.

ਪਉੜੀ 3

ਗਾਵੈ: ਗਾਉਂਦਾ ਹੈ ਭਾਵ ਧਾਰਨ ਕਰ ਲੈਂਦਾ ਹੈ।

ਸਾਡਾ ਮਨ ਜੈਸੇ ਗੁਣ ਗਾਉਂਦਾ ਹੈ ਵੈਸੇ ਸੁਭਾ ਵਾਲਾ ਬਣਦਾ ਜਾਂਦਾ ਹੈ। ਰੱਬੀ ਗੁਣ ਗਾਉਣ (ਭਾਵ ਸੱਚ ਦੀ ਸਿਖਿਆਵਾਂ) ਲੈਣ ਨਾਲ ਸਾਡਾ ਸੁਭਾ ਰੱਬੀ ਗੁਣਾਂ ਵਾਲਾ ਬਣਦਾ ਹੈ। ਅਵਗੁਣੀ ਸੁਭਾ ਦਾ ਮਤਲਬ ਹੈ ਕਿ ਸਾਡਾ ਮਨ ਅਵਗੁਣਾਂ ਨੂੰ ਪਸੰਦ ਕਰਦਾ ਹੈ ਮਾਨੋ ਮਨ ਕੀ ਮੱਤ ਕਾਰਨ ਅਵਗੁਣਾਂ ਨੂੰ ਗਾਉਂਦਾ ਹੈ। ਸਤਿਗੁਰ ਦੀ ਮੱਤ ਨਾਲ ਅਵਗੁਣਾਂ (ਕੂੜ-ਮੈਲ਼) ਨੂੰ ਛਡਣਾ ਹੀ ਰੱਬੀ ਗੁਣ ਗਾਉਣਾ ਕਹਿਲਾਉਂਦਾ ਹੈ।

ਗਾਵੈ ਕੋ ਤਾਣੁ ਹੋਵੈ ਕਿਸੈ ਤਾਣੁ ॥

ਨਵੇਕਲਾ ਬਣਨ ਦੀ ਤਾਂਘ ਵਾਲਾ ਮਨ ਸਤਿਗੁਰ ਦੀ ਮੱਤ ਰਾਹੀਂ ਰੱਬੀ ਗੁਣਾਂ ਦੇ ਗਿਆਨ ਦਾ ਬਲ (ਭਾਵ ਤਾਣੁ) ਪ੍ਰਾਪਤ ਕਰਦਾ ਹੈ ਤਾਂ ਆਪਣੇ ਅੰਤਹਕਰਨ ਵਿਚ ਮਜ਼ਬੂਤੀ ਮਾਣਦਾ ਹੈ।

ਨੋਟ: ‘ਵਿਰਲਾ ਮਨ’ ਸਤਿਗੁਰ ਦੀ ਮੱਤ ਦਾ ਗਿਆਨ (ਤਾਣ) ਬਿਬੇਕ ਬੁਧ ਲੈਣ ਵਾਲੇ ਮਨ ਨੂੰ ਕਹਿੰਦੇ ਹਨ।

ਗਾਵੈ ਕੋ ਦਾਤਿ ਜਾਣੈ ਨੀਸਾਣੁ ॥

ਵਿਰਲਾ ਮਨ ਚੰਗੇ ਗੁਣਾਂ ਦੀ ਦਾਤ ਵਾਲੇ ਪਦ ਚਿੰਨ੍ਹਾਂ ਦੇ ਮਾਰਗ ’ਤੇ ਟੁਰ ਕੇ ਰੱਬੀ ਨੇੜਤਾ ਵਲ ਆਪਣਾ ਜੀਵਨ ਅਵਗੁਣ ਰਹਿਤ ਬਣਾਉਂਦਾ ਹੈ।

ਗਾਵੈ ਕੋ ਗੁਣ ਵਡਿਆਈਆ ਚਾਰ ॥

ਚਾਰ: ਚੰਗੇ ਗੁਣਾ ਦੇ ਸੁਭਾ ਦਾ ਸੰਖੇਪ

ਵਿਰਲਾ ਮਨ ਰੱਬੀ ਗੁਣਾਂ ਦੀਆਂ ਵਡਿਆਈਆਂ ਨੂੰ ਗਾਉਂਦਾ ਹੈ ਅਤੇ ਜੀਵਨ ਸੁੰਦਰ (ਚਾਰ) ਬਣਾਉਦਾ ਹੈ।

ਗਾਵੈ ਕੋ ਵਿਦਿਆ ਵਿਖਮੁ ਵੀਚਾਰੁ ॥

ਦੁਨੀਆਂ ਜਿਸਨੂੰ ਵਿਖਮ ਮਾਰਗ ਸਮਝਕੇ ਛੱਡੀ ਰੱਖਦੀ ਹੈ ਵਿਰਲਾ ਮਨ ਸਤਿਗੁਰ ਦੀ ਮੱਤ ਰਾਹੀਂ ਬਿਬੇਕ ਬੁਧ ਲੈ ਕੇ ਵਿਚਾਰ ਕਰਦਾ ਹੈ ਅਤੇ ਵਿਖਮ ਮਾਰਗ ਦੇ ਗੁਣ ਗਾਉਂਦਾ ਹੈ ਭਾਵ ਜਿਊਂਦਾ। ਭਾਵ ਬੜੀ ਸਹਜਤਾ ਨਾਲ ਇਸ ਸਰਲ ਮਾਰਗ ਨੂੰ ਜੀਵਨ ਜਾਚ ਬਣਾ ਲੈਂਦਾ ਹੈ।

ਗਾਵੈ ਕੋ ਸਾਜਿ ਕਰੇ ਤਨੁ ਖੇਹ ॥

ਵਿਰਲਾ ਮਨ ਚੰਗੇ ਗੁਣਾਂ ਦੀ ਸਾਜਨਾ ਵਾਲੀ ਨਵੀਂ ਦੇਹ ਦੀ ਪ੍ਰਾਪਤੀ ਦੇ ਗੁਣ ਗਾਉਂਦਾ ਹੈ ਅਤੇ ਅਵਗੁਣੀ ਸੁਭਾ ਵਾਲੀ ਜ਼ਰਜ਼ਰੀ ਦੇਹ ਨੂੰ ਖਤਮ (ਖੇਹ) ਕਰਨ ਜੋਗ ਹੋ ਜਾਂਦਾ ਹੈ।

ਗਾਵੈ ਕੋ ਜੀਅ ਲੈ ਫਿਰਿ ਦੇਹ ॥

ਵਿਰਲਾ ਮਨ ਸਤਿਗੁਰ ਦੀ ਮੱਤ ਰਾਹੀਂ ਆਪਣੇ ਜੀਅੜੇ ਭਾਵ ਸੁਰਤ, ਮੱਤ, ਮਨ, ਬੁਧ ਨੂੰ ਨਵਾਂ ਜੀਵਨ ਦੇਣ ਜੋਗ ਹੋ ਜਾਂਦਾ ਹੈ ਅਤੇ ਨਵੇਂ ਜੀਵਨ ਦੀ ਉਸਾਰੀ ਹਮੇਸ਼ਾਂ ਜਤਨਸ਼ੀਲ ਰਹਿੰਦਾ ਹੈ।

ਗਾਵੈ ਕੋ ਜਾਪੈ ਦਿਸੈ ਦੂਰਿ ॥

ਦੂਰਿ: ਮਨ ਕੀ ਮੱਤ ਹਟ ਜਾਣਾ ਜਾਂ ਮਿਟ ਜਾਣਾ।

ਜੀਵਨ ਵਿਚ ਸਤਿਗੁਰ ਦੀ ਮੱਤ ਦੀ ਵਰਤੋਂ ਦੇ ਸਦਕੇ ਵਿਰਲੇ ਮਨ ਨੂੰ ਰੱਬੀ ਨੇੜਤਾ ਦਾ ਅਹਿਸਾਸ ਹੁੰਦਾ ਹੈ।

ਗਾਵੈ ਕੋ ਵੇਖੈ ਹਾਦਰਾ ਹਦੂਰਿ ॥

ਹਾਦਰਾ: ਮੌਜੂਦ

ਵਿਰਲਾ ਮਨ ਰੱਬੀ ਨੇੜਤਾ ਨੂੰ ਮਾਣਦਿਆਂ ਜੀਵਨ ਦੀ ਹਰੇਕ ਕ੍ਰਿਆ ਵਿਚ ਸਚ ਦੀ ਸਿਖਿਆਵਾਂ ਦਾ ਸਹਾਰਾ ਲੈਂਦਾ ਹੈ। ਕਿਉਂਕਿ ਰੱਬ ਜੀ ਦੀ ਹਾਜ਼ਰ ਨਾਜ਼ਰਤਾ ਮਹਿਸੂਸ ਕਰੋ ਤਾਂ ਹੀ ਰੱਬੀ ਗੁਣਾਂ ਨਾਲ ਜਿਊਂਦੇ ਹਾਂ ਵਰਨਾ ਨਹੀਂ।

ਕਥਨਾ ਕਥੀ ਨ ਆਵੈ ਤੋਟਿ ॥

ਚੰਗੇ ਗੁਣਾ ਦੀ ਪ੍ਰਾਪਤੀ ਬੇਅੰਤ ਹੈ ਤੋਟ ਨਹੀਂ ਆਉਂਦੀ। ਚੰਗੇ ਗੁਣਾਂ ਨੂੰ ਜਿਤਨਾ ਜੀਵੋ ਹੋਰ ਵਧਦੇ ਹਨ ਅਤੇ ਹੋਰ ਗੁਣ ਲੈਣ ਦੀ ਤਾਂਘ ਵਧਦੀ ਹੈ।

ਕਥਿ ਕਥਿ ਕਥੀ ਕੋਟੀ ਕੋਟਿ ਕੋਟਿ ॥

ਕਰੋੜਾਂ ਚੰਗੇ ਗੁਣ ਜਿਊਣ ਦੀ ਸਮਰਥਾ ਵਧਦੀ ਹੈ, ਜਿਤਨਾ ਦ੍ਰਿੜ ਕਰਕੇ (ਭਾਵ ‘ਕਥਿ ਕਥਿ’ ਕੇ) ਜੀਵੋ ਤਾਂ ਉਤਨਾ ਹੋਰ ਵੱਧਦੇ ਹਨ।

ਦੇਦਾ ਦੇ ਲੈਦੇ ਥਕਿ ਪਾਹਿ ॥

ਰੱਬ ਜੀ ਚੰਗੇ ਗੁਣਾਂ ਦੇ ਸੁਭਾ ਲਈ ਬਿਬੇਕ ਬੁਧ ਦੀ ਦਾਤ ਦੇਂਦੇ ਹਨ ਅਤੇ ਲੈਣ ਵਾਲਾ ਵਿਰਲਾ ਮਨ ਚੰਚਲਤਾ, ਚਪਲਤਾ, ਭਟਕਨਾ ਤੋਂ ਮੁਕਤ ਹੋ ਕੇ ਟਿੱਕ (ਥਿਰ) ਜਾਂਦਾ ਹੈ।

ਜੁਗਾ ਜੁਗੰਤਰਿ ਖਾਹੀ ਖਾਹਿ ॥

ਵਿਰਲਾ ਮਨ ਰੱਬੀ ਗੁਣਾਂ ਦੇ ਖਜ਼ਾਨੇ ਦੀ ਦਾਤ ਨੂੰ ਸਦੀਵੀ ਹਰੇਕ ਅੰਗ ਰੋਮ-ਰੋਮ ’ਚ (ਜੁਗਾ ਜੁਗੰਤਰ ਵਿੱਚ) ਹੰਢਾਉਂਦਾ ਹੈ। ‘ਜੇ ਕੋ ਖਾਵੈ ਜੇ ਕੋ ਭੁੰਚੈ ਤਿਸ ਕਾ ਹੋਇ ਉਧਾਰੋ ॥’

ਹੁਕਮੀ ਹੁਕਮੁ ਚਲਾਏ ਰਾਹੁ ॥

ਵਿਰਲਾ ਮਨ ਵਿਕਾਰਾਂ ਰੂਪੀ ਮਨ ਕੀ ਮੱਤ ਤੋਂ ਛੁੱਟ ਕੇ ਹੁਕਮੀ ਰੱਬ ਜੀ ਦੇ ਹੁਕਮ ਅਧੀਨ ਚਲ ਕੇ ਵਿਕਾਰਾਂ ਦੇ ਬਿਖੜੇ ਪੈਂਡੇ ਤੋਂ ਛੁੱਟਦਾ ਜਾਂਦਾ ਹੈ ਅਤੇ ਰੱਬੀ ਮਿਲਨ ਦੇ ਸਿਧੇ ਰਾਹ ’ਤੇ ਪੈ ਜਾਂਦਾ ਹੈ।

ਨਾਨਕ ਵਿਗਸੈ ਵੇਪਰਵਾਹੁ ॥3॥

ਨਾਨਕ ਜੀ ਆਖਦੇ ਹਨ ਕਿ ਅਦ੍ਵੈਤ (ਰੱਬੀ ਇਕਮਿਕਤਾ) ਅਵਸਥਾ ਵਿਰਲਾ ਮਨ ਵੇਪਰਵਾਹ ਭਾਵ ਚਿੰਤਾ ਰਹਿਤ ਹੋ ਕੇ ਵਿਗਾਸ ਪ੍ਰਾਪਤ ਕਰਦਾ ਹੈ।

ਵੀਰ ਭੁਪਿੰਦਰ ਸਿੰਘ
.