.

ਸੰਸਾਰ ਅਸ਼ਾਂਤ ਹੈ!

ਨਾਨਕ ਦੁਖੀਆ ਸਭੁ ਸੰਸਾਰੁ॥ ਮੰਨੇ ਨਾਉ ਸੋਈ ਜਿਣਿ ਜਾਇ॥ ਅਉਰੀ ਕਰਮ ਨ ਲੇਖੈ ਲਾਇ॥ (ਮ: 1, 954)

ਪਦ ਅਰਥ: ਜਿਣਿ- (ਜੀਵਨ ਦੀ ਬਾਜ਼ੀ) ਜਿੱਤ ਕੇ। ਅਉਰੀ-ਨਾਮੁ ਤੋਂ ਬਿਨਾਂ (ਪ੍ਰੇਮਾ ਭਗਤੀ ਤੋਂ ਬਿਨਾਂ)

ਭਾਵ: ਹੇ ਨਾਨਕ! ਸਾਰਾ ਸੰਸਾਰ ਹੀ (ਜੀਵਨ ਦੇ ਕਿਸੇ ਨਾ ਕਿਸੇ ਪੱਖ ਤੋਂ) ਦੁੱਖੀ ਹੈ। ਪਰ, ਜੋ ਮਨੁੱਖ ਪ੍ਰਭੂ ਦੇ ਨਾਮ ਨੂੰ ਮੰਨਦਾ ਹੈ (ਹੁਕਮਿ ਰਜ਼ਾਈ ਚਲਦਾ ਹੈ), ਭਾਵ ਜਿਸ ਦਾ ਮਨ ਪ੍ਰਭੂ ਦੇ ਨਾਮ (ਸਿਫ਼ਤਿ-ਸਲਾਹ) ਵਿੱਚ ਪਤੀਜਦਾ ਹੈ, ਉਹ (ਜ਼ਿੰਦਗੀ ਦੀ ਬਾਜ਼ੀ) ਜਿੱਤ ਕੇ ਜਾਂਦਾ ਹੈ, (ਨਾਮ-ਧਰਮ ਤੋਂ ਬਿਨਾਂ) ਕੋਈ ਹੋਰ ਮਿਥਿਆ ਧਰਮ-ਕੰਮ (ਜ਼ਿੰਦਗੀ ਦੀ ਬਾਜ਼ੀ ਜਿੱਤਣ ਲਈ) ਸਫ਼ਲ ਨਹੀਂ ਹੁੰਦਾ।

ਸਾਡੇ ਸੰਸਾਰ ਦਾ ਲਿਖਤੀ ਰੂਪ ਵਿੱਚ ਕੇਵਲ ਪਿਛਲੇ ਪੰਜ ਕੁ ਹਜ਼ਾਰ ਸਾਲ ਦਾ ਇਤਿਹਾਸ ਹੀ ਮਿਲਦਾ ਹੈ। ਲਿਖਤੀ ਰੂਪ ਤੋਂ ਇਲਾਵਾ ਮੌਖਿਕ (ਪੁਸ਼ਤੋ-ਪੁਸ਼ਤੀ, ਅੱਗੇ ਤੋਂ ਅੱਗੇ ਜ਼ੁਬਾਨੀ ਰੂਪ ਵਿੱਚ ਮਿਲ ਰਿਹਾ) ਇਤਿਹਾਸ ਇਸ ਲਿਖਤੀ ਇਤਿਹਾਸ ਨਾਲੋਂ ਕਾਫ਼ੀ ਪੁਰਾਣਾ ਹੈ ਅਤੇ ਕੁੱਝ ਪੱਖਾਂ ਤੋਂ ਜ਼ਿਆਦਾ ਭਰੋਸੇਯੋਗ ਵੀ ਹੈ। ਪਰ, ਜਿਸ ਰੂਪ ਵਿੱਚ ਵੀ (ਲਿਖਤੀ ਜਾਂ ਮੌਖਿਕ) ਮਨੁੱਖੀ ਸਭਿਅਤਾ ਦੇ ਵਿਕਾਸ ਦਾ ਇਤਿਹਾਸ ਉਪਲਬਧ ਹੈ, ਉਹ ਬਹੁਤਾ ਕਰ ਕੇ ਮਨੁੱਖੀ ਲੜਾਈ-ਝਗੜਿਆਂ, ਜੰਗਾਂ-ਯੁੱਧਾਂ, ਤਰ੍ਹਾਂ-ਤਰ੍ਹਾਂ ਦੇ ਜ਼ੁਲਮਾਂ ਆਪਸੀ ਖਿੱਚੋ-ਤਾਣ, ਨਫ਼ਰਤਾਂ, ਵੈਰ-ਵਿਰੋਧ, ਵਿੱਤਕਰਿਆਂ, ਬੇ-ਇਨਸਾਫ਼ੀਆਂ, ਬੇ-ਵਿਸ਼ਵਾਸ਼ੀਆਂ, ਧੱਕੇਸ਼ਾਹੀਆਂ, ਠੱਗੀਆਂ-ਠੋਰੀਆਂ ਆਦਿ ਗ਼ੈਰ-ਮਨੁੱਖੀ ਕਾਰਵਾਈਆਂ ਨਾਲ ਹੀ ਭਰਿਆ ਪਿਆ ਹੈ। ਇਸ ਹਕੀਕਤ ਨੂੰ ਵੀ ਧਿਆਨ `ਚ ਰੱਖਿਆ ਜਾਣਾ ਜ਼ਰੂਰੀ ਹੈ ਕਿ ਇਤਿਹਾਸ ਨੂੰ 100 ਫ਼ੀ ਸਦੀ ਸਹੀ ਰੂਪ ਵਿੱਚ ਲਿਖਣਾ ਤਕਰੀਬਨ ਅਸੰਭਵ ਹੀ ਹੁੰਦਾ ਹੈ, ਕਿਉਂਕਿ ਇਤਿਹਾਸ ਲਿਖਣ ਵਾਲੇ (ਖ਼ਾਸ ਕਰ ਕੇ ਜੇਤੂ ਧਿਰਾਂ ਦੇ) ਵਿਦਵਾਨਾਂ ਦੀਆਂ ਆਪਣੀਆਂ ਮਨੌਤਾਂ (ਸਮੇਤ ਆਪਣੇ ਮੱਤ ਨੂੰ ਉੱਤਮ ਦਰਸਾਉਂਣ ਦੀ ਰੁਚੀ ਅਤੇ ਦੂਜੇ ਮੱਤਾਂ ਪ੍ਰਤੀ ਨਫ਼ਰਤ ਜਾਂ ਕੋਈ ਹੋਰ ਖ਼ੁਦਗਰਜ਼ੀ) ਉਨ੍ਹਾਂ ਦਾ ਪਰਛਾਵੇਂ ਵਾਂਗੂੰ ਪਿੱਛਾ ਕਰਦੀਆਂ ਰਹਿੰਦੀਆਂ ਹਨ ਅਤੇ, ਕਿਤੇ ਨਾ ਕਿਤੇ, ਉਨ੍ਹਾਂ ਵੱਲੋਂ ਲਿਖੇ ਜਾਂ ਮੌਖਿਕ ਰੂਪ ਵਿੱਚ ਅੱਗੇ ਪ੍ਰਚਾਰੇ ਇਤਿਹਾਸ ਨੂੰ ਆਪਣੇ ਹੀ (ਝੂਠੇ) ਰੰਗ ਵਿੱਚ ਰੰਗਾ ਕੇ ਪੇਸ਼ ਕਰਵਾ ਜਾਂਦੀਆਂ ਹਨ।

ਦੁਖਦਾਇਕ ਹੈਰਾਨੀ ਹੁੰਦੀ ਹੈ ਕਿ ਮਨੁੱਖ ਜੋ ਕਿ ਕਾਦਿਰ ਦੀ ਕੁਦਰਤਿ ਦੀ ਸਭ ਤੋਂ ਸ੍ਰੇਸ਼ਟ ਰਚਨਾ ਹੈ, ਦੂਜੀਆਂ ਜੂਨਾਂ ਦਾ ਸਿਰਦਾਰ ਹੈ, ਆਖਿਰ ਅਜਿਹੇ ਘਟੀਆ ਕਿਰਦਾਰ ਵੱਲ ਕਿਉਂ ਆਕਰਸ਼ਤ ਹੋਇਆ ਚੱਲਿਆ ਆ ਰਿਹਾ ਹੈ? ਮਨੁੱਖਾ ਜਨਮ (ਜੂਨ) ਦੀ ਸ੍ਰੇਸ਼ਟਤਾ ਅਤੇ ਦੁਰਲੱਭਤਾ ਬਾਰੇ ਮਨੁੱਖੀ ਸਮਾਜ ਦੇ ਸਰਬ-ਸਾਂਝੇ ਅਤੇ ਸਰਬ-ਸ੍ਰੇਸ਼ਟ ਫ਼ਲਸਫ਼ੇ (ਸ਼ਬਦ-ਗੁਰੂ, ਗੁਰੂ ਗ੍ਰੰਥ ਸਾਹਿਬ) ਵਿੱਚ ਬਹੁਤ ਸਾਰੇ ਫ਼ੁਰਮਾਣ ਦਰਜ਼ ਹਨ। ਉਦਾਹਰਣ ਦੇ ਤੌਰ `ਤੇ ਕੁੱਝ ਕੁ ਫ਼ੁਰਮਾਣ ਹੇਠਾਂ ਦਰਜ ਕੀਤੇ ਜਾ ਰਹੇ ਹਨ।

1. ਸਰਬ-ਸ੍ਰੇਸ਼ਟ ਮਨੁੱਖਾ ਜਨਮ: ਪ੍ਰਭੂ-ਪਿਤਾ ਨੂੰ ਮਿਲਣ ਦਾ ਇਕੋ-ਇੱਕ ਮੌਕਾ

ਅਵਰ ਜੋਨਿ ਤੇਰੀ ਪਨਿਹਾਰੀ॥ ਇਸੁ ਧਰਤੀ ਮਹਿ ਤੇਰੀ ਸਿਕਦਾਰੀ॥ ਸੁਇਨਾ ਰੂਪਾ ਤੁਝ ਪਹਿ ਦਾਮ॥ ਸੀਲੁ ਬਿਗਾਰਿਓ ਤੇਰਾ ਕਾਮ॥ 4॥

(ਮ: 5, 374)

ਪਦ-ਅਰਥ: ਪਨਿਹਾਰੀ-ਪਾਣੀ ਭਰਨ ਵਾਲੀ, ਸੇਵਕ। ਸਿਕਦਾਰੀ-ਸਰਦਾਰੀ। ਰੂਪਾ-ਚਾਂਦੀ, ਧਨ-ਦੌਲਤ। ਤੁਝ ਪਹਿ-ਤੇਰੇ ਪਾਸ। ਦਾਮ-ਧਨ-ਦੌਲਤ। ਸੀਲ-ਚੰਗਾ ਸੁਭਾਅ। ਕਾਮ-ਕਾਮ ਵਾਸ਼ਨਾ ਨੇ।

ਭਾਵ: (ਹੇ ਜੀਵ-ਇਸਤਰੀਏ!) ਹੋਰ ਸਾਰੀਆਂ ਜੂਨਾਂ ਤੇਰੀਆਂ ਸੇਵਕ ਹਨ। ਇਸ ਧਰਤੀ ਉੱਤੇ ਤੇਰੀ ਹੀ ਸਰਦਾਰੀ ਹੈ। ਤੇਰੇ ਪਾਸ ਸੋਨਾ-ਚਾਂਦੀ ਆਦਿ ਕੀਮਤੀ ਵਸਤਾਂ ਅਤੇ ਧਨ-ਪਦਾਰਥ ਹੈ (ਹੋਰ ਜੂਨਾਂ ਪਾਸ ਇਹ ਕੀਮਤੀ ਚੀਜ਼ਾਂ ਨਹੀਂ ਹਨ)। ਪਰ, ਕਾਮ-ਵਾਸ਼ਨਾਂ ਨੇ ਤੇਰਾ ਸੁਭਾਉ (ਜੋ ਸਭ ਤੋਂ ਉੱਚੀ ਸ਼੍ਰੇਣੀ ਵਾਲਿਆਂ ਨੂੰ ਫ਼ਬਦਾ ਹੈ) ਵਿਗਾੜ ਦਿੱਤਾ ਹੋਇਆ ਹੈ।

ਨੋਟ:

ਗੁਰੂ ਗ੍ਰੰਥ ਸਾਹਿਬ ਵਿੱਚ ਅਕਾਲ ਪੁਰਖੁ ਨੂੰ ‘ਪਤੀ’ (ਮਾਲਿਕ) ਅਤੇ ਜੀਵ (ਆਤਮਾ) ਨੂੰ ‘ਇਸਤਰੀ’ ਦੇ ਅਲੰਕਾਰਕ ਰੂਪ ਵਿੱਚ ਬਹੁਤ ਥਾਂਈ ਵਰਤਿਆ ਮਿਲਦਾ ਹੈ।

ਲਖ ਚਉਰਾਸੀਹ ਜੋਨਿ ਸਬਾਈ॥ ਮਾਣਸ ਕਉ ਪ੍ਰਭਿ ਦੀਈ ਵਡਿਆਈ॥ ਇਸੁ ਪਉੜੀ ਤੇ ਜੋ ਨਰੁ ਚੂਕੈ ਸੋ ਆਇ ਜਾਇ ਦੁਖੁ ਪਾਇਦਾ॥ 2॥

(ਮ: 5, 1075)

ਪਦ ਅਰਥ: ਸਬਾਈ-ਸਾਰੀ। ਮਾਣਸ ਕਉ-ਮਾਣਸ ਜੋਨਿ ਕਉ, ਮਨੁੱਖਾ ਜਨਮ ਨੂੰ। ਪ੍ਰਭਿ-ਪ੍ਰਭੂ ਨੇ। ਦੀਈ-ਦਿੱਤੀ ਹੈ। ਤੇ-ਤੋਂ। ਚੂਕੈ-ਖੁੰਝ ਜਾਂਦਾ ਹੈ। ਆਇ ਜਾਇ-ਜਨਮ ਮਰਨ ਦੇ ਗੇੜ ਵਿੱਚ ਪੈ ਕੇ।

ਭਾਵ: (ਹੇ ਭਾਈ!) ਸਾਰੀਆਂ ਚੌਰਾਸੀ ਲੱਖ (ਯਾਨੀ ਕਿ, ਬੇ-ਗਿਣਤ) ਜੂਨਾਂ ਵਿੱਚੋਂ ਪ੍ਰਭੂ-ਪਿਤਾ ਨੇ ਮਨੁੱਖਾ ਜਨਮ ਨੂੰ ਸਰਦਾਰੀ ਤੇ ਵਡਿਆਈ (ਸ੍ਰੇਸ਼ਟਤਾ) ਦਿੱਤੀ ਹੈ। ਪਰ, ਜਿਹੜਾ ਮਨੁੱਖ ਇਸ ਪੌੜੀ ਤੋਂ ਖੁੰਝ ਜਾਂਦਾ ਹੈ {ਭਾਵ, ਮਨੁੱਖਾ ਜੂਨ ਪ੍ਰਾਪਤ ਕਰ ਕੇ ਵੀ ਮਨੁੱਖਾ ਜਨਮ ਦੇ ਕਰਤਬ (ਇਨਸਾਨੀਅਤ) ਨੂੰ ਨਹੀਂ ਪ੍ਰਾਪਤ ਕਰਦਾ}। ਉਹ ਜਨਮ-ਮਰਨ ਦੇ ਗੇੜ ਵੱਚ ਪੈ ਕੇ ਦੁੱਖ ਭੋਗਦਾ ਰਹਿੰਦਾ ਹੈ। ਦੇਖੋ ਹੇਠ ਦਿੱਤੇ ਗੁਰ-ਫ਼ੁਰਮਾਣ -

ਕਈ ਜਨਮ ਭਏ ਕੀਟ ਪਤੰਗਾ॥ ਕਈ ਜਨਮ ਗਜ ਮੀਨ ਕੁਰੰਗਾ॥ ਕਈ ਜਨਮ ਪੰਖੀ ਸਰਪ ਹੋਇਓ॥ ਕਈ ਜਨਮ ਹੈਵਰ ਬ੍ਰਿਖ ਜੋਇਓ॥ 1॥ ਮਿਲੁ ਜਗਦੀਸ ਮਿਲਨ ਕੀ ਬਰੀਆ॥ ਚਿਰੰਕਾਲ ਇਹ ਦੇਹ ਸੰਜਰੀਆ॥ 1॥ ਰਹਾਉ॥ (ਮ: 5, 176)

ਪਦ ਅਰਥ: ਕੀਟ-ਕੀੜੇ। ਗਜ-ਹਾਥੀ। ਮੀਨ-ਮੱਛੀ। ਕੁਰੰਗ-ਹਿਰਨ। ਪੰਖੀ-ਪੰਛੀ। ਸਰਪ-ਸੱਪ। ਹੈਵਰ-ਵਧੀਆ ਘੋੜੇ। ਬ੍ਰਿਖ-ਬਲਦ। ਜੋਇਓ-ਜੋਇਆ ਗਿਆ, ਜੋਤਿਆ ਗਿਆ। 1. ਜਗਦੀਸ-ਜਗਤ ਦਾ ਮਾਲਿਕ ਪ੍ਰਭੂ। ਬਰੀਆ-ਵਾਰੀ, ਸਮਾਂ। ਦੇਹ-ਸਰੀਰ। ਸੰਜਰੀਆ-ਮਿਲੀ ਹੈ। 1. ਰਹਾਉ।

ਭਾਵ: (ਹੇ ਭਾਈ!) ਬਹੁਤ ਚਿਰ ਪਿੱਛੋਂ ਤੈਨੂੰ ਇਹ (ਮਨੁੱਖਾ) ਸਰੀਰ ਮਿਲਿਆ ਹੈ, ਜਗਤ ਦੇ ਮਾਲਿਕ ਪ੍ਰਭੂ-ਪਿਤਾ ਨੂੰ (ਹੁਣ) ਮਿਲ (ਇਹੀ ਮਨੁੱਖਾ ਜਨਮ ਪ੍ਰਭੂ ਨੂੰ) ਮਿਲਣ ਦਾ ਸਮਾਂ ਹੈ। 1. ਰਹਾਉ।

(ਹੇ ਭਾਈ!) ਤੂੰ ਕਈ ਜਨਮਾਂ ਵਿੱਚ ਕੀੜੇ-ਪਤੰਗੇ ਬਣਦਾ ਰਿਹਾ ਹੈਂ ਅਤੇ ਕਈ ਜਨਮਾਂ ਵਿੱਚ ਹਾਥੀ ਮੱਛ ਹਿਰਨ ਬਣਦਾ ਰਿਹਾ ਹੈਂ। ਕਈ ਜਨਮਾਂ ਵਿੱਚ ਤੂੰ ਪੰਛੀ ਤੇ ਸੱਪ ਬਣਿਆ, ਕਈ ਜਨਮਾਂ ਵਿੱਚ ਤੂੰ ਘੋੜੇ ਤੇ ਬਲਦ ਬਣ ਕੇ ਜੋਇਆ ਗਿਆ। 1.

ਕਈ ਜਨਮ ਸੈਲ ਗਿਰਿ ਕਰਿਆ॥ ਕਈ ਜਨਮ ਗਰਭ ਹਿਰਿ ਖਰਿਆ॥ ਕਈ ਜਨਮ ਸਾਖ ਕਰਿ ਉਪਾਇਆ॥ ਲਖ ਚਉਰਾਸੀਹ ਜੋਨਿ ਭ੍ਰਮਾਇਆ॥ 2॥ ਸਾਧਿਸੰਗਿ ਭਇਓ ਜਨਮੁ ਪਰਾਪਤਿ॥ ਕਰਿ ਸੇਵਾ ਭਜੁ ਹਰਿ ਹਰਿ ਗੁਰਮਤਿ॥

ਤਿਆਗਿ ਮਾਨੁ ਝੂਠੁ ਅਭਿਮਾਨੁ॥ ਜੀਵਤ ਮਰਹਿ ਦਰਗਹ ਪਰਵਾਨੁ॥ 3॥ ਜੋ ਕਿਛੁ ਹੋਆ ਸੁ ਤੁਝ ਤੇ ਹੋਗੁ॥ ਅਵਰੁ ਨ ਦੂਜਾ ਕਰਣੈ ਜੋਗੁ।

ਤਾ ਮਿਲੀਐ ਜਾ ਲੈਹਿ ਮਿਲਾਇ॥ ਕਹੁ ਨਾਨਕ ਹਰਿ ਹਰਿ ਗੁਣ ਗਾਇ॥ 4॥

(ਮ: 5, 176)

ਪਦ ਅਰਥ: ਸੈਲ-ਪੱਥਰ। ਗਿਰਿ-ਪਹਾੜ। ਹਿਰਿ ਖਰਿਆ-ਛਣ ਗਏ, ਡਿੱਗ ਪਏ। ਸਾਖ-ਸ਼ਾਖਾਂ, ਬਨਸਪਤੀ। ਕਰਿ-ਬਣਾ ਕੇ। 2.

ਸੰਗਿ-ਸੰਗਤਿ ਵਿੱਚ (ਆ)। ਭਜੁ-ਭਜਨ ਕਰ। ਮਰਹਿ-ਜੇ ਤੂੰ (ਆਪਾ-ਭਾਵ ਵੱਲੋਂ, ਮੈਂ-ਮੇਰੀ ਵੱਲੋਂ) ਮਰੇਂ। 3.

ਤੁਝ ਤੇ-ਤੇਰੇ ਪਾਸੋਂ (ਹੇ ਪ੍ਰਭੂ!)। ਹੋਗੁ-ਹੋਵੇਗਾ। ਕਰਣੈ ਜੋਗੁ-ਕਰਨ ਦੀ ਸਮਰੱਥਾ ਵਾਲਾ। 4.

ਭਾਵ: (ਹੇ ਭਾਈ!) ਕਈ ਜਨਮਾਂ ਵਿੱਚ ਤੈਨੂੰ ਪੱਥਰ ਚਿਟਾਨਾਂ ਬਣਾਇਆ ਗਿਆ, ਕਈ ਜਨਮਾਂ ਵਿੱਚ (ਤੇਰੀ ਮਾਂ ਦਾ) ਗਰਭ ਹੀ ਛਣਦਾ ਰਿਹਾ। ਕਈ ਜਨਮਾਂ ਵਿੱਚ ਤੈਨੂੰ (ਕਿਸਮ-ਕਿਸਮ ਦਾ) ਰੁੱਖ ਬਣਾ ਕੇ ਪੈਦਾ ਕੀਤਾ ਗਿਆ, ਤੇ (ਇਸ ਤਰ੍ਹਾਂ) ਚੌਰਾਸੀ ਲੱਖ (ਭਾਵ ਅਣਗਿਣਤ) ਜੂਨਾਂ ਵਿੱਚ ਤੈਨੂੰ ਭਵਾਇਆ ਗਿਆ। 2.

(ਹੇ ਭਾਈ! ਹੁਣ ਤੈਨੂੰ) ਦੁਰਲੱਭ ਮਨੁੱਖਾ ਜਨਮ ਮਿਲਿਆ ਹੈ, ਸਾਧ ਸੰਗਤਿ ਵਿੱਚ (ਆ), ਗੁਰੂ ਦੀ ਮਤਿ ਲੈ ਕੇ (ਖਲਕਤ ਦੀ) ਸੇਵਾ ਕਰ ਤੇ ਪਰਮਾਤਮਾ ਦਾ ਭਜਨ ਕਰ। ਮਾਣ, ਝੂਠ ਤੇ ਅਹੰਕਾਰ ਛੱਡ ਦੇ। ਤੂੰ (ਪਰਮਾਤਮਾ ਦੀ) ਦਰਗਾਹ ਵਿੱਚ (ਤਦੋਂ ਹੀ) ਕਬੂਲ ਹੋਵੇਂਗਾ ਜੇ ਤੂੰ ਇਹ ਜੀਵਨ ਜੀਊਂਦਾ ਹੀ ਆਪਾ-ਭਾਵ (ਹਉਮੈ) ਵੱਲੋਂ ਮਰੇਂਗਾ। 3.

ਹੇ ਨਾਨਕ! (ਪ੍ਰਭੂ ਅੱਗੇ ਅਰਦਾਸ ਕਰ ਤੇ) ਆਖ - (ਹੇ ਪ੍ਰਭੂ!) ਤੇਰਾ ਸਿਮਰਨ ਕਰਨ ਦੀ ਜੀਵ ਨੂੰ ਕੀਹ ਸਮਰੱਥਾ ਹੋ ਸਕਦੀ ਹੈ? ਜੋ ਕੁੱਝ (ਜਗਤ ਵਿੱਚ) ਹੁੰਦਾ ਹੈ ਉਹ ਤੇਰੇ (ਹੁਕਮ) ਤੋਂ ਹੀ ਹੁੰਦਾ ਹੈ। (ਤੈਥੋਂ ਬਿਨਾ ਹੋਰ ਕੋਈ ਭੀ ਕੁੱਝ ਕਰਨ ਦੀ ਸਮਰੱਥਾ ਵਾਲਾ ਨਹੀਂ ਹੈ। ਹੇ ਪ੍ਰਭੂ! ਤੈਨੂੰ ਤਦੋਂ ਹੀ ਮਿਲਿਆ ਜਾ ਸਕਦਾ ਹੈ ਜੇ ਤੂੰ ਆਪ ਜੀਵ ਨੂੰ (ਆਪਣੇ ਚਰਨਾਂ ਵਿੱਚ) ਮਿਲਾ ਲਵੇਂ, ਤਦੋਂ ਹੀ ਜੀਵ ਹਰਿ-ਗੁਣ (ਸਿਫ਼ਤਿ-ਸਾਲਾਹ) ਗਾ ਸਕਦਾ ਹੈ। 4.

ਭਈ ਪਰਾਪਤਿ ਮਾਨੁਖ ਦੇਹੁਰੀਆ॥ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ॥

(ਮ: 5, 12)

ਪਦ ਅਰਥ: ਭਈ ਪਰਾਪਤਿ-ਮਿਲੀ ਹੈ। ਦੇਹੁਰੀਆ-ਸੋਹਣਾ ਸਰੀਰ। ਬਰੀਆ-ਵਾਰੀ, ਮੌਕਾ, ਸਮਾਂ।

ਭਾਵ: (ਹੇ ਭਾਈ!) ਤੈਨੂੰ ਸੋਹਣਾ ਮਨੁੱਖਾ ਸਰੀਰ ਮਿਲਿਆ ਹੈ। ਪਰਮਾਤਮਾ ਨੂੰ ਮਿਲਣ ਦਾ ਤੇਰੇ ਲਈ ਇਹੀ ਇੱਕੋ-ਇੱਕ ਮੌਕਾ ਹੈ।

ਸਰੰਜਾਮਿ ਲਾਗੁ ਭਵਜਲ ਤਰਨ ਕੈ॥ ਜਨਮੁ ਬ੍ਰਿਥਾ ਜਾਤ ਰੰਗਿ ਮਾਇਆ ਕੈ॥ 1॥ ਰਹਾਉ॥ (ਮ: 5, 12)

ਪਦ ਅਰਥ: ਸਰੰਜਾਮਿ-ਇੰਤਜ਼ਾਮ ਵਿੱਚ। ਭਵਜਲ-ਸੰਸਾਰ-ਸਮੁੰਦਰ। ਤਰਨ ਕੈ-ਪਾਰ ਲੰਘਣ ਲਈ। ਜਾਤ-ਬੀਤਦਾ ਜਾ ਰਿਹਾ ਹੈ। ਰੰਗਿ-ਪਿਆਰ ਵਿੱਚ।

ਭਾਵ: (ਹੇ ਭਾਈ!) ਸੰਸਾਰ ਸਮੁੰਦਰ ਤੋਂ ਪਾਰ ਲੰਘਣ ਦੇ (ਭੀ) ਆਹਰੇ ਲੱਗ। (ਨਿਰੇ) ਮਾਇਕ ਪਦਾਰਥਾਂ ਦੇ ਪਿਆਰ ਵਿੱਚ ਤੇਰਾ ਦੁਰਲੱਭ ਮਨੁੱਖਾ ਜਨਮ ਬਿਅਰਥ ਬੀਤਦਾ ਜਾ ਰਿਹਾ ਹੈ।

2. ਦੁਰਲੱਭ ਮਨੁੱਖਾ ਜਨਮ

ਇਸ ਪਰਥਾਇ ਸ਼ਬਦ-ਗੁਰੂ (ਗੁਰੂ ਗ੍ਰੰਥ ਸਾਹਿਬ) ਦਾ ਫ਼ੁਰਮਾਣੁ ਹੈ -

ਲਖ ਚਉਰਾਸੀਹ ਭ੍ਰਮਤਿਆ ਦੁਲਭ ਜਨਮੁ ਪਾਇਓਇ॥ ਨਾਨਕ ਨਾਮੁ ਸਮਾਲਿ ਤੂੰ ਸੋ ਦਿਨੁ ਨੇੜਾ ਆਇਓਇ॥ 4॥ (ਮ: 5, 50)

ਪਦ ਅਰਥ: ਭ੍ਰਮਤਿਆਂ-ਭਟਕਦਿਆਂ, ਭੌਂਦਿਆਂ। ਦੁਲਭ-ਬੜੀ ਮੁਸ਼ਕਲ ਨਾਲ ਮਿਲਿਆ ਹੋਇਆ।

ਭਾਵ: (ਹੇ ਭਾਈ!) ਚੌਰਾਸੀ ਲੱਖ (ਅਣਗਿਣਤ) ਜੂਨਾਂ ਵਿੱਚ ਭੌਂ-ਭੌਂ ਕੇ ਤੂੰ ਹੁਣ ਇਹ ਮਨੁੱਖਾ ਜਨਮ ਬੜੀ ਮੁਸ਼ਕਿਲ ਨਾਲ ਲੱਭਾ ਹੈ।

ਹੇ ਨਾਨਕ! (ਪਰਮਾਤਮਾ ਦਾ) ਨਾਮ ਹਿਰਦੇ ਵਿੱਚ ਵਸਾ (ਮਾਲਿਕ-ਪ੍ਰਭੂ ਨੂੰ ਸਦਾ ਆਪਣੇ ਅੰਗ-ਸੰਗ ਵਸਦਾ ਮਹਿਸੂਸ ਕਰ), ਉਹ ਦਿਨ ਨੇੜੇ ਆ ਰਿਹਾ ਹੈ (ਜਦੋਂ ਤੂੰ ਇਥੋਂ ਕੂਚ ਕਰ ਜਾਣਾ ਹੈ)।

ਸਾਧੋ ਗੋਬਿੰਦ ਕੇ ਗੁਨ ਗਾਵਉ॥ ਮਾਨਸ ਜਨਮੁ ਅਮੋਲਕੁ ਪਾਇਓ ਬਿਰਥਾ ਕਾਹਿ ਗਵਾਵਉ॥ 1॥ ਰਹਾਉ॥ (ਮ: 9, 219)

ਪਦ ਅਰਥ: ਗਾਵਉ-ਗਾਵਹੁ, ਤੁਸੀਂ ਗਾਵੋ। ਅਮੋਲਕੁ-ਜੋ ਕਿਸੇ ਵੀ ਮੁੱਲ ਨਾਲ ਨਾ ਮਿਲੇ। ਪਾਇਓ-ਪਾਇਆ ਹੈ, ਲੱਭਾ ਹੈ। ਕਾਹਿ-ਕਿਉਂ? ਗਵਾਵਉ-ਗਵਾਵਹੁ, ਗਵਾਂਦੇ ਹੋ।

ਭਾਵ: ਹੇ ਸੰਤ ਜਨੋਂ! (ਜਗਿਆਸੂ ਸਤਿ ਸੰਗੀਓ!) ਸਦਾ ਪ੍ਰਭੂ-ਪਿਤਾ ਦੇ ਗੁਣ ਗਾਉਂਦੇ ਰਿਹਾ ਕਰੋ। ਇਹ ਬੜਾ ਹੀ ਕੀਮਤੀ ਮਨੁੱਖਾ ਜਨਮ ਮਿਲਿਆ ਹੈ, ਇਸ ਨੂੰ ਅਜਾਈਂ ਕਿਉਂ ਗਵਾਂਦੇ ਹੋ? 1. ਰਹਾਉ।

ਇਸ ਪੁਸਤਕ ਵਿੱਚ ਸਾਰੇ ਹਵਾਲੇ ਗੁਰੂ ਗ੍ਰੰਥ ਸਾਹਿਬ ਵਿੱਚੋਂ ਹੀ ਕਿਉਂ?

ਇਥੇ ਇਹ ਗੱਲ ਵੀ ਸਪੱਸ਼ਟ ਕਰਨ ਦੀ ਲੋੜ ਹੈ ਕਿ ਹਥਲੀ ਪੁਸਤਕ ਵਿੱਚ ਸਾਰੇ ਹਵਾਲੇ ਗੁਰੂ ਗ੍ਰੰਥ ਸਾਹਿਬ ਦੇ ਫ਼ਲਸਫ਼ੇ ਵਿੱਚੋਂ ਹੀ ਦਿੱਤੇ ਜਾ ਰਹੇ ਹਨ ਕਿਉਂਕਿ ਇਸ ਪੁਸਤਕ ਦਾ ਵਿਸ਼ਾ ਹੀ ‘ਗੁਰੂ ਗ੍ਰੰਥ ਸਾਹਿਬ ਤੇ ਵਿਸ਼ਵ-ਸ਼ਾਂਤੀ’ ਹੈ। ਸੰਸਾਰ ਵਿੱਚ ਇਸ ਵਕਤ ਹੋਰ ਵੀ ਮੁਕੱਦਸ ਧਰਮ ਗ੍ਰੰਥ ਮੌਜ਼ੂਦ ਹਨ, ਅਲੱਗ-ਅਲੱਗ ਮਜ਼੍ਹਬਾਂ ਦੇ। ਸੁਭਾਵਿਕ ਹੀ ਸਵਾਲ ਪੈਦਾ ਹੋ ਸਕਦਾ ਹੈ ਕਿ ਉਨ੍ਹਾਂ ਵਿੱਚੋਂ ਇਸ ਵਿਸ਼ੇ ਨਾਲ ਸਬੰਧਤ ਹਵਾਲੇ ਕਿਉਂ ਨਹੀਂ ਦਿੱਤੇ ਜਾ ਰਹੇ? ਲੇਖਕ ਵੱਲੋਂ ਅਜਿਹੇ ਸਵਾਲ ਕਰਨ ਵਾਲੇ ਵੀਰਾਂ/ਭੈਣਾਂ ਦੇ ਚਰਨਾਂ ਵਿੱਚ ਨਿਮਰਤਾ ਸਹਿਤ ਬੇਨਤੀ ਹੈ ਕਿ ਮੈਂ ਪਿਛਲੇ ਤਕਰੀਬਨ 35 ਕੁ ਸਾਲਾਂ ਤੋਂ, ਸਹਿਜੇ-ਸਹਿਜੇ, (ਗੁਰੂ ਦੀ ਕ੍ਰਿਪਾ ਨਾਲ) ਗੁਰੂ ਗ੍ਰੰਥ ਸਾਹਿਬ ਦੇ ਫ਼ਲਸਫ਼ੇ ਨੂੰ ਹੀ ਸਮਝਣ ਦਾ ਯਤਨ ਕਰਦਾ ਆ ਰਿਹਾ ਹਾਂ, ਬਾਕੀ ਮਜ਼੍ਹਬਾਂ (ਮੱਤਾਂ) ਦੇ ਫ਼ਲਸਫ਼ਿਆਂ ਬਾਰੇ ਮੇਰੀ ਜਾਣਕਾਰੀ ਬਹੁਤ ਹੀ ਸੀਮਤ ਹੈ। ਯਾਨੀ ਕਿ, ਕੁੱਝ ਕੁ ਵਿਦਵਾਨਾਂ ਦੀਆਂ ਲਿਖਤਾਂ, ਮੀਡੀਆ ਰਾਹੀਂ ਪ੍ਰਾਪਤ ਹੋ ਰਹੀ ਜਾਣਕਾਰੀ ਅਤੇ ਗੁਰੂ ਗ੍ਰੰਥ ਸਾਹਿਬ ਦੇ ਫ਼ਲਸਫ਼ੇ ਦੀ ਕੁੱਝ ਕੁ ਸੋਝੀ ਤੱਕ ਹੀ ਸੀਮਤ ਹੈ। ਦੂਜਾ ਕਾਰਨ ਇਹ ਹੈ ਕਿ ਕੇਵਲ ਅਤੇ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਹੀ ਸਮੁੱਚੀ ਮਨੁੱਖਤਾ ਦਾ ਗੁਰੂ ਹੋਣ ਦਾ ਮਾਣ ਪ੍ਰਾਪਤ ਹੈ। ਹੋਰ ਕਿਸੇ ਵੀ ਧਰਮ-ਗ੍ਰੰਥ ਨਾਲ ‘ਗੁਰੂ’ ਪਦ (ਸ਼ਬਦ) ਨਹੀਂ ਲੱਗਿਆ ਹੋਇਆ। ਤੀਜਾ ਕਾਰਨ ਇਹ ਹੈ ਕਿ ਸੰਸਾਰ ਕੋਲ ਕੇਵਲ ਅਤੇ ਕੇਵਲ ਗੁਰੂ ਗ੍ਰੰਥ ਸਾਹਿਬ ਹੀ ਅਜਿਹਾ ਧਾਰਮਿਕ ਗ੍ਰੰਥ ਹੈ ਜਿਸ ਦੀ ਸੰਪਾਦਨਾ ਗੁਰੂ ਅਰਜੁਨ ਸਾਹਿਬ, ਗੁਰੂ ਤੇਗ਼ ਬਹਾਦਰ ਸਾਹਿਬ ਅਤੇ ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਨਿੱਜੀ ਦੇਖ-ਰੇਖ ਹੇਠ ਕਰਵਾਈ; ਬਾਕੀ ਦੇ ਧਰਮ-ਗ੍ਰੰਥ ਉਨ੍ਹਾਂ ਦੇ ਉਚਾਰਨ ਵਾਲੇ ਮਹਾਂ ਪੁਰਖਾਂ ਦੇ ਪਇਆਣੇ ਤੋਂ ਸੈਂਕੜੇ ਸਾਲ ਪਿੱਛੋਂ ਲਿਖੇ ਗਏ ਸਨ ਜਿਨ੍ਹਾਂ ਵਿੱਚ ਤਰੁੱਟੀਆਂ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਸ ਪੱਖ ਤੋਂ ਵੀ, ਅੱਗੇ ਜਾ ਕੇ, ਵੀਚਾਰ ਕਰਨ ਦਾ ਯਤਨ ਕੀਤਾ ਜਾਵੇਗਾ। ਕੇਵਲ ਅਤੇ ਕੇਵਲ ਗੁਰੂ ਗ੍ਰੰਥ ਸਾਹਿਬ ਹੀ ਮਨੁੱਖੀ-ਬਰਾਬਰਤਾ ਦੇ ਆਧਾਰ `ਤੇ ‘ਏਕ ਪਿਤਾ ਏਕਸ ਕੇ ਹਮ ਬਾਰਿਕ’ ਦੀ ਗੱਲ ਕਰਦੇ ਹਨ ਅਤੇ ਇਹੋ ਹੀ ਇੱਕੋ-ਇਕ ਅਜਿਹਾ ਇਲਾਹੀ ਫ਼ਲਸਫ਼ਾ ਹੈ ਜਿਹੜਾ ਸਮੁੱਚੀ ਮਨੁੱਖਤਾ ਨੂੰ ਇੱਕਸਾਰ ਸੰਬੋਧਤ ਹੈ (ਅਤੇ ਕਿਸੇ ਨਾਲ ਕਿਸੇ ਪੱਖੋਂ ਵੀ ਵਿਤਕਰਾ ਨਹੀਂ ਕਰਦਾ) ਅਤੇ ਕਿਸੇ ਦੇਸ਼, ਕਿਸੇ ਕੌਮ ਜਾਂ ਨਸਲ ਲਈ ਰਾਖਵਾਂ ਨਹੀਂ ਹੈ ਇਹ ਇਲਾਹੀ ਫ਼ਲਸਫ਼ਾ। ਕੇਵਲ ਤੇ ਕੇਵਲ ਇਹੀ ਫ਼ਲਸਫ਼ਾ ਹੈ ਜਿਸ ਦੇ ਸਿਧਾਂਤਾਂ ਦੀ, ਹੁਣ ਤੱਕ ਹੋ ਚੁੱਕੀ ਵਿਗਿਆਨਕ ਖ਼ੋਜ, ਪ੍ਰੋੜਤਾ ਹੀ ਕਰਦੀ ਆ ਰਹੀ ਹੈ ਅਤੇ ਅੱਗੋਂ ਨੂੰ ਵੀ ਕਰਦੀ ਰਹੇਗੀ ਕਿਉਂਕਿ ਇਹ ਫ਼ਲਸਫ਼ਾ ਨਿਰੰਕਾਰ-ਸਰੂਪ ਗੁਰਬਾਣੀ (ਸ਼ਬਦ-ਗੁਰੂ) `ਤੇ ਆਧਾਰਤ ਹੈ ਜਿਸ ਵਿੱਚ 35 ਬਖਸ਼ੀਆਂ ਹੋਈਆਂ ਰੂਹਾਂ (ਜਿਨ੍ਹਾਂ ਵਿੱਚ 6 ਗੁਰੂ ਸਾਹਿਬਾਨ ਤੋਂ ਇਲਾਵਾ 15 ਸਤਿਕਾਰਤ ਭਗਤਾਂ, 11 ਵਿਦਵਾਨ ਤੇ ਮਰਜੀਵੜੇ ਭੱਟਾਂ ਅਤੇ 3 ਸਿੱਖਾਂ) ਵੱਲੋਂ ਉਚਾਰਨ ਹੋਇਆ ਰੱਬੀ ਕਲਾਮ (ਬਿਨਾਂ ਕਿਸੇ ਵਿਤਕਰੇ ਤੋਂ) ਦਰਜ ਹੈ। ਇਨ੍ਹਾਂ ਮਹਾਨ ਕਰਾਂਤੀਕਾਰੀ ਰੂਹਾਂ ਵਿੱਚ, ਇਸਲਾਮ ਮੱਤ ਵਿੱਚ ਪੈਦਾ ਹੋਏ ਬਾਬਾ ਸ਼ੇਖ਼ ਫ਼ਰੀਦ ਜੀ, ਬ੍ਰਾਹਮਣ ਪਰਿਵਾਰਾਂ ਵਿੱਚ ਪੈਦਾ ਹੋਏ ਭਗਤ ਰਾਮਾਨੰਦ ਜੀ, ਭਗਤ ਜੈਦੇਵ ਜੀ, ਭਗਤ ਤ੍ਰਿਲੋਚਨ ਜੀ, ਸਤਿਕਾਰਤ ਵਿਦਵਾਨ ਭੱਟ ਅਤੇ ਅਖੌਤੀ ਨੀਵੀਂਆਂ ਜਾਤਾਂ ਵਿੱਚ ਜਨਮੇਂ ਅਤੀ ਸਤਿਕਾਰਤ ਭਗਤ {ਰਵਿਦਾਸ ਜੀ, ਨਾਮਦੇਵ ਜੀ, ਸੈਣ ਜੀ, ਕਬੀਰ ਜੀ, ਸਧਨਾਂ ਜੀ (ਕਸਾਈ) ਆਦਿ ਰਾਹੀਂ (ਪਰਮਾਤਮਾ ਨਾਲ ਇੱਕ-ਸੁਰ ਹੋਏ ਆਤਮਿਕ ਮੰਡਲਾਂ ਰਾਹੀਂ) ਪਰਗਟ ਹੋਇਆ ਰੱਬੀ-ਕਲਾਮ ਦਰਜ ਹੈ}। ਗੁਰੂ ਗ੍ਰੰਥ ਸਾਹਿਬ ਜੀ ਦੀ ਸਰਬੋਤਮਤਾ ਬਾਰੇ ਹੋਰ ਵਿਚਾਰ ਇਸ ਪੁਸਤਕ ਵਿੱਚ ਅੱਗੇ ਜਾ ਕੇ ਦਰਜ ਕੀਤੇ ਜਾਣਗੇ। ਪਰ, ਜੇਕਰ ਕੋਈ ਵੀਰ/ਭੈਣ ਇਸ ਪੁਸਤਕ ਦੇ ਵਿਸ਼ੇ ਬਾਰੇ ਕਿਸੇ ਹੋਰ ਧਾਰਮਿਕ ਗ੍ਰੰਥ ਵਿੱਚੋਂ ਢੁਕਵੇਂ ਹਵਾਲੇ (ਵਿਸ਼ਵ-ਸ਼ਾਂਤੀ ਲਈ) ਲਿਖ ਭੇਜੇਗਾ ਤਾਂ ਉਨ੍ਹਾਂ ਦਾ ਵੀ ਸਤਿਕਾਰ ਸਹਿਤ, ਆਉਣ ਵਾਲੀਆਂ ਅਗਲੀਆਂ ਲਿਖਤਾਂ ਵਿੱਚ ਜ਼ਿਕਰ ਕੀਤਾ ਜਾਵੇਗਾ।

ਮਨੁੱਖ ਸਿਰਫ਼ ਅਸ਼ਾਂਤ ਹੀ ਨਹੀਂ ਬਲਕਿ ਮਾਲਿਕ-ਪ੍ਰਭੂ ਦੀ ਕੁਦਰਤਿ ਦੇ ਅਟੱਲ ਵਾਤਾਵਰਣਕ ਨਿਯਮਾਂ ਨਾਲ ਬੇ-ਲੋੜੀ ਤੇ ਖ਼ਤਰਨਾਕ ਛੇੜ-ਛਾੜ ਵੀ ਕਰਦਾ ਆ ਰਿਹਾ ਹੈ ਜਿਸ ਦੇ ਫ਼ਲ-ਸਰੂਪ ਦੂਜੀਆਂ ਅਨੇਕਾਂ ਜੂਨਾਂ ਅਲੋਪ ਹੋ ਚੁੱਕੀਆਂ ਹਨ ਅਤੇ ਹੋਰ ਵੀ ਬਹੁਤ ਸਾਰੀਆਂ ਜੂਨਾਂ ਅਲੋਪ ਹੋ ਜਾਣ ਦੇ ਕਿਨਾਰੇ `ਤੇ ਪਹੁੰਚ ਚੁੱਕੀਆਂ ਹਨ ਜਾਂ ਅਲੋਪ ਹੋਣ ਦੇ ਕਿਨਾਰੇ ਤੱਕ ਜਾ ਅੱਪੜੀਆਂ ਹਨ। ਮਨੁੱਖ ਦੇ ਅਜਿਹੇ ਗ਼ੈਰ-ਮਨੁੱਖੀ ਵਰਤਾਰੇ ਵੱਲ ਨਜ਼ਰ ਮਾਰੀਏ ਤਾਂ ਦਿਲੋਂ ਦਰਦ-ਭਰੀ ਹੂਕ ਨਿਕਲਦੀ ਹੈ ਕਿ ਅਜਿਹਾ ਦੁਖਦਾਈ ਭਾਣਾ ਕਿਉਂ ਵਰਤਦਾ ਆ ਰਿਹਾ ਹੈ? ਅਨੇਕਾਂ ਬੇ-ਸਮਝ ਜਾਂ ਘੱਟ ਸੂਝ-ਬੂਝ ਰੱਖਣ ਵਾਲੀਆਂ ਜੂਨਾਂ ਤਾਂ ਕੁਦਰਤੀ ਵਾਤਾਵਰਣ ਨਾਲ ਕੋਈ ਹਾਨੀਕਾਰਕ ਛੇੜ-ਛਾੜ ਨਹੀਂ ਕਰਦੀਆਂ ਨਜ਼ਰ ਆ ਰਹੀਆਂ ਸਗੋਂ ਇਸ ਵਾਤਾਵਰਣ ਦੇ ਸੰਤੁਲਨ ਨੂੰ ਬਣਾਈ ਰੱਖਣ ਵਿੱਚ ਸੁਤੇ-ਸਿੱਧ ਹੀ ਹਾਂ-ਪੱਖੀ ਯੋਗਦਾਨ ਪਾਉਂਦੀਆਂ ਦਿਸ ਰਹੀਆਂ ਹਨ। ਉਨ੍ਹਾਂ ਵਿੱਚ, ਆਮਤੌਰ `ਤੇ, ਕਲੇਸ਼ ਵੀ ਨਹੀਂ ਹੁੰਦੇ। ਵਿਸ਼ਵ-ਸ਼ਾਂਤੀ ਨੂੰ ਵਿਗਾੜਨ ਵਿੱਚ ਵੀ ਇਹ ਜੂਨਾਂ ਕੋਈ ਮਾੜਾ ਰੋਲ ਨਹੀਂ ਨਿਭਾ ਰਹੀਆਂ। ਫਿਰ ਮਨੁੱਖ ਹੀ ਕਿਉਂ ਵਿਸ਼ਵ-ਸ਼ਾਂਤੀ ਅਤੇ ਵਿਸ਼ਵ-ਵਿਆਪਕ ਅਤੇ ਅਤਿ ਜ਼ਰੂਰੀ ਤੇ ਸੁਖਦਾਇਕ ਕੁਦਰਤੀ ਵਾਤਾਵਰਣ ਲਈ ਖ਼ਤਰਾ ਬਣਿਆ ਹੋਇਆ ਹੈ?

ਕੁੱਝ ਕੁ ਚੰਗੇ ਭਾਗਾਂ ਵਾਲੇ ਟਾਵੇਂ-ਟਾਵੇਂ ਪਰਿਵਾਰਾਂ ਨੂੰ ਛੱਡ ਕੇ, ਤਕਰੀਬਨ ਹਰ ਪਰਿਵਾਰ ਅੰਦਰ ਹੀ ਕਲਾਹ-ਕਲੇਸ਼, ਲੜਾਈ-ਝਗੜੇ, ਵੈਰ-ਵਿਰੋਧ, ਈਰਖਾ, ਛਲ-ਕਪਟ, ਝੂਠ, ਠੱਗੀ-ਠੋਰੀ, ਵਿਤਕਰੇ ਤੇ ਬੇ-ਇਨਸਾਫ਼ੀ, ਥੋੜੀ ਜਾਂ ਬਹੁਤੀ ਮਾਤਰਾ ਵਿੱਚ, ਵੇਖਣ ਨੂੰ ਮਿਲ ਜਾਂਦੀ ਹੈ। ਇੱਕ ਪਰਿਵਾਰ ਮਨੁੱਖੀ ਸਮਾਜ ਦੀ ਸਭ ਤੋਂ ਛੋਟੀ ਇਕਾਈ ਮੰਨੀ ਜਾ ਸਕਦੀ ਹੈ। ਜੇਕਰ ਪਰਿਵਾਰ ਤੋਂ ਬਾਹਰ ਪਰਿਵਾਰਕ ਰਿਸ਼ਤੇਦਾਰੀਆਂ ਅਤੇ ਸਥਾਨਕ ਭਾਈਚਾਰਕ ਸਾਂਝਾਂ ਵੱਲ ਨਿਗਾਹ ਮਾਰੀਏ ਤਾਂ ਵੀ ਮਨੁੱਖੀ ਭਾਈਚਾਰੇ ਦੀ ਕੋਈ ਚੰਗੀ ਤਸਵੀਰ ਸਾਹਮਣੇ ਨਹੀਂ ਆਉਂਦੀ। ਉਸ ਤੋਂ ਵੀ ਅੱਗੇ, ਸਮਾਜਿਕ ਵਰਗਾਂ ਅੰਦਰ, ਕਬੀਲਿਆਂ ਅੰਦਰ, ਦੇਸ਼ਾਂ ਅੰਦਰ ਅਤੇ ਅੰਤਰ-ਰਾਸ਼ਟਰੀ ਪੱਧਰ `ਤੇ ਵੀ, ਅਕਸਰ, ਆਦਰਸ਼ਕ ਭਾਈਚਾਰਕ ਸਾਂਝਾਂ ਦੀ ਰੜਕਵੀਂ ਅਣਹੋਂਦ ਦੇ ਹੀ ਦਰਸ਼ਨ ਹੁੰਦੇ ਹਨ। ਆਖਿਰ ਕਿਉਂ?

ਦੇਸ਼ਾਂ ਦੇ ਪੱਧਰ `ਤੇ, ਅਨੇਕਾਂ ਦੇਸ਼ ਇੱਕ-ਦੂਜੇ ਨਾਲ ਸੈਂਕੜੇ ਸਾਲਾਂ ਤੋਂ ਲੜਦੇ-ਝਗੜਦੇ ਆ ਰਹੇ ਹਨ। ਅੰਤਰ-ਰਾਸ਼ਟਰੀ ਪੱਧਰ `ਤੇ ਵੀ ਦੋ ਵਿਸ਼ਵ-ਯੁੱਧ (world wars) ਹੋ ਚੁੱਕੇ ਹਨ, (ਜਿਨ੍ਹਾਂ ਵਿੱਚ ਲੱਖਾਂ ਹੀ ਨਿਰਦੋਸ਼ ਮਾਰੇ ਗਏ ਹਨ) ਲੀਗ ਆਫ਼ ਨੇਸ਼ਨਜ਼ ਅਤੇ ਹੁਣ ਯੂ. ਐਨ. ਓ. ਵਰਗੀਆਂ ਅੰਤਰ-ਰਾਸ਼ਟਰੀ ਜਥੇਬੰਦੀਆਂ ਵੀ ਸਥਾਈ ਵਿਸ਼ਵ-ਸ਼ਾਂਤੀ ਬਣਾਈ ਰੱਖਣ ਵਿੱਚ ਸੰਪੂਰਨ ਤੌਰ `ਤੇ ਸਫ਼ਲ ਨਹੀਂ ਹੋ ਸਕੀਆਂ। ਲੱਖਾਂ ਨਹੀਂ, ਕਰੋੜਾਂ ਹੀ ਨਿਰਦੋਸ਼ ਮਨੁੱਖ ਇਨ੍ਹਾਂ ਲੜਾਈ-ਝਗੜਿਆਂ ਵਿੱਚ ਮਾਰੇ ਜਾ ਚੁੱਕੇ ਹਨ, ਕਰੋੜਾਂ ਹੀ ਪ੍ਰਾਣੀ ਜ਼ਖ਼ਮੀ ਹੋ ਕੇ ਉਮਰ-ਭਰ ਲਈ ਅਪਾਹਿਜ ਹੋ ਚੁੱਕੇ ਹਨ, ਅਨੇਕਾਂ ਹੀ ਵਸਦੇ-ਰਸਦੇ ਪਰਿਵਾਰ ਲੁੱਟੇ-ਪੁੱਟੇ ਜਾ ਕੇ ਰੁੱਲ ਗਏ ਹਨ, ਅਨੇਕਾਂ ਹੀ ਇਸਤਰੀਆਂ ਦੀ ਬੇ-ਪੱਤੀ ਕੀਤੀ ਜਾ ਚੁੱਕੀ ਹੈ (ਉਨ੍ਹਾਂ ਦੇ ਸੁਹਾਗ ਲੁੱਟੇ ਗਏ ਹਨ), ਅਨੇਕਾਂ ਹੀ ਮਾਸੂਮ ਬੱਚੇ ਯਤੀਮ ਬਣ ਚੁੱਕੇ ਹਨ, ਅਨੇਕਾਂ ਇਸਤਰੀਆਂ ਦੇ ਸੁਹਾਗ ਮਰ-ਮਿਟ ਗਏ ਹਨ, ਅਨੇਕਾਂ ਮਾਵਾਂ ਦੀਆਂ ਗੋਦੀਆਂ ਸੱਖਣੀਆਂ ਹੋ ਗਈਆਂ ਹਨ, ਅਨੇਕਾਂ ਹੀ ਭੈਣਾਂ ਦੇ ਵੀਰ ਅਤੇ ਵੀਰਾਂ ਦੀਆਂ ਲਾਡਲੀਆਂ ਭੈਣਾਂ ਇਨ੍ਹਾਂ ਬੇ-ਲੋੜੇ ਲੜਾਈ-ਝਗੜਿਆਂ ਦੀ ਭੇਟ ਚੜ੍ਹ ਚੁੱਕੇ ਹਨ, ਅਨੇਕਾਂ ਬਾਪ, ਧੀਆਂ-ਪੁੱਤਰਾਂ ਨੂੰ ਗੁਆ ਕੇ, ਦਰ-ਦਰ ਦੀਆਂ ਠੋਕਰਾਂ ਖਾਂਦੇ ਆ ਰਹੇ ਹਨ, ਕਿਥੋਂ ਤੱਕ ਇਨ੍ਹਾਂ ਅਤਿ ਦਰਦਨਾਕ ਅਣ-ਮਨੁੱਖੀ ਦਾਸਤਾਵਾਂ ਦਾ ਜ਼ਿਕਰ ਕਰੀਏ? ਕਲਮ ਬਿਆਨ ਕਰਨ ਤੋਂ ਅਸਮਰੱਥ ਹੈ। ਅਜਿਹੇ ਦੁਖਦਾਈ ਤੇ ਭਿਆਨਕ ਨਜ਼ਾਰੇ ਅੱਖਾਂ ਮੂਹਰੇ ਆਉਂਦੇ ਸਾਰ ਹੀ ਰੂਹ ਖ਼ੂਨ ਦੇ ਅੱਥਰੂ ਕੇਰਦੀ ਹੋਈ ਕਾਫ਼ੀ ਸਮੇਂ ਤੱਕ ਕੁਰਲਾਉਂਦੀ ਰਹਿੰਦੀ ਹੈ।

ਗੱਲ ਆਖਿਰ ਇਸ ਬੁਨਿਆਦੀ ਨੁਕਤੇ `ਤੇ ਆ ਕੇ ਰੁਕ ਜਾਂਦੀ ਹੈ ਕਿ ਕਾਦਿਰ ਦੀ ਕੁਦਰਤਿ ਦੀ ਸਭ ਤੋਂ ਸ੍ਰੇਸ਼ਟ ਰਚਨਾ (ਮਨੁੱਖ) ਇੱਕ ਚੰਗਾ ਇਨਸਾਨ ਬਣਨ ਦੀ ਬਜਾਏ ਹੈਵਾਨ (ਪਸ਼ੂ) ਹੀ ਨਹੀਂ ਬਲਕਿ ਸ਼ੈਤਾਨ ਤੋਂ ਵੀ ਮਾੜੇ ਕਿਰਦਾਰ ਵਾਲਾ ਕਿਉਂ ਬਣ ਗਿਆ? ਅਸਲ ਵਿੱਚ ਇਨਸਾਨੀਅਤ ਤੋਂ ਸੱਖਣੇ ਮਨੁੱਖ ਦੀਆਂ ਕਰਤੂਤਾਂ ਨੂੰ ਜੇਕਰ ਅਖੌਤੀ ਸ਼ੈਤਾਨ ਵੀ ਕਦੇ ਵੇਖ ਲਵੇ ਤਾਂ ਉਹ ਵੀ ਸ਼ਾਇਦ, ਸ਼ਰਮ ਨਾਲ ਪਾਣੀ-ਪਾਣੀ ਹੋ ਜਾਵੇਗਾ ਅਤੇ ਸੋਚਣ ਲਈ ਮਜ਼ਬੂਰ ਹੋ ਜਾਵੇਗਾ ਕਿ, "ਇਹ ਤਾਂ ਮੇਰਾ ਵੀ ਬਾਪ ਨਿਕਲਿਆ"। ਮਨੁੱਖ ਦੇ ਅਜਿਹੇ ਅਤਿ ਦੇ ਮਾੜੇ ਕਿਰਦਾਰ ਦੇ ਕੀ ਕਾਰਨ ਹਨ? ਖ਼ੁਸ਼ਕਿਸਮਤੀ ਦੀ ਗੱਲ ਹੈ ਕਿ ਸੰਸਾਰ ਵਿੱਚ ਹਮੇਸ਼ਾਂ ਹੀ ਕੁੱਝ ਬਹੁਤ ਚੰਗੇ ਇਨਸਾਨ ਵੀ, ਸਮੇਂ-ਸਮੇਂ ਸਿਰ, ਰਹੇ ਹਨ (ਅੱਜ ਵੀ ਹਨ ਅਤੇ ਭਵਿੱਖ ਵਿੱਚ ਵੀ ਰਹਿਣਗੇ)।

ਲੇਖਕ ਦੀ ਸਮਝ ਅਨੁਸਾਰ, ਮਨੁੱਖੀ ਸਮਾਜ ਵਿੱਚ ਅਸ਼ਾਂਤੀ ਦਾ ਬੁਨਿਆਦੀ ਕਾਰਨ ਹੈ ਰੱਬ ਵੱਲੋਂ ਹੀ ਰੱਬੀ-ਖੇਡ ਵਿੱਚ ਸਾਜ ਕੇ (ਤ੍ਰੈਗੁਣੀ ਸ੍ਰਿਸ਼ਟੀ ਵਿੱਚ) ਸ਼ਾਮਿਲ ਕੀਤੀ ਹੋਈ ਮਾਇਆ ਦੀ ਮਮਤਾ ਦਾ ਮੋਹ। ਇਸ ਅਹਿਮ ਹਕੀਕਤ ਬਾਰੇ ਅੱਗੇ ਜਾ ਕੇ ਵੀਚਾਰ ਕਰਨ ਦਾ ਯਤਨ ਕੀਤਾ ਜਾਵੇਗਾ।

ਪਰਿਵਾਰਾਂ ਦੇ ਅੰਦਰੂਨੀ ਝਗੜਿਆਂ-ਕਲੇਸ਼ਾਂ ਤੋਂ ਲੈ ਕੇ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ `ਤੇ ਹੁੰਦੇ ਆ ਰਹੇ ਫ਼ਸਾਦਾਂ ਤੇ ਕਤਲੇਆਮਾਂ ਦੇ ਕੁੱਝ ਕੁ ਹੋਰ ਵੀ ਅਹਿਮ ਕਾਰਨ ਹਨ ਜਿਵੇਂ ਕਿ ਬੰਦੇ ਦੀ ਦੂਜਿਆਂ `ਤੇ ਹੁਕਮ ਚਲਾਉਂਣ ਦੀ ਰੁਚੀ, ਬੇ-ਇਨਸਾਫ਼ੀਆਂ, ਵਿਤਕਰੇ, ਧੱਕੇਸ਼ਾਹੀਆਂ, ਜ਼ੁਲਮ (ਵਿਸ਼ੇਸ਼ ਕਰ ਕੇ ਅਖੌਤੀ ਨੀਵੀਆਂ ਜਾਤਾਂ, ਗ਼ਰੀਬ ਤੇ ਘੱਟ-ਗਿਣਤੀ ਵਰਗਾਂ ਅਤੇ ਛੋਟੀਆਂ ਕੌਮਾਂ `ਤੇ), ਫ਼ਿਰਕਾ-ਪ੍ਰਸਤ ਤੇ ਫ਼ਾਸ਼ੀ ਰੁਚੀ, ਆਪਣੇ ਦੇਸ਼ ਦੀਆਂ ਹੱਦਾਂ ਫੈਲਾਉਣ ਦੀ ਰੁਚੀ, ਮਜ਼੍ਹਬੀ-ਜ਼ਨੂੰਨ, ਅਤੰਕਵਾਦ (ਵਿਸ਼ੇਸ਼ ਕਰ ਕੇ ਅਤੰਕਵਾਦੀ ਸੰਗਠਨਾਂ ਅਤੇ ਅਤੰਕਵਾਦੀ ਹਕੂਮਤਾਂ ਵੱਲੋਂ, ਖ਼ੁਦਗਰਜ਼ ਰੁਚੀਆਂ ਕਾਰਨ, ਫੈਲਾਇਆ ਜਾ ਰਿਹਾ ਅਤੰਕਵਾਦ), ਕੁੱਝ ਕੁ ਤਕੜੇ ਦੇਸ਼ਾਂ ਵੱਲੋਂ ਦੂਜੇ ਘੱਟ-ਤਾਕਤਵਰ ਦੇਸ਼ਾਂ ਨੂੰ ਡਰਾ-ਧਮਕਾਅ ਕੇ ਜਾਂ ਕਿਸੇ ਹੋਰ ਢੰਗ ਨਾਲ ਮਜ਼ਬੂਰ ਕਰ ਕੇ ਤੇ ਦਬਕਾਅ ਕੇ, ਆਪਣੇ ਦੇਸ਼ ਦੀਆਂ ਖ਼ੁਦਗਰਜ਼ ਨੀਤੀਆਂ ਨੂੰ ਵੜ੍ਹਾਵਾ ਦੇਣ ਦੀ ਖਾਹਸ਼ ਆਦਿ। ਇਨ੍ਹਾਂ ਅਤੇ ਹੋਰ ਬਹੁਤ ਸਾਰੇ ਕਾਰਨਾਂ ਨੂੰ ਸਫ਼ਲਤਾ ਨਾਲ ਦੂਰ ਕਰਨ ਬਾਰੇ ਇਸ ਪੁਸਤਕ ਵਿੱਚ ਅੱਗੇ ਜਾ ਕੇ `ਚੁਣੌਤੀਆਂ’ ਦੇ ਅਧਿਆਇ ਵਿੱਚ ਵਿਚਾਰ ਕਰਨ ਦਾ ਯਤਨ ਕੀਤਾ ਜਾਵੇਗਾ।

ਕਰਨਲ ਗੁਰਦੀਪ ਸਿੰਘ




.