.

ਲੜੀ ਵਾਰ (੧ ਤੋਂ ੬) (ਭਾਗ ਪਹਿਲਾ)

ਗੁਰਮੱਤ ਸੰਦੇਸ਼ ਅਥਵਾ

ਗੁਰਬਾਣੀ ਦਾ ਸੱਚ

ਨਿਰੋਲ ਗੁਰਬਾਣੀ ਪ੍ਰਮਾਣਾਂ `ਤੇ ਆਧਾਰਿਤ

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

ਘਟਿ ਘਟਿ ਜੋਤਿ ਨਿਰੰਤਰੀ

(ਸੰ: ੧) "ਜਿਨਿ ਏਹੁ ਜਗਤੁ ਉਪਾਇਆ, ਤ੍ਰਿਭਵਣੁ ਕਰਿ ਆਕਾਰੁ॥ ਗੁਰਮੁਖਿ ਚਾਨਣੁ ਜਾਣੀਐ, ਮਨਮੁਖਿ ਮੁਗਧੁ ਗੁਬਾਰੁ॥ ਘਟਿ ਘਟਿ ਜੋਤਿ ਨਿਰੰਤਰੀ ਬੂਝੈ ਗੁਰਮਤਿ ਸਾਰੁ"॥ ੪॥ (ਪੰ: ੨੦)

ਜਿਸ ਜੋਤਿ-ਸਰੂਪ ਪ੍ਰਭੂ ਨੇ ਇਹ ਜਗਤ ਪੈਦਾ ਕੀਤਾ ਹੈ, ਇਸ ਤ੍ਰਿਭਵਣੀ ਸਰੂਪ ਸੰਸਾਰ ਦੀ ਰਚਨਾ ਕੀਤੀ ਤੇ ਇਸ ਨੂੰ ਬਣਾਇਆ ਹੈ, ਸ਼ਬਦ-ਗੁਰੂ ਦੀ ਸ਼ਰਨ `ਚ ਆ ਕੇ ਹੀ ਉਸ ਰੱਬੀ ਜੋਤਿ ਦੀ ਸੋਝੀ ਤੇ ਉਸ ਨਾਲ ਸਾਂਝ ਬਣਾਈ ਜਾ ਸਕਦੀ ਹੈ।

ਭਾਵੇਂ ਕਿ ਰੱਬੀ ਜੋਤਿ ਇਕ-ਰਸ ਅਤੇ ਹਰੇਕ ਸਰੀਰ `ਚ ਤੇ ਹਰ ਸਮੇਂ ਵਿਆਪਕ ਹੁੰਦੀ ਹੈ।

ਤਾਂ ਵੀ ਆਪਣੇ ਮਨ ਦੇ ਪਿੱਛੇ ਟੁਰਣ ਵਾਲੇ ਮਨੁੱਖ ਨੂੰ ਇਹ ਜੋਤਿ ਨਹੀਂ ਦਿੱਸਦੀ; ਕਿਉਂਕਿ ਉਸ ਅੰਦਰ ਤਾਂ ਆਤਮਕ ਹਨੇਰਾ ਹੀ ਹਨੇਰਾ, ਹੁੰਦਾ ਹੈ।

ਸ਼ਬਦ-ਗੁਰੂ ਦੀ ਮੱਤ ਲਿਆਂ ਅਥਵਾ ਸ਼ਬਦ-ਗੁਰੂ ਦੀ ਕਮਾਈ ਕੀਤਿਆਂ ਹੀ, ਮਨੁੱਖ ਦੇ ਜੀਵਨ ਅੰਦਰੋਂ ਇਹ ਰਬੀ ਜੋਤ ਵਾਲਾ ਸੱਚ ਉਜਾਗਰ ਹੁੰਦਾ ਹੈ। ਭਾਵ ਸ਼ਬਦ ਗੁਰੂ ਦੀ ਕਮਾਈ ਤੋਂ ਬਿਨਾ ਜੀਵਨ ਦੀ ਅਜਿਹੀ ਸਫ਼ਲਤਾ ਅਤੇ ਪ੍ਰਫ਼ੁਲਤਾ ਹੀ ਸੰਭਵ ਨਹੀਂ। ੪। (ਪੰ: ੨੦)

ਮਨਮੁਖ ਤੇ ਸਫ਼ਲ ਜੀਵਨ

(ਸੰ: ੨) "ਇਹੁ ਸਰੀਰੁ ਮਾਇਆ ਕਾ ਪੁਤਲਾ ਵਿਚਿ ਹਉਮੈ ਦੁਸਟੀ ਪਾਈ॥ ਆਵਣੁ ਜਾਣਾ ਜੰਮਣੁ ਮਰਣਾ ਮਨਮੁਖਿ ਪਤਿ ਗਵਾਈ॥ ਸਤਗੁਰੁ ਸੇਵਿ ਸਦਾ ਸੁਖੁ ਪਾਇਆ ਜੋਤੀ ਜੋਤਿ ਮਿਲਾਈ" (ਪੰ: ੩੧)

ਅਰਥ- ਮਨਮੁਖ ਦਾ ਸਰੀਰ ਜੀਵਨ ਭਰ ਮਾਇਆ ਦਾ ਪੁਤਲਾ ਬਣਿਆ ਰਹਿੰਦਾ ਹੈ ਭਾਵ ਮਨ ਪਿਛੇ ਟੁਰਣ ਵਾਲਾ ਮਨੁੱਖ, ਜੀਵਨ ਭਰ ਮਾਇਕ ਰਸਾਂ, ਮਾਇਕ ਪ੍ਰਾਪਤੀਆਂ, ਮੋਹ ਮਾਇਆ ਦੀ ਪੱਕੜ ਤੇ ਵਿਕਾਰਾਂ ਦੇ ਹੱਥਾਂ `ਚ ਹੀ ਖੇਡਦਾ ਹੈ। ਕਾਰਣ ਹੁੰਦਾ ਹੈ ਕਿ ਮਨਮੁਖ ਦੇ ਹਿਰਦੇ `ਚ ਸਦਾ ਹਉਮੈ ਆਦਿ ਵਿਕਾਰਾਂ ਦੀ ਭੈੜ ਤੇ ਗੰਦਗੀ ਟਿੱਕੀ ਰਹਿੰਦੀ ਹੈ ਜਿਹੜੀ ਉਸ ਦੇ ਜੀਵਨ ਨੂੰ ਸਿੱਧੇ ਰਾਹ ਨਹੀਂ ਪੈਣ ਦਿੰਦੀ।

ਇਸੇ ਤੋਂ ਮਨੁੱਖਾ ਜਨਮ ਪਾ ਕੇ ਵੀ ਮਨਮੁਖ ਮੁੜ-ਮੁੜ ਜਨਮ-ਮਰਨ ਤੇ ਉਨ੍ਹਾਂ ਹੀ ਜੂਨਾਂ-ਗਰਭਾਂ ਦੇ ਗੇੜ `ਚ ਪੈਂਦਾ ਹੈ। ਇਸ ਤਰ੍ਹਾਂ ਮਨਮੁਖ ਦਾ ਪ੍ਰਾਪਤ ਜਨਮ ਵੀ ਖੁਆਰੀਆਂ `ਚ ਬਤੀਤ ਹੁੰਦਾ ਹੈ; ਉਪ੍ਰੰਤ ਸਰੀਰਕ ਮੌਤ ਬਾਅਦ ਵੀ ਮਨਮੁਖ, ਪ੍ਰਭੂ ਦੇ ਦਰ `ਤੇ ਕਬੂਲ ਨਹੀਂ ਹੁੰਦਾ, ਉਹ ਪ੍ਰਭੂ `ਚ ਅਭੇਦ ਨਹੀਂ ਹੁੰਦਾ; ਉਸ ਦਾ ਜਨਮ ਸਫ਼ਲ ਨਹੀਂ ਹੁੰਦਾ; ਭਾਵ ਮਨਮੁਖ ਇਹ ਲੋਕ ਅਤੇ ਪ੍ਰਲੋਕ ਦੋਵੇਂ ਗੁਆ ਲੈਂਦਾ ਹੈ।

ਜਿਸ ਮਨੁੱਖ ਨੇ ਸਤਿਗੁਰੂ ਦੀ ਦੱਸੀ ਸੇਵਾ ਕੀਤੀ, ਭਾਵ ਜਿਹੜਾ ਜੀਵ, ਮਨੁੱਖਾ ਜਨਮ ਪਾ ਕੇ ਸ਼ਬਦ ਗੁਰੂ ਦੀ ਕਮਾਈ ਕਰਦਾ ਹੈ, ਉਹ ਸਰੀਰ `ਚ ਹੁੰਦੇ ਹੋਏ ਅਤੇ ਸਰੀਰ ਦੇ ਬਿਨਸਨ ਬਾਅਦ ਵੀ, "ਜੋਤੀ ਜੋਤਿ ਮਿਲਾਈ" ਜੋਤ ਕਰਕੇ ਪ੍ਰਭੂ ਦੀ ਜੋਤਿ `ਚ ਹੀ ਇੱਕ ਮਿੱਕ ਹੋਇਆ ਰਹਿੰਦਾ ਹੈ।

ਇਸੇ ਕਾਰਣ ਉਹ ਜੀਂਦੇ ਜੀਅ ਵੀ ਆਤਮਕ ਆਨੰਦ ਮਾਣਦਾ ਤੇ ਸੰਤੋਖੀ ਜੀਵਨ ਬਤੀਤ ਕਰਦਾ ਹੈ। ਉਪ੍ਰੰਤ ਸਰੀਰਕ ਮੌਤ ਤੋਂ ਬਾਅਦ ਵੀ ਮੁੜ ਜਨਮ-ਮਰਨ ਤੇ ਭਿੰਨ-ਭਿੰਨ ਗਰਭਾਂ-ਜੂਨਾਂ ਦੇ ਗੇੜ `ਚ ਨਹੀਂ ਆਉਂਦਾ, ਅਸਲੇ ਪ੍ਰਭੂ `ਚ ਹੀ ਸਮਾਅ ਜਾਂਦਾ ਹੈ। (ਜਿਵੇਂ "ਸਫਲ ਸਫਲ ਭਈ ਸਫਲ ਜਾਤ੍ਰਾ॥ ਆਵਣ ਜਾਣ ਰਹੇ ਮਿਲੇ ਸਾਧਾ" (ਪੰ: ੬੮੭)

ਪਦ ਅਰਥ- ਦੁਸਟੀ—ਦੁਸ਼ਟਤਾ, ਬਦੀ, ਨੀਚਤਾ। ਪਤਿ—ਇੱਜ਼ਤ। ਮਨਮੁਖਿ—ਮਨਮੁਖ ਨੇ, ਆਪ-ਹੁੱਦਰੇ ਨੇ। (ਪੰ: ੩੧)

ਬਿਰਥਾ ਮਨੁੱਖਾ ਜਨਮ

(ਸੰ: ੩) "ਮਾਇਆ ਵਿਚਿ ਸਹਜੁ ਨ ਉਪਜੈ, ਮਾਇਆ ਦੂਜੈ ਭਾਇ।। ਮਨਮੁਖ ਕਰਮ ਕਮਾਵਣੇ, ਹਉਮੈ ਜਲੈ ਜਲਾਇ।। ਜੰਮਣੁ ਮਰਣੁ ਨ ਚੂਕਈ, ਫਿਰਿ ਫਿਰਿ ਆਵੈ ਜਾਇ" (ਪੰ: ੬੮)

ਅਰਥ-ਮਾਇਆ ਦੇ ਮੋਹ `ਚ ਟਿਕੇ ਰਿਹਾਂ ਜੀਵਨ `ਚ ਆਤਮਕ ਅਡੋਲਤਾ ਪੈਦਾ ਨਹੀਂ ਹੁੰਦੀ। ਮਾਇਕ ਰਸਾਂ ਦੀ ਪੱਕੜ, ਮਨੁੱਖਾ ਜੀਵਨ ਨੂੰ ਪ੍ਰਭੂ ਨਾਲੋਂ ਤੋੜ ਕੇ ਸਦਾ ਕੁਰਾਹੇ ਪਾਈ ਰਖਦੀ ਹੈ।

ਉਪ੍ਰੰਤ ਅਜਿਹੇ ਮਨਮੁਖਤਾ ਭਰਪੂਰ ਕਰਮ ਕੀਤਿਆਂ ਮਨੁੱਖ, ਜੀਵਨ ਭਰ ਆਂਪਣੀ ਹਉਮੈ ਕਾਰਣ ਹੀ ਸੜਦਾ ਤੇ ਬਿਲਲਾਂਦਾ ਰਹਿੰਦਾ ਹੈ। ਇਸੇ ਤੋਂ ਉਸ ਦਾ ਜਨਮ-ਮਰਨ ਵਾਲਾ ਗੇੜ ਵੀ ਨਹੀਂ ਮੁੱਕਦਾ, ਉਹ ਲੰਮਾਂ ਸਮਾਂ ਸੰਸਾਰ `ਚ ਬਾਰ ਬਾਰ ਦੇ ਆਉਣ-ਜਾਣ ਤੇ ਜਨਮ-ਮਰਨ ਦੇ ਗੇੜ `ਚ ਹੀ ਪਿਆ ਰਹਿੰਦਾ ਹੈ।

ਭਾਵ ਆਪਣੀ ਹਉਮੈ ਕਾਰਣ, ਮਨਮੁਖ ਜੀਂਦੇ ਜੀਅ ਵੀ ਖੁਆਰ ਹੁੰਦਾ ਤੇ ਆਤਮਕ ਪੱਖੋਂ ਮੁਰਦਾ ਜੀਵਨ ਬਤੀਤ ਕਰਦਾ ਹੈ। ਉਪ੍ਰੰਤ ਸਰੀਰਕ ਮੌਤ ਤੋਂ ਬਾਅਦ ਵੀ ਉਹ ਮੁੜ ਉਨ੍ਹਾਂ ਹੀ ਜਨਮਾਂ, ਜੂਨਾਂ ਤੇ ਭਿੰਨ ਭਿੰਨ ਗਰਭਾਂ ਦੇ ਗੇੜ `ਚ ਪੈਂਦਾ ਹੈ, ਉਸ ਦਾ ਇਹ ਜਨਮ ਵੀ ਸਫ਼ਲ ਨਹੀਂ ਹੁੰਦਾ, ਉਹ ਪ੍ਰਭੂ `ਚ ਅਭੇਦ ਨਹੀਂ ਹੁੰਦਾ। ਇਸ ਤਰ੍ਹਾਂ ਉਸ ਦਾ ਲੋਕ (ਇਹ ਜਨਮ) ਤੇ ਪ੍ਰਲੋਕ ਦੋਵੇਂ ਬਿਰਥਾ ਹੋ ਜਾਂਦੇ ਹਨ। (ਪੰ: ੬੮)

ਸਫ਼ਲ ਜਨਮ

(ਸੰ: ੪) "…ਪਾਇਆ ਲਾਹਾ ਲਾਭੁ ਨਾਮੁ, ਪੂਰਨ ਹੋਏ ਕਾਮ॥ ਕਰਿ ਕਿਰਪਾ ਪ੍ਰਭਿ ਮੇਲਿਆ, ਦੀਆ ਅਪਣਾ ਨਾਮੁ॥ ਆਵਣ ਜਾਣਾ ਰਹਿ ਗਇਆ, ਆਪਿ ਹੋਆ ਮਿਹਰਵਾਨੁ॥ ਸਚੁ ਮਹਲੁ ਘਰੁ ਪਾਇਆ, ਗੁਰ ਕਾ ਸਬਦੁ ਪਛਾਨ॥ ੩॥ (ਪੰ: ੪੬)

ਅਰਥ-ਮਨੁੱਖਾ ਜਨਮ ਪਾ ਕੇ, ਜਿਸ ਨੇ ਪ੍ਰ੍ਰਭੂ ਦੀ ਸਿਫ਼ਤ ਸਲਾਹ ਵਾਲਾ ਲਾਭ ਲੈ ਲਿਆ। ਜਾਂ ਕਿਰਪਾ ਕਰ ਕੇ ਪ੍ਰਭੂ ਨੇ ਜਿਸ ਨੂੰ ਆਪਣੇ ਚਰਨਾਂ ਨਾਲ ਜੋੜ ਲਿਆ ਤੇ ਜਿਸ ਨੂੰ ਆਪਣਾ ਨਾਮ ਭਾਵ ਆਪਣੀ ਸਿਫ਼ਤ ਸਲਾਹ ਵਾਲੀ ਦਾਤ ਬਖ਼ਸ਼ ਦਿੱਤੀ; ਉਹ ਮਨੁੱਖ ਸੰਸਾਰ `ਚ ਆ ਕੇ ਪ੍ਰਭੂ ਨਾਮ ਦੇ ਲਾਹੇ ਵਾਲਾ ਵਣਜ ਹੀ ਕਰਦਾ ਹੈ। ਇਸੇ ਤੋਂ "ਪੂਰਨ ਹੋਏ ਕਾਮ" ਉਸ ਦੇ ਸਾਰੇ ਕਾਰਜ ਸਫਲ ਹੋ ਜਾਂਦੇ ਹਨ।

ਸਾਰੇ ਕਾਰਜ ਸਫਲ ਹੋ ਜਾਣ ਤੋਂ ਭਾਵ, ਉਸ ਦੇ ਜੀਵਨ `ਚ ਤ੍ਰਿਸ਼ਨਾ-ਵਿਕਾਰਾਂ ਵਾਲੀ ਜਿਤਨੀ ਵੀ ਦੌੜ-ਭੱਜ ਤੇ ਖੁਆਰੀਆਂ-ਭਟਕਣਾ ਆਦਿ ਸੀ, ਆਪਣੇ-ਆਪ ਖ਼ਤਮ ਹੋ ਜਾਂਦੀ ਹੈ। ਉਸ ਦੇ ਜੀਵਨ `ਤੇ ਵਿਕਾਰਾਂ ਦਾ ਮਾੜਾ ਜਿਹਾ ਵੀ ਕੁਪ੍ਰਭਾਵ ਨਹੀਂ ਰਹਿੰਦਾ। "ਗੁਰ ਕਾ ਸਬਦੁ ਪਛਾਨ" ਸ਼ਬਦ ਗੁਰੂ ਦੀ ਸ਼ਰਨ `ਚ ਆ ਜਾਣ ਕਰਕੇ ਅਜਿਹੇ ਉਭਰ ਚੁੱਕੇ ਜੀਵਨ ਨੂੰ ਫ਼ਿਰ ਹਉਮੈ ਆਦਿ ਵਿਕਾਰ ਨਹੀਂ ਪੋਹੰਦੇ।

ਸ਼ਬਦ-ਗੁਰੂ ਦੀ ਕਮਾਈ ਸਦਕਾ ਅਜਿਹਾ ਮਨੁੱਖ ਸੁਆਸ-ਸੁਆਸ ਪ੍ਰਭੂ ਦੇ ਰੰਗ `ਚ ਰੰਗਿਆ ਰਹਿੰਦਾ ਹੈ। ਇਸ ਤਰ੍ਹਾਂ ਜਿਸ ਮਨੁੱਖ `ਤੇ ਪ੍ਰਭੂ ਦੀ ਅਜਿਹੀ ਮਿਹਰ ਹੋ ਜਾਂਦੀ ਹੈ, ਉਸ ਦੇ ਜਨਮਾਂ-ਜਨਮਾਂਤ੍ਰਾ ਦੇ ਕਰਮ ਨਾਸ ਹੋ ਜਾਂਦੇ ਹਨ। ਸਦਾ-ਥਿਰ ਪ੍ਰਭੂ ਦੇ ਚਰਨ, ਮਾਨੋ ਉਸ ਨੂੰ ਅਜਿਹਾ ਟਿਕਾਣਾ ਮਿਲ ਜਾਂਦੇ ਹਨ, ਜਿਨ੍ਹਾਂ ਨੂੰ ਉਹ ਆਪਣਾ ਆਤਮਕ ਘਰ ਬਣਾ ਲੈਂਦਾ ਹੈ, ਉਸ ਦਾ ਜਨਮ ਸਫ਼ਲ ਹੋ ਜਾਂਦਾ ਹੈ। "ਆਵਣ ਜਾਣਾ ਰਹਿ ਗਇਆ", ਉਸ ਨੂੰ ਮੁੜ ਜਨਮਾਂ-ਜੂਨਾਂ-ਗਰਭਾਂ ਦੇ ਦੁੱਖ ਨਹੀਂ ਸਹਾਰਣੇ ਪੈਂਦੇ।

ਉਹ ਸਦਾ ਲਈ, ਭਾਵ ਜੀਂਦੇ ਜੀਅ ਵੀ ਪ੍ਰਭੂ `ਚ ਅਭੇਦ ਰਹਿੰਦਾ ਤੇ ਅਨੰਦਮਈ ਜੀਵਨ ਬਤੀਤ ਕਰਦਾ ਹੈ। ਸਰੀਰ ਦੇ ਬਿਨਸਨ ਬਾਅਦ ਵੀ ਪ੍ਰਭੂ `ਚ ਹੀ ਸਮਾਅ ਜਾਂਦਾ ਹੈ। ਉਸ ਦਾ ਇਹ ਲੋਕ ਤੇ ਪ੍ਰਲੋਕ ਦੋਵੇਂ ਸੰਵਰ ਜਾਂਦੇ ਹਨ। ਉਸ ਦਾ ਚਲਦਾ ਆ ਰਿਹਾ ਜਨਮ-ਮਰਨ ਵਾਲਾ ਗੇੜ ਸਦਾ ਲਈ ਸਮਾਪਤ ਹੋ ਜਾਂਦਾ ਹੈ। ੩। (ਪੰ: ੪੬)

ਬਿਨੁ ਸਤਿਗੁਰ ਸੇਵੇ?

(ਸੰ: ੫) "ਮਨਮੁਖਿ ਡੰਫੁ ਬਹੁਤੁ ਚਤੁਰਾਈ॥ ਜੋ ਕਿਛੁ ਕਮਾਵੈ, ਸੁ ਥਾਇ ਨ ਪਾਈ॥ ਆਵੈ ਜਾਵੈ ਠਉਰ ਨ ਕਾਈ॥ ੫ ॥ ਮਨਮੁਖ ਕਰਮ ਕਰੇ ਬਹੁਤੁ ਅਭਿਮਾਨਾ॥ ਬਗ ਜਿਉ ਲਾਇ ਬਹੈ ਨਿਤ ਧਿਆਨਾ॥ ਜਮਿ ਪਕੜਿਆ ਤਬ ਹੀ ਪਛੁਤਾਨਾ॥ ੬ ਬਿਨੁ ਸਤਿਗੁਰ ਸੇਵੇ ਮੁਕਤਿ ਨ ਹੋਈ॥ ਗੁਰ ਪਰਸਾਦੀ ਮਿਲੈ ਹਰਿ ਸੋਈ॥ ਗੁਰੁ ਦਾਤਾ ਜੁਗ ਚਾਰੇ ਹੋਈ" (ਪੰ: ੨੩੦)

ਅਰਥ-ਮਨਮੁਖ ਦਿਖਾਵੇ ਦੇ ਧਰਮ-ਕਰਮ ਤਾਂ ਬਹੁਤੇਰੇ ਕਰਦਾ ਹੈ ਅਤੇ ਆਪਣੇ ਆਪ ਲਈ ਚਤੁਰ ਤੇ ਸਿਆਣਾ ਹੋਣ ਦਾ ਵੱਡਾ ਪ੍ਰਭਾਵ ਵੀ ਦਿੰਦਾ ਹੈ। ਗੁਰਦੇਵ ਫ਼ੁਰਮਾਉਂਦੇ ਹਨ, ਆਪਹੁੱਦਰਾ ਹੋਣ ਕਰਕੇ, ਉਸ ਵਿਦਵਾਨ ਪੰਡਿਤ (ਮਨਮੁਖ) ਦੇ ਅਜਿਹੇ ਸਮੂਚੇ ਅਮਲ, ਪ੍ਰਭੂ ਦੇ ਦਰ `ਤੇ ਕਬੂਲ ਨਹੀਂ ਹੁੰਦੇ। ਇਸੇ ਲਈ ਉਸ ਨੂੰ ਬਾਰ ਬਾਰ ਦੇ ਜਨਮਾਂ-ਜੂਨਾਂ ਵਾਲੇ ਗੇੜ `ਚ ਹੀ ਪੈਣਾ ਪੈਂਦਾ ਹੈ। ੫।

ਹਉਮੈ ਕਾਰਣ, ਪ੍ਰਭੂ ਦੇ ਸੱਚ ਨਿਆਂ `ਚ ਮਨਮੁਖ ਦੇ ਸਮੂਚੇ ਅਮਲ, ਬਗੁਲੇ ਦੀ ਸਮਾਧੀ ਦੀ ਨਿਆਈਂ ਤੇ ਉਸ ਦੇ ਆਪਣੇ ਲਈ ਕਰਮਾਂ ਦਾ ਜਾਲ ਹੀ ਬਣਦੇ ਹਨ। ਇਸੇ ਕਾਰਣ "ਜਮਿ ਪਕੜਿਆ ਤਬ ਹੀ ਪਛੁਤਾਨਾ" ਜੀਂਦੇ ਜੀਅ ਵੀ ਉਸ ਲਈ ਵਿਕਾਰਾਂ ਦੀ ਮਾਰ ਤੇ ਖੁਆਰੀਆਂ ਹੁੰਦੀਆਂ ਹਨ। ਉਪ੍ਰੰਤ ਉਸ ਮਨਮੁਖ ਵਿਦਵਾਨ ਪੰਡਿਤ ਨੂੰ "ਤਬ ਹੀ ਪਛੁਤਾਨਾ ਮੌਤ ਤੋਂ ਬਾਅਦ ਵੀ ਕੀਤੇ ਕਰਮਾਂ ਅਨੁਸਾਰ ਜਦੋਂ ਫ਼ਿਰ ਤੋਂ ਉਸ ਨੂੰ ਉਹੀ ਜਨਮਾਂ-ਜੂਨਾਂ ਦੇ ਗੇੜ, ਭਿੰਨ ਭਿੰਨ ਗਰਭ ਤੇ ਸਰੀਰ ਰੂਪ ਕੋਠਰੀਆਂ ਭੋਗਣੀਆਂ ਪੈਂਦੀਆਂ ਹਨ ਤਾਂ ਉਸ ਸਮੇਂ ਪਛਤਾਉਂਦਾ ਹੈ। ਜਦਕਿ ਓਦੋਂ ਬੀਤੇ `ਤੇ ਪਛਤਾਉਣ ਤੋਂ ਸਿਵਾ, ਜੀਵ ਕੋਲ ਹੋਰ ਕੋਈ ਚਾਰਾ ਵੀ ਨਹੀਂ ਹੁੰਦਾ। ੬।

ਗੁਰਬਾਣੀ ਦਾ ਨਿਰਣਾ ਹੈ, "ਬਿਨੁ ਸਤਿਗੁਰ ਸੇਵੇ ਮੁਕਤਿ ਨ ਹੋਈ" ਸ਼ਬਦ ਗੁਰੂ ਦੀ ਕਮਾਈ ਤੋਂ ਬਿਨਾ, ਇਨ੍ਹਾਂ ਹਉਮੈ ਭਰਪੂਰ ਦਿਖਾਵੇ ਦੇ ਮਨਮੁਖੀ ਕਰਮਾਂ ਤੋਂ ਛੁਟਕਾਰਾ ਵੀ ਸੰਭਵ ਨਹੀਂ। ਇਹ ਵੀ ਕਿ ਕੇਵਲ ਕਲਜੁਗ ਜੁਗ ਦਾ ਪ੍ਰਭਾਵ ਕਹਿ-ਕਿਹ ਕੇ ਵੀ, ਮਨਮੁਖ ਆਪਣੇ ਮਨੁੱਖਾ ਜਨਮ ਨੂੰ ਬਿਰਥਾ ਹੋਣ ਤੋਂ ਨਹੀਂ ਬਚਾਅ ਸਕਦਾ।

ਦਰਅਸਲ "ਗੁਰੁ ਦਾਤਾ ਜੁਗ ਚਾਰੇ ਹੋਈ" ਸਮਾਂ ਤੇ ਜੁਗ ਚਾਹੇ ਕੋਈ ਹੋਵੇ, ਮਨੁੱਖਾ ਜਨਮ ਦੀ ਸਫ਼ਲਤਾ "ਬਿਨੁ ਸਤਿਗੁਰ ਸੇਵੇ ਮੁਕਤਿ ਨ ਹੋਈ" ਸ਼ਬਦ-ਗੁਰੂ ਦੀ ਕਮਾਈ ਤੋਂ ਬਿਨਾ ਸੰਭਵ ਹੀ ਨਹੀਂ। ਮਨੁੱਖਾ ਜਨਮ ਦੀ ਸਫ਼ਲਤਾ ਲਈ ਕੇਵਲ ਸ਼ਬਦ ਗੁਰੂ ਦੀ ਕਮਾਈ ਦਾ ਇਕੋ ਇੱਕ ਰਾਹ ਹੈ, ਇਸ ਲਈ ਦੂਜਾ ਰਾਹ ਹੈ ਹੀ ਨਹੀਂ।

ਪਦ ਅਰਥ-ਡੰਫ-ਦਿਖਾਵੇ ਦੇ ਧਰਮ-ਕਰਮ (ਪ੍ਰਕਰਣ ਅਨੁਸਾਰ ਇਥੇ ਮਨੁੱਖ, ਵਿਦਵਾਨ ਪੰਡਿਤ ਤਾਂ ਹੈ ਪਰ ਜੀਵਨ ਕਰਕੇ ਮਨਮੁਖ ਹੈ ਤੇ ਕੇਵਲ ਡੰਫ ਭਾਵ ਦਿਖਾਵੇ ਦੇ ਧਰਮ-ਕਰਮ ਹੀ ਕਰਦਾ ਹੈ। (ਪੰ: ੨੩੦)

ਸਫ਼ਲ ਜਨਮ

(ਸੰ: ੬) "ਜਿਨੀ ਪੁਰਖੀ ਸਤਗੁਰੁ ਨ ਸੇਵਿਓ, ਸੇ ਦੁਖੀਏ ਜੁਗ ਚਾਰਿ॥ ਘਰਿ ਹੋਦਾ ਪੁਰਖੁ ਨ ਪਛਾਣਿਆ, ਅਭਿਮਾਨਿ ਮੁਠੇ ਅਹੰਕਾਰਿ॥ ਸਤਗੁਰੂ ਕਿਆ ਫਿਟਕਿਆ, ਮੰਗਿ ਥਕੇ ਸੰਸਾਰਿ॥ ਸਚਾ ਸਬਦੁ ਨ ਸੇਵਿਓ, ਸਭਿ ਕਾਜ ਸਵਾਰਣਹਾਰੁ॥ ੧ ਮਨ ਮੇਰੇ! ਸਦਾ ਹਰਿ ਵੇਖੁ ਹਦੂਰਿ॥ ਜਨਮ ਮਰਨ ਦੁਖੁ ਪਰਹਰੈ, ਸਬਦਿ ਰਹਿਆ ਭਰਪੂਰਿ॥  ॥ ਰਹਾਉ॥" (ਪੰ: ੩੪)

ਅਰਥ : —ਹੇ ਮੇਰੇ ਮਨ! ਪ੍ਰਭੂ ਨੂੰ ਸਦਾ ਆਪਣੇ ਅੰਗ-ਸੰਗ ਵੇਖ। ਪ੍ਰਭੂ ਹੀ, ਜੀਵਾਂ ਦੇ ਜਨਮਾਂ-ਜਨਮਾਤ੍ਰਾਂ ਤੋਂ ਚਲਦੇ ਆ ਰਹੇ ਜਨਮ-ਮਰਨ ਦੇ ਦੁੱਖ ਨੂੰ ਕੱਟਦਾ ਹੈ। ਜਦਕਿ ਪ੍ਰਭੂ ਨਾਲ ਸਾਂਝ, ਸ਼ਬਦ ਗੁਰੂ ਦੀ ਕਮਾਈ ਤੋਂ ਹੋਣੀ ਹੁੰਦੀ ਹੈ ਅਤੇ ਪ੍ਰਭੂ ਦਾ ਵਾਸਾ ਵੀ ਸਦਾ ਗੁਰੂ ਕੇ ਸ਼ਬਦ `ਚ ਹੀ ਹੁੰਦਾ ਹੈ।

ਇਸ ਲਈ, ਮੇਰੇ ਮਨ! ਤੂੰ ਵੀ ਸ਼ਬਦ-ਗੁਰੂ ਦੀ ਸ਼ਰਣ `ਚ ਆ ਅਤੇ ਚਲਦੇ ਆ ਰਹੇ ਜਨਮ-ਮਰਨ ਵਾਲੇ ਦੁਖ ਤੋਂ ਛੁਟਕਾਰਾ ਪਾ ਲੈ। ੧। ਰਹਾਉ।

ਜਿਹੜੇ ਗੁਰੂ ਦੀ ਦੱਸੀ ਸੇਵਾ ਨਹੀਂ ਕਰਦੇ, ਭਾਵ ਜਿਹੜੇ ਮਨੁੱਖਾ ਜਨਮ ਪਾ ਕੇ ਵੀ ਸ਼ਬਦ ਗੁਰੂ ਦੀ ਸ਼ਰਨ `ਚ ਨਹੀਂ ਆਉਂਦੇ। ਉਹ ਆਪਣੇ ਹਿਰਦੇ-ਘਰ `ਚ ਵੱਸਦੇ ਪ੍ਰਭੂ ਦੀ ਪਛਾਣ ਵੀ ਨਹੀਂ ਕਰ ਸਕਦੇ।

ਇਸ ਲਈ ਉਹ ਸਦਾ ਦੁਖੀ ਭਾਵ ਪ੍ਰਭੂ ਤੋਂ ਵਿੱਛੜੇ ਰਹਿੰਦੇ ਤੇ ਭਿੰਨ ਭਿੰਨ ਜਨਮਾਂ-ਜੂਨਾਂ-ਗਰਭਾਂ ਦੇ ਗੇੜ `ਚ ਹੀ ਪਏ ਰਹਿੰਦੇ ਹਨ। ਉਹ ਅਹੰਕਾਰ ਤੇ ਅਭਿਮਾਨ ਦੇ ਠੱਗੇ ਹੋਏ, ਆਪਣੀ ਆਤਮਕ ਜੀਵਨ ਵਾਲੀ ਰਾਸ-ਪੂੰਜੀ ਨੂੰ ਲੁਟਾਉਂਦੇ ਰਹਿੰਦੇ ਹਨ।

ਅਜਿਹੇ ਸ਼ਬਦ-ਗੁਰੂ ਤੋਂ ਬੇ-ਮੁੱਖ ਲੋਕ, ਮਨੁੱਖਾ ਜਨਮ ਪਾ ਕੇ ਵੀ ਜੀਵਨ ਭਰ ਮੰਗਦੇ ਰਹਿੰਦੇ ਹਨ ਭਾਵ ਹਰ ਸਮੇਂ ਤ੍ਰਿਸ਼ਨਾ ਦੀ ਭੱਠੀ `ਚ ਸੜਦੇ, ਭਟਕਦੇ ਤੇ ਖੁਆਰ ਹੁੰਦੇ ਹਨ। ਉਹ ਸ਼ਬਦ-ਗੁਰੂ ਨੂੰ ਤਾਂ ਸਿਮਰਦੇ ਨਹੀਂ, ਭਾਵ ਸ਼ਬਦ-ਗੁਰੂ ਦੀ ਸ਼ਰਣ `ਚ ਆ ਕੇ ਪ੍ਰਭੂ ਦੀ ਉਸ ਸਿਫ਼ਤ ਸਲਾਹ ਨਾਲ ਤਾਂ ਜੁੜਦੇ ਨਹੀਂ, ਜਿਸ ਤੋਂ ਉਨ੍ਹਾਂ ਦੇ ਸਾਰੇ ਕੰਮ ਸੰਵਰਣੇ ਹੁੰਦੇ ਹੈ। ਭਾਵ ਜਿਸ ਰਾਹੀਂ ਮਨੁੱਖ ਦਾ ਇਹ ਲੋਕ ਤੇ ਪ੍ਰਲੋਕ ਦੋਵੇਂ ਸੁਹੇਲੇ ਹੋਣੇ ਹਨ ਅਤੇ ਜੀਵ ਨੂੰ ਮੁੜ ਗਰਭਾਂ ਦੇ ਦੁਖ ਨਹੀਂ ਸਹਾਰਣੇ ਪੈਂਦੇ। ੧।

ਪਦ ਅਰਥ-ਸੇ ਦੁਖੀਏ ਜੁਗ ਚਾਰਿ- ਸਦਾ ਹੀ;  ਉਂਜ ਵੀ "ਅਨੇਕ ਜੂਨੀ ਭਰਮਿ ਆਵੈ ਵਿਣੁ ਸਤਿਗੁਰ ਮੁਕਤਿ ਨ ਪਾਏ" (ਪੰ: ੯੨੦) ਗੁਰਬਾਣੀ ਅਨੁਸਾਰ ਸਮਾਂ ਚਾਹੇ ਕੋਈ ਹੋਵੇ ਸ਼ਬਦ-ਗੁਰੂ ਦੀ ਸ਼ਰਨ `ਚ ਆਏ ਬਿਨਾ, ਜੀਵ ਦਾ ਪ੍ਰਭੂ ਤੋਂ ਵਿਛੋੜੇ ਵਾਲਾ ਦੁੱਖ ਭਾਵ ਭਿੰਨ ਭਿੰਨ ਜਨਮਾਂ-ਜੂਨਾਂ-ਗਰਭਾਂ ਤੇ ਖੁਆਰੀਆਂ ਵਾਲਾ ਗੇੜ ਨਹੀਂ ਮੁੱਕਦਾ)। (ਚਲਦਾ)

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠ’ ਪੁਸਤਕਾਂ ਤੇ ਹੋਰ ਹੋਰ ਲਿਖ਼ਤਾਂ ਜਿਵੇਂ ਹੁਣ ਨਵੀਂ ਅਰੰਭ ਕੀਤੀ ਗਈ ਗੁਰਮੱਤ ਸੰਦੇਸ਼ਾਂ ਵਾਲੀ ਨਵੀਂ ਸੀਰੀਜ਼, ਭਾਵ ਸਭ ਦਾ ਮਕਸਦ ਇਕੋ ਹੀ ਹੈ। ਉਪ੍ਰੰਤ ਉਹ ਮਕਸਦ ਹੈ ਕਿ ਹਰੇਕ ਸੰਬੰਧਤ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਆਪਣੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning ਗੁਰਮੱਤ ਸੰਦੇਸ਼ (ਭਾਗ ਪਹਿਲਾ)

ਲੜੀ ਵਾਰ (੧ ਤੋਂ ੬) (ਭਾਗ ਪਹਿਲਾ)

ਗੁਰਮੱਤ ਸੰਦੇਸ਼ ਅਥਵਾ

ਗੁਰਬਾਣੀ ਦਾ ਸੱਚ

ਨਿਰੋਲ ਗੁਰਬਾਣੀ ਪ੍ਰਮਾਣਾਂ `ਤੇ ਆਧਾਰਿਤ

For all the Self Learning Gurmat Lessons (Excluding Books) written by ‘Principal Giani Surjit Singh’ Sikh Missionary, Delhi-All the rights are reserved with the writer himself; but easily available in proper Deluxe Covers for

(1) Further Distribution within ‘Guru Ki Sangat’

(2) For Gurmat Stalls

(3) For Gurmat Classes & Gurmat Camps

with intention of Gurmat Parsar, at quite nominal printing cost i.e. mostly Rs 350/-(but in rare cases Rs. 450/-) per hundred copies (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24

Ph 91-11-26236119, 46548789 ® Ph. 91-11-26487315 Cell 9811292808

web sites-

www.gurbaniguru.org

theuniqeguru-gurbani.com

gurmateducationcentre.com
.