.

ਅੱਜ ਪੰਥ ਪੂਰੀ ਤਰ੍ਹਾਂ ਦਿਸ਼ਾ ਹੀਣ ਕਿਉਂ?

ਅਸਲੀ ਪੰਜ ਪਿਆਰਾ ਸਿੱਸਟਮ ਉਜਾਗਰ ਕਰਣਾ, ਸਮੇਂ ਦੀ ਵੱਡੀ ਲੋੜ

ਕੌਮ ਨੂੰ ਬਚਾਉਣਾ ਹੈ ਤਾਂ ਪੰਥਕ ਤਲ ਦੇ ਪੰਜ ਪਿਆਰਾ ਸਿੱਸਟਮ, ਉਪ੍ਰੰਤ ਉਸੇ ਤਰ੍ਹਾਂ ਮੌਜੂਦਾ ਗੁਰਦੁਆਰਾ ਚੌਣ ਸਿੱਸਟਮ (Gurduara Election System) `ਚ ਵੀ ਬਦਲਾਓ ਦੀ ਲੋੜ ਹੈ। ਯਕੀਨਣ ਪੰਥ ਦੀ ਵਿਗੜੀ ਨੂੰ ਅੱਜ ਵੀ ਸੰਭਾਲਿਆ ਜਾ ਸਕਦਾ ਹੈ।

ਪੰਥਕ ਤਲ ਦੇ ਪੰਜ ਪਿਆਰੇ?

ਰੁੱਤਬਾ ਅਤੇ ਕਾਰਜ ਸੀਮਾਂ

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

ਸੰਨ 1715 ਤੋਂ ਲੈ ਕੇ ਅੱਜ ਤੀਕ-ਸੰਨ 1715, ਬਾਬਾ ਬੰਦਾ ਸਿੰਘ ਜੀ ਬਹਾਦੁਰ ਦੀ ਗ੍ਰਿਫ਼ਤਾਰੀ ਤੋਂ ਅਰੰਭ ਹੋ ਕੇ ਅੱਜ ਜੋ ਪੰਥ ਅੰਦਰ ਚੱਲ ਰਿਹਾ ਹੈ, ਇਹ ਪੰਜ ਪਿਆਰਾ ਸਿੱਸਟਮ, ਗੁਰੂ ਪਾਤਸ਼ਾਹ ਰਾਹੀਂ ਬਖਸ਼ਿਆ ਹੋਇਆ ਪੰਜ ਪਿਆਰਾ ਸਿੱਸਟਮ ਨਹੀਂ। ਇਸੇ ਦਾ ਨਤੀਜਾ ਹੈ ਕਿ ਵਕਤ ਦੇ ਨਾਲ, ਅੱਜ ਪੰਥ ਪੂਰੀ ਤਰ੍ਹਾਂ ਦਿਸ਼ਾ ਹੀਣ ਹੋ ਚੁਕਾ ਹ। ਇਸੇ ਦਾ ਨਤੀਜਾ ਹੈ ਕਿ ‘ਗੁਰੂ ਗ੍ਰੰਥ ਸਾਹਿਬ’ ਦਾ ਪੰਥ ਤਾਂ ਕਿਧਰੇ ਨਜ਼ਰ ਨਹੀਂ ਆ ਰਿਹਾ ਪਰ ਘਰ-ਘਰ ਦੇ ਪੰਥਾਂ ਅਤੇ ਬੰਦੇ-ਬੰਦੇ ਦੇ ਪੰਥਾਂ ਦੀਆਂ ਡਾਰਾ ਲਗੀਆਂ ਹਨ। ਤਾਂ ਤੇ ਜ਼ਰੂਰੀ ਹੈ, ਮੱਸਲੇ ਦੀ ਤਹਿ ਤੀਕ ਪੁੱਜਣ ਲਈ ਗੁਰੂ ਭਯ `ਚ ਰਹਿੰਦੇ ਹੋਏ, ਹਰ ਪਖੋਂ ਗਹਿਰਾਈ `ਚ ਜਾਈਏ, ਸ਼ਾਇਦ ਗਲ ਸਮਝ `ਚ ਆ ਸਕੇ। ਜੇਕਰ ਅਜੇ ਵੀ ਢਿੱਲ ਕੀਤੀ ਤਾਂ ਭਨਿਆਰਿਆਂ, ਅਸ਼ੂਤੋਸ਼ਾਂ, ਗੁਰੂਡਮਾਂ, ਅਖੌਤੀ ਦਸਮ-ਗ੍ਰੰਥਾਂ ਤੋਂ ਪੰਥ ਨੂੰ ਨਹੀਂ ਬਚਾਇਆ ਜਾ ਸਕੇਗਾ। ਇਹ ਸਚਾਈ ਹੈ ਕਿ ਅਜੇ ਬੀਜ ਨਾਸ ਨਹੀਂ ਹੋਇਆ ਪਰ ਹਰੇਕ ਸਿੱਖ ਦੇ ਅੰਦਰੋਂ ਲਗਭਗ ਸਿੱਖੀ ਮੁੱਕ ਚੁਕੀ ਹੈ, ਕੇਵਲ ਕੁੱਝ ਸ਼ਕਲਾਂ ਦਿਸ ਰਹੀਆਂ ਹਨ ਅਤੇ ਉਹ ਵੀ ਜਾ ਰਹੀਆਂ ਹਨ।

ਪੰਜ ਪਿਆਰਿਆਂ ਦੀ ਸਥਾਪਨਾ- 6 ਅਕਤੂਬਰ ਸੰਨ 1708- ਦੱਖਨ ਸ੍ਰੀ ਨਾਦੇੜ ਸਾਹਿਬ ਦੇ ਸਥਾਨ `ਤੇ ਦਸਮੇਸ਼ ਜੀ ਨੇ ਵਿਸ਼ੇਸ਼ ਸਮਾਗਮ ਕੀਤਾ। ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ’ ਜੀ ਦੀ ਤਾਬਿਆ ਪੰਜ ਪਿਆਰਿਆਂ ਨੂੰ ਖੜਾ ਕਰਕੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਮੱਥਾ ਟੇਕ ਦਿੱਤਾ। ਸਪਸ਼ਟ ਕਰ ਦਿੱਤਾ ਕਿ ਗੁਰਬਾਣੀ ਦਾ ਖਜ਼ਾਨਾ ਸੰਪੂਰਣ ਹੋ ਚੁੱਕਾ ਹੈ ਅਤੇ ਇਸ ਦਾ ਸਰੂਪ ਹਨ ‘ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’। ਅਜ ਤੋਂ ਬਾਅਦ ‘ਗੁਰੂ’ ਕੇਵਲ ਅਤੇ ਕੇਵਲ "ਗੁਰੂ ਗਰੰਥ ਸਾਹਿਬ ਜੀ ਹੀ ਹਨ" ਅਤੇ ਗੁਰਬਾਣੀ ਤੋਂ ਪ੍ਰਾਪਤ ਜੁਗਤ ਅਨੁਸਾਰ ਹੀ, ਪੰਜ ਪਿਆਰਿਆਂ ਨੇ ਗੁਰਬਾਣੀ ਦੀ ਤਾਬਿਆ ਰਹਿ ਕੇ ਪੰਥ ਦੀ ਅਗਵਾਈ ਕਰਨੀ ਹੈ। ਇਸ ਸਮੇਂ ਆਪ ਦਾ ਫ਼ੁਰਮਾਨ ਸੀ- ਪੂਜਾ ਅਕਾਲਪੁਰਖੁ ਕੀ -ਪਰਚਾ ਸ਼ਬਦ ਕਾ - ਦੀਦਾਰ ਖ਼ਾਲਸੇ ਕਾ। ਇਹ ਸੀ ਉਹ ਪੰਥਕ ਕੋਡ ਜੋ ਦਸਮੇਸ਼ ਜੀ ਨੇ ਪੰਜ ਪਿਆਰਿਆਂ ਉਪਰ ਲਾਗੂ ਕੀਤੀ।

ਕੁਝ ‘ਪੰਥਕ ਕੋਡ’ ਬਾਰੇ- (੧) ਪੂਜਾ ਅਕਾਲਪੁਰਖੁ ਕੀ-ਪੰਥ ਪ੍ਰਵਾਣਤ ਪੰਜ ਪਿਆਰਿਆਂ ਰਾਹੀਂ ਕੀਤੇ ਆਦੇਸ਼, ਕੇਵਲ ਤੇ ਕੇਵਲ ਕਰਤੇ ਦੇ ਭਯ `ਚ ਰਹਿਕੇ ਹੀ ਹੋਨੇ ਹਨ; ਕਿਸੇ ਦਬਾਅ, ਚਾਪਲੂਸੀ, ਮੌਕਾ ਪ੍ਰਸਤੀ, ਆਪਸੀ ਰੰਜਸ਼ ਜਾਂ ਸੁਆਰਥ-ਵੱਸ ਨਹੀਂ ਹੋਣੇ।

(੨) ਪਰਚਾ ਸ਼ਬਦ ਕਾ- ਅਜੇਹੇ ਪੰਥਕ ਆਦੇਸ਼ ਕੇਵਲ ਅਤੇ ਕੇਵਲ ਬਾਣੀ ਜੀਵਨ-ਜਾਚ ਤੇ ਗਿਆਨ ਦੇ ਦਾਇਰੇ `ਚ ਹੀ ਹੋਣੇ ਹਨ। ਸਪਸ਼ਟ ਹੈ ਅਜਿਹੇ ਪੰਜ ਪਿਆਰਿਆਂ ਲਈ ਕੇਵਲ ‘ਪਾਹੁਲ ਪ੍ਰਾਪਤ’ ਹੋਣਾ ਜਾਂ ਅਜ ਦੀ ਬਣ ਚੁਕੀ ਬੋਲੀ ਮੁਤਾਬਕ ਕੇਵਲ ‘ਅੰਮ੍ਰਿਤਧਾਰੀ ਹੋਣਾ’ ਹੀ ਕਾਫ਼ੀ ਨਹੀਂ। ਉਨ੍ਹਾਂ ਲਈ ਇਹ ਵੀ ਜ਼ਰੂਰੀ ਹੈ ਕਿ ਉਨ੍ਹਾਂ ਅੰਦਰ ਬਾਣੀ ਸੋਝੀ ਇੰਨੀ ਪ੍ਰਬਲ ਹੋਵੇ ਕਿ ਉਨ੍ਹਾਂ ਦਾ ਕੀਤਾ ਜਾਂ ਦਿੱਤਾ ਕੋਈ ਵੀ ਪੰਥਕ ਫ਼ੈਸਲਾ-ਸੇਧ, ਬਾਣੀ ਦਾਇਰੇ ਤੋਂ ਬਾਹਰ ਨਾ ਜਾਂਦੀ ਹੋਵੇ।

(੩) ਦੀਦਾਰ ਖਾਲਸੇ ਕਾ- ਪੰਥਕ ਪੱਧਰ ਤੇ ਪੰਜ ਪਿਆਰਿਆਂ ਦੀ ਸੇਵਾ ਨੂੰ ਨਿਭਾ ਰਹੇ ਸੱਜਣ; ਸਰੂਪ ਪਖੋਂ ਪੂਰਨ ਕਕਾਰ ਧਾਰੀ, ‘ਖੰਡੇ ਦੀ ਪਾਹੁਲ’ ਪ੍ਰਾਪਤ ਤਾਂ ਹੋਣਗੇ ਹੀ; ਇਸਦੇ ਨਾਲ ਉਨ੍ਹਾਂ ਲਈ ਇਹ ਵੀ ਜ਼ਰੂਰੀ ਹੈ ਕਿ ਉਹ ਲੋਕ, ਨਿਰੰਤਰ ਬਾਣੀ ਜੀਵਨ-ਸੇਧ `ਚ ਜੀਅ ਰਹੇ ਹੋਨ। ਸਰੂਪ ਹੀਣੇ, ਜਾਂ ਸਰੂਪ ਤਾਂ ਹੈ ਪਰ ਬਾਣੀ ਸੇਧ-ਜੀਵਨ ਤੋਂ ਹੀਣੇ ਵਕਤ ਟਪਾਊ ਲੋਕ ਇਸ ਪਦਵੀ `ਤੇ ਨਹੀਂ ਆ ਸਕਦੇ।

ਤਾਂ ਤੇ ਪੰਥਕ ਤਲ ਦੇ ਪੰਜ ਪਿਆਰਿਆਂ ਦੀ ਕਾਰਜ ਸੀਮਾਂ? - ਇਸ ਤਰ੍ਹਾਂ ਸਮੇਂ-ਸਮੇਂ ਤੇ ਲੋੜ ਅਨੁਸਾਰ ਪੰਥ ਪੱਧਰ `ਤੇ ਪ੍ਰਵਾਣਤ ਜਾਂ ਸਥਾਪਤ ਪੰਜ ਪਿਆਰਿਆਂ ਦੀ ਕਾਰਜ ਸੀਮਾਂ ਜਿਹੜੀ ਦਸਮੇਸ਼ ਜੀ ਨੇ ਪੱਕੀ ਕੀਤੀ, ਉਹ ਹੈ- ਪੂਜਾ ਅਕਾਲਪੁਰਖੁ ਕੀ-ਪਰਚਾ ਸ਼ਬਦ ਕਾ-ਦੀਦਾਰ ਖਾਲਸੇ ਕਾ- ਭਾਵ ਉਹ ਪੰਜ ਪਿਆਰੇ ਜਿਨ੍ਹਾਂ ਨੇ ਗੁਰਬਾਣੀ ਦੀ ਜੁਗਤ ਨੂੰ ਵਰਤਾਉਣਾ ਹੈ, ਉਨ੍ਹਾਂ ਲਈ ਕਾਰਜ ਸੀਮਾ ਕਦੇ ਨਹੀਂ ਬਦਲ ਸਕਦੀ ਅਤੇ ਇਹ ਕਾਰਜ ਸੀਮਾ ਨੰਬਰਵਾਰ ਇਸ ਤਰ੍ਹਾਂ ਅਤੇ ਸਦੀਵੀ ਹੈ:-

(ੳ) ਗੁਰਬਾਣੀ ਜੁਗਤ ਨੂੰ, ਕੇਵਲ ਅਕਾਲਪੁਰਖੁ ਦੇ ਭਯ `ਚ ਰਹਿਕੇ ਹੀ ਵਰਤਾਉਣਾ ਹੈ। ਕਿਸੇ ਹੋਰ ਦੇ ਭਯ, ਚਾਪਲੂਸੀ, ਪੱਖਪਾਤ, ਖੁੰਦਕ ਅਧੀਨ ਹੋਕੇ ਜਾਂ ਕਿਸੇ ਸੁਆਰਥ-ਵੱਸ ਨਹੀਂ। ਦਰਅਸਲ ਗੁਰਬਾਣੀ ਹੀ ਅਕਾਲਪੁਰਖੁ ਦਾ ਸ਼ੁੱਧ ਪ੍ਰਗਟਾਵਾ ਵੀ ਹੈ।

(ਅ) ਇਹਨਾਂ ਪੰਜਾਂ ਵਾਸਤੇ ਕੇਵਲ ‘ਖੰਡੇ ਦੀ ਪਾਹੁਲ’ ਦਾ ਧਾਰਨੀ ਹੋਣਾ ਕਾਫ਼ੀ ਨਹੀਂ, ਬਲਕਿ ਇਹ ਪੰਜ ਪਿਆਰੇ ਬਾਣੀ ਦੇ ਧੁਰੰਧਰ ਵਿਦਵਾਨ ਹੋਣੇ ਵੀ ਜ਼ਰੂਰੀ ਹਨ ਤਾਕਿ ਇਨ੍ਹਾਂ ਦਾ ਦਿੱਤਾ ਜਾਂ ਕੀਤਾ ਫੈਸਲਾ-ਸੇਧ, ਬਾਣੀ ਵਿਚਾਰਧਾਰਾ (ਜੁਗਤ) ਤੋਂ ਬਾਹਰ ਨਾ ਜਾਂਦਾ ਹੋਵੇ।

(ੲ) ਇਹ ਪੰਜ ਪਿਆਰੇ ਨਿਜੀ ਜੀਵਨ ਅਤੇ ਸਰੂਪ ਭਾਵ ਦੋਹਾਂ ਪੱਖਾਂ ਤੋਂ ਦਿਦਾਰੀ ਹੋਣੇ ਹਨ। ਉਨ੍ਹਾਂ ਦਾ ਕੇਵਲ ਪੰਜ ਕਕਾਰੀ ਹੋਣਾ ਹੀ ‘ਦੀਦਾਰੀ ਹੋਣ ਲਈ ਕਾਫ਼ੀ ਨਹੀਂ, ਇਨ੍ਹਾਂ ਦਾ ਆਪਣੇ ਨਿੱਤ ਦੇ ਜੀਵਨ `ਚ ਵੀ ਗੁਰਬਾਣੀ ਜੀਵਨ-ਜਾਚ `ਚ ਵਿਚਰਦੇ ਹੋਣਾ ਜ਼ਰੂਰੀ ਹੈ। ਇਹ ਵੀ ਨਹੀਂ ਕਿ ਉਨ੍ਹਾਂ ਵਿਚੋਂ ਕੋਈ ਜਾਂ ਕੁੱਝ ਵਿਅਕਤੀ ਆਪ ਹੀ ਕਿਸੇ ਅਖੌਤੀ ਸੰਤ, ਸਾਧ, ਮਹਾਰਾਜ, ਭਾਈ ਸਾਹਿਬ ਦੇ ਦਾਇਰੇ `ਚ ਫ਼ਸੇ ਹੋਣ, ਅਜਿਹੇ ਪੰਜ ਪਿਆਰੇ ਪੰਥ ਦੀ ਸੰਭਾਲ ਤਾਂ ਦੂਰ ਉਲਟ ਤੱਬਾਹੀ ਦਾ ਕਾਰਣ ਵੀ ਬਣ ਸਕਦੇ ਹਨ ਅਤੇ ਬਣ ਵੀ ਰਹੇ ਹਨ।

ਪੰਜ ਪਿਆਰਿਆਂ ਨੇ ਜੁਗਤ ਵਰਤਾਉਣੀ ਹੈ, ਬਨਾਉਣੀ ਨਹੀਂ- ਦਸਮੇਸ਼ ਜੀ ਦੀ ਜੀਵਨੀ ਤੋਂ, ਇਹ ਗਲ ਭਲੀ ਭਾਂਤ ਉਘੜ ਕੇ ਸਾਹਮਣੇ ਆਉਂਦੀ ਹੈ ਕਿ ‘ਜੁਗਤ ਬਨਾਉਣੀ’ ਹੋਰ ਗੱਲ ਹੈ ਅਤੇ ‘ਜੁਗਤ ਵਰਤਾਉਣੀ’ ਦੂਜੀ ਗਲ ਹੈ। "ਜੋਤਿ ਓਹਾ ਜੁਗਤਿ ਸਾਇ "(ਪੰ: 966) ਗੁਰਬਾਣੀ ਦੇ ਫ਼ੁਰਮਾਨ ਅਤੇ 6 ਅਕਤੂਬਰ ਸੰਨ 1708 ਵਾਲੀ ਇਤਿਹਾਸਕ ਘਟਨਾ-ਜਦੋਂ ਪਾਤਸ਼ਾਹ ਨੇ ਗੁਰਬਾਣੀ ਦੇ ਸਰੂਪ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ’ ਜੀ ਉਪਰ ਸੰਪੂਰਣਤਾ ਦੀ ਮੋਹਰ ਲਗਾ ਦਿੱਤੀ। ਸਾਫ਼ ਕਰ ਦਿੱਤਾ ਕਿ ਨਾ ਹੀ ਜੋਤ ਰੂਪ ‘ਗੁਰੂ ਗ੍ਰੰਥ ਸਾਹਿਬ’ ਜੀ ਦੀ ਬਾਣੀ `ਚ ਵਾਧਾ-ਘਾਟਾ ਹੋ ਸਕਦਾ ਹੈ ਅਤੇ "ਜੁਗਤਿ ਸਾਇ" ਅਨੁਸਾਰ ਨਾ ਹੀ ਇਸ ਸਰੂਪ ਤੋਂ ਪ੍ਰਗਟ ਹੋਣ ਵਾਲੀ ‘ਜੀਵਨ ਜੁਗਤ, ਜੀਵਨ-ਜਾਚ’ `ਚ ਹੀ। "ਜੋਤਿ ਓਹਾ ਜੁਗਤਿ ਸਾਇ" ਵਾਲਾ ਫ਼ੁਰਮਾਨ ਇਸੇ ਸਚਾਈ ਦੀ ਪੁਸ਼ਟੀ ਕਰ ਰਿਹਾ ਹੈ। ਇਸ ਲਈ ਗੁਰਬਾਣੀ ਵਿਚਲੀ ਸਦੀਵੀ ਜੁਗਤ ‘ਜੁਗਤਿ ਸਾਇ’ ਨੂੰ ਪੰਜ ਪਿਆਰੇ ਕਦੇ ਵੀ ਬਦਲਣ ਦਾ ਹੱਕ ਨਹੀਂ ਰਖੱਣਗੇ।

ਜੁਗਤ ਬਨਾਉਣ ਦਾ ਹੱਕ ਕੇਵਲ ਗੁਰੂ ਕੋਲ ਸੀ, ਪੰਜ ਅਿਾਰਿਆਂ ਕੋਲ ਨਹੀਂ- ਇਤਿਹਾਸ ਦੇ ਝਰੋਖੇ ਚੋਂ ਜੁਗਤ ਬਾਨਾਉਣ ਤੇ ਵਰਤਾਉਣ ਵਾਲੀ ਸਚਾਈ ਨੂੰ ਸਹਿਜੇ ਹੀ ਦੇਖ ਸਕਦੇ ਹਾਂ। ਮਿਸਾਲ ਵਜੋਂ:-

(1) ਵਿਸਾਖੀ ਸੰਨ 1699 ਤੀਕ ਸਿੱਖ ਧਰਮ `ਚ ਪ੍ਰਵੇਸ਼ ਦਾ ਢੰਗ `ਚਰਣ ਪਾਹੁਲ’ ਸੀ ਪਰ ਪੰਜ ਪਿਆਰਿਆਂ ਦੇ ਰੂਪ `ਚ ਇਸ ਸੇਵਾ ਨੂੰ ਪੰਥ ਦੇ ਸਪੁਰਦ ਕਰਦੇ ਸਮੇਂ ਦਸਮੇਸ਼ ਜੀ ਨੇ `ਚਰਣਪਾਹੁਲ’ ਨੂੰ ‘ਖੰਡੇ ਦੀ ਪਾਹੁਲ’ `ਚ ਬਦਲ ਦਿੱਤਾ। ਹਾਲਾਂਕਿ ਮਕਸਦ ਉਹੀ ਸੀ ‘ਜਗਿਆਸੂ ਦੇ ਜੀਵਨ ਨੂੰ ਗੁਰਬਾਣੀ ਗੁਰੂ ਦੇ ਲੜ ਲਾਉਣਾ’। ਉਪਰੰਤ ‘ਖੰਡੇ ਦੀ ਪਾਹੁਲ’ ਵਾਲਾ ਢੰਗ ਸਦੀਵੀ ਹੈ, ਰਹਿੰਦੀ ਦੁਨੀਆ ਤੀਕ ਇਸ `ਚ ਤਬਦੀਲੀ ਨਹੀਂ ਹੋ ਸਕਦੀ।

(2) ਸਿੱਖ ਧਰਮ `ਚ ਪ੍ਰਵੇਸ਼ ਉਪਰੰਤ ਨਾਵਾਂ `ਚ ਤਬਦੀਲੀ ਨਹੀਂ ਸੀ ਹੁੰਦੀ। ਵਿਸਾਖੀ ਸੰਨ 1699 ਤੋਂ ਅਰੰਭ ਹੋਕੇ ਹਰੇਕ ਸਿੱਖ ਵੀਰ ਜਾਂ ਬੀਬੀ ਦੇ ਨਾਮ ਨਾਲ ‘ਸਿੰਘ’ `ਤੇ ‘ਕੌਰ’ ਨੂੰ ਪੱਕਾ ਕਰ ਦਿੱਤਾ, ਉਸ ਨਾਲੋਂ ਪੁਰਾਣੀ ਜਾਤ-ਗੋਤ ਵਾਲੀ ਪਛਾਣ ਖਤਮ ਕਰ ਦਿਤੀ ਗਈ। ਉਪਰੰਤ ਗੁਰੂ ਕੇ ਸਿੱਖਾਂ ਦੇ ਨਾਵਾਂ ਲਈ ਇਹ ਤਬਦੀਲੀ ਸਦੀਵ ਕਾਲੀ ਹੈ।

ਦੇਖਣ ਦੀ ਗੱਲ ਹੈ, ਇਨ੍ਹਾਂ ਦੋਨਾਂ ਤਬਦੀਲੀਆਂ ਦਾ ਸੰਬੰਧ ਪੰਥਕ ਜੁਗਤ ਨੂੰ ਘੜਣ ਨਾਲ ਹੈ ਅਤੇ ਹੱਕ ਕੇਵਲ ਦਸਾਂ ਸਰੂਪਾਂ ਤਕ ਸੀਮਤ ਸੀ। ਉਪ੍ਰੰਤ ਪੰਥ ਪ੍ਰਵਾਣਤ ਪੰਜ ਪਿਆਰਿਆਂ ਕੋਲ ਅਜੇਹਾ ਹੱਕ, ਨਾ ਹੈ-ਤੇ ਨਾ ਹੀ ਕਦੇ ਹੋਵੇਗਾ ਹੀ।

ਹੋਰ! ਸਮਝਣ ਦਾ ਵਿਸ਼ਾ ਹੈ ਕਿ ਗੁਰੂ, ਸਰਬ ਸਮ੍ਰਥ ਹੈ। ਗੁਰੂ-ਗੁਰਬਾਣੀ ਘੜ ਸਕਦਾ ਹੈ, ਦੂਜਿਆਂ ਦੀਆਂ ਰਚਨਾਵਾਂ ਨੂੰ ਪ੍ਰਵਾਨ ਕਰਕੇ ਆਪਣੀ ਬਰਾਬਰੀ ਦੇ ਸਕਦਾ ਹੈ, ਜਿਵੇਂ 15 ਭਗਤਾਂ, 11 ਭੱਟਾਂ ਅਤੇ ਤਿੰਨ ਸਿੱਖਾਂ ਦੀਆਂ ਰਚਨਾਵਾਂ ‘ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ `ਚ ਪੰਜਵੇਂ ਪਾਤਸ਼ਾਹ ਨੇ ਆਪ ਦਰਜ ਕੀਤੀਆਂ।

ਇਸਤੋਂ ਇਲਾਵਾ ਗੁਰਬਾਣੀ ਦੀ ਰਚਨਾ ਨੂੰ ਜੇਕਰ ਸੰਪੂਰਣਤਾ ਦਿੱਤੀ ਤਾਂ ਉਹ ਵੀ ਗੁਰੂ ਨੇ ਆਪ ਦਿਤੀ।

ਇਸ ਤਰ੍ਹਾਂ ਗੁਰੂ ਨੂੰ ਹੱਕ ਹੈ ਕਿ ਨਵੀਂ ਜੁਗਤ ਘੜ ਸਕਦਾ ਹੈ, ਉਸ `ਚ ਤਬਦੀਲੀ ਕਰ ਤੇ ਉਸ ਨੂੰ ਵਰਤਾ ਸਕਦਾ ਹੈ। ਪਰ ਪੰਥ ਜਾਂ ਪੰਥਕ ਤਲ ਦੇ ਪੰਜ ਪਿਆਰਿਆਂ ਕੋਲ ਗੁਰਬਾਣੀ ਰਚਨ ਜਾਂ ਗੁਰਬਾਣੀ ਜੁਗਤ ਨੂੰ ਘੜ੍ਹਣ ਦਾ ਹੱਕ ਨਹੀਂ। ਪੰਥਕ ਤਲ ਦੇ ਪ੍ਰਵਾਣਤ ਜਾਂ ਸਥਾਪਤ ‘ਪੰਜ ਪਿਆਰੇ’ ਅਜਿਹੀ ਜੁਗਤ ਬਨਾਉਣ ਦੇ ਕਾਰਜ ਨਹੀਂ ਕਰ ਸਕਦੇ, ਇਹ ਕੇਵਲ ਬਾਣੀ ਦੇ ਦਾਇਰੇ `ਚ ਰਹਿਕੇ ਗੁਰਬਾਣੀ ਦੀ ਸਦੀਵੀ ਜੁੱਗਤ ਨੂੰ ‘ਸਮੂਹਕ’ ਰੂਪ `ਚ ਪੰਥਕ ਕੋਡ ਅਨੁਸਾਰ ਵਰਤਾ ਸਕਦੇ ਹਨ।

‘ਪੰਥ ਗੁਰੂ’ ਨਹੀਂ ਬਲਕਿ ‘ਗੁਰੂ ਕਾ ਪੰਥ’ -ਇਥੋਂ ਇਹ ਗਲ ਸਾਫ਼ ਹੋ ਜਾਣੀ ਚਾਹੀਦੀ ਹੈ ਜਦੋਂ ਅਸੀਂ ਇਹ ਮੰਨ ਬੈਠਦੇ ਹਾਂ ਕਿ ‘ਪੰਥ ਹੀ ਗੁਰੂ ਹੈ’ ਜਾਂ ‘ਗੁਰੂ ਪੰਥ ਹੈ’ -ਇਹ ਦੋਵੇਂ ਗੱਲਾਂ ਸਿੱਖ ਸਿਧਾਂਤ ਨਾਲ ਮੇਲ ਨਹੀਂ ਖਾਂਦੀਆਂ। ਇਸਦੇ ਉਲਟ ਜਦੋਂ ਸਚਾਈ ਉਘੜ ਕੇ ਆਉਂਦੀ ਹੈ ਤਾਂ ਅਸਲ ਲਫ਼ਜ਼ ਸਾਬਤ ਹੁੰਦਾ ਹੈ ‘ਗੁਰੂ ਕਾ ਪੰਥ’ ਜਾਂ ‘ਗੁਰੂ ਗ੍ਰੰਥ ਦਾ ਪੰਥ’। ਸ਼ਾਇਦ ਵੱਕਤ ਦੀ ਦੌੜ `ਚ ਅਸੀਂ ਇਸ `ਚੋਂ ‘ਕਾ’ ਲਫ਼ਜ਼ ਵਿਸਾਰ ਬੈਠੇ ਤੇ ਪ੍ਰਚਾਰਨਾ ਸ਼ੁਰੂ ਕਰ ਦਿੱਤਾ ‘ਗੁਰੂ ਪੰਥ’। ਦੂਜੇ ਲਫ਼ਜ਼ਾਂ `ਚ ਜੇਕਰ ਸਚਮੁਚ ‘ਪੰਥ’ ਆਪ ਗੁਰੂ ਹੈ ਤਾਂ ਪੰਥ ਨੂੰ ‘ਗੁਰੂ’ ਦੀ ਲੋੜ ਕਿੱਥੇ ਰਹਿ ਜਾਂਦੀ ਹੈ ਪਰ ਅਜਿਹਾ ਮੰਨ ਲੈਣਾ ਜਾਂ ਕਹਿਣਾ, ਤਿੰਨ ਕਾਲ ਸੰਭਵ ਨਹੀਂ। ਗੁਰੂ ਤੋਂ ਬਿਨਾ ਪੰਥ ਦੀ ਤਾਂ ਹੋਂਦ ਹੀ ਨਹੀਂ ਰਹਿ ਜਾਂਦੀ। ਵੱਡੀ ਲੋੜ ਹੈ, ‘ਜੁਗਤਿ ਬਨਾਉਣ’ ਅਤੇ ‘ਜੁਗਤ ਵਰਤਾਉਣ’ ਵਾਲੇ ਮੁੱਢਲੇ ਫਰਕ ਨੂੰ ਸਮਝ ਕੇ ਸੱਚਾਈ ਤੀਕ ਪੁੱਜਣ ਦੀ, ਇਸੇ ਤਰ੍ਹਾਂ ਪੰਥ ਤੇ ਗੁਰੂ ਜਾਂ ‘ਗੁਰੂ ਗ੍ਰੰਥ’ ਵਾਲੇ ਮੁੱਢਲੇ ਫ਼ਰਕ ਨੂੰ ਭਲੀ ਭਾਂਤੀ ਸਮਝਣ ਦੀ।

ਗੁਰਬਾਣੀ ਗੁਰੂ ਦੀ ਗੱਲ ਪਹਿਲੇ ਜਾਮੇ ਤੋਂ ਹੀ- ਗੁਰਬਾਣੀ ਦੇ ਗੁਰੂ ਹੋਣ ਵਾਲੀ ਗਲ ਪਹਿਲੇ ਜਾਮੇ ਤੋ ਹੀ ਸਾਫ਼ ਕੀਤੀ ਜਾ ਰਹੀ ਸੀ, ਇਸ ਰੱਬੀ ਸੱਚਾਈ ਨੂੰ ਗੁਰਬਾਣੀ ਵਿੱਚ ਹੀ ਸੈੰਕੜੇ ਵਾਰੀ ਪ੍ਰਗਟ ਕੀਤਾ ਜਾ ਚੁੱਕਾ ਸੀ। ਵਿਸਾਖੀ ਸੰਨ 1699 ਨੂੰ ਤਾਂ ਕੇਵਲ ਸਰੂਪ ਦੀ ਸੰਪੂਰਣਤਾ ਅਤੇ ਇਥੇ ਬਿਆਣੇ ਪੰਜ ਪਿਆਰਿਆਂ ਦੇ ਰੂਪ `ਚ ‘ਗੁਰੂ ਗ੍ਰੰਥ’ ਦੀ ਤਾਬਿਆ ਭਾਵ ਸੇਧ ਜਾਂ ਜੀਵਨ-ਜਾਚ ਅਨੁਸਾਰ ਚਲਣ ਦਾ ਹੀ ਐਲਾਨ ਸੀ।

ਸਪਸ਼ਟ ਕੀਤਾ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਅੰਦਰ ਦਰਜ ਬਾਣੀ ਹੀ ਸਿੱਖ ਸੰਗਤਾਂ ਵਾਸਤੇ ‘ਗੁਰੂ’ ਹੈ ਉਸਤੋਂ ਅੱਗੇ ਪਿਛੇ ਨਹੀਂ ਹੋਣਾ (ਪਰਚਾ ਸ਼ਬਦ ਕਾ)। ਮਤਲਬ, ਸਿੱਖ ਨੇ ਇਸ ਗ੍ਰੰਥ ਵਿੱਚਲੇ ‘ਗੁਰਬਾਣੀ’ ਦੇ ਗਿਆਨ ਤੋਂ ਬਾਹਰ ਕਿਸੇ ਨੂੰ ‘ਗੁਰੂ’ ਕਰਕੇ ਨਾ ਮੰਣਨਾ ਹੈ `ਤੇ ਨਾ ਹੀ ਕਿਸੇ ਨੂੰ ‘ਗੁਰੂ’ ਤੁੱਲ ਜਾਣਨਾ ਹੈ। ‘ਬਾਣੀ ਗੁਰੂ’ ਵਾਲਾ ਸਿਧਾਂਤ ਪਹਿਲੇ ਜਾਮੇਂ ਤੋਂ ਹੀ ਦ੍ਰਿੜ੍ਹ ਕਰਵਾਇਆ ਜਾ ਰਿਹਾ ਸੀ। ਉਸਦੇ ਨਾਲ ਜੁਗਤ’ ਵਰਤਾਉਣ ਵਾਲੀ ਦੇਣ ਵਿਸਾਖੀ 1699 ਤੋਂ ਹਮੇਸ਼ਾਂ ਲਈ ‘ਪਾਹੁਲ ਪ੍ਰਾਪਤ’ ਪੰਜਾ ਦੇ ਰੂਪ `ਚ ਪੰਥ ਨੂੰ ਸੌਂਪ ਦਿੱਤੀ। ਉਪਰੰਤ ਇਸ ਪੱਖੋਂ ਪੰਥ ਦੀ ਤਿਆਰੀ ਵੀ ਦਸਮੇਸ਼ ਜੀ ਨੇ ਆਪ ਕਰਵਾਈ।

ਪੰਜ ਪਿਆਰੇ ਗੁਰੂ ਨਹੀਂ, ਗੁਰੂ ਮਿਲਾਵੇ ਹਨ- ਮੰਨ ਲਵੋ ਦਸ-ਵੀਹ ਜਗ੍ਹਾ ਤੇ ਇਕੋ ਸਮੇਂ ‘ਪਾਹੁਲ ਸੰਚਾਰ’ ਹੋ ਰਹੇ ਹਨ ਤਾਂ ਫ਼ਿਰ ਕੀ ਉਸ ਸਮੇਂ ਇਹ ਵੀ ਮੰਨ ਲਿਆ ਜਾਵੇ ਕਿ ਇਕੋ ਸਮੇਂ ਦਸ-ਵੀਹ ਗੁਰੂ ਕਾਰਜ ਸ਼ੀਲ ਹਨ। ਦਰ-ਅਸਲ ਅਜ ਸਾਨੂੰ ਆਪਣੀ ਬੋਲੀ ਵਲ ਧਿਆਣ ਦੇਣ ਦੀ ਲੋੜ ਹੈ ਜਿਹੜੀ ਕਿ ਅਸਾਂ ਆਪਣੀ ਲਾਪਰਵਾਹੀ ਕਾਰਨ ਕਈ ਪਖਾਂ ਤੋਂ ਵਿਗਾੜ ਲਈ ਹੈ। ਇਸੇ ਦਾ ਨਤੀਜਾ ਹੈ ਕਿ ਕਦਮ-ਕਦਮ ਤੇ ਅਸੀਂ ਗੁਰੂ ਤੋਂ ਦੂਰ ਹੁੰਦੇ ਜਾ ਰਹੇ ਹਨ, ਦੂਜਾ ਪੰਥ ਨੂੰ ਲਗਾਤਾਰ ਤਬਾਹੀ ਵਾਲੇ ਧੱਕਣ ਦਾ ਕਾਰਣ ਬਣੇ ਹੋਏ ਹਾਂ। ਚੇਤੇ ਰਖਣਾ ਚਾਹੀਦਾ ਹੈ ਕਿ ਸਾਡਾ ਗੁਰੂ ਕੇਵਲ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਹਨ, ਦੂਜਾ ਕੋਈ ਨਹੀਂ। ਇਉਂ ਕਹਿ ਲਵੋ ਸਾਡਾ ਗੁਰੂ, ਅਕਾਲਪੁਰਖ ਦਾ ਉਹ ਸਦੀਵੀ ਗੁਣ ਹੈ ਜਿਸਤੋਂ ਬਿਨਾ ਮਨੁੱਖਾ ਜਨਮ ਦੀ ਸੰਭਾਲ ਹੀ ਸੰਭਵ ਨਹੀਂ। ਉਸ ‘ਗੁਰੂ’ ਤੋਂ ਬਿਨਾ ਨਾ ਹੀ ਸਾਨੂੰ ਮਨੁੱਖਾ ਜਨਮ ਦੀ ਸੋਝੀ ਆ ਸਕਦੀ ਹੈ ਨਾ ਸੰਭਾਲ ਕਰ ਸਕਦੇ ਹਾਂ। ਬਲਕਿ ਉਸ ਇਲਾਹੀ ਗੁਰੂ ਦੇ ਲੜ ਲਗੇ ਬਿਨਾ ਕਰਤਾਰ ਦੀ ਬਖਸ਼ਿਸ਼ ਵੀ ਹਾਸਲ ਨਹੀਂ ਹੋ ਸਕਦੀ। ਉਸੇ ਇਲਾਹੀ ਗੁਰੂ ਦਾ ਸ਼ੁਧ ਅਤੇ ਪ੍ਰਗਟ ਸਰੂਪ ਹਨ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ `ਤੇ ਉਸ ਅੰਦਰ ਦਰਜ ‘ਗੁਰਬਾਣੀ’ ਉਸ ਇਲਾਹੀ ਗੁਰੂ ਦਾ ਪ੍ਰਗਟਾਵਾ ਹੈ।

ਇਸ ਤਰ੍ਹਾਂ ਪਾਹੁਲ ਸੰਚਾਰ ਸਮੇਂ ਪੰਜ ਪਿਆਰੇ ਗੁਰੂ ਦਾ ਕੇਵਲ ਮਿਲਾਵਾ ਹਨ, ਖੁਦ ਗੁਰੂ ਨਹੀਂ ਹਨ। ਇਸ ਨਾਲ ਸਾਨੂੰ ਇਹ ਵੀ ਚੇਤੇ ਰਖਣ ਦੀ ਲੋੜ ਹੈ ਜੇਕਰ ‘ਪਾਹੁਲ ਸੰਚਾਰ’ ਦੌਰਾਨ, ਸਮੇਂ ਦੇ ਪੰਜ ਪਿਆਰੇ ਵੀ ਜੇਕਰ ਗੁਰੂ ਨਾਲ ਜੋੜਣ ਦੀ ਬਜਾਏ ਇਧਰ-ਓਧਰ ਦੀਆਂ ਹੋਰ-ਹੋਰ ਗੱਲਾਂ `ਚ ਜੋੜ ਰਹੇ ਹਨ, ਕਿਸੇ ਸੰਤ-ਬਾਬੇ-ਮਹਾਰਾਜ ਜੀ ਵਲ ਖਿੱਚ ਰਹੇ ਹਨ, ਤਾਂ ਯਕੀਨਣ ਉਸ ਸਮੇਂ ਉਹ ਲੋਕ ਗੁਰੂ ਦੇ ਦੇਣਦਾਰ ਹਨ ਅਤੇ ਅਮਾਨਤ `ਚ ਖਿਆਣਤ ਕਰ ਰਹੇ ਹਨ। ਦਰਅਸਲ ਅੱਜ ਬਹੁਤਾ ਇਹੀ ਹੋ ਰਿਹਾ ਹੈ ਜਿਸਦਾ ਨਤੀਜਾ ਹੈ ਕਹਿਣ ਨੂੰ ਅਸੀਂ ਸਾਰੇ ‘ਗੁਰੂ ਗ੍ਰੰਥ ਸਾਹਿਬ’ ਦੇ ਸਿੱਖ ਹਾਂ ਪਰ ਪੰਥ ਖੇਰੂੰ-ਖੇਰੂੰ ਹੋਇਆ ਅਤੇ ਘਰ-ਘਰ ਦੇ ਗੁਰੂ ਅਤੇ ਪੰਥ ਪ੍ਰਗਟ ਹੋ ਰਹੇ ਹਨ।

ਜੋਤ ਗ੍ਰੰਥ ਵਿਚ, ਜੁਗਤ ਪੰਥ ਵਿੱਚ- ‘ਗੁਰਬਾਣੀ’ ਦੀ ਜੁਗਤ’ ਭਾਵ ‘ਜੀਵਨ-ਜਾਚ’ ਨੂੰ ਪੰਥ ਪ੍ਰਵਾਣਤ-ਸਥਾਪਤ ‘ਪੰਜ ਪਿਅਰਿਆਂ’ ਨੇ ਉਪਰ ਦਿਤੇ ਤਿੰਨਾਂ ਵਾਕਾਂ ਦੇ ਦਾਇਰੇ `ਚ ਰਹਿਕੇ ਹੀ ਵਰਤਾਉਣਾ ਹੈ। ਇਹੀ ਸੀ ਗੁਰਬਾਣੀ ਦੇ ਸੰਪੂਰਣ ਸਰੂਪ ਨੂੰ ਗੁਰਗੱਦੀ ਦਾ ਸੌਂਪਣਾ। ਇਹ ਕਹਿਣਾ ਗ਼ਲਤ ਹੈ ਕਿ ਦਸਮੇਸ਼ ਜੀ ਨੇ ਸਰੀਰ ਵਾਲੀ ਗੱਲ ਹੀ ਖ਼ੱਤਮ ਕਰ ਦਿੱਤੀ, ਇਹ ਗਲ "ਜੋਤਿ ਓਹਾ ਜੁਗਤਿ ਸਾਇ, ਸਹਿ ਕਾਇਆ ਫੇਰਿ ਪਲਟੀਐ" (ਪੰ: 966) ਵਾਲੇ ਬਾਣੀ ਸਿਧਾਂਤ ਨਾਲ ਮੇਲ ਨਹੀਂ ਖਾਂਦੀ। ਸੁਆਲ ਕੇਵਲ ਇੰਨਾ ਹੈ ਕਿ ਪੰਥ ਨੇ ਕਿਹੜਾ ਢੰਗ ਵਰਤਣਾ ਹੈ ਤਾਕਿ ਸਮੇਂ ਸਮੇਂ ਨਾਲ ਨੀਯਤ ਕੀਤੇ ‘ਪੰਜ ਪਿਆਰੇ’ "ਪੂਜਾ ਅਕਾਲ ਪੁਰਖ ਕੀ-ਪਰਚਾ ਸ਼ਬਦ ਕਾ-ਦੀਦਾਰ ਖਾਲਸੇ ਕਾ" ਵਾਲੀ ਆਪਣੀ ਸੀਮਾਂ ਅਤੇ ਕੋਡ (ਕਾਰਜ ਪ੍ਰਣਾਲੀ) `ਚ ਰਹਿਕੇ ਕੰਮ ਕਰਨ।

ਗੁਰਬਾਣੀ ਗੁਰੂ ਦੀ ਗਲ ਪਹਿਲੇ ਜਾਮੇ ਤੋਂ ਹੀ ਪੱਕੀ ਕੀਤੀ ਜਾ ਚੁੱਕੀ ਸੀ। ਉਸ ਗੁਰੂ ਰੂਪੀ ਸਦੀਵੀ ਜੋਤ ਤੋਂ ਪ੍ਰਗਟ ਹੋਣ ਵਾਲੀ ਜੁਗਤ ਭਾਵ ‘ਜੀਵਨ ਜਾਚ’ ਵੀ ਸਦੀਵੀ ਅਤੇ ਬਾਣੀ ਦੇ ਅੰਦਰ ਹੀ ਸੀ। ਜੁਗਤ ਘੜਣ ਵਾਲੀ ਗੱਲ ਵੀ ਦਸਮੇਸ਼ ਜੀ ਰਾਹੀਂ ਸੰਪੂਰਣ ਹੋ ਚੁੱਕੀ ਸੀ। ਜੁਗਤ ਵਰਤਾਉਣ ਦੀ ਸਰੀਰਕ ਜਿੰਮੇਵਾਰੀ ਵੀ ਵਿਸਾਖੀ 1699 ਤੀਕ ਦਸ ਸਰੂਪਾਂ ਰਾਹੀਂ ਪਾਤਸ਼ਾਹ ਨੇ ਆਪ ਵਰਤਾਈ ਉਪਰੰਤ ਜੁਗਤ ਵਰਤਾਉਣ ਵਾਲੀ ਜ਼ਿਮੇਵਾਰੀ ਪੰਥ ਨੂੰ ਸੌਂਪ ਦਿਤੀ। ਫ਼ੈਸਲਾ ਦਿੱਤਾ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਹੀ ਅਕਾਲਪ੍ਰੁਰਖੁ ਅਤੇ ‘ਸ਼ਬਦ-ਬਾਣੀ’ ਦੇ ਸ਼ੁਧ ਸੰਪੂਰਨ ਸਰੂਪ ਹਨ। ਗੁਰਬਾਣੀ ਭਾਵ ‘ਗੁਰੂ ਗ੍ਰੰਥ ਸਾਹਿਬ’ ਜੀ ਦੀ ਸਿੱਖਿਆ ਅਨੁਸਾਰ ਚਲੇ ਬਿਨਾ ਕੋਈ ਸਿੱਖ ਨਹੀਂ ਹੋ ਸਕਦਾ-ਬਸ ਇਹੀ ਹੈ ‘ਜੋਤ ਗ੍ਰੰਥ ਵਿੱਚ ਅਤੇ ਜੁਗਤ ਪੰਥ ਵਿਚ’। ਇਸਦਾ ਇਹ ਮਤਲਬ ਕਦੇ ਨਹੀਂ, ਜਿਵੇਂ ਅੱਜ ਲਿਆ ਜਾ ਰਿਹਾ ਹੈ ਕਿ ਪੰਥ ਜਿਹੜੀ ਚਾਹੇ ਜਦੋਂ ਚਾਹੇ ਜੁਗਤ ਘੜ ਲਵੇ। ਦੇਖ ਚੁੱਕੇ ਹਾਂ ਕਿ ਜੁਗਤ ਘੜਣ ਦਾ ਹੱਕ ਜੁਗਤ ਵਰਤਾਉਣ ਵਾਲੇ ‘ਪੰਜ ਪਿਆਰਿਆਂ’ ਕੋਲ ਵੀ ਨਹੀਂ।

ਪੰਜ ਪਿਆਰੇ ਸਦਾ ਬਦਲਵੇਂ-ਵਿਸਾਖੀ 1699, ਉਸ ਤੋਂ ਬਾਅਦ ‘ਦਾਦੂ ਦੀ ਕਬਰ ਨੂੰ ਤੀਰ ਨਾਲ ਕਲਾਮ ਸਮੇਂ’, `ਚਮਕੌਰ ਦੀ ਗੜ੍ਹੀ ਵਾਲੀ ਘਟਣਾ’, ‘ਬਾਬਾ ਬੰਦਾ ਸਿੰਘ ਬਹਾਦੁਰ ਨੂੰ ਪੰਥ ਦਾ ਜਥੇਦਾਰ ਥਾਪ ਕੇ ਪੰਜਾਬ ਭੇਜਣ ਸਮੇਂ’ ਅੰਤ ਅਕਤੂਬਰ ਸੰਨ 1708, ਨਾਦੇੜ ਸਾਹਿਬ ਵਾਲੀ ਇਤਿਹਾਸਕ ਘਟਣਾ’ -ਗੁਰਦੇਵ ਨੇ ਸਾਬਤ ਕੀਤਾ ਕਿ ਪੰਥ ਪੱਧਰ ਦੇ ਗੁਰਬਾਣੀ ਜੁਗਤ ਨੂੰ ਵਰਤਾਉਣ ਵਾਲੇ ਪੰਥ ਪ੍ਰਵਾਣਤ/ਸਥਾਪਤ ‘ਪੰਜ ਪਿਆਰੇ’ ਸਮੇਂ ਨਾਲ ਬਦਲਵੇਂ ਹੋ ਸਕਦੇ ਹਨ। ਇਸ ਸੇਵਾ ਲਈ ਕਿਸੇ ਵਿਸ਼ੇਸ਼ ਔਹਦੇ ਜਾਂ ਸਮੇਂ-ਸੀਮਾਂ ਦਾ ਸੰਬੰਧ ਨਹੀਂ। ਸਮੇਂ ਅਨੁਸਾਰ ਇਹ ਫ਼ੈਸਲਾ ਕੇਵਲ ਅਤੇ ਕੇਵਲ ‘ਪਾਹੁਲ ਪ੍ਰਾਪਤ’ ‘ਗੁਰੂ ਗ੍ਰੰਥ ਦੇ ਪੰਥ’ ਨੇ ਹੀ ਕਰਨਾ ਹੈ ਕਿਸੇ ਸੰਤ, ਸਾਧ, ਡੇਰੇਦਾਰ ਜਾਂ ਕਿਸੇ ਰਾਜਸੀ ਨੇਤਾ ਦੇ ਪੰਥ ਜਾਂ ਉਨ੍ਹਾਂ ਦੇ ਚੇਲਿਆਂ ਨੇ ਨਹੀਂ ਕਰਨਾ।

ਪੰਥ ਦੀ ਸਾਜਨਾ ਕੀਤੀ- ਇੱਕ ਭੁਲੇਖਾ, ਜਿਸਨੂੰ ਸਮਝਣ ਦੀ ਲੋੜ ਹੈ। ਬਾਣੀ ਦਾ ਖਜ਼ਾਨਾ ਤਿਆਰ ਹੋ ਚੁੱਕਾ ਸੀ। ਗੁਰੂ ਦਾ ਸਦੀਵੀ ਆਤਮਕ ਸਰੂਪ ਪਹਿਲਾਂ ਤੇ ਹੁਣ ਵੀ ਗੁਰਬਾਣੀ ਹੀ ਸੀ। ਨਿਰਾਲਾ ਪੰਥ ਵੀ ਪਹਿਲੇ ਜਾਮੇ ਤੋਂ ਪ੍ਰਗਟ ਕਰ ਦਿਤਾ ਗਿਆ ਸੀ। ਅੱਗੇ ਦਾ ਕੰਮ ਕੇਵਲ ਗੁਰਬਾਣੀ ਤੋਂ ਪ੍ਰਗਟ ‘ਜੁਗਤ’ ਭਾਵ ‘ਜੀਵਨ-ਜਾਚ’ ਨੂੰ ਵਰਤਾਉਣ ਤੇ ਉਸ ਉਪਰ ਪਹਿਰਾ ਦੇਣਾ ਅਤੇ ਨਵੇਂ ਜਗਿਆਸੂਆਂ ਨੂੰ ਪੰਥਕ ਸੀਮਾ `ਚ ਲਿਆਉਣਾ ਸੀ। ਦਸਮੇਸ਼ ਜੀ ਦਾ ਪ੍ਰੋਗ੍ਰਾਮ ਇਸ ‘ਜੁਗਤ’ ਵਰਤਾਉਣ ਵਾਲੀ ਜ਼ਿੰਮੇਵਾਰੀ ਨੂੰ ਪੰਥ ਪਾਸ ਦੇਣ ਦਾ ਸੀ। ਆਪ ਨੇ ਅਨੰਦਪੁਰ ਸਾਹਿਬ ਦੇ ਮੌਜੂਦਾ ਤਖ਼਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਸਥਾਨ ਤੇ ਵਿਸਾਖੀ ਸੰਨ 1699 ਈ: ਨੂੰ ਉਚੇਚਾ ਸਮਾਗਮ ਸੱਦਿਆ। ਗੁਰੂਦਰ `ਤੇ ਵਿਸਾਖੀ ਦਾ ਸਾਲਾਨਾ ਜੋੜ-ਮੇਲ ਗੁਰੂ ਨਾਨਕ ਪਾਤਸ਼ਾਹ ਦੇ ਵਿਸਾਖ `ਚ ਆਗਮਨ ਕਾਰਨ ਅਰੰਭ ਹੋਇਆ ਸੀ।

ਚੇਤੇ ਰਹੇ ਇਤਿਹਾਸਕ ਤੌਰ ਤੇ ਵੀ ਓਦੋਂ ਮਾਰਚ ਮਹੀਨੇ ਦੀ ਤੀਹ ਤਾਰੀਖ ਸੀ ਨਾ ਕਿ ੧੩ ਜਾਂ ੧੪ ਅਪ੍ਰੈਲ਼। ਇਸ ਸਮਾਗਮ ਲਈ ਦੂਰ-ਦੂਰ ਤੀਕ ਸੱਦਾ-ਪੱਤਰ ਭੇਜੇ ਗਏ। ਭਰੇ ਦੀਵਾਨ `ਚ ਅਚਾਨਕ ਗੁਰਦੇਵ ਨੇ ਪੰਜ ਸਿਰਾਂ ਦੀ ਮੰਗ ਕੀਤੀ ਅਤੇ ਪੰਜਾਂ ਨੇ ਆਪਣੇ ਆਪ ਨੂੰ ਪੇਸ਼ ਕੀਤਾ। ਛੇਵਾਂ ਸਿਰ ਪਾਤਸ਼ਾਹ ਨੇ ਮੰਗਿਆ ਹੀ ਨਹੀਂ, ਇਸ ਲਈੇ ਲੋੜ ਹੀ ਨਹੀਂ ਪਈ। ਉਪ੍ਰੰਤ ਦਸਮੇਸ਼ ਜੀ ਨੇ ਪਹਿਲੀ ‘ਖੰਡੇ ਦੀ ਪਾਹੁਲ’ ਦਾ ਬਾਟਾ ਆਪ ਇਕਲਿਆਂ ਤਿਆਰ ਕੀਤਾ ਤੇ ਪਹਿਲੇ ਪੰਜਾਂ ਨੂੰ ਛੱਕਾਇਆ ਵੀ ਇਕਲਿਆਂ ਹੀ। ਇਸ ਤਰ੍ਹਾਂ ‘ਖੰਡੇ ਦੀ ਪਾਹੁਲ’ ਰਾਹੀਂ ਸਿੱਖ ਧਰਮ `ਚ ਪ੍ਰਵੇਸ਼ ਦੇ ਢੰਗ ਦਾ ਅਰੰਭ ਕੀਤਾ। ਉਪਰੰਤ ਆਪ ਨੇ ਇਹ ਸੇਵਾ ਪੰਜ ਪਾਹੁਲ ਧਾਰੀਆਂ ਦੇ ਰੂਪ `ਚ ਪੰਥ ਦੇ ਸਪੁਰਦ ਕਰ ਦਿੱਤੀ ਅਤੇ ਗੁਰਦੇਵ ਨੇ ਉਨ੍ਹਾਂ ਪੰਜਾਂ ਅਗੇ ਮੱਥਾ ਟੇਕ ਦਿਤਾ। ਇਸੇ ਤਬਦੀਲੀ ਦਾ ਨਾਮ ਸੀ ‘ਪੰਥ ਦੀ ਸਾਜਨਾ’ ਭਾਵ ਇਸ ਦਿਨ ਤੋਂ ਸਿੱਖ ਧਰਮ `ਚ ਪ੍ਰਵੇਸ਼ ਕਰਵਾਉਣ ਅਤੇ ਬਾਣੀ ਜੁਗਤ ਨੂੰ ਵਰਤਾਉਣ ਵਾਲੀ ਜ਼ਿਮੇਵਾਰੀ ਪੰਥ ਦੇ ਸਪੁਰਦ ਕਰ ਦਿੱਤੀ ਗਈ।

ਪੰਜਾਂ ਅੱਗੇ ਮੱਥਾ ਟੇਕਿਆ- ਨੰਗੀ ਤਲਵਾਰ ਦੀ ਧਾਰ ਤੇ ਪੰਜ ਸਿੱਖਾਂ ਦੀ ਚੋਣ ਕੀਤੀ ਅਤੇ ਖੰਡੇ-ਬਾਟੇ ਦੀ ਪਾਹੁਲ ਦੇਕੇ ਉਨ੍ਹਾਂ ਨੂੰ ‘ਪੰਜ ਪਿਆਰੇ’ ਐਲਾਣਿਆ। ਫਿਰ ਦਸਮੇਸ਼ ਜੀ ਨੇ ਉਨ੍ਹਾਂ ਪੰਜਾਂ ਅਗੇ ਆਪਣਾ ਸਿਰ ਝੁੱਕਾ ਦਿੱਤਾ। ਇਹੀ ਢੰਗ ਪਹਿਲੇ ਜਾਮੇ ਤੋਂ ਚਲਦਾ ਆ ਰਿਹਾ ਸੀ। ਗੁਰੂ ਨਾਨਕ ਪਾਤਸ਼ਾਹ ਨੇ, ਗੁਰੂ ਅੰਗਦ ਸਾਹਿਬ ਅੱਗੇ ਮੱਥਾ ਟੇਕ ਕੇ ਗੁਰਗੱਦੀ ਦੀ ਸੌਂਪਣਾ ਕੀਤੀ ਸੀ। ਗੁਰੂ ਅੰਗਦ ਸਾਹਿਬ ਨੇ ਗੁਰੂ ਅਮਰਦਾਸ ਜੀ ਅੱਗੇ। ਠੀਕ ਇਸੇ ਚਲਦੀ ਆ ਰਹੀ ਪਰੀਪਾਟੀ ਅਨੁਸਾਰ ਅੱਜ ਇਨ੍ਹਾਂ ਪੰਜਾਂ ਅੱਗੇ ਸਿਰ ਝੁਕਾ ਕੇ ਗੁਰਦੇਵ ਨੇ ਜੁਗਤ ਵਰਤਾਉਣ ਵਾਲੀ ਸਰੀਰਕ ਜ਼ਿੰਮੇਵਾਰੀ ਸਮੁੱਚੇ ਤੌਰ ਤੇ ਪੰਜ ਪਿਆਰਿਆਂ ਨੂੰ ਸੌਂਪ ਦਿੱਤੀ। ਪਿਛਲੇਰੇ ਇਤਿਹਾਸ `ਚ ਦਾਦੂ ਦੀ ਕਬਰ ਨੂੰ ਕਲਾਮ ਅਤੇ ਪੰਜਾਂ ਰਾਹੀਂ ਆਪ ਨੂੰ ਤਨਖਾਹੀਆ ਕਰਾਰ ਦੇਣਾ; ਪੰਜਾਂ ਰਾਹੀਂ ਦਸਮੇਸ਼ ਜੀ ਨੂੰ ਚਮਕੌਰ ਦੀ ਗੜ੍ਹੀ ਛੱਡਣ ਦਾ ਹੁਕਮ, ਪੰਜ ਪਿਆਰਿਆਂ ਰਾਹੀਂ ਸਰੀਰਕ ਰੂਪ `ਚ ਪੰਥ ਅੰਦਰ ਗੁਰਬਾਣੀ ਜੁਗਤ ਨੂੰ ਵਰਤਾਉਣ ਦੇ ਵਾਰਿਸ ਬਨਾਉਣ ਦਾ ਸਬੂਤ ਹਨ।

ਪੰਜਾਂ ਪਾਸੋਂ ਦਸਮੇਸ਼ ਜੀ ਨੇ ਪਾਹੁਲ ਤਾਂ ਲਈ? ਪਰ - ਅਗਲਾ ਹੁਕਮ, ਬਦਲੇ ਹੋਏ ਨਿਯਮਾ ਅਨੁਸਾਰ ਸਾਰੇ ਪੰਥ ਨੂੰ ਨਵੇਂ ਸਿਰਿਉਂ ‘ਖੰਡੇ ਦੀ ਪਾਹੁਲ’ ਲੈਣ ਦਾ ਸੀ। ਇਤਿਹਾਸਕਾਰਾਂ ਅਨੁਸਾਰ ਪਹਿਲੀਆਂ ਪੰਕਤਾਂ `ਚ 80,000 ਪ੍ਰਾਣੀਆਂ ਨੇ ‘ਖੰਡੇ ਦੀ ਪਾਹੁਲ’ ਪ੍ਰਾਪਤ ਕੀਤੀ। ਇਥੇ ਦੋ ਗੱਲਾਂ ਸਾਫ਼ ਹਨ। ਜਿਵੇਂ:-

(1) ਪਹਿਲੇ ਪੰਜ ਪਿਆਰਿਆਂ ਲਈ ਜੋ ‘ਖੰਡੇ ਦੀ ਪਾਹੁਲ’ ਦਾ ਬਾਟਾ ਤਿਆਰ ਹੋਇਆ ਜਾਂ ਪਹਿਲੇ ਪੰਜਾਂ ਨੂੰ ਛਕਾਇਆ ਤਾਂ ਉਹ ਦਸਮੇਸ਼ ਜੀ ਨੇ ਇੱਕਲਿਆਂ ਤਿਆਰ ਕੀਤਾ, ਕਿਉਂਕਿ ਆਪ ਪਹਿਲਾਂ ਤੋਂ ਕੇਵਲ ‘ਪਾਹੁਲ ਪ੍ਰਾਪਤ’ ਹੀ ਨਹੀਂ ਬਲਕਿ ‘ਗੁਰੂ ਪਦ’ ਨੂੰ ਵੀ ਪ੍ਰਾਪਤ ਸਨ।

(2) ਜਦੋਂ ਬਦਲੇ ਨਿਯਮਾਂ ਅਨੁਸਾਰ ਸਾਰਿਆਂ ਨੂੰ ਨਵੇਂ ਸਿਰਿਉਂ ਪਾਹੁਲ ਲੈਣ ਦਾ ਹੁਕਮ ਕੀਤਾ ਤਾਂ ਗੁਰਦੇਵ ਨੇ ਪੰਜਾਂ ਸਾਹਮਣੇ ਸਭ ਤੋਂ ਪਹਿਲਾਂ ਪੇਸ਼ ਵੀ ਆਪਣੇ ਆਪ ਨੂੰ ਕੀਤਾ। ਇਸ ਤਰ੍ਹਾਂ ਸਾਬਤ ਕੀਤਾ ਕਿ ਸਿੱਖ ਧਰਮ `ਚ ਪ੍ਰਵੇਸ਼ ਦਾ ਢੰਗ ਵਿਸਾਖੀ 1699 ਉਪ੍ਰੰਤ ਕੇਵਲ ‘ਖੰਡੇ ਦੀ ਪਾਹੁਲ’ ਹੈ, ਇਸ ਤੋਂ ਇਲਾਵਾ ਕੋਈ ਵੀ ਢੰਗ ਪ੍ਰਵਾਣ ਨਹੀਂ। ਆਪਣੇ ਆਪ ਤੋਂ ਸ਼ੁਰੂ ਕਰਕੇ ਸਾਬਤ ਕੀਤਾ ਕਿ `ਚਰਣ ਪਾਹੁਲ’ ਦਾ ਚਲਦਾ ਆ ਰਿਹਾ ਨਿਯਮ ਪੂਰੀ ਤਰ੍ਹਾਂ ਖ਼ਤਮ ਕਰ ਦਿੱਤਾ ਗਿਆ ਹੈ। ਇੰਨਾ ਹੀ ਨਹੀਂ ਉਸ ਸਮੇਂ ਆਪ ਨੇ ਸਿੱਖਾਂ ਦੇ ਨਾਵਾਂ `ਚ ‘ਸਿੰਘ ਤੇ ਕੌਰ’ ਵਾਲੀ ਤਬਦੀਲ਼ੀ ਕਰਕੇ ਸਭ ਤੋਂ ਪਹਿਲਾਂ ਆਪ ‘ਗੋਬਿੰਦ ਰਾਏ ਤੋਂ ‘ਗੋਬਿੰਦ ਸਿੰਘ’ ਹੋਏ, ਇਹ ਹੁਕਮ ਵੀ ਪੂਰੇ ਪੰਥ ਲਈ ਸੀ।

ਪੰਥ ਦੀ ਸਿਰਜਣਾ’ ਜਾਂ ‘ਖਾਲਸਾ ਸਾਜਨਾ’ ? - 1699 ਦੇ ਪਾਹੁਲ ਸੰਚਾਰ ਸਮਾਗਮ ਨੂੰ ਇਤਿਹਾਸ `ਚ ‘ਖਾਲਸਾ ਸਾਜਨਾ ਦਿਵਸ’ ਜਾਂ ‘ਪੰਥ ਸਾਜਨਾ’ ਦੇ ਨਾਮ ਨਾਲ ਵੀ ਯਾਦ ਕੀਤਾ ਜਾਂਦਾ ਹੈ। ਚੇਤੇ ਰਹੇ, ਪੰਥ ਨਿੱਤਨੇਮੀ, ਕੇਸਾਧਾਰੀ, ਕੰਘਾਧਾਰੀ ਇਥੋਂ ਤੀਕ ਕਿ ਕਛਹਿਰਾ ਧਾਰੀ ਪਹਿਲੇ ਜਾਮੇ ਤੋਂ ਸੀ। ਜੰਗਾਂ `ਚ ਕੁੱਦਣ ਕਰਕੇ ਛੇਵੇਂ ਜਾਮੇ ਤੋਂ ਸ਼ਸਤ੍ਰਧਾਰੀ ਵੀ ਹੋ ਚੁੱਕਾ ਸੀ। ਬਾਣੀ ਗੁਰੂ ਦਾ ਸਿਧਾਂਤ ਵੀ ਪਹਿਲੇ ਜਾਮੇ ਤੋਂ ਸੀ। ਅੱਜ ਗੁਰਬਾਣੀ ਅਥਵਾ ਗੁਰੂ ਗ੍ਰੰਥ ਸਾਹਿਬ ਵਾਲੀ ਜੁਗਤ ਵਰਤਾਉਣ `ਤੇ ਸਿੱਖ ਧਰਮ `ਚ ਪ੍ਰਵੇਸ਼ ਕਰਵਾਉਣ ਦੀ ਜ਼ਿੰਮੇਵਾਰੀ ਵੀ ਹਮੇਸ਼ਾ ਲਈ ‘ਪਾਹੁਲ ਪ੍ਰਾਪਤ ਪੰਜਾਂ ਦੇ ਰੂਪ `ਚ ਪੰਥ ਦੇ ਹਵਾਲੇ ਕਰ ਦਿੱਤੀ। ਇਨ੍ਹਾਂ `ਚ ‘ਕੜਾ’ ਜੋੜ ਕੇ ਪੰਜ ਕਕਾਰਾਂ ਨੂੰ ਵੀ ਨਿਯਮਤ ਕਰ ਦਿੱਤਾ। ਸਿੱਖਾਂ ਦੇ ਨਾਵਾਂ ਨਾਲ-ਸਿੰਘ ਅਤੇ ਕੌਰ-ਵਾਲੇ ਸ਼ਬਦ ਪੱਕੇ ਕਰਕੇ, ਪੰਥ ਨੂੰ ਇੱਕ ਪ੍ਰਵਾਰ ਦਾ ਰੂਪ ਦੇ ਦਿੱਤਾ ਅਤੇ ਜਾਤ ਗੋਤ ਵਾਲੀ ਗੱਲ ਵੀ ਮੁਕਾ ਦਿਤੀ।

ਇਸ ਤਰ੍ਹਾਂ ਨੰਗੀ ਤਲਵਾਰ ਵਾਲੇ ਇਮਿਤਿਹਾਨ `ਚ ‘ਗੁਰੂ ਹੁਕਮਾਂ ਤੋਂ ਆਪਾ ਕੁਰਬਾਨ ਕਰਨ ਵਾਲੀ ਤਿਆਰੀ `ਚ ਪੰਥ 100% ਨੰਬਰ ਲੈਕੇ ਪਾਸ ਹੋਇਆ ਤਾਂ ਸਿੱਖ ਨੂੰ ਪਾਤਸ਼ਾਹ ਨੇ ਪ੍ਰਸੰਨ ਹੋ ਕੇ ‘ਖਾਲਸੇ’ ਦੀ ਉਪਾਧੀ ਨਾਲ ਨਿਵਾਜਿਆ। ਸਿੱਖ ਨੂੰ ਆਪਸੀ ਮਿਲਾਪ ਲਈ ਨਵਾਂ ਬੋਲਾ ਬਖਸ਼ਿਆ- "ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫ਼ਤਿਹ॥" ਇਸੇ ਦਾ ਨਾਮ ਸੀ "ਪੰਥ ਦੀ ਜਾਂ ਖਾਲਸੇ ਦੀ ਸਾਜਨਾ"। ਿੱਖ ਧਰਮ (ਪੰਥ) ਤਾਂ ਪਹਿਲੇ ਜਾਮੇਂ ਤੋਂ ਹੀ ਪ੍ਰਗਟ ਕੀਤਾ ਜਾ ਚੁੱਕਾ ਸੀ। ਨਹੀਂ ਤਾਂ ਸਾਡਾ ਧਰਮ ਅੱਜ ਵੀ ‘ਸਿੱਖ’ ਹੈ `ਤੇ ਸਦਾ ਰਵੇਗਾ ਵੀ ‘ਸਿੱਖ’। ‘ਪ੍ਰਗਟ ਕਰਨਾ’ ‘ਸਾਜਨਾ’, ਦੋਵੇਂ ਭਿੰਨ-ਭਿੰਨ ਵਿਸ਼ੇ ਹਨ। ਵਿਸਾਖੀ 1699 ਨੂੰ ਪੰਥ ਪ੍ਰਗਟ ਨਹੀਂ ਕੀਤਾ, ਸਾਜਿਆ ਸੀ।

ਵਿਸਾਖੀ 1699 ਖਾਲਸੇ ਦਾ ਜਨਮਦਿਨ ਵੀ ਨਹੀਂ- ਕੁੱਝ ਇਤਿਹਾਸਕਾਰਾਂ ਜਾਂ ਪ੍ਰਚਾਰਕਾਂ ਰਾਹੀਂ ਵਿਸਾਖੀ 1699 ਨੂੰ ਖਾਲਸੇ ਦਾ ‘ਜਨਮ ਦਿਨ’ ਜਾਂ ‘ਖੰਡੇ ਦੀ ਪਾਹੁਲ’ (ਅੰਮ੍ਰਿਤ ਛੱਕਣ) ਦਾ ਅਰੰਭ ਦਸਣਾ, ਵੱਡੀ ਭੁੱਲ ਹੈ। ਇਹ ਤਾਂ ਸਿੱਖ ਧਰਮ ਦੇ ਪਿੱਛਲੇ 230 ਸਾਲਾਂ ਦੇ ਇਤਿਹਾਸ `ਤੇ ਸਿਆਹੀ ਫੇਰਣ ਤੁੱਲ ਹੈ। ਗੁਰਬਾਣੀ ਦਾ ਫ਼ੈਸਲਾ ਹੈ "ਜੋ ਉਪਜਿਓ ਸੋ ਬਿਨਸਿ ਹੈ…" (ਪੰ: ੧੪੨੯) ਭਾਵ ‘ਜਿਸਦਾ ਜਨਮ ਹੈ ਉਸ ਦਾ ਮਰਨ ਵੀ ਅਵੱਸ਼ ਹੈ’। ਸਿੱਖ ਧਰਮ ਦਾ ਨਾ ਜਨਮ ਹੈ ਅਤੇ ਨਾ ਮਰਨ। ਸਿੱਖ ਧਰਮ ਤਾਂ ਆਦਿ ਜੁਗਾਦੀ ਧਰਮ ਹੈ। ਹਾਂ! ਮਨੁੱਖ ਦੇ ਇਸ ਮੂਲ ਧਰਮ ਨੂੰ ‘ਸਿੱਖ’ ਨਾਮ ਬਖਸ਼ਿਆ ਗੁਰੂ ਨਾਨਕ ਪਾਤਸ਼ਾਹ ਨੇ। ‘ਗੁਰਬਾਣੀ ਸਿੱਖਿਆ ਦੇ ਪਾਬੰਦ ਹੋਏ ਬਿਨਾ ਕਿਸੇ ਵੀ ਜੀਵਨ `ਚ ‘ਸਿੱਖ’ ਵਾਲੀ ਅਵਸਥਾ ਹੀ ਸੰਭਵ ਨਹੀਂ’।

ਦਰਅਸਲ ਵਿਸਾਖੀ ਸੰਨ 1699 ਪੰਥ ਦਾ ਸਾਜਨਾ ਦਿਵਸ ਹੈ ਜਦੋਂ ‘ਬਾਣੀ ਜੁਗਤ’ ਵਰਤਾਉਣ ਵਾਲੀ ਜ਼ਿਮੇਵਾਰੀ, ਪਾਹੁਲ ਪ੍ਰਾਪਤ ਪੰਜ ਪਿਆਰਿਆਂ ਦੇ ਰੂਪ `ਚ ਪੰਥ ਦੇ ਸਪੁਰਦ ਕੀਤੀ ਗਈ। ‘ਸਿੱਖ’ ‘ਖਾਲਸਾ’ ਜਾਂ ‘ਸਿੰਘ’, ਵੱਖ-ਵੱਖ ਨਹੀਂ ਹਨ। ‘ਖਾਲਸਾ ਜੀਵਨ’ ਤਾਂ ਸਿੱਖ ਲਈ ਪਹਿਲੇ ਜਾਮੇਂ ਤੋਂ ਹੀ ਨਿਸ਼ਚਤ ਕੀਤਾ ਗਿਆ ਸੀ। ਸੰਨ 1699 ਨੂੰ ਤਾਂ ਉਸੇ ‘ਸਿੱਖ’ ਨੂੰ ਖਾਲਸੇ ਦੇ ਖਿਤਾਬ ਨਾਲ ਨਿਵਾਜਿਆ। ਸਿੱਖ ਵਾਸਤੇ ਹੀ ‘ਸਿੰਘ’ ਲਫ਼ਜ਼ ਵੀ ਉਸਦੇ ਨਾਵਾਂ `ਚ ਤਬਦੀਲੀ ਕਾਰਨ ਪ੍ਰਚਲਤ ਹੋ ਗਿਆ। `ਚਰਣ ਪਾਹੁਲ’ ਦੇ ਰੂਪ `ਚ ਪਾਹੁਲ ਦਾ ਨਿਯਮ ਵੀ ਸਿੱਖ ਲਈ ਪਹਿਲੇ ਜਾਮੇ ਤੋਂ ਸੀ। ਉਸੇ `ਚਰਣ ਪਾਹੁਲ’ ਦੇ ਬਦਲੇ ਹੋਏ ਢੰਗ ਦਾ ਨਾਮ ਸੀ ‘ਖੰਡੇ ਦੀ ਪਾਹੁਲ’ ਮੱਕਸਦ-ਆਸ਼ਾ ਉਹੀ ਸੀ; ਜੀਵਨ ਨੂੰ ਗੁਰਬਾਣੀ ਦੇ ਚਰਣਾਂ ਨਾਲ ਜੋੜਣਾ।

ਸਰੀਰ, ਜੁਗਤ `ਤੇ ਦਰਜਾ-ਬ-ਦਰਜਾ ਪੰਜ ਪਿਆਰੇ- ਹੁਣ ਤੀਕ ਪੰਥਕ ਪੱਧਰ ਦੇ ਪੰਜ ਪਿਆਰਿਆਂ ਦੀ ਗਲ ਨੂੰ ਸਮਝ ਰਹੇ ਸੀ। ਦਰਅਸਲ ਜੇ ਕੌਮ ਨੂੰ ਬਚਾਉਣਾ ਹੈ ਤਾਂ ਲਗਭਗ ਇਸੇ ਪੰਥਕ ਪੱਧਰ ਦੇ ਪੰਜ ਪਿਆਰਾ ਸਿੱਸਟਮ ਦੇ ਆਧਾਰ ਤੇ ਹੀ ਸਾਨੂੰ ਬਿਲਕੁਲ ਹੇਠਲੇ ਪੱਧਰ ਤੋਂ ਮੌਜੂਦਾ ਗੁਰਦੁਆਰਾ ਚੌਣ ਢਾੰਚੇ (Gurduara Election System) ਦਾ ਬਦਲ ਵੀ ਲਿਆਉਣ ਦੀ ਲੋੜ ਹੈ। ਕਈ ਸੱਜਣ ਸੁਆਲ ਕਰਦੇ ਹਨ, ਵੱਖ-ਵੱਖ ਪੱਧਰ ਦੇ ਪੰਜ ਪਿਆਰਿਆਂ ਦਾ ਰੁਤਬਾ ਕੀ ਹੋਵੇ? ਦਰਅਸਲ ਇਹ ਕੌਮ ਦੀ ਬਦਕਿਸਮਤੀ ਅਤੇ ਗਿਰਾਵਟ ਦੀ ਪਛਾਣ ਹੈ, ਕਿ ਅੱਜ ਕੌਮ ਦਾ ਵੱਡਾ ਹਿੱਸਾ ਪਾਹੁਲ ਪ੍ਰਾਪਤ (ਅੰਮ੍ਰਿਤਧਾਰੀ) ਨਹੀਂ। ਜਦੋਂ ਸਿੱਖ, ਖੰਡੇ ਦੀ ਪਾਹੁਲ ਤੋਂ ਪਿਛੇ ਹਟਿਆ ਤਾਂ ਨਿੱਤਨੇਮ ਤੋਂ ਵੀ ਜਾਂਦਾ ਰਿਹਾ ਉਪ੍ਰੰਤ ਬਾਕੀ ਕਕਾਰਾਂ ਤੋਂ ਗਿਆ ਅਤੇ ਹੁਣ ਸਰੂਪ ਵੀ ਜਾ ਰਿਹਾ ਹੈ; ਆਖਿਰ ਕਦੋਂ ਸੰਭਲਾਂਗੇ? ਹਰੇਕ ਸਿੱਖ ਵਾਸਤੇ ਜ਼ਰੂਰੀ ਹੈ ਕਿ ਉਹ ‘ਪਾਹੁਲ ਧਾਰੀ’ ਹੋਵੇ ਕਿਉਂਕਿ ‘ਪਾਹੁਲ ਧਾਰੀ’ ਹੋਣਾ ਸਿੱਖੀ ਦਾ ਅਰੰਭ ਹੈ, ਅੰਤ ਨਹੀਂ।

ਸਚਾਈ ਇਹ ਹੈ ਕਿ ਸਿੱਖ ਧਰਮ ਦੀ ਸੁੰਦਰ ਇਮਾਰਤ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਬ ਉਤੱਮ ਵਿਚਾਰਧਾਰਾ `ਤੇ ਖੜੀ ਹੈ। ਗੁਰਬਾਣੀ ਦਾ ਸਥਾਨ ਸਿੱਖ ਧਰਮ `ਚ ਸਭ ਤੋਂ ਉਤੱਮ ਹੈ। ਇਸੇ ਨਿਯਮ ਅਧੀਨ ਕਿਸੇ ਸਮਾਗਮ ਦਾ ਆਰੰਭ ਅਤੇ ਸਮਾਪਤੀ ਗੁਰਬਾਣੀ ਸ਼ਬਦ ਨਾਲ ਹੀ ਕਰਣੀ ਹੁੰਦੀ ਹੈ। ਅਸਲ `ਚ ਸਾਰੀ ਗੁਰਬਾਣੀ ਹੀ ਪਾਤਸ਼ਾਹ ਵਲੋਂ ਸੰਗਤਾਂ ਲਈ ਹੁਕਮ ਰੂਪ ਹੈ ਇਸੇ ਲਈ ਗੁਰੂਦਰ `ਤੇ ਇਸਨੂੰ ‘ਹੁਕਮ ਲੈਣਾ’ ਕਿਹਾ ਜਾਂਦਾ ਹੈ। ਮੂਲ ਰੂਪ `ਚ ਗੁਰਬਾਣੀ, ਸਮੂਚੀ ਮਾਨਵਤਾ ਦਾ ਸਦੀਵੀ ਗੁਰੂ ਹੈ ਅਤੇ ‘ਖੁਆਰ ਹੋਏ ਸਭ ਮਿਲੇਂਗੇ’ -ਸਮੇਂ ਨਾਲ ਦੁਨੀਆਂ ਇਸ ਸੱਚ ਨੂੰ ਅਪਣਾਏਗੀ। ਦੇਖ ਚੁੱਕੇ ਹਾਂ ਕਿ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਵਿਚਲੀ ‘ਗੁਰੂ ਦੀ ਜੁਗਤ’ ਨੂੰ ਵਰਤਾਉਣ ਲਈ ਸਰੀਰ ਦਾ ਮਹੱਤਵ ਆਪਣਾ ਹੈ। ਸਰੀਰ ਬਿਨਸਨਹਾਰ ਹੈ, ਸਦੀਵਕਾਲੀ ਨਹੀਂ। ਪਹਿਲੇ ਜਾਮੇਂ `ਚ ਗੁਰੂ ਨਾਨਕ ਸਾਹਿਬ ਨੇ ਇਹ ਸੇਵਾ ਆਪ ਨਿਭਾਈ, ਕਿਉਂਕਿ ਆਪ ਜੰਮਾਂਦਰੂ ਗੁਰੂ ਸਨ, ਅਕਾਲਪੁਰਖ ਦੇ ਸਰਬਵਿਆਪੀ ਸਦੀਵੀ ਗੁਣ ‘ਗੁਰੂ’ ਦਾ ਸਰੀਰਕ ਪ੍ਰਗਟਾਵਾ। ‘ਗੁਰੂ ਜੁਗਤ’ ਨੂੰ ਘੱੜਣ `ਤੇ ਸੰਸਾਰ ਸਾਹਮਣੇ ਪ੍ਰਤੱਖ ਕਰਨ ਲਈ ਆਪ ਨੂੰ ਦਸ ਜਾਮੇ ਧਾਰਨ ਕਰਨੇ ਪਏ। ਵਿਸਾਖੀ ਸੰਨ 1699 ਈ:-ਗੁਰਬਾਣੀ ਜੁਗਤ ਨੂੰ ਵਰਤਾਉਣ ਵਾਲੀ ਸਰੀਰਕ ਜ਼ਿੰਮੇਵਾਰੀੰ, ਕਲਗੀਧਰ ਜੀ ਨੇ ਸਮੂਹਿਕ, ਤਿਆਰ-ਬਰ-ਤਿਆਰ, ‘ਪਾਹੁਲ ਪ੍ਰਪਤ’ ਪੰਜਾਂ ਦੇ ਰੂਪ `ਚ ਪੰਥ ਦੇ ਜਿਮੇਂ ਦੇ ਦਿੱਤੀ।

‘ਕੜਾਹ ਪ੍ਰਸ਼ਾਦਿ’ ਵਰਤਾਉਣ ਤੋਂ ਪਹਿਲਾਂ ਪੰਜ ਪਿਆਰਿਆਂ ਦਾ ਪ੍ਰਸ਼ਾਦਿ ਵਰਤਾਉਣ ਦੀ ਮਰਯਾਦਾ ਹੈ। ਇਸਦਾ ਮਤਲਬ ਹੈ ਪਹਿਲਾਂ ਹੁਕਮ ਲੈਣਾ ਕਿਉਂਕਿ ਪਹਿਲਾ ਦਰਜਾ ਗੁਰਬਾਣੀ ਦਾ ਹੈ ਦੂਜਾ ‘ਗੁਰਬਾਣੀ ਜੁਗਤ’ ਵਰਤਾਉਣ ਵਾਲੀ ਜ਼ਿੰਮੇਵਾਰੀ’ ਪੰਜ ਪਿਆਰਿਆਂ ਰਾਹੀਂ ਸੰਪੂਰਨ ਹੋਣੀ ਹੈ, ਇਸ ਲਈ ਦੂਜੇ ਨੰਬਰ ਤੇ ਪੰਜ ਪਿਆਰਿਆਂ ਨੂੰ। ਸੰਗਤ ਦਾ ਦਰਜਾ ਉਸ ਤੋਂ ਬਾਅਦ ਹੈ। ਇਥੋਂ ਇਹ ਵੀ ਸਾਫ਼ ਹੋ ਜਾਂਦਾ ਹੈ ਕਿ ਗੁਰੂ, ਗੁਰਬਾਣੀ ਹੈ ਅਤੇ ਪੰਜ ਪਿਆਰੇ ਗੁਰਬਾਣੀ ਦੀ ਤਾਬਿਆ ਹਨ-ਪ੍ਰਮੁਖ ਜਾਂ ਬਰਾਬਰ ਨਹੀਂ। ਇਸ ਲਈ ਹਰੇਕ ਸਮਾਗਮ ਸਮੇਂ ਹੁਕਮਨਾਮੇ ਤੋਂ ਬਾਅਦ, ਪੰਜ ਪਿਆਰਿਆਂ ਦੇ ਪ੍ਰਸ਼ਾਦ ਦਾ ਨਿਯਮ ਹੈ।

ਪੰਜਾਂ ਦਾ ਪ੍ਰਸ਼ਾਦਿ ਵਰਤਾਉਣਾ, ਸੰਗਤਾਂ ਲਈ ਸੂਚਨਾ ਹੈ ਕਿ ਸੰਗਤਾਂ ‘ਪੰਜ ਪਿਆਰਿਆਂ’ ਦੀ ਉਤਮਤਾ ਨੂੰ ਸਦਾ ਚੇਤੇ ਰਖਣ ਤੇ ਭੁਲਾਣ ਨਹੀਂ। ਇਹ ਨਿਯਮ ਕੇਵਲ ਗੁਰੂ ਦੀ ਜੁਗਤ ਨੂੰ ਵਰਤਾਉਣ ਵਾਲੀ, ਪੰਜ ਪਿਆਰਿਆਂ ਦੀ ਹੈਸੀਅਤ ਦਾ ਅਹਿਸਾਸ ਕਰਣ ਲਈ ਹੈ। ਠੀਕ ਹੈ ਕਿ ਪੰਜਾਂ ਦਾ ਪ੍ਰਸ਼ਾਦਿ, ਪਾਹੁਲ ਪ੍ਰਾਪਤ ਪੰਜ ਪਿਆਰਿਆਂ ਨੂੰ ਹੀ ਦੇਣਾ ਬਣਦਾ ਹੈ। ਪਰ ਉਥੇ ਸੰਭਵ ਨਹੀਂ ਕਿ ਸੰਗਤ `ਚੋਂ ਇੱਕ ਇੱਕ ਸੱਜਣ ਕੋਲੋਂ ਪੁਛਿਆ ਜਾਵੇ ਕਿ ਉਹ ਪਾਹੁਲ ਪ੍ਰਾਪਤ ਹੈ ਜਾਂ ਨਹੀਂ ਤੇ ਫਿਰ ਪ੍ਰਸ਼ਾਦਿ ਦਿੱਤਾ ਜਾਵੇ। ਇਥੇ ਕੇਵਲ ਸਰੂਪ ਦੇਖਣਾ ਹੈ `ਤੇ ਬਾਕੀ ਲੈਣ ਵਾਲਿਆਂ ਨੇ ਸੋਚਣਾ ਹੈ ਕਿ ਪਾਹੁਲਧਾਰੀ ਨਹੀਂ ਤਾਂ ਲੈਣ ਤੋਂ ਸੰਕੋਚ ਕਰਨ।

‘ਰਹਿਤ ਮਰਯਾਦਾ’ ਅਨੁਸਾਰ ਸਿੱਖ ਬੀਬੀਆਂ ‘ਪਾਹੁਲ ਸੰਚਾਰ’ `ਚ ਪੰਜ ਪਿਆਰਿਆਂ ਦੇ ਰੂਪ `ਚ ਸ਼ਾਮਲ ਹੋ ਸਕਦੀਆਂ ਅਤੇ ‘ਪਾਹੁਲ ਸੰਚਾਰ’ ਕਰ ਸਕਦੀਆਂ ਹਨ। ਇਸ ਲਈ ਇਹ ਗਫ਼ਾ, ਸਿੱਖ ਬੀਬੀਆਂ ਨੂੰ ਵੀ ਦਿੱਤਾ ਜਾ ਸਕਦਾ ਹੈ। ਸੰਗਤ `ਚ ‘ਪੰਜਾਂ’ ਦਾ ਪ੍ਰਸ਼ਾਦਿ, ਪ੍ਰਸ਼ਾਦਿ ਵਰਤਾਉਣ ਤੌਂ ਪਹਿਲਾਂ ਵਰਤਾਉਣਾ ਹੈ-ਵਾਪਸ ਨਹੀਂ ਮਿਲਾਣਾ। ਵਖਰੀ ਗੱਲ ਹੈ, ਜੇ ਸੰਗਤ ਬਹੁਤ ਹੀ ਸਵਾਈ ਹੈ ਤਾਂ ਬਾਕੀ ਦੇਗ਼ `ਚ ਮਿਲਾ ਦਿਤੀ ਜਾਵੇ, ਉਂਝ ਨਹੀਂ। ਇਸੇ ਤਰ੍ਹਾਂ ਜਦੋਂ ਕੋਈ ਇਲਾਕਾਈ ਫੈਸਲਾ ਹੈ, ਇਲਾਕੇ `ਚ ਪਾਹੁਲ (ਅੰਮ੍ਰਿਤ) ਸੰਚਾਰ ਹੈ- ਨਗਰ ਕੀਰਤਨ ਸਮੇਂ "ਸ੍ਰੀ ਗੁਰੂ ਗ੍ਰੰਥ ਸਾਹਿਬ’ ਦੀ ਅਗਵਾਈ ਦੀ ਸੇਵਾੈ ਜਾਂ ਕੇਵਲ ਦਰਸ਼ਨ ਰੂਪ `ਚ ਕੋਈ ਹੋਰ ਛੋਟੀ ਜ਼ਿੰਮੇਵਾਰੀ ਹੈ ਤਾਂ ਦਰਜਾ-ਬਦਰਜਾ ਪੰਜ ਪਿਆਰਿਆਂ ਦੇ ਰੁਤਬੇ `ਚ ਫਰਕ ਆਵੇਗਾ। #106s07.1s07RJ#

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’ ਦਾ ਮਕਸਦ ਇਕੋ ਹੈ-ਤਾ ਕਿ ਹਰੇਕ ਸੰਬੰਧਤ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਆਪਣੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No.106

ਪੰਥਕ ਤਲ ਦੇ ਪੰਜ ਪਿਆਰੇ?

ਰੁੱਤਬਾ ਅਤੇ ਕਾਰਜ ਸੀਮਾਂ

For all the Self Learning Gurmat Lessons (Excluding Books) written by ‘Principal Giani Surjit Singh’ Sikh Missionary, Delhi-All the rights are reserved with the writer himself; but easily available in proper Deluxe Covers for

(1) Further Distribution within ‘Guru Ki Sangat’

(2) For Gurmat Stalls

(3) For Gurmat Classes & Gurmat Camps

with intention of Gurmat Parsar, at quite nominal printing cost i.e. mostly Rs 350/-(but in rare cases Rs. 450/-) per hundred copies (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24

Ph 91-11-26236119, 46548789 ® Ph. 91-11-26487315 Cell 9811292808

web sites-

www.gurbaniguru.org

theuniqeguru-gurbani.com

gurmateducationcentre.com
.