.

ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ

ਪੰਜਾਬ ਦੀ ਨਿਘਰ ਰਹੀ ਹਾਲਤ

ਪਤਾ ਨਹੀਂ ਕਿਹੜੀਆਂ ਭਾਵਨਾ ਨਾਲ ਮਾਂ ਦੀ ਛਤਰ ਛਾਇਆ ਹੇਠ ਧੀ ਨੇ ਆਪਣੇ ਭਰਾ ਨਾਲ ਸਫਰ ਅਰੰਭ ਕੀਤਾ ਹੋਏਗਾ। ਬੱਸ ਵਿੱਚ ਸਵਾਰ ਹੋਣ ਤੀਕ ਧੀ ਨੂੰ ਕੋਈ ਪਤਾ ਨਹੀਂ ਸੀ ਕਿ ਕੁੱਝ ਮਿੰਟਾਂ ਵਿੱਚ ਹੀ ਦਰਦਾਂ ਨਾਲ ਕਰਾਉਂਦਿਆਂ ਆਪਣੀ ਜਾਨ ਦੀ ਬਾਜੀ ਲਾ ਦੇਵੇਗੀ। ਮੋਗਾ ਬੱਸ ਕਾਂਡ ਨੇ ਸਾਰੀ ਦੁਨੀਆਂ ਨੂੰ ਇੱਕ ਵਾਰ ਅੰਦਰੋਂ ਝੰਜੋੜ ਕਿ ਰੱਖ ਦਿੱਤਾ ਹੈ। ਸੜਕ `ਤੇ ਡਿੱਗੀ ਧੀ ਦੀ ਫੋਟੋ ਦੇਖ ਕੇ ਹਰ ਅੱਖ ਅਥਰੂ ਨਾਲ ਭਰੀ ਹੈ। ਕੰਡੇਕਟਰ ਅਤੇ ਉਸ ਦੇ ਸਾਥੀਆਂ ਨੇ ਜਦੋਂ ਆਪਣਿਆਂ ਹੱਥਾਂ ਨਾਲ ਬੱਸ ਵਿਚੋਂ ਧੀ ਨੂੰ ਧੱਕਾ ਦਿੱਤਾ ਹੋਏਗਾ, ਜਦੋਂ ਧੀ ਦਾ ਮੱਥਾ ਜ਼ਮੀਨ `ਤੇ ਪਟਾਕ ਦੇਣਾ ਵੱਜਾ ਹੋਏਗਾ, ਉਸ ਦੇ ਅੰਦਰ ਕਿੰਨੀ ਭਿਆਨਕ ਚੀਸ ਉੱਠੀ ਹੋਏਗੀ, ਕੀ ਉਸ ਦੇ ਦਿੱਲ ਵਿਚਲੀ ਉੱਠੀ ਚੀਸ ਨੂੰ ਕੋਈ ਨਾਪ ਸਕਦਾ ਹੈ। ਅਜੇਹੀ ਦਿੱਲੀ ਚੀਰਵੀਂ ਚੀਸ ਕੇਵਲ ਕੁੱਝ ਦਿਨਾਂ ਤੀਕ ਮਹਿਸੂਸ ਹੀ ਕੀਤੀ ਜਾ ਸਕਦੀ ਹੈ ਲੋਕ ਫਿਰ ਭੁੱਲ-ਭਲਾ ਜਾਂਦੇ ਹਨ। ਜ਼ਰਾ ਸੋਚੋ ਜੇ ਮੇਰੇ ਪ੍ਰਵਾਰ ਨਾਲ ਇਹ ਘਟਨਾ ਵਾਪਰੀ ਹੁੰਦੀ ਤਾਂ ਮੈਂ ਕਿਸ ਤਰ੍ਹਾਂ ਮਹਿਸੂਸ ਕਰਨਾ ਸੀ। ਅਜੇਹੀਆਂ ਘਟਨਾਵਾਂ ਆਪਣੇ ਪਿੱਛੇ ਬਹੁਤ ਸਾਰੇ ਸਵਾਲ ਛੱਡ ਜਾਂਦੀਆਂ ਹਨ ਜਿੰਨਾਂ ਦਾ ਹੱਲ ਲੱਭਣਾ ਜ਼ਰੂਰੀ ਹੁੰਦਾ ਹੈ।
ਜ਼ਮਾਨਾ ਕਾਫ਼ੀ ਬਦਲ ਗਿਆ ਹੈ। ਆਮ ਜੰਤਾ, ਸਰਕਾਰੀ ਤੇ ਅਰਧ-ਸਰਕਾਰੀ ਮੁਲਾਜ਼ਮ ਪਹਿਲਾਂ ਸਰਕਾਰੀ ਬੱਸ ਸਰਵਸ ਨੂੰ ਹੀ ਤਰਜੀਹ ਦੇਂਦੇ ਸਨ। ਅੱਜ ਕਲ੍ਹ ਬਹੁਤਿਆਂ ਲੋਕਾਂ ਨੇ ਆਵਜਾਈ ਦੇ ਸਾਧਨ ਆਪਣੇ ਰੱਖੇ ਹੋਏ ਹਨ ਪਰ ਫਿਰ ਵੀ ਆਮ ਜੰਤਾ ਤਾਂ ਬੱਸਾਂ ਰੇਲਾਂ ਰਾਂਹੀ ਹੀ ਸਫਰ ਕਰਦੀ ਹੈ। ਮੇਰੇ ਲਈ ਅੱਜ ਵੀ ਗਾਹੇ-ਬ-ਗਾਹੇ ਬੱਸ ਰਾਂਹੀ ਸਫਰ ਕਰਨ ਦਾ ਮੌਕਾ ਬਣਦਾ ਰਹਿੰਦਾ ਹੈ। ਮੈਂ ਆਪਣੇ ਤਜਰਬੇ ਨਾਲ ਦੱਸ ਸਕਦਾ ਹਾਂ ਕਿ ਮੈਂ ਜ਼ਿਆਦਾ ਸਰਕਾਰੀ ਬੱਸ ਸਰਵਸ ਨੂੰ ਹੀ ਤਰਜੀਹ ਦੇਂਦਾ ਹਾਂ ਕਿਉਂਕਿ ਪ੍ਰਾਈਵੇਟ ਵਾਲੇ ਬਹੁਤ ਖਰਾਬ ਕਰਦੇ ਹਨ। ਸਭ ਤੋਂ ਪਹਿਲਾਂ ਪ੍ਰਾਈਵੇਟ ਬੱਸ ਵਾਲਿਆਂ ਦੀਆਂ ਸੀਟਾਂ ਨਿੱਕੀਆਂ ਹੁੰਦੀਆਂ ਹਨ ਤਿੰਨਾਂ ਵਾਲੀ ਸੀਟ `ਤੇ ਮਸੀਂ ਢਾਈ ਕੁ ਆਦਮੀ ਹੀ ਬੈਠ ਸਕਦੇ ਹਨ ਤੀਜਾ ਬੰਦਾ ਸਾਰਾ ਸਫਰ ਲੜਦਾ ਹੀ ਜਾਂਦਾ ਹੈ। ਦੂਜਾ ਸਵਾਰੀ ਤੇ ਸਵਾਰੀ ਚੜ੍ਹਾਈ ਹੁੰਦੀ ਹੈ। ਪਹਿਲਾਂ ਬੱਸ ਨੂੰ ਹਰ ਅੱਡੇ ਵਿੱਚ ਖੜਾ ਰੱਖ ਕੇ ਤੂੜੀ ਵਾਂਗ ਤੂੜੀ ਜਾਂਦੇ ਹਨ ਤੇ ਫਿਰ ਇੱਕ ਦੂਜੇ ਤੋਂ ਅੱਗੇ ਨਿਕਲਣ ਦੀ ਦੌੜ ਲੱਗੀ ਹੁੰਦੀ ਹੈ ਕਿ ਦੂਜਾ ਸਵਾਰੀ ਨਾ ਚੁੱਕ ਲਏ। ਸੜਕ `ਤੇ ਲੋੜ ਨਾਲੋਂ ਜ਼ਿਆਦਾ ਭਜਾਉਣਾ ਇਹਨਾਂ ਦੇ ਮਨ ਦਾ ਸ਼ੋਂਕ ਬਣ ਚੁੱਕਿਆ ਹੈ। ਇਹਨਾਂ ਪ੍ਰਾਈਵੇਟ ਬੱਸਾਂ ਦੇ ਨਾਲ ਤਿੰਨ ਤੋਂ ਚਾਰ ਤੀਕ ਹੱਠੇ-ਕੱਠੇ ਬੱਸ ਦੇ ਦਰਵਾਜ਼ਿਆਂ ਵਿੱਚ ਨੌਜਵਾਨ ਖੜੇ ਰਹਿੰਦੇ ਹਨ। ਚੜ੍ਹ ਰਹੀ ਸਵਾਰੀ ਨੂੰ ਤੰਗ ਕਰਨਾ ਇਹਨਾਂ ਦਾ ਸੁਭਾਅ ਬਣ ਚੁੱਕਿਆ ਹੈ। ਜ਼ਿਆਦਾਤਰ ਕੰਡਕਟਰਾਂ ਡਰਾਈਵਰਾਂ ਤੇ ਇਹਨਾ ਨਾਲ ਚੜ੍ਹੇ ਲੱਠ ਮਾਰਾਂ ਦੀ ਬੋਲੀ ਬਹੁਤੀ ਅਸਭਿਆਕ ਹੁੰਦੀ ਹੈ।
ਰੋਜ਼ ਅਖਬਾਰੀ ਬਿਆਨ ਆਉਂਦੇ ਹਨ ਕਿ ਬੱਸਾਂ ਵਿਚੋਂ ਗਾਣੇ ਵਜਣੇ ਬੰਦ ਕਰ ਦਿੱਤੇ ਹਨ ਪਰ ਅੱਜ ਤੀਕ ਕਦੇ ਲਚਰ ਗਾਣੇ ਬੰਦ ਨਹੀਂ ਹਨ। ਬਹੁਤੀਆਂ ਬੱਸਾਂ ਵਾਲੇ ਸਵਾਰੀ ਨੂੰ ਅੱਡੇ ਵਿੱਚ ਨਹੀਂ ਉਤਾਰਦੇ ਸਗੋਂ ਅੱਡੇ ਤੋਂ ਬਾਹਰ ਹੀ ਉਤਾਰ ਦਿੱਤਾ ਜਾਂਦਾ ਹੈ। ਵਿਚਾਰੀ ਸਵਾਰੀ ਬੜੀ ਮੁਸ਼ਕਲ ਨਾਲ ਆਪਣਾ ਸਮਾਨ ਉਠਾ ਕੇ ਬੱਸ ਅੱਡੇ ਤੱਕ ਪਹੁੰਚਦੀ ਹੈ। ਖਾਸ ਤੌਰ `ਤੇ ਪੰਜਾਬ ਤੋਂ ਜਾਂਦੀਆਂ ਸਾਰੀਆਂ ਬੱਸਾਂ ਦਿੱਲੀ ਅੱਡੇ ਤੋਂ ਬਾਹਰ ਹੀ ਸਵਾਰੀਆਂ ਨੂੰ ਉਤਾਰ ਦੇਂਦੀਆਂ ਹਨ। ਜਲੰਧਰ ਤੋਂ ਪਟਿਆਲਾ ਨੂੰ ਜਾਣ ਵਾਲੀਆਂ ਪ੍ਰਾਈਵੇਟ ਬੱਸਾਂ ਪੀ ਏ ਪੀ ਚੌਂਕ ਵਿੱਚ ਖੜੇ ਹਾਕਰ ਧੱਕੇ ਨਾਲ ਸਵਾਰੀ ਨੂੰ ਲੁਧਿਆਣਾ ਬੱਸ ਅੱਡੇ ਲਈ ਬੈਠਾ ਦੇਂਦੇ ਹਨ। ਲੁਧਿਆਣਾ ਦੇ ਸਮਰਾਲਾ ਬਾਈ ਪਾਸ ਚੌਂਕ ਵਿੱਚ ਜਦੋਂ ਬੱਸ ਖੜੀ ਹੁੰਦੀ ਹੈ ਤਾਂ ਸਵਾਰੀ ਨੂੰ ਸਾਫ਼ ਕਿਹਾ ਜਾਂਦਾ ਹੈ ਕਿ ਆਓ ਤੂਹਾਨੂੰ ਦੂਜੀ ਬੱਸ `ਤੇ ਬੈਠਾ ਦਈਏ ਇਹ ਬੱਸ ਅੱਡੇ ਵਿੱਚ ਨਹੀਂ ਜਾਣੀ ਹੈ। ਹੁਣ ਜਿਸ ਸਵਾਰੀ ਕੋਲ ਸਮਾਨ ਹੁੰਦਾ ਹੈ ਉਸ ਲਈ ਬਹੁਤ ਵੱਡੀ ਮੁਸੀਬਤ ਹੁੰਦੀ ਹੈ। ਇਹ ਹਰ ਰੋਜ਼ ਦਾ ਵਰਤਾਰਾ ਹੈ। ਬੱਸਾਂ ਵੱਡਿਆ ਲੋਕਾਂ ਦੀਆਂ ਹਨ ਕੋਈ ਸੁਣਵਾਈ ਨਹੀਂ ਹੁੰਦੀ ਹੈ ਵਿਚਾਰੇ ਲੋਕ ਦੁਖੀ ਹੋ ਕੇ ਚੁੱਪ ਕਰ ਜਾਂਦੇ ਹਨ। ਪ੍ਰਾਈਵੇਟ ਬੱਸਾ ਵਾਲੇ ਹਰ ਰੋਜ਼ ਧੱਕਾ ਕਰਦੇ ਹਨ ਪਰ ਸਰਕਾਰੀ ਤੰਤਰ ਕੇਵਲ ਤਮਾਸ਼ਾ ਹੀ ਦੇਖਦੇ ਰਹਿੰਦੇ ਹਨ। ਕੀ ਇਸ ਨੂੰ ਚੰਗਾ ਪ੍ਰਸ਼ਾਸ਼ਨ ਕਿਹਾ ਜਾ ਸਕਦਾ ਹੈ। ਮੋਗੇ ਵਾਲੀ ਘਟਨਾ ਨੇ ਸਾਰੀਆਂ ਬੱਸਾਂ ਦੀ ਅੰਦਰੂਨੀ ਸਥਿੱਤੀ ਪ੍ਰਗਟ ਕੀਤੀ ਹੈ।
ਸਰਾਕਾਰ ਨੇ ਬਜ਼ੁਰਗਾਂ ਲਈ ਪਾਸ ਬਣਾਏ ਹਨ ਪਰ ਕੀ ਮਜਾਲ ਹੈ ਇਹ ਪ੍ਰਾਈਵੇਟ ਬੱਸਾਂ ਵਾਲੇ ਕਿਸੇ ਬਜ਼ੁਰਗ ਨੂੰ ਬੈਠਾਉਣ ਇਹ ਤੇ ਸਗੋਂ ਸਵਾਰ ਹੋਈ ਬਜ਼ੁਰਗ ਸਵਾਰੀ ਨੂੰ ਬੜੀ ਬੇ-ਰਹਿਮੀ ਨਾਲ ਉਤਾਰ ਕੇ ਬੜਾ ਫ਼ਕਰ ਮਹਿਸੂਸ ਕਰਦੇ ਹਨ। ਸਰਕਾਰੀ ਬੱਸਾਂ ਵਾਲੇ ਵੀ ਲੰਮਿਆਂ ਰੂਟਾਂ ਤੇ ਬੱਸ ਨੂੰ ਉਸ ਢਾਬੇ `ਤੇ ਖੜੀ ਕਰਦੇ ਹਨ ਜਿੱਥੇ ਸਫ਼ਾਈ ਦਾ ਕੋਈ ਪ੍ਰਬੰਧ ਨਹੀਂ ਹੁੰਦਾ ਤੇ ਢਾਬੇ ਦਾ ਮਾਲਕ ਵੀ ਆਪਣੀ ਮਨ ਮਰਜ਼ੀ ਨਾਲ ਪੈਸੇ ਵਸੂਲਦਾ ਹੈ। ਸਵਾਰੀਆਂ ਆਮ ਰੌਲ਼ਾ ਪਉਂਦੀਆਂ ਹਨ ਪਰ ਸੁਣਵਾਈ ਕੋਈ ਨਹੀਂ ਹੈ। ਇੱਕ ਸਤਰ ਵਿੱਚ ਗੱਲ ਮੁਕਾਈ ਜਾਏ ਕਿ ਪੰਜਾਬ ਵਿੱਚ ਟ੍ਰਾਂਸਪੋਰਟ ਲੋਕਾਂ ਦੀ ਛਿੱਲ ਹੀ ਨਹੀਂ ਲਾ ਰਹੀ ਸਗੋਂ ਧੱਕਾ ਵੀ ਕਰਦੀ ਹੈ ਅੱਜ ਕਲ ਤਾਂ ਬਕਾਇਆ ਮੋੜਨ ਦੀ ਥਾਂ `ਤੇ ਟੋਫੀਆਂ ਦੇ ਕੇ ਬੁੱਤਾ ਸਾਰਿਆ ਜਾ ਰਿਹਾ ਹੈ। ਸਭ ਤੋਂ ਵੱਡਾ ਦੁਖਾਂਤ ਹੈ ਸਵਾਰੀ ਨਾਲ ਵਧੀਕੀ ਹੁੰਦੀ ਵੇਖ ਕੋਈ ਵੀ ਸਿਆਣਾ ਬੰਦਾ ਸਮਝਾਉਣ ਦਾ ਯਤਨ ਨਹੀਂ ਕਰਦਾ ਸਗੋਂ ਮੂਕ ਦਰਸ਼ਕ ਬਣ ਕੇ ਮੁਫਤ ਵਿੱਚ ਤਮਾਸ਼ਾ ਦੇਖਦਾ ਹੈ। ਬੱਸਾਂ ਵਿੱਚ ਰੋਜ਼ ਹੁੰਦਾ ਧੱਕਾ ਦੇਖ ਕੇ ਆਮ ਪੰਜਾਬੀ ਸੱਚ ਬੋਲਣ ਤੋਂ ਹੀ ਕਿਨਾਰਾ ਕਰ ਗਿਆ ਹੈ।
ਸ਼੍ਰੋਮਣੀ ਅਕਾਲੀ ਦਲ `ਤੇ ਭਾਰਤੀ ਜੰਤਾ ਪਾਰਟੀ ਨੂੰ ਦੋ ਵਾਰ ਰਾਜ ਕਰਨ ਦਾ ਮੌਕਾ ਮਿਲਿਆ ਹੈ। ਅਖਬਾਰੀ ਤੱਥਾਂ ਅਨੁਸਾਰ ਬਹੁਤ ਸਾਰੇ ਵਪਾਰਕ ਅਦਾਰਿਆਂ `ਤੇ ਮੰਤਰੀਆਂ ਨੇ ਆਪਣੀ ਪਕੜ ਮਜ਼ਬੂਤ ਕਰ ਲਈ ਹੈ। ਆਵਾਜਾਈ ਦੇ ਸਾਧਨਾਂ `ਤੇ ਸੰਪੂਰਨ ਕਬਜ਼ਾ ਕੀਤਾ ਹੋਇਆ ਹੈ। ਲੋਕ ਸੇਵਾ ਦਾ ਤਾਂ ਐਵੇਂ ਨਾਂ ਹੀ ਲਿਆ ਜਾਂਦਾ ਹੈ ਪਰ ਕਨੂੰਨ ਦੀ ਹਾਲਤ ਨਿਘਰ ਗਈ ਹੈ। ਕੁੱਝ ਅਜੇਹੇ ਤੱਥ ਹਨ ਜੋ ਸਰਕਾਰ ਦੀ ਨਾਕਾਮੀ ਦਾ ਪੋਲ ਖੋਲ੍ਹਦੇ ਹਨ। ੪ ਮਈ ੨੦੧੫ ਨੂੰ ਲੋਕ ਸਭਾ ਵਿੱਚ ਪੰਜਾਬ ਦੀ ਨਿਘਰ ਰਹੀ ਹਾਲਤ ਤੇ ਵਿਸ਼ੇਸ਼ ਤੌਰ `ਤੇ ਮੁੱਦੇ ਉਠਾਏ ਗਏ।
ਔਰਬਿਟ ਟ੍ਰਾਂਸਪੋਰਟ ਬੱਸ ਕੰਪਨੀ ਸੂਬੇ ਦੇ ਮੁੱਖ ਮੰਤਰੀ ਦੇ ਪਰਵਾਰ ਦੀ ਹੈ। ਉਸ ਦੇ ਮੁਲਾਜ਼ਮਾਂ ਵਲੋਂ ਕਈ ਵਾਰਦਾਤਾਂ ਹੋਈਆਂ ਹਨ ਪਰ ਸਮੇਂ ਸਿਰ ਐਕਸ਼ਨ ਨਹੀਂ ਲਿਆ ਗਿਆ ਜਿਸ ਕਰਕੇ ਘਟਨਾਵਾਂ ਤੋਂ ਘਟਨਾਵਾਂ ਦੇ ਜਨਮ ਵਿੱਚ ਵਾਧਾ ਹੁੰਦਾ ਗਿਆ ਹੈ। ਬੱਸ ਮੁਲਾਜ਼ਮ ਆਪ ਹੁਦਰੀਆਂ ਦੀ ਆਮ ਜੇਹੀ ਗੱਲ ਹੋ ਗਈ ਹੈ। ਲੋਕ ਸਭਾ ਵਿੱਚ ਇਸ ਕੰਪਨੀ ਦੀਆਂ ਦਸ ਘਟਨਾਵਾਂ ਦਾ ਵੇਰਵਾ ਗੂੰਜਿਆ ਹੈ।
ਅਪ੍ਰੈਲ ੨੦੧੧ ਵਿੱਚ ਮੋਟਰ ਸਾਇਕਲ ਤੇ ਜਾ ਰਹੇ ਨੌਜਵਾਨ ਨੂੰ ਔਰਬਿਟ ਟ੍ਰਾਂਸਪੋਰਟ ਨੇ ਸੰਗਰੂਰ ਵਿੱਚ ਕੁਚਲ ਦਿੱਤਾ ਸੀ ਪਰ ਅਜੇ ਤਕ ਕਾਰਵਾਈ ਨਹੀਂ ਹੋਈ।
ਮਈ ੨੦੧੨ ਵਿੱਚ ੨੬ ਸਾਲਾ ਨੌਜਵਾਨ ਨੂੰ ਔਰਬਿਟ ਬੱਸ ਨੇ ਬਰਨਾਲਾ ਨੇੜੈ ਕੁਚਲ ਦਿੱਤਾ ਸੀ ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ।
੧੬ ਫਰਵਰੀ ੨੦੧੪ ਨੂੰ ਔਰਬਿਟ ਦੀ ਬੱਸ ਨੇ ਪਟਿਆਲਾ ਨੇੜੇ ਪਿੰਡ ਹਰੀਗੜ੍ਹ ਵਿੱਚ ਦੋ ਵਿਆਕਤੀਆਂ ਨੂੰ ਕੁਚਲ ਦਿੱਤਾ ਸੀ ਪਰ ਕੋਈ ਕਾੲਵਾਈ ਨਹੀਂ ਹੋਈ।
੩੦ ਮਾਰਚ ੨੦੧੪ ਨੂੰ ਔਰਬਿਟ ਦੀ ਬੱਸ ਨੇ ਸਕੂਟਰ ਤੇ ਜਾ ਰਹੇ ਪੈਟਰੋਲ ਪੰਪ ਦੇ ਮਾਲਕ ਰਕੇਸ਼ ਕੁਮਾਰ ਨੂੰ ਬਰਨਾਲਾ ਵਿੱਚ ਕੁਚਲ ਦਿੱਤਾ ਸੀ ਕੋਈ ਕਾਰਵਾਈ ਨਹੀਂ ਹੋਈ।
੧੬ ਮਈ ੨੦੧੪ ਨੂੰ ਔਰਬਿਟ ਦੀ ਬੱਸ ਨੇ ਲੁਧਿਆਣਾ ਵਿੱਚ ਆਸ਼ੁਤੋਸ਼ ਸਿੰਘ ਪੁੱਤਰ ਏ ਆਈ ਗੀ ਜੇਲ੍ਹ ਜੇ. ਪੀ ਸਿੰਘ ਨੂੰ ਕੁਚਲ ਦਿੱਤਾ ਸੀ ਪਰ ਕਾਰਵਾਈ ਕੋਈ ਨਹੀਂ ਹੋਈ।
੨੯ ਅਪ੍ਰੈਲ ੨੦੧੫ ਨੂੰ ਔਰਬਿਟ ਦੀ ਬਸ ਨੇ ਦਲਿਤ ਪ੍ਰਵਾਰ ਦੀ ਲੜਕੀ ਅਰਸ਼ਦੀਪ ਕੌਰ ਤੇ ਉਸ ਦੀ ਮਾਤਾ ਨੂੰ ਚਲਦੀ ਬਸ ਵਿਚੋਂ ਜਬਰੀ ਧੱਕਾ ਦੇ ਦਿੱਤਾ ਗਿਆ। ਅਰਸ਼ਦੀਪ ਕੌਰ ਦੀ ਮੌਤ ਹੋ ਗਈ ਤੇ ਮਾਂ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ।
ਸੂਬੇ ਵਿੱਚ ਕਨੂੰਨ ਦੀ ਹਾਲਤ ਡਾਵਾਂਡੋਲ ਹੈ। ਸਰਕਾਰ ਲੋਕਾਂ ਨੂੰ ਸੁਰੱਖਿਆ ਦੇਣ ਵਿੱਚ ਅਸਫਲ ਹੈ ਪਰ ਔਰਬਿਟ ਦੀਆਂ ੪੦੦ ਬੱਸਾਂ ਨੂੰ ਪੁਲੀਸ ਸੁਰੱਖਿਆ ਦਿੱਤੀ ਗਈ ਹੈ। ਕਿਉਂਕਿ ਉਹ ਬਾਦਲ ਪ੍ਰਵਾਰ ਦੀਆਂ ਹਨ।
ਲੋਕ ਸਭਾ ਵਿੱਚ ਗਿਕੀਸਿੱਖ ਦੀ ਅਕਾਲੀ ਨੇਤਾ ਦੇ ਰਿਸ਼ਤੇਦਾਰ ਵਲੋਂ ਕੀਤੀ ਗਈ ਹੱਤਿਆ ਦਾ ਮੁਆਮਲਾ ਵੀ ਉਠਿਆ।
ਅੰਮ੍ਰਿਤਸਰ ਵਿੱਚ ਫਾਸਟਵੇਅ ਕੇਬਲ ਨੈਟਵਰਕ ਦੇ ਅਪਰੇਟਰ ਜਸਵਿੰਦਰ ਸਿੰਘ ਵਲੋਂ ਕੀਤੀ ਗਈ ਆਤਮ ਹੱਤਿਆ ਦੇ ਕੇਸ ਨੂੰ ਵੀ ਉਜਾਗਰ ਕੀਤਾ ਗਿਆ।
ਫਰੀਦਕੋਟ ਵਿੱਚ ਅਰੂਸ਼ੀ ਨੂੰ ਅਗਵਾ, ਲਧਿਆਣਾ ਵਿੱਚ ਪਲੀਸ ਅਧਿਕਾਰੀ ਨੂੰ ਕੁਟਣਾ ਦੇ ਮੁਆਮਲੇ ਵੀ ਲੋਕ ਸਭਾ ਵਿੱਚ ਗੂੰਜੇ।
ਪੰਜਾਬ ਦੀਆਂ ਬੱਸਾਂ ਵਿੱਚ ਨਿੱਤ ਘਟਨਾਵਾਂ ਵਾਪਰਦੀਆਂ ਹਨ ਪਰ ਸੁਣਵਾਈ ਕੋਈ ਨਹੀਂ ਹੈ ਕਿਉਂ ਬਹੁਤੀਆਂ ਬੱਸਾਂ ਮੰਤਰੀਆਂ ਦੀਆਂ ਹਨ ਜਾਂ ਪਹੁੰਚ ਵਾਲੇ ਲੋਕਾਂ ਦੀਆਂ ਹਨ। ਪੁਲੀਸ ਵਾਲੇ ਵੀ ਖਾਨਾ ਪੂਰਤੀ ਕਰਦੇ ਹਨ ਅਗਾਂਹ ਕੋਈ ਕਾਰਵਾਈ ਨਹੀਂ ਹੁੰਦੀ।

੭ ਮਈ ੨੦੧੫ ਨੂੰ ਅਜੀਤ ਅਖ਼ਬਾਰ ਤੇ ਭਾਈ ਗੁਰਸੇਵਕ ਸਿੰਘ ਸੋਹਲ ਵਲੋਂ ਇੱਕ ਵਿਸ਼ੇਸ਼ ਸਰਵੇਖਣ ਰਿਪੋਰਟ ਛਾਪੀ ਗਈ ਹੈ— -ਪੰਜਾਬ ਦੀਆਂ ਬੱਸਾਂ ਵਿਚ ਲੜਕੀਆਂ ਨਾਲ ਅਤਿ ਘਟੀਆ ਵਰਤਾਅ/ਛੇੜਛਾੜ ਕੇਵਲ `ਮੋਗਾ ਕਾਂਡ` ਤੱਕ ਹੀ ਸੀਮਤ ਨਹੀਂ, ਬਲਕਿ ਇਹ ਤਾਂ ਰੋਜ਼ ਦਾ ਵਰਤਾਰਾ ਹੈ, ਪ੍ਰੰਤੂ ਉਹ ਵੱਖਰੀ ਗੱਲ ਹੈ ਕਿ ਛੇੜਛਾੜ ਦਾ ਸਾਹਮਣਾ ਕਰਨ ਵਾਲੀਆਂ ਜ਼ਿਆਦਾਤਰ ਲੜਕੀਆਂ ਇਹ ਸੋਚ ਕੇ ਚੁੱਪ ਵੱਟ ਲੈਂਦੀਆਂ ਹਨ ਕਿ ਜੇ ਉਹ ਛੇੜਛਾੜ ਕਰਨ ਵਾਲੇ ਦਾ ਵਿਰੋਧ ਕਰਦੀਆਂ ਹਨ ਤਾਂ ਪਤਾ ਨਹੀਂ, ਕੋਈ ਉਨ੍ਹਾਂ ਦਾ ਸਾਥ ਦੇਵੇਗਾ ਜਾਂ ਨਹੀਂ, ਜਾਂ ਉਲਟਾ ਉਨ੍ਹਾਂ ਦੀ ਹੀ ਬਦਨਾਮੀ ਤਾਂ ਨਹੀਂ ਹੋ ਜਾਵੇਗੀ ਜਾਂ ਕਿਧਰੇ ਅਜਿਹਾ ਮਾਮਲਾ ਉਨ੍ਹਾਂ ਦੇ ਮਾਪਿਆਂ ਤੱਕ ਪਹੁੰਚਣ `ਤੇ ਮਾਪੇ ਉਨ੍ਹਾਂ ਨੂੰ ਪੜ੍ਹਨ ਜਾਣ ਤੋਂ ਹੀ ਨਾ ਰੋਕ ਦੇਣ ਙ ਲੜਕੀਆਂ ਖਾਸਕਰ ਕਾਲਜਾਂ/ਯੂਨੀਵਰਸਿਟੀਆਂ `ਚ ਬੱਸਾਂ ਰਾਹੀਂ ਪੜ੍ਹਨ ਜਾਂਦੀਆਂ ਬਹੁਤੀਆਂ ਵਿਦਿਆਰਥਣਾਂ ਦਾ ਸੋਚਣਾ ਹੈ ਕਿ ਪੰਜਾਬ `ਚ ਬੱਸ ਸਫ਼ਰ ਲੜਕੀਆਂ/ਔਰਤਾਂ ਲਈ ਸੁਰੱਖਿਅਤ ਨਹੀਂ ਰੋਜ਼ਾਨਾ ਬੱਸਾਂ ਵਿਚ ਸਫ਼ਰ ਕਰਕੇ ਪੜ੍ਹਨ ਜਾਂਦੀਆਂ ਲੜਕੀਆਂ ਦੀ ਪੰਜਾਬ ਵਿਚਲੇ ਬੱਸ-ਸਫ਼ਰ ਬਾਰੇ ਕੀ ਸੋਚ ਹੈ, ਇਹ ਪਤਾ ਲਾਉਣ ਲਈ `ਅਜੀਤ` ਦੇ ਇਸ ਪ੍ਰਤੀਨਿਧ ਵੱਲੋਂ ਇਹ ਸਰਵੇਖਣ ਕੀਤਾ ਗਿਆ, ਜਿਸ ਵਿਚ ਚੰਡੀਗੜ੍ਹ ਦੇ ੭ ਕਾਲਜਾਂ ਅਤੇ ੨ ਯੂਨੀਵਰਸਿਟੀਆਂ ਦੀਆਂ ਕੁੱਝ ਅਜਿਹੀਆਂ ਲੜਕੀਆਂ ਨੂੰ ਸ਼ਾਮਿਲ ਕੀਤਾ ਗਿਆ, ਜੋ ਰੋਜ਼ਾਨਾ ਚੰਡੀਗੜ੍ਹ ਤੋਂ ੫੦-੬੦ ਕਿਲੋਮੀਟਰ ਤੱਕ ਪੰਜਾਬ ਵਿਚਲੇ ਖੇਤਰਾਂ ਤੋਂ ਬੱਸਾਂ ਰਾਹੀਂ ਚੰਡੀਗੜ੍ਹ ਪੜ੍ਹਨ ਆਉਂਦੀਆਂ ਹਨ ਇਸ ਸਰਵੇਖਣ ਦੌਰਾਨ ਹਰ ਲੜਕੀ ਨੂੰ `ਸਰਵੇ-ਸ਼ੀਟ` ਦੇ ਕੇ ਉਸ ਤੋਂ ਪੰਜਾਬ ਵਿਚਲੀ ਬੱਸ-ਸੇਵਾ ਬਾਰੇ ੯ ਸੁਆਲ ਪੁੱਛੇ ਗਏ--
ਉਸ ਦਾ ਸਾਰ ਕੁੱਝ ਇਸ ਪ੍ਰਕਾਰ ਹੈ— ੭੦ ਫ਼ੀਸਦੀ ਲੜਕੀਆਂ ਬੱਸਾਂ ਵਿੱਚ ਲੱਗੇ ਅਸ਼ਲੀਲ ਗੀਤਾਂ ਤੋਂ ਮਹਿਸੂਸ ਕਰਦੀਆਂ ਹਨ ਪਰੇਸ਼ਾਨੀ--
੯੦ ਫ਼ੀਸਦੀ ਲੜਕੀਆਂ ਅਨੁਸਾਰ ਪੰਜਾਬ ਵਿੱਚ ਸ਼ਾਮ ਤੋਂ ਬਾਅਦ ਬੱਸਾਂ ਵਿੱਚ ਸਫਰ ਲੜਕੀਆਂ ਲਈ ਸੁਰੱਖਿਅਤ ਨਹੀਂ ਹੈ।
੮੦ ਫ਼ਸਿਦੀ ਲੜਕੀਆਂ ਅਨੁਸਾਰ ਸਰਕਾਰੀ ਬੱਸਾਂ ਵਿੱਚ ਸਫ਼ਰ ਵਧੇਰੇ ਸੁਰੱਖਿਅਤ ਹੈ।
ਇਸ ਤੋਂ ਇਲਾਵਾ ਅੰਮ੍ਰਿਤਸਰ ਵਿਖੇ ਦਿਨ ਦੀਵੀਂ ਇੱਕ ਏ. ਐਸ. ਆਈ ਦੀ ਹੱਤਿਆ ਕਰ ਦਿੱਤੀ ਗਈ ਸੀ।
ਪੰਜਾਬ ਵਿੱਚ ਨੌਜਵਾਨ ਪੀੜ੍ਹੀ ਚਿੱਟੇ ਨਸ਼ੇ ਦਾ ਸ਼ਿਕਾਰ ਹੋ ਚੁੱਕੀ ਹੈ ਤੇ ਇਹ ਨਸ਼ੇ ਵਧਾਉਣ ਦਾ ਨਾਂ ਵੀ ਹਾਕਮ ਧਿਰ ਦਾ ਹੀ ਲੱਗਦਾ ਹੈ। ਅਜੇ ਤੀਕ ਕੋਈ ਠੋਸ ਕਾਰਵਾਈ ਨਹੀਂ ਦਿਸ ਰਹੀ।
ਸਰਕਾਰ ਨੇ ਜਦੋਂ ਸਤਾ ਸੰਭਾਲ਼ਦੀ ਹੈ ਤਾਂ ਇੱਕ ਦੋ ਪਟਵਾਰੀਆਂ ਨੂੰ ਰਿਸ਼ਵਤ ਦੇ ਕੇਸ ਵਿੱਚ ਫੜ ਕੇ ਆਪਣੀ ਭੱਲ ਬਣਾ ਲੈਂਦੀ ਹੈ। ਲੋਕ ਵੀ ਸਮਝਣ ਲੱਗ ਜਾਂਦੇ ਹਨ ਕਿ ਸ਼ਾਇਦ ਕੁਰੱਪਸ਼ਨ ਖਤਮ ਹੋ ਜਾਏਗੀ ਪਰ ਅਜੇ ਤੀਕ ਰਿਸ਼ਵਤ ਖਤਮ ਨਹੀਂ ਹੋਈ। ਪੰਾਜਬ ਵਿਚੌਂ ਸਰਕਾਰੀ ਨੌਕਰੀਆਂ ਨੌਜਵਾਨਾਂ ਲਈ ਊਠ ਦਾ ਬੁੱਲ ਬਣ ਚੁੱਕੀਆਂ ਹਨ। ਬਹੁਤ ਸਾਰੀ ਸਮਾਲ ਇੰਡਸਟਰੀ ਬੰਦ ਹੋ ਗਈ ਹੈ। ਬੇ-ਰੋਜ਼ਗਾਰ ਨੌਜਵਾਨ ਧੱਕੇ ਖਾਣ ਲਈ ਮਜ਼ਬੂਰ ਹੋ ਰਿਹਾ ਹੈ।
ਸੂਬੇ ਦੀ ਨਿਘਰ ਰਹੀ ਹਾਲਤ ਦਾ ਜਦੋਂ ਵਿਸਥਾਰ ਕਰਾਂਗੇ ਤਾਂ ਪੰਜਾਬ ਦੀ ਕਿਰਸਾਨੀ ਨੂੰ ਅੱਖੋਂ ਪਰੋਖੇ ਨਹੀਂ ਕਰ ਸਕਦੇ। ਆਲੂਆਂ ਦੀ ਫਸਲ ਨੇ ਕਿਰਸਾਨਾਂ ਨੂੰ ਮਿੱਟੀ ਵਾਂਗ ਰੋਲ਼ਿਆ ਹੈ ਰਹਿੰਦੀ ਕਸਰ ਕਣਕ ਨੇ ਕੱਢ ਦਿੱਤੀ ਹੈ। ਮੰਡੀਆਂ ਵਿੱਚ ਕਣਕ ਦੇ ਅੰਬਾਰ ਲੱਗੇ ਹੋਏ ਹਨ। ਪੁੱਤਾਂ ਵਾਂਗ ਪਾਲ਼ੀਆਂ ਫਸਲ ਨੂੰ ਕਿਰਸਾਨ ਭੰਗ ਦੇ ਭਾੜੇ ਸੁੱਟਣ ਲਈ ਤਿਆਰ ਹੈ ਕਿਉਂਕਿ ਸਰਕਾਰ ਵਲੋਂ ਕੋਈ ਜੋਗ ਪ੍ਰਬੰਧ ਨਹੀਂ ਹੈ। ਕਰਜ਼ੇ ਦੇ ਸਤਾਏ ਹੋਏ ਕਈ ਕਿਰਸਾਨਾਂ ਨੇ ਆਤਮ ਹੱਤਿਆਵਾਂ ਕੀਤੀਆਂ ਹਨ। ਮੌਜੂਦਾ ਸਰਕਾਰ ਹਮੇਸ਼ਾਂ ਕੇਂਦਰ `ਤੇ ਦੋਸ਼ ਦੇਂਦੀ ਸੀ ਕਿ ਕੇਂਦਰੀ ਸਰਕਾਰ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਦੀ ਹੈ। ਹੁਣ ਤਾਂ ਇਹ ਬਹਾਨਾ ਵੀ ਮੁੱਕ ਗਿਆ ਹੈ ਕਿਉਂਕਿ ਕੇਂਦਰ ਵਿੱਚ ਤਾਂ ਹੁਣ ਭਾਈਵਾਲ ਵਾਲਿਆਂ ਦੀ ਸਰਕਾਰ ਹੈ।
ਜੰਤਾ ਵੀ ਪੂਰੀ ਤਰ੍ਹਾਂ ਨਿਸਲ ਹੋਈ ਪਈ ਹੈ। ਸੂਬੇ ਦਾ ਉੱਪ ਮੁੱਖ ਮੰਤਰੀ ਇਹ ਕਹੇ ਕੇ ਅਸੀਂ ਸਾਰੇ ਪੁਲ ਉਚੇ ਕਰ ਦੇਣੇ ਹਨ ਤੇ ਪਾਣੀ ਵਿੱਚ ਬੱਸਾਂ ਚਲਾ ਦੇਣੀਆਂ ਹਨ ਤੁਸੀਂ ਮੱਛੀਆਂ ਫੜਿਓ ਤੇ ਨਾਲ ਸਫਰ ਕਰਿਓ। ਲੋਕ ਖੁਸ਼ ਹੋ ਕੇ ਤਾੜੀਆਂ ਮਾਰਦੇ ਹਨ। ਜਦੋਂ ਜੰਤਾ ਇਹਨਾਂ ਵਿਚਾਰਾਂ ਨੂੰ ਸੁਣ ਕੇ ਘਰਾਂ ਨੂੰ ਚਲੀ ਜਾਂਦੀ ਹੈ ਤਾਂ ਹਾਕਮ ਧਿਰ ਸੋਚਦੀ ਹੈ ਹੁਣ ਕੋਈ ਸਾਨੂੰ ਕਿਸੇ ਕਿਸਮ ਦਾ ਕੋਈ ਡਰ ਨਹੀਂ ਹੈ
ਹਾਕਮ ਧਿਰ ਨੂੰ ਪਤਾ ਲੱਗ ਗਿਆ ਹੈ ਸਾਡੀ ਵਿਰੋਧੀ ਪਾਰਟੀਆਂ ਵਿੱਚ ਵੀ ਕੋਈ ਜਾਨ ਨਹੀਂ ਹੈ। ਉਹਨਾਂ ਦੇ ਲੀਡਰ ਵੀ ਕਿਤੇ ਨਾ ਕਿਤੇ ਫਸੇ ਹੋਏ ਹਨ। ਕਈ ਵਪਾਰਿਕ ਧੰਧਿਆਂ ਵਿੱਚ ਉਹ ਵੀ ਪੂਰੇ ਭਾਈਵਾਲ ਹਨ। ਦਿਹਾੜੀ ਡੰਗ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਉਣਗੇ ਫਿਰ ਸਾਰਾ ਕੁੱਝ ਭੁੱਲ ਭੁਲਾ ਜਾਂਦੇ ਹਨ। ਮੋਗਾ ਕਾਂਡ `ਤੇ ਰਾਜਨੀਤਿਕ ਪਾਰਟਆਂ ਨੂੰ ਇੱਕ ਮੁੱਦਾ ਵਧੀਆ ਮੁੱਦਾ ਮਿਲ ਗਿਆ ਹੈ ਪੰਜਾਬ ਦੀ ਸਰਕਾਰ ਨੂੰ ਘੇਰਨ ਦਾ ਕਿਉਂਕਿ ਇਹ ਬੱਸ ਸੂਬੇ ਮੁੱਖ ਮੰਤਰੀ ਨਾਲ ਸਬੰਧ ਰੱਖਦੀ ਹੈ ਵਰਨਾ ਸੈਂਕੜੇ ਬੱਸ ਹਾਦਸੇ ਹੁੰਦੇ ਹਨ ਕਦੇ ਕਿਸੇ ਨੇਤਾਜਨ ਦੇ ਜੂੰਅ ਨਹੀਂ ਸਰਕੀ। ਰੇਤ-ਬੱਜਰੀ ਨੂੰ ਆਮ ਲੋਕ ਖੰਡ ਦੇ ਭਾਅ ਖਰੀਦਣ ਲਈ ਮਜ਼ਬੂਰ ਹਨ। ਰਾਜਨੀਤਿਕ ਪਾਰਟੀਆਂ ਵੀ ਉੱਤਰ ਕਾਂਟੋ ਮੈਂ ਚੜ੍ਹਾਂ ਵਾਲੀ ਰਟ ਲਗਾ ਰਹੀਆਂ ਹਨ ਪੰਜਾਬ ਲਈ ਕਿਸੇ ਪਾਸ ਕੋਈ ਵਿਉਂਤ ਬੰਦੀ ਨਹੀਂ ਹੈ। ਪੰਜਾਬ ਦੀ ਨਿਘਰ ਰਹੀ ਹਾਲਤ ਨੂੰ ਸੰਭਾਲਣ ਲਈ ਜੰਤਾ ਨੂੰ ਖ਼ੁਦ ਅੱਗੇ ਆਉਣਾ ਪਏਗਾ।
.