ ਸਹਿਜੇ ਹੀ ਮਿਲ ਜਾਂਦੀ ਹੈ। ਅਮਲੀ ਜਾਮਾ ਪਹਿਨਾਉਣ ਲਈ ਕਰਤਾਰਪੁਰ ਨਗਰ ਵਸਾਇਆ। ਗੁਰੂ ਨਾਨਕ ਸਾਹਿਬ ਜੀ ਨੇ ਬਾਬਾ ਬੁੱਢਾ ਜੀ ਵਰਗੇ ਦੂਰ ਅੰਦੇਸ਼ ਸਿੱਖਾਂ ਦੀਆਂ ਜ਼ਿੰਮੇਵਾਰੀਆਂ ਲਗਾਈਆਂ ਤੇ ਹਰ ਫੈਸਲੇ ਆਪਸੀ ਸਲਾਹ ਮਸ਼ਵਰੇ ਨਾਲ ਕਰਨੇ ਸ਼ੁਰੂ ਕੀਤੇ। ਏਦਾਂ ਕਿਹਾ ਜਾ ਸਕਦਾ ਹੈ ਕਿ ਗੁਰੂ ਕਾਲ ਸਮੇਂ ਗੁਰੂ ਸਾਹਿਬ ਜੀ ਨੇ ਆਗੂ ਸਿੱਖਾਂ ਦੀਆਂ ਪੂਰੀਆਂ ਸੇਵਾਂਵਾਂ ਲਈਆਂ ਸਨ। ਭਾਈ ਪਾਰੋ ਜੀ ਨੇ ਗੁਰੂ ਅਮਰਦਾਸ ਜੀ ਦੇ ਸਾਹਮਣੇ ਆਪਣੀ ਵਿਚਾਰ ਰੱਖੀ ਕਿ ਗੁਰਦੇਵ ਪਿਤਾ ਜੀ ਆਪਾਂ ਵੈਸਾਖੀ `ਤੇ ਸੰਗਤ ਦਾ ਭਰਵਾਂ ਇਕੱਠ ਕਰੀਏ। ਇਹ ਵਿਚਾਰ ਗੁਰੂ ਸਾਹਿਬ ਜੀ ਨੂੰ ਬਹੁਤ ਪਸੰਦ ਆਇਆ। ਪਹਿਲਾ ਇਕੱਠ ਗੋਇੰਦਵਾਲ ਦੀ ਧਰਤੀ `ਤੇ ਵੈਸਾਖੀ ਨੂੰ ਹੋਇਆ ਜਿਸ ਵਿੱਚ ਕੌਮੀ ਸਮੱਸਿਆਵਾਂ ਸਮਝਣ ਤੇ ਉਹਨਾਂ ਦੇ ਹੱਲ ਕਰਨ ਦੀਆਂ ਵਿਚਾਰਾਂ ਹੋਈਆਂ। ਸਤੀ ਦੀ ਰਸਮ ਨੂੰ ਬੰਦ ਕਰਨਾ, ਵਿਧਵਾ ਦਾ ਪੁਨਰ ਵਿਆਹ, ਜਾਤ ਪਾਤ ਦੇ ਕੋਹੜ ਨੂੰ ਸਦਾ ਲਈ ਖਤਮ ਕਰਦਿਆਂ ਰਲ਼ ਕੇ ਲੰਗਰ ਛੱਕਣ ਦੀ ਮਰਯਾਦਾ ਨੂੰ ਪਰਪੱਕ ਕਰਨ ਤੇ ਵਿਚਾਰਾਂ ਹੋਈਆਂ ਤੇ ਇਹਨਾਂ ਨੂੰ ਲਾਗੂ ਕੀਤਾ। ਨਵੇਂ ਸ਼ਹਿਰ ਦੀ ਵਿਉਂਤਬੰਦੀ ਕੇਂਦਰੀ ਅਸਥਾਨ ਸਥਾਪਿਤ ਕਰਨ ਦੀਆਂ ਵਿਚਾਰਾਂ ਵਿਚੋਂ ਅੰਮ੍ਰਿਤਸਰ ਸ਼ਹਿਰ ਸਾਕਾਰ ਹੋਇਆ। ਵਿਸਾਖੀ ਦੇ ਇਕੱਠ ਤੋਂ ਬਾਅਦ ਦੀਵਾਲੀ ਉੱਤੇ ਵੀ ਸਿੱਖਾਂ ਦਾ ਇਕੱਠ ਹੋਇਆ ਕਰਦਾ ਸੀ ਇੰਜ ਕਿਹਾ ਜਾ ਸਕਦਾ ਹੈ ਕਿ ਸਿਧਾਂਤ ਗੁਰੂ ਸਾਹਿਬਾਨ ਜੀ ਦਾ ਹੀ ਹੈ ਪਰ ਸਮੇਂ ਅਨੁਸਾਰ ਮੁੱਖੀ ਸਿੱਖਾਂ ਦੀ ਰਾਇ ਜ਼ਰੂਰ ਲਈ ਜਾਂਦੀ ਸੀ। ਮੁੱਖੀ ਸਿੱਖਾਂ ਦੀ ਸਲਾਹ ਨਾਲ ਗੁਰੂ ਅਰਜਨ ਸਾਹਿਬ ਜੀ ਲਾਹੌਰ ਗਏ ਤੇ ਨਾਮੀ ਸਿੱਖ ਨਾਲ ਸਨ।
ਗੁਰੂ ਹਰਿ ਗੋਬਿੰਦ ਸਾਹਿਬ ਜੀ ਨੇ ਚਾਰ ਜੰਗ ਲੜੇ ਹਨ ਪਰ ਉਹਨਾਂ ਵਿੱਚ ਸਿੱਖ ਸੰਗਤਾਂ ਦੀ ਪੂਰੀ ਪੂਰੀ ਸਲਾਹ ਲਈ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਿੱਲੀ ਜਾਣ ਸਮੇਂ ਬਕਾਇਦਾ ਸਿੱਖਾਂ ਤੇ ਪਰਵਾਰ ਨਾਲ ਸਲਾਹ ਮਸ਼ਵਰਾ ਕੀਤਾ। ਗੁਰੂ ਤੇਗ ਬਹਾਰਦਰ ਸਾਹਿਬ ਜੀ ਜਦੋਂ ਦਿੱਲੀ ਗਏ ਹਨ ਤਾਂ ਉਹਨਾਂ ਨਾਲ ਸਿੱਖ ਸੰਗਤਾਂ ਸਨ। ਹਰ ਫੈਸਲਾ ਪੂਰੀ ਵਿਚਾਰ ਵਿਟਾਂਦਰੇ ਉਪਰੰਤ ਹੀ ਕੀਤਾ ਜਾਂਦਾ ਰਿਹਾ ਸੀ।
ਬੜੀ ਉਘੜਵੀਂ ਮਿਸਾਲ ਸਾਡੇ ਸਾਹਮਣੇ ਹੈ ਕਿ ਸਿੱਖਾਂ ਦੀ ਸਲਾਹ `ਤੇ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਦਾ ਕਿਲ੍ਹਾ ਛੱਡਿਆ। ਚਮਕੌਰ ਦੀ ਗੜ੍ਹੀ ਵਿੱਚ ਗੁਰਸਿੱਖਾਂ ਨੇ ਸਲਾਹ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਗੜ੍ਹੀ ਛਡਣ ਲਈ ਕਿਹਾ ਜੋ ਸਮੇਂ ਦੀ ਨੀਤੀ ਮੰਗ ਕਰਦੀ ਸੀ। ਏਦਾਂ ਕਿਹਾ ਜਾ ਸਕਦਾ ਹੈ ਕਿ ਗੁਰੂ ਕਾਲ ਸਮੇਂ ਵੀ ਕੌਮੀ ਮਸਲਿਆਂ ਲਈ ਨਾਮੀ ਸਿੱਖਾਂ ਦੀ ਕੌਂਸਿਲ ਹੋਇਆ ਕਰਦੀ ਸੀ ਜੋ ਹਰ ਮਸਲੇ ਸਬੰਧੀ ਬਹੁਤ ਹੀ ਸੋਚ ਵਿਚਾਰ ਕੇ ਫੈਸਲੇ ਦਿਆ ਕਰਦੀ ਸੀ। ਜਨੀ ਕਿ ਸੰਗਤ ਦੀ ਸਲਾਹ ਨੂੰ ਪਹਿਲ ਦਿੱਤੀ ਜਾਂਦੀ ਰਹੀ ਹੈ। ਸੰਗਤ ਹਰ ਫੈਸਲਾ ਗੁਰੂ ਸਿਧਾਂਤ ਅਨੁਸਾਰ ਕਰਦੀ ਸੀ। ਦਾਦੂ ਦੀ ਸਮਾਧ `ਤੇ ਵਾਪਰਨ ਵਾਲੀ ਘਟਨਾ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ ਜਿਸ ਵਿੱਚ ਸਿੱਖਾਂ ਨੇ ਆਪਣਾ ਫੈਸਲਾ ਸੁਣਾਇਆ।
ਗੁਰੂ ਕਾਲ ਉਪਰੰਤ ਪੰਥਕ ਫੈਸਲੇ
ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਪੰਜਾਬ ਵਲ ਨੂੰ ਤੋਰਿਆ ਸੀ ਤਾਂ ਉਸ ਦੇ ਨਾਲ ਪੰਜ ਸਿੰਘਾਂ ਦੀ ਕੌਂਿਸਲ ਬਣਾਈ ਗਈ ਸੀ ਤਾਂ ਕਿ ਕੌਮੀ ਫੈਸਲੇ ਕਰਨ ਲਈ ਬਾਬਾ ਬੰਦਾ ਸਿੰਘ ਬਹਾਦਰ ਨੂੰ ਕੋਈ ਦਿੱਕਤ ਨਾ ਆਵੇ। ਭਾਈ ਮਨੀ ਸਿੰਘ ਜੀ ਨੇ ਬੜੀ ਸੂਝ ਨਾਲ ਤੱਤ ਖਾਲਸਾ ਤੇ ਬੰਦਈ ਸਿੰਘਾਂ ਦੇ ਆਪਸੀ ਮਸਲਿਆਂ ਨੂੰ ਸਲਾਹ ਮਸ਼ਵਰੇ ਨਾਲ ਨਜਿੱਠਿਆ। ਭਾਈ ਮਨੀ ਸਿੰਘ ਜੀ ਨੇ ਅਕਾਲ ਤਖਤ `ਤੇ ਦੀਵਾਲੀ ਵਿਸਾਖੀ ਨੂੰ ਸਾਲ ਵਿੱਚ ਦੋ ਵਾਰੀ ਇਕੱਠ ਸੱਦਣ ਨੂੰ ਪੱਕਾ ਕੀਤਾ। ਸੂਬਾ ਸਰਕਾਰ ਨੂੰ ਇਸ ਇਕੱਠ ਵਿਚੋਂ ਮੁਕੰਮਲ ਰਾਜ ਦੀ ਝਲਕ ਪੈਂਦੀ ਨਜ਼ਰ ਆ ਰਹੀ ਸੀ। ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਉਪਰੰਤ ਸਿੱਖ ਵੱਖ ਵੱਖ ਜੱਥਿਆਂ ਦੇ ਰੂਪ ਵਿੱਚ ਵਿਚਰ ਕੇ ਰਾਜ ਸਰਕਾਰ ਦੇ ਨੱਕ ਵਿੱਚ ਦਮ ਲਿਆਂਦਾ ਹੋਇਆ ਸੀ ਪਰ ਆਪਣੇ ਕੌਮੀ ਮਸਲਿਆਂ ਲਈ ਸਾਲ ਵਿੱਚ ਦੋ ਵਾਰੀ ਅਕਾਲ ਤਖਤ `ਤੇ ਇਕੱਠ ਹੁੰਦਾ ਸੀ। ਜਿਸ ਨੂੰ ਸਰਬੱਤ ਖਾਲਸੇ ਦਾ ਨਾਂ ਦਿੱਤਾ ਜਾਂਦਾ ਸੀ। ਇਸ ਵਿੱਚ ਵੱਖ ਵੱਖ ਜੱਥੇਬੰਦੀਆਂ ਦੇ ਆਗੂ ਇਕੱਠੇ ਬੈਠ ਕੇ ਵਿਚਾਰਾਂ ਕਰਦੇ ਸਨ। ਇਹਨਾਂ ਆਗੂਆਂ ਵਿੱਚ ਪੰਥਕ ਜ਼ਜਬਾ, ਪਿਆਰ ਤੇ ਪੂਰੀ ਸੁਹਿਦਰਤਾ ਹੁੰਦੀ ਸੀ ਜੋ ਸਾਂਝੀ ਰਾਏ ਬਣਾ ਕੇ ਇਕੱਤ੍ਰਤਾ ਵਿਚੋਂ ਬਾਹਰ ਆਉਂਦੇ ਸਨ। ਸਾਰੀਆਂ ਜੱਥੇਬੰਦੀਆਂ ਇੱਕ ਸਾਂਝਾ ਆਗੂ ਚੁਣ ਲੈਂਦੀਆਂ ਸਨ ਤੇ ਉਸ ਨੂੰ ਜੱਥੇਦਾਰ ਕਿਹਾ ਜਾਂਦਾ ਸੀ। ਸਰਬ ਸਮੰਤੀ ਨਾਲ ਕੀਤੇ ਹੋਏ ਫੈਸਲਿਆਂ ਨੂੰ ਅਕਾਲ ਤਖਤ ਦੀ ਫਸੀਲ ਤੋਂ ਚੁਣਿਆ ਹੋਇਆ ਜੱਥੇਦਾਰ ਸੁਣਾ ਦੇਂਦਾ ਸੀ। ਸਾਰੀਆਂ ਜੱਥੇਬੰਦੀਆਂ ਉਸ ਫੈਸਲੇ ਨੂੰ ਮੰਨਣ ਲਈ ਪਾਬੰਧ ਹੁੰਦੀਆਂ ਸਨ। ਫੈਸਲਾ ਸਣਾਉਣ ੳਪਰੰਤ ਚੁਣਿਆ ਹੋਇਆ ਜੱਥੇਦਾਰ ਆਮ ਜੱਥੇਦਾਰ ਵਾਂਗ ਹੀ ਵਿਚਰਦਾ ਸੀ। ਪੱਕੇ ਤੌਰ `ਤੇ ਅਕਾਲ ਤਖਤ ਦਾ ਜੱਥੇਦਾਰ ਕੋਈ ਨਹੀਂ ਹੁੰਦਾ ਸੀ। ਜੱਥੇਦਾਰ ਦਰਬਾਰਾ ਸਿੰਘ, ਨਵਾਬ ਕਪੂਰ ਸਿੰਘ, ਸਰਦਾਰ ਜੱਸਾ ਸਿੰਘ ਆਲੂਵਾਲੀਏ ਆਦਿ ਸਿੰਘ ਰਲ਼ ਕੇ ਸਲਾਹਾਂ ਕਰਦਿਆਂ ਦੀਆਂ ਮਿਸਾਲਾਂ ਇਤਿਹਾਸ ਵਿਚੋਂ ਪੜ੍ਹੀਆਂ ਜਾ ਸਕਦੀਆਂ ਹਨ। ਕਸੂਰ ਦੇ ਨਵਾਬ ਪਾਸੋਂ ਬ੍ਰਾਹਮਣੀ ਛਡਾਉਣ ਦਾ ਗੁਰਮਤਾ ਵੀ ਅਕਾਲ ਤਖਤ `ਤੇ ਜੁੜੇ ਇਕੱਠ ਨੇ ਕੀਤਾ। ਸਾਲ ਵਿੱਚ ਦੋ ਵਾਰੀ ਅਕਾਲ ਤਖਤ `ਤੇ ਬੈਠ ਕੇ ਸਿੱਖ ਜੱਥੇਬੰਦੀਆਂ ਆਪਸੀ ਸਲਾਹ ਮਸ਼ਵਰਿਆਂ ਨਾਲ ਕੌਮੀ ਫੈਸਲਿਆਂ ਦੀ ਰੂਪ ਰੇਖਾ ਤਿਆਰ ਕਰਦੀਆਂ ਸਨ।
ਮਹਾਂਰਾਜਾ ਰਣਜੀਤ ਸਿੰਘ ਦੇ ਰਾਜ ਕਾਲ ਵਿੱਚ ਸਰਬੱਤ ਖਾਲਸੇ ਦੀਆਂ ਬੈਠਕਾਂ ਨਾ ਮਾਤਰ ਹੀ ਰਹਿ ਗਈਆਂ। ਸਿੱਖਾਂ ਦੇ ਕੌਮੀ ਮਸਲਿਆਂ ਵਿੱਚ ਡੋਗਰਿਆਂ ਦੀ ਤਾਕਤ ਭਾਰੀ ਹੁੰਦੀ ਗਈ ਭਾਵ ਉਹਨਾਂ ਦੀ ਸਲਾਹ ਲਈ ਜਾਣ ਕਰਕੇ ਸਰਬੱਤ ਖਾਲਸੇ ਵਰਗੀ ਸੰਸਥਾ ਵਿੱਚ ਤਰੇੜਾਂ ਪੈਣੀਆਂ ਸ਼ੁਰੂ ਹੋ ਗਈਆਂ ਸਨ ਜਿਸ ਦਾ ਖਮਿਆਜ਼ਾ ਅੱਜ ਕੌਮ ਨੂੰ ਭੁਗਤਣਾ ਪੈ ਰਿਹਾ ਹੈ।
ਪਿਤਾ ਪੁਰਖੀ ਮਹੰਤ ਗੁਰਦੁਆਰਿਆਂ `ਤੇ ਕਾਬਜ਼ ਸਨ। ਲੰਬਾ ਸਮਾਂ ਗੁਰਦੁਆਰਿਆਂ `ਤੇ ਕਾਬਜ਼ ਰਹਿਣ ਕਰਕੇ ਇਹਨਾਂ ਦੇ ਨਿੱਜੀ ਜੀਵਨ ਵਿੱਚ ਬਹੁਤ ਗਿਰਾਵਟਾਂ ਆ ਚੁੱਕੀਆਂ ਸਨ। ਬਦ ਇਕਲਾਖ ਹੋ ਚੁੱਕੇ ਮਹੰਤਾਂ ਨੂੰ ਗੁਰਦੁਆਰਿਆਂ ਵਿਚੋਂ ਬਾਹਰ ਕੱਢਣ ਲਈ ਸਿੰਘਾਂ ਨੂੰ ਸ਼ਹੀਦੀਆਂ ਦੇਣੀਆਂ ਪਈਆਂ। ਗੁਰਦੁਆਰਾ ਸੁਧਾਰ ਲਹਿਰ ਵਿਚੋਂ ਸ਼੍ਰੋਮਣੀ ਅਕਾਲੀ ਦਲ ਦਾ ਜਨਮ ਹੋਇਆ। ਕੌਮੀ ਮਸਲਿਆਂ ਦੀ ਗੱਲ ਇਹਨਾਂ ਲੀਡਰਾਂ ਦੇ ਹੱਥ ਚਲੀ ਗਈ। ਅੰਗਰੇਜ਼ ਦਾ ਰਾਜ ਹੋਣ ਕਰਕੇ ਬਹੁਤ ਘਟਨਾਵਾਂ ਵਾਪਰ ਗਈਆਂ। ਸਿੱਖ ਲੀਡਰਾਂ ਨੂੰ ਆਪਣੀ ਹੋਂਦ ਸਬੰਧੀ ਅਹਿਸਾਸ ਹੋਇਆ। ਇਹਨਾਂ ਨੇ ਮੁਲਕ ਦੀ ਅਜ਼ਾਦੀ ਵਿੱਚ ਬਹੁਤ ਵੱਡਾ ਹਿੱਸਾ ਪਾਇਆ। ਅਕਾਲੀ ਦਲ ਦੇ ਆਗੂ ਨੂੰ ਜੱਥੇਦਾਰ ਕਿਹਾ ਜਾਣ ਲਗਿਆ ਜੋ ਤਿੰਨ ਫੁੱਟੀ ਕਿਰਪਾਨ ਨੂੰ ਆਪਣੇ ਹੱਥ ਵਿੱਚ ਰੱਖਦਾ ਸੀ ਛੋਟੀ ਕਿਰਪਾਨ ਗਾਤਰੇ ਵਾਲੀ ਕਮੀਜ਼ ਦੇ ਊਪਰ ਦੀ ਪਹਿਨਦਾ ਸੀ। ਅਕਾਲੀ ਦਲ ਦੇ ਆਗੂ ਦੀ ਘਰਵਾਲੀ ਨੂੰ ਪੰਥ ਸਾਤਿਕਾਰ ਨਾਲ ਜੱਥੇਦਾਰਨੀ ਆਖਦਾ ਸੀ ਤੇ ਉਸ ਨੇ ਵੀ ਅੰਮ੍ਰਿਤ ਛੱਕਿਆ ਹੁੰਦਾ ਸੀ ਤੇ ਗਾਤਰੇ ਵਾਲੀ ਕਿਰਪਾਨ ਹਮੇਸ਼ਾਂ ਪਾ ਕੇ ਰੱਖਦੀ ਸੀ। ਪੰਥ ਦੇ ਕੌਮੀ ਮਸਲੇ ਇਹ ਸ਼੍ਰਮੋਣੀ ਅਕਾਲੀ ਦਲ ਹੀ ਵਿਚਾਰਦਾ ਸੀ। ਕੌਮ ਇਹਨਾਂ ਅਗੂਆਂ ਦੀ ਅਗਵਾਈ ਕਬੂਲਦੀ ਹੁੰਦੀ ਸੀ। ਇਹ ਸਭ ਆਗੂ ਪੰਗਤਾਂ ਵਿੱਚ ਬੈਠ ਕੇ ਲੰਗਰ ਛੱਕਦੇ ਸਨ। ਅੱਜ ਅਕਾਲੀ ਦਲ ਵਿਚੋਂ ਇਹ ਸਭਿਆਚਾਰ ਅਲੋਪ ਹੋ ਗਿਆ ਹੈ। ਯੂਥ ਅਕਾਲੀ ਦਲ ਘੋਨ ਮੋਨ ਬਣ ਕੇ ਰਹਿ ਗਿਆ ਹੈ। ਹੁਣ ਆਸ ਨਹੀਂ ਕੀਤੀ ਜਾ ਸਕਦੀ ਕਿ ਪੰਥਕ ਫੈਸਲੇ ਪੰਥ ਮਰਯਾਦਾ ਅਨੁਸਾਰ ਹੋਣਗੇ? ਸ਼੍ਰਮੋਣੀ ਅਕਾਲੀ ਦਲ ਦੇ ਹੁਣ ਕਈ ਅਕਾਲੀ ਦਲ ਬਣ ਗਏ ਹਨ।
ਗੁਰਦੁਆਰਿਆਂ ਦੇ ਪ੍ਰਬੰਧ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਨਮ ਹੋਇਆ। ਇਸ ਦੀ ਚੋਣ ਦਾ ਖੇਤਰ ਅਣਵੰਡੇ ਪੰਜਾਬ ਦਾ ਹੁੰਦਾ ਸੀ। ਕਿਹਾ ਜਾ ਸਕਦਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਿਆਂ ਦੇ ਪ੍ਰਬੰਧ ਲਈ ਸੀ। ਇਸ ਕਮੇਟੀ ਦੇ ਕੁੱਝ ਮੈਂਬਰ ਬਾਹਰਲਿਆਂ ਰਾਜਾਂ ਦੇ ਵੀ ਹੁੰਦੇ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੁੇਟੀ ਸਮੁੱਚੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਨਹੀਂ ਸਮਝ ਸਕੀ। ਜਾਂ ਆਪਣੇ ਵਲੋਂ ਸਿੱਖੀ ਦੇ ਪਰਚਾਰ ਨੂੰ ਬਾਹਰਲਿਆਂ ਰਾਜਾਂ ਤੱਕ ਨਾ ਵਧਾ ਸਕੀ ਦੂਜਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਕੱਤਰ ਦੀ ਵੁਕਤ ਦੇਖ ਕੇ ਦਿੱਲ਼ੀ ਦੇ ਸਿੱਖ ਆਗੂਆਂ ਵਿੱਚ ਵੀ ਪ੍ਰਧਾਨ ਤੇ ਸਕੱਤਰ ਬਣਨ ਦੀ ਲਾਲਸਾ ਪੈਦਾ ਹੋ ਗਈ। ਗੋਲਕ ਤੇ ਕਬਜ਼ੇ ਭਾਵਨਾ ਕੰਮ ਕਰ ਗਈ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆ ਗਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਸੋਂ ਪਾਕਿਸਤਾਨ ਵਿਚਲੇ ਗੁਰਦੁਆਰਿਆਂ ਦੀ ਪੂਰੀ ਸੇਵਾ ਸੰਭਾਲ ਨਾ ਹੋ ਸਕੀ ਜਿਸ ਦਾ ਨਤੀਜਾ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਬਣ ਗਈ, ਜਿਸ ਨੂੰ ਵੱਡੇ ਮੁਲਕਾਂ ਵਾਲੇ ਸਿੱਖਾਂ ਨੇ ਪੂਰੀ ਪੂਰੀ ਮਾਨਤਾ ਦੇ ਦਿੱਤੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇਖਦੀ ਹੀ ਰਹਿ ਗਈ ਹੈ। ਕਿਹਾ ਜਾ ਸਕਦਾ ਹੈ ਕਿ ਸ਼੍ਰੋਮਣੀ ਕਮੇਟੀ ਪਹਿਲਾਂ ਹੋਂਦ ਵਿੱਚ ਆਈ ਹੋਣ ਕਰਕੇ ਪੰਥ ਇਸ ਦਾ ਪੂਰਾ ਮਾਣ ਸਤਿਕਾਰ ਕਰਦਾ ਰਿਹਾ ਹੈ ਤੇ ਉਲਝੇ ਮਸਲਿਆਂ ਨੂੰ ਸਹੀ ਕਰਾਉਣ ਲਈ ਇਸ ਸ਼੍ਰੋਮਣੀ ਕਮੇਟੀ ਤਕ ਪਹੁੰਚ ਕਰਦਾ ਰਿਹਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਥਕ ਮਸਲਿਆ ਲਈ ਕਨੰਨਦਾਨੀ, ਸਿੱਖ ਸਾਹਿਤਕਾਰ, ਪੰਥਕ ਵਿਦਵਾਨ ਸਾਬਕਾ ਉੱਚ ਅਫ਼ਸਰ ਆਦਿ ਦੀ ਕਮੇਟੀ ਬਣਾ ਕਿ ਪੰਥਕ ਮਸਲਿਆਂ ਨੂੰ ਹੱਲ ਕਰਦੀ ਰਹੀ ਹੈ। ਹੁਣ ਕਨੂੰਨੀ ਨੁਕਤੇ ਨਾਲ ਦੇਖਿਆ ਜਾਏ ਤਾਂ ਦਿੱਲ਼ੀ ਸਿੱਖ ਗੁਰਦੁਆਰਾ ਕਮੇਟੀ ਜਾਂ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕੋਈ ਅਹਿਮੀਅਤ ਘਟ ਨਹੀਂ ਹੈ। ਪ੍ਰਬੰਧ ਪੱਖੋਂ ਇਹ ਸਾਰੀਆਂ ਬਰਾਬਰ ਦੀਆਂ ਕਮੇਟੀਆਂ ਹਨ।
ਤਰਾਸਦੀ ਅਤੇ ਹੱਲ
ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਹੈ ਓਦੋਂ ਤੋਂ ਹੀ ਧਰਮ ਪ੍ਰਚਾਰ ਸਬ-ਕਮੇਟੀ ਬਣਾਈ ਜਾਂਦੀ ਰਹੀ। ਜਦੋਂ ਵੀ ਕੋਈ ਪੰਥਕ ਮਸਲਾ ਹੁੰਦਾ ਸੀ ਤਾਂ ਇਹ ਸਬ-ਕਮੇਟੀ ਆਪਣੀ ਪੁਖਤਾ ਰਾਇ ਦੇਂਦੀ ਸੀ। ਸਾਰੇ ਕੌਮੀ ਮਸਲੇ ਇਹ ਧਰਮ ਪ੍ਰਚਾਰ ਕਮੇਟੀ ਹੀ ਵਿਚਾਰਦੀ ਸੀ। ਧਰਮ ਪਚਾਰ ਕਮੇਟੀ ਦੀ ਨਿਰਪੱਖਤਾ ਤੇ ਕਦੇ ਕਿਸੇ ਨੇ ਸੁਵਾਲ ਨਹੀਂ ਉਠਾਇਆ ਸੀ।
ਨਕਲੀ ਨਿਰੰਕਾਰੀਆਂ ਦੇ ਮਸਲਾ ਤੇ ਧਰਮ ਪ੍ਰਚਾਰ ਕਮੇਟੀ ਦੇ ਸੁਝਾਂਵਾਂ ਨੂੰ ਮੰਨਿਆ ਗਿਆ।
ਪੰਥਕ ਵਿਦਵਾਨਾਂ ਨੇ ਸਿੱਖ ਰਹਿਤ ਮਰਯਾਦਾ ਤਿਆਰ ਕੀਤੀ ਜੋ ਅਕਾਲ ਤੱਖਤ ਤੋਂ ਲਾਗੂ ਹੋਈ ਹੈ।
ਗੁਰਦੁਆਰਾ ਐਕਟ ਪੰਥਕ ਵਿਦਵਾਨਾਂ ਤਥਾ ਕਨੂੰਨਦਾਨੀਆਂ ਨੇ ਤਿਆਰ ਕੀਤਾ।
ਅਨੰਦਕਾਰਜ ਦਾ ਐਕਟ ਵਿਦਵਾਨ ਸਿੱਖ ਤੇ ਊਘੇ ਸਿੱਖ ਕਨੂੰਨਦਾਨੀਆਂ ਦੀਆਂ ਸੇਵਾਵਾਂ ਲਈਆਂ ਗਈਆਂ।
ਪੰਜਾਬੀ ਸੁਬੇ ਦੀ ਮੰਗ ਸਮੇਂ ਡਾਕਟਰਾਂ, ਸਿੱਖ ਸਾਹਿਤਕਾਰਾਂ, ਸਾਬਕਾ ਜਰਨੈਲਾਂ, ਵਕੀਲਾਂ ਆਦਿ ਦੀਆਂ ਸੇਵਾਵਾਂ ਲਈਆਂ ਗਈਆਂ ਸਨ।
ਹੌਲ਼ੀ ਹੌਲ਼ੀ ਪ੍ਰਬੰਧ ਇੱਕ ਪ੍ਰਧਾਨ ਤੇ ਉਸਦੇ ਧੜੇ ਕੋਲ ਲੰਬਾ ਸਮਾਂ ਰਹਿਣ ਕਰਕੇ ਸਾਰੇ ਫੈਸਲੇ ਵੀ ਉਸ ਧੜੇ ਦੀਆਂ ਭਾਵਨਾਵਾਂ ਅਨੁਸਾਰ ਹੋਣੇ ਸ਼ੁਰੂ ਹੋ ਗਏ। ਦੁਖਾਂਤ ਇਸ ਗੱਲ ਦਾ ਹੈ ਅੱਜ ਜੱਥੇਦਾਰ ਕਿਸੇ ਵੀ ਮਸਲੇ ਲਈ ਸਲਾਹ ਨਹੀਂ ਲੈਂਦੇ ਆਪੇ ਹੀ ਫੈਸਲੇ ਕਰ ਲੈਂਦੇ ਹਨ। ਜੇ ਸਲਾਹ ਲੈਂਦੇ ਵੀ ਹਨ ਤਾਂ ਉਹਨਾਂ ਸਾਧਾਂ ਸੰਤਾਂ ਦੀ ਜੋ ਪੰਥ ਪ੍ਰਵਾਨਤ ਰਹਿਤ ਮਰਯਾਦਾ ਨੂੰ ਹੀ ਨਹੀਂ ਮੰਨਦੇ। ਹੁਣ ਕੁੱਝ ਵਿਅਕਤੀਆਂ ਦੇ ਹਾਣ ਲਾਭ ਨੂੰ ਧਿਆਨ ਵਿੱਚ ਰਖਦਿਆਂ ਹੋਇਆਂ ਪੰਥਕ ਫੈਸਲੇ ਹੋਣ ਲਗ ਪਏ ਹਨ। ਮੌਜੂਦਾ ਸਮੇਂ ਵਿੱਚ ਗੁਰਦੁਆਰਾ ਪ੍ਰਬੰਧ ਅਤੇ ਅਕਾਲ ਤਖਤ ਸਾਹਿਬ ਦਾ ਪ੍ਰਬੰਧ ਇੱਕ ਧੜੇ ਅਤੇ ਵਿਅਕਤੀ ਵਿਸ਼ੇਸ਼ ਕੋਲ ਹੋਣ ਨਾਲ ਧੜੇ ਨੂੰ ਪੰਥ ਅਤੇ ਧੜੇ ਦੇ ਫੈਸਲੇ ਨੂੰ ਪੰਥਕ ਫੈਸਲਾ ਮੰਨਿਆਂ ਜਾ ਰਿਹਾ ਹੈ। ਕਿਸੇ ਵੀ ਪੰਥਕ ਚੁਣੌਤੀ ਜਾਂ ਮਤਭੇਦ ਦਾ ਹਲ ਕੱਢਣ ਦੀ ਬਜਾਏ ਧੜਾ ਆਪਣਾ ਵੋਟ ਬੈਂਕ ਵੇਖਣ ਲਗ ਪਿਆ ਹੈ। ਪੰਥ ਵਿੱਚ ਇੱਕ ਸਮਾਂ ਅਜੇਹਾ ਵੀ ਆਇਆ ਜਦੋਂ ਅਕਾਲ ਤਖਤ ਦੇ ਜੱਥੇਦਾਰ ਨੂੰ ਇਹ ਵੀ ਸੁਣਨਾ ਪਿਆ ਜਾਂ ਫੈਸਲਾ ਮੇਰੇ ਮੁਤਾਬਕ ਕਰੋ ਜਾਂ ਫਿਰ ਇਸ਼ਨਾਨ ਕਰਨ ਤੋਂ ਪਹਿਲਾਂ ਅਸਤੀਫਾ ਦੇ ਦਿਓ। ਇੱਕ ਜੱਥੇਦਾਰ ਦੇ ਵਿਚਾਰ ਵੀ ਅਖਬਾਰਾਂ ਦੇ ਸ਼ਿਗਾਰ ਬਣੇ ਜੋ ਬੇ-ਝਿਜਕ ਹੋ ਕੇ ਇਹ ਕਹਿੰਦੇ ਹਨ ਜੇ ਮੈਂ ਹੁਕਮਨਾਮਾ ਜਾਰੀ ਨਹੀਂ ਕਰਨਾ ਤਾਂ ਕੀ ਮੈਂ ਦਰੀਆਂ ਝਾੜਨ ਵਾਸਤੇ ਹਾਂ? ਏਹੀ ਕਾਰਨ ਹੈ ਕਿ ਲੰਗਰ ਪ੍ਰਤੀ ਆਏ ਹੁਕਮਨਾਮੇ ਨੇ ਸੰਗਤ ਵਿੱਚ ਦੁਬਿਧਾ ਦਾ ਬੀਜ ਬੀਜਿਆ ਜਿਹੜਾ ਅੱਜ ਨਸੂਰ ਬਣ ਗਿਆ ਹੈ। ਪਿੱਛਲੇ ਸਮੇਂ ਤੋਂ ਵਿਵਾਦਤ ਹੁਕਮਨਾਮੇ ਆਏ ਹਨ ਜਿੰਨਾਂ ਨਾਲ ਪੰਥ ਵਿੱਚ ਏਕਤਾ ਦੀ ਥਾਂ ਤੇ ਆਪਸ ਵਿੱਚ ਲੜਾਈ ਝਗੜਿਆਂ ਨੇ ਥਾਂ ਲੈ ਲਈ ਹੈ। ਸ਼੍ਰੋਮਣੀ ਕਮੇਟੀ ਤੇ ਕਾਬਜ਼ ਧੜੇ ਵਲੋਂ ਗੁਰਦੁਆਰੇ ਅਤੇ ਅਕਾਲ ਤਖਤ ਸਾਹਿਬ ਨੂੰ ਨਿਜੀ ਮਲਕੀਅਤ ਵਾਂਗ ਵਰਤਿਆ ਜਾ ਰਿਹਾ ਹੈ। ਅਜਿਹੇ ਮਾਹੌਲ ਵਿੱਚ ਬਹੁਗਿਣਤੀ ਸਿਖਾਂ ਦਾ ਬੇਚੈਨ ਹੋਣਾ ਅਤੇ ਧਾਰਮਕ ਤਲਖੀ ਵਧਣੀ ਸੁਭਾਵਕ ਹੈ। ਇਸ ਮਾਹੌਲ ਵਿੱਚ ਵਿਦਵਾਨ ਵੀ ਧੜਿਆਂ ਵਿੱਚ ਵੰਡੇ ਨਜ਼ਰ ਆਉਂਦੇ ਹਨ। ਇਸ ਤ੍ਰਾਸਦੀ ਨਾਲ ਨਜਿਠਣ ਲਈ ਸਰਬਤ ਖਾਲਸਾ ਵਰਗੀ ਪੁਰਾਤਨ ਪ੍ਰੰਪਰਾ ਨੂੰ ਆਧੁਨਿਕ ਤਰੀਕੇ ਨਾਲ ਸਰਜੀਤ ਕਰਨ ਦੀ ਲੋੜ ਹੈ ਤਾਂ ਕਿ ਪੰਥ ਦੀ ਹੋਂਦ-ਹਸਤੀ ਧੜਿਆਂ ਵਿੱਚ ਨਾ ਰੁਲ਼ ਜਾਏ ਅਤੇ ਸਿਖ ਪੰਥ ਆਪਣੇ ਭਵਿਖ ਨੂੰ ਸੰਵਾਰਨ ਲਈ ਇਕਜੁਟ ਹੋ ਕੇ ਫੈਸਲੇ ਲੈ ਸਕੇ।
ਜਾਗਰੁਕ ਧਿਰਾਂ
ਅੱਜ ਬਹੁਤਾ ਇੰਜ ਮਹਿਸੂਸ ਹੋ ਰਿਹਾ ਹੈ ਜਿਵੇਂ ਕੇਵਲ ਦਿਮਾਗੀ ਘੋੜੇ ਦੌੜਾਏ ਜਾਂਦੇ ਹੋਣ। ਪੰਥ ਪ੍ਰਤੀ ਪਿਆਰ ਸੁਹਿਰਦਤਾ ਦੀ ਬਹੁਤ ਵੱਡੀ ਘਾਟ ਨਜ਼ਰ ਆ ਰਹੀ ਹੈ। ਜਾਗਰੂਕ ਧਿਰਾਂ ਵਿੱਚ ਮਤ ਭੇਦ ਹੋਣੇ ਕੁਦਰਤੀ ਹਨ ਤੇ ਇਹ ਵਖਰੇਵਾਂ ਖਤਮ ਨਹੀਂ ਹੋ ਸਕਦਾ ਪਰ ਘੱਟ ਕੀਤਾ ਜਾ ਸਕਦਾ ਹੈ। ਸਤਾਰ ਬਹੁਤੀ ਕੱਸੀ ਤੇ ਢਿੱਲੀ ਵਿਚੋਂ ਨਗਮਾ ਨਹੀ ਨਿਕਲ ਸਕਦਾ ਸਤਾਰ ਵਿੱਚ ਇੱਕ ਲਚਕ ਹੋਣੀ ਚਾਹੀਦੀ ਹੈ ਤਾਂ ਹੀ ਸੁਰੀਲਾ ਨਗਮਾ ਵਜਦਾ ਹੈ ਇੰਜ ਅੱਜ ਜਾਗਰੁਕ ਧਿਰਾਂ ਵਿੱਚ ਵੀ ਇੱਕ ਲਚਕ ਹੋਣੀ ਚਾਹੀਦੀ ਹੈ। ਕੁੱਝ ਮੰਨਣੀ ਪੈਂਦੀ ਹੈ ਤੇ ਕੁੱਝ ਮਨਾਉਣੀ ਪੈਂਦੀ ਹੈ। ਏੱਥੇ ਤਾਂ ਅੱਜ ਸਾਰੇ ਆਪਣੀ ਆਪਣੀ ਬੀਨ ਵਜਾਉਣ ਵਿੱਚ ਹੀ ਲੱਗੇ ਹੋਏ ਹਨ। ਇੱਕ ਹੋਰ ਬਹੁਤ ਵੱਡਾ ਦੁਖਾਂਤ ਹੈ ਕਿ ਜੇ ਸਾਡੇ ਆਪਸ ਵਿੱਚ ਖ਼ਿਆਲ ਨਹੀਂ ਮਿਲਦੇ ਤਾਂ ਅਸੀਂ ਇੱਕ ਦੂਜੇ ਨੂੰ ਪੰਥ ਦੋਖੀ, ਆਰ ਐਸ ਐਸ ਦਾ ਏਜੈੰਟ, ਸਰਕਾਰੀਆ ਜਾਂ ਗ਼ਦਾਰ ਵਰਗੇ ਸ਼ਬਦਾਂ ਨਾਲ ਸੰਬੋਧਨ ਕਰਦੇ ਹਾਂ। ਕੀ ਇਸ ਤਰ੍ਹਾਂ ਦੀ ਬੋਲੀ ਨਾਲ ਪੰਥਕ ਮਸਲਿਆਂ ਦਾ ਹੱਲ ਨਿਕਲ ਸਕਦਾ ਹੈ?
ਇਕ ਹੋਰ ਬਹੁਤ ਵੱਡੀ ਤਰਾਸਦੀ ਹੈ ਕਿ ਪੰਥ ਵਿੱਚ ਮਸਲੇ ਏਨੇ ਖਿਲਾਰ ਦਿੱਤੇ ਗਏ ਹਨ ਕਿ ਕਿਸੇ ਇੱਕ ਦਾ ਵੀ ਹੱਲ ਨਹੀਂ ਨਿਕਲਿਆ। ਜੱਥੇਦਾਰਾਂ ਵਲੋਂ ਵੀ ਚਿੜੀਓ ਮਰ ਜਾਓ ਚਿੜੀਓ ਜੀਓ ਪਓ ਵਾਂਗ ਬਿਨਾ ਸੇਧ ਦੇ ਫੈਸਲੈ ਕੀਤੇ ਹਨ ਜੋ ਨਿਮੋਸ਼ੀ ਤੋਂ ਵੱਧ ਕੁੱਝ ਵੀ ਨਹੀਂ ਦਿਸਦਾ। ਰਾਜਨੀਤਿਕ ਲੋਕਾਂ ਨੇ ਇੱਕ ਦੁਜੇ ਨੂੰ ਠਿੱਬੀ ਲਗਾਉਣ ਲਈ ਅਕਾਲ ਤਖਤ ਦੇ ਜੱਥੇਦਾਰ ਨੂੰ ਵਰਤਣਾ ਸ਼ੁਰੂ ਕੀਤਾ ਹੋਇਆ ਹੈ। ਜੱਥੇਦਾਰ ਨੂੰ ਮਾਨਤਾ ਵੀ ਜਾਗਰੁਕ ਪੰਥਕ ਧਿਰਾਂ ਵਲੋਂ ਹੀ ਦਵਾਈ ਗਈ ਹੈ। ਜੱਥੇਦਾਰਾਂ ਨੇ ਵੀ ਕਿਸੇ ਦੀ ਸਲਾਹ ਲੈਣੀ ਉੱਚਤ ਨਹੀਂ ਸਮਝੀ ਜਿਸ ਵਾਸਤੇ ਪੰਥਕ ਫੈਸਲੇ ਇੱਕ ਧਿਰ ਖੁਸ਼ ਕਰਨ ਜੋਗੇ ਹੀ ਰਹਿ ਗਏ ਹਨ।
ਸਭ ਤੋਂ ਅਹਿਮ ਗੱਲ ਹੈ ਕਿ ਨਿਰਵਾਦਤ ਵਿਦਵਾਨ ਦੜ੍ਹ ਵੱਟ ਜ਼ਮਾਨਾ ਕੱਟ ਭਲੇ ਦਿਨ ਆਉਣਗੇ ਦੀ ਨੀਤੀ `ਤੇ ਚਲ ਰਹੇ ਹਨ। ਸੱਚ ਨੂੰ ਸੱਚ ਕਹਿਣ ਦੀ ਵੀ ਜੁਅਰਤ ਨਹੀਂ ਰਹੀ। ਸ੍ਰ. ਗੁਰਬਖਸ਼ ਸਿੰਘ ਪ੍ਰੀਤ ਲੜੀ ਨੇ ਜਦੋਂ ਪਰਮ ਮਨੁੱਖ ਪੁਸਤਕ ਲਿਖੀ ਸੀ ਤਾਂ ਉਸ ਵਿਰੁੱਧ ਵੀ ਜੱਥੇਦਾਰਾਂ ਦਾ ਫੈਸਲਾ ਆਇਆ ਸੀ ਪਰ ਨਿਰਵਾਦਤ ਵਿਦਵਾਨਾਂ ਨੇ ਕਿਹਾ ਸੀ ਕਿ ਭਾਵੇਂ ਸਾਡੇ ਸ੍ਰ. ਗੁਰਬਖਸ਼ ਸਿੰਘ ਪ੍ਰੀਤ ਲੜੀ ਨਾਲ ਖਿਆਲ ਨਹੀਂ ਮਿਲਦੇ ਪਰ ਉਸ ਵਲੋਂ ਲਿਖੀ ਪੁਸਤਕ ਵਿੱਚ ਕੋਈ ਵੀ ਉਕਾਈ ਨਹੀਂ ਹੈ। ਏਦਾਂ ਦੀ ਰਾਏ ਦੇਣ ਵਾਲੇ ਵਿਦਵਾਨ ਪੰਥ ਵਿੱਚ ਅੱਜ ਵੀ ਹੈਣ ਪਰ ਬੋਲਣ ਲਈ ਤਿਆਰ ਨਹੀਂ ਹਨ। ਪੰਥਕ ਫੈਸਲਿਆ ਸਬੰਧੀ ਆਪਣੀਆਂ ਲਿਖਤਾਂ ਵਿੱਚ ਵੀਰ ਹਰਸਿਮਰਨ ਸਿੰਘ ਤੇ ਵੀਰ ਕਰਮਜੀਤ ਸਿੰਘ ਹੁਰਾਂ ਬਹੁਤ ਵਧੀਆ ਸੁਝਾਅ ਦਿੱਤੇ ਹਨ ਉਹਨਾਂ ਤੇ ਹੋਰ ਵਿਚਾਰ ਹੋਣੀ ਚਾਹੀਦੀ ਹੈ।
ਸਰਬਤ ਖਾਲਸੇ ਵਰਗੀ ਸੰਸਥਾ ਤੋਂ ਸ਼੍ਰੋਮਣੀ ਕਮੇਟੀ ਗੁਰਦੁਆਰਾ ਪ੍ਰੰਬਧਕ ਕਮੇਟੀ ਕਿਉਂ ਕੰਨੀ ਕਤਰਾ ਰਹੀ ਹੈ? ਸ੍ਰ. ਗੁਰਬਖਸ਼ ਸਿੰਘ ਪ੍ਰੀਤ ਲੜੀ ਦੇ ਫੈਸਲੇ ਵਾਂਗ ਅੱਜ ਵੀ ਉਹਨਾਂ ਨਿਰਪੱਖ ਵਿਦਵਾਨਾਂ ਨੂੰ ਅੱਗੇ ਆਉਣ ਦੀ ਲੋੜ ਹੈ ਜੋ ਗਲਤ ਨੂੰ ਗਲਤ ਕਹਿ ਸਕਣ ਦੀ ਸਮਰੱਥਾ ਰੱਖਦੇ ਹੋਣ। ਆਪਣੀ ਹਉਮੈ, ਮੇਰੀ ਜੱਥੇਬੰਦੀ, ਆਪਣੀਆਂ ਨਿੱਜੀ ਕਿੜਾਂ ਨੂੰ ਇੱਕ ਪਾਸੇ ਰੱਖ ਕੇ ਘੱਟੋ ਘੱਟ ਸਾਂਝੇ ਪ੍ਰੋਗਰਾਮ ਲਈ ਅੱਗੇ ਆਉਣ ਦੀ ਲੋੜ ਹੈ। ਜਿੰਨੇ ਵੀ ਵਿਵਾਦਤ ਫੈਸਲੇ ਹੋਏ ਹਨ ਉਹਨਾਂ `ਤੇ ਦੁਬਾਰਾ ਨਜ਼ਰਸਾਨੀ ਦੀ ਜ਼ਰੂਰਤ ਹੈ।
ਮੁਕਦੀ ਗੱਲ ਜੱਥੇਦਾਰਾਂ ਨੂੰ ਆਪ ਫੈਸਲੇ ਕਰਨ ਦੀ ਬਜਾਏ ਪੰਥਕ ਰਹੁਰੀਤ ਨੂੰ ਅਪਨਾਉਂਦਿਆਂ ਹੋਇਆਂ ਊਘੇ ਕਨੂੰਨਦਾਨ, ਡਾਕਟਰ, ਸਿੱਖ ਸਾਹਿਤਕਾਰ, ਅਖਬਾਰਾਂ-ਮੈਗ਼ਜ਼ੀਨਾਂ ਦੇ ਐਡੀਟਰ, ਸਾਬਕਾ ਫੌਜੀ-ਪੁਲੀਸ ਅਫਸਰ, ਸਿੱਖ ਸੰਥਾਵਾਂ ਦੇ ਮੁਖੀ, ਮਿਸ਼ਨਰੀ ਕਾਲਜਾਂ ਦੇ ਨੁਮਾਇੰਦੇ, ਸਾਬਕਾ ਸਿਵਲ ਅਧਿਕਾਰੀ ਤੇ ਰਹਿਤਮਰਯਾਦਾ ਨੂੰ ਪਰਨਾਈਆਂ ਹੋਈਆਂ ਸਿੱਖ ਜੱਥੇਬੰਦੀਆਂ ਦੇ ਨੁਮਾੰਿੲੰਦਿਆਂ ਦੀ ਕਮੇਟੀ ਬਣਾਉਣ। ਉਪਰੋਕਤ ਲੜੀ ਵਿੱਚ ਬਾਹਰਲੇ ਮੁਲਕਾਂ ਵਿਚੋਂ ਵੀ ਵਿਦਵਾਨ ਹੋਣੇ ਚਾਹੀਦੇ ਹਨ। ਤੱਤਭੜੱਥੀ ਫੈਸਲੇ ਨਹੀਂ ਹੋਣੇ ਚਾਹੀਦੇ ਸਗੋਂ ਡੂੰਘੀ ਸੋਚ ਵਿਚਾਰ ਨੂੰ ਮੁਖ ਰਖਣਾ ਚਾਹੀਦਾ ਹੈ। ਹੁੰਗਾਰੇ ਦੀ ਉਡੀਕ ਵਿੱਚ … ….
ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ।।
ਹਰਿ ਨਾਮੈ ਕੀ ਹੋਵਹੁ ਜੋੜੀ ਗੁਰਮੁਖਿ ਬੈਸਹੁ ਸਫਾ ਵਿਛਾਇ।। ਪੰਨਾ ੧੧੮੫
.