.

ਨਵੇਂ ਵਾਧਿਆਂ ਤੇ ਵਧੇਰੀ ਖਿਲਾਵਟ ਸਹਿਤ Highly improved & more clarified

ਅਰਥ ਨਿਖਾਰ

“ਧਨਿ ਧੰਨਿ ਓ ਰਾਮ ਬੇਨੁ ਬਾਜੈ”

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ

ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

"ਏਕੋ ਏਕੁ ਵਰਤੈ ਸਭੁ ਸੋਈ" -ਜਨਮ ਅਸ਼ਟਮੀ ਬ੍ਰਾਹਮਣ ਮੱਤ ਦਾ ਤਿਉਹਾਰ ਹੈ ਤੇ ਇਸ ਦਿਨ ਨੂੰ ਸ੍ਰੀ ਕ੍ਰਿਸ਼ਨ ਜੀ ਦਾ ਜਨਮ ਕਰਕੇ ਜਾਨਿਆ ਜਾਂਦਾ ਹੈ। ਇਸ ਲਈ ਕ੍ਰਿਸ਼ਨ ਜੀ ਦੇ ਉਪਾਸ਼ਕ ਇਸ ਨੂੰ ਆਪਣੇ ਢੰਗ ਨਾਲ ਜੰਮ-ਜੰਮ ਮਨਾਉਣ, ਇਸ ਤੇ ਕਿਸੇ ਨੂੰ ਕੋਈ ਉਜ਼ਰ ਵੀ ਨਹੀਂ ਹੋ ਸਕਦਾ। ਇਸਦੇ ਬਾਵਜੂਦ ਜੋ ਆਪਣੇ ਆਪ ਨੂੰ ਗੁਰੂ ਨਾਨਕ ਦੇ ਸਿੱਖ ਅਖਵਾਉਂਦੇ ਹਨ ਜੇਕਰ ਉਹ ਵੀ ਗੁਰਬਾਣੀ `ਚੋਂ ਕੁੱਝ ਸ਼ਬਦ ਲੈ ਕੇ, ਗੁਰਬਾਣੀ ਸਿਧਾਂਤ ਦੇ ਉਲਟ, ਸ਼ਬਦਾਂ ਨੂੰ ਅਵਤਾਰ ਪੂਜਾ ਦੇ ਅਰਥਾਂ `ਚ ਵਰਤਣ ਤਾਂ ਇਹ ਆਪਣੇ ਆਪ `ਚ ਗੁਰਬਾਣੀ ਦੀ ਘੋਰ ਬੇਅਦਬੀ ਹੈ। ਇਸ ਲਈ ਸੰਬੰਧਤ ਸ਼ਬਦਾਂ `ਤੇ ਵਿਚਾਰ ਕਰਣੀ ਹੋਰ ਵੀ ਜ਼ਰੂਰੀ ਹੋ ਜਾਂਦੀ ਹੈ। ਤਾ ਕਿ ਪਤਾ ਲੱਗ ਸਕੇ ਕੀ ਸਚਮੁਚ ਉਹ ਸ਼ਬਦ ਅਵਤਾਰ ਪੂਜਾ ਦੇ ਹਨ ਜਾਂ ਅਕਾਲਪੁਰਖ ਸੰਬੰਧੀ। ਉਨ੍ਹਾਂ `ਚੋਂ ਹੀ ਇੱਕ ਸ਼ਬਦ ਨਾਮਦੇਵ ਜੀ ਦਾ ਹੈ "ਧਨਿ ਧੰਨਿ ਓ ਰਾਮ ਬੇਨੁ ਬਾਜੈ…" ਜਿਸਦੇ ਮੂਲ ਅਰਥਾਂ ਨੂੰ ਸਮਝਣਾ ਹੈ।

ਇਸ ਤੋਂ ਪਹਿਲਾਂ ਕਿ ਅਸੀਂ ਸੰਬੰਧਤ ਸ਼ਬਦ ਵੱਲ ਵਧੀਏ, ਇਹ ਗੱਲ਼ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ ਕਿ ਤੋਂ "ਤਨੁ ਮਨੁ ਥੀਵੈ ਹਰਿਆ" ਤੀਕ ਸੰਪੂਰਣ ਗੁਰਬਾਣੀ ਕੇਵਲ ਦੀ ਹੀ ਵਿਆਖਿਆ ਹੈ। ਉਪ੍ਰੰਤ ਦੇ, ਅਰਥ ਹਨ- "ਅਕਾਲਪੁਖ ਇੱਕ ਹੈ, ਜ਼ਰੇ ਜ਼ਰੇ `ਚ ਇਸ ਰਸ ਵਿਆਪਕ ਹੈ, ਉਸ ਦਾ ਅੰਤ ਨਹੀਂ ਪਾਇਆ ਜਾ ਸਕਦਾ"। ਫ਼ਿਰ ਮੰਗਲਾ ਚਰਣ `ਚ ਹੀ ਪੱਕਾ ਕਰ ਦਿੱਤਾ ਹੈ ਕਿ ਉਹ ਪ੍ਰਭੂ ‘ਸਤਿਨਾਮੁ’ ਭਾਵ ਰੂਪ, ਰੇਖ, ਰੰਗ ਤੋਂ ਨਿਆਰਾ ਤੇ ਸਤਿ ਭਾਵ ਸਦੀਵੀ ਹੈ ਸਤਿ, ਉਸ ਪ੍ਰਭੂ ਦਾ ਨਿਰਗੁਣ ਸਰੂਪ ਹੈ ਜਦਕਿ ਸਾਰੀ ਰਚਨਾ ਵੀ ਪ੍ਰਭੂ ਦਾ ਹੀ ਸਰਗੁਣ ਸਰੂਪ ਹੈ। ਪ੍ਰਭੂ ਅਜੂਨੀ ਵੀ ਹੈ, ਜਨਮ-ਮਰਣ ਅਥਵਾ ਕਿਸੇ ਗਰਭ `ਚ ਵੀ ਨਹੀਂ ਆਉਂਦਾ।

ਉਸ ਪ੍ਰਭੂ ਨੂੰ ਕਿਸੇ ਮੂਰਤੀ ਜਾਂ ਪੱਥਰ ਦੇ ਰੂਪ `ਚ ਮੰਦਿਰਾਂ ਆਦਿ `ਚ ਵੀ ਨਹੀਂ ਟਿਕਾਇਆ ਜਾ ਸਕਦਾ, ਕਿਉਂਕਿ ਪ੍ਰਭੂ ਸੈਭੰ ਭਾਵ ਆਪਣੇ ਆਪ ਤੋਂ ਹੈ। ਇਸ ਲਈ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ’ `ਚ ਇੱਕ ਵੀ ਸ਼ਬਦ ਅਜਿਹਾ ਨਹੀਂ ਮਿਲੇਗਾ ਜਿਸਦੇ ਅਰਥ ਦੇ ਉਲਟ ਕਿਸੇ ਵੀ ਦੇਵੀ-ਦੇਵਤਾ-ਅਵਤਾਰ ਵਾਦ ਜਾਂ ਕਿਸੇ ਵੀ ਹੋਰ ਦੀ ਪੂਜਾ ਲਈ ਵਰਤੇ ਜਾ ਸਕਦੇ ਹੋਣ। ਗੁਰਬਾਣੀ `ਚ ਸੰਪੂਰਣ ਤੌਰ ਤੇ "ਏਕੋ ਏਕੁ ਵਰਤੈ ਸਭੁ ਸੋਈ" (ਪੰ: ੧੦੪੪) ਇਸ ਲਈ ਇਥੇ ਤਾਂ "ਖਸਮੁ ਛੋਡਿ ਦੂਜੈ ਲਗੇ ਡੁਬੇ ਸੇ ਵਣਜਾਰਿਆ" (ਪੰ: ੪੭੦) ਦਾ ਸਿਧਾਂਤ ਹੀ ਕੰਮ ਕਰ ਰਿਹਾ ਹੈ।

"ਏਕ ਕ੍ਰਿਸਨੰ ਸਰਬ ਦੇਵਾ" -ਇਹ ਵੱਖਰੀ ਗੱਲ ਹੈ ਕਿ ਗੁਰਬਾਣੀ `ਚ ਅਕਾਲ- ਪੁਰਖ ਲਈ ਕ੍ਰਿਸ਼ਨ ਪਦ ਵੀ ਕਈ ਵਾਰ ਆਇਆ ਹੈ ਜਿਵੇਂ "ਏਕ ਕ੍ਰਿਸਨੰ ਸਰਬ ਦੇਵਾ ਦੇਵ ਦੇਵਾ ਤ ਆਤਮਾ॥ ਆਤਮਾ ਬਾਸੁਦੇਵਸਿ੍ਯ੍ਯ ਜੇ ਕੋ ਜਾਣੈ ਭੇਉ" (ਪੰ: ੪੬੯) ਭਾਵ ਸਾਰੀ ਰਚਨਾ ਦਾ ਮੂਲ ਕੇਵਲ ਪ੍ਰਮਾਤਮਾ (ਏਕ ਕ੍ਰਿਸਨੰ) ਹੀ ਹੈ। ਉਪ੍ਰੰਤ ਮੰਨੇ ਜਾ ਰਹੇ ਸਾਰੇ ਦੇਵੀ-ਦੇਵਤਿਆਂ ਸਮੇਤ, ਸਾਰਿਆਂ ਅੰਦਰ ਉਸੇ ਇਕੋ ਇੱਕ ਕਰਤੇ ਅਥਵਾ ਏਕ ਕ੍ਰਿਸਨੰ ਦਾ ਹੀ ਨੂਰ (ਆਤਮਾ) ਹੈ। ਇਥੋਂ ਤੀਕ ਕਿ ਵਾਸਦੇਵ ਵੀ "ਬਾਸੁਦੇਵ ਬਸਤ ਸਭ ਠਾਇ" (ਪੰ: ੮੯੭) ਸਰਵ ਵਿਆਪਕ ਪ੍ਰਭੂ ਨੂੰ ਹੀ ਕਿਹਾ ਹੈ।

ਹੋਰ "ਕੰਚਨ ਕਾਇਆ, ਸੁਇਨੇ ਕੀ ਢਾਲਾ॥ ਸੋਵੰਨ ਢਾਲਾ, ਕ੍ਰਿਸਨ ਮਾਲਾ, ਜਪਹੁ ਤੁਸੀ ਸਹੇਲੀਹੋ" (ਪੰ: ੫੬੭)। ਪ੍ਰਭੂ ਦਾ ਸਰੀਰ ਵੀ ਮਾਨੋ ਸੋਨੇ ਦਾ ਢਲਿਆ ਹੋਇਆ ਭਾਵ ਉਸਦੀ ਸੰਪੂਰਣ ਰਚਨਾ ਅਤੇ ਦੇਣ `ਚ ਰਤੀ ਭਰ ਵੀ ਖੋਟ ਨਹੀਂ। ਇਸ ਲਈ ਐ ਸਤਸੰਗੀਓ! ਤੁਸੀਂ ਕੇਵਲ ਸਦਾ ਉਸ ਪ੍ਰਭੂ ਦਾ ਹੀ ਨਾਮ ਜਪੋ। ਇਸੇ ਤਰ੍ਹਾਂ "ਤਨੁ ਮਨੁ ਸਉਪਉ ਕ੍ਰਿਸਨ ਪਰੀਤਿ" (ਪੰ: ੪੧੩) ਹੋਰ "ਗੁਰ ਕੀ ਸਾਖੀ ਰਾਖੈ ਚੀਤਿ॥ ਮਨੁ ਤਨੁ ਅਰਪੇ ਕ੍ਰਿਸਨ ਪਰੀਤਿ" (ਪੰ: ੯੭੪) ਭਾਵ ਉਸ ਕ੍ਰਿਸ਼ਨ ਦੇ ਸਨਮੁਖ, ਆਪਣਾ ਆਪ ਸਮਰਪਣ ਕਰੋ ਜਿਹੜਾ ਕ੍ਰਿਸ਼ਨ ਸ਼ਬਦ-ਗੁਰੂ ਦੀ ਸਿਖਿਆ ਦਾਪ੍ਰਗਟਾਵਾ ਹੈ ਭਾਵ ਸਰਵ ਵਿਆਪਕ ਅਕਾਲਪੁਰਖ।

ਪੁਨਾ "ਗੁਰਮੁਖਿ ਮਧੁਸੂਦਨੁ ਨਿਸਤਾਰੇ॥ ਗੁਰਮੁਖਿ ਸੰਗੀ, ਕ੍ਰਿਸਨ ਮੁਰਾਰੇ" (ਪੰ: ੯੮) ਜਾਂ "ਤਨੁ ਮਨੁ ਰਤਾ ਰੰਗ ਸਿਉ ਹਉਮੈ ਤ੍ਰਿਸਨਾ ਮਾਰਿ॥ ਮਨੁ ਤਨੁ ਨਿਰਮਲੁ ਅਤਿ ਸੋਹਣਾ, ਭੇਟਿਆ ਕ੍ਰਿਸਨ ਮੁਰਾਰਿ" (ਪੰ: ੭੮੮) ਉਂਝ ਤਾਂ ਮਧ ਤੇ ਮੁਰਾਰ ਦੋਵੇਂ ਉਪਨਾਮ ਜਸੋਦਾ ਸੁਤ ਕ੍ਰਿਸ਼ਨ ਜੀ ਦੇ ਹੀ ਹਨ ਤੇ ਇਨ੍ਹਾਂ ਪਿਛੇ ਵਿਸ਼ਵਾਸ ਹਣ ‘ਮਧੁ ਕੈਟਪ’ ਤੇ ‘ਮੁਰ’ ਦੈਤ ਨੂੰ ਮਾਰਣ ਵਾਲਾ; ਜਦਕਿ ਇਥੇ ਅਰਥ ਹਨ ਮਨੁੱਖਾ ਜੀਵਨ `ਚੋਂ ਵਿਕਾਰ ਰੂਪੀ ਰਾਕਸ਼ਾਂ ਨੂੰ ਮਾਰਣ ਵਾਲਾ ‘ਅਕਾਲਪੁਰਖ’। ਵੈਸੇ ਵੀ ਗੁਰਮੱਤ ਕਿਸੇ ਰਾਕਸ਼ਾਂ-ਦੇਵਤਿਆਂ ਤੇ ਆਦਿ ਦੀ ਹੋਂਦ `ਚ ਹੀ ਵਿਸ਼ਵਾਸ ਨਹੀਂ ਰਖਦੀ।

"ਜੁਗਹ ਜੁਗਹ ਕੇ ਰਾਜੇ" - ਫ਼ਿਰ ਜਿਥੋਂ ਤੀਕ ਜਸੋਦਾ ਸੁੱਤ ਕ੍ਰਿਸ਼ਨ ਜਾਂ ਦਸ਼ਰਥ ਸੁਤ ਰਾਮ ਚੰਦਰ ਦਾ ਸੰਬੰਧ ਹੈ, ਉਨ੍ਹਾਂ ਬਾਰੇ ਗੁਰਬਾਣੀ ਦਾ ਸਪਸ਼ਟ ਫ਼ੈਸਲਾ ਹੈ "ਜੁਗਹ ਜੁਗਹ ਕੇ ਰਾਜੇ ਕੀਏ, ਗਾਵਹਿ ਕਰਿ ਅਵਤਾਰੀ॥ ਤਿਨ ਭੀ ਅੰਤੁ ਨ ਪਾਇਆ ਤਾ ਕਾ, ਕਿਆ ਕਰਿ ਆਖਿ ਵੀਚਾਰੀ" (ਪੰ: ੪੨੩) ਭਾਵ ਐ ਭਾਈ! ਕ੍ਰਿਸ਼ਨ ਜਾਂ ਰਾਮ ਜਿਨ੍ਹਾਂ ਨੂੰ ਤੂੰ ਭਗਵਾਨ ਕਰਕੇ ਮੰਣਦਾ ਹੈਂ, ਉਹ ਤਾਂ ਆਪਣੇ ਸਮੇਂ ਦੇ ਕੇਵਲ ਰਾਜੇ ਹੀ ਸਨ। ਫ਼ਿਰ ਜਿਥੋਂ ਤੀਕ ਪ੍ਰਭੂ ਦੀ ਰਚਨਾ ਦਾ ਸੰਬੰਧ ਹੈ ਉਸ `ਚ ਇੱਕ ਕ੍ਰਿਸ਼ਨ, ਰਾਮ ਜਾਂ ਸ਼ਿਵਜੀ ਨਹੀਂ, ਉਥੇ ਤਾਂ "ਕੇਤੇ ‘ਕਾਨ’ (ਅਵਤਾਰੀ ਕ੍ਰਿਸ਼ਨ) ਮਹੇਸ" (ਬਾਣੀ ਜਪੁ) ਅਜਿਹੇ ਕਿਤਨੇ ਹੀ ਕ੍ਰਿਸ਼ਨ ਤੇ ਮਹੇਸ਼ ਆਦਿ ਹਨ। ਬਲਕਿ ਇਥੋਂ ਤੀਕ "ਨਾਨਕ ਨਿਰਭਉ ਨਿਰੰਕਾਰੁ, ਹੋਰਿ ਕੇਤੇ ਰਾਮ ਰਵਾਲ॥ ਕੇਤੀਆ ਕੰਨੑ (ਕ੍ਰਿਸ਼ਨ) ਕਹਾਣੀਆ ਕੇਤੇ ਬੇਦ ਬੀਚਾਰ" (ਪੰ: ੪੬੪) ਅਕਾਲਪੁਰਖੁ ਦੀ ਮਹਾਨ ਹਸਤੀ ਸਾਹਮਣੇ (ਅਵਤਾਰੀ) ਕ੍ਰਿਸ਼ਨ, ਰਾਮ ਆਦਿ ਦੀ ਹਸਤੀ ਕਿਸੇ ‘ਰਵਾਲ’ ਤੋਂ ਵੀ ਵੱਧ ਨਹੀਂ। ਜਦਕਿ ਇਸ ਸਮੇਂ ਵਿਸ਼ਾ ਚੱਲ ਰਿਹਾ ਹੈ ਕੇਵਲ ਕ੍ਰਿਸ਼ਨ ਜੀ ਦਾ।

"ਸਗਲੀ ਥੀਤਿ ਪਾਸਿ ਡਾਰਿ ਰਾਖੀ" -ਪੰਜਵੇਂ ਨਾਨਕ, ਜਸੋਧਾ ਸੁੱਤ ਕ੍ਰਿਸ਼ਨ ਲਈ ਭਗਵਾਨ ਕਹਿਣ ਵਾਲਿਆਂ ਨੂੰ ਪੁੱਛਦੇ ਹਨ:-

"ਸਗਲੀ ਥੀਤਿ ਪਾਸਿ ਡਾਰਿ ਰਾਖੀ॥ ਅਸਟਮ ਥੀਤਿ ਗੋਵਿੰਦ ਜਨਮਾ ਸੀ॥ ੧॥ ਭਰਮਿ ਭੂਲੇ ਨਰ ਕਰਤ ਕਚਰਾਇਣ॥ ਜਨਮ ਮਰਣ ਤੇ ਰਹਤ ਨਾਰਾਇਣ॥ ੧॥ ਰਹਾਉ॥ ਕਰਿ ਪੰਜੀਰੁ ਖਵਾਇਓ ਚੋਰ॥ ਓਹੁ ਜਨਮਿ ਨ ਮਰੈ ਰੇ ਸਾਕਤ ਢੋਰ॥ ੨॥ ਸਗਲ ਪਰਾਧ ਦੇਹਿ ਲੋਰੋਨੀ॥ ਸੋ ਮੁਖੁ ਜਲਉ ਜਿਤੁ ਕਹਹਿ ਠਾਕੁਰ ਜੋਨੀ॥ ੩॥ ਜਨਮਿ ਨ ਮਰੈ ਨ ਆਵੈ ਨ ਜਾਇ॥ ਨਾਨਕ ਕਾ ਪ੍ਰਭੁ ਰਹਿਓ ਸਮਾਇ" (ਪੰ: ੧੧੩੬)।

"ਐ ਭਰਮਾਂ `ਚ ਉਲਝੇ ਮਨੁੱਖ! ਤੂੰ ਅਜਿਹੀਆਂ ਕੱਚੀਆਂ ਗੱਲਾਂ ਕਿਉਂ ਕਰਦਾ ਹੈਂ? ਪ੍ਰਭੂ ਤਾਂ ਅਜੂਨੀ ਹੈ, ਉਹ ਜਨਮ-ਮਰਣ `ਚ ਨਹੀਂ ਆਉਂਦਾ। ਪਰ ਤੂੰ ਕੀ ਕੀਤਾ, ਤੂੰ ਸਾਰੀਆਂ ਥਿੱਤਾਂ ਨੂੰ ਚੁੱਕ ਕੇ ਇੱਕ ਪਾਸੇ ਰੱਖ ਦਿੱਤਾ ਤੇ (ਭਾਦੋਂ ਵਦੀ) ਅਸ਼ਟਮੀ ਨੂੰ ਹੀ ਭਗਵਾਨ ਦਾ ਜਨਮ ਮੰਨ ਬੈਠਾ, ਇਹ ਸਮਝ ਬੈਠਾ ਕਿ ਇਸ ਦਿਨ ਰੱਬ ਨੇ ਜਨਮ ਲਿਆ ਸੀ। ਬਲਕਿ ਪੰਜੀਰੀ ਬਣਾ ਕੇ ਅਤੇ ਉਸ ਪੰਜੀਰੀ ਨੂੰ ਵੀ ਪੜਦੇ `ਚ ਲੁਕੋ ਕੇ, ਉਸ ਨੂਰਤੀ ਨੂੰ ਚੋਰੀ ਭੋਗ ਲੁਆਉਣ ਦੀ ਗੱਲ ਕਰਦਾ ਹੈਂ।

ਐ ਪ੍ਰ੍ਰਭੂ ਬਾਰੇ ਅਣਜਾਣ ਤੇ ਸਾਕਤ ਭਾਵ ਸ਼ਕਤੀ ਦੇ ਪੂਜਾਰੀ ਮਨੁੱਖ! ਤੇਰੇ ਕੁਰਾਹੇ ਪੈ ਣ ਦਾ ਮੁੱਖ ਕਾਰਣ ਹੀ ਤੇਰੇ ਰਾਹੀ ਕਿਸੇ ਮੂਰਤੀ ਨੂੰ ਰੱਬ ਦਾ ਸਰੀਰ ਮੰਨ ਕੇ ਉਸ ਨੂੰ ਲੋਰੀਆਂ ਦੇਣਾ ਹੈ। ਗੁਰਦੇਵ ਅਨੁਸਾਰ ਤਾਂ ੳੇੁਹ ਮੂੰਹ ਹੀ ਸੜ ਜਾਣਾ ਚਾਹੀਦਾ ਹੈ ਜਿਹੜਾ ਕਹਿੰਦਾ ਹੈ ਰੱਬ ਜਨਮ-ਮਰਣ `ਚ ਆਉਂਦਾ ਹੈ। ਅਕਾਲਪੁਰਖੁ ਜਨਮ-ਮਰਣ `ਚ ਨਹੀਂ ਆਉਂਦਾ, ਪ੍ਰਭੂ ਤਾਂ ਜ਼ੱਰੇ ਜ਼ੱਰੇ `ਚ ਵਿਆਪਕ ਹੈ ਉਹ ਕਿਸੇ ਇੱਕ ਸਰੀਰ ਜਾਂ ਮੂਰਤੀ `ਚ ਬੱਝਾ ਹੋਇਆ ਵੀ ਨਹੀਂ।

ਉਪ੍ਰੰਤ ਗੁਰਦੇਵ, ਜਸੋਦਾ ਸੁੱਤ ਕ੍ਰਿਸ਼ਨ ਸੰਬੰਧੀ, ਉਲਟਾ ਕ੍ਰਿਸ਼ਨ ਭਗਤਾਂ ਨੂੰ ਹੀ ਸੁਆਲ ਕਰਦੇ ਹਨ "ਐ ਸਜਨੋਂ! ਜਿਸ ਕ੍ਰਿਸ਼ਨ ਨੂੰ ਤੁਸੀਂ ਇੱਕ ਪਾਸੇ ਰੱਬ ਮੰਨ ਕੇ ਪੂਜਦੇ ਹੋ। ਦੂਜੇ ਪਾਸੇ ਆਪ ਹੀ ਕਹਿੰਦੇ ਹੋ "ਜੁਜ ਮਹਿ ਜੋਰਿ ਛਲੀ ਚੰਦ੍ਰਾਵਲਿ ਕਾਨੑ ਕ੍ਰਿਸਨੁ ਜਾਦਮੁ ਭਇਆ॥ ਪਾਰਜਾਤੁ ਗੋਪੀ ਲੈ ਆਇਆ ਬਿੰਦ੍ਰਾਬਨ ਮਹਿ ਰੰਗੁ ਕੀਆ" (ਪੰ: ੪੭੦) ਭਾਵ ਕ੍ਰਿਸ਼ਨ ਨੇ ਕੇਵਲ ਆਪਣੀ ਕਾਮ ਪੂਰਤੀ ਲਈ ਇੰਦ੍ਰ ਦੇ ਬਾਗ਼ `ਚੋਂ ਪਾਰਜਾਤ ਬਿਰਖ ਲਿਆ ਕੇ ਸਤਭਾਮਾ ਨੂੰ ਦਿੱਤਾ, ਫ਼ਿਰ ਉਸੇ ਕ੍ਰਿਸ਼ਨ ਨੇ ਹੀ ਛਲ-ਕਪਟ ਤੇ ਜ਼ੋਰ-ਜ਼ਬਰਦਸਤੀ ਕਰਕੇ ਬਿੰਦ੍ਰਾਬਣ `ਚ ਚੰਦ੍ਰਾਵਲ ਨਾਲ ਰੰਗ ਰਲੀਆਂ ਮਨਾਈਆਂ।

ਹੋਰ "ਕ੍ਰਿਸਨੁ ਬਲਭਦ੍ਰੁ ਗੁਰ ਪਗ ਲਗਿ ਧਿਆਵੈ॥ ਨਾਨਕ ਗੁਰਮੁਖਿ ਹਰਿ ਆਪਿ ਤਰਾਵੈ" (ਪੰ: ੧੬੫)। ਇਸੇ ਤਰ੍ਹਾਂ ਮਿਥਿਹਾਸਕ ਕ੍ਰਿਸ਼ਨ ਜੀ ਲਈ ਹੋਰ ਜਿੰਨੇਂ ਵੀ ਉਪ ਨਾਮ ਆਏ ਹਨ, ਜਿਵੇਂ ਮੁਰਾਰੀ, ਦਾਮੋਦਰ, ਬੀਠੁਲ, ਬਿਹਾਰੀ, ਗੋਪਾਲ, ਪਿਤੰਬਰ, ਕੇਸ਼ਵ, ਸ੍ਰੀਧਰ ਆਦਿ ਸਾਰੇ ਹੀ ਗੁਰਬਾਣੀ `ਚ ਅਕਾਲਪੁਰਖੁ ਲਈ ਵਰਤੇ ਤੇ ਪ੍ਰਕਰਣਾਂ ਅਨੁਸਾਰ ਪੂਰੀ ਤਰ੍ਹਾਂ ਖੋਲੇ ਵੀ ਕੀਤੇ ਹਨ। ਸਪਸ਼ਟ ਹੈ ਜਦੋਂ ਮੁੱਖ ਪਦ ਕ੍ਰਿਸ਼ਨ ਹੀ, ਪ੍ਰਭੂ ਦੀ ਗੱਲ ਕਰਣ ਵੇਲੇ, ਜਸੋਦਾ ਸੁੱਤ ਲਈ ਨਹੀਂ ਤਾਂ ਸੰਬੰਧਤ ਉਪਨਾਵਾਂ ਦੀ ਗੱਲ ਤਾਂ ਆਪੇ ਹੀ ਮੁੱਕ ਜਾਂਦੀ ਹੈ। ਇਸੇ ਤਰ੍ਹਾਂ ਜੇਕਰ ਰਾਮ ਜਾਂ ਕਿਸ਼ਨ ਆਦਿ ਕਿਸੇ ਅਵਤਾਰੀ ਮਹਾਪੁਰਸ਼ਾਂ ਦੀ ਗੱਲ ਕੀਤੀ ਵੀ ਹੈ ਤਾਂ ਉਹ ਵੀ ਚੰਗੀ ਤਰ੍ਹਾਂ ਸਮਝਾ ਕੇ, ਕਿ ਪ੍ਰਕਰਣ ਅਨੁਸਾਰ ਇਥੇ ਅਵਤਾਰੀ ਪੁਰਸ਼ਾਂ ਦਾ ਜ਼ਿਕਰ ਹੈ ਅਜੂਨੀ ਤੇ ਸੈਭੰ ਅਕਾਲਪੁਰਖ ਦਾ ਨਹੀਂ।

ਦੂਰ ਕਿਉਂ ਜਾਵੀਏ, ਖੁਦ ਨਾਮਦੇਵ ਜੀ ਜਦੋਂ ਅਵਤਾਰੀ ਕ੍ਰਿਸ਼ਨ ਦੀ ਗੱਲ ਕਰਦੇ ਹਨ ਤਾਂ "ਕੁਜਾ ਆਮਦ, ਕੁਜਾ ਰਫਤੀ, ਕੁਜਾ ਮੇ ਰਵੀ॥ ਦ੍ਵਾਰਿਕਾ ਨਗਰੀ ਰਾਸਿ ਬੁਗੋਈ॥ ੧॥ ਖੂਬੁ ਤੇਰੀ ਪਗਰੀ, ਮੀਠੇ ਤੇਰੇ ਬੋਲ॥ ਦ੍ਵਾਰਿਕਾ ਨਗਰੀ ਕਾਹੇ ਕੇ ਮਗੋਲ" ਅਰਥ- ਐ ਪ੍ਰਭੂ! ਤੂੰ ਆਉਂਦਾ ਕਿਥੋਂ ਹੈਂ, ਜਾਂਦਾ ਕਿਥੇ ਹੈਂ ਤੇ ਰਹਿੰਦਾ ਕਿੱਥੇ ਹੈਂ? ਭਾਵ ਤੂੰ ਹਰ ਸਮੇਂ ਤੇ ਹਰ ਸਥਾਨ `ਤੇ ਵਿਆਪਕ ਹੈਂ। ਤੂੰ ਜ਼ਰੇ ਜ਼ਰੇ `ਚ ਮੌਜੂਦ ਹੈਂ ਇਸ ਲਈ "ਦ੍ਵਾਰਿਕਾ ਨਗਰੀ ਰਾਸਿ ਬੁਗੋਈ", ਇਹ ਮੰਨ ਲੈਣਾ ਕਿ ਤੂੰ ਕੇਵਲ ਦੁਆਰਕਾ `ਚ ਕ੍ਰਿਸ਼ਨ ਦੀਆਂ ਰਾਸਾਂ ਤੀਕ ਹੀ ਸੀਮਿਤ ਹੈਂ, ਇਹ ਤੇਰੇ ਬਾਰੇ ਕੋਰੀ ਅਗਿਆਣਤਾ ਹੀ ਹੈ। ਭਾਵ ਕੁੱਝ ਲੋਕਾਂ ਰਾਹੀਂ ਤੈਨੂੰ ਦੁਆਰਕਾ `ਚ ਰਾਸਾਂ ਪਾਉਣ ਵਾਲੇ ਕਹੇ ਜਾਂਦੇ ਕ੍ਰਿਸ਼ਨ ਤੀਕ ਹੀ ਸੀਮਤ ਕਰ ਦੇਣਾ ਕੇਵਲ ਨਾਸਮਝੀ ਹੈ, ਜਦਕਿ ਤੂੰ ਤਾਂ ਹਰੇਕ ਜਗ੍ਹਾ `ਤੇ ਹੈਂ।

ਉਪ੍ਰੰਤ "ਖੂਬੁ ਤੇਰੀ ਪਗਰੀ ਮੀਠੇ ਤੇਰੇ ਬੋਲ" ਅਨੁਸਾਰ ਤੇਰੀ ਬੇਅੰਤ ਰਚਨਾ `ਚ ਜੋ ਤੇਰੇ ਹੁਕਮ ਵਾਲੀ ਖੇਡ ਵਰਤ ਰਹੀ ਹੈ, ਅਤੇ ਤੂੰ ਇਸਦੇ ਜ਼ਰੇ ਜ਼ਰੇ `ਚ ਵਿਆਪਕ ਹੈਂ, ਤੇਰੀ ਕਰਣੀ `ਚ ਵੀ ਰਤੀ ਖੋਟ ਨਹੀਂ, ਜਦਕਿ ਤੇਰੀ ਕਰਣੀ ਦੀ ਮਿਠਾਸ ਨੂੰ ਤੇਰੀ ਰਜ਼ਾ `ਚ ਚਲਣ ਵਾਲੇ ਹੀ ਪਛਾਣ ਸਕਦੇ ਹਨ (ਸਾਰੇ ਨਹੀਂ)। ਇਸ ਲਈ "ਦ੍ਵਾਰਿਕਾ ਨਗਰੀ ਕਾਹੇ ਕੇ ਮਗੋਲ" ਕ੍ਰਿਸ਼ਨ ਵਾਲੀ ਦੁਆਰਕਾ ਜਾਂ ਇਸਲਾਮ ਦਾ ਕੇਂਦਰ ਮੱਕਾ, ਮੇਰੇ ਲਈ ਸਾਰੇ ਪਾਸੇ ਤੂੰ ਹੀ ਤੂੰ ਹੈਂ। ਤਾਂ ਤੇ ਸੰਬੰਧਤ ਸ਼ਬਦ:-

ਮਾਲੀ ਗਉੜਾ ਬਾਣੀ ਭਗਤ ਨਾਮਦੇਵ ਜੀ ਕੀ ੴਸਤਿਗੁਰ ਪ੍ਰਸਾਦਿ॥ ਧਨਿ ਧੰਨਿ ਓ ਰਾਮ ਬੇਨੁ ਬਾਜੈ॥ ਮਧੁਰ ਮਧੁਰ ਧੁਨਿ ਅਨਹਤ ਗਾਜੈ॥ ੧॥ ਰਹਾਉ॥ ਧਨਿ ਧਨਿ ਮੇਘਾ ਰੋਮਾਵਲੀ॥ ਧਨਿ ਧਨਿ ਕ੍ਰਿਸਨ ਓਢੈ ਕਾਂਬਲੀ॥ ੧॥ ਧਨਿ ਧਨਿ ਤੂ ਮਾਤਾ ਦੇਵਕੀ॥ ਜਿਹ ਗ੍ਰਿਹ ਰਮਈਆ ਕਵਲਾਪਤੀ॥ ੨॥ ਧਨਿ ਧਨਿ ਬਨਖੰਡ ਬਿੰਦ੍ਰਾਬਨਾ॥ ਜਹ ਖੇਲੈ ਸ੍ਰੀ ਨਾਰਾਇਨਾ॥ ੩॥ ਬੇਨੁ ਬਜਾਵੈ ਗੋਧਨੁ ਚਰੈ॥ ਨਾਮੇ ਕਾ ਸੁਆਮੀ ਆਨਦ ਕਰੈ॥ ੪॥ ੧॥ (ਪੰ: ੯੮੮)

ਵਿਸ਼ੇਸ਼-ਸ਼ਬਦ `ਚ ਭਗਤ ਜੀ ਨੇ ਨਿਰੋਲ ਰੂਪਕ ਅਲ਼ੰਕਾਰ ਦੀ ਹੀ ਵਰਤੋਂ ਕੀਤੀ ਹੈ ਜਿਵੇਂ ਖੁਦ ਭਗਤ ਜੀ ਦੇ ਹੀ ਹੋਰ ਕਈ ਸ਼ਬਦਾਂ `ਚ ਅਤੇ ਸਮੂਚੇ ਤੌਰ `ਤੇ ਸੰਪੂਰਣ ਗੁਰਬਾਣੀ `ਚ ਬੇਅੰਤ ਵਾਰੀ। ਅਲੰਕਾਰ ਦੇ ਅਰਥ ਹਨ, ਗਹਿਣਾ ਭਾਵ ਕਵਿਤਾ ਨੂੰ ਕਿਸੇ ਦੂਸਰੇ ਰੂਪ `ਚ ਬੰਨ ਕੇ ਗਹਿਣਿਆਂ ਨਾਲ ਸਜਾਉਣਾ। ਵੇਰਵੇ ਲਈ ਗੁਰਮੱਤ ਪਾਠ ੧੪੩ ‘ਗੁਰਬਾਣੀ `ਚ ਰੂਪਕ ਅਲੰਕਾਰ’ ਪ੍ਰਾਪਤ ਹੈ ਜੀ।

ਸ਼ਬਦ `ਚ ਵਿਸ਼ੇਸ਼ ਪਦ- ੧."ਧਨਿ ਧੰਨਿ ਓ ਰਾਮ ਬੇਨੁ ਬਾਜੈ" - ਦੇਖਣਾ ਹੈ ਕਿ ਪ੍ਰਚਲਣ ਅਨੁਸਾਰ ਬੰਸਰੀ ਤਾਂ ਵਜਾਈ ਸੀ ਤਾਂ ਕ੍ਰਿਸ਼ਨ ਜੀ ਨੇ, ਨਾ ਕਿ ਰਾਮ ਜੀ ਨੇ। ਇਸੇ ਤਰ੍ਹਾਂ ਆਪਣੇ ਇੱਕ ਸ਼ਬਦ `ਚ ਨੌਵੇਂ ਪਾਤਸ਼ਾਹ ਵੀ ਫ਼ੁਰਮਾਅ ਰਹੇ ਹਨ "ਪੰਚਾਲੀ ਕਉ ਰਾਜ ਸਭਾ ਮਹਿ ਰਾਮ ਨਾਮ ਸੁਧਿ ਆਈ॥ ਤਾ ਕੋ ਦੂਖੁ ਹਰਿਓ ਕਰੁਣਾ ਮੈ, ਅਪਨੀ ਪੈਜ ਬਢਾਈ" (ਪੰ: ੧੦੦੮) ਜਦਕਿ ਪ੍ਰਚਲਣ ਅਨੁਸਾਰ ਚੀਰ ਹਰਣ ਸਮੇਂ ਦ੍ਰੋਪਦੀ ਦੀ ਇਜ਼ਤ, ਸ੍ਰੀ ਕ੍ਰਿਸ਼ਨ ਨੇ ਬਚਾਈ ਸੀ, ਨਾ ਕਿ ਅਵਤਾਰੀ ਰਾਮ ਜੀ ਨੇ। ਪਰ ਗੁਰਦੇਵ ਤਾਂ ਉਚੇਚੇ ਸ਼ਬਦਾਵਲੀ ਵਰਤ ਰਹੇ ਹਨ, "ਪੰਚਾਲੀ ਕਉ ਰਾਜ ਸਭਾ ਮਹਿ ਰਾਮ ਨਾਮ ਸੁਧਿ ਆਈ" ਤਾਂ ਫ਼ਿਰ ਉਹ ਕਿਉਂ?

ਕਿਉਂਕਿ ਗੁਰਬਾਣੀ ਅਨੁਸਾਰ "ਕਰਣ ਕਾਰਣ ਪ੍ਰਭੁ ਏਕੁ ਹੈ, ਦੂਸਰ ਨਾਹੀ ਕੋਇ" (ਪੰ: ੨੭੬)। ਇਸ ਲਈ ਕਿਸੇ ਦੇ ਨਿਜ ਵਿਸ਼ਵਾਸ ਮੁਤਾਬਕ ਵਿਸ਼ਨੂੰ, ਅਵਤਾਰੀ ਰਾਮ, ਅਵਤਾਰੀ ਕ੍ਰਿਸ਼ਨ ਜਾਂ ਕੋਈ ਵੀ ਹੋ ਸਕਦਾ ਹੈ ਪਰ ਗੁਰਬਾਣੀ ਅਨੁਸਾਰ, ਕਰਤਾ ਕੇਵਲ ਤੇ ਕੇਵਲ ਇਕੋ ਇੱਕ ਅਕਾਲਪਰਖ ਹੀ ਹੈ, ਦੂਜਾ ਕੋਈ ਨਹੀਂ। ਇਹ ਵੱਖਰੀ ਗੱਲ ਹੈ ਕਿ ਪ੍ਰਭੂ, ਸਮੇਂ ਅਨੁਸਾਰ ਵਸੀਲਾ ਚਾਹੇ ਕੋਈ ਵੀ ਕਿਉਂ ਨਾ ਬਨਾ ਦੇਵੇ ਜਾਂ ਕੋਈ ਗ਼ੈਬੀ ਖੇਡ ਵਰਤ ਦੇਵੇ। ਉਸੇ ਢੰਗ ਨਾਲ, ਭਗਤ ਜੀ ਇਥੇ ਕਹਿ ਰਹੇ ਹਨ ਕਿ ਅਵਤਾਰੀ ਕ੍ਰਿਸ਼ਨ ਦੀ ਨਹੀਂ ਬਲਕਿ ਕਰਤੇ ਰਾਮ ਅਥਵਾ ਪ੍ਰਭੂ ਦੀ ਬੰਸਰੀ ਭਾਵ ਪ੍ਰਭੂ ਦੀ ਬੇਅੰਤ ਰਚਨਾ `ਚ ਉਸਦੇ ਹੁਕਮ ਵਾਲੀ ਬੰਸਰੀ ਤਾਂ ਹਰ ਸਮੇਂ ਤੇ ਆਪ ਮੁਹਾਰੇ ਵੱਜ ਰਹੀ ਹੈ।

੨."ਮਧੁਰ ਮਧੁਰ ਧੁਨਿ ਅਨਹਤ ਗਾਜੈ" -ਪੂਰੇ ਸ਼ਬਦ `ਚ ਅਨਹਤ ਹੀ ਅਜਿਹਾ ਵਿਸ਼ੇਸ਼ ਪਦ ਹੈ ਜਿਸ ਨੂੰ ਸਮਝੇ ਬਿਨਾ ਸ਼ਬਦ ਦੇ ਠੀਕ ਅਰਥ ਸਮਝ `ਚ ਹੀ ਨਹੀਂ ਆ ਸਕਦੇ। ਧਿਆਣ ਰਹੇ! ਜੇ ਕ੍ਰਿਸ਼ਨ ਦੀ ਬੰਸਰੀ ਦੀ ਹੀ ਗੱਲ ਹੁੰਦੀ ਤਾਂ ਉਸ ਧੁਨ ਲਈ ਭਗਤ ਜੀ "ਅਨਹਤ" ਸ਼ਬਦ ਕਤੱਈ ਨਾ ਵਰਤਦੇ। ਜਦਕਿ ਕ੍ਰਿਸ਼ਨ ਜੀ ਵਾਲੀ ਬੰਸਰੀ ਨੂੰ ਵੱਜਣ ਲਈ ਤਾਂ ਹਰ ਸਮੇਂ ਕ੍ਰਿਸ਼ਨ ਜੀ ਰਾਹੀਂ ਫ਼ੂਕ (ਹਤ ਅਥਵਾ ਹਦ) ਬਾਵ ਚੋਟ ਦੀ ਲੋੜ ਹੁੰਦੀ ਸੀ।

ਠੀਕ ਉਸੇਤਰ੍ਹਾਂ ਜਿਵੇਂ ਸੰਸਾਰ ਦੇ ਹਰੇਕ ਸਾਜ਼ ਬਲਕਿ ਅਜੋਕੇ ਸਮੂਚੇ ਆਰਕੈਸਟਰਾ ਲਈ ਵੀ ਉਸ ਦੇ ਲੋੜੀਂਦੇ ਢੰਗ ਨਾਲ ਉਸ ਨੂੰ ਵਜਾਉਣਾ ਦੀ ਲੋੜ ਹੁੰਦੀ ਹੈ। ਉਪ੍ਰੰਤ ਉਹ ਵੀ ਉਤਨੀ ਦੇਰ ਹੀ ਵੱਜਦੇ ਹਨ ਜਦੋਂ ਤੀਕ ਕਿ ਉਹ ਵਜਾਏ ਜਾਣ, "ਅਨਹਤ" ਭਾਵ ਆਪ ਮੁਹਾਰੇ ਤੇ ਹਰ ਸਮੇਂ ਤਾਂ ਉਹ ਵੀ ਨਹੀਂ ਵਜਦੇ। ਜਦਕਿ ਇਹ ਕੇਵਲ ਕਰਤਾਰ ਦੀ ਹੁਕਮ ਰੂਪ ਬੰਸਰੀ ਹੀ ਹੈ ਜਿਹੜੀ "ਅਨਹਤ" ਹੈ ਅਤੇ ਜਿਸਨੂੰ ਕਿਸੇ ਤਰਾਂ ਦੀ ਵੀ ਬਾਹਰੀ ਚੋਟ ਜਾਂ ਹਤ ਦੀ ਲੋੜ ਨਹੀਂ। ਗੁਰਬਾਣੀ `ਚ ਇਸੇ ਮਧੁਰ ਧੁਨ ਲਈ "ਅਨਹਤਾ ਸਬਦ ਵਾਜੰਤ ਭੇਰੀ" (ਪੰ: ੧੩) ਅਥਵਾ "ਅਨਹਤ ਧੁਨਿ ਵਾਜਹਿ ਨਿਤ ਵਾਜੇ, ਹਰਿ ਅੰਮ੍ਰਿਤ ਧਾਰ ਰਸਿ ਲੀੜਾ" (ਪੰ: ੬੯੮) ਅਤੇ ਇਸਦਾ ਬੇਅੰਤ ਵਾਰ ਵਰਨਣ ਆਇਆ ਹੈ।

ਅਨਹਤ, ਅਨਹਤਾ, ਅਨਹਦ, ਅਨਹਦਾ ਆਦਿ ਸ਼ਬਦ ਕੇਵਲ ਅਕਾਲਪੁਰਖ ਦੀ ਰਚਨਾ `ਚ ਹਰ ਸਮੇਂ ਰੁਮਕ-ਰੁਮਕ ਚਲਦੀ ਮਧੁਰ ਧੁਨ ਲਈ ਹੀ ਹੁੰਦੇ ਹਨ। ਸ਼ੱਕ ਨਹੀਂ, ਪ੍ਰਭੂ ਦੀ ਇਸ ਗ਼ੈਬੀ ਦਾਤ ਆਵਾਜ਼ ਜਾਂ ਧੁਨ ਦਾ ਆਨੰਦ ਕੇਵਲ ਪ੍ਰਭੂ ਪਿਆਰੇ ਹੀ ਮਾਨ ਸਕਦੇ ਹਨ। ਇਹ ਵੀ ਕਿ ਸੰਸਾਰ ਭਰ ਦੀਆਂ ਸਾਰੀਆਂ ਬੋਲੀਆਂ- ਤੇ ਆਵਾਜ਼ਾਂ ਕਰਤੇ ਦੀ ਇਸੇ ਇੱਕ ਦਾਤ ਚੋਂ ਪੈਦਾ ਹੁੰਦੀਆਂ ਹਨ।

੩."ਰੋਮਾਵਲੀ" -ਇਸ ਤੋਂ ਬਾਅਦ ਸ਼ਬਦ ਵਿਚੱਲਾ ਵਿਸ਼ੇਸ਼ ਲਫ਼ਜ਼ ਹੈ "ਰੋਮਾਵਲੀ"। ਗੁਰਬਾਣੀ `ਚ ਇਹ ਲਫ਼ਜ਼ ਹੋਰ ਵੀ ਬਹੁਤ ਥਾਵੇਂ ਆਇਆ ਹੈ ਜਿਵੇਂ "ਬਾਵਨ ਕੋਟਿ ਜਾ ਕੈ ਰੋਮਾਵਲੀ" (ਮੇਘ ਮਾਲਾ) (ਪੰ: ੧੧੬੩) ਉਪ੍ਰੰਤ ਗੁਰਬਾਣੀ `ਚ ਇਹ ਲਫ਼ਜ਼ ਸੰਪੂਰਣ ਬਨਸਪਤੀ ਲਈ ਵੀ ਆਇਆ ਹੈ ਜਿਵੇਂ "ਰੋਮਾਵਲਿ ਕੋਟਿ ਅਠਾਰਹ ਭਾਰ" (ਪੰ: ੧੧੬੩)। ਤਾਂ ਤੇ ਇਸ ਸ਼ਬਦ `ਚ:-

੪."ਮੇਘਾ ਰੋਮਾਵਲੀ" ਦੇ ਅਰਥ ਹਨ ਬਦਲਾਂ ਰੂਪ ਕੰਬਲੀ। ਇਸੇ ਤਰ੍ਹਾਂ ਇਥੇ "ਕ੍ਰਿਸਨ ਓਢੈ ਕਾਂਬਲੀ" `ਚ ਲਫ਼ਜ਼ ਕ੍ਰਿਸ਼ਨ ਤੋਂ ਅਰਥ ਹੈ ਕਾਲਾ, ਭਾਵ ਕਾਲੇ ਬੱਦਲ। ਕਿਉਂਕਿ ਇਥੇ ਗੱਲ ਹੀ ਬਦਲਾਂ (ਮੇਘਾ) ਦੀ ਚਲ ਰਹੀ ਹੈ। ਇਥੇ ਇਸ ਪੰਕਤੀ ਦੇ ਅਰਥ ਦਾ ਸੰਬੰਧ, ਕ੍ਰਿਸ਼ਨ ਜੀ ਦੀ ਕੰਬਲੀ ਨਾਲ ਨਹੀਂ। ਇਥੇ ਅਰਥ ਹਨ "ਪ੍ਰਭੂ ਦੀ ਰਚਨਾ `ਚ, ਕਾਲੀ ਕੰਬਲੀ ਰੂਪ ਬੱਦਲ"।

੫."ਕਵਲਾਪਤੀ, ਨਾਰਾਇਨਾ" - ਪ੍ਰਕਰਣ ਅਨੁਸਾਰ ਕਵਲਾਪਤੀ, ਨਾਰਾਇਨਾ ਇਥੇ ਦੋਵੇਂ ਪਦ ਅਕਾਲਪੁਰਖ ਲਈ ਹਨ, ਜਿਵੇਂ ਸਾਰੰਗਪਾਨ, ਬੀਠੁਲ, ਸ੍ਰੀਧਰ ਆਦਿ। ਉਂਝ ਵੀ ਇਹ ਦੋਵੇਂ ਲਫ਼ਜ਼ ਅਵਤਾਰੀ ਕ੍ਰਿਸ਼ਨ ਲਈ ਕਿੱਧਰੇ ਵੀ ਨਹੀਂ ਮਿਲਦੇ। ਫ਼ਿਰ ਜੇ ਮਿਲਦੇ ਵੀ ਹਨ ਤਾਂ ਵਿਸ਼ਨੂ ਲਈ। ਪਰ ਇਥੇ ਇਹ ਦੋਵੇਂ ਪਦ ਪ੍ਰਭੂ ਲਈ ਹਨ ਕਿਉਂਕਿ ਰਹਾਉ ਦਾ ਬੰਦ ਜਿਹੜਾ ਕਿਸੇ ਵੀ ਸ਼ਬਦ ਦਾ ਕੇਂਦਰੀ ਭਾਵ ਹੁੰਦਾ ਹੈ ਉਥੇ ਵਿਸ਼ੇ ਦਾ ਆਰੰਭ ਹੀ ‘ਧੁਨਿ ਅਨਹਤ ਗਾਜੈ’ ਨਾਲ ਹੈ।

੬."ਮਾਤਾ ਦੇਵਕੀ" - ਸੰਬੰਧਤ ਸ਼ਬਦ `ਚੋਂ ਲਫ਼ਜ਼ ਲੈ ਰਹੇ ਹਾਂ "ਮਾਤਾ ਦੇਵਕੀ"। ਚੂਂਕਿ ਇਥੇ ਸਾਰੀ ਗੱਲ ਹੀ ਕਰਤੇ ਅਕਾਲਪੁਰਖ ਤੇ ਉਸਦੀ ਰਚਨਾ `ਚ ਚੱਲ ਰਹੇ ਪ੍ਰਭੂ ਦੇ ਹੁਕਮ ਵਾਲੀ ਖੇਡ ਦੀ। ਇਸ ਲਈ ਇਥੇ ਦੇਵਕੀ ਦੇ ਅਰਥ ਵੀ ਧਰਤੀ ਹਨ। ਉਹ ਧਰਤੀ ਜਿਹੜੀ ਬੇਅੰਤ ਜੀਵਾਂ-ਬਨਸਪਤੀ-ਖਨਿਜਾਂ ਨੂੰ ਜਨਮ ਦਿੰਦੀ ਹੈ ਜਿਵੇਂ "ਮਾਤਾ ਧਰਤਿ ਮਹਤੁ" (ਬਾਣੀ ਜਪੁ)

ਤਾਂ ਵੀ ਚੇਤੇ ਰਹੇ ਕਿ ਉਥੇ ਬਾਣੀ ਜਪੁ `ਚ ਵੀ ਧਰਤੀ ਨੂੰ ਮਾਤਾ ਨਹੀਂ ਕਿਹਾ ਬਲਕਿ ਵਿਸ਼ੇ ਨੂੰ ਸਮਝਾਉਣ ਲਈ ਉਸ ਲਫ਼ਜ਼ ਨੂੰ ਕੇਵਲ ਮਿਸਾਲ ਲਈ ਹੀ ਵਰਤਿਆ ਹੈ। ਜਿਵੇਂ ਕਈ ਹੋਰ ਥਾਵੇਂ ਤੇ ਭਿੰਨ ਭਿੰਨ ਅਰਥਾ `ਚ ਵੀ ਮਿਸਾਲ ਵਜੋਂ "ਮਾਤਾ ਮਤਿ, ਪਿਤਾ ਸੰਤੋਖੁ॥ ਸਤੁ ਭਾਈ, ਕਰਿ ਏਹੁ ਵਿਸੇਖੁ" (ਪੰ: ੫੧)। ਜਦਕਿ ਸਿਧਾਂਤਕ ਪੱਖੋਂ "ਮੇਰਾ ਪਿਤਾ ਮਾਤਾ ਹਰਿ ਨਾਮੁ ਹੈ, ਹਰਿ ਬੰਧਪੁ ਬੀਰਾ" (ਪੰ: ੧੬੩) ਜਾਂ "ਹਰਿ ਨਾਮੁ ਪਿਤਾ ਹਰਿ ਨਾਮੋ ਮਾਤਾ" (ਪੰ: ੫੯੨) ਆਦਿ। ਉਂਝ ਗੁਰਬਾਣੀ `ਚ ਹੀ ਬਹੁਤ ਵਾਰ ਲਫ਼ਜ਼ ‘ਮਾਤਾ’ ਹੰਕਾਰੀ ਪੁਰਖ ਲਈ ਵੀ ਆਇਆ ਹੈ ਤੇ ਕੁੱਝ ਹੋਰ ਅਰਥਾਂ `ਚ ਵੀ।

੭."ਬਨਖੰਡ ਬਿੰਦ੍ਰਾਬਨਾ" -ਸ਼ਬਦ ਵਿੱਚਲੇ ਲਫ਼ਜ਼ "ਬਨਖੰਡ ਬਿੰਦ੍ਰਾਬਨਾ" ਦੇ ਅਰਥ ਹਨ ਪ੍ਰਭੂ ਦੀ ਸੰਪੂਰਣ ਰਚਨਾ।

੮."ਬੇਨੁ ਬਜਾਵੈ" - ਸ਼ਬਦ ਵਿੱਚਲੇ ਲਫ਼ਜ਼ "ਬੇਨੁ ਬਜਾਵੈ" ਦੇ ਅਰਥ ਆਰੰਭ `ਚ ‘ਅਨਹਤ ਗਾਜੈ’ ਨਾਲ ਮਿਲਾ ਕੇ ਦੇ ਚੁਕੇ ਹਾਂ, ਦੇਖ ਲਏ ਜਾਣ ਵਿਸ਼ਾ ਸਮਝ `ਚ ਆ ਜਾਵੇਗਾ। ਉਂਝ ਵੀ ਕਿਸੇ ਇੱਕ ਪਦ ਦੇ ਅਰਥ ਸਵੈ ਵਿਰੋਧੀ ਨਹੀਂ ਹੁੰਦੇ ਤੇ ਅਨਹਤ ਗਾਜੈ’ ਦਾ ਧੁਰਾ ਵੀ ਉਹੀ ਹੈ।

੯."ਗੋਧਨੁ ਚਰੈ" - ਲਫ਼ਜ਼ ‘ਗੋ’ ਦੇ ਅਰਥ ਹਨ ਸੰਪੂਰਣ ਰਚਨਾ। ‘ਗੋਬਿੰਦ’ ਦੇ ਅਰਥ ਹਨ ਰਚਨਾ ਦੀ ਜਾਨਣ ਵਾਲਾ, ਤੇ ‘ਗੋਪਾਲ’ ਭਾਵ ਰਚਨਾ ਦੀ ਪਾਲਣਾ ਕਰਣ ਵਾਲਾ ਅਕਾਲਪੁਰਖ। ਇਸੇ ਤਰ੍ਹਾਂ ‘ਗੋਧਨ’ ਦੇ ਅਰਥ ਹਨ ਸਮੂਚੀ ਰਚਨਾ `ਚ ਵਿਆਪਕ।

ਤਾਂ ਤੇ "ਗੋਧਨੁ ਚਰੈ" ਦੇ ਅਰਥ ਹਣ "ਆਪੇ ਕਰਤਾ ਆਪੇ ਭੁਗਤਾ, ਆਪੇ ਦੇਇ ਦਿਵਾਏ" (ਪੰ: ੫੫੪) ਜਾਂ "ਜੋਗੀ ਅੰਦਰਿ ਜੋਗੀਆ॥ ਤੂੰ ਭੋਗੀ ਅੰਦਰਿ ਭੋਗੀਆ॥ ਤੇਰਾ ਅੰਤੁ ਨ ਪਾਇਆ, ਸੁਰਗਿ ਮਛਿ ਪਇਆਲਿ ਜੀਉ" (ਪੰ: ੭੧) ਭਾਵ ਸਾਰੀ ਰਚਨਾ ਦੇ ਜ਼ਰੇ ਜ਼ਰੇ `ਚ ਪ੍ਰਭੂ ਆਪ ਹੀ ਵਰਤ ਰਿਹਾ ਹੈ ਤੇ ਸੰਪੂਰਣ ਰਚਨਾ ਉਸ ਪ੍ਰਭੂ ਦਾ ਹੀ ਸਰਗੁਨ ਸਰੂਪ ਹੈ।

੧੦."ਨਾਮੇ ਕਾ ਸੁਆਮੀ" - ਗੁਰਬਾਣੀ `ਚ ਭਗਤ ਨਾਮ ਦੇਵ ਜੀ ਦੇ ਇਸ਼ਟ ਨਾਲ ਸੰਬੰਧਤ, ਇਹ ਇਕੱਲਾ ਸ਼ਬਦ ਹੀ ਨਹੀਂ। ਬਲਕਿ ਭਗਤ ਜੀ ਦੇ ਗੁਰਬਾਣੀ ਵਿੱਚਲੇ ਸਾਰੇ ੬੧ ਸ਼ਬਦ ਇਸਦਾ ਸਬੂਤ ਹਨ ਕਿ ਨਾਮਦੇਵ ਜੀ ਦਾ ਸੁਆਮੀ ਸਿਵਾਏ ਅਜੂਨੀ, ਸੈਭੰ ਅਕਾਲਪੁਰਖ ਦੇ ਹੋਰ ਕੋਈ ਨਹੀਂ। ਜਦਕਿ ਨਾਮਦੇਵ ਜੀ ਦੇ ਇਸ਼ਟ ਸੰਬੰਧੀ ਹੋਰ ਵੇਰਵੇ ਲਈ ਗੁਰਮੱਤ ਪਾਠ ਨੰ: ੯੯ "ਭਗਤ ਨਾਮਦੇਵ ਜੀ ਦਾ ਇਸ਼ਟ" ਵੀ ਗੁਰੂ ਕੀਆਂ ਸੰਗਤਾਂ ਲਈ ਪ੍ਰਾਪਤ ਹੈ।

ਤਾਂ ਤੇ ਅੰਤ `ਚ "ਸ਼ਬਦ ਦੇ ਬੰਦ ਵਾਰ ਅਰਥ" ਇਸ ਤਰ੍ਹਾਂ ਹਨ:-

"ਧਨਿ ਧੰਨਿ ਓ ਰਾਮ ਬੇਨੁ ਬਾਜੈ॥ ਮਧੁਰ ਮਧੁਰ ਧੁਨਿ ਅਨਹਤ ਗਾਜੈ॥ ੧॥ ਰਹਾਉ॥" -ਧੰਨਤਾ ਦੇ ਯੋਗ ਹੈ ਕਰਤੇ ਦੀ ਰਚਨਾ `ਚ ਹਰ ਸਮੇਂ ਬਿਨਾ ਚੋਟ ਵੱਜ ਰਿਹਾ ਸੁਹਾਵਣਾ ਅਨਹਤ ਨਾਦ। ਉਹ ਨਾਦ ਜਿਹੜਾ ਸਮੂਚੇ ਜੀਵਾਂ `ਚ ਰੁਮਕ ਰਹੀ ਜੀਵਨ-ਰੌ ਅਤੇ ਪ੍ਰਭੂ ਦੇ ਹੁਕਮ ਵਾਲੀ ਖੇਡ ਦੇ ਰੂਪ `ਚ ਮਾਨੋ ਹਰ ਸਮੇਂ ਬਿਨਾ ਚੋਟ ਆਪ ਮੁਹਾਰੇ ਸੁਹਾਵਣੀ ਬੰਸਰੀ ਵੱਜ ਰਹੀ ਹੈ॥ ਰਹਾਉ॥

"ਧਨਿ ਧਨਿ ਮੇਘਾ ਰੋਮਾਵਲੀ॥ ਧਨਿ ਧਨਿ ਕ੍ਰਿਸਨ ਓਢੈ ਕਾਂਬਲੀ॥ ੧॥" -ਪ੍ਰਭੂ ਦੀ ਅਨੰਤ ਰਚਨਾ `ਚ ਧੰਨਤਾ ਦੇ ਯੋਗ ਹਨ ਅਸਮਾਨ `ਤੇ ਛਾਏ ਹੋਏ ਕਾਲੇ ਬੱਦਲ ਜਿਹੜੇ ਪ੍ਰਭੂ ਨੇ, ਮਾਨੋ ਬਦਲਾਂ ਦੇ ਰੂਪ `ਚ ਕਾਲੀ ਕੰਬਲੀ ਓੜੀ ਹੋਈ ਹੈ। ੧।

"ਧਨਿ ਧਨਿ ਤੂ ਮਾਤਾ ਦੇਵਕੀ॥ ਜਿਹ ਗ੍ਰਿਹ ਰਮਈਆ ਕਵਲਾਪਤੀ॥ ੨॥" -ਹੇ ਪ੍ਰਭੂ! ਤੇਰੀ ਬੇਅੰਤ ਰਚਨਾ `ਚ ਧਰਤੀ ਰੂਪ ਮਾਤਾ ਦੇਵਕੀ ਵੀ ਧੰਨਤਾ ਦੇ ਯੋਗ ਹੈ। ਉਹ ਧਰਤੀ ਜਿਸ ਦੇ ਗ੍ਰਿਹ (ਗਰਭ) ਭਾਵ ਜ਼ਰੇ ਜ਼ਰੇ `ਚ ਤੂੰ ਆਪ ਹੀ ਸਰਗੁਣ ਸਰੂਪ ਹੋ ਕੇ ਬੇਅੰਤ ਵਸਤਾਂ ਨੂੰ ਪੈਦਾ ਕਰਦਾ ਅਤੇ ਨਿੱਤ ਜਨਮ ਦਿੰਦਾਂ ਹੈਂ। ੨।

"ਧਨਿ ਧਨਿ ਬਨਖੰਡ ਬਿੰਦ੍ਰਾਬਨਾ॥ ਜਹ ਖੇਲੈ ਸ੍ਰੀ ਨਾਰਾਇਨਾ॥ ੩॥" -ਹੇ ਪ੍ਰਭੂ! ਤੇਰੀ ਰਚਨਾ ਵੀ ਆਪਣੇ ਆਪ `ਚ ਵੱਡੇ ਕਮਾਲ ਦੀ ਖੇਡ ਹੈ ਜਿਸ `ਚ ਵਿਆਪਕ ਹੋ ਕੇ ਹਰ ਸਮੇਂ ਤੂੰ ਆਪ ਹੀ ਬੇਅੰਤ ਪ੍ਰਕਾਰ ਦੇ ਕਲੋਲ ਤੇ ਕੌਤਕ ਕਰ ਰਿਹਾਂ ਹੈਂ। ੩।

"ਬੇਨੁ ਬਜਾਵੈ ਗੋਧਨੁ ਚਰੈ॥ ਨਾਮੇ ਕਾ ਸੁਆਮੀ ਆਨਦ ਕਰੈ" - ਮੈਨੂੰ ਨਾਮਦੇਵ ਨੂੰ ਇਹ ਵੀ ਸਮਝ ਆ ਰਹੀ ਜਿਵੇਂ ਸੰਪੂਰਣ ਰਚਨਾ `ਚ ਹਰ ਸਮੇਂ ਪ੍ਰਭੂ ਦੇ ਹੁਕਮ ਦੀ ਹੀ ਬੰਸਰੀ ਵੱਜ ਰਹੀ ਹੈ।

ਰਿਸ ਤਰ੍ਹਾਂ ਪ੍ਰਭੂ ਦੀ ਇਸ ਹੁਕਮ ਰੂਪ ਵੱਜ ਰਹੀ ਸੁਰੀਲੀ ਬੰਸਰੀ ਦੀ ਸੁਰ ਵੱਡੇ ਨਿਯਮ `ਚ ਬੱਝੀ ਹੋਈ ਹੈ। ਤਾਂ ਤੇ ਹੇ ਨਾਮਦੇਵ ਦੇ ਪ੍ਰਭੂ! ਇਸ ਸਾਰੇ `ਚੋਂ ਮੈਨੂੰ ਭਾਵ ਨਾਮਦੇਵ ਨੂੰ ਇਉਂ ਦਿੱਸ ਰਿਹਾ ਜਿਵੇਂ ਸਮੂਚੀ ਰਚਨਾ ਚੋਂ ਤੇਰੀ ਆਪਣੀ ਹੀ ਰੌਣਕ, ਖੇੜਾ ਤੇ ਸ਼ਅਨੰਦ ਪ੍ਰਗਟ ਹੋ ਰਿਹਾ ਹੈ।। ੪। (ਪੰ: ੯੮੮}। 96As08.04s15#

ਸਾਰੇ ਪੰਥਕ ਮਸਲਿਆਂ ਦਾ ਹੱਲ ਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’ ਦਾ ਮਕਸਦ ਇਕੋ ਹੈ-ਤਾਕਿ ਹਰੇਕ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਨਾਵੇ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No.96 A

ਨਵੇਂ ਵਾਧਿਆਂ ਤੇ ਵਧੇਰੀ ਖਿਲਾਵਟ ਸਹਿਤ Highly improved & more clarified

ਅਰਥ ਨਿਖਾਰ

"ਧਨਿ ਧੰਨਿ ਓ ਰਾਮ ਬੇਨੁ ਬਾਜੈ"

For all the Self Learning Gurmat Lessons (Excluding Books) written by ‘Principal Giani Surjit Singh’ Sikh Missionary, Delhi-All the rights are reserved with the writer himself; but easily available in proper Deluxe Covers for

(1) Further Distribution within ‘Guru Ki Sangat’

(2) For Gurmat Stalls

(3) For Gurmat Classes & Gurmat Camps

with intention of Gurmat Parsar, at quite nominal printing cost i.e. mostly Rs 350/-(but in rare cases Rs. 450/-) per hundred copies (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24

Ph 91-11-26236119, 46548789 ® Ph. 91-11-26487315 Cell 9811292808

web sites-

www.gurbaniguru.org

theuniqeguru-gurbani.com

gurmateducationcentre.com




.