.

ਸਿੱਖ ਕੌਮ ਦੁਨੀਆ ਦੇ ਲੈਵਲ ਦਾ ਇੱਕ ਵੀ ਵਿਦਵਾਨ ਕਿਉਂ ਨਹੀਂ ਪੈਦਾ ਕਰ ਸਕੀ?

ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਗੁਰਬਾਣੀ ਵਿਚਲੇ ਸਿਧਾਂਤ ਸਾਰੀ ਲੋਕਾਈ ਨੂੰ ਸਹੀ ਸੇਧ ਦੇਣ ਦੇ ਸਮਰੱਥ ਹਨ। ਇਸ ਬਾਰੇ ਅਨੇਕਾਂ ਹੀ ਲੇਖ ਅਤੇ ਕਿਤਾਬਾਂ ਲਿਖੀਆਂ ਜਾ ਚੁੱਕੀਆਂ ਹਨ। ‘ਸਿੱਖ ਮਾਰਗ’ ਤੇ ਵੀ ਇੱਕ ਲੇਖ ਲੜੀ ਇਸੇ ਵਿਸ਼ੇ ਨਾਲ ਸੰਬੰਧਿਤ ਚੱਲ ਰਹੀ ਹੈ। ਇਹ ਲੇਖ ਲੈਫ਼ ਕਰਨਲ (ਰਿਟਾਇਰ) ਗੁਰਦੀਪ ਸਿੰਘ ਦੇ ਲਿਖੇ ਹੋਏ ਹਨ। ਇਸ ਤਰ੍ਹਾਂ ਦੇ ਲੇਖ ਇਹ ਪਹਿਲਾਂ ਵੀ ਲਿਖ ਚੁੱਕੇ ਹਨ। ਇਸ ਤਰ੍ਹਾਂ ਦੇ ਲੇਖ ਲਿਖਣੇ ਕੋਈ ਮਾੜੀ ਗੱਲ ਨਹੀਂ ਸਗੋਂ ਬਹੁਤ ਵਧੀਆ ਗੱਲ ਹੈ। ਪਰ ਕੀ ਲੇਖ ਲਿਖਣ ਨਾਲ ਹੀ ਗੱਲ ਮੁੱਕ ਜਾਂਦੀ ਹੈ? ਨਹੀਂ, ਬਿੱਲਕੁੱਲ ਨਹੀਂ। ਪਹਿਲਾਂ ਆਪ ਇਹ ਗੁਰਬਾਣੀ ਦੇ ਸਿਧਾਂਤ ਅਪਣਾਉਣੇਂ ਪੈਣਗੇ ਅਤੇ ਫਿਰ ਸਾਰੀ ਲੋਕਾਈ ਨੂੰ ਦੱਸਣੇ ਪੈਣਗੇ। ਹਾਲੇ ਤਾਂ ਆਪ ਵੀ ਕਿਨਕਾ ਮਾਤਰ ਨਹੀਂ ਅਪਣਾਏ ਤਾਂ ਦੁਨੀਆ ਨੂੰ ਕੀ ਦੱਸਣੇ ਹਨ ਅਤੇ ਜੇ ਕਰ ਦੱਸ ਵੀ ਦਿੱਤੇ ਤਾਂ ਦੁਨੀਆ ਤੇ ਉਸ ਦਾ ਕੀ ਅਸਰ ਹੋਵੇਗਾ? ਕੁੱਝ ਵੀ ਨਹੀਂ। ਦੁਨੀਆ ਦਾ ਸ਼ਾਇਦ ਹੀ ਕੋਈ ਐਸਾ ਗੁਰਦੁਆਰਾ ਹੋਵੇਗਾ ਜਿੱਥੇ ਸਿੱਖ ਆਪਸ ਵਿੱਚ ਚੌਧਰ ਦੀ ਖਾਤਰ ਨਹੀਂ ਲੜਦੇ। ਕਰੋੜਾਂ ਡਾਲਰ ਇਹ ਕੋਰਟਾਂ ਵਿੱਚ ਖਰਾਬ ਕਰਦੇ ਹਨ। ਕਾਹਦੇ ਲਈ? ਸਿਰਫ ਆਪਣੇ ਧੜੇ ਅਤੇ ਚੌਧਰ ਲਈ। ਜੇ ਨਹੀਂ ਕਰਦੇ ਤਾਂ ਦੱਸੋ? ਜਿਤਨਾ ਵੱਡਾ ਗੁਰਦੁਆਰਾ ਅਤੇ ਗੋਲਕ ਭਾਰੀ ਹੋਵੇਗੀ ਉਤਨੀ ਹੀ ਉਥੇ ਚੌਧਰ ਦੀ ਭੁੱਖ ਜ਼ਿਆਦਾ ਹੋਵੇਗੀ। ਕੋਈ ਦੱਸੇ ਤਾਂ ਸਹੀ ਕਿ ਉਹ ਕਿਹੜੇ ਔਗਣ ਹਨ ਜਿਹੜੇ ਕਿ ਸਿੱਖਾਂ ਵਿੱਚ ਬਾਕੀਆਂ ਨਾਲੋਂ ਘੱਟ ਹਨ? ਸਾਰੀ ਦੁਨੀਆਂ ਵਿੱਚ ਸਿੱਖ ਜੋ ਕਰਦੇ ਹਨ ਉਹ ਸਾਰਿਆਂ ਦੇ ਸਾਹਮਣੇ ਹੀ ਹੈ ਕੋਈ ਲੁਕਾ ਛੁਪਾ ਤਾਂ ਹੈ ਨਹੀਂ।
ਕੁੱਝ ਦਿਨ ਪਹਿਲਾਂ ਇਸਾਈਆਂ ਦਾ ਮੁਖੀ ਪੋਪ ਅਮਰੀਕਾ ਆ ਕੇ ਗਿਆ ਹੈ। ਸਾਰੀ ਦੁਨੀਆ ਦੇ ਮੀਡੀਏ ਦੇ ਵਿੱਚ ਉਹ ਕਈ ਦਿਨ ਛਾਇਆ ਰਿਹਾ। ਸਰਕਾਰਾਂ ਦੇ ਮੁਖੀ ਅਤੇ ਆਮ ਲੋਕ ਉਸ ਦੀਆਂ ਗੱਲਾਂ ਸੁਣਨ ਲਈ ਉਤਾਵਲੇ ਹੋਏ ਪਏ ਸਨ। ਇਹ ਨਹੀਂ ਕਿ ਉਸ ਦਾ ਵਿਰੋਧ ਕਰਨ ਵਾਲੇ ਨਹੀਂ ਸਨ। ਵਿਰੋਧੀ ਵੀ ਸਨ ਅਤੇ ਇਹਨਾ ਦੇ ਪਾਦਰੀਆਂ ਨੇ ਚਰਚਾਂ ਵਿੱਚ ਬਦਫੈਲੀਆਂ ਵੀ ਬਥੇਰੀਆਂ ਕੀਤੀਆਂ ਹਨ। ਇਹ ਸਾਰਾ ਕੁੱਝ ਹੋਣ ਦੇ ਬਾਵਜੂਦ ਵੀ ਉਸ ਦਾ ਸਤਿਕਾਰ ਕਰਨ ਦੇ ਕੁੱਝ ਕਾਰਨ ਹਨ। ਸਭ ਵੱਡੇ ਦੋ ਕਾਰਨ ਹਨ ਉਸ (ਪੋਪ) ਦੀ ਚੋਣ ਦਾ ਨਿਵੇਕਲਾ ਢੰਗ ਅਤੇ ਬਹੁਤ ਹੀ ਨਿਮਰਤਾ ਭਰੇ ਸਲੀਕੇ ਨਾਲ ਲੋਕ ਭਲਾਈ ਦੀਆਂ ਗੱਲਾਂ ਕਰਨੀਆਂ। ਇਸ ਦੇ ਉਲਟ ਸਾਡੇ ਅਖੌਤੀ ਲੀਡਰ/ਕਥਿਤ ਜਥੇਦਾਰ ਹੰਕਾਰ ਨਾਲ ਭਰੇ ਹੋਏ, ਗਾਲਾਂ ਕੱਢਣ ਵਾਲੇ, ਬਾਹਾਂ ਮਰੋੜਨ ਵਾਲੇ, ਵੱਢੀ ਲੈ ਕੇ ਹੱਕ ਗਵਾਉਣ ਵਾਲੇ ਅਤੇ ਛੇਕਣ ਵਾਲੇ ਹੁੰਦੇ ਹਨ। ਸਿੱਖ ਹੁੱਬ-ਹੁੱਬ ਕੇ ਇਹਨਾ ਨੂੰ ਮਹਾਨ ਦੱਸਦੇ ਨਹੀਂ ਥੱਕਦੇ। ਭਾਵੇਂ ਹੁਣ ਕਈਆਂ ਨੂੰ ਗਾਲਾਂ ਵੀ ਕੱਢਣ ਲੱਗ ਪਏ ਹਨ। ਸਿੱਖਾਂ ਦੀ ਸੋਚਣੀ ਹਾਲੇ ਵੀ ਸਦੀਆਂ ਪੁਰਾਣੀ ਜਾਂਗਲੀ ਕਿਸਮ ਦੀ ਹੈ। ਉਹ ਹਾਲੇ ਵੀ ਇਹੀ ਸੋਚਦੇ ਹਨ ਕਿ ਸਾਡਾ ਲੀਡਰ ਜਥੇਦਾਰ ਉਹੀ ਹੋਣਾ ਚਾਹੀਦਾ ਹੈ ਜਿਹੜਾ ਕਿ ਹੰਕਾਰ ਨਾਲ ਭਰਿਆ ਹੋਇਆ ਮਰਨ ਮਰਾਉਣ ਦੀਆਂ ਗੱਲਾਂ ਕਰਨ ਵਾਲਾ ਹੋਵੇ ਜਾਂ ਕਿਸੇ ਵਿਰੋਧੀ ਨੂੰ ਕਤਲ ਕੀਤਾ ਹੋਵੇ। ਸਿੱਖੋ ਜੇ ਤਾਂ ਤੁਸੀਂ ਹਾਲੇ ਜੰਗਲਾਂ ਵਿੱਚ ਹੀ ਰਹਿੰਦੇ ਹੋ ਤਾਂ ਅਜਿਹੀਆਂ ਗੱਲਾਂ ਤੁਹਾਨੂੰ ਮੁਬਾਰਕ ਹੋਣ। ਜੇ ਕਰ ਤੁਸੀਂ ਸਾਰੀ ਦੁਨੀਆ ਵਿੱਚ ਰਹਿ ਕੇ ਸਾਰੇ ਹੀ ਚੰਗੇ ਦੇਸ਼ਾਂ ਦੀਆਂ ਸਾਰੀਆਂ ਸੁੱਖ ਸਹੂਲਤਾਂ ਮਾਣਨਾ ਚਾਹੁੰਦੇ ਹੋ ਤਾਂ ਤੁਹਾਨੂੰ ਆਪਣੀ ਇਹ ਜਾਂਗਲੀ ਕਿਸਮ ਦੀ ਸੋਚਣੀ ਬਦਲਣੀ ਪਵੇਗੀ। ਵਿਦਵਾਨ ਲੀਡਰ ਉਸ ਨੂੰ ਮੰਨਣਾ ਪਵੇਗਾ ਜਿਸ ਨੂੰ ਸੁਣਨ ਲਈ ਸਰਕਾਰਾਂ ਅਤੇ ਮੀਡੀਆ ਉਤਾਵਲੇ ਹੋਣ ਨਾ ਕਿ ਤਿੰਨ-ਤਿੰਨ ਫੁੱਟੀਆਂ ਕਿਰਪਾਨਾ ਫੜਨ ਵਾਲੇ ਅਤੇ ਅਪਰਾਧਕ ਪਿਛੋਕੜ ਵਾਲੇ। ਤੁਹਾਡੇ ਲਈ ਭਾਵੇਂ ਇਹ ਮਹਾਨ ਹੋਣ ਪਰ ਦੁਨੀਆ ਦੇ ਕਨੂੰਨਾ ਮੁਤਾਬਕ ਉਹ ਅਪਰਾਧੀ ਹੀ ਸਾਬਤ ਹੁੰਦੇ ਹਨ ਤਾਹੀਂਉਂ ਤਾਂ ਕਈਆਂ ਨੂੰ ਏਅਰਪੋਰਟ ਤੋਂ ਹੀ ਬਿਰੰਗ ਵਾਪਸ ਭੇਜਿਆ ਜਾਂਦਾ ਰਿਹਾ ਹੈ। ਜਿਵੇਂ ਕਿ ਲੰਗਰਵਾਲਾ ਇੱਕ ਗੁਰੂ ਕੀ ਨਿੰਦਾ ਵਾਲਾ ਪਖੰਡਨਾਮਾ ਜਾਰੀ ਕਰਨ ਵਾਲੇ ਨੂੰ ਕਨੇਡਾ ਦੇ ਏਅਰਪੋਰਟ ਤੋਂ ਦੋ ਵਾਰੀ ਵਾਪਸ ਭੇਜਿਆ ਜਾ ਚੁੱਕਾ ਹੈ। ਪਰ ਜਾਂਗਲੀ ਕਿਸਮ ਦੀ ਸੋਚਣੀ ਵਾਲਿਆਂ ਲਈ ਉਹ ਬਹੁਤ ਮਹਾਨ ਹੈ ਅਤੇ ਉਸ ਦੀਆਂ ਗੱਲਾਂ ਨੂੰ ਮਹਾਨ ਜਾਣ ਕੇ ਹੋਰਨਾ ਨੂੰ ਦੱਸਿਆ ਜਾਂਦਾ ਹੈ।
ਕਈ ਇਹ ਵੀ ਸੋਚਦੇ ਹੋਣਗੇ ਕਿ ਇਸਾਈ ਦੇਸ਼ਾਂ ਵਿੱਚ ਮੀਡੀਆ ਵੀ ਇਸਾਈ ਹੋਣ ਕਰਕੇ ਸ਼ਾਇਦ ਪੋਪ ਦੀ ਆਓ ਭਗਤ ਜ਼ਿਆਦਾ ਹੁੰਦੀ ਹੈ। ਇਹ ਗੱਲ ਕੁੱਝ ਹੱਦ ਤੱਕ ਠੀਕ ਹੋ ਸਕਦੀ ਹੈ ਸਾਰੀ ਨਹੀਂ। ਦਲਾਈਲਾਮਾ ਤਾਂ ਇੱਕ ਬੋਧੀ ਹੈ। ਚੀਨ ਨੂੰ ਨਿਰਾਜ਼ ਕਰਕੇ ਵੀ ਬਹੁਤੇ ਦੇਸ਼ ਉਸ ਦੀ ਆਓ ਭਗਤ ਕਰਦੇ ਹਨ।
ਸਾਰੇ ਸਿੱਖ ਬਾਰਾਬਰ ਹਨ ਕੋਈ ਉੱਚਾ ਨੀਵਾ ਨਹੀਂ ਹੈ। ਹਰ ਇੱਕ ਸਿੱਖ ਨੇ ਆਪਣਾ ਜੀਵਨ ਚੰਗਾ ਬਣਾਉਣ ਲਈ ਗੁਰਬਾਣੀ ਤੋਂ ਸੇਧ ਲੈਣੀ ਹੈ। ਵਿਦਵਾਨਾਂ ਦੀਆਂ ਲਿਖੀਆਂ ਕਿਤਾਬਾਂ/ਲੇਖ ਵੀ ਇਸ ਵਿੱਚ ਸਹਾਈ ਹੋ ਸਕਦੇ ਹਨ ਪਰ ਅਸਲ ਸੇਧ ਗੁਰਬਾਣੀ ਨੂੰ ਸਮਝ ਕੇ ਹੀ ਆ ਸਕਦੀ ਹੈ। ਅਨੇਕਾਂ ਹੀ ਕਿਤਾਬਾਂ/ਲੇਖ ਲਿਖ ਕੇ ਹੋਰਨਾਂ ਨੂੰ ਚੰਗੀ ਸੇਧ ਦੇਣ ਵਾਲੇ ਅਨੇਕਾਂ ਹੀ ਵਿਦਵਾਨ ਹੋ ਚੁੱਕੇ ਹਨ ਪਰ ਬਦਕਿਸਮਤੀ ਨੂੰ ਦੁਨੀਆ ਦੇ ਲੈਵਲ ਦਾ ਕੋਈ ਵੀ ਨਹੀਂ ਹੋਇਆ ਅਤੇ ਨਾ ਹੀ ਹੁਣ ਹੈ। ਮੇਰੇ ਖਿਆਲ ਮੁਤਾਬਕ ਇਸ ਦਾ ਸਭ ਤੋਂ ਵੱਡਾ ਮੁੱਖ ਕਾਰਨ ਸਿੱਖਾਂ ਦੀ ਗੁਲਾਮ ਸੋਚ ਅਤੇ ਬੁੱਤ-ਪ੍ਰਸਤੀ ਹੈ। ਸਿੱਖ ਦੁਨੀਆ ਦੇ ਸਭ ਤੋਂ ਵੱਡੇ ਬੁੱਤ-ਪ੍ਰਸਤ ਹਨ। ਉਹ ਕਿਵੇਂ? ਇਸ ਬਾਰੇ ਵਿਚਾਰ ਅਗਲੇ ਲੇਖ ਵਿੱਚ ਕਰਾਂਗੇ।
ਮੱਖਣ ਸਿੰਘ ਪੁਰੇਵਾਲ।
ਅਕਤੂਬਰ 11, 2015.
.