.

ਸੰਸਾਰ ਅਸ਼ਾਂਤ ਕਿਉਂ ਹੈ?

ਇਸ ਬਹੁਤ ਹੀ ਅਹਿਮ ਸਵਾਲ ਦਾ ਉੱਤਰ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਸਰਬ-ਸਾਂਝੇ ਇਲਾਹੀ ਫ਼ਲਸਫ਼ੇ ਵਿੱਚ ਬਹੁਤ ਵਾਰੀ, ਅਲੱਗ-ਅਲੱਗ ਉਦਾਹਰਣਾਂ ਦੇ ਕੇ ਵਿਸਥਾਰ ਨਾਲ ਦਿੱਤਾ ਮਿਲਦਾ ਹੈ। ਜਿਸ ਬਾਰੇ ਵਿਸਥਾਰ ਨਾਲ ਵਿਚਾਰ ਅੱਗੇ ਜਾ ਕੇ ਕੀਤੀ ਜਾਵੇਗੀ।

ਵਿਸ਼ੇ `ਤੇ ਕੇਂਦਰਤ ਹੁੰਦਿਆਂ ਹੋਇਆਂ, ਆਓ, ਵਿਚਾਰਨ ਦਾ ਯਤਨ ਕਰੀਏ ਕਿ ਪ੍ਰਭੂ-ਪਿਤਾ ਦੀ ਬੇਅੰਤ ਰਚਨਾ ਵਿੱਚੋਂ ਮਨੁੱਖ ਸਭ ਜੂਨਾਂ ਤੋਂ ਸ੍ਰੇਸ਼ਟ ਰਚਨਾ ਹੋਣ ਦੇ ਬਾ-ਵਜੂਦ ਮਨੁੱਖੀ ਸਮਾਜ ਅਸ਼ਾਂਤ ਕਿਉਂ ਹੈ?

ਆਮ ਕਹਾਵਤ ਹੈ ਕਿ ਕਿਸੇ ਵੀ ਲੜਾਈ-ਝਗੜੇ ਦੇ, ਅਕਸਰ, ਤਿੰਨ (ਜਾਂ ਇਨ੍ਹਾਂ ਤਿੰਨਾਂ ਚੋਂ ਕੋਈ ਇੱਕ) ਕਾਰਨ ਹੁੰਦੇ ਹਨ। ਯਾਨੀ ਕਿ, ਜਰ (ਦੌਲਤ, ਸੋਨਾ-ਚਾਂਦੀ ਜਾਂ ਹੋਰ ਕੀਮਤੀ ਪਦਾਰਥ), ਜੋਰੂ (ਇਸਤਰੀ) ਤੇ ਜ਼ਮੀਨ। ਇਹ ਤਿੰਨੇ ਹੀ ਸਥੂਲ ਜਾਂ ਬਾਹਰਲੇ (external) ਕਾਰਨ ਹਨ। ਇਹ ਠੀਕ ਹੈ ਕਿ ਬਹੁਤ ਸਾਰੇ ਲੜਾਈ-ਝਗੜੇ ਇਨ੍ਹਾਂ ਕਾਰਨਾਂ ਕਰ ਕੇ ਵੀ ਹੁੰਦੇ ਆਏ ਹਨ, ਪਰ, ਇਨ੍ਹਾਂ ਸਥੂਲ ਕਾਰਨਾਂ ਤੋਂ ਇਲਾਵਾ ਵਿਸ਼ਵ-ਅਸ਼ਾਂਤੀ ਦੇ ਕੁੱਝ-ਕੁ ਬਹੁਤ ਹੀ ਖ਼ਤਰਨਾਕ ਸੂਖਮ ਜਾਂ ਮਨੁੱਖ ਦੇ ਅੰਦਰੂਨੀ (invisible internal) ਕਾਰਨ ਵੀ ਹੁੰਦੇ ਹਨ ਜਿਹੜੇ ਮਨੁੱਖੀ ਸੁਭਾਅ ਨੂੰ ਮੁਕੰਮਲ ਤੌਰ `ਤੇ ਕਾਬੂ ਕਰ ਕੇ ਮਨੁੱਖ ਨੂੰ ਹੈਵਾਨ ਹੀ ਨਹੀਂ ਬਲਕਿ ਸ਼ੈਤਾਨ (ਸ਼ੈਤਾਨ ਦੀ ਹੋਂਦ ਨੂੰ ਇਸਲਾਮ-ਮੱਤ ਦਾ ਫ਼ਲਸਫ਼ਾ ਮਾਨਤਾ ਦਿੰਦਾ ਹੈ, ਪਰ, ਗੁਰੂ ਗ੍ਰੰਥ ਸਾਹਿਬ ਦਾ ਆਲਮਗੀਰੀ ਫ਼ਲਸਫ਼ਾ ਅਖੌਤੀ ਸ਼ੈਤਾਨ ਨੂੰ ਨਹੀਂ ਸਵੀਕਾਰਦਾ) ਤੋਂ ਵੀ ਭੈੜੇ ਕਿਰਦਾਰ ਵਾਲਾ ਬਣਾ ਦਿੰਦੇ ਹਨ। ਮਨੁੱਖੀ ਸਮਾਜ ਵਿੱਚ ਅਤੰਕਵਾਦ (ਖ਼ਾਸ ਕਰ ਕੇ ਸਰਕਾਰੀ ਅਤੰਕਵਾਦ) ਇਨ੍ਹਾਂ ਸਾਰੇ ਅਸ਼ਾਂਤੀ ਦੇ ਕਾਰਨਾਂ ਵਿੱਚੋਂ ਇੱਕ ਬਹੁਤ ਹੀ ਅਹਿਮ ਕਾਰਨ ਹੈ ਜਿਸ ਬਾਰੇ ਵਧੇਰੇ ਵਿਸਥਾਰ ਨਾਲ ਵਿਚਾਰ ਕਰਨ ਦੀ ਲੋੜ ਹੈ। ਇਸ ਬਾਰੇ ਵੀ, ਢੁਕਵੇਂ ਥਾਂ `ਤੇ, ਇਸ ਪੁਸਤਕ ਵਿੱਚ ਵਿਚਾਰ ਸਾਂਝੇ ਕਰਨ ਦਾ ਉਪਰਾਲਾ ਕੀਤਾ ਜਾਵੇਗਾ। ਅਸ਼ਾਂਤੀ ਦਾ ਮੁੱਢਲਾ ਕਾਰਨ ਹੈ ਮਾਇਆ ਦੀ ਮਮਤਾ ਦਾ ਮੋਹ। ਅਸ਼ਾਂਤੀ ਦੇ ਇਨ੍ਹਾਂ ਕਾਰਨਾਂ ਬਾਰੇ ਵਿਚਾਰ ਕਰਨ ਤੋਂ ਪਹਿਲਾਂ ਜੇਕਰ ਗੁਰੂ ਗ੍ਰੰਥ ਸਾਹਿਬ ਦੇ ਫ਼ਲਸਫ਼ੇ ਨੂੰ ਸਾਰੀ ਸ੍ਰਿਸ਼ਟੀ ਦਾ ‘ਸਰਬ-ਸਾਂਝਾ’ ਅਤੇ ‘ਇਲਾਹੀ ਫ਼ਲਸਫ਼ਾ’ ਸਾਬਤ ਕਰਨ ਲਈ ਗੁਰੂ ਗ੍ਰੰਥ ਸਾਹਿਬ ਵਿੱਚੋਂ ਹੀ ਕੁੱਝ ਕੁ ਹਵਾਲੇ ਦੇ ਦਿੱਤੇ ਜਾਣ ਤਾਂ ਲਾਹੇਵੰਦ ਹੋਣਗੇ, ਤਾਂ ਕਿ ਕਿਸੇ ਭੀ ਮਨੁੱਖ (ਬੇਸ਼ੱਕ ਉਹ ਕਿਸੇ ਵੀ ਮੱਤ ਜਾਂ ਮਜ਼੍ਹਬ ਨੂੰ ਮੰਨਣ ਵਾਲਾ ਹੋਵੇ) ਵਾਸਤੇ ਇਸ ਫ਼ਲਸਫ਼ੇ ਨੂੰ (ਗੁਰਮਤਿ ਨੂੰ) ਸਰਬ-ਸਾਂਝੇ ਫ਼ਲਸਫ਼ੇ ਦੇ ਤੌਰ `ਤੇ ਸਵੀਕਾਰ ਕਰਨ ਲਈ ਕੋਈ ਸ਼ੱਕ-ਸ਼ੁਬਾਹ, ਇਤਰਾਜ਼ ਜਾਂ ਸ਼ਿਕਵਾ ਨਾ ਰਹੇ। ਇਸ ਦੇ ਨਾਲ-ਨਾਲ ਹੀ, ਹਰੇਕ ਮਨੁੱਖ ਨੂੰ ਆਪੋ-ਆਪਣਾ ਮੱਤ (ਮਜ਼੍ਹਬ) ਵੀ ਮੁਬਾਰਕ! ਇਨ੍ਹਾਂ ਮਜ਼੍ਹਬਾਂ ਦੇ ਬਾਨੀਆਂ ਬਾਰੇ ਕੋਈ ਵੀ ਅਯੋਗ ਟੀਕਾ-ਟਿੱਪਣੀ ਕਰਨੀ ਵਾਜ਼ਬ ਨਹੀਂ। ਲੇਖਕ ਨੂੰ ਭੀ ਇਨ੍ਹਾਂ ਮਜ਼੍ਹਬਾਂ ਦੀ ਭਿੰਨਤਾ ਬਾਰੇ ਕੋਈ ਇਤਰਾਜ਼ ਨਹੀਂ ਕਿਉਂਕਿ ਵੰਨ-ਸੁਵੰਨਤਾ (ਅਨੇਕਤਾ ਵਿੱਚ ਏਕਤਾ) ਕਾਦਿਰ ਦੀ ਕੁਦਰਤਿ ਦਾ ਇੱਕ ਅਹਿਮ ਅਟੱਲ ਅਸੂਲ ਹੈ।

1. ਸਾਰੇ ਸੰਸਾਰ ਦਾ ਸਰਬ-ਸਾਂਝਾ ਗੁਰਮਤਿ ਫ਼ਲਸਫ਼ਾ

ਸ਼ਬਦ-ਗੁਰੂ (ਗੁਰੂ ਗ੍ਰੰਥ ਸਾਹਿਬ) ਵਿੱਚ (ਕਾਵਿ-ਰੂਪ ਗੁਰਬਾਣੀ ਦੇ ਰੂਪ ਵਿੱਚ) ਸਤਿਗੁਰਾਂ ਵੱਲੋਂ ਅੰਕਿਤ ਕੀਤਾ ਗੁਰਮਤਿ ਫ਼ਲਸਫ਼ਾ ਨਿਰਸੰਦੇਹ, ਇਲਾਹੀ ਫ਼ਲਸਫ਼ਾ ਹੈ ਜੋ ਸਦੀਵਕਾਲੀ ਹੈ ਅਤੇ ਸਮੁੱਚੀ ਮਨੁੱਖਤਾ ਨੂੰ ਇੱਕਸਾਰ ਸੰਬੋਧਤ ਹੈ ਅਤੇ ਸਮੁੱਚੀ ਮਨੁੱਖਤਾ ਨੂੰ ਕੁਦਰਤਿ ਦੇ ਨਿਯਮਾਂ ਦੀ ਸੋਝੀ ਲਈ ਇਲਾਹੀ ਸੇਧਾਂ ਬਖ਼ਸ਼ਿਸ਼ ਕਰਦਾ ਹੈ। ਇਸ ਲਾਸਾਨੀ (ਗੁਰਮਤਿ) ਫ਼ਲਸਫ਼ੇ ਨੂੰ ਇਲਾਹੀ ਫ਼ਲਸਫ਼ਾ ਇਸ ਲਈ ਕਿਹਾ ਗਿਆ ਹੈ ਕਿਉਂਕਿ ਇਹ 35 ਮਹਾਂਪੁਰਖਾਂ ਰਾਹੀਂ (ਰੱਬ ਨਾਲ ਉਨ੍ਹਾਂ ਦੇ ਆਤਮਿਕ ਮੰਡਲਾਂ `ਚ ਇੱਕ-ਸੁਰ ਹੋਏ ਅਨੁਭਵ ਦੀ ਬਦੌਲਤ) ਰੱਬੀ-ਕੁਦਰਤਿ ਦੇ ਅਟੱਲ ਨਿਯਮਾਂ ਦਾ ਪਰਗਟਾਵਾ ਕਰਦਾ ਹੈ। ਇਸ ਹਕੀਕਤ ਦੇ ਪਰਮਾਣ ਗੁਰਬਾਣੀ ਵਿੱਚੋਂ ਹੀ, ਹੇਠਾਂ ਅੰਕਿਤ ਕੀਤੇ ਜਾ ਰਹੇ ਹਨ:-

ਪਰਥਾਇ ਸਾਖੀ ਮਹਾ ਪੁਰਖ ਬੋਲਦੇ ਸਾਂਝੀ ਸਗਲ ਜਹਾਨੈ॥ ਗੁਰਮੁਖਿ ਹੋਇ ਸੁ ਭਉ ਕਰੇ ਆਪਣਾ ਆਪੁ ਪਛਾਣੈ॥ ਗੁਰ ਪਰਸਾਦੀ ਜੀਵਤੁ ਮਰੈ ਮਨ ਹੀ ਤੇ ਮਨੁ ਮਾਨੈ॥ (ਮ: 3, 647)

ਪਦ ਅਰਥ: ਪਰਥਾਇ-ਕਿਸੇ ਦੇ ਸਬੰਧ ਵਿੱਚ। ਸਾਖੀ-ਸਿੱਖਿਆ ਦਾ ਬਚਨ, ਉਪਦੇਸ਼।

ਭਾਵ: ਮਹਾਂ ਪੁਰਖ ਕਿਸੇ ਦੇ ਸੰਬੰਧ ਵਿੱਚ ਸਿੱਖਿਆ ਦਾ ਬਚਨ ਬੋਲਦੇ ਹਨ (ਪਰ, ਉਹ ਸਿੱਖਿਆ) ਸਾਰੇ ਸੰਸਾਰ ਲਈ ਸਾਂਝੀ (ਅਤੇ ਸਦੀਵਕਾਲੀ) ਹੁੰਦੀ ਹੈ, ਜੋ ਮਨੁੱਖ ਸਤਿਗੁਰੂ ਦੇ ਸਨਮੁੱਖ ਹੁੰਦਾ ਹੈ (ਭਾਵ, ਸਤਿਗੁਰੂ ਜੀ ਦੀ ਸਿੱਖਿਆ ਨੂੰ ਆਪਣੇ ਨਿੱਤ ਦੇ ਜੀਵਨ ਵਿੱਚ ਢਾਲ ਕੇ ਸ਼ਾਮਿਲ ਕਰ ਲੈਂਦਾ ਹੈ), ਉਹ (ਸੁਣ ਕੇ) ਪ੍ਰਭੂ ਦਾ ਡਰ (ਤੇ ਅਦਬ) ਆਪਣੇ (ਹਿਰਦੇ ਵਿੱਚ ਧਾਰਨ) ਕਰਦਾ ਹੈ, ਤੇ ਆਪਣੇ ਆਪ ਦੀ ਖ਼ੋਜ (ਸਵੈ-ਪੜਚੋਲ) ਕਰਦਾ ਹੈ। ਸਤਿਗੁਰੂ ਦੀ ਕਿਰਪਾ ਨਾਲ, ਉਹ ਸੰਸਾਰ ਵਿੱਚ ਵਰਤਦਾ ਹੋਇਆ ਹੀ ਮਾਇਆ (ਬਿਨਸਣਹਾਰ ਪਦਾਰਥਾਂ ਦੇ ਮੋਹ) ਵੱਲੋਂ ਨਿਰਲੇਪ ਰਹਿੰਦਾ ਹੈ, ਤਾਂ ਉਸ ਦਾ ਮਨ ਆਪਣੇ ਆਪ ਵਿੱਚ ਪਤੀਜ ਜਾਂਦਾ ਹੈ (ਬਾਹਰ ਭਟਕਣੋਂ ਹਟ ਜਾਂਦਾ ਹੈ)।

ਕਰਮ ਧਰਮ ਪਾਖੰਡ ਜੋ ਦੀਸਹਿ ਤਿਨ ਜਮੁ ਜਾਗਾਤੀ ਲੂਟੈ॥ ਨਿਰਬਾਣ ਕੀਰਤਨੁ ਗਾਵਹੁ ਕਰਤੇ ਕਾ ਨਿਮਖ ਸਿਮਰਤ ਜਿਤੁ ਛੂਟੈ॥ 1॥ ਸੰਤਹੁ ਸਾਗਰੁ ਪਾਰਿ ਉਤਰੀਐ॥

ਜੋ ਕੋ ਬਚਨੁ ਕਮਾਵੈ ਸੰਤਨ ਕਾ ਸੋ ਗੁਰ ਪਰਸਾਦੀ ਤਰੀਐ॥ 1॥ ਰਹਾਉ॥

ਕੋਟਿ ਤੀਰਥ ਮਜਨ ਇਸਨਾਨਾ ਇਸੁ ਕਲਿ ਮਹਿ ਮੈਲੁ ਭਰੀਜੈ॥ ਸਾਧਸੰਗਿ ਜੋ ਹਰਿ ਗੁਣ ਗਾਵੈ ਸੋ ਨਿਰਮਲੁ ਕਰਿ ਲੀਜੈ॥ 2॥

ਬੇਦ ਕਤੇਬ ਸਿਮ੍ਰਿਤਿ ਸਭਿ ਸਾਸਤ ਇਨ੍ਹ ਪੜਿਆ ਮੁਕਤਿ ਨ ਹੋਈ॥ ਏਕੁ ਅਖਰੁ ਜੋ ਗੁਰਮੁਖਿ ਜਾਪੈ ਤਿਸ ਕੀ ਨਿਰਮਲ ਸੋਈ॥ 3॥

ਖਤ੍ਰੀ ਬ੍ਰਾਹਮਣ ਸੂਦ ਵੈਸ ਉਪਦੇਸੁ ਚਹੁ ਵਰਨਾ ਕਉ ਸਾਝਾ॥

ਗੁਰਮੁਖਿ ਨਾਮੁ ਜਪੈ ਉਧਰੈ ਸੋ ਕਲਿ ਮਹਿ ਘਟਿ ਘਟਿ ਨਾਨਕ ਮਾਝਾ॥ 4॥

(ਮ: 5, 747)

ਪਦ ਅਰਥ: ਕਰਮ ਧਰਮ- (ਤੀਰਥ ਇਸ਼ਨਾਨ ਆਦਿਕ ਮਿਥੇ ਹੋਏ) ਧਾਰਮਿਕ ਕਰਮ। ਪਾਖੰਡ-ਵਿਖਾਵੇ ਦੇ ਕੰਮ। ਤਿਨ-ਉਨ੍ਹਾਂ ਨੂੰ। ਜਾਗਾਤੀ-ਮਸੂਲੀਆ। ਨਿਰਬਾਣ-ਵਾਸ਼ਨਾ-ਰਹਿਤ ਹੋ ਕੇ। ਕਰਤੇ ਕਾ-ਕਰਤਾਰ ਦਾ। ਨਿਮਖ-ਅੱਖ ਝਮਕਣ ਜਿੰਨਾ ਸਮਾਂ। ਜਿਤੁ-ਜਿਸ ਦੀ ਰਾਹੀਂ। ਛੂਟੈ (ਮਨੁੱਖ ਵਿਕਾਰਾਂ ਤੋਂ) ਬਚ ਜਾਂਦਾ ਹੈ। 1.

ਸਾਗਰੁ - (ਸੰਸਾਰ) ਸਮੁੰਦਰ। ਉਤਰੀਐ-ਲੰਘ ਜਾਈਦਾ ਹੈ। ਕੋ-ਕੋਈ ਮਨੁੱਖ। ਪਰਸਾਦੀ-ਕਿਰਪਾ ਨਾਲ। 1. ਰਹਾਉ।

ਕੋਟਿ-ਕ੍ਰੋੜਾਂ। ਮਜਨ-ਇਸ਼ਨਾਨ। ਕਲਿ ਮਹਿ-ਜਗਤ ਵਿੱਚ {ਨੋਟ! ਇਥੇ ਕਿਸੇ ਖ਼ਾਸ ਅਖੌਤੀ ਕਲਜੁਗ ਦਾ ਜ਼ਿਕਰ ਨਹੀਂ ਕੀਤਾ ਜਾ ਰਿਹਾ}। ਸੰਗਿ-ਸੰਗਤਿ ਵਿੱਚ। ਕਰਿ ਲੀਜੈ-ਕਰ ਲਿਆ ਜਾਂਦਾ ਹੈ। ਬੇਦ-ਬ੍ਰਾਹਮਣਵਾਦ ਦੇ ਧਰਮ ਗ੍ਰੰਥ। ਕਤੇਬ-ਸ਼ਾਮੀ ਮੱਤਾਂ ਦੇ ਧਰਮ-ਪੁਸਤਕ (ਕੁਰਾਨ, ਅੰਜੀਲ, ਜ਼ੰਬੂਰ, ਤੌਰੇਤ)। ਸਭਿ-ਸਾਰੇ। ਪੜਿਆ-ਨਿਰੇ ਪੜ੍ਹਨ ਮਾਤਰ ਨਾਲ। ਮੁਕਤਿ-ਵਿਕਾਰਾਂ ਤੋਂ ਖ਼ਲਾਸੀ। ਅਖਰੁ-ਅਬਿਨਾਸੀ ਪ੍ਰਭੂ। ਗੁਰਮੁਖਿ-ਗੁਰੂ ਕੀ ਸ਼ਰਣ ਪੈ ਕੇ। ਤਿਸ ਕੀ {ਲਫ਼ਜ਼ ਤਿਸੁ ਦਾ ਔਂਕੜ (-) ਸੰਬੰਧਕ ‘ਕੀ’ ਦੇ ਕਾਰਨ ਉੱਡ ਗਿਆ ਹੈ}। ਸੋਈ-ਸੋਭਾ। 3.

ਉਧਰੈ- (ਵਿਕਾਰਾਂ ਤੋਂ) ਬਚ ਜਾਂਦਾ ਹੈ। ਕਲਿ ਮਹਿ-ਜਗਤ ਵਿੱਚ। ਘਟਿ ਘਟਿ-ਹਰੇਕ ਸਰੀਰ ਵਿੱਚ। ਮਾਝਾ-ਵਿੱਚ। 4.

ਭਾਵ: ਹੇ ਸੰਤ ਜਨੋ! (ਯਾਨੀ ਕਿ, ਸਤਿ ਸੰਗੀਓ!) (ਪ੍ਰਭੂ-ਪਿਤਾ ਦੀ ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ) ਸੰਸਾਰ-ਸਮੁੰਦਰ ਤੋਂ ਪਾਰ ਲੰਘ ਸਕੀਦਾ ਹੈ। ਜੇ ਕੋਈ ਮਨੁੱਖ ਸਤਿਗੁਰਾਂ ਦੇ ਉਪਦੇਸ਼ ਨੂੰ (ਜੀਵਨ ਵਿੱਚ) ਕਮਾ ਲਏ ਤਾਂ ਉਹ ਮਨੁੱਖ, ਗੁਰੂ ਦੀ ਕਿਰਪਾ ਨਾਲ, ਸਾਗਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ। 1. ਰਹਾਉ।

ਹੇ ਭਾਈ! (ਤੀਰਥ-ਇਸ਼ਨਾਨ ਆਦਿਕ ਮਿਥੇ ਹੋਏ) ਧਾਰਮਿਕ ਕੰਮ ਵਿਖਾਵੇ ਦੇ ਕੰਮ ਹਨ, ਇਹ ਕੰਮ ਜਿਤਨੇ ਵੀ ਲੋਕ ਕਰਦੇ ਦਿਸਦੇ ਹਨ, ਉਨ੍ਹਾਂ ਨੂੰ ਮਸੂਲੀਆ ਜਮ ਲੁੱਟ ਲੈਂਦਾ ਹੈ। (ਇਸ ਵਾਸਤੇ) ਵਾਸ਼ਨਾ-ਰਹਿਤ (ਨਿਸ਼ਕਾਮ) ਹੋ ਕੇ (ਪ੍ਰੇਮ ਨਾਲ) ਕਰਤਾਰ ਦੀ ਸਿਫ਼ਤਿ-ਸਾਲਾਹ ਕਰਿਆ ਕਰੋ, ਕਿਉਂਕਿ ਇਸ ਦੀ ਬਰਕਤਿ ਨਾਲ ਛਿਨ-ਭਰ ਨਾਮ ਸਿਮਰਿਆਂ ਹੀ ਮਨੁੱਖ ਵਿਕਾਰਾਂ ਤੋਂ ਖ਼ਲਾਸੀ ਪਾ ਲੈਂਦਾ ਹੈ। 1.

ਹੇ ਭਾਈ! ਕ੍ਰੋੜਾਂ ਤੀਰਥਾਂ ਦੇ ਇਸ਼ਨਾਨ (ਕਰਦਿਆਂ ਤਾਂ) ਜਗਤ ਵਿੱਚ (ਵਿਕਾਰਾਂ ਦੀ) ਮੈਲ ਨਾਲ ਲਿੱਬੜ ਜਾਈਦਾ ਹੈ। ਪਰ, ਜੇਹੜਾ ਮਨੁੱਖ ਗੁਰੂ ਦੀ ਸੰਗਤਿ ਵਿੱਚ (ਟਿਕ ਕੇ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦਾ ਰਹਿੰਦਾ ਹੈ, ਉਹ ਪਵਿੱਤਰ ਜੀਵਨ ਵਾਲਾ ਬਣ ਜਾਂਦਾ ਹੈ। 2.

ਹੇ ਭਾਈ! ਵੇਦ, ਪੁਰਾਣ, ਸਿੰਮ੍ਰਿਤੀਆਂ ਇਹ ਸਾਰੇ (ਅਖੌਤੀ ਹਿੰਦੂ-ਮੱਤ ਦੇ ਧਰਮ ਪੁਸਤਕ) ਤੇ (ਕੁਰਾਨ, ਅੰਜੀਲ ਜ਼ੰਬੂਰ, ਤੌਰੇਤ ਆਦਿਕ) ਇਹ ਸਾਰੇ (ਸ਼ਾਮੀ ਮੱਤਾਂ ਦੇ ਧਾਰਮਿਕ ਪੁਸਤਕ) ਨਿਰੇ ਪੜ੍ਹਨ ਨਾਲ ਵਿਕਾਰਾਂ ਤੋਂ ਖ਼ਲਾਸੀ ਨਹੀਂ ਮਿਲਦੀ। ਪਰ, ਜਿਹੜਾ ਮਨੁੱਖ ਗੁਰੂ ਦੀ ਸ਼ਰਣ ਪੈ ਕੇ ਇੱਕ ਅਬਿਨਾਸੀ ਪ੍ਰਭੂ ਦਾ ਨਾਮ (ਪ੍ਰੇਮ ਨਾਲ) ਜਪਦਾ ਹੈ, ਉਸ ਦੀ (ਲੋਕ ਪਰਲੋਕ ਵਿੱਚ) ਪਵਿੱਤ੍ਰ ਸੋਭਾ ਬਣ ਜਾਂਦੀ ਹੈ। 3.

ਹੇ ਭਾਈ! (ਪਰਮਾਤਮਾ ਦਾ ਨਾਮ ਸਿਮਰਨ ਦਾ) ਉਪਦੇਸ਼ ਖੱਤ੍ਰੀ, ਬ੍ਰਾਹਮਣ, ਵੈਸ਼, ਸ਼ੂਦਰ ਚੌਹਾਂ ਵਰਨਾਂ ਦੇ ਲੋਕਾਂ ਵਾਸਤੇ (ਭਾਵ, ਸਮੁੱਚੀ ਮਨੁੱਖਤਾ ਵਾਸਤੇ) ਇੱਕੋ ਜਿਹਾ ਹੈ (ਸਾਂਝਾ ਹੈ)। ਭਾਵ, ਜਿਹੜਾ ਵੀ ਮਨੁੱਖ ਗੁਰੂ ਦੇ ਦੱਸੇ ਰਸਤੇ ਉੱਤੇ ਤੁਰ ਕੇ ਪ੍ਰਭੂ ਦਾ ਨਾਮ ਜਪਦਾ ਹੈ, ਉਹ ਜਗਤ ਵਿੱਚ ਵਿਕਾਰਾਂ ਤੋਂ ਬਚ ਨਿੱਕਲਦਾ ਹੈ। ਹੇ ਨਾਨਕ! ਉਸ ਮਨੁੱਖ ਨੂੰ ਪਰਮਾਤਮਾ ਹਰੇਕ ਸਰੀਰ ਵਿੱਚ ਵਸਦਾ ਦਿੱਸ ਪੈਂਦਾ ਹੈ।

2. ਇਲਾਹੀ ਗੁਰਮਤਿ ਫ਼ਲਸਫ਼ਾ

ਗੁਰੂ ਗ੍ਰੰਥ ਸਾਹਿਬ ਵਿੱਚ ਸਤਿਗੁਰਾਂ ਵੱਲੋਂ ਅੰਕਿਤ ਕਰਵਾਈ ਸਰਬ-ਸਾਂਝੀ ਗੁਰਬਾਣੀ ਉਨ੍ਹਾਂ 35 ਮਹਾਂ ਪੁਰਖਾਂ (ਜਿਨ੍ਹਾਂ ਦਾ ਜ਼ਿਕਰ ਪਿਛਲੇ ਅਧਿਆਇ ਵਿੱਚ ਕੀਤਾ ਜਾ ਚੁੱਕਾ ਹੈ) ਦੇ ਕਾਵਿ-ਰੂਪ ਵਿੱਚ ਉਚਾਰਨ ਕੀਤੇ ਨਿੱਜੀ ਵਿਚਾਰ ਨਹੀਂ ਹਨ - ਇਹ ਤਾਂ ਇਨ੍ਹਾਂ ਅਤੀ ਸਤਿਕਾਰਤ ਕਰਾਂਤੀਕਾਰੀ ਰੂਹਾਂ ਦੇ ਰੂਹਾਨੀ-ਮੰਡਲਾਂ ਦੇ ਕਰਤਾਰ ਨਾਲ ਇੱਕਸੁਰ ਹੋਏ (tune ਹੋਏ) ਆਤਮਿਕ ਮੰਡਲਾਂ ਰਾਹੀਂ ਪਰਗਟ ਹੋਏ ਰੱਬੀ-ਸਿਧਾਂਤ ਹਨ। ਇਸ ਹਕੀਕਤ ਨੂੰ ਸਪੱਸ਼ਟ ਕਰਨ ਲਈ ਕੁੱਝ ਕੁ ਗੁਰ-ਫ਼ੁਰਮਾਣ ਹੇਠਾਂ ਦਿੱਤੇ ਜਾ ਰਹੇ ਹਨ:-

(ੳ) ਸੰਤਹੁ ਸੁਖੁ ਹੋਆ ਸਭ ਥਾਈ।। ਪਾਰਬ੍ਰਹਮੁ ਪੂਰਨ ਪਰਮੇਸਰੁ ਰਵਿ ਰਹਿਆ ਸਭਨੀ ਜਾਈ॥ ਰਹਾਉ॥ ਧੁਰ ਕੀ ਬਾਣੀ ਆਈ॥ ਤਿਨਿ ਸਗਲੀ ਚਿੰਤ ਮਿਟਾਈ॥

(ਮ: 5, 628)

ਪਦ ਅਰਥ: ਸੰਤਹੁ-ਹੇ ਜਗਿਆਸੂ ਸਤਿ ਸੰਗੀਓ! ਰਵਿ ਰਹਿਆ-ਮੌਜੂਦ ਹੈ। ਸਭਨੀ ਜਾਈ-ਸਭ ਥਾਵਾਂ ਵਿੱਚ। ਰਹਾਉ।

ਧੁਰ ਕੀ ਬਾਣੀ - (ਪ੍ਰਭੂ ਦੀ ਦਰਗਾਹ `ਚੋਂ ਆਈ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ। ਆਈ-ਆ ਵੱਸੀ। ਤਿਨਿ-ਉਸ (ਮਨੁੱਖ) ਨੇ।

ਭਾਵ: ਹੇ ਸੰਤ ਜਨੋ! (ਹੇ ਸਤਿ ਸੰਗੀਓ!) (ਜਿਸ ਮਨੁੱਖ ਨੂੰ ਇਹ ਯਕੀਨ ਹੋ ਜਾਂਦਾ ਹੈ ਕਿ) ਪਾਰਬ੍ਰਹਮ ਪੂਰਨ ਪਰਮੇਸ਼ਰ ਸਭ ਥਾਵਾਂ ਵਿੱਚ ਮੌਜ਼ੂਦ ਹੈ (ਉਸ ਮਨੁੱਖ ਨੂੰ ਸਭ ਥਾਵਾਂ ਵਿੱਚ ਸੁਖ ਹੀ ਪ੍ਰਤੀਤ ਹੁੰਦਾ ਹੈ। ਰਹਾਉ)।

ਹੇ ਸੰਤ ਜਨੋ! ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ ਜਿਸ ਮਨੁੱਖ ਦੇ ਅੰਦਰ ਆ ਵੱਸੀ, ਉਸ ਨੇ ਆਪਣੀ ਸਾਰੀ ਚਿੰਤਾ ਦੂਰ ਕਰ ਲਈ।

(ਅ) ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ॥ ਪਾਪ ਕੀ ਜੰਞ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨੁ ਵੇ ਲਾਲੋ॥ ਸਰਮੁ ਧਰਮੁ ਦੁਇ ਛਪਿ ਖਲੋਏ ਕੂੜੁ ਫਿਰੈ ਪਰਧਾਨੁ ਵੇ ਲਾਲੋ॥ ਕਾਜੀਆ ਬਾਮਣਾ ਕੀ ਗਲ ਥਕੀ ਅਗਦੁ ਪੜੈ ਸੈਤਾਨੁ ਵੇ ਲਾਲੋ॥

---------------------------------------------

ਸਚ ਕੀ ਬਾਣੀ ਨਾਨਕੁ ਆਖੈ ਸਚੁ ਸੁਣਾਇਸੀ ਸਚ ਕੀ ਬੇਲਾ॥

(ਮ: 1, 722)

ਪਦ ਅਰਥ: ਮੈਂ - ਮੈਨੂੰ। ਬਾਣੀ-ਪ੍ਰੇਰਨਾ। ਕਰੀ-ਮੈਂ ਕਰਦਾ ਹਾਂ। ਗਿਆਨੁ-ਵਾਕਫ਼ੀਅਤ, ਜਾਣ-ਪਛਾਣ। ਵੇ-ਹੇ! ਕਾਬਲਹੁ-ਕਾਬ ਤੋਂ। ਧਾਇਆ-ਹੱਲਾ ਕਰ ਕੇ ਆਇਆ। ਜੋਰੀ - ਧੱਕੇ ਨਾਲ, ਜ਼ੋਰ ਨਾਲ। ਦਾਨ (ਨੋਟ: ਵਿਆਹ ਦੇ ਸਮੇਂ ਲੜਕੀ ਵਾਲੇ ਦੇ ਘਰ, ਲੜਕੇ ਵਾਲੇ ਜੰਞ ਬਣਾ ਕੇ ਆਉਂਦੇ ਹਨ, ਖ਼ੁਸ਼ੀ ਦੇ ਗੀਤ ਗਾਏ ਜਾਂਦੇ ਹਨ। ਹਿੰਦੂਆਂ ਦਾ ਵਿਆਹ ਬ੍ਰਾਹਮਣ ਤੇ ਮੁਸਲਮਾਨਾਂ ਦਾ ਕਾਜ਼ੀ ਪੜ੍ਹਾਂਦਾ ਹੈ। ਹਿੰਦੂ ਕੰਨਿਆ-ਦਾਨ ਕਰਦੇ ਹਨ, ਦਾਨ ਦੇ ਤੌਰ `ਤੇ ਕੰਨਿਆ ਭੇਟ ਕਰਦੇ ਹਨ। ਉਸ ਸੁਹਾਵਣੇ ਸਮੇਂ ਜਾਂਞੀਆਂ ਉੱਤੇ ਕੇਸਰ ਛਿੜਕਿਆ ਜਾਂਦਾ ਹੈ। ਵਿਆਹ ਦਾ ਦ੍ਰਿਸ਼ਟਾਂਤ ਦੇ ਕੇ ਗੁਰੂ ਨਾਨਕ ਸਾਹਿਬ ਇਸ ਸ਼ਬਦ ਰਾਹੀਂ ਦਸਦੇ ਹਨ ਕਿ ਬਾਬਰ ਕਾਬਲ ਤੋਂ ਫ਼ੌਜ ਲੈ ਕੇ ਚੜ੍ਹਿਆ, ਮਾਨੋਂ ਪਾਪ-ਜ਼ੁਲਮ ਦੀ ਜੰਞ ਲੈ ਕੇ ਹਿੰਦ ਦੀ ਹਕੂਮਤ-ਰੂਪ ਲਾੜੀ ਵਿਆਹੁਣ ਆਇਆ। ਬਾਬਰ ਦੇ ਫ਼ੌਜੀਆਂ ਨੇ ਸੈਦਪੁਰ (ਐਮਨਾਬਾਦ) ਦੀਆਂ ਇਸਤਰੀਆਂ ਦੀ ਬਹੁਤ ਬੇ-ਪਤੀ ਕੀਤੀ, ਇਹ, ਮਾਨੋਂ, ਕਾਜ਼ੀ ਤੇ ਬ੍ਰਾਹਮਣ ਦੇ ਥਾਂ ਸ਼ੈਤਾਨ ਵਿਆਹ ਪੜ੍ਹਾ ਰਿਹਾ ਸੀ। ਕਤਲੇਆਮ ਨਾਲ ਸ਼ਹਰਿ ਦੀਆਂ ਗਲੀਆਂ-ਬਜ਼ਾਰਾਂ ਵਿੱਚ ਲਹੂ ਹੀ ਲਹੂ ਸੀ। ਇਹ ਮਾਨੋਂ, ਉਸ ਖ਼ੂਨੀ ਵਿਆਹ ਵਿੱਚ ਕੇਸਰ ਛਿੜਕਿਆ ਜਾ ਰਿਹਾ ਸੀ। ਵਿਆਹਾਂ ਦੇ ਖ਼ੁਸ਼ੀ ਦੇ ਸੋਹਲਿਆਂ ਦੀ ਥਾਂ, ਖ਼ੂਨ ਦੇ ਸੋਹਿਲੇ ਗਾਏ ਜਾ ਰਹੇ ਸਨ, ਹਰ ਪਾਸੇ ਮੌਤ ਦੇ ਕਾਰਨ ਵੈਣ ਹੀ ਵੈਣ ਪੈ ਰਹੇ ਸਨ।

ਸ਼ਰਮ-ਸ਼ਰਮ, ਹਯਾ। ਪਰਧਾਨੁ-ਚੌਧਰੀ। ਥਕੀ-ਰਹਿ ਗਈ, ਮੁੱਕ ਗਈ। ਅਗਦੁ-ਨਿਕਾਹ, ਵਿਆਹ।

ਭਾਵ: ਹੇ (ਭਾਈ) ਲਾਲੋ! ਮੈਨੂੰ ਜਿਹੋ-ਜਿਹੀ ਮਾਲਿਕ-ਪ੍ਰਭੂ ਵੱਲੋਂ ਪ੍ਰੇਰਨਾ ਆਈ ਹੈ, ਉਸੇ ਅਨੁਸਾਰ, ਮੈਂ ਤੈਨੂੰ (ਉਸ ਦੁਰਘਟਨਾ ਦੀ) ਵਾਕਫ਼ੀਅਤ ਦਿੰਦਾ ਹਾਂ (ਜੋ ਇਸ ਸ਼ਹਿਰ ਸੈਦਪੁਰ ਵਿੱਚ ਵਾਪਰੀ ਹੈ)। (ਬਾਬਰ) ਕਾਬਲ ਤੋਂ (ਫ਼ੌਜ, ਜੋ, ਮਾਨੋਂ) ਪਾਪ-ਜ਼ੁਲਮ ਦੀ ਜੰਞ (ਹੈ) ਇਕੱਠੀ ਕਰ ਕੇ ਆ ਚੜ੍ਹਿਆ ਹੈ, ਅਤੇ ਜ਼ੋਰ-ਧੱਕੇ ਨਾਲ ਹਿੰਦ-ਦੀ-ਹਕੂਮਤ ਰੂਪੀ ਕੰਨਿਆ-ਦਾਨ ਮੰਗ ਰਿਹਾ ਹੈ। (ਸੈਦਪੁਰ ਵਿੱਚੋਂ) ਹਯਾ ਤੇ ਧਰਮ ਦੋਵੇਂ ਲੋਪ ਹੋ ਗਏ ਹਨ, ਝੂਠ ਹੀ ਝੂਠ ਚੌਧਰੀ ਬਣਿਆ ਫਿਰਦਾ ਹੈ। (ਬਾਬਰ ਦੇ ਸਿਪਾਹੀਆਂ ਵੱਲੋਂ ਸੈਦਪੁਰ ਦੀਆਂ ਇਸਤਰੀਆਂ ਉੱਤੇ ਇਤਨੇ ਅੱਤਿਆਚਾਰ ਹੋ ਰਹੇ ਹਨ ਕਿ, (ਮਾਨੋਂ) ਸ਼ੈਤਾਨ (ਇਸ ਸ਼ਹਿਰ ਵਿੱਚ) ਵਿਆਹ ਪੜ੍ਹਾ ਰਿਹਾ ਹੈ ਤੇ ਕਾਜ਼ੀਆਂ ਅਤੇ ਬ੍ਰਾਹਮਣਾਂ ਦੀ (ਸਾਊਆਂ ਵਾਲੀ) ਮਰਯਾਦਾ ਮੁੱਕ ਚੁੱਕੀ ਹੈ। ….

ਨਾਨਕ ਤਾਂ (ਇਸ ਵੇਲੇ ਭੀ) ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦਾ ਹੈ, (ਸਾਰੀ ਉਮਰ ਹੀ) ਇਹੀ ਸਿਫ਼ਤਿ-ਸਾਲਾਹ ਕਰਦਾ ਰਹੇਗਾ, ਕਿਉਂਕਿ ਇਹ ਮਨੁੱਖਾ ਜਨਮ ਦਾ ਸਮਾਂ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਨ ਵਾਸਤੇ ਹੀ ਮਿਲਿਆ ਹੈ।

ਨੋਟ: ਇਥੇ ਭਾਵੇਂ ਬਾਬਰ ਦੇ ਭਾਰਤ `ਤੇ ਹਮਲੇ ਦਾ ਜ਼ਿਕਰ ਕੀਤਾ ਗਿਆ ਹੈ। ਪਰ ਇਹ ਸ਼ਬਦ ਸਦੀਵਕਾਲੀ ਹੈ।

(ੲ) ਗੋਵਿੰਦ ਗੁਣ ਗਾਈਐ ਜੀਉ ਲਾਇ ਸਤਿਗੁਰੂ ਨਾਲਿ ਧਿਆਨੁ॥ 1॥ ਰਹਾਉ॥ ------------------------------------ ਜੇਤਾ ਜੀਉ ਪਿੰਡੁ ਸਭੁ ਤੇਰਾ ਤੂੰ ਅੰਤਰਜਾਮੀ ਪੁਰਖੁ ਭਗਵਾਨੁ॥ ਦਾਸਨਿ ਦਾਸੁ ਕਹੈ ਜਨੁ ਨਾਨਕੁ ਜੇਹਾ ਤੂੰ ਕਰਾਇਹਿ ਤੇਹਾ ਹਉ ਕਰੀ ਵਖਿਆਨੁ॥ 4॥ (ਮ: 4, 734)

ਪਦ ਅਰਥ: ਗਾਈਐ - ਆਓ ਗਾਵੀਏ। ਜੀਉ ਲਾਇ - ਚਿੱਤ ਜੋੜ ਕੇ। 1. ਰਹਾਉ। ਜੀਉ-ਜਿੰਦ। ਪਿੰਡੁ-ਸਰੀਰ। ਅੰਤਰਜਾਮੀ-ਸਭ ਦੇ ਦਿਲ ਦੀ ਜਾਨਣ ਵਾਲਾ। ਦਾਸਨਿ ਦਾਸੁ-ਦਾਸਾਂ ਦਾ ਦਾਸ। ਵਖਿਆਨ-ਬਿਆਨ। ਕਰੀ-ਕਰੀਂ, ਮੈਂ ਕਰਦਾ ਹਾਂ। 4.

ਭਾਵ: ਹੇ ਭਾਈ! ਆਓ, ਚਿੱਤ ਜੋੜ ਕੇ ਗੁਰੂ (ਦੀ ਬਾਣੀ) ਨਾਲ ਸੁਰਤਿ ਜੋੜ ਕੇ, ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਇਆ ਕਰੀਏ। 1. ਰਹਾਉ।

-----------------------------

ਹੇ ਪ੍ਰਭੂ! ਜਿਤਨਾ ਭੀ (ਜੀਵਾਂ ਦਾ) ਜਿੰਦ-ਸਰੀਰ ਹੈ, ਇਹ ਸਭ ਤੇਰਾ ਹੀ ਦਿੱਤਾ ਹੋਇਆ ਹੈ, ਤੂੰ ਸਭ ਦੇ ਦਿਲ ਦੀ ਜਾਨਣ ਵਾਲਾ ਸਰਬ-ਵਿਆਪਕ ਮਾਲਿਕ-ਪ੍ਰਭੂ ਹੈਂ। ਹੇ ਪ੍ਰਭੂ! ਤੇਰੇ ਦਾਸਾਂ ਦਾ ਦਾਸ ਨਾਨਕ ਆਖਦਾ ਹੈ - (ਹੇ ਪ੍ਰਭੂ!) ਤੂੰ ਜੋ ਕੁੱਝ ਮੈਥੋਂ ਅਖਵਾਂਦਾ ਹੈਂ, ਮੈਂ ਉਹੀ ਕੁੱਝ ਆਖਦਾ ਹਾਂ।

(ਸ) ਵਾਹੁ ਵਾਹੁ ਬਾਣੀ ਨਿਰੰਕਾਰ ਹੈ ਤਿਸੁ ਜੇਵਡੁ ਅਵਰੁ ਨ ਕੋਇ॥

(ਮ: 3, 515)

ਭਾਵ: ਜੋ ਪ੍ਰਭੂ-ਪਿਤਾ ਆਕਾਰ ਰਹਿਤ ਹੈ; ਜਿਸ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ; ਉਸ ਦੀ ਸਿਫ਼ਤਿ-ਸਾਲਾਹ ਦੀ ਬਾਣੀ ਵੀ ਉਸੇ ਮਾਲਿਕ-ਪ੍ਰਭੂ ਦਾ ਹੀ ਰੂਪ ਹੈ।

(ਹ) ਅਗਮ ਅਗੋਚਰੁ ਸਚੁ ਸਾਹਿਬੁ ਮੇਰਾ॥ ਨਾਨਕੁ ਬੋਲੈ ਬੋਲਾਇਆ ਤੇਰਾ॥ 4॥ (ਮ: 5, 743)

ਪਦ ਅਰਥ: ਅਗਮ-ਮਤਿ-ਬੁੱਧੀ ਦੀ ਪਹੁੰਚ ਤੋਂ ਪਰ੍ਹੇ। ਅਗੋਚਰੁ - {ਅ-ਗੋ-ਚਰੁ। ਗੋ-ਗਿਆਨ-ਇੰਦ੍ਰੇ} ਜਿਸ ਤੱਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ। ਸਚੁ-ਸਦਾ ਥਿਰ ਰਹਿਣ ਵਾਲਾ। 4.

ਭਾਵ: ਹੇ ਪ੍ਰਭੂ! ਤੂੰ ਸਦਾ ਕਾਇਮ ਰਹਿਣ ਵਾਲਾ ਮੇਰਾ ਮਾਲਿਕ ਹੈਂ, ਤੂੰ ਅਪਹੁੰਚ ਹੈਂ, ਗਿਆਨ-ਇੰਦ੍ਰਿਆਂ ਰਾਹੀਂ ਤੇਰੇ ਤੱਕ ਪਹੁੰਚਿਆ ਨਹੀਂ ਜਾ ਸਕਦਾ। (ਤੇਰਾ ਦਾਸ) ਨਾਨਕ ਤੇਰਾ ਪ੍ਰੇਰਿਆ ਹੋਇਆ ਹੀ ਤੇਰਾ ਨਾਮ (ਤੇਰੀ ਸਿਫਤਿ-ਸਾਲਾਹ) ਉਚਾਰ ਸਕਦਾ ਹੈ। 4.

ਆਓ, ਹੁਣ ਸੰਸਾਰ ਵਿੱਚ, ਇਸ ਦੇ ਆਦਿ ਕਾਲ (ਸਮੇਂ) ਤੋਂ ਹੀ, ਅਸ਼ਾਂਤੀ ਹੋਣ ਦੇ ਕਾਰਨਾਂ ਦਾ ਨਿਰਪੱਖ ਹੋ ਕੇ ਵੀਚਾਰ ਕਰਨ ਦਾ ਯਤਨ ਕਰੀਏ। ਇਸ ਵਿਚਾਰ ਨੂੰ, ਹੁਣ ਤੱਕ ਹੋ ਚੁੱਕੀ ਵਿਗਿਆਨਕ (ਵਿਸ਼ੇਸ਼ ਕਰ ਕੇ ਸਿਹਤ ਦੇ ਪੱਖ ਤੋਂ) ਖ਼ੋਜ ਦੇ ਸਿੱਟਿਆਂ ਅਤੇ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਕੁਦਰਤਿ ਦੇ ਅਟੱਲ ਨਿਯਮਾਂ ਨੂੰ ਆਧਾਰ ਬਣਾ ਕੇ ਹੀ, ਅੱਗੇ ਵਧਾਣਾ ਜ਼ਿਆਦਾ ਸਾਰਥਕ ਹੋਵੇਗਾ।

3. ਮਨੁੱਖੀ ਸ਼ਖ਼ਸੀਅਤ

ਮਨੁੱਖ ਦੀ ਸਮੁੱਚੀ ਸ਼ਖ਼ਸੀਅਤ, ਮਨੁੱਖ ਦੇ ਭੌਤਿਕ ਸਰੀਰ, ਮਨੁੱਖ ਦੇ ਵਿਚਾਰ (ਸੰਕਲਪ, ਵਿਕਲਪ ਦੇ ਫ਼ੁਰਨੇ) ਅਤੇ ਵਿਚਾਰਾਂ ਦੇ ਆਧਾਰ `ਤੇ ਮਨੁੱਖ ਦੇ ਨਿਤਾ-ਪ੍ਰਤੀ ਦੇ ਕਿਰਦਾਰ `ਚੋਂ ਹੀ ਵੇਖੀ-ਪਰਖੀ ਜਾ ਸਕਦੀ ਹੈ। ਪਰ, ਮਨੁੱਖ ਦੀ ਕਰਣੀ (ਕਿਰਦਾਰ) ਮਨੁੱਖੀ ਸ਼ਖ਼ਸੀਅਤ ਦੀ ਪਰਖ ਦੀ ਸਭ ਤੋਂ ਅਹਿਮ ਕਸਵੱਟੀ ਕਹੀ ਜਾ ਸਕਦੀ ਹੈ। ਮਨੁੱਖ ਦਾ ਸਰੀਰ ਸੋਹਣਾ-ਸੁਨੱਖਾ, ਉੱਚਾ-ਲੰਮਾ, ਆਕਰਸ਼ਕ ਤੇ ਤਾਕਤਵਰ ਹੋ ਸਕਦਾ ਹੈ। ਮਨੁੱਖ ਦੀ ਬੋਲ-ਬਾਣੀ ਮਿੱਠੀ, ਨਿਮਰਤਾ-ਭਰਪੂਰ ਅਤੇ ਵਿਦਵਤਾ ਵਾਲੀ ਹੋ ਸਕਦੀ ਹੈ। ਮਨੁੱਖ ਦੇ ਵਿਖਾਵੇ ਦੇ ਜ਼ਾਹਰਾ ਧਰਮ-ਕਰਮ ਵੀ (ਉੱਪਰੋਂ-ਉੱਪਰੋਂ ਵੇਖਣ ਲਈ) ਬਹੁਤ ਵਧੀਆ ਕਿਸਮ ਦੇ ਹੋਣ ਦਾ ਭੁਲੇਖਾ ਪਾ ਸਕਦੇ ਹਨ। ਮਨੁੱਖ ਭਾਵੇਂ ਬੜਾ ਧਨਵਾਨ, ਰਾਜਭਾਗ ਦਾ ਮਾਲਿਕ, ਦੁਨਿਆਵੀ ਸ਼ੁਹਰਤ ਦਾ ਮਾਲਿਕ, ਸਾਰੀ ਦੁਨੀਆਂ `ਚ ਨਾਮਣੇ ਵਾਲਾ ਅਤੇ ਸਤਿਕਾਰਿਆ ਜਾਣ ਵਾਲਾ ਵੀ ਕਿਉਂ ਨਾ ਹੋਵੇ, ਪਰ, ਜੇਕਰ ਉਸ ਦੇ ਵਿਚਾਰ (ਮਨ ਦੇ ਫ਼ੁਰਨੇ) ਮਾੜੇ ਜਾਂ ਮੈਲੇ ਹੋਣ ਤਾਂ ਅੰਤ ਨੂੰ ਉਸ ਦਾ ਮਾੜਾ ਕਿਰਦਾਰ ਵੀ, ਸਮਾਂ ਪਾ ਕੇ, ਪਰਗਟ ਹੋ ਹੀ ਜਾਂਦਾ ਹੈ ਅਤੇ ਰੱਬੀ-ਦਰਗਾਹ ਅੰਦਰ ਉਹ ਇੱਕ ਗੰਦਗੀ ਦੇ ਕੀੜੇ ਤੋਂ ਵੀ ਭੈੜਾ ਸਮਝਿਆ ਜਾਵੇਗਾ। ਇਸ ਪਰਥਾਇ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਇੰਜ ਸੇਧਾਂ ਬਖ਼ਸ਼ਿਸ਼ ਕਰਦੇ ਹਨ -

ਸਿੰਮਲ ਰੁਖੁ ਸਰਾਇਰਾ ਅਤਿ ਦੀਰਘ ਅਤਿ ਮੁਚੁ॥ ਓਇ ਜਿ ਆਵਹਿ ਆਸ ਕਰਿ ਜਾਹਿ ਨਿਰਾਸੇ ਕਿਤੁ॥ ਫਲ ਫਿਕੇ ਫੁਲ ਬਕਬਕੇ ਕੰਮਿ ਨ ਆਵਹਿ ਪਤ॥ ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ॥ ਸਭੁ ਕੋ ਨਿਵੈ ਆਪ ਕਉ ਪਰ ਕਉ ਨਿਵੈ ਨ ਕੋਇ॥ ਧਰਿ ਤਾਰਾਜੂ ਤੋਲੀਐ ਨਿਵੈ ਸੁ ਗਉਰਾ ਹੋਇ॥ ਅਪਰਾਧੀ ਦੂਣਾ ਨਿਵੈ ਜੋ ਹੰਤਾ ਮਿਰਗਾਹਿ॥ ਸੀਸਿ ਨਿਵਾਇਐ ਕਿਆ ਥੀਐ ਜਾ ਰਿਦੈ ਕੁਸੁਧੇ ਜਾਹਿ॥ (ਮ: 1, 470)

ਪਦ ਅਰਥ: ਸਰਾਇਰਾ-ਸਿੱਧਾ। ਦੀਰਘੁ-ਲੰਮਾ। ਮੁਚੁ-ਵੱਡਾ, ਮੋਟਾ। ਕਿਤੁ-ਕਿਉਂ। ਪਤ-ਪੱਤਰ। ਮਿਠਤੁ-ਮਿਠਾਸ। ਨੀਵੀ-ਨੀਵੇਂ ਰਹਿਣ ਵਿੱਚ, ਨਿਮਰਤਾ ਧਾਰਨ ਨਾਲ। ਤਤੁ-ਸਾਰ। ਆਪ ਕਉ-ਆਪਣੇ ਮਤਲਬ ਵਾਸਤੇ, ਆਪਣੇ ਲਈ। ਗਉਰਾ-ਭਾਰਾ। ਹੰਤਾ-ਮਾਰਨ ਵਾਲਾ। ਸੀਸਿ ਨਿਵਾਇਐ-ਜੇ ਨਿਰਾ ਸਿਰ ਨਿਵਾਇਆ ਜਾਏ (ਪਰ, ਅੰਦਰ ਕਪਟ ਹੋਵੇ) ਕੁਸੁਧੇ-ਖੋਟੇ।

ਭਾਵ: ਸਿੰਮਲ ਦਾ ਰੁੱਖ ਕੇਡਾ ਸਿੱਧਾ, ਲੰਮਾ ਤੇ ਮੋਟਾ ਹੁੰਦਾ ਹੈ। (ਪਰ) ਉਹ ਪੰਛੀ ਜੋ (ਫਲ ਖਾਣ ਦੀ) ਆਸ ਰੱਖ ਕੇ (ਇਸ ਉੱਤੇ) ਆ ਬੈਠਦੇ ਹਨ, ਉਹ ਨਿਰਾਸ਼ ਹੋ ਕੇ ਕਿਉਂ ਉੱਡ ਜਾਂਦੇ ਹਨ? ਇਸ ਦਾ ਕਾਰਨ ਇਹ ਹੈ ਕਿ ਰੁੱਖ ਭਾਵੇਂ ਵੇਖਣ ਨੂੰ ਬਹੁਤ ਸੋਹਣਾ (ਉੱਚਾ, ਲੰਮਾ ਤੇ ਮੋਟਾ) ਦਿਸਦਾ ਹੈ, ਪਰ, (ਇਸ ਦੇ) ਫ਼ਲ ਫਿੱਕੇ ਹੁੰਦੇ ਹਨ, ਫੁੱਲ ਬੇ-ਸੁਆਦੇ ਹੁੰਦੇ ਹਨ ਅਤੇ ਪੱਤੇ ਭੀ ਕਿਸੇ ਕੰਮ ਨਹੀਂ ਆਉਂਦੇ। ਹੇ ਨਾਨਕ! ਨੀਵੇਂ ਰਹਿਣ ਵਿੱਚ ਮਿਠਾਸ (ਚੰਗਾ ਗੁਣ) ਹੈ। ਮਨ ਕਰ ਕੇ ਨਿਮਰਤਾ ਦਾ ਗੁਣ ਧਾਰਨ ਕਰਨ ਵਿੱਚ ਮਿਠਾਸ ਹੈ, (ਮਿੱਠਾ ਬੋਲਣਾ ਭੀ ਚੰਗਾ ਗੁਣ ਹੈ) ਨਿਮਰਤਾ ਸਾਰੇ ਗੁਣਾਂ ਦਾ ਤੱਤ-ਸਾਰ ਹੈ। (ਭਾਵੇਂ ਆਮ ਤੌਰ `ਤੇ ਜਗਤ ਵਿੱਚ) ਹਰੇਕ ਜੀਵ ਆਪਣੇ ਸੁਆਰਥ ਲਈ ਉੱਪਰੋਂ-ਉਪਰੋਂ (ਵਿਖਾਵੇ ਮਾਤਰ ਲਈ) ਲਿਫਦਾ (ਨਿਮਰਤਾ ਦਾ ਪਾਖੰਡ ਕਰਦਾ) ਹੈ, ਕਿਸੇ ਦੂਜੇ ਦੀ ਖਾਤਰ (ਜਾਂ ਪਰਉਪਕਾਰ ਲਈ) ਨਹੀਂ, (ਇਹ ਭੀ ਵੇਖ ਲਵੋ ਕਿ) ਜੇ ਤੱਕੜੀ ਉੱਤੇ ਧਰ ਕੇ ਤੋਲਿਆ ਜਾਵੇ ਤਾਂ (ਭਾਵ, ਜੇ ਚੰਗੀ ਤਰ੍ਹਾਂ, ਪਰਖ ਕੀਤੀ ਜਾਵੇ ਤਾਂ ਭੀ) ਨੀਵਾਂ ਪੱਲੜਾ ਹੀ ਭਾਰਾ ਹੁੰਦਾ ਹੈ (ਭਾਵ, ਜੋ ਮਨ ਕਰ ਕੇ ਲਿਫਦਾ ਹੈ ਉਹੀ ਵੱਡਾ ਗਿਣੀਂਦਾ ਹੈ)। (ਪਰ, ਨਿਉਂਣ ਦਾ ਭਾਵ, ਮਨੋਂ ਨਿਉਂਣਾ ਹੈ, ਨਿਰਾ ਸਰੀਰ ਨਿਵਾਉਂਣਾ ਨਹੀਂ ਹੈ; ਜੇ ਸਰੀਰ ਦੇ ਨਿਵਾਉਂਣ ਨੂੰ ਨੀਵਾਂ ਰਹਿਣਾ ਆਖੀਦਾ ਹੋਵੇ ਤਾਂ) ਸ਼ਿਕਾਰੀ ਜੋ ਮਿਰਗ ਮਾਰਦਾ ਫਿਰਦਾ ਹੈ, ਲਿਫ ਕੇ ਦੋਹਰਾ ਹੋ ਜਾਂਦਾ ਹੈ, ਪਰ ਜੇ ਨਿਰਾ ਸਿਰ ਹੀ ਨਿਵਾ ਦਿੱਤਾ ਜਾਵੇ, ਤੇ ਅੰਦਰੋਂ (ਮਨੋਂ) ਜੀਵ ਖੋਟੇ ਹੀ ਰਹਿਣ ਤਾਂ ਇਸ ਨਿਉਂਣ ਦਾ ਸਮਾਜ ਨੂੰ ਕੋਈ ਲਾਭ ਨਹੀਂ ਹੋ ਸਕਦਾ (ਨੁਕਸਾਨ ਜ਼ਰੂਰ ਹੁੰਦਾ ਹੈ)।

4. ਮਾਇਆ ਦੇ ਮੋਹ ਕਾਰਨ ਵਿਕਾਰਾਂ/ਪਾਪਾਂ ਦੀ ਸੂਖਮ ਮੈਲ ਨਾਲ ਮੈਲਾ ਹੋਇਆ ਮਨੁੱਖੀ ਮਨ ਹੀ ਸਾਰੇ ਕਲ-ਕਲੇਸ਼ਾਂ ਤੇ ਅਸ਼ਾਂਤੀ ਦਾ ਮੂਲ ਕਾਰਨ ਹੈ

ਸੰਖੇਪ ਵਿੱਚ ਗੱਲ ਮੁਕਾਉਣੀ ਹੋਵੇ ਤਾਂ ਕਿਹਾ ਜਾ ਸਕਦਾ ਹੈ ਕਿ ਮਨੁੱਖੀ ਮਨ ਮਾਇਆ ਦੀ ਮਮਤਾ (ਅਪਣੱਤ, ਮੈਂ-ਮੇਰੀ, ਹਉਮੈ ਆਦਿ) ਦੇ ਮੋਹ ਕਾਰਨ (ਮੈਲਾ ਹੋ ਕੇ) ਭਟਕਣਾ ਵਿੱਚ ਪੈ ਕੇ ਸਦਾ ਹੀ ਅਸ਼ਾਂਤ ਹੋਇਆ ਰਹਿੰਦਾ ਹੈ। ਭਟਕਣਾ ਵਿੱਚ ਪਿਆ ਹੋਇਆ ਅਸ਼ਾਂਤ (ਮੈਲਾ ਜਾਂ ਖੋਟਾ) ਮਨ ਹੀ ਮੂਲ ਕਾਰਨ ਹੈ ਹਰ ਪੱਧਰ `ਤੇ ਫੈਲੀ ਹੋਈ ਅਸ਼ਾਂਤੀ ਦਾ। ਮਨੁੱਖੀ ਮਨ, (ਇਸ ਨੂੰ) ਜਨਮ-ਜਨਮ ਦੇ ਵਿਕਾਰਾਂ ਤੇ ਪਾਪਾਂ ਦੀ ਲੱਗੀ ਸੂਖਮ ਮੈਲ ਕਾਰਨ, ਮੈਲਾ ਹੈ ਅਤੇ ਜਦੋਂ ਤੱਕ ਇਹ ਵਿਕਾਰਾਂ ਤੇ ਪਾਪਾਂ ਦੀ ਮੈਲ ਸਾਫ਼ ਨਹੀਂ ਹੁੰਦੀ, ਮਨ ਨਿਰਮਲ ਹੋ ਕੇ ਟਿਕਾਉ ਵਿੱਚ ਨਹੀਂ ਆ ਸਕਦਾ ਅਤੇ ਜਦੋਂ ਤੱਕ ਮਨ ਨਿਰਮਲ ਹੋ ਕੇ ਟਿਕਾਉ ਵਿੱਚ ਨਹੀਂ ਆਉਂਦਾ ਇਸ ਦੀ ਭਟਕਣਾ ਨਹੀਂ ਮੁਕਦੀ। ਜਦੋਂ ਤੱਕ ਮਨ ਭਟਕਣਾ ਵਿੱਚ ਹੈ, ਪਰਿਵਾਰ ਪੱਧਰ ਤੋਂ ਲੈ ਕੇ ਵਿਸ਼ਵ-ਪੱਧਰ ਤੱਕ, ਸਦੀਵੀ ਸ਼ਾਂਤੀ ਹੋ ਸਕਣੀ ਅਸੰਭਵ ਹੈ। ਇਸ ਹਕੀਕਤ ਨੂੰ ਬਿਆਨ ਕਰਨ ਲਈ ਸ਼ਬਦ-ਗੁਰੂ (ਗੁਰੂ ਗ੍ਰੰਥ ਸਾਹਿਬ) ਵਿੱਚ ਬਹੁਤ ਹੀ ਦਿਲਚਸਪ ਉਦਾਹਰਣਾਂ ਅੰਕਿਤ ਹਨ। ਮਿਸਾਲ ਦੇ ਤੌਰ `ਤੇ ਜਦੋਂ ਤੱਕ ਸੋਨੇ ਵਿੱਚ ਕਿਸੇ ਹੋਰ ਧਾਤ ਦੀ ਮਿਲਾਵਟ (ਖੋਟ, ਮੈਲ) ਹੁੰਦੀ ਹੈ, ਉਹ ਸੁਨਿਆਰੇ ਦੀ ਕੁਠਾਲੀ ਵਿੱਚ ਇਧਰ-ਉਧਰ ਭਟਕਦਾ (ਹਿਲਦਾ-ਜੁਲਦਾ) ਫਿਰਦਾ ਰਹਿੰਦਾ ਹੈ। ਪਰ, ਜਦੋਂ ਉਸ ਦੀ ਖੋਟ (ਮੈਲ) ਅਲੱਗ ਹੋ ਜਾਂਦੀ ਹੈ ਤਾਂ ਸੋਨਾ ਸੁੱਧ ਰੂਪ ਵਿੱਚ ਆ ਕੇ ਕੁਠਾਲੀ ਵਿੱਚ ਟਿਕ ਜਾਂਦਾ ਹੈ। ਬੱਸ, ਏਹੋ ਹਾਲਤ ਮਨ ਦੀ ਹੁੰਦੀ ਹੈ। ਜਦੋਂ ਤੱਕ ਮਨ ਵਿੱਚ ਮਾੜੇ ਫ਼ੁਰਨਿਆਂ (ਤੇ ਵਿਕਾਰੀ ਵਾਸ਼ਨਾਵਾਂ) ਦੀ ਖੋਟ ਹੁੰਦੀ ਹੈ, ਉਹ ਅਸ਼ਾਂਤ ਹੋ ਕੇ ਭਟਕਦਾ ਰਹਿੰਦਾ ਹੈ। ਇਸ ਪ੍ਰਥਾਇ ਗੁਰੂ ਗ੍ਰੰਥ ਸਾਹਿਬ ਦੇ ਫ਼ਲਸਫ਼ੇ ਦਾ ਫ਼ੁਰਮਾਣੁ ਹੈ -

ਜਨਮ ਜਨਮ ਕੀ ਇਸੁ ਮਨ ਕਉ ਮਲੁ ਲਾਗੀ ਕਾਲਾ ਹੋਆ ਸਿਆਹੁ॥ ਖੰਨਲੀ ਧੋਤੀ ਉਜਲੀ ਨ ਹੋਵਈ ਜੇ ਸਉ ਧੋਵਣਿ ਪਾਹੁ॥ (ਮ: 3, 651)

ਪਦ ਅਰਥ: ਖੰਨਲੀ-ਤੇਲੀ ਦੀ ਕੋਹਲੂ ਵਿੱਚ ਫੇਰਨ ਵਾਲੀ ਲੀਰ। ਧੋਵਣਿ ਪਾਹੁ-ਧੋਣ ਦਾ ਯਤਨ ਕਰੋ।

ਭਾਵ: ਕਈ ਜਨਮਾਂ ਦੀ ਇਸ ਮਨ ਨੂੰ ਮੈਲ ਲੱਗੀ ਹੋਈ ਹੈ, ਜਿਸ ਕਰ ਕੇ ਇਹ ਬਹੁਤ ਹੀ ਕਾਲਾ ਹੋਇਆ ਪਿਆ ਹੈ, ਮਨੁੱਖ ਦੇ ਆਪਣੇ ਯਤਨਾਂ ਜਾਂ ਸਿਆਣਪ ਨਾਲ (ਚਿੱਟਾ ਨਹੀਂ ਹੋ ਸਕਦਾ), ਜਿਵੇਂ ਤੇਲੀ ਦੀ ਲੀਰ ਧੋਤਿਆਂ ਚਿੱਟੀ ਨਹੀਂ ਹੋ ਸਕਦੀ, ਭਾਵੇਂ ਸੌ ਵਾਰੀ ਧੋਣ ਦਾ ਯਤਨ ਕਰੋ।

ਮਨ ਦੀ ਪ੍ਰੀਭਾਸ਼ਾ

ਮੋਟੇ ਤੌਰ `ਤੇ, ਮਨੁੱਖ ਦੇ ਮਸਤਕ ਵਿੱਚ (ਮਨੁੱਖ ਵੱਲੋਂ ਬੀਤੇ ਸਮੇਂ ਜਾਂ ਪਿਛਲੇ ਜਨਮਾਂ ਦੌਰਾਨ ਕੀਤੇ ਚੰਗੇ-ਮੰਦੇ ਕੰਮਾਂ ਦੇ ਸੰਸਕਾਰਾਂ ਅਨੁਸਾਰ) ਪ੍ਰਭੂ ਦੇ ਹੁਕਮ ਵਿੱਚ ਲਿਖੇ ਹੋਏ ਲੇਖਾਂ ਅਨੁਕੂਲ ਬਣੇ ਮਨੁੱਖੀ-ਸੁਭਾਅ (ਸੰਕਲਪਾਂ/ਵਿਕਲਪਾਂ ਦੇ ਸੰਗ੍ਰਹਿ ਨੂੰ ਮਨ ਕਿਹਾ ਜਾ ਸਕਦਾ ਹੈ)।

5. ਫਿਰ ਮਨ ਨੂੰ ਵਿਕਾਰਾਂ ਤੇ ਪਾਪਾਂ ਦੀ ਲੱਗੀ ਸੂਖਮ ਮੈਲ (ਖੋਟ) ਕਿਵੇਂ ਉੱਤਰੇ?

ਇਸ ਸਵਾਲ ਦਾ ਜਵਾਬ ਸਤਿਗੁਰੂ ਜੀ ਉੱਪਰਲੀਆਂ ਪੰਗਤੀਆਂ ਤੋਂ ਅਗਲੀਆਂ ਪੰਗਤੀਆਂ ਵਿੱਚ ਇੰਜ ਬਖ਼ਸ਼ਿਸ਼ ਕਰਦੇ ਹਨ -

ਗੁਰ ਪਰਸਾਦੀ ਜੀਵਤੁ ਮਰੈ ਉਲਟੀ ਹੋਵੈ ਮਤਿ ਬਦਲਾਹੁ॥ ਨਾਨਕ ਮੈਲੁ ਨ ਲਗਈ ਨਾ ਫਿਰਿ ਜੋਨੀ ਪਾਹੁ॥ 1॥ (ਉਪਰੋਕਤ)

ਭਾਵ: ਹੇ ਨਾਨਕ! ਜੇ ਗੁਰੂ ਦੀ ਕਿਰਪਾ ਨਾਲ ਮਨ ਜਿਊਂਦਾ ਹੀ ਮਰੇ (ਭਾਵ, ਆਪਣੀ ਖ਼ੁਦਗਰਜ਼ੀ, ਹਉਮੈ ਨੂੰ ਛੱਡ ਦੇਵੇ) ਤੇ ਮਤਿ ਬਦਲ ਕੇ (ਮਾਇਆ ਦੀ ਮਮਤਾ ਵੱਲੋਂ) ਉਲਟ ਹੋ ਜਾਇ, ਤਾਂ ਮੈਲ ਭੀ ਨਹੀਂ ਲਗਦੀ ਤੇ ਫਿਰ ਜੂਨਾਂ ਵਿੱਚ ਭੀ ਨਹੀਂ ਪੈਂਦਾ। 1.

ਗੁਰਮਤਿ ਫ਼ਲਸਫ਼ੇ ਦੇ ਇਸੇ ਸਿਧਾਂਤ ਨੂੰ ਗੁਰੂ ਨਾਨਕ ਸਾਹਿਬ ਦੀ ਮੁਬਾਰਕ ਰਸਨਾ ਤੋਂ ਉਚਾਰਨ ਹੋਈ ‘ਜਪੁ’ (ਜਪੁ ਜੀ ਸਾਹਿਬ) ਦੀ ਵੀਹਵੀਂ ਪਉੜੀ ਵਿੱਚ ਇੰਜ ਅੰਕਿਤ ਕੀਤਾ ਹੋਇਆ ਹੈ -

ਭਰੀਐ ਹਥੁ ਪੈਰੁ ਤਨੁ ਦੇਹ॥ ਪਾਣੀ ਧੋਤੈ ਉਤਰਸੁ ਖੇਹ॥ ਮੂਤ ਪਲੀਤੀ ਕਪੜੁ ਹੋਇ॥ ਦੇ ਸਾਬੂਣੁ ਲਈਐ ਓਹੁ ਧੋਇ॥ ਭਰੀਐ ਮਤਿ ਪਾਪਾ ਕੈ ਸੰਗਿ॥ ਓਹੁ ਧੋਪੈ ਨਾਵੈ ਕੈ ਰੰਗਿ॥ (ਮ: 1, ਜਪੁ)

ਪਦ ਅਰਥ: ਭਰੀਐ-ਜੇ ਭਰ ਜਾਏ, ਜੇ ਗੰਦਾ ਹੋ ਜਾਏ, ਜੇ ਮੈਲਾ ਹੋ ਜਾਏ। ਤਨੁ-ਸਰੀਰ। ਦੇਹ-ਸਰੀਰ। ਪਾਣੀ ਧੋਤੈ-ਪਾਣੀ ਨਾਲ ਧੋਤਿਆਂ। ਉਤਰਸੁ-ਉਤਰ ਜਾਂਦੀ ਹੈ। ਖੇਹ-ਮਿੱਟੀ, ਧੂੜ, ਮੈਲ। ਪਲੀਤੀ-ਪਲੀਤ, ਗੰਦਾ। ਮੂਤ ਪਲੀਤੀ-ਮੂਤਰ ਨਾਲ ਪਲੀਤ। ਕਪੜੁ-ਕੱਪੜਾ। ਦੇ ਸਾਬੂਣ-ਸਾਬਣ ਲਾ ਕੇ। ਲਈਐ-ਲਈਦਾ ਹੈ। ਓਹੁ-ਉਹ ਪਲੀਤ ਹੋਇਆ ਕੱਪੜਾ। ਲਈਐ ਧੋਇ-ਧੋ ਲਈਦਾ ਹੈ। ਮਤਿ-ਬੁੱਧ। ਪਾਪਾ ਕੈ ਸੰਗਿ-ਪਾਪਾਂ ਦੇ ਨਾਲ। ਓਹੁ-ਉਹ ਪਾਪ। ਧੋਪੈ-ਧੁਪਦਾ ਹੈ, ਧੁਪ ਸਕਦਾ ਹੈ, ਧੋਇਆ ਜਾ ਸਕਦਾ ਹੈ। ਰੰਗਿ-ਪਿਆਰ ਨਾਲ। ਨਾਵੈ ਕੈ ਰੰਗਿ-ਅਕਾਲ ਪੁਰਖ ਦੇ ਨਾਮ ਦੇ ਪ੍ਰੇਮ ਨਾਲ।

ਭਾਵ: ਜੇ ਹੱਥ, ਪੈਰ ਜਾਂ ਸਰੀਰ ਮਿੱਟੀ ਨਾਲ ਲਿੱਬੜ ਜਾਏ, ਤਾਂ ਪਾਣੀ ਨਾਲ ਧੋਤਿਆਂ ਉਹ ਮੈਲ ਉੱਤਰ ਜਾਂਦੀ ਹੈ। ਜੇ (ਕੋਈ) ਕੱਪੜਾ ਮੂਤਰ ਨਾਲ ਗੰਦਾ ਹੋ ਜਾਏ, ਤਾਂ ਸਾਬਣ ਲਾ ਕੇ ਉਸ ਨੂੰ ਧੋ ਲਈਦਾ ਹੈ। ਪਰ, ਜੇ (ਮਨੁੱਖ ਦੀ) ਬੁੱਧੀ ਪਾਪਾਂ (ਤੇ ਵਿਕਾਰਾਂ) ਨਾਲ ਮਲੀਨ ਹੋ ਜਾਵੇ, ਤਾਂ ਉਹ ਪਾਪ ਅਕਾਲ ਪੁਰਖ ਦੇ ਨਾਮ ਵਿੱਚ ਪਿਆਰ ਕਰਨ ਨਾਲ ਹੀ ਧੋਇਆ ਜਾ ਸਕਦਾ ਹੈ।

ਨੋਟ:

ਮਨ ਨੂੰ ਲੱਗੀ ਜਨਮਾਂ-ਜਨਮਾਂ ਦੇ ਪਾਪਾਂ (ਵਿਕਾਰਾਂ ਤੇ ਮਾੜੀਆਂ ਵਾਸ਼ਨਾਵਾਂ) ਦੀ ਮੈਲ ਦੇ ਕਾਰਨ ਮਨੁੱਖ ਦੇ ਗਿਆਨ-ਇੰਦਰੇ (ਅੱਖਾਂ, ਕੰਨ, ਨੱਕ, ਜੀਭ ਤੇ ਚਮੜੀ) ਵੀ ਦੂਸ਼ਤ (ਵਿਕਾਰੀ) ਹੋ ਜਾਂਦੇ ਹਨ (ਕਿਉਂਕਿ ਇਨ੍ਹਾਂ ਦੀ ਅਗੁਵਾਈ ਮਨ ਕਰ ਰਿਹਾ ਹੁੰਦਾ ਹੈ) ਅਤੇ ਗਿਆਨ-ਇੰਦਰਿਆਂ ਦੇ ਦੂਸ਼ਤ ਹੋਣ ਨਾਲ ਇਨ੍ਹਾਂ ਦੀ ਪ੍ਰੇਰਨਾ ਅਨੁਸਾਰ ਚੱਲਣ ਵਾਲੇ ਪੰਜੇ ਕਰਮ-ਇੰਦਰੇ (ਜੀਭ, ਹੱਥ, ਪੈਰ, ਗੁਦਾ ਤੇ ਜਨਨ-ਅੰਗ) ਵੀ (ਮਨ ਦੇ ਵਿਕਾਰਾਂ ਵੱਲ ਰੁਚਿਤ ਹੋਣ ਕਰ ਕੇ) ਦੂਸ਼ਤ ਹੋ ਜਾਂਦੇ ਹਨ। ਇਨ੍ਹਾਂ ਤੋਂ ਇਲਾਵਾ ਮਾਇਆ ਦਾ ਕੋੜਮਾ-ਕਬੀਲਾ ਜਿਸ ਵਿੱਚ ਮਾਇਆ ਦੇ ਪੰਜ ਪੁੱਤਰ (ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ) ਵੀ ਸ਼ਾਮਿਲ ਹਨ, ਮਨੁੱਖ ਨੂੰ ਖੱਜਲ-ਖੁਆਰ ਕਰਦੇ ਰਹਿੰਦੇ ਹਨ। ਇਥੇ ਹੀ ਬੱਸ ਨਹੀਂ, ਮਾਇਆ ਦੇ ਹੋਰ ਅਨੇਕਾਂ ਰੂਪ {ਦੁਬਿਧਾ, ਆਸਾ, ਮਨਸਾ, ਤ੍ਰਿਸ਼ਨਾ, ਨਿੰਦਿਆ, ਚੁਗਲੀ, ਈਰਖਾ, ਝੂਠ, ਵੈਰ, ਵਿਰੋਧ, ਮਾਣ-ਸਤਿਕਾਰ ਦੀ ਭੁੱਖ, ਹੋਰਨਾਂ `ਤੇ ਹੁਕਮ ਚਲਾਉਂਣ ਦੀ ਇੱਛਾ, ਛਲ-ਕਪਟ ਕਬਜ਼ਾ ਕਰਨ ਦੀ ਰੁਚੀ, ਆਪਣੇ ਮਜ਼੍ਹਬ ਵਿੱਚ ਵਾਧਾ ਕਰਨ ਦੀ ਚਾਹ, ਐਸ਼ੋ-ਇਸ਼ਰਤ ਦਾ ਜੀਵਨ ਜਿਊਂਣ ਦੀ ਖਿੱਚ, ਆਪਣੇ-ਪਰਾਏ ਦੀ ਭਾਵਨਾ, ਊਚ-ਨੀਚ ਦੀ ਸੋਚ, ਨਫ਼ਰਤ, ਸਿਆਸੀ ਸੱਤਾ ਦੀ ਕਾਣੀ-ਵੰਡ, ਆਰਥਕ ਸ਼ਕਤੀ ਤੇ ਸਾਧਨਾਂ ਦੀ ਕਾਣੀ-ਵੰਡ, ਸਮਾਜਿਕ ਰੁਤਬਿਆਂ ਦੀ ਕਾਣੀ-ਵੰਡ, ਵਿਤਕਰੇ ਤੇ ਬੇ-ਇਨਸਾਫ਼ੀ ਕਰਨ ਦਾ ਸੁਭਾਅ, ਫ਼ਿਰਕਾ-ਪ੍ਰਸਤੀ, ਫ਼ਾਸ਼ੀ ਰੁੱਚੀ, ਅਸੁੱਰਖਿਅਤਾ ਦੀ ਭਾਵਨਾ (ਡਰ), ਧੜੇਬੰਦੀਆਂ, ਸ਼ੱਕੀ ਸੁਭਾਅ, ਜ਼ੁਲਮ ਕਰਨ ਦਾ ਸੁਭਾਅ, ਰਾਜ-ਅਭਿਮਾਨ ਅਤੇ ਦੂਜਿਆਂ ਪ੍ਰਤੀ ਮਾੜੀ ਸੋਚ ਆਦਿ} ਭੀ ਅਸ਼ਾਂਤੀ ਦੇ ਕਾਰਨ ਹਨ।

ਅਸ਼ਾਂਤੀ ਦੇ ਕਾਰਨਾਂ ਦੀ ਸੂਚੀ ਇਥੇ ਹੀ ਸਮਾਪਤ ਨਹੀਂ ਹੋ ਜਾਂਦੀ। ਮਨੁੱਖੀ ਸਮਾਜ ਨੂੰ ਜਾਤ-ਪਾਤੀ (ਗ਼ੈਰ-ਕੁਦਰਤੀ) ਅਤੇ ਹੋਰ ਭਾਂਤ-ਭਾਂਤ ਦੇ ਵਰਗਾਂ ਵਿੱਚ ਵੰਡ ਕੇ ਮਨੁੱਖੀ ਸਮਾਜ ਦਾ ਸ਼ੋਸ਼ਨ ਕਰਨਾ, ਰੱਬ ਦੀ ਹੋਂਦ ਤੋਂ ਹੀ ਮੁਨਕਰ ਹੋ ਜਾਣਾ ਹੈ। ਆਪਣੇ ਮੱਤ (ਮਜ਼੍ਹਬ) ਦੇ ਫ਼ਲਸਫ਼ੇ ਨੂੰ ਦੂਜਿਆਂ ਮੱਤਾਂ ਦੇ ਫ਼ਲਸਫ਼ਿਆਂ ਨਾਲੋਂ (ਗ਼ੈਰ-ਵਾਜਵ ਤੌਰ `ਤੇ) ਚੰਗਾ ਬਣਾ ਕੇ ਪੇਸ਼ ਕਰਨ ਦੀ (ਝੂਠੀ) ਪਰਬਲ ਰੁਚੀ, ਮਜ਼੍ਹਬੀ ਜ਼ਨੂੰਨ, ਅਸਹਿਣਸ਼ੀਲਤਾ, ਦੂਜੇ ਮੱਤਾਂ ਦਾ ਗ਼ੈਰ-ਵਾਜਬ ਮਜ਼ਾਕ ਉਡਾਣ ਦੀ ਭੈੜੀ ਆਦਤ, ਸੱਚੀਆਂ-ਸੁੱਚੀਆਂ ਭਾਈਚਾਰਕ ਸਾਂਝਾਂ ਦੀ ਅਣਹੋਂਦ, ਆਪਣੇ ਆਪ ਨੂੰ ਵੱਡਾ ਬਣਾ ਕੇ ਪੇਸ਼ ਕਰਨ ਦੀ ਮਾੜੀ ਤੇ ਹੰਕਾਰੀ ਸੋਚ, ਦੈਵੀ (ਰੱਬੀ) ਗੁਣਾਂ (ਦਇਆ, ਸੱਚ, ਸਬਰ, ਸੰਤੋਖ, ਧੀਰਜ, ਗਿਆਨ, ਪਰਉਪਕਾਰ ਆਦਿ) ਦੀ ਅਣਹੋਂਦ, ਅਗਿਆਨਤਾ, ਅੰਧ-ਵਿਸ਼ਵਾਸ਼, ਜੰਤਰ, ਮੰਤਰ, ਤੰਤਰ, ਟੂਣੇ-ਟਾਮਣੇ, ਵਹਿਮ-ਭਰਮ ਤੇ ਜੋਤਿਸ਼ ਵਿੱਦਿਆ `ਚ ਵਿਸ਼ਵਾਸ਼ ਭੀ ਕਲਹ-ਕਲੇਸ਼ ਦੇ ਕਾਰਨ ਹਨ। ਰੱਬੀ-ਡਰ ਤੇ ਅਦਬ ਦੀ ਅਣਹੋਂਦ ਆਦਿ ਵੀ ਕੁੱਝ ਹੋਰ ਅਹਿਮ ਕਾਰਨ ਹਨ ਸੰਸਾਰ `ਚ ਅਸ਼ਾਂਤੀ ਦੇ ਬੀਜਾਂ ਦੇ ਪੁੰਗਰਨ ਦੇ। ਸੰਸਾਰ `ਚ ਅਸ਼ਾਂਤੀ ਪਸਰਨ ਦੇ ਹੋਰ ਵੀ ਬਹੁਤ ਸਾਰੇ ਕਾਰਨ ਹੋ ਸਕਦੇ ਹਨ ਜੋ ਲੇਖਕ ਦੀ ਬੁੱਧੀ ਦੀ ਪਕੜ ਵਿੱਚ ਨਹੀਂ ਆਏ। ਪਰ, ਇਹ ਇੱਕ ਹਕੀਕਤ ਹੈ ਕਿ ਮਨੁੱਖ ਨੇ, ਕਾਦਿਰ ਦੀ ਕੁਦਰਤਿ ਦੀ ਸਭ ਤੋਂ ਨਾਯਾਬ ਰਚਨਾ ਹੋਣ ਦੇ ਬਾ-ਵਜੂਦ, ਸੰਸਾਰ ਵਿੱਚ ਅਸ਼ਾਂਤੀ ਅਤੇ ਗੰਦਗੀ ਫੈਲਾਉਂਣ ਵਿੱਚ ਸਭ ਤੋਂ ਵੱਧ ਫ਼ਿਟਕਾਰਯੋਗ ਯੋਗਦਾਨ ਪਾ ਕੇ ਸਮੁੱਚੀ ਮਨੁੱਖਤਾ ਨੂੰ ਹੀ ਸ਼ਰਮਸਾਰ ਕੀਤਾ ਹੈ। ਸਦ ਅਫ਼ਸੋਸ!

ਸੰਸਾਰ ਵਿੱਚ ਪੈਦਾ ਹੁੰਦੀ ਆ ਰਹੀ ਅਸ਼ਾਂਤੀ ਦੇ ਉਪਰੋਕਤ ਕਾਰਨਾਂ ਬਾਰੇ ਅਗਲੇ ਚੈਪਟਰਾਂ ਵਿੱਚ ਵਿਸਥਾਰ ਨਾਲ ਵੀਚਾਰ ਕਰਨ ਦੇ ਯਤਨ ਕੀਤੇ ਜਾਣਗੇ ਅਤੇ ਨਾਲ ਹੀ ਨਾਲ, ਇਨ੍ਹਾਂ ਅਸ਼ਾਂਤੀ ਦੇ ਕਾਰਨਾਂ ਨੂੰ ਸਰਬ-ਸਾਂਝੀ ਗੁਰਬਾਣੀ (ਗੁਰੂ ਗ੍ਰੰਥ ਸਾਹਿਬ) ਦੇ ਅਟੱਲ ਰੱਬੀ ਸਿਧਾਂਤਾਂ `ਤੇ ਅਮਲ ਕਰ ਕੇ ਕਿਵੇਂ ਖ਼ਤਮ ਜਾਂ ਘੱਟ ਕੀਤਾ ਜਾ ਸਕਦਾ ਹੈ, ਬਾਰੇ ਵੀ, ਵਿਸਥਾਰ ਨਾਲ ਵਿਚਾਰ ਕੀਤੇ ਜਾਣਗੇ। ਦੂਜੇ ਮਜ਼੍ਹਬਾਂ ਦੇ ਸਤਿਕਾਰਤ ਗ੍ਰੰਥਾਂ ਦੇ ਮਾਨਵਵਾਦੀ ਫ਼ਲਸਫ਼ਿਆਂ ਦੀ ਜਿੰਨੀ ਕੁ ਸੀਮਤ ਜਾਣਕਾਰੀ ਲੇਖਕ ਨੂੰ ਹੈ ਉਸ ਬਾਰੇ ਵੀ ਵਿਚਾਰ ਸਾਂਝੇ ਕਰਨ ਦੇ ਯਤਨ ਕੀਤੇ ਜਾਣਗੇ। ਪਰ, ਫਿਰ ਵੀ ਲੇਖਕ ਵੱਲੋਂ ਗ਼ਲਤੀਆਂ ਹੋਣ ਅਤੇ ਇਸ ਲਿਖਤ ਵਿੱਚ ਤਰੁੱਟੀਆਂ ਰਹਿ ਜਾਣ ਬਾਰੇ ਸੁਹਿਰਦ ਵਿਦਵਾਨਾਂ ਪਾਸੋਂ ਮਿਲਣ ਵਾਲੇ ਮਾਨਵਵਾਦੀ ਤੇ ਉਸਾਰੂ ਸੁਝਾਵਾਂ ਨੂੰ ਖੁੱਲ੍ਹੇ ਦਿਲ ਨਾਲ ਜੀ-ਆਇਆਂ ਆਖਿਆ ਜਾਵੇਗਾ ਅਤੇ ਉਨ੍ਹਾਂ ਨੂੰ ਅਗਲੀਆਂ ਲਿਖਤਾਂ `ਚ ਯੋਗ ਸਥਾਨ ਦਿੱਤਾ ਜਾਵੇਗਾ। ਲੇਖਕ ਦਾ ਇਹ, ਸਮੁੱਚੀ ਮਨੁੱਖਤਾ ਨਾਲ, ਲਿਖਤੀ ਵਾਅਦਾ ਹੈ। ਪ੍ਰਭੂ-ਪਿਤਾ ਕਿਰਪਾ ਕਰੇ ਕਿ ਮਨੁੱਖ, ਮਨੁੱਖ ਦਾ ਹੀ ਨਹੀਂ; ਬਾਕੀ ਜੂਨਾਂ (ਜੀਵ-ਜੰਤੂਆਂ) ਦਾ ਵੀ, ਹਰ ਰੋਜ਼ ਦੋ ਵੇਲੇ ਭਲਾ ਮੰਗਦਾ ਹੋਇਆ, ਸੱਚੇ ਦਿਲੋਂ ਕੀਤੀ ਆਪਣੀ ਅਰਦਾਸ ਦੀ ਸਮਾਪਤੀ ਕਰਿਆ ਕਰੇ ਤਾਕਿ ਰੱਬੀ-ਮਿਹਰ ਸਦਕਾ ਇਨਸਾਨੀਅਤ (ਧਰਮ) ਪ੍ਰਾਪਤ ਕਰ ਸਕੇ ਅਤੇ ਇਸ ਸੰਸਾਰ ਵਿੱਚ ਹੀ ਸਵੱਰਗ ਜਾਂ ਬਹਿਸ਼ਤ ਦੀ ਹੋਂਦ ਮਹਿਸੂਸ ਕੀਤੀ ਜਾ ਸਕੇ।

ਇਹ ਵੀ ਮਾਨੋਂ ਰੱਬੀ-ਖੇਡ ਦਾ ਹੀ ਇੱਕ ਅਹਿਮ ਪਹਿਲੂ ਹੈ ਕਿ ਸੌ ਫ਼ੀ ਸਦੀ ਮਨੁੱਖੀ ਆਬਾਦੀ, ਸ਼ਾਇਦ, ਕਦੇ ਵੀ ਸਾਊ ਸੁਭਾਅ (ਇਨਸਾਨੀਅਤ ਦੀ ਧਾਰਨੀ) ਨਹੀਂ ਬਣ ਸਕਦੀ। ਵਿਸ਼ਵ-ਸ਼ਾਂਤੀ ਤੇ ਪਰਿਵਾਰਕ ਸ਼ਾਂਤੀ ਨੂੰ ਭੰਗ ਕਰਨ ਲਈ ਮਾੜੇ ਕਿਰਦਾਰ ਵਾਲੀਆਂ ਬਦ-ਰੂਹਾਂ ਵੀ ਸੰਸਾਰ ਵਿੱਚ ਪੈਦਾ ਹੁੰਦੀਆਂ ਰਹੀਆਂ ਹਨ, ਹੁਣ ਵੀ ਪੈਦਾ ਹੋ ਰਹੀਆਂ ਹਨ ਅਤੇ ਭਵਿੱਖ ਵਿੱਚ ਵੀ ਇਨ੍ਹਾਂ ਦੇ ਪੈਦਾ ਹੁੰਦੀਆਂ ਰਹਿਣ ਦੀ ਸੰਭਾਵਨਾ ਹੈ, ਕਿਉਂਕਿ, ਰੱਬੀ-ਖੇਡ ਬੜੀ ਅਦਭੁੱਤ, ਅਕੱਥ ਅਤੇ ਹੈਰਾਨੀਜਨਕ ਹੈ ਅਤੇ ਇਸ ਖੇਡ ਨੂੰ ਸੰਪੂਰਨ ਰੂਪ ਵਿੱਚ ਬਿਆਨ ਕਰ ਸਕਣਾ ਅਸੰਭਵ ਹੈ। ਫਿਰ ਵੀ, ਜਿਤਨੀ ਕੁ ਜਾਣਕਾਰੀ, ਇਸ ਰੌਚਿਕ ਰੱਬੀ-ਖੇਡ ਦੀ ਸੋਝੀ ਬਾਰੇ, ਸਤਿਗੁਰਾਂ ਨੇ, ਲੇਖਕ `ਤੇ ਤਰਸ ਕਰ ਕੇ, ਸਮਝਾਈ ਹੈ, ਉਸ ਦਾ ਵੀ ਨਿਰਪੱਖਤਾ ਨਾਲ ਜ਼ਿਕਰ ਕਰਨ ਦਾ ਯਤਨ ਕੀਤਾ ਜਾਵੇਗਾ।

ਕਰਨਲ ਗੁਰਦੀਪ ਸਿੰਘ
.