.

“ਨਰੂ ਮਰੈ ਬਨਾਮ ਪਸੂ ਮਰੈ

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

"ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਅੰਦਰ ਸਮੂਚੀ ਗੁਰਬਾਣੀ ਰਚਨਾ ਕੁਲ ਇਕੱਤੀ ਰਾਗਾਂ `ਚ ਆਈ ਹੈ। ਇਨ੍ਹਾਂ ਇਕੱਤੀ ਰਾਗਾਂ `ਚੋਂ ਹੀ ਇੱਕ ਰਾਗ ਹੈ ‘ਰਾਗ ਗੋਂਡ’। ਉਪ੍ਰੰਤ ਇਸੇ ਰਾਗ ਗੋਂਡ `ਚ ਪੰ: ੭੮੦ `ਤੇ ਭਗਤ ਕਬੀਰ ਜੀ ਦਾ ਇੱਕ ਸ਼ਬਦ ਆਇਆ ਹੈ "ਨਰੂ ਮਰੈ ਨਰੁ ਕਾਮਿ ਨ ਆਵੈ॥ ਪਸੂ ਮਰੈ ਦਸ ਕਾਜ ਸਵਾਰੈ"। ਜਦਕਿ ਇਹ ਪੂਰਾ ਸ਼ਬਦ ਇਸ ਪ੍ਰਕਾਰ ਹੈ:-

"ਨਰੂ ਮਰੈ ਨਰੁ ਕਾਮਿ ਨ ਆਵੈ॥ ਪਸੂ ਮਰੈ ਦਸ ਕਾਜ ਸਵਾਰੈ॥ ੧॥ ਅਪਨੇ ਕਰਮ ਕੀ ਗਤਿ ਮੈ ਕਿਆ ਜਾਨਉ॥ ਮੈ ਕਿਆ ਜਾਨਉ ਬਾਬਾ ਰੇ॥ ੧॥ ਰਹਾਉ॥ ਹਾਡ ਜਲੇ ਜੈਸੇ ਲਕਰੀ ਕਾ ਤੂਲਾ॥ ਕੇਸ ਜਲੇ ਜੈਸੇ ਘਾਸ ਕਾ ਪੂਲਾ॥ ੨॥ ਕਹੁ ਕਬੀਰ ਤਬ ਹੀ ਨਰੁ ਜਾਗੈ॥ ਜਮ ਕਾ ਡੰਡੁ ਮੂੰਡ ਮਹਿ ਲਾਗੈ" (ਪੰ: ੮੭੦)

ਫ਼ਿਰ ਜਦੋਂ ਸ਼ਬਦ ਦੀ ਗਹਿਰਾਈ `ਚ ਜਾਂਵਾਂਗੇ ਤਾਂ ਇਹ ਵੀ ਸਪਸ਼ਟ ਹੋ ਜਾਵੇਗਾ ਕਿ ਇਸ ਸ਼ਬਦ ਰਾਹੀਂ ਕਬੀਰ ਸਾਹਿਬ ਕਿਸੇ ਬਹੁਤ ਵੱਡੇ ਗੁਰਮੱਤ ਸਿਧਾਂਤ ਨੂੰ ਕੇਵਲ ਪ੍ਰਗਟ ਹੀ ਨਹੀਂ ਕਰ ਰਹੇ ਬਲਕਿ ਉਸ ਨੂੰ ਪੂਰੀ ਤਰ੍ਹਾਂ ਖੋਲ ਵੀ ਰਹੇ ਹਨ। ਉਪ੍ਰੰਤ ਗੁਰਮੱਤ ਦਾ ਇਹ ਸਿਧਾਂਤ ਖੁਲਣਾ ਹੈ ਸ਼ਬਦ ਵਿੱਚਲੀ ਸ਼ਬਦਾਵਲੀ "ਨਰੂ ਮਰੈ" ਅਤੇ "ਪਸੂ ਮਰੈ" ਦਾ ਆਹਮਣਾ-ਸਾਹਮਣਾ ਕਰਣ ਬਾਅਦ।

ਦਰਅਸਲ ਕਬੀਰ ਜੀ ਸ਼ਬਦ ਰਾਹੀਂ ਸਾਬਤ ਕਰ ਰਹੇ ਹਨ, ਕਰਤੇ ਦੀ ਰਚਨਾ ਵਿੱਚਲੀਆਂ ਅਰਬਾਂ-ਖਰਬਾਂ ਜੂਨਾਂ `ਚੋਂ ਇਕੱਲੀ ਮਨੁੱਖਾ ਜੂਨ ਅਥਵਾ ਮਨੁੱਖਾ ਜਨਮ ਹੀ ਵਿਸ਼ੇਸ਼ ਹੈ। ਤਾਂ ਫ਼ਿਰ ਮਨੁੱਖਾ ਜੂਨ ਦੀ ਉਹ ਵਿਸ਼ੇਸਤਾ ਕੀ ਹੈ? ਦਰਅਸਲ ਜਿਉਂ ਜਿਉਂ ਸ਼ਬਦ ਨੂੰ ਘੋਖਾਂਗੇ, ਸਮਝ ਆਵੇਗੀ ਕਿ ਮਨੁੱਖਾ ਜੂਨ ਹੀ ਇੱਕ ਅਜਿਹੀ ਜੂਨ ਹੈ ਜਿਹੜੀ ਹੋਰ ਕਈ ਪੱਖਾਂ ਤੋਂ ਇਲਾਵਾ ਕਿਸੇ ਪੱਖੋਂ ਨਿਤਾਂਤ ਨਿਵੇਕਲੀ ਵੀ ਹੈ। ਜਦਕਿ ਗੁਰਮੱਤ ਦਾ ਸਦੀਵੀ ਸੱਚ ਇਹ ਵੀ ਹੈ ਕਿ:-

"ਏਕੋ ਪਵਣੁ ਮਾਟੀ ਸਭ ਏਕਾ, ਸਭ ਏਕਾ ਜੋਤਿ ਸਬਾਈਆ॥

ਸਭ ਇਕਾ ਜੋਤਿ ਵਰਤੈ ਭਿਨਿ ਭਿਨਿ, ਨ ਰਲਈ ਕਿਸੈ ਦੀ ਰਲਾਈਆ" (ਪੰ: ੯੬) ਜਾਂ

"ਕੁਮਾੑਰੈ ਏਕ ਜੁ ਮਾਟੀ ਗੂੰਧੀ, ਬਹੁ ਬਿਧਿ ਬਾਨੀ ਲਾਈ॥

ਕਾਹੂ ਮਹਿ ਮੋਤੀ ਮੁਕਤਾਹਲ, ਕਾਹੂ ਬਿਆਧਿ ਲਗਾਈ" (ਪੰ: ੪੭੯) ਹੋਰ

"ਏਕਲ ਮਾਟੀ ਕੁੰਜਰ ਚੀਟੀ ਭਾਜਨ ਹੈਂ ਬਹੁ ਨਾਨਾ ਰੇ॥

ਅਸਥਾਵਰ ਜੰਗਮ ਕੀਟ ਪਤੰਗਮ ਘਟਿ ਘਟਿ ਰਾਮੁ ਸਮਾਨਾ ਰੇ" (ਪੰ: ੯੮੮) ਅਥਵਾ

"ਮਾਟੀ ਏਕ ਅਨੇਕ ਭਾਂਤਿ ਕਰਿ ਸਾਜੀ ਸਾਜਨਹਾਰੈ॥

ਨਾ ਕਛੁ ਪੋਚ ਮਾਟੀ ਕੇ ਭਾਂਡੇ ਨਾ ਕਛੁ ਪੋਚ ਕੁੰਭਾਰੈ" (ਪੰ: ੧੩੫੦) ਪੁਨਾ

"… ਤੋਇਅਹੁ ਅੰਨੁ ਕਮਾਦੁ ਕਪਾਹਾਂ, ਤੋਇਅਹੁ ਤ੍ਰਿਭਵਣੁ ਗੰਨਾ॥

ਤੋਆ ਆਖੈ ਹਉ ਬਹੁ ਬਿਧਿ ਹਛਾ, ਤੋਐ ਬਹੁਤੁ ਬਿਕਾਰਾ. ." (ਅੰ: ੧੨੯੦)

ਭਾਵ ਸਰੀਰ ਇਨਸਾਨ ਦਾ ਹੋਵੇ, ਪਸ਼ੂ ਪੰਛੀਆਂ, ਕੀੜਿਆਂ ਮਕੌੜਿਆਂ, ਸਾਗ ਸਬਜ਼ੀਆਂ, ਅੰਨ ਫਲ, ਖਨਿਜ ਪਦਾਰਥ ਜਾਂ ਕੁੱਝ ਹੋਰ ਪਰ ਸਭ ਦਾ ਮੂਲ ਇਕੋ ਹੈ। ਦੂਜੇ ਲਫ਼ਜ਼ਾਂ `ਚ ਬੇਸ਼ੱਕ ਜੂਨਾਂ, ਸ਼ਕਲਾਂ, ਬਨਾਵਟਾਂ ਤੇ ਸਰੀਰ ਭਿੰਨ ਭਿੰਨ ਹਨ ਤੇ ਇਨ੍ਹਾਂ ਦੀਆਂ ਪਹਿਚਾਣਾਂ ਵੀ ਵੱਖ ਵੱਖ ਹਨ। ਫ਼ਿਰ ਵੀ ਇਨ੍ਹਾਂ ਸਾਰਿਆਂ ਦਾ ਮੂਲ ਇਕੋ ਹੈ। ਇਹ ਸਾਰੀਆਂ ਜੂਨਾਂ ਤੇ ਇਨ੍ਹਾਂ ਦੇ ਸਮੂਚੇ ਸਰੀਰ ਇਕੋ ਹੀ ਮਿੱਟੀ ਤੋਂ ਬਣੇ ਹੋਏ ਹਨ ਅਤੇ ਇਨ੍ਹਾਂ ਸਾਰਿਆਂ `ਚ ਨੂਰ ਵੀ ਇਕੋ ਕਰਤੇ ਪ੍ਰਭੂ ਦਾ ਹੀ ਹੈ।

"ਨਿਹਫਲ ਮਾਨੁਖੁ ਜਪੈ ਨਹੀ ਨਾਮ" -ਸ਼ਬਦ `ਚ ਭਗਤ ਜੀ ਫ਼ੁਰਮਾਅ ਰਹੇ ਹਨ, ਤਾਂ ਵੀ ਮਨੁੱਖਾ ਜੂਨ ਤੇ ਬਾਕੀ ਜੂਨਾਂ ਵਿਚਾਲੇ ਬਹੁਤ ਵੱਡਾ ਫ਼ਰਕ ਹੈ। ਉਹ ਫ਼ਰਕ ਹੈ ਕਿ ਬਾਕੀ ਬੇਅੰਤ ਜੂਨਾਂ ਦੇ ਮੁਰਦਾ ਸਰੀਰਾਂ ਦੀ ਮਿੱਟੀ ਵੀ "ਪਸੂ ਮਰੈ ਦਸ ਕਾਜ ਸਵਾਰੈ" ਅਨੁਸਾਰ ਮਨੁੱਖ ਦੇ ਅਨੇਕਾਂ ਕੰਮ ਸੁਆਰਦੀ ਤੇ ਕੰਮ ਆਉਂਦੀ ਹੈ। ਜਦਕਿ "ਨਰੂ ਮਰੈ ਨਰੁ ਕਾਮਿ ਨ ਆਵੈ" ਅਨੁਸਾਰ ਇਕੋ ਮਨੁੱਖਾ ਸਰੀਰ ਹੀ ਅਜਿਹਾ ਸਰੀਰ ਹੈ ਜਿਹੜਾ, ਦੂਜੀਆਂ ਸਮ੍ਹੂਹ ਜੂਨਾਂ ਦੇ ਉਲਟ, ਬਿਨਸਨ ਤੋਂ ਬਾਅਦ ਕਿਸੇ ਵੀ ਕੰਮ ਨਹੀਂ ਆਉਂਦਾ।

ਇਹੀ ਕਾਰਨ ਹੈ ਕਿ ਦੂਜੀਆਂ ਜੂਨਾਂ ਦੇ ਉਲਟ, ਉਸ ਸਮੇਂ ਇਸ ਨੂੰ ਭਾਵੇਂ ਕਿਸੇ ਵੀ ਢੰਗ, ਪਰ ਟਿਕਾਣੇ ਹੀ ਲਗਾਉਣਾ ਹੁੰਦਾ ਹੈ। ਫ਼ਿਰ ਚਾਹੇ ਇਸ ਨੂੰ ਸਾੜ ਕੇ, ਪਾਣੀ `ਚ ਬਹਾ ਕੇ, ਦਫ਼ਨਾ ਕੇ ਜਾਂ ਕਿਸੇ ਵੀ ਤਰ੍ਹਾਂ। ਫ਼ੁਰਮਾਨ ਹੈ "ਸਗਲ ਸਰੀਰ ਆਵਤ ਸਭ ਕਾਮ. ." (ਪੰ: ੧੯੦) ਤਾਂ ਵੀ ਉਨ੍ਹਾਂ ਅਨੰਤ ਸਰੀਰਾਂ ਦੇ ਉਲਟ, ਮਨੁੱਖਾ ਸਰੀਰ ਦਾ ਵਿਸ਼ੇਸ਼ ਮਕਸਦ ਵੀ ਹੈ। ਉਹ ਮਕਸਦ ਜਿਹੜਾ ਕੇਵਲ ਮਨੂੱਖ ਦੇ ਜੀਊਂਦੇ ਜੀਅ ਪੂਰਾ ਹੋਣਾ ਹੈ, ਵਰਣਾ "ਨਿਹਫਲ ਮਾਨੁਖੁ ਜਪੈ ਨਹੀ ਨਾਮ" (ਉਹੀ ਪੰ: ੧੯੦) ਅਨੁਸਾਰ ਮਨੁੱਖਾ ਜਨਮ `ਚ ਆਉਣ ਦਾ ਵੀ ਲਾਭ ਨਹੀਂ। ਮੌਤ ਤੋਂ ਬਾਅਦ ਇਹ ਮਕਸਦ ਪੂਰਾ ਨਹੀਂ ਹੁੰਦਾ।

"ਆਪਣਾ ਮੂਲੁ ਪਛਾਣੁ…" - ਸੁਤੇ ਹੀ ਸੁਆਲ ਪੈਦਾ ਹੁੰਦਾ ਹੈ ਕਿ ਮਨੁੱਖਾ ਜੂਨ ਦਾ ਉਹ ਮਕਸਦ ਹੈ ਕੀ, ਜਿਹੜਾ ਮਨੁੱਖਾ ਜੂਨ ਤੋਂ ਇਲਾਵਾ ਹੋਰ ਕਿਸੇ ਵੀ ਜੂਨ ਨਾਲ ਸੰਬੰਧਤ ਨਹੀਂ? ਅਤੇ ਜਿਸ ਲਈ ਗੁਰਦੇਵ ਇਥੋਂ ਫ਼ੁਰਮਾਅ ਰਹੇ ਹਨ "ਨਿਹਫਲ ਮਾਨੁਖੁ ਜਪੈ ਨਹੀ ਨਾਮ"। ਇਸ ਤਰ੍ਹਾਂ ਜਿਉਂ ਜਿਉਂ ਗੁਰਬਾਣੀ ਦੀ ਗਹਿਰਾਈ `ਚ ਜਾਵਾਂਗੇ ਤਾਂ ਪਤਾ ਲੱਗਦਾ ਜਾਵੇਗਾ ਕਿ ਮਨੁੱਖਾ ਜਨਮ ਦੇ ਉਸ ਵਿਸ਼ੇਸ਼ ਮਕਸਦ ਦੀ ਪੂਰਤੀ ਲਈ ਹੀ, ਇਕੱਲੇ ਮਨੁੱਖ ਨੂੰ ‘ਮਨ’ ਵਾਲੀ ਨਿਵੇਕਲੀ ਦਾਤ ਵੀ ਮਿਲੀ ਹੁੰਦੀ ਹੈ, ਜੋ ਬਾਕੀ ਜੂਨਾਂ `ਚ ਨਹੀਂ ਮਿਲਦੀ। ਉਹ ‘ਮਨ’ ਜਿਸ ਬਾਰੇ ਚੇਤਾਇਆ ਹੈ "ਮਨ ਤੂੰ ਜੋਤਿ ਸਰੂਪੁ ਹੈ, ਆਪਣਾ ਮੂਲੁ ਪਛਾਣੁ॥ ਮਨ ਹਰਿ ਜੀ ਤੇਰੈ ਨਾਲਿ ਹੈ, ਗੁਰਮਤੀ ਰੰਗੁ ਮਾਣੁ" (ਪੰ: ੪੪੧) ਆਦਿ ਇਸੇ ਤਰ੍ਹਾਂ ਹੋਰ ਵੀ ਬੇਅੰਤ ਫ਼ੁਰਮਾਣ। ਬਲਕਿ ਉਹੀ ‘ਮਨ’ ਜਿਸ ਦੀ ਸ਼ਬਦ-ਗੁਰੂ ਦੀ ਕਮਾਈ ਰਾਹੀ ਸੁਵਰਤੋਂ ਕਰਣ ਲਈ, ਗੁਰਬਾਣੀ `ਚ, ਮਨੁੱਖ ਨੂੰ ਆਦਿ ਤੋਂ ਅੰਤ ਤੱਕ ਅਨੰਤ ਵਾਰ ਚੇਤਾਇਆ ਵੀ ਹੋਇਆ ਹੈ।

ਤਾਂ ਫ਼ਿਰ ਇਸ ‘ਮਨ’ ਦੀ ਕੁਵਰਤੋਂ ਕੀ ਹੈ? ਸਪਸ਼ਟ ਹੈ ਜਦੋਂ ਮਨੁੱਖ ਨੇ ਸ਼ਬਦ-ਗੁਰੂ ਦੀ ਕਮਾਈ ਰਾਹੀ ਇਸ ‘ਮਨ’ ਦੀ ਸੁਵਰਤੋਂ ਕਰਣੀ ਹੈ ਤਾਂ ਇਸ ਮਨ ਦੀ ਕੁਵਰਤੋਂ ਵੀ ਹੁੰਦੀ ਹੋਵੇਗੀ। ਤਾਂ ਫ਼ਿਰ ਇਸ ‘ਮਨ’ ਦੀ ਕੁਵਰਤੋਂ ਤੇ ਲਾਪਰਵਾਈ ਦਾ, ਜੀਵ ਨੂੰ ਨੁਕਸਾਨ ਕੀ ਹੁੰਦਾ ਹੈ? ਉਸ ਬਾਰੇ ਵੀ ਗੁਰਬਾਣੀ `ਚ ਪੂਰੀ ਤਰ੍ਹਾਂ ਅਤੇ ਅਨੰਤ ਵਾਰ ਸਪਸ਼ਟ ਕੀਤਾ ਹੋਇਆ ਹੈ। ਤਾਂ ਵੀ ਇਹ ‘ਮਨ’ ਵਾਲਾ ਵਿਸ਼ਾ, ਨਿਤਾਂਤ ਭਿੰਨ ਹੈ। ਇਸ ਲਈ ਇਥੇ ਅਸਾਂ ਕੇਵਲ ਇਹੀ ਵਿਚਾਰਣਾ ਹੈ ਕਿ ਵਿਚਾਰ ਅਧੀਨ ਸ਼ਬਦ `ਚ ਕਬੀਰ ਜੀ ਜੋ "ਨਰੂ ਮਰੈ" ਵਾਲੀ ਗੱਲ ਵੱਲ ਵਿਸ਼ੇਸ਼ ਧਿਆਨ ਪੁਆ ਰਹੇ ਹਨ ਤਾਂ ਉਹ ਕੀ ਹੈ? ਉਪ੍ਰੰਤ ਇਸ ‘ਮਨ’ ਦੀ ਸੁਵਰਤੋਂ ਨਾਲ "ਨਰੂ ਮਰੈ" ਦਾ ਕੀ ਸੰਬੰਧ ਹੈ?

ਉਹ ਇਹੀ ਸੰਭੰਧ ਹੈ, ਜੇ ਮਨੁੱਖਾ ਜਨਮ ਸਮੇਂ ਵੀ "ਨਰੂ ਮਰੈ" ਭਾਵ ਮਨੁੱਖ ਦੀ ਹਾਲਤ, ਮਕਸਦ ਵਿਹੂਣੇ ਵਾਲੀ ਬਣੀ ਰਹੀ। ਜੇ ਇਸ ਨੇ ਮਨੁੱਖਾ ਜਨਮ ਪਾ ਕੇ ਵੀਸ਼ਬਦ-ਗੁਰੂ ਦੀ ਕਮਾਈ ਨਾ ਕੀਤੀ ਅਤੇ ਜੇ ਇਹ ਕਰਤੇ ਦੀ ਸਿਫ਼ਤ ਸਲਾਹ ਨਾਲ ਨਾ ਜੁੜਿਆ। ਜੇ ਇਸ ਨੇ ਜੀਊਂਦੇ ਜੀਅ ਜੀਵਨ ਦੀ ਸਫ਼ਲ ਅਵਸਥਾ ਨੂੰ ਹਾਸਲ ਨਾ ਕੀਤਾ ਅਤੇ ਕਰਤੇ `ਚ ਅਭੇਦ ਨਾ ਹੋਇਆ। ਜੇ ਇਸ ਨੇ ਜੀਵਨ ਅੰਦਰ ਜੀਊਂਦੇ ਜੀਅ, ਗੁਰਬਾਣੀ ਗਿਆਨ ਤੋਂ ਪ੍ਰਗਟ ਹੋਣ ਵਾਲੇ "ਨਰੂ" ਭਾਵ ਇਨਸਾਨੀਅਤ ਭਾਵ ਸ਼ਬਦ-ਗੁਰੂ ਦੀ ਸ਼ਰਨ `ਚ ਆ ਕੇ ਆਪਣੇ ਜੀਵਨ `ਚ ਇਲਹੀ ਗੁਣ’ ਪੈਦਾ ਨਾ ਕੀਤੇ।

ਅਜਿਹੇ ਇਲਾਹੀ ਗੁਣ ਜਿਹੜੇ ਸ਼ਬਦ-ਗੁਰੂ ਦੀ ਕਮਾਈ ਤੇ ਕਰਤੇ ਦੀ ਸਿਫ਼ਤ ਸਲਾਹ ਬਿਨਾ, ਮਨੁੱਖਾ ਜੀਵਨ ਅੰਦਰ ਪੈਦਾ ਹੋਣੇ ਹੀ ਸੰਭਵ ਨਹੀਂ ਹਨ। ਫ਼ਿਰ ਬੇਸ਼ੱਕ ਦੂਜਿਆਂ ਅਨੁਸਾਰ ਇਨਸਾਨੀਅਤ ਦੀ ਪ੍ਰੀਭਾਸ਼ਾ ਭਿੰਨ ਭਿੰਨ ਹੋ ਸਕਦੀ ਹੈ ਪਰ ਗੁਰਬਾਣੀ ਆਧਾਰ `ਤੇ ਇਨਸਾਨੀਅਤ ਵਾਲੇ ਗੁਣ ਵੀ ਉਹੀ ਹਨ ਜਿਹੜੇ ਮਨੁੱਖਾ ਜੀਵਨ ਅੰਦਰ ਕਰਤੇ ਦੀ ਸਿਫ਼ਤ ਸਲਾਹ ਤੋਂ ਹੀ ਪੈਦਾ ਹੋਣੇ ਹੁੰਦੇ ਹਨ। ਇਸ ਆਧਾਰ `ਤੇ ਮਨੁੱਖਾ ਜੂਨ ਸਮੇਂ, ਮਨੁੱਖ ਨੇ ਇਹ ਵੀ ਚੇਤੇ ਰਖਣਾ ਹੈ ਕਿ ਇਸ ਅਮੁੱਲੇ ਸਰੀਰ ਦੇ ਬਿਨਸਨ ਬਾਅਦ "ਨਰੁ ਕਾਮਿ ਨ ਆਵੈ" ਬਾਕੀ ਜੂਨਾਂ ਦੇ ਉਲਟ, ਇਸ ਮਨੁੱਖਾ ਸਰੀਰ ਦੀ ਮਿੱਟੀ ਦਾ ਵੀ ਕੌਡੀ ਮੁੱਲ ਨਹੀਂ ਹੁੰਦਾ।

ਜਦਕਿ ਪਸ਼ੂਆਂ ਦੇ ਮਰਨ ਬਾਅਦ ਤਾਂ "ਪਸੂ ਮਰੈ ਦਸ ਕਾਜ ਸਵਾਰੈ" ਉਨ੍ਹਾਂ ਦੇ ਪੂਰੇ-ਪੂਰੇ ਸਰੀਰ, ਬਲਕਿ ਉਨ੍ਹਾਂ ਦੇ ਸਰੀਰਾਂ ਦੀ ਬੋਟੀ-ਬੋਟੀ ਵੀ ਮਨੁੱਖ ਦੇ ਕੰਮ ਆ ਜਾਂਦੀ ਹੈ। ਪਸ਼ੂਆਂ ਦਾ ਤਾਂ ਇਕੱਲਾ ਇਕੱਲਾ ਸਰੀਰ ਹੀ, ਮਨੁੱਖ ਦੇ ਅਨੇਕਾਂ ਕੰਮ ਸੁਆਰਦਾ ਦਿੰਦਾ ਹੈ। ਜਦਕਿ ਮਨੁੱਖਾ ਸਰੀਰ ਦਾ ਅੰਤ "ਹਾਡ ਜਲੇ ਜੈਸੇ ਲਕਰੀ ਕਾ ਤੂਲਾ॥ ਕੇਸ ਜਲੇ ਜੈਸੇ ਘਾਸ ਕਾ ਪੂਲਾ" ਜਾਂ ਫ਼ਿਰ ਢੰਗ ਹੀ ਬਦਲਦੇ ਹਨ ਪਰ ਇਹੀ ਹੁੰਦਾ ਹੈ, ਇਸ ਤੋਂ ਵੱਧ ਹੋਰ ਕੁੱਝ ਨਹੀਂ। ਉਪ੍ਰੰਤ ਕਬੀਰ ਜੀ ਨੇ ਮੌਤ ਤੋਂ ਬਾਅਦ ਨਾਲ ਸੰਬੰਧਤ ਮਨੁੱਖ ਸਰੀਰ ਦਾ "ਹਾਡ ਜਲੇ ਜੈਸੇ ਲਕਰੀ ਕਾ ਤੂਲਾ" ਵਾਲਾ ਜੋ ਹਾਲ ਬਿਆਣਿਆ ਹੈ, ਉਹ ਅੱਜ ਵੀ ਇੱਕ ਜਾਂ ਦੂਜੇ ਢੰਗ ਉਹੀ ਤੇ ਉਸੇ ਤਰ੍ਹਾਂ ਹੀ ਸੱਚ ਹੈ।

"ਰਾਮ ਨਾਮੁ ਕਾਹੇ ਨ ਦ੍ਰਿੜੀੑਆ" -ਉਪ੍ਰੰਤ ਗੱਲ ਰਹਿ ਜਾਂਦੀ ਹੈ ਮਨੁੱਖਾ ਸਰੀਰ ਦੀ ਉੱਤਮਤਾ, ਇਸ ਵਿੱਚਲੀ ਆਤਮਾ ਤੇ ਇਸ ਵਿੱਚਲੇ ‘ਮਨ’ ਸੰਬੰਧੀ। ਜਦਕਿ ਉਨ੍ਹਾਂ ਨੂੰ ਆਧਾਰ ਬਣਾ ਕੇ ਗੁਰਬਾਣੀ `ਚ ਬੇਅੰਤ ਵਾਰ ਮਨੁੱਖਾ ਸਰੀਰ ਦੇ ਵਿਸ਼ੇਸ਼ ਮਕਸਦ ਨੂੰ ਸਪਸ਼ਟ ਕੀਤਾ ਹੋਇਆ ਹੈ। ਤਾਂ ਵੀ ਕਬੀਰ ਸਾਹਿਬ, ਆਪਣੇ ਇਸ ਸ਼ਬਦ ਵਿੱਚਲੀ "ਨਰੂ ਮਰੈ" ਵਾਲੀ ਸ਼ਬਦਾਵਲੀ ਦੀ ਤਰ੍ਹਾਂ ਹੀ, ਆਪਣੇ ਇੱਕ ਹੋਰ ਸ਼ਬਦ `ਚ ਵੀ ਇਸ ਵਿਸ਼ੇ ਨੂੰ ਸਪਸ਼ਟ ਕਰ ਰਹੇ ਹਨ ਜਿਵੇਂ:-

"ਜਿਹ ਸਿਰਿ ਰਚਿ ਰਚਿ ਬਾਧਤ ਪਾਗ॥ ਸੋ ਸਿਰੁ ਚੁੰਚ ਸਵਾਰਹਿ ਕਾਗ॥ ੧॥ ਇਸੁ ਤਨ ਧਨ ਕੋ ਕਿਆ ਗਰਬਈਆ॥ ਰਾਮ ਨਾਮੁ ਕਾਹੇ ਨ ਦ੍ਰਿੜੀੑਆ॥ ੧॥ ਰਹਾਉ॥ ਕਹਤ ਕਬੀਰ ਸੁਨਹੁ ਮਨ ਮੇਰੇ॥ ਇਹੀ ਹਵਾਲ ਹੋਹਿਗੇ ਤੇਰੇ" (ਪੰ: ੩੩੦)

ਤਾਂ ਤੇ ਵਿਚਾਰ ਅਧੀਨ ਸ਼ਬਦ ਅਨੁਸਾਰ ਵੀ ਜੇ ਸਮਾਂ ਵਿਹਾਜਣ ਤੇ ਜ਼ਿੰਦਗੀ ਦੇ ਮੁੱਕਣ ਬਾਅਦ "ਕਹੁ ਕਬੀਰ ਤਬ ਹੀ ਨਰੁ ਜਾਗੈ॥ ਜਮ ਕਾ ਡੰਡੁ ਮੂੰਡ ਮਹਿ ਲਾਗੈ" (ਉਹੀ) ਵਾਲੀ ਹਾਲਤ ਹੀ ਬਣੀ ਰਹੀ। ਜੇ ਜੀਵਨ ਦੌਰਾਨ "ਰਾਮ ਨਾਮੁ ਕਾਹੇ ਨ ਦ੍ਰਿੜੀੑਆ" ਹੀ ਰਿਹਾ। ਇਸ ਤਰ੍ਹਾਂ ਜਦੋਂ ਮਨੁੱਖਾ ਜਨਮ ਵਾਲਾ ਦੁਰਲਭ ਅਵਸਰ ਗੁਆ ਹੀ ਲਿਆ ਅਤੇ ਇਹ ਬਿਰਥਾ ਹੀ ਚਲਾ ਗਿਆ ਤਾਂ "ਜਮ ਕਾ ਡੰਡੁ ਮੂੰਡ ਮਹਿ ਲਾਗੈ" ਅਨੁਸਾਰ ਮਨੁੱਖ ਨੂੰ ਮੁੜ ਉਨ੍ਹਾਂ ਹੀ ਜਨਮਾਂ-ਜੂਨਾਂ ਤੇ ਭਿੰਨ ਭਿੰਨ ਗਰਭਾਂ ਦੇ ਦੁਖ ਹੀ ਸਹਾਰਣੇ ਪੈਂਦੇ ਹਨ।

ਉਪ੍ਰੰਤ ਇਹ ਵੀ ਧਿਆਣ ਦੇਣਾ ਹੈ ਕਿ ਗੁਰਬਾਣੀ `ਚ ਜੀਊਂਦੇ ਜੀਅ ‘ਜਮ’ ਦਾ ਅਰਥ ਹੈ ਵਿਕਾਰਾਂ ਦੀ ਮਾਰ ਅਥਵਾ "ਆਤਮਕ ਮੌਤ" ਹੁੰਦਾ ਹੈ। ਫ਼ਿਰ ਸਰੀਰਕ ਮੌਤ ਤੋਂ ਬਾਅਦ ਲਈ ‘ਜਮ’ ਦਾ ਅਰਥ ਹੈ "ਮੁੜ ਜਨਮ ਮਰਨ ਦਾ ਉਹੀ ਗੇੜ"। ਜਦਕਿ ਲਫ਼ਜ਼ ਜਮ ਦਾ ਅਰਥ ‘ਸਰੀਰਕ ਮੌਤ’ ਵੀ ਬੇਅੰਤ ਵਾਰ ਆਇਆ ਹੈ ‘ਸਰੀਰਕ ਮੌਤ’ ਜਿਹੜੀ ਕਿ ਹਰੇਕ ਸਰੀਰ ਦੀ ਹੋਣੀ ਹੀ ਹੁੰਦੀ ਹੈ। ਉਂਜ ਗੁਰਬਾਣੀ `ਚ ਇਸੇ ਲਫ਼ਜ਼ ਜਮ ਦੇ ਭਿੰਨ ਭਿੰਨ ਹੋਰ ਵੀ ਕਈ ਰੂਪ ਆਏ ਹਨ ਜਿਵੇਂ ਜਮ ਜੰਦਾਰ, ਜਮਪੁਰ ਆਦਿ ਪਰ ਗੁਰਮੱਤ ਅਨੁਸਾਰ ਮੋਟੇ ਤੌਰ `ਤੇ ਉਨ੍ਹਾਂ ਦੇ ਅਰਥ ਉਪ੍ਰੋਕਤ ਹੀ ਹਨ।

ਬ੍ਰਾਹਮਣ ਮੱਤ ਤੇ ਗਰੁੜ ਪੁਰਾਨ ਵਾਲੇ ਜਮ ਜਾਂ ਜਮਦੂਤ ਦੇ ਅਰਥਾਂ ਨਾਲ ਗੁਰਮੱਤ ਦਾ ਕੁੱਝ ਵੀ ਸਬੰਧ ਨਹੀਂ, ਬੇਸ਼ੱਕ ਕੁੱਝ ਥਾਵੇਂ ਗੁਰਬਾਣੀ `ਚ ਲਫ਼ਜ਼ ਜਮ ਬ੍ਰਾਹਮਣੀ ਅਰਥਾ `ਚ ਵੀ ਆਇਆ ਤਾਂ ਹੈ ਪਰ ਉਸ ਦੇ ਖੰਡਣ ਲਈ, ਨਾ ਕਿ ਉਸ ਦੀ ਪ੍ਰੌੜਤਾ `ਚ ਜਾਂ ਫ਼ਿਰ ਪ੍ਰਕਰਣ ਦੀ ਲੋੜ ਅਨੁਸਾਰ।

ਇਸ ਤਰ੍ਹਾਂ ਜਦੋਂ ਇਸ ਮਨੁੱਖਾ ਜਨਮ ਨੂੰ ਬਿਰਥਾ ਤੇ ਅਜ਼ਾਈ ਕਰਣ ਤੋਂ ਬਾਅਦ ਇਸ ਨੂੰ ਫ਼ਿਰ ਤੋਂ ਜੂਨਾਂ-ਗਰਭਾਂ ਦੇ ਗੇੜ ਕੱਟਣੇ ਪੈਂਦੇ ਹਨ ਤਾਂ "ਕਰਿ ਅਉਗਣ ਪਛੋਤਾਵਣਾ" (ਪ: ੪੭੧) ਅਨੁਸਾਰ, ਉਸ ਸਮੇਂ ਬੀਤੇ ਸਮੇਂ ਲਈ ਜੀਵ ਦੀ ਪਛਤਾਉਣ ਤੋਂ ਸਿਵਾ, ਹੋਰ ਕੁੱਝ ਵੀ ਪੇਸ਼ ਨਹੀਂ ਜਾਂਦੀ। ਇਹ ਵੀ ਕਿ ਗੁਰਬਾਣੀ `ਚ ਮੌਤ ਤੋਂ ਬਾਅਦ "ਜਮ ਕਾ ਡੰਡੁ ਮੂੰਡ ਮਹਿ ਲਾਗੈ" ਦਾ ਇਕੋ ਹੀ ਮਤਲਬ ਰਹਿ ਜਾਂਦਾ ਹੈ ਤੇ ਉਹ ਹੈ, ਭਿੰਨ ਭਿੰਨ ਜੂਨਾਂ ਤੇ ਜਨਮਾਂ ਦੇ ਰੂਪ `ਚ ਸਜ਼ਾਵਾਂ, ਜਿਨ੍ਹਾਂ ਬਾਰੇ ਗੁਰਬਾਣੀ `ਚ ਬੇਅੰਤ ਵਾਰ ਸੁਚੇਤ ਵੀ ਕੀਤਾ ਹੋਇਆ ਹੈ। ਜਿਵੇਂ:-

"ਕਪੜੁ ਰੂਪੁ ਸੁਹਾਵਣਾ ਛਡਿ ਦੁਨੀਆ ਅੰਦਰਿ ਜਾਵਣਾ॥ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ॥ ਹੁਕਮ ਕੀਏ ਮਨਿ ਭਾਵਦੇ ਰਾਹਿ ਭੀੜੈ ਅਗੈ ਜਾਵਣਾ॥ ਨੰਗਾ ਦੋਜਕਿ ਚਾਲਿਆ ਤਾ ਦਿਸੈ ਖਰਾ ਡਰਾਵਣਾ॥ ਕਰਿ ਅਉਗਣ ਪਛੋਤਾਵਣਾ" (ਪੰ: ੪੭੦)

ਜਦਕਿ ਇਥੇ ਵੀ ‘ਨੰਗਾ’ ਦੇ ਅਰਥ ਸਰੀਰੋਂ ਨੰਗਾ ਨਹੀਂ ਬਲਕਿ ਖਾਲੀ ਹੱਥ ਜਾਣਾ, ਅਥਵਾ ਮਨੁੱਖਾ ਜਨਮ ਸਮੇਂ ਗੁਰੂ ਗਿਆਨ ਦੀ ਕਮਾਈ ਵਿਹੂਣੇ ਹੋਣ ਕਾਰਨ ਮਨੁੱਖਾ ਜਨਮ ਦਾ ਅਸਫ਼ਲ ਹੋ ਜਾਣਾ। ‘ਦੋਜ਼ਕਿ’ ਦਾ ਅਰਥ ਵੀ ਫ਼ਿਰ ਤੋਂ ਜਨਮ ਮਰਨ ਦਾ ਹੀ ਗੇੜ ਹੈ ਨਾ ਕਿ ਬ੍ਰਾਹਮਣੀ ਨਰਕ ਜਾਂ ਇਸਲਾਮੀ ਦੋਜ਼ਕ। ਇਸ ਲਈ ਜੀਵ ਨੂੰ ਮਨੁੱਖਾ ਜਨਮ ਦੌਰਾਨ ਹਉਮੈ ਅਧੀਨ ਆਪਣੇ ਕੀਤੇ ਚੰਗੇ ਤੇ ਮਾੜੇ ਕਰਮਾਂ ਦਾ ਭਿੰਨ ਭਿੰਨ ਜੂਨਾਂ ਦੇ ਰੂਪ `ਚ ਲੇਖਾ-ਜੋਖਾ ਭੋਗਣਾ ਹੀ ਪੈਂਦਾ ਹੈ। ਜਿਵੇਂ:-

"ਕੋਟਿ ਕਰਮ ਕਰੈ ਹਉ ਧਾਰੇ॥ ਸ੍ਰਮੁ ਪਾਵੈ ਸਗਲੇ ਬਿਰਥਾਰੇ॥ ਅਨਿਕ ਤਪਸਿਆ ਕਰੇ ਅਹੰਕਾਰ॥ ਨਰਕ ਸੁਰਗ ਫਿਰਿ ਫਿਰਿ ਅਵਤਾਰ …. . ਜਬ ਇਹ ਜਾਨੈ ਮੈ ਕਿਛੁ ਕਰਤਾ॥ ਤਬ ਲਗੁ ਗਰਭ ਜੋਨਿ ਮਹਿ ਫਿਰਤਾ" (ਪੰ: ੨੭੮) ਅਥਵਾ

"ਹਉ ਵਿਚਿ ਆਇਆ ਹਉ ਵਿਚਿ ਗਇਆ॥ ਹਉ ਵਿਚਿ ਜੰਮਿਆ ਹਉ ਵਿਚਿ ਮੁਆ……. ਹਉ ਵਿਚਿ ਪਾਪ ਪੁੰਨ ਵੀਚਾਰੁ॥ ਹਉ ਵਿਚਿ ਨਰਕਿ ਸੁਰਗਿ ਅਵਤਾਰੁ" (ਪੰ: ੪੬੬) ਜਾਂ

"ਹਉਮੈ ਏਈ ਬੰਧਨਾ ਫਿਰਿ ਫਿਰਿ ਜੋਨੀ ਪਾਹਿ" (ਪੰ: ੪੬੬)

ਇਥੇ ਵਿਸ਼ੇਸ਼ ਧਿਆਣ ਦੇਣਾ ਹੈ ਕਿ ਸੰਬੰਧਤ "ਨਰਕ ਸੁਰਗ ਫਿਰਿ ਫਿਰਿ ਅਵਤਾਰ" ਅਤੇ "ਹਉ ਵਿਚਿ ਨਰਕਿ ਸੁਰਗਿ ਅਵਤਾਰੁ" ਗੁਰ ਫ਼ੁਰਮਾਨਾਂ `ਚ ਵੀ ਲਫ਼ਜ਼ ਨਰਕ ਤੇ ਸੁਰਗ ਕਿਸੇ ਬ੍ਰਾਹਮਣੀ ਨਰਕ ਤੇ ਸੁਰਗ ਲਈ ਨਹੀਂ ਹਨ। ਬਲਕਿ ਭਿੰਨ-ਭਿੰਨ ਜਨਮਾਂ, ਜੂਨਾਂ ਤੇ ਗਰਭਾਂ ਦੌਰਾਨ ਭੁਗਤਾਏ ਜਾਣ ਵਾਲੇ ਭਿੰਨ ਭਿੰਨ ਔਖੇ ਤੇ ਸੌਖੇ ਸਰੀਰਾਂ ਲਈ ਹਨ।

ਉਂਝ ਗੁਰਬਾਣੀ `ਚ ਅਜਿਹੇ ਦ੍ਰਿਸ਼ਟਾਂਤ ਵੀ ਬਹੁਤੇਰੇ ਹਨ, ਜਿਨ੍ਹਾਂ ਅਨੁਸਾਰ ਉਸ ਸਮੇਂ ਤੇ ਉਨ੍ਹਾਂ ਜੂਨਾਂ `ਚ ਵਿਚਰਦੇ ਹੋਏ ਜੀਵ ਨੂੰ ਇਹ ਵੀ ਪਤਾ ਤਾਂ ਹੁੰਦਾ ਹੈ ਕਿ ਉਸ ਨੂੰ ਉਸ ਦੇ ਮਨੁੱਖਾ ਜਨਮ ਸਮੇਂ ਕੀਤੇ ਕਿਹੜੇ-ਕਿਹੜੇ ਕਰਮਾਂ ਦੀ ਸਜ਼ਾ ਤੇ ਕਿਹੜੀ-ਕਿਹੜੀ ਕੋਠੜੀ ਰੂਪ ਜੂਨ ਮਿਲ ਰਹੀ ਹੈ, ਪਰ ਉਸ ਸਮੇਂ ਉਹ ਸੱਜੇ-ਖਬੇ ਵੀ ਨਹੀਂ ਹੋ ਸਕਦਾ। ਬਲਕਿ ਕੀਤੇ ਕਰਮਾ ਨੂੰ ਭੋਗਨ ਸਮੇਂ ਜੀਵ ਨੂੰ ਜ਼ਬਾਨ ਵੀ ਗੁੰਗੀ ਹੀ ਮਿਲਦੀ ਹੈ। ਇਸ ਤਰ੍ਹਾਂ ਉਸ ਸਮੇਂ, ਸਿਵਾਏ ਪਛਤਾਉਣ ਤੇ ਤੜਫਣ ਦੇ ਉਸ ਕੋਲ; ਦੂਜਾ ਹੱਲ ਨਹੀਂ ਹੁੰਦਾ। ਕਿਉਂਕਿ ਅਜਿਹੀ ਸੰਭਾਲ ਲਈ ਉਸ ਕੋਲ ਕੇਵਲ ਦੁਰਲਭ ਮਨੁੱਖਾ ਜੂਨ ਹੀ ਹੁੰਦੀ ਹੈ ਜਿਸ `ਚ ਘੜੀ ਘੜੀ ਦਾ ਵਾਧਾ ਘਾਟਾ ਵੀ ਨਾਲੋ ਨਾਲ ਹੁੰਦਾ ਜਾਂਦਾ ਹੈ।

"ਨਰੂ ਮਰੈ ਨਰੁ ਕਾਮਿ ਨ ਆਵੈ" - ਧਿਆਨ ਰਹੇ! ਗੁਰਬਾਣੀ ਵਿੱਚਲੇ ਸਿਧਾਂਤ ਸਦੀਵੀ ਤੇ ਜੁਗੋ ਜੁਗ ਅਟੱਲ ਹੁੰਦੇ ਹਨ ਜਦਕਿ ਮਿਸਾਲਾਂ ਸਮੇਂ ਨਾਲ ਬਦਲਵੀਆਂ ਹੁੰਦੀਆਂ ਹਨ। ਠੀਕ ਇਸੇ ਤਰ੍ਹਾਂ ਬੇਸ਼ਕ ਸਮੇਂ ਨਾਲ ਅੱਜ ਮਨੁੱਖਾ ਸਰੀਰ ਦੀਆਂ ਅੱਖਾਂ, ਦਿਲ, ਗੁਰਦੇ ਆਦਿ ਕੁੱਝ ਅੰਗ ਦੂਜਿਆਂ ਲਈ ਵੀ ਵਰਤੇ ਜਾਂਦੇ ਹਨ। ਤਾਂ ਵੀ ਕਿਤਨੇ ਪ੍ਰਤੀਸ਼ਤ ਮੁਰਦਾ ਸਰੀਰਾਂ ਤੋਂ ਤੇ ਕਿਤਨੇ ਪ੍ਰਤੀਸ਼ਤ ਲੋਕਾਂ ਨੂੰ ਅਜਿਹਾ ਲਾਭ ਹੋ ਰਿਹਾ ਹੈ? ਸਪਸ਼ਟ ਹੈ ਉਹ ਵੀ ਨਾ ਦੇ ਬਰਾਬਰ। ਫ਼ਿਰ ਕੁਲ ਮਿਲਾ ਕੇ, ਅਜਿਹੇ ਪਰ-ਉਪਕਾਰੀ ਮਨੁੱਖੀ ਸਰੀਰਾਂ ਦੇ ਸਮੂਚੇ ਮਨੁੱਖੀ ਸਰੀਰ ਦਾ ਵੀ ਇਹ ਕਿਤਨੇ ਪ੍ਰਤੀਸ਼ਤ ਹਿੱਸਾ ਹੁੰਦਾ ਹੈ, ਜਿਹੜਾ ਦੂਜਿਆਂ ਦੇ ਕੰਮ ਆਉਂਦਾ ਹੈ? ਉਹ ਵੀ ਨਾ ਦੇ ਬਰਾਬਰ"

ਉਪ੍ਰੰਤ ਸੁਆਲ ਇਹ ਵੀ ਹੈ ਕਿ ਉਨ੍ਹਾਂ ਪਰ-ਉਪਕਾਰੀ ਸੱਜਨਾਂ ਦੇ ਬਾਕੀ ਬਚੇ ਹੋਏ ਸਰੀਰਾਂ ਤੋਂ ਹੋਰ ਕੀ ਲਾਭ ਲਿਆ ਜਾਂਦਾ ਹੈ? ਭਾਵ ਕੁੱਝ ਵੀ ਨਹੀਂ। ਫ਼ਿਰ ਜੇ ਉਨ੍ਹਾਂ ਤੋਂ ਹੋਰ ਕੁੱਝ ਲਾਭ ਨਹੀਂ ਲਿਆ ਜਾਂਦਾ ਤਾਂ ਕਿਉਂ? ਫ਼ਿਰ ਉਸ ਬਾਕੀ ਸਰੀਰ ਦੇ ਵੱਡੇ ਹਿੱਸੇ ਦਾ ਕੀ ਕੀਤਾ ਜਾਂਦਾ ਹੈ? ਜਦਕਿ ਪਸ਼ੂ ਦੇ ਸਰੀਰ ਦੀ ਤਾਂ ਬੋਟੀ ਬੋਟੀ ਵੀ ਮਨੁੱਖ ਦੇ ਕੰਮ ਆਉਂਦੀ ਹੈ। ਫ਼ਿਰ ਸ਼ਬਦ `ਚ ਕਬੀਰ ਜੀ ਵੀ ਇਹੀ ਕਹਿ ਰਹੇ ਹਨ "ਪਸੂ ਮਰੈ ਦਸ ਕਾਜ ਸਵਾਰੈ" ਭਾਵ ਪਸ਼ੂ ਦਾ ਸਰੀਰ ਤਾਂ ਅੰਤ ਤੱਕ ਅਤੇ ਉਹ ਵੀ ਮਨੁੱਖ ਦੇ ਦਸੋਂ ਹੀ ਭਾਵ ਕਈ ਅਤੇ ਕਿਤਨੇ ਹੀ ਕੰਮ ਸੁਆਰਦਾ ਹੈ।

ਮਨੁੱਖ ਅੰਦਰ "ਨਰੂ" ਦੀ ਉਤਪਤੀ ਕਦੋਂ ਹੋਈ ਸੀ? ਇੱਕ ਸੁਆਲ- ਫ਼ਿਰ ਇਤਨਾ ਹੀ ਨਹੀਂ ਜੇ ਕਿਸੇ ਪਰ-ਉਪਕਾਰੀ ਮਨੁੱਖ ਰਾਹੀਂ ਆਪਣੇ ਸਰੀਰ ਦੇ ਕਿਸੇ ਅੰਗ ਜਾਂ ਅੰਗਾਂ ਨੂੰ ਦੂਜਿਆਂ ਦੇ ਲਾਭ ਲਈ ਐਲਾਣਿਆਂ ਵੀ ਹੁੰਦਾ ਹੈ ਤਾਂ ਉਹ ਵੀ ਉਸ ਨੇ ‘ਜੀਊਂਦੇ ਜੀਅ’, ਨਾ ਕਿ ਮੌਤ ਤੋਂ ਬਾਅਦ ਜਾਂ ਕੁੱਝ ਹਾਲਤਾਂ `ਚ ਉਸ ਦੇ ਅਜਿਹੇ ਉੱਤਮ ਬਿਰਤੀ ਪ੍ਰਵਾਰ ਵਾਲੇ। ਇਸ ਲਈ ਅਜਿਹਾ ਕਰਣਾ ਵੀ ‘ਜੀਊਂਦੇ ਜੀਅ’ ਉਸ ਅੰਦਰਲੇ ਜਾਂ ਉਸ ਦੇ ਅਜਿਹੇ ਪ੍ਰਵਾਰ ਵਾਲਿਆਂ ਦੀ "ਨਰੂ" ਭਾਵ ਇਨਸਾਨੀ ਤੇ ਇਲਾਹੀ ਗੁਣਾਂ ਨਾਲ ਭਰਪੂਰ ਬਿਰਤੀ ਨਾਲ ਹੀ ਸਬੰਧਤ ਵਿਸ਼ਾ ਹੈ, ਜਿਹੜੀ ਜੀਊਂਦੇ ਜੀਅ ਉਸ ਦੇ ਸਰੀਰ ਜਾਂ ਸੰਬੰਧਤ ਪ੍ਰਵਾਰ ਅੰਦਰ ਮੌਜੂਦ ਹੈ ਜਾਂ ਸੀ, ਨਾ ਕਿ ਉਸ ਮੁਰਦਾ ਸਰੀਰ ਕੋਲ।

ਬਾਕੀ ਤਾਂ, ਮੌਤ ਤੋਂ ਬਾਅਦ ਕੇਵਲ ਦੁਰਘਟਣਾ ਗ੍ਰਸਤ ਜਾਂ ਲਾਵਾਰਿਸ ਲਾਸ਼ਾਂ ਤੋਂ ਪੋਸਟ ਮਾਰਟਮ ਦੌਰਾਨ ਬਦੋਬਦੀ ਦੇ ਲਾਭ ਦਾ ਵਿਸ਼ਾ ਹੀ ਹੁੰਦਾ ਹੈ, ਨਾ ਕਿ ਉਨ੍ਹਾਂ ਲੋਕਾਂ ਜਾਂ ਉਨ੍ਹਾਂ ਦੇ ਪ੍ਰਵਾਰਾਂ ਦੀ ਖੁਸ਼ੀ ਦਾ। ਇਸ ਤਰ੍ਹਾਂ ਉਹ ਵੀ ਮਨੁੱਖੀ ਸਰੀਰਾਂ ਦੇ ਲਾਭ ਭਾਵ "ਨਰੂ" ਵੱਜੋਂ ਨਹੀਂ ਹੁੰਦਾ; ਪਰ ਇਧਰ ਮਨੁੱਖ ਤਾਂ, ਮੁਰਦਾ ਤੇ ਮਰੇ ਹੋਏ ਪਸ਼ੂਆਂ ਦੇ ਸਰੀਰਾਂ ਦਾ ਵੀ ਪੂਰਾ ਪੂਰਾ ਲਾਭ ਲੈ ਲੈਂਦਾ ਹੈ।

ਵੇਰਵੇ ਦੀ ਲੋੜ ਕਿਉਂ? -ਇਸ ਲਈ ਕਿ ਅਜੋਕੇ ਸਮੇਂ ਸਾਡੇ ਹੀ ਕੁੱਝ ਵਿਦਵਾਨਾਂ ਨੇ ਇਹ ਵੀ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਕਬੀਰ ਜੀ ਦੇ ਇਸ ਸ਼ਬਦ ਵਿੱਚਲੀ ਇਹ ਗੱਲ "ਨਰੂ ਮਰੈ ਨਰੁ ਕਾਮਿ ਨ ਆਵੈ" ਅੱਜ ਦੇ ਸੰਦਰਭ `ਚ ਪੂਰੀ ਨਹੀਂ ਉਤਰਦੀ ਜਾਂ ਲਾਗੂ ਨਹੀਂ ਹੁੰਦੀ।

ਦੂਜੇ ਉਹ ਵਿਦਵਾਨ ਵੀ ਹਨ ਜਿਹੜੇ ਭਾਵੇਂ ਗੁਰਬਾਣੀ ਦੇ ਸਤਿਕਾਰ `ਚ ਹੀ ਸਹੀ, ਪਰ ਇਹ ਪੱਖ ਵੀ ਲੈ ਰਹੇ ਹਨ, ਚੂੰਕਿ "ਮਿਸਾਲਾਂ ਸਮੇਂ ਨਾਲ ਬਦਲਵੀਆਂ ਹੁੰਦੀਆਂ ਹਨ, ਜਿਵੇਂ ਗੁਰਬਾਣੀ ਵਿੱਚਲੀਆਂ ਹੋਰ ਹਜ਼ਾਰਾਂ ਮਿਸਾਲਾਂ" ਇਸ ਲਈ ਸਮੇਂ ਮੁਤਾਬਕ ਓਦੋਂ ਇਹ ਵੀ ਕੇਵਲ ਮਿਸਾਲ ਹੀ ਸੀ। ਫ਼ਿਰ ਜੇਕਰ ਥੋੜਾ ਸ਼ਬਦ ਦੀ ਗਹਿਰਾਈ `ਚ ਜਾਵੋ ਤਾਂ ਸ਼ਬਦ ਸੰਬੰਧੀ ਉਭਰੇ ਇਹ ਦੋਵੇਂ ਵਿਚਾਰ, ਗੁਰਬਾਣੀ ਵਿਚਾਰਧਾਰਾ ਤੇ ਸਿਧਾਂਤ ਦੀ ਕਸਵੱਟੀ `ਤੇ ਕਿਸੇ ਤਰ੍ਹਾਂ ਵੀ ਪੂਰੇ ਨਹੀਂ ਉਤਰਦੇ।

ਸੱਚਾਈ ਇਹ ਹੈ ਸਮੂਚੇ ਤੌਰ `ਤੇ ਬੇਸ਼ੱਕ ਜਜ਼ਬਾਤੀ ਕਾਰਨਾਂ ਕਰਕੇ ਹੀ ਸਹੀ, ਪਰ ਮਨੁੱਖਾਂ ਦੇ ਮੁਰਦਾ ਸਰੀਰ ਅੱਜ ਵੀ ੯੯% ਤੋਂ ਉਪਰ ਦੀ ਗਿਣਤੀ `ਚ ਸਿਵਾਏ ਸਾੜਣ-ਦਫ਼ਨਾਉਣ ਜਾਂ ਪਾਣੀ ਆਦਿ `ਚ ਬਹਾਉਣ ਦੇ ਹੋਰ ਕਿਸੇ ਵੀ ਕੰਮ ਨਹੀਂ ਆ ਰਹੇ ਤੇ ਨਾ ਕਦੇ ਆਉਣ ਗੇ ਹੀ। ਇਹ ਵੱਖਰੀ ਗੱਲ ਹੈ ਕਿ ਮੁਰਦਾ ਮਨੁੱਖੀ ਸਰੀਰ ਨੂੰ ਬਹਾਉਣਾ ਜਾਂ ਪਾਰਸੀਆਂ ਰਾਹੀਂ ‘ਹਸਨ’ `ਚ ਪਉਣ ਦਾ ਮੂਲ ਕਾਰਨ ਵੀ ਇਹੀ ਹੈ ਕਿ ਉਹ ਸਰੀਰ ਦੁਜੇ ਜਾਨਵਰਾਂ ਦੀ ਖ਼ੁਰਾਕ ਬਣ ਜਵੇ, ਹੋਰ ਤਾਂ ਹੋਰ ਦਫ਼ਨਾਏ ਹੋਏ ਸਰੀਰ ਵੀ ਤਾਂ ਇਸੇ ਤਰ੍ਹਾਂ ਹੀ ਮੁੱਕਦੇ ਹਨ।

ਜਦਕਿ ਇਹ ਸਭ ਵੀ ਮੁਰਦਾ ਮਨੁੱਖੀ ਸਰੀਰਾਂ ਨੂੰ ਬਦੋਬਦੀ ਟਿਕਾਣੇ ਲਗਾਉਣਾ ਹੀ ਹੈ, ਇਸ ਤੋਂ ਵਧ ਹੋਰ ਕੁੱਝ ਨਹੀਂ ਨਾ ਕਿ ਜਾਣ ਵਾਲੇ ਦੀ ‘ਨਰੂ’ ਬਿਰਤੀ ਕਾਰਣ। ਇਸ ਲਈ ਕਹਿਣਾ ਪਵੇਗਾ ਕਿ ਮੁਰਦਾ, ਮਨੁੱਖਾ ਸਰੀਰ ਦਾ ਅੱਜ ਵੀ ਅੰਤ ਉਹੀ ਹੈ ਜੋ ਕੇਵਲ ਕਬੀਰ ਜੀ ਦੇ ਇਸ ਸ਼ਬਦ `ਚ ਹੀ ਨਹੀਂ ਬਲਕਿ ਜਿਸ ਨੂੰ ਗੁਰਬਾਣੀ `ਚ ਹੋਰ ਵੀ ਅਨੇਕਾਂ ਵਾਰੀ ਤੇ ਬਹੁਤ ਢੰਗਾਂ ਨਾਲ ਬਿਆਣਿਆ ਹੋਇਆ ਹੈ, ਨਾ ਕਿ ਕੇਵਲ ਤੇ ਹੱਥਲੇ ਕਬੀਰ ਸਾਹਿਬ ਦੇ ਸ਼ਬਦ `ਚ ਹੀ ਜਿਵੇਂ:-

(੧) "ਰੇ ਬਉਰੇ ਤੁਹਿ ਘਰੀ ਨ ਰਾਖੈ ਕੋਈ" (ਪੰ: ੪੭੮) ਜਾਂ

(੨) "ਇਕ ਦਝਹਿ ਇੱਕ ਦਬੀਅਹਿ ਇਕਨਾ ਕੁਤੇ ਖਾਹਿ॥ ਇਕਿ ਪਾਣੀ ਵਿਚਿ ਉਸਟੀਅਹਿ ਇਕਿ ਭੀ ਫਿਰਿ ਹਸਣਿ ਪਾਹਿ॥ ਨਾਨਕ ਏਵ ਨ ਜਾਪਈ ਕਿਥੈ ਜਾਇ ਸਮਾਹਿ" (ਪੰ: ੬੪੮) ਅਥਵਾ

(੩) "ਜਾ ਭਜੈ ਤਾ ਠੀਕਰੁ ਹੋਵੈ ਘਾੜਤ ਘੜੀ ਨ ਜਾਇ" (ਪੰ: ੧੩੮) ਹੋਰ

(੪) "ਇਹੁ ਤਨੁ ਹੋਸੀ ਖਾਕ, ਨਿਮਾਣੀ ਗੋਰ ਘਰੇ" (ਪੰ: ੪੬੭)

(੫) "ਬੰਕੇ ਬਾਲ ਪਾਗ ਸਿਰਿ ਡੇਰੀ॥ ਇਹੁ ਤਨੁ ਹੋਇਗੋ ਭਸਮ ਕੀ ਢੇਰੀ॥ ੩ ॥ ਊਚੇ ਮੰਦਰ ਸੁੰਦਰ ਨਾਰੀ॥ ਰਾਮ ਨਾਮ ਬਿਨੁ ਬਾਜੀ ਹਾਰੀ" (ਪੰ: ੬੫੯)

(੬) "ਊਚੇ ਮੰਦਰ ਸਾਲ ਰਸੋਈ॥ ਏਕ ਘਰੀ ਫੁਨਿ ਰਹਨੁ ਨ ਹੋਈ॥ ੧ ॥ ਇਹੁ ਤਨੁ ਐਸਾ ਜੈਸੇ ਘਾਸ ਕੀ ਟਾਟੀ॥ ਜਲਿ ਗਇਓ ਘਾਸੁ ਰਲਿ ਗਇਓ ਮਾਟੀ" (ਪੰ: ੭੯੪)

(੭) "ਅਨਿਕ ਜਤਨ ਕਰਿ ਕਾਇਆ ਪਾਲੀ॥ ਮਰਤੀ ਬਾਰ ਅਗਨਿ ਸੰਗਿ ਜਾਲੀ॥ ੨ ॥ ਚੋਆ ਚੰਦਨ ਮਰਦਨ ਅੰਗਾ॥ ਸੋ ਤਨੁ ਜਲੈ ਕਾਠ ਕੈ ਸੰਗਾ॥ ੩॥ ਕਹੁ ਕਬੀਰ ਸੁਨਹੁ ਰੇ ਗੁਨੀਆ॥ ਬਿਨਸੈਗੋ ਰੂਪੁ ਦੇਖੈ ਸਭ ਦੁਨੀਆ" (ਪੰ: ੩੨੫)

(੮) "ਜਿਹ ਸਿਰਿ ਰਚਿ ਰਚਿ ਬਾਧਤ ਪਾਗ॥ ਸੋ ਸਿਰੁ ਚੁੰਚ ਸਵਾਰਹਿ ਕਾਗ॥ ੧ ॥ ਇਸੁ ਤਨ ਧਨ ਕੋ ਕਿਆ ਗਰਬਈਆ॥ ਰਾਮ ਨਾਮੁ ਕਾਹੇ ਨ ਦ੍ਰਿੜੀੑਆ" (ਪੰ: ੩੩੦)

(੯) "ਜਬ ਜਰੀਐ ਤਬ ਹੋਇ ਭਸਮ, ਤਨੁ ਰਹੈ ਕਿਰਮ ਦਲ ਖਾਈ॥ ਕਾਚੀ ਗਾਗਰਿ ਨੀਰੁ ਪਰਤੁ ਹੈ, ਇਆ ਤਨ ਕੀ ਇਹੈ ਬਡਾਈ" (ਪੰ: ੬੫੪) ਆਦਿ

ਇਸ ਲਈ ਕਬੀਰ ਜੀ ਦਾ ਕੇਵਲ ਇਹੀ ਸ਼ਬਦ ਨਹੀਂ ਜਿੱਥੇ ਕਬੀਰ ਜੀ ਕਹਿ ਰਹੇ ਹਨ "ਨਰੂ ਮਰੈ ਨਰੁ ਕਾਮਿ ਨ ਆਵੈ" ਬਲਕਿ "ਬੋਲੈ ਸੇਖ ਫਰੀਦੁ, ਪਿਆਰੇ ਅਲਹ ਲਗੇ॥ ਇਹੁ ਤਨੁ ਹੋਸੀ ਖਾਕ, ਨਿਮਾਣੀ ਗੋਰ ਘਰੇ" ੇ (ਪੰ: ੪੬੭) ਅਨੁਸਾਰ ਗੁਰਬਾਣੀ `ਚ ਅਜਿਹੇ ਬੇਅੰਤ ਸ਼ਬਦ ਹਨ ਜੋ ਸਪਸ਼ਟ ਕਰਦੇ ਹਨ, ਮਨੁੱਖਾ ਸਰੀਰ ਦਾ ਲਾਭ ਹੀ ਜੀਊਂਦੇ ਸਰੀਰ ਸਮੇਂ ਹੈ ਨਾ ਕਿ ਮੌਤ ਤੋਂ ਬਾਅਦ। ਇਹ ਵੀ ਕਿ ਮਨੁੱਖਾ ਸਰੀਰ ਦੀ ਸੰਭਾਲ ਵੀ ਸ਼ਬਦ-ਗੁਰੂ ਦੀ ਕਮਾਈ ਨਾਲ, ਜੀਊਂਦੇ ਜੀਅ ਹੀ ਹੋਣੀ ਹੈ।

ਇਸ ਦੇ ਉਲਟ ਜੇ ਅਜਿਹਾ ਨਾ ਕੀਤਾ ਤਾਂ ਮੌਤ ਤੋਂ ਬਾਅਦ ਇਸ ਸਰੀਰ ਦਾ ਕੁੱਝ ਵੀ ਮੁੱਲ ਨਹੀਂ। ਇਸ ਤਰ੍ਹਾਂ ਬਿਰਥਾ ਮਨੁੱਖਾ ਜਨਮ ਤਾਂ ਪਸ਼ੂ ਦੇ ਸਰੀਰ ਤੋਂ ਵੀ ਨੀਵਾਂ ਚਲਾ ਜਾਂਦਾ ਹੈ ਇਸ ਨੂੰ ਕਬੀਰ ਜੀ ਦੀ ਸ਼ਬਦਾਵਲੀ "ਪਸੂ ਮਰੈ ਦਸ ਕਾਜ ਸਵਾਰੈ" ਨਾਲ ਤੋਲੀਏ ਅਤੇ "ਕਹੁ ਕਬੀਰ ਤਬ ਹੀ ਨਰੁ ਜਾਗੈ॥ ਜਮ ਕਾ ਡੰਡੁ ਮੂੰਡ ਮਹਿ ਲਾਗੈ" ਜਦਕਿ ਪਹਿਲਾਂ ਤਾਂ ਮਨੁੱਖ ਇਸ ਬਾਰੇ ਲਾਪਰਵਾਹ ਹੀ ਰਹਿੰਦਾ ਹੈ। ਇਸ ਲਈ ਇਸ ਸੰਬੰਧ `ਚ ਗੁਰਬਾਣੀ ਦਾ ਮੁਲ ਸਿਧਾਂਤ "ਸਗਲ ਸਰੀਰ ਆਵਤ ਸਭ ਕਾਮ॥ ਨਿਹਫਲ ਮਾਨੁਖੁ ਜਪੈ ਨਹੀ ਨਾਮ" (ਪੰ: ੧੯੦) ਹੀ ਜੁਗੋ ਜੁਗ ਅਟੱਲ ਹੈ ਤੇ ਰਵੇਗਾ ਵੀ।

ਕਬੀਰ ਜੀ ਦੇ ਵਿਚਾਰ ਅਧੀਨ ਸ਼ਬਦ ਬਾਰੇ ਸੰਖੇਪ- ਮਨੁੱਖਾ ਸਰੀਰ ਤੋਂ ਇਲਾਵਾ ਬਾਕੀ ਅਰਬਾਂ-ਖਰਬਾਂ ਜੂਨਾਂ ਤਾਂ ਉਨ੍ਹਾਂ ਦੀ ਮੌਤ ਤੋਂ ਬਾਅਦ, ਉਨ੍ਹਾਂ ਦੇ ਬਹੁਤੇ ਸਰੀਰਾਂ ਦੀ ਮਿੱਟੀ ਵੀ ਮਨੁੱਖ ਦੀਆਂ ਬਹੁਤੇਰੀਆ ਲੋੜਾਂ ਨੂੰ ਪੂਰਾ ਕਰਦੀ ਹੈ। ਜਦਕਿ ਮਨੁੱਖਾ ਸਰੀਰ ਹੀ ਇਕੋ ਇੱਕ ਅਜਿਹਾ ਸਰੀਰ ਹੈ, "ਬੋਲੈ ਸੇਖ ਫਰੀਦੁ, ਪਿਆਰੇ ਅਲਹ ਲਗੇ. ." ਅਨੁਸਾਰ ਜਿਸ ਦਾ ਮਕਸਦ ਕੇਵਲ ਜੀਊਂਦੇ ਜੀਅ ਹੀ ਪੂਰ ਹੋਣਾ ਹੁੰਦਾ ਹੈ। ਨਹੀਂ ਤਾਂ:-

"ਆਇਆ ਗਇਆ ਮੁਇਆ ਨਾਉ॥ ਪਿਛੈ ਪਤਲਿ ਸਦਿਹੁ ਕਾਵ॥

ਨਾਨਕ ਮਨਮੁਖਿ ਅੰਧੁ ਪਿਆਰੁ॥ ਬਾਝੁ ਗੁਰੂ ਡੁਬਾ ਸੰਸਾਰ" (ਪੰ: ੧੩੭)

ਤਾਂ ਤੇ ਮਨੁੱਖਾ ਸਰੀਰ ਦੀ ਜੇ ਸੰਭਾਲ ਹੋਣੀ ਹੈ, ਜੇ ਮਨੁੱਖ ਨੇ ਸ਼ਬਦ-ਗੁਰੂ ਦੀ ਸ਼ਰਣ `ਚ ਆ ਕੇ ਚਲਦੇ ਆ ਰਹੇ ਜਨਮਾਂ-ਜਨਮਾਂਤ੍ਰਾਂ ਦੇ ਗੇੜ ਤੋਂ ਛੁਟਕਾਰਾ ਪਾਉਣਾ ਹੈ; ਜਨਮ ਨੂੰ ਸਫ਼ਲ ਕਰਕੇ ਅਸਲੇ ਪ੍ਰਭੂ `ਚ ਸਮਾਉਣਾ ਹੈ ਤਾਂ ਉਹ ਸਭ ਕੇਵਲ ਮਨੁੱਖਾ ਜੂਨ ਸਮੇਂ ਅਤੇ ਜੀਊਂਦੇ ਜੀਅ ਹੀ ਸੰਭਵ ਹੈ। ਮੌਤ ਤੋਂ ਬਾਅਦ ਤਾਂ "ਬਾਝੁ ਗੁਰੂ ਡੁਬਾ ਸੰਸਾਰ" ਵਾਲੀ ਗੱਲ ਹੀ ਬਾਕੀ ਰਹਿਣੀ ਹੈ, ਉਸ ਤੋਂ ਵੱਧ ਕੁੱਝ ਨਹੀਂ। ਜਦਕਿ ਗੁਰਬਾਣੀ ਅਨੁਸਾਰ ਮਨੁੱਖਾ ਸਰੀਰ ਲਈ ਮੌਤ ਤੋਂ ਬਾਅਦ ਡੂਬੇ ਅਥਵਾ ਬਿਰਥਾ ਜਨਮ ਦਾ ਅਰਥ ਵੀ ਮੁੜ ਆਵਾਗਊਣ ਵਾਲਾ ਉਹੀ ਗੇੜ ਹੈ।

ਸਪਸ਼ਟ ਹੈ, ਕਿਉਂਕਿ ਇਸ ਸਰੀਰ ਦਾ ਲਾਭ ਹੀ ਕੇਵਲ ਜੀਊਂਦੇ ਜੀਅ ਹੋਣਾ ਹੈ। ਇਸ ਨੂੰ ਜੀਊਂਦੇ ਜੀਅ ਹੀ ਸ਼ਬਦ-ਗੁਰੂ ਦੀ ਕਮਾਈ ਨਾਲ ਇਲਾਹੀ ਗੁਣਾਂ `ਚ ਰੰਗਣਾ ਤੇ ਭਰਪੂਰ ਕਰਨਾ ਹੈ, ਇਸ ਦੀ ਆਤਮਕ ਸੰਭਾਲ ਕਰਣੀ ਹੈ; ਗੁਰਬਾਣੀ ਅਨੁਸਾਰ "ਨਰੂ" ਭਾਵ ਇਨਸਾਨੀਯਤ ਦੇ ਗੁਣ ਵੀ, ਇਲਾਹੀ ਗੁਣਾਂ ਨੂੰ ਹੀ ਕਿਹਾ ਹੈ। ਫ਼ਿਰ ਜੇਕਰ ਮਨੁੱਖ ਨੇ ਜੀਊਂਦੇ ਜੀਅ, ਜੀਵਨ ਦੇ ਇਸ ਮੂਲ ਮਕਸਦ ਨੂੰ ਪ੍ਰਾਪਤ ਨਾ ਕੀਤਾ ਤਾਂ ਮੌਤ ਤੋਂ ਬਾਅਦ "ਨਰੂ ਮਰੈ ਨਰੁ ਕਾਮਿ ਨ ਆਵੈ" ਵਾਲੀ ਗੱਲ ਹੀ ਬਾਕੀ ਰਹਿ ਜਾਵੇਗੀ, ਤੇ ਮਿੱਟੀ ਹੋ ਚੁੱਕੇ ਇਸ ਮਨੁੱਖਾ ਸਰੀਰ ਦਾ ਕੌਡੀ ਮੁੱਲ ਨਹੀਂ ਪਵੇਗਾ।

ਤਾਂ ਤੇ ਮਨੁੱਖਾ ਸਰੀਰ ਦੀ ਉੱਤਮਤਾ ਹੀ ਸ਼ਬਦ-ਗੁਰੂ ਦੇ ਆਦੇਸ਼ਾਂ ਦਾ ਪਾਲਨ ਕਰਣ ਨਾਲ ਉਜਾਗਰ ਹੋਣੀ ਹੈ। ਇਹ ਕੇਵਲ ਕਰਤੇ ਦੀ ਸਿਫ਼ਤ ਸਲਾਹ ਰਾਹੀਂ ਇਸ ਜਨਮ ਨੂੰ ਇਲਾਹੀ ਗੁਣਾਂ ਨਾਲ ਭਰਪੂਰ ਕਰਕੇ ਜੀਊਂਦੇ ਜੀਅ ਹੀ ਇਸਦਾ ਲਾਭ ਲੈਣਾ ਹੈ। ਇਸੇ ਤੋਂ ਮਨੁੱਖ ਦਾ ਕੇਵਲ ਇਹ ਲੋਕ ਹੀ ਨਹੀਂ ਬਲਕਿ ਪ੍ਰਲੋਕ ਵੀ ਸੰਵਰਣਾ ਹੈ। ਇਹੀ ਹੈ ਮਨੁੱਖਾ ਸਰੀਰ ਦਾ ਉਹ ਲਾਭ, ਜਿਸ ਲਈ ਕਰਤੇ ਨੇ ਇਸ ਵਿਸ਼ੇਸ਼ ਭਾਵ ਮਨੁੱਖਾ ਜੂਨ ਨੂੰ ਘੜਿਆ ਹੋਇਆ ਹੈ। ਇਸੇ ਲਈ ਇਸ ਜਨਮ ਨੂੰ ਗੁਰਬਾਣੀ `ਚ ਦੁਰਲਭ ਜਨਮ, ਅਮੋਲਕ ਜਨਮ ਆਦਿ ਵੀ ਕਿਹਾ ਹੈ।

ਜੇ ਨਹੀਂ, ਤਾਂ ਇਸ ਸਰੀਰ ਨੇ ਵੀ ਮੌਤ ਤੋਂ ਬਾਅਦ "ਮਾਟੀ ਏਕ ਅਨੇਕ ਭਾਂਤਿ ਕਰਿ ਸਾਜੀ ਸਾਜਨਹਾਰੈ" ਅਨੁਸਾਰ ਮਿੱਟੀ `ਚ ਰੱਲ ਕੇ, ਇੱਕ ਜਾਂ ਦੂਜੇ ਢੰਗ ਕੇਵਲ ਮਿੱਟੀ ਹੋਣਾ ਹੈ। ਬਲਕਿ ਜਿਹੜੇ ਮੁਰਦਾ ਸਰੀਰ, ਕਿਸੇ ਕਾਰਨ ਸਮਾਜਿਕ ਤੇ ਪ੍ਰਚਲਤ ਰਸਮਾਂ ਦੀ ਪਕੜ ਤੋਂ ਬਾਹਿਰ ਰਹਿ ਜਾਂਦੇ ਹਨ; ਅਜਿਹੇ ਮਨੁੱਖੀ ਸਰੀਰਾਂ ਨੂੰ "ਇਕਨਾ ਕੁਤੇ ਖਾਹਿ" ਅਨੁਸਾਰ ਸਿਵਾਏ ਜੰਗਲੀ ਜਾਨਵਰਾਂ ਆਦਮਖੋਰਾਂ, , ਗਿਝਾਂ, ਇੱਲਾਂ, ਕੁਤਿਆਂ ਆਦਿ ਰਾਹੀਂ ਖਾਣ ਦੇ, ਹੋਰ ਕਿਸੇ ਵੀ ਕੰਮ ਨਹੀਂ ਆਉਣਾ।

"ਮਨੁੱਖ ਜੂਨ ਬਨਾਮ ਬੇਅੰਤ ਜੂਨਾਂ" -ਤਾਂ ਤੇ ਸੱਚ ਇਹੀ ਹੈ ਕਿ ਹਵਾ ਪਾਣੀ ਦੇ ਜੀਵਾਂ ਤੋਂ ਲੈ ਕੇ ਫਲਾਂ, ਫੁਲਾਂ, ਅੰਨ, ਸਬਜ਼ੀਆਂ ਤੇ ਹਰੇਕ ਸ਼੍ਰੇਣੀ ਦੇ ਜੀਵਾਂ ਦੇ ਪੂਰੇ ਦੇ ਪੂਰੇ ਸਰੀਰ ਤੇ ਉਨ੍ਹਾਂ ਦੇ ਬੇਅੰਤ ਕਿਸਮਾਂ ਦੇ ਸਰੀਰਾਂ ਦੀ ਮਿੱਟੀ ਨੂੰ ਉਨ੍ਹਾਂ ਦੀ ਨਸਲ ਤੇ ਉਨ੍ਹਾਂ ਦੇ ਗੁਣਾਂ ਅਨੁਸਾਰ ਮਨੁੱਖ ਹੀ ਵਰਤਦਾ ਅਤੇ ਮਨੁੱਖ ਦੇ ਕੰਮ ਹੀ ਆਉਂਦੇ ਹਨ। ਬਲਕਿ ਉਹ ਮਨੁੱਖ ਦੇ ਸੈਂਕੜੇ ਕੰਮਾਂ ਨੂੰ ਵੀ ਸੁਆਰਦੇ ਅਤੇ ਕਈ ਹਾਲਤਾਂ ਮਨੁੱਖਾ ਜੀਵਨ ਦੀ ਵੀ ਰਖਿਆ ਕਰਦੇ ਹਨ। ਫ਼ਿਰ ਇਹੀ ਨਹੀਂ ਲੋੜ ਅਨੁਸਾਰ ਕੁੱਝ ਨੂੰ ਤਾਂ ਉਨ੍ਹਾਂ ਦੇ ਜੀਵਨ `ਚ ਵੀ, ਜਿਵੇਂ ਹਾਥੀ, ਘੋੜੇ, ਕੁੱਤੇ, ਗਊਆਂ ਆਦਿ "ਅਵਰ ਜੋਨਿ ਤੇਰੀ ਪਨਿਹਾਰੀ"॥ ਇਸੁ ਧਰਤੀ ਮਹਿ ਤੇਰੀ ਸਿਕਦਾਰੀ" (ਪੰ: 473) ਕੇਵਲ ਮਨੁੱਖ ਹੀ ਵਰਤਦਾ ਹੈ ਤੇ ਉਹ ਸਦਾ ਵਰਤੀਂਦੇ ਵੀ ਰਹਿਣਗੇ।

ਫ਼ਿਰ ਜੇ ਥੋੜਾ ਹੋਰ ਗਹਿਰਾਈ `ਚ ਜਾਇਆ ਜਾਏ ਤਾਂ ਕਬੀਰ ਜੀ ਦੇ ਇਸ ਸ਼ਬਦ `ਚ ਤਾਂ ਇੱਕ ਪਾਸੇ (੧) "ਪਸੂ ਮਰੈ ਦਸ ਕਾਜ ਸਵਾਰੈ" ਜਦਕਿ ਦੂਜੇ ਪਾਸੇ (੨) ਮਨੁੱਖ ਲਈ "ਨਰੂ ਮਰੈ ਨਰੁ ਕਾਮਿ ਨ ਆਵੈ" ਅਤੇ "ਹਾਡ ਜਲੇ ਜੈਸੇ ਲਕਰੀ ਕਾ ਤੂਲਾ॥ ਕੇਸ ਜਲੇ ਜੈਸੇ ਘਾਸ ਕਾ ਪੂਲਾ"। ਫ਼ਿਰ ਇਥੌਂ ਤੱਕ ਕਿ "ਕਹੁ ਕਬੀਰ ਤਬ ਹੀ ਨਰੁ ਜਾਗੈ॥ ਜਮ ਕਾ ਡੰਡੁ ਮੂੰਡ ਮਹਿ ਲਾਗੈ" ਇਹ ਦੋਵੇਂ ਪ੍ਰਕਰਣ, ਵੱਖਰੇ ਵੱਖਰੇ ਹਨ ਅਤੇ ਵਿਸ਼ੇਸ਼ ਧਿਆਨ ਮੰਗਦੇ ਹਨ। ਇਥੇ ਇੱਕ ਵਿਸ਼ਾ ਦੂਜੀਆਂ ਸਮੂਹ ਜੂਨਾਂ ਨਾਲ ਸੰਬੰਧਤ ਹੈ ਤੇ ਦੂਜਾ ਕੇਵਲ ਤੇ ਕੇਵਲ ਇਕੋ ਇੱਕ ਮਨੁੱਖਾ ਜੂਨ ਲਈ ਹੀ ਹੈ।

ਦਰਅਸਲ ਇਥੇ ਵੀ ਕਬੀਰ ਜੀ ਮਨੁੱਖ ਦੀ ਗੱਲ ਕਰਦੇ ਸਮੇਂ ਮਨੁੱਖ ਨੂੰ "ਨਰੂ" ਅਥਵਾ "ਰਾਮ ਨਾਮੁ ਕਾਹੇ ਨ ਦ੍ਰਿੜੀੑਆ" (ਪੰ: ੩੩੦) "ਪਿਆਰੇ ਅਲਹ ਲਗੇ" ਅਤੇ "ਬਾਝੁ ਗੁਰੂ ਡੁਬਾ ਸੰਸਾਰ" ਲਈ ਹੀ ਚੇਤਾਅ ਰਹੇ ਹਨ। ਨਹੀਂ ਤਾਂ ਮਨੁੱਖਾ ਸਰੀਰ ਵੀ ਉਸੇ ਮਿੱਟੀ ਦਾ ਹੀ ਇੱਕ ਰੂਪ ਹੈ ਉਪ੍ਰੰਤ ਉਹੀ ਗੁਰਮੱਤ ਸਿਧਾਂਤ ਮਨੁੱਖਾ ਸਰੀਰ `ਤੇ ਵੀ ਉਸੇ ਤਰ੍ਹਾਂ ਲਾਗੂ ਹੁੰਦੇ ਹਨ ਜਿਹੜੇ ਬਾਕੀ ਸਮੂਹ ਸਰੀਰਾਂ’। ਉਹੀ ਗੁਰਮੱਤ ਸਿਧਾਂਤ ਜਿਹੜੇ ਪਹਿਲਾਂ ਵੀ ਵਰਤ ਆਏ ਹੈ ਤੇ ਇਥੇ ਵੀ ਕੇਵਲ ਫ਼ਿਰ ਤੋਂ ਤਾਜ਼ੇ ਕਰ ਰਹੇ ਹਾਂ ਜਿਵੇਂ:-

"ਏਕੋ ਪਵਣੁ ਮਾਟੀ ਸਭ ਏਕਾ, ਸਭ ਏਕਾ ਜੋਤਿ ਸਬਾਈਆ॥

ਸਭ ਇਕਾ ਜੋਤਿ ਵਰਤੈ ਭਿਨਿ ਭਿਨਿ, ਨ ਰਲਈ ਕਿਸੈ ਦੀ ਰਲਾਈਆ" (ਪੰ: ੯੬) ਜਾਂ

"ਕੁਮਾੑਰੈ ਏਕ ਜੁ ਮਾਟੀ ਗੂੰਧੀ, ਬਹੁ ਬਿਧਿ ਬਾਨੀ ਲਾਈ॥

ਕਾਹੂ ਮਹਿ ਮੋਤੀ ਮੁਕਤਾਹਲ, ਕਾਹੂ ਬਿਆਧਿ ਲਗਾਈ" (ਪੰ: ੪੭੯) ਹੋਰ

"ਏਕਲ ਮਾਟੀ ਕੁੰਜਰ ਚੀਟੀ ਭਾਜਨ ਹੈਂ ਬਹੁ ਨਾਨਾ ਰੇ॥

ਅਸਥਾਵਰ ਜੰਗਮ ਕੀਟ ਪਤੰਗਮ ਘਟਿ ਘਟਿ ਰਾਮੁ ਸਮਾਨਾ ਰੇ" (ਪੰ: ੯੮੮) ਅਥਵਾ

"ਮਾਟੀ ਏਕ ਅਨੇਕ ਭਾਂਤਿ ਕਰਿ ਸਾਜੀ ਸਾਜਨਹਾਰੈ॥

ਨਾ ਕਛੁ ਪੋਚ ਮਾਟੀ ਕੇ ਭਾਂਡੇ ਨਾ ਕਛੁ ਪੋਚ ਕੁੰਭਾਰੈ" (ਪੰ: ੧੩੫੦) ਬਲਕਿ ਇਥੋਂ ਤੀਕ ਕਿ

"… ਤੋਇਅਹੁ ਅੰਨੁ ਕਮਾਦੁ ਕਪਾਹਾਂ, ਤੋਇਅਹੁ ਤ੍ਰਿਭਵਣੁ ਗੰਨਾ॥

ਤੋਆ ਆਖੈ ਹਉ ਬਹੁ ਬਿਧਿ ਹਛਾ, ਤੋਐ ਬਹੁਤੁ ਬਿਕਾਰਾ. ." (ਅੰ: ੧੨੯੦)

ਇਸ ਲਈ ਗੁਰਬਾਣੀ ਅਨੁਸਾਰ ਬਾਕੀ ਅਰਬਾਂ-ਖਰਬਾਂ ਜੂਨਾਂ ਦੇ ਮੁਕਬਲੇ ਮਨੁੱਖਾ ਜੂਨ ਦਾ ਫ਼ਰਕ ਹੈ ਤਾਂ "ਨਰੂ" ਭਾਵ ਮਨੁੱਖਾ ਸਰੀਰ ਦੀ ਉੱਤਮਤਾ, ਉਸ ਅੰਦਰਲੀ ਇਨਸਾਨੀਯਤ ਦਾ ਉਪ੍ਰੰਤ ਇਸ ਵਿਸ਼ੇਸ਼ ਜਨਮ ਦੇ ਮਕਸਦ ਦੀ ਪ੍ਰਾਪਤੀ ਲਈ ਤੇ ਇਸ ਵਿੱਚਲੀ ਪ੍ਰਭੂ ਦੀ ‘ਮਨ’ ਵਾਲੀ ਦਾਤ ਦਾ। ਉਹੀ ‘ਮਨ’ ਜਿਹੜਾ:-

"ਮਨ ਤੂੰ ਜੋਤਿ ਸਰੂਪੁ ਹੈ, ਆਪਣਾ ਮੂਲੁ ਪਛਾਣੁ॥

ਮਨ ਹਰਿ ਜੀ ਤੇਰੈ ਨਾਲਿ ਹੈ, ਗੁਰਮਤੀ ਰੰਗੁ ਮਾਣੁ. ." (ਪੰ: ੪੪੧)

ਅਤੇ ਸ਼ਬਦ-ਗੁਰੂ ਦੀ ਕਮਾਈ ਰਾਹੀਂ ਇਸ ਮਨ ਦੀ ਸੁਵਰਤੋਂ ਦਾ। ਇਸ ਲਈ ਇਸ ਮਨੁੱਖਾ ਸਰੀਰ ਲਈ ਉਹੀ ਤੇ ਇਕੋ ਇੱਕ ਵਿਸ਼ਾ ਹੈ ਅਤੇ ਉਹ ਵਿਸ਼ਾ ਹੈ "ਇਸੁ ਤਨ ਧਨ ਕੋ ਕਿਆ ਗਰਬਈਆ॥ ਰਾਮ ਨਾਮੁ ਕਾਹੇ ਨ ਦ੍ਰਿੜੀੑਆ" (ਪੰ: ੩੩੦)। ਇਸ ਤਰ੍ਹਾਂ ਜਦੋਂ ਸ਼ੰਬੰਧਤ ਸ਼ਬਦ ਦੀ ਗਹਿਰਾਈ `ਚ ਜਾਵੀਏ, ਉਪ੍ਰੰਤ ਸ਼ਬਦ ਵਿੱਚਲੇ "ਨਰੂ ਮਰੈ" ਤੇ "ਪਸੂ ਮਰੈ" ਵਾਲੇ ਮੂਲ ਫ਼ਰਕ ਨੂੰ ਸਮਝੀਏ ਤਾਂ ਇਸ ਸ਼ਬਦ ਵਿੱਚਲਾ ਮੂਲ ਗੁਰਮੱਤ ਸਿਧਾਂਤ ਵੀ ਨਿੱਖਰ ਕੇ ਸਾਹਿਮਣੇ ਆ ਜਾਂਦਾ ਹੈ।

ਮਨੁੱਖਾ ਸਰੀਰ ਤੇ ਪਸ਼ੂ ਬਿਰਤੀ-ਕੁਝ ਸੱਜਨ ਕਬੀਰ ਜੀ ਦੇ ਹੱਥਲੇ ਸ਼ਬਦ ਵਿੱਚਲੀ ਪੰਕਤੀ "ਪਸੂ ਮਰੈ ਦਸ ਕਾਜ ਸਵਾਰੈ" ਨੂੰ ਮਨੁੱਖਾ ਜੀਵਨ ਵਿੱਚਲੀ ਪਸ਼ੂ ਬਿਰਤੀ ਵਾਲੇ ਪੱਖ ਨਾਲ ਵੀ ਜੋੜਦੇ ਹਨ। ਸਮਝਣ ਦਾ ਵਿਸ਼ਾ ਹੈ, ਬੇਸ਼ੱਕ ਮਨੁੱਖਾ ਜੀਵਨ ਦਾ ਉਹ ਪੱਖ ਵੀ ਹੈ ਤੇ ਸਮਝਣ ਵਿਸ਼ੇਸ਼ ਵਾਲਾ ਹੈ। ਬਲਕਿ ਖ਼ੁੱਦ ਗੁਰਬਾਣੀ `ਚ ਵੀ ਗੁਰਦੇਵ ਨੇ ਮਨੁੱਖ ਦੀ ਪਸ਼ੂ ਬਰਤੀ ਨੂੰ ਅਨੇਕਾਂ ਵਾਰ ਉਘਾੜਿਆ ਤੇ ਨਿਭਾਇਆ ਵੀ ਹੈ ਜਿਵੇਂ:-

"ਕੂਕਰ ਕੂੜੁ ਕਮਾਈਐ ਗੁਰ ਨਿੰਦਾ ਪਚੈ ਪਚਾਨੁ॥ ਭਰਮੇ ਭੂਲਾ ਦੁਖੁ ਘਣੋ ਜਮੁ ਮਾਰਿ ਕਰੈ ਖੁਲਹਾਨੁ॥ ਮਨਮੁਖਿ ਸੁਖੁ ਨ ਪਾਈਐ ਗੁਰਮੁਖਿ ਸੁਖੁ ਸੁਭਾਨੁ" (ਪੰ: ੨੧)

"ਜਿਉ ਕੂਕਰੁ ਹਰਕਾਇਆ ਧਾਵੈ ਦਹ ਦਿਸ ਜਾਇ॥ ਲੋਭੀ ਜੰਤੁ ਨ ਜਾਣਈ ਭਖੁ ਅਭਖੁ ਸਭ ਖਾਇ॥ ਕਾਮ ਕ੍ਰੋਧ ਮਦਿ ਬਿਆਪਿਆ ਫਿਰਿ ਫਿਰਿ ਜੋਨੀ ਪਾਇ" (ਪੰ: ੫੦)

"ਆਵਨ ਆਏ ਸ੍ਰਿਸਟਿ ਮਹਿ ਬਿਨੁ ਬੂਝੇ ਪਸੁ ਢੋਰ" (ਪੰ: ੨੫੧)

"ਕਰਤੂਤਿ ਪਸੂ ਕੀ ਮਾਨਸ ਜਾਤਿ॥ ਲੋਕ ਪਚਾਰਾ ਕਰੈ ਦਿਨੁ ਰਾਤਿ॥ ਚੰਦਨ ਲੇਪੁ ਉਤਾਰੈ ਧੋਇ॥ ਗਰਧਬ ਪ੍ਰੀਤਿ ਭਸਮ ਸੰਗਿ ਹੋਇ" (ਅੰ: ੨੬੭

"ਤ੍ਰਿਗਦ ਜੋਨਿ ਅਚੇਤ ਸੰਭਵ ਪੁੰਨ ਪਾਪ ਅਸੋਚ॥ ਮਾਨੁਖਾ ਅਵਤਾਰ ਦੁਲਭ ਤਿਹੀ ਸੰਗਤਿ ਪੋਚ" (ਅੰ: ੪੮੬) ਅਤੇ "ਬਿਨੁ ਸਿਮਰਨ ਧ੍ਰਿਗੁ ਕਰਮ ਕਰਾਸ॥ ਕਾਗ ਬਤਨ ਬਿਸਟਾ ਮਹਿ ਵਾਸ॥ ੨ ॥ ਬਿਨੁ ਸਿਮਰਨ ਭਏ ਕੂਕਰ ਕਾਮ॥ ਸਾਕਤ ਬੇਸੁਆ ਪੂਤ ਨਿਨਾਮ॥ ੩ ॥ ਬਿਨੁ ਸਿਮਰਨ ਜੈਸੇ ਸੀਙ ਛਤਾਰਾ॥ ਬੋਲਹਿ ਕੂਰੁ ਸਾਕਤ ਮੁਖੁ ਕਾਰਾ॥ ੪ ॥ ਬਿਨੁ ਸਿਮਰਨ ਗਰਧਭ ਕੀ ਨਿਆਈ॥ ਸਾਕਤ ਥਾਨ ਭਰਿਸਟ ਫਿਰਾਹੀ॥ ੫ ॥ ਬਿਨੁ ਸਿਮਰਨ ਕੂਕਰ ਹਰਕਾਇਆ॥ ਸਾਕਤ ਲੋਭੀ ਬੰਧੁ ਨ ਪਾਇਆ॥ ੬ ॥ ਬਿਨੁ ਸਿਮਰਨ ਹੈ ਆਤਮ ਘਾਤੀ॥ ਸਾਕਤ ਨੀਚ ਤਿਸੁ ਕੁਲੁ ਨਹੀ ਜਾਤੀ॥ ੭॥ . ." (ਅੰ: ੨੩੯)

ਫ਼ਿਰ ਵੀ, ਖਾਸ ਧਿਆਨ ਦੇਣਾ ਹੈ ਕਿ ਇਸ ਸ਼ਬਦ ਵਿੱਚਲੀ ਸ਼ਬਦਾਵਲੀ "ਨਰੂ ਮਰੈ" ਤੇ "ਪਸੂ ਮਰੈ" ਦੋਨਾਂ `ਚ ਲਫ਼ਜ਼ "ਪਸੂ ਮਰੈ" ਕੇਵਲ ਪਸ਼ੂਆਂ ਲਈ ਹੀ ਆਇਆ ਹੈ ਨਾ ਕਿ ਮਨੁੱਖ ਦੀ ਪਸ਼ੂ ਬਿਰਤੀ ਲਈ। ਵੇਰਵੇ ਦੀ ਲੋੜ ਇਸ ਲਈ ਪਈ ਕਿਉਂਕਿ ਸਾਡੇ ਹੀ ਕੁੱਝ ਵਿਦਵਾਨ ਅਰਥ ਕਰਣ ਸਮੇਂ ਅਜਿਹਾ ਪ੍ਰਚਾਰ ਵੀ ਕਰਦੇ ਹਨ, ਜੋ ਇਸ ਵਿਸ਼ੇਸ਼ ਲਈ, ਸਿਧਾਂਤਕ ਪੱਖੋਂ ਗ਼ਲਤ ਹੈ। ਕਿਉਂਕਿ ਸ਼ਬਦ `ਚ ਮੁੱਖ ਵਿਸ਼ਾ ਹੀ "ਨਰੂ ਮਰੈ" ਬਨਾਮ "ਪਸੂ ਮਰੈ" ਦਾ ਹੈ ਅਤੇ ਹੁਣ ਤੀਕ ਇਸ ਸੰਬੰਧੀ ਵੇਰਵਾ ਵੀ ਆ ਚੁੱਕਾ ਹੈ, ਇਸ ਲਈ ਉਸ ਨੂੰ ਦੌਰਾਨ ਦੀ ਲੋੜ ਨਹੀਂ। #233s12.6015#

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’, ਪੁਸਤਕਾ ਤੇ ਹੁਣ ਗੁਰਮੱਤ ਸੰਦੇਸ਼ਾ ਵਾਲੀ ਅਰੰਭ ਹੋ ਰਹੀ ਲੜੀ, ਇਨ੍ਹਾਂ ਸਾਰਿਆਂ ਦਾ ਮਕਸਦ ਇਕੋ ਹੈ-ਤਾ ਕਿ ਹਰੇਕ ਸੰਬੰਧਤ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਆਪਣੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No. 233

"ਨਰੂ ਮਰੈ ਬਨਾਮ ਪਸੂ ਮਰੈ"

For all the Self Learning Gurmat Lessons (Excluding Books) written by ‘Principal Giani Surjit Singh’ Sikh Missionary, Delhi-All the rights are reserved with the writer himself; but easily available in proper Deluxe Covers for

(1) Further Distribution within ‘Guru Ki Sangat’

(2) For Gurmat Stalls

(3) For Gurmat Classes & Gurmat Camps

with intention of Gurmat Parsar, at quite nominal printing cost i.e. mostly Rs 350/-(but in rare cases Rs. 450/-) per hundred copies (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24

Ph 91-11-26236119, 46548789 ® Ph. 91-11-26487315 Cell 9811292808

web site-

www.gurbaniguru.org
.